Punjabi Poetry : Vijay Kumar Agnihotri

ਪੰਜਾਬੀ ਕਵਿਤਾਵਾਂ : ਵਿਜੇ ਕੁਮਾਰ ਅਗਨੀਹੋਤਰੀ


ਕਿਲਕਾਰੀਆਂ

ਨਸ਼ਿਆਂ ਦੇ ਹੜ੍ਹ ਵਿੱਚ, ਡੁੱਬਿਆ ਪੰਜਾਬ ਹੈ। ਪੱਤੀ ਪੱਤੀ ਹੋਇਆ ਕਿੰਝ ਰੰਗਲਾ ਪੰਜਾਬ ਹੈ । ਕਿਨੇ ਸਾਡੇ ਮਨਾਂ ਵਿੱਚ ਜਹਿਰਾਂ ਘੋਲ ਦਿੱਤੀਆਂ, ਰਾਖਿਆਂ ਹੀ ਮਿੱਟੀ ਵਿੱਚ ਪੱਤਾਂ ਰੋਲ ਦਿੱਤੀਆਂ। ਫੁੱਲਾਂ ਜੇਹੇ ਚਿਹਰਿਆਂ ਤੇ ਡੁਲ੍ਹਦਾ ਤੇਜਾਬ ਹੈ। ਪੱਤੀ ਪੱਤੀ ਹੋਇਆ ਕਿੰਝ........... ਗਾਉਂਦੇ ਨਹੀਂ ਸ਼ਹੀਦਾਂ ਦੀਆਂ ਅੱਜ ਘੋੜੀਆਂ, ਭੱਦਿਆਂ ਲਿਬਾਸਾਂ ਵਿੱਚ ਨੱਚਦੀਆਂ ਜੋੜੀਆਂ, ਪੱਛਮੀ ਸੰਗੀਤਾਂ ਵਿੱਚ ਗੁੰਮ ਗਈ ਰਬਾਬ ਹੈ। ਪੱਤੀ ਪੱਤੀ ਹੋਇਆ ਕਿੰਝ...... ਰੀਝਾਂ ਅਤੇ ਉਮੀਦਾਂ ਨਾਲ ਪੁੱਤ ਲੋਕੀਂ ਪਾਲਦੇ, ਪੰਜ ਪੰਜ ਪੁੱਤ ਇੱਕ ਮਾਂ ਵੀ ਨਹੀਂ ਸੰਭਾਲਦੇ. ਬੁੱਢੇ ਵਾਰੇ ਘਰਾਂ ਵਿੱਚੋਂ ਮਿਲਦਾ ਜੁਵਾਬ ਹੈ, ਪੱਤੀ ਪੱਤੀ ਹੋਇਆ ਕਿੰਝ............... ਹੁੰਦੇ ਨੇ ਸਮਾਗਮਾਂ ਤੇ ਖਰਚੇ ਫਜੂਲ ਨੇਂ, ਛਿੱਕਿਆਂ ਤੇ ਟੰਗੇ ਅਸਾਂ ਸਾਰੇ ਹੀ ਅਸੂਲ ਨੇ, ਸਿੰਬਲ ਸਟੇਟਸ, ਅੱਜ ਬਣ ਗਈ ਸ਼ਰਾਬ ਹੈ। ਪੱਤੀ ਪੱਤੀ ਹੋਇਆ ਕਿੰਝ...... ਧੀਆਂ ਭੈਣਾਂ ਸਾਂਝੀਆਂ ਨੇ, ਸੱਭ ਦੀਆਂ ਸਾਰੀਆਂ, ਬੁੱਲਿਆਂ ਦੇ ਦੈਂਤ ਤੋਂ ਬਚਾਈਏ ਕਿਲਕਾਰੀਆਂ, ਸਹੇ ਨਾ ਸਿਤਮ ਕੋਈ, ਵਿਜੇ ਦਾ ਇਹ ਖਾਬ ਹੈ, ਪੱਤੀ ਪੱਤੀ ਹੋਇਆ ਕਿਵੇਂ ਰੰਗਲਾ ਪੰਜਾਬ ਹੈ।

ਰਹਿਬਰ ਟਾਪ ਦੇ ਨੇ

ਵੇਖਣ ਨੂੰ ਜੋ, ਆਪਣੇ, ਤੈਨੂੰ ਜਾਪਦੇ ਨੇ । ਤੇਰੇ ਮਿੱਤਰ ਨਾ ਉਹ ਤੇਰੇ ਬਾਪ ਦੇ ਨੇ। ਤੂੰ ਸਮਝੇਂ ਗਲ ਨਾਲ ਉਹ ਤੈਨੂੰ ਲਾਉਂਦੇ ਨੇ, ਇਹ ਤਾਂ ਘੇਰਾ ਤੇਰੇ ਗਲ ਦਾ ਨਾਪਦੇ ਨੇ। ਤੈਥੋਂ ਹਾਰ ਪੁਆਉਂਦੇ, ਢੋਲ ਵਜਾਂਦੇ ਨੇ, ਦੋਸ਼ੀ ਤੇਰੇ ਘਰ ਵਿੱਚ ਜੋ ਵਿਰਲਾਪ ਦੇ ਨੇ। ਕਿਰਤੀ ਦੇ ਹੀ ਵੇਹੜੇ ਕਿਉਂ ਭੰਗ ਭੁੱਜਦੀ ਏ, ਲੇਖੇ ਦੱਸਣ, ਪਿਛਲੇ ਪਾਪ ਦੇ ਨੇ। ਪਹਿਣ ਕੇ ਲੋਕ ਮਖੌਟੇ ਲੋਕ ਭਲਾਈ ਦੇ, ਉੱਲੂ ਸਿੱਧੇ ਕਰਦੇ ਕੇਵਲ ਆਪ ਦੇ ਨੇ। ਇਹ ਵੀ ਸਾਡੀ ਬੇਇਤਫਾਕੀ ਕਰਕੇ ਹੈ, ਲੱਥੇ ਸਾਡੇ ਗਲੋਂ ਨਾ ਦਿਨ ਸੰਤਾਪ ਦੇ ਨੇ। ਨਾ-ਮੁਮਕਨ ਨੂੰ ਮੁਮਕਣ ਵਿੱਚ ਤਬਦੀਲ ਕਰੋ, ਵੇਖੇ ਬਹੁਤ ਕ੍ਰਿਸ਼ਮੇ, ਪਿੱਠ ਤੇ ਥਾਪਦੇ ਨੇ। ਉੱਥੋਂ ਦੇ ਬੀਮਾਰਾਂ ਦਾ ਰੱਬ ਹੀ ਰਾਖਾ ਹੈ, ਰੋਗੀ ਜਿੱਥੇ ਵੈਦ ਖੰਘ ਅਤੇ ਤਾਪ ਦੇ ਨੇ। ਉਹ ਵੀ ਦੋਸ਼ੀ ਗਰਦਾਨੇ ਜਾਣਗੇ, ਬੋਲਣ ਵਾਲੇ ਆਦੀ , ਜੋ ਚੁੱਪ ਚਾਪ ਦੇ ਨੇ। ਆਪਸ ਵਿੱਚ ਲੋਕਾਂ ਨੂੰ ਜੋ ਉਲਝਾਉਣ 'ਵਿਜੇ' ਉਹ ਵੀ ਸਾਡੇ ਰਹਿਬਰ ਅੱਜ ਕੱਲ ਟਾਪ ਦੇ ਨੇ ।

ਇਕਬਾਲ ਨਾਮਾ

ਪੈਸਾ, ਪਦਵੀ, ਸ਼ੁਹਰਤ, ਮਨ ਵਿੱਚ ਧਾਰੀ ਬੈਠੇ ਹਾਂ। ਸੋਚ ਤੇਰੀ ਨੂੰ ਦਾਤਾ, ਅਸੀਂ ਵਿਸਾਰੀ ਬੈਠੇ ਹਾਂ। ਤੂੰ ਬਾਬਰ ਜਿਹੇ ਜਾਬਰ ਨਾਲ ਆਢਾ ਲਾਇਆ ਸੀ, ਰਾਜੇ ਸ਼ੀਂਹ, ਮੁਕੱਦਮ ਕੁੱਤੇ, ਆਖ ਸੁਣਾਇਆ ਸੀ। ਬਿਣ ਲੜਿਆਂ ਹੀ ਆਪਾਂ ਬਾਜੀ ਹਾਰੀ ਬੈਠੇ ਹਾਂ, ਹਿਰਸਾਂ ਮਾਰੇ ਬਣ ਸੇਵਕ ਸਰਕਾਰੀ ਬੈਠੇ ਹਾਂ। ਤੂੰ ਪਰ ਪੀੜ ਪਛਾਣੀ, ਤਾਂਹੀ ਪੀਰ ਕਹਾਇਆ ਸੀ, ਹਿੰਦੂ , ਮੁਸਲਿਮ ਨੂੰ ਆਪਣਾ ਕਰਮ ਚੇਤਾਇਆ ਸੀ, ਇੱਕ ਦੂਜੇ ਨੂੰ ਫਿਰ ਅਸੀਂ ਲਲਕਾਰੀ ਬੈਠੇ ਹਾਂ । ਪਤਾ ਨਹੀਂ ਕਿੰਨੀ ਕੁ ਕੀਮਤ, ਤਾਰੀ ਬੈਠੇ ਹਾਂ। ਤੂੰ ਮਲਕ ਭਾਗੋ ਜਿਹੇ ਨਿੰਦੇ, ਲਾਲੋ ਨੂੰ ਵਡਿਆਇਆ, ਜੱਗ ਜਨਨੀ ਨੂੰ ਜੱਗ ਤੇ ਮਾਣ ਦਿਵਾਇਆ ਸੀ। ਅਸੀਂ ਸਿਰਾਂ ਤੇ ਚੁੱਕੀ ਪਾਪ ਦੀ ਖਾਰੀ ਬੈਠੇ ਹਾਂ। ਅੱਜ ਵੀ ਉਸ ਦੀ ਰੋਕੀ ਸੋਚ ਉਡਾਰੀ ਬੈਠੇ ਹਾਂ । ਚੱਤੇ ਪਹਿਰ ਮੋਬਾਈਲਾਂ ਦੇ ਵਿੱਚ ਰੁੱਝੇ ਰਹਿੰਦੇ ਹਾਂ, ਗੁਰਮੁੱਖਾਂ ਦੇ ਕੋਲ ਕਦੇ ਭੁੱਲ ਕੇ ਵੀ ਨਹੀਂ ਬਹਿੰਦੇ ਹਾਂ । ਫੇਸ ਬੁੱਕ ਦੇ ਨਾਲ ਪੱਕੀ ਯਾਰੀ ਪਾਈ ਬੈਠੇ ਹਾਂ, ਆਪਣਿਆਂ ਵਿੱਚ ਉੱਚੀ ਕੰਧ ਉਸਾਰੀ ਬੈਠੇ ਹਾਂ। ਉੱਠਦੇ ਰੋਜ਼ ਗੁਵਾਂਢੋਂ , ਬੜੇ ਜਨਾਜੇ ਤਕਦੇ ਹਾਂ, ਹੱਕ ਪਰਾਇਆ ਮਾਰਨ ਤੋਂ ਮੂਲ ਨਾ ਝੱਕਦੇ ਹਾਂ, ਆਪਣੀ ਰੁਖਸਤ ਹੋਣ ਦੀ ਵਾਰੀ ਭੁੱਲੇ ਬੈਠੇ ਹਾਂ। ਕਬਰਾਂ ਦੇ ਵਿੱਚ ਲੱਤਾਂ, ਬਣੇ ਸ਼ਿਕਾਰੀ ਬੈਠੇ ਹਾਂ। ਪਾਣੀ ਪਵਣ ਪਲੀਤੇ, ਬਾਗ ਉਜਾੜੀ ਜਾਂਦੇ ਹਾਂ, ਆਪਣੇ ਫਰਜਾਂ ਵੱਲੋਂ ਪੱਲਾ ਝਾੜੀ ਜਾਂਦੇ ਹਾਂ, ਵੰਨ ਸੁਵੰਨੀ ਨਿੱਤ ਸਹੇੜ ਬੀਮਾਰੀ ਬੈਠੇ ਹਾਂ. ਗਲੀ ਮੁਹੱਲੇ ਸੀਨੇ ਗੰਦ ਖਿਲਾਰੀ ਬੈਠੇ ਹਾਂ। ਤੇਰੀ ਅਮ੍ਰਿਤ ਬਾਨੀ ਤਪਦੇ ਹਿਰਦੇ ਠਾਰਦੀ ਏ, ਤੇਰੀ ਜੁਗਤੀ ਵਿੱਚ ਮੁਕਤੀ, ਸਾਰੇ ਸੰਸਾਰ ਦੀ ਏ, ਤੇਰਾ ਭਾਣਾ ਮੰਨ ਕੇ ਸੀਨਾ ਠਾਰੀ ਬੈਠੇ ਹਾਂ। ਵਾਂਗ , ਵਿਜੇ, ਦੇ ਸਾਰੇ ਭਰਮ ਨਿਵਾਰੀ ਬੈਠੇ ਹਾਂ।

  • ਮੁੱਖ ਪੰਨਾ : ਵਿਜੇ ਕੁਮਾਰ ਅਗਨੀਹੋਤਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