Punjabi Poetry : Yashu Jaan

ਪੰਜਾਬੀ ਕਵਿਤਾਵਾਂ : ਯਸ਼ੂ ਜਾਨ

1. ਮਕਸਦ (ਗ਼ਜ਼ਲ)

ਮਿਲ ਗਿਆ ਹੈ ਮਕਸਦ ਮੈਨੂੰ ਜ਼ਿੰਦਗ਼ੀ ਜਿਓਣ ਦਾ
ਨਹੀਂ ਤਾਂ ਕੀ ਫ਼ਾਇਦਾ ਸੀ ਜ਼ਿੰਦਗ਼ੀ ਤੇ ਆਉਣ ਦਾ

ਤਾਹੀਓਂ ਮੈਨੂੰ ਮਿਹਨਤਾਂ ਦਾ ਮੁੱਲ ਹੀ ਨਹੀਂ ਸੀ ਪਤਾ,
ਮੈਂ ਲ਼ੁਤਫ਼ ਉਠਾਉਂਦਾ ਰਿਹਾ ਸਾਰੀ ਰਾਤ ਸੌਣ ਦਾ

ਦੇਖ ਲਏ ਮੈਂ ਜਾਨਵਰ ਕਿਉਂ ਸਾਰੀ ਰਾਤ ਜਾਗਦੇ,
ਹੋਇਆ ਅਫ਼ਸੋਸ ਬੜਾ ਸਮੇਂ ਨੂੰ ਗਵਾਉਣ ਦਾ

ਨਾ ਮਨ ਮੇਰਾ ਕਿਸੇ ਪੱਖੋਂ ਪਾਕ ਅਤੇ ਸਾਫ ਸੀ,
ਮੈਂ ਸੁਪਨਾ ਤੇ ਪਾਲਿਆ ਸੀ ਮੌਤ ਨੂੰ ਵਿਆਹੁਣ ਦਾ

ਤੂੰ 'ਯਸ਼ੂ ਜਾਨ' ਫ਼ਸ ਗਿਓਂ ਫੜ੍ਹਾਂ ਮਾਰ-ਮਾਰ ਕੇ,
ਬੜਾ ਸਿਗ੍ਹਾ ਸ਼ੌਕ ਤੈਨੂੰ ਖਿੱਲੀਆਂ ਉਡਾਉਣ ਦਾ

2. ਮੈਨੂੰ ਡਰ ਮੌਤ ਦਾ ਨਹੀਂ

ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ,
ਮੌਤ ਦੀ ਮਰਜ਼ੀ ਆਵੇ-ਜਾਵੇ,
ਤੇ ਜਿੱਥੇ ਮਰਜ਼ੀ ਧੱਕੇ ਖ਼ਾਵੇ,
ਪਰ ਮੈਨੂੰ ਹੱਥ ਨਾਂ ਲਾਵੇ,
ਕੰਮ ਛੱਡੇ ਮੌਤਾਂ ਕਰਨੇ ਦਾ,
ਮੈਨੂੰ ਡਰ.......................

ਤੂੰ ਥਾਂ-ਥਾਂ ਘੁੰਮਦੀ ਫਿਰਦੀ ਏਂ,
ਕੋਈ ਲੱਭ ਲੈ ਘਰ ਕਿਰਾਏ ਤੇ,
ਤੈਨੂੰ ਕੋਈ ਆਪ ਬੁਲਾਉਂਦਾ ਨਹੀਂ,
ਕਿਉਂ ਆਵੇਂ ਬਿਨ ਬੁਲਾਏ ਤੇ,
ਤੂੰ ਲੱਭਿਆਂ ਕਿਸੇ ਨੂੰ ਲੱਭਦੀ ਨਹੀਂ,
ਤੇ ਬੰਦੇ ਖ਼ਾ-ਖ਼ਾ ਰੱਜਦੀ ਨਹੀਂ,
ਸਾਥੋਂ ਨਾ ਜਿਗਰਾ ਜਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ

ਤੈਨੂੰ ਦੇਖ਼ ਕੇ ਵੀ ਚੁੱਪ ਬੈਠੀਦਾ,
ਕਰ-ਕਰ ਕੇ ਵੱਡਾ ਜੇਰਾ ਹੀ,
ਤੂੰ ਮਾਰਕੇ ਬੰਦਾ ਖੜ੍ਹੀ ਰਹੇਂ,
ਕੀ ਪੁਲ਼ਸ ਵਿਗਾੜੂ ਤੇਰਾ ਹੀ,
ਕੀ ਅਸਰ ਲਾਹਨਤਾਂ ਪਾਈਆਂ ਤੇ,
ਸਭ ਸੰਗਾਂ-ਸ਼ਰਮਾਂ ਲਾਹੀਆਂ ਤੇ,
ਕੀ ਲਾਭ ਖਾਲੀ ਥਾਂ ਭਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ

ਉਹ ਵਕ਼ਤ ਕਦੋਂ ਦੱਸ ਆਏਗਾ,
ਜਦ ਮੈਨੂੰ ਮਾਰੇਂਗੀ ਤੂੰ,
ਬੂਹੇ ਨਾ ਆਂਵੀਂ ਸਾਡੇ ਨੀਂ,
ਖੁਦ ਮਾਰੀ ਜਾਵੇਂਗੀ ਤੂੰ,
ਤੂੰ ਬੋਲਣ ਆਂਵੀਂ ਧਾਵਾ ਨੀਂ,
ਤੈਨੂੰ ਮੈਂ ਪਿਲਾਊਂ ਕਾਹਵਾ ਨੀਂ,
ਯਸ਼ੂ ਜਾਨ ਤੋਂ ਹਰਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ,
ਮੈਨੂੰ ਬਿਨਾਂ ਗੱਲ ਤੋਂ ਸ਼ੌਕ ਨਹੀਂ,
ਲੋਕਾਂ ਨਾਲ਼ ਲੜਨੇ ਦਾ,
ਮੈਨੂੰ ਡਰ ਮੌਤ ਦਾ ਨਹੀਂ,
ਮੈਨੂੰ ਡਰ ਹੈ ਮਰਨੇ ਦਾ

3. ਬੱਬਰ ਸ਼ੇਰ

ਸਾਡੀ ਅਣਖ਼ ਹਾਲੇ ਤੱਕ ਜਿਊਂਦੀ ਏ,
ਮਾਂ ਬੱਬਰ ਸ਼ੇਰ ਬਣਾਉਂਦੀ ਏ,
ਤਾਹੀਓਂ ਡਰਕੇ ਗਿੱਦੜਾਂ ਵਾਲੀ,
ਹਾਮੀ ਭਰਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਭਰਮਾਂ ਤੋਂ ਪਰਦਾ ਹੈ ਚੱਕਿਆ,
ਸਾਡੇ ਸਿਰ ਤੇ ਵੀ ਹੱਥ ਰੱਖਿਆ,
ਜੋ ਸਾਨੂੰ ਸਿੱਖਿਆ ਦਿੱਤੀ ਹੈ,
ਨਾ ਸਾਥੋਂ ਖੋਹ ਕੋਈ ਸਕਿਆ,
ਕੁੱਝ ਜਾਣਾ ਕਰਕੇ ਵੀਰੋ,
ਐਵੇਂ ਮਰਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

ਬੈਠੇ ਜੋ ਰਿਸ਼ਵਤਖੋਰ ਬੜੇ,
ਹਨ ਲੀਡਰ ਘੱਟ ਤੇ ਚੋਰ ਬੜੇ,
ਸਭਨਾਂ ਦਾ ਖ਼ਾਤਮਾ ਕਰਨਾ ਹੈ,
ਇਹਨਾਂ ਪਿੱਛੇ ਨੇ ਹੋਰ ਬੜੇ,
ਕੰਮ ਬਣਨਾ ਨਹੀਂ ਯਸ਼ੂ ਜਦ ਤੱਕ,
ਆਪਾਂ ਅੜਦੇ ਨਾਂ,
ਅਸੀਂ ਭੀਮ ਰਾਓ ਦੇ ਸ਼ੇਰ,
ਕਿਸੇ ਤੋਂ ਡਰਦੇ ਨਾਂ,
ਅਸੀਂ ਭੀਮ ਦੇ ਬੱਬਰ ਸ਼ੇਰ,
ਗ਼ੁਲ਼ਾਮੀ ਕਰਦੇ ਨਾਂ

4. ਪੁਲਵਾਮਾ ਹਮਲਾ

ਕਿਸੇ ਨੇ ਕੀਤਾ ਸੌਦਾ ਦੇਸ਼-ਜਵਾਨਾਂ ਦਾ,
ਕੀ ਮੁਕ਼ਾਬਲਾ ਦੱਸੋ ਭੇਡਾਂ-ਸਾਂਨ੍ਹਾਂ ਦਾ,
ਹੋਇਆ ਫਿਰਦਾ ਸਾਰਾ ਪਾਕਿਸਤਾਨ ਕਮਲ਼ਾ,
ਯਾਦ ਰਹੂਗਾ ਸਾਨੂੰ ਵੀ ਪੁਲਵਾਮਾ ਹਮਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ................

ਰੰਜਿਸ਼ ਯਾਦ ਕਰਾਤੀ ਕਾਹਤੋਂ ਪਿਛਲੀ-ਅਗਲੀ,
ਪਰਦੇ ਕਰਨੇ ਫ਼ਾਸ਼ ਤੁਹਾਡੇ ਅਸਲੀ-ਨਕਲੀ,
ਹੁਣ ਸਾਡੇ ਹੱਥ ਤੁਹਾਡੀ ਕਿਸਮਤ ਵਾਲ਼ੀ ਚਾਬੀ,
ਡੁੱਲ੍ਹ-ਡੁੱਲ੍ਹ ਹੋਇਆ ਸਾਡੇ ਖ਼ੂਨ ਦਾ ਰੰਗ ਗ਼ੁਲਾਬੀ,
ਕਿਸੇ ਦੀ ਜਾਨ ਤੋਂ ਵੱਡਾ ਨਹੀਂ ਕਸ਼ਮੀਰੀ ਮਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ.................

ਤੁਸੀਂ ਤਾਂ ਤਾਕਤ ਸਾਡੀ ਦੇਖੀ ਨਹੀਂ ਹਾਲੇ,
ਹੁਣ ਦੇਖਿਓ ਕਿੱਦਾਂ ਤੋਰਨਾਂ ਪੈਰੀਂ ਪਾ ਛਾਲੇ,
ਮਦਦ ਤੇ ਸਹਿਯੋਗ ਦੀ ਕੋਈ ਭੱਲ ਪਚੀ ਨਾਂ,
ਇੱਜ਼ਤ ਤੇ ਭਾਈਆਂ ਵਾਲ਼ੀ ਵੀ ਗੱਲ ਬਚੀ ਨਾਂ,
ਬੱਚਾ-ਬੱਚਾ ਖੜ੍ਹਾ ਹੋ ਜਾਊ ਚੁੱਕ ਕੇ ਅਸਲਾ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ.......................

ਨਹੀਓਂ ਦੇਣਾ ਹੋਣ ਤਿਰੰਗਾ ਝੰਡਾ ਨੀਲਾ,
ਯਸ਼ੂ ਜਾਨ ਕਰਨਾ ਪੈਣਾ ਕੋਈ ਪੱਕਾ ਹੀਲਾ,
ਹੱਥਾਂ ਉੱਤੇ ਧਰਕੇ ਹੱਥ ਨਹੀਂ ਬਹਿਣਾ ਵਿਹਲੇ,
ਨਹੀਓਂ ਲੱਗਣ ਦੇਣੇ ਹੁਣ ਸ਼ਮਸ਼ਾਨੀਂ ਮੇਲੇ,
ਭੁਲਣੀਆਂ ਨਹੀਂ ਸਾਨੂੰ ਉਹ ਰੂਹਾਨੀਂ ਸ਼ਕਲਾਂ,
ਦੱਸਾਂਗੇ ਹੁਣ ਕਿੱਦਾਂ ਕਰੀਦਾ ਪਿੱਛਿਓਂ ਹਮਲਾ,
ਯਾਦ ਰਹੂਗਾ...............

5. ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ

ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ?

ਜਿਸ ਵੇਲੇ ਕੋਈ ਜ਼ਹਿਰ ਨੂੰ ਵੰਡੇ,
ਤੇ ਨਾਲ਼ ਵਿਛਾਵੇ ਰਾਹ ਵਿੱਚ ਕੰਡੇ,
ਉਸ ਵੇਲ਼ੇ ਇਹ ਵੱਧ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ?

ਆਪਣਾ ਘਰ ਹੀ ਘਰ ਚੋਂ ਕੱਢੇ,
ਜਦ ਜੀਭ ਅਸਾਡੀ ਸਾਨੂੰ ਵੱਢੇ,
ਐਸੀ ਖ਼ੁਮਾਰੀ ਤਦ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ?

ਦਰਜ਼ੀ ਕਰਦਾ ਆਪਣੀ ਮਰਜ਼ੀ,
ਤੇ ਕੱਪੜਾ ਕੱਟੇ ਨਾਪ ਲੈ ਫ਼ਰਜ਼ੀ,
ਤੇ ਧੌਣ ਧਾਗੇ ਨਾਲ਼ ਵੱਢ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ?

ਜੇ ਯਮ ਨਾ ਕੱਢੇ ਕਿਸੇ ਪ੍ਰਾਣ ਨੂੰ,
ਤੇ ਕਲਮ ਸਤਾਵੇ ਯਸ਼ੂ ਜਾਨ ਨੂੰ,
ਨਾਂ ਹੱਥਾਂ ਵਿੱਚੋਂ ਛੱਡ ਹੁੰਦੀ ਹੈ,
ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ,
ਹਾਂ ਹੁੰਦੀ ਹੈ ਪਰ ਕਦ ਹੁੰਦੀ ਹੈ ?

