Punjabi Poetry : Tauqir Reza

ਪੰਜਾਬੀ ਕਵਿਤਾਵਾਂ : ਤੌਕੀਰ ਰਜ਼ਾ



ਹਿੱਕ ਰੰਗ ਮੌਤ ਦਾ

ਹਿੱਕ ਰੰਗ ਮੌਤ ਦਾ ਤੇ ਦੂਜਾ ਰੰਗ ਜੀਉਣ ਦਾ ਦੂਜਾ ਰੰਗ ! ਮੌਤ ਦੀ ਸਲੀਬ ਉਤੇ ਟੰਗਿਆ ਤੀਜਾ ਰੰਗ ਬਿਰਹਾ ਤੇ ਚੌਥਾ ਏ ਮਿਲਾਪ ਦਾ ਚੌਥਾ ਰੰਗ ! ਬਿਰਹਾ ਦੇ ਸੱਪ ਹੱਥੋਂ ਡੰਗਿਆ ਪੰਜਵਾਂ ਏ ਦਿਨ ਦਾ ਤੇ ਛੇਵਾਂ ਰੰਗ ਰਾਤ ਦਾ ਛੇਵਾਂ ਰੰਗ ! ਦਿਨ ਤੋਂ ਉਧਾਰ ਅਸਾਂ ਮੰਗਿਆ ਸਤਵਾਂ ਏ ਮੇਰਾ ਅਤੇ ਅਠਵਾਂ ਏ ਤੇਰਾ ਰੰਗ ਅੱਠਵੇਂ ਦੇ ! ਰੰਗ ਵਿਚ ਹਰ ਰੰਗ ਰੰਗਿਆ

ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਲਿਖੀ ਹਿੱਕ ਗ਼ਜ਼ਲ

ਬੂੰਦੀ, ਬਰਫ਼ੀ, ਸ਼ਗਨ, ਮਿਠਾਈਆਂ ਲੈ ਜਾਵੇ ਕੌਣ ਅਰਾਰੋਂ ਪਾਰ ਵਧਾਈਆਂ ਲੈ ਜਾਵੇ ਆਪਨੜੇ ਨਮਕ ਪਾਰੇ ਸਾਨੂੰ ਦੇ ਜਾਵੇ ਸਾਡੇ ਵੱਲੋ ਨਾਨ ਖ਼ਤਾਈਆਂ ਲੈ ਜਾਵੇ ਨਾਨਕ ਦੇ ਦਰਬਾਰ ਤੇ ਲੱਖ ਲੱਖ ਫੇਰੇ ਪੌਣ ਮਿੱਤਰ ਪਿਆਰਾ ਨੇਕ ਕਮਾਈਆਂ ਲੈ ਜਾਵੇ ਸਾਡਾ ਤਨ ਮਨ ਧਨ ਵੀ ਇਸ ਤੋਂ ਵਾਰੀ ਏ ਆਵੇ ਸੋਹਣਾ ਕੜੇ ਕਲਾਈਆਂ ਲੈ ਜਾਵੇ ਪਤਾ ਨਈਂ ਸਰਕਾਰਾਂ ਕੀ ਕੁੱਝ ਸੋਚਦੀਆਂ ਨੇਂ ਵੇਲ਼ਾ ਸਭ ਦੇ ਦਿਲੋਂ ਬੁਰਾਈਆਂ ਲੈ ਜਾਵੇ

ਚੜ੍ਹਦੇ ਪੰਜਾਬ ਦੇ ਕਿਸਾਨਾਂ ਲਈ

ਅਸਾਂ ਨਿੱਤ ਕੌੜਾਂਦਾਂ ਚੱਟੀਆਂ ਸਾਡੇ ਬੋਝੇ ਟਾਫ਼ੀਆਂ ਖੱਟੀਆਂ ਫੱਟਾਂ ਦੇ ਤਰੋਪੇ ਪੁੱਟ ਕੇ ਚੌਗਿਰਦੇ ਟੀਸਾਂ ਵੱਟੀਆਂ ਅੱਖੀਂ ਆਪ ਘਦੋਈ ਫੇਰ ਕੇ ਉੱਤੇ ਆਪ ਕਰਾਈਆਂ ਪੱਟੀਆਂ ਚੱਕੀ ਦੀਆਂ ਵਾਛਾਂ ਚੀਰ ਕੇ ਕਣਕਾਂ ਪ੍ਰਨਾਲ਼ੀ ਸੱਟੀਆਂ ਅਤੇ ਭੁੱਖ ਦੀ ਨਿਉਂ ਉਸਾਰ ਕੇ ਸ਼ੀਸ਼ੇ ਲਿਸ਼ਕਾਈਆਂ ਹੱਟੀਆਂ ਗ਼ੈਰਾਂ ਦਾ ਮਾਂਜਾ ਰੰਗ ਕੇ ਤੇ ਆਪਣੀਆਂ ਗੁੱਡੀਆਂ ਕੱਟੀਆਂ ਅਤੇ ਜ਼ਖ਼ਮੀ ਉਂਗਲਾਂ ਵੇਖ ਕੇ ਸਾਡੇ ਕੋਲ ਨਾ ਆਈਆਂ ਜੱਟੀਆਂ ਨਾ ਪੁੱਛ ਸਾਡੇ ਝੱਲ ਪੌਣ ਤੋਂ ਕੀ ਕੀ ਘਟਨਾਵਾਂ ਘਟੀਆਂ

