ਪੰਜਾਬੀ ਰਿਕਾਰਡ ਗਾਇਕੀ ਦੇ ਇਤਿਹਾਸ ਅੰਦਰ ਪ੍ਰੋ. ਗੁਰਭਜਨ ਗਿੱਲ ਦੀ ਗੀਤਕਾਰੀ : ਡਾ. ਸਿਮਰਨਜੀਤ ਸਿੰਘ
ਸਾਹਿਤ ਮੁੱਢ ਤੋਂ ਹੀ ਮਨੁੱਖੀ ਭਾਵਾਂ ਦੀ ਪੇਸ਼ਕਾਰੀ ਕਰਨ ਦੇ ਨਾਲ-ਨਾਲ, ਆਪਣੀ ਸਾਂਝ ਸਮਾਜ ਨਾਲ ਸਥਾਪਿਤ ਕਰਦਾ ਆਇਆ ਹੈ। ਇਸ ਕਾਰਜ ਦੀ ਪੂਰਤੀ ਹਿਤ ਸਮੇਂ-ਸਮੇਂ ‘ਤੇ ਸਾਹਿਤ ਦੇ ਵਿਭਿੰਨ ਰੂਪ ਜਿਵੇਂ; ਕਵਿਤਾ, ਨਾਟਕ, ਨਾਵਲ, ਕਹਾਣੀ ਅਤੇ ਵਾਰਤਕ ਆਦਿ ਕਾਰਜਸ਼ੀਲ ਰਹੇ ਹਨ। ਇਹਨਾਂ ਸਾਹਿਤ ਰੂਪਾਂ ਵਿਚੋਂ ਕਾਵਿ ਮੁੱਢੋਂ ਹੀ ਮੋਹਰੀ ਰਿਹਾ ਹੈ, ਜਿਸਦੀ ਪ੍ਰਮਾਣਿਕਤਾ ਜਿਥੇ ਲੋਕ ਕਾਵਿ ਦੇ ਅੰਤਰਗਤ ਲੋਕ ਗੀਤਾਂ ਵਿਚੋਂ ਦੇਖੀ ਜਾ ਸਕਦੀ ਹੈ ਉਥੇ ਵਿਸ਼ਿਸ਼ਟ ਸਾਹਿਤ ਵਿਚ ‘ਰਿਗਵੇਦ’ ਇਸਦੀ ਸਾਖੀ ਭਰਦਾ ਹੈ। ਇਹਨਾਂ ਦੋਹਾਂ ਤੱਥਾਂ ਦੀ ਰੌਸ਼ਨੀ ਵਿਚੋਂ ਇਕ ਗੱਲ ਇਹ ਵੀ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਗੀਤ ਇਕੋ-ਇਕ ਅਜਿਹਾ ਰੂਪਾਕਾਰ ਹੈ ਜੋ ਲੌਕਿਕ ਅਤੇ ਵਿਸ਼ਿਸ਼ਟ ਸਾਹਿਤ ਦੇ ਅੰਤਰਗਤ ਮੁੱਢ ਤੋਂ ਹੀ ਕਵੀਆਂ ਲਈ ਮਨਭਾਉਂਦਾ ਰਿਹਾ ਹੈ। ਪੰਜਾਬੀ ਗੀਤ ਇਕ ਕਾਵਿ ਰੂਪਾਕਾਰ ਵਜੋਂ ਆਪਣੇ ਇਤਿਹਾਸਕ ਪ੍ਰਸੰਗ ਵਿਚ ਤਿੰਨ ਪੜ੍ਹਾਵਾਂ ਦਾ ਸਫਰ ਤਹਿ ਕਰਦਾ ਵੇਖਿਆ ਜਾ ਸਕਦਾ ਹੈ। ਇਸਦਾ ਪਹਿਲਾ ਪੜ੍ਹਾਅ ਲੋਕ ਗੀਤਾਂ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿਚ ਗੀਤਾਂ ਦੀਆਂ ਉਹ ਸਾਰੀਆਂ ਵੰਨਗੀਆਂ ਆਉਂਦੀਆਂ ਹਨ, ਜੋ ਜ਼ਿਆਦਾਤਰ ਪੰਜਾਬ ਦੀਆਂ ਸੁਆਣੀਆਂ ਦੁਆਰਾ ਘਰੇਲੂ ਕਾਰ-ਵਿਹਾਰ ਕਰਦਿਆਂ ਸੁਤੇ-ਸਿੱਧ ਗਾਇਣ ਕੀਤੀਆਂ ਗਈਆਂ। ਇਸਤੋਂ ਬਾਅਦ ਵਾਲਾ ਪੜ੍ਹਾਅ ਛਾਪੇਖਾਨੇ ਦੀ ਮਦਦ ਨਾਲ ਵਸ਼ਿਸ਼ਟ ਗੀਤਕਾਰੀ ਦਾ ਆਉਂਦਾ ਹੈ, ਜਿਸ ਵਿਚ ਛਪਾਈ ਮਸ਼ੀਨਾਂ ਦੀ ਮਦਦ ਨਾਲ ਗੀਤ-ਸੰਗ੍ਰਹਿ ਪੁਸਤਕਾਂ ਦੇ ਰੂਪ ਵਿਚ ਛਪਣੇ ਸ਼ੁਰੂ ਹੋਏ, ਜਿਸ ਵਿਚ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਸੰਤ ਰਾਮ ਉਦਾਸੀ, ਡਾ. ਹਰਿਭਜਨ ਸਿੰਘ ਦਾ ਨਾਂਅ ਵਿਸ਼ੇਸ਼ ਜ਼ਿਕਰਯੋਗ ਹੈ। ਗੀਤਾਂ ਦਾ ਤੀਜਾ ਪੜ੍ਹਾਅ ਆਧੁਨਿਕਤਾ ਦੇ ਆਉਣ ਨਾਲ ਉਦੋਂ ਸ਼ੁਰੂ ਹੋਇਆ ਜਦ ਗੀਤ ਲਾਊਡ ਸਪੀਕਰਾਂ ਦੀ ਮਦਦ ਨਾਲ ਗ੍ਰਾਮੋਫੋਨ ਦੇ ਕਾਲੇ ਤਵਿਆਂ ਵਿਚ ਭਰ ਕੇ ਚਾਬੀ ਵਾਲੀਆਂ ਮਸ਼ੀਨਾਂ ਨਾਲ ਪਿੰਡਾਂ ਦੇ ਬਨੇਰਿਆਂ ‘ਤੇ ਗੂੰਜਣ ਲੱਗੇ। ਧਿਆਨਦੇਣ ਯੋਗ ਨੁਕਤਾ ਇਹ ਹੈ ਕਿ ਪੰਜਾਬੀ ਸਾਹਿਤ ਵਿਚ ਗੀਤ ਕਾਵਿ ਪਰੰਪਰਾ ਦੇ ਪਹਿਲੇ ਦੋ ਪੜ੍ਹਾਵਾਂ ਭਾਵ ਲੋਕ ਗੀਤਾਂ ਅਤੇ ਵਸ਼ਿਸ਼ਟ ਗੀਤਾਂ ਦੇ ਸਬੰਧ ਵਿਚ ਤਾਂ ਚੋਖੀ ਮਾਤਰਾ ਵਿਚ ਖੋਜ ਕਾਰਜ ਹੋਇਆ ਮਿਲਦਾ ਹੈ ਪਰ ਰਿਕਾਰਡ ਹੋਏ ਗੀਤਾਂ ਨੂੰ ਸਾਹਿਤ ਦੀ ਵੰਨਗੀ ਨਾ ਮੰਨ ਕੇ ਵਿਦਵਾਨਾਂ ਅਤੇ ਪੰਜਾਬੀ ਸਾਹਿਤਕਾਰਾਂ ਵੱਲੋਂ ਹਮੇਸ਼ਾਂ ਹੀ ਮੂੰਹ ਫੇਰ ਲਿਆ ਜਾਂਦਾ ਰਿਹਾ ਹੈ। ਜਦੋਂ ਕਿ ਜੇਕਰ ਦੇਖਿਆ ਜਾਵੇ ਵਸ਼ਿਸ਼ਟ ਗੀਤਕਾਰੀ ਦਾ ਘੇਰਾ ਤਾਂ ਸਿਰਫ ਪੜ੍ਹੇ-ਲਿਖੇ ਲੋਕਾਂ ਤੱਕ ਸੀਮਤ ਹੁੰਦਾ ਹੈ, ਪਰ ਰਿਕਾਰਡ ਹੋਈ ਗੀਤਕਾਰੀ ਦਾ ਘੇਰਾ ਵਸੀਂਹ ਹੈ। ਇਸਦੀ ਪਹੁੰਚ ਪੜ੍ਹੇ-ਲਿਖੇ ਵਰਗ ਤੋਂ ਲੈ ਕੇ ਅਨਪੜ੍ਹ ਵਰਗ ਸਮੇਤ ਉਹਨਾਂ ਆਮ ਲੋਕਾਂ ਤੱਕ ਹੁੰਦੀ ਹੈ ਜੋ ਸਾਹਿਤ ਨੂੰ ਪੜ੍ਹਨਾ, ਲਿਖਣਾ ਜਾਂ ਸਮਝਣਾ ਨਹੀਂ ਜਾਣਦੇ, ਪਰ ਉਹ ਗੀਤ ਸੁਣ ਸਕਦੇ ਹਨ। ਮੁੱਢ ਤੋਂ ਹੀ ਵਿਦਵਾਨਾਂ ਵੱਲੋਂ ਇਸ ਸਬੰਧੀ ਜਾਂ ਤਾਂ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਰਿਹਾ ਹੈ ਕਿ ਰਿਕਾਰਡ ਗੀਤ ਦੀ ਟੈਕਸਟ ਸਾਹਿਤਕ ਨਹੀਂ ਹੁੰਦੀ, ਇਸਦੇ ਬੋਲ ਸਾਹਿਤਕ ਮਿਆਰ ਦੇ ਨਹੀਂ ਹੁੰਦੇ, ਜਾਂ ਫਿਰ ਇਸਦੀ ਸਮੁੱਚੀ ਆਲੋਚਨਾ ਗਾਇਨ ਪੱਖ ਤੋਂ ਕਰਦਿਆਂ ਇਸਨੂੰ ਅਸ਼ਲੀਲਤਾ ਦਾ ਲੇਬਲ ਲਾ ਕੇ ਨਿੰਦ ਦਿੱਤਾ ਜਾਂਦਾ ਰਿਹਾ ਹੈ। ਕਈ ਵਿਦਵਾਨ ਤਾਂ ਇਥੋਂ ਤੱਕ ਆਖਦੇ ਹਨ ਕਿ ਗੀਤ ਇਕ ਲਘੂ ਆਕਾਰੀ ਰਚਨਾ ਹੈ ਜਿਸ ਕਰਕੇ ਬਾਕੀ ਸਾਹਿਤ ਰੂਪਾਂ ਦੇ ਮੁਕਾਬਲਤਨ ਇਸ ਵਿਚ ਸਮਾਜਿਕ ਹਾਲਤਾਂ ਨੂੰ ਬਦਲਣ ਦੀ ਤਾਕਤ ਨਹੀਂ ਹੁੰਦੀ। ਜਦੋਂ ਕਿ ਇਥੇ ਇਹ ਭੁੱਲਣਾ ਨਹੀਂ ਚਾਹੀਦਾ ਕਿ ‘ਪਗੜੀ ਸੰਭਾਲ ਜੱਟਾ’ ਮੁੱਢ ਵਿਚ ਇਕ ਗੀਤ ਦੀਆਂ ਕੇਵਲ ਸਥਾਈ ਦੀਆਂ ਸਤਰਾਂ ਸਨ ਜੋ ਕਿ ਬਾਅਦ ਵਿਚ ਇਹ ਆਜ਼ਾਦੀ ਦੀ ਇਕ ਅਹਿਮ ਲਹਿਰ ਬਣ ਕੇ ਉੱਭਰੀ, ਜਿਸਦੇ ਹੈਰਾਨੀਜਨਕ ਸਿੱਟੇ ਆਜ਼ਾਦੀ ਦੇ ਇਤਿਹਾਸ ਵਿਚ ਸਾਡੇ ਸਭ ਦੇ ਸਾਹਮਣੇ ਹਨ। ਦੂਜੀ ਗੱਲ ਗੀਤ ਦੇ ਸਬੰਧ ਵਿਚ ਇਕ ਅਹਿਮ ਨੁਕਤਾ ਇਹ ਹੈ ਕਿ ‘ਗੀਤ ਨੇ ਮਨੁੱਖ ਦੀਆਂ ਪਦਾਰਥਕ ਸਮੱਸਿਆਵਾਂ ਨੂੰ ਹੱਲ ਨਹੀਂ ਕਰਨਾ, ਬਿਲਕੁਲ ਨਹੀਂ ਕਰਨਾ, ਕਈ ਸਾਡੇ ਬੁੱਧੀਜੀਵੀ, ਐਵੇਂ ਖਾਹ-ਮਖਾਹ ਗੀਤਾਂ ਦੇ ਮੋਢਿਆ ਉਪਰ ਅਜਿਹਾ ਭਾਰ ਸੁੱਟਣ ਦੀ ਕੋਸ਼ਿਸ਼ ਵਿਚ ਹਨ।...ਗੀਤ ਨੇ ਤਾਂ ਕੇਵਲ ਮਨੁੱਖ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਉਹਦੇ ਧੁਰ ਅੰਦਰ ਕੋਈ ਚੀਜ਼ ਹੈ, ਜਿਸਨੂੰ ‘ਰੂਹ’ ਵੀ ਕਿਹਾ ਜਾ ਸਕਦਾ ਹੈ।’1 ਸੋ ਗੀਤ ਦਾ ਮੁੱਖ ਪ੍ਰਯੋਜਨ ਮਨੁੱਖ ਨੂੰ ਉਸਦੇ ਖੰਡਿਤ ਆਪੇ ਨਾਲ ਮੁੜ ਜੋੜਨਾ ਹੁੰਦਾ ਹੈ। ਸੋ ਇਸ ਖੇਤਰ ਵਿਚ ਸੰਕੀਰਨਤਾ ਨੂੰ ਛੱਡ ਕੇ ਨਿੱਠ ਕੇ ਖੋਜ ਕਰਨ ਦੀ ਹਾਲੇ ਬਹੁਤ ਲੋੜ ਹੈ। ਹੱਥਲਾ ਖੋਜ-ਪੇਪਰ ਇਸੇ ਦਿਸ਼ਾ ਵਿਚ ਕੀਤਾ ਜਾਣ ਵਾਲਾ ਉੱਦਮ ਹੈ।
