Punjabi Ghazals : Yashpal Mittwa

ਪੰਜਾਬੀ ਗ਼ਜ਼ਲਾਂ : ਯਸ਼ਪਾਲ "ਮਿੱਤਵਾ"


ਆਪਣੇ ਦਿਲ ਦੇ ਸ਼ੌਂਕ ਪੁਗਾ ਕੇ ਸਾਹ ਆਇਆ

ਆਪਣੇ ਦਿਲ ਦੇ ਸ਼ੌਂਕ ਪੁਗਾ ਕੇ ਸਾਹ ਆਇਆ। ਜ਼ੁਲਮੀ ਦੀ ਹਰ ਭਾਜੀ ਲਾ ਕੇ ਸਾਹ ਆਇਆ। ਇਹ ਜੋ ਮੁਫ਼ਤ ਸੁਗਾਤਾਂ ਝੋਲ਼ੀ ਪਈਂਆਂ ਸੀ, ਮੁਫ਼ਤ, ਖਿਲਾਫ ਅਵਾਜ਼ ਉਠਾ ਕੇ ਸਾਹ ਆਇਆ। ਕਿੰਨਾ ਹੈ ਬਈ ਡੂੰਘਾ ਪਾਣੀ ਸਾਗਰ ਦਾ, ਗਹਿਰਾਈ ਦੀ ਜਾਂਚ ਕਰਾ ਕੇ ਸਾਹ ਆਇਆ। ਸੋਨੇ ਦੇ ਪਿੰਜਰੇ ਵਿਚ ਬੈਠੇ ਪੰਛੀ ਨੂੰ , ਆਪੇ ਖ਼ੁਦ ਆਜ਼ਾਦ ਕਰਾ ਕੇ ਸਾਹ ਆਇਆ। ਇੱਕੋ ਛੱਤ ਦੇ ਹੇਠਾਂ ਹੱਸਣ ਖੇਡਣਗੇ, ਉੱਸਰੀ ਫ਼ਿਰਕੇ ਦੀ ਕੰਧ ਢਾਅ ਕੇ ਸਾਹ ਆਇਆ। ਮੇਰੀ ਮੇਰੀ ਥਾਂਵੇਂ ਤੇਰੀ ਆਖ ਰਹੇ, ਮਨ ਅੰਦਰੋਂ ਹੰਕਾਰ ਮੁਕਾ ਕੇ ਸਾਹ ਆਇਆ। ਪੱਤਝੜ ਵਿਚ ਵੀ ਗੁਲਸ਼ਨ ਮਹਿਕਣ ਲਾ ਦਿੱਤਾ, ਐਸੇ ਅਦਭੁਤ ਫ਼ੁੱਲ ਉੱਗਾ ਕੇ ਸਾਹ ਆਇਆ। ਮਿੱਤਵਾ ਦੀ ਮਨਮਰਜ਼ੀ ਇੱਕ ਵੀ ਚੱਲੀ ਨਾ, ਸੱਚ ਕਹਾਂ ਅੱਜ ਯਾਰ ਮਨਾ ਕੇ ਸਾਹ ਆਇਆ।

ਉਹ ਸਭ ਅੱਗੇ ਨੀਰ ਵਹਾ ਕੇ, ਨਾਟਕ ਕਰਦਾ ਈ

ਉਹ ਸਭ ਅੱਗੇ ਨੀਰ ਵਹਾ ਕੇ, ਨਾਟਕ ਕਰਦਾ ਈ! ਪਹਿਲਾਂ ਲੜਦਾ ਫੇਰ ਹਸਾ ਕੇ, ਨਾਟਕ ਕਰਦਾ ਈ! ਬਿਰਧ ਘਰਾਂ ਵਿੱਚ ਚਾਰ ਕੁ ਕੇਲੇ ਵੰਡ ਕੇ ਦਾਨ ਕਰੇ, ਝੂਠਾ,ਥਾਂ ਥਾਂ ਟੌਹਰ ਬਣਾ ਕੇ, ਨਾਟਕ ਕਰਦਾ ਈ! ਗੱਲੀਂਬਾਤੀਂ ਰੁੱਸਦਾ ਰੁੱਸਕੇ ਮੂੰਹ ਵੱਟ ਜਾਂਦਾ ਹੈ, ਜਾਂਦਾ ਵੀ ਐ ਫਿਰ ਮੁੜ ਆ ਕੇ, ਨਾਟਕ ਕਰਦਾ ਈ। ਉਸਦੇ ਹੱਡਾਂ ਵਿੱਚ ਭਰੀ ਹੈ ਸਾਜਿਸ਼ ਕੁੱਟ ਕੁੱਟ ਕੇ, ਓਦਾਂ ਪਰ ਉਹ ਸਾਧ ਕਹਾ ਕੇ, ਨਾਟਕ ਕਰਦਾ ਈ! ਮੌਕਾ ਖੁੰਝਣ ਨਾ ਦਏ ਮੂੰਹੋਂ ਜਹਿਰ ਬਖੇਰਨ ਦਾ, ਨਾਲ਼ ਹਲੀਮੀ ਪਰ ਭਰਮਾ ਕੇ, ਨਾਟਕ ਕਰਦਾ ਈ! ਸੱਤ ਸੁਰਾਂ ਦੇ ਬਾਰੇ ਊੜਾ ਆੜਾ ਖ਼ਬਰ ਨਹੀਂ, ਸ਼ਿੰਦਾ, ਮਾਣਕ ਬਹੁਤ ਸੁਣਾ ਕੇ, ਨਾਟਕ ਕਰਦਾ ਈ! ਮੂਡ ਚ ਆ ਕੇ ਉਹ ਤੇ ਏਦਾਂ ਵੀ ਕਰ ਲੈਂਦਾ ਏ, ਫ਼ੁੱਲ ਨੂੰ ਚੁੰਮਦਾ ਫੇਰ ਫੜਾ ਕੇ, ਨਾਟਕ ਕਰਦਾ ਈ! ਮਿੱਤਵਾ ਅੱਜਕਲ ਰਾਤ ਲੰਘਾਉਂਦਾ ਬਹਿ ਕੇ ਅੱਖੀਆਂ ਚੋਂ, ਨਾਲ਼ੇ, ਰੋ ਰੋ ਨੈਣ ਸੁਜਾ ਕੇ, ਨਾਟਕ ਕਰਦਾ ਈ!

ਮੈਨੂੰ ਛੱਡ ਕੇ ਦੌੜ ਗਏ ਨੇ ਕੱਲੇ ਨੂੰ

ਮੈਨੂੰ ਛੱਡ ਕੇ ਦੌੜ ਗਏ ਨੇ ਕੱਲੇ ਨੂੰ। ਗ਼ਮ ਦੇ ਵਹਿਣ ਚ ਰੋੜ੍ਹ ਗਏ ਨੇ ਕੱਲੇ ਨੂੰ। ਸੱਪ ਸਪੋਲਾ ਆਖੀ ਜਾਂਦੇ ਮੂੰਹ ਤੇ ਹੀ, ਨਾਗਾਂ ਦੇ ਸੰਗ ਜੋੜ ਗਏ ਨੇ ਕੱਲੇ ਨੂੰ। ਪਹਿਲਾਂ ਦਿਲ ਨਾਲ਼ ਖੇਡ ਲਿਆ ਹੈ ਜੀਅ ਭਰ ਕੇ, ਹੁਣ ਵਿਚਕਾਰੋਂ ਤੋੜ ਗਏ ਨੇ ਕੱਲੇ ਨੂੰ। ਬਾਂਗਾਂ ਦੇ ਕੇ ਸ਼ਹਿਰ ਉਠਾਉਂਦਾ ਫ਼ਿਰਦਾ ਸਾਂ, ਫੜ੍ਹ ਕੇ ਧੌਣ ਮਰੋੜ ਗਏ ਨੇ ਕੱਲੇ ਨੂੰ। ਭੈੜੇ ਨੂੰ ਹੀ ਭੈੜਾ ਆਖ ਰਿਹਾ ਸੀ ਮੈਂ , ਗੰਨੇ ਵਾਂਗ ਨਿਚੋੜ ਗਏ ਨੇ ਕੱਲੇ ਨੂੰ। ਚਾਰ ਕ ਐਬ ਗਿਣਾਏ ਮੈਂ ਬਸ ਆਖਿਰਕਾਰ, ਜੇਲ੍ਹਾਂ ਵਿੱਚ ਘਿਸੋੜ ਗਏ ਨੇ ਕੱਲੇ ਨੂੰ। ਇੱਧਰੋਂ ਛੱਡ ਕੇ ਓਧਰ ਜੱਫੀਆਂ ਪਾ ਪਾ ਕੇ, ਅੰਦਰ ਤੱਕ ਝਿੰਜੋੜ ਗਏ ਨੇ ਕੱਲੇ ਨੂੰ। ਮਿੱਤਵਾ, ਸ਼ਾਂਟੇ, ਸ਼ਮਕਾਂ, ਪੱਥਰ ਜੋ ਮਿਲਿਆ, ਮਾਰ ਕਸੂਤਾ ਫ਼ੋੜ ਗਏ ਨੇ ਕੱਲੇ ਨੂੰ।

ਜ਼ੁਲਫ਼ ਕਿਤੇ ਲਹਿਰਾਈ ਫਿਰ ਤੋਂ

ਜ਼ੁਲਫ਼ ਕਿਤੇ ਲਹਿਰਾਈ ਫਿਰ ਤੋਂ। ਤਾਂ ਹੀ ਬੱਦਲੀ ਛਾਈ ਫਿਰ ਤੋਂ। ਚੰਨ ਦੇ ਨਾਲ ਜਦ ਨੈਣ ਮਿਲਾਏ, ਯਾਦ ਕਿਸੇ ਦੀ ਆਈ ਫਿਰ ਤੋਂ। ਬੱਦਲਾਂ ਦੀ ਕਿਣਮਿਣ ਕਿਣਮਿਣ ਨੇ, ਤਨ ਵਿੱਚ ਅੱਗ ਲਗਾਈ ਫਿਰ ਤੋਂ। ਮਿਲਣੇ ਦਾ ਸੀ ਟਾਇਮ ਗਿਆਰਾਂ, ਲ਼ੈ ਹੁਣ ਵੱਜੇ ਢਾਈ ਫ਼ਿਰ ਤੋਂ। ਇਸਨੇ ਕੁਰਸੀ ਛੱਡਣੀ ਨਈਉਂ, ਗਲ਼ ਵਿਚ ਪੈਣੀ ਫਾਈ ਫਿਰ ਤੋਂ। ਹਿਸਾਬ ਕਿਤਾਬ ਤੋਂ ਸ਼ਾਹੂ ਲੱਗਦਾ, ਖੋਹ ਲੂ ਪਾਈ ਪਾਈ ਫਿਰ ਤੋਂ। ਪਰਸੋਂ ਮੁੱਛਾਂ ਸੈੱਟ ਕਰਾਈਆਂ, ਸੱਦ ਲਿਆ ਅੱਜ ਨਾਈ ਫ਼ਿਰ ਤੋਂ। ਮੁਸ਼ਕਿਲ ਨਾਲ਼ ਸੁਲ੍ਹਾ ਹੋਈ ਸੀ, ਲੜ੍ਹ ਪਏ ਭਾਈ ਭਾਈ ਫਿਰ ਤੋਂ। ਖੁਦ ਆਪਣੇ ਨਾਲ ਗੱਲਾਂ ਕਰਦਾ, ਘਾਹ ਨੂੰ ਤੁਰਿਆ ਘਾਈ ਫਿਰ ਤੋਂ। ਮਿੱਤਵਾ ਪਹਿਲੇ ਰੂਪ ਚ ਆ ਜਾ, ਸੱਜ ਕੇ ਲਾ ਲ਼ੈ ਟਾਈ ਫਿਰ ਤੋਂ।

ਕਾਨਿਆਂ ਦੇ ਹਥਿਆਰ ਭਲਾ ਹੁਣ ਕਿੱਧਰ ਗਏ?