ਭਾਂਬੜ

ਲਹੂ ਦਾ ਪਹਿਲਾ ਕਤਰਾ ਵੀ ਮੇਰਾ ਸੀ ਤੇ ਛੇਕੜਾ ਵੀ ਮੇਰਾ ਹੋਵੇਗਾ ਪਹਿਲੀ ਗੋਲੀ ਵੀ ਮੈਂ ਖਾਧੀ ਸੀ ਤੇ ਛੇਕੜੀ ਵੀ ਮੈਂ ਖਾਵਾਂਗਾ ਪਹਿਲਾ ਵੱਟਾ ਵੀ ਮੈਂ ਮਾਰਿਆ ਸੀ ਤੇ ਛੇਕੜਾ ਵੀ ਮੈਂ ਮਾਰਾਂਗਾ ਨਹੁ਼ੰਆਂ ਨਾਲ਼ ਮਾਸ ਨਾ ਖੋਤਰਾਂ ਤੇ ਲੋਕੀ ਕਿਵੇਂ ਸਮਝਣ ਕਿ ਮੇਰੇ ਅੰਦਰ ਦੀ ਅੱਗ ਜਵਾਲਾਮੁਖੀ ਬਣ ਚੁੱਕੀ ਏ ਮੈਂ ਕਦੇ ਵੀ ਫੁੱਟ ਸਕਦਾਂ ਵੇਖੀਂ ਕਿਧਰੇ ਮੈਂ ਤੇਰੇ ਦਰਿਆਵਾਂ ਦਾ ਪਾਣੀ ਨਾ ਪੀ ਜਾਵਾਂ ਤੇਰੇ ਸਾਵੇ ਘਣੇ ਜੰਗਲ ਨਾ ਖਾ ਜਾਵਾਂ ਅੱਗ ਦਾ ਕੋਈ ਇਤਬਾਰ ਨਹੀਂ ਉਹ ਵੀ ਇਸ ਅੱਗ ਦਾ ਜਿਹੜੀ ਪਹਾੜ ਦਾ ਜਿਗਰਾ ਚੀਰ ਸਕਦੀ ਏ ਤੇਰੇ ਮਹਿਲਾਂ ਤੇ ਉੱਚੇ ਚੁਬਾਰਿਆਂ ਦੀ ਕੀ ਔਕਾਤ ਏ ਯਾਦ ਰੱਖੀਂ ਪਹਿਲੀ ਤੀਲ਼ੀ ਵੀ ਮੈਂ ਮਾਚਿਸ ਚੋਂ ਕੱਢੀ ਸੀ ਤੇ ਪਹਿਲਾ ਦੀਵਾ ਵੀ ਮੈਂ ਬਾਲਿਆ ਸੀ ਤੇ ਹਿੱਕ ਦੀਵੇ ਤੇ ਹਿੱਕ ਤੀਲ਼ੀ ਨਾਲ਼ ਭਾਂਬੜ ਮੱਚ ਸਕਦਾ ਏ

ਨੰਗ : (ਸਾਰਾ ਸ਼ਗੁਫ਼ਤਾ ਲਈ)

(ਸਾਰਾ ! ਨਿੱਕੇ ਕੈਨਵਸ ਤੇ ਵੱਡਾ ਦੁੱਖ ਕਿਵੇਂ ਰੰਗੀ ਦਾ ਏ ਇਹ ਕੋਈ ਤੇਰੇ ਤੋਂ ਸਿੱਖੇ ) ਐਥੇ ਸਮਾਜ ਦੀ ਕੁੱਬੜੀ ਕੰਧ ਅੰਦਰ ਥਾਂ ਥਾਂ ਤੇ ਵਿੱਥਾਂ ਨੇਂ ਤੇ ਵਿੱਥਾਂ ਚੋਂ ਖ਼ੰਜ਼ੀਰ ਅੱਖਾਂ ਹਰ ਕਿਸੇ ਦਾ ਕੱਜਿਆ ਹੋਇਆ ਨੰਗ ਵੇਖ ਰਹੀਆਂ ਨੇਂ । ਕੰਧ ਦੇ ਪਾਰ ਹੋਵੇ ਯਾ ਉਰਾਰ ਦੋਵੇਂ ਪਾਸੇ ਹਿਕੋ ਜਿਹਾ ਨੰਗ ਏ । ਨੰਗ ਜਿਹਨੂੰ ਕੱਜਦੇ ਹੋਏ ਹੱਥ ਵੀ ਨੰਗੇ ਨੇਂ ! ਤੱਕਦੀ ਹੋਈ ਅੱਖ ਵੀ ਨੰਗੀ ਏ । ਅੱਖ ! ਜਿਹੜੀ ਐਸ ਨੰਗ ਨੂੰ ਕਬੂਲਣ ਤੋ ਇਨਕਾਰੀ ਏ ਤੇ ਪਲਕਾਂ ਦੀ ਤਾਕੜੀ ਭੀੜ ਕੇ ਸਮਝਦੀ ਏ ਕਿ ਉਹਦਾ ਨੰਗ ਕੱਜਿਆ ਗਿਆ "ਮੈਂ ਨੰਗੀ ਚੰਗੀ" ਕਹਿਣ ਦਾ ਹੌਸਲਾ ਜੇ ਹਰ ਅੱਖ ’ਚ ਹੁੰਦਾ ਤੇ ਵਿੱਥਾਂ ਪਿੱਛੇ ਲੁਕੀਆਂ ਖ਼ੰਜ਼ੀਰ ਅੱਖਾਂ ਦਾ ਨੰਗ ਜੱਗ ਜ਼ਾਹਿਰ ਨਾ ਹੋ ਜਾਂਦਾ ! ("ਮੈਂ ਨੰਗੀ ਚੰਗੀ" ਸਾਰਾ ਸ਼ਗੁਫ਼ਤਾ ਦੀ ਪੰਜਾਬੀ ਕਿਤਾਬ ਦਾ ਨਾਂ )

ਹਿਡਕ

ਚੰਗਾ ਹੋਇਆ ਜੋ ਤੂੰ ਪਰਤ ਕੇ ਨਈਂ ਤੱਕਿਆ ਜੇ ਤੂੰ ਪਿਛਾਂਹ ਮੁੜ ਕੇ ਤੱਕ ਗੇਂਦਿਓਂ ਤੇ ਮੈਨੂੰ ਕੋਈ ਹਿਡਕ ਜਈ ਲੱਗ ਵੈਂਦੀ ਮੈਂਡੀ ਅੱਖੀਆਂ ਚ ਕਿਸੇ ਉਡੀਕਦਾ ਬੁਰ ਜੰਮਦਾ ਰਹਿੰਦਾ ਲੌ ਝੁਰਦੀ ਰਹਿੰਦੀ ਅੰਜ ਖੁਰਦੇ ਰਹਿੰਦੇ ਟੋਰਾ ਲੱਗਾ ਰਹਿੰਦਾ ਤੈਂਡੀਆਂ ਰਾਹਵਾਂ ਤੇ ਚੰਗਾ ਹੋਇਆ ਜੋ ਤੂੰ ਪਰਤ ਕੇ ਨਈਂ ਤੱਕਿਆ ਅੱਜ ਇਹ ਹਿਡਕ ਵੀ ਲਹਿ ਗਈ ਏ !