ਇਕ ਗੱਲ ਜੋ ਇਥੇ ਸਪੱਸ਼ਟ ਹੈ ਉਹ ਇਹ ਕਿ ਕਿਸੇ ਵੀ ਸਾਹਿਤਕ ਰਚਨਾ ਦੇ ਮੁਕਾਬਲਤਨ ਰਿਕਾਰਡ ਗੀਤ ਦਾ ਵਿਚਾਰਧਾਰਾਈ ਅਧਿਐਨ ਕਰਨਾ ਕਈ ਪੱਖਾਂ ਤੋਂ ਗੁੰਝਲਦਾਰ ਹੈ ਕਿਉਂਕਿ ਰਿਕਾਰਡਿਡ ਗੀਤ ਵਿਚ ਮਿਸ਼ਰਤ ਕਲਾ ਹੈ ਜਿਸਨੂੰ ਜਿੱਥੇ ਗੀਤਕਾਰ ਦੀ ਵਿਚਾਰਧਾਰਾ ਪ੍ਰਭਾਵਿਤ ਕਰਦੀ ਹੈ ਉੱਥੇ ਉਸ ਉੱਪਰ ਤਕਨੀਕ ਦੇ ਨਾਲ-ਨਾਲ ਮੰਡੀ ਦੀ ਵਪਾਰਿਕ ਨੀਤੀ ਦਾ ਵੀ ਬਹੁਤ ਪ੍ਰਭਾਵ ਹੁੰਦਾ ਹੈ। ‘ਅਸਲ ਵਿਚ ਕਲਾਤਮਿਕਤਾ, ਤਕਨੀਕ, ਵਿਚਾਰਧਾਰਾ ਅਤੇ ਵਪਾਰ ਅਦਾਰੇ ਅਲੱਗ-ਅਲੱਗ ਨਹੀਂ ਸਗੋਂ ਵਿਚ-ਦੂਜੇ ਨਾਲ ਅੰਤਰ-ਸਬੰਧਿਤ ਹਨ। ਵੱਡਾ ਸਰਮਾਇਆ ਉੱਚ ਤਕਨੀਕ ਨਾਲ ਆਪਣੀ ਵਿਚਾਰਧਾਰਾ ਫੈਲਾਉਂਦਾ ਹੋਇਆ, ਆਪਣੇ ਕਲਾਤਮਿਕ ਮੁੱਲਾਂ ਨੂੰ ਸਥਾਪਿਤ ਕਰਦਾ ਹੈ।’2 ਪਰ ਗੀਤ ਦੇ ਸਬੰਧ ਵਿਚ ਇਹ ਵੀ ਸੱਚ ਹੈ ਕਿ ‘ਗੀਤ ਵਿਚ ਕਵਿਤਾ ਦੇ ਮੁਕਾਬਲੇ ਵਧੇਰੇ ਕਰਕੇ ਭਾਵਾਂ ਦੀ ਪ੍ਰਗੀਤਕ ਪੇਸ਼ਕਾਰੀ ਹੁੰਦੀ ਹੈ ਪਰ ਇਹ ਵਿਚਾਰਧਾਰਾ ਤੋਂ ਸੱਖਣਾ ਨਹੀਂ ਹੁੰਦਾ ਸਗੋਂ ਵਧੇਰੇ ਓਤਪੋਤ ਹੁੰਦਾ ਹੈ। ਜਿੰਨ੍ਹਾਂ ਕਲਾ ਰੂਪਾਂ ਵਿਚ ਵਿਚਾਰਧਾਰਾ ਦਿਸਣ ਦੀ ਪੱਧਰ ‘ਤੇ ਹੁੰਦੀ ਹੈ ਉਹ ਰੂਪ ਆਮ ਕਰਕੇ ਤੱਤਕਾਲੀ ਅਸਰ ਵਧੇਰੇ ਪਾਉਂਦੇ ਹਨ ਪਰ ਉਨ੍ਹਾਂ ਦਾ ਚਿਰਸਥਾਈ ਅਸਰ ਘੱਟ ਹੁੰਦਾ ਹੈ। ਇਸਦੇ ਉਲਟ ਸਹਿਜ ਕਲਾ ਰੂਪ ਜਿਵੇਂ ਗੀਤ ਆਦਿ ਵਿਚ ਸੰਚਾਰ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਨਿਰੋਲ ਤੱਤਕਾਲੀ ਜਜ਼ਬੇ ਦੀ ਭਾਵਤਰੰਗ ਜਾਂ ਦਿਸਦੇ ਤਰਕਾਂ ਦੀ ਥਾਂਵੇ ਅਵਚੇਤਨ ਟੁੰਬਦੇ ਹਨ ਅਤੇ ਇਹ ਮੋੜਵੇਂ ਰੂਪ ਵਿਚ ਉਸਦੀ ਸਿਰਜਣਾ ਵੀ ਕਰਦੇ ਹਨ।’3
ਅਸਲ ਵਿਚ ਜਦੋਂ ਕੋਈ ਆਲੋਚਕ ਪੰਜਾਬੀ ਗਾਇਕੀ ਦੀ ਵਿਚਾਰਧਾਰਾ ਦੀ ਗੱਲ ਕਰਦਾ ਹੈ ਤਾਂ ਉਹ ਅਸਿੱਧੇ ਰੂਪ ਵਿਚ ਗੀਤਕਾਰ ਦੀ ਵਿਚਾਰਧਾਰਾ ਹੁੰਦੀ ਹੈ ਨਾ ਕਿ ਗਾਇਕ ਦੀ ਕਿਉਂਕਿ ਗਾਇਕ ਤਾਂ ਗੀਤਕਾਰ ਦੁਆਰਾ ਲਿਖੇ ਗਏ ਗੀਤ ਨੂੰ ਭਾਵ ਪ੍ਰਦਾਨ ਕਰਦਾ ਦਰਸ਼ਕਾਂ ਜਾਂ ਸਰੋਤਿਆਂ ਨਾਲ ਉਸ ਵਿਸ਼ੇ ਦੀ ਸਾਂਝ ਸਥਾਪਿਤ ਕਰਦਾ ਹੈ। ਵਿਚਾਰਧਾਰਾ ਦਾ ਸਬੰਧ, ਮੂਲ ਰੂਪ ਵਿਚ ਕਿਸੇ ਵਰਤਾਰੇ ਦੇ ਚਿੰਤਨ
ਚੇਤਨਾ ਨਾਲ ਹੈ। ਗੀਤ ਦੀ ਵਿਚਾਰਧਾਰਾ ਵਿਚ ਜਿੱਥੇ ਗੀਤਕਾਰ ਦੀ ਚੇਤਨਾ ਕਾਰਜ ਕਰਦੀ ਹੈ, ਉੱਥੇ ਉਸ ਗੀਤਕਾਰ ਨੇ ਗੀਤ ਵਿਚਲੀ ਚੇਤਨਾ ਦਾ ਚਿੰਤਨ ਕਿਸ ਢੰਗ ਨਾਲ ਕੀਤਾ ਹੈ, ਭਾਵ ਗੀਤ ਦੀ ਉਸਾਰੀ ਕਿਸ ਪ੍ਰਕਾਰ ਕੀਤੀ ਹੈ, ਇਹ ਵੀ ਵਿਚਾਰਧਾਰਾ ਦਾ ਵਿਚ ਹਿੱਸਾ ਹੈ। ਗੀਤਕਾਰ ਗੀਤ ਦੇ ਮਾਧਿਅਮ ਰਾਹੀਂ ਆਪਣੀ ਚੇਤਨਾ ਦੇ ਜ਼ਰੀਏ ਆਲੇ-ਦੁਆਲੇ ਨੂੰ ਸਮਝਣ ਦਾ ਯਤਨ ਕਰਦਾ ਹੈ, ਜਿਸ ਵਿਚੋਂ ਕਈ ਵਿਚਾਰ ਪੈਦਾ ਹੁੰਦੇ ਹਨ ਜੋ ਉਸਦੇ ਗੀਤ ਵਿਚਲੇ ਚਿੰਤਨ ਦਾ ਹਿੱਸਾ ਬਣਦੇ ਹਨ। ਗੀਤ ਦੇ ਵਿਸ਼ੇ ਅਤੇ ਵਿਚਾਰਧਾਰਾ ਨੂੰ ਅੱਡ-ਅੱਡ ਨਹੀਂ ਕੀਤਾ ਜਾ ਸਕਦਾ ਸਗੋਂ ਇਹ ਨਾਲੋ-ਨਾਲ ਚੱਲਦੇ ਹਨ ਕਿਉਂਕਿ ਗੀਤ ਦੇ ਵਿਸ਼ੇ ਪ੍ਰਤੀ ਗੀਤਕਾਰ ਦਾ ਦ੍ਰਿਸ਼ਟੀਕੋਣ ਕੀ ਹੈ, ਇਹੀ ਉਸਦੀ ਵਿਚਾਰਧਾਰਾ ਹੈ। ਦੂਜੀ ਗੱਲ ਵਿਚ ਗੀਤ ਦਾ ਵਿਸ਼ਾ ਵਿਚ ਹੋ ਸਕਦਾ ਹੈ ਜਦੋਂ ਕਿ ਵਿਚਾਰਧਾਰਕ ਪੱਧਰ ‘ਤੇ ਉਸਦੇ ਵਿਚ ਤੋਂ ਵਧੀਕ ਪਹਿਲੂ ਹੋ ਸਕਦੇ ਹਨ। ਮੁੱਕਦੀ ਗੱਲ ਇਹ ਹੈ ਕਿ ਜਿੱਥੇ ਗਾਇਕੀ ਦੀ ਪੇਸ਼ਕਾਰੀ ਨਿਰੋਲ ਰੂਪ ਵਿਚ ਗਾਇਕ ‘ਤੇ ਨਿਰਭਰ ਹੁੰਦੀ ਹੈ ਉੱਥੇ ਰਿਕਾਰਡ ਗੀਤ ਦੀ ਵਿਚਾਰਧਾਰਾ ਅੰਦਰ ਮੁੱਖ ਰੂਪ ਵਿਚ ਗੀਤਕਾਰ ਦੀ ਦ੍ਰਿਸ਼ਟੀ ਭਾਰੂ ਹੁੰਦੀ ਹੈ ਜਿਸਨੂੰ ਉਸ ਸਮੇਂ ਦੀਆਂ ਸਮਾਜਿਕ ਅਤੇ ਆਰਥਿਕ ਹਾਲਤਾਂ ਦੇ ਨਾਲ-ਨਾਲ ਤਕਨੀਕ ਅਤੇ ਮੰਡੀ ਦੀ ਮੰਗ ਪ੍ਰਭਾਵਿਤ ਕਰਦੀ ਹੈ।
ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਅਸੀਂ ਪ੍ਰੋ. ਗੁਰਭਜਨ ਗਿੱਲ ਦੀ ਗੀਤਕਾਰੀ ਨੂੰ ਆਪਣੀ ਖੋਜ ਦਾ ਆਧਾਰ ਬਣਾਇਆ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਅੰਦਰ ਉਸਦੀਆਂ ਲੱਗਭਗ 20 ਪੁਸਤਕਾਂ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਉਸਨੇ ਕਵਿਤਾ ਦੇ ਨਾਲ-ਨਾਲ ਗ਼ਜ਼ਲ, ਗੀਤ ਅਤੇ ਰੁਬਾਈਆਂ ਲਿਖ ਕੇ ਪੰਜਾਬੀ ਕਾਵਿ ਰੂਪਾਕਰਾਂ ਵਿਚ ਵੀ ਵੱਖੋ-ਵੱਖਰੇ ਸਫ਼ਲ ਤਜ਼ਰਬੇ ਕੀਤੇ ਹਨ। ਉਸਦੇ ਲਿਖੇ ਗੀਤਾਂ ਅਤੇ ਗ਼ਜ਼ਲਾਂ ਨੂੰ ਪੰਜਾਬ ਦੇ ਕਈ ਮਹਾਨ ਫ਼ਨਕਾਰਾਂ ਨੇ ਆਪਣੀ ਸੁਰੀਲੀ ਅਵਾਜ਼ ਵਿਚ ਰਿਕਾਰਡ ਕਰਵਾਇਆ ਹੈ ਜਿੰਨਾਂ ਵਿਚ ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਸ਼ਿੰਦਾ, ਬਰਕਤ ਸਿੱਧੂ, ਹੰਸ ਰਾਜ ਹੰਸ, ਹਰਭਜਨ ਮਾਨ, ਜਸਬੀਰ ਜੱਸੀ, ਸਾਬਰ ਕੋਟੀ, ਪੰਮੀ ਬਾਈ, ਕਰਨੈਲ ਗਿੱਲ, ਪਾਲੀ ਦੇਤਵਾਲੀਆ, ਸੁਰਜੀਤ ਭੁੱਲਰ, ਬਲਧੀਰ ਮਾਹਲਾ, ਲਾਭ ਜੰਜੂਆ, ਰਣਜੀਤ ਬਾਵਾ, ਵਿਜੈ ਯਮਲਾ ਜੱਟ ਤੇ ਸੁਰੇਸ਼ ਯਮਲਾ ਜੱਟ ਦਾ ਨਾਂਅ ਵਿਸ਼ੇਸ਼ ਜ਼ਿਕਰਯੋਗ ਹੈ। ਉਸਦੀ ਗੀਤਕਾਰੀ ਦੀ ਇਹ ਨਿਵੇਕਲੀ ਪ੍ਰਾਪਤੀ ਰਹੀ ਹੈ ਕਿ ਉਸਨੇ ਸਮੇਂ ਦੀ ਬਦਲਦੀ ਰਫ਼ਤਾਰ ਦੇ ਅੰਤਰਗਤ ਪਦਾਰਥਕ ਚਕਾਚੌਂਧ ਨਾਲ ਲੈਸ ਹੋਈ ਆਧੁਨਿਕ ਤਕਨਾਲੋਜੀ ਦੀ ਤੜਕ-ਫੜਕ ਵਿਚ ਵੀ ਆਪਣੇ ਗੀਤਾਂ ਵਿਚਲੀ ਸਾਦਗੀ ਅਤੇ ਸੁਹਜ ਨੂੰ ਬਰਕਰਾਰ ਰੱਖਿਆ ਹੈ ਫਿਰ ਚਾਹੇ ਉਹ ਗੀਤ ਉਸਦੇ ਪੁਸਤਕਾਂ ਵਿਚਲੇ ਹੋਣ ਜਾਂ ਫਿਰ ਰਿਕਰਡਿਡ ਗੀਤ, ਮਸਲਾ ਤਾਂ ਉਹਨਾਂ ਵਿਚੋਂ ਪੰਜਾਬੀ ਸਭਿਆਚਾਰ ਦੇ ਦਰਸ਼ਨ-ਦੀਦਾਰ ਦਾ ਹੈ।
ਪ੍ਰੋ. ਗੁਰਭਜਨ ਗਿੱਲ ਦੀ ਕਲਮ ਅੰਦਰ ਪੰਜਾਬੀ ਸਭਿਆਚਾਰ ਅਤੇ ਦੇਸ਼ ਵੰਡ ਦੇ ਦੁਖਾਂਤ ਦਾ ਰੁਦਨ ਅਤੇ ਮੋਹ ਦੋ ਅਜਿਹੇ ਵਿਸ਼ੇ ਹਨ ਜੋ ਉਸਦੇ ਸਮੁੱਚੇ ਕਾਵਿ-ਸੰਸਾਰ ਦੇ ਕੈਨਵਸ ਉੱਪਰ ਛਾਏ ਹੋਏ ਹਨ। ਰਿਕਾਰਡ ਪੰਜਾਬੀ ਗਾਇਕੀ ਦੇ ਇਤਿਹਾਸ ਅੰਦਰ ਇਹ ਉਸਦੀ ਵਿਲੱਖਣ ਪ੍ਰਾਪਤੀ ਹੈ ਕਿ ਉਸਦੇ ਗੀਤ ਨਰਿੰਦਰ ਬੀਬਾ ਅਤੇ ਜਗਮੋਹਨ ਕੌਰ ਦੀ ਆਵਾਜ਼ ਵਿਚ ਕਾਲੇ ਤਵਿਆਂ ਵਿਚ ਰਿਕਾਰਡ ਹੋਣ ਉਪਰੰਤ ਸੁਰਿੰਦਰ ਛਿੰਦਾ ਅਤੇ ਜਸਬੀਰ ਜੱਸੀ ਦੀ ਰਿਕਾਰਡਿੰਗ ਸਦਕਾ ਕੈਸਿਟਾਂ ਵਿਚ ਰਿਕਾਰਡ ਹੋਣ ਦੇ ਨਾਲ-ਨਾਲ ਸ਼ੀਰਾ ਜਸਬੀਰ ਅਤੇ ਸੁਰਜੀਤ ਭੁੱਲਰ ਦੀ ਰਿਕਾਰਡਿੰਗ ਸਦਕਾ ਯੂ-ਟਿਊਬ ਤੱਕ ਦਾ ਸਫ਼ਰ ਕਰਦੇ ਹੋਏ ਦੇਖੇ ਜਾ ਸਕਦੇ ਹਨ ਜਿਸਦੇ ਸਿੱਟੇ ਵਜੋਂ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਉਸਦੇ ਗੀਤ ਗ੍ਰਾਮੋਫੋਨ ਦੇ ਕਾਲੇ ਤਵਿਆਂ ਦੀ ਰਿਕਾਰਡਿੰਗ ਤੋਂ ਸਫ਼ਰ ਸ਼ੁਰੂ ਕਰਨ ਦੇ ਨਾਲ-ਨਾਲ ਕੈਸਿਟ ਰਿਕਾਰਡਿੰਗ ਅਤੇ ਯੂ-ਟਿਊਬ ਤੱਕ ਦਾ ਸਫ਼ਰ ਤਹਿ ਕਰਦੇ ਹੋਏ ਪੰਜਾਬੀ ਰਿਕਾਰਡ ਗਾਇਕੀ ਦੇ ਇਤਿਹਾਸ ਦੀ ਧੁਰ ਪਰਿਕਰਮਾ ਕਰਦੇ ਦੇਖੇ ਜਾ ਸਕਦੇ ਹਨ। ਇਸ ਤੱਥ ਨੂੰ ਪਰਖਣ ਹਿੱਤ ਹੀ ਅਸੀਂ ਇਸ ਖੋਜ ਪਰਚੇ ਅੰਦਰ ਉਸਦੇ ਲਿਖੇ 10 ਗੀਤ ਜੋ ਵੱਖ-ਵੱਖ ਗਾਇਕਾਂ ਨੇ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਏ ਹਨ ਅਤੇ ਇਹ ਗੀਤ ਯੂ-ਟਿਊਬ ਮਾਧਿਅਮ ਉੱਪਰ ਅਪਲੋਡ ਹਨ, ਦੇ ਆਧਾਰ ‘ਤੇ ਪ੍ਰੋ. ਗੁਰਭਜਨ ਗਿੱਲ ਦੀ ਗੀਤਕਾਰੀ ਦੇ ਵਿਲੱਖਣ ਪਹਿਲੂਆਂ ਬਾਰੇ ਵਿਚਾਰ-ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋ. ਗੁਰਭਜਨ ਗਿੱਲ ਹੋਰਾਂ ਦੀ ਗੀਤਕਾਰੀ ਰਿਸ਼ਤਿਆਂ ਦੀ ਸਾਂਝਦਾਰੀ ਦੀਆਂ ਪੀਡੀਆਂ ਗੰਢਾਂ ਗੰਢਦੀ ਹੋਈ ਪੰਜਾਬੀ ਸਭਿਆਚਾਰ ਵਿਚ ਰਿਸ਼ਤਾ-ਨਾਤਾ ਪ੍ਰਣਾਲੀ ਦੀ ਅਹਿਮੀਅਤ ਦੀ ਪੇਸ਼ਕਾਰੀ ਕਰਦੀ ਦੇਖੀ ਜਾ ਸਕਦੀ ਹੈ। ਨਰਿੰਦਰ ਬੀਬਾ ਦੀ ਆਵਾਜ਼ ਵਿਚ ਰਿਕਾਰਡ ਹੋਇਆ ਹੇਠਲਾ ਗੀਤ ਇਸਦੀ ਸ਼ਾਹਦੀ ਭਰਦਾ ਹੋਇਆ ਜਿੱਥੇ ਨਨਾਣ-ਭਰਜਾਈ ਦੇ ਰਿਸ਼ਤੇ ਦੀ ਪੀਡੀ ਸਾਂਝ ਦੇ ਨਾਲ-ਨਾਲ ਪੇਕੇ ਅਤੇ ਸਹੁਰੇ ਪਿੰਡ ਵਿਚ ਕੁੜੀ ਦੇ ਵਿਆਹੇ ਚਾਵਾਂ ਅਤੇ ਜੋਬਨਮੱਤੇ ਭਾਵਾਂ ਨੂੰ ਪੇਸ਼ ਕਰਦਾ ਹੈ ਉੱਥੇ ਇਹ ਪੰਜਾਬੀ ਸਭਿਆਚਾਰ ਦੀ ਰਹਿਤਲ ਵਿਚ ਫੁਲਕਾਰੀ ਦੇ ਮਾਧਿਅਮ ਰਾਹੀਂ ਸਾਦਗੀ ਅਤੇ ਸ਼ਰਮ-ਹਯਾ ਨੂੰ ਕੁੜੀ ਦਾ ਸਭ ਤੋਂ ਵੱਡਾ ਗਹਿਣਾ ਦੱਸਦਾ ਹੋਇਆ ਬਾਬੇ ਨਾਨਕ ਦੇ ਕਿਰਤ ਸਿਧਾਂਤ ਵਿਚਲੀ ਦਸਾਂ-ਨੌਹਾਂ ਦੀ ਕਿਰਤ-ਕਮਾਈ ਦੀਆਂ ਬਰਕਤਾਂ ਦੇ ਸੋਹਿਲੇ ਗਾਉਂਦਾ ਹੋਇਆ ਪੰਜਾਬੀ ਦਰਸ਼ਨ ਸ਼ਾਸਤਰ ਵਿਚਲੇ ਵੱਡੇ ਵਰਤਾਰੇ ਨੂੰ ਬੜੀ ਸੰਖੇਪਤਾ ਨਾਲ ਸਮੇਟਦਾ ਦੇਖਿਆ ਜਾ ਸਕਦਾ ਹੈ-
ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ
ਨੀ ਜੁੱਗ ਜੁੱਗ ਜੀਅ ਭਾਬੋ, ਲੱਗੇ ਵੀਰ ਤੋਂ ਪਿਆਰੀ ...
ਇਹ ਫੁਲਕਾਰੀ ਸਿਰ ‘ਤੇ ਲੈ ਕੇ ਜਦ ਖੇਤਾਂ ਵੱਲ ਜਾਵਾਂ,
ਸਰ੍ਹੋਂ ਤੋਰੀਆ ਖਿੜ-ਖਿੜ ਕਹਿੰਦੇ, ਮੈਂ ਬਲਿਹਾਰੇ ਜਾਵਾਂ,
ਲਾਟ ਵਾਂਗਰਾ ਮੱਚਦਾ ਜੋਬਨ, ਜਦੋਂ ਲਵਾਂ ਫੁਲਕਾਰੀ
ਨੀ ਜੁੱਗ ਜੁੱਗ ਜੀਅ ਭਾਬੋ, ਲੱਗੇ ਵੀਰ ਤੋਂ ਪਿਆਰੀ ...
ਫੁਲਕਾਰੀ ਦੀਆਂ ਧੁੰਮਾਂ ਪਈਆਂ ਨੀ ਸੌਹਰਿਆਂ ਦੇ ਪਿੰਡ ਸਾਰੇ
ਕੁੜੀਆਂ ਪੁੱਛਣ ਕਿੱਦਾਂ ਜੋੜੇ, ਅੰਬਰੋਂ ਲਾਹ ਕੇ ਤਾਰੇ
ਸਾਰੇ ਪਿੰਡ ਤੋਂ ਜਰੀ ਨਾ ਜਾਵੇ, ਸਿਰ ਸੂਹੀ ਫੁਲਕਾਰੀ
ਨੀ ਜੁੱਗ ਜੁੱਗ ਜੀਅ ਭਾਬੋ, ਲੱਗੇ ਵੀਰ ਤੋਂ ਪਿਆਰੀ ...