ਕਾਨਿਆਂ ਦੇ ਹਥਿਆਰ ਭਲਾ ਹੁਣ ਕਿੱਧਰ ਗਏ? ਬਚਪਨ ਦੇ ਉਹ ਯਾਰ ਭਲਾ ਹੁਣ ਕਿੱਧਰ ਗਏ? ਕਾਗਜ਼ ਦੀ ਇਕ ਬੇੜੀ ਲੈ ਕੇ ਨਿਕਲੇ ਸੀ, ਨਟਖ਼ਟ ਤੇ ਦਿਲਦਾਰ ਭਲਾ ਹੁਣ ਕਿੱਧਰ ਗਏ? ਘਰ ਦੀ ਦਾਰੂ ਕੱਢ ਕੇ ਕਿੱਕਰ ਸੱਕਾਂ ਦੀ, ਪੀ ਕੇ ਪੱਬਾਂ ਭਾਰ ਭਲਾ ਹੁਣ ਕਿੱਧਰ ਗਏ? ਦੂਰਅੰਦੇਸ਼ੀ ਸੋਚ ਪੜ੍ਹਾਈ ਭਾਵੇਂ ਘੱਟ, ਬੰਦੇ ਸੀ ਹੁਸ਼ਿਆਰ ਭਲਾ ਹੁਣ ਕਿੱਧਰ ਗਏ? ਕੰਨ ਚ ਮੁੰਦਰਾਂ ,ਬੀਨ ਫੜੀ ਸੀ ਹੱਥਾਂ ਵਿੱਚ, ਯੋਗੀ ਸੀ ਤਿੰਨ ਚਾਰ ਭਲਾ ਹੁਣ ਕਿੱਧਰ ਗਏ? ਹਾਂ ਜੀ ਹਾਂ ਜੀ ਕਹਿਣਾ ਪੁੱਛਣਾ, ਹੋਰ ਕਿਵੇਂ? ਗਲ਼ ਬਾਹਾਂ ਦੇ ਹਾਰ ਭਲਾ ਹੁਣ ਕਿੱਧਰ ਗਏ? ਸ਼ੱਬਾ ਖੈਰ ! ਬੁਲਾ ਕੇ ਕੰਬਦੇ ਹੋਠਾਂ ਨਾਲ਼, ਛੱਡ ਕੇ ਅੱਧ ਵਿੱਚਕਾਰ ਭਲਾ ਹੁਣ ਕਿੱਧਰ ਗਏ? ਝੱਲੇ ਨਈਂ ਤੇ ਹੋਰ ਕੀ ਆਖਾਂ ਮਿੱਤਵਾ ਨਾਲ, ਉਹ ਕਰਕੇ ਤਕਰਾਰ ਭਲਾ ਹੁਣ ਕਿੱਧਰ ਗਏ?

ਗੱਲ ਟਾਲਣ ਦੀ ਸੋਚ ਰਿਹਾ ਵਾਂ

ਗੱਲ ਟਾਲਣ ਦੀ ਸੋਚ ਰਿਹਾ ਵਾਂ। ਸੱਚ ਭਾਲਣ ਦੀ ਸੋਚ ਰਿਹਾ ਵਾਂ। ਹੱਦ ਹੋ ਗਈ ਦੇਹ ਠੁਰ ਠੁਰ ਕਰਦੀ, ਅੱਗ ਬਾਲਣ ਦੀ ਸੋਚ ਰਿਹਾ ਵਾਂ। ਕੂੜੇ ਦੇ ਵਿਚ ਧੀ ਨੂੰ ਸੁੱਟ ਗਏ, ਚੁੱਕ, ਪਾਲਣ ਦੀ ਸੋਚ ਰਿਹਾ ਵਾਂ। ਉਜੜੇ ਬਾਗ਼ ਤੇ ਮਾਲੀ ਵਿਹਲਾ, ਪਰ ਮਾਲਣ ਦੀ ਸੋਚ ਰਿਹਾ ਵਾਂ। ਆਪਣੇ ਆਪ ਦਾ ਰੰਗ ਨਵੇਂ ਵਿਚ, ਮਨ ਢਾਲਣ ਦੀ ਸੋਚ ਰਿਹਾ ਵਾਂ। ਹੀਰਾ ਹਾਂ ਬਈ ,ਲੋਹਾ ਨਈਂ ਆਂ, ਜੋ ਘਾਲਣ ਦੀ ਸੋਚ ਰਿਹਾ ਵਾਂ। ਮਿੱਤਵਾ ਦਾਲ ਨਈਂ, ਪੱਥਰ ਅੱਗ ਤੇ, ਅੱਜ ਗਾਲਣ ਦੀ ਸੋਚ ਰਿਹਾ ਵਾਂ।

ਵੋਟਾਂ ਤੇ

ਮਾੜਾ ਬੰਦਾ ਢਿੱਡ ਵਧਾਉਂਦਾ ਵੋਟਾਂ ਤੇ। ਮੁਫ਼ਤ ਦੀ ਪੀ ਕੇ ਰੋਅਬ ਵਿਖਾਉਂਦਾ ਵੋਟਾਂ ਤੇ। ਪਰਚੇ ਫੜ੍ਹ ਕੇ ਹੱਥ ਚ ਚੋਣ ਨਿਸ਼ਾਨਾਂ ਦੇ, ਘਰ ਘਰ ਜਾਂਦਾ, ਵੋਟ ਪਵਾਉਂਦਾ ਵੋਟਾਂ ਤੇ ਬਹਿਸ ਬਸਾਈ ਵੜਕੇ ਕਰਦਾ ਬੂਥਾਂ ਵਿੱਚ, ਆਪ ਮਸ਼ੀਨ ਦੇ ਬਟਨ ਦਬਾਉਂਦਾ, ਵੋਟਾਂ ਤੇ। ਚੌਧਰਪਨ ਵੀ ਬਹੁਤ ਦਿਖਾਉਣਾ ਹੁੰਦਾ ਨਾ, ਤਾਂ ਹੀ ਰਾਤ ਘਰੇ ਨਈ ਆਉਂਦਾ, ਵੋਟਾਂ ਤੇ। ਪੰਜ ਸਾਲਾਂ ਵਿੱਚ ਜੋ ਕਰਨਾ ਸਰਪੰਚਾਂ ਨੇ, ਜਾ ਜਾ ਸੱਥਾਂ ਵਿੱਚ ਸੁਣਾਉਂਦਾ ਵੋਟਾਂ ਤੇ। ਸਾਡੀ ਜਿੱਤ ਯਕੀਨੀ, ਵੋਟਾਂ ਐਵੈ ਨੇ, ਦਾਅਵੇਦਾਰੀ ਖ਼ੂਬ ਜਿਤਾਉਂਦਾ, ਵੋਟਾਂ ਤੇ। ਬੱਚੇ ਆਖਣ ਪਾਪਾ ਕੰਮ ਤੇ ਜਾਣਾ ਨਈ, ਆਖੇ, ਲੈ ! ਸਰਪੰਚ ਬੁਲਾਉਦਾ ਵੋਟਾਂ ਤੇ। ਪੰਦਰਾਂ ਦਿਨ ਤੋਂ ਆਲੂ, ਗੰਡੇ ਮੁੱਕੇ ਆ, ਪਰ ਨਾ ਸਾਂਈ ਮੁੱਲ ਲਿਆਉਂਦਾ ਵੋਟਾਂ ਤੇ। ਵਹੁਟੀ ਚੁੱਲ੍ਹਾ ਫੂੰਕੇ ਸਾਹੋ ਸਾਹ ਹੋ ਕੇ, ਘਰ ਵਾਲ਼ਾ ਖਿੱਚ ਸੂਟੇ ਲਾਉਂਦਾ ਵੋਟਾਂ ਤੇ। ਜਿਹੜੇ ਵਾਅਦੇ ਪਿਛਲੀ ਵਾਰੀ ਕੀਤੇ ਸੀ, ਮਿੱਤਵਾ ਓਹੀ ਫਿਰ ਦੁਹਰਾਉਂਦਾ ਵੋਟਾਂ ਤੇ।

ਸ਼ਾਸ਼ਨ ਕਾਲ

ਡਿੱਗੇ,ਸਭ ਸੰਭਾਲ਼ ਦਿਆਂਗੇ। ਐਸਾ ਸ਼ਾਸਨ ਕਾਲ ਦਿਆਂਗੇ। ਚਾਲ਼ੀ ਕਿਲੋ ਕਣਕ ਤੋਂ ਵੱਖਰੀ, ਕਾਲ਼ੀ ਪੀਲ਼ੀ ਦਾਲ ਦਿਆਂਗੇ। ਬੀ ਸੀ ਜੀ ਦੇ ਟੀਕੇ ਲਾ ਕੇ, ਪਾਲ ਤੁਹਾਡੇ ਬਾਲ ਦਿਆਂਗੇ। ਤਿੰਨ ਸੌ ਯੂਨਿਟ ਇੱਕ ਮਹੀਨੇ, ਬਿੱਲ ਵੀ ਜ਼ੀਰੋ ਨਾਲ਼ ਦਿਆਂਗੇ। ਦਲੀਆ ਖਿਚੜੀ ਸੁੰਡ ਪੰਜ਼ੀਰੀ, ਖ਼ੂਬ ਖਵਾ, ਕਰ ਲਾਲ ਦਿਆਂਗੇ। ਇਕ ਮੁਲਾਜ਼ਿਮ ਘਰ ਘਰ ਹੋਊ, ਇਹ ਨਾ ਸਮਝੋ, ਟਾਲ ਦਿਆਂਗੇ। ਹਰ ਔਰਤ ਨੂੰ ਹਜ਼ਾਰ ਰੁਪਿਆ, ਮਰਦਾਂ ਨੂੰ ਵੀ ਸ਼ਾਲ ਦਿਆਂਗੇ। ਸ਼ਗਨ ਸਕੀਮਾਂ ਪੁੱਜਦਾ ਕਰਕੇ, ਸਭ ਕਰ ਮਾਲੋਮਾਲ ਦਿਆਂਗੇ। ਮੀਂਹ ਚ ਡਿੱਗੀ ਛੱਤ ਦੇ ਬਦਲੇ, ਆਖੋ ਤਾਂ ਤਿਰਪਾਲ ਦਿਆਂਗੇ। ਇੱਕ ਵਿਰੋਧੀ ਵੀ ਨਾ ਖੰਘੂ, ਏਂਦਾਂ ਦਾ ਪਾ ਜਾਲ਼ ਦਿਆਂਗੇ। ਕੰਮ ਨਾ ਮੰਗਿਓ, ਕੰਮ ਦੇ ਬਦਲੇ, ਵਾਅਦੇ ਅਜ਼ਬ ਕਮਾਲ ਦਿਆਂਗੇ। ਮਿਤਵਾ, ਸਚਮੁੱਚ, ਏਹੀ ਸੱਚ ਹੈ, ਲਾਰੇ ਹੀ ਹਰ ਸਾਲ ਦਿਆਂਗੇ।