6. ਪੈਸੇ ਦੇ ਹੱਥ-ਪੈਰ

ਮੈਨੂੰ ਹੁੰਦੀ ਏ ਹੈਰਾਨੀ ਇਸ ਕਾਗ਼ਜ਼ ਦੇ ਉੱਤੇ,
ਸਦਾ ਰਹਿੰਦੀ ਏ ਜਵਾਨੀ ਇਸ ਕਾਗ਼ਜ਼ ਦੇ ਉੱਤੇ,
ਲੈਦੀ ਹੈ ਜ਼ਮੀਰ ਉਸ ਬੰਦੇ ਦਾ ਖ਼ਰੀਦ,
ਜਿਹਨੂੰ ਲਵੇ ਘੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ।

ਉੁਹ ਖਿਡਾਰੀ ਹੋਣ ਪੱਕੇ, ਜਿਹਨਾਂ ਕੋਲ਼ ਨਹੀਓਂ ਯੱਕੇ,
ਤਾਂ ਵੀ ਜਿੱਤ ਲੈਣ ਬਾਜ਼ੀ, ਸਿੱਕੇ ਖੋਟਿਆਂ ਦੇ ਧੱਕੇ,
ਭਰੀਆਂ ਤਿਜ਼ੋਰੀਆਂ ਦੀ ਕਰ ਦਏ ਸਫ਼ਾਈ,
ਨਿੱਕੀ ਜਿਹੀ ਦੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ।

ਮਾਇਆ ਕਰਨੀ ਨਾ ਦਾਨ, ਝੱਲ ਲੈਣਾ ਨੁਕਸਾਨ,
'ਯਸ਼ੂ' ਗ਼ਲਤੀ ਹੈ ਭਾਰੀ, ਸੱਚ ਬੋਲਦੀ ਜ਼ੁਬਾਨ,
ਗ਼ਲਤੀ ਜੇ ਹੋਈ, ਰੱਬਾ ਮਾਫ਼ ਕਰ ਦੇਵੀਂ,
ਸਾਨੂੰ ਇੱਕ ਵੇਰ ਜੀ,
ਹੱਥ ਅਤੇ ਪੈਰ ਪੈਸਿਆਂ ਦੇ ਹੁੰਦੇ ਨਾ,
ਚੱਲਦੇ ਨੇ ਫੇਰ ਵੀ।

7. ਬੰਦਾ

ਪਹਿਲਾਂ ਘਰਾਂ ਨੂੰ ਉਜਾੜਦੀ ਸ਼ਰਾਬ,
ਫਿੱਕ ਪਾਉਣ ਫਿਰ ਆਪਣੇ ਭਰਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ।

ਮਿਲਦਾ ਨਾ ਕਿਸੇ ਪਿੰਡ ਪਾਣੀ ਪੀਣ ਲਈ,
ਉੱਥੇ ਫੇਸਬੁੱਕ ਬੜੀ ਏ ਜ਼ਰੂਰੀ ਜੀਣ ਲਈ,
ਇੱਕ ਚੱਲੀ ਆ ਬਿਮਾਰੀ ਵੱਟਸ ਅੱਪ,
ਜਿਹਦੀ ਯਾਰੋ ਕੋਈ ਨਾ ਦਵਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ।

ਜਿਹਨਾਂ ਨੂੰ ਜਿਤਾਕੇ ਵੋਟਾਂ ਖੂਹ ਵਿੱਚ ਪਾਈਆਂ,
ਖਾ ਗਏ ਉਹ ਦੁੱਧ ਉੱਤੋਂ ਲਾਹ ਕੇ ਮਲ਼ਾਈਆਂ,
ਉਹਦੀ ਫੋਟੋ ਮੂਹਰੇ ਬੈਠਕੇ ਸ਼ਰਾਬ ਪੀਣ,
ਗਾਂਧੀ ਨੂੰ ਜੋ ਮੰਨਦੇ ਖ਼ੁਦਾ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ।

ਢੋਂਗੀ ਬਾਬਿਆਂ ਨੇ ਕਰ ਦਿੱਤੀ ਜ਼ਿੰਦਗ਼ੀ ਖ਼ਰਾਬ,
ਵੇਖੋ ਰੱਖਤੇ ਬਣਾਕੇ ਨੰਗ ਸਿਰੇ ਦੇ ਨਵਾਬ,
ਯਸ਼ੂ ਸੱਚ ਲਿਖਣੇ ਸਜ਼ਾ ਮਿਲਣੀ ਏ ਭੈੜੀ,
ਐਂਵੇਂ ਕਰ ਨਾ ਗ਼ੁਨਾਹ,
ਜਦ ਬੰਦਾ ਮਿਲਦਾ ਨਾ ਬੰਦੇ ਨੂੰ,
ਤਾਂ ਰੱਬ ਨੇ ਕੀ ਮਿਲਣਾ ਸਵਾਹ।

8. ਸ਼ਾਤਿਰ ਇਨਸਾਨ

ਅੱਜ ਸ਼ਾਤਿਰ ਇਨਸਾਨ ਹੈ ਤੇ ਭਟਕਿਆ ਨਗਰ ਹੈ,
ਜਿਸਨੂੰ ਨਾ ਰੱਬ ਦਾ,
ਨਾ ਕਾਨੂੰਨ ਦਾ ਡਰ ਹੈ,
ਅੱਜ………………

ਸਿਆਸਤੀ, ਮਤਲਬੀ, ਘਮੰਡੀ, ਸੁਭਾਅ ਹੈ ਇਸਦਾ,
ਆਪਣੀ ਹੀ ਪ੍ਰਵਿਰਤੀ ਤੋਂ,
ਕਿਉਂ ਬੇ-ਖ਼ਬਰ ਹੈ,
ਜਿਸਨੂੰ………………

ਹੱਦਾਂ ਟੱਪ ਬੇ-ਹੱਦ ਕੀਤੀ ਹੋਈ ਅੱਤ ਦਾ,
ਖ਼ਤਰਨਾਕ ਤੇ ਹੁੰਦਾ ਬੁਰਾ
ਹੀ ਹਸ਼ਰ ਹੈ,
ਜਿਸਨੂੰ………………

ਕੰਧਾਂ ਝੂਠ ਦੀਆਂ ਤੇ ਛੱਤਾਂ ਨੇ ਤਿਲਕਵੀਆਂ,
ਕਿਸ ਤਰਾਂ ਕਰ ਰਿਹਾ,
ਜ਼ਿੰਦਗ਼ੀ ਬਸਰ ਹੈ,
ਜਿਸਨੂੰ…………………

ਕਿ ਕੋਈ ਭੂਤ-ਚੁੜੇਲ ਡਾਕਿਨੀ-ਸ਼ਾਕਿਨੀ ਵਾਲੀ,
ਹੋਈ ਇਸ ਮਤਲਬਪ੍ਰਸਤ
ਨੂੰ ਕਸਰ ਹੈ,
ਜਿਸਨੂੰ………………

ਕਰਤੱਵਾਂ ਨੂੰ ਭੁੱਲਕੇ ਮੰਗਦਾ ਹੱਕ ਹੈ ਪੂਰੇ,
ਨਾ ਮਿਲਣ ਤੇ ਬਣ ਕ੍ਰੋਧੀ,
ਮਚਾਉਂਦਾ ਗ਼ਦਰ ਹੈ,
ਜਿਸਨੂੰ………………

ਤੀਰੋਂ ਤਿੱਖੇ ਤੇਰੇ ਸ਼ਬਦਾਂ ਦਾ ਯਸ਼ੂ ਜਾਨ,
ਇਸਦੇ ਪੱਥਰ ਦਿਲ-ਦਿਮਾਗ਼ ਤੇ,
ਨਾ ਕੋਈ ਅਸਰ ਹੈ,
ਜਿਸਨੂੰ……………

9. ਹੱਕ ਕਦੋਂ ਦੇ ਉਡੀਕਦੇ

ਤੋੜਕੇ ਗ਼ਲਾਮੀ ਦੀਆਂ ਸਾਰੀਆਂ ਜ਼ੰਜੀਰਾਂ,
ਹੱਕ ਲੈਣੋਂ ਡਰਨਾ ਨਹੀਂ ਭੈਣਾਂ ਅਤੇ ਵੀਰਾਂ,
ਤੁਸੀਂ ਵਿੱਦਿਆ ਉਚੇਰੀ ਬੱਚਿਆ ਨੂੰ ਦਿਵਾਓ,
ਸਦੀਆਂ ਤੋਂ ਸੁੱਤੀ ਹੋਈ ਕੌਮ ਨੂੰ ਜਗਾਓ,
ਸਾਨੂੰ ਮੰਗਿਆ ਕਰੋ ਤੁਸੀਂ ਹਿੱਕ ਤਾਣਕੇ,
ਹੱਕ ਕਦੋਂ ਦੇ ਉਡੀਕਦੇ
ਸੁਣੋਂ ਦਲਿਤ ਵੀਰੋ ਸਾਨੂੰ ਲੈ ਜਾਓ ਆਣਕੇ,
ਹੱਕ ਕਦੋਂ ਦੇ…………………

ਗੱਲ ਉਦੋਂ ਹੀ ਬਣੇਗੀ ਜਦੋਂ ਹੋਵੋਗੇ ਚੁਕੰਨੇ,
ਕੰਮ ਨਹੀਂਓਂ ਆਉਣੇ ਮੰਦਰਾਂ ਤੇ ਮੱਥੇ ਭੰਨੇ,
ਥੋੜ੍ਹਾ-ਥੋੜ੍ਹਾ ਕਰ ਘੜਾ ਭਰ ਲ਼ਓ ਗ਼ਿਆਨ ਦਾ,
ਸਭ ਨਾਲ਼ੋਂ ਉੱਚਾ ਅਹੁਦਾ ਹੁੰਦਾ ਵਿਦਵਾਨ ਦਾ,
ਲੈ ਜਾਓ ਕੋਹੀਨੂਰ ਕੋਲਿਆਂ ਚੋਂ ਛਾਣਕੇ,
ਹੱਕ ਕਦੋਂ ਦੇ…………………

ਚਲੋ ਜਾਨਵਰਾਂ ਦਾ ਤਾਂ ਕੰਮ ਲੋਟ-ਪੋਟ ਆ,
ਪਰ ਥੋਨੂੰ ਤਾਂ ਸੋਚਣ ਲਈ ਮਿਲੀ ਸੋਚ ਆ,
ਸੂਰਮੇ ਬਣੋ ਤੇ ਬੁਜ਼ਦਿਲੀ ਨੂੰ ਤਿਆਗੋ
ਅਸੀਂ ਮਾਰ ਰਹੇ ਨਾਅਰਾ ਹੁਣ ਜਾਗੋ-ਜਾਗੋ,
ਹੁਣ ਮਨ ਵਿੱਚ ਰਖੋ ਇੱਕੋ ਗੱਲ ਠਾਣਕੇ,
ਹੱਕ ਕਦੋਂ ਦੇ…………………

ਰਾਜ ਲੋਕਾਂ ਦਾ ਤੇ ਸੱਤਾ ਵੀ ਹੈ ਲੋਕਤੰਤਰੀ,
ਜੀ ਥੋਡੇ ਬੱਚੇ ਵੀ ਬਣਨਗੇ ਪ੍ਰਧਾਨ ਮੰਤਰੀ,
ਬਚਿਓ ਸਿਆਸਤੀ ਨਾ ਥੋਨੂੰ ਠੱਗ ਜਾਣ,
ਸ਼ੇਰਾਂ ਵਾਂਗਰਾਂ ਦਹਾੜੋ ਭੇਡਾਂ ਦੂਰ ਭੱਜ ਜਾਣ,
ਜ਼ਿੰਦਗ਼ੀ ਬਿਤਾਓ ਖ਼ੁਸ਼ੀਆਂ ਹੀ ਮਾਣਕੇ,
ਹੱਕ ਕਦੋਂ ਦੇ…………………

ਯਸ਼ੂ ਜਾਨ ਦੀ ਦੱਸੀ ਗੱਲ ਪਾ ਲਿਓ ਖ਼ਾਨੇ,
ਅੱਜ-ਕੱਲ੍ਹ ਵਾਲ਼ੇ ਲਗਾਇਓ ਨਾ ਬਹਾਨੇ,
ਸੱਚੀ ਏਕਤਾ 'ਚ ਰਹਿਕੇ ਬਣੋ ਵੱਡੀ ਸ਼ਕਤੀ,
ਜਾਵੋ ਦੂਰੋਂ ਹੀ ਪਛਾਣੇ ਐਸੀ ਹੋਵੇ ਹਸਤੀ,
ਕਿਤੇ ਸੁੱਤੇ ਨਾ ਰਹਿਓ ਐਵੇਂ ਜਾਣ-ਜਾਣਕੇ,
ਹੱਕ ਕਦੋਂ ਦੇ…………………

10. ਭੀਮ ਰਾਓ ਵਾਂਗ

ਰੋਜ਼ ਜਾਕੇ ਸਕੂਲ ਵਿੱਦਿਆ ਨੂੰ ਪੜ੍ਹਨਾ,
ਉੱਚਾ ਦੇਸ਼ ਅਤੇ ਮਾਪਿਆਂ ਦਾ ਨਾਂ ਕਰਨਾ,
ਮਿੱਥ ਲਓ ਤੁਸੀਂ ਇੱਕ ਹੀ ਨਿਸ਼ਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਭੀਮ ਰਾਓ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ ਪੂਰਾ ਮਨ ਲਾਕੇ,
ਬਾਬਾ ਸਾਹਿਬ ਵਾਂਗ ਬਣੋ ਵਿਦਵਾਨ ਬੱਚਿਓ,
ਪੜ੍ਹੋ………………………

ਅਧਿਆਪਕਾਂ ਦਾ ਕਰੋ ਸਤਿਕਾਰ,
ਤੇ ਉਚੇ ਅਹੁਦਿਆਂ ਨੂੰ ਪਾ ਲਓ,
ਰੋਜ਼ ਮਾਪਿਆਂ ਦੇ ਪੈਰੀਂ ਹੱਥ ਲਾਕੇ,
ਸਵਰਗ ਨੂੰ ਥੱਲੇ ਲਾਹ ਲਓ,
ਹੋਊ ਸਾਰਿਆਂ ਤੋਂ ਵੱਖਰੀ ਪਛਾਣ ਬੱਚਿਓ,
ਪੜ੍ਹੋ………………………

ਬੁਰੀ ਆਦਤ ਨੂੰ ਕਦੇ ਅਪਣਾਓ ਨਾ,
ਚੰਗੀਆਂ ਨੂੰ ਪੱਲੇ ਬੰਨ੍ਹਣਾਂ,
ਕਰੋ ਮਦਦ ਜ਼ਰੂਰਤਮੰਦ ਦੀ,
ਸਿੱਧੀਆਂ ਰਾਹਾਂ ਤੇ ਚੱਲਣਾਂ,
ਹਰ ਕੋਈ ਥੋਨੂੰ ਆਖ਼ੇਗਾ ਮਹਾਨ ਬੱਚਿਓ,
ਪੜ੍ਹੋ………………………

ਲਓ ਡਿਗ਼ਰੀਆਂ ਮਿਹਨਤਾਂ ਦੇ ਸਿਰ ਤੇ,
ਨਕਲ ਕਦੇ ਨਾ ਮਾਰਿਓ,
ਪੈਰ ਸਫ਼ਲਤਾ ਚੁੰਮੇਗੀ ਤੁਹਾਡੇ,
ਗੁੱਡੀ ਅਸਮਾਨੀਂ ਚਾੜ੍ਹਿਓ,
ਸੱਚਾ ਰੱਖਿਓ ਸਦਾ ਹੀ ਇਮਾਨ ਬੱਚਿਓ,
ਪੜ੍ਹੋ………………………

ਖੇਡਾਂ ਵੱਲ ਵੀ ਦੇਣਾ ਹੈ ਧਿਆਨ,
ਕਿਤਾਬੀ ਕੀੜਾ ਨਹੀਓਂ ਬਣਨਾ,
ਜਿਹੜੀ ਪੜ੍ਹੀ ਹੈ ਕਿਤਾਬ ਵਿੱਚ ਗੱਲ,
ਉਹਦਾ ਅਭਿਆਸ ਕਰਨਾ,
ਦਿਓ 'ਯਸ਼ੂ' ਦੀ ਗੱਲ ਤੇ ਧਿਆਨ ਬੱਚਿਓ,
ਪੜ੍ਹੋ………………………

11. ਹਕੀਕਤ

ਸ਼ਮਸ਼ਾਨ ਦੀ ਹੱਦ ਕੋਲ਼ੋਂ,
ਛੱਡ ਗਏ ਸਾਥ ਪਰਾਏ,
ਜੰਮਦੇ ਨੂੰ ਪਾਈਆਂ ਜੱਫ਼ੀਆਂ,
ਮਰੇ ਦੇ ਨੇੜੇ ਨਾ ਆਏ,
ਸ਼ਮਸ਼ਾਨ…………

ਰਿਸ਼ਤੇਦਾਰਾਂ ਨੂੰ ਡਰ ਲੱਗਿਆ,
ਚਿੰਬੜ ਨਾ ਜਾਵੇ ਮਰਿਆ,
ਪਿੱਛੇ ਹਟ ਗਏ ਚਾਚੇ-ਤਾਏ,
ਜੰਮਦੇ ਨੂੰ……………

ਧੰਨ ਦੌਲਤ ਐਵੇਂ ਰਿਹਾ ਸਾਂਭਦਾ,
ਪਰ ਚੰਗੇ ਕਰਮਾਂ ਬਿਨਾਂ,
ਕੁਝ ਵੀ ਸਾਥ ਨਾ ਜਾਏ,
ਜੰਮਦੇ ਨੂੰ ……………

ਆਖਦੇ ਸੀ ਤੂੰ ਰੱਬ ਤੂੰ ਖ਼ੁਦਾ,
ਸਿਵਿਆਂ ਦੀ ਅੱਗ ਨਾ ਬੁਝੀ,
ਹੋਰਾਂ ਨਾਲ਼ ਯਾਰਾਨੇ ਲਾਏ,
ਜੰਮਦੇ ਨੂੰ……………

ਭਾਲ਼ ਨਾ ਕੀਤੀ ਮੈਂ ਮੁਰਸ਼ਦ ਦੀ,
ਮਹਿੰਗੇ ਪਏ 'ਯਸ਼ੂ ਜਾਨ',
ਖਾ ਪੀ ਕੇ ਵਕਤ ਲੰਘਾਏ,
ਜੰਮਦੇ ਨੂੰ……………

12. ਰੱਬ ਦਾ ਘਰ

ਜਾਲ਼ ਕਸੂਤੇ ਬੁਣ ਕੇ,
ਵਿੱਚ ਲਈ ਦੇਹ ਫਸਾ,
ਬਾਹਰ ਬਾਲ਼ ਕੇ ਦੀਵੇ,
ਤੂੰ ਅੰਦਰੋਂ ਲਏ ਬੁਝਾ।

ਜਾਂ ਤੂੰ ਮੇਰੇ ਮੂਹਰੇ ਆ,
ਜਾਂ ਤੂੰ ਮੈਨੂੰ ਕੋਲ਼ ਬੁਲਾ,
ਜਾਂ ਤੂੰ ਕਰ ਇਸ਼ਾਰਾ ਕੋਈ,
ਜਾਂ ਪਿੰਡ ਦਾ ਦੱਸ ਪਤਾ।

ਕਿੱਥੇ ਹੈਂ? ਕਿਸ ਦੇ ਕੋਲ਼,
ਲੁਕਿਆ ਮਾਰ ਬਹਾਨਾ,
ਕੀ ਹੈ ਮਕਾਨ ਨੰਬਰ ਤੇਰਾ?
ਤੇ ਕਿਹੜਾ ਡਾਕਖ਼ਾਨਾ?

ਜੇ ਮਿਲਣਾ ਕਿੱਥੇ ਆਵਾਂ?
ਕੀ ਸੱਦਾਂ ਆਵਾਜ਼ ਲਾਵਾਂ?
ਨਾ ਲੱਭੇਂ ਤਾਂ ਕੋਸਾਂ ਖ਼ੁਦ ਨੂੰ,
ਯਸ਼ੂ ਜਾਂ ਦੱਸਾਂ ਮੁਰਸ਼ਦ ਨੂੰ।

13. ਆਜ਼ਾਦ ਭਾਰਤ

ਥੱਲੇ ਡਿੱਗਦਾ ਜਾ ਰਿਹੈ ਸਿੱਖਿਆ ਦਾ ਮਿਆਰ,
ਨਫ਼ਰਤਾਂ ਨੇ ਪਾਏ ਪਾੜੇ ਬੈਠੇ ਭੁੱਲ ਪਿਆਰ,
ਰਾਜਨੀਤੀ ਅੰਦਰੋਂ-ਅੰਦਰੀ ਬਣੀ ਬੁਝਾਰਤ ਹੈ,
ਕਿੱਦਾਂ ਮੰਨਾਂ ਮੇਰਾ ਦੇਸ਼ ਆਜ਼ਾਦ ਭਾਰਤ ਹੈ,
ਕਿੱਦਾਂ………………………

ਨੀਹਾਂ ਨੇ ਕਮਜ਼ੋਰ ਕਿਉਂ ਹਰ ਇੱਕ ਚੀਜ਼ ਦੀਆਂ,
ਕੰਧਾਂ ਵੀ ਨੇ ਕੱਚੀਆਂ ਲੋਕਾਂ ਦੀ ਰੀਝ ਦੀਆਂ,
ਇੱਕ ਨਾ ਇੱਕ ਦਿਨ ਡਿੱਗਣੀ ਇਹ ਕੱਚੀ ਇਮਾਰਤ ਹੈ,
ਕਿੱਦਾਂ………………………

ਹੱਕ ਲੈਣ ਲਈ ਹੱਕ ਹੈ ਲੋਕਾਂ ਨੂੰ ਬੋਲਣ ਦਾ,
ਸੱਚ ਨੂੰ ਅਦਾਲਤ ਦੱਬੇ ਕੀ ਫ਼ਾਇਦਾ ਟੋਲ੍ਹਣ ਦਾ,
ਜਨਤਾ ਨੇ ਮਜਬੂਰ ਹੋ ਕੇ ਕਰਨੀ ਬਗ਼ਾਵਤ ਹੈ,
ਕਿੱਦਾਂ………………………

ਬਲ਼ਤਕਾਰ, ਠੱਗੀ, ਚੋਰੀ ਕੁਝ ਨਾ ਹੋਇਆ ਬੰਦ,
ਕਈ ਸਰਕਾਰਾਂ ਬਦਲੀਆਂ ਕੁਝ ਕੀਤਾ ਨਾ ਪ੍ਰਬੰਧ,
'ਯਸ਼ੂ ਜਾਨ ' ਰਾਜਨੀਤੀ ਕਿਸ ਤੇ ਆਧਾਰਿਤ ਹੈ,
ਕਿੱਦਾਂ………………………

14. ਸੰਵਿਧਾਨ

ਸੰਵਿਧਾਨ ਲਾਗੂ ਹੋਣ ਤੇ,
ਬੁਲਟ ਦੀ ਗੱਲ ਰੱਦ ਹੋਊ,
ਬਹੁਗਿਣਤੀ ਦਾ ਰਾਜ,
ਸਭ ਬੈਲਟ ਦੇ ਹੱਥ ਹੋਊ,
ਲੋਕੋ ਪੜ੍ਹ ਕੇ ਕਰੋ ਚੇਤਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ ਦਾ ਰਚੇਤਾ,
ਭਾਰਤ ਮਾਤਾ ਦਾ ਬੇਟਾ,
ਯਾਦ ਰੱਖਿਓ ਹਮੇਸ਼ਾ,
ਤੁਸੀਂ ਭੀਮ ਰਾਓ ਨੂੰ,
ਬਾਬਾ ਸਾਹਿਬ ਨੂੰ……

ਸੰਗਠਨ ਨਾ ਕੋਈ ਚੱਲੂ,
ਮਜ਼ਹਬ ਦੇ ਨਾਮ ਤੇ,
ਹੱਕ ਲੈ ਕੇ ਦੇਸ਼ ਵਾਸੀ,
ਪਹੁੰਚਣਗੇ ਮੁਕਾਮ ਤੇ,
ਬਲੀ ਵੇਦੀ ਤੇ ਚੜ੍ਹੇਗੀ,
ਸਦਾ ਹੀ ਭੇਡ ਬੱਕਰੀ,
ਸ਼ੇਰ ਕੌਮ ਦੀ ਪਛਾਣ,
ਹੋਊ ਸਾਰਿਆਂ ਤੋਂ ਵੱਖਰੀ,
ਮੰਨੋ ਸੱਚਾ-ਸੁੱਚਾ ਨੇਤਾ,
ਤੁਸੀ ਭੀਮ ਰਾਓ ਨੂੰ,
ਸੰਵਿਧਾਨ.................

ਦਲਿਤਾਂ ਗਰੀਬਾਂ ਦਾ ਸੀ,
ਸੱਚਾ ਯਾਰ ਭੀਮ ਰਾਓ,
ਜਿਹਨਾਂ ਦਾ ਦੁਖ ਪਾਇਆ,
ਨਾ ਸਹਾਰ ਭੀਮ ਰਾਓ,
ਲੜਦਾ ਰਿਹਾ ਉਹ ਯੋਧਾ,
ਦੇਸ਼ਵਾਸੀਆਂ ਦੇ ਵਾਸਤੇ,
ਸਾਰਿਆਂ ਨੂੰ ਕਿਹਾ ਚੱਲੋ,
ਸੱਚਾਈ ਦੇ ਰਾਸਤੇ,
ਦਿਓ ਯਸ਼ੂ ਜੀ ਸੰਦੇਸ਼ਾ,
ਤੁਸੀਂ ਭੀਮ ਰਾਓ ਨੂੰ,
ਸੰਵਿਧਾਨ…………

15. ਚੋਚਲੇ

ਅੱਜ ਦੇ ਨਿਆਣੇ ਸੰਸਕਾਰ ਭੁੱਲ ਗਏ,
ਨਸ਼ਿਆਂ ਤੋਂ ਵੱਧ ਪੱਬਜੀ ਤੇ ਡੁੱਲ੍ਹ ਗਏ,
ਗੁਰੂਆਂ ਦਾ ਯਾਰੋ ਸਤਿਕਾਰ ਭੰਨਕੇ,
ਗੋਰਿਆਂ ਦੇ ਚੋਚਲੇ ਮਨਾਉਣ ਮੰਨਕੇ,
ਫਰਵਰੀ ਨੌਂ ਨੂੰ ਇੱਕ ਕੇਸ ਹੋ ਗਿਆ,
ਚੌਕਲੇਟ ਡੇ ਤੇ ਗੈਂਗ ਰੇਪ ਹੋ ਗਿਆ।

ਝੂਠ ਬੋਲਕੇ ਨਾ ਕਦੇ ਘਰੋਂ ਨਿੱਕਲੋ,
ਮਾਪੇ ਤੁਸੀਂ ਕਰਤੇ ਬੇਗ਼ਾਨੇ ਮਿੱਤਰੋ,
ਦੱਸੀਏ ਜੇ ਸੱਚ ਕਿਹੜਾ ਮਾਰ ਦੇਣਗੇ,
ਥੋਡੇ ਵੈਰੀ ਨੂੰ ਉਹ ਸੂਲ਼ੀ ਚਾੜ੍ਹ ਦੇਣਗੇ,
ਦੱਸਣ ਲੱਗਾਂ ਮੈਂ ਯਾਰੋ ਗੱਲ ਕੱਲ੍ਹ ਦੀ,
ਮੈਂ ਦੇਖੀ ਲਾਲ ਰੰਗ ਪਿਛੇ ਡਾਂਗ ਚੱਲਦੀ।

ਭੋਲ਼ਾ-ਭਾਲ਼ਾ ਬੰਦਾ ਵੀ ਚਲਾਕੀ ਖੇਡਦਾ,
ਭਾਵੇਂ ਉਹ ਗਿਆਨੀ ਹੋਵੇ ਲੱਖ ਵੇਦ ਦਾ,
ਮਾੜੇ-ਮੋਟੇ ਬੰਦੇ ਤੋਂ ਵੀ ਪੈਂਦਾ ਡਰਨਾ,
ਕੰਧਾਂ ਨੇ ਵੀ ਸਿੱਖ਼ਿਆ ਪਹਾੜ ਬਣਨਾ,
ਹੋ ਜਾਊਗਾ ਜ਼ਮਾਨਾ ਯਸ਼ੂ ਵੈਰੀ ਜਾਨ ਦਾ,
ਜਿਹੜਾ ਬੰਦਾ ਸੱਚ ਵਾਲਾ ਪੱਲਾ ਤਾਣਦਾ।

16. ਕਾਹਲੀ

ਏਡੀ ਵੀ ਕੀ ਕਾਹਲੀ ਯਾਰਾ,
ਦੁਰਘਟਨਾ ਦਾ ਮੂੰਹ ਕਰ ਕਾਲਾ,
ਕੀ ਹੋਇਆ ਜੇ ਦੇਰ ਹੋ ਗਈ,
ਹੋਇਆ ਕੀ ਜੇ ਫੇਰ ਹੋ ਗਈ,
ਜਾਨ ਤੋਂ ਹੱਥ ਸੀ ਧੋਵਣ ਵਾਲ਼ਾ,
ਏਡੀ ਵੀ ਕੀ ਕਾਹਲੀ ਯਾਰਾ,
ਦੁਰਘਟਨਾ ਦਾ ਮੂੰਹ ਕਰ ਕਾਲਾ

ਤੇਰੇ ਪਿੱਛੇ ਮਾਂ-ਬਾਪ ਨੇ,
ਤੇਰੇ ਪਿੱਛੇ ਬੀਵੀ ਬੱਚੇ,
ਸ਼ਾਮੀਂ ਤੈਨੂੰ ਸਭ ਉਡੀਕਣ,
ਗਲ਼ੀ 'ਚ ਚੱਕਰ ਮਾਰਦੇ ਥੱਕੇ,
ਜਾਨੋ ਵਧਕੇ ਤੈਨੂੰ ਚਾਹੁੰਦੇ,
ਭਾਵੇਂ ਤੈਨੂੰ ਕੱਢਣ ਗਾਲਾਂ,
ਏਡੀ ਵੀ ਕੀ ਕਾਹਲੀ ਯਾਰਾ,
ਦੁਰਘਟਨਾ ਦਾ ਮੂੰਹ ਕਰ ਕਾਲਾ