ਭੁੱਲ ਨਗਰੀ

ਅਸੀਂ ਬਦਕੂਮਾਂ ਜਈਆਂ ਬੁੱਧ ਦੇ ਕੰਨਾਂ ਚੋਂ ਮੁਰਕੀਆਂ ਖੋਹ ( ਮੁਕਤੀ ਦੀ ਰਾਹ ਲੱਭਣ ਟੁਰ ਪਏ ) ਉਂਜੇ ਕਿਸੇ ਮਾਣ ’ਚ ਉਂਜੇ ਕਿਸੇ ਖੋਜ ’ਚ ਸੁਫ਼ਨਿਆਂ ਦੀ ਪਿੱਛਲ ਪੈਰੀ ਪਿੱਛੇ ਲੱਗੇ ਹੋਏ ਹਿੱਕ ਜੀਂਦੀ ਤੇ ਜਾਗਦੀ ਦੁਨੀਆ ਤੋਂ ਤਰੱਠੇ ਹੋਏ ਅਸੀਂ ਇਹ ਕਿਹੜੀ ਭੁੱਲ ਨਗਰੀ ’ਚ ਆ ਵੜੇ ਆਂ ਜਿਦਾ ਕੁਈ-ਸਿੱਧ ਏ ਨਾ ਅਪੁਠ ਨਾ ਕੁਈ-ਰਾਹ ਏ ਨਾ ਖਾੜ੍ਹਾ ਜਿਥੋਂ ਤਕ ਦਿਸ ਪੌਂਦੀ ਏ ਨਾ ਬੰਦਾ, ਨਾ ਬੰਦੇ ਦੀ ਜ਼ਾਤ ( ਐਥੇ ਅਸੀਂ ! ਬੁਧ ਦੀਆਂ ਮੁਰਕੀਆਂ ਕਿਹਨੂੰ ਵੇਚਾਂਗੇ

ਜ਼ਿੰਦਗੀ

ਜ਼ਿੰਦਗੀ ਬਹੂੰ ਦੂਰੋਂ ਟੁਰ ਕੇ ਆਈ ਏ ਅਤੇ ਸਾਡੇ ਬੂਹੇ ਅੱਗੇ ਪੈਰ ਪਸਾਰ ਕੇ ਬਹਿ ਰਈ ਏ ਭੱਜ ਕੇ ਵੰਜ ਨਿੱਕਿਆ ਬਠਲੀ ਚ ਪਾਣੀ ਭਰ ਕੇ ਆਣ ਜ਼ਿੰਦਗੀ ਨੂੰ ਬਹੂੰ ਤ੍ਰੇਹ ਲੱਗੀ ਏ ਜ਼ਿੰਦਗੀ ਬਹੂੰ ਦੂਰੋਂ ਟੁਰ ਕੇ ਆਈ ਏ

ਆਜੜੀ

ਆਜੜੀ ਸ਼ੋਹਦਾ ਕੀ ਜਾਣੇਂ ਜੋ ਜ਼ਿਮੀ ਦੇ ਐਸ ਟੋਟੇ ਦੀ ਰਜਿਸਟਰੀ ਕਿਸ ਚੌਧਰੀ ਦੇ ਨਾਂ ਏਂ ਔਸ ਬੰਨੇ ਤੋਂ ਪਰਾਂ੍ਹ ਕਿਹੜੇ ਨੰਬਰਦਾਰ ਦੀ ਢੋਕ ਏ ਤੇ ਅਮਰੂਦਾਂ ਦਾ ਬਾਗ਼ ਕਿਹੜੇ ਰਾਜੇ ਮਹਾਰਾਜੇ ਦੀ ਮਿਲਕੀਅਤ ਏ ਐਸ ਬੈਰੀ ਦੇ ਸਾਊ ਬੈਰ ਕਿਹੜੇ ਜ਼ਿੰਮੀਦਾਰ ਦੇ ਨੇਂ ਅਤੇ ਢਾਂਗੇ ਨਾਲ਼ ਬੈਰੀ ਦੀ ਟਾਹਣ ਝੁਲੇਂਦਾ ਆਜੜੀ ਸ਼ੋਹਦਾ ਕੀ ਜਾਣੇ ਜੋ ਧੰਮੀ ਵੇਲੇ ਐਸੇ ਬੈਰੀ ਤੇ ਉਹਦੀ ਲਾਸ਼ ਟੰਗੀਣੀ ਏਂ ? ਤੇ ਭੇਡਾਂ ਬੱਕਰੀਆਂ ਦਾ ਉਹਦਾ ਅੱਜੜ ਬੈਰੀ ਦੇ ਚਹੁੰ ਪੱਤਰਾਂ ਪਿੱਛੇ ਕੁਰਬਾਨ ਹੋ ਵੈਣਾ ਵੇ ਅਤੇ ਕਚਹਿਰੀ ਚ ਵੱਡੇ ਹਾਜੀ ਹੋਰਾਂ ਦਾ ਪੁੱਤਰ ਆਪ ਵਕੀਲ ਏ

ਖਰੇਹਡੇ

ਫਾਟਕ ਦੇ ਹਿੱਕ ਪਾਸੇ ਤੂੰ ਖਲੋਤੀ ਏਂ ਤੇ ਫਾਟਕ ਦੇ ਦੂਜੇ ਪਾਸੇ ਮੈਂ ਅਤੇ ਵਿਚਕਾਰ ਪਟੜੀ ਤੇ ਅੱਧ ਸੁੱਤਾ ਅੱਧ ਮੋਇਆ, ਘੜੀ ਮੁੜੀ ਜਾਗਦਾ ਹੋਇਆ ਡਰ ਡਰਦਾ ਜਿੰਨਾ ਵੀ ਸੋਹਣਾ ਨਾਂ ਰੱਖ ਲਵੋ ! ਡਰ ਡਰ ਈ ਰਹਿੰਦਾ ਏ ਤੂੰ ਉਹਨੂੰ ਭੈ ਆਖਦੀ ਐਂ ਤੇ ਮੈਂ ਭਉ ਕੀ ਫ਼ਰਕ ਪੈਂਦਾ ਏ ਭਗਲੀ ! ਮੋਹਢਿਆਂ ਤੇ ਕੰਡੀ ਉੱਤੇ ਲੱਗੇ ਫੱਟ ਤੇ ਲੁਕਾ ਸਕਦੀ ਏ ਪਰ ਲੀੜਿਆਂ ਚੋਂ ਲਹੂ ਦੀ ਮਹਿਕ ! ਸਰਫ਼ਾਂ, ਸਬੂਣਾਂ ਨਾਲ਼ ਮਲ ਕੇ ਧੋਤਿਆਂ ਵੀ ਨਹੀਂ ਮਰਦੀ ਵੇਖ ਪਟੜੀ ਦੇ ਲਾਗੇ ਲਾਗੇ ਕੁਵਾਰਗੰਦਲਾਂ ਦੇ ਬੂਟੇ ਕਿੰਨੇ ਸੋਹਣੇ ਪਏ ਲਗਦੇ ਨੇਂ ਚੱਲ ਅੱਜ ਫ਼ਿਰ ਨਵੇਂ ਜ਼ਖ਼ਮਾਂ ਉੱਤੇ ਕੁਵਾਰਗੰਦਲ ਦੀ ਲੇਸ ਮਲੀਏ ਤੇ ਪੁਰਾਣੇ ਖਰੇਹਡਿਆਂ ਨੂੰ ਛਿਲ ਕੇ ਨਵੇਂ ਜ਼ਖ਼ਮ ਬਣਾਈਏ ਅਤੇ ਫਾਟਕ ਦੇ ਕੰਢਿਆਂ ਉੱਤੇ ਕੁਵਾਰਗੰਦਲਾਂ ਦੇ ਬੂਟੇ ਲਾਈਏ ਦਾਰੂ ਵੀ ਨਈਂ ਰੁਕਣੀ ਚਾਈਦੀ ਫੱਟ ਵੀ ਨਈਂ ਮਰਨੇ ਚਾਈਦੇ ਕੀ ਹੋਇਆ ਜੇ ਤੂੰ ਐਧਰ ਨਈਂ ਆ ਸਕਦੀ ਤੇ ਮੈਂ ਫਾਟਕ ਦੀ ਲਾਲ਼ ਝੰਡੀ ਨੂੰ ਸਾਵਾ ਨਈਂ ਕਰ ਸਕਦਾ ਪਰ ਪਟੜੀਓ ਪਟੜੀ ਸ਼ੂਕਦੀ ਰੇਲ ਗੱਡੀ ਦੇ ਹੱਥ ਅਸੀਂ ਹਿੱਕ ਦੂਜੇ ਦੇ ਜ਼ਖ਼ਮਾਂ ਦਾ ਦਾਰੂ ਤੇ ਕਰ ਸਕਦੇ ਆਂ ਖਰੇਹਡਿਆਂ ਨੂੰ ਛਿਲ ਤੇ ਸਕਦੇ ਆਂ ਭਾਂਵੇਂ ਔਸ ਤਰਾਂ ਨਾ ਸਹੀ ਐਸ ਤਰਾਂ ! ਮਿਲ਼ ਤੇ ਸਕਦੇ ਆਂ ?

