Punjabi Shayari/Poetry : Yashu Jaan

ਪੰਜਾਬੀ ਸ਼ਾਇਰੀ : ਯਸ਼ੂ ਜਾਨ

1.
ਅੱਜ ਆਖਦੇ ਨੇ ਸਾਰੇ ਕੱਲ੍ਹ ਕਰਾਂਗੇ ਜਨਾਬ,
ਕੱਲ੍ਹ ਨੂੰ ਨਾ ਰਹਿੰਦਾ ਪਲ ਪਿਛਲਾ ਵੀ ਯਾਦ,
ਸਮੇਂ ਦੀ ਜੋ ਕਰਦਾ ਹੈ ਕਦਰ ਉਹ ਬੰਦਾ ਨਹੀਓਂ ਹਰਦਾ,
ਇੱਕ ਇੱਕ ਪਲ ਬੜਾ ਕੀਮਤੀ ਹੁੰਦਾ ਨਿਰ੍ਹਾ ਸੋਨੇ ਵਰਗਾ।

2.
ਉਂਝ ਤਾਂ ਇਸ ਦੁਨੀਆਂ ਤੇ ਕੁੱਝ ਵੀ ਨਹੀਂ,
ਪਰ ਜੇ ਕਰੀਏ ਵਿਸ਼ਵਾਸ਼ ਤਾਂ ਸਭ ਹੈ,
ਮੰਦਿਰ ਵਿੱਚ ਪਈ ਮੂਰਤੀ ਪੱਥਰ ਹੀ ਹੈ,
ਜਿਸਨੂੰ ਲੋਕਾਂ ਦੇ ਵਿਸ਼ਵਾਸ਼ ਨੇ ਬਣਾਤਾ ਰੱਬ ਹੈ।

3.
ਜ਼ਿੰਦਗੀ ਬਣਕੇ ਉੱਡੇਗੀ ਜੱਗ ਤੋਂ ਮਹਿਮਾਨ ਤੇਰੀ,
ਜਦ ਕੋਈ ਮਾਰ ਖੰਜਰ ਕੱਢ ਲਵੇਗਾ ਜਾਨ ਤੇਰੀ,
ਯਸ਼ੂ ਦੇ ਬੋਲ ਚੇਤੇ ਆਉਣਗੇ ਤੈਨੂੰ ਉਸ ਵੇਲੇ ਹੀ,
ਮਿੱਟੀ ਵਿੱਚ ਜਾਵੇਗੀ ਰੁਲ਼ ਜਦੋਂ ਪਹਿਚਾਣ ਤੇਰੀ।

4.
ਇੰਸਾਨੀਅਤ ਸਦਾ ਰਹੇਗੀ ਜ਼ਿੰਦਾ ਇਨਸਾਨ ਦੇਖ ਕੇ,
ਲੋਕ ਕੀ ਕਹਿਣਗੇ ਮੇਰੀ ਇਸ ਗ਼ਜ਼ਲ ਦਾ ਨਾਮ ਦੇਖ ਕੇ,
ਇੱਕ ਸ਼ੈਤਾਨ ਨੇ ਮੁਖੌਟਾ ਕਿਉਂ ਇਨਸਾਨ ਦਾ ਪਾਇਆ ਹੈ,
ਮੇਰੀ ਦਰਿੰਦਗੀ ਦੀ ਅਸਲੀਯਤ ਪਹਿਚਾਣ ਦੇਖ ਕੇ।

ਕਿਉਂ ਗੁੰਮ ਜਿਹਾ ਹੋਇਆ ਹਾਂ ਇਹਨਾਂ ਕਾਲੀਆਂ ਰਾਤਾਂ 'ਚ,
ਤੇ ਹੁੰਦਾ ਖ਼ੁਸ਼ ਹਾਂ ਤੇਰੀ ਤੜਫ਼ਦੀ ਹੋਈ ਜਾਨ ਦੇਖ ਕੇ,
ਤੇ ਯਸ਼ੂ ਦੇ ਸਾਰਿਆਂ ਰਾਜ਼ਾਂ ਤੋਂ ਹੀ ਹੈਰਾਨ ਹੈ ਦੁਨੀਆਂ,
ਕਿ ਇੱਕ ਸ਼ੈਤਾਨ ਦੇ ਕੀਤੇ ਹੋਏ ਅਹਿਸਾਨ ਦੇਖ ਕੇ ।

5.
ਸੱਚ ਬੋਲਣ ਦਾ ਚਾਅ ਕਿਉਂ ਤੈਨੂੰ,
ਸੱਚ ਬੋਲਣ ਦਾ ਚਾਅ,
ਤੇਰਾ ਦੇਣਗੇ ਗਲ਼ਾ ਕਟਾ ਕਿਉਂ ਤੈਨੂੰ,
ਸੱਚ ਬੋਲਣ ਦਾ ਚਾਅ,
ਸੱਚ ਬੋਲਣ ਦਾ.......

