Punjabi Poetry : Vijay Vivek

ਪੰਜਾਬੀ ਕਵਿਤਾਵਾਂ : ਵਿਜੇ ਵਿਵੇਕ


ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ

ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ । ਡੇਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ ਕਦੀ ਤਾਂ ਮਿੱਠਾ ਮਿੱਠਾ ਝਿੜਕਿਆ ਕਰ । ਇਹ ਅਪਣੀ ਹੋਂਦ ਦੇ ਵਿਪਰੀਤ ਹੋ ਗਏ ਬਦਨ ਤਾਂ ਕੀ ਲਹੂ ਤਕ ਸੀਤ ਹੋ ਗਏ, ਨਹੀਂ ਸਮਝਣਗੇ ਤੇਰੀ ਪੀੜ ਬੰਦੇ, ਦਰਖ਼ਤਾਂ ਕੋਲ ਬਹਿ ਕੇ ਰੋ ਲਿਆ ਕਰ । ਇਹ ਤੇਰਾ ਹਾਣ ਤੇਰੀ ਰੂਹ ਇਹੋ ਨੇਂ ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਇਹੋ ਨੇ, ਸਿਮਟ ਜਾਵਣ ਤਾਂ ਫਿਰ ਖਿੜਦੇ ਨਹੀਂ ਇਹ, ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ। ਕਿਸੇ ਨੀਲੇ ਗਗਨ ’ਤੇ ਨੀਝ ਵੀ ਹੈ, ਉਡਾਰੀ ਦੀ ਮਨਾਂ ਵਿਚ ਰੀਝ ਵੀ ਹੈ, ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ, ਅਜੇ ਉੱਡਣ ਲਈ ਨਾ ਆਖਿਆ ਕਰ। ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ, ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ, ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ, ਮੇਰੇ ਬਾਰੇ ਨਾ ਏਨਾ ਸੋਚਿਆ ਕਰ।

ਘਟਾਵਾਂ ਰੋਂਦੀਆਂ, ਹਉਕੇ ਹਵਾਵਾਂ ਭਰਦੀਆਂ ਮਿਲੀਆਂ

ਘਟਾਵਾਂ ਰੋਂਦੀਆਂ ਹਉਕੇ ਹਵਾਵਾਂ ਭਰਦੀਆਂ ਮਿਲੀਆਂ ਬਹਾਰਾਂ ਸੜ ਗਏ ਫੁੱਲਾਂ ਦਾ ਮਾਤਮ ਕਰਦੀਆਂ ਮਿਲੀਆਂ। ਰਿਹਾ ਮੌਸਮ ਅਸਾਡੇ ਨਾਲ ਕਰਦਾ ਸਾਜ਼ਿਸ਼ਾਂ ਹਰ ਪਲ, ਕਿ ਛਾਵਾਂ ਸੜਦੀਆਂ ਮਿਲੀਆਂ ਤੇ ਧੁੱਪਾਂ ਠਰਦੀਆਂ ਮਿਲੀਆਂ। ਅਸੀਂ ਥਲਾਂ ਵਿਚ ਗਏ ਤਾਂ ਅੱਗ ਦੇ ਬਿਰਖਾਂ ਦੀ ਛਾਂ ਪਾਈ, ਨਦੀ ਤਕ ਜੇ ਗਏ ਤਾਂ ਕਿਸ਼ਤੀਆਂ ਪੱਥਰ ਦੀਆਂ ਮਿਲੀਆਂ। ਬਹੁਤ ਹੈਰਾਨ ਹੋਈਆਂ ਵੇਖਿਆ ਪਾਣੀ ਜਦੋਂ ਤੁਰਦਾ, ਜਦੋਂ ਦਰਿਆ ਨੂੰ ਕੁਝ ਮੁਰਗ਼ਾਬੀਆਂ ਸਰਵਰ ਦੀਆਂ ਮਿਲੀਆਂ। ਧੁਆਂਖੇ ਫੁੱਲ ਕੁਝ, ਕੁਝ ਰੁੱਖ ਸੁੱਕੇ, ਕੁਝ ਕੁ ਪੱਤ ਪੀਲੇ, ਬਦਲ ਕੇ ਭੇਸ ਇਉਂ ਜੰਗਲ ‘ਚ ਖ਼ਬਰਾਂ ਘਰ ਦੀਆਂ ਮਿਲੀਆਂ।

ਮੌਸਮ ਦੀ ਚੀਕ ਸੁਣ ਜ਼ਰਾ ਪੌਣਾਂ ਦਾ ਰੁਦਨ ਦੇਖ

ਮੌਸਮ ਦੀ ਚੀਕ ਸੁਣ ਜ਼ਰਾ ਪੌਣਾਂ ਦਾ ਰੁਦਨ ਦੇਖ। ਸੜਕਾਂ ਤੇ ਹੈ ਬਲਦੀ ਪਈ ਕਿੱਦਾਂ ਦੀ ਅਗਨ ਦੇਖ। ਹਰ ਸ਼ਖ਼ਸ ਦਾ ਹਰ ਬੋਲ ਹੁਣ ਪੱਥਰ ਹੀ ਹੋ ਗਿਐ, ਤਿੜ ਤਿੜ ਕਿਵੇਂ ਨੇ ਤਿੜਕਦੇ ਸ਼ੀਸ਼ੇ ਦੇ ਬਦਨ ਦੇਖ। ਸੀਨੇ 'ਚ ਤਿੱਖੀ ਚੀਸ ਪਰ ਬੁੱਲ੍ਹਾਂ 'ਤੇ ਮੁਸਕਣੀ, ਅੰਦਰ ਦਾ ਮਾਤਮ ਤਕ ਜ਼ਰਾ ਬਾਹਰ ਦਾ ਜਸ਼ਨ ਦੇਖ। ਅਜ਼ਲਾਂ ਤੋਂ ਤੇਰੇ ਵਾਸਤੇ ਆਇਆ ਹੈ ਜੂਝਦਾ, ਐ ਜ਼ਿੰਦਗੀ! ਕੁਝ ਆਪਣੇ ਆਸ਼ਕ ਦੀ ਲਗਨ ਦੇਖ। ਹਰਫ਼ਾਂ ਦੇ ਇਹ ਹਰਨੋਟੜੇ ਕੁਝ ਖੁੱਲ੍ਹ ਕੇ ਦੌੜ ਲੈਣ, ਏਨਾ ਨਾ ਕੱਸ ਤੂੰ ਬਹਿਰ ਨੂੰ, ਏਦਾਂ ਨਾ ਵਜ਼ਨ ਦੇਖ।

ਇਹ ਕਾਲਾ ਦੌਰ ਕੁਝ ਜਲਵੇ ਵਿਖਾ ਗਿਆ ਮੈਨੂੰ

ਇਹ ਕਾਲਾ ਦੌਰ ਕੁਝ ਜਲਵੇ ਵਿਖਾ ਗਿਆ ਮੈਨੂੰ। ਕਿ ਚੱਕਰ ਮੌਤ ਦਾ ਜੀਣਾ ਸਿਖਾ ਗਿਆ ਮੈਨੂੰ । ਤੇਰਾ ਵਾਅਦਾ ਸੀ ਨਿਰਾ ਕੱਚ ਦੀ ਚੂੜੀ ਵਰਗਾ, ਜਦੋਂ ਟੁੱਟਿਆ ਬਹੁਤ ਟੁਕੜੇ ਬਣਾ ਗਿਆ ਮੈਨੂੰ । ਜਾਂ ਡਿੱਠਾ ਫੁੱਲ ਖਿੜਦਾ ਦਿਲ ਬੜਾ ਹੀ ਖ਼ੁਸ਼ ਹੋਇਆ, ਪਤਾ ਨਹੀਂ ਫੇਰ ਕਾਹਤੋਂ ਰੋਣ ਆ ਗਿਆ ਮੈਨੂੰ। ਕੋਈ ਜਦ ਆਠਰੇ ਅਤੀਤ ਨੂੰ ਉਚੇੜ ਗਿਆ, ਤਾਂ ਜ਼ਖ਼ਮ ਵਾਂਗਰਾਂ ਪੂਰਾ ਦੁਖਾ ਗਿਆ ਮੈਨੂੰ ! ਉਹ ਤੇਰੀ ਯਾਦ ਸੀ, ਹਾਲਾਤ ਸਨ ਕਿ ਦਿਲ ਦਾ ਜਨੂੰਨ, ਉਹ ਕੌਣ ਸੀ ਜਿਹੜਾ ਸ਼ਾਇਰ ਬਣਾ ਗਿਆ ਮੈਨੂੰ?

ਕਦੀ ਵੀ ਦੋਸਤਾ ਮਿੱਟੀ ਨਾ ਸਮਝਦਾ ਮੈਨੂੰ

ਕਦੀ ਵੀ ਦੋਸਤਾ ਮਿੱਟੀ ਨਾ ਸਮਝਦਾ ਮੈਨੂੰ। ਬਦਨ ਦੀ ਕੰਧ ਤੋਂ ਅੱਗੇ ਜੇ ਪਰਖਦਾ ਮੈਨੂੰ । ਨਾ ਮੈਂ ਨਸੀਬ ਹੀ ਬਣਿਆ ਕਿਸੇ ਦਾ ਨਾ ਹੀ ਖ਼ਿਆਲ, ਨਾ ਕੋਈ ਮੰਗਦਾ ਮੈਨੂੰ ਨਾ ਸੋਚਦਾ ਮੈਨੂੰ । ਲਿਪਟ ਕੇ ਉਸ ਨੂੰ ਤੂੰ ਰੋਇਆ ਤੇ ਤੁਰ ਗਿਆ ਤੂੰ ਤਾਂ, ਬਿਰਖ ਉਹ ਅੱਜ ਤਕ ਸੁਣਦਾ ਹੈ ਸਿਸਕਦਾ ਮੈਨੂੰ । ਉਹ ਇਕ ਦਰਿਆ ਸੀ ਤੇ ਇਕ ਵੇਗ ਸੀ ਉਸਦਾ ਪਾਣੀ, ਖਲੋਂਦਾ ਕਿਸ ਤਰ੍ਹਾਂ ਕਿਥੇ ਉਡੀਕਦਾ ਮੈਨੂੰ । ਅਜੇ ਮੈਂ ਵਕਤ ਨੂੰ ਵੇਂਹਦਾ ਹਾਂ ਲੰਘਦਾ ਹਰ ਪਲ, ਕਿਸੇ ਪਲ ਵਕਤ ਵੀ ਵੇਖੇਗਾ ਬੀਤਦਾ ਮੈਨੂੰ । ਉਹ ਆਪਣੀ ਆਖ਼ਰੀ ਤਹਿ ਤਕ ਉਦਾਸ ਹੋ ਜਾਂਦੈ, ਜਦ ਮੇਰਾ ਅਕਸ ਹੈ ਸ਼ੀਸ਼ੇ ’ਚੋਂ ਵੇਖਦਾ ਮੈਨੂੰ ।

ਉਮਰ ਭਰ ਤਾਂਘਦੇ ਰਹੇ ਦੋਵੇਂ

ਉਮਰ ਭਰ ਤਾਂਘਦੇ ਰਹੇ ਦੋਵੇਂ ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ । ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ ਤੈਥੋਂ ਖੜ੍ਹ ਕੇ ਉਡੀਕਿਆ ਨਾ ਗਿਆ । ਲਹਿ ਗਈ ਇਕ ਨਦੀ ਦੇ ਸੀਨੇ ਵਿਚ ਬਣਕੇ ਖੰਜਰ ਇਕ ਅਜਨਬੀ ਕਿਸ਼ਤੀ, ਪੀੜ ਏਨੀ ਕਿ ਰੇਤ ਵੀ ਤੜਪੀ ਜ਼ਬਤ ਏਨਾ ਕਿ ਚੀਕਿਆ ਵੀ ਨਾ ਗਿਆ । ਤੇਰੇ ਇਸ ਬੇਹੁਨਰ ਮੁੱਸਵਰ ਨੇ ਕੋਰੀ ਕੈਨਵਸ ਵੀ ਦਾਗ ਦਾਗ ਕਰੀ, ਆਪਣੇ ਰੰਗ ਵੀ ਗਵਾ ਲਏ ਸਾਰੇ ਤੇਰਾ ਚਿਹਰਾ ਵੀ ਨਾ ਚਿਤਰਿਆ ਗਿਆ । ਤੂੰ ਘਟਾ ਸੀ ਤੇ ਮੈਂ ਬਰੇਤਾ ਸੀ ਕਿਸ ਨੂੰ ਇਸ ਹਾਦਸੇ ਦਾ ਚੇਤਾ ਸੀ, ਮੈਥੋਂ ਇਕ ਪਿਆਸ ਨਾ ਦਬਾਈ ਗਈ ਤੈਥੋਂ ਪਾਣੀ ਸੰਭਾਲਿਆ ਨਾ ਗਿਆ । ਤੁਪਕਾ ਤੁਪਕਾ ਸੀ ਉਮਰ ਦਾ ਦਰਿਆ ਕਿਣਕਾ ਕਿਣਕਾ ਸੀ ਜਿਸਮ ਦੀ ਮਿੱਟੀ, ਰੇਸ਼ਾ ਰੇਸ਼ਾ ਖਿਆਲ ਦਾ ਅੰਬਰ ਹਾਏ ! ਕੁਝ ਵੀ ਸਮੇਟਿਆ ਨਾ ਗਿਆ ।

ਭੇਤ ਨਹੀਂ ਸੀ ਐਸੇ ਦਿਨ ਵੀ ਆਉਣਗੇ

ਭੇਤ ਨਹੀਂ ਸੀ ਐਸੇ ਦਿਨ ਵੀ ਆਉਣਗੇ । ਮੋਮਨ ਢੂੰਡਣਗੇ ਤੇ ਮੁਨਕਰ ਪਾਉਣਗੇ । ਤੂੰ ਆਪਣਾ ਹੀ ਵੇਖ, ਕਿ ਇਸ ਰੰਗਮੰਚ ਤੋਂ, ਸਾਰੇ ਆਪਣਾ ਆਪਣਾ ਰੰਗ ਵਿਖਾਉਣਗੇ । 'ਪੱਥਰ' ਬੀਜ, ਜ਼ਮੀਨ ਸਿੰਜ, ਤੇ ਸਬਰ ਕਰ, ਇਕ ਨਾ ਇਕ ਦਿਨ ਇਹ 'ਫੁੱਲ' ਖਿੜ ਹੀ ਆਉਣਗੇ । ਬੋਟ ਦੁਹਾਂ ਦੇ ਇੱਕ ਆਲ੍ਹਣੇ ਪਲਣਗੇ, ਕੋਇਲ ਗਾਵੇਗੀ ਤੇ ਕਾਂ ਕੁਰਲਾਉਣਗੇ । ਲੰਘ ਆਈ ਹੈ ਕਵਿਤਾ ਸਰਦਲ ਚੁੱਪ-ਚਾਪ, ਹੁਣ ਸ਼ਬਦਾਂ ਦੇ ਝੁੰਡ ਆ ਸ਼ੋਰ ਮਚਾਉਣਗੇ । ਰਾਤ ਦਾ ਪਿਛਲਾ ਪਹਿਰ ਹੈ ਇਸ ਵਕਤ ਤਾਂ, ਦੀਵਾਨੇ ਜਾਗਣਗੇ ਦਾਨੇ ਸੌਣਗੇ !

ਯਾਰੋ ਹਵਾ ਤਾਂ ਮੈਥੋਂ ਪਾਸੇ ਦੀ ਜਾ ਰਹੀ ਹੈ

ਯਾਰੋ ਹਵਾ ਤਾਂ ਮੈਥੋਂ ਪਾਸੇ ਦੀ ਜਾ ਰਹੀ ਹੈ। ਮੇਰੀ ਤੜਪ ਹੀ ਮੇਰੇ ਪੱਤੇ ਹਿਲਾ ਰਹੀ ਹੈ। ਇਸ ਤੋਂ ਨਾ ਡਰ ਇਹ ਰੂਹ ਹੈ ਮੋਏ ਸਾਜ਼ਿੰਦਿਆਂ ਦੀ, ਸੁੱਤੀ ਸਿਤਾਰ ‘ਚੋਂ ਜੋ ਤਰਜ਼ਾਂ ਜਗਾ ਰਹੀ ਹੈ। ਦਾਦੀ ਦੀ ਬਾਤ ਵਾਲੀ 'ਕੋਕੋ’ ਚੁਰਾ ਕੇ ਸਭ ਕੁਝ, ਬਾਲਾਂ ਦੇ ਸੁਪਨਿਆਂ ਵਿਚ ਤਾੜੀ ਵਜਾ ਰਹੀ ਹੈ। ਕਿੰਨੇ ਕਦਮ ਹੀ ਰੁਕ ਗਏ, ਲੱਗਾ ਹਰੇਕ ਨੂੰ ਹੀ, ਕੋਇਲ ਇਹ ਗੀਤ ਸ਼ਾਇਦ ਮੈਨੂੰ ਸੁਣਾ ਰਹੀ ਹੈ। ਆਉਂਦੀ ਹੈ ਸ਼ਰਮ ਮੈਨੂੰ, ਲਿਖਦਾਂ ਹਨੇਰ ਕਿੰਨਾ, ਕਹਿੰਦਾ ਹਾਂ ਮੇਰੀ ਕਵਿਤਾ ਦੀਵੇ ਜਗਾ ਰਹੀ ਹੈ।

ਮਨਾਂ ਦੀ ਸਰਦ ਰੁੱਤ ਮਾਣੀ ਤਾਂ ਜਾਵੇ

ਮਨਾਂ ਦੀ ਸਰਦ ਰੁੱਤ ਮਾਣੀ ਤਾਂ ਜਾਵੇ। ਇਹ ਕੇਹੀ ਅਗਨ ਹੈ ਜਾਣੀ ਤਾਂ ਜਾਵੇ। ਗਏ ਨਾ ਆਪ ਜੇ ਬਲ਼ਦੇ ਨਗਰ ਤਕ, ਤੁਹਾਡੀ ਅੱਖ ਦਾ ਪਾਣੀ ਤਾਂ ਜਾਵੇ। ਕਹੋ ਖ਼ੁਸ਼ਬੂ ਨੂੰ ਇਕ ਦਿਨ ਘਰ ਤੁਹਾਡੇ, ਉਹ ਮੇਰੇ ਰਸਤਿਆਂ ਥਾਣੀ ਤਾਂ ਜਾਵੇ। ਕਿਤੋਂ ਮਿਲ ਜਾਣ ਸ਼ਾਇਦ ਦਿਨ ਗਵਾਚੇ, ਇਹ ਢੇਰੀ ਉਮਰ ਦੀ ਛਾਣੀ ਤਾਂ ਜਾਵੇ। ਪਰਾਈ ਪੀੜ ਪਹਿਚਾਣਾਂਗੇ ਆਪਾਂ, ਤੜਪ ਦਿਲ ਦੀ ਇਹ ਪਹਿਚਾਣੀ ਤਾਂ ਜਾਵੇ।

ਪਤਝੜ ਵਿਚ ਵੀ ਕੁਹੂ ਕੁਹੂ ਕਾ

ਪਤਝੜ ਵਿਚ ਵੀ ਕੁਹੂ ਕੁਹੂ ਕਾ ਰਾਗ ਅਲਾਪ ਰਹੇ ਨੇ। ਮੈਨੂੰ ਪੰਛੀ ਵੀ ਸਾਜ਼ਿਸ਼ ਵਿਚ ਸ਼ਾਮਿਲ ਜਾਪ ਰਹੇ ਨੇ। ਮੈਂ ਜ਼ਿੰਦਾ ਸਾਂ ਮੈਂ ਸਿਵਿਆਂ ‘ਚੋਂ ਉੱਠ ਕੇ ਜਾਣਾ ਹੀ ਸੀ, ਮੈਨੂੰ ਕੀ ਜੇ ਮੁਰਦੇ ਬਹਿ ਕੇ ਕਰ ਵਿਰਲਾਪ ਰਹੇ ਨੇ। ਸਾਡੇ ਕੋਲ ਅਕਾਸ਼ ਨਹੀਂ ਸੀ ਜਿਸ ‘ਤੇ ਚੜ੍ਹਦੇ ਲਹਿੰਦੇ, ਸਾਡੇ ਸੂਰਜ ਵੀ ਸਾਡੇ ਲਈ ਇਕ ਸੰਤਾਪ ਰਹੇ ਨੇ। ਕੁਝ ਨਸ਼ਤਰ, ਕੁਝ ਅੱਗ ਦੀਆਂ ਲਾਟਾਂ ਤੇ ਕੁਝ ਪਾਗਲ ਮਿਲ ਕੇ, ਇਕ ਸ਼ਾਇਰ ਦੀ ਹਿੱਕ ‘ਤੇ ਉਸ ਦੀ ਕਵਿਤਾ ਛਾਪ ਰਹੇ ਨੇ। ਪਰ ਉਤਰਨਾ ਦੂਰ ਉਨ੍ਹਾਂ ਤੋਂ ਡੁੱਬਿਆ ਵੀ ਨਹੀਂ ਜਾਣਾ, ਮਨ ਹੀ ਮਨ ਜੋ ਸਾਗਰ ਦੀ ਗਹਿਰਾਈ ਨਾਪ ਰਹੇ ਨੇ।