ਇਹ ਫੁਲਕਾਰੀ ਸ਼ਰਮ ਹਯਾ ਦਾ ਪੇਕਿਆਂ ਦਿੱਤਾ ਗਹਿਣਾ
ਸੁੱਚੇ ਪਾਟ ਦੀ ਲਾਜ ਪਾਲਣੀ, ਸਾਦ ਮੁਰਾਦੇ ਰਹਿਣਾ
ਦਸਾਂ ਨਹੁੰਆਂ ਦੀ ਕਿਰਤ ਕਮਾਈ, ਘਰ ਬੈਠੇ ਸਰਦਾਰੀ
ਨੀ ਜੁੱਗ ਜੁੱਗ ਜੀਅ ਭਾਬੋ, ਲੱਗੇ ਵੀਰ ਤੋਂ ਪਿਆਰੀ ...4
ਪੰਜਾਬੀ ਗੀਤਾਂ ਅੰਦਰ ਇਕ ਵੱਡਾ ਜੁੱਟ ਨਾਰੀ ਮਨ ਦੇ ਚਾਅ, ਰੀਝਾਂ, ਉਮੰਗਾਂ, ਇੱਛਾਵਾਂ ਅਤੇ ਪਿਆਰ ਨਿਸ਼ਾਨੀਆਂ ਦਾ ਪਿਆ ਹੈ ਜਿਸਦਾ ਕੈਨਵਸ ਲੋਕ ਗੀਤਾਂ ਵਿਚਲੀ ਬਾਬਲ ਧਿਰ ਤੋਂ ‘ਦੇਈਂ-ਦੇਈਂ ਵੇ ਬਾਬਲਾ ਓਸ ਘਰੇ ਜਿੱਥੇ ਬੂਰੀਆਂ ਝੋਟੀਆਂ ਸੱਠ’ ਤੋਂ ਸ਼ੁਰੂ ਹੋ ਕੇ ਆਪਣੇ ਮਾਹੀ ਤੱਕ ‘ਦਾਤੀ ਨੂੰ ਲਾਵੇ ਘੁੰਗਰੂ ਹਾੜੀ ਵੱਢੂਗੀ ਬਰੋਬਰ ਤੇਰੇ’ ਤੱਕ ਫੈਲਿਆ ਹੋਇਆ ਹੈ। ਔਰਤ ਦੀ ਮੁੱਢ ਤੋਂ ਹੀ ਇਹ ਇੱਛਾ ਰਹੀ ਹੈ ਕਿ ਉਸਦਾ ਸਹੁਰਾ ਘਰ ਸਰਦੇ-ਬਰਦੇ ਰਸੂਖ਼ ਵਾਲਾ ਹੋਵੇ ਜਿੱਥੇ ਰਿਜ਼ਕ ਦੀਆਂ ਬਰਕਤਾਂ ਹੋਣ। ਪੇਕਾ ਘਰ ਚਾਹੇ ਉਸਦਾ ਗ਼ੁਰਬਤ ਹੰਢਾ ਰਿਹਾ ਹੋਵੇ ਪਰ ਪੰਜਾਬਣ ਦੀ ਇਹ ਚਿਰੋਕੀ ਰੀਝ ਹੈ ਕਿ ਉਸਦਾ ਸਹੁਰਾ ਘਰ ਮਹਿਲਾਂ ਵਾਂਗ ਹੋਵੇ ਜਿੱਥੇ ਉਸਨੂੰ ਉਸਦਾ ਜੀਵਨਸਾਥੀ ਰਾਣੀਆਂ ਵਾਂਗ ਰੱਖੇ। ਕੁੜੀਆਂ ਅੰਦਰ ਇਹ ਭਾਵ ਅੱਲੜ੍ਹ-ਵਰੇਸ ਤੋਂ ਨਹੀਂ ਸਗੋਂ ਇਹ ਤਾਂ ਕੁੜੀਆਂ-ਚਿੜੀਆਂ ਦੁਆਰਾ ਬਚਪਨ ਅੰਦਰ ਖੇਡੀਆਂ ਜਾਂਦੀਆਂ ਗੁੱਡੀਆਂ-ਪਟੋਲਿਆਂ ਦੀ ਘਰ-ਘਰ ਦੀਆਂ ਖੇਡਾਂ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਪ੍ਰੋ. ਗੁਰਭਜਨ ਗਿੱਲ ਦਾ ਹੇਠਲਾ ਦੋਗਾਣਾ ਇਸ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ -
ਔਰਤ - ਚੰਨਾਂ ਵੇ ਮੈਨੂੰ ਸੁਪਨਾ ਆਇਆ, ਮੈਂ ਤੇ ਗਈ ਸੀ ਡਰ ਵੇ
ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ ...
ਮਰਦ - ਚੰਗਾ ਹੋਇਆ ਤੈਨੂੰ ਸੁਪਨਾ ਆਇਆ, ਸੁਪਨੇ ਤੋਂ ਨਾ ਡਰ ਨੀ
ਤੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਨੀ ...
ਔਰਤ - ਚਾਰ ਘੁਮਾ ਦਾ ਮਾਲਕ ਵੇ ਤੂੰ, ਗੱਲ ਸੁਣ ਲੈ ਸਰਦਾਰਾ
ਭਾਵੇਂ ਦੋਨੋਂ ਬਾਲ ਨਿਆਣੇ, ਹੁੰਦਾ ਨਹੀਂ ਗੁਜ਼ਾਰਾ
ਕੋਈ ਤਾਂ ਹੀਲਾ ਕਰ ਵੇ ...
ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ ...
ਮਰਦ - ਜਾਣੀ ਜਾਣ ਬਣੀ ਤੂੰ ਆਪੇ, ਦਿਲ ਮੇਰੇ ਦੀਆ ਜਾਣੇ
ਚਾਰੇ ਘੁਮਾ ਵਿਚ ‘ਕੱਲੇ ਹੁਣ ਮੈਂ ਨਹੀਂ ਬੀਜਣੇ ਦਾਣੇ
ਤੂੰ ਵੀ ਹਿੰਮਤ ਕਰ ਨੀ ...
ਤੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਨੀ ...
ਔਰਤ- ਖੇਤੀ ਖਸਮਾਂ ਸੇਤੀ ਬਣ ਗਈ, ਖੇਤੀ ਅਕਲਾਂ ਸੇਤੀ
ਦਾਲਾਂ ਨਾਲੇ ਸਰ੍ਹੋਂ ਤੋਰੀਆ, ਸਬਜ਼ੀ ਬੀਜ ਅਗੇਤੀ
ਜਾਈਏ ਆਪਾਂ ਤਰ ਵੇ ...
ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ ...
ਮਰਦ - ਗਊਆ ਮੱਝੀਆਂ ਰੱਖ ਲਵੇਰੇ, ਖੋਲੂੰ ਮੁਰਗੀਖਾਨਾ
ਏਸ ਵਾਰੀ ਜੇ ਸੂਦ ਨਾ ਨਿੱਕਲੇ, ਫੇਰ ਕਰੀਂ ਜ਼ੁਰਮਾਨਾ
ਹੁਣ ਨਾ ਚਿੰਤਾ ਕਰ ਨੀ ..
ਤੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਨੀ ...5
ਉਪਰੋਕਤ ਗੀਤ ਨੂੰ ਜੇਕਰ ਗਹੁ ਨਾਲ ਵਾਚੀਏ ਤਾਂ ਇਸ ਦੋਗਾਣੇ ਦੀਆਂ ਸਥਾਈ ਵਿਚਲੀਆਂ ਸਤਰਾਂ ਜਿੱਥੇ ਨਾਰੀ ਮਨ ਦੀ ਰੀਝ ਨਾਲ ਜੁੜੀਆਂ ਹੋਈਆ ਹਨ ਉੱਥੇ ਇਸ ਗੀਤ ਦੇ ਅੰਤਰੇ ਸੱਠਵਿਆਂ ਵਿਚਲੇ ਪੰਜਾਬ ਦੇ ਉਸ ਇਤਿਹਾਸ ਨੂੰ ਸਾਂਭੀ ਬੈਠੇ ਹਨ ਜਿਸਨੂੰ ਅਰਥ-ਸ਼ਾਸਤਰੀ ‘ਹਰੀ-ਕ੍ਰਾਂਤੀ ਦਾ ਕਾਲ’ ਆਖਦੇ ਹਨ ਤਾਂ ਹੀ ਤਾਂ ਗੀਤ ਦੇ ਬੰਦ ਅੰਦਰ ਵੱਧਦੀ ਆਬਾਦੀ ਕਾਰਨ ਅੰਨ-ਪਦਾਰਥਾਂ ਦੀ ਥੁੜ ਨੂੰ ਦੂਰ ਕਰਨ ਲਈ ਖੇਤੀ ਵਿਚ ਕਣਕ ਦੇ ਨਾਲ-ਨਾਲ ਬਦਲਵੀਆਂ ਫ਼ਸਲਾਂ (ਦਾਲਾਂ, ਸਰ੍ਹੋਂ, ਤੋਰੀਆ) ਅਤੇ ਸਬਜੀਆਂ ਨੂੰ ਬੀਜਣ ਦਾ ਸੁਨੇਹਾ ਦੇ ਕੇ ਮੱਝਾਂ/ਗਾਵਾਂ ਅਤੇ ਪੋਲਟਰੀ-ਫਾਰਮ ਪਾਲਣ ਸਦਕਾ ਦੁੱਧ ਵਿਚਲੀ ‘ਚਿੱਟੀ ਕ੍ਰਾਂਤੀ’ ਦਾ ਪੱਲਾ ਫੜ੍ਹਨ ਦੀ ਤਾਕੀਦ ਕੀਤੀ ਜਾ ਰਹੀ ਹੈ। ਸੋ ਮੁੱਕਦੀ ਗੱਲ ਉਪਰੋਕਤ ਗੀਤ ਪੰਜਾਬ ਦੇ ਸਿੱਧੜ-ਸਾਦੇ ਲੋਕਾਂ ਨੂੰ ਹਰੀ-ਕ੍ਰਾਂਤੀ ਅਤੇ ਚਿੱਟੀ-ਕ੍ਰਾਂਤੀ ਵਿਚਲੇ ਤਕਨੀਕੀ ਵਰਤਾਰੇ ਦੀ ਜਟਕਾ ਫਾਰਮੂਲੇ ਰਾਹੀ ਸਾਂਝ ਪਵਾਉਂਦਾ ਦੇਖਿਆ ਜਾ ਸਕਦਾ ਹੈ ਜੋ ਕਿ ਗੁਰਭਜਨ ਗਿੱਲ ਦੀ ਨਿਵੇਕਲੀ ਪ੍ਰਾਪਤੀ ਹੈ।
ਪ੍ਰੋ. ਗੁਰਭਜਨ ਗਿੱਲ ਦੀ ਕਲਮ ਪੂਰਨ ਤੌਰ ‘ਤੇ ਪੰਜਾਬੀ ਸਭਿਆਚਾਰ ਨੂੰ ਪਰਨਾਈ ਹੋਈ ਹੈ ਤਾਂ ਹੀ ਤਾਂ ਉਸਦੇ ਗੀਤਾਂ ਵਿਚ ਪੰਜਾਬ ਦੇ ਮੇਲਿਆਂ/ਤਿਉਹਾਰਾਂ ਅਤੇ ਗਿੱਧਿਆਂ-ਭੰਗੜਿਆਂ ਦੇ ਮੈਟਾਫ਼ਰ ਆਪ-ਮੁਹਾਰੇ ਆ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਰੱਬੀ ਬਰਕਤਾਂ ਦੀ ਤਸਵੀਰਕਸ਼ੀ ਕਰਦੇ ਦੇਖੇ ਜਾ ਸਕਦੇ ਹਨ। ਪਰ ਉਸਦੇ ਗੀਤਾਂ ਵਿਚ ਸੱਠਵੇਂ ਦਹਾਕੇ ਵਿਚਲੀ ਨਾਰੀ ਦੀਆਂ ਮੰਗਾਂ ਜਾਂ ਇੱਛਾਵਾਂ ਕੇਵਲ ਪਦਾਰਥਕ ਨਹੀਂ ਸਗੋਂ ਉਸਦੇ ਗੀਤਾਂ ਵਿਚਲੀ ਪੰਜਾਬਣ ਨਾਰੀ ਆਪਣੇ ਹਾਣੀ ਦੇ ਨਾਲ ਮੋਢੇ ਨਾਲ ਮੋਢ ਜੋੜ ਕੇ ਘਰ-ਬਾਹਰ ਦੇ ਅੱਧੇ ਕੰਮਾਂ ਨੂੰ ਸਾਂਭਣ ਦੀ ਇੱਛਾ ਵੀ ਰੱਖਦੀ ਹੈ। ਇਹ ਸ਼ਾਇਦ ਗੀਤਕਾਰ ਦੀ ਉਸ ਆਧੁਨਿਕ ਵਿਚਾਰਧਾਰਾ ਦਾ ਸਿੱਟਾ ਹੈ ਜਿਸ ਰਾਹੀਂ ਉਹ ਸੱਠਵੇਂ ਦਹਾਕੇ ਵਿਚਲੀ ਪੰਜਾਬਣ ਜੋ ਕੇਵਲ ਘਰ ਦੀ ਚਾਰਦੀਵਾਰੀ ਵਿਚ ਜਕੜੀ ਘਰੇਲੂ ਕੰਮ-ਕਾਰ ਤਾਂ ਕਰਦੀ ਸੀ ਪਰ ਉਸਨੂੰ ਘਰ ਤੋਂ ਬਾਹਰ ਵਿਚਰਨ ਦੀ ਪੂਰਨ ਆਜ਼ਾਦੀ ਨਹੀਂ ਸੀ, ਉਸਦੀ ਆਵਾਜ਼ ਬਣ ਕੇ ਆਪਣੀ ਆਧੁਨਿਕ ਚੇਤਨਾ ਦਾ ਪ੍ਰਗਟਾਵਾ ਕਰਦਾ ਵੀ ਦੇਖਿਆ ਜਾ ਸਕਦਾ ਹੈ। ਹੇਠਲਾ ਗੀਤ ਇਸ ਤੱਥ ਦੀ ਰੌਸ਼ਨੀ ਵਿਚ ਗੌਲਣਯੋਗ ਹੈ -
ਸਾਉਣ ਮਹੀਨਾ ਵਰ੍ਹੇ ਮੇਘਲਾ, ਪਹਿਣ ਗੁਲਾਬੀ ਬਾਣਾ
ਸਿੰਘਾ ਵੇ ਤੇਰੇ ਨਾਨਕੀ, ਅਸੀਂ ਤੀਆਂ ਵੇਖਣ ਜਾਣਾ ...
ਗਿੱਧੇ ਅੰਦਰ ਨੱਚਾਂਗੀ ਤਦ ਹੋਜੂ ਬੱਲੇ ਬੱਲੇ
ਸ਼ੱਕਰ ਵਾਂਗੂੰ ਬਣਜੂ ਪੋਲੀ ਧਰਤੀ ਪੱਬਾਂ ਥੱਲੇ
ਮੂੰਹ ਵਿਚ ਉਂਗਲਾਂ ਪਾ ਕੇ ਸੋਚੂ ਬੇਬੇ ਜੀ ਦਾ ਲਾਣਾ
ਸਿੰਘਾ ਵੇ ਤੇਰੇ ਨਾਨਕੀ ...