ਆ ਸੱਜਣਾ ਆ ਚੰਨ ਵਿਖਾਵਾਂ, ਕੋਠੇ ਤੋਂ

ਆ ਸੱਜਣਾ ਆ ਚੰਨ ਵਿਖਾਵਾਂ, ਕੋਠੇ ਤੋਂ। ਤੇਰੇ ਮਨ ਦਾ ਭਰਮ ਮਿਟਾਵਾਂ, ਕੋਠੇ ਤੋਂ। ਤੇਰੇ ਮੂੰਹ ਤੋਂ ਘੁੰਗਟ ਕਰਕੇ ਇਕ ਪਾਸੇ, ਉਹ ਵਾਲਾ ਚੰਨ ਫ਼ਿੱਕਾ ਪਾਵਾਂ ਕੋਠੇ ਤੋਂ। ਤੇਰੇ ਹੱਸਿਆਂ , ਖਿੜਦੇ ਫ਼ੁੱਲ ਕਪਾਹਾਂ ਦੇ, ਜਦ ਜਦ ਤੈਨੂੰ ਖ਼ੇਤ ਵਿਖਾਵਾਂ ਕੋਠੇ ਤੋਂ। ਬੰਦ ਕਰ ਕੈਂ ਕੈਂ, ਸੱਜਣ ਬੂਹੇ ਆਣ ਖੜੇ, ਉੱਡ ਜਾ ਉੱਡ ਜਾ ਕਾਲਿਆ ਕਾਵਾਂ ਕੋਠੇ ਤੋਂ। ਤੇਰੀ ਨੈਣ ਮਿਲਣ ਜਦ ਮੇਰੇ ਨੈਣਾਂ ਨਾਲ਼, ਕੁੱਲ ਦੁਨੀਆਂ ਨੂੰ ਮੈਂ ਭੁੱਲ ਜਾਵਾਂ, ਕੋਠੇ ਤੋਂ, ਤੇਰਾ ਮੇਰਾ ਮੇਲ ਅਚੰਭਾ ਲੱਗਦਾ ਹੈ, ਇਹ ਗੱਲ ਸੌ ਸੌ ਵਾਰ ਸੁਣਾਵਾਂ, ਕੋਠੇ ਤੋਂ। ਬੋਲ ਗੁਲਾਬੀ ਬੁੱਲ੍ਹਾਂ ਵਿਚੋਂ ਨਿਕਲਣ ਤਾਂ, ਮਾਖਿਓਂ ਮਿੱਠੇ ਆਖ ਬੁਲਾਵਾਂ, ਕੋਠੇ ਤੋਂ। ਸੱਤ ਜਨਮ ਵੀ ਥੋੜ੍ਹੇ ਲੱਗਣ ਤੇਰੇ ਨਾਲ, ਤੇਰਾ ਸਾਥ ਹਮੇਸ਼ਾਂ ਚਾਹਵਾਂ, ਕੋਠੇ ਤੋਂ। ਮਿਤਵਾ ਮੇਰਾ ਸਾਥ ਦਵੇਂ ਤਾਂ ਸੱਚ ਆਖਾਂ, ਤਾਰੇ ਤੋੜ ਕੇ ਝੋਲ਼ੀ ਪਾਵਾਂ ਕੋਠੇ ਤੋਂ।

ਸੱਚਾ ਇਸ਼ਕ ਕਮਾਵੇ ਕਿਹੜਾ?

ਸੱਚਾ ਇਸ਼ਕ ਕਮਾਵੇ ਕਿਹੜਾ? ਪੱਟ ਦਾ ਮਾਸ ਖਵਾਵੇ ਕਿਹੜਾ? ਨਕਲ਼ੀ ਫੁੱਲ ਹੁਣ ਘਰ ਦੀ ਸ਼ੋਭਾ, ਅਸਲੀ ਫੁੱਲ ਉਗਾਵੇ ਕਿਹੜਾ? ਕੱਚਿਆਂ ਨੇ ਤਾਂ ਖੁਰ ਜਾਣਾ ਹੈ, ਪਾਰ ਝਨਾਅ ਦੇ ਲਾਵੇ ਕਿਹੜਾ? ਟੀਕਿਆਂ ਤੋਂ ਹੀ ਵਿਹਲ ਨਹੀਂ ਆ, ਰੱਖੜੀ ਬੈਠ ਬਣਾਵੇ ਕਿਹੜਾ? ਨੈੱਟ ਮੁਕਾਉਣਾ ਵੀ ਤੇ ਹੁੰਦਾ, ਬਾਪ ਦਾ ਹੱਥ ਵਟਾਵੇ ਕਿਹੜਾ? ਹਰ ਬੰਦਾ ਹੁਣ ਖਹਿ ਕੇ ਲੰਘਦਾ, ਹੱਥ ਨਾਲ਼ ਹੱਥ ਮਿਲਾਵੇ ਕਿਹੜਾ? ਵੇਖ ਕੇ ਬੂਹਾ ਭੇੜ ਲਿਆ ਤਾਂ, ਕੁੰਡਾ ਦੱਸ ਖੜ੍ਹਕਾਵੇ ਕਿਹੜਾ? ਅੱਜਕਲ ਔਖਾ,ਮਿਰਜ਼ੇ ਵਾਂਗਰ, ਆਪਣੇ ਤੀਰ ਤੁੜਾਵੇ ਕਿਹੜਾ? ਮਿੱਤਵਾ ਸੱਚ ਸੁਣੇ ਤਾਂ ਆਖਾਂ, ਰੁੱਸੇ ਮੋੜ ਲਿਆਵੇ ਕਿਹੜਾ?

ਪਲਟੂ ਰਾਮ

ਆਪਣਾ ਬੁੱਤਾ ਸਾਰ ਗਿਆ ਈ ਪਲਟੂ ਰਾਮ। ਲੈ ਫ਼ਿਰ ਪਲਟੀ ਮਾਰ ਗਿਆ ਈ ਪਲਟੂ ਰਾਮ। ਜਿਹਨਾਂ ਲ਼ੈ ਕੇ ਦਿੱਤਾ ਸੋਹਣਾ ਤਖਤੋ ਤਾਜ, ਸਾਰੇ ਛੱਡ ਵਿਚਕਾਰ ਗਿਆ ਈ ਪਲਟੂ ਰਾਮ। ਸਾਰੀ ਉਮਰ ਜਿਨ੍ਹਾਂ ਨੂੰ ਦੱਸਿਆ ਧੋਖੇਬਾਜ਼, ਉਹਨਾਂ ਦਾ ਹੋ ਯਾਰ ਗਿਆ ਈ ਪਲਟ ਰਾਮ। ਇਸ ਵਿਚ ਕੋਈ ਸ਼ੱਕ ਨਹੀਂ ਹੈ ਆਖਾਂ ਸੱਚ, ਡੁੱਬਣ ਵਾਲ਼ੇ ਤਾਰ ਗਿਆ ਈ ਪਲਟੂ ਰਾਮ। ਸਾਥੀਆਂ ਤੋਂ ਹੀ ਮੂੰਹ ਘੁੰਮਾ ਕੇ ਪਰਖ ਸਮੇਂ, ਆਪਣੇ ਅੱਜ ਲਲਕਾਰ ਗਿਆ ਈ ਪਲਟੂ ਰਾਮ। ਵੱਡੇ ਵੱਡੇ ਬਣਦੇ ਫ਼ਿਰਦੇ ਨਾਢੂ ਖਾਂਨ, ਕੱਲਾ ਕੱਲਾ ਚਾਰ ਗਿਆ ਈ ਪਲਟੂ ਰਾਮ। ਵੀਹ ਪੰਝੀਆਂ ਦਾ ਮਿਲ ਕੇ ਬਣਿਆ ਹੋਇਆ ਸੰਗ, ਪਲ ਵਿਚ ਝੱਟ ਖਿਲਾਰ ਗਿਆ ਈ ਪਲਟੂ ਰਾਮ। ਮਿੱਤਵਾ ਕੁਰਸੀ ਮਿਲ ਜਾਵੇ ਹੁਣ ਨੋਂਵੀਂ ਵਾਰ, ਕਰਦਾ ਸੋਚ ਵਿਚਾਰ ਗਿਆ ਈ ਪਲਟੂ ਰਾਮ।

ਅੱਧੀ ਰਾਤੀਂ ਘਰ ਨੂੰ ਆਉਣਾ, ਫੈਸ਼ਨ ਹੈ

ਅੱਧੀ ਰਾਤੀਂ ਘਰ ਨੂੰ ਆਉਣਾ, ਫੈਸ਼ਨ ਹੈ। ਥੋੜ੍ਹਾ ਬਹੁਤਾ ਰੋਅਬ ਦਿਖਾਉਣਾ, ਫੈਸ਼ਨ ਹੈ। ਬਾਪੂ ਖੇਤ ਚ ਬੈਠਾ ਵੱਟ ਤੋਂ ਘਾਹ ਖੁਰਚੇ, ਪੁੱਤ ਦਾ ਬਹਿ ਕੇ ਨੈੱਟ ਮੁਕਾਉਣਾ ,ਫੈਸ਼ਨ ਹੈ। ਯਾਰ ਬਿਠਾ ਕੇ ਥਾਰ ਘੁੰਮਾਉਣੀ ਭੀੜਾਂ ਵਿਚ, ਉੱਚੀ ਹਾਰਨ ਫੇਰ ਵਜਾਉਣਾ, ਫੈਸ਼ਨ ਹੈ। ਘਰ ਵਿਚ ਆਟਾ ਦਾਲ ਨਾ ਹੋਵੇ ਸਰ ਜਾਂਦਾ, ਬਰਗਰ, ਪੀਜ਼ਾ, ਸੂਪ ਮੰਗਾਉਣਾ, ਫੈਸ਼ਨ ਹੈ। ਆਮਦਨ ਧੇਲਾ ਵੀ ਨਾ ਹੋਵੇ ਫ਼ਿਕਰ ਨਹੀਂ, ਮਹਿੰਗੇ ਮਹਿੰਗੇ ਸੂਟ ਸਵਾਉਣਾ, ਫੈਸ਼ਨ ਹੈ। ਆਪਣੇ ਹਿੱਤ ਲਈ ,ਹਰ ਇਕ ਦਾਅ ਲਗਾ ਕੇ, ਅੱਖਾਂ ਦੇ ਵਿੱਚ ਘੱਟਾ ਪਾਉਣਾ , ਫੈਸ਼ਨ ਹੈ। ਸੱਜਣ ਬਣਕੇ ਮੂੰਹ ਤੇ ਸਿਫ਼ਤ ਕਰੀ ਜਾਣਾ, ਪਿੱਠ ਤੇ ਗੁੱਝੇ ਤੀਰ ਚਲਾਉਣਾ, ਫੈਸ਼ਨ ਹੈ। ਬੇਸ਼ਰਮੀ ਹੈ, ਸਾਰੇ ਸ਼ਹਿਰ ਨੂੰ ਲੁੱਟ ਲਿਆ, ਪਰ ਮੁੱਛਾਂ ਨੂੰ ਵੱਟ ਚੜ੍ਹਾਉਣਾ , ਫੈਸ਼ਨ ਹੈ। ਮਿਤਵਾ,ਜੰਞ ਘਰਾਂ ਵਿੱਚ ਸ਼ਾਦੀ ਵਧੀਆ ਸੀ, ਹੁਣ ਪੈਲੇਸ ਵਿਚ ਕਾਜ ਰਚਾਉਣਾ,ਫੈਸ਼ਨ ਹੈ।

ਦਿਲ ਵਿਚ ਇਹ ਅਰਮਾਨ ਤੇ ਹੋਵੇ

ਦਿਲ ਵਿਚ ਇਹ ਅਰਮਾਨ ਤੇ ਹੋਵੇ। ਚੁੰਮ ਲਾਂ , ਮੂਹਰੇ ਜਾਨ ਤੇ ਹੋਵੇ। ਵਿੰਨ ਦੇਵਾਂਗਾ ਅੱਖ ਬੰਦ ਕਰਕੇ, ਹੱਥ ਚ ਤੀਰ ਕਮਾਨ ਤੇ ਹੋਵੇ। ਸੂਰਜ ਮਹਿਲਾਂ ਵਿੱਚ ਵੜੇਗਾ, ਖਿੜਕੀ, ਰੋਸ਼ਨਦਾਨ ਤੇ ਹੋਵੇ। ਵੋਟ ਪਵੇਗੀ, ਪੈ ਵੀ ਜਾਣੀ, ਚੱਜਦਾ ਚੋਣ ਨਿਸ਼ਾਨ ਤੇ ਹੋਵੇ। ਹਾਸੇ ਮੁੱਲ ਲਵਾਂ ਤਨ ਦੇ ਕੇ, ਕੋਈ ਯਾਰ ਦੁਕਾਨ ਤੇ ਹੋਵੇ। ਇੱਕ ਕਿਰਾਏਦਾਰ ਰਿਹਾ ਹਾਂ, ਚਾਹ ਸੀ, ਇੱਕ ਮਕਾਨ ਤੇ ਹੋਵੇ। ਜਾਬਰ ਨਾਲ਼ ਟਕਰਾਅ ਤੇ ਸਕਦਾਂ, ਘੋੜਾ ਤੇ ਕਿਰਪਾਨ ਤੇ ਹੋਵੇ। ਉਹ ਰੋਕੇ ਤਾਂ ਰੁਕ ਜਾਂਵਾਂਗਾ, ਉਸਦੇ ਮੂੰਹ ਜ਼ੁਬਾਨ ਤੇ ਹੋਵੇ। ਮਿੱਤਵਾ, ਉਹ ,ਸਿਰ ਆਪ ਬਿਠਾਵਾਂ, ਉਧਰੋਂ ਵੀ, ਸਨਮਾਨ ਤੇ ਹੋਵੇ।

ਗੱਲ ਸਿਰੇ ਤੇ ਲਾ ਨਾ ਲਈਏ!

