Punjabi Ghazals : Sukhwinder Amrit

ਪੰਜਾਬੀ ਗ਼ਜ਼ਲਾਂ : ਸੁਖਵਿੰਦਰ ਅੰਮ੍ਰਿਤ

ਮੁਰਸ਼ਦਨਾਮਾ

ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ

ਸਮੇਂ ਦੇ ਗੰਧਲੇ ਪਾਣੀ ‘ਤੇ ਉਹ ਤਰਿਆ ਫੁੱਲ ਦੇ ਵਾਂਗੂ
ਸਮੇਂ ਦੇ ਸ਼ੋਰ ‘ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ

ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ
ਹੈ ਚਿੰਤਨ ਦਾ ਸਮੁੰਦਰ ਤੇ ਤਰੱਨਮ ਦੀ ਹਵਾ ਪਾਤਰ

ਕਿਸੇ ਲਈ ਪੁਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ
ਕਿਸੇ ਦਾ ਰਹਿਨੁਮਾ ਬਣਿਆਂ ਕਿਸੇ ਦੀ ਆਸਥਾ ਪਾਤਰ

ਉਹ ਕੋਮਲ-ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ
ਉਹ ਰੌਸ਼ਨ-ਰੂਹ ਹੈ ਤਾਂ ਹੀ ਨ੍ਹੇਰਿਆਂ ਵਿਚ ਜਗ ਰਿਹਾ ਪਾਤਰ

ਉਹਦੇ ਲਫ਼ਜ਼ਾਂ ‘ਚ ਉਹ ਲੱਜ਼ਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ

ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ

ਉਹਦਾ ਬਿਰਖਾਂ ਨੂੰ ਸਿਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ
ਕਿਸੇ ਕੁਰਸੀ ਦੇ ਮੂਹਰੇ ਵੇਖਿਆ ਨਾ ਝੁਕ ਰਿਹਾ ਪਾਤਰ

ਕਦੇ ਵਿਹੜੇ ਦਾ ਬੂਟਾ ਹੈ ਗਯਾ ਦਾ ਰੁੱਖ ਕਦੇ ਜਾਪੇ
ਸ਼ਨਾਖ਼ਤ ਹੈ ਉਹ ਸਹਿਰਾ ਦੀ ਤੇ ਪਾਣੀ ਦਾ ਪਤਾ ਪਾਤਰ

ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟੀਆ ਦਾ ਦੀਵਾ ਹੈ
ਕਿਸੇ ਰਾਂਝੇ ਦੀ ਵੰਝਲੀ ਹੈ ਤੇ ਹਉਕੇ ਦੀ ਕਥਾ ਪਾਤਰ

ਕਦੇ ਉਹ ਤਪ ਰਹੇ ਸਹਿਰਾ ‘ਤੇ ਕਣੀਆਂ ਦੀ ਇਬਾਰਤ ਹੈ
ਕਦੇ ਧੁਖਦੇ ਹੋਏ ਜੰਗਲ ਦਾ ਲੱਗੇ ਤਰਜੁਮਾ ਪਾਤਰ

ਕਹੇ ਹਰ ਰੁੱਖ : ਮੇਰੇ ਦੁੱਖ ਦਾ ਨਗ਼ਮਾ ਬਣਾ ਪਿਆਰੇ
ਕਹੇ ਹਰ ਵੇਲ : ਮੈਨੂੰ ਆਪਣੇ ਗਲ਼ ਨਾਲ ਲਾ ਪਾਤਰ

ਪੜ੍ਹੇ ਜੋ ਵੀ ਇਹੀ ਆਖੇ : ਇਹ ਮੇਰੇ ਦੁੱਖ ਦਾ ਚਿਹਰਾ ਹੈ
ਡੁਬੋ ਕੇ ਖ਼ੂਨ ਵਿਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ

ਸਮੇਂ ਦੇ ਪੰਨਿਆਂ ‘ਤੇ ਜਗ ਰਿਹਾ ਸਿਰਤਾਜ ਹਸਤਾਖ਼ਰ
ਜ਼ਖ਼ੀਰਾ ਜਜ਼ਬਿਆਂ ਦਾ ਹੈ ਖ਼ਿਆਲਾਂ ਦੀ ਘਟਾ ਪਾਤਰ

ਹਵਾ ਵਿਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿਚ
ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ

ਉਹਦੀ ਕਵਿਤਾ ‘ਚੋਂ ਉਸ ਦੀ ਆਤਮਾ ਦੇ ਨਕਸ਼ ਦਿਸਦੇ ਨੇ
ਕਿ ਜਿਸ ਨੇ ਭਾਲ਼ਿਆ ਕਵਿਤਾ ‘ਚੋਂ ਉਸ ਨੂੰ ਮਿਲ ਗਿਆ ਪਾਤਰ

1. ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ

ਤਪਿਸ਼ ਆਖਣ ਜਾਂ ਲੋਅ ਆਖਣ ਉਨੂੰ ਇਤਰਾਜ਼ ਕਿਉਂ ਹੋਵੇ
ਕਿ ਅਗਨੀ ਜੁਗਨੂੰਆਂ ਦੇ ਬਿਆਨ ਦੀ ਮੁਹਤਾਜ ਕਿਉਂ ਹੋਵੇ

ਭੰਵਰਿਆਂ ਦੀ ਹਰ ਇਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ
ਉਨ੍ਹਾਂ ਦੇ ਹੁੰਦਿਆਂ ਤਿਤਲੀ ਦੇ ਸਿਰ ‘ਤੇ ਤਾਜ ਕਿਉਂ ਹੋਵੇ

ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ
ਕਿ ਬਾਗ਼ਾਂ ਵਿਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ

ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ
ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ

ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਘੇਂ
ਕਿ ਤੈਨੂੰ ਮਸਲ ਕੇ ਜਾਣਾ ਉਦ੍ਹਾ ਅੰਦਾਜ਼ ਕਿਉਂ ਹੋਵੇ

ਤੇਰਾ ਹਰ ਨ੍ਰਿਤ ਹਰ ਨਗ਼ਮਾ ਜਦੋਂ ਪਰਵਾਨ ਹੈ ਏਥੇ
ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ

ਸਿਤਮਗਰ ‘ਤੇ ਤਰਸ ਕਾਹਦਾ ਤੂੰ ਰੱਖ ਦੇ ਵਿੰਨ੍ਹ ਕੇ ਉਸ ਨੂੰ
ਸਦਾ ਤੂੰ ਹੀ ਨਿਸ਼ਾਨਾ, ਉਹ ਨਿਸ਼ਾਨੇਬਾਜ਼ ਕਿਉਂ ਹੋਵੇ

ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ

2. ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ

ਮੈਂ ਉਸ ਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ
ਮੈਂ ਉਸ ਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ

ਜੇ ਮਿੱਟੀ ਆਂ ਤਾਂ ਅਪਣੇ ਜਿਸਮ ਤੋਂ ਉਹ ਝਾੜ ਦੇਵੇਗਾ
ਜੇ ਮੋਤੀ ਹਾਂ ਤਾਂ ਅਪਣੇ ਮੁਕਟ ਵਿਚ ਜੜਵਾਏਗਾ ਮੈਨੂੰ

ਉਦ੍ਹੀ ਤਪਦੀ ਹਯਾਤੀ ਨੂੰ ਕਿਤੇ ਜਦ ਚੈਨ ਨਾ ਆਈ
ਉਹ ਅਪਣੇ ਮਨ ਦੀ ਮਿੱਟੀ 'ਚੋਂ ਅਖ਼ੀਰ ਉਗਾਏਗਾ ਮੈਨੂੰ

ਬਹੁਤ ਮਹਿਫ਼ੂਜ਼ ਰੱਖੇਗਾ ਹਵਾ ਦੇ ਬੁੱਲ੍ਹਿਆਂ ਕੋਲੋਂ
ਸ਼ਮ੍ਹਾਂ ਹਾਂ ਮੈਂ ਕਿਸੇ ਪਰਦੇ ਦੇ ਮਗਰ ਜਗਾਏਗਾ ਮੈਨੂੰ

ਮੁਹੱਬਤ ਦੀ ਬੁਲੰਦੀ ਤੋਂ ਉਹ ਮੈਨੂੰ ਡੇਗ ਦੇਵੇਗਾ
ਮੁਹੱਬਤ ਹੈ ਤਾਂ ਫਿਰ ਇਹ ਖ਼ੌਫ਼ ਵੀ ਤੜਪਾਏਗਾ ਮੈਨੂੰ

ਤੇਰੇ ਸਦਕਾ ਮੈਂ ਖਾ ਕੇ ਠ੍ਹੋਕਰਾਂ ਫਿਰ ਸੰਭਲ ਜਾਂਦੀ ਹਾਂ
ਜੇ ਤੂੰ ਵੀ ਨਾਲ ਨਾ ਹੋਇਆ ਤਾਂ ਕੌਣ ਉਠਾਏਗਾ ਮੈਨੂੰ