ਪਤਾ ਨਈਂ ਕਿਉਂ

ਪਤਾ ਨਈਂ ਕਿਉਂ ਅਸੀਂ ਪੰਗਰ ਨਾਂਹ ਸਕੇ ਵੱਧ ਫਲ਼ ਨਾਂਹ ਸਕੇ ਪਤਾ ਨਈਂ ਸ਼ੈਦ ਸਾਡੇ ਪੁਰਖਾਂ ਦੇ ਜ਼ੀਨਜ਼ ਵਿਚ ਕੋਈ ਕਮੀ ਆਈ ਜਿਹੜੀ ਸਾਡੇ ਤੋੜੀਂ ਆਉਂਦਿਆਂ ਆਉਂਦਿਆਂ ਹੋਰ ਵਧੇਰੀ ਹੋ ਗਈ ਏ ਸਾਡੇ ਅੰਜ ਪਰਾਣਾ ਚ ਉੱਕਾ ਸਾਹ ਸੱਤ ਕੋਈ ਨਈਂ ਰਿਹਾ ਸਾਡੇ ਹੱਥ ਤੈ ਪੈਰ ਸੁੰਨ ਹੋ ਗਏ ਨੇਂ ਪਤਾ ਨਈਂ ਕਿਉਂ ਵੇਲੇ ਦੀ ਕਲਹਿਣ ਦੇ ਸਾਮ੍ਹਣੇ ਅਸੀਂ ਹੱਲ ਨਾਂਹ ਸਕੇ ਪਤਾ ਨਈਂ ਕਿਉਂ ਅਸੀਂ ਪੰਗਰ ਨਾਂਹ ਸਕੇ ਵੱਧ ਫਲ਼ ਨਾਂਹ ਸਕੇ

ਧੁੱਦਲ

ਧੁੱਦਲ ਫੁੱਟੀ ਵਾਛਾਂ ਵਿਚੋ ਨਾਸਾਂ ਵਿਚੋ ਧੁੱਦਲ ਫੁੱਟੀ ਧੁੱਦਲ ਕਨੂੰਨੀਆਂ ਵਿਚੋਂ ਨਿਕਲੀ ਧੁੱਦਲ ਅੰਦਰੋਂ ਬਾਹਰੋਂ ਉੱਠੀ ਧੁੱਦਲ ਜਾਗੀ ! ਧੁੱਦਲ ਅੱਖ ਦੀ ਰੁਚਣੀ ਖਾ ਕੇ ਪਿਪਲੂਆਂ ਉੱਤੇ ਜਾਲੇ ਉਣਦੀ ਸੜਕਾਂ ਉੱਤੇ ਪੈਲਾਂ ਪੌਂਦੀ ਚਾਰ ਚੁਫ਼ੇਰੇ ਖਿਲਰ ਗਈ ਏ ਧੁੱਦਲ ਦੇ ਐਸ ਘਾਉ ਮਾਉ ਅੰਦਰ ਰੱਬ ਦੀ ਸ਼ਕਲ ਪਛਾਣ ਨਾਂਹ ਹੁੰਦੀ ਧੁੱਦਲ ਕਦੇ ਨਾਂਹ ਮੂਲ ਖਲੋਂਦੀ ।। ਧੁੱਦਲ , ਧੁੱਦਲ ! ਉੱਭੇ ਲੰਮੇ , ਉੱਤੇ ਥੱਲੇ ਹਿੱਕ ਜਈ ਧੁੱਦਲ ਜੁੱਸੇ ਦੀ ਹਿੱਕ ਰਗ ਰਗ ਅੰਦਰ ਨਾੜਾਂ ਅੰਦਰ , ਨਾੜਾਂ ਦੀ ਦੀਵਾਰਾਂ ਅੰਦਰ ( ਸਬਜ਼ੇ ਅੰਦਰ , ਨੀਲੇ ਅੰਦਰ ) ਸਿਰਕੰਡਿਆਂ ਦੇ ਕਾਨਿਆਂ ਅੰਦਰ ਕਾਨਿਆਂ ਦੇ ਹਰ ਤੀਲੇ ਅੰਦਰ ਹਰ ਪਾਸਿਓਂ ਬੱਸ ਹਿਕੋ ਧੁੱਦਲ ਜਾਗ ਰਈ ਏ ਵਸਤੀ ਦੇ ਸਭ ਢੋਰੇ ਡੰਗਰ , ਚੌਖਰ ਵਹਿਤਰ ਡਰ ਕੇ ਭੱਜ ਗਏ ਬਾਕੀ ਖ਼ਲਕਤ ਸੁੱਤੀ ਪਈ ਏ ਸੁੱਤਿਆਂ ਸੁੱਤਿਆਂ ਵਸਤੀ ਦੇ ਹਰ ਖੇਤਰ ਵਿਚੋਂ ਧੁੱਦਲ ਫੁੱਟੀ ਧੁੱਦਲ ਵਿਚ ਸ਼ੈਤਾਨ ਖਲੋਤਾ ਰੱਬ ਜਾਣੇ ਕੀ ਕਾਲ਼ਾ ਮੰਤਰ ਫੂਕ ਰਿਹਾ ਏ ਖੋਲ੍ਹ ਕੇ ਮੁੱਠੀ ਧਰਤ ਉਪੁੱਠੀ ।