ਬਾਜ਼ੀ ਜਿੱਤਣ ਲਈ ਤੂੰ ਝੱਲਿਆ ਪੁੱਠੀ ਚੱਲੇਂ ਚਾਲ,
ਤੈਰਦਾ ਹੋਇਆ ਤੂੰ ਗਿਣੇਂ ਕਿਉਂ ਮੱਛੀਆਂ ਦੇ ਵਾਲ਼।

6.
ਮੇਰੀ ਇੱਕ ਗੱਲ ਮੰਨ ਲਈਂ ਸੋਹਣਿਆਂ,
ਮੈਨੂੰ ਕਫ਼ਨ ਐਲਾਨ ਤੂੰ ਕਰਦੇ,
ਸੁਣ ਮੁਰਸ਼ਦਾ ਬੇਪਰਵਾਹਿਆ,
ਮੇਰੀ ਖ਼ਾਲੀ ਝੋਲੀ ਭਰਦੇ,
ਯਸ਼ੂ ਜਾਨ ਨੂੰ ਜ਼ਿੰਦਾ ਮੋੜ ਭਾਵੇਂ,
ਮੈਨੂੰ ਜ਼ਿੰਦਾ ਦਫ਼ਨ ਕਰਦੇ।

7.
ਅਸੀਂ ਝੱਲੇ ਬਣ ਗਏ ਨਿਕਲਿਆ ਤੂੰ ਚਾਤਰ ਸੱਜਣਾਂ,
ਮੈਂ ਐਵੇਂ ਖੱਲ ਲੁਹਾਈ ਤੇਰੀ ਖ਼ਾਤਰ ਸੱਜਣਾਂ,
ਤੂੰ ਪੈਰਾਂ ਉੱਤੇ ਪਾਣੀ ਪੈਣ ਨਾ ਦਿੱਤਾ ਭਾਵੇਂ,
ਯਸ਼ੂ ਬਣ ਬੈਠਾ ਤੇਰੀ ਜ਼ਿੰਦਗੀ ਦਾ ਪਾਤਰ ਸੱਜਣਾਂ।

8.
ਕੀ ਕਰਨਾ ਜ਼ਿੰਦਗੀ ਸ਼ਾਹੀ ਨੂੰ,
ਜਦ ਯਾਰ ਨਾ ਪੁੱਛੇ ਮਾਹੀ ਨੂੰ।

ਅਸੀਂ ਭਰ-ਭਰ ਹੁਸਨ ਲੁਟਾ ਦਿੱਤਾ,
ਉਹਨਾਂ ਸਾਡਾ ਪਿਆਰ ਭੁਲਾ ਦਿੱਤਾ,
ਚੰਗਾ ਹੁੰਦਾ ਇਹਦੇ ਨਾਲੋਂ,
ਦਿਲ ਦਿੰਦਾ ਕਿਸੇ ਰਾਹੀ ਨੂੰ,
ਕੀ ਕਰਨਾ ਜ਼ਿੰਦਗੀ ਸ਼ਾਹੀ ਨੂੰ,
ਜਦ ਯਾਰ ਨਾ ਪੁੱਛੇ ਮਾਹੀ ਨੂੰ।

ਮੈਂ ਰੋਇਆ ਜਾਗ ਕੇ ਰਾਤਾਂ ਨੂੰ,
ਉਹ ਹੱਸੇ ਦੇਖ ਹਾਲਾਤਾਂ ਨੂੰ,
ਚਾਦਰ ਸਮਝ ਵਿਛਾ ਦਿੱਤਾ,
ਮੈਂ ਆਪਣੀ ਚਮੜੀ ਲਾਹੀ ਨੂੰ,
ਕੀ ਕਰਨਾ ਜ਼ਿੰਦਗੀ ਸ਼ਾਹੀ ਨੂੰ,
ਜਦ ਯਾਰ ਨਾ ਪੁੱਛੇ ਮਾਹੀ ਨੂੰ।