ਅੱਧਾ ਕੰਮ ਸੰਭਾਲ ਦੇ ਮੈਨੂੰ ਵੰਡ ਲੈ ਜ਼ਿੰਮੇਵਾਰੀ
ਕਿਰਤ ਕਮਾਈਆਂ ਦੇ ਸਿਰ ਬੀਬਾ ਘਰ ਬੈਠੇ ਸਰਦਾਰੀ
ਕੱਲਮ-ਕੱਲ੍ਹਾ ਗੁਰਭਜਨ ਤੂੰ ਤਣਦਾ ਰਹਿੰਨਾ ਤਾਣਾ
ਸਿੰਘਾ ਵੇ ਤੇਰੇ ਨਾਨਕੀ ...6
ਦੇਸ਼ ਵੰਡ ਦਾ ਦੁਖਾਂਤ ਅਤੇ ਆਪਰੇਸ਼ਨ ਬਲਿਊ-ਸਟਾਰ ਦੇ ਤਹਿਤ ਪੰਜਾਬ ਸੰਕਟ ਦੋ ਅਜਿਹੇ ਵੱਡੇ ਵਰਤਾਰੇ ਹਨ ਜਿੰਨਾਂ ਵਿਚ ਹੋਣ ਵਾਲੀ ਕਤਲੋਗਾਰਦ ਦਾ ਦਰਦ ਪ੍ਰੋ.ਗੁਰਭਜਨ ਗਿੱਲ ਨੇ ਕਿਸੇ ਤੋਂ ਸੁਣਿਆ ਨਹੀਂ ਬਲਕਿ ਆਪਣੇ ਪਿੰਡੇ ‘ਤੇ ਆਪ ਹੰਢਾਇਆ ਹੈ ਤਾਂ ਹੀ ਇਸ ਦਰਦ ਨੇ ਉਸਦੀ ਰੂਹ ਨੂੰ ਧੁਰ ਅੰਦਰ ਤੱਕ ਵਲੂੰਧਰਿਆ ਹੈ। ਦੇਸ਼ ਵੰਡ ਦੌਰਾਨ ਉਸਦੇ ਫੁੱਫੜ ਦਾ ਕਤਲ, ਪਿਤਾ ਵੱਲੋਂ ਮੁੜ ਇਕ ਵਾਰੀ ਪਾਕਿਸਤਾਨ ਵਿਚਲੇ ਘਰ ਜਾਣ ਦੀ ਅੱਧਵਾਟੀ ਇੱਛਾ ਅਤੇ ਪੰਜਾਬ ਸੰਕਟ ਦੌਰਾਨ ਭੈਣਾਂ ਵੱਲੋਂ ਹੰਢਾਇਆ ਗਿਆ ਦਰਦ ਉਸਦੇ ਅਜਿਹੇ ਨਿੱਜੀ ਦੁੱਖ ਹਨ ਜੋ ਉਸਦੇ ਗੀਤਾਂ ਵਿਚ ਵੈਣਿਕ ਸੁਰ ਧਾਰ ਕੇ ਸਮੁੱਚੀ ਲੋਕਾਈ ਦੇ ਦੁੱਖ ਦਾ ਰਾਗ ਅਲਾਪਦੇ ਹਨ। ਉਸਦੀ ਇਹ ਚਿਰੋਕੀ ਰੀਝ ਅਤੇ ਦਿਲੀ ਇੱਛਾ ਹੈ ਕਿ ਉਹ ਜਿਉਂਦੇ ਜੀਅ ਇਕ ਵਾਰ ਵਾਹਗੇ ਪਾਰ ਆਪਣੇ ਘਰ ਨੂੰ ਜ਼ਰੂਰ ਦੇਖੇ ਤੇ ਉਸਨੇ ਕਈ ਵਾਰ ਨਿੱਜੀ ਚੈਨਲਾਂ ਵੱਲੋਂ ਕੀਤੀ ਜਾਣ ਵਾਲੀ ਮੁਲਾਕਾਤਾਂ ਵਿਚ ਇਹ ਵੀ ਬਿਆਨ ਦਿੱਤਾ ਹੈ ਕਿ ਜੇਕਰ ਉਸਦੀ ਇਹ ਇੱਛਾ ਉਸਦੇ ਜੀਵਨ ਕਾਲ ਵਿਚ ਪੂਰੀ ਨਹੀਂ ਹੁੰਦੀ ਤਾਂ ਉਸਦਾ ਪੁੱਤਰ ਉਸਦੀ ਇਸ ਇੱਛਾ ਨੂੰ ਪੂਰਾ ਕਰਨ ਖਾਤਿਰ ਇਕ ਵਾਰ ਪਾਕਿਸਤਾਨ ਵਿਚਲੇ ਘਰ ਜ਼ਰੂਰ ਗੇੜਾ ਮਾਰੇ। ਉਸਦਾ ਹੇਠਲਾ ਗੀਤ ਇਸ ਦਰਦ ਦੀ ਸ਼ਾਹਦੀ ਭਰਦਾ ਦੇਖਿਆ ਜਾ ਸਕਦਾ ਹੈ -
ਆਪਣੇ ਘਰ ਪਰਦੇਸੀਆਂ ਵਾਂਗੂੰ, ਪਰਤਣ ਦਾ ਅਹਿਸਾਸ ਕਿਉਂ ਹੈ
ਮੈਂ ਸੰਤਾਲੀ ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ
ਸ਼ਹਿਰ ਲਾਹੌਰ ‘ਚ ਆ ਕੇ ਜੇ, ਨਨਕਾਣੇ ਵੀ ਮੈਂ ਜਾ ਨਹੀਂ ਸਕਦਾ
ਧਾ ਗਲਵਕੜੀ ਪਾ ਕੇ ਮਿਲਦਾ, ਸਤਲੁਜ ਨਾਲ ਬਿਆਸ ਕਿਉਂ ਹੈ ...7
ਦੇਸ਼ ਵੰਡ ਦੇ ਦੁਖਾਂਤ ਤੋਂ ਬਾਅਦ ਪੰਜਾਬੀਆਂ ਕੋਲ ਵੱਡਾ ਸਦਮਾ ਪੰਜਾਬ ਸੰਕਟ ਦਾ ਸਮਾਂ ਸੀ ਜਿਸਨੇ ਪੰਜਾਬ ਦਾ ਅਜਿਹਾ ਉਜਾੜਾ ਕੀਤਾ ਕਿ ਘਰਾਂ ਦੇ ਘਰ ਖਾਲੀ ਹੋ ਗਏ। ਨੌਜੁਆਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੀਤੇ ਜਾਣ ਵਾਲੇ ਕਤਲਾਂ ਅਤੇ ਦਹਿਸ਼ਤਗਰਦੀ ਨੇ ਪੰਜਾਬ ਦੀ ਨੌਜੁਆਨੀ ‘ਤੇ ਅਜਿਹਾ ਸੁਹਾਗਾ ਫੇਰਿਆ ਕਿ ਪ੍ਰੋ. ਗੁਰਭਜਨ ਗਿੱਲ ਦੇ ਵੈਣਿਕ ਬੋਲ ਕਿ ‘ਹੱਟ ਹਾਕਮਾਂ ਤੇ ਤੂੰ ਵੀ ਹੱਟ ਸ਼ੇਰ ਬੱਲਿਆ, ਚਿੱਟਾ ਕੱਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ’ ਦੇ ਕਹਿਣ ਅਨੁਸਾਰ ਪੰਜਾਬ ਮਾਤਮੀ ਮਾਹੌਲ ਵਿਚ ਰੰਗਿਆ ਗਿਆ। ਪ੍ਰੋ. ਗਿੱਲ ਹੋਰਾਂ ਦੀ ਇਹ ਜ਼ਿੰਦਾਦਿਲੀ ਅਤੇ ਨਿਡਰਤਾ ਸੀ ਕਿ ਉਹਨਾਂ ਨੇ ਜਿੱਥੇ ‘ਹੱਟ ਸ਼ੇਰ ਬੱਗਿਆ’ ਦੇ ਮੈਟਾਫ਼ਰ ਰਾਹੀਂ ਪੰਜਾਬ ਦੀ ਨੌਜੁਆਨੀ ਨੂੰ ਹਲੂਣਦਿਆਂ ਸਹੀ ਰਸਤਾ ਦਿਖਾਇਆ ਉੱਥੇ ਉਹਨਾਂ ‘ਹੱਟ ਹਾਕਮਾਂ’ ਦੇ ਮੈਟਾਫ਼ਰ ਰਾਹੀਂ ਸਮੇਂ ਦੀਆਂ ਭ੍ਰਿਸ਼ਟ ਸਰਕਾਰਾਂ ਅਤੇ ਧਾਰਮਿਕ ਤੇ ਰਾਜਨੀਤੀਵਾਨਾਂ ਦੁਆਰਾ ਕੀਤੀ ਜਾਣ ਵਾਲੀ ਮਹਿਜ਼ ਕੁਰਸੀ ਦੀ ਸਾਜਿਸ਼ ਦੇ ਪਾਜ ਨੂੰ ਵੀ ਨੰਗਾ ਕੀਤਾ ਹੈ, ਜੋ ਉਹਨਾਂ ਸਮਿਆਂ ਵਿਚ ਕਹਿਣਾ ਬੜਾ ਔਖਾ ਕਾਰਜ ਸੀ। ਪ੍ਰੋ. ਗਿੱਲ ਹੋਰਾਂ ਦਾ ਹੇਠਲਾ ਗੀਤ ਜੋ ‘ਬਲਧੀਰ ਮਾਹਲਾ’ ਦੀ ਆਵਾਜ਼ ਵਿਚ ਰਿਕਾਰਡ ਹੋਇਆ, ਇਕ ਅਜਿਹਾ ਵੈਣਿਕ ਗੀਤ ਹੈ ਜੋ ਪੰਜਾਬ ਸੰਕਟ ਸਮੇਂ ਦੇ ਇਤਿਹਾਸ ਦੀ ਡਰਾਉਣੀ ਅਤੇ ਭਿਆਨਕ ਤਸਵੀਰਕਸ਼ੀ ਕਰਦਾ ਦੇਖਿਆ ਜਾ ਸਕਦਾ ਹੈ, ਜਿਸ ਵਿਚ ਭੈਣਾਂ ਦੇ ਤੁਰ ਗਏ ਜਵਾਨ ਵੀਰਾਂ ਦਾ ਰੁਦਨ ਹੈ, ਮਾਵਾਂ ਦਾ ਤੁਰ ਗਏ ਸ਼ੇਰ ਪੁੱਤਰਾਂ ਲਈ ਕੀਰਨਾ ਹੈ, ਚੁੱਲਿਆਂ ਵਿਚ ਘਾਹ ਉੱਗਣ ਦਾ ਭੈਅ ਹੈ ਤੇ ਚੁੱਲੇ-ਚੌਕਿਆਂ ਵਿਚ ਮੂਧੀਆਂ ਹੋਈਆ ਸੱਖਣੀਆਂ ਪਰਾਤਾਂ ਪੰਜਾਬ ਦੀਆਂ ਖੁੱਸ ਚੁੱਕੀਆਂ ਬਰਕਤਾਂ ਤੇ ਖੁਸ਼ਹਾਲੀਆਂ ਦਾ ਸੱਥਰ ਵਿਛਾ ਕੇ ਸੋਗ ਮਨਾ ਰਹੀਆਂ ਹਨ -
ਵਗਦੀ ਨਦੀ ਦੇ ਠੰਡੇ ਨੀਰ, ਰਾਜਿਓ ਕਿੱਧਰ ਗਏ
ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ ...
ਧਰਤੀ ਦਾ ਸੂਹਾ ਸੂਹਾ ਵੇਸ, ਲਹੂ ਵਾਲੀ ਲੱਗੀ ਝੜੀ
ਮਾਵਾਂ ਦੇ ਦਰੀਂ ਖੁੱਲ੍ਹੇ ਕੇਸ, ਹੰਝੂਆਂ ਦੀ ਲੱਗੀ ਝੜੀ
ਕੋਈ ਨਾ ਬੰਨਾਵੇ ਆ ਕੇ ਧੀਰ, ਰਾਜਿਓ ਕਿੱਧਰ ਗਏ
ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ ...
ਜਿੱਥੇ ਸੀ ਠੰਡੀ ਠੰਡੀ ਪੌਣ, ਲੂਆਂ ਦਾ ਸੇਕ ਪਵੇ
ਸੱਖਣੀ ਚੰਗੇਰ ਤੇ ਪਰਾਤ, ਮੂਧੇ ਮੂੰਹ ਪਏ ਨੇ ਤਵੇ
ਤੁਰੀ ਫਿਰੇ ਅੱਗ ਦੀ ਲਕੀਰ. ਰਾਜਿਓ ਕਿੱਧਰ ਗਏ
ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ ...
ਗਲੀਆਂ ‘ਚ ਰੁਲ ਚੱਲੇ ਗੌਣ, ਹੇਕਾਂ ਦਾ ਦਮ ਘੁੱਟਿਆ
ਲੱਖਾਂ ਮਣਾਂ ਦੇ ਥੱਲੇ ਧੌਣ, ਸੁਪਨੇ ਦਾ ਲੱਕ ਟੁੱਟਿਆ
ਹੋ ਚੱਲੀ ਡਾਢਿਓ ਅਖੀਰ, ਰਾਜਿਓ ਕਿੱਧਰ ਗਏ
ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ ...