ਗੱਲ ਸਿਰੇ ਤੇ ਲਾ ਨਾ ਲਈਏ! ਦੋਵੇਂ ਨੈਣ ਲੜਾ ਨਾ ਲਈਏ! ਬਹੁਤ ਲਗਾ ਲਏ ਲਾਰੇ ਲੱਪੇ, ਆਪਣੇ ਬੋਲ਼ ਪੁਗਾ ਨਾ ਲਈਏ! ਮੋਢਾ ਮਾਰ ਕੇ, ਘੂਰ ਰਹੇ ਜੋ, ਪਹਿਲਾਂ ਏਹੋ, ਢਾਅ ਨਾ ਲਈਏ! ਚੁੱਪ ਰਹਿਣਾਂ ਇੱਕ ਪਾਸੇ ਕਰਕੇ, ਦਿਲ ਦਾ ਹਾਲ ਸੁਣਾ ਨਾ ਲਈਏ! ਕੋਹਾਂ ਤੱਕ ਹਨ੍ਹੇਰਾ ਦਿੱਸਦਾ, ਆਸ ਦਾ ਦੀਪ ਜਗਾ ਨਾ ਲਈਏ! ਪਲ ਪਲ ਵਕਤ ਗੁਜਰਦਾ ਜਾਂਦਾ, ਦਿਲ ਦੀ ਤਾਂਘ ਮੁਕਾ ਨਾ ਲਈਏ! ਸੜਦੇ ਸੜਨ ਅਸਾਂ ਕੀ ਲੈਣਾ, ਦੋਂਵੇਂ ਸ਼ਗਨ ਮਨਾ ਨਾ ਲਈਏ! ਮਿੱਤਵਾ ਦੋ ਤੋਂ ਇੱਕ ਹੋ ਆਪਾਂ, ਰੂਹ ਦੇ ਦਰਦ ਮਿਟਾ ਨਾ ਲਈਏ!

ਲੋੜੋਂ ਵੱਧ ਕੇ ਪਾਇਆ

ਲੋੜੋਂ ਵੱਧ ਕੇ ਪਾਇਆ, ਕਾਬਿਲ ਕਿੱਥੇ ਸਾਂ। ਫਰਸ਼ੋਂ,ਅਰਸ਼ ਪੁਚਾਇਆ, ਕਾਬਿਲ ਕਿੱਥੇ ਸਾਂ। ਮੋਟਰ ਸਾਈਕਲ ਦੀ ਵੀ ਆਸ ਨਾ ਰੱਖੀ ਸੀ, ਗੱਡੀ ਉਪਰ ਬਿਠਾਇਆ, ਕਾਬਿਲ ਕਿੱਥੇ ਸਾਂ। ਆਟਾ ਭੁੰਨ ਬਥੇਰਾ ਖਾਧਾ ਚੀਨੀ ਪਾ, ਬਰਗਰ ਵੀ ਠੁਕਰਾਇਆ,ਕਾਬਿਲ ਕਿੱਥੇ ਸਾਂ। ਭੰਗੜਾ ਪਾਉਂਦੇ ਸੀ ਖ਼ੱਦਰ ਦੇ ਝੱਗਿਆਂ ਵਿੱਚ ਲੈ ,ਅੱਜ ਕੋਟ ਸਿਲਾਇਆ, ਕਾਬਿਲ ਕਿੱਥੇ ਸਾਂ। ਹਾੜ੍ਹ ਮਹੀਨਾ ਪੱਖੀਆਂ ਝੁੱਲ ਝੁੱਲ ਲੰਘਦਾ ਸੀ, ਹੁਣ ਘਰ ਏ ਸੀ ਲਾਇਆ,ਕਾਬਿਲ ਕਿੱਥੇ ਸਾਂ। ਆਸ ਰੁਪਏ ਦੀ ਰੱਖਦੇ ਸਾਂ ਮਹਿਮਾਨਾਂ ਤੋਂ, ਹੁਣ ਵਿਆਹ ਚ ਨੋਟ ਉੜਾਇਆ, ਕਾਬਿਲ ਕਿੱਥੇ ਸਾਂ। ਆਪੇ ਕ਼ਦਮ ਤੁਰੇ ਨੇ ਆਪਣੀ ਮੰਜ਼ਿਲ ਵੱਲ, ਜਦ ਵੀ ਪੈਰ ਟਿਕਾਇਆ,ਕਾਬਿਲ ਕਿੱਥੇ ਸਾਂ। ਪਿੱਠ ਨਾ ਲੱਗਣ ਦਿੱਤੀ ਜਿੱਥੇ ਖੜਿਆ ਹਾਂ, ਰੱਬ ਨੇ ਆਪ ਉਠਾਇਆ,ਕਾਬਿਲ ਕਿੱਥੇ ਸਾਂ। ਬਾਲਮ ਦਾ ਸ਼ੁਕਰਾਨਾ ਜਿਸਨੇ ਮਿੱਤਵਾ ਨੂੰ, ਸ਼ਾਇਰ ਅੱਜ ਬਣਾਇਆ, ਕਾਬਿਲ ਕਿੱਥੇ ਸਾਂ।

ਵੱਡਿਆਂ ਦੇ ਘਰ ਪੋਚਾ ਲਾਵੇ

ਵੱਡਿਆਂ ਦੇ ਘਰ ਪੋਚਾ ਲਾਵੇ, ਘਰ ਚ ਕਲੇਸ਼ ਬਥੇਰਾ। ਸਿਰ ਦਾ ਸਾਈਂ ਹਾਲ ਨਾ ਸਮਝੇ, ਵੱਡਾ ਕਰਕੇ ਝੇਰਾ। ਨੇੜਿਓਂ ਹਾਲ ਨਾ ਪੁੱਛਦੇ, ਲੰਘਦੇ, ਦੂਰੋਂ ਹੱਥ ਹਿਲਾ ਕੇ, ਘੱਟ ਗਿਆ ਹੁਣ ਪਹਿਲਾਂ ਨਾਲੋ ਸਾਂਝਾਂ ਵਾਲਾ ਘੇਰਾ। ਆਪ ਤੇ ਦੀਪਕ ਜਗਦਾ ਰਹਿੰਦਾ , ਜੱਗ ਨੂੰ ਰੌਸ਼ਨ ਕਰਦਾ, ਇਹ ਵੀ ਉਸਨੂੰ ਖ਼ਬਰ ਹੈ ਪੂਰੀ, ਦੀਵੇ ਹੇਠ ਹਨ੍ਹੇਰਾ। ਫੇਰ ਸ਼ਿਕਾਰੀ ਪਹਿਲਾਂ ਵਾਲਾ, ਅਪਣਾ ਰੋਅਬ ਵਿਖਾਊ, ਇਸਦੇ ਪੈਰਾਂ ਹੇਠਾਂ ਆਇਆ, ਹੈ ਅਚਨਚੇਤ ਬਟੇਰਾ। ਚੋਰਾਂ ਘਰ ਨੂੰ ਸੰਨ੍ਹ ਲਗਾਈ, ਗਹਿਣਾ ਗੱਟਾ ਲੁੱਟਿਆ, ਰੱਬ ਦੀ ਕਰਨੀ ਨੱਠਣ ਲਗਿਆਂ, ਚੜ੍ਹਿਆ ਆਣ ਸਵੇਰਾ। ਬਾਹਰ ਢੂੰਡਣ ਲੱਗਿਆਂ ਨੇ ਹੀ ਉਮਰ ਗੁਵਾਤੀ ਸਾਰੀ, ਆਪਣੇ ਅੰਦਰ ਲੱਭ ਲੈਂਦਾ ਤਾਂ ਚਾਨਣ ਪਾਉਂਦਾ ਫੇਰਾ। ਬਾਣੀ ਤੇ ਵਿਸ਼ਵਾਸ਼ ਰਿਹਾ ਨਾ, ਮਨ ਬੇਕਾਬੂ ਹੋਇਆ, ਇੱਕ ਨੂੰ ਛੱਡਕੇ ਦੂਜਾ ਲੱਭਣ,ਸਾਧਾਂ ਵਾਲਾ ਡੇਰਾ। ਜਿਸਨੂੰ ਸੁਪਨੇ ਡਾਲਰ ਦੇ ਤੇ ਨਜ਼ਰ ਮਹਿਲ ਨੂੰ ਲੱਭਦੀ, ਸੱਚ ਕਹਾਂ ਤੇ ਮਿੱਤਵਾ ਉਸਨੇ, ਦਿਲ ਕੀ ਕਰਨਾ ਮੇਰਾ।

ਕਿੱਥੇ ਕਿੱਥੇ ਸਾਂਝ ਨਿਭਾਵਾਂ

ਕਿੱਥੇ ਕਿੱਥੇ ਸਾਂਝ ਨਿਭਾਵਾਂ, ਦੱਸਿਓ ਬਈ। ਕਿੰਨਾਂ ਸਿਰ ਨੂੰ ਹੋਰ ਝੁਕਾਂਵਾਂ, ਦੱਸਿਓ ਬਈ। ਐ ਜੋ ਅੰਕਲ ਅੰਕਲ ਕਹਿੰਦੇ ਥੱਕਦੇ ਨਈ, ਹੁਣ ਇਹਨਾਂ ਤੋਂ ਧੋਣ ਭੰਨਾਵਾਂ, ਦੱਸਿਓ ਬਈ। ਸਾਰੇ ਭੰਡਣ ਵਾਲ਼ੇ ਆਪਣੇ ਨਿਕਲੇ ਆ, ਸ਼ੋਰ ਮਚਾਵਾਂ, ਚੁੱਪ ਵੱਟ ਜਾਵਾਂ, ਦੱਸਿਓ ਬਈ। ਮੇਰਾ ਚੰਨ ਵੀ ਅੰਬਰੀ ਚੰਨ ਤੋਂ ਘੱਟ ਨਹੀ, ਇਸ ਗੱਲ ਤੇ ਕਿਉਂ ਪਰਦੇ ਪਾਵਾਂ, ਦੱਸਿਓ ਬਈ। ਮਤਲਬ ਖੋਰਾਂ ਭੋਰਾ ਭੋਰਾ ਭੋਰ ਲਿਆ, ਚੀਖਾਂ ਨਾ ਤੇ ਜਾਨ ਗਵਾਵਾਂ, ਦੱਸਿਓ ਬਈ। ਮੈਨੂੰ ਲੁੱਟ ਪੁੱਟ ਲੈ ਗਏ ਮਿੱਠੇ ਬਣ ਬਣ ਕੇ, ਆਪਣਾ ਕਿੱਦਾਂ ਡੰਗ ਟੱਪਾਵਾਂ ,ਦੱਸਿਓ ਬਈ। ਆਪਣੇ ਖ਼ੂਨ ਹਰਾ ਕੇ ਜਿੱਤਣਾ, ਕੀ ਜਿੱਤਣਾ? ਜਿੱਤਿਆ ਵੀ ਤੇ ਜਸ਼ਨ ਮਨਾਵਾਂ, ਦੱਸਿਓ ਬਈ। ਮਿੱਤਵਾ ਦੀ ਅੱਖ ਵਿੱਚੋਂ ਅੱਥਰੂ ਟਪਕ ਰਹੇ, ਪੂੰਝ ਦਵਾਂ ਤੇ ਦੁੱਖ਼ ਵੰਡਾਵਾਂ ,ਦੱਸਿਓ ਬਈ।

