Punjabi Poetry/Ghazals : Ulfat Bajwa
ਪੰਜਾਬੀ ਗ਼ਜ਼ਲਾਂ : ਉਲਫ਼ਤ ਬਾਜਵਾ
1. ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ ਇਸ ਮਗਰੋਂ ਸੌ ਚੰਦ ਚੜ੍ਹਾਇਆ ਮਜ੍ਹਬਾਂ ਨੇ 'ਮਾਣਸ ਕੀ ਇੱਕ ਜਾਤ' ਪਛਾਣੇ ਕੌਣ ਭਲਾ ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ ਵੇਦ-ਕਤੇਬਾਂ ਵਿੱਚ ਹੈ ਪਾਠ ਮੁਹੱਬਤ ਦਾ ਪਰ ਨਫ਼ਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ ਨਾਨਕ ਤੇਰੀ 'ਤੇਰਾ ਤੇਰਾ' ਕੌਣ ਸੁਣੇ 'ਮੈਂ ਮੇਰੀ' ਦਾ ਸ਼ੋਰ ਮਚਾਇਆ ਮਜ੍ਹਬਾਂ ਨੇ ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਂਦਾ ਨਹੀਂ ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ
2. ਜੀ ਕਰਦੈ ਮੈਂ ਪੱਧਰੇ ਹੋਵਾਂ ਬਾਰਿਸ਼ ਵਿਚ
ਜੀ ਕਰਦੈ ਮੈਂ ਪੱਧਰੇ ਹੋਵਾਂ ਬਾਰਿਸ਼ ਵਿਚ ਮਨ ਅਪਣੇ ਦੀ ਕਾਲਮ ਧੋਵਾਂ ਬਾਰਿਸ਼ ਵਿਚ ਤੇਰੇ ਕੋਲ ਕਦੇ ਜੇ ਹੋਵਾਂ ਬਾਰਿਸ਼ ਵਿਚ ਬੱਦਲ ਵਾਂਗੂੰ ਛਮ-ਛਮ ਰੋਵਾਂ ਬਾਰਿਸ਼ ਵਿਚ ਅੰਦਰ ਬਾਹਰ ਹੰਝੂਆਂ ਦਾ ਮੀਂਹ ਪੈਂਦਾ ਹੈ ਕਿੱਥੇ ਅਪਣਾ-ਆਪ ਲਕੋਵਾਂ ਬਾਰਿਸ਼ ਵਿਚ ਕੱਚ ਕੋਠੇ ਵਾਗੂੰ ਕਿਉਂ ਦਿਲ ਢਾਵ੍ਹਾਂ ਮੈਂ ਕਿਉਂ ਨਾ ਪਰਬਤ ਵਾਂਗ ਖਲੋਵਾਂ ਬਾਰਿਸ਼ ਵਿਚ ਅੰਦਰ ਦੀ ਅੱਗ ਅੰਦਰ ਬਹਿਣ ਨਹੀਂ ਦਿੰਦੀ ਦਿਲ ਸੜਦੈ ਜੇ ਬਾਹਰ ਹੋਵਾਂ ਬਾਰਿਸ਼ ਵਿਚ ਮੋਰ - ਪਪੀਹੇ ਗੀਤ ਖ਼ੁਸ਼ੀ ਦੇ ਗਾਉਂਦੇ ਨੇ ਮੈਂ ਕਿਉਂ ਗ਼ਮ ਦੀ ਚੱਕੀ ਝੋਵਾਂ ਬਾਰਿਸ਼ ਵਿਚ ਜਾਮ ਖ਼ੁਸ਼ੀ ਦੇ ਭਰ ਕੇ ਘੱਲੇ ਕੁਦਰਤ ਨੇ ਮੈਂ ਕਿਉਂ ਅੱਖਾਂ ਭਰ ਕੇ ਰੋਵਾਂ ਬਾਰਿਸ਼ ਵਿਚ 'ਗੜ੍ਹਦੀ ਵਾਲੇ' ਜਾਵਾਂਗੇ 'ਦੀਦਾਰ' ਲਈ ਰਸਤੇ ਬੇਸ਼ਕ ਰੋਕੇ ਚੋਵਾਂ ਬਾਰਿਸ਼ ਵਿਚ ਪੌਣ ਸੁਨੇਹਾ ਲੈ ਕੇ ਤੇਰਾ ਆਈ ਹੈ ਮੈਂ ਕਿਉਂ ਦਿਲ ਦਾ ਬੂਹਾ ਢੋਵਾਂ ਬਾਰਿਸ਼ ਵਿਚ ਵੇਖੋ 'ਉਲਫ਼ਤ' ਮਲਬੇ ਹੇਠ ਕਦੋਂ ਦਬਦੈ ਉਠ ਉਠ ਲੈਣ ਗੁਆਂਢੀ ਸੋਵਾਂ ਬਾਰਿਸ਼ ਵਿਚ
3. ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ
ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ ਆਵਾਂ, ਜਾਵਾਂ, ਜਾ ਕੇ ਆਵਾਂ ਦੁਨੀਆ ਵਿਚ ਕਿਉਂ ਦਿਲ ਛੱਡਾਂ ਕਿਉਂ ਘਬਰਾਵਾਂ ਦੁਨੀਆ ਵਿਚ ਰੋਣ ਮਿਲੇ ਤਾਂ ਵੀ ਮੁਸਕਾਵਾਂ ਦੁਨੀਆ ਵਿਚ ਬੰਦਿਆਂ ਨਾਲ ਭਰੀ ਹੈ ਦੁਨੀਆ ਨੱਕੋ-ਨੱਕ, ਪਰ ਹੈ ਬੰਦਾ ਟਾਵਾਂ ਟਾਵਾਂ ਦੁਨੀਆ ਵਿਚ ਜ਼ੁਲਫ਼ ਘਟਾਵਾਂ ਵੇਖਾਂ ਜਾਂ ਦੁਖੀਆਂ ਦੇ ਨੈਣ, ਕਿੰਨੀਆਂ ਨੇ ਦਿਲ ਸੋਜ਼ ਘਟਾਵਾਂ ਦੁਨੀਆ ਵਿਚ ਪੰਡਤ, ਭਾਈ ਆਪ ਗੁਆਚੇ ਫਿਰਦੇ ਨੇ, ਦੱਸੇ ਕੌਣ ਤੇਰਾ ਸਿਰਨਾਵਾਂ ਦੁਨੀਆ ਵਿਚ ਮੇਰੇ ਸਿਰ 'ਤੇ ਛਾਂ ਹੈ ਤੇਰੀ ਰਹਿਮਤ ਦੀ, ਫ਼ਾਨੀ ਧੁੱਪਾਂ, ਫ਼ਾਨੀ ਛਾਵਾਂ ਦੁਨੀਆ ਵਿਚ ਝੋਲੀ ਚੁੱਕਾਂ ਨੂੰ ਚੁੱਕ ਰੱਬਾ ਧਰਤੀ ਤੋਂ, ਬੇਸ਼ਕ ਲੱਖਾਂ ਭੇਜ ਬਲਾਵਾਂ ਦੁਨੀਆ ਵਿਚ ਓਟ ਪਰਾਈ ਲੈ ਕੇ ਰਾਹ ਵਿਚ ਅਟਕੀਂ ਨਾ, ਬੇਸ਼ਕ ਝੁੱਲਣ ਤੇਜ਼ ਹਵਾਵਾਂ ਦੁਨੀਆ ਵਿਚ ਹਰ ਇਕ ਮੈਥੋਂ ਈਨ-ਮਨਾਉਈ ਚਾਹੁੰਦਾ ਹੈ, ਕਿਸ ਕਿਸ ਨੂੰ ਮੈਂ ਸੀਸ ਝੁਕਾਵਾਂ ਦੁਨੀਆ ਵਿਚ ਰੋਈਆਂ ਨੇ ਗ਼ਮਗੀਨ ਘਟਾਵਾਂ ਦੁਨੀਆ 'ਤੇ, ਝੁੱਲੀਆਂ ਨੇ ਦਿਲ ਸੋਜ਼ ਹਵਾਵਾਂ ਦੁਨੀਆ ਵਿਚ ਯਾਰ ਮੇਰੇ ਦਾ ਘਰ ਹੈ 'ਉਲਫ਼ਤ' ਇਹ ਦੁਨੀਆ, ਕਿਉਂ ਨਾਂ ਮੁੜ ਮੁੜ ਫੇਰੇ ਪਾਵਾਂ ਦੁਨੀਆ ਵਿਚ
4. ਪੇਸ਼ਾਵਰ 'ਚ ਕਤਲ ਹੋਏ ਬੱਚਿਆਂ ਦੇ ਨਾਮ
ਜੋ ਅੱਤਿਆਚਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਜੋ ਨਰ ਸੰਘਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਚਿਣੇ ਦੀਵਾਰ ਵਿਚ ਬੱਚਿਆਂ ਦਾ ਗ਼ਮ ਵੀ ਸੀ ਬੜਾ ਦਿਲ ਨੂੰ ਜੋ ਗ਼ਮ ਇਸ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਬੁਰਾ ਹੋਵੇ ਸਿਆਸਤ ਦਾ ਨਾ ਬਖ਼ਸ਼ੇ ਬਾਲ ਵੀ ਜਿਸ ਨੇ ਜੋ ਕੋਝਾ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਲਹੂ ਪੀਂਦਾ ਰਿਹਾ ਹੈ ਆਦਮੀ ਦਾ ਆਦਮੀ ਐਪਰ ਜੋ ਅੱਜ ਖੂੰਖਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਪਸ਼ੂ ਨਾਲੋਂ ਵੀ ਕੋਝੀ ਹੋ ਗਈ ਕਰਤੂਤ ਮਾਨਸ ਦੀ ਜੋ ਅੱਜ ਕਿਰਦਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਜਨੂੰਨ ਏਨਾ ਹੈ ਮਜ਼੍ਹਬਾਂ ਦਾ ਕਿ ਦੁਨੀਆਂ ਹੋ ਗਈ ਪਾਗਲ ਜੋ ਭੂਤ ਅਸਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ ਸੁਣੇ ਜਾਂਦੇ ਨਹੀਂ ਰੋਣੇ ਗਮਾਂ ਮਾਰੀ ਲੁਕਾਈ ਦੇ ਜੋ ਦਿਲ ਬੇਜ਼ਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ
5. ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ
ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ ਮਹਿਲਾਂ ਵਿਚ ਸੀ ਦਿਲ ਉਪਰਾਮ ਫ਼ਕੀਰਾਂ ਦਾ ਮੌਤ-ਸੁਨੇਹਾ ਆਇਆ ਜਦ, ਮੁੜ ਜਾਵਾਂਗੇ, ਦੇਸ ਪਰਾਏ ਵਿਚ ਕੀ ਜ਼ੋਰ ਸਫ਼ੀਰਾਂ ਦਾ ਸਾਨੂੰ ਨਿੱਡਰ ਕੀਤਾ ਮੌਤ ਜਿਹੀ ਭੁੱਖ ਨੇ, ਸਾਨੂੰ ਡਰ ਕੀ ਜੇਲ੍ਹਾਂ ਦਾ ਜ਼ੰਜੀਰਾਂ ਦਾ ਲੀਰਾਂ ਲੀਰਾਂ ਕਰ ਛੱਡਿਆ ਦਿਲ ਯਾਦਾਂ ਨੇ, ਦਿਲ ਹੈ ਗ਼ਮ ਦੀ ਖਿੱਦੋ, ਗੋਲ਼ਾ ਲੀਰਾਂ ਦਾ ਬਾਜਾਂ ਵਾਲੇ ਦਾ ਹੱਥ ਸਾਡੇ ਸਿਰ ’ਤੇ ਹੈ, ਸਾਡੇ ਸਿਰ ’ਤੇ ਸਾਇਆ ਹੈ ਸ਼ਮਸ਼ੀਰਾਂ ਦਾ ਲੋਕ ਗ਼ੁਲਾਮੀ ਨੂੰ ਵੀ ਭਾਣਾ ਮੰਨਦੇ ਨੇ, ਕੌਣ ਕਰੇ ਛੁਟਕਾਰਾ ਇਹਨਾਂ ਕੀਰਾਂ ਦਾ ਦੇਸ ਮੇਰੇ ਵਿਚ ਲੱਖਾਂ ਰਾਹੂ ਕੇਤੂ ਨੇ, ਮਿਹਨਤ ਕੀਕਰ ਬਦਲੇ ਰੁਖ਼ ਤਕਦੀਰਾਂ ਦਾ ਸਾਡੇ ’ਤੇ ਜੋ ਗੁਜਰੀ ਹੱਸ ਕੇ ਝੱਲਾਂਗੇ, ਬੁਜ਼ਦਿਲ ਰੋਣੇ ਰੋਂਦੇ ਨੇ ਤਕਦੀਰਾਂ ਦਾ ਤੀਰ ਨਜ਼ਰ ਦੇ ਲੱਖਾਂ ਦਿਲ ਵਿਚ ਅਟਕ ਗਏ, ਦਿਲ ਹੈ ਮੇਰਾ ਜਾਂ ਇਹ ਤਰਕਸ਼ ਤੀਰਾਂ ਦਾ ਦੁਨੀਆ ਵਿਚ ਦਿਲ ਲਾ ਕੇ ‘ਉਲਫ਼ਤ’ ਬੈਠ ਗਿਓਂ, ਰਾਹ ਵਿਚ ਬਹਿਣਾ ਕੰਮ ਨਹੀਂ ਰਾਹਗੀਰਾਂ ਦਾ
6. ਸਾਰਾ ਆਲਮ ਪਰਾਇਆ ਲਗਦਾ ਹੈ
ਸਾਰਾ ਆਲਮ ਪਰਾਇਆ ਲਗਦਾ ਹੈ ਜਾਣ ਦਾ ਵਕਤ ਆਇਆ ਲਗਦਾ ਹੈ ਦਿਲ ਜੋ ਤੇਰਾ ਕਿਤੇ ਨਹੀਂ ਲਗਦਾ, ਤੂੰ ਕਿਤੇ ਦਿਲ ਲਗਾਇਆ ਲਗਦਾ ਹੈ ਪਿਆਰ ਦੀ ਬੂੰਦ ਤਕ ਨਹੀਂ ਮਿਲਦੀ, ਦਿਲ ਯੁਗਾਂ ਦਾ ਤਿਆਇਆ ਲਗਦਾ ਹੈ ਖ਼ਾਬ ਲਗਦਾ ਏ ਹੁਣ ਵਜੂਦ ਆਪਣਾ, ਉਡਦੇ ਪੰਛੀ ਦਾ ਸਾਇਆ ਲਗਦਾ ਹੈ ਆਣ ਬੈਠਾਂ ਏਂ ਜੀਂਦੇ ਜੀ ਕਬਰੀਂ ਤੈਨੂੰ ਜਗ ਨੇ ਸਤਾਇਆ ਲਗਦਾ ਹੈ ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ ਤੂੰ ਕਿਤੇ ਦਿਲ ਗੁਆਇਆ ਲਗਦਾ ਹੈ ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ ਉਸ ਨੇ ਤੈਨੂੰ ਭੁਲਾਇਆ ਲਗਦਾ ਹੈ
7. ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ
ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ ਤੇਰੇ ਜੋਬਨ ਦਾ ਫੁਲ ਕੁਮਕਾਉਣ ‘ਤੇ ਉਡ ਜਾਣਗੇ ਭੌਰੇ, ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ, ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ, ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ ਘਰੋਂ ਕਢਦੇ ਹੋ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ, ਜਦੋਂ ਮੁੜ ਕੇ ਨਾ ਮੈਂ ਆਇਆਂ ਤਾਂ ਮੇਰੀ ਯਾਦ ਆਏਗੀ| ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ, ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ, ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫ਼ਤ’ ਨੂੰ, ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਉਲਫ਼ਤ’ ਦੀ ਨਿਸ਼ਾਨੀ ਹੈ, ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ
8. ਮੰਨਿਆ ਜਹਾਨ ਰਹਿਣ ਦੇ ਕਾਬਿਲ ਨਹੀਂ ਰਿਹਾ
ਮੰਨਿਆ ਜਹਾਨ ਰਹਿਣ ਦੇ ਕਾਬਿਲ ਨਹੀਂ ਰਿਹਾ ਸਾਨੀ ਵੀ ਕੋਈ ਏਸ ਦਾ ਪਰ ਮਿਲ ਨਹੀਂ ਰਿਹਾ ਦਿਲਬਰ ਨਹੀਂ ਰਿਹਾ ਕਿ ਹੁਣ ਉਹ ਦਿਲ ਨਹੀਂ ਰਿਹਾ, ਇਹ ਜੀਣ ਵੀ ਹੁਣ ਜੀਣ ਦੇ ਕਾਬਿਲ ਨਹੀਂ ਰਿਹਾ ਮੈਂ ਜਿਸ ਦਾ ਮਾਰਾ ਜੀ ਰਿਹਾਂ ਕਿੱਥੇ ਉਹ ਮਰ ਗਿਆ, ਮਕਤੂਲ ਜ਼ਿੰਦਾ ਰਹਿ ਗਿਆ ਕਾਤਿਲ ਨਹੀਂ ਰਿਹਾ ਮੌਸਮ ਤੇਰੇ ਸ਼ਬਾਬ ਦਾ ਜੇ ਤੁਰ ਗਿਆ ਤਾਂ ਕੀ, ਇਹ ਤਾਂ ਨਹੀਂ ਤੂੰ ਪਿਆਰ ਦੇ ਕਾਬਿਲ ਨਹੀਂ ਰਿਹਾ ਦੁਨੀਆਂ ਨੇ ਮਿਲਣੋਂ ਰੋਕਿਆ ਖ਼ਾਬਾ ਨੇ ਮੇਲਿਆ, ਮੁਸ਼ਕਿਲ ਸੀ ਤੇਰਾ ਮੇਲ ਜੋ ਮੁਸ਼ਕਿਲ ਨਹੀਂ ਰਿਹਾ ਹਾਸਿਲ ਜਦੋਂ ਦੀ ਹੋ ਗਈ ਦੌਲਤ ਅਦੀਬ ਨੂੰ, ਘਨ ਤੇ ਅਬੂਰ ਓਸ ਨੂੰ ਹਾਸਿਲ ਨਹੀਂ ਰਿਹਾ 'ਉਲਫ਼ਤ' ਤੇਰਾ ਮਿਲਾਪ ਵੀ ਇਹ ਕਾਹਦਾ ਮਿਲਾਪ ਹੈ, ਮਿਲਿਆਂ ਵੀ ਏਂ ਪਰ ਮਿਲ ਕੇ ਵੀ ਤੂੰ ਮਿਲ ਨਹੀਂ ਰਿਹਾ
9. ਦਿਲੋਂ ਦੁਸ਼ਮਣ ਨੇ ਇਹ ਤੇਰੇ ਇਨ੍ਹਾਂ ਯਾਰਾਂ ਤੋਂ ਕੀ ਲੈਣਾ