ਭੈਣਾਂ ਤੇਰੇ ਰੱਖੜੀ ਬੰਨ੍ਹਣ,
ਤੈਨੂੰ ਦੇਣ ਦੁਆਵਾਂ ਵੀ,
ਇਹ ਰੱਖੜੀ ਦਾ ਧਾਗਾ ਬੰਨ੍ਹੇ,
ਡੋਰ ਨਾ ਟੁੱਟੇ ਸਾਹਾਂ ਦੀ,
ਨਾ ਹੀ ਗਰਮੀ ਲੂ ਬਣ ਲੱਗੇ,
ਨਾ ਹੀ ਲੱਗੇ ਤੈਨੂੰ ਪਾਲਾ,
ਏਡੀ ਵੀ ਕੀ ਕਾਹਲੀ ਯਾਰਾ,
ਦੁਰਘਟਨਾ ਦਾ ਮੂੰਹ ਕਰ ਕਾਲਾ

ਤੈਨੂੰ ਦੇਰ ਜੇ ਕੰਮ ਤੋਂ ਹੋਈ,
ਤਾਂ ਕੀ ਹੋ ਜਾਊ ਨੁਕਸਾਨ,
ਮਾਲਕ ਥੋੜ੍ਹੀਆਂ ਗਾਲਾਂ ਕੱਢੂ,
ਜਾਵੇਗੀ ਬਚ ਯਸ਼ੂ ਜਾਨ,
ਬਹੁਤਾ ਬੋਲ ਨਾ ਉੱਚਾ ਬੋਲੀਂ,
ਲਾਕੇ ਰੱਖੀਂ ਮੂੰਹ ਤੇ ਤਾਲਾ,
ਏਡੀ ਵੀ ਕੀ ਕਾਹਲੀ ਯਾਰਾ,
ਦੁਰਘਟਨਾ ਦਾ ਮੂੰਹ ਕਰ ਕਾਲਾ

17. ਸੂਫੀ ਕਲਾਮ

ਮੈਨੂੰ ਮੇਰੇ ਮੁਰਸ਼ਦ ਨੇ ਹਰ ਸਬਕ ਪੜ੍ਹਾਇਆ,
ਪਰ ਮੈਨੂੰ ਅਲਫ਼ ਅੱਲਾਹ ਤੋਂ ਅੱਗੇ ਕੁਝ ਨਾ ਆਇਆ,

ਮੈਂ ਲਿਖਦਾ ਸੀ ਅੱਖਾਂ ਬੰਦ ਕਰ ਸਾਰੇ ਅੱਖਰ,
ਇੱਕ ਦਿਨ ਮੂੰਹ ਤੇ ਬਿਰਹੋਂ ਵਾਲ਼ਾ ਵੱਜਾ ਥੱਪੜ,
ਮੈਂ ਐਵੇਂ ਲੋਕੋ ਮੁਰਸ਼ਦ ਦੇ ਨਾਲ਼ ਆਹਢਾ ਲਾਇਆ,
ਪਰ ਮੈਨੂੰ ਅਲਫ਼ ਅੱਲਾਹ ਤੋਂ ਅੱਗੇ ਕੁਝ ਨਾ ਆਇਆ,

ਹੌਲ਼ੀ-ਹੌਲ਼ੀ ਕਰਕੇ ਮੈਂ ਸਭ ਮੈਲਾਂ ਧੋਈਆਂ,
ਤਾਂ ਜਾ ਕਿਧਰੇ ਮੁਰਸ਼ਦ ਵੱਲੋਂ ਰਹਿਮਤਾਂ ਹੋਈਆਂ,
ਪਰ ਉਹਨੇ ਵੀ ਸੀ ਇਸਤੋਂ ਪਹਿਲਾਂ ਮੂਧਾ ਪਾਇਆ,
ਪਰ ਮੈਨੂੰ ਅਲਫ਼ ਅੱਲਾਹ ਤੋਂ ਅੱਗੇ ਕੁਝ ਨਾ ਆਇਆ,

ਚੰਗੀ ਇਸ਼ਕ ਚ ਜਾਨ ਯਸ਼ੂ ਨੇ ਠੋਕਰ ਖਾਧੀ,
ਮੱਕਾ, ਤੀਰਥ, ਘੁੰਮ ਆ ਗੰਗਾ ਰੋਇਆ ਪਾਂਧੀ,
ਸੱਭੇ ਇਲਮ ਦਾ ਬਾਦਸ਼ਾਹ ਮੀਮ ਨੇ ਆਣ ਬਣਾਇਆ,
ਪਰ ਮੈਨੂੰ ਅਲਫ਼ ਅੱਲਾਹ ਤੋਂ ਅੱਗੇ ਕੁਝ ਨਾ ਆਇਆ

18. ਬਾਜ਼ਾਰੂ ਦਾਅ

ਤੂੰ ਬੰਦਿਆ ਹੈਂ ਮਾਲਕ ਆਪਣੀ ਮਰਜ਼ੀ ਦਾ,
ਰੱਬ ਕਰਾਊ ਫੈਸਲਾ ਅਸਲੀ ਫਰਜ਼ੀ,
ਰੋਂਦੇ ਚਿਹਰੇ ਵੇਖ ਲੋਕਾਂ ਨੂੰ ਚੜ੍ਹਦਾ ਚਾਅ,
ਦੁਨੀਆਂ ਖੇਡੇ ਤੇਰੇ ਨਾਲ ਬਾਜ਼ਾਰੂ ਦਾਅ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ

ਤੇਰੇ ਘਰਦਿਆਂ ਬਹੁਤ ਉਮੀਦਾਂ ਲਾਈਆਂ ਨੇ,
ਟੁੱਟੀਆਂ ਬਾਹਾਂ ਮਿੱਤਰਾ ਗਲ਼ ਨੂੰ ਆਈਆਂ ਨੇ,
ਦੇਖੀਂ ਕਿਧਰੇ ਦੇਣ ਨਾ ਤੈਨੂੰ ਪੜ੍ਹਨੇ ਪਾ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ,
ਦੁਨੀਆਂ ਖੇਡੇ ਤੇਰੇ ਨਾਲ ਬਾਜ਼ਾਰੂ ਦਾਅ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ

ਬਿਨ ਖੰਭਾਂ ਤੋਂ ਕਿੰਝ ਉਡਾਰੀ ਲਾਵੇਂਗਾ,
ਕਿਹੜਾ ਮੂੰਹ ਲੈਕੇ ਤੂੰ ਘਰ ਜਾਵੇਂਗਾ,
ਲੋਕਾਂ ਨੇ ਤਾਂ ਵੰਡ ਲਿਆ ਏ ਰੱਬ ਖੁਦਾ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ,
ਦੁਨੀਆਂ ਖੇਡੇ ਤੇਰੇ ਨਾਲ ਬਾਜ਼ਾਰੂ ਦਾਅ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ

ਨਾਮ ਨਵਾਬਾਂ ਵਾਲੇ ਰੱਖ ਕੇ ਕੀ ਕਰਨੇ,
ਕੰਮ ਬਗ਼ੈਰ ਮਾਲਕੋਂ ਤੇਰੇ ਨਹੀਂ ਸਰਨੇ,
ਯਸ਼ੂ ਜਾਨ ਜੋ ਮਰਿਆਂ ਦੇ ਵਿੱਚ ਫ਼ੂਕੇ ਸਾਹ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ,
ਦੁਨੀਆਂ ਖੇਡੇ ਤੇਰੇ ਨਾਲ ਬਾਜ਼ਾਰੂ ਦਾਅ,
ਨਵੀਂ ਪੁਰਾਣੀ ਚੀਜ਼ ਵੇਚਦੇ ਇੱਕੋ ਭਾਅ

19. ਮੰਜ਼ਿਲਾਂ ਦੋ

ਮੈਂ ਰਸਤੇ ਚੁਣ ਲਏ ਉਹ,
ਜਿੱਥੇ ਮੰਜ਼ਿਲਾਂ ਵੀ ਸੀ ਦੋ,
ਦਿਲ ਆਖੇ ਇੱਕ ਵੱਲ ਹੋ,
ਮੇਰਾ ਦੋਹਾਂ ਦੇ ਵਿੱਚ ਮੋਹ

ਇੱਕ ਮੰਜ਼ਿਲ ਸੀ ਕੁਝ ਦੂਰ,
ਇੱਕ ਮੰਜ਼ਿਲ ਬਹੁਤੀ ਪਾਸ,
ਉੱਤੋਂ ਸ਼ੋਰ ਮਚਾਵੇ ਰਸਤਾ,
ਕੁਝ ਹੋਰ ਨਾ ਸੁੱਝੇ ਖਾਸ,
ਮੈਨੂੰ ਪੈਗਈ ਉਸਦੀ ਟੋਹ,
ਮੇਰੇ ਸਾਹਮਣੇ ਹੀ ਸੀ ਜੋ,
ਦਿਲ ਆਖੇ ਇੱਕ ਵੱਲ ਹੋ,
ਮੇਰਾ ਦੋਹਾਂ ਦੇ ਵਿੱਚ ਮੋਹ

ਫਿਰ ਸੋਚਿਆ ਜੋ ਹੈ ਦੂਰ,
ਉਸਨੂੰ ਲੈ ਆਵਾਂ ਕੋਲ਼,
ਜੋ ਲਾਗੇ ਦਿਸਦੀ ਮੈਨੂੰ,
ਹੈ ਗਲ਼ੇ ਚ ਪਾਇਆ ਢੋਲ,
ਮੈਂ ਜਲਦੀ ਲੈਣੀ ਛੋਹ,
ਕੋਈ ਕਿੱਦਾਂ ਲਵੇਗਾ ਖੋਹ,
ਦਿਲ ਆਖੇ ਇੱਕ ਵੱਲ ਹੋ,
ਮੇਰਾ ਦੋਹਾਂ ਦੇ ਵਿੱਚ ਮੋਹ

ਮੈਂ ਦੋਵੇਂ ਮੰਜ਼ਿਲਾਂ ਪਾਈਆਂ,
ਸੀ ਮਿਹਨਤ ਕੀਤੀ ਵੱਧ,
ਫਿਰ ਦੂਰੋਂ ਖਾਧਾ ਧੋਖਾ,
ਮੈਨੂੰ ਮਿਲ਼ਿਆ ਉਸਦਾ ਅੱਧ,
ਯਸ਼ੂ ਜਾਨ ਲਾਗੇ ਸੀ ਲੋਅ,
ਦੂਰੀ ਰਹੀ ਹਨ੍ਹੇਰਾ ਢੋਅ,
ਦਿਲ ਆਖੇ ਇੱਕ ਵੱਲ ਹੋ,
ਮੇਰਾ ਦੋਹਾਂ ਦੇ ਵਿੱਚ ਮੋਹ

20. ਤੋਹਫ਼ਾ

ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,

ਜ਼ਿੰਦਗ਼ੀ ਦੇ ਵਿੱਚ ਖ਼ੁਸ਼ ਜੇ ਰਹਿਣਾ,
ਪਿਛਲਾ ਸਭ ਕੁਝ ਭੁੱਲਣਾ ਪੈਣਾ,
ਵਕਤ ਦੀ ਤਾਂ ਆਦਤ ਹੀ ਹੈ,
ਮੁਸ਼ਕਿਲ਼ ਵੇਲੇ ਪਰਖ਼ਾਂ ਲੈਣਾ,
ਵਾਂਗ ਵਣਜਾਰੇ ਗਲੀ-ਗਲੀ ਵਿੱਚ ਹੋਕਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ,

ਲੋਕੀ ਤਾਂ ਰੱਬ ਨੂੰ ਠੱਗ ਆਉਂਦੇ,
ਫ਼ਿਰ ਆਪਾਂ ਤਾਂ ਇਨਸਾਨ ਕਹਾਉਂਦੇ,
ਜ਼ਿੰਦਗ਼ੀ ਪੰਗੇ ਲੈਂਦੀ ਰਹਿੰਦੀ,
ਅਣਖ਼ੀ ਬੰਦੇ ਨਹੀਂ ਪਛਤਾਉਂਦੇ,
ਹੱਥ ਫੜ੍ਹ ਉਹਨਾਂ ਦਾ ਅੰਮਿਤ੍ਰ ਦੇ ਵਿੱਚ ਗ਼ੋਤਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ,

ਸਾਡੇ ਗਲ ਵੀ ਕਈ ਸੌ ਫੰਦੇ,
ਆਪਾਂ ਕਿਹੜਾ ਚੰਗੇ ਬੰਦੇ,
ਜਿਹਨਾਂ ਦੇ ਹੱਥ-ਪੈਰ ਵੀ ਨਹੀਂ,
ਉਹ ਵੀ ਖ਼ੁਸ਼ ਹੋ ਕਰਦੇ ਧੰਦੇ,
ਇਹ ਨਾਂ ਸਮਝਿਓ "ਯਸ਼ੂ ਜਾਨ" ਨੂੰ ਧੋਖ਼ਾ ਦੇ ਰਿਹਾ ਹਾਂ,
ਤੁਹਾਨੂੰ ਤੁਹਾਡੇ ਜਨਮ ਦਿਨ ਤੇ ਇੱਕ ਤੋਹਫ਼ਾ ਦੇ ਰਿਹਾ ਹਾਂ,
ਗੱਲਾਂ ਸਭ ਪੁਰਾਣੀਆਂ ਭੁੱਲਕੇ ਜੀਣ ਦਾ ਮੌਕਾ ਦੇ ਰਿਹਾ ਹਾਂ,

21. ਘਰ ਤੁਰ ਜਾਣਾ

ਜਦ ਲਿਖੀ ਹੋਈ ਅੱਖਾਂ ਮੂਹਰੇ ਆ ਜਾਣੀ,
ਫਿਰ ਜ਼ੋਰ ਤੇ ਬਹਾਨਾ ਕੋਈ ਨਹੀਂ ਚੱਲਣਾ,
ਸਾਡੇ ਦੁਸ਼ਮਣਾਂ ਨੇ ਵੀ ਰੋਣਾਂ ਮਾਰ ਧਾਹਾਂ,
ਵਿਹੜਾ ਯਮਦੂਤਾਂ ਨੇ ਸਾਡਾ ਆਣ ਮੱਲਣਾ,
ਕਿਸੇ ਤੁਰਨਾ ਹੀ ਨਹੀਂ ਉਦੋਂ ਨਾਲ ਸਾਡੇ,
ਜਿਸ ਰਾਹ ਉੱਤੇ ਅਸੀਂ ਤੁਰ ਜਾਣਾ,
ਨਵੇਂ ਕੱਪੜੇ ਪਵਾਕੇ ਸਾਨੂੰ ਬੰਨ੍ਹ ਦੇਣਾ,
ਸਾਨੂੰ ਸਾੜ ਸਿਵੇ 'ਚ ਸਭ ਮੁੜ ਜਾਣਾ,
ਕੱਲ੍ਹ ਕਰਦਾ ਸੀ ਗੱਲਾਂ ਨਾਲ ਸਾਡੇ,
ਸੋਚ-ਸੋਚ ਲੋਕਾਂ ਨੇ ਪਹੁੰਚ ਧੁਰ ਜਾਣਾ

