Punjabi Poetry : Tara Singh

ਪੰਜਾਬੀ ਕਵਿਤਾਵਾਂ : ਤਾਰਾ ਸਿੰਘ


ਮੋਮਬੱਤੀਆਂ

ਕਾਹਨੂੰ ਬਾਲਦੈਂ ਬਨੇਰਿਆਂ ’ਤੇ ਮੋਮਬੱਤੀਆਂ ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ ਬੂਹੇ ਉੱਤੇ ਸ਼ਰਮਿੰਦਗੀ ਦੇ ਦਾਗ਼ ਰਹਿਣ ਦੇ ਬਦਨਾਮ ਰਾਜਨੀਤੀ ਦੇ ਸੁਰਾਗ਼ ਰਹਿਣ ਦੇ ਆਉਣ ਵਾਲਿਆਂ ਨੇ ਅੱਜ ਦਾ ਕਸੂਰ ਲੱਭਣਾ ਇਨ੍ਹਾਂ ਘਰਾਂ ਵਿੱਚ ਬੁਝੇ ਹੋਏ ਚਿਰਾਗ਼ ਰਹਿਣ ਦੇ ਕਿੱਥੇ ਜਾਏਂਗਾ? ਦਿਸ਼ਾਵਾਂ ਸਭ ਲਹੂ-ਰੱਤੀਆਂ ਕਾਹਨੂੰ ਬਾਲਦੈਂ ਬਨੇਰਿਆਂ 'ਤੇ ਮੋਮਬੱਤੀਆਂ ਸੁੱਚੀ ਰੱਤ ਨਾਲ ਪੋਚੀ ਹੋਈ ਥਾਂ ਰਹਿਣ ਦੇ ਇਨ੍ਹਾਂ ਕੰਧਾਂ ਉੱਤੇ ਉੱਕਰੇ ਹੋਏ ਨਾਂ ਰਹਿਣ ਦੇ ਕੁਝ ਬੇਕਸੂਰ ਚੀਕਾਂ ਵਾਲੇ ਖੇਤ ਰਹਿਣ ਦੇ ਕੁਝ ਸਾਜਿਸ਼ਾਂ ਦੇ ਮਾਰੇ ਹੋਏ ਗਿਰਾਂ ਰਹਿਣ ਦੇ ਐਵੇਂ ਭਾਲ ਨਾ ਖ਼ਿਜ਼ਾਵਾਂ ਵਿੱਚ ਫੁੱਲ-ਪੱਤੀਆਂ ਅਜੇ ਬਾਲ ਨਾ ਬਨੇਰਿਆਂ ’ਤੇ ਮੋਮਬੱਤੀਆਂ ਸੂਹਾ ਬੂਰ ਤਲਵਾਰਾਂ ਉੱਤੋਂ ਝੜ ਜਾਣ ਦੇ ਗ਼ੁੱਸਾ ਥੋਥਿਆਂ ਵਿਚਾਰਾਂ ਉੱਤੋਂ ਝੜ ਜਾਣ ਦੇ ਜਿਹੜੇ ਘਰਾਂ ਉੱਤੇ ਲਹੂ ਦੇ ਨਿਸ਼ਾਨ ਲਿਖੇ ਨੇ ਉਹ ਨਿਸ਼ਾਨ ਵੀ ਦੀਵਾਰਾਂ ਉੱਤੋਂ ਝੜ ਜਾਣ ਦੇ ਕਾਲੀ ਰੁੱਤ ਨੇ ਸੁਗੰਧਾਂ ਕੁੱਲ ਸਾੜ ਘਤੀਆਂ ਅਜੇ ਬਾਲ ਨਾ ਬਨੇਰਿਆਂ 'ਤੇ ਮੋਮਬੱਤੀਆਂ ਜਦੋਂ ਗੱਲ ਤੇ ਦਲੀਲ ਬਲਵਾਨ ਨਾ ਰਹੇ ਉਦੋਂ ਤੇਗ਼ ਤਲਵਾਰ ਵੀ ਮਿਆਨ ਨਾ ਰਹੇ ਐਸੀ ਵਗੀ ਏ ਹਵਾ ਅਸੀਂ ਅੱਖੀਂ ਦੇਖਿਆ ਜਿੰਦ ਜਾਨ ਕਹਿਣ ਵਾਲੇ ਜਿੰਦ ਜਾਨ ਨਾ ਰਹੇ ਨਹੀਂ ਰੁਕੀਆਂ ਹਵਾਵਾਂ ਅਜੇ ਮਾਣ-ਮਤੀਆਂ ਅਜੇ ਬਾਲ ਨਾ ਬਨੇਰਿਆਂ 'ਤੇ ਮੋਮਬੱਤੀਆਂ ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ ਕਹਿਕਸ਼ਾਂ (1988) ਵਿੱਚੋਂ