ਜਿਸਮ ‘ਤੇ ਵਜਦੇ ਪੱਥਰਾਂ ‘ਚੋਂ ਵੀ

ਜਿਸਮ ‘ਤੇ ਵਜਦੇ ਪੱਥਰਾਂ ‘ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ ਦਿਲ ਦੇ ਜੰਗਲ ਦੇ ਵਿਚ ਲੱਗੀ ਅੱਗ ਵਿਚ ਗੀਤ ਵੀ ਹੋ ਸਕਦੇ ਨੇ ਮਨ ਦੇ ਰੇਗਿਸਤਾਨ ‘ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇਕ ਸੰਗੀਤ ਵੀ ਹੋ ਸਕਦੇ ਨੇ ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ ਪੌਣਾਂ ਵਿੱਚ ਭਟਕਦੇ ਪੱਤੇ ਮੁੜ ਸ਼ਾਖਾਂ ਸੰਗ ਜੁੜ ਸਕਦੇ ਨੇ ਸੁੱਚਾ ਹੋਵੇ ਇਸ਼ਕ ਦਾ ਜਜ਼ਬਾ, ਜੇਕਰ ਸਿਦਕ ਮੁਕੰਮਲ ਹੋਵੇ ਤੱਤੀ ਤਵੀ ਤੇ ਭੱਠ ਦਾ ਰੇਤਾ ਠੰਡੇ ਸੀਤ ਵੀ ਹੋ ਸਕਦੇ ਨੇ ਕੀ ਉਸ ਲਿਖਿਆ, ਕੀ ਉਸ ਪੜ੍ਹਿਆ, ਕੀ ਮੈਂ ਸੁਣਿਆ, ਕੀ ਤੂੰ ਆਖਿਆ ਕੀ ਸਿਰਲੇਖ, ਕਹਾਣੀ ਕਿਸਦੀ, ਕਾਹਦਾ ਸਾਰ ਤੇ ਕਵਣ ਵਿਆਖਿਆ ਇੱਕੋ ਅੱਖਰ ‘ਚੋਂ ਮਿਲ ਸਕਦੈ ਆਪਣੇ ਹੋਣ ਥੀਣ ਦਾ ਮਕਸਦ ਸੱਭੇ ਵੇਦ ਕਤੇਬ ਮਹਿਜ਼ ਇਕ ਬਾਤਚੀਤ ਵੀ ਹੋ ਸਕਦੇ ਨੇ ਆਪਣੇ ਆਪਣੇ ਸ਼ੀਸ਼ੇ ਸਭ ਦੇ, ਆਪਣੀ ਆਪਣੀ ਅੱਖ ਹੈ ਯਾਰਾ ਸਭ ਦਾ ਇਸ ਥਾਂ ਵਿਚਰਨ ਦਾ ਅੰਦਾਜ਼ ਹੀ ਵੱਖੋ ਵੱਖ ਹੈ ਯਾਰਾ ਮੈਂ ਤੇਰੇ ਬਲਦੇ ਬੋਲਾਂ ‘ਚੋਂ ਵੀ ਸੂਹੇ ਫੁੱਲ ਚੁਣ ਸਕਦਾ ਹਾਂ ਤੈਨੂੰ ਮੇਰੇ ਅੱਥਰੂ ਪੱਥਰ ਜਹੇ ਪਰਤੀਤ ਵੀ ਹੋ ਸਕਦੇ ਨੇ ਹਰ ਪਲ, ਹਰ ਥਾਂ, ਹਰ ਸ਼ੈ ਦਾ ਹੀ ਰੂਪ ਬਦਲਦਾ ਰਹਿੰਦੈ ਏਥੇ ਮਿੱਟੀ ਸੋਨੇ ਵਿਚ, ਸੋਨਾ ਮਿੱਟੀ ਵਿਚ ਢਲਦਾ ਰਹਿੰਦੈ ਏਥੇ ਕੌਣ ਕਿਸੇ ਦਾ ਯਾਰ ਹੈ ਏਥੇ, ਸਭ ਕੁਝ ਬਦਲਣਹਾਰ ਹੈ ਏਥੇ ਜਿਹੜੇ ਅੱਜ ਅਨੁਕੂਲ ਨੇ ਉਹ ਭਲਕੇ ਵਿਪਰੀਤ ਵੀ ਹੋ ਸਕਦੇ ਨੇ ਘੁੰਡ ਹਟਾ ਕੇ, ਪਰਦੇ ਲਾਹ ਕੇ, ਫ਼ਿਕਰ ਮੁਕਾ ਕੇ ਮਿਲ ਸਕਦੇ ਹੋ ਜੋ ਕਹਿੰਦੇ ਸਨ ਸਾਨੂੰ ਮੌਤੋਂ ਅੱਗੇ ਆ ਕੇ ਮਿਲ ਸਕਦੇ ਹੋ ਮੇਲ੍ਹ ਰਹੇ ਨੇ ਨਾਗਾਂ ਅੱਗੇ ਬਣਕੇ ਬੀਨਾਂ, ਬੰਸਰੀਆਂ ਉਹ ਭੇਤ ਨਹੀਂ ਸੀ ਇਹ ਜੋਗੀ ਐਨੇ ਭੈਭੀਤ ਵੀ ਹੋ ਸਕਦੇ ਨੇ ਦਿਨ ਚੜ੍ਹਿਆ ਤਾਂ ਦਿਨ ਆਖਿਆ ਮੈਂ, ਰਾਤ ਪਈ ਤਾਂ ਰਾਤ ਕਹੀ ਹੈ ਜਿਸ ‘ਤੇ ਮੈਨੂੰ ਭੋਰਾ ਸ਼ੱਕ ਨਹੀਂ ਮੈਂ ਓਨੀ ਹੀ ਬਾਤ ਕਹੀ ਹੈ ਫਿਰ ਜੋ ਆਏ ਮੇਰੇ ਹਿੱਸੇ, ਮੈਨੂੰ ਕੀ ਚਿੰਤਾ ਉਹ ਕਿੱਸੇ ਛਿਣਭੰਗਰ ਵੀ ਹੋ ਸਕਦੇ ਨੇ ਕਾਲਾਤੀਤ ਵੀ ਹੋ ਸਕਦੇ ਨੇ

ਸੋਚਦਾ ਕੁਝ ਹੋਰ ਹਾਂ ਮੈਂ

ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ ਵਸਤ ਕਿਧਰੇ ਹੋਰ ਗੁੰਮ ਹੈ, ਫੋਲਦਾ ਕੁਝ ਹੋਰ ਹਾਂ ਕੁਫ਼ਰ ਦਾ ਹਟਵਾਣੀਆਂ ਹਾਂ ਦੇ ਰਿਹਾਂ ਖ਼ੁਦ ਨੂੰ ਫ਼ਰੇਬ ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ ਹੋਸ਼ ਤੇ ਮਸਤੀ ਮੇਰੀ ਇਕਮਿਕ ਨਹੀਂ ਹੋਈਆਂ ਅਜੇ ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ, ਮੈਂ ਵੀ ਤਾਂ ਪਰ ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ ਮੈਂ ਗਵਾਇਆ ਹੋਰ ਕੁਝ ਹੈ, ਟੋਲਦਾ ਕੁਝ ਹੋਰ ਹਾਂ

ਤੇਰੀ ਹਿੱਕ ਦਾ ਹਉਕਾ

ਤੇਰੀ ਹਿੱਕ ਦਾ ਹਉਕਾ, ਆਪਣੇ ਸਾਹਾਂ ਵਿਚਦੀ ਪੁਣਦਾ। ਜੀਅ ਕਰਦਾ ਸੀ ਆਪਣੇ ਦੁੱਖ ਮੈਂ ਤੇਰੇ ਮੂੰਹੋਂ ਸੁਣਦਾ। ਤੇਰੇ ਨਾਲ ਉਤਰਦਾ ਹਾਦਸਿਆਂ ਦੇ ਅੰਨ੍ਹੇ ਖੂਹ ਵਿਚ, ਤੇਰੇ ਚਾਨਣ ਵਿਚ ਓਥੋਂ ਕੁਝ ਬਚੀਆਂ ਘੜੀਆਂ ਚੁਣਦਾ। ਫੁੱਲਾਂ ਤੋਂ ਰੰਗ ਮੰਗ ਕੇ ਆਪਾਂ ਸਾਂਝੀ ਪੇਟਿੰਗ ਕਰਦੇ, ਰਲ਼ ਕੇ ਕੋਈ ਗੀਤ ਬਣਾਉਂਦੇ, ਮੋਰਾਂ ਦੀ ਰੁਣ-ਝੁਣ ਦਾ । ਰਲਗੱਡ ਹੋਏ ਅਹਿਸਾਸਾਂ ਨੂੰ ਇਕ ਤਰਤੀਬ 'ਚ ਚਿਣਦੇ, ਉਲਝੇ ਭੂਤ-ਭਵਿੱਖ 'ਚੋਂ ਕੋਈ ਸਿਰਾ ਭਾਲ਼ਦੇ ਹੁਣ ਦਾ। ਤੂੰ ਮੁਸਕਾ ਕੇ ਮੇਰੀ ਰੂਹ 'ਤੇ ਮੀਨਾਕਾਰੀ ਕਰਦੀ, ਮੈਂ ਨਜ਼ਰਾਂ ਨਾਲ ਤੇਰੀ ਠੋਡੀ 'ਤੇ ਪੰਜ-ਦਾਣਾ ਖੁਣਦਾ । ਜੋ ਕੁਝ ਹੁੰਦਾ, ਆਪਣੇ ਸਾਹਵੇਂ, ਸਿੱਧਾ-ਸਾਦਾ ਹੁੰਦਾ, ਨਾ ਤੂੰ ਕਿਸੇ ਖ਼ਿਆਲ 'ਚ ਡੁੱਬਦੀ, ਨਾ ਮੈਂ ਸੁਪਨੇ ਬੁਣਦਾ । ਐਸੀ ਕਵਿਤਾ ਲਿਖ ਕੇ ਆਪਾਂ ਹੋਰ ਅਗਾਂਹ ਤੁਰ ਜਾਂਦੇ, ਪਿੱਛੋਂ ਇਕ ਡੂੰਘੀ ਚੁੱਪ ਗਾਉਂਦੀ ਅਤੇ ਜ਼ਮਾਨਾ ਸੁਣਦਾ।

ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ

ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ ਚੋਚਲਿਆਂ ਦੇ ਮੂੰਹ 'ਚੋਂ ਖੋਹ ਕੇ ਮੈਂ ਗਿਰਝਾਂ ਨੂੰ ਪਾਇਆ ਕੰਡੇ, ਕਿਰਚਾਂ, ਨਸ਼ਤਰ, ਖ਼ੰਜਰ, ਹੋਰ ਬਹੁਤ ਸਰਮਾਇਆ ਇਹ ਕਿਸਦੀ ਅਣਹੋਂਦ ਕਿ ਜਿਸ ਨੇ ਰਾਤ ਦਿਨੇ ਤੜਪਾਇਆ ਤੂੰ ਸਰਵਰ ਤੂੰ ਪਾਕ ਪਵਿੱਤਰ, ਮੈਂ ਪੱਥਰ ਮੈਂ ਪਾਪੀ ਕਿਸ ਰਾਤੇ ਮੈਂ ਤੇਰਾ ਸੁੱਤਾ ਪਾਣੀ ਨਹੀਂ ਜਗਾਇਆ ਹਾਲੇ ਤੀਕਰ ਤਾਂ ਚੇਤੇ ਨੇ ਸਭ ਯਾਰਾਂ ਦੇ ਚਿਹਰੇ ਇਹ ਚਿਹਰੇ ਵੀ ਭੁੱਲ ਜਾਵਣ ਤੂੰ ਇੰਜ ਨਾ ਕਰੀਂ ਖ਼ੁਦਾਇਆ ਯਾਦ ਆਏਗੀ ਟੁੱਟੀ ਕਿਸ਼ਤੀ ਤੇ ਖ਼ਸਤਾ ਜਿਹੇ ਚੱਪੂ ਇਕ ਸੁੱਕਾ ਦਰਿਆ ਜਦ ਤੇਰੇ ਗਲ਼ ਤੀਕਰ ਚੜ੍ਹ ਆਇਆ ਮੈਂ ਤਾਂ ਇਕ ਆਵਾਜ਼ ਸੁਣੀ ਸੀ ਮੇਰਾ ਨਾਂ ਲੈਂਦੀ ਸੀ ਮੈਂ ਕੀ ਜਾਣਾਂ ਮੈਨੂੰ ਕਿਸ ਨੇ ਕਿਹੜੀ ਜਗ੍ਹਾ ਬੁਲਾਇਆ

ਨੈਣ ਨਦੀ ਵੀ, ਦਿਲ ਦਰਿਆ ਵੀ

ਨੈਣ ਨਦੀ ਵੀ, ਦਿਲ ਦਰਿਆ ਵੀ ਸਭ ਗੰਧਲੇ ਕਰ ਦੇਵਾਂਗੇ ਲਗਦਾ ਹੈ ਇਕ ਦਿਨ ਜੰਗਲ ਦਾ ਖਾਲੀਪਣ ਭਰ ਦੇਵਾਂਗੇ ਵੱਖਰੀ ਗੱਲ ਹੈ ਤੇਰੀ ਅੱਖ ਦੀ ਜੋਤ ਲਵਾਂਗੇ ਬਦਲੇ ਵਿਚ ਪਰ ਸੂਰਜ ਨੂੰ ਲਾਹ ਕੇ ਤੇਰੇ ਟੇਬਲ ‘ਤੇ ਧਰ ਦੇਵਾਂਗੇ ਛੱਡ ਕੇ ਗੁੱਡੀਆਂ ਗੇਂਦਾਂ ਆ ਉਲਝਣਗੇ ਕਲਾਂ ਕਲਾਵਾਂ ਚੌੜ ਚੜੀਤੇ ਬਾਲਾਂ ਨੂੰ ਕੁਝ ਏਦਾਂ ਦੇ ਡਰ ਦੇਵਾਂਗੇ ਨਾ ਮਗਰਾਂ ਘੜਿਆਲਾਂ ਦਾ ਡਰ ਨਾ ਕੋਈ ਖਤਰਾ ਡੁਬੋਣ ਦਾ ਕੁਸ਼ਲ ਤੈਰਾਕਾਂ ਨੂੰ ਏਦਾਂ ਦੇ ਸੁੱਕੇ ਸਰਵਰ ਦੇਵਾਂਗੇ ਅਸਾਂ ਜਿਹਾ ਘਰ ਫੂਕ ਸੁਦਾਗਰ ਨਹੀਂ ਮਿਲਣਾ ਇਸ ਦੁਨੀਆਂ ਵਿਚ ਬੇਹੇ ਫੁੱਲਾਂ ਦੇ ਬਦਲੇ ਵੀ ਤਾਜ਼ੇ ਪੱਥਰ ਦੇਵਾਂਗੇ ਜਪ-ਤਪ ਤੇ ਰੀਝਣ ਵਾਲੇ ਨਹੀਂ ਪਹਿਲੇ ਭੋਲੇ ਨਾਥ ਅਸੀਂ ਪਹਿਲਾਂ ਸਾਡਾ ਕਾਸਾ ਭਰਦੇ, ਫਿਰ ਤੈਨੂੰ ਵਰ ਦੇਵਾਂਗੇ

ਇਕ ਇਕ ਕਰਕੇ ਲੋਕ ਵਿਛੜਦੇ ਜਾਂਦੇ ਨੇ

ਇਕ ਇਕ ਕਰਕੇ ਲੋਕ ਵਿਛੜਦੇ ਜਾਂਦੇ ਨੇ ਪੱਤੇ ਪੀਲ਼ੇ ਹੋ ਹੋ ਝੜਦੇ ਜਾਂਦੇ ਨੇ ਹਸਤੀ ਖਿੱਦੋ ਵਾਂਗ ਖਿਲਰਦੀ ਜਾਂਦੀ ਹੈ ਰਿਸ਼ਤੇ ਬਖੀਏ ਵਾਂਗ ਉਧੜਦੇ ਜਾਂਦੇ ਨੇ ਦਿਲ ਸੀਨੇ 'ਚੋਂ ਬਾਹਰ ਨਿਕਲਦਾ ਜਾਂਦਾ ਹੈ ਦੁੱਖ ਸੀਨੇ ਦੇ ਅੰਦਰ ਵੜਦੇ ਜਾਂਦੇ ਨੇ ਸਿੱਖ ਲਈ ਹੈ ਜਿਸ ਦਿਨ ਤੋਂ ਅਸੀਂ ਕਲਈਗਰੀ ਸਾਡੇ ਸਾਰੇ ਪਾਜ ਉਘੜਦੇ ਜਾਂਦੇ ਨੇ ਮੰਜ਼ਿਲ ਬਿਟ ਬਿਟ ਝਾਕੇ, ਉਸਦੇ ਕੋਲੋਂ ਦੀ ਰਾਹੀ ਆਪਸ ਦੇ ਵਿਚ ਲੜਦੇ ਜਾਂਦੇ ਨੇ ਅੱਗ ਉਰ੍ਹਾਂ ਵੀ ਬੁਝ ਸਕਦੀ ਹੈ, ਫਿਰ ਕਿਉਂ ਲੋਕ ਸਿਵਿਆਂ ਤੀਕਰ ਸੜਦੇ ਸੜਦੇ ਜਾਂਦੇ ਨੇ

ਜੋ ਮੇਰੀ ਮੌਤ ਦਾ ਸਾਮਾਨ ਸੀ ਉਹ ਵੀ ਗਿਆ

ਜੋ ਮੇਰੀ ਮੌਤ ਦਾ ਸਾਮਾਨ ਸੀ ਉਹ ਵੀ ਗਿਆ ਜਿਹੜੇ ਤੋਤੇ 'ਚ ਮੇਰੀ ਜਾਨ ਸੀ ਉਹ ਵੀ ਗਿਆ ਅਸਾਂ ਨੂੰ ਅਵਧੂਆਂ ਨੂੰ ਮਾਣ ਤਾਂ ਮਿਲਣਾ ਹੀ ਕੀ ਸੀ ਉਹ ਜੋ ਥੋੜ੍ਹਾ ਜਿਹਾ ਅਪਮਾਨ ਸੀ ਉਹ ਵੀ ਗਿਆ ਹਜ਼ਾਰਾਂ ਸੂਰਜਾਂ, ਚੰਨ -ਤਾਰਿਆਂ ਦੀ ਭੀੜ ਅੰਦਰ ਮੈਂ ਜਿਸ ਨੂੰ ਵੇਖ ਕੇ ਹੈਰਾਨ ਸੀ ਉਹ ਵੀ ਗਿਆ ਖ਼ਫ਼ਾ ਪੈਗ਼ੰਬਰਾਂ ਸੰਗ ਸਾਂ ਅਤੇ ਮੁਨਕਰ ਖ਼ੁਦਾ ਤੋਂ ਮੈਂ ਇਕ ਪੱਥਰ ਦਾ ਸ਼ਰਧਾਵਾਨ ਸੀ ਉਹ ਵੀ ਗਿਆ ਭਰੀ ਦੁਨੀਆ 'ਚ ਵੇਖੋ ਮੈਂ ਨਿਖਸਮਾ ਹੋ ਗਿਆ ਹਾਂ ਜਿਦ੍ਹੀ ਦੇਹਲੀ 'ਤੇ ਮੈਂ ਦਰਬਾਨ ਸੀ ਉਹ ਵੀ ਗਿਆ ਜਦੋਂ ਤੋਂ ਉਠ ਗਿਆ ਸਿਰ 'ਤੋਂ ਉਹ ਸਾਏਬਾਨ ਮੇਰੇ ਜੋ ਪੈਰਾਂ ਹੇਠ ਪਾਏਦਾਨ ਸੀ ਉਹ ਵੀ ਗਿਆ ਜਦੋਂ ਕਬਰਾਂ 'ਚ ਖੜ੍ਹ ਕੇ ਸ਼ਿਅਰ ਪੜ੍ਹਨੇ ਪੈ ਗਏ ਤਾਂ ਜੋ ਸ਼ਾਇਰ ਹੋਣ ਦਾ ਅਭਿਮਾਨ ਸੀ ਉਹ ਵੀ ਗਿਆ

ਵਕਤਾਂ ਨੇ ਮੈਨੂੰ ਮਾਰਿਆ, ਮੇਰਾ ਕਸੂਰ ਹੈ

ਵਕਤਾਂ ਨੇ ਮੈਨੂੰ ਮਾਰਿਆ, ਮੇਰਾ ਕਸੂਰ ਹੈ। ਉਹ ਜਿੱਤ ਗਏ, ਮੈਂ ਹਾਰਿਆ, ਮੇਰਾ ਕਸੂਰ ਹੈ। ਇਕ ਗੱਲ ਵੀ ਝੂਠੀ ਨਹੀਂ ਉਸ ਵਿਚ, ਮੇਰੇ ਖ਼ਿਲਾਫ਼, ਜੋ ਕੁਝ ਗਿਆ ਪ੍ਰਚਾਰਿਆ, ਮੇਰਾ ਕਸੂਰ ਹੈ। ਇਹ ਵੀ ਕਸੂਰ ਹੈ ਮੇਰਾ, ਲਾਇਆ ਤੇਰੇ 'ਤੇ ਦੋਸ਼, ਨਾ ਰੋ ਮੇਰੇ ਹਤਿਆਰਿਆ, ਮੇਰਾ ਕਸੂਰ ਹੈ। ਵਾਰਨ ਦੀ ਲੋੜ ਸੀ ਜਦੋਂ, ਓਦੋਂ ਲੁਕੋ ਲਈ ਜਾਨ, ਸੱਚੀਂ ਵੇ ਜਾਨੋਂ ਪਿਆਰਿਆ, ਮੇਰਾ ਕਸੂਰ ਹੈ। ਡੁੱਬਣਾ ਸੀ ਤੇਰੇ ਨਾਲ, ਪਰ ਮੈਂ ਡਰ 'ਚ ਡੁੱਬ ਗਿਆ, ਹਾਇ-ਹਾਇ!ਵੇ ਡੁੱਬਿਆ ਤਾਰਿਆ, ਮੇਰਾ ਕਸੂਰ ਹੈ। ਗੁੰਚੇ ਜਦੋਂ ਮੁਰਝਾ ਗਏ, ਤੇ ਬੁਝ ਗਏ ਚਿਰਾਗ਼, ਮੈਂ ਦੇਰ ਸੰਗ ਸਵੀਕਾਰਿਆ, ਮੇਰਾ ਕਸੂਰ ਹੈ।

ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ

ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ ਦੂਰ ਕਿਤੇ, ਇਹ ਰਸਤਿਆਂ 'ਚ ਹੀ ਕੀ-ਕੀ ਅੜਾਉਣੀਆਂ ਪਈਆਂ। ਇੱਕ ਤਾਂ ਪੈਰਾਂ ਦੇ ਜ਼ਖ਼ਮ, ਦੂਸਰਾ ਸਫ਼ਰ ਥਲ ਦਾ, ਤੇ ਤੀਜਾ ਕਿਸ਼ਤੀਆਂ ਸਿਰ 'ਤੇ ਉਠਾਉਣੀਆਂ ਪਈਆਂ । ਨਵੇਂ ਹੀ ਰੰਗ ਤੇ ਕੈਨਵਸ ਨਵੇਂ ਮੁਸੱਵਰ ਸਨ, ਨਵੇਂ ਹੀ ਸਾਰਿਆਂ ਦੇ ਜ਼ਿਹਨ ਵਿਚ ਤਸੱਵੁਰ ਸਨ, ਸਮੇਂ ਦੀ ਮੰਗ ਸੀ ਸਾਨੂੰ ਪੁਰਾਣੇ ਲੋਕਾਂ ਨੂੰ, ਤਮਾਮ ਮੂਰਤਾਂ ਢਾਹ ਕੇ ਬਣਾਉਣੀਆਂ ਪਈਆਂ। ਮੇਰੇ ਹਬੀਬ, ਮੇਰੇ ਹਮਸਫ਼ਰ ਤੇ ਹਮਸਾਏ, ਖ਼ਿਜ਼ਾਂ ਜਲਾਉਣ ਗਏ ਬਿਰਖ਼ ਹੀ ਜਲਾ ਆਏ, ਨਹੀਂ ਸਲੀਬ 'ਤੇ ਚੜ੍ਹ ਕੇ ਝੁਕਾਉਣੀਆਂ ਸੀ ਕਦੀ, ਨਿਗਾਹਾਂ ਸ਼ਰਮ ਦੇ ਮਾਰੇ ਝੁਕਾਉਣੀਆਂ ਪਈਆਂ। ਕਿਸੇ ਚਿਰਾਗ਼ ਦੇ ਮਸਤਕ 'ਚੋਂ ਤੋੜ ਕੇ ਕਿਰਨਾਂ, ਤੁਸੀਂ ਜਾਂ ਸੁੱਟ ਗਏ ਝੰਭ ਕੇ ਮਰੋੜ ਕੇ ਕਿਰਨਾਂ, ਮਿਸ਼ਾਲਾਂ ਮਮਟੀਆਂ 'ਤੇ ਜਗਦੀਆਂ ਸੀ ਪਰ ਸਾਨੂੰ, ਉਠਾ ਕੇ ਸੀਨਿਆਂ ਅੰਦਰ ਜਗਾਉਣੀਆਂ ਪਈਆਂ । ਬਹੁਤ ਮਾਸੂਮ ਸਨ ਕੰਜਕਾਂ ਕੁਆਰੀਆਂ ਗ਼ਜ਼ਲਾਂ, ਤੇ ਧਾਹਾਂ ਮਾਰ ਕੇ ਰੋਈਆਂ ਵਿਚਾਰੀਆਂ ਗ਼ਜ਼ਲਾਂ, ਅਸੀਂ ਤਾਂ ਸਾਵਿਆਂ ਬਿਰਖ਼ਾਂ ਦੇ ਇਸ਼ਕ ਵਿਚ ਲਿਖੀਆਂ, ਤੇ ਸਾਨੂੰ ਕੁਰਸੀਆਂ ਤਾਈਂ ਸੁਣਾਉਣੀਆਂ ਪਈਆਂ।

ਤੇਰੇ ਨਾਲ਼ ਲੜਨਾ ਏਂ-ਗੀਤ

ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ ਲੜਨਾ ਵੀ ਕੀ ਦਿਲ ਫੋਲਣ ਦਾ ਇਕ ਬਹਾਨਾ ਘੜਨਾ ਏਂ ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ ਅੱਜ ਨਹੀਂ ਤੈਨੂੰ ਜੀ, ਜੀ, ਕਹਿਣਾ ਨਾ ਭਰ ਰਾਤ ਫ਼ਰਸ਼ ਤੇ ਬਹਿਣਾ ਅੱਜ ਮਿਟ ਜਾਣੈ, ਅੱਜ ਨਹੀਂ ਰਹਿਣਾ ਅੱਜ ਅਸਾਂ ਨੇ ਧਿੰਗਾਜੋ਼ਰੀ ਆ ਪਲੰਘੇ ਤੇ ਚੜ੍ਹਨਾ ਏਂ ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ ਕੋਲ਼ ਆਵਾਂ ਤਾਂ ਉੱਠ ਉੱਠ ਨੱਸਦੈਂ ਜੇ ਰੋਵਾਂ ਤਾਂ ਖਿੜ ਖਿੜ ਹੱਸਦੈਂ ਹੱਸ ਪਵਾਂ ਤਾਂ ਝੱਲੀ ਦੱਸਦੈਂ ਜ਼ਖ਼ਮ ਵਿਖਾਵਾਂ ਤਾਂ ਪਿੰਡੇ 'ਤੇ ਹੋਰ ਵੀ ਛਮਕਾਂ ਜੜਨਾ ਏਂ ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ ਸੱਜਣਾ ਅੱਜ ਦੀ ਰਾਤ ਚਾਨਣੀ ਤੇਰੀ ਬੁੱਕਲ਼ ਵਿਚ ਮਾਨਣੀ ਹਰ ਇਕ ਗੁੱਝੀ ਰਮਜ਼ ਜਾਨਣੀ ਅੱਜ ਇਸ਼ਕੇ ਦਾ ਪਹਿਲਾ ਅੱਖਰ ਤੇਰੇ ਕੋਲ਼ੋਂ ਪੜ੍ਹਨਾ ਏਂ ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਤੇ ਜੋਗੀ ਚੱਲੇ-ਗੀਤ

ਆਹ ਚੁੱਕ ਆਪਣੇ ਤਾਂਘ ਤਸਵੁਰ ਰੋਣਾ ਕਿਹੜੀ ਗੱਲੇ ਉਮਰਾ ਦੀ ਮੈਲੀ ਚਾਦਰ ਵਿਚ ਬੰਨ੍ਹ ਇਕਲਾਪਾ ਪੱਲੇ .....ਤੇ ਜੋਗੀ ਚੱਲੇ ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ ਸਾਂਭ ਮਿਲਣ ਲਈ ਮਿਥੀਆਂ ਥਾਵਾਂ ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ ਆਹ ਚੁੱਕ ਦੁਨੀਆ ਦਾ ਸਿਰਨਾਵਾਂ ਆਹ ਚੁੱਕ ਸ਼ੁਹਰਤ, ਆਹ ਚੁੱਕ ਰੁਤਬਾ, ਆਹ ਚੁੱਕ ਬੱਲੇ-ਬੱਲੇ .....ਤੇ ਜੋਗੀ ਚੱਲੇ ਨਾਮ ਤੇਰੇ ਦਾ ਪਹਿਲਾ ਅੱਖਰ ਡੁਲ੍ਹਦੀ ਅੱਖ ਦਾ ਖਾਰਾ ਅੱਥਰ ਆਹ ਚੁੱਕ ਦੁੱਖ ਦਾ ਭਾਰਾ ਪੱਥਰ ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ ਆਹ ਚੁੱਕ ਤੜਪਣ, ਆਹ ਚੁੱਕ ਭਟਕਣ, ਆਹ ਚੁੱਕ ਦਰਦ ਅਵੱਲੇ .....ਤੇ ਜੋਗੀ ਚੱਲੇ ਆਹ ਚੁੱਕ ਆਪਣਾ ਮਾਲ ਖ਼ਜ਼ਾਨਾ ਆਹ ਲੈ ਫੜ ਬਣਦਾ ਇਵਜ਼ਾਨਾ ਆਹ ਚੁੱਕ ਫ਼ਤਵਾ ਤੇ ਜੁਰਮਾਨਾ ਢੂੰਡਣ ਦਾ ਨਾ ਕਰੀਂ ਬਹਾਨਾ ਖਬਰੇ ਕਿਹੜੇ ਕੂਟੀਂ, ਖਬਰੇ ਕਵਣ ਦਿਸ਼ਾਵਾਂ ਵੱਲੇ .....ਤੇ ਜੋਗੀ ਚੱਲੇ ਆਹ ਚੁੱਕ ਦੀਵਾ ਤੇ ਆਹ ਚੁੱਕ ਬਾਤੀ ਦੇਹ ਇਹ ਸੰਧਿਆ ਚੁੱਪ -ਚੁਪਾਤੀ ਲੈ ਇਕ ਰਿਸ਼ਮ ਸਮੁੰਦਰ ਨ੍ਹਾਤੀ ਹੋਰ ਕੋਈ ਜੇ ਚੀਜ਼ ਗੁਆਚੀ ਅੱਜ ਲੈ ਲੈ ਚੱਲ ਭਲਕੇ ਲੈ ਲ ਈਂ, ਪਰਸੋਂ ਖੂਹ ਦੇ ਥੱਲੇ .....ਤੇ ਜੋਗੀ ਚੱਲੇ

ਮੁਜਰੇ ਦੀ ਪੇਸ਼ਕਸ਼

ਉਹ ਜਿਸਦੇ ਜ਼ਿਹਨ ਵਿਚ ਸੁਰ ਹੈ ਨਾ ਤਾਲ ਹੈ ਕੋਈ ਉਹ ਜਿਸਦੇ ਸਾਹਾਂ ਚੋਂ ਮਿਰਚਾਂ ਦੀ ਹਮਕ ਆਓਂਦੀ ਹੈ ਉਹ ਜਿਸਦੇ ਪੋਟਿਆਂ ਤੇ ਦਹਿਕਦੇ ਅੰਗਿਆਰੇ ਹਨ ਉਹ ਆਪਣੇ ਹੱਥ ਵਿਚ ਸੋਨੇ ਦੀ ਬੰਸਰੀ ਫੜ ਕੇ ਤੇ ਮੇਰੇ ਖੂਨ ਦੇ ਦੀਵੇ ਦੀ ਰੋਸ਼ਨੀ ਕਰਕੇ ਮੇਰੇ ਇੱਕ ਗੀਤ ਨੂੰ ਮੁਜ਼ਰੇ ਦੀ ਪੇਸ਼ਕਸ਼ ਕਰਦਾ ਹੈ ਮੇਰਾ ਉਹ ਗੀਤ ਤਾਂ ਨਦੀਆਂ ਦੀ ਤੋਰ ਵਰਗਾ ਹੈ ਮੇਰਾ ਉਹ ਗੀਤ ਤਾਂ ਪੌਣਾਂ ਦੇ ਵਹਿਣ ਵਰਗਾ ਹੈ ਮੇਰੇ ਉਸ ਗੀਤ ਵਿਚ ਖਿੜਦੇ ਗੁਲਾਬ ਦੀ ਰੰਗਤ ਮੇਰੇ ਉਸ ਗੀਤ ਵਿਚ ਮੇਰੇ ਪੰਜਾਬ ਦੀ ਫਿਤਰਤ ਮੇਰਾ ਉਹ ਗੀਤ ਤਾਂ ਆਸ਼ਿਕ਼ ਦੀ ਬੇਖ਼ੁਦੀ ਵਰਗਾ ਮੇਰਾ ਉਹ ਗੀਤ ਤਾਂ ਫੱਕਰ ਦੀ ਗੋਦੜੀ ਵਰਗਾ ਮੇਰਾ ਉਹ ਗੀਤ ਕਦ ਬੰਦਿਸ਼ ਕਬੂਲ ਕਰਦੈ ਮੇਰਾ ਉਹ ਗੀਤ ਕਦ ਝਾਂਜਰ ਦੀ ਕ਼ੈਦ ਜਰਦੈ ਮੇਰਾ ਉਹ ਗੀਤ ਕਦ ਤਗਮੇ ਦਾ ਬੋਝ ਚੁਕਦੈ ਮੇਰਾ ਉਹ ਗੀਤ ਕਦ ਚਾਂਦੀ ਦੀ ਛਨਕ ਤੇ ਮਰਦੈ ਮੇਰਾ ਉਹ ਗੀਤ ਕਦ ਸੂਲੀ ਦੀ ਨੋਕ ਤੋਂ ਡਰਦੈ ਤੇ ਉਹ ਜਿਸਦੇ ਜ਼ਿਹਨ ਵਿਚ ਸੁਰ ਹੈ ਨਾ ਤਾਲ ਹੈ ਕੋਈ ਉਹ ਮੇਰੇ ਗੀਤ ਤੇ ਇਲਜ਼ਾਮ ਇੱਕ ਲਗਾਉਂਦਾ ਹੈ ਕਿ ਮੇਰੇ ਗੀਤ ਵਿਚ ਗੀਤਾਂ ਜੇਹੀ ਕੋਈ ਗੱਲ ਹੀ ਨਹੀਂ ਹੈ ਕਿ ਮੇਰੇ ਗੀਤ ਨੂੰ ਨੱਚਣ ਦਾ ਬਿਲਕੁਲ ਵੱਲ ਹੀ ਨਹੀਂ ਹੈ ਮੇਰੇ ਉਸ ਗੀਤ ਦੇ ਮੱਥੇ ਉੱਤੇ ਚੰਨ ਦਾ ਇੱਕ ਟਿੱਕਾ ਮੇਰੇ ਉਸ ਗੀਤ ਦਾ ਸਾਰਾ ਲਿਬਾਸ ਚਾਨਣ ਦਾ ਮੇਰੇ ਉਸ ਗੀਤ ਦਾ ਚੇਹਰਾ ਸਵੇਰ ਦੀ ਸੁਰਖੀ ਉਹ ਪੈਰੀਂ ਬੰਨ ਕੇ ਅੱਸੂ ਦੀ ਪੌਣ ਦੀ ਝਾਂਜਰ ਜਦ ਕਦੀ ਨਚਦੈ ਬਣ ਕੇ ਭੂਚਾਲ ਹੀ ਨਚਦੈ ਤੇ ਓਹਦੀ ਥਿਰਕਣ ਨੂੰ ਇੱਕ ਮਰਮਰ ਦਾ ਫ਼ਰਸ਼ ਕਦ ਜਚਦੈ ਤੇ ਉਹ ਜਿਸਦੇ ਜ਼ਿਹਨ ਵਿਚ ਸੁਰ ਹੈ ਨਾ ਤਾਲ ਹੈ ਕੋਈ ਜੋ ਆਪਣੇ ਹੱਥ ਵਿਚ ਸੋਨੇ ਦੀ ਬੰਸਰੀ ਫੜ ਕੇ ਤੇ ਦੂਜੇ ਹੱਥ ਵਿਚ ਚਾਂਦੀ ਦੇ ਕੁਝ ਟਕੇ ਧਰਕੇ ਮੇਰੇ ਉਸ ਗੀਤ ਨੂੰ ਮੁਜ਼ਰੇ ਦੀ ਪੇਸ਼ਕਸ਼ ਕਰਦਾ ਹੈ ਮੇਰਾ ਇਹ ਗੀਤ ਉਸਦੀ ਪੇਸ਼ਕਸ਼ ਤੇ ਥੁਕਦੈ ਮੇਰਾ ਉਹ ਗੀਤ ਕਦ ਮੁਜ਼ਰੇ ਦੀ ਅੱਗ ਵਿਚ ਮਚਦੈ ਜਦ ਕਦੀ ਨਚਦੈ ਯਾਰਾਂ ਦੇ ਵਾਸਤੇ ਨਚਦੈ

ਜਦੋਂ ਲੰਬੜਾਂ ਦੇ ਭੂਪੇ ਨੇ

ਜਦੋਂ ਲੰਬੜਾਂ ਦੇ ਭੂਪੇ ਨੇ ਤਰੇਲੀ ਸੋਹਲ ਕਣਕ ਦੇ ਪਿੰਡੇ ‘ਤੇ ਯੂਰੀਆ ਦੀ ਮੁੱਠ ਸੁੱਟੀ ਜਦੋਂ ਨੱਥੂ ਕਾ ਭਿੰਦਾ ਵਿਹੜੇ ‘ਚ ਟਰੈਗਟ ਠੱਲ੍ਹ ਕੇ ਸਿੱਧਾ ਸਬਾਤ ‘ਚ ਵੜ ਗਿਆ ਬਲਦਾਂ ਵੱਲ ਬਿਨਾ ਵੇਖੇ ਓਦੋਂ ਬਲਦਾਂ ਨੇ ਤਾਂ ਉਸਨੂੰ ਵੇਖ ਹੀ ਲਿਆ ਸੀ ਜਦੋਂ ਸਰ੍ਹੋਂ ਦੀਆਂ ਤੇਲ ਨਾਲ ਕਾਲੀਆਂ ਹੋਈਆਂ ਗੰਦਲਾਂ ਨੂੰ ਨਾਲ ਦੇ ਖੱਤੇ ‘ਚੋਂ ਕਿਸੇ ਓਪਰੇ ਤੇਲ ਦੀ ਬੋਅ ਆਈ ਜਦੋਂ ਪਹਿਲੀ ਵਾਰ ਧਰਤੀ ਦੀ ਕੁੱਖ ਵਿੱਚ ਬੀਜਾਂ ‘ਚ ਰਲਾ ਕੇ ਪਟਾਸ ਬੀਜੀ ਗਈ ਤੇ ਵੱਟ ‘ਤੇ ਖੜ੍ਹੇ ਇੰਦਰ ਸਿਹੁੰ ਨੂੰ ਬੰਬੀ ਦੀ ਧਾਰ ‘ਚੋਂ ਚਾਂਦੀ ਡਿਗਦੀ ਦਿਸੀ ਪਾਣੀ ਦੀ ਥਾਂ ਤਾਂ ਸਿਵਿਆਂ ਦੇ ਪਿਛਵਾੜੇ ਧੋੜੇ ‘ਤੋਂ ਮਲ੍ਹਿਆਂ ਦੇ ਬੇਰ ਤੋੜਦਾ ਮੈਂ ਸੋਚ ਰਿਹਾ ਇਹ ਮੇਰੇ ਪਿੰਡ ਵੱਲ ਕੀ ਤੁਰਿਆ ਆਉਂਦਾ ਇਹ ਸਾਡੇ ਖੇਤਾਂ ‘ਚ ਕੀ ਵੜਿਆ ਆਉਂਦਾ ਕਹਿੰਦੇ: ਜੇ ਮੁੜਵੇਂ ਦੰਦ ਤੇ ਵਿਅਹੁ ਦੀ ਪੋਟਲੀ ਨਾ ਹੋਵੇ ਤਾਂ ਸੱਪ ਦਾ ਪਿੰਡਾ ਸਭ ਤੋਂ ਕੂਲਾ

ਬਠਿੰਡੇ ਜੰਕਸ਼ਨ 'ਤੇ ਖੜ੍ਹੀ

ਬਠਿੰਡੇ ਜੰਕਸ਼ਨ 'ਤੇ ਖੜ੍ਹੀ ਹੈ ਕੈਂਸਰ ਟਰੇਨ ਵਿਚ ਬੈਠੀ ਹੈ ਸੀਤੋ ਕੌਰ ਦਸਵੀਂ ਦੇ ਪੇਪਰ ਦੇ ਕੇ ਹਟੀ ਧੀ ਦੇ ਮੋਢੇ ਤੇ ਸਿਰ ਸੁੱਟੀ ਸੱਪ ਦਾ ਨਿਆਈਆਂ ਵਿਚ ਥੁੱਕਿਆ ਪਿੰਡ ਦੇ ਛੱਪੜ ਵਿਚਦੀ ਹੁੰਦਾ ਘਰ ਦੀ ਟੂਟੀ ਥਾਣੀ ਉਹਦੇ ਕਾਲਜੇ ਤਕ ਅੱਪੜ ਗਿਆ ਹੈ ਤੇ ‘ਸਰਦਾਰ' ਸਾਂਝੀ ਵੱਟ ਉਤਲੀ ਟਾਹਲੀ ਨਾਲ ਝੂਟ ਗਿਆ ਸੀ ਪਰਾਰ ਬੜੀ ਔਖੀ ਹੋ ਕੇ ਹੂੰਗਰ ਟਿਕਾਉਂਦੀ ਕੁੜੀ ਤੋਂ ਫੋਨ ਲਵਾਉਂਦੀ ਕਾਲਜੋਂ ਹਟੇ ਪੁੱਤ ਨੂੰ ਸਮਝਾਉਂਦੀ ਮੇਹਸ਼ੀ ਕੋਲ ਮੰਡੀ ਜਾਈਂ ਕਿਹਾ ਵਿਆ ਉਹਨੂੰ, ਐਵੇਂ ਸੰਗ ਨਾ ਜਾਈਂ ਰੇਹ ਵੀ ਤੇ ਸਪਰੇਅ ਵੀ ਟੁੰਡੇ ਦੇ ਰੇਹੜੇ ‘ਤੇ ਧਰਾ ਦੀਂ ਆਖੀਂ ਪੈਸੇ ਬੀਬੀ ਆਕੇ ਦੇਊ ਬਲਈ ਚੰਗਾ ਵਿਚਾਰਾ ਢੋਲੀ ਤੇਰੇ ਚਾਚੇ ਘਰੇ ਐ ਨਾਥ ਮਜਵ੍ਹੀ ਤੋਂ ਛਿੜਕਾਈਂ ਸੱਚ ਨੇਂਬੂ ਨਾ ਭੁੱਲ ਆਈਂ ਆਪ ਵੀ ਘੋਲ ਕੇ ਪੀਵੀਂ ਓਹਨੂੰ ਵੀਂ ਪਿਆਈਂ ਮੂੰਹ ਬੰਨ੍ਹ ਕੇ ਦੂਰ ਖੜ੍ਹੀਂ ਪਰਸੋਂ ਮੁੜ ਆਉਣਾ ਅਸੀਂ ਇਉਂ ਕਿਸੇ ਅਚੇਤ ਹੋਣੀ ਤੋਂ ਡਰਦੀ ਜਹਿਰ ਨੂੰ ਜਹਿਰ ਨਾਲ ਮਾਰਨ ਦਾ ਜਤਨ ਕਰਦੀ ਕੁੜੀ ਵੱਲ ਵੇਖ ਕੇ ਮਾੜਾ ਜਿਹਾ ਮੁਸਕਰਾਉਂਦੀ ਪੇਕਿਆਂ ਤੋਂ ਬੁਲਟ 'ਤੇ ਸਹੁਰੀਂ ਜਾਣ ਦਾ ਆਪਣਾ ਸੁਪਨਾ ਉਹਦੇ ਨੈਣਾਂ 'ਚ ਟਿਕਾਉਂਦੀ ਸੱਪ ਨਾਲ ਉਹਦਾ ਅਦਿੱਖ ਮੁਲਾਹਜਾ ਪੁਆਉਂਦੀ