ਮਾਵਾਂ ਤੇ ਧੀਆਂ ਭੈਣਾਂ, ਰੋ ਰੋ ਕੇ ਹਾਰੀਆਂ
ਰੁੱਖਾਂ ਦੇ ਮੁੱਢ ਨੂੰ ਜ਼ਾਲਮ, ਫੇਰਨ ਪਏ ਆਰੀਆਂ
ਬਾਲਣ ਦੇ ਵਾਂਗੂੰ ਦਿੰਦੇ ਚੀਰ, ਰਾਜਿਓ ਕਿੱਧਰ ਗਏ
ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਓ ਕਿੱਧਰ ਗਏ ...8
ਇਹੀ ਨਹੀਂ ਉਸਨੇ ਮਾਹੀਆ ਤਰਜ਼ ਦੇ ਤਿੰਨ ਸਤਰੀ ਕਾਵਿ-ਰੂਪ ਵਿਚ ਇਸ ਰੁਦਨ ਨੂੰ ਬਹੁਤ ਥੋੜੇ ਸ਼ਬਦਾਂ ਵਿਚ ਬਿਆਨ ਕੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲੀ ਸ਼ੈਲੀ ਨੂੰ ਵੀ ਬਾਖੂਬੀ ਨਿਭਾਇਆ ਹੈ। ਇਹ ਮਾਹੀਏ ਉਸਦੀ ਪੁਸਤਕ ‘ਬੋਲ ਮਿੱਟੀ ਦਿਆ ਬਾਵਿਆ’ ਵਿਚੋਂ ਲਏ ਗਏ ਹਨ। ਪੰਜਾਬ ਵਿਚ ‘ਅੱਤਵਾਦ’ ਦੀ ਝੁੱਲੀ ਕਾਲੀ ਹਨੇਰਗ਼ਰਦੀ ਨੇ ਪੰਜਾਬ ਵਿਚ ਨੌਜੁਆਨੀ ਦੀ ਫ਼ਸਲ ਨੂੰ ਅਜਿਹਾ ਖੋਰਾ ਲਾਇਆ ਕਿ ਗੁਰਭਜਨ ਗਿੱਲ ਦੀ ਕਲਮ ਨੂੰ ਇਹ ਕਹਿਣਾ ਪਿਆ ਕਿ -
ਖੰਭ ਖਿੱਲਰੇ ਨੇ ਕਾਵਾਂ ਦੇ
ਰੋਕ ਲਓ ਨਿਸ਼ਾਨੇਬਾਜੀਆਂ
ਪੁੱਤ ਮੁੱਕ ਚੱਲੇ ਮਾਵਾਂ ਦੇ ...
ਅੱਖੀਆਂ ਵਿਚ ਨੀਰ ਨਹੀਂ
ਕਰਨ ਕਮਾਈਆਂ ਤੋਰਿਆ
ਜੀਹਦਾ ਮੁੜਿਆ ਵੀਰ ਨਹੀਂ ...9
ਲੇਖਕ ਚਾਹੇ ਕਿਸੇ ਵੀ ਵਿਚਾਰਧਾਰਾ ਦਾ ਪ੍ਰਤੀਬੱਧ ਹੋਵੇ ਪਰ ਜੇਕਰ ਉਸਦੀ ਰਚਨਾ ਸਮਕਾਲੀ ਸਮੇਂ ਨਾਲ ਸੰਵਾਦ ਨਹੀਂ ਕਰਦੀ ਤਾਂ ਉਸਦੀ ਰਚਨਾ ਦਾ ਕੋਈ ਸਮਾਜਿਕ ਮਹੱਤਵ ਨਹੀਂ ਹੁੰਦਾ। ਅਸਲ ਵਿਚ ਤਾਂ ਲੇਖਕ ਨੇ ਆਪਣੀ ਕਲਮ ਦੀ ਤਾਕਤ ਨਾਲ ਸਮਾਜ ਵਿਚਲੀਆਂ ਬੁਰਾਈਆਂ ਨੂੰ ਦੂਰ ਕਰਕੇ ਉਸਦੇ ਚਿਹਰੇ ਦੀ ਨੁਹਾਰ ਬਦਲਣੀ ਹੁੰਦੀ ਹੈ। ਪ੍ਰੋ. ਗੁਰਭਜਨ ਗਿੱਲ ਇਸ ਤੱਥ ਤੋਂ ਭਲੀ-ਭਾਂਤ ਜਾਣੂ ਹੀ ਨਹੀਂ ਸਗੋਂ ਵਿਹਾਰਕ ਪੱਧਰ ‘ਤੇ ਇਸਨੂੰ ਪਰਣਾਏ ਹੋਏ ਗੀਤਕਾਰ ਹਨ। ਉਹਨਾਂ ਦੇ ਜ਼ਿਆਦਾਤਰ ਰਿਕਾਰਡ ਹੋਣ ਵਾਲੇ ਗੀਤ ਸਮਾਜ ਵਿਚਲੀਆਂ ਪ੍ਰਚੱਲਿਤ ਬੁਰਾਈਆਂ ਨਾਲ ਕੇਵਲ ਸੰਵਾਦ ਹੀ ਨਹੀਂ ਕਰਦੇ ਸਗੋਂ ਅੰਤਲੇ ਬੰਦ ‘ਤੇ ਜਾ ਕੇ ਉਸਦਾ ਕੋਈ ਨਾ ਕੋਈ ਹੱਲ ਜ਼ਰੂਰ ਦਿੰਦੇ ਹਨ। ਉਹਨਾਂ ਦਾ ਹੇਠਲਾ ਗੀਤ ਪੰਜਾਬ ਅੰਦਰ ਨਸ਼ਿਆਂ ਦੇ ਹੜ੍ਹ ਨੂੰ ਠੱਲ ਪਾਉਣ ਲਈ ਲਿਖਿਆ ਗਿਆ ਅਜਿਹਾ ਗੀਤ ਹੈ ਜਿਸ ਵਿਚ ਗੀਤਕਾਰ ਨੇ ਚੇਤੰਨ ਪੱਧਰ ‘ਤੇ ਸੰਬੋਧਨ ‘ਮਾਂ’ ਨੂੰ ਕੀਤਾ ਹੈ, ਜਿਸਦੇ ਅਰਥ ਬੜੇ ਡੂੰਘੇ ਹਨ। ਗੀਤਕਾਰ ਇਸ ਤੱਥ ਤੋਂ ਭਲੀ-ਭਾਂਤ ਜਾਣੂ ਹੈ ਕਿ ਮਾਂ ਨੂੰ ਰੱਬ ਨੇ ਮਮਤਾ ਦੇ ਰੂਪ ਵਿਚ ਅਜਿਹੀ ਤਾਕਤ ਬਖਸ਼ੀ ਹੈ ਕਿ ਮਾਂ ਹੀ ਆਪਣੇ ਪੁੱਤਰ ਨੂੰ ਵਰਜ ਸਕਦੀ ਹੈ, ਰੋਕ-ਟੋਕ ਸਕਦੀ ਹੈ ਅਤੇ ਸਿੱਧੇ ਰਾਹ ਪਾ ਸਕਦੀ ਹੈ। ਹੇਠਲੇ ਗੀਤ ਵਿਚ ਨਸ਼ਿਆਂ ਸਦਕਾ ਹੋਈ ਪੰਜਾਬ ਦੇ ਉਜਾੜੇ ਦੀ ਭਿਆਨਕ ਤਸਵੀਰ ਦੇਖੀ ਜਾ ਸਕਦੀ ਹੈ-
ਪੁੱਤ ਪੰਜ ਦਰਿਆਵਾਂ ਦੇ ਭਲਾ ਕਿਉਂ ਨਸ਼ਿਆ ਜੋਗੇ ਰਹਿ ਗਏ
ਮਾਏ ਵਰਜ ਨੀ ਪੁੱਤਰਾਂ ਨੂੰ, ਏਹ ਤਾਂ ਰਾਹ ਸਿਵਿਆ ਦੇ ਪੈ ਗਏ ...
ਬੋਹੜਾਂ ਤੇ ਪਿੱਪਲਾਂ ਦੀਆਂ, ਲੈ ਗਿਆ ਕੌਣ ਛਾਂਗ ਕੇ ਛਾਵਾਂ
ਪੁੱਛਦੀ ਹੈ ਭੈਣ ਖੜੀ, ਵੀਰਨਾ ਕਿਸ ਥਾਂ ਪੀਘਾਂ ਪਾਵਾਂ
ਚਾਅ ਅੰਬਰੀਂ ਪਹੁੰਚਣ ਦੇ, ਕੰਵਾਰੇ ਦਿਲ ਅੰਦਰ ਹੀ ਰਹਿ ਗਏ
ਮਾਏ ਵਰਜ ਨੀ ਪੁੱਤਰਾਂ ਨੂੰ ...
ਸਿਦਕੋਂ ਕਿਉਂ ਡੋਲ ਗਈ, ਪੰਜਾਬੀ ਅੱਥਰੀ ਅਮੋੜ ਜਵਾਨੀ
ਜਦ ਡੋਰ ਹੀ ਟੁੱਟ ਜਾਵੇ, ਗਵਾਚਣ ਮਣਕੇ ਰਹੇ ਨਾ ਗਾਨੀ
ਛੱਡ ਸ਼ਬਦ ਪੰਘੂੜੇ ਨੂੰ , ਇਹ ਚੰਦਰੇ ਕਿਹੜੇ ਵਹਿਣੀਂ ਵਹਿ ਗਏ
ਮਾਏ ਵਰਜ ਨੀ ਪੁੱਤਰਾਂ ਨੂੰ ...10
ਪੰਜਾਬ ਵਿਚ ਇਕ ਦੌਰ ਅਜਿਹਾ ਵੀ ਆਇਆ ਜਦੋਂ ਮਾਦਾ ਭਰੂਣ-ਹੱਤਿਆ ਆਪਣੇ ਸਿਖ਼ਰ ‘ਤੇ ਸੀ ਤੇ ਪੰਜਾਬ ਵਿਚ ਕੁੜੀਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਐਨੀ ਘੱਟ ਗਈ ਸੀ ਕਿ ਆਉਣ ਵਾਲੀਆਂ ਨਸਲਾਂ ਵਿਚੋਂ ਮਾਸੀ ਤੇ ਭੂਆ ਵਰਗੇ ਰਿਸ਼ਤੇ ਅਲੋਪ ਹੋਣ ਦਾ ਖਦਸ਼ਾ ਹੋ ਗਿਆ ਸੀ। ਲੇਖਕਾਂ ਨੇ ਆਪਣੀ ਕਲਮ ‘ਚੋਂ ਇਸ ਬਾਬਤ ਕਈ ਰਚਨਾਵਾਂ ਲਿਖ ਕੇ ਸਮਾਜ ਨੂੰ ਇਸ ਪਾਸੇ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਪ੍ਰੋ. ਗੁਰਭਜਨ ਗਿੱਲ ਦੁਆਰਾ ਹੇਠਲਾ ਗੀਤ ‘ਲੋਰੀ’ ਇਸ ਪਾਸੇ ਵੱਲ ਪੁੱਟਿਆ ਗਿਆ ਅਜਿਹਾ ਕਦਮ ਸੀ ਜਿਸਨੇ ਪੰਜਾਬ ਦੀ ਲੋਕਾਈ ਨੂੰ ਆਪਣੇ ਗੀਤ ਰਾਹੀਂ ਅਣਜੰਮੀ ਧੀ ਦਾ ਦਰਦ ਅਤੇ ਵਾਸਤਾ ਐਨੇ ਹਿਰਦੇਵੇਦਕ ਢੰਗ ਨਾਲ ਪਾਇਆ ਕਿ ਜਿਸਨੂੰ ਗਾਇਕ ਜਸਬੀਰ ਜੱਸੀ ਨੇ ਜਿੰਨੀ ਵਾਰ ਵੀ ਸਟੇਜੀ ਪ੍ਰੋਗਰਾਮਾਂ ਦੌਰਾਨ ਗਾਇਆ, ਉੱਥੇ ਬੈਠੇ ਹਰ ਦਰਸ਼ਕ/ਸ੍ਰੋਤੇ ਦੀ ਅੱਖ ਨਮ ਹੋਣੇ ਨਾ ਰਹਿ ਸਕੀ। ਇਹੀ ਨਹੀਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕਈ ਨਾਟਕਾਂ ਅਤੇ ਕੋਰਿਓਗ੍ਰਾਫੀ ਦੌਰਾਨ ਲੋਕਾਂ ਨੂੰ ਇਸ ਕੀਤੇ ਜਾਣ ਵਾਲੇ ਮਨੁੱਖੀ ਜ਼ੁਲਮ ਪ੍ਰਤੀ ਚੇਤੰਨ ਕੀਤਾ। ਹੇਠਲਾ ਗੀਤ ‘ਲੋਰੀ’ ਰੂਪਾਕਾਰਕ ਪੱਧਰ ‘ਤੇ ਅਜਿਹੀ ਕਿਸਮ ਦਾ ਗੀਤ ਹੈ ਜਿਸ ਵਿਚ ਗੀਤਕਾਰ ਨੇ ਅਜਿਹਾ ਤਜਰਬਾ ਕੀਤਾ ਹੈ ਜਿਸ ਵਿਚ ਮਾਂ ਦੀ ਥਾਂ ਧੀ ਆਪਣੀ ਮਾਂ ਨੂੰ ਸੰਬੋਧਿਤ ਹੁੰਦੀ ਹੋਈ ਵੈਣਿਕ ਅੰਦਾਜ਼ ਵਿਚ ਆਪਣੇ ਜੰਮਣ ਦਾ ਵਾਸਤਾ ਪਾਉਂਦੀ ਹੋਈ ਆਧੁਨਿਕ ਤਕਨਾਲੋਜੀ ਅਤੇ ਡਾਕਟਰੀ ਸਹੂਲਤਾਂ ਦੇ ਕੋਝੇ ਪਾਜ ਨੂੰ ਵੀ ਨੰਗਾ ਕਰਦੀ ਹੈ-
ਮਾਏ ਨੀ ਅਣਜੰਮੀ ਧੀ ਨੂੰ, ਆਪਣਿਆਂ ਨਾਲੋਂ ਵਿਛੜੇ ਜੀਅ ਨੂੰ
ਜਾਂਦੀ ਵਾਰੀ ਮਾਏ ਨੀ ਇਕ ਲੋਰੀ ਦੇ ਦੇ
ਭਾਵੇਂ ਬਾਬਲ ਤੋਂ ਚੋਰੀ ਨੀ ਇਕ ਲੋਰੀ ਦੇ ਦੇ ...