ਚੰਨ ਦੀ ਮਿੱਟੀ ਕਾਲ਼ੀ ਏ-ਗ਼ਜ਼ਲ

ਚੰਨ ਦੀ ਮਿੱਟੀ ਕਾਲ਼ੀ ਏ ਜ਼ਿਮੀ ਕਰਮਾਂ ਵਾਲੀ ਏ ਰਾਤ ਦੇ ਬੋਹਜੇ ਕੁੱਝ ਵੀ ਨਈਂ ਦਿਨ ਵੀ ਹੱਥੋਂ ਖ਼ਾਲੀ ਏ ਲਹੂ ਦੀ ਬੂੰਦੀਆਂ ਲੁੱਟਣ ਦੇ ਫ਼ੇਰ ਕਦੋਂ ਇਹ ਲਾਲੀ ਏ ਛੈਲ ਛਬੀਲੀ ਨਢੀ ਦਾ ਬੰਦਾ ਬਹੂੰ ਪੜਤਾਲੀ ਏ ਆਲ੍ਹਣੇ ਉੱਤੇ ਚਿੜੀਆਂ ਦੇ ਕਾਂਵਾਂ ਦੀ ਰਖਵਾਲੀ ਏ

ਅਸਮਾਨ ਦੀ ਚੁੱਪ

ਸੱਚਿਓ ਸੱਚ ਬੋਲਣ ਦੀ ਸਾਨੂੰ ਇਹ ਸਜ਼ਾ ਮਿਲੀ ਜੋ ਕੂੜ ਸਾਡੇ ਮੱਥੇ ਤੈ ਮਲਿਆ ਗਿਆ ਸੱਚ ਲਿਖਣ ਲੱਗੇ ਤੇ ਹੱਥਾਂ ਚ ਕਿੱਲ ਖੱਭੋ ਦਿੱਤੇ ਗਏ ਸੂਲੀਆਂ ਸਾਡੇ ਲਹੂ ਨਾਲ਼ ਰੰਗੀਆਂ ਗਈਆਂ ਪਰ ਸਾਡਾ ਹੌਸਲਾ ਨਾ ਤਰੁੱਟਿਆ ਸਾਨੂੰ ਦੱਸਿਆ ਗਿਆ ਸੀ ਜੋ ਖ਼ੁਦਾ ਹਮੇਸ਼ਾ ਸੱਚ ਦੇ ਨਾਲ਼ ਏ ਸੱਚਿਓ! ਅਸੀਂ ਉਦੋਂ ਤਰੁੱਟੇ ਜਦੋਂ ਗਿੱਧ ਸਾਡਾ ਮਗ਼ਜ਼ ਖਾਣ ਨੂੰ ਟੁੱਟ ਪਏ ਤੇ ਚੀਲਾਂ ਅੱਖੀਆਂ ਦਾ ਨੂਰ ਖੋਹ ਕੇ ਲੈ ਗਈਆਂ ਸਾਡੇ ਸੱਚ ਦੀ ਲਾਧ ਹੁੰਦੀ ਰਹੀ ਪਰ ਕਿਸੇ ਗ਼ੈਬੀ ਹੱਥ ਨੇ ਸਾਨੂੰ ਸੂਲੀ ਤੋਂ ਅਸਮਾਨ ਵੱਲ ਨਈਂ ਚੁੱਕਿਆ ਤੇ ਜਦੋਂ ਸਾਡੇ ਪਿੰਜਰ ਨੂੰ ਮਿੱਟੀ ਚ ਦੱਬਿਆ ਜਾ ਰਿਹਾ ਸੀ ਔਸ ਵੇਲੇ ਈਸਾ ਨਾ ਪਹਾੜੀ ਤੇ ਸੀ ਨਾ ਸੂਲੀ ਉੱਤੇ ਤੇ ਅਸਮਾਨ ਮਰੀਅਮ ਵਾਂਗ ਚੁੱਪ ਸੀ

ਬਦਵਾਏ ਹੋਏ ਅੱਖਰ

ਮੇਰੇ ਅੱਖਰਾਂ ਲਈ ਐਸ ਤੋਂ ਵੱਧ ਹੋਰ ਕੀ ਮਿਹਣਾ ਹੋਵੇਗਾ ਜੋ ਕੋਈ ਇਨ੍ਹਾਂ ਨੂੰ ਪੜ੍ਹੇ ਤੇ ਉਸ ਨੂੰ ਵਿਚੋਂ ਤੂੰ ਨਾ ਦਿੱਸੇਂ

ਬੇਮੁਹਾਰੇ ਸੁਫ਼ਨੇ

ਤੂੰ ਜਦ ਵੀ ਮੈਨੂੰ ਤਰੁਟੇ ਹੋਏ ਸੁਫ਼ਨੇ ਚੋਂ ਤੱਕਦੀ ਏਂ ਮੈਂ ਡਰ ਜਾਨਾ ਵਾਂ ਮੇਰੀ ਤੇ ਕੱਲੀ ਨਿੰਦਰ ਤਰੁੱਟੀ ਸੀ ਤੇ ਮੇਰਾ ਇਹ ਹਾਲ ਏ ਜੋ ਦਿਨ ਦਿਹਾੜੇ ਘਰ ਦਾ ਭੌਂਗਰ ਨਈਂ ਟੱਪਿਆ ਜਾਂਦਾ ਸਗੋਂ ਵੇੜ੍ਹੇ ਵਿਚ ਈ ਠੁੱਡੇ ਖਾਈ ਫਿਰਦਾ ਵਾਂ ਤੇਰਾ ਤੇ ਸੁਫ਼ਨਾ ਤਰੁੱਟਿਆ ਏ ਦਸ ਹੁਣ ਤੇਰੇ ਡਿਗਦੇ ਦੀ ਬਾਂਹ ਕੌਣ ਫੜੇਗਾ ਜੇ ਕਰ ਮੇਰੇ ਵੱਸ ਹੋਵੇ ਤੇ ਮੈਂ ਨੀਂਦਰ ਦੇ ਔਸ ਮੋਖੇ ਦੇ ਵਿਚ, ਭੱਠੇ ਦੀ ਕਾਲ਼ੀ ਇੱਟ ਤੁੰਨ ਦਿਆਂ ਜਿਥੋਂ ਇਹ ਟੁੱਟ ਪੈਣੇ ਸੁਫ਼ਨੇ ਸੁਖ ਨਾਲ਼ ਘੂਕ ਸੁੱਤੀ ਹੋਈ ਅੱਖੀਆਂ ਚ ਬਿਨਾ ਪੁੱਛਿਆਂ ਈ ਆ ਵੜਦੇ ਨੇਂ