ਜੋ ਜੋ ਖੋਇਆ ਫੇਰ ਦੁਬਾਰਾ ਪਾ ਨਾ ਸਕਿਆ

ਜੋ ਜੋ ਖੋਇਆ ਫੇਰ ਦੁਬਾਰਾ ਪਾ ਨਾ ਸਕਿਆ। ਆਪਣੇ ਪੈਰਾਂ ਉੱਤੇ ਮੈ ਮੁੜ ਆ ਨਾ ਸਕਿਆ। ਇੱਕ ਨਹੀਂ ਉਸਦੇ ਦੋਵੇਂ ਹੀ ਖੰਭ ਜ਼ਖ਼ਮੀ ਸਨ, ਤਾਂ ਹੀ ਪੰਛੀ ਤੇਜ਼ ਉਡਾਰੀ ਲਾ ਨਾ ਸਕਿਆ। ਕੱਲ ਤਕ ਕਿੱਥੇ ਸੁਣਦੇ ਸਨ ਮੈਨੂੰ ਗਾਉਂਦੇ ਨੂੰ, ਅੱਜ ਸੁਣਨਾ ਚਾਹੁੰਦੇ ਪਰ ਮੈ ਹੀ ਗਾ ਨਾ ਸਕਿਆ। ਰਾਤੀਂ ਬਹਿ ਬਹਿ ਕੇ ਰਾਤ ਗੁਜਾਰੀ ਅੱਖੀਆਂ ਵਿੱਚ, ਦਰਦ ਕਮਾਲ ਸੀ ਉੱਚੀ ਚੀਖ਼ ਚਿਲਾ ਨਾ ਸਕਿਆ। ਕਿਆਰੀ ਵਿੱਚ ਗ਼ੁਲਾਬ ਉਗਾਏ ਹਰ ਇੱਕ ਰੰਗ ਦੇ, ਫ਼ੁੱਲਾਂ ਨਾਲ਼ੋਂ ਕੰਡਿਆਂ ਨੂੰ ਪਰ ਲਾਹ ਨਾ ਸਕਿਆ। ਪੈਰਾਂ ਦੇ ਵਿੱਚ ਬੇੜੀਆਂ ,ਅੱਗੇ ਦਲਦਲ ਗਹਿਰੀ, ਅੱਗੇ ਵਧਿਆ ਹਾਂ, ਮੈ ਢੇਰੀ ਢਾਹ ਨਾ ਸਕਿਆ। ਉਹਨਾਂ ਜੋ ਵੀ ਕੀਤਾ ਉਹਨਾਂ ਦੀ ਮਰਜ਼ੀ ਏ, ਲੱਗਦਾ ਮੈ ਵੀ ਆਪਣਾ ਫ਼ਰਜ਼ ਨਿਭਾ ਨਾ ਸਕਿਆ। ਅੱਖ਼ ਬਲੌਰੀ ਪੱਟ ਗਈ ਆਖਿਰ ਮਿੱਤਵਾ ਨੂੰ, ਬਹੁਤ ਬਚਾਇਆ,ਆਪਣਾ ਆਪ ਬਚਾ ਨਾ ਸਕਿਆ।

ਤੂੰ ਅੰਬਰਾਂ ਦੀ ਹੂਰ ਸਦਾ ਹੀ ਰਹਿਣਾ ਆਂ

ਤੂੰ ਅੰਬਰਾਂ ਦੀ ਹੂਰ ਸਦਾ ਹੀ ਰਹਿਣਾ ਆਂ। ਤੇਰਾ ਮੁਖ ਤੇ ਨੂਰ ਸਦਾ ਹੀ ਰਹਿਣਾ ਆਂ। ਭੰਡਣ ਵਾਲੇ ਨੇ ਜੇ ਭੰਡਣਾਂ , ਭੰਡ ਦੇਣਾਂ, ਦੁਨੀਆਂ ਤੇ ਦਸਤੂਰ ਸਦਾ ਹੀ ਰਹਿਣਾ ਆਂ। ਕੁਦਰਤ ਦੀ ਇਹ ਸੋਹਣੀ ਸੁੰਦਰ ਧਰਤੀ ਤੇ, ਲੂੰਬੜ ਤੇ ਲੰਗੂਰ ਸਦਾ ਹੀ ਰਹਿਣਾ ਆਂ। ਇੱਕ ਗੱਲ ਆਖਾਂ ਸੱਚ ਆ ਤੇ ਸੱਚਾਈ ਹੈ, ਤੈਨੂੰ ਇੰਝ ਗਰੂਰ ਸਦਾ ਹੀ ਰਹਿਣਾ ਆਂ। ਸਾਲ ਵਰ੍ਹੇ ਦੇ ਮਗਰੋਂ ਕੋਇਲਾਂ ਕੂਕਣੀਆਂ, ਅੰਬਾਂ ਉੱਤੇ ਬੂਰ ਸਦਾ ਹੀ ਰਹਿਣਾ ਆਂ। ਤੈਨੂੰ ਰੱਬ ਨੇ ਬਿਲਕੁਲ ਊਣਾ ਰੱਖਿਆ ਨਈ, ਤਾਂ ਹੀ ਤੂੰ ਮਗ਼ਰੂਰ ਸਦਾ ਹੀ ਰਹਿਣਾ ਆਂ। ਤੂੰ ਮਗ਼ਰੂਰ, ਮੁਬਾਰਕ ਇਹ ਮਗ਼ਰੂਰੀ ਜੀ, ਮੈਨੂੰ ਮਸਤ ਸਰੂਰ ਸਦਾ ਹੀ ਰਹਿਣਾ ਆ। ਜਿਸ ਨੂੰ ਪਾਠ ਪੜ੍ਹਾਵੇਂਗਾ ਗੱਲ ਪੱਕੀ ਆ, ਮਿੱਤਵਾ ਤੈਥੋਂ ਦੂਰ ਸਦਾ ਹੀ ਰਹਿਣਾ ਆ।

ਥੋੜ੍ਹੀ ਗੱਲ ਮੰਨ ਭਲਿਆ ਲੋਕਾ

ਥੋੜ੍ਹੀ ਗੱਲ ਮੰਨ ਭਲਿਆ ਲੋਕਾ। ਏਧਰ ਕਰ ਕੰਨ ਭਲਿਆ ਲੋਕਾ। ਰੁਕ ਜਾ, ਠਹਿਰ ਜ਼ਰਾ ,ਚੱਲ ਜਾਵੀਂ, ਭਰਿਆ ਨਹੀਂ ਮਨ ਭਲਿਆ ਲੋਕਾ। ਦਿਲ ਦਾ ਹਾਲ ਬਿਆਨ ਕਰਾਂ ਕਿੰਝ, ਪਲ ਮੁਸ਼ਕਿਲ ਹਨ ਭਲਿਆ ਲੋਕਾਂ। ਕੁਤਰ ਕੁਤਰ ਘੁਣ ਖਾ ਚੱਲਿਆ ਈ, ਕੋਮਲ ਇਹ ਤਨ ਭਲਿਆ ਲੋਕਾਂ। ਮਹਿਲਾਂ ਦੇ ਪਰਛਾਵੇਂ ਹੇਠਾਂ, ਦੱਬ ਜਾਂਦੇ ਛੰਨ ਭਲਿਆ ਲੋਕਾ। ਛੱਡ ਫ਼ਰੇਬੀ, ਹੇਰਾਫੇਰੀ, ਮਨ ਨੂੰ ਵੀ ਬੰਨ ਭਲਿਆ ਲੋਕਾ। ਤੈਨੂੰ ਦੌਲਤ ਦੀ ਹੀ ਚਾਹ ਬਸ, ਮੇਰਾ ਤੂੰ ਧਨ ਭਲਿਆ ਲੋਕਾਂ। ਖਹਿਬਾਜ਼ੀ ਤੋਂ ਹੁਣ ਤੱਕ ਕਿਹੜਾ? ਹੋਇਆ ਪ੍ਰਸੰਨ ਭਲਿਆ ਲੋਕਾ। ਮੈਂ ਹਾਂ ਮਿੱਤਵਾ ਦਾ ਪ੍ਰਛਾਵਾਂ, ਤੇ ਮਿੱਤਵਾ `ਚੰਨ ਭਲਿਆ ਲੋਕਾ।

ਰਾਜਾ ਪੂਰਾ ਗੱਜ ਰਿਹਾ ਹੈ

ਰਾਜਾ ਪੂਰਾ ਗੱਜ ਰਿਹਾ ਹੈ ਟੀ ਵੀ ਤੇ। ਅਪਣਾ ਝੂਠ ਈ ਕੱਜ ਰਿਹਾ ਹੈ ਟੀ ਵੀ ਤੇ। ਗ਼ਲਤੀ ਕੀਤੀ ਕਿੰਝ ਛੁਪਾਉਣੀ ਲੋਕਾਂ ਵਿਚ, ਲੱਭ ਅਨੇਕਾਂ ਪੱਜ ਰਿਹਾ ਹੈ ਟੀ ਵੀ ਤੇ। ਇੱਕ ਨਹੀਂ ਸੌ ਵਾਰੀ ਇੱਦਾਂ ਹੋਇਆ ਹੈ, ਵਿੱਚ ਗੁਆਂਢੀ ਵੱਜ ਰਿਹਾ ਹੈ ਟੀ ਵੀ ਤੇ। ਕੱਲ੍ਹ ਵਿਦੇਸ਼ੋਂ ਆਇਆ, ਅੱਜ ਫਿਰ ਜਾਵਣ ਲਈ, ਸ਼ਾਤਿਰ ਲਗਦਾ ਸੱਜ ਰਿਹਾ ਹੈ ਟੀ ਵੀ ਤੇ। ਘਰ ਘਰ ਵਿੱਚ ਖੁਸ਼ਹਾਲੀ ਕਿੱਦਾਂ ਆਵੇਗੀ, ਭਗਤਾਂ ਨੂੰ ਦੱਸ ਅੱਜ ਰਿਹਾ ਹੈ ਟੀ ਵੀ ਤੇ। ਕਿਸਨੂੰ ਅੰਦਰ ਬਾਹਰ ਕਰਨਾ ਸਭ ਜਾਣੇ, ਓਹੀ ਤੇ ਬਈ ਜੱਜ ਰਿਹਾ ਹੈ ਟੀ ਵੀ ਤੇ। ਲੇਖਾ ਜੋਖਾ ਹੀ ਨਾ ਪਬਲਿਕ ਮੰਗ ਲਵੇ, ਜਾਨ ਛੁਡਾ ਕੇ ਭੱਜ ਰਿਹਾ ਹੈ ਟੀ ਵੀ ਤੇ। ਮਿੱਤਵਾ ਇਸ ਵਾਰੀ ਵੀ ਕੁਰਸੀ ਮਿਲ ਜਾਵੇ, ਰੋਜ਼ ਵਜਾ ਉਹ ਛੱਜ ਰਿਹਾ ਹੈ ਟੀ ਵੀ ਤੇ।