ਸੁੱਤੇ ਪਿਆਂ ਦੇ ਪਿੰਡੇ 'ਤੇ ਛਮਕ ਵੱਜੀ

ਸੁੱਤੇ ਪਿਆਂ ਦੇ ਪਿੰਡੇ 'ਤੇ ਛਮਕ ਵੱਜੀ ਸਾਡੇ ਮੂੰਹ 'ਚੋਂ ਨਿਕਲਿਆ 'ਵਾਹ' ਸੱਜਣ ਸਿਧਰੇ ਛੇੜੂਆਂ ਰਾਂਝਣ ਦੀ ਰੀਸ ਕੀਤੀ ਓਸੇ ਮੋੜ 'ਤੇ ਭੁੱਲ ਗਏ ਰਾਹ ਸੱਜਣ ਅਸੀਂ ਰੋਟੀਆਂ ਥੱਪਣੇ ਲਾਂਗਰੀ ਸਾਂ ਬਣਨਾ ਚਾਹੁੰਦੇ ਸਲਾਰ-ਸਿਪਾਹ ਸੱਜਣ ਜਿਵੇਂ ਲਾਗੀ ਕੋਈ ਬੁੱਤੀਆਂ ਕਰਨ ਵਾਲਾ ਬਣਨਾ ਲੋਚਦਾ ਹੈ ਬਾਦਸ਼ਾਹ ਸੱਜਣ ਜਾਂ ਫਿਰ ਹੌਂਕਦਾ, ਹਫ਼ਦਾ ਮਜੂਰ ਕੋਈ ਮੰਗੇ ਖ਼ਾਬ ਅੰਦਰ ਸੌਖਾ ਸਾਹ ਸੱਜਣ ਕੋਝੇ ਸ਼ਕਲ ਦੇ ਸਾਂ, ਕੱਚੇ ਅਕਲ ਦੇ ਸਾਂ ਕੀਤਾ ਵਹਿਮ 'ਤੇ ਪੂਰਾ ਵਸਾਹ ਸੱਜਣ ਮੂੜ੍ਹ-ਮੱਤੀਏ ਸਾਂ, ਅੰਨ੍ਹੇ ਹੋ ਗਏ ਸਾਂ ਵੇਖ ਹੁਸਨ ਦਾ ਨੂਰ ਅਥਾਹ ਸੱਜਣ ਅਸੀਂ ਠੂਠੀਆਂ ਵਿਚ ਭਰਨਾ ਲੋਚਦੇ ਸਾਂ ਜਿਵੇਂ ਕੋਈ ਸਮੁੰਦਰ ਅਸਗਾਹ ਸੱਜਣ ਜਾਂ ਫਿਰ ਸਰਘੀ ਦੇ ਤਾਰੇ ਨੂੰ ਲੋੜਦੇ ਸਾਂ ਲਈਏ ਨੇਰ੍ਹੀ ਜਹੀ ਕੋਠੜੀ ਲਾਹ ਸੱਜਣ ਤੇਰੀ ਰਜ਼ਾ ਤੋਂ ਬਿਨਾ ਹੀ ਭਾਲਦੇ ਸਾਂ ਤੇਰੀ ਰਹਿਮਤਾਂ ਭਰੀ ਨਿਗਾਹ ਸੱਜਣ ਗਲ ਵਿਚ ਪਾ ਪੱਲਾ, ਦੰਦੀਂ ਘਾਹ ਲੈ ਕੇ ਆਇ ਖੜ੍ਹੇ ਹਾਂ ਤੇਰੀ ਦਰਗਾਹ ਸੱਜਣ ਅਸਾਂ ਕੀੜੀਆਂ ਅੰਬਰ ਦੀ ਝਾਕ ਰੱਖੀ ਬਖ਼ਸ਼ ਦਿਆ ਜੇ ਸਾਡੇ ਗੁਨਾਹ ਸੱਜਣ

ਲਿਖੀਆਂ ਕਈ ਕਵਿਤਾਵਾਂ ਤੇ ਗੀਤ

ਲਿਖੀਆਂ ਕਈ ਕਵਿਤਾਵਾਂ ਤੇ ਗੀਤ, ਗ਼ਜ਼ਲਾਂ, ਜਾ ਕੇ ਮਹਿਫਿਲਾਂ 'ਚੋਂ ਵਾਹ -ਵਾਹ ਖੱਟੀ ਕਈਆਂ ਲੋਕਾਂ ਦੇ ਕੀਨੇ -ਕਿਨਾਏ ਝੱਲੇ, ਕਈਆਂ ਹੋਰਾਂ ਤੋਂ ਸਿਫ਼ਤ -ਸਲਾਹ ਖੱਟੀ ਖੱਟੀਆਂ ਸ਼ੁਹਰਤਾਂ ਅਤੇ ਬਦਨਾਮੀਆਂ ਸਭ, ਪੂੰਜੀ ਕੁੱਲ ਸ਼ਵੇਤ- ਸਿਆਹ ਖੱਟੀ ਕਰਮਕਾਰੀਆਂ ਵੀ, ਦੁਨੀਅਦਾਰੀਆਂ ਵੀ, ਦੀਨ, ਧਰਮ ਤੇ ਸ਼ਰਾਹ ਦੀ ਰਾਹ ਖੱਟੀ ਅਸੀਂ ਫੱਕਰਾਂ ਵਾਲੀ ਆਵਾਰਗੀ ਵੀ, ਹੋ ਕੇ ਜੱਗ ਤੋਂ ਬੇਪਰਵਾਹ ਖੱਟੀ ਤੇਰੇ ਮਿੱਠਿਆਂ ਬੋਲਾਂ ਦੇ ਅੱਕ ਚੱਬੇ, ਤੇਰੇ ਫਿੱਕਿਆਂ ਭਾਵਾਂ ਦੀ ਚਾਹ ਖੱਟੀ ਰੰਗਲੇ ਏਸ ਜਹਾਨ 'ਤੋਂ ਜਲਾਵਤਨੀ ਬਣ ਕੇ ਮੁਨਸਿਫ਼ਾਂ ਦੇ ਖ਼ੈਰ - ਖਵਾਹ ਖੱਟੀ ਸਭ ਕੁਝ ਲੈ-ਦੇ ਕੇ, ਸਭ ਕੁਝ ਕੱਢ-ਪਾ ਕੇ, ਖੱਟੀ ਅੰਤ ਨੂੰ ਅਸਾਂ ਨੇ ਆਹ ਖੱਟੀ

ਮਿਲ ਗਏ ਏਸੇ ਹੀ ਦੁਨੀਆਂ ਵਿੱਚ ਫਿਰਦਿਆਂ ਨੂੰ

ਮਿਲ ਗਏ ਏਸੇ ਹੀ ਦੁਨੀਆਂ ਵਿੱਚ ਫਿਰਦਿਆਂ ਨੂੰ, ਥਲ ਵਿੱਚ ਭੌਂਦਿਆਂ ਨੂੰ ਜਿਵੇਂ ਨੀਰ ਮਿਲ ਗਏ ਅਸੀਂ ਭਾਲਦੇ ਸਾਂ ਨਿਰਕਾਰੀਆਂ 'ਚੋਂ, ਸਾਡੀ ਤਲਬ ਨੂੰ ਸਣੇ ਸਰੀਰ ਮਿਲ ਗਏ ਸਾਡੀ ਤੋਟ ਨੂੰ ਜਿਵੇਂ ਸ਼ਰਾਬ ਮਿਲ ਗਈ, ਸਾਡੇ ਰੋਗਾਂ ਨੂੰ ਜਿਵੇਂ ਅਕਸੀਰ ਮਿਲ ਗਏ ਉੱਚੀ ਹਉਮੇਂ ਦੀ ਕੰਧ ਨੂੰ ਟੱਪ ਮਿਲ ਗਏ, ਡੂੰਘੀ ਦੂਈ ਦੀ ਨਦੀ ਨੂੰ ਚੀਰ ਮਿਲ ਗਏ ਸਾਡੇ ਜਿਗਰ ਨੂੰ ਮੇਚ ਦੀ ਛੁਰੀ ਮਿਲ ਗਈ, ਸਾਡੀ ਹਿੱਕ ਨੂੰ ਹਾਣ ਦੇ ਤੀਰ ਮਿਲ ਗਏ ਸਾਡੀ ਤੜਪ ਨੂੰ ਠੰਡਾ ਸਕੂਨ ਮਿਲਿਆ, ਸਾਡੀ ਬਿਹਬਲੀ ਨੂੰ ਮੁਰਦਾ ਧੀਰ ਮਿਲ ਗਏ ਪਹਿਲਾਂ ਵਾਰੀਓਂ ਸੁਰਗ ਦੀ ਟਿਕਟ ਮਿਲ ਗਈ, ਸ਼ੁਰੂ ਹੋਣ ਤੋਂ ਪਹਿਲਾਂ ਅਖ਼ੀਰ ਮਿਲ ਗਏ ਅਸੀਂ ਅੱਲਾਹ ਦੀ ਜ਼ਾਤ ਵੀ ਪੁੱਛੀਏ ਕਿਓਂ ? ਸਾਨੂੰ ਅੱਪੜੇ ਹੋਏ ਫ਼ਕੀਰ ਮਿਲ ਗਏ

ਏਦਾਂ ਦੁਫਾੜ ਕਰਕੇ ਸੱਜਣਾ ਨਾ ਮਾਰ ਮੈਨੂੰ

ਏਦਾਂ ਦੁਫਾੜ ਕਰਕੇ ਸੱਜਣਾ ਨਾ ਮਾਰ ਮੈਨੂੰ ਪੂਰਾ ਕਬੂਲ ਕਰ ਜਾਂ ਪੂਰਾ ਨਕਾਰ ਮੈਨੂੰ ਇਸ ਹੱਦ ਤੀਕ ਵਧਿਐ ਅੱਖਾਂ 'ਚ ਨੁਕਸ ਮੇਰੇ ਦਿਸਦੇ ਨੇ ਨੀਵੇਂ ਨੀਵੇਂ ਗੁੰਬਦ, ਮੀਨਾਰ ਮੈਨੂੰ ਹਰ ਵਾਰ ਭਖਦੇ ਰਣ 'ਚੋਂ ਮੈਂ ਸਿਰ ਸਮੇਤ ਮੁੜਦਾਂ ਹਰ ਵਾਰ ਹੋਣਾ ਪੈਂਦਾ ਹੈ ਸ਼ਰਮਸਾਰ ਮੈਨੂੰ ਖ਼ੁਸ਼ਬੂ ਸਮੇਟ ਲੈਂਦੀ, ਰੰਗ ਵੀ ਲਪੇਟ ਲੈਂਦੀ ਪਰ ਜ਼ਖ਼ਮ ਤਾਂ ਵਿਖਾਕੇ ਲੰਘਦੀ ਬਹਾਰ ਮੈਨੂੰ ਤੇਰੀ ਨਜ਼ਰ 'ਤੋਂ ਸਦਕੇ, ਤੇਰੇ ਇਲਮ ' ਤੋਂ ਵਾਰੀ ਫਿਰ ਤੋਂ ਨਿਹਾਰ ਮੈਨੂੰ, ਮੁੜਕੇ ਵਿਚਾਰ ਮੈਨੂੰ

ਪਹਾੜਾਂ ਨੂੰ ਦੁੜਾਇਆ ਜਾ ਰਿਹਾ ਹੈ

ਪਹਾੜਾਂ ਨੂੰ ਦੁੜਾਇਆ ਜਾ ਰਿਹਾ ਹੈ ਨਦੀ ਦਾ ਬੁੱਤ ਬਣਾਇਆ ਜਾ ਰਿਹਾ ਹੈ ਅਜਬ ਕੌਤਕ ਰਚਾਇਆ ਜਾ ਰਿਹਾ ਹੈ ਹਵਾ 'ਤੇ ਜਾਲ਼ ਪਾਇਆ ਜਾ ਰਿਹਾ ਹੈ ਸਮੁੰਦਰ ਖੋਹ ਰਿਹੈ ਬਿਰਖਾਂ ਤੋਂ ਪਾਣੀ ਸਮਝਦਾ ਹੈ ਕਿ ਜ਼ਾਇਆ ਜਾ ਰਿਹਾ ਹੈ ਸੁਲਘਦੇ ਰੇਤਿਆਂ ਤੇ ਨੀਰ ਲਿਖ ਕੇ ਘਟਾਵਾਂ ਨੂੰ ਪੜ੍ਹਾਇਆ ਜਾ ਰਿਹਾ ਹੈ ਪਰਿੰਦਾ ਚਹਿਕਦਾ ਕਰਕੇ ਰਿਕਾਰਡ ਦਰਖਤਾਂ ਨੂੰ ਸੁਣਾਇਆ ਜਾ ਰਿਹਾ ਹੈ ਮੇਰੇ ਆਉਂਦੇ ਦਿਨਾਂ ਦੀ ਸੜਕ ਉੱਤੇ ਮੇਰੇ ਬੀਤੇ ਦਾ ਸਾਇਆ ਜਾ ਰਿਹਾ ਹੈ

ਸੋਨਾ ਹਾਂ ਖੋਟ ਵਾਲ਼ਾ

ਸੋਨਾ ਹਾਂ ਖੋਟ ਵਾਲ਼ਾ, ਝੂਠਾ ਨਗੀਨਾ ਹਾਂ ਮੈਂ ਚਾਨਣ ਦੀ ਬਾਤ ਪਾਉਂਦਾ ਕੋਈ ਨਾਬੀਨਾ ਹਾਂ ਮੈਂ ਨਕਲੀ ਮਲਾਹ ਹੈ ਮੇਰਾ, ਕਲਪਿਤ ਨੇ ਸਭ ਮੁਸਾਫਿਰ, ਸੁੱਕੀ ਨਦੀ 'ਚ ਤਰਦਾ, ਛਿੱਜਿਆ ਸਫ਼ੀਨਾ ਹਾਂ ਮੈਂ ਮੈਂ ਧੜਕਣਾਂ ਦੀ ਖ਼ਾਤਿਰ, ਮਾਕੂਲ ਦਿਲ ਨਹੀਂ ਹਾਂ, ਤੇ ਹਸਰਤਾਂ ਦੀ ਖ਼ਾਤਿਰ, ਬੇਕਾਰ ਸੀਨਾ ਹਾਂ ਮੈਂ ਅਗਨੀ ਨੂੰ ਪਿਆਰ ਕਰਦਾਂ, ਭਾਵੇਂ ਸਿਵੇ ਦੀ ਹੋਵੇ, ਮੁਰਦਾ ਨਗਰ 'ਚ ਵੱਸਦਾ, ਜ਼ਿੰਦਾ ਕਮੀਨਾ ਹਾਂ ਮੈਂ

ਹੁਨਰ ਨੂੰ ਹੱਥਾਂ 'ਤੇ ਮਾਣ ਹੋਵੇ

ਹੁਨਰ ਨੂੰ ਹੱਥਾਂ 'ਤੇ ਮਾਣ ਹੋਵੇ, ਲਗਨ ਨੂੰ ਦਿਲ ਤੇ ਯਕੀਨ ਹੋਵੇ ਇਹ ਤਖ਼ਤ ਹੋਵੇ ਮੁਹੱਬਤਾਂ ਦਾ, ਤੇ ਸੱਚ ਗੱਦੀ- ਨਸ਼ੀਨ ਹੋਵੇ ਮੈਂ ਅੱਕ ਚੁੱਕਾ ਹਾਂ ਸੁਣ ਕੇ ਬਾਤਾਂ, ਮੈਂ ਥੱਕ ਚੁੱਕਾਂ ਕਿਤਾਬਾਂ ਪੜ੍ਹ ਕੇ ਤੇ ਢੂੰਡਦਾ ਹਾਂ ਮੈਂ ਲਫ਼ਜ਼ ਐਸਾ, ਜੋ ਰੋਜ਼ ਤਾਜ਼ਾ-ਤਰੀਨ ਹੋਵੇ ਮੈਂ ਕਦ ਇਹ ਚਾਹਿਆ ਸੀ ਬੀਬਾ ਬੰਦਾ ਬੇਜਾਨ ਪੁਰਜ਼ੇ ਦੇ ਵਾਂਗ ਘੁੰਮੇ ਮੈਂ ਕਦ ਇਹ ਚਾਹਿਆ ਸੀ ਦੁਨੀਆਂ ਏਦਾਂ ਦੀ ਦਿਲ-ਵਿਹੂਣੀ ਮਸ਼ੀਨ ਹੋਵੇ ਹੈ ਕੋਈ ਜੁਰਅੱਤ, ਜਨੂੰਨ, ਜਜ਼ਬਾ, ਹੈ ਕੋਈ ਚਾਨਣ, ਚਰਾਗ਼, ਚਿਹਰਾ ਜੋ ਮੈਥੋਂ ਵਧ ਕੇ ਬੇਬਾਕ ਹੋਵੇ, ਜੋ ਤੈਥੋਂ ਵਧ ਕੇ ਹੁਸੀਨ ਹੋਵੇ ਨਦੀ ਵੀ ਕੀ ਹੈ ਜੋ ਵਗਣ ਵੇਲ਼ੇ ਖ਼ਿਆਲ ਰੱਖਦੀ ਹੈ ਕੰਢਿਆਂ ਦਾ ਕਵੀ ਵੀ ਕੀ ਹੈ ਜੋ ਬਹਿਰ ਦੀ ਹੀ ਮਸੰਦਗੀ ਦੇ ਅਧੀਨ ਹੋਵੇ

ਢੂੰਡਦਾ ਰਾਹਤ ਮੈਂ

ਢੂੰਡਦਾ ਰਾਹਤ ਮੈਂ ਸੁੱਚਾ ਦਰਦ ਸਹਿਣੋ ਵੀ ਗਿਆ । ਰੋਣ ਦੇ ਲਾਲਚ 'ਚ ਦਿਲ ਦੀ ਗੱਲ ਕਹਿਣੋ ਵੀ ਗਿਆ । ਜਾਪਦੈ ਇਸਦੇ ਵੀ ਮੂੰਹ ਨੂੰ ਲੱਗ ਗਿਐ ਚਿੱਟਾ ਲਹੂ, ਸੋ, ਤੇਰਾ ਖ਼ੰਜਰ ਮੇਰੇ ਸੀਨੇ 'ਚ ਲਹਿਣੋ ਵੀ ਗਿਆ । ਬੈਠਾ ਬੈਠਾ ਉਸਨੂੰ ਇਕ ਦਿਨ ਮੈਂ ਵਿਖਾ ਬੈਠਾ ਸਾਂ ਜ਼ਖ਼ਮ, ਓਸ ਦਿਨ ਮਗਰੋਂ ਮੈਂ ਉਸ ਦੇ ਕੋਲ਼ ਬਹਿਣੋ ਵੀ ਗਿਆ । ਪਾਣੀ ਉੱਡਣਾ ਸਿੱਖ ਕੇ ਟੀਸੀ ਦੇ ਮੋਹ ਵਿਚ ਫਸ ਗਏ, ਫਿਰ ਇਹ ਦਿਲ ਦਰਿਆ, ਉਛਲਣਾ ਕੀ ਸੀ, ਵਹਿਣੋ ਵੀ ਗਿਆ । ਨਾਲ਼ ਹੀ ਮਿਟ ਗਏ ਮਿਰੇ, ਦੋਵੇਂ, ਵਿਛੋੜਾ ਤੇ ਮਿਲਾਪ, ਦੂਰ ਜਾਣੋ ਵੀ ਗਿਆ ਮੈਂ, ਨੇੜੇ ਰਹਿਣੋ ਵੀ ਗਿਆ।

ਯੁੱਧ 'ਚ ਆਉਣ ਤੋਂ ਪਹਿਲਾਂ

ਯੁੱਧ 'ਚ ਆਉਣ ਤੋਂ ਪਹਿਲਾਂ ਹਰਿਆ ਹੋਇਆ ਹਾਂ । ਲੀਰਾਂ ਦੇ ਰਾਵਣ ਤੋਂ ਡਰਿਆ ਹੋਇਆ ਹਾਂ । ਧਰਤੀ ਦਾ ਜਾਇਆ ਹਾਂ, ਤਾਹੀਓਂ ਧਰਤੀ ਵਾਂਗ, ਵਿੱਚੋਂ ਤਪਿਆ, ਉੱਤੋਂ ਠਰਿਆ ਹੋਇਆ ਹਾਂ । ਮੈਂ ਤਾਂ ਸੱਚ ਦੇ ਨੇੜ ਨਹੀਂ ਢੁੱਕਿਆ ਅੱਜ ਤਕ, ਝੂਠੇ ਲੋਕਾਂ ਬੱਦੂ ਕਰਿਆ ਹੋਇਆ ਹਾਂ । ਕੱਲੇ ਸੂਰਜ ਨੂੰ ਹੀ ਮੇਰਾ ਭੇਤ ਹੈ ਬਸ, ਦੀਵਾ ਹਾਂ ਜੋ ਧੁੱਪੇ ਧਰਿਆ ਹੋਇਆ ਹਾਂ । ਮੌਤ ਵਿਚਾਰੀ ਹਉਕਾ ਲੈ ਕੇ ਪਰਤ ਗਈ, ਜਦ ਉਸਨੇ ਡਿੱਠਾ ਮੈਂ ਮਰਿਆ ਹੋਇਆ ਹਾਂ । ਮੈਨੂੰ ਕੋਈ ਹੋਰ ਤਰ੍ਹਾਂ ਦੀ ਅੱਗ ਵਿਖਾ, ਇਸ 'ਚੋਂ ਤਾਂ ਸੌ ਵਾਰ ਗੁਜ਼ਰਿਆ ਹੋਇਆ ਹਾਂ ।

ਜ਼ਿੰਦਗੀ ਇਸ਼ਕ ਬਿਨਾ

ਜ਼ਿੰਦਗੀ ਇਸ਼ਕ ਬਿਨਾ ਰਾਸ ਨਾ ਆਉਂਦੀ ਲਗਦੀ ਇਕ ਬੁਝਾਰਤ ਜੋ ਹਕੀਕਤ ਨਹੀਂ ਬਣਦੀ ਲਗਦੀ ਮੇਰੇ ਅਣਜਾਣ ਤਬੀਬਾ, ਤੇਰੇ ਹੀਲੇ ਬਾਝੋਂ ਦਿਲ ਦੀ ਧੜਕਣ ਕਿਸੇ ਹਾਲਤ ਨਹੀਂ ਰੁਕਦੀ ਲਗਦੀ ਕਿਆ ਮੁਕੱਦਮਾ ਹੈ ਕਿ ਕਾਤਿਲ ਦੀ ਸ਼ਹਾਦਤ ਤੋਂ ਬਿਨਾ ! ਸਾਨੂੰ ਬੰਦੀਆਂ ਨੂੰ ਰਿਹਾਈ ਨਹੀਂ ਮਿਲ਼ਦੀ ਲਗਦੀ ਪਰਤੀ ਆਉਂਦੀ ਹੈ ਕਥਾ ਜ਼ਖ਼ਮ ਲਈ ਮੱਥੇ 'ਤੇ ਕੋਈ ਦੀਵਾਰ ਹੁੰਗਾਰਾ ਨਹੀਂ ਦਿੰਦੀ ਲਗਦੀ ਦਿਲ 'ਚ ਉਹ ਵਹਿਮ ਦਾ ਤੂਫ਼ਾਨ ਲਈ ਫਿਰਦੇ ਹਾਂ ਜਿਸ ਤੋਂ ਇਕ ਕੂੜ ਦੀ ਕਿਸ਼ਤੀ ਵੀ ਨਾ ਡੁੱਬਦੀ ਲਗਦੀ ਮੇਰੀ ਤਨਹਾਈ ਤੁਰੀ ਫਿਰਦੀ ਹੈ ਭੀੜਾਂ ਪਿੱਛੇ ਫਿਰ ਉਦਾਸੀ ਵੀ ਨਹੀਂ ਸਾਥ ਨਿਭਾਉਂਦੀ ਲਗਦੀ ਸਾਂਭ ਕੇ ਖ਼ੂਨ ਵਿਜੇ, ਲਿਖਦੈਂ ਗ਼ਜ਼ਲ ਸਿਆਹੀ ਵਿਚ ਤਾਂ ਹੀ ਤਾਂ ਸ਼ੌਕ ਦੀ ਪੂਰੀ ਨਹੀਂ ਪੈਂਦੀ ਲਗਦੀ