ਹਸਪਤਾਲ ਦੇ ਕਮਰੇ ਅੰਦਰ, ਪਈਆਂ ਨੇ ਜੋ ਅਜਬ ਮਸ਼ੀਨਾਂ
ਪੁੱਤਰਾਂ ਨੂੰ ਇਹ ਕੁਝ ਨਾ ਆਖਣ, ਸਾਡੇ ਲਈ ਕਿਉਂ ਬਨਣ ਸੰਗੀਨਾਂ
ਡਾਕਟਰਾਂ ਚੰਦ ਸਿੱਕਿਆਂ ਦੀ ਖਾਤਰ, ਕੱਟੀ ਜੀਵਨ ਡੋਰੀ ਨੀ, ਇਕ ਲੋਰੀ ਦੇ ਦੇ
ਭਾਵੇਂ ਬਾਬਲ ਤੋਂ ਚੋਰੀ ਨੀ ਇਕ ਲੋਰੀ ਦੇ ਦੇ ...
ਮਾਏ ਨੀ ਤੇਰੀ ਗੋਦੀ ਅੰਦਰ, ਬੈਠਣ ਨੂੰ ਮੇਰਾ ਜੀ ਕਰਦਾ ਸੀ
ਬਾਬਲ ਦੀ ਤਿਊੜੀ ਤੋਂ ਡਰ ਕੇ, ਹਰ ਵਾਰੀ ਮੇਰਾ ਜੀਅ ਡਰਦਾ ਸੀ
ਧੀਆਂ ਬਣ ਕੇ ਜੰਮਣਾਂ ਏਥੇ ਕਿਉਂ ਬਣ ਗਈ ਕਮਜੋਰੀ ਨੀ, ਇਕ ਲੋਰੀ ਦੇ ਦੇ
ਭਾਵੇਂ ਬਾਬਲ ਤੋਂ ਚੋਰੀ ਨੀ ਇਕ ਲੋਰੀ ਦੇ ਦੇ ...11
ਪੰਜਾਬੀ ਬੰਦੇ ਨੇ ਜਦੋਂ ਬੇਹਤਰ ਜ਼ਿੰਦਗੀ ਦੀ ਤਲਾਸ਼ ਵਿਚ ਪੰਜਾਬ ਨੂੰ ਛੱਡ ਪਰਾਈਆਂ ਧਰਤੀਆਂ ਨੂੰ ਆਪਣੀ ਰੋਜੀ-ਰੋਟੀ ਤੇ ਰਹਿਣ-ਸਹਿਣ ਦਾ ਵਸੀਲਾ ਚੁਣਿਆ ਤਾਂ ਪੰਜਾਬੀਆਂ ਦੇ ਪਰਵਾਸ ਦਾ ਇਤਿਹਾਸ ਲਿਖਣਾ ਸ਼ੁਰੂ ਹੋਇਆ ਜਿਸਦੇ ਭਾਵੇਂ ਮੁੱਢਲੇ ਕਾਰਨ ਹੋਰ ਸਨ ਪਰ ਅੱਜ ਜੋ ਪਰਵਾਸ ਦਾ ਮੁਹਾਂਦਰਾ ਸਾਡੇ ਸਾਹਮਣੇ ਦੇਖਣ ਨੂੰ ਮਿਲਦਾ ਹੈ ਉਸਨੂੰ ਪੰਜਾਬੀ ਜਨ-ਜੀਵਨ ਨਾਲੋਂ ਤੋੜ ਕੇ ਪਾਸੇ ਨਹੀਂ ਸੁੱਟਿਆ ਜਾ ਸਕਦਾ। ਭਾਵੇਂ ਇਹ ਵੀ ਸੱਚ ਹੈ ਕਿ ਪੰਜਾਬੀਆਂ ਦਾ ਮੁੱਢਲਾ ਪਰਵਾਸ ਅਲਪਕਾਲੀ ਸੀ ਜਿਸ ਵਿਚ ਇਕ ਨਾ ਇਕ ਦਿਨ ਵਾਪਸ ਪੰਜਾਬ ਪਰਤਣਾ ਤਹਿ ਸੀ ਜਦੋਂ ਕਿ ਅਜੋਕਾ ਪਰਵਾਸ ਮੇਜਬਾਨੀ ਸਭਿਆਚਾਰ ਵਿਚ ਸਥਾਈ ਤੌਰ ‘ਤੇ ਵੱਸ ਕੇ ਉੱਥੋਂ ਦੀ ਸਿਟੀਜਨਸ਼ਿਪ ਲੈ ਕੇ ਵਾਪਸ ਪੰਜਾਬ ਪਰਤਣ ਦੀ ਥਾਂ ਪੂਰੇ ਪਰਿਵਾਰ ਸਮੇਤ ਉੱਥੇ ਸਦਾ ਲਈ ਰਹਿਣਾ ਲੋਚਦਾ ਹੈ। ਪਰ ਦੋਨਾਂ ਵਰਤਾਰਿਆਂ ਵਿਚ ਇਕ ਗੱਲ ਜੋ ਸਾਂਝੀ ਹੈ ਉਹ ਹੈ ਵਿਛੋੜਾ। ਇਹ ਵਿਛੋੜਾ ਭਾਵੇਂ ਅਲਪਕਾਲੀ ਹੋਵੇ ਜਾਂ ਦੀਰਘਕਾਲੀ, ਪਰਿਵਾਰ ਦਾ ਹੋਵੇ ਚਾਹੇ ਪਿੰਡ ਦਾ, ਖੂਨ ਦਾ ਹੋਵੇ ਚਾਹੇ ਸਾਂਝਦਾਰੀ ਦਾ, ਪਰ ਇਸਦੀ ਟੀਸ ਜ਼ਰੂਰ ਰੜਕਦੀ ਹੈ। ਗੁਰਭਜਨ ਗਿੱਲ ਹੋਰਾਂ ਦੇ ਹੇਠਲੇ ਮਾਹੀਏ ਦੇ ਬੋਲ ਇਸ ਗੱਲ ਦੀ ਸਾਖੀ ਭਰਦੇ ਦੇਖੇ ਜਾ ਸਕਦੇ ਹਨ -
ਦਾਣੇ ਰਸ ਗਏ ਅਨਾਰਾਂ ਦੇ,
ਕਰਨ ਕਮਾਈਆਂ ਤੁਰ ਗਏ
ਯਾਰ ਕੱਚੇ ਸੀ ਕਰਾਰਾਂ ਦੇ ...12
ਇਹੀ ਨਹੀਂ ਉਸਦਾ ਹੇਠਲਾ ਗੀਤ ਪਰਦੇਸੀ ਗਏ ਮਾਹੀ ਨੂੰ ਵਾਪਸ ਪੰਜਾਬ ਪਰਤਣ ਦਾ ਵਾਸਤਾ ਪਾਉਂਦਾ ਹੈ ਜਿਸ ਵਿਚ ਨਾਰੀ ਮਨ ਵਿਚਲੀ ਸੁਰ ਆਪਣੇ ਮਾਹੀ ਨੂੰ ਏਥੋਂ ਤੱਕ ਆਖ ਦਿੰਦੀ ਹੈ ਹੈ ਕਿ ਉਸਨੂੰ ਪੈਸੇ-ਧੇਲੇ ਅਤੇ ਪਦਾਰਥਾਂ ਦੀ ਥਾਂ ਉਸਦੇ ਸਾਥ ਦੀ ਖੁਸ਼ਬੂ ਚਾਹੀਦੀ ਹੈ ਕਿਉਂਕਿ ਉਸਦਾ ਵਿਛੋੜਾ ਸਹਾਰਨਾ ਉਸ ਲਈ ਸਭ ਤੋਂ ਵੱਡਾ ਰੋਗ ਹੈ, ਇਸ ਗੀਤ ਵਿਚਲਾ ਵਿਯੋਗ-ਸ਼ਿੰਗਾਰ ਰਸ ਆਪਣੇ ਸਿਖ਼ਰ ‘ਤੇ ਹੈ-
ਵੇ ਪਰਦੇਸੀ ਢੋਲਾ !, ਵੇ ਵਾਗਾਂ ਵਤਨਾਂ ਨੂੰ ਮੋੜ
ਸਾਨੂੰ ਖੁਸ਼ਬੂ ਬੀਬਾ ਵੇ, ਸਾਨੂੰ ਖੁਸ਼ਬੂ ਦੀ ਲੋੜ ...
ਕੰਡਿਆ ‘ਤੋਂ ਖਿੱਚ ਨਾ ਜਿੰਦੜੀ ਮਲੂਕ ਵੇ
ਆਪਣਿਆਂ ਨਾਲ ਏਦਾਂ ਕਰ ਨਾ ਸਲੂਕ ਵੇ
ਜਿੰਦ ਮੁੱਕ ਚੱਲੀ ਉੱਠੇ ਕਾਲਜੇ ‘ਚੋਂ ਹੂਕ ਵੇ
ਮਾਰ ਉਡਾਰੀ ਚੰਨ੍ਹ ਵੇ, ਤੂੰ ਲਾ ਦੇ ਲੱਗੀਆਂ ਨੂੰ ਤੋੜ
ਵੇ ਪਰਦੇਸੀ ਢੋਲਾ ... 13
ਸਿੱਖ ਇਤਿਹਾਸ ਸ਼ਹੀਦੀ ਦੀ ਪਰੰਪਰਾ ਅਤੇ ਸਾਕਿਆਂ ਨਾਲ ਲਬਰੇਜ਼ ਹੈ। ਬਹੁਤ ਕਵੀਆਂ ਅਤੇ ਗੀਤਕਾਰਾਂ ਨੇ ਇਹਨਾਂ ਸਾਕਿਆਂ ਨੂੰ ਆਪਣੇ ਢੰਗ ਨਾਲ ਵੱਖ-ਵੱਖ ਕਾਵਿ-ਰੂਪਾਕਾਰਾਂ ਦੇ ਅੰਤਰਗਤ ਬਿਆਨ ਕੀਤਾ ਹੈ। ਪੂਰੇ ਸਿੱਖ ਇਤਿਹਾਸ ਵਿਚ ਸਾਕਾ ਸਰਹੰਦ ਨਿੱਕੀਆਂ ਜਿੰਦਾਂ ਵੱਲੋਂ ਕੀਤਾ ਗਿਆ ਅਜਿਹਾ ਵੱਡਾ ਸਾਕਾ ਹੈ ਜਿਸਦੀ ਮਿਸਾਲ ਪੂਰੀ ਦੁਨੀਆਂ ਵਿਚ ਨਹੀਂ ਮਿਲਦੀ। ਪੰਜਾਬੀ ਗੀਤਕਾਰੀ ਪਰੰਪਰਾ ਅੰਦਰ ਜਨਾਬ ਚਰਨ ਸਿੰਘ ਸਫ਼ਰੀ ਦੁਆਰਾ ਲਿਖਿਆ ਅਤੇ ਨਰਿੰਦਰ ਬੀਬਾ ਅਤੇ ਉਸਦੇ ਸਾਥੀਆਂ ਦੀ ਆਵਾਜ਼ ਵਿਚ ਰਿਕਾਰਡ ਹੋਏ ‘ਸਾਕਾ ਸਰਹੰਦ’ ਦਾ ਪੰਜਾਬੀ ਰਿਕਾਰਡ ਗਾਇਕੀ ਅੰਦਰ ਆਪਣਾ ਵਿਲੱਖਣ ਸਥਾਨ ਹੈ। ਪ੍ਰੋ. ਗੁਰਭਜਨ ਗਿੱਲ ਹੋਰਾਂ ਨੇ ਵੀ ਇਸ ਸਾਕੇ ਨੂੰ ਵੱਖਰੇ ਨਜ਼ਰੀਏ ਤੋਂ ਦੇਖਦਿਆਂ ਸ਼ਹੀਦੀ ਦੀ ਨਵੀਂ ਪਰਿਭਾਸ਼ਾ ਉਲੀਕੀ ਹੈ। ਇਹੀ ਨਹੀਂ ਜਿੱਥੇ ਉਹਨਾਂ ਇਸ ਗੀਤ ਅੰਦਰ ਛੋਟੇ ਸਾਹਿਬਜਾਦਿਆਂ ਦੁਆਰਾ ਕੀਤੇ ਵੱਡੇ ਕਾਰਨਾਮੇ ਦੀ ਸੋਭਾ ਕਰਦਿਆਂ ਸ਼ਰਧਾ ਦੇ ਭਾਵ ਪੇਸ਼ ਕੀਤੇ ਹਨ ਉੱਥੇ ਉਹਨਾਂ ਅਜੋਕੇ ਸਮੇਂ ਅੰਦਰ ਉਹਨਾਂ ਦੁਆਰਾ ਦਿੱਤੀ ਗਈ ਸ਼ਹਾਦਤ ਦੀ ਪੁਨਰ-ਪੜਚੋਲਨਾ ਕਰਦਿਆਂ ਭਟਕੀ ਹੋਈ ਪੰਜਾਬੀਅਤ ਨੂੰ ਮੁੜ ਆਪਣੇ ਇਤਿਹਾਸ ਤੋਂ ਸੇਧ ਲੈਣ ਪ੍ਰਤੀ ਚੇਤੰਨ ਵੀ ਕੀਤਾ ਹੈ। ਗੀਤਕਾਰ ਅਨੁਸਾਰ ਆਪਣੇ ਸ਼ਾਨਾਮੱਤੇ ਇਤਿਹਾਸ ਦੇ ਕੇਵਲ ਸੋਹਿਲੇ ਗਾ ਦੇਣ ਨਾਲ ਹੀ ਸਾਡਾ ਫ਼ਰਜ਼ ਪੂਰਾ ਨਹੀਂ ਹੁੰਦਾ ਸਗੋਂ ਅਸਲੀ ਫ਼ਰਜ਼ ਤਾਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਪਿੱਛੇ ਪਈ ਵਿਚਾਰਧਾਰਾ ਨੂੰ ਸਮਝ ਕੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ, ਹੇਠਲਾ ਗੀਤ ਇਸ ਸੰਦਰਭ ਵਿਚ ਗੌਲਣਯੋਗ ਹੈ -
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ ਸਵਾਰਾਂ ਦਾ
ਨੀਹਾਂ ਵਿਚ ਜੇ ਸਿਰ ਹੋਵਣ, ਮੁੱਲ ਪੈ ਜਾਂਦਾ ਦੀਵਾਰਾਂ ਦਾ ...