ਬੈਠਾ ਧੌਣ ਘੁੰਮਾਵੇ, ਬਾਬਾ ਧੂਣੇ ਤੇ

ਬੈਠਾ ਧੌਣ ਘੁੰਮਾਵੇ, ਬਾਬਾ ਧੂਣੇ ਤੇ। ਚਿਲਮਾਂ ਖਿੱਚ ਖਿੱਚ ਲਾਵੇ ਬਾਬਾ ਧੂਣੇ ਤੇ। ਤਨ ਤੇ ਭਸਮ ਲਗਾਉਂਦਾ ਅੱਖੀਆਂ ਬੰਦ ਕਰਕੇ, ਚਿਮਟਾ ਖ਼ੂਬ ਵਜਾਵੇ, ਬਾਬਾ ਧੂਣੇ ਤੇ। ਚੌਵੀ ਘੰਟੇ ਪੈਰੋਂ ਨੰਗਾ ਰਹਿੰਦਾ ਆ, ਇੱਕ ਲੰਗੋਟ ਸਜਾਵੇ , ਬਾਬਾ ਧੂਣੇ ਤੇ। ਗਲ਼ ਵਿੱਚ ਮੋਤੀ ਰੰਗ ਬਿਰੰਗੇ ਹੱਥਾਂ ਵਿਚ, ਪੱਥਰਾਂ ਦੇ ਨਗ ਪਾਵੇ ,ਬਾਬਾ ਧੂਣੇ ਤੇ। ਚਾਰ ਕ ਚੇਲੇ ਰੱਖੇ ਪਾਣੀ ਭਰਨ ਲਈ, ਉਹ ਵੀ ਨਾਲ਼ ਨਚਾਵੇ ,ਬਾਬਾ ਧੂਣੇ ਤੇ। ਹਾਂ ਬੱਚਾ ਕੀ ਮਸਲਾ ਤੇਰਾ ਦੱਸ ਜਰਾ, ਦਿਲ ਦਾ ਰੋਗ ਮਿਟਾਵੇ , ਬਾਬਾ ਧੂਣੇ ਤੇ। ਲੰਮੀਆਂ ਲੰਮੀਆਂ ਫੁਕਾਂ ਮਾਰੇ ਨਾਲੋਂ ਨਾਲ਼, ਮੰਤਰ ਪੜ੍ਹਦਾ ਜਾਵੇ, ਬਾਬਾ ਧੂਣੇ ਤੇ। ਜਾਦੂ ਟੂਣੇ , ਖਾਧੇ ਪੀਤੇ ,ਛਿੱਟਿਆਂ ਨੂੰ, ਕੋਹਾਂ ਦੂਰ ਭਜਾਵੇ, ਬਾਬਾ ਧੂਣੇ ਤੇ। ਨੇਤਾਗਣ ਵੀ ਆ ਆ ਚੌਂਕੀ ਭਰਦੇ ਨੇ, ਮੰਤਰੀ ਯੋਗ ਬਣਾਵੇ ,ਬਾਬਾ ਧੂਣੇ ਤੇ। ਲੋਕ ਦੀਵਾਨੇ ਹੋਏ ਫ਼ਿਰਦੇ ਬਾਬੇ ਦੇ, ਅੰਦਰੋਂ ਤੇ ਮੁਸਕਾਵੇ, ਬਾਬਾ ਧੂਣੇ ਤੇ। ਸ਼ਾਤਿਰ,ਮੁੰਡੇ ਵੰਡਦਾ ਦੇ ਕੇ ਪੰਜ ਪੁੜੀਆਂ, ਮਿੱਤਵਾ ਰੱਬ ਬਚਾਵੇ ,ਬਾਬਾ ਧੂਣੇ ਤੇ।

ਦੁਨੀਆਂ ਦੇ ਅਨੁਸਾਰ ਕਦੇ ਵੀ ਢਲਿ਼ਆ ਨਾ

ਦੁਨੀਆਂ ਦੇ ਅਨੁਸਾਰ ਕਦੇ ਵੀ ਢਲਿ਼ਆ ਨਾ। ਉੱਚਾ ਸਿੰਬਲ ਰੁੱਖ ਮੈ ਅੱਜ ਤੱਕ ਫਲਿ਼ਆ ਨਾ। ਕੁਰਸੀ , ਮੇਜ ਨਾ ਬਣਿਆ, ਖਿੜਕੀ ਦਰਵਾਜਾ, ਉਹ ਕੇਲੇ ਦਾ ਬੂਟਾ ਜਿਹੜਾ ਬਲਿ਼ਆ ਨਾ। ਕਿਹੜਾ ਕਿਹੜਾ ਨਾਮ ਲਵਾਂ ਤੇ ਦੋਸ਼ ਦਵਾਂ? ਐਸਾ ਕੋਈ ਹੈ ਨਈਂ ਜਿਸਨੇ ਛਲਿਆ ਨਾ। ਮੂੰਹ ਤੋਂ ਰੱਬ ਰੱਬ ਕਰਕੇ ਮੁਖ਼ ਸੰਵਾਰ ਲਿਆ, ਮਨ ਦੇ ਅੰਦਰੋਂ ਕੂੜਾ ਸੜਿਆ ਗਲਿ਼ਆ ਨਾ। ਸਾਂਭ ਲਿਆ ਹਰ ਦੁੱਖ ਨੂੰ, ਕਹਿਕੇ ਜੀ ਆਇਆਂ, ਆਪਣੇ ਦਰ ਤੋਂ ਵਾਪਿਸ ਖ਼ਾਲੀ ਘੱਲਿਆ ਨਾ। ਇੱਕ ਇਸ਼ਾਰੇ ਤੇ ਮੈਂ ਦੁਨੀਆਂ ਗਾਹ ਛੱਡੀ, ਉਹ ਸਮਝੇ ਮੈ ਇੱਕ ਕਦਮ ਵੀ ਚਲਿਆ ਨਾ। ਭਾਵੇਂ ਦੱਸਦਾ ਨਈਂ ਹਾਂ ਸੋਲ਼ਾਂ ਆਨੇ ਸੱਚ, ਵਿਛੜੇ ਪਲ ਪਲ ਚੇਤੇ ਕਰਦਾਂ ਟਲਿਆ ਨਾ। ਖੰਡ ਮਿਸ਼ਰੀ ਤਾਂ ਵੰਡ ਸਕਦਾਂ ਪਰ, ਜ਼ਹਿਰ ਨਹੀਂ, ਮਿੱਤਵਾ ਨਾਗਾਂ ਦੇ ਵਿੱਚ ਰਹਿ ਕੇ ਪਲਿਆ ਨਾ।

ਤੜ੍ਹਕੇ ਉੱਠਦਾਂ, ਨ੍ਹਾ ਕੇ ਫ਼ਿਰ ਵਿਹਲਾ ਹੁੰਨਾਂ

ਤੜ੍ਹਕੇ ਉੱਠਦਾਂ, ਨ੍ਹਾ ਕੇ ਫ਼ਿਰ ਵਿਹਲਾ ਹੁੰਨਾਂ। ਰੱਬ ਦੀ ਮਹਿਮਾ ਗਾ ਕੇ ਫਿਰ ਵਿਹਲਾ ਹੁੰਨਾ। ਸਾਰਾ ਟੱਬਰ ਘੂਕੇ ਸੁੱਤਾ ਹੁੰਦਾ ਨਿੱਤ, ਇੱਕ ਇੱਕ ਜੀਅ ਉੱਠਾ ਕੇ ਫਿਰ ਵਿਹਲਾ ਹੁੰਨਾਂ। ਆਪੇ ਚਾਹ ਬਣਾਉਨਾਂ, ਪੀਨਾਂ, ਜੋ ਬਚਦੀ, ਥਾਓਂ ਥਾਂਈਂ ਫੜਾ ਕੇ ਫਿਰ ਵਿਹਲਾ ਹੁੰਨਾਂ। ਦੋਵੇਂ ਬੱਚੇ ਪੜ੍ਹਨ ਸਕੂਲੇ ਜਾਂਦੇ ਨੇ, ਛੱਡ ਸਕੂਲੇ, ਆ ਕੇ, ਫਿਰ ਵਿਹਲਾ ਹੁੰਨਾਂ। ਧਾਰਾਂ ਕੱਢਕੇ , ਪੱਠੇ ਵੱਢ, ਲਿਆ, ਟੁੱਕਨਾਂ, ਗਾਂ ਨੂੰ ਪਾਣੀ ਡਾਅ ਕੇ ਫਿਰ ਵਿਹਲਾ ਹੁੰਨਾ। ਐਵੇਂ ਆਖਾਂ ਕੱਪੜੇ ਕੁਪੜੇ ਧੋਵਾਂ ਨਾ, ਪਰ ਮੈ ਸੁਖਣੇ ਪਾ ਕੇ ਫਿਰ ਵਿਹਲਾ ਹੁੰਨਾਂ। ਰੋਟੀ ਲਈ ਵੀ ਬਹੁਤਾ ਨਾ ਮਜ਼ਬੂਰ ਕਰਾਂ, ਜੋ ਜੋ ਮਿਲ਼ਦਾ ਖਾ ਕੇ ਫਿਰ ਵਿਹਲਾ ਹੁੰਨਾਂ। ਘਰ ਦੇ ਇਹ ਨਾ ਆਖਣ, ਬਹਿ ਕੇ ਖਾਂਦਾ ਹੈ, ਸਾਰੇ ਕੰਮ ਮੁਕਾ ਕੇ ਫਿਰ ਵਿਹਲਾ ਹੁੰਨਾਂ। ਕੂਲਰ, ਏ ਸੀ ਮੇਰੇ ਕਿਹੜੇ ਕੰਮ ਦੇ ਬਈ, ਪੱਖੀ ਦੀ ਵਾਅ ਖਾ ਕੇ ਫਿਰ ਵਿਹਲਾ ਹੁੰਨਾਂ। ਮਿੱਤਵਾ ਵਿਹੜੇ ਨਿੰਮ ਲਗੀ ਹੈ ਉਸ ਹੇਠਾਂ, ਚਾਰ ਘੁਰਾੜੇ ਲਾ ਕੇ ਫਿਰ ਵਿਹਲਾ ਹੁੰਨਾਂ।