ਅਹੰ ਦੇ ਟੁਕੜੇ ਜੁੜੇ

ਅਹੰ ਦੇ ਟੁਕੜੇ ਜੁੜੇ, ਜੁੜ ਕੇ ਮੁੜ ਬਿਖਰ ਵੀ ਗਏ ਚੜ੍ਹੇ ਪਤੰਗ ਖ਼ਿਆਲਾਂ ਦੇ ਸਭ ਉਤਰ ਵੀ ਗਏ ਨਸ਼ਾ ਨਸ਼ਾ ਨਾ ਰਿਹਾ ਨਾ ਹੀ ਜ਼ਹਿਰ ਜ਼ਹਿਰ ਰਹੀ ਕਿ ਪਿਆਲੇ ਖ਼ਾਲੀ ਨਾ ਹੋਏ ਤੇ ਜਾਮ ਭਰ ਵੀ ਗਏ ਉਹ ਪਿਆਸ ਪਿਆਸ ਅਲਾਉਂਦੇ ਸੀ ਰਾਤ ਦਿਨ ਜਿਹੜੇ ਜਦੋਂ ਉਛਾਲ ਜਾ ਆਇਆ ਨਦੀ 'ਚ ਡਰ ਵੀ ਗਏ ਤਬੀਬ ਸੋਚਦੇ ਹੀ ਰਹਿ ਗਏ ਸ਼ਫ਼ਾਗਰੀਆਂ ਤੇ ਸਾਡੀ ਪੀੜ ਦੇ ਖ਼ਾਲੀ ਸਥਾਨ ਭਰ ਵੀ ਗਏ ਬਕਾਇਆ ਰਹਿ ਗਿਆ ਤੇਰੇ ਸੰਜੋਗ ਦਾ ਖੰਜਰ ਅਸੀਂ ਵਿਜੋਗ ਵਿਚ ਹਿਚਕੀ ਲਈ ਤੇ ਮਰ ਵੀ ਗਏ

ਕਿੱਥੇ ਬੈਠੇ ਹਾਂ, ਕੁਝ ਪਤਾ ਹੀ ਨਹੀਂ

ਕਿੱਥੇ ਬੈਠੇ ਹਾਂ, ਕੁਝ ਪਤਾ ਹੀ ਨਹੀਂ ਕਿੱਥੇ ਜਾਣਾ ਹੈ ਸੋਚਿਆ ਹੀ ਨਹੀਂ ਲੰਘੀ ਜਾਂਦੀ ਹੈ ਕੋਲ਼ ਦੀ ਗੱਡੀ ਪਰ ਮੁਸਾਫ਼ਿਰ ਤਾਂ ਦੇਖਦਾ ਹੀ ਨਹੀਂ ਮੌਤ ਆਈ, ਤੇ ਮੁੜ ਗਈ ਕਹਿ ਕੇ ਜੀਣ ਦਾ ਕੋਈ ਫ਼ਾਇਦਾ ਹੀ ਨਹੀਂ ਮੇਰੇ ਪੱਥਰਾਂ 'ਚ ਸਿਥਰਤਾ ਕਿੱਥੇ ਮੇਰਾ ਪਾਣੀ, ਕਿ ਡੋਲਦਾ ਹੀ ਨਹੀਂ ਪਿਆਰ ਜੱਗ ਵਿਚ ਨਹੀਂ, ਇਹ ਸੁਣਦੇ ਸਾਂ ਹੁਣ ਪਤਾ ਹੈ ਕਿ ਵਾਕਿਆ ਹੀ ਨਹੀਂ ਦੁਸ਼ਮਣੀ ਵਿਚ ਕੀ, ਦੋਸਤੀ ਵਿਚ ਵੀ ਤੇਰਾ, ਮੇਰਾ ਮੁਕਾਬਲਾ ਹੀ ਨਹੀਂ ਹੁਣ ਮੁਹੱਬਤ ਦਾ ਵਾਸਤਾ ਨਾ ਦਈਂ ਹੁਣ ਤਾਂ ਮੈਂ ਮਰਨ ਜੋਗਰਾ ਹੀ ਨਹੀਂ

ਸਾਡੇ ਜ਼ਿਹਨ 'ਚ ਹਨੇਰ

ਸਾਡੇ ਜ਼ਿਹਨ 'ਚ ਹਨੇਰ, ਸਾਡੇ ਤਨ ਉੱਤੇ ਲੀਰਾਂ । ਭਲਾ ਕਦੋਂ ਤੀਕ ਰਹਿਣਾ ਇਹਨਾਂ ਸੋਚਾਂ ਤੇ ਸਰੀਰਾਂ? ਤੇਰੇ ਹਾਸਿਆਂ ਨੂੰ ਖੋਲ੍ਹੇ ਅਸੀਂ ਰੂਹ ਦੇ ਦਰਵਾਜ਼ੇ, ਕੁੱਲ ਦੁਨੀਆ ਦੇ ਹੰਝੂ ਪੁੱਜੇ ਘੱਤ ਕੇ ਵਹੀਰਾਂ । ਕੱਚੀ ਕੋਠੜੀ 'ਚ ਬੈਠਿਆਂ ਤੋਂ ਹੱਕ-ਹੱਕ ਹੋ ਗਈ, ਸਾਡੇ ਖ਼ੂਨ ਦੀ ਵਿਉਂਤ ਲਾਈ ਰਾਜਿਆਂ, ਵਜ਼ੀਰਾਂ ਜਿਹੜੇ ਦਰਜੇ ਨਿਭਾਈ ਅਸੀਂ ਤੇਰੀ 'ਨਾਂਹ' ਦੇ ਨਾਲ਼, ਉਹਦਾ ਕਣ ਨਹੀਂ ਕਮਾਇਆ ਹੋਣਾ ਰਾਂਝਿਆਂ ਤੇ ਹੀਰਾਂ। ਅਸੀਂ ਖੇਡ ਖੇਡ ਵਿਚ ਜੋ ਖ਼ਲਾਵਾਂ ਵੱਲ ਵਾਹੇ, ਬੜੇ ਲੁਕਵੇਂ ਨਿਸ਼ਾਨੇ ਫੁੰਡੇ ਸਾਡੇ ਉਹਨਾਂ ਤੀਰਾਂ । ਸਿੱਧੇ ਸ਼ਹਿਰ ਦੀਆਂ ਸਿੱਧੀਆਂ ਦੀਵਾਰਾਂ ਉੱਤੇ ਯਾਰੋ! ਅਸੀਂ ਟੇਢੀਆਂ ਹੀ ਟੰਗੀਆਂ ਤਮਾਮ ਤਸਵੀਰਾਂ । ਸੈਆਂ ਸਦੀਆਂ ਤੋਂ ਤੁਰੀਆਂ ਕਹਾਵਤਾਂ ਉਲੰਘ, ਅਸੀਂ ਪਾਣੀਆਂ 'ਤੇ ਮਾਰ ਚੱਲੇ ਪੱਕੀਆਂ ਲਕੀਰਾਂ ।

ਰੁਪਹਿਲੀ ਰੌਸ਼ਨੀ, ਇਹ ਵੀ

ਰੁਪਹਿਲੀ ਰੌਸ਼ਨੀ, ਇਹ ਵੀ ਕਮਾਲ ਕਰ ਜਾ ਕਦੀ ਘੜੀ ਪਲ ਵਾਸਤੇ ਨੇਰ੍ਹੇ 'ਚ ਹੀ ਉਤਰ ਜਾ ਕਦੀ ਉਜਾੜ ਥਾਂ ਜੁ ਖ਼ਜ਼ਾਨੇ ਲੁਟਾਉਂਦਾ ਫਿਰਦਾ ਏਂ ਇਧਰਲੇ ਪਾਸੇ ਵੀ ਕਿਣਕਾ ਕੁ ਤਾਂ ਬਿਖਰ ਜਾ ਕਦੀ ਮੈਂ ਜਿਉਂਦੇ ਜੀਅ ਤੇਰੇ ਕਦਮਾਂ 'ਚ ਸਿਰ ਨਾ ਧਰ ਸਕਿਆ ਤਾਂ ਹੁਣ ਇਸ ਲਾਸ਼ ਦੇ ਉੱਤੋਂ ਦੀ ਹੀ ਗੁਜ਼ਰ ਜਾ ਕਦੀ ਗ਼ਜ਼ਲ ਦੇ ਕਿੰਗਰੇ ਉੱਤੇ ਬਿਠਾ ਦਿਆਂ ਤੈਨੂੰ ਨਜ਼ਰ ਦੀ ਨੋਕ 'ਤੇ ਬਸ ਛਿਣ ਕੁ ਭਰ ਠਹਿਰ ਜਾ ਕਦੀ ਤੇਰੇ ਜਿਹਾਦ ਦਾ ਤੈਨੂੰ ਸਵਾਬ ਤਾਂ ਮਿਲਸੀ ਨਿਡਰ, ਦਲੇਰ ਦਿਲਾ ਕੁਫ਼ਰ ਤੋਂ ਵੀ ਡਰ ਜਾ ਕਦੀ ਤੂੰ ਆਪਣੇ ਜਲਵਿਆਂ ਅੰਦਰ ਲਿਬੇੜ ਕੇ ਕਾਨੀ ਵਿਜੇ ਵਿਵੇਕ ਦੇ ਲਫ਼ਜ਼ਾਂ 'ਚ ਰੰਗ ਭਰ ਜਾ ਕਦੀ

ਸੁੱਚੀ ਸੁਆਹ 'ਚ ਮਨ ਦਾ

ਸੁੱਚੀ ਸੁਆਹ 'ਚ ਮਨ ਦਾ ਮੁਰਦਾ ਮਧੋਲਿਆ ਮੈਂ ਨਿੱਤਰੀ ਨਦੀ 'ਚ ਤਨ ਦਾ ਘੱਟਾ ਘਚੋਲਿਆ ਮੈਂ ਉਸਨੂੰ ਖ਼ਬਰ ਨ ਕਾਈ ਜਿਸਦੀ ਅਦਾ 'ਤੇ ਮਾਇਲ ਪਾਣੀ 'ਚ ਲਰਜ਼ਿਆ ਮੈਂ, ਪੌਣਾਂ 'ਚ ਡੋਲਿਆ ਮੈਂ ਕਿਧਰੇ ਮਲੰਗ ਬਣ ਕੇ ਬੁੱਲ੍ਹੇ 'ਚ ਨੱਚਿਆ ਮੈਂ ਕਿਧਰੇ ਨਿਸ਼ੰਗ ਹੋ ਕੇ ਬਾਬੇ 'ਚੋਂ ਬੋਲਿਆ ਮੈਂ ਉੱਚੇ ਪਹਾੜਾਂ ਸੰਗ ਮੈਂ ਕੀਤੀ ਗਿਆਨ-ਗੋਸਟਿ ਗਹਿਰੇ ਸਮੁੰਦਰਾਂ ਸੰਗ ਦੁਖ-ਸੁਖ ਫਰੋਲਿਆ ਮੈਂ ਮੈਂ ਦੀਨ ਤੇ ਦੁਨੀ ਦਾ ਹੀਰਾ ਉਛਾਲ ਦਿੱਤਾ ਤੇਰੀਆਂ ਮੁਹੱਬਤਾਂ ਦਾ ਕੰਕਰ ਲੁਕੋ ਲਿਆ ਮੈਂ ਓਨਾ ਸੰਜੋ ਲਿਆ ਜੇ, ਜਿੰਨਾ ਕੁ ਸੱਚ ਲੱਗੇ ਬਾਕੀ ਮਿਟਾ ਦਿਆ ਜੇ, ਜੋ ਕੁਫ਼ਰ ਤੋਲਿਆ ਮੈਂ

ਤੇਰੀ ਮੁੱਠੀ 'ਚ ਰੰਗ ਨੇ ਜੇਕਰ

ਤੇਰੀ ਮੁੱਠੀ 'ਚ ਰੰਗ ਨੇ ਜੇਕਰ ਮੇਰੇ ਪਾਣੀ 'ਚ ਘੋਲ ਕੇ ਦੱਸ ਖਾਂ । ਬੰਦ ਕਿਸਮਤਪੁੜੀ ਸੁਗੰਧਾਂ ਦੀ ਸਾਡੇ ਬੁੱਲਿਆਂ 'ਚ ਖੋਲ੍ਹ ਕੇ ਦੱਸ ਖਾਂ । ਤੇਰੀ ਪਰਵਾਜ਼ ਜੇ ਉਕਾਬੀ ਹੈ ਫਿਰ ਇਹ ਇਜ਼ਹਾਰ ਕਿਉਂ ਕਿਤਾਬੀ ਹੈ ? ਨੰਨ੍ਹੇ ਬੋਟਾਂ ਨੂੰ ਵੱਲ ਉੱਡਣ ਦਾ ਅਪਣੇ ਖੰਭਾਂ ਨੂੰ ਤੋਲ ਕੇ ਦੱਸ ਖਾਂ । ਸਾਂਝ, ਸ਼ਿੱਦਤ ਸੰਵੇਦਨਾ, ਸਦਭਾਵ ਕਹਿੰਦੇ ਪੱਥਰਾਂ ਦੀ ਜੂਨ ਪੈ ਗਏ ਨੇ, ਪਾਣੀਆ!ਹੈਂ ਤਾਂ ਫਿਰ ਲਰਜ਼ ਕੇ ਵਿਖਾ ਪਾਰਿਆ! ਹੈਂ ਤਾਂ ਡੋਲ ਕੇ ਦੱਸ ਖਾਂ । ਤੇਰੀ ਤਲਵਾਰ ਲਾਲ- ਸੁਰਖ ਦਿਸੇ ਮੇਰਾ ਸਿਰ ਵੀ ਹੈ ਤੇਰੀ ਠੋਕਰ 'ਤੇ ਸੱਚੀਂ ਖ਼ੁਸ਼ ਏਂ ਤੂੰ ਮੇਰੇ ਕਤਲ ਤੋਂ ਬਾਅਦ ? ਅਪਣਾ ਅੰਦਰ ਫਰੋਲ ਕੇ ਦੱਸ ਖਾਂ । ਚਲ ਗੁਲਾਬਾਂ ਦੀ ਗੱਲ ਨਹੀਂ ਕਰਦੇ ਤੇਰੇ ਥੋਹਰਾਂ 'ਤੇ ਫੁੱਲ ਖਿੜੇ ਕਿ ਨਹੀਂ ? ਸਾਡੀ ਬਾਰਿਸ਼ ਦਾ ਕੀ ਹਸ਼ਰ ਹੋਇਆ ? ਗੂੰਗੀਏ ਮਿੱਟੀਏ ਬੋਲ ਕੇ ਦੱਸ ਖਾਂ।

ਸੁਣ ਵੇ ਵਸਲਾਂ ਨੂੰ ਪਿਆਰਿਆ ਤੂੰ ਵੀ

ਸੁਣ ਵੇ ਵਸਲਾਂ ਨੂੰ ਪਿਆਰਿਆ ਤੂੰ ਵੀ ਸੁਣ ਵੇ ਹਿਜਰਾਂ ਦੇ ਮਾਰਿਆ ਤੂੰ ਵੀ ਜਿੱਤਾਂ, ਹਾਰਾਂ ਦੀ ਏਸ ਖੇਡ ਅੰਦਰ ਮੈਂ ਨ ਜਿੱਤਿਆ, ਤਾਂ ਹਾਰਿਆ ਤੂੰ ਵੀ ਇਸ਼ਕ ਸਾਗਰ ਦੀ ਤਹਿ ਨਹੀਂ ਹੁੰਦੀ ਜਾਹ ਦਫ਼ਾ ਹੋ ਕਿਨਾਰਿਆ ਤੂੰ ਵੀ ਕੁਝ ਨਜ਼ਰਬਾਜ਼ ਸਾਂ ਅਸੀਂ ਮੁੱਢੋਂ ਕੁਝ ਨਜ਼ਰ ਨੂੰ ਨਿਖਾਰਿਆ ਤੂੰ ਵੀ ਮੈਨੂੰ ਚੇਤੇ ਹੈ ਅਪਣੇ ਕਤਲ ਦਾ ਦਿਨ ਯਾਦ ਰੱਖੀਂ ਓ ਪਿਆਰਿਆ ਤੂੰ ਵੀ ਤੇਰੀ ਲੋਏ ਜਹਾਜ਼ ਡੁੱਬ ਗਏ ਹੁਣ ਬਿਸ਼ੱਕ ਸੌਂ ਜਾ ਤਾਰਿਆ ਤੂੰ ਵੀ

ਹੁਸਨ 'ਤੇ ਮਾਣ ਕਿਹਾ

ਹੁਸਨ 'ਤੇ ਮਾਣ ਕਿਹਾ, ਇਸ਼ਕ ਦਾ ਦਾਆਵਾ ਕਾਹਦਾ ਕੁਝ ਵੀ ਜਦ ਆਪਣਾ ਨਹੀਂ ਹੈ ਤਾਂ ਵਿਖਾਵਾ ਕਾਹਦਾ ਰੂਪ ਜਦ ਓਹੀ ਰਿਹਾ ਫਿਰ ਮੈਂ ਛਲੇਡਾ ਕਿੱਦਾਂ ਬਾਤ ਜਦ ਬਦਲੀ ਨਹੀਂ ਹੈ ਤਾਂ ਛਲਾਵਾ ਕਾਹਦਾ ਉਥਲ -ਪੁਥਲ ਵੀ ਬਹੁਤ ਹੈ ਤੇ ਹਰਾਰਤ ਵੀ ਬੜੀ ਤੋੜ ਕੇ ਤਹਿ ਨਾ ਨਿਕਲ ਸਕਿਆ ਤਾਂ ਲਾਵਾ ਕਾਹਦਾ ਜੇ ਸਿਮਟ ਮੈਂ ਨਾ ਸਕਾਂ ਮੇਰਾ ਸਮਰਪਣ ਕੈਸਾ ਸਾਂਭ ਮੈਨੂੰ ਨਾ ਸਕੇ ਤੇਰਾ ਕਲਾਵਾ ਕਾਹਦਾ ਜੇ ਮਿਥੇ ਛਿਨ ਤੋਂ ਇਧਰ ਨਾ ਹੀ ਉਧਰ ਹੋ ਸਕਦੀ ਮੌਤ ਫਿਰ ਦਿੰਦੀ ਭਲਾ ਮੈਨੂੰ ਡਰਾਵਾ ਕਾਹਦਾ

ਪਹਿਲਾਂ ਬਣੀਆਂ ਨਿਬੇੜੀਆਂ ਜਾਵਣ

ਪਹਿਲਾਂ ਬਣੀਆਂ ਨਿਬੇੜੀਆਂ ਜਾਵਣ ਪਿੱਛੋਂ ਨਵੀਆਂ ਸਹੇੜੀਆਂ ਜਾਵਣ ਹੁਣ ਨਾ ਮਿਥਿਆ ਜਾਏ ਸਫ਼ੈਦ-ਸਿਆਹ ਹੁਣ ਨਾ ਕੂੰਜਾਂ ਨਿਖੇੜੀਆਂ ਜਾਵਣ ਹੁਣ ਤਾਂ ਦਿਲ 'ਤੇ ਹੀ ਲਿਖ ਲਿਆ ਜਾਵੇ ਹੁਣ ਨਾ ਕੰਧਾਂ ਲਿਬੇੜੀਆਂ ਜਾਵਣ ਹੁਣ ਤਾਂ ਜਾਗਣ ਦਾ ਵਕਤ ਆ ਚੁੱਕੈ ਹੁਣ ਤਾਂ ਸੁੱਤੀਆਂ ਨਾ ਛੇੜੀਆਂ ਜਾਵਣ

ਖ਼ੁਦੀ ਨੂੰ ਸਾਂਚਿਆਂ ਅੰਦਰ

ਖ਼ੁਦੀ ਨੂੰ ਸਾਂਚਿਆਂ ਅੰਦਰ ਨਾ ਢਾਲਣਾ ਆਇਆ ਕਿ ਸਾਨੂੰ ਕੁਝ ਵੀ ਨਾ ਬਣ ਕੇ ਵਿਖਾਲਣਾ ਆਇਆ ਜੋ ਆਪ ਰੇੜ੍ਹਿਆ ਪਹੀਆ ਨਾ ਠੱਲ੍ਹਣਾ ਆਇਆ ਜੋ ਖ਼ੁਦ ਸਹੇੜਿਆ ਖ਼ਤਰਾ ਨਾ ਟਾਲਣਾ ਆਇਆ ਨਾ ਆਪ ਉਹਦਿਆਂ ਨੈਣਾਂ 'ਚ ਗੁੰਮਣਾ ਆਇਆ ਨਾ ਉਸਨੂੰ ਆਪਣੇ ਸੀਨੇ 'ਚੋਂ ਭਾਲਣਾ ਆਇਆ ਜ਼ਿਆਦਾ ਮੱਚਿਆ ਬਾਲਣ ਤੇ ਨਿੱਘ ਘੱਟ ਮਿਲਿਆ ਅਸਾਂ ਨੂੰ ਜਿਸਮ ਦਾ ਚੁੱਲ੍ਹਾ ਨਾ ਬਾਲਣਾ ਆਇਆ ਬਦਨ ਦੇ ਕੱਚੜੇ ਕੋਠੇ 'ਚ ਪਾਲ਼ੀਆਂ ਗਿਰਝਾਂ ਵਫ਼ਾ ਦਾ ਚੀਨਾ ਕਬੂਤਰ ਨਾ ਪਾਲਣਾ ਆਇਆ ਨਾ ਪਿਆਸੇ ਰਿੰਦ ਬਣ ਸਕੇ ਨਾ ਬੇਗ਼ਰਜ਼ ਸਾਕੀ ਨਾ ਜਾਮ ਪੀਣਾ ਆਇਆ ਨਾ ਉਛਾਲਣਾ ਆਇਆ ਗੁਨਾਹ ਕਬੂਲ ਕਰ ਲਏ ਅਸੀਂ ਤਾਂ ਸਭ ਦੇ ਸਭ ਤੁਹਾਨੂੰ ਹੀ ਨਾ ਮੋਹ ਦਾ ਵਿਸ ਪਿਆਲਣਾ ਆਇਆ