ਚੇਤਰ ਦਾ ਭੈ

ਚੇਤਰ ਦੀ ਰੁੱਤ ਸਾਡੇ ਬੂਹੇ ਅੱਗੋਂ ਮੂੰਹ ਕਜ ਕੇ ਲੰਘਦੀ ਏ ਮੱਤਾਂ ਸਾਡੀ ਕੰਧ ਤੇ ਲਿੱਤੀ ਹੋਈ ਪੀਲਕ ਉਹਦੇ ਮੱਥੇ ਤੇ ਨਾ ਮਲੀ ਵੰਜੇ

ਹਵਾੜ੍ਹ

ਚੁੱਪ ਕਰ ਮੇਰੀ ਜਾਨ, ਮੇਰੇ ਕੋਲ਼ ਐਨਾ ਟੈਮ ਨਈਂ ਮੈਂ ਤੇ ਦੋ ਚਾਰ ਸਾਹਵਾਂ ਚ ਪੰਜ ਸੱਤ ਨਜ਼ਮਾਂ ਲਿਖਣੀਆਂ ਨੇਂ ਡੈਰੀ ਦੇ ਵਰਕੇ ਉੱਤੇ ਦਿਲ ਦੇ ਮੌਸਮ ਦਾ ਹਾਲ ਦੱਸਣਾ ਏ ਮੈਂ ਕੋਈ ਪਸ਼ੀਨਗੋਈ ਨਈਂ ਕਰਨੀ ਮੇਰੇ ਕੋਲ਼ ਐਨਾ ਟੈਮ ਨਈਂ ਨਾ ਐਨੇ ਦੂਰ ਤੀਕਰ ਵੇਖਣ ਲਈ ਮੇਰੀਆਂ ਅੱਖਾਂ ਚ ਈ ਏਨੀ ਰੁਸ਼ਨਾਈ ਏ ਮੈਨੂੰ ਕੀ ਪਤਾ ਜੋ ਸਿਆਸਤਦਾਨ ਕੀ ਕਰ ਰਹੇ ਨੇਂ ਸੈਂਸਦਾਨਾਂ ਮਰੀਖ਼ ਤੇ ਕਿੰਨੇ ਕੁ ਪਲਾਟ ਵੇਚੇ ਨੇਂ ਸ਼ਾਇਰ ਤੈ ਅਦੀਬ ਕੀ ਲਿਖ ਰਹੇ ਨੇਂ ਔਰਤ ਮਾਰਚ ਕਦੋਂ ਏ ਮਾਂ ਬੋਲੀ ਦਾ ਜਲਸਾ ਕਿੱਥੇ ਹੋ ਰਿਹਾ ਏ ਮੌਲਵੀ ਕਿੱਥੇ ਟੈਰ ਸਾੜ ਰਹੇ ਨੇਂ ਲਿਬਰਲ ਕੀ ਨਵਾਂ ਮਨਸੂਬਾ ਬਣਾ ਰਹੇ ਨੇਂ ਮੈਨੂੰ ਕੀ ਪਤਾ ਮੈਂ ਤੇ ਅਪਣੇ ਦਿਲ ਦਾ ਹਾਲ ਲਿਖਣਾ ਏ ਅੰਦਰ ਦੀ ਹੂਕ ਹੂਕਣੀ ਏ ਹਵਾੜ੍ਹ ਬਾਹਰ ਕੱਢਨੀ ਏ ਅੱਗੋਂ ਤੂੰ ਐਸ ਲਿਖੇ ਨੂੰ ਨਜ਼ਮ ਸਮਝ ਕੇ ਪੜ੍ਹੇਂ ਯਾ ਖ਼ਤ ਜਾਣ ਕੇ ਚੁੰਮੇਂ ਮੈਨੂੰ ਕੀ ਲੱਗੇ ਮੇਰੇ ਕੋਲ਼ ਤੇ ਐਨਾ ਟੈਮ ਵੀ ਨਈਂ ਜੋ ਸੋਚਾਂ ਕਿ ਤੂੰ ਕੀ ਸੋਚਦੀ ਏਂ ਦੁਨੀਆਂ ਕੀ ਸੋਚਦੀ ਏ ਮੇਰੇ ਕੋਲ਼ ਐਨੇ ਲੰਮੇ ਪਲਾਲਾਂ ਜੋਗਾ ਟੈਮ ਨਈਂ ਮੈਂ ਤੇ ਦੋ ਚਾਰ ਸਾਹਵਾਂ ਚ ਪੰਜ ਸੱਤ ਨਜ਼ਮਾਂ ਲਿਖਣੀਆਂ ਨੇਂ ਮੇਰੇ ਕੋਲ਼ ਬੱਸ ਐਨਾ ਈ ਟੈਮ ਏ

ਮੇਰਿਆ ਸੱਜਣਾ ਵੇ

ਮੈਂ ਸਰਾਈਕੀ ਦੋਹੜਿਆਂ ਵਾਂਗੂੰ ਤੇਰੇ ਕੰਨ ਵਿਚ ਮੇਰਿਆ ਸੱਜਣਾ ਨਿੱਤ ਨਿੱਤ ਮਾਖਿਓਂ ਘੋਲ਼ ਨਈਂ ਸਕਦਾ ਕਿਉਂ ਜੇ ਕੌੜਿਆਂ ਅੱਖਰਾਂ ਬਾਹਜੋਂ ਕੋਈ ਵੀ ਐਸ ਫ਼ਰੇਬਾਂ ਬੱਧੀ ਧਰਤ ਦੇ ਉੱਤੇ ਬੁਢੜੀਆਂ ਰੀਤਾਂ ਵਾਲੇ ਬੂਹੇ ਰਸਮਾਂ ਦੇ ਜ਼ੰਗ ਖਾਧੇ ਤਾਲੇ ਖੋਲ੍ਹ ਨਈਂ ਸਕਦਾ