ਇੱਕ ਅੰਦਰ ਰੋਵੇ ਜਾਨ ਫਸੀ,
ਇੱਕ ਬਾਹਰ ਉਹਨਾਂ ਵਿੱਚ ਫਸੀ,
ਜੇ ਯਸ਼ੂ ਜਾਨ ਤੂੰ ਚੰਗਾ ਰਹਿੰਦਾ,
ਤੇ ਸਾਂਭਦਾ ਜ਼ਿੰਦਗੀ ਆਹੀ ਨੂੰ,
ਕੀ ਕਰਨਾ ਜ਼ਿੰਦਗੀ ਸ਼ਾਹੀ ਨੂੰ,
ਜਦ ਯਾਰ ਨਾ ਪੁੱਛੇ ਮਾਹੀ ਨੂੰ।

9.
ਮੈਂਨੂੰ ਸ਼ੱਕ ਹੁੰਦਾ ਹੈ ਹੱਥਾਂ ਦੀਆਂ ਲਕੀਰਾਂ ਤੇ,
ਸਭ ਵੱਖੋ-ਵੱਖਰਾ ਦੱਸਦੇ ਨੇ ਪੜ੍ਹ ਇਹਨਾਂ ਨੂੰ,
ਜਾਂ ਇਹਨਾਂ ਵਿੱਚ ਸੱਚਾਈ ਨਾ ਜਾਂ ਉਹ ਝੂਠੇ,
ਯਸ਼ੂ ਆਖੇ ਦੋਸ਼ੀ ਦੋਨਾਂ ਵਿਚੋਂ ਕਿਹਨਾਂ ਨੂੰ।

10.
ਚੁੱਲ੍ਹਾ ਬਣਿਆ ਚੌੜ-ਚਪੱਟਾ ਤੇਰੇ ਕਿਸ ਕੰਮ ਦਾ,
ਉੱਤੇ ਤਵਾ ਪਿਆ ਏ ਪੁੱਠਾ ਤੇਰੇ ਕਿਸ ਕੰਮ ਦਾ,
ਤੂੰ ਧੁਖਦੀ ਅੱਗ ਤੇ ਤੇਲ ਕਿਉਂ ਪਾਈ ਜਾਂਦੀ ਏਂ,
ਉਹ ਆਪਣੇ ਇਸ਼ਕ 'ਚ ਲੁੱਚਾ ਤੇਰੇ ਕਿਸ ਕੰਮ ਦਾ,
ਘੋੜਾ ਖਿੱਚ ਲਿਜਾ ਸਕਦਾ ਏਂ ਯਸ਼ੂ ਪਾਣੀ ਤੀਕਰ,
ਉਹਦਾ ਗਲਾ ਨਾ ਹੋਵੇ ਸੁੱਕਾ ਤੇਰੇ ਕਿਸ ਕੰਮ ਦਾ।

11. ਸੂਫ਼ੀਆਨਾ ਸ਼ਾਇਰੀ

ਮੈਨੂੰ ਪਸੰਦ ਨੇ ਦੋ ਆਸ਼ਿਕ,
ਇੱਕ ਤੂੰ ਆਸ਼ਿਕ ਇੱਕ ਉਹ ਆਸ਼ਿਕ,
ਐਸੀ ਸੱਟ ਇਸ਼ਕ ਨੇ ਮਾਰੀ,
ਹੁਣ ਨਾ ਜ਼ਖ਼ਮ ਭਰੋ ਆਸ਼ਿਕ,

ਇੱਕ ਹਾਸਾ ਮੇਰਾ ਲੁੱਟ ਲਿਆ,
ਸਾਹ ਘੁੱਟ ਲਿਆ,
ਇੱਕ ਆਪਾ ਮੇਰਾ ਲੁੱਟ ਲਿਆ,
ਮੈਂ ਸੁੱਕ ਗਿਆ,
ਨਾ ਸੁੱਖ ਦਾ ਦਮ ਭਰੋ ਆਸ਼ਿਕ,
ਇੱਕ ਤੂੰ ਆਸ਼ਿਕ ਇੱਕ ਉਹ ਆਸ਼ਿਕ,
ਮੈਂਨੂੰ ਪਸੰਦ ਨੇ ਦੋ ਆਸ਼ਿਕ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