ਪੰਡ ਕਿਤਾਬਾਂ ਦੀ ਸਿਰ ਮੇਰੇ

ਪੰਡ ਕਿਤਾਬਾਂ ਦੀ ਸਿਰ ਮੇਰੇ, ਪੈਰਾਂ ਹੇਠ ਪਰਿੰਦੇ ਕਵਿਤਾ ਤੇ ਕੁਰਲਾਟ ਸਫ਼ਰ ਨੂੰ ਸਾਵਾਂ ਹੋਣ ਨਾ ਦਿੰਦੇ ਪਿੱਛਾ ਤਾਂ ਚਲ ਦੂਰ ਰਿਹਾ ਪਰ ਅੱਗਾ ਵੀ ਨਹੀਂ ਦਿਸਦਾ ਬਾਹੋਂ ਫੜ ਕੇ ਕਿਹੜੇ ਦਾਅ ਨੂੰ ਲੈ ਨਿਕਲੀ ਨੀਂ ਜਿੰਦੇ! ਮੈਂ ਤਾਂ ਆਪਣੇ ਸ਼ਹਿਰ 'ਚ ਰਹਿੰਦਾ ਹੀ ਬਨਵਾਸੀ ਹੋ ਗਿਆ ਮੇਰੀ ਬੋਲੀ ਹੀ ਨਾ ਸਮਝਣ ਏਥੋਂ ਦੇ ਬਾਸ਼ਿੰਦੇ ਧੜਕਦੀਆਂ ਸਤਰਾਂ ਕਿਉਂ ਗਾਵਣ ਪੱਥਰ ਹੋਏ ਗਵੱਈਏ ਜ਼ਿੰਦਾ ਸਾਜ਼ਾਂ ਨੂੰ ਕਿੰਜ ਵਾਵਣ ਲੱਕੜ ਦੇ ਸਾਜ਼ਿੰਦੇ ਖ਼ੌਰੇ ਕਿੰਨ੍ਹਾਂ ਵਿਰਲਾਂ ਵਿਚਦੀ ਲੰਘ ਆਇਆ ਜਗਰਾਤਾ ਅਪਣੇ ਜਾਣੇ ਸੌਂ ਚੱਲਿਆ ਸਾਂ ਲਾ ਕੇ ਕੁੰਡੇ -ਜਿੰਦੇ ਮੈਂ ਲਿਸ਼ਕਾ -ਪੁਸ਼ਕਾ ਕੇ ਪਲ-ਪਲ ਰੂਹ ਦੇ ਅੰਬਰੀਂ ਟੰਗਾਂ ਸੂਰਜ 'ਤੇ ਕਿਉਂ ਬਰਫ਼ ਜਿਹੀ ਜੰਮ ਜਾਂਦੀ ਬਿੰਦੇ -ਬਿੰਦੇ ਫੁੱਲਾਂ ਕੋਲੋਂ ਪੁੱਛ ਕੇ ਵੇਖੀਂ ਕਿਸਦੇ ਖ਼ੂਨ 'ਚ ਖਿੜਦੇ ਤੂੰ ਬਾਗ਼ਾਂ ਦਾ ਮਾਲਕ, ਆਪਾਂ ਬਾਗ਼ਾਂ ਵਿੱਚ ਕਰਿੰਦੇ

ਸਹਿਮ ਨਾ ਐ ਅਤੀਤ ਦੇ ਵਾਰਿਸ

ਸਹਿਮ ਨਾ ਐ ਅਤੀਤ ਦੇ ਵਾਰਿਸ, ਡਰ ਨਾ ਐ ਆਉਂਦੇ ਵਕ਼ਤ ਦੇ ਹਾਣੀ ਇਹ ਜੋ ਬਿਫਰੀ ਹੈ ਦਹਿਸ਼ਤਾਂ ਦੀ ਨਦੀ, ਅੰਤ ਵਗਣੀ ਹੈ ਕੰਢਿਆਂ ਥਾਣੀ ਮੈਂ ਜੋ ਲਹਿਰਾਂ 'ਚ ਰੁੜ੍ਹ ਗਿਆ ਉਸ ਦਿਨ, ਤੂੰ ਕਿਨਾਰੇ 'ਤੋਂ ਮੁੜ ਗਿਆ ਉਸ ਦਿਨ ਤੇਰੀਆਂ ਆਸਾਂ 'ਤੇ ਫਿਰ ਗਿਆ ਕਾਹਤੋਂ, ਮੇਰੇ ਸਿਰ ਤੋਂ ਜੋ ਲੰਘਿਆ ਪਾਣੀ ਐਨ ਹੱਡਾਂ 'ਤੇ ਸਹਿਣੀ ਪੈਣੀ ਹੈ, ਖ਼ੁਦ ਹੰਢਾ ਕੇ ਹੀ ਕਹਿਣੀ ਪੈਣੀ ਹੈ ਵਾਰਤਾ ਇਸ਼ਕ਼ ਦੀ ਯਕ਼ੀਨ ਕਰੀਂ, ਵੇਖ -ਸੁਣ ਕੇ ਨਹੀਂ ਲਿਖੀ ਜਾਣੀ ਜੋ ਸਮਝ ਲੈਣ ਉਹ ਫਰਿਸ਼ਤੇ ਨੇ, ਉਂਜ ਤਾਂ ਕੁਝ ਇਸ ਤਰ੍ਹਾਂ ਦੇ ਰਿਸ਼ਤੇ ਨੇ ਦਿਨ ਜਿਵੇਂ ਰਾਤ ਦਾ ਬਹਾਦਰ ਪੁੱਤ, ਰਾਤ ਜਿਓਂ ਦਿਨ ਦੀ ਧੀ ਸੁਘੜ ਸਿਆਣੀ ਜੀਭ ਸਚ ਕਹਿਣ ਤੋਂ ਤਰਹਿੰਦੀ ਹੈ, ਫਿਰ ਵੀ ਅੱਖਾਂ ਨੂੰ ਆਸ ਰਹਿੰਦੀ ਹੈ ਖਿੜਨਗੇ ਫਿਰ ਉਹ ਜਿਓਣ-ਜੋਗੇ ਫੁੱਲ, ਫਿਰ ਮੁੜੇਗੀ ਬਹਾਰ ਮਰਜਾਣੀ ਸ਼ਿਅਰ ਤਾਂ ਹੋਰ ਕੋਈ ਲਿਖਦਾ ਹੈ, ਤੇਰਾ ਸ਼ਾਇਰ ਤਾਂ ਅਜੇ ਸਿਖਦਾ ਹੈ ਕਿਹੜੀ ਥਾਂ 'ਤੋਂ ਚੁਰਾਉਣੀਆਂ ਰਿਸ਼ਮਾਂ, ਰੌਸ਼ਨੀ ਕਿਸ ਜਗ੍ਹਾ 'ਤੇ ਪਹੁੰਚਾਣੀ

ਬਖ਼ਸ਼ਿਸ਼ ਜੇ ਕਰ ਰਿਹੈਂ ਤਾਂ

ਬਖ਼ਸ਼ਿਸ਼ ਜੇ ਕਰ ਰਿਹੈਂ ਤਾਂ ਦੀਦਾਰ ਬਖ਼ਸ਼ ਮੌਲਾ ਸਭ ਰਹਿਮਤਾਂ ਦੀ ਰਹਿਮਤ, ਇਕ ਪਿਆਰ ਬਖ਼ਸ਼ ਮੌਲਾ ਕਾਲ਼ੇ ਨਜ਼ਰ ਨਾ ਆਵਣ, ਰੁਸ਼ਨਾਉਣ, ਜਗਮਗਾਵਣ ਆਪੇ ਹੀ ਅੱਖਰਾਂ ਨੂੰ ਚਮਕਾਰ ਬਖ਼ਸ਼ ਮੌਲਾ ਤੇਰੀ ਮਿਹਰ ਦੇ ਸਦਕਾ ਸ਼ਾਇਦ ਉਠਾ ਸਕਾਂ ਮੈਂ ਹਿੱਸੇ ਮੇਰੇ ਦਾ ਮੈਨੂੰ ਵੀ ਭਾਰ ਬਖ਼ਸ਼ ਮੌਲਾ ਅਜ਼ਲਾਂ ਦੇ ਅੰਨ੍ਹਿਆਂ ਨੂੰ ਦੇ ਚਿਣਗ ਰੌਸ਼ਨੀ ਦੀ ਸਦੀਆਂ ਤੋਂ ਗੁੰਗਿਆਂ ਨੂੰ ਗੁਫ਼ਤਾਰ ਬਖ਼ਸ਼ ਮੌਲਾ ਦੇ 'ਜਲ ਤੇ ਬੁਦਬੁਦੇ' ਨੂੰ ਕੋਈ ਛਿਣ ਸਦੀਵਤਾ ਦਾ 'ਬਾਲੂ ਕੀ ਭੀਤ' ਨੂੰ ਵੀ ਆਧਾਰ ਬਖ਼ਸ਼ ਮੌਲਾ ਸਾਰੇ 'ਵਿਵੇਕ ' ਤਜ ਕੇ ਆਇਆ ਹਾਂ ਕੋਲ਼ ਤੇਰੇ ਮੈਨੂੰ ਦੀਵਾਨਗੀ ਦਾ ਸੰਸਾਰ ਬਖ਼ਸ਼ ਮੌਲਾ

ਚੰਨ ਦਫਤਰ ਦੀ ਮੇਜ਼ ਤੇ ਬਣਕੇ

ਚੰਨ ਦਫਤਰ ਦੀ ਮੇਜ਼ ਤੇ ਬਣਕੇ ਪੇਪਰਵੇਟ ਪਿਆ ਹੈ । ਮੇਰਾ ਵਹਿਮ ਆਕਾਸ਼ 'ਚ ਤਰਦਾ ਚੰਨ ਤਲਾਸ਼ ਰਿਹਾ ਹੈ । ਕੰਡਿਆਂ ਸਣੇ ਕਬੂਲ ਹੈ ਮੈਨੂੰ ਉਹ ਸਾਰੇ ਦਾ ਸਾਰਾ, ਇਸ ਪੀਲੀ ਰੁੱਤ ਵਿੱਚ ਵੀ ਜੋ ਕੁਝ ਹਰੇ ਦਰਖਤ ਜਿਹਾ ਹੈ । ਜਿਸਦੀ ਚੀਕ ਨਗਰ ਦੀ ਚੁੱਪ ਨੂੰ ਚੀਣਾ ਚੀਣਾ ਕਰ ਗਈ, ਉਹ ਪਾਗਲ ਹੁਣ ਤੀਕਰ ਖਬਰੇ ਕਿਵੇਂ ਖਾਮੋਸ਼ ਰਿਹਾ ਹੈ । ਨੀਲੇ ਰੰਗ ਦਾ ਜਾਲ ਹੈ ਕੇਵਲ ਉਸਦੇ ਸਿਰ ਤੇ ਤਣਿਆ, ਭੋਲੇ ਪੰਛੀ ਨੇ ਉਸਨੂੰ ਹੀ ਅੰਬਰ ਜਾਣ ਲਿਆ ਹੈ । ਸ਼ੀਸ਼ੇ ਨੂੰ ਤਿੜਕਾ ਕੇ ਉਸਨੂੰ ਬਹੁਤ ਖੁਸ਼ੀ ਹੋਈ, ਪਰ ਅਫਸੋਸ ਕਿ ਨਾਲ ਹੀ ਉਸਦਾ ਚਿਹਰਾ ਤਿੜਕ ਗਿਆ ਹੈ ।

ਚਿਣਗ ਨੂੰ ਬਖ਼ਸ਼ ਦੇ ਦਾਵਾਨਲ

ਚਿਣਗ ਨੂੰ ਬਖ਼ਸ਼ ਦੇ ਦਾਵਾਨਲ, ਪਿਆਸ ਨੂੰ ਕਰਬਲਾ ਬਖ਼ਸ਼ ਦੇ ਹੇ ਸ਼ਫ਼ਾ ਦੇ ਧਨੰਤਰ ਮੇਰੇ ਦਰਦ ਨੂੰ ਇੰਤਹਾ ਬਖ਼ਸ਼ ਦੇ ਰੇਤ ਨੂੰ ਬਖ਼ਸ਼ ਦੇ ਰੁਮਕਣੀ, ਪੱਥਰਾਂ ਨੂੰ ਵਹਾ ਬਖ਼ਸ਼ ਦੇ ਅੱਥਰੀ ਪੌਣ ਨੂੰ, ਖੌਲਦੇ ਪਾਣੀਆਂ ਨੂੰ ਟਿਕਾ ਬਖ਼ਸ਼ ਦੇ ਹੋਰ ਇਸ ਤੋਂ ਸਿਵਾ ਕੁਝ ਨਾ ਕਰ, ਚਾਰਾਗਰੀਆਂ, ਤਰਫ਼ਦਾਰੀਆਂ ਜ਼ਿੰਦਗੀ ਆਪਣੇ ਇਸ਼ਕ਼ ਵਿਚ ਮਰਨ ਦਾ ਹੌਸਲਾ ਬਖ਼ਸ਼ ਦੇ ਮੇਰੀ ਕ਼ਾਫ਼ਰ ਨਜ਼ਰ ਵਿਚ ਤੂੰ ਦੱਸ ਹੁਣ ਲਾਸਾਨੀ ਕਦੋਂ ਰਹਿ ਗਿਆ ਦੂਸਰਾ ਆਪਣੇ ਨਾਲ ਦਾ, ਮੈਨੂੰ ਮੇਰੇ ਖ਼ੁਦਾ ਬਖ਼ਸ਼ ਦੇ

ਡੁੱਬਣ ਸਮੇਂ ਇੱਕ ਅੱਥਰੇ ਤੂਫਾਨ ਕੋਲੋਂ

ਡੁੱਬਣ ਸਮੇਂ ਇੱਕ ਅੱਥਰੇ ਤੂਫਾਨ ਕੋਲੋਂ, ਇਹ ਦਿਲ ਸਹਾਰੇ ਢੂੰਡਦਾ ਫਿਰਦਾ ਰਿਹਾ ਤੇ ਨੇਰ੍ਹਿਆਂ ਵਿੱਚ ਭੌਂ ਰਹੇ ਕੁਝ ਪੱਥਰਾਂ 'ਚੋਂ, ਨਾਦਾਨ ਤਾਰੇ ਢੂੰਡਦਾ ਫਿਰਦਾ ਰਿਹਾ ਸੀ ਇੰਤਹਾ ਮੋਹ ਦੀ ਕਿ ਆਪਾ ਬਾਲ ਕੇ ਮੈਂ, ਉੱਚੀ ਜਗ੍ਹਾ 'ਤੇ ਐਨ ਮੰਜ਼ਿਲ 'ਪੁਰ ਖੜ੍ਹਾ ਸੀ ਪਰ ਮੀਟ ਕੇ ਅੱਖਾਂ ਮੇਰਾ ਮਾਸੂਮ ਰਾਹੀ, ਚਾਨਣ -ਮੁਨਾਰੇ ਢੂੰਡਦਾ ਫਿਰਦਾ ਰਿਹਾ ਓਹ ਗੀਤ ਜਿਹੜਾ ਹਾਸਿਆਂ ਦੀ ਮੌਤ ਪਿੱਛੋਂ, ਮੈਂ ਤੇਰੀਆਂ ਰਾਹਾਂ 'ਤੇ ਆਹਾਂ ਨਾਲ ਲਿਖਿਆ ਉਸ ਗੀਤ ਦਾ ਸ਼ੌਂਕੀ ਵੀ ਐਵੇਂ ਕਾਗਜ਼ਾਂ 'ਚੋਂ, ਵਾਅਦੇ ਤੇ ਲਾਰੇ ਢੂੰਡਦਾ ਫਿਰਦਾ ਰਿਹਾ ਜਦ ਸਾਹਮਣੇ ਆਈਆਂ ਉਹ ਚੰਚਲ ਬਿਜਲੀਆਂ ਤਾਂ, ਮੈਂ ਇਸ਼ਕ ਦੀ ਨੰਗੀ ਨਜ਼ਰ ਸੰਗ ਦੇਖ ਲਈਆਂ ਪਰ ਅਕਲ ਦਾ ਅੰਨ੍ਹਾ ਅਕਲ ਦੇ ਅੰਨ੍ਹਿਆਂ ਤੋਂ, ਚਸ਼ਮੇ ਉਧਾਰੇ ਢੂੰਡਦਾ ਫਿਰਦਾ ਰਿਹਾ ਅਜ਼ਮਤ ਮੇਰੀ ਏਹੋ ਕਿ ਪੂਰੇ ਵਕਤ ਨੂੰ ਹੀ, ਮੈਂ ਮਾਰ ਕੇ ਇੱਕੋ ਤੜਾਫ਼ਾ ਲੰਘ ਆਇਆ ਭਟਕਣ ਮੇਰੀ ਏਹੋ ਕਿ ਇੱਕ ਬੀਤੀ ਘੜੀ ਨੂੰ, ਮੈਂ ਫਿਰ ਦੁਬਾਰੇ ਢੂੰਡਦਾ ਫਿਰਦਾ ਰਿਹਾ *ਤੜਾਫ਼ਾ : ਤੜਫ ਕੇ ਛਾਲ ਮਾਰਨ

ਸੂਹੇ ਖਾਬਾਂ ਦੇ ਸੁਨਹਰੀ ਫੁੱਲ

ਸੂਹੇ ਖਾਬਾਂ ਦੇ ਸੁਨਹਰੀ ਫੁੱਲ ਚੁਣਦਾ ਫਿਰੀਂ ਸੱਚ ਜਾਣ ਲੈ ਤੂੰ ਸੁਪਨੇ ਵੀ ਬੁਣਦਾ ਫਿਰੀਂ । ਪਹਿਲਾਂ ਕੱਢ ਲੈ ਵੇ ਜੀਆ ਅੱਡੀ ਆਪਣੀ ਦਾ ਕੰਡਾ ਫੇਰ ਹੋਰਾਂ ਦਿਆਂ ਰਾਹਾਂ ਚੋਂ ਵੀ ਚੁਣਦਾ ਫਿਰੀਂ । ਤੇਰੇ ਅੰਦਰੋਂ ਜੋ ਆਓਂਦੀ ਹੈ ਆਵਾਜ਼ ਪਹਿਲਾਂ ਸੁਣ ਫੇਰ ਹੋਰਾਂ ਦੀਆਂ ਆਖੀਆਂ ਵੀ ਸੁਣਦਾ ਫਿਰੀਂ । ਕਦੀ ਐਨਿਆਂ ਦੀ ਭੀੜ ਵਿਚੋਂ ਯਾਰ ਤਾਂ ਪਛਾਨ ਫੇਰ ਠੋਡੀ ਤੇ ਵੀ ਪੰਜ ਦਾਣਾ ਖੁਣਦਾ ਫਿਰੀਂ । ਮਿੱਟੀ ਆਪਣੇ ਹਿੱਸੇ ਦੀ ਪਹਿਲਾਂ ਛਾਣ ਲੈ "ਵਿਵੇਕ" ਪਿਛੋਂ ਦੁਨਿਆ ਦਾ ਦੁਧ ਪਾਣੀ ਪੁਣਦਾ ਫਿਰੀਂ ।

ਮੈਂ ਬਦੀਆਂ ਦੇ ਧੌਲਰ ਢਾਹਵਾਂ

ਮੈਂ ਬਦੀਆਂ ਦੇ ਧੌਲਰ ਢਾਹਵਾਂ ਸੋਚ ਰਿਹਾ ਹਾਂ ਦੁਖਦੀ ਨਹੁੰਦਰ ਨਾਲ਼ ਪਹਾੜ ਖਰੋਚ ਰਿਹਾ ਹਾਂ ਟੁੱਟਦੇ ਵਹਿਮ ਨੂੰ ਦਿੰਦਾਂ ਫਿਰਾਂ ਦਲੀਲ ਦੇ ਠੁੰਮ੍ਹਣੇ ਡਿੱਗਦੇ ਅੰਬਰ ਨੂੰ ਤਲੀਆਂ ਤੇ ਬੋਚ ਰਿਹਾ ਹਾਂ ਬਹਿਰ ਦੇ ਪਿੰਜਰੇ ਅੰਦਰ ਫੜ ਫੜ ਪਾਵਾਂ ਪੰਛੀ ਸ਼ਾਇਰ ਹੋ ਕੇ ਸ਼ਬਦਾਂ ਦੇ ਪਰ ਨੋਚ ਰਿਹਾ ਹਾਂ ਦੇਖਣ ਨੂੰ ਗ਼ਾਜ਼ੀ ਲੱਗਦਾ ਹਾਂ ਪਰ ਮੈਂ ਪਾਜੀ ਮਿਟਣ ਦਾ ਪੱਜ ਕਰਕੇ ਕੁਝ ਬਣਨਾ ਲੋਚ ਰਿਹਾ ਹਾਂ

ਸ਼ਹਿਰ ਦਾ, ਸੜਕਾਂ ਦਾ, ਘਰ ਦਾ

ਸ਼ਹਿਰ ਦਾ, ਸੜਕਾਂ ਦਾ, ਘਰ ਦਾ; ਮੋਹ ਜਿਹਾ ਬਣਿਆ ਰਹੇ, ਜੇ ਰੁਕੇ ਤਾਂ ਜੀਣ ਦਾ ਇੱਕ ਆਸਰਾ ਬਣਿਆ ਰਹੇ... ਖੌਫ਼ ਦੇ ਜੰਗਲ 'ਚ ਯਾਦਾਂ ਵੀ ਕਿਤੇ ਗੁਮ ਜਾਣ ਨਾਂ, ਹਰ ਘੜੀ ਹਰ ਪਲ ਇਹੋ ਹੀ ਤੌਖਲਾ ਬਣਿਆ ਰਹੇ... ਬੇਝਿਜਕ ਬੇ-ਡਰ ਵਗਾਂ, ਹੈ ਸੋਚਦੀ ਪਤਝੜ ਦੀ ਪੌਣ, ਮਹਿਕ ਤੇ ਰੰਗਾਂ 'ਚ ਜੇਕਰ ਫਾਸਲਾ ਬਣਿਆ ਰਹੇ... ਰੁੱਖ ਏਂ ਤਾਂ ਏਸ ਨੂੰ ਆਪਣੇ ਪੱਤਿਆਂ ਦੀ ਓਟ ਕਰ, ਕੁਝ ਕੁ ਚਿਰ ਪੰਛੀ ਦਾ ਸ਼ਾਇਦ ਆਹਲਣਾ ਬਣਿਆ ਰਹੇ ... ਜੇਠ ਰੁੱਤੇ ਰੇਤ ਉੱਤੇ ਕਿਣਮਿਣੀ ਹੁੰਦੇ ਨੇ ਖ਼ਤ, ਦੋਸਤਾ ਖ਼ਤ ਦਾ ਨਿਰੰਤਰ ਸਿਲਸਿਲਾ ਬਣਿਆ ਰਹੇ