ਧਰਤੀ ਹੇਠਲਾ ਬਲ੍ਹਦ

ਤੁਸੀਂ ਸੁਣਿਆ ਨਹੀਂ ਸਾਰੇ ਜ਼ਮਾਨੇ ਨੂੰ ਪਤਾ ਹੈ ਕਿ ਧਰਤੀ ਹੇਠਲਾ ਜੋ ਬਲ੍ਹਦ ਹੈ ਉਹ ਲਾ-ਪਤਾ ਹੈ ਇਸੇ ਕਰਕੇ ਇਹ ਧਰਤੀ ਡੋਲਦੀ ਹੈ ਹਕੂਮਤ ਰੇਡੀਓ ਤੋਂ ਬੋਲਦੀ ਹੈ ਤੇ ਸੰਸਦ ਕੁਫ਼ਰ ਇਸ ਲਈ ਤੋਲਦੀ ਹੈ ਲੋਕਾਈ ਗੁਰਦਵਾਰੇ ਟੋਲ਼ਦੀ ਹੈ ਗ੍ਰੰਥਾਂ, ਪੁਸਤਕਾਂ ਨੂੰ ਫੋਲਦੀ ਹੈ ਤੇ ਸ਼ਾਸਕ ਪਹਿਰਿਆਂ ਵਿੱਚ ਵਿੱਚਰਦਾ ਹੈ ਕਿ ਧਰਤੀ ਹੇਠਲਾ ਜੋ ਬਲ੍ਹਦ ਹੈ ਉਹ ਲਾ-ਪਤਾ ਹੈ ਇਸੇ ਲਈ ਖੁਲ੍ਹਦੈ, ਲਗਦਾ ਨਹੀਂ ਦਫ਼ਤਰ ਇਸੇ ਲਈ ਪੁੱਜਦਾ ਹੈ ਲੇਟ ਅਫ਼ਸਰ ਇਸੇ ਲਈ ਚੱਲਦਾ ਹੈ ਘੂਸ ਅਕਸਰ ਇਸੇ ਲਈ ਮਿਹਨਤੀ ਦਾ ਹਾਲ ਬਦ-ਤਰ ਤਰਸਦਾ ਰੋਜ਼ ਆਟੇ ਨੂੰ ਕਨਸਤਰ ਤੇ ਆਟਾ ਮਾਣਸਾਂ ਨੂੰ— ਖਾਣ ਦੇ ਲਈ ਤੁਰ ਪਿਆ ਹੈ ਕਿ ਧਰਤੀ ਹੇਠਲਾ ਜੋ ਬਲ੍ਹਦ ਹੈ ਉਹ ਲਾ-ਪਤਾ ਹੈ ਇਸੇ ਲਈ ਮੁਰਗ਼ ਚਲਦਾ, ਜਾਮ ਚਲਦਾ ਤੇ ਜੁੱਤਾ ਸੰਸਦਾਂ ਵਿੱਚ ਆਮ ਚਲਦਾ ਵਿਦੇਸ਼ਾਂ ਵਾਸਤੇ “ਹੇ ਰਾਮ” ਚਲਦਾ ਤੇ ਭਾਰਤ ਲਈ ਬਰਾਏ ਨਾਮ ਚਲਦਾ ਤੇ ਸਿੱਕਾ ਗੁੰਡਿਆਂ ਦਾ ਆਮ ਚਲਦਾ ਸੁਰਾ, ਮਾਇਆ, ਤੇ ਮੋਹਿਨੀ ਦੀ ਤੁਰੀ ਅਰਾਧਨਾ ਹੈ ਕਿ ਧਰਤੀ ਹੇਠਲਾ ਜੋ ਬਲ੍ਹਦ ਹੈ ਉਹ ਲਾ-ਪਤਾ ਹੈ ਹੈ ਸੁਣਿਆ, ਰਾਜਨੀਤਕ ਨੇ ਚੁਰਾਇਆ ਕਹਿੰਦੇ ਧਰਮ ਰਖਸ਼ਕ ਨੇ ਚੁਰਾਇਆ ਵਪਾਰੀ, ਕਵੀ, ਗਾਇਕ ਨੇ ਚੁਰਾਇਆ ਗਿਆਨੀ, ਗੁਣੀ, ਨਾਇਕ ਨੇ ਚੁਰਾਇਆ ਕਿਸੇ ਸਿਆਣੇ, ਜਾਂ ਅਹਿਮਕ ਨੇ ਚੁਰਾਇਆ ਕਿ ਇਸ ਚੋਰੀ ਦਾ ਸਿੱਧਾ ਦੋਸ਼— ਸਭ ਤੇ ਆ ਰਿਹਾ ਹੈ ਕਿ ਧਰਤੀ ਹੇਠਲਾ ਜੋ ਬਲ੍ਹਦ ਹੈ ਉਹ ਲਾ-ਪਤਾ ਹੈ ਕਹਿਕਸ਼ਾਂ (1988) ਵਿੱਚੋਂ

