Punjabi Lok Kaav Bolian

ਪੰਜਾਬੀ ਲੋਕ ਬੋਲੀਆਂ



ਨਾਮ ਅੱਲ੍ਹਾ ਦਾ ਸਭ ਤੋਂ ਚੰਗਾ, ਸਭ ਨੂੰ ਇਹੋ ਸੁਹਾਏ । ਗਿੱਧੇ 'ਚ ਉਸਦਾ ਕੰਮ ਕੀ ਵੀਰਨੋ, ਜਿਹੜਾ ਅੱਲ੍ਹਾ ਦਾ ਨਾਉਂ ਭੁਲਾਏ । ਦੋਹਾਂ ਜਹਾਨਾਂ ਦਾ ਅੱਲ੍ਹਾ ਹੀ ਵਾਲੀ, ਉਹਦੀ ਸਿਫਤ ਕਰੀ ਨਾ ਜਾਏ । ਅੱਲ੍ਹਾ ਦਾ ਨਾਉਂ ਲੈ ਲਏ, ਜਿਹੜਾ ਗਿੱਧੇ ਵਿੱਚ ਆਏ । *** ਗੁਰ ਧਿਆ ਕੇ ਮੈਂ ਪਾਵਾਂ ਬੋਲੀ, ਸਭ ਨੂੰ ਫਤ੍ਹੇ ਬੁਲਾਵਾਂ । ਬੇਸ਼ਕ ਮੈਨੂੰ ਮਾੜਾ ਆਖੋ, ਮੈਂ ਮਿੱਠੇ ਬੋਲ ਸੁਣਾਵਾਂ । ਭਾਈਵਾਲੀ ਮੈਨੂੰ ਲੱਗੇ ਪਿਆਰੀ, ਰੋਜ਼ ਗਿੱਧੇ ਵਿਚ ਆਵਾਂ । ਗੁਰ ਦਿਆਂ ਸ਼ੇਰਾਂ ਦੇ, ਮੈਂ ਵਧ ਕੇ ਜਸ ਗਾਵਾਂ । *** ਧਰਤੀ ਜੇਡ ਗਰੀਬ ਨਾ ਕੋਈ, ਇੰਦਰ ਜੇਡ ਨਾ ਦਾਤਾ । ਬ੍ਰਹਮਾ ਜੇਡ ਪੰਡਤ ਨਾ ਕੋਈ, ਸੀਤਾ ਜੇਡ ਨਾ ਮਾਤਾ । ਲਛਮਣ ਜੇਡ ਜਤੀ ਨਾ ਕੋਈ, ਰਾਮ ਜੇਡ ਨਾ ਭਰਾਤਾ । ਸਰਵਣ ਜੇਡ ਪੁੱਤਰ ਨਾ ਕੋਈ, ਜਿਸ ਰੱਬ ਦਾ ਨਾਮ ਗਿਆਤਾ । ਨਾਨਕ ਜੇਡ ਭਗਤ ਨਾ ਕੋਈ, ਜਿਨ ਹਰ ਦਾ ਨਾਮ ਪਛਾਤਾ । ਦੁਨੀਆਂ ਮਾਣ ਕਰਦੀ, ਰੱਬ ਸਭਨਾਂ ਦਾ ਦਾਤਾ । *** ਪਿੰਡ ਤਾਂ ਸਾਡੇ ਡੇਰਾ ਸਾਧ ਦਾ, ਮੈਂ ਸੀ ਗੁਰਮੁਖੀ ਪੜ੍ਹਦਾ । ਬਹਿੰਦਾ ਸਤਿਸੰਗ ਦੇ ਵਿੱਚ, ਮਾੜੇ ਬੰਦੇ ਕੋਲ ਨੀ ਖੜ੍ਹਦਾ । ਜੇਹੜਾ ਫੁੱਲ ਵਿੱਛੜ ਗਿਆ, ਮੁੜ ਨੀ ਬੇਲ 'ਤੇ ਚੜ੍ਹਦਾ । ਬੋਲੀਆਂ ਪੌਣ ਦੀ ਹੋਗੀ ਮਨਸ਼ਾ, ਆ ਕੇ ਗਿੱਧੇ ਵਿੱਚ ਵੜਦਾ । ਨਾਲ ਸ਼ੌਕ ਦੇ ਪਾਵਾਂ ਬੋਲੀਆਂ, ਮੈਂ ਨੀ ਕਿਸੇ ਤੋਂ ਡਰਦਾ । ਨਾਉਂ ਪਰਮੇਸ਼ਰ ਦਾ, ਲੈ ਕੇ ਗਿੱਧੇ ਵਿੱਚ ਵੜਦਾ । *** ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੱਲੀਆਂ । ਉੱਥੋਂ ਦੇ ਦੋ ਬਲ਼ਦ ਸੁਣੀਂਦੇ, ਗਲ ਵਿੱਚ ਉਨ੍ਹਾਂ ਦੇ ਟੱਲੀਆਂ । ਭੱਜ-ਭੱਜ ਕੇ ਉਹ ਮੱਕੀ ਬੀਜਦੇ, ਗਿੱਠ-ਗਿੱਠ ਲੱਗੀਆਂ ਛੱਲੀਆਂ । ਮੇਲਾ ਮੁਕਸਰ ਦਾ, ਦੋ ਮੁਟਿਆਰਾਂ ਚੱਲੀਆ । *** ਕਾਲਿਆ ਹਰਨਾ ਰੋਹੀਏਂ ਫਿਰਨਾ, ਤੇਰੇ ਪੈਰੀਂ ਝਾਂਜਰਾਂ ਪਾਈਆਂ । ਸਿੰਗਾਂ ਤੇਰਿਆਂ 'ਤੇ ਕੀ ਕੁਛ ਲਿਖਿਆ, ਤਿੱਤਰ ਤੇ ਮੁਰਗਾਈਆਂ । ਚੱਬਣ ਨੂੰ ਤੇਰੇ ਮੋਠ ਬਾਜਰਾ, ਪਹਿਨਣ ਨੂੰ ਮੁਗਲਾਈਆਂ । ਅੱਗੇ ਤਾਂ ਟੱਪਦਾ ਨੌਂ-ਨੌਂ ਕੋਠੇ, ਹੁਣ ਨੀ ਟੱਪੀਦੀਆਂ ਖਾਈਆਂ । ਖਾਈ ਟੱਪਦੇ ਦੇ ਵੱਜਿਆ ਕੰਡਾ, ਦੇਵੇਂ ਰਾਮ ਦੁਹਾਈਆਂ । ਮਾਸ-ਮਾਸ ਤੇਰਾ ਕੁੱਤਿਆਂ ਖਾਧਾ, ਹੱਡੀਆਂ ਰੇਤ ਰੁਲਾਈਆਂ । ਜਿਉਣੇ ਮੌੜ ਦੀਆਂ, ਸਤ ਰੰਗੀਆਂ ਭਰਜਾਈਆਂ । *** ਸੁਣ ਨੀ ਕੁੜੀਏ ! ਸੁਣ ਨੀ ਚਿੜੀਏ ! ਤੇਰਾ ਪੁੰਨਿਆਂ ਤੋਂ ਰੂਪ ਸਵਾਇਆ । ਵਿੱਚ ਸਖੀਆਂ ਦੇ ਪੈਲਾਂ ਪਾਵੇਂ, ਤੈਨੂੰ ਨੱਚਣਾ ਕੀਹਨੇ ਸਿਖਾਇਆ । ਤੂੰ ਹਸਦੀ ਦਿਲ ਰਾਜ਼ੀ ਮੇਰਾ, ਜਿਉਂ ਬਿਰਛਾਂ ਦੀ ਛਾਇਆ । ਨੱਚ-ਨੱਚ ਕੇ ਤੂੰ ਹੋਗੀ ਦੂਹਰੀ, ਭਾਗ ਗਿੱਧੇ ਨੂੰ ਲਾਇਆ । ਪਰੀਏ ਰੂਪ ਦੀਏ, ਤੈਨੂੰ ਰੱਬ ਨੇ ਆਪ ਬਣਾਇਆ । *** ਦੇਸ ਮੇਰੇ ਦੇ ਬਾਂਕੇ ਗੱਭਰੂ, ਮਸਤ ਅੱਲ੍ਹੜ ਮੁਟਿਆਰਾਂ । ਨੱਚਦੇ ਟੱਪਦੇ ਗਿੱਧੇ ਪਾਉਂਦੇ, ਗਾਉਂਦੇ ਰਹਿੰਦੇ ਵਾਰਾਂ । ਪ੍ਰੇਮ ਲੜੀ ਵਿੱਚ ਇੰਜ ਪਰੋਤੇ, ਜਿਉਂ ਕੂੰਜਾਂ ਦੀਆਂ ਡਾਰਾਂ । ਮੌਤ ਨਾਲ ਇਹ ਕਰਨ ਮਖ਼ੌਲਾਂ, ਮਸਤੇ ਵਿੱਚ ਪਿਆਰਾਂ । ਕੁਦਰਤ ਦੇ ਮੈਂ ਕਾਦਰ ਅੱਗੇ, ਇਹੋ ਅਰਜ਼ ਗੁਜ਼ਾਰਾਂ । ਦੇਸ ਪੰਜਾਬ ਦੀਆਂ, ਖਿੜੀਆਂ ਰਹਿਣ ਬਹਾਰਾਂ । *** ਤਾਰਾਂ ਤਾਰਾਂ ਤਾਰਾਂ, ਬੋਲੀਆਂ ਦਾ ਖੂਹ ਭਰ ਦਿਆਂ । ਜਿਥੇ ਪਾਣੀ ਭਰਨ ਮੁਟਿਆਰਾਂ । ਬੋਲੀਆਂ ਦੀ ਸੜਕ ਬੰਨ੍ਹਾਂ, ਜਿੱਥੇ ਚਲਦੀਆਂ ਮੋਟਰਕਾਰਾਂ । ਬੋਲੀਆਂ ਦੀ ਰੇਲ ਭਰਾਂ, ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ । ਬੋਲੀਆਂ ਦੀ ਕਿੱਕਰ ਭਰਾਂ, ਜਿੱਥੇ ਕਾਟੋ ਲਵੇ ਬਹਾਰਾਂ । ਬੋਲੀਆਂ ਦੀ ਨਹਿਰ ਭਰਾਂ, ਜਿੱਥੇ ਲਗਦੇ ਮੋਘੇ ਨਾਲਾਂ । ਜਿਊਂਦੀ ਮੈਂ ਮਰ ਗਈ ਕੱਢੀਆਂ ਜੇਠ ਨੇ ਗਾਲਾਂ । *** ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ , ਨਾ ਮੈਂ ਬੈਠੀ ਡੇਰੇ । ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਨ੍ਹੇਰੇ । ਬੋਲ ਅਗੰਮੀ ਨਿਕਲਣ ਅੰਦਰੋਂ, ਕੁਝ ਵਸ ਨਹੀ ਮੇਰੇ । ਮੇਲਣੇ ਨੱਚ ਲੈ ਨੀ, ਦੇ ਦੇ ਸ਼ੌਕ ਦੇ ਗੇੜੇ । ਮੇਲਣੇ ਨੱਚ ਲੈ ਨੀ, ਦੇ ਦੇ ਸ਼ੌਕ ਦੇ ਗੇੜੇ । *** ਗਿੱਧਾ ਗਿੱਧਾ ਕਰੇਂ ਮੇਲਣੇਂ, ਗਿੱਧਾ ਪਊ ਬਥੇਰਾ । ਨਜ਼ਰ ਮਾਰ ਕੇ ਵੇਖ ਮੇਲਣੇਂ, ਭਰਿਆ ਪਿਆ ਬਨੇਰਾ । ਸਾਰੇ ਪਿੰਡ ਦੇ ਲੋਕੀ ਆ ਗਏ, ਕੀ ਬੁਢੜਾ ਕੀ ਠੇਰਾ, ਮੇਲਣੇ ਨੱਚਲੈ ਨੀ, ਦੇ ਲੈ ਸ਼ੌਕ ਦਾ ਗੇੜਾ, ਮੇਲਣੇ ਨੱਚਲੈ ਨੀ, ਦੇ ਲੈ ਸ਼ੌਕ ਦਾ ਗੇੜਾ । *** ਜੰਗਲ ਦੇ ਵਿੱਚ ਜੰਮੀ ਜਾਈ, ਚੰਦਰੇ ਪੁਆਧ ਵਿਆਹੀ । ਹੱਥ ਵਿੱਚ ਖੁਰਪਾ ਮੋਢੇ ਚਾਦਰ, ਮੱਕੀ ਗੁੱਡਣ ਲਾਈ, ਗੁਡਦੀ ਗੁਡਦੀ ਦੇ ਪੈ ਗਏ ਛਾਲੇ, ਆਥਣ ਨੂੰ ਘਰ ਆਈ, ਆਉਂਦੀ ਨੂੰ ਸੱਸ ਦੇਵੇ ਗਾਲੀਆਂ, ਘਾਹ ਦੀ ਪੰਡ ਨਾ ਲਿਆਈ, ਪੰਜੇ ਪੁੱਤ ਤੇਰੇ ਮਰਨ ਸੱਸੜੀਏ, ਛੇਵਾਂ ਮਰੇ ਜਵਾਈ, ਨੀ ਗਾਲ ਭਰਾਵਾਂ ਦੀ, ਕੀਹਨੇ ਕੱਢਣ ਸਿਖਾਈ, ਨੀ ਗਾਲ ਭਰਾਵਾਂ ਦੀ, ਕੀਹਨੇ ਕੱਢਣ ਸਿਖਾਈ । *** ਹਿੰਮਤਪੁਰੇ ਦੇ ਮੁੰਡੇ ਬੰਬਲੇ, ਸੱਤਾਂ ਪੱਤਣਾਂ ਦੇ ਤਾਰੂ । ਸੂਇਆਂ ਕੱਸੀਆਂ 'ਤੇ ਕਣਕ ਬੀਜਦੇ, ਛੋਲੇ ਬੀਜਦੇ ਮਾਰੂ । ਇਕ ਮੁੰਡੇ ਦਾ ਨਾਂ ਫਤਹਿ ਮੁਹੰਮਦ, ਦੂਜੇ ਦਾ ਨਾਂ ਸਰਦਾਰੂ । ਗਾਮਾ, ਬਰਕਤ, ਸੌਣ, ਚੰਨਣ ਸਿੰਘ, ਸਭ ਤੋਂ ਉੱਤੋਂ ਦੀ ਬਾਰੂ । ਸਾਰੇ ਮਿਲਕੇ ਮੇਲੇ ਜਾਂਦੇ, ਨਾਲੇ ਜਾਂਦਾ ਨਾਹਰੂ । ਬਸੰਤੀ ਰੀਝਾਂ ਨੂੰ, ਗਿੱਧੇ ਦਾ ਚਾਅ ਉਭਾਰੂ । *** ਹੁੰਮ ਹੁਮਾ ਕੇ ਕੁੜੀਆਂ ਆਈਆਂ ਗਿਣਤੀ 'ਚ ਪੂਰੀਆਂ ਚਾਲੀ ਚੰਦੀ, ਨਿਹਾਲੋ, ਬਚਨੀ, ਪ੍ਰੀਤੋ ਸਭਨਾਂ ਦੀ ਵਰਦੀ ਕਾਲੀ ਲੱਛੀ, ਬੇਗ਼ਮ, ਨੂਰੀ, ਫਾਤਾਂ ਸਭਨਾਂ ਦੇ ਮੂੰਹ 'ਤੇ ਲਾਲੀ ਸਭ ਨਾਲੋਂ ਸੋਹਣੀ ਦਿਸੇ ਪੰਜਾਬੋ ਓਸ ਤੋਂ ਉਤਰ ਕੇ ਜੁਆਲੀ ਗਿੱਧਾ ਪਾਓ ਕੁੜੀਓ ਹੀਰ ਆ ਗਈ ਸਿਆਲਾਂ ਵਾਲੀ । *** ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮੈਂ ਵੀ ਆਖਾਂ ਮਹਿੰਦੀ । ਬਾਗ਼ਾਂ ਦੇ ਵਿੱਚ ਸਸਤੀ ਮਿਲਦੀ, ਹੱਟੀਆਂ 'ਤੇ ਮਿਲਦੀ ਮਹਿੰਗੀ । ਹੇਠਾਂ ਕੂੰਡੀ ਉੱਤੇ ਸੋਟਾ, ਚੋਟ ਦੋਹਾਂ ਦੀ ਸਹਿੰਦੀ । ਘੋਟ-ਘੋਟ ਮੈਂ ਹੱਥਾਂ 'ਤੇ ਲਾਈ, ਬੱਤੀਆਂ ਬਣ-ਬਣ ਲਹਿੰਦੀ । ਮਹਿੰਦੀ ਸ਼ਗਨਾਂ ਦੀ, ਬਿਨ ਧੋਤਿਆਂ ਨੀ ਲਹਿੰਦੀ । *** ਇੱਕ ਡੰਗ ਦਾ ਦੁੱਧ ਸਾਰਾ ਪਿਆਇਆ, ਲਿਆਣ ਬਹਾਈ ਢਾਣੀ। ਇੱਕ ਡੰਗ ਦੇ 'ਚੋਂ ਕੀ ਕੱਢ ਲੂੰਗੀ, ਫਿਰਨੀ ਨਹੀਂ ਮਧਾਣੀ। ਆਏ-ਗਏ ਦਾ ਘਰ ਵੇ ਸਖਤਿਆ, ਕੀ ਪਾ ਦੂੰਗੀ ਪਾਣੀ? ਭਲਿਆਂ ਮੂੰਹਾਂ ਤੋਂ ਬੁਰੇ ਪੈਣਗੇ, ਤੈਂ ਨਾ ਗੱਲ ਪਛਾਣੀ। ਮੇਰੇ ਸਿਰ 'ਤੇ ਵੇ, ਤੈਂ ਮੌਜ ਬਥੇਰੀ ਮਾਣੀ। *** ਪਹਿਲੀ ਵਾਰ ਮੈਂ ਆਈ ਮਕਲਾਵੇ, ਪਾ ਕੇ ਸੁਨਿਹਰੀ ਬਾਣਾ। ਮਾਲਕ ਮੇਰਾ ਕਾਲ-ਕਲੀਟਾ, ਅੱਖੋਂ ਹੈਗਾ ਕਾਣਾ। ਖੋਟੇ ਕਰਮ ਹੋ ਗਏ ਮੇਰੇ, ਵੇਖੋ ਰੱਬ ਦਾ ਭਾਣਾ। ਏਥੇ ਨਹੀਂ ਰਹਿਣਾ, ਮੈਂ ਪੇਕੀਂ ਤੁਰ ਜਾਣਾ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ, ਵੇ ਘੋੜੀ ਕਿੱਲਾ ਵੇ ਪੁਟਾ ਗਈ ਆ, ਵੇ ਘੋੜੀ ਕਿੱਲਾ ਵੇ ਪੁਟਾ ਗਈ ਆ। ਉਹ ਤੇਰੀ ਕੀਹ ਲੱਗਦੀ ਵੇ ਜਿਹੜੀ ਸੁੱਤੇ ਨੂੰ ਜਗਾ ਗਈ ਆ । ਵੇ ਜਿਹੜੀ ਰੁੱਸੇ ਨੂੰ ਮਨਾ ਗਈ ਆ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ ਵੇ ਕੰਢਾ ਭੱਜਿਆ ਚਾਟੀ ਦਾ, ਵੇ ਕੰਢਾ ਭੱਜਿਆ ਚਾਟੀ ਦਾ, ਤੇਰੇ ਘਰ ਕੀ ਵੱਸਣਾ ਵੇ ਤੂੰ ਆਸ਼ਕ ਚਾਚੀ ਦਾ। ਵੇ ਤੂੰ ਆਸ਼ਕ ਚਾਚੀ ਦਾ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ ਵੇ ਕੁੰਡਾ ਟੁੱਟਿਆ ਚਾਬੀ ਦਾ, ਵੇ ਕੁੰਡਾ ਟੁੱਟਿਆ ਚਾਬੀ ਦਾ, ਤੇਰੇ ਘਰ ਕੀ ਵੱਸਣਾ ਵੇ ਤੂੰ ਆਸ਼ਕ ਭਾਬੀ ਦਾ। ਵੇ ਤੂੰ ਆਸ਼ਕ ਭਾਬੀ ਦਾ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ ਵੇ ਉੱਚੇ ਗੇਟ ਹਵੇਲੀਆਂ ਦੇ, ਵੇ ਉੱਚੇ ਗੇਟ ਹਵੇਲੀਆਂ ਦੇ, ਤੇਰੇ ਲੜ ਲੱਗੀ ਸੋਹਣਿਆ, ਵੇ ਸੰਗ ਛੱਡ ਕੇ ਸਹੇਲੀਆਂ ਦੇ। ਵੇ ਸੰਗ ਛੱਡ ਕੇ ਸਹੇਲੀਆਂ ਦੇ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ, ਵੇ ਕੱਚੇ ਕੋਠੇ ਤੇ ਖੇਸ ਪਿਆ, ਵੇ ਕੱਚੇ ਕੋਠੇ ਤੇ ਖੇਸ ਪਿਆ। ਓਸ ਸੀਤ ਇੱਕ ਤੇਰੀ ਮਾਂ ਲੜਦੀ, ਵੇ ਦੂਜਾ ਤੂੰ ਪਰਦੇਸ ਗਿਆ। ਵੇ ਦੂਜਾ ਤੂੰ ਪਰਦੇਸ ਗਿਆ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ ਵੇ ਕੱਚੀ ਕੰਧ ਤੇ ਗਲਾਸੀ ਆ, ਵੇ ਕੱਚੀ ਕੰਧ ਤੇ ਗਲਾਸੀ ਆ। ਆਏ ਦੀਆਂ ਲੱਖ ਖੁਸ਼ੀਆਂ, ਵੇ ਤੁਰ ਗਏ ਦੀ ਉਦਾਸੀ ਆ। ਵੇ ਤੁਰ ਗਏ ਦੀ ਉਦਾਸੀ ਆ। *** ਮਾਝੇ ਦਿਆ ਮਾਝੇ ਦਿਆ ਮੱਲ ਗੁੱਜਰਾ, ਵੇ ਕਾਲਾ ਫੁੰਮਣ ਪਰਾਂਦੇ ਦਾ, ਵੇ ਕਾਲਾ ਫੁੰਮਣ ਪਰਾਂਦੇ ਦਾ। ਰੋਂਦਿਆਂ ਨੂੰ ਛੱਡ ਚੱਲਿਆਂ, ਵੇ ਨਾਂਵਾਂ ਟੁੱਟ ਜਾਏ ਜਾਂਦੇ ਦਾ। ਵੇ ਨਾਂਵਾਂ ਟੁੱਟ ਜਾਏ ਜਾਂਦੇ ਦਾ। *** ਆਪ ਸੱਸੂ ਮੰਜੇ ਲੇਟਦੀ, ਹਾਏ ਮੰਜੇ ਲੇਟਦੀ ਸਾਨੂੰ ਮਾਰਦੀ, ਹਾਏ ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ। ਸਾਥੋਂ ਚੱਕੀ ਨਹੀਉਂ ਪੀਸਦੀ, ਹਾਏ ਨਹੀਉਂ ਪੀਸਦੀ ਆਪੇ ਪੀਣਗੀਆਂ, ਹਾਏ ਆਪੇ ਪੀਣਗੀਆਂ ਸਹੁਰੇ ਦੀਆਂ ਜਾਈਆਂ। *** ਤੈਥੋਂ ਚੱਕੀ ਪੀਸ ਜਾਊਗੀ, ਹਾਏ ਪੀਸ ਜਾਊਗੀ ਜਦੋਂ ਡਾਂਗ, ਹਾਏ ਜਦੋਂ ਡਾਂਗ ਸੰਮਾਂ ਵਾਲੀ ਖੜਕੀ। ਅੱਧੀ ਰਾਤੀਂ ਮਾਰ ਪਈ, ਹਾਏ ਮਾਰ ਪਈ ਭੰਨ ਸੁੱਟੀਆਂ, ਹਾਏ ਭੰਨ ਸੁੱਟੀਆਂ ਮਲੂਕ ਜੇਹੀਆਂ ਹੱਡੀਆਂ। *** ਨਾਲੇ ਮੁੰਡਾ ਮੋਤੀ ਚੁਗਦਾ, ਹਾਏ ਮੋਤੀ ਚੁਗਦਾ, ਨਾਲੇ ਪੁੱਛਦਾ, ਹਾਏ ਨਾਲੇ ਪੁੱਛਦਾ ਕਿੱਥੇ ਕਿੱਥੇ ਲੱਗੀਆਂ। ਮਾਰ ਕੇ ਨਾ ਪੁੱਛ ਵੈਰੀਆ, ਹਾਏ ਪੁੱਛ ਵੈਰੀਆ, ਦਿਨ ਚੜ੍ਹਦੇ ਨੂੰ, ਹਾਏ ਦਿਨ ਚੜ੍ਹਦੇ ਨੂੰ ਕੈਦ ਕਰਾਵਾਂ। *** ਕਿੱਥੋਂ ਦੇ ਵਰੰਟ ਆਏ ਨੇ, ਹਾਏ ਵਰੰਟ ਆਏ ਨੇ ਕਿਹੜੇ ਸ਼ਹਿਰ ਦੀ ਕੈਦ ਪਈ ਬੋਲੇ। ਅੱਧੀ ਰਾਤੀਂ ਖ਼ਤ ਲਿਖਿਆ, ਹਾਏ ਖ਼ਤ ਲਿਖਿਆ, ਵੀਰਾ ਸ਼ਾਮ ਦੀ, ਹਾਏ ਵੀਰਾ ਸ਼ਾਮ ਦੀ ਗੱਡੀ ਚੜ੍ਹ ਆਇਆ। *** ਸੱਸੇ ਤੇਰੀ ਮੱਝ ਮਰ ਜਾਏ, ਹਾਏ ਮੱਝ ਮਰ ਜਾਏ ਮੇਰੇ ਵੀਰ ਨੂੰ, ਹਾਏ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਬੂਹੇ ਅੱਗੇ ਨਹਿਰ ਵਗਦੀ, ਹਾਏ ਨਹਿਰ ਵਗਦੀ। ਡੁੱਬ ਮਰ ਵੇ, ਹਾਏ ਡੁੱਬ ਮਰ ਵੇ ਸਹੁਰੇ ਦਿਆ ਟੱਬਰਾ। *** ਬੂਹੇ ਅੱਗੇ ਸੱਪ ਲੇਟਦਾ, ਹਾਏ ਸੱਪ ਲੇਟਦਾ ਲੜ ਜਾਏ ਨੀ, ਹਾਏ ਲੜ ਜਾਏ ਨੀ ਨਣਾਨੇ ਤੈਨੂੰ। ਮੈਨੂੰ ਕਾਹਨੂੰ ਲੜੇ ਭਾਬੀਏ, ਹਾਏ ਲੜੇ ਭਾਬੀਏ, ਮੇਰੇ ਵੀਰ ਦੀ, ਹਾਏ ਮੇਰੇ ਵੀਰ ਦੀ ਭੈਣ ਨਾ ਕੋਈ। *** ਵੇ ਲਹੌਰੋਂ ਰੇੜ੍ਹਾ ਰੇੜਿਆ, ਘਰ ਆ ਜਾ ਮੱਖਣ ਦਿਆ ਪੇੜਿਆ। ਵੇ ਲਹੌਰੋਂ ਰੇੜ੍ਹਾ ਰੇੜਿਆ, ਘਰ ਆ ਜਾ ਮੱਖਣ ਦਿਆ ਪੇੜਿਆ। ਤੇਰੀ ਮਾਂ ਨੇ ਸਾਡੇ ਨਾਲ ਕੀਤੀਆਂ, ਅਸੀਂ ਪਾ ਗੁਥਲੀ ਵਿੱਚ ਸੀਤੀਆਂ। ਜਦੋਂ ਆਵੇਂ ਤੇ ਉਦੋਂ ਗੱਲਾਂ ਦੱਸੀਏ, ਨਹੀਂ ਤਾਂ ਦਿਲ ਦੀਆਂ ਦਿਲ ਵਿੱਚ ਰੱਖੀਏ। ਜਦੋਂ ਵੱਸਾਂਗੇ ਉਦੋਂ ਗੱਲਾਂ ਦੱਸਾਂਗੇ। *** ਵੇ ਲਹੌਰੋਂ ਰੇੜ੍ਹਾ ਰੇੜਿਆ, ਘਰ ਆ ਜਾ ਮੱਖਣ ਦਿਆ ਪੇੜਿਆ। ਤੇਰੀ ਭੈਣ ਨੇ ਸਾਡੇ ਨਾਲ ਕੀਤੀਆਂ, ਅਸੀਂ ਪਾ ਗੁਥਲੀ ਵਿੱਚ ਸੀਤੀਆਂ। ਜਦੋਂ ਆਵੇਂ ਤੇ ਉਦੋਂ ਗੱਲਾਂ ਦੱਸੀਏ, ਨਹੀਂ ਤੇ ਦਿਲ ਦੀਆਂ ਦਿਲ ਵਿੱਚ ਰੱਖੀਏ। ਜਦੋਂ ਵੱਸਾਂਗੇ ਉਦੋਂ ਗੱਲਾਂ ਦੱਸਾਂਗੇ। *** ਵੇ ਲਹੌਰੋਂ ਰੇੜ੍ਹਾ ਰੇੜਿਆ, ਘਰ ਆ ਜਾ ਮੱਖਣ ਦਿਆ ਪੇੜਿਆ। ਤੇਰੀ ਭਾਬੋ ਨੇ ਸਾਡੇ ਨਾਲ ਕੀਤੀਆਂ, ਅਸੀਂ ਪਾ ਗੁਥਲੀ ਨਾ ਸੀਤੀਆਂ। ਤੇਰੀ ਭਾਬੋ ਲੜੇ ਅਸੀਂ ਲੜੀਏ ਸਿਰ ਡਾਹ ਕੇ ਸ਼ਰੀਕਾ ਕਰੀਏ। ਵੇ ਲਾਹੌਰੋਂ ਰੇੜ੍ਹਾ ਰੇੜਿਆ ਘਰ ਆ ਜਾ ਮੱਖਣ ਦਿਆ ਪੇੜਿਆ। *** ਸ਼ਾਵਾ ! ਬਈ ਹੁਣ ਕੇਹੜੀ ਕਰੀਏ ਛੋੜ ਗਿਉਂ ਛੋੜ ਗਿਉਂ ਵਿੱਚ ਬਰਸਾਂ ਦੇ ਹੁਣ ਕਿਹੜੀ ਕਰੀਏ ਸ਼ਾਵਾ ! ਬਈ ਹੁਣ ਕਿਹੜੀ ਕਰੀਏ? ਸ਼ਾਵਾ ! ਬਈ ਹੁਣ ਮੋਟੀ ਕਰੀਏ ਮੋਟੀ ਰੰਨ ਦਾ ਕੀ ਵਰਤਾਰਾ, ਕੱਲੀ ਮੰਜਾ ਮੱਲੇ, ਸ਼ਾਵਾ ! ‘ਕੱਲੀ ਮੰਜਾ ਮੱਲੇ। ਆਉਂਦਾ ਜਾਂਦਾ ਰਾਹੀ ਮੁਸਾਫ਼ਰ ਧੱਕਾ ਦੇਂਦੀ ਥੱਲੇ ਮੋਟੀ ਛੋੜ ਦਿਆਂਗੇ ਸ਼ਾਵਾ ! ਪੇਕੇ ਤੋਰ ਦਿਆਂਗੇ, ਸ਼ਾਵਾ ! ਪੇਕਾ ਬੜਾ ਲਾਹਣਤੀ, ਸ਼ਾਵਾ ! ਜੁਆਨੀ ਬੜੀ ਮਸਤਾਨੀ, ਸ਼ਾਵਾ! ਜੀਆਂਗੇ ਤਾਂ ਹੋਰ ਕਰਾਂਗੇ, ਸ਼ਾਵਾ ! ਮਰਾਂਗੇ ਤਾਂ ਸੰਗ ਰਲਾਂਗੇ, ਸ਼ਾਵਾ ਮੈਂ ਕੋਈ ਝੂਠ ਬੋਲਿਆ, ਕੋਈ ਨਾ ਮੈਂ ਕੋਈ ਕੁਫ਼ਰ ਤੋਲਿਆ, , ਕੋਈ ਨਾ ਬਈ ਕੋਈ ਨਾ। *** ਛੋੜ ਗਿਉਂ ਛੋੜ ਗਿਉਂ ਵਿੱਚ ਬਰਸਾਂ ਦੇ ਹੁਣ ਕਿਹੜੀ ਕਰੀਏ ਸ਼ਾਵਾ ! ਬਈ ਹੁਣ ਕਿਹੜੀ ਕਰੀਏ? ਸ਼ਾਵਾ ! ਬਈ ਹੁਣ ਪਤਲੀ ਕਰੀਏ, ਪਤਲੀ ਰੰਨ ਦਾ ਕੀ ਵਰਤਾਰਾ, ਕੋਰਾ ਕਾਗਤ ਖੜਕੇ ਸ਼ਾਵਾ ! ਕੋਰਾ ਕਾਗਤ ਖੜਕੇ। ਘੁੱਟ ਘੁੱਟ ਕਲੇਜੇ ਲਾਈਏ ਮੱਛੀ ਵਾਂਗੂ ਤੜਫ਼ੇ ਸ਼ਾਵਾ ! ਮੱਛੀ ਵਾਂਗੂ ਤੜਫੇ, ਪਤਲੀ ਛੋੜ ਦਿਆਂਗੇ ਸ਼ਾਵਾ ! ਪੇਕੇ ਤੋਰ ਦਿਆਂਗੇ, ਸ਼ਾਵਾ ! ਪੇਕਾ ਬੜਾ ਲਾਹਣਤੀ, ਸ਼ਾਵਾ ! ਜੁਆਨੀ ਬੜੀ ਮਸਤਾਨੀ, ਸ਼ਾਵਾ! ਜੀਆਂਗੇ ਤਾਂ ਹੋਰ ਕਰਾਂਗੇ, ਸ਼ਾਵਾ ! ਮਰਾਂਗੇ ਤਾਂ ਸੰਗ ਰਲਾਂਗੇ, ਸ਼ਾਵਾ ! ਮੈਂ ਕੋਈ ਝੂਠ ਬੋਲਿਆ, ਕੋਈ ਨਾ, ਮੈਂ ਕੋਈ ਕੁਫ਼ਰ ਤੋਲਿਆ, ਕੋਈ ਨਾ ਬਈ ਕੋਈ ਨਾ। *** ਛੋੜ ਗਿਉਂ ਛੋੜ ਗਿਉਂ ਵਿੱਚ ਬਰਸਾਂ ਦੇ ਹੁਣ ਕਿਹੜੀ ਕਰੀਏ ਸ਼ਾਵਾ ! ਬਈ ਹੁਣ ਕਿਹੜੀ ਕਰੀਏ? ਸ਼ਾਵਾ ! ਬਈ ਹੁਣ ਕਾਣੀ ਕਰੀਏ, ਕਾਣੀ ਰੰਨ ਦਾ ਕੀ ਵਰਤਾਰਾ, ਜਿਵੇਂ ਸੁਰਮੇਦਾਨੀ ਸ਼ਾਵਾ ! ਜਿਵੇਂ ਸੁਰਮੇਦਾਨੀ। ਇੱਕ ਵਿੱਚ ਪਾਉਂਦੀ ਸੁਰਮ ਸਲਾਈ ਦੂਜੀ ਵਗਦਾ ਪਾਣੀ ਕਾਣੀ ਛੋੜ ਦਿਆਂਗੇ, ਸ਼ਾਵਾ ! ਪੇਕੇ ਤੋਰ ਦਿਆਂਗੇ ਸ਼ਾਵਾ ! ਪੇਕਾ ਬੜਾ ਲਾਨ੍ਹਤੀ ਸ਼ਾਵਾ ! ਜੁਆਨੀ ਬੜੀ ਮਸਤਾਨੀ ਸ਼ਾਵਾ ! ਜੀਆਂਗੇ ਤਾਂ ਹੋਰ ਕਰਾਂਗੇ, ਸ਼ਾਵਾ ! ਮਰਾਂਗੇ ਤਾਂ ਸੰਗ ਰਲਾਂਗੇ, ਸ਼ਾਵਾ ! ਮੈਂ ਕੋਈ ਝੂਠ ਬੋਲਿਆ, ਕੋਈ ਨਾ ਮੈਂ ਕੋਈ ਕੁਫਰ ਤੋਲਿਆ, ਕੋਈ ਨਾ ਮੈਂ ਕੋਈ ਜ਼ਹਿਰ ਘੋਲਿਆ, ਕੋਈ ਨਾ ਬਈ ਕੋਈ ਨਾ। *** ਛੋੜ ਗਿਉਂ ਛੋੜ ਗਿਉਂ ਵਿੱਚ ਬਰਸਾਂ ਦੇ ਹੁਣ ਕਿਹੜੀ ਕਰੀਏ? ਸ਼ਾਵਾ ! ਬਈ ਹੁਣ ਲੰਮੀ ਕਰੀਏ, ਲੰਮੀ ਰੰਨ ਦਾ ਕੀ ਵਰਤਾਰਾ ਜਿਉਂ ਬੇਲੇ ਵਿੱਚ ਕਾਨਾ ਸ਼ਾਵਾ ! ਜਿਉਂ ਬੇਲੇ ਵਿੱਚ ਕਾਨਾ, ਆਉਂਦਾ ਜਾਂਦਾ ਰਾਹੀ ਮੁਸਾਫ਼ਰ ਭਰ ਭਰ ਮਾਰੇ ਤਾਹਨਾ, ਲੰਮੀ ਛੋੜ ਦਿਆਂਗੇ, ਸ਼ਾਵਾ ! ਪੇਕੇ ਤੋਰ ਦਿਆਂਗੇ ਸ਼ਾਵਾ ! *** ਛੋੜ ਗਿਉਂ ਛੋੜ ਗਿਉਂ ਵਿੱਚ ਬਰਸਾਂ ਦੇ ਹੁਣ ਕਿਹੜੀ ਕਰੀਏ? ਸ਼ਾਵਾ ! ਬਈ ਹੁਣ ਗੋਰੀ ਕਰੀਏ, ਗੋਰੀ ਰੰਨ ਦਾ ਕੀ ਵਰਤਾਰਾ ਲੂਣ ਵਾਂਗ ਚਮੱਕੇ, ਸ਼ਾਵਾ ! ਲੂਣ ਵਾਂਗ ਚਮੱਕੇ ਆਉਂਦਾ ਜਾਂਦਾ ਰਾਹੀ ਮੁਸਾਫਰ ਹੱਥ ਲਉਣ ਨੂੰ ਤੱਕੇ ਗੋਰੀ ਛੋੜ ਦਿਆਂਗੇ ਸ਼ਾਵਾ ! ਪੇਕੇ ਤੋਰ ਦਿਆਂਗੇ ਸ਼ਾਵਾ! ਪੇਕਾ ਬੜਾ ਲਾਹਣਤੀ ਸ਼ਾਵਾ ! ਜੁਆਨੀ ਬੜੀ ਮਸਤਾਨੀ ਸ਼ਾਵਾ! ਜੀਆਂਗੇ ਤਾਂ ਹੋਰ ਕਰਾਂਗੇ, ਸ਼ਾਵਾ ! ਮਰਾਂਗੇ ਤਾਂ ਸੰਗ ਰਲਾਂਗੇ, ਸ਼ਾਵਾ ! ਮੈਂ ਕੋਈ ਝੂਠ ਬੋਲਿਆ, ਕੋਈ ਨਾ ਮੈਂ ਕੋਈ ਕੋਈ ਕੁਫ਼ਰ ਤੋਲਿਆ, ਕੋਈ ਨਾ ਮੈਂ ਕੋਈ ਜ਼ਹਿਰ ਘੋਲਿਆ, ਕੋਈ ਨਾ ਬਈ ਕੋਈ ਨਾ। *** ਉੱਚੀ ਟਾਹਲੀ ਤੇ ਉੱਤੇ ਸੀ ਪੱਤੇ। ਜੀਵਨ ਜੋਗੇ ਦਾ ਨਾਂਵਾਂ ਕਲਕੱਤੇ। ਜੀ ਜੀਵੇ ਉਮਰ ਸਾਰੀ। ਜੀਵੇਂ ਉਮਰ ਸਾਰੀ ਦਿਆ ਕਾਹਨਾ ਇੱਕ ਹੱਥ ਬੰਸਰੀ ਦੂਜੇ ਹੱਥ ਗਾਨਾ। ਸਾਡੇ ਕੋਲੋਂ ਦੀ ਲੰਘ ਲੰਘ ਜਾਨਾ। ਤੈਨੂੰ ਤਰਸ ਨਾ ਆਵੇ ਬੇਈਮਾਨਾ। ਵੱਸਣੇ ਦੀ ਰੀਝ ਰਹੀ। *** ਉੱਚੀ ਟਾਹਲੀ ਤੇ ਉੱਤੇ ਸੀ ਬੰਦਰ । ਜੀਵਨ ਜੋਗੇ ਦਾ ਨਾਂਵਾਂ ਜਲੰਧਰ। ਜੀ ਜੀਵੇ ਉਮਰ ਸਾਰੀ। ਜੀਵੇਂ ਉਮਰ ਸਾਰੀ ਦਿਆ ਕਾਹਨਾ। ਇੱਕ ਹੱਥ ਬੰਸਰੀ ਦੂਜੇ ਹੱਥ ਗਾਨਾ। ਸਾਡੇ ਕੋਲੋਂ ਦੀ ਚੁੱਪ ਲੰਘ ਜਾਨਾ। ਤੈਨੂੰ ਤਰਸ ਨਾ ਆਵੇ ਬੇਈਮਾਨਾ। ਵੱਸਣੇ ਦੀ ਰੀਝ ਰਹੀ। *** ਸਾਡੇ ਕੋਠੇ ਕੋਠੇ ਆਵਣਾ, ਹਕੀਮ ਤਾਰਾ ਚੰਦ। ਸਾਡੀ ਨਬਜ਼ ਜ਼ਰਾ ਵੇਖਣੀ, ਚਲਦੀ ਏ ਕਿ ਬੰਦ। ਤੁਸੀਂ ਆਇਉ ਹਕੀਮ ਜੀ ਗੋਰੀ ਬੜੀ ਤੰਗ। ਹਕੀਮ ਜੀ ਨੇ ਦੱਸਿਆ ਮੂੰਗੀ ਤੇ ਫੁਲਕਾ । ਹਕੀਮ ਜੀ ਨੇ ਦੱਸਿਆ ਮੂੰਗੀ ਤੇ ਫੁਲਕਾ । ਮੈਂ ਤਾਂ ਖਾ ਲਈ ਹਕੀਮ ਜੀ ਆਲੂ ਗੋਭੀ ਬੰਦ। ਅਸੀਂ ਹੋ ਗਏ ਹਕੀਮ ਜੀ ਪਹਿਲੇ ਨਾਲੋਂ ਤੰਗ। ਸਾਡੇ ਕੋਠੇ ਕੋਠੇ ਆਵਣਾ ਹਕੀਮ ਤਾਰਾ ਚੰਦ। ਹਕੀਮ ਜੀ ਨੇ ਦੱਸਿਆ ਥੋੜ੍ਹਾ ਥੋੜ੍ਹਾ ਬੋਲਣਾ। ਹਕੀਮ ਜੀ ਨੇ ਦੱਸਿਆ ਥੋੜ੍ਹਾ ਥੋੜ੍ਹਾ ਬੋਲਣਾ। ਅਸੀਂ ਛੇੜ ਲਈ ਹਕੀਮ ਜੀ ਜਠਾਣੀ ਨਾਲ ਜੰਗ *** ਸਾਡੇ ਕੋਠੇ ਕੋਠੇ ਆਵਣਾ ਹਕੀਮ ਤਾਰਾ ਚੰਦ। ਹਕੀਮ ਜੀ ਨੇ ਦੱਸਿਆ ਬਹੁਤਾ ਨਹੀਂ ਫਿਰਨਾ। ਹਕੀਮ ਜੀ ਨੇ ਦੱਸਿਆ ਬਹੁਤਾ ਨਹੀਂ ਫਿਰਨਾ। ਮੈਂ ਤਾਂ ਟੱਪ ਆਈ ਹਕੀਮ ਜੀ ਚੁਬਾਰੇ ਵਾਲੀ ਕੰਧ । ਅਸੀਂ ਹੋ ਗਏ ਹਕੀਮ ਜੀ ਪਹਿਲਾਂ ਨਾਲੋਂ ਤੰਗ। ਸਾਡੇ ਕੋਠੇ ਕੋਠੇ ਆਵਣਾ ਹਕੀਮ ਤਾਰਾ ਚੰਦ। ਸਾਡੀ ਨਬਜ ਜਰਾ ਦੇਖਣੀ ਚੱਲਦੀ ਏ ਕਿ ਬੰਦ।

  • ਮੁੱਖ ਪੰਨਾ : ਪੰਜਾਬੀ ਲੋਕ ਕਾਵਿ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