ਫੁੱਲਾਂ ਦਾ ਟ੍ਰੈਫ਼ਿਕ ਜਾਮ

ਸਾਡੇ ਪੈਰਾਂ ਦੇ ਫੱਟ ਸੀਣ ਪਾਰੋਂ ਜ਼ਿਮੀ ਨੂੰ ਹੋਰ ਕਪਾਹ ਉਗਾਣ ਦੀ ਕੋਈ ਲੋੜ ਨਈਂ ਸੜਕਾਂ ਤੇ ਡੁਲਿ੍ਹਆ ਲਹੂ ਧੋਣ ਲਈ ਅਸਮਾਨ ਨੂੰ ਮੀਂਹ ਵਰਸਾਣ ਦੀ ਵੀ ਕੋਈ ਲੋੜ ਨਈਂ ਫੱਟਾਂ ਉੱਤੇ ਚੋਲੇ ਦੀ ਟਾਕੀ ਵੀ ਬੰਨ੍ਹੀ ਜਾ ਸਕਦੀ ਏ ਸੜਕਾਂ ਤੇ ਡੁੱਲ੍ਹਿਆ ਲਹੂ ਤੇ ਸਾਡੇ ਅੱਥਰੂ ਵੀ ਧੋ ਸਕਦੇ ਨੇਂ ਪਰ ਹਾਲੇ ਨਈਂ ਹਾਲੇ ਇਨ੍ਹਾਂ ਰਾਹਵਾਂ ਨੂੰ ਸਾਡੇ ਲਹੂ ਦੀ ਲੋੜ ਏ ਪੀ ਲੈਣ ਦਿਓ ਇਨ੍ਹਾਂ ਤੱਸੀਆਂ ਰਾਹਵਾਂ ਨੂੰ ਸਾਡੇ ਜੁੱਸੇ ਦੀ ਰੱਤ ਪੀ ਲੈਣ ਦਿਓ ਕੁਝ ਚਿਰ ਪਿੱਛੋਂ ਤੱਕਣਾ! ਹਰ ਕਾਲ਼ੀ ਲੁੱਕ ਵਾਲੀ ਸੜਕ ਚੋਂ ਲਾਲ਼ ਗ਼ੁਲਾਬੀ ਫੁੱਲ ਉੱਗਣਗੇ ਤੇ ਐਸ ਟ੍ਰੈਫ਼ਿਕ ਜਾਮ ਵਿਚ ਸਾਡੇ ਸੁਫ਼ਨਿਆਂ ਦਿਆਂ ਕਾਤਲਾਂ ਨੂੰ ਲੰਘਣ ਦਾ ਰਾਹ ਨਈਂ ਲੱਭਣਾ

ਅਸਟੀਫ਼ਨ ਹਾਕਿੰਗ ਦਾ ਸੁਫ਼ਨਾ

ਰੁੱਖਦਾ ਅਪਣਾ ਤੇ ਖ਼ੈਰ ਕੁੱਝ ਵੀ ਨਈਂ ਜੋ ਕੁੱਝ ਵੀ ਏ ਮਿੱਟੀ ਦਾ ਏ ਜਿਦ੍ਹਾ ਸੱਤ ਪੀ ਕੇ ਰੁੱਖ ਨੇ ਛਾਂ ਜੰਮੀ ਮਿੱਟੀ ਦਾ ਅਪਣਾ ਤੇ ਖ਼ੈਰ ਕੁੱਝ ਵੀ ਨਈਂ ਜੋ ਕੁੱਝ ਵੀ ਏ ਅਸਮਾਨ ਦਾ ਏ ਜਿਦ੍ਹੀ ਧੁੱਪ ਤੇ ਮੀਂਹ ਚੂਸ ਕੇ ਮਿੱਟੀ ਨੇ ਰੁੱਖ ਜੰਮੇ ਅਸਮਾਨ ਦਾ ਅਪਣਾ ਤੇ ਖ਼ੈਰ ਕੁੱਝ ਵੀ ਨਈਂ ਜੋ ਕੁੱਝ ਵੀ ਏ, ਸਮੇ ਦਾ ਏ ਸਮੇ! ਜੋ ਹਿੱਕ ਧਮਾਕੇ ਦੀ ਜੰਮ ਏ ਉਹਦਾ ਅਪਣਾ ਵੀ ਕੀ ਏ? ਧਮਾਕਾ ਜੋ ਹਿੱਕ ਪਲ਼ ਪਿੱਛੋਂ ਹੁੰਦਾ ਤਦੋਂ ਅਸਮਾਨ ਮੇਰੀ ਜੁੱਤੀ ਤਲ਼ੇ ਹੋਣਾ ਸੀ ਤੇ ਜ਼ਿਮੀ ਮੇਰੇ ਸਿਰ ਉੱਤੇ ਫ਼ਿਰ ਜੋ ਕੁੱਝ ਵੀ ਹੁੰਦਾ, ਮੇਰੇ ਕੱਲੇ ਦਾ ਹੁੰਦਾ ਕੱਲੇ ਆਦਮ ਦਾ ਹੁੰਦਾ

ਟੈਕਨਾਲਜੀ ਦੇ ਮੋਜ਼ਜ਼ੇ

ਧਰਤੀ ਦੇ ਮਲੂਹਟੇ ਮੂੰਹ ਤੇ ਥੁੱਕ ਕੇ ਓਹ ਚੰਨ ਤੇ ਮਰੀਖ਼ ਦੀਆਂ ਮਿੱਟੀਆਂ ਚੁੰਮਣ ਜਾ ਰਹੇ ਨੇਂ ਐਰੇ ਖੱਟਣ ਜਾ ਰਹੇ ਨੇਂ ਆਉਣ ਆਲੀਆਂ ਨਸਲਾਂ ਦੇ ਕੋਠੇ ਚਾੜ੍ਹਨ ਜਾ ਰਹੇ ਨੇਂ ਚੰਗੀ ਗੱਲ ਏ ਪਰ ਧਰਤੀ ਦਾ ਕੀ ਕਸੂਰ ਏ ਜਿਦ੍ਹਾ ਸਰੀਰ ਰਾਕਟਾਂ ਤੇ ਜੰਗੀ ਜ਼ਹਾਜ਼ਾਂ ਦੇ ਸ਼ਰਾਟਿਆਂ ਨਾਲ਼ ਹਰ ਵੇਲੇ ਕੰਮਦਾ ਰਹਿੰਦਾ ਏ ਜਿੱਦੀ ਛਾਤੀ ਟੈਂਕਾਂ ਦੀਆਂ ਚੈਨਾਂ ਪੱਟ ਮਾਰੀ ਏ ਜਿਦੇ ਕੰਨ ਬੰਮ ਧਮਾਕਿਆਂ ਨੇ ਡੋਰੇ ਕਰ ਛੋੜੇ ਨੇਂ ਜਿਸ ਦੀਆਂ ਅੱਖਾਂ ਮੋਟਰਕਾਰਾਂ ਦੇ ਧੂੰਏਂ ਚ ਵੰਜਾਪ ਗਈਆਂ ਜਿਦੇ ਪਹਾੜ! ਸੜਕਾਂ ਦੀ ਕਾਲ਼ੀ ਡੈਣ ਖਾ ਗਈ ਜਿਦੇ ਰੁੱਖ! ਫ਼ੈਕਟ੍ਰੀਆਂ ਦੇ ਸਾਮਰੀ ਚੱਟ ਕਰ ਗਏ ਮਿਨਰਲ ਵਾਟਰ ਦੇ ਨਾਂ ਤੇ ਜਿਦੇ ਪਾਣੀ ਉਮਰੂ ਅੱਯਾਰਾਂ ਦੀ ਜ਼ੰਬੀਲ ਡੀਕ ਗਈ ਏ ਤੇ ਔਧਰ ਈਸਾ ਤੇ ਮਹਿਦੀ ਦੀ ਉਡੀਕ ਚ ਸੁੱਤੇ ਹੋਏ, ਮਸ਼ਰਿਕ ਤੇ ਮਗ਼ਰਿਬ ਜਿਨ੍ਹਾਂ ਟੈਕਨਾਲੋਜੀ ਦੇ ਮੋਜ਼ਜ਼ੇ ਵੇਖ ਕੇ ਸੈਂਸ ਦਾ ਕਲਮਾ ਪੜ੍ਹ ਲਿਆ ਏ