ਠੰਡਾ ਹੋ ਜਾਣਾ ਸਿਵਾ ਦਿਨ ਅਗਲੇ,
ਮਿੱਟੀ ਚੁੱਕ ਲੈਣੀ ਸੰਗੀ-ਸਾਥੀਆਂ ਨੇ,
ਹੱਡ ਪਾ ਦੇਣੇ ਉਹਨਾ ਵਿੱਚ ਗੰਗਾ,
ਮੱਥਾ ਟੇਕ ਦੇਣਾ ਖੜ੍ਹ ਬਾਕੀਆਂ ਨੇ,
ਯਸ਼ੂ ਜਾਨ ਨੂੰ ਪੈ ਜਾਣੀ ਜਾਨ ਦੇਣੀ,
ਹਵਾ ਵਿੱਚ ਹਵਾ ਬਣ ਉੱਡ ਜਾਣਾ,
ਕੱਲ੍ਹ ਕਰਦਾ ਸੀ ਗੱਲਾਂ ਨਾਲ ਸਾਡੇ,
ਸੋਚ-ਸੋਚ ਲੋਕਾਂ ਨੇ ਪਹੁੰਚ ਧੁਰ ਜਾਣਾ

22. ਬਾਬਾ

ਮੈਂ ਵੀ ਹੁਣ ਬਾਬਾ ਬਣ ਜਾਣਾ,
ਕੰਮ-ਕਾਰ ਤੇ ਲੱਭਦਾ ਨਹੀਂ,
ਜਨਤਾ ਭੋਲ਼ੀ ਨਹੀਓਂ ਮੰਨਦੀ,
ਜਦ ਤੱਕ ਕੋਈ ਠੱਗਦਾ ਨਹੀਂ,
ਮੈਂ ਵੀ ਹੁਣ ਬਾਬਾ ਬਣ ਜਾਣਾ,
ਕੰਮ-ਕਾਰ ਤੇ ਲੱਭਦਾ ਨਹੀਂ

ਧੁੱਪ ਦੇ ਵਿੱਚ ਮੈਂ ਘੋਰ ਤਪੱਸਿਆ ਕਰਨੀ ਲਾਕੇ ਧੋਤੀ,
ਸੰਗਤ ਆਖੂ ਬਾਬੇ ਕੋਲ ਤਾਂ ਸ਼ਕਤੀ ਬੜੀ ਅਨੋਖੀ,
ਮੇਰਾ ਕਿਸੇ ਬਾਬੇ ਵਾਂਗੂੰ ਤੀਜਾ ਨੇਤਰ ਜਗਦਾ ਨਹੀਂ,
ਮੈਂ ਵੀ ਹੁਣ ਬਾਬਾ ਬਣ ਜਾਣਾ,
ਕੰਮ-ਕਾਰ ਤੇ ਲੱਭਦਾ ਨਹੀਂ

ਗੋਲ-ਗੱਪੇ ਤੇ ਚਟਣੀ ਦੇ ਨਾਲ ਕਰੂੰ ਇਲਾਜ ਮੈਂ ਸਾਰੇ,
ਮੀਡੀਆ ਨੂੰ ਮੈਂ ਲਊਂ ਅੜਿੱਕੇ ਦਿਨੇ ਦਿਖਾਊਂ ਤਾਰੇ,
ਮੈਂ ਬਾਬੇ ਵਾਂਗੂੰ ਕੁੜੀਆਂ ਗ਼ੁਫ਼ਾ ਦੇ ਅੰਦਰ ਸੱਦਦਾ ਨਹੀਂ,
ਮੈਂ ਵੀ ਹੁਣ ਬਾਬਾ ਬਣ ਜਾਣਾ,
ਕੰਮ-ਕਾਰ ਤੇ ਲੱਭਦਾ ਨਹੀਂ

ਕਿਉਂ ਵੇਦਾਂ ਦੇ ਨਾਵਾਂ ਤੇ ਠੱਗਣ ਇੱਥੇ ਬੜੇ ਸਵਾਮੀ,
ਸੌਖਾ ਨਹੀਓਂ ਬਾਬਾ ਬਣਨਾ ਬੰਦਾ ਚਾਹੇ ਜਨਾਨੀ,
ਯਸ਼ੂ ਜਾਨ ਜੋ ਢੋਂਗ ਹੈ ਕਰਦਾ ਪੀਰ-ਪੈਗ਼ੰਬਰ ਫੱਬਦਾ ਨਹੀਂ,
ਮੈਂ ਵੀ ਹੁਣ ਬਾਬਾ ਬਣ ਜਾਣਾ,
ਕੰਮ-ਕਾਰ ਤੇ ਲੱਭਦਾ ਨਹੀਂ,

23. ਕੋਈ-ਕੋਈ ਜਾਣਦਾ

ਕੰਮ ਛੱਡਕੇ ਕਿਸੇ ਦਾ ਭਲਾ ਕਰਨਾ,
ਕੋਈ-ਕੋਈ ਜਾਣਦਾ,
ਚੂਰੀ ਪਾਉਣ ਲੱਗੇ ਢਿੱਲਾ ਰਿਹਾ ਪਿੰਜਰਾ,
ਜਦ ਭੁੱਲ ਜਾਈਏ ਲਾਉਣਾ ਉਹਨੂੰ ਜਿੰਦਰਾ,
ਫਿਰ ਉੱਡਦੇ ਪਰਿੰਦਿਆਂ ਨੂੰ ਫੜਨਾਂ,
ਕੋਈ-ਕੋਈ ਜਾਣਦਾ,
ਕੰਮ ਛੱਡਕੇ ਕਿਸੇ ਦਾ ਭਲਾ ਕਰਨਾ,
ਕੋਈ-ਕੋਈ ਜਾਣਦਾ

ਸਾਡੀ ਜ਼ਿੰਦਗ਼ੀ ਹੈ ਚਾਰ ਯੱਕੇ ਤਾਸ਼ ਦੇ,
ਹੋ ਜਾਣਗੇ ਹਵਾਲੇ ਸਭ ਰਾਖ਼ ਦੇ,
ਬੰਦਾ ਬਾਦਸ਼ਾਹ ਤੇ ਕਦੀ ਉਹ ਗ਼ੁਲ਼ਾਮ ਜੀ,
ਕਦੇ ਜੋਕਰਾਂ ਨੂੰ ਕਰਦਾ ਸਲ਼ਾਮ ਜੀ,
ਪਾਨ, ਚਿੜੀ, ਹੁਕਮ ਤੇ ਇੱਟ ਧਰਨਾਂ,
ਕੋਈ-ਕੋਈ ਜਾਣਦਾ,
ਕੰਮ ਛੱਡਕੇ ਕਿਸੇ ਦਾ ਭਲ਼ਾ ਕਰਨਾ,
ਕੋਈ-ਕੋਈ ਜਾਣਦਾ

ਨਵਾਂ-ਨਵਾਂ ਪੈਸਾ ਕਿਸੇ ਨੂੰ ਜੇ ਟੱਕਰੇ,
ਫਿਰ ਹੁੰਦੇ ਨੇ ਅੰਦਾਜ਼ ਉਹਦੇ ਵੱਖ਼ਰੇ,
ਹਰੇ ਨੋਟਾਂ ਪਿੱਛੇ ਘੁੰਮਦਾ ਦਿਮਾਗ਼ ਹੈ,
ਜ਼ਿੰਦਗ਼ੀ ਵੀ ਕਰ ਦਿੰਦਾ ਬਰਬਾਦ ਹੈ,
ਉਦੋਂ ਬੁਰਿਆਂ ਹਲਾਤਾਂ ਨਾਲ਼ ਲੜਨਾਂ,
ਕੋਈ-ਕੋਈ ਜਾਣਦਾ,
ਕੰਮ ਛੱਡਕੇ ਕਿਸੇ ਦਾ ਭਲਾ ਕਰਨਾ,
ਕੋਈ-ਕੋਈ ਜਾਣਦਾ

ਮੌਤ ਅਹੁਦਿਆਂ ਨੂੰ ਕਦੇ ਨਹੀਓਂ ਦੇਖਦੀ,
ਹੱਡ ਸਭ ਦੇ ਬਰਾਬਰ ਹੈ ਸੇਕਦੀ,
ਯਸ਼ੂ ਜਾਨ ਦੱਸ ਤੇਰਾ ਵੀ ਕੀ ਅਹੁਦਾ,
ਜਦ ਹੋ ਜਾਣੇ ਸੱਤ ਦੂਣੀ ਚੌਦਾਂ,
ਸੱਚ ਲਿਖਣਾ ਤੇ ਸੱਚੀ ਗੱਲ ਪੜ੍ਹਨਾਂ,
ਕੋਈ-ਕੋਈ ਜਾਣਦਾ,
ਕੰਮ ਛੱਡਕੇ ਕਿਸੇ ਦਾ ਭਲਾ ਕਰਨਾ,
ਕੋਈ-ਕੋਈ ਜਾਣਦਾ

24. ਝੰਡੇ ਸਰਕਾਰ ਦੇ

ਕੁਰਸੀ ਦੇ ਉੱਤੇ ਮਾਰ ਕੁੰਡਲੀ ਹਜ਼ੂਰ,
ਆਖਦੇ ਨੇ ਚੰਗੇ ਦਿਨ ਆਉਣਗੇ ਜ਼ਰੂਰ,
ਕਰੇ ਮੁਲਕ ਤਰੱਕੀ ਅਸੀਂ ਇਹੀ ਹਾਂ ਵਿਚਾਰਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ

ਚੁੱਪ-ਚੁੱਪ ਰਹਿਣ ਮੁੱਖ-ਮੰਤਰੀ ਜਨਾਬ,
ਕੈਬਨਿਟਾਂ ਨੇ ਵੀ ਲੁੱਟ ਖਾ ਲਿਆ ਪੰਜਾਬ,
ਲੰਮੀਆਂ ਕਾਰਾਂ 'ਚ ਤਾਹੀਓਂ ਪੈਰ ਨੇ ਪਸਾਰਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ

ਵਾਈ-ਫ਼ਾਈ ਕਰਨਾ ਫਰੀ ਦੇ ਵਿੱਚ ਲਾਗੂ,
ਦੱਸੋ ਭਲਾ ਇਹ ਕਿਹੜਾ ਤਾਸ਼ ਵਾਲਾ ਜਾਦੂ,
ਪਾਵਰ 'ਚ ਆਕੇ ਰੋਬ੍ਹ ਮੀਡੀਆ ਤੇ ਮਾਰਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ

ਪੈਸਿਆਂ ਦੇ ਨਾਲ਼ ਸਿਹਤਾਂ ਵੀ ਨੇ ਤਾਜ਼ੀਆਂ,
ਵੋਟਰਾਂ ਦੇ ਨਾਲ਼ ਹੋਣ ਚਾਲ-ਬਾਜ਼ੀਆਂ,
ਯਸ਼ੂ ਜਾਨ ਜਿਹੇ ਸਾਡੇ ਹਿੱਸੇ ਪਰਿਵਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ,
ਜਿੱਦਾਂ ਬੜੇ ਝੂਲਦੇ ਨੇ ਝੰਡੇ ਸਰਕਾਰ ਦੇ

25. ਵਾਪਿਸ ਆਏਂਗਾ

ਮੇਰੇ ਨਾਲ ਦਗ਼ਾ ਕਮਾਇਆ,
ਤੂੰ ਮੈਨੂੰ ਸਮਝ ਨਾ ਪਾਇਆ,
ਮੈਂ ਖਰੀ ਹੀ ਉਤਰਾਂਗੀ ਜਦ ਵੀ,
ਮੈਨੂੰ ਅਜ਼ਮਾਏਂਗਾ,
ਮੈਂ ਸ਼ਰਤ ਲਗਾਕੇ ਕਹਿੰਦੀ ਹਾਂ,
ਤੂੰ ਧੋਖਾ ਖਾਏਂਗਾ,
ਮੈਨੂੰ ਛੱਡਕੇ ਤੁਰ ਚੱਲਿਆਂ ਏਂ,
ਮੁੜ ਵਾਪਿਸ ਆਏਂਗਾ

ਮੈਂ ਤੈਨੂੰ ਪਾਉਣ ਲਈ,
ਲੋਕਾਂ ਦੇ ਸਹੇ ਨੇ ਤਾਹਨੇ,
ਜਦ ਤੈਨੂੰ ਮਿਲਣਾ ਧੋਖ਼ਾ,
ਆਖੇਂਗਾ ਮੇਰੀਏ ਜਾਨੇਂ,
ਤੂੰ ਸੱਚੀ ਸੀ ਤੇ ਮੈਂ ਝੂਠਾ,
ਕਹਿਕੇ ਪਛਤਾਏਂਗਾ,
ਮੈਂ ਸ਼ਰਤ ਲਗਾਕੇ ਕਹਿੰਦੀ ਹਾਂ,
ਤੂੰ ਧੋਖਾ ਖਾਏਂਗਾ,
ਮੈਨੂੰ ਛੱਡਕੇ ਤੁਰ ਚੱਲਿਆਂ ਏਂ,
ਮੁੜ ਵਾਪਿਸ ਆਏਂਗਾ,

ਤੂੰ ਵੇਖ-ਵੇਖ ਤਸਵੀਰਾਂ,
ਪੁੱਟੇਂਗਾ ਆਪਣੇ ਵਾਲ਼,
ਨਾ ਤੈਨੂੰ ਕਿਸੇ ਬੁਲਾਉਣਾ,
ਨਾ ਕਿਸੇ ਨੇ ਤੁਰਨਾ ਨਾਲ਼,
ਫਿਰ ਯਸ਼ੂ ਜਾਨ ਮੇਰੇ ਤੋਹਫ਼ਿਆਂ ਨੂੰ,
ਸੀਨੇ ਨਾਲ ਲਾਏਂਗਾ,
ਮੈਂ ਸ਼ਰਤ ਲਗਾਕੇ ਕਹਿੰਦੀ ਹਾਂ,
ਤੂੰ ਧੋਖਾ ਖਾਏਂਗਾ,
ਮੈਨੂੰ ਛੱਡਕੇ ਤੁਰ ਚੱਲਿਆਂ ਏਂ,
ਮੁੜ ਵਾਪਿਸ ਆਏਂਗਾ

26. ਜਵਾਨੀ

ਨਿੱਕਲੇ ਜਦੋਂ ਵੀ ਮੁੰਡਾ ਸੱਜ-ਧੱਜ ਕੇ,
ਆਪਣੇ ਪਿਓ ਨੂੰ ਅੱਖਾਂ ਦੱਸੇ ਕੱਢਕੇ,
ਹਰ ਵੇਲ਼ੇ ਰਹਿੰਦੀ ਫਿਰ ਸ਼ੀਸ਼ਾ ਭਾਲ਼ਦੀ,
ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ਦੀ

ਪਹੁੰਚਣ ਲੜਾਈ ਦੀਆਂ ਗੱਲਾਂ ਜਦ ਥਾਣੇ,
ਮਾਪਿਆਂ ਦੀ ਆਉਂਦੀ ਫਿਰ ਅਕਲ ਠਿਕਾਣੇ,
ਨਿੱਕੀ ਜਿਹੀ ਝਿੜਕ ਖ਼ੂਨ ਨੂੰ ਉਬਾਲਦੀ,
ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ਦੀ

ਤੇ ਅੱਧੀ-ਅੱਧੀ ਰਾਤੀਂ ਜਦ ਫੋਨ ਵੱਜਦਾ,
ਆਉਂਦੀ ਨਾ ਅਵਾਜ਼ ਕਹਿਕੇ ਥੱਲੇ ਭੱਜਦਾ,
ਲੋਕਾਂ ਦੇ ਉਲਾਂਭੇ ਰਹੇ ਮਾਂ ਟਾਲਦੀ,
ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ਦੀ

ਭੁੱਲਕੇ ਵੀ ਹੋਵੇ ਜੇ ਕੁੜੀ ਨੂੰ ਛੇੜਿਆ,
ਸਕਿਆਂ ਭਰਾਵਾਂ ਹੋਵੇ ਮੂਹਰੇ ਘੇਰਿਆ,
ਰੱਬ ਹੀ ਬਚਾਵੇ ਯਸ਼ੂ ਹਾਲ ਦੀ,
ਹੁੰਦੀ ਏ ਜਵਾਨੀ ਜਦ ਅਠਾਰਾਂ ਸਾਲ ਦੀ

27. ਸੋਹਣੀ ਤੇ ਸੁਨੱਖੀ ਨਾਰ

ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ,
ਚੁੱਕਦੇ ਨੇ ਫ਼ਾਇਦਾ ਮਜਬੂਰੀ ਦਾ ਜੇ ਹੋਵੇ ਉਹਨੂੰ ਤੰਗੀ ਮਿੱਤਰੋ,
ਵੱਡਿਆਂ ਅਮੀਰਜ਼ਾਦਿਆਂ ਨੇ ਸੰਗ ਕਿੱਲੀ ਉੱਤੇ ਟੰਗੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ………

ਸਦੀਆਂ ਤੋਂ ਪੈਂਦਾ ਆਇਆ ਰੌਲਾ ਇਹ ਲੋਕੋ ਕੋਈ ਹੁਣ ਦਾ ਨਹੀਂ,
ਗੂੰਗਾ, ਬੋਲਾ, ਅੰਨ੍ਹਾਂ ਰੱਬ ਵੇਖੇ ਨਾ ਤੇ ਕਦੇ ਕੁਝ ਸੁਣਦਾ ਨਹੀਂ,
ਪੀਰ ਤੇ ਫ਼ਕੀਰ ਸਾਊ ਬੰਦਿਆਂ ਤੋਂ ਵੱਧ ਹੋ ਗਏ ਭੰਗੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ ………

ਝੂਠੀਆਂ ਕਹਾਣੀਆਂ ਸੁਣਾਕੇ ਨੇਤਾ ਲੋਕੋ ਥੋੱਡਾ ਢਿੱਡ ਭਰਦੇ,
ਚੰਗੇ ਨੇਤਾ ਬੰਬ ਨਾਲ ਫ਼ੂਕ ਦਿੱਤੇ ਮਾੜੇ ਵੇਖੋ ਰਾਜ ਕਰਦੇ,
ਐਸਿਆਂ ਕਮੀਨਿਆਂ ਨੂੰ ਵੇਚ ਆਂਵਾਂ ਮੋਗੇ ਵਾਲੀ ਮੰਡੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ ………………

ਦੇਸ਼ ਦਿਆਂ ਮੁੰਡਿਆਂ ਨੂੰ ਆਸ਼ਕੀ ਦਾ ਚਿੰਬੜਿਆ ਭੂਤ ਚੰਦਰਾ,
ਕੁੜੀਆਂ ਦੀ ਅਕਲ ਤੇ ਲੱਗਦਾ ਏ ਮੈਨੂੰ ਲੱਗ ਗਿਐ ਜੰਦਰਾ,
ਕਰ ਦਿਓ ਮਾਫ਼ ਯਸ਼ੂ ਜਾਨ ਜੇ ਹੋਈ ਕਿਤੇ ਭੰਡੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ………………

28. ਨਜ਼ਰ

ਮੇਰੀ ਹੀ ਕਲਮ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ,
ਲਿਖੀ ਹਰ ਗ਼ਜ਼ਲ ਨੂੰ ਭਸਮ ਕਰ ਅੱਗ ਗਈ ਹੈ

ਅੱਖਰ ਵੀ ਮੇਰੇ ਕੋਲੋਂ ਹੁਣ ਤਾਂ ਮੂੰਹ ਛੁਪਾਉਂਦੇ ਨੇ,
ਸਿਆਹੀ ਨੂੰ ਵੀ ਲਗਦਾ ਕੋਈ ਸ਼ਰਮ ਠੱਗ ਗਈ ਹੈ

ਲਿਖਣ ਲੱਗਿਆਂ ਮੇਰੇ ਹੱਥਾਂ ਚੋਂ ਜਾਵੇ ਛੁੱਟਦੀ ਇਹ,
ਸ਼ਾਇਦ ਆਪਣੀ ਗ਼ੈਰਤ ਨੂੰ ਕਬਰਾਂ' ਚ ਦੱਬ ਗਈ ਹੈ

ਲਿਖਦੀ ਨਹੀਂ ਅੱਜ-ਕੱਲ੍ਹ ਇਹ ਮੇਰੀ ਸੋਚ ਦੇ ਮੁਤਾਬਿਕ,
ਚੰਦਰੀ ਐਸੇ ਕਾਰੇ ਕਰਕੇ ਜਲੂਸ ਹੀ ਕੱਢ ਗਈ ਹੈ

ਯਸ਼ੂ ਜਾਨ ਤੇਰਾ ਇਹ ਮਸਲਾ ਹੱਲ ਨਹੀਂ ਹੋ ਸਕਦਾ,
ਲੱਗੇ ਇੰਝ ਜਿਵੇਂ ਆਤਮਾ ਹੀ ਸ਼ਰੀਰ ਛੱਡ ਗਈ ਹੈ

29. ਸਾਡਾ ਬਣਕੇ ਰਹਿ

ਤੇਰਾ ਪਤਾ ਨਹੀਂ ਲੱਗਦਾ,
ਸਾਥੋਂ ਕੀ ਚਾਹੁੰਦਾ ਏਂ,
ਪਰਖਦਾ ਏਂ ਸਾਨੂੰ,
ਜਾਂ ਫਿਰ ਤੜਪਾਉਂਦਾ ਏਂ,
ਮਾਰਦੇ ਸਾਨੂੰ ਤੂੰ ਸੱਜਣਾ,
ਪਰ ਬੋਲ ਨਾ ਤਿੱਖੇ ਕਹਿ,
ਜੇ ਤੂੰ ਸਾਡਾ ਏਂ ਸੱਜਣਾ,
ਤਾਂ ਸਾਡਾ ਬਣਕੇ ਰਹਿ

ਕਿਉਂ ਧੂੜ ਬਣ ਗਿਆਂ ਤੂੰ,
ਗੈਰਾਂ ਦੇ ਪੈਰਾਂ ਦੀ,
ਕਿਉਂ ਤੈਨੂੰ ਫਿਕਰ ਨਹੀਂ,
ਹੁਣ ਸਾਡੀਆਂ ਖ਼ੈਰਾਂ ਦੀ,
ਦੇਕੇ ਸਾਨੂੰ ਦੁੱਖ ਢੋਲਾ,
ਕੀ ਰੱਬ ਤੋਂ ਲਏਂਗਾ ਲੈ,
ਜੇ ਤੂੰ ਸਾਡਾ ਏਂ ਸੱਜਣਾ,
ਤਾਂ ਸਾਡਾ ਬਣਕੇ ਰਹਿ

ਮੈਨੂੰ ਪੜ੍ਹਨੇ ਪਾਇਆ ਹੈ,
ਇੱਕ ਤੇਰੇ ਪਿਆਰ ਨੇ,
ਮੇਰੇ ਕੋਲ਼ ਤੂੰ ਇਕੱਲਾ,
ਤੇਰੇ ਲੱਖਾਂ ਯਾਰ ਨੇ,
ਹੋਰ ਕੋਈ ਨਹੀਓਂ ਝੱਲਦਾ,
ਮੈਂ ਰਹੀ ਹਾਂ ਸਹਿ,
ਜੇ ਤੂੰ ਸਾਡਾ ਏਂ ਸੱਜਣਾ,
ਤਾਂ ਸਾਡਾ ਬਣਕੇ ਰਹਿ,

ਮੇਰੇ ਪਿਆਰ ਦੀ ਸੱਜਣਾ,
ਕਦਰ ਨਾ ਪਾਈ ਵੇ,
ਯਸ਼ੂ ਜਾਨ ਤੈਨੂੰ ਕਿਉਂ,
ਸਮਝ ਨਾ ਆਈ ਵੇ,
ਮੇਰੀਆਂ ਆਸਾਂ ਵਾਲਾ ਘਰ,
ਜਾਵੇ ਨਾ ਕਿਤੇ ਢਹਿ,
ਜੇ ਤੂੰ ਸਾਡਾ ਏਂ ਸੱਜਣਾ,
ਤਾਂ ਸਾਡਾ ਬਣਕੇ ਰਹਿ,

30. ਸਿਰੇ ਦਾ ਸ਼ਰਾਬੀ ਹਾਂ

ਮੈਂ ਸ਼ਰਾਬ ਤਾਂ ਨਹੀਂ ਪੀਂਦਾ,
ਪਰ ਜਦ ਗੁੱਸੇ ਵਿੱਚ ਹੁੰਦਾ ਹਾਂ,
ਮੈਨੂੰ ਇੰਝ ਲੱਗਦਾ ਹੈ,
ਜਿਵੇਂ ਸਿਰੇ ਦਾ ਸ਼ਰਾਬੀ ਹਾਂ,
ਫਿਰ ਇਹ ਸੋਚਕੇ ਹੋਵਾਂ ਤੰਗ,
ਜੇ ਪੀ ਲਵਾਂ ਸ਼ਰਾਬ ਤਾਂ,
ਮੇਰਾ ਕੀ ਹੋਵੇਗਾ

ਗੁੱਸਾ ਸਭ ਨੂੰ ਆਉਂਦਾ ਹੈ,
ਸ਼ਰਾਬ ਕੋਈ-ਕੋਈ ਪੀਂਦਾ,
ਸ਼ਰਾਬ ਤਾਂ ਛੁੱਟ ਜਾਂਦੀ ਹੈ,
ਗੁੱਸੇ ਦਾ ਨਸ਼ਾ ਹੈ ਭੈੜਾ,
ਮਰਨੇ ਤੋਂ ਬਾਅਦ ਵੀ ਗੁੱਸਾ,
ਬੰਦੇ ਦਾ ਛੱਡੇ ਨਾ ਖਹਿੜਾ,
ਮੈਂ ਬਹੁਤ ਹਿਸਾਬੀ ਹਾਂ,
ਇੱਕ ਗੱਲ ਕਿਤਾਬੀ ਹਾਂ,
ਮੈਂ ਸ਼ਰਾਬ ਤਾਂ ਨਹੀਂ ਪੀਂਦਾ,
ਪਰ ਜਦ ਗੁੱਸੇ ਵਿੱਚ ਹੁੰਦਾ ਹਾਂ,
ਮੈਨੂੰ ਇੰਝ ਲੱਗਦਾ ਹੈ,
ਜਿਵੇਂ ਸਿਰੇ ਦਾ ਸ਼ਰਾਬੀ ਹਾਂ,

ਇਹ ਹੌਲ਼ੀ-ਹੌਲ਼ੀ ਬਲਦਾ ਹੈ,
ਤੇ ਬਿਨ੍ਹਾਂ ਪੈਰ ਤੋਂ ਚਲਦਾ,
ਗੁੱਸੇ ਵਿੱਚ ਟੁੱਟਣ ਚੀਜ਼ਾਂ ਵੀ,
ਗੁੱਸੇ ਨੂੰ ਖਾਣਾ ਸਿੱਖੋ,
ਗੁੱਸੇ ਨੂੰ ਖ਼ਾਕੇ ਪਚਾਵੋ,
ਕੰਮ ਕਰੋ ਇਹ ਇੱਕੋ,
ਮੈਂ ਕਿਸਮਤ ਚਾਬੀ ਹਾਂ,
ਨਾ ਗੁੱਸੇ ਦਾ ਆਦਿ ਹਾਂ,
ਮੈਂ ਸ਼ਰਾਬ ਤਾਂ ਨਹੀਂ ਪੀਂਦਾ,
ਪਰ ਜਦ ਗੁੱਸੇ ਵਿੱਚ ਹੁੰਦਾ ਹਾਂ,
ਮੈਨੂੰ ਇੰਝ ਲੱਗਦਾ ਹੈ,
ਜਿਵੇਂ ਸਿਰੇ ਦਾ ਸ਼ਰਾਬੀ ਹਾਂ,

ਗੁੱਸੇ ਦੇ ਨਸ਼ੇ 'ਚ ਕਈ ਨਸ਼ੇ,
ਲੱਗ ਜਾਵਣ ਲੱਗਦੇ-ਲੱਗਦੇ,
ਚਿੱਟਾ,ਸ਼ਰਾਬ,ਅਫ਼ੀਮ ਜਾਂ ਹੋਰ,
ਛੱਡੋ ਗੁੱਸਾ ਯਸ਼ੂ ਜਾਨ,
ਇਸ ਗੁੱਸੇ ਨੇ ਘਰ ਤਾਂ ਕੀ,
ਉਜਾੜ ਦਿੱਤੇ ਸ਼ਮਸ਼ਾਨ,
ਕਲਮ ਦਾ ਹਰਫ਼ ਗੁਲਾਬੀ ਹਾਂ,
ਮੈਂ ਇੱਕ ਪੰਜਾਬੀ ਹਾਂ,
ਮੈਂ ਸ਼ਰਾਬ ਤਾਂ ਨਹੀਂ ਪੀਂਦਾ,
ਪਰ ਜਦ ਗੁੱਸੇ ਵਿੱਚ ਹੁੰਦਾ ਹਾਂ,
ਮੈਨੂੰ ਇੰਝ ਲੱਗਦਾ ਹੈ,
ਜਿਵੇਂ ਸਿਰੇ ਦਾ ਸ਼ਰਾਬੀ ਹਾਂ,