ਪਾਣੀ ਦਾ ਭਾਵੇਂ ਕੋਈ ਰੰਗ ਹੀ ਨਹੀਂ ਹੁੰਦਾ

ਪਾਣੀ ਦਾ ਭਾਵੇਂ ਕੋਈ ਰੰਗ ਹੀ ਨਹੀਂ ਹੁੰਦਾ ਐਪਰ ਸਮੁੰਦ ਰੰਗਹੀਣ ਵੀ ਨਹੀਂ ਹੁੰਦਾ ਰੇਤੇ 'ਤੇ ਪਿਘਲ ਪਿਘਲ ਵਰੀ ਜਾਹ ਤਮਾਮ ਉਮਰ ਉਹ ਸੁਪਨਿਆਂ ਦੀ ਸਾਂਵਲੀ ਨਦੀ ਨਹੀਂ ਹੁੰਦਾ ਇਹ ਕੋਈ ਅਣਹੋਣੀ ਨਹੀਂ ਹੋਈ ਜੋ ਤੇਰੇ ਨਾਲ ਇਹ ਜ਼ਿੰਦਗੀ ਹੈ ਜ਼ਿੰਦਗੀ ਵਿਚ ਕੀ ਨਹੀਂ ਹੁੰਦਾ ਰੱਬਾ ਮੇਰੀ ਇਕੱਲ ਨੂੰ ਇਕ 'ਗੂੰਜਦੀ' ਚੁੱਪ ਦੇਹ ਇਸ ਭੀੜ ਦੇ 'ਗੁੰਮ' ਸ਼ੋਰ ਵਿਚ ਹੁਣ ਜੀ ਨਹੀਂ ਹੁੰਦਾ ਤਾਰੇ, ਮੁਹੱਬਤ, ਗੀਤ, ਫੁੱਲ, ਸਭ ਕੁਝ ਹੀ ਚਾਹੀਦੈ ਸਾਹ ਲੈਣ ਦਾ ਮਤਲਬ ਤਾਂ ਜ਼ਿੰਦਗੀ ਨਹੀਂ ਹੁੰਦਾ

ਜ਼ਮੀਂ ਤੋਂ ਛੁਹ, ਨਦੀ ਤੋਂ ਤਿਸ਼ਨਗੀ

ਜ਼ਮੀਂ ਤੋਂ ਛੁਹ, ਨਦੀ ਤੋਂ ਤਿਸ਼ਨਗੀ ਝੱਲੀ ਨਹੀਂ ਜਾਂਦੀ ਤੇ ਰਾਹਾਂ ਤੋਂ ਮੇਰੀ ਆਵਾਰਗੀ ਝੱਲੀ ਨਹੀਂ ਜਾਂਦੀ ਬਦੀ ਮੇਰੀ, ਤੁਹਾਡੀ ਬੰਦਗੀ ਝੱਲੀ ਨਹੀਂ ਜਾਂਦੀ ਵਿਚਾਰੇ ਮੁਰਦਿਆਂ ਤੋਂ ਜ਼ਿੰਦਗੀ ਝੱਲੀ ਨਹੀਂ ਜਾਂਦੀ ਉਨ੍ਹਾਂ ਦੀ ਅੱਖ ਵਿਚ ਲੜਦੀ ਹੈ ਤੇ ਸੀਨੇ 'ਚ ਸੜਦੀ ਹੈ ਸੰਗਾਊ ਸ਼ੋਖੀਆਂ ਤੋਂ ਸਾਦਗੀ ਝੱਲੀ ਨਹੀਂ ਜਾਂਦੀ ਹਨੇਰਾ ਤੇ ਘੁਟਨ ਇਓਂ ਰਚ ਗਏ ਨਜ਼ਰਾਂ ਤੇ ਸਾਹਾਂ ਵਿਚ ਕਿਤੇ ਵੀ 'ਵਾ ਵਗੀ ਜਾਂ ਲੋ ਜਗੀ ਝੱਲੀ ਨਹੀਂ ਜਾਂਦੀ

ਕਰ ਲਈ ਮੈਲੀ ਫਿਜ਼ਾ

ਕਰ ਲਈ ਮੈਲੀ ਫਿਜ਼ਾ ਬਹੁਕਰ ਬੁਹਾਰੀ ਕਰਦਿਆਂ ਬੇਸੁਰੀ ਇੱਕ ਬੰਸਰੀ ਤੇ ਰਾਗਦਾਰੀ ਕਰਦਿਆਂ ਬੜੀ ਖੁਸ਼ੀ ਦੀ ਗੱਲ ਹੈ ਕੁਝ ਲੋਕ ਜ਼ਿੰਦਾ ਵੀ ਮਿਲੇ ਏਸ ਮੁਰਦਾ ਸ਼ਹਿਰ ਦੀ ਮਰਦਮਸ਼ੁਮਾਰੀ ਕਰਦਿਆਂ ਰਮਜ਼ ਅੱਲਾਹ ਦੀ ਕਦੋਂ ਕਾਜ਼ੀ ਨੇ ਪਾਈ ਹੋਵੇਗੀ ਉਮਰ ਜਿਸਦੀ ਬੀਤੀ ਏ ਬੱਸ ਫਤਵੇ ਜਾਰੀ ਕਰਦਿਆਂ

ਖਲੋ ਕੇ ਓਟ ਵਿਚ ਤੂਫ਼ਾਨ ਨੂੰ

ਖਲੋ ਕੇ ਓਟ ਵਿਚ ਤੂਫ਼ਾਨ ਨੂੰ ਚੰਚਲ ਹਵਾ ਨਾ ਕਹਿ ਝੜੇ ਪੱਤਿਆਂ ਤੇ ਬੁਝਿਆਂ ਦੀਵਿਆਂ ਦੇ ਰੁਬੁਰੁ ਵੀ ਬਹਿ ਵਫ਼ਾ ਤਾਂ ਮਰ ਗਈ ਨਫਰਤ ਹੀ ਜਿੰਦਾ ਰਹ ਸਕੇ ਸ਼ਾਇਦ ਮੇਰੇ ਨਾਜ਼ੁਕ ਦਿਲਾ ਹੁਣ ਤੂੰ ਕਿਸੇ ਖੰਜਰ ਦੇ ਸੀਨੇ ਲਹਿ ਅਸਾਡੇ ਇਸ਼ਕ਼ ਆਪਣੇ ਹੁਸਨ ਨੂੰ ਵਿਸਥਾਰ ਦੇ ਐਦਾਂ ਮੇਰੇ ਮਹਿਬੂਬ ਤੂੰ ਮੇਰੇ ਰਕੀਬਾਂ ਦਾ ਵੀ ਹੋਕੇ ਰਹਿ ਨਾ ਤੈਰਨ ਨੂੰ ਜਗਾਹ ਐਥੇ ਨਾ ਡੁਬਨ ਨੂੰ ਹੀ ਥਾਂ ਕੋਈ ਸਮੁੰਦਰ ਇਸ਼ਕ਼ ਦਾ ਐਸਾ ਹੈ ਜਿਸ ਦੀ ਨਾ ਸਤਹ ਨਾ ਤਹਿ ਤੂੰ ਜਿਸ ਰਸਤੇ ਵੀ ਜਾਵੇਂਗੀ ਸਮੁੰਦਰ ਤਕ ਹੀ ਜਾਵੇਂਗੀ ਨੀਂ ਚੰਚਲ ਮਨ ਦੀਏ ਨਦੀਏ ਰਤਾ ਨਿਸ਼ਚਿੰਤ ਹੋਕੇ ਵਹਿ

ਕਾਲਖਾਂ 'ਤੋਂ ਪਾਰ ਦੀ ਪਰਭਾਤ

ਕਾਲਖਾਂ 'ਤੋਂ ਪਾਰ ਦੀ ਪਰਭਾਤ ਵਰਗਾ ਖ਼ਤ ਲਿਖੀਂ ਇਸ ਖ਼ਤਾਂ ਦੀ ਔੜ ਵਿਚ ਬਰਸਾਤ ਵਰਗਾ ਖ਼ਤ ਲਿਖੀਂ। ਨਿੱਤਰੇ ਸ਼ਾਇਦ ਇਹ ਮੈਲੀ ਚੇਤਿਆਂ ਦੀ ਝੀਲ ਫਿਰ ਤੂੰ ਚਿਰਾਂ ਦੀ ਭੁੱਲ ਚੁੱਕੀ ਬਾਤ ਵਰਗਾ ਖ਼ਤ ਲਿਖੀਂ । ਗੱਲ ਕਰੇਂ ਮੇਰੀ, ਮੇਰੀ ਤੌਫੀਕ਼ ਜੇਡੀ ਗੱਲ ਕਰੀਂ ਖ਼ਤ ਲਿਖੇਂ ਮੈਨੂੰ ਮੇਰੀ ਔਕ਼ਾਤ ਵਰਗਾ ਖ਼ਤ ਲਿਖੀਂ। ਜੋ ਹੁਨਰ ਦੀ ਜ਼ਦ ਤੋਂ ਪਾਸੇ, ਅਕਲ ਦੇ ਘੇਰੇ ਤੋਂ ਬਾਹਰ ਤੂੰ ਕਿਸੇ ਮਾਸੂਮ ਦੇ ਜਜ਼ਬਾਤ ਵਰਗਾ ਖ਼ਤ ਲਿਖੀਂ। ਟਿਮਟਿਮਾਉਂਦਾ ਇਕ ਵੀ ਜੁਗਨੂੰ ਦਿਸ ਪਵੇ ਤਾਂ ਬੇਝਿਜਕ ਘੁੱਪ ਨ੍ਹੇਰੀ ਮੱਸਿਆ ਦੀ ਰਾਤ ਵਰਗਾ ਖ਼ਤ ਲਿਖੀਂ ।

ਉਹ ਗਲੀਏ ਚਿੱਕੜ, ਉਹ ਘਰ ਤੋਂ ਦੂਰੀ

ਉਹ ਗਲੀਏ ਚਿੱਕੜ, ਉਹ ਘਰ ਤੋਂ ਦੂਰੀ ਲੈ ਆਣ ਪਹੁੰਚਾ ਹਾਂ ਪਾਰ ਕਰ ਕੇ ਮੈਂ ਤੇਰੇ ਮਸਤਕ ਨੂੰ ਕਿੰਜ ਚੁੰਮਾਂ ਸਫੈਦ ਚਾਦਰ 'ਤੇ ਪੈਰ ਧਰ ਕੇ ਹਨੇਰ ਖੌਰੇ ਕੀ ਕਹਿ ਗਿਆ ਹੈ ਕਿ ਖ਼ੁਦ ਤੋਂ ਮੁਨਕਰ ਹੀ ਹੋ ਗਏ ਨੇ ਜੇ ਚਿਣਗ ਲੈ ਕੇ ਵੀ ਕੋਲ ਜਾਈਏ ਤਾਂ ਦੌੜ ਜਾਂਦੇ ਚਿਰਾਗ ਡਰ ਕੇ ਕੀ ਦੋਸ਼ ਮੇਰਾ ਜੇ ਤੇਰੇ ਤੀਕਰ ਇਹ ਅੱਗ ਬਣ ਬਣ ਕੇ ਪਹੁੰਚਦੇ ਨੇ ਮੈਂ ਰੋਜ਼ ਘੱਲਦਾ ਹਾਂ ਆਪਣੇ ਲਫਜ਼ਾਂ ਨੂੰ ਸੁਰਖ਼ ਫੁੱਲਾਂ ਦੀ ਝੋਲ ਭਰ ਕੇ ਤੂੰ ਸਾਰੇ ਰੰਗਾਂ ਨੂੰ ਇਕ ਦੂਜੇ 'ਚ ਘੋਲ ਦੇਵੇਂ ਤਾਂ ਠੀਕ ਹੋਵੇ ਮੈਂ ਭੁੱਲ ਚੁੱਕਾਂ ਪਛਾਣ ਕਰਨਾ ਵੀ ਨਾਲ ਸਭ ਦੇ ਬਿਖਰ ਬਿਖਰ ਕੇ ਤੁਲ੍ਹਾ ਤੇ ਚੱਪੂ, ਮਲਾਹ ਤੇ ਬੇੜੀ, ਇਹ ਸਭ ਛਲਾਵੇ ਨੇ ਭੰਵਰ ਦੇ ਹੀ ਤੂਫ਼ਾਨ ਹੀ ਨੂੰ ਬਣਾ ਲੈ ਕਿਸ਼ਤੀ, ਜ਼ਰੂਰ ਲੰਘੇਂਗਾ ਪਾਰ ਤਰ ਕੇ ਤੇ ਪਾਰ ਜਾ ਕੇ ਤਾਂ ਰਾਹ ਵੀ ਸਿਧਾ ਹੈ, ਨਾ ਹਨੇਰਾ ਹੈ ਨਾ ਦੁਚਿੱਤੀ ਨਾ ਸਿਰ 'ਤੇ ਤੇਰੇ ਆਕਾਸ਼ ਡੋਲੇ, ਨਾ ਪੈਰਾਂ ਹੇਠੋਂ ਜ਼ਮੀਨ ਸਰਕੇ

ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ

ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ ਜੋਗ ਲਿਆ ਨਾ ਕੰਨ ਪੜਵਾਏ, ਢੂੰਡਣ ਤੁਰ ਪਏ ਹੀਰ ਨਾ ਤਜਿਆ ਅਸੀਂ ਝੂਠ ਝਮੇਲਾ ਨਾ ਮੇਲੇ ਵਿਚ ਹੋਏ ਮੇਲਾ ਨਾ ਕੋਈ ਗੋਰਖ ਰਾਂਝਣ ਸਾਡਾ ਚੇਲਾ ਨਾ ਕੋਈ ਗੋਰਖ ਪੀਰ ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ ਨਾ ਦਿਲਬਰ ਦੇ ਬੂਹੇ ਮੱਲੇ ਨਾ ਪੌਣਾਂ ਹੱਥ ਤਰਲੇ ਘੱਲੇ ਨਾ ਸੀਨੇ 'ਤੇ ਸਿਧੇ ਝੱਲੇ ਨੈਣਾਂ ਵਾਲੇ ਤੀਰ ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ ਨਾ ਘੁੰਗਟ ਚੁੱਕ ਨਚ ਖਲੋਏ ਨਾ ਅੰਦਰ ਬਹਿ ਛਮ ਛਮ ਰੋਏ ਨਾ ਹਮਸੁਖਨ ਅਸਾਂ ਸੰਗ ਹੋਏ ਰੋਹੀਏਂ ਜੰਡ ਕਰੀਰ ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ ਧੋਣ ਗਏ ਜਦ ਮਨ 'ਤੋਂ ਬਦੀਆਂ ਵਣਜ ਲਿਆਏ ਬੀਤੀਆਂ ਸਦੀਆਂ ਬਹੁਤ ਪਲੀਤ ਕੀਤੀਆਂ ਨਦੀਆਂ ਗੰਧਲੇ ਕੀਤੇ ਨੀਰ ਅਸੀਂ ਕਿਸੇ ਕੂੜੇ ਨਗਰ ਦੇ ਫ਼ਕ਼ੀਰ

ਸਾਡੀ ਸੁਰਤ ਰਹੀ ਨਾ ਟਿਕਾਣੇ

ਸਾਡੀ ਸੁਰਤ ਰਹੀ ਨਾ ਟਿਕਾਣੇ ਐਸੀ ਬਾਤ ਕਹੀ ਸੱਜਣ ਸਿਆਣੇ ਸੱਜਣ ਸਿਆਣਾ ਸਈਓ ਰੂਪ ਜਿਵੇਂ ਰੱਬ ਦਾ ਭੈੜਾ ਸਾਡੇ ਕੋਝ 'ਤੇ ਵੀ ਗਹਿਣੇ ਵਾਂਗੂੰ ਫੱਬਦਾ ਸਾਹਵੇਂ ਤੋਂ ਪਿਆ ਜਾਂ ਲਿਸ਼ਕਾਰਾ ਸਾਡੀ ਛੱਬ ਦਾ ਸਾਨੂੰ ਆਪਣਾ ਹੀ ਸ਼ੀਸ਼ਾ ਨਾ ਪਛਾਣੇ ਐਸੀ ਬਾਤ ਕਹੀ ਸੱਜਣ ਸਿਆਣੇ ਸੱਜਣ ਸਿਆਣੇ ਦੀਆਂ ਸੰਦਲੀ ਲਟੂਰੀਆਂ ਸੱਜਣ ਸਿਆਣੇ ਦੀਆਂ ਸਾਹਾਂ ਕਸਤੂਰੀਆਂ ਸੱਜਣ ਸਿਆਣੇ ਦੀਆਂ ਚਾਰੇ ਚੂੰਡਾਂ ਪੂਰੀਆਂ ਸਾਡੇ ਲੱਖਣ ਅਧੂਰੇ ਤੇ ਨਿਤਾਣੇ ਐਸੀ ਬਾਤ ਕਹੀ ਸੱਜਣ ਸਿਆਣੇ ਹੱਦੋਂ-ਬਾਹਰਾ ਰੂਪ ਓਹਦਾ ਰੂਹ ਨੂੰ ਏਨਾ ਜਚਿਆ ਅੱਖ ਵੀ ਬਚਾਈ ਦਿਲ ਫੇਰ ਵੀ ਨਾ ਬਚਿਆ ਐਸਾ ਜਾਦੂਗਰ ਨੇ ਅਚੰਭਾ ਨਵਾਂ ਰਚਿਆ ਸਾਨੂੰ ਭੁੱਲੇ ਸਭੇ ਮਾਮਲੇ ਪੁਰਾਣੇ ਐਸੀ ਬਾਤ ਕਹੀ ਸੱਜਣ ਸਿਆਣੇ ਸੱਜਣ ਸਿਆਣਾ ਜਦੋਂ ਕੋਲ ਆਣ ਖੜਿਆ ਦੁਨੀਆ ਦਾ ਫ਼ਾਤਿਹਾ ਚੁਰਾਹੇ ਵਿੱਚ ਪੜ੍ਹਿਆ ਓਸੇ ਦੀ ਸਹੁੰ ਓਦੋਂ ਸਾਨੂੰ ਸਾਨੂੰ ਜਿਹੜਾ ਨਸ਼ਾ ਚੜ੍ਹਿਆ ਭੰਗਾਂ, ਪੋਸਤਾਂ, ਸ਼ਰਾਬਾਂ ਨੂੰ ਕੀ ਜਾਣੇ ਐਸੀ ਬਾਤ ਕਹੀ ਸੱਜਣ ਸਿਆਣੇ ਸਾਡੀ ਸੁਰਤ ਰਹੀ ਨਾ ਟਿਕਾਣੇ

ਨੀਂ ਮੈਂ ਕੱਤਾਂ ਵਿੱਚ ਤ੍ਰਿੰਝਣਾਂ

ਨੀਂ ਮੈਂ ਕੱਤਾਂ ਵਿੱਚ ਤ੍ਰਿੰਝਣਾਂ ਤੇ ਮੈਨੂੰ ਸੁੰਨ 'ਚੋਂ ਹਾਕ ਪਈ ਮੇਰੀ ਰੂਹ 'ਚੋਂ ਉੱਠੀਆਂ ਵਹਿਵਤਾਂ ਇੱਕੋ ਵਕਤ ਕਈ ਨੀਂ ਮੈਂ ਆਕਲ-ਬਾਕਲ ਹੋ ਗਈ ਨਾ ਸੁਰਤ-ਸੰਭਾਲ ਰਹੀ ਤੰਦ ਖਿਚਦਿਆਂ ਪਾਪੀ ਤੱਕਲੇ ਮੇਰੀ ਚੀਚੀ ਡੰਗ ਲਈ ਮੇਰੇ ਗੋਹੜੇ ਹੋ ਗਏ ਗੁੱਛੀਆਂ ਮੇਰੀ ਬੋਹਟੀ ਉਲਟ ਗਈ ਮੇਰਾ ਚਰਖ਼ਾ ਪੁੱਠਾ ਘੁਕ ਪਿਆ ਮੇਰੀ ਹੋਂਦ ਉਡੀਕ ਭਈ ਮੇਰੇ ਤਨ ਕੜਵੱਲਾਂ ਚੜ੍ਹ ਗਈਆਂ ਮੇਰੀ ਸੰਘੀ ਦਾਬ ਪਈ ਮੈਂ ਐਸਾ ਛੱਡਿਆ ਹੋਕਰਾ ਮੇਰੀ ਰੋਹੀਏਂ ਵਾਜ ਗਈ ਸਭ ਸਖੀਆਂ ਦੰਦੀਂ ਉਂਗਲਾਂ ਮੇਰੀ ਅੰਮੜੀ ਦੰਦ ਝਈ ਮੈਂ ਮਾਰੀ ਛਾਲ ਦਲਾਨ 'ਚੋਂ ਤੇ ਬੀਹੀ ਵਿੱਚ ਆ ਗਈ ਨਾ ਬੀਬੋ ਵਾਜਾਂ ਦਿੱਤੀਆਂ ਨਾ ਮਿਰਜ਼ੇ ਸਾਰ ਲਈ ਏਹ ਕੇਸ ਤਰ੍ਹਾਂ ਦਾ ਇਸ਼ਕ ਹੈ ਨੀਂ ਮੈਂ 'ਕੱਲੀ ਉੱਧਲ ਗਈ

ਅੱਧੀ ਰਾਤੀਂ ਮਸਾਣਾਂ ਵਿਚ ਫਵ੍ਹੀ ਬੋਲੀ

ਅੱਧੀ ਰਾਤੀਂ ਮਸਾਣਾਂ ਵਿਚ ਫਵ੍ਹੀ ਬੋਲੀ, ਸਾਡਾ ਨਰਮ ਕਲੇਜੜਾ ਡੋਲਿਆ ਵੇ । ਖ਼ੌਰੇ ਕਿਨ੍ਹਾਂ ਦਰਵੇਸ਼ਾਂ ਨੇ ਲੱਦ ਜਾਣਾ, ਕਰ ਕੇ ਮਾਫ਼ ਸਾਡਾ ਮੰਦਾ ਬੋਲਿਆ ਵੇ । ਸਾਨੂੰ ਆਪਣੀ ਵਾਰੀ ਦਾ ਫ਼ਿਕਰ ਹੋਇਆ, ਪੁੱਠੇ ਪਲਟ ਕੇ ਆਪਾ ਘਚੋਲਿਆ ਵੇ । ਸੁੱਕੀ ਅੱਖ ਵਿਚ ਹੰਝੂ ਦੀ ਤਰਬ ਕੰਬੀ, ਤੇਰੇ ਵੱਲ ਵਾਲਾ ਬੂਹਾ ਖੋਲ੍ਹਿਆ ਵੇ । ਤੇਰੇ ਹੁੰਦਿਆਂ-ਸੁੰਦਿਆਂ ਸੁੰਨ ਦਿੱਸੀ, ਤਾਂ ਵੀ ਖੂੰਜਾ ਹਰੇਕ ਫਰੋਲਿਆ ਵੇ । ਛਾਣੇ ਥਲ, ਸਮੁੰਦਰ ਖੰਘਾਲ ਛੱਡੇ, ਤੈਨੂੰ ਧਰਤ, ਅਸਮਾਨ 'ਤੇ ਟੋਲਿਆ ਵੇ । ਰਾਹੀਂ ਲੁੱਛਦਿਆ ਨੇ, ਜੱਗ ਤੋਂ ਪੁੱਛਦਿਆਂ ਨੇ, ਅਸੀਂ ਕਵਿਤਾ ਦਾ ਕੁਫ਼ਰ ਵੀ ਤੋਲਿਆ ਵੇ । ਅੰਤ ਸਬਰ ਨੇ ਟੁੱਟ ਕੇ ਡਾਡ ਮਾਰੀ, ਸਿਦਕ ਪੂਰੇ ਬ੍ਰਹਿਮੰਡ ਦਾ ਡੋਲਿਆ ਵੇ । ਹਾਲ ਵੇਖ ਕੇ ਸਾਡਾ ਨਿਕਰਮਿਆਂ ਦਾ, ਪੱਥਰ ਕੂਕ ਉੱਠੇ, ਤੂੰ ਨਾ ਬੋਲਿਆ ਵੇ। ਕਿਨ੍ਹਾਂ ਬਾਗ਼ਾਂ 'ਚ ਆਲ੍ਹਣਾ ਪਾ ਲਿਆ ਈ, ਸਾਡੀ ਰੋਹੀ ਦੇ ਪੀਲ਼ੇ ਮਮੋਲਿਆ ਵੇ ।