ਲੱਗਦਾ, ਉਸਨੂੰ ਖ਼ੂਬ ਸਤਾਇਆ, ਸੱਜਣਾਂ ਨੇ

ਲੱਗਦਾ, ਉਸਨੂੰ ਖ਼ੂਬ ਸਤਾਇਆ, ਸੱਜਣਾਂ ਨੇ। ਤਾਂ ਹੀ ਮੈਨੂੰ ਫ਼ੋਨ ਲਗਾਇਆ ਸੱਜਣਾਂ ਨੇ। ਕੱਲ੍ਹ ਤੱਕ ਖੁਆਬਾਂ ਦੇ ਵਿੱਚ ਪੜ੍ਹਨੇ ਪਾਉਂਦੇ ਸੀ, ਓਹੀ ਜਲਵਾ ਅੱਜ ਵਿਖਾਇਆ ਸੱਜਣਾਂ ਨੇ। ਸਾਹਾਂ ਦੇ ਵਿੱਚ ਸਿਸਕੀਆਂ ਹੀ ਸਿਸਕੀਆਂ, ਮੈਥੋਂ ਗਹਿਰਾ ਭੇਦ ਛੁਪਾਇਆ, ਸੱਜਣਾਂ ਨੇ। ਛੱਡ ਗਰਾਂ ਤੇ ਉਸਦੇ ਸ਼ਹਿਰ ਚ ਆ ਵਸਿਆਂ, ਏਨਾਂ ਮੇਰਾ ਹੋਸ਼ ਗਵਾਇਆ, ਸੱਜਣਾਂ ਨੇ। ਸੱਚ ਆਖਾਂ ਤਾਂ ਆਪਣੀ ਗੱਲ ਮੈਂ ਕਰਦਾ ਨਈਂ, ਸਾਰੇ ਜੱਗ ਨੂੰ ਨਾਚ ਨਚਾਇਆ, ਸੱਜਣਾਂ ਨੇ। ਆਪੇ ਜ਼ਹਿਰ ਹੁਸਨ ਦਾ ਵੰਡਣ ਨਿਕਲ਼ੇ ਤਾਂ, ਤੁਪਕਾ ਤੁਪਕਾ ਸਭ ਨੂੰ ਪਾਇਆ ਸੱਜਣਾਂ ਨੇ। ਐਸਾ ਕੋਈ ਹੋਣਾਂ ਹੀ ਨਈਂ, ਦੁਨੀਆਂ ਤੇ, ਜਿਸਨੂੰ ਪਿੱਛੇ ਨਈਉਂ ਲਾਇਆ , ਸੱਜਣਾਂ ਨੇ। ਮੇਰੇ ਦਿਲ ਵਿੱਚ ਲੱਡੂ ਫ਼ੁੱਟਣ, ਰਹਿ ਰਹਿ ਕੇ, ਮੇਰਾ ਬੀ ਪੀ ਅੱਜ ਵਧਾਇਆ , ਸੱਜਣਾਂ ਨੇ। ਜਿੱਦਾਂ ਮੱਛਲੀ ਪਾਣੀ ਬਿਨ ਵਿਰਲਾਪ ਕਰੇ, ਇੱਦਾਂ ਮਿਤਵਾ ਨੂੰ ਤੜਫਾਇਆ ਸੱਜਣਾਂ ਨੇ।

ਇੰਝ ਖ਼ੁਦ ਨੂੰ ਉਲਝਾ ਬੈਠਾਂ ਹਾਂ

ਇੰਝ ਖ਼ੁਦ ਨੂੰ ਉਲਝਾ ਬੈਠਾਂ ਹਾਂ, ਖਾਧੀ ਪੀਤੀ ਵਿੱਚ। ਆਪਣੀ ਜਾਨ ਫ਼ਸਾ ਬੈਠਾਂ ਹਾਂ , ਖਾਧੀ ਪੀਤੀ ਵਿੱਚ। ਸਾਰਾ ਸ਼ਹਿਰ ਈ ਜਿਸ ਨਜ਼ਰਾਂ ਤੋਂ ਪਾਸਾ ਵੱਟ ਰਿਹਾ, ਉਸ ਨਾਲ਼ ਨੈਣ ਮਿਲਾ ਬੈਠਾਂ ਹਾਂ, ਖਾਧੀ ਪੀਤੀ ਵਿੱਚ। ਕਸਮ ਖ਼ੁਦਾ ਦੀ , ਝੂਠ ਨਾ ਬੋਲਾਂ ਵਿੱਚ ਸਕਿੰਟਾਂ ਦੇ, ਸਾਰੀ ਉਮਰ ਹੰਢਾ ਬੈਠਾਂ ਹਾਂ, ਖਾਧੀ ਪੀਤੀ ਵਿੱਚ। ਉਸਨੇ ਹੱਸ ਕੇ ਪੁੱਛਿਆ, ਜਾਮ ਇਸ਼ਕ ਦਾ ਪੀਵੇਂਗਾ, ਹਾਂ ਵਿੱਚ, ਧੌਣ ਹਿਲਾ ਬੈਠਾ ਹਾਂ, ਖਾਧੀ ਪੀਤੀ ਵਿੱਚ। ਖ਼ੈਰ, ਪਤਾ ਨਈਂ ਕੀ ਬਣਨਾ ਏਂ ਮੇਰਾ ਖ਼ਬਰ ਨਹੀਂ? ਹੁਣ ਤੇ ਕਦਮ ਉਠਾ ਬੈਠਾ ਹਾਂ, ਖਾਧੀ ਪੀਤੀ ਵਿੱਚ। ਥਿੜਕੇ ਪੱਬ ਤੇ ਸਾਰਾ ਰਸਤਾ ਟੇਡਾ ਮੇਢਾ ਹੈ, ਜਿੱਥੇ ਪੈਰ ਟਿਕਾ ਬੈਠਾ ਹਾਂ, ਖਾਧੀ ਪੀਤੀ ਵਿੱਚ। ਉਸਦੇ ਮਖ਼ਮਲ ਤਨ ਦੀ, ਖ਼ੁਸ਼ਬੂ ਚਾਰੇ ਪਾਸੇ ਹੈ, ਕਿਸ ਗੁਲਸ਼ਨ ਵਿੱਚ ਆ ਬੈਠਾ ਹਾਂ,ਖਾਧੀ ਪੀਤੀ ਵਿੱਚ। ਉਸ ਬੁੱਕਲ਼ ਵਿੱਚ ਮਿੱਤਵਾ ਹੌਕੇ, ਪੀੜਾਂ ,ਹੰਝੂ ਨੇ, ਜਿਸ ਗੋਦੀ ਵਿੱਚ ਜਾ ਬੈਠਾ ਹਾਂ,ਖਾਧੀ ਪੀਤੀ ਵਿੱਚ।

ਫ਼ੋਨ ਦੀ ਘੰਟੀ ਵੱਜੀ ਜਾਵੇ

ਫ਼ੋਨ ਦੀ ਘੰਟੀ ਵੱਜੀ ਜਾਵੇ, ਚੁੱਕਦਾ ਨਈ। ਕਿਉਂ ਨੀ ਚੁੱਕਦਾ , ਖੌਫ਼ ਸਤਾਵੇ, ਚੁੱਕਦਾ ਨਈਂ। ਆਪੇ, ਨੰਬਰ ਦਿੱਤਾ ਫ਼ੋਨ ਮਿਲਾਵਣ ਲਈ, ਹੁਣ ਕਿਉਂ ਉਸਦਾ ਦਿਲ ਘਬਰਾਵੇ, ਚੁੱਕਦਾ ਨਈ। ਰੋਜ਼ ਸਟੇਟਸ ਬਦਲਣ ਵਾਲਾ ਬਦਲ ਗਿਆ, ਬਦਲ ਗਿਆ,ਚੱਲ ਫ਼ੋਨ ਉਠਾਵੇ, ਚੁੱਕਦਾ ਨਈਂ। ਮੁੱਦਤ ਹੋਈ ਉਸਦੀ ਸੂਰਤ ਤਕਿਆਂ ਨੂੰ, ਵੱਟਸਅੱਪ, ਵੀਡਿਓ ਕਾਲ ਲਗਾਵੇ, ਚੁੱਕਦਾ ਨਈਂ। ਮਨ ਨੂੰ ਹੌਲਾ ਕਰ ਲਏ ਕਹਿ ਕੇ ਦੋ ਗੱਲਾਂ, ਸ਼ਰਤ ਕਿ ਪਹਿਲਾਂ ਫ਼ੋਨ ਮਿਲਾਵੇ,ਚੁੱਕਦਾ ਨਈਂ। ਚੰਗਾ ਮਾੜਾ ਕੁੱਝ ਤੇ ਹੋਇਆ ਹੋਣਾਂ ਏਂ, ਜੋ ਨਾ ਫ਼ੋਨ ਤੇ ਦਸਣਾ ਚਾਹਵੇ, ਚੁੱਕਦਾ ਨਈਂ। ਮੈਂ ਉਸਨੂੰ ਇੱਕ ਫੋਟੋ ਪਾਵਾਂ ਦਿਲ ਕਰਦਾ, ਉਹ ਵੀ ਆਪਣਾ ਹਾਲ ਸੁਣਾਵੇ, ਚੁੱਕਦਾ ਨਈਂ। ਮਿਤਵਾ ਕੋਈ ਉਸਨੂੰ ਆਖੇ ਫ਼ੋਨ ਉਠਾ, ਮੇਰਾ ਵੀ ਸਾਹ, ਸਾਹ ਵਿਚ ਆਵੇ,ਚੁੱਕਦਾ ਨਈਂ।

ਮੁੱਛ ਨੂੰ ਵੱਟ ਚੜਾ ਕੇ ਪੁੱਛਦਾ ਕਿੱਦਾਂ ਬਈ?

ਮੁੱਛ ਨੂੰ ਵੱਟ ਚੜਾ ਕੇ ਪੁੱਛਦਾ ਕਿੱਦਾਂ ਬਈ? ਦੁਖਦੀ ਨਾੜ ਦਬਾ ਕੇ ਪੁੱਛਦਾ ਕਿੱਦਾਂ ਬਈ? ਤੇਰੇ ਸਾਰੇ ਸ਼ੌਂਕ ਪੁਗਾ ਦੂੰ ਵੇਖ਼ ਲਵੀ, ਗੱਲ੍ਹਾਂ ਵਿੱਚ ਟਰਕਾ ਕੇ ਪੁੱਛਦਾ ਕਿੱਦਾਂ ਬਈ? ਹਰ ਖ਼ਾਤੇ ਨੂੰ ਮਾਲੋ ਮਾਲ ਕਰਾਂਗਾ ਮੈ, ਸਭ ਦਾ ਹਿੱਸਾ ਖਾ ਕੇ ਪੁੱਛਦਾ ਕਿੱਦਾਂ ਬਈ? ਘਰ ਦੀ ਛੱਤ ਗਿਰੀ ਜਦ ਪਹਿਲੇ ਮੀਂਹ ਦੇ ਨਾਲ਼, ਬੰਦੇ ਚਾਰ ਲਿਆ ਕੇ ਪੁੱਛਦਾ ਕਿੱਦਾਂ ਬਈ? ਇਸ ਵਾਰੀ ਵੀ ਜਾ ਬੈਠਾ ਹੈ ਕੁਰਸੀ ਤੇ, ਸਿਰ ਤੇ ਤਾਜ ਟਿਕਾ ਕੇ ਪੁੱਛਦਾ ਕਿੱਦਾਂ ਬਈ? ਮੁਰਗਾ, ਮੱਛਲੀ, ਦਾਰੂ, ਲੁਕ ਕੇ ਹਜ਼ਮ ਕਰੇ, ਬਾਹਰ ਸਾਧ ਕਹਾ ਕੇ, ਪੁੱਛਦਾ ਕਿੱਦਾਂ ਬਈ? ਨਰਮ ਸੁਭਾਅ ਦਾ ਫ਼ਾਇਦਾ ਬਹੁਤ ਉਠਾਉਂਦਾ ਹੈ, ਆਪਣਾ ਰੋਅਬ ਵਿਖਾ ਕੇ ਪੁੱਛਦਾ ਕਿੱਦਾਂ ਬਈ? ਤਰਸ ਰਹੇ ਅੱਜ ਗੱਭਰੂ ਹੁਣ ਰੁਜਗਾਰ ਮਿਲੇ, ਉੱਚੇ ਖ਼ੁਆਬ ਵਿਖਾ ਕੇ ਪੁੱਛਦਾ ਕਿੱਦਾਂ ਬਈ? ਮਿਤਵਾ ਜਦ ਵੀ ਉਸ ਨਾਲ਼ ਲੜਦਾ ਹੱਕਾਂ ਲਈ, ਪਾਕਿਸਤਾਨ ਡਰਾ ਕੇ ਪੁੱਛਦਾ, ਕਿੱਦਾਂ ਬਈ?