ਇਹ ਤਾਂ ਸਿਰਲੱਥਾਂ ਦੀ ਬਸਤੀ ਹੈ, ਇੱਥੇ ਜ਼ਿੰਦਗੀ ਮੌਤ ਤੋਂ ਸਸਤੀ ਹੈ
ਮਿੱਟੀ ਵਿਚ ਆਪਣਾ ਖੂਨ ਚੁਆ, ਤਦ ਮਿਲਦੀ ਉੱਚੀ ਹਸਤੀ ਹੈ
ਇਹ ਜੋ ਰੰਗਾਂ ਦਾ ਦਰਿਆ ਜਾਪੇ, ਸਭ ਖੂਨ ਵਹੇ ਮੇਰੇ ਯਾਰਾਂ ਦਾ
ਨੀਹਾਂ ਵਿਚ ਜੇ ਸਿਰ ਹੋਵਣ ...
ਜੋ ਸੂਲੀ ਚੜ੍ਹ ਮੁਸਕਾਉਂਦੇ ਨੇ, ਉਹੀਓ ਉੱਚੇ ਰੁਤਬੇ ਪਾਉਂਦੇ ਨੇ
ਇਤਿਹਾਸ ਗਵਾਹ ਬਹਿ ਤਵੀਆਂ ‘ਤੇ, ਉਹ ਜ਼ਾਬਰ ਨੂੰ ਅਜਮਾਉਂਦੇ ਨੇ
ਅਣਖਾਂ ਤੇ ਇੱਜ਼ਤਾਂ ਵਾਲਿਆਂ ਨੂੰ, ਨਹੀਂ ਡਰ ਸ਼ਾਹੀ ਦਰਬਾਰਾਂ ਦਾ
ਨੀਹਾਂ ਵਿਚ ਜੇ ਸਿਰ ਹੋਵਣ ....
ਪਈ ਰਾਤ ਹਨੇਰ ਚੁਫੇਰਾ ਹੈ, ਧੂੰਏਂ ਦਾ ਘਿਰਿਆ ਘੇਰਾ ਹੈ
ਅਸਾਂ ਬਾਤਾਂ ਸੁਣ ਸੁਣ ਅੱਕ ਗਏ ਹਾਂ, ਹਾਲੇ ਕਿੰਨੀ ਕੁ ਦੂਰ ਸਵੇਰਾ ਹੈ
ਸੂਰਜ ਦੀ ਸੁਰਖ ਸਵੇਰ ਬਿਨਾਂ, ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ
ਨੀਹਾਂ ਵਿਚ ਜੇ ਸਿਰ ਹੋਵਣ .... 14
ਉਪਰੋਕਤ ਵਿਚਾਰ ਚਰਚਾ ਦੇ ਆਧਾਰ ‘ਤੇ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਰਿਕਾਰਡ ਗਾਇਕੀ ਦੇ ਖੇਤਰ ਵਿਚ ਪ੍ਰੋ. ਗੁਰਭਜਨ ਗਿੱਲ ਆਪਣੀ ਗੀਤਕਾਰੀ ਸਦਕਾ ਗਿਣਾਤਮਕ ਅਤੇ ਗੁਣਾਤਮਕ ਦੋਨਾਂ ਪੱਖਾਂ ਤੋਂ ਪੰਜਾਬੀ ਰਿਕਾਰਡ ਗਾਇਕੀ ਦੇ ਖੇਤਰ ਵਿਚ ਆਪਣੀ ਨਿਵੇਕਲੀ ਛਾਪ ਦਾ ਲਖਾਇਕ ਹੈ। ਉਸਦੀ ਜਿੱਥੇ ਪੰਜਾਬੀ ਕਵਿਤਾ ਦੇ ਖੇਤਰ ਵਿਚ ਵਡਮੁੱਲੀ ਦੇਣ ਹੈ ਉੱਥੇ ਉਸਦੇ ਲਿਖੇ ਕਈ ਗੀਤਾਂ ਨੂੰ ਰਿਕਾਰਡ ਕਰਵਾਉਣ ਸਦਕਾ ਕਈ ਪੰਜਾਬੀ ਗਵੱਈਆਂ ਨੇ ਚੰਗਾ ਨਾਮਣਾ ਖੱਟਿਆ ਹੈ। ਇਹ ਵੀ ਉਸਦੀ ਪ੍ਰਾਪਤੀ ਹੈ ਕਿ ਉਸਨੇ ਪਾਪੂਲਰ ਗਾਇਕੀ ਦੀ ਝੁੱਲ ਰਹੀ ਹਨੇਰੀ ਅੰਦਰ ਦੌਲਤ ਅਤੇ ਸ਼ੌਹਰਤ ਖੱਟਣ ਦੀ ਖਾਤਰ ਆਰਡਰ ‘ਤੇ ਟਰੈਂਡਮੂਲਕ ਗੀਤਾਂ ਦੀ ਤੁਕਬੰਦੀ ਕਰਨ ਦੀ ਥਾਂ ਪੰਜਾਬੀ ਸਾਹਿਤਕ ਗੀਤਕਾਰੀ ਦਾ ਪੱਲਾ ਨਹੀਂ ਛੱਡਿਆ ਜਿਸਦੀ ਗਵਾਹੀ ਉਸਦੇ ਪੁਸਤਕਾਂ ਵਿਚ ਛਪੇ ਗੀਤਾਂ ਦੇ ਨਾਲ-ਨਾਲ ਉਪਰੋਕਤ ਰਿਕਾਰਡ ਗੀਤ ਭਰਦੇ ਦੇਖੇ ਜਾ ਸਕਦੇ ਹਨ। ਨਿਰਸੰਦੇਹ ਪ੍ਰੋ. ਗੁਰਭਜਨ ਗਿੱਲ ਨੂੰ ਅਜੋਕੀ ਪਾਪੂਲਰ ਪੰਜਾਬੀ ਗਾਇਕੀ ਦੇ ਦੌਰ ਅੰਦਰ ਸਾਹਿਤਕ, ਸਮਾਜਿਕ ਅਤੇ ਪੰਜਾਬੀ ਸਭਿਆਚਾਰਕ ਗੀਤਕਾਰੀ ਦਾ ਅਲੰਬੜਦਾਰ ਗੀਤਕਾਰ ਕਹਿ ਲਿਆ ਜਾਵੇ ਤਾਂ ਇਸ ਕਥਨ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਹਵਾਲੇ ਅਤੇ ਟਿੱਪਣੀਆਂ
1. ਸ਼ਮਸ਼ੇਰ ਸੰਧੂ, ਲੋਕ ਸੁਰਾਂ (ਪੰਜਾਬੀ ਲੋਕ-ਗਾਇਕਾਂ ਦੇ ਰੇਖਾ ਚਿੱਤਰ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1983, ਪੰਨਾ-14
2. ਡਾ. ਰਾਜਿੰਦਰ ਪਾਲ ਸਿੰਘ ਬਰਾੜ (ਸੰਪਾ.), ਨਵੇਂ ਕਲਾ ਰੂਪ ਗੀਤ ਵੀਡੀਓ ਦੇ ਅਧਿਐਨ ਦੀ ਸਮੱਸਿਆ, ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੀਡੀਆ : ਅੰਤਰ-ਸੰਵਦ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2011, ਪੰਨਾ-71
3. ਉਹੀ, ਪੰਨਾ-70
4. ਨਰਿੰਦਰ ਬੀਬਾ (ਗਾਇਕ), ਪ੍ਰੋ. ਗੁਰਭਜਨ ਗਿੱਲ (ਗੀਤਕਾਰ), ਕੇ.ਐਸ. ਨਰੂਲਾ (ਸੰਗੀਤਕਾਰ), ਐਚ.ਐਮ.ਵੀ.(ਕੰਪਨੀ), ਵਧਾਈਆਂ ਬੀਬੀ ਤੈਨੂੰ (ਐਲਬਮ), 1988 (ਸੰਨ)
https://www.youtube.com/watch?v=UCxA9M34t-k, 26 ਜੂਨ, 2023
5. ਨਰਿੰਦਰ ਬੀਬਾ (ਗਾਇਕ), ਪ੍ਰੋ. ਗੁਰਭਜਨ ਗਿੱਲ (ਗੀਤਕਾਰ), ਸਾਰੇਗਾਮਾ (ਕੰਪਨੀ), 1981 (ਸੰਨ)
https://www.youtube.com/watch?v=SjdG8usPYnY, 26 ਜੂਨ, 2023
6. ਜਗਮੋਹਨ ਕੌਰ (ਗਾਇਕ), ਗੁਰਭਜਨ ਗਿੱਲ (ਗੀਤਕਾਰ), ਵਾਈਟਲ ਰਿਕਾਰਡਜ਼ (ਕੰਪਨੀ), ਹਾਕ ਮਾਰੀ ਮਿੱਤਰਾਂ ਨੇ (ਐਲਬਮ), 1994 (ਸੰਨ)
https://www.youtube.com/watch?v=7_pKkOgK9-w, 26 ਜੂਨ, 2023
7. ਸ਼ੀਰਾ ਜਸਵੀਰ (ਗਾਇਕ), ਗੁਰਭਜਨ ਗਿੱਲ (ਗੀਤਕਾਰ), https://www.youtube.com/watch?v=7ZU5t56fIXU , 26 ਜੂਨ, 2023
8. ਬਲਧੀਰ ਮਾਹਲਾ (ਗਾਇਕ), ਗੁਰਭਜਨ ਗਿੱਲ (ਗੀਤਕਾਰ), ਸੰਗੀਤਕਾਰ (ਸੰਜੀਵ ਸੂਦ), ਪਰਲ (ਕੰਪਨੀ), ਰਾਜਿਓ ਕਿੱਧਰ ਗਏ (ਐਲਬਮ), 1991 (ਸੰਨ)
https://www.youtube.com/watch?v=cYSnM_tgoXM, 26 ਜੂਨ, 2023
9. ਲਾਭ ਜੰਜੂਆ (ਗਾਇਕ), ਗੁਰਭਜਨ ਗਿੱਲ (ਗੀਤਕਾਰ), ਸੰਗੀਤਕਾਰ (ਜੈਦੇਵ ਕੁਮਾਰ), ਵੀਨਸ (ਕੰਪਨੀ),
https://www.youtube.com/watch?v=PIDlerA7uec, 26 ਜੂਨ, 2023
10. ਅਸ਼ਵਨੀ ਵਰਮਾ (ਗਾਇਕ), ਗੁਰਭਜਨ ਗਿੱਲ (ਗੀਤਕਾਰ), ਕਰਨ-ਪ੍ਰਿੰਸ (ਸੰਗੀਤਕਾਰ), ਅਮਰ ਆਡੀਓ (ਕੰਪਨੀ), 2020 (ਸੰਨ )
https://www.youtube.com/watch?v=FBvbXvfQ0ys, 26 ਜੂਨ, 2023
11. ਜਸਬੀਰ ਜੱਸੀ (ਗਾਇਕ), ਗੁਰਭਜਨ ਗਿੱਲ (ਗੀਤਕਾਰ), https://www.youtube.com/watch?v=gth5uaLHTH8, 28 ਜੂਨ, 2023
12. ਸੁਰਿੰਦਰ ਛਿੰਦਾ (ਗਾਇਕ), ਗੁਰਭਜਨ ਗਿੱਲ (ਗੀਤਕਾਰ), ਸੁਰਿੰਦਰ ਕੋਹਲੀ (ਸੰਗੀਤ),
https://youtu.be/wGHazAFGo6A?si=yxXNgwbR5Sih_hTM , 6 ਅਗਸਤ, 2023
13. ਜਸਬੀਰ ਜੱਸੀ (ਗਾਇਕ), ਗੁਰਭਜਨ ਗਿੱਲ (ਗੀਤਕਾਰ),
https://www.youtube.com/watch?v=7kp2wtfnNCM, 26 ਜੂਨ, 2023
14. ਹੰਸ ਰਾਜ ਹੰਸ (ਗਾਇਕ), ਗੁਰਭਜਨ ਗਿੱਲ (ਗੀਤਕਾਰ), ਕੇ. ਐਸ. ਨਰੂਲਾ (ਸੰਗੀਤਕਾਰ), ਟੀ-ਸੀਰੀਜ਼ (ਕੰਪਨੀ), ਨਿੱਕੇ-ਨਿੱਕੇ ਦੋ ਖਾਲਸੇ (ਐਲਬਮ), 1999 (ਸੰਨ)
https://www.youtube.com/watch?v=eNDNMdDnguI, 27 ਜੂਨ, 2023
ਡਾ. ਸਿਮਰਨਜੀਤ ਸਿੰਘ
ਅਸਿਸਟੈਂਟ ਪ੍ਰੋਫ਼ੈਸਰ ਅਤੇ ਮੁਖੀ,
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ,
ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ
ਹਿਮਾਚਲ ਪ੍ਰਦੇਸ਼।
Simar1313@gmail.com
7807302105