ਦਿਲੋਂ ਦੁਸ਼ਮਣ ਨੇ ਇਹ ਤੇਰੇ ਇਨ੍ਹਾਂ ਯਾਰਾਂ ਤੋਂ ਕੀ ਲੈਣਾ ਇਹ ਗ਼ਮ ਤੇਰਾ ਵਧਾਂਦੇ ਨੇ ਤੂੰ ਗ਼ਮਖਾਰਾਂ ਤੋਂ ਕੀ ਲੈਣਾ ਤੇਰੇ ਘਰ ਵਿਚ ਹੀ ਤੇਰੇ ਨਾਲ ਜਦ ਨਹੀਂ ਬੋਲਦਾ ਕੋਈ, ਤੂੰ ਇਟ ਪੱਥਰਾਂ ਤੋਂ ਕੀ ਲੈਣਾ ਤੂੰ ਦੀਵਾਰਾਂ ਤੋਂ ਕੀ ਲੈਣਾ ਇਹ ਸੋਹਣੇ ਗੁਲਬਦਨ ਸੋਹਣੇ ਤਾਂ ਬਸ ਸੋਹਣੇ ਹੀ ਸੋਹਣੇ ਨੇ, ਕਿਸੇ ਰੁੱਖ ਹੇਠ ਬਹਿ ਜਾ ਕੇ ਤੂੰ ਗੁਲਜ਼ਾਰਾਂ ਤੋਂ ਕੀ ਲੈਣਾ ਅਮੀਰਾਂ ਨਾਲ ਪਾ ਯਾਰੀ ਜੇ ਤੈਨੂੰ ਲੋਭ ਪੇਸੇ ਦਾ, ਤੂੰ ਬੇਜ਼ਰ ਬੇਸਰੋਸਾਮਾਂ ਗ਼ਜ਼ਲਕਾਰਾਂ ਤੋਂ ਕੀ ਲੈਣਾ ਕਲਮ ਦੇ ਨਾਲ ਜਿੱਤ ਦੁਨੀਆਂ ਤੂੰ ਫੜ ਹਥਿਆਰ ਉਲਫ਼ਤ ਦਾ, ਤੂੰ ਤਰਸ਼ੂਲਾਂ ਤੋਂ ਕੀ ਲੈਣਾ ਤੂੰ ਤਲਵਾਰਾਂ ਤੋਂ ਕੀ ਲੈਣਾ ਕਵੀ ਸਰਕਾਰੀਆ ਬਣ ਕੇ ਜ਼ਮੀਰ ਅਪਣੀ ਨਾ ਮਾਰੀਂ ਤੂੰ, ਇਨਾਮਾਂ ਤੋਂ ਕੀ ਲੈਣਾ ਤੂੰ, ਤੂੰ ਸਰਕਾਰਾਂ ਤੋਂ ਕੀ ਲੈਣਾ ਤੂੰ ਸ਼ਾਇਰ ਏਂ ਗ਼ਰੀਬਾਂ ਦਾ ਗਰੀਬਾਂ ਨਾਲ ਰਹਿ 'ਉਲਫ਼ਤ' ਤੂੰ ਧਨਵਾਨਾਂ ਤੋਂ ਕੀ ਲੈਣਾ ਤੂੰ ਜ਼ਰਦਾਰਾਂ ਤੋਂ ਕੀ ਲੈਣਾ
10. ਫ਼ਾਨੀ ਜਹਾਂ ਮੇਂ ਕੋਈ ਸ਼ੈਅ ਰਹੀ ਨਹੀਂ
ਉਸ ਚੀਜ਼ ਕੀ ਕਮੀ ਹੈ ਜੋ ਚੀਜ਼ ਹੀ ਨਹੀਂ ਵਰਨਾ ਕਿਸੀ ਭੀ ਚੀਜ਼ ਕੀ ਮੁਝ ਕੋ ਕਮੀ ਨਹੀਂ ਰਹਿਨੇ ਕੋ ਰਹਿ ਰਹਾ ਹੂੰ ਮਗਰ ਜਾਨਤਾ ਭੀ ਹੂੰ, ਫ਼ਾਨੀ ਜਹਾਂ ਮੇਂ ਰਹਿ ਕੇ ਭੀ ਕੋਈ ਸ਼ੈਅ ਰਹੀ ਨਹੀਂ ਮੁਨਸਿਫ਼ ਨੇ ਕਤਲੇ ਆਮ ਕੇ ਇਨਸਾਫ਼ ਕਰ ਦੀਆਂ, ਮਕਤੂਲ ਹੈਂ ਸਬੀ ਯਹਾਂ ਕਾਤਿਲ ਕੋਈ ਨਹੀਂ ਕੰਧੋ ਪੇ ਭੀ ਉਠਾਏ ਹੈ ਜਿਸੇ ਮਾਰਤੀ ਹੈ ਯਿਹ, ਦੁਨੀਆਂ ਬੁਰੀ ਸਹੀ ਮਗਰ ਇਤਨੀ ਬੁਰੀ ਨਹੀਂ ਦਮ ਲੇ ਰਹਾ ਹੂੰ ਹਮਦਮ ਤੇਰੇ ਬਗ਼ੈਰ, ਐ ਜਾਨ-ਇ-ਜਾਂ ਐ ਜ਼ਿੰਦਗੀ ਯਿਹ ਜ਼ਿੰਦਗੀ ਨਹੀਂ ਅੱਛਾ ਥਾ ਆਦਮੀ ਭੀ ਤੂ ਸ਼ਾਇਰ ਭੀ ਖ਼ੂਬ ਥਾ, 'ਉਲਫ਼ਤ' ਕਿ ਤੇਰੀ ਯਾਦ ਕਭੀ ਭੂਲਤੀ ਨਹੀਂ