ਅੱਖਾਂ ਐਵੇਂ ਤਾਂ ਨਹੀਂ ਝੱਲੀਆਂ

ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ ਕਦੇ ਸਾਰਾ ਦਿਨ ਰੋਈਆਂ, ਕਦੇ ਸਾਰੀ ਰਾਤ ਰੋਈਆਂ ਲੱਗੀ ਜੰਗਲਾਂ ਨੂੰ ਅੱਗ, ਧੂੰਆਂ ਧੂੰਆਂ ਸਾਰਾ ਜੱਗ ਸਾਡੀ ਧੂੰਏਂ ਦੀ ਵਰੇਸ, ਵੇ ਤੂੰ ਫੇਰ ਵੀ ਅਲੱਗ ਤੈਨੂੰ ਖ਼ਬਰਾਂ ਨਾ ਹੋਈਆਂ… ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ ਮਾਰ ਮਾਰ ਲਿਸ਼ਕਾਰੇ, ਪਾਣੀ ਹਿੱਲ ਹਿੱਲ ਹਾਰੇ ਵਿੱਚੇ ਝੂਲਦਾ ਏ ਚੰਨ, ਵਿੱਚੇ ਝੂਲਦੇ ਨੇ ਤਾਰੇ ਵਿੱਚੇ ਖਿੱਤੀਆਂ ਵੀ ਢੋਈਆਂ… ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ ਸਾਡੀ ਵਾਸਨਾ ਦੀ ਧੁੱਪ, ਤੇਰਾ ਪਿੰਡਾ ਚੁੱਪ ਚੁੱਪ ਨਾ ਤੂੰ ਵਾਸਨਾ ਨਾ ਪਿੰਡੇ, ਕਿੱਥੇ ਬੈਠ ਗਿਓਂ ਚੁੱਪ ਗੱਲਾਂ ਏਹੋ ਨਿਰਮੋਹੀਆਂ… ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ ਸਾਡੀ ਦੋਸਤੀ ਦੀ ਤੰਦ, ਤੈਨੂੰ ਪਾਉਣ ਦਾ ਆਨੰਦ ਸਾਡਾ ਇਹ ਵੀ ਬੂਹਾ ਬੰਦ, ਸਾਡਾ ਉਹ ਵੀ ਬੂਹਾ ਬੰਦ ਤਾਂ ਵੀ ਆਉਣ ਖ਼ੁਸ਼ਬੋਈਆਂ… ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ

ਕੀ ਕੋਈ ਮਾਣ ਕਰੇ ਜੀਵਨ ਤੇ

ਪਿਆਰ ਤੇਰਾ ਜੀਵਨ ਵਿਚ ਮੈਨੂੰ, ਕੁੱਲ ਏਨਾ ਚਿਰ ਮਿਲਿਆ – ਜੇਠ ਹਾੜ ਦੀ ਰੁੱਤੇ, ਜਿਉਂ ਥੱਲ ਭੁਜਦੇ ਸਿਖਰ ਦੁਪਿਹਰੇ, ਇੱਕ ਕਿਣਕੇ ਦੇ ਉਤੋਂ, ਅੱਕ-ਕੱਕੜੀ ਦਾ ਫੰਭਾ ਉਡਦਾ ਪਲ-ਛਿਣ ਛਾਂ ਕਰ ਜਾਵੇ ! ਹੇ ਮੇਰੀ ਸਰਘੀ-ਮੁੱਖ ਚੰਨੀਏਂ, ਯਾਦ ਤੇਰੀ ਮੈਂ ਸਾਂਭ ਸਾਂਭ ਕੇ, ਇੰਝ ਦਿਲ ਅੰਦਰ ਰੱਖੀ – ਜਿਉਂ ਸਿਆਲੀ ਰੁੱਤੇ, ਟੁੱਟੇ ਹੋਏ ਛੱਪਰ ਦੇ ਉੱਤੇ, ਮੀਂਹ ਗੜੇ ਦਾ ਵਸਦਾ, ਛਪਰ ਚੋਵੇ, ਥੱਲੇ ਇਕ ਮੁਸਾਫਰ ਬੈਠਾ ਅੱਗ ਬਾਲ ਕੇ, ਤ੍ਰਿੱਪ ਤ੍ਰਿੱਪ ਚੋਂਦੇ ਮੀਂਹ ਦੇ ਟੇਪਿਉਂ, ਨਿੱਘ ਬਚਾਵਣ ਖਾਤਰ, ਰੋਕ ਪਿੱਠ ਤੇ ਗੰਧਲਾ ਪਾਣੀ, ਅੱਗ ਤੇ ਝੁਕਿਆ ਹੋਵੇ; ਕਾਹਦਾ ਮਾਣ ਕਰੇ ਕੋਈ ਦਿਲ ਤੇ, ਕੀ ਕੋਈ ਬੰਨ੍ਹੇ ਦ੍ਹਾਵੇ ਪੱਲਾ ਸਬਰ ਮੇਰੇ ਦਾ ਦਿਲ ਤੋਂ ਏਦਾਂ ਛੁੱਟ ਛੁੱਟ ਜਾਵੇ – ਜਿਉਂ ਕਣਕਾਂ ਦੇ ਵੱਢਾਂ ਦੇ ਵਿੱਚ, ਨਿੱਕਾ ਜਿਹਾ ਪੋਲੀ ਦਾ ਬੂਟਾ, ਜੁੰਡਾਂ ਦੇ ਵਿਚ ਫਸਿਆ ਹੋਵੇ, ਹਵਾ ਦੇ ਧੱਫਿਆਂ ਨਾਲ ਵਿਚਾਰਾ, ਕਦੇ ਫਸੇ, ਛੁਟ ਜਾਵੇ ਫਸ ਜਾਵੇ, ਛੁੱਟ ਜਾਵੇ; ਮੇਰੇ ਰੋਮ ਰੋਮ ’ਚੋਂ ਹਰ ਦਮ, ਰਹਿੰਦੀ ਏਦਾਂ ਰਵਾਂ ਹੈ ਪਿਆਰ-ਕਹਾਣੀ – ਕਿਤੇ ਕਿਤੇ ਜਿਉਂ ਪਰਬਤਾਂ ਅੰਦਰ, ਸਿਲ੍ਹਿੱਆਂ ਸਿਲ੍ਹਿੱਆਂ ਪਥਰਾਂ ਵਿਚੋਂ ਹੌਲੀ ਹੌਲੀ ਸਿੰਮਦਾ ਰਹਿੰਦਾ ਕੋਸਾ ਕੋਸਾ ਪਾਣੀ

ਜਿਸ ਵੇਲੇ ਆਪਣੇ ਯਾਰਾਂ ਦੇ

ਜਿਸ ਵੇਲੇ ਆਪਣੇ ਯਾਰਾਂ ਦੇ ਖ਼ਿਆਲਾਤ ਮੁਨਾਸਬ ਨਹੀਂ ਹੁੰਦੇ ਉਸ ਵੇਲੇ ਯਾਰੀ ਤੋੜਨ ਲਈ ਹਾਲਾਤ ਮੁਨਾਸਬ ਨਹੀਂ ਹੁੰਦੇ ਦਿਲਦਾਰ ਨਜ਼ਰ ਦੇ ਹੁੰਦਿਆਂ ਵੀ ਕੁਛ ਲੋਕ ਮੁਨਾਸਿਬ ਨਹੀਂ ਲਗਦੇ ਕੁਛ ਲੋਕ ਮੁਨਾਸਿਬ ਹੁੰਦੇ ਨੇ ਹਾਲਾਤ ਮੁਨਾਸਬ ਨਹੀਂ ਹੁੰਦੇ ਚਾਨਣ ਵਿੱਚ ਮਹਿਕੀਆਂ ਰਾਤਾਂ ਵਿੱਚ ਐਵੇਂ ਨਾ ਬਾਹਰ ਘੁੰਮਿਆਂ ਕਰੋ ਉਸ ਵੇਲੇ ਪਾਕ ਫ਼ਰਿਸ਼ਤਿਆਂ ਦੇ ਖ਼ਿਆਲਾਤ ਮੁਨਾਸਬ ਨਹੀਂ ਹੁੰਦੇ ਫੁੱਲਾਂ ਦੇ ਹਨ ਕਿ ਬਾਹਾਂ ਦੇ ਹਾਰਾਂ ਨੇ ਸੁਬਾਹ ਮੁਰਝਾ ਜਾਣਾ ਜੋ ਰਾਤ ਮੁਨਸਿਬ ਹੁੰਦੇ ਨੇ ਪਰਭਾਤ ਮੁਨਾਸਬ ਨਹੀਂ ਹੁੰਦੇ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਤਾਰਾ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