31. ਖ਼ੂੰਖ਼ਾਰ

ਬਚ ਲਵੋ ਮੈਂ ਇਸ ਤਰਾਂ ਤਿਆਰ ਹੋ ਗਿਆ ਹਾਂ,
ਹਰ ਸਰਕਾਰ ਦੇ ਲਈ ਖ਼ੂੰਖ਼ਾਰ ਹੋ ਗਿਆ ਹਾਂ

ਮੇਰੀ ਜਨਤਾ ਨੂੰ ਬੇਵਕੂਫ਼ ਨਾ ਬਣਾਓ,
ਮੈਂ ਚਲਦਾ-ਫਿਰਦਾ ਅੰਗਾਰ ਹੋ ਗਿਆ ਹਾਂ

ਝੂਠੀਆਂ ਕਹਾਣੀਆਂ ਘੜਨੀਆਂ ਛੱਡ ਦੇਵੋ ਹੁਣ,
ਮੌਤ ਦੇ ਫ਼ਰਿਸ਼ਤੇ ਤੇ ਸਵਾਰ ਹੋ ਗਿਆ ਹਾਂ

ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਅਗਰ,
ਸੋਚ ਲਿਓ ਹੱਦਾਂ ਤੋਂ ਪਾਰ ਹੋ ਗਿਆ ਹਾਂ

ਧਰਮਾਂ ਦੇ ਨਾਮ ਤੇ ਵੀ ਲੜਾ ਨਾ ਸਕੋਗੇ,
ਮੁਸਲਿਮ,ਹਿੰਦੂ,ਸਿੱਖ,ਜੱਟ,ਚਮਾਰ ਹੋ ਗਿਆ ਹਾਂ

ਯਸ਼ੂ ਜਾਨ ਇਕੱਲਾ ਨਹੀਂ ਜਨਤਾ ਨਾਲ ਹੈ ਉਸਦੀ,
ਇੱਕ-ਇੱਕ ਦੇ ਲਈ ਮੈਂ ਹੁਣ ਚਾਰ ਹੋ ਗਿਆ ਹਾਂ

32. ਗੈਰਾਂ ਪਿੱਛੇ

ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ

ਚਕਾਚੌਂਦ ਤੇਰੇ ਪੈਸਿਆਂ ਵਾਲੀ ਅੱਖਾਂ ਉੱਤੇ ਪੱਟੀ ਹੈ,
ਧੋਖ਼ੇ ਵਿੱਚ ਹੀ ਕੱਟੀ ਹੈ ਤੂੰ ਜਿੰਨੀ ਜ਼ਿੰਦਗੀ ਕੱਟੀ ਹੈ,
ਮੰਦਿਰਾਂ ਦੇ ਵਿੱਚ ਮੂਰਤਾਂ ਅੱਗੇ ਐਵੇਂ ਮੱਥੇ ਭੰਨੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ,
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ

ਆਪਣਾ ਸਮਝ ਕੇ ਯਾਰਾ ਜਿਹਨਾਂ ਪਿੱਛੇ ਭੱਜਦਾ ਹੈਂ,
ਪੀ ਸ਼ਰਾਬਾਂ ਬਾਅਦ ਵਿੱਚ ਉਹਨਾਂ ਉੱਤੇ ਗੱਜਦਾ ਹੈਂ,
ਚੂਸ ਉਨ੍ਹਾਂ ਨੂੰ ਸੁੱਟ ਦੇਵੇਂ ਉਹ ਕਿਹੜਾ ਕੋਈ ਗੰਨੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ,
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ

ਆਪਣੇ ਪਾਲ਼ੇ ਸੱਪਾਂ ਕੋਲੋਂ ਇੱਕ ਦਿਨ ਡੰਗਿਆ ਜਾਵੇਂਗਾ,
ਮੁੜਕੇ ਨਾ ਤੂੰ ਜਿਸਮਾਂ ਪਿੱਛੇ ਦਿਲ ਕਿਸੇ ਨਾਲ ਲਾਵੇਂਗਾ,
ਯਸ਼ੂ ਜਾਨ ਤੂੰ ਗ਼ਲਤੀਆਂ ਕਰਕੇ ਕਈ ਵਾਰੀ ਹੱਥ ਬੰਨ੍ਹੇ ਨੇ,
ਜੇ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਲੋਕੀ ਕਿਹੜਾ ਅੰਨ੍ਹੇ ਨੇ,
ਗੈਰਾਂ ਪਿੱਛੇ ਲੱਗ-ਲੱਗ ਕੇ ਹੀ ਲੱਖਾਂ ਭਰਮ ਤੂੰ ਮੰਨੇ ਨੇ

33. ਤੇਰੇ ਹੱਥਾਂ ਵਿੱਚ ਸ਼ਗਨਾਂ ਦੇ

ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ,
ਤੇਰੇ ਵਰਗੀ ਨੂੰ ਕੋਈ ਫ਼ਰਕ ਨਹੀਂ ਪੈਣਾ,
ਸਾਨੂੰ ਸਾਡੇ ਰੋਣਗੇ ਤੇ ਸਿਵੇ ਰੋਣਗੇ,
ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ

ਮੇਰੀ ਇਹ ਮਜ਼ਾਰ ਨੂੰ ਜੋ ਸੱਤ ਵਾਰੀ ਧੋਊ,
ਆਸ਼ਕੀ 'ਚ ਬੰਦਾ ਉਹ ਨਾਕਾਮ ਹੋਊ,
ਮਰਿਆਂ ਦੇ ਲੱਖਾਂ ਵਿੱਚ ਮੁੱਲ ਹੋਣਗੇ,
ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ

ਬਰਸੀ ਮੇਰੀ ਤੇ ਮੇਲਾ ਭਰੂਗਾ ਬਥੇਰਾ,
ਸੰਗਤਾਂ ਕਰਨਗੀਆਂ ਗੁਣਗਾਣ ਮੇਰਾ,
ਅੱਖਾਂ ਤੇਰੀਆਂ ਚੋਂ ਹੰਝੂ ਡੁੱਲ੍ਹ ਹੋਣਗੇ,
ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ

ਲਗਾਤਾਰ ਚਾਲੀ ਦਿਨ ਜੋ ਫੇਰਾ ਪਾਊ,
ਦਿੰਦਾਂ ਵਰਦਾਨ ਮੌਤ ਮੇਰੇ ਵਾਲੀ ਆਊ,
ਯਸ਼ੂ ਜਾਨ ਵਰਗੇ ਵੀ ਰੁੱਲ ਹੋਣਗੇ,
ਤੇਰੇ ਹੱਥਾਂ ਵਿੱਚ ਸ਼ਗਨਾਂ ਦੇ ਫੁੱਲ ਹੋਣਗੇ,
ਮਿੱਤਰਾਂ ਦੇ ਜਦੋਂ ਦੀਵੇ ਗੁਲ ਹੋਣਗੇ

34. ਪਰਛਾਵੇਂ ਸਾਥ ਨਾ ਦਿੰਦੇ

ਪਰਛਾਵੇਂ ਸਾਥ ਨਾ ਦਿੰਦੇ,
ਅੱਗ ਲੱਗ ਜਾਂਵਦੀ ਪਿੰਡੇ,
ਵੇਖ ਠੰਡੇ ਹੌਂਕੇ ਭਰਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਸੋਨਾ ਪਾਇਆ ਲਾਹ ਲੈਂਦੇ ਨੇ,
ਕੱਪੜੇ ਵੀ ਸਾੜ ਦਿੰਦੇ ਨੇ,
ਫ਼ੂਕ ਦੇਵੋ ਕਿਸ ਕੰਮ ਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਕਿਉਂ ਮਰੇ ਦਾ ਸ਼ਰਾਧ ਕਰਦੇ,
ਮਹੀਨਾ ਭਰ ਰਹਿਣ ਡਰਦੇ,
ਕਹਿੰਦੇ ਚਿੰਬੜੇ ਨਾ ਘਰਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਚੁੱਪ ਦਾ ਜਵਾਬ ਕੋਈ ਨਾ,
ਤੇ ਤੀਵੀਂ ਦਾ ਹਿਸਾਬ ਕੋਈ ਨਾ,
ਜਿਹਨੂੰ ਵਿਆਹ ਕੇ ਘਰ ਵੜਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

ਜਾ ਜਗ੍ਹਾ ਸ਼ਮਸ਼ਾਨੇ ਮੱਲਣੀ,
ਧੌਂਸ ਯਸ਼ੂ ਨਹੀਓਂ ਚੱਲਣੀ,
ਫਿਰ ਕਾਸਤੋਂ ਆਕੜਦਾ ਏ ਬੰਦਾ,
ਸਾਹ ਸਾਰਿਆਂ ਦਾ ਸੁੱਕਦਾ,
ਪਰ ਕੋਈ ਨਹੀਓਂ ਪੁੱਛਦਾ,
ਜਦ ਚਿਤਾ ਉੱਤੇ ਚੜ੍ਹਦਾ ਏ ਬੰਦਾ

35. ਬੰਦਾ ਬੰਦਾ ਨਹੀਂ ਹੈ ਤੂੜੀ ਹੈ

ਕੁਝ ਕਰਨ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ,
ਬਿਨ੍ਹਾ ਸਿੱਖਿਆਂ ਬੰਦਾ ਬੰਦਾ ਨਹੀਂ ਹੈ ਤੂੜੀ ਹੈ,
ਗੱਲ ਨੂੰ ਸੋਚੋ ਅਤੇ ਵਿਚਾਰੋ ਜੋ ਮੈਂ ਹੈ ਕਿਹਾ,
ਇਹ ਕੋਈ ਆਮ ਗੱਲ ਨਹੀਂ ਬੜੀ ਗੱਲ ਗੂੜ੍ਹੀ ਹੈ

ਜਿਸਨੂੰ ਕੋਈ ਵੀ ਕਦੇ ਵੀ ਜਲਾ ਸਕਦਾ ਹੈ,
ਜਾਂ ਫਿਰ ਢੇਰੀ ਲਗਾ ਕੁੱਪ ਬਣਾ ਸਕਦਾ ਹੈ,
ਸਿਰਫ ਖਾਏਗਾ ਨਹੀਂ ਇਹ ਕਿਹੜਾ ਪੂੜੀ ਹੈ,
ਬਿਨ੍ਹਾ ਸਿੱਖਿਆਂ ਬੰਦਾ ਬੰਦਾ ਨਹੀਂ ਹੈ ਤੂੜੀ ਹੈ

ਹਵਾ ਵਿੱਚ ਮਜ਼ਾਕ਼ ਬਣਾ ਕੇ ਉਡਾ ਹੈ ਸਕਦਾ,
ਕਿਸੇ ਦੀਆਂ ਅੱਖਾਂ ਦੇ ਵਿੱਚ ਵੀ ਪਾ ਹੈ ਸਕਦਾ,
ਖੜ੍ਹੇ ਪੈਰ ਵੀ ਪੈ ਸਕਦੀ ਫਿਰ ਕੋਈ ਭਸੂੜੀ ਹੈ,
ਬਿਨ੍ਹਾ ਸਿੱਖਿਆਂ ਬੰਦਾ ਬੰਦਾ ਨਹੀਂ ਹੈ ਤੂੜੀ ਹੈ

ਕੀਮਤ ਤਾਂ ਤੂੜੀ ਦੀ ਫਿਰ ਤੂੜੀ ਭਾਅ ਹੀ ਪੈਂਦੀ,
ਇੱਦਾਂ ਕਹਿ ਸਕਦੇ ਹਾਂ ਕੀਮਤ ਹੀ ਨਾ ਰਹਿੰਦੀ,
ਯਸ਼ੂ ਜਾਨ ਜਿਵੇਂ ਦਰੱਖਤ ਤੋਂ ਡਿੱਗਦੀ ਲਸੂੜੀ ਹੈ,
ਕੁਝ ਕਰਨ ਤੋਂ ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਹੈ,
ਬਿਨ੍ਹਾ ਸਿੱਖਿਆਂ ਬੰਦਾ ਬੰਦਾ ਨਹੀਂ ਹੈ ਤੂੜੀ ਹੈ

36. ਭਗਤ ਸਿੰਘ ਸੂਰਮਾ

ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ,
ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ,
ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ,
ਉਹ ਸਮਾਜਵਾਦੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ

ਜਲਿਆਂਵਾਲੇ ਬਾਗ ਵਾਲਾ ਕਾਂਡ,
ਸੀਨੇ ਭਾਂਬੜ ਮਚਾ ਗਿਆ,
ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ਦਾ,
ਭਗਤ ਸਿੰਘ ਨੂੰ ਜਗਾ ਗਿਆ,
ਬੰਬ ਸੁੱਟਕੇ ਅਸੈਮਬਲੀ ਵਿੱਚ,
ਗੋਰਿਆਂ ਨੂੰ ਭਾਜੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ

ਛੋਟੀ ਉਮਰ ਦੇ ਵਿੱਚ ਬੀਜੀਆਂ ਸੀ,
ਜਿਹੜੀਆਂ ਬੰਦੂਕਾਂ ਯੋਧੇ ਨੇ,
ਉੱਗ ਆਈਆਂ ਭਰ ਕੇ ਬਾਰੂਦ,
ਜਦ ਆਈਆਂ ਮੁੱਛਾਂ ਯੋਧੇ ਦੇ,
ਕੱਢੀ ਦਿਲ ਦੀ ਭੜ੍ਹਾਸ ਅੰਗਰੇਜ਼ਾਂ ਤੇ,
ਨਾਅਰਾ ਇਨਕਲਾਬੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ

ਦੇਸ਼ ਦੀ ਆਜ਼ਾਦੀ ਲਈ ਸ਼ੇਰ ਬਣ,
ਤਿੰਨ ਸੀ ਉਹ ਖੜ੍ਹੇ ਸੂਰਮੇਂ,
ਭਗਤ ਸਿੰਘ, ਰਾਜਗੁਰੂ, ਸੁਖਦੇਵ,
ਹੱਸ ਫਾਂਸੀ ਚੜ੍ਹੇ ਸੂਰਮੇਂ,
ਯਸ਼ੂ ਜਾਨ ਚੁੰਮ ਰੱਸਾ ਗੱਲ ਪਾਲਿਆ,
ਅਮਰ ਸਮਾਧੀ ਦੇ ਗਿਆ,
ਯਾਦ ਰੱਖਿਓ ਭਗਤ ਸਿੰਘ ਸੂਰਮਾ,
ਦੇਸ਼ ਨੂੰ ਆਜ਼ਾਦੀ ਦੇ ਗਿਆ

37. ਸਰਹੱਦੀ ਤਾਰਾਂ

ਮੇਰਾ ਜੀਅ ਕਰਦਾ ਮੈਂ ਤੋੜ ਦੇਵਾਂ ਸਰਹੱਦੀ ਤਾਰਾਂ ਨੂੰ,
ਪਾਕਿਸਤਾਨ ਦੇ ਵਿੱਚ ਵੀ ਲੋਕੀ ਪੜ੍ਹਦੇ ਯਾਰਾਂ ਨੂੰ