ਤੀਜਾ ਕੰਢਾ

ਬੇਲੀਓ! ਮੈਨੂੰ ਔਸ ਤੀਜੇ ਕੰਢੇ ਤੋਂ ਵਾਜ ਨਾ ਮਾਰੋ ਜਿਥੇ ਮੈਂ ਆ ਨਾ ਸਕਾਂ ਮੇਰੀ ਰਾਹ ਵਿਚ ਹਾਲੇ ਬੜੇ ਹਨੇਰੇ ਨੇਂ ਮੇਰੀਆਂ ਅੱਖਾਂ ਦਾ ਨੂਰ ਜਗਰਾਤਿਆਂ ਦੇ ਕਾਲੇ ਨਾਗ ਚੱਟ ਕਰ ਗਏ ਬਾਂਸਾਂ ਦੀ ਗਢਗਢ ਤੇ ਅੱਖੀਆਂ ਉੱਗ ਆਈਆਂ ਨੇਂ ਤੇ ਮੈਂ ਅੱਖ ਅੱਖ ਢੂੰਡ ਹੱਟਿਆਂ ਪਰ ਮੇਰਾ ਗਵਾਚਿਆ ਚਾਨਣ ਨਈਂ ਲੱਭਿਆ (ਤੇ ਔਧਰ ਉਹ ਜਗਰਾਤੇ ਨੂਰੀ ਸਾਲਾਂ ਜਿੰਨੇ ਲੰਮੇ ਹੋਈ ਜਾਂਦੇ ਨੇਂ)

ਟੁੱਟਿਆ ਤਾਰਾ

ਓ ਤਾਰਾ ਟੁੱਟਿਆ ਤੇ ਕੁੱਲ ਖ਼ੁਦਾਈ ਨੇਂ ਆਪੋ ਆਪਣੀ ਦੁਆਈਂ ਮੰਗੀਆਂ ਮੈਂ ਔਸ ਵੇਲੇ ਦੁਆ ਦੇ ਹੱਥ ਚਾ ਕੇ ਮੰਗਦਾ ਵੀ ਕੀ ਜੋ ਮੈਨੂੰ ਰੱਬਾ ਓ ਹਿਕੋ ਤਾਰਾ ਈ ਚਾਹੀਦਾ ਸੀ ਜੋ ਟੁੱਟ ਗਿਆ ਸੀ

ਯਾਰ ਅਜ਼ਾਦਾਰ

ਯਾਰ ਅਜ਼ਾਦਾਰ ਅੱਖ ਦੇ ਫੋੜੇ ਫੋੜਨ ਲੱਗਿਆਂ ਜਾ ਕੁੱਜਾ ਤੇ ਵੇਖ ਲਿਆ ਕਰ ਉਹ ਮਾਤਮ ਹੋਰ ਸੀ, ਤੇ ਇਹ ਵੇੜ੍ਹਾ ਹੋਰ ਏ ਸੀਨਾ ਪਿੱਟਣ ਤੋਂ ਪਹਿਲਾਂ ਵੇਖ ਤੇ ਲੈਣਾ ਸੀ ਜੋ ਪੈਰਾਂ ਤਲ਼ੇ ਵਿੱਛੀ ਮਿੱਟੀ ਦਾ ਰੰਗ ਲਾਲ਼ ਕਿਵੇਂ ਹੋਇਆ ਤੈਨੂੰ ਹਰ ਲਾਲੀ ਖ਼ੂਨ ਵਰਗੀ ਕਿਉਂ ਲਗਦੀ ਏ? ਲਾਲ਼ ਤੇ ਗੁਲਾਬ ਵੀ ਹੁੰਦੇ ਨੇਂ ਲਾਲ਼ ਤੇ ਸੋਹਾਗਣਾਂ ਦਾ ਜੋੜਾ ਵੀ ਹੁੰਦਾ ਏ ਲਾਲ਼ ਤੇ ਸ਼ਗਨਾਂ ਦੀ ਮਹਿੰਦੀ ਵੀ ਹੋ ਸਕਦੀ ਏ ਵੇਖ ਵੌਹਟੀ ਦੇ ਹੋਠਾਂ ਦਾ ਰੰਗ ਵੀ ਲਾਲ਼ ਏ ਯਾਰ ਅਜ਼ਾਦਾਰ ਤੂੰ ਹੋਂਦ ਦੇ ਨੋਹੇ ਪੜ੍ਹਦਾ ਪੜ੍ਹਦਾ ਤੇ ਜਿਉਣ ਦੇ ਮਰਸੀਏ ਜਪਦਾ ਜਪਦਾ ਖ਼ੁਸ਼ੀ ਦੇ ਗੀਤ ਗਾਉਣਾ ਕਿਉਂ ਭੁੱਲ ਗਿਆ ਏਂ ਯਾਰ ਅਜ਼ਾਦਾਰ ਹੁਣ ਤੈਨੂੰ ਰੰਗਾਂ ਦੀ ਸੁੰਜਾਣ ਨਈਂ ਰਹੀ ਤੇਰੀ ਅੱਖ ਚ ਤੇ ਹਾਸੇ ਦਾ ਰੰਗ ਵੀ ਸੂਲ ਬਣ ਕੇ ਚੁਭਦਾ ਏ ਤੇ ਹਰ ਸੱਜਰੀ ਰੁੱਤ ਵਿਚ ਇਹ ਫੋੜੇ ਆਪ ਮੁਹਾਰਿਆਂ ਈ ਰਿਸਣ ਲੱਗ ਪੈਂਦੇ ਨੇਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਤੌਕੀਰ ਰਜ਼ਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