ਉਸਨੂੰ ਏਨਾਂ ਸੋਹਣਾਂ ਕਿੰਝ ਬਣਾਇਆ

ਉਸਨੂੰ ਏਨਾਂ ਸੋਹਣਾਂ ਕਿੰਝ ਬਣਾਇਆ, ਵੇ ਰੱਬਾ। ਮੈਂਨੂੰ ਲੱਗਦਾ ਵਾਹਵਾ ਵਕਤ ਲਗਾਇਆ, ਵੇ ਰੱਬਾ। ਕੀ ਦੱਸਾਂ ਮੈਂ ਜਾਨ ਲਬਾਂ ਤੇ ਆਈ ਫਿਰਦੀ ਆ, ਵੇਖਣ ਤੇ ਵੀ ਦਿਲ ਦਾ ਚੈਨ ਗਵਾਇਆ, ਵੇ ਰੱਬਾ। ਉਸਨੂੰ ਨਜ਼ਰ ਲੱਗੇ ਨਾ, ਉਸਨੇ ਪੂਛਾਂ ਖਿੱਚ ਖਿੱਚ ਕੇ, ਅੱਖ ਚ ਸੁਰਮਾਂ, ਮੱਥੇ ਟਿੱਕਾ ਲਾਇਆ,ਵੇ ਰੱਬਾ। ਤਿੱਤਲੀ ਵਰਗੀ ਤੇ ਹੈ ਜਚਦਾ ਹਰ ਰੰਗ ਸੂਟਾਂ ਦਾ, ਸੁਣਿਆਂ, ਸੂਟ ਨਵਾਂ ਕੱਲ ਲਾਲ ਸੁਵਾਇਆ, ਵੇ ਰੱਬਾ। ਕਾਲ਼ੇ ਸਿਲਕੀ ਵਾਲ਼ ਚਮਕਦੇ ਧੁੱਪ ਸੁਨਹਿਰੀ ਵਿੱਚ, ਜਿੰਨੀ ਵਾਰੀ ਵਾਲਾਂ ਨੂੰ ਲਹਿਰਾਇਆ,ਵੇ ਰੱਬਾ। ਉਸ ਕੰਗਣ ਛਣਕਾਵੇ ਪੰਛੀ ਚਹਿਕਣ ਲੱਗਦੇ ਆ, ਹੋਠਾਂ ਦੀ ਲਾਲੀ ਨੇ ਨ੍ਹੇਰ ਮਚਾਇਆ,ਵੇ ਰੱਬਾ। ਆਪੇ ਮੱਲੋ ਮੱਲੀ ਸੱਜਦਾ ਹੋ ਈ ਜਾਂਦਾ ਹੈ, ਜਦ ਵੀ ਮੇਰੇ ਸਾਹਵੇਂ ਕਿੱਧਰੇ ਆਇਆ,ਵੇ ਰੱਬਾ। ਇੱਕ ਦਿਲ ਕਰਦਾ ਮਿੱਤਵਾ, ਉਸਨੂੰ ਕਰ ਪ੍ਰਪੋਜ਼ ਦਵਾਂ, ਹਾਲੇ ਤੱਕ ਤਾਂ ਦਿਲ ਦਾ ਰਾਜ਼ ਦਬਾਇਆ, ਵੇ ਰੱਬਾ।

ਪਹਿਲਾਂ ਨਾਲ਼ੋਂ ਥੋੜ੍ਹਾ ਹੁਣ ਕਿਰਦਾਰ

ਪਹਿਲਾਂ ਨਾਲ਼ੋਂ ਥੋੜ੍ਹਾ ਹੁਣ ਕਿਰਦਾਰ ਬਦਲਣਾਂ ਪੈਣਾਂ ਆਂ। ਭਾਂਵੇਂ ਬਹੁਤਾ ਨਈਂ ਪਰ ਦਿਨ ਦੋ ਚਾਰ ਬਦਲਣਾਂ ਪੈਣਾਂ ਆਂ। ਸੁਣਿਆਂ ਅੱਜ ਵੀ ਅੱਖਾਂ ਭਰਦਾ, ਜਦ ਵੀ ਛਿੜਦੀ ਮੇਰੀ ਗੱਲ , ਐਵੇਂ ਆਖ ਰਹੇ ਸੀ ਮੈਨੂੰ ਯਾਰ ਬਦਲਣਾਂ ਪੈਣਾਂ ਆਂ। ਦਿਲ ਦੀ ਤੂੰਬੀ ਵੱਜਦੀ ਹੀ ਨਈਂ, ਸੁਰ ਨਾਲ ਤਾਲ਼ ਮਿਲਾਂਵਾਂ ਤਾਂ, ਤੂੰਬੀ ਜਾਂ ਫਿਰ ਇਸ ਦਾ ਮੈਨੂੰ ਤਾਰ ਬਦਲਣਾਂ ਪੈਣਾਂ ਆਂ। ਸਾਰੇ ਪਾਸੇ ਹਾਕਮ ਦੇ ਹੀ ਚਰਚੇ ਸੁਣਦਾ, ਪੜ੍ਹਦਾ ਹਾਂ, ਅੱਕ ਗਿਆ ਹਾਂ, ਟੀ ਵੀ ਤੇ ਅਖਬਾਰ ਬਦਲਣਾਂ ਪੈਣਾਂ ਆਂ। ਤੌਰ ਤਰੀਕੇ ਬਦਲ ਗਏ ਸਭ ਇੱਕ ਦੂਜੇ ਨੂੰ ਮਾਰਨ ਦੇ, ਸਭ ਚੰਗੇ,ਮੈ ਮਾੜਾ,ਇਹ ਵੀਚਾਰ ਬਦਲਣਾਂ ਪੈਣਾਂ ਆਂ। ਇਸ ਮਿੱਟੀ ਵਿੱਚ ਸਿਉਂਕ ਬੜੀ ਹੈ, ਖਾ ਗਈ ਹੈ ਫੁੱਲ ਕਲੀਆਂ ਨੂੰ, ਸੋਚਾਂ, ਕਲਮਾਂ ਲਾਵਾਂ, ਪਰ ਗੁਲਜ਼ਾਰ ਬਦਲਣਾਂ ਪੈਣਾਂ ਆਂ। ਰੋਜ਼ ਸਟੇਟਸ ਬਦਲੇ , ਸੋਹਣੀ ਫ਼ੋਟੋ ਵੀ ਪਰ, ਜੱਚਦੀ ਨਾ, ਜੱਚਣਾਂ ਹੈ ਤਾਂ ਮੁੱਖ ਤੇ ਹਾਰ ਸ਼ਿੰਗਾਰ ਬਦਲਣਾਂ ਪੈਣਾਂ ਆਂ। ਲਹਿੰਦੇ, ਚੜ੍ਹਦੇ ਦੋਂਵੇਂ ਪਾਸੇ ਵਿਛੜੇ ਵੀਰ ਮਿਲਾਉਣ ਲਈ, ਮਿੱਤਵਾ ਉਸ ਪਾਰ ਨਹੀਂ ਤੇ ਇਸ ਪਾਰ ਬਦਲਣਾਂ ਪੈਣਾਂ ਆਂ।

ਉਸ ਨੇ ਪਾਸਾ ਵੱਟ ਲਿਆ ਏ

ਉਸ ਨੇ ਪਾਸਾ ਵੱਟ ਲਿਆ ਏ ,ਫ਼ਿਰ ਕੀ ਆ? ਵਕਤ ਤਾਂ ਮੈਂ ਵੀ ਕੱਟ ਲਿਆ ਏ,ਫ਼ਿਰ ਕੀ ਆ? ਜ਼ਖ਼ਮ ਦਿਖਾਉਂਦਾ ਫ਼ਿਰਦਾ ਐਰੇ ਗੈਰੇ ਨੂੰ, ਮੈਂ ਕੱਜ ਹਰ ਇਕ ਫੱਟ ਲਿਆ ਏ,ਫਿਰ ਕੀ ਆ? ਮੈਂ ਨਈਂ ਰਹਿਣਾਂ ਤੇਰੀ ਕੱਚੇ ਢਾਰੇ ਵਿੱਚ, ਜੇਕਰ ਏਹੀ ਰੱਟ ਲਿਆ ਏ,ਫ਼ਿਰ ਕੀ ਆ? ਪਰਖ਼ ਰਿਹਾ ਸਾਂ, ਲ਼ੈ ਫੜ੍ਹ ਆਪਣੇ ਛੱਲੇ ਨੂੰ, ਹੱਥੋਂ ਖੋਹ,ਝੱਟਪਟ ਲਿਆ ਏ,ਫ਼ਿਰ ਕੀ ਆ? ਮੈਂਨੂੰ ਛੱਡ ਕੇ ਉਸਨੇ ਮਹਿਲਾਂ ਵਾਲਿਆਂ ਤੋਂ, ਦਰਦ ਬਥੇਰਾ ਖੱਟ ਲਿਆ ਏ,ਫ਼ਿਰ ਕੀ ਆ? ਉਸਦੀ ਯਾਦ ਦਾ ਬੂਟਾ ਵੱਧਦਾ ਜਾਂਦਾ ਸੀ, ਮੁੱਢੋਂ ਰੱਖ ਕੇ ਪੱਟ ਲਿਆ ਏ,ਫ਼ਿਰ ਕੀ ਆ? ਦਿੰਦਾ ਦੋਸ਼ ਦਵੇ ਸਿਰ ਮੇਰੇ ਲੱਖ ਵਾਰੀ, ਅੱਗੇ ਕਿਹੜਾ ਘੱਟ ਲਿਆ ਏ,ਫ਼ਿਰ ਕੀ ਆ? ਅਸਲੀ ਗੱਲ ਤੇ ਇਹ ਹੈ, ਸ਼ਹਿਦ ਭੁਲੇਖੇ ਤੂੰ, ਮਿੱਤਵਾ ਮੌਰਾ,ਚੱਟ ਲਿਆ ਏ,ਫ਼ਿਰ ਕੀ ਆ?

ਮੇਰਾ ਦਿਲ ਘਬਰਾਈ ਜਾਂਦਾ

ਮੇਰਾ ਦਿਲ ਘਬਰਾਈ ਜਾਂਦਾ। ਯਾਰ ਈ ਹੱਥ ਛੁੜਾਈ ਜਾਂਦਾ। ਉਸਨੂੰ ਏ ਸੀ ਉੱਠਣ ਨਾ ਦਏ, ਮੈਨੂੰ ਜੂਨ ਤਪਾਈ ਜਾਂਦਾ। ਉਸਨੇ ਦੂਰੋਂ ਵੇਖ਼ ਲਿਆ ਸੀ, ਤਾਂ ਵੀ ਨੀਵੀਂ ਪਾਈ ਜਾਂਦਾ। ਸੱਚਮੁੱਚ ਉਹ ਤੇ ਜੱਗ ਤੋਂ ਵੱਖਰਾ, ਭਾਵੇਂ ਸ਼ਾਉਡੇ ਲਾਈ ਜਾਂਦਾ। ਓਹਦੀ ਅੱਖ ਵੀ ਕਾਹਦੀ ਅੱਖ ਹੈ, ਝਟਕੇ ਨਾਲ ਫੜ੍ਹਕਾਈ ਜਾਂਦਾ। ਕਸਮ ਖ਼ੁਦਾ ਦੀ ਸੁੱਤਾ ਨਈਂ ਮੈਂ, ਨੀਂਦਰ ਆਣ ਉਡਾਈ ਜਾਂਦਾ। ਲੁੱਟਣ ਵਾਲ਼ੇ ਨੇ ਤਾਂ ਲੁੱਟਿਆ, ਕੁੱਝ ਮੈਂ ਆਪ ਲੁਟਾਈ ਜਾਂਦਾ। ਜੇਕਰ ਰੱਜਿਆ ਪੁੱਜਿਆ ਹੈ ਤਾਂ, ਭਾਂਡੇ ਕਿਉਂ ਖੜਕਾਈ ਜਾਂਦਾ ? ਮਿਤਵਾ ਹੈ ਈ ਕੰਨ ਦਾ ਕੱਚਾ, ਗੱਲ੍ਹਾਂ ਵਿੱਚ ਜੋ ਆਈ ਜਾਂਦਾ।

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਯਸ਼ਪਾਲ "ਮਿੱਤਵਾ"
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