ਇੱਕ-ਦੂਜੇ ਦੇ ਉੱਤੇ ਇਲਜ਼ਾਮ ਲਗਾਉਣੇ ਛੱਡੋ,
ਮਿਲਕੇ ਲਾਵੋ ਮਹਫ਼ਿਲ ਮਾਣੋ ਮੌਜ ਬਹਾਰਾਂ ਨੂੰ

ਕੀ ਹੋਣਾ ਹੈ ਦੋ ਗੁੱਟ ਹੋ ਤੁਸੀਂ ਆਪੇ ਸੋਚ ਲਵੋ,
ਮੌਕਾ ਹੀ ਦਿੰਦੇ ਹਾਂ ਆਪਾਂ ਹੋਰ ਗੱਦਾਰਾਂ ਨੂੰ

ਅਸੀਂ ਤੁਹਾਡੇ ਤੁਸੀਂ ਹੋ ਸਾਡੇ ਸੱਜਣ ਪਿਆਰੇ ਹੀ,
ਇੱਕ ਜੁੱਟ ਹੋਕੇ ਠੱਲ੍ਹ ਪਾ ਦਈਏ ਲੁੱਟਾਂ ਮਾਰਾਂ ਨੂੰ

ਯਸ਼ੂ ਜਾਨ ਨੇ ਇੱਕੋ ਸ਼ਬਦ ਚ ਗੱਲ ਮੁਕਾ ਦਿੱਤੀ,
ਐਵੇਂ ਨਾ ਅਸੀਂ ਵਿੱਚ ਲਿਆਈਏ ਜਿੱਤਾਂ ਹਾਰਾਂ ਨੂੰ

38. ਮੇਰੇ ਬਾਪੂ ਵਰਗਾ ਬੰਦਾ

ਉਹਨੇ ਸਾਰੀ ਉਮਰ ਹੀ ਗਾਲੀ ਸਾਇਕਲ ਤੇ ਯਾਰੋ,
ਮਿਹਨਤ ਕਰਕੇ ਹੀ ਪਾਲੇ ਘਰ ਦੇ ਜੀਅ ਚਾਰੋ,
ਪਰ ਮੈਂ ਕਿਉਂ ਲੰਮਾ ਪਾ ਦਿੱਤਾ ਉਸਨੂੰ ਅੱਗ ਤੇ,
ਮੇਰੇ ਬਾਪੂ ਵਰਗਾ ਬੰਦਾ ਨਾ ਸੀ ਇਸ ਜੱਗ ਤੇ

ਆਉਂਦੇ ਸੀ ਜਦ ਵੀ ਕੰਮ ਤੋਂ ਉਹ ਥੱਕੇ ਹਾਰੇ,
ਮੇਰੀ ਬੇਬੇ ਤੋਂ ਪੁੱਛਦੇ ਸੀ ਕਿੱਥੇ ਨੇ ਸਾਰੇ,
ਜੇ ਇੱਧਰ-ਉੱਧਰ ਹੁੰਦੇ ਪੈਂਦੇ ਸੀ ਦਬਕੇ,
ਮੇਰੇ ਬਾਪੂ ਵਰਗਾ ਬੰਦਾ ਨਾ ਸੀ ਇਸ ਜੱਗ ਤੇ

ਉਹ ਕਦੇ ਭਰਾਵਾਂ ਨਾਲ ਨਾ ਲੜਿਆ ਵੰਡ ਪਿੱਛੇ,
ਉਸਨੂੰ ਰੱਬ ਨੇ ਸੀ ਸਭ ਤੋਂ ਵੱਧਕੇ ਗੁਣ ਦਿੱਤੇ,
ਹੁਣ ਰੋਂਦੇ ਨੇ ਉਹ ਵੀ ਸਾਰੇ ਮੂੰਹ ਅੱਡ-ਅੱਡ ਕੇ,
ਮੇਰੇ ਬਾਪੂ ਵਰਗਾ ਬੰਦਾ ਨਾ ਸੀ ਇਸ ਜੱਗ ਤੇ

ਸਭ ਜਾਣਦਾ ਸੀ ਮੇਰਾ ਬਾਪੂ ਸਾਡੇ ਮਨ ਭਾਉਂਦਾ,
ਜੋ ਉਸਦੇ ਹੱਥ ਸੀ ਹੁੰਦਾ ਸਾਡੇ ਮੂੰਹ ਪਾਉਂਦਾ,
ਪਰ ਛੋਟੀ ਉਮਰ 'ਚ ਯਸ਼ੂ ਜਾਨ ਤੁਰ ਗਿਆ ਛੱਡਕੇ,
ਮੇਰੇ ਬਾਪੂ ਵਰਗਾ ਬੰਦਾ ਨਾ ਸੀ ਇਸ ਜੱਗ ਤੇ

39. ਯਾਰ

ਮੇਰੇ ਜਿੰਨੇ ਵੀ ਨੇ ਯਾਰ,
ਨਸ਼ੇ ਪੱਤੇ ਦੇ ਸ਼ਿਕਾਰ,
ਅੱਖੀਂ ਪਾਲਿਆ ਭੁਲੇਖਾ,
ਦਿੱਤੇ ਕਿਸੇ ਨੇ ਵੰਗਾਰ,
ਤੇਰੇ ਪਿੰਡ 'ਚ ਸੀ ਮੇਲਾ,
ਵੇਲਾ ਸਿਗ੍ਹਾ ਛਿੰਝ ਦਾ,
ਉਹਨਾਂ ਢਾਹ ਲਿਆ,
ਜੋ ਵੈਲੀ ਸੀ ਕਹਾਉਂਦਾ ਪਿੰਡ ਦਾ

ਉਹਨੇ ਆਪਣੇ ਬਚਾਅ ਦੇ ਵਿੱਚ ਡਾਂਗ ਜਦੋਂ ਚੱਕੀ,
ਮੇਰੇ ਹੱਥ ਆ ਗ਼ਈ ਸੀ ਉਦੋਂ ਨਲਕੇ ਦੀ ਹੱਥੀ,
ਵੱਜੀ ਸਿਰ ਉੱਤੇ ਜਦੋਂ ਪਿਆ ਸੀ ਅੜਿੰਗਦਾ,
ਉਹਨਾਂ ਢਾਹ ਲਿਆ,
ਜੋ ਵੈਲੀ ਸੀ ਕਹਾਉਂਦਾ ਪਿੰਡ ਦਾ

ਵਿੱਚ ਖੜ੍ਹਕੇ ਮੈਦਾਨੇ ਯਾਰ ਸ਼ੇਰ ਵਾਂਗ ਗੱਜੇ,
ਹੱਥ-ਪੈਰ ਛਡਾਕੇ ਵੈਰੀ ਤੌਬਾ ਕਰ ਭੱਜੇ,
ਭਲਾ ਗਿੱਦੜਾਂ ਦੇ ਨਾਲ ਕਾਹਦਾ ਭੇੜ ਸਿੰਘ ਦਾ,
ਉਹਨਾਂ ਢਾਹ ਲਿਆ,
ਜੋ ਵੈਲੀ ਸੀ ਕਹਾਉਂਦਾ ਪਿੰਡ ਦਾ

ਹੱਥ ਵਿੱਚ ਤਲਵਾਰ ਗੁੱਸਾ ਕੱਢੇ ਚੰਗਿਆੜਾ,
ਪਰ ਵੇਖਿਆ ਜਦੋਂ ਮੈਂ ਯਸ਼ੂ ਜਾਨ ਦਾ ਅਖਾੜਾ,
ਦਿਲ ਖੁਸ਼ ਹੋਇਆ ਮੇਰਾ ਸੀ ਉਦਾਸ ਦਿਨ ਦਾ,
ਉਹਨਾਂ ਢਾਹ ਲਿਆ,
ਜੋ ਵੈਲੀ ਸੀ ਕਹਾਉਂਦਾ ਪਿੰਡ ਦਾ

40. ਰਾਵਣ ਅਤੇ ਅੱਜ ਦਾ ਇੰਨਸਾਨ

ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ,
ਗਰੀਬ, ਮਾਸੂਮਾਂ ਦੀ ਖੋਂਹਦੇ ਛੱਤ ਹਾਂ,
ਰਾਵਣ ਨੇ ਨਾ-ਸਮਝੀ ਵਿੱਚ ਸਭ ਕੀਤਾ ਸੀ,
ਅਸੀਂ ਸੋਚ-ਸਮਝਕੇ ਕਰਦੇ ਅੱਤ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ

ਅਸੀਂ ਵੀ ਤਾਂ ਉਸ ਵਾਂਗਰ ਪੌਣ ਨੂੰ ਬੰਨ੍ਹਕੇ ਰੱਖਿਆ ਹੈ,
ਅੱਗ ਬਣਾਈ ਹੈ ਗ਼ੁਲਾਮ ਜੀਵ ਖਾਣ ਲਈ ਭੱਖਿਆ ਹੈ,
ਰੋਜ਼ ਕਿਸੇ ਨਾ ਕਿਸੇ ਦੇ ਦਿਲ ਤੇ,
ਗੁੱਝੀ ਮਾਰਦੇ ਸੱਟ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ

ਪਾਣੀ ਦਾ ਅਸੀਂ ਨਾਸ਼ ਹਾਂ ਕਰਦੇ ਉਹ ਕਰਦਾ ਸੀ ਪੂਜਾ,
ਡਰਕੇ ਮੌਤ ਸੀ ਪਾਵੇ ਬੰਨ੍ਹੀ ਤੈਨੂੰ ਨਾ ਡਰ ਕੋਈ ਦੂਜਾ,
ਖੁਸ਼ ਕਿਸੇ ਨੂੰ ਹੁੰਦਾ ਦੇਖ ਕੇ,
ਮੱਥੇ ਤੇ ਪਾਉਂਦੇ ਵੱਟ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ

ਇੱਕ ਰਾਵਣ ਨੇ ਸੀਤਾ ਹਰ ਲਈ ਰੱਖੀ ਸੀ ਉਸ ਤੇ ਅੱਖ,
ਤੇ ਸਾਡੀਆਂ ਦੋਵੇਂ ਅੱਖਾਂ ਤੱਕਣ ਇੱਥੇ ਕਈ-ਕਈ ਲੱਖ,
ਥੋੜ੍ਹੇ ਦਿਨਾਂ ਦੀ ਜ਼ਿੰਦਗੀ ਵਿੱਚੋਂ ਯਸ਼ੂ,
ਕੀ ਲਵਾਂਗੇ ਖੱਟ ਹਾਂ,
ਅਸੀਂ ਕਿਹੜਾ ਰਾਵਣ ਤੋਂ ਘੱਟ ਹਾਂ

41. ਨੇਤਾ

ਜਿਹਨਾਂ ਨੂੰ ਫ਼ਰਕ ਨਹੀਂ,
ਅਫ਼ਸੋਸ ਨਾ ਕਿਸੇ ਦਾ,
ਕੁਰਸੀਆਂ ਨੂੰ ਚੱਟਣ,

ਹਰ ਝੂਠ ਮਜ਼ੇਦਾਰ,
ਗਰਮੀ 'ਚ ਜਨਤਾ,
ਠੰਡਾਂ 'ਚ ਭਾਸ਼ਣ,
ਲੁੱਟਣ ਦਾ ਇਹਨਾਂ ਨੇ ਲੈ ਲਿਆ ਠੇਕਾ,
ਇਹ ਅੱਜ ਦਾ ਹੈ ਨੇਤਾ,
ਹੈ ਸੱਤਾ ਦਾ ਬੇਟਾ,
ਅੱਜ ਦਾ ਹੈ ਨੇਤਾ

42. ਹਰਕਤ

ਹਰਕਤ ਕੋਈ ਐਸੀ ਕਰ,
ਜਿਸ ਨਾਲ ਬ੍ਰਹਿਮੰਡ ਕੰਬੇ ।

ਰਾਤਾਂ ਲੱਭਣ ਚੰਨ ਤੇ ਤਾਰੇ,
ਸੂਰਜ ਭੱਜ - ਭੱਜ ਹੰਭੇ ।

ਰਸਤੇ ਘਟਕੇ ਗੁੰਮ ਹੋ ਜਾਵਣ,
ਹੋ ਜਾਣ ਚੁਰੱਸਤੇ ਲੰਬੇ ।

ਕੁਦਰਤ ਨੂੰ ਵੀ ਰਾਹ ਨਾ ਲੱਭੇ,
ਪੈ ਜਾਣ ਜਵਾਲੇ ਠੰਡੇ ।

ਜੰਗ 'ਚ ਚੱਲਣ ਆਪ ਬੰਦੂਕਾਂ,
ਤੇ ਮਾਰੀ ਜਾਵਣ ਬੰਦੇ ।

ਵੈਰੀ ਵੈਰ ਤੋਂ ਤੌਬਾ ਕਰਕੇ ।
ਹੱਥ ਜੋੜ ਮੁਆਫ਼ੀ ਮੰਗੇ ।

ਉਹਨਾਂ ਨੂੰ ਪੰਜਾਬ ' ਚ ਰੋਕੇ,
ਜੋ ਜਾਣ ਹਿਮਾਚਲ, ਚੰਬੇ ।

'ਯਸ਼ੂ ਜਾਨ ਕੀ ਗੱਲ ਪਿਆ ਕਰਦੈਂ,
ਪਸ਼ੂ ਵੀ ਤੈਥੋਂ ਚੰਗੇ ।

ਇੱਕ -ਇੱਕ ਅੱਖਰ ਕਲਮ ਤੇਰੀ ਦਾ,
ਮੌਤ ਨੂੰ ਸੂਲ਼ੀ ਟੰਗੇ ।

43. ਕਲਮ ਦੇ ਤਿੱਖੇ ਤੀਰ

ਮੇਰੀ ਕਲਮ ਦੇ ਤਿੱਖੇ ਤੀਰ ,
ਅੰਤ ਤਕ ਛੱਲੀ ਕਰ ਦਿੰਦੇ ਨੇ

ਦੇਖਦੇ ਨਹੀਂ ਇਹ ਨੇਤਾ ਮੰਤਰੀ ,
ਖੱਲੀ - ਬੱਲੀ ਕਰ ਦਿੰਦੇ ਨੇ

ਸ਼ਾਹਾਂ ਨੂੰ ਕਰ ਜੁੱਤੀਓਂ ਥੱਲੇ,
ਹੱਥ ' ਚ ਪੱਲੀ ਕਰ ਦਿੰਦੇ ਨੇ

ਵਕ਼ਤ ਪੈਣ ਤੇ ਮਾਰ ਵੀ ਦਿੰਦੇ,
ਨਜ਼ਰ ਸਵੱਲੀ ਕਰ ਦਿੰਦੇ ਨੇ

ਚੀਰ ਦਿੰਦੇ ਨੇ ਮੌਤ ਦਾ ਸੀਨਾ,
ਇਕੱਲ੍ਹ - ਮੁਕੱਲ੍ਹੀ ਕਰ ਦਿੰਦੇ ਨੇ

ਜਦ ਕਿਸੇ ਦੇ ਕੰਨੀ ਵੱਜਣ,
ਗੋਲ਼ੀ ਚੱਲੀ ਕਰ ਦਿੰਦੇ ਨੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