ਸੱਜਣਾ ਸਿਆਣਿਆ ਵੇ

ਸੱਜਣਾ ਸਿਆਣਿਆ ਵੇ, ਕਮਲੇ ਇਸ਼ਕ ਦੇ ਤਾਂ, ਰੱਬ ਨਾਲੋਂ ਵੀ ਡੂੰਘੇ ਰਹੱਸ ਹੁੰਦੇ । ਇਹ ਤਾਂ ਥੀਣ ਤੋਂ ਪਹਿਲਾਂ ਫ਼ਨਾਹ ਹੁੰਦੇ, ਇਹ ਤਾਂ ਸ਼ੁਰੂ ਤੋਂ ਪਹਿਲਾਂ ਹੀ ਬੱਸ ਹੁੰਦੇ । ਦਰਦਮੰਦਾਂ ਨੂੰ ਦਿਸੇ ਮਕਾਣ, ਮਹਿਫ਼ਿਲ, ਮੇਲੇ ਜੋਗੀਆਂ ਲਈ ਘੜਮੱਸ ਹੁੰਦੇ । ਘਾਇਲ ਦਿਲਾਂ ਦੇ ਹਾਲ-ਹਵਾਲ ਕਹਿਣੇ, ਇਹਨਾਂ ਅੱਖਰਾਂ ਦੇ ਕਦੋਂ ਵੱਸ ਹੁੰਦੇ । ਇਹ ਜੋ ਦੱਸਦੇ ਹਾਂ ਝੂਠ-ਮੂਠ ਹੀ ਨੇ, ਸੱਚੀ- ਮੁੱਚੀਂ ਦੇ ਦੁੱਖ ਨਹੀਂ ਦੱਸ ਹੁੰਦੇ ।

ਤੈਨੂੰ ਵੇਖਦੇ ਸਾਰ ਹੀ ਦੰਦ ਜੁੜ ਗਏ

ਤੈਨੂੰ ਵੇਖਦੇ ਸਾਰ ਹੀ ਦੰਦ ਜੁੜ ਗਏ ਅਤੇ ਅੱਖੀਆਂ ਰਹਿ ਗਈਆਂ ਟੱਡੀਆਂ ਵੇ ਸਾਡੀ ਪੁੜਪੜੀ ਪੀੜ ਦਾ ਕਿੱਲ ਪੁੜਿਆ, ਗਈਆਂ ਆਂਦਰਾਂ ਦਰਦ ਸੰਗ ਵੱਢੀਆਂ ਵੇ ਸਾਰੀ ਦੁਨੀ ਦੇ ਮਾਮਲੇ ਉਲਟ ਹੋ ਗਏ, ਮੌਤਾਂ ਛੋਟੀਆਂ ਵੇ ਨੀਂਦਾਂ ਵੱਡੀਆਂ ਵੇ ਟੁੱਟ ਕੇ ਖਿੱਤੀਆਂ ਸੱਤਵੇਂ ਅਸਮਾਨ ਵਿੱਚੋਂ, ਗਈਆਂ ਵਿੱਚ ਪਤਾਲ ਦੇ ਗੱਡੀਆਂ ਵੇ ਵਗਦੀ ਕੂਲ ਦੇ ਕੰਢੇ 'ਤੇ ਹਾੜ ਬੋਲੇ, ਥਲਾਂ ਵਿੱਚ ਟੱਰਾਉਂਦੀਆਂ ਡੱਡੀਆਂ ਵੇ ਜੰਮੀ ਟੀਸੀ ਨੂੰ ਤੇਈਏ ਦਾ ਤਾਪ ਚੜ੍ਹਿਆ, ਕੰਬਣ ਉਬਲਦੇ ਲਾਵੇ ਦੀਆਂ ਹੱਡੀਆਂ ਵੇ ਬੌਰੀ ਹੀਰ ਨੇ ਚਾਂਭਲ਼ ਕੇ ਚੀਕ ਮਾਰੀ, ਪਈਆਂ ਡੁਸਕ ਸਹੇਲੀਆਂ ਨੱਢੀਆਂ ਵੇ ਉੱਡਦੇ ਪੰਖੀ ਭੁਆਟਣੀ ਖਾ ਡਿੱਗੇ, ਘਾਹਾਂ ਚੁਗਣੀਆਂ ਹਿਰਨਾਂ ਨੇ ਛੱਡੀਆਂ ਵੇ ਸਾਡੇ ਕੋਲ ਫ਼ਤੂਰ ਵੀ ਬੜਾ ਛੋਟਾ ਤੇ ਤੇਰੇ ਕੋਲ ਲਿਆਕਤਾਂ ਵੱਡੀਆਂ ਵੇ ਏਸ ਉਮਰ ਦਾ ਗੁਨਾਹ ਤਾਂ ਯਾਦ ਕੋਈ ਨਹੀਂ, ਕਿਹੜੇ ਜੁਗ ਦੀਆਂ ਕਿੜਾਂ ਦੱਸ ਕੱਢੀਆਂ ਵੇ

ਰਾਤੀਂ ਖ਼ਾਬ ਆਇਆ

ਰਾਤੀਂ ਖ਼ਾਬ ਆਇਆ, ਇਕ ਦਿਨ ਉਹ ਆਉਣੈ, ਜਿਸ ਦਿਨ ਤਾਰੇ ਦੁਪਹਿਰ ਨੂੰ ਚੜ੍ਹਨਗੇ ਵੇ। ਦਾਨਿਸ਼ਵਰੀ ਵਟ ਜਾਊ ਅਚੰਭਿਆਂ ਵਿਚ, ਘੋੜੇ ਦੌੜਦੇ ਅਕਲ ਦੇ ਖੜ੍ਹਨਗੇ ਵੇ ਐਸਾ ਫ਼ਿਜ਼ਾ ਦੇ ਵਿੱਚ ਖੜਾਕ ਹੋਣਾ, ਸੁੱਕੇ ਪੱਤੇ ਦਰਖ਼ਤਾਂ ਦੇ ਝੜਨਗੇ ਵੇ। ਸਦੀਆਂ ਲੰਮੀ ਖ਼ਾਮੋਸ਼ੀ ਦੀ ਜੀਭ ਉੱਤੇ, ਕੁੰਡਲ਼ਦਾਰ ਸਪੋਲ਼ੀਏ ਲੜਨਗੇ ਵੇ। ਸੁੱਤੇ ਪੱਥਰ ਦੇ ਮੱਥੇ ਵਦਾਣ ਵੱਜੂ, ਦੋਹਾਂ ਵਿੱਚੋਂ ਚੰਗਿਆੜੇ ਜਹੇ ਝੜਨਗੇ ਵੇ। ਐਸੀ ਕੰਬਣੀ ਚੜ੍ਹੂ ਜਮੂਦ ਤਾਈਂ, ਜਿਸਦੇ ਸਾਹਮਣੇ ਵਹਿਮ ਨਾ ਖੜ੍ਹਨਗੇ ਵੇ। ਕੀਨੇ, ਭੈਅ, ਸਵਾਰਥ, ਦਵੈਸ਼, ਹਉਮੈ, ਦੁੰਬ ਦੱਬ ਕੇ ਕੰਦਰੀਂ ਵੜਨਗੇ ਵੇ। ਨੇਤਰ ਖੁੱਲ੍ਹ ਜਾਣੇ ਗਾੜ੍ਹੇ ਨੇਰ੍ਹਿਆਂ ਦੇ, ਸੁਪਨੇ ਪੈਰਾਂ ਦੇ ਵਿੱਚ ਨਾ ਅੜਨਗੇ ਵੇ। ਤੇਰੇ ਜਹੇ ਮਹਿਬੂਬ ਹੁਸੀਨ, ਸੋਹਲ, ਸਾਹਵੇਂ ਅੱਖੀਆਂ ਦੇ ਆਇ ਖੜ੍ਹਨਗੇ ਵੇ। ਆਸ਼ਕ ਲੈਣਗੇ ਝੂਟਾ ਕੁਰਬਾਨੀਆਂ ਦਾ, ਭੰਬਟ ਹੱਸ ਕੇ ਸ਼ਮ੍ਹਾ 'ਤੇ ਸੜਨਗੇ ਵੇ। ਖ਼ੁਸ਼ ਹੋਣਗੇ ਪੁਰਖੇ, ਬਜ਼ੁਰਗ ਬਾਬੇ, ਸੋਹਿਲੇ ਗਾਉਣਗੇ ਤੇ ਮੰਗਲ਼ ਪੜ੍ਹਨਗੇ ਵੇ। ਕਿੱਸੇ ਲਿਖਣਗੇ ਵਿਜੇ ਵਿਵੇਕ ਵਰਗੇ, ਕਥਾਕਾਰ ਕਹਾਣੀਆਂ ਘੜਨਗੇ ਵੇ। ਏਸ ਇਸ਼ਕ ਦੀ ਅੱਗ ਦੇ ਲਾਂਬੂਆਂ ਨੂੰ, ਪਾੜ੍ਹੇ ਵਿੱਚ ਸਕੂਲਾਂ ਦੇ ਪੜ੍ਹਨਗੇ ਵੇ।

ਐਨ ਜਿੰਦੂ ਦੇ ਕਾਲਜੇ ਵਿੱਚ ਲਥੋਂ

ਐਨ ਜਿੰਦੂ ਦੇ ਕਾਲਜੇ ਵਿੱਚ ਲਥੋਂ, ਹੁਨਰਮੰਦੀ ਦੇ ਸਧਿਆ ਨਿਸ਼ਾਨਿਆ ਵੇ ਅਚਨਚੇਤ ਕਾਹਨੂੰ ਚੇਤੇ ਆ ਗਿਆ ਤੂੰ, ਸਾਨੂੰ ਭੁੱਲਿਆ ਹੋਇਆ ਅਫ਼ਸਾਨਿਆ ਵੇ ਸਾਡੀ ਅਕਲ ਨੂੰ ਜੰਦਰੇ ਮਾਰ ਛੱਡੇ ਗੱਲਾਂ ਗੱਲਾਂ 'ਚ ਬੀਨਿਆਂ-ਦਾਨਿਆ ਵੇ ਏਹਨੂੰ ਕੇਹੜੇ ਜਹਾਨ ਵਿੱਚ ਮਿਲੂ ਢੋਈ, ਮੇਰੀ ਆਤਮਾ ਦੇ ਦੌਲਤਖ਼ਾਨਿਆਂ ਵੇ ਤੇਰੇ ਅੰਦਰਲੀ ਮਦਰਾ ਕਿਓਂ ਬਣੀ ਮਹੁਰਾ ਸਾਡੇ ਹੋਠਾਂ 'ਤੇ ਆ ਕੇ ਪੈਮਾਨਿਆ ਵੇ ਬਖਸ਼ ਗਿਓਂ ਜਹਾਨ ਦੀ ਕੁੱਲ ਕਾਲਖ ਸਾਨੂੰ ਚਾਨਣੀ ਦਿਆ ਖ਼ਜ਼ਾਨਿਆਂ ਵੇ

ਕੰਡਿਆਂ ਦੀ ਹੁੰਦੀ ਤਾਂ ਛੜੱਪ ਜਾਂਦੇ

ਕੰਡਿਆਂ ਦੀ ਹੁੰਦੀ ਤਾਂ ਛੜੱਪ ਜਾਂਦੇ, ਮਿੱਧ ਲੈਂਦੇ, ਫੁੱਲਾਂ ਵਾਲ਼ੀ ਵਾੜ ਕਿਵੇਂ ਲੰਘੀਏ ਵੇ ਮਾਲੀਆ? ਹਿਜਰਾਂ ਦੀ ਹਾਂਡੀ ਤਾਂ ਉਦਾਸੀਆਂ ਹੀ ਭਿੱਜੀਆਂ ਨੇ, ਦੁੱਖ ਕਿਹੜੇ ਮੱਟ 'ਚ ਡਬੋਈਏ ਵੇ ਲਲਾਰੀਆ ? ਤੇਰੀਆਂ ਮੁਹੱਬਤਾਂ ਦਾ ਹੀਰਾ ਜਦੋਂ ਚੱਟ ਲਿਐ, ਦੁਨੀਆ ਦਾ ਮਹੁਰਾ ਕਾਹਤੋਂ ਚੱਟੀਏ ਵੇ ਜੋਗੀਆ? ਛਾਪਾਂ, ਛੱਲੇ, ਚੂੜੀਆਂ ਤੂੰ ਹੋਰਨਾਂ ਨੂੰ ਵੇਚ ਲਵੀਂ, ਸਾਨੂੰ ਦੱਸ ਹੋਕੇ ਦਾ ਕੀ ਭਾਅ ਵੇ ਵਣਜਾਰਿਆ?

ਬਾਬੇ ਦੀ ਬਾਣੀ ਮਾਖਿਓਂ ਦਾ ਮਟਕਾ

ਬਾਬੇ ਦੀ ਬਾਣੀ ਮਾਖਿਓਂ ਦਾ ਮਟਕਾ ਵਿਚ ਪੰਜ-ਸੱਤ ਬੂੰਦਾਂ ਮੇਰੀਆਂ ਵੀ। ਬਾਬੇ ਦੀ ਬਾਣੀ ਅਡੋਲ ਬੋਹਿਥਾ ਬੋਹਿਥੇ 'ਚ ਘੁੰਮਣਘੇਰੀਆਂ ਵੀ । ਬਾਬੇ ਦੀ ਬਾਣੀ ਦੇ ਤੱਤ-ਫੱਟ ਵਾਅਦੇ ਮਨਮਤੀਆਂ ਲਈ ਦੇਰੀਆਂ ਵੀ ਬਾਬੇ ਦੀ ਬਾਣੀ 'ਚ ਕੱਖਾਂ ਨੂੰ ਠਹੁਰਾਂ ਬਾਬੇ ਦੀ ਬਾਣੀ ਹਨੇਰੀਆਂ ਵੀ । ਬਾਬੇ ਦੀ ਬਾਣੀ ਦੇ ਨਸ਼ਤਰ ਤਿਖੇਰੇ ਕੋਲ ਮਲ੍ਹਮ ਦੀਆਂ ਢੇਰੀਆਂ ਵੀ । ਬਾਬੇ ਦੀ ਬਾਣੀ ਸਿੱਧੀ ਤੇ ਸਾਦੀ ਅਕਲਾਂ ਨੂੰ ਗੁੰਝਲਾਂ ਬਥੇਰੀਆਂ ਵੀ । ਬਾਬੇ ਦੀ ਬਾਣੀ ਜੀਵਨ ਦੀ ਦਾਤੀ ਸਿਰ ਮੰਗਦੀ ਬਿਨ ਦੇਰੀਆਂ ਵੀ । ਬਾਬੇ ਦੀ ਬਾਣੀ ਉਸਤਾਦ ਬਣਾਈਆਂ ਮੈਂ ਜਹੀਆਂ ਕੁਝ ਚੇਰੀਆਂ* ਵੀ । * ਦਾਸੀਆਂ/ਚੇਲੀਆਂ

ਬੁਝਿਆ ਹਾਂ ਦੀਪ ਵਾਗੂੰ

ਬੁਝਿਆ ਹਾਂ ਦੀਪ ਵਾਗੂੰ, ਧੁੰਦ ਵਾਂਗ ਛਟ ਗਿਆ ਹਾਂ ਤੇਰੇ ਵਜੂਦ ਅੱਗੇ ਕਿੰਨਾ ਸਿਮਟ ਗਿਆ ਹਾਂ ਮੈਂ ਲਹਿ ਗਿਆ ਹਾਂ ਹਉਂ ਦੇ ਝੂਠੇ ਚਬੂਤਰੇ ‘ਤੋਂ ਮੈਂ ਕਲਪਨਾ ਦੇ ਫ਼ਰਜ਼ੀ ਰਾਹਾਂ ‘ਚੋਂ ਹਟ ਗਿਆ ਹਾਂ ਝੱਲੀ ਨਹੀਂ ਸੀ ਜਾਂਦੀ ਏਨੀ ਘੁਟਨ, ਮੈਂ ਤਾਹੀਓਂ ਦੁਨੀਆ ਦੀ ਭੀੜ ਵਿੱਚੋਂ ਥੋੜਾ ਕੁ ਘਟ ਗਿਆ ਹਾਂ ਦੁਨੀਆ ਦਾ ਕੂੜ ਮੈਨੂੰ ਸੋਨਾ ਪਛਾਣਦਾ ਸੀ ਲੈ ਵੇਖ, ਤੇਰੇ ਸਾਹਵੇਂ, ਮਿੱਟੀ ‘ਚ ਵਟ ਗਿਆ ਹਾਂ ਬਲ਼ਦਾ ਪਿਆ ਸਾਂ, ਇਸਦੀ ਤੈਨੂੰ ਨਾ ਆਂਚ ਲੱਗੇ ਇਹ ਸੋਚ ਕੇ ਹੀ ਤੇਰੇ ਰਸਤੇ ‘ਚੋਂ ਹਟ ਗਿਆ ਹਾਂ ਮੈਨੂੰ ਸੰਭਾਲ ਨਦੀਏ, ਲੈ ਕੇ ਮੈਂ ਨਾਮ ਤੇਰਾ ਤੇਰੇ ਵਹਾਅ ‘ਚ ਕਿਸ਼ਤੀ ਵਾਗੂੰ ਉਲਟ ਗਿਆ ਹਾਂ

ਮੋਤੀ, ਸਿਤਾਰੇ, ਫੁੱਲ ਵੇ

ਮੋਤੀ, ਸਿਤਾਰੇ, ਫੁੱਲ ਵੇ ਮੁੱਠੀ ਮੇਰੀ ਵਿਚ ਕੁੱਲ ਵੇ ਪਰ ਬਿਨ ਤੇਰੇ ਕਿਸ ਮੁੱਲ ਵੇ ਕਦੀ ਸੁਣ ਨਿਮਾਣੀ ਦੀ ਕੂਕ ਵੇ ਮੇਰੀ ਜਿੰਦ ਡਾਢੀ ਮਲੂਕ ਵੇ ਤੇਰਾ ਐਨਾ ਰੁੱਖਾ ਸਲੂਕ ਵੇ ..................ਜਰਵਾਣਿਆ ਤੇਰੀ ਪਿਆਸ ਬਾਰੇ ਜੇ ਸੋਚਦੇ ਕਾਹਨੂੰ ਬੀਤੇ ਸਮਿਆਂ ਨੂੰ ਕੋਸਦੇ ਕਿਸੇ ਛੋਟੇ ਭਾਂਡੇ ਪਰੋਸਦੇ ਅਸਾਂ ਪੇਸ਼ ਨਦੀਆਂ ਕੀਤੀਆਂ ਤੇ ਤੂੰ ਸਿਰਫ਼ ਚੁਲੀਆਂ ਪੀਤੀਆਂ ਤੇਰੀ ਪਿਆਸ ਵਿਚ ਬਦਨੀਤੀਆਂ ...................ਵੇ ਡੁੱਬ ਜਾਣਿਆ ਦਿਨ ਰੁੱਸ ਕੇ ਤੁਰ ਗਏ ਹਾਣ ਦੇ ਟੁਕੜੇ ਹੀ ਹੋ ਗਏ ਮਾਣ ਦੇ ਦਾਈਏ ਸੀ ਧੁਰ ਤਕ ਜਾਣ ਦੇ ਦੁਨੀਆ ਡਰੀ ਤੋਂ ਡਰ ਗਿਐਂ ਬਰਬਾਦ ਕਰ ਕੇ ਧਰ ਗਿਐਂ ਕਮਲੀ ਨੂੰ ਕਮਲੀ ਕਰ ਗਿਐਂ .................ਵੇ ਸਿਆਣਿਆ ਅੰਗ ਅੰਗ `ਚ ਤੇਰਾ ਈ ਜੋਸ਼ ਵੇ ਹੁਣ ਨਾ ਮੇਰਾ ਕੋਈ ਦੋਸ਼ ਵੇ ਖਸਮਾਂ ਨੂੰ ਖਾਵੇ ਹੋਸ਼ ਵੇ ਲੂੰ ਲੂੰ ਦੇ ਅੰਦਰ ਵੜ ਗਿਓਂ ਵੇ ਸੱਪ ਬਣਕੇ ਲੜ ਗਿਓਂ ਹਾਇ! ਜ਼ਹਿਰ ਵਾਂਗੂੰ ਚੜ੍ਹ ਗਿਓਂ ...............ਵੇ ਲਹਿ ਜਾਣਿਆ ਦਿਨ, ਵਾਰ ਨਾ ਕੋਈ ਤਰੀਕ ਵੇ ਸਾਡੀ ਇਹ ਨਿਰੰਤਰ ਉਡੀਕ ਵੇ ਜਾਏਗੀ ਸਿਵਿਆਂ ਤੀਕ ਵੇ ਬਖ਼ਸ਼ਿਸ਼ ਕਰੀਂ ਬਖ਼ਸ਼ਿੰਦੂਆ ਕਾਇਨਾਤ ਜੇਡੇ ਬਿੰਦੂਆ ਕਦੀ ਮੁੜ ਪਵੀਂ ਵੇ ਜਿੰਦੂਆ ................ਮੇਰੇ ਰਾਣਿਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਵਿਜੇ ਵਿਵੇਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