ਮੈਂ ਹਰ ਅਗਨੀ ਪਰਿਖਿਆ 'ਚੋਂ ਸਲਾਮਤ ਨਿਕਲ ਆਈ ਹਾਂ
ਜ਼ਮਾਨਾ ਹੋਰ ਕਦ ਤੀਕਰ ਭਲਾ ਅਜ਼ਮਾਏਗਾ ਮੈਨੂੰ

3. ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ

ਹਵਾ ਕੀ ਕਰ ਲਊਗੀ ਚਿਹਰਿਆਂ ‘ਤੇ ਧੂੜ ਪਾ ਕੇ
ਤੂੰ ਅਪਣੀ ਆਤਮਾ ਦਾ ਹੁਸਨ ਬਸ ਰੱਖੀਂ ਬਚਾ ਕੇ

ਮੇਰਾ ਮੱਥਾ ਉਸੇ ਦੀਵਾਰ ਵਿਚ ਫਿਰ ਜਾ ਕੇ ਵੱਜਿਆ
ਮੈਂ ਜਿਸ ਤੋਂ ਬਚਣ ਲਈ ਕੋਹਾਂ ਦਾ ਲੰਘੀ ਗੇੜ ਪਾ ਕੇ

ਬਖੇੜਾ ਪਾਣੀਆਂ ਦੀ ਵੰਡ ਦਾ ਮੁੱਕਿਆ ਨਹੀਂ ਸੀ
ਤੇ ਹੁਣ ਉਹ ਬਹਿ ਗਏ ਅਪਣੇ ਲਹੂ ਵਿਚ ਲੀਕ ਪਾ ਕੇ

ਮੈਂ ਫਿਰ ਤਰਤੀਬ ਵਿਚ ਰੱਖੇ ਨੇ ਟੁਕੜੇ ਜ਼ਿੰਦਗੀ ਦੇ
ਹਵਾ ਨੇ ਫੇਰ ਮੈਨੂੰ ਦੇਖਿਆ ਹੈ ਮੁਸਕਰਾ ਕੇ

ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ ਹੱਦ ਹੋ ਗਈ
ਉਹ ਜੰਗਲ ਫੂਕ ਦਿੰਦਾ ਹੈ ਅਗਰਬੱਤੀ ਜਲਾ ਕੇ

ਤੇਰੀ ਜਾਦੂਗਰੀ ਦਾ ਸ਼ਹਿਰ ਵਿਚ ਚਰਚਾ ਬੜਾ ਹੈ
ਤੂੰ ਰੱਖ ਦਿੰਦਾ ਹੈਂ ਹਰ ਇਕ ਲਹਿਰ ਨੂੰ ਰੇਤਾ ਬਣਾ ਕੇ

ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨੀਂ ਜੋੜ ਲੈਂਦਾ
ਕੀ ਮੁੜ ਮੁੜ ਦੇਖਦਾ ਹੈਂ ਪਾਣੀਆਂ ਵਿਚ ਲੀਕ ਪਾ ਕੇ

ਮੇਰੇ ਮਨ ਦੀ ਜਵਾਲਾ ਨੇ ਉਦੋਂ ਹੀ ਸ਼ਾਂਤ ਹੋਣਾ
ਜਦੋਂ ਲੈ ਜਾਣਗੇ ਪਾਣੀ ਮੇਰੀ ਮਿੱਟੀ ਵਹਾ ਕੇ

ਉਹਦੇ ਬੋਲਾਂ ਦੀਆਂ ਜ਼ੰਜੀਰੀਆਂ ਜੇ ਤੋੜ ਦੇਵਾਂ
ਉਹ ਮੈਨੂੰ ਪਕੜ ਲੈਂਦਾ ਹੈ ਨਜ਼ਰ ਦਾ ਜਾਲ ਪਾ ਕੇ

4. ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ

ਸੁਪਨੇ ਵਿੱਚ ਇਕ ਰੁਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿੱਚ ਬਦਨਾਮ ਅਸੀਂ

ਕਿੰਜ ਸਹਿ ਲੈਂਦੇ ਉਹਦੇ ਮੁਖ ਤੇ ਪਲ ਪਲ ਢਲਦੀ ਸ਼ਾਮ ਅਸੀਂ
ਆਪਣੇ ਦਿਲ ਦਾ ਦਗ਼ਦਾ ਸੂਰਜ ਕਰ ‘ਤਾ ਉਹਦੇ ਨਾਮ ਅਸੀਂ

ਇਕ ਇਕ ਕਰਕੇ ਵਿਕ ਗਏ ਆਖ਼ਰ ਤਾਰੇ ਸਾਡੇ ਅੰਬਰ ਦੇ
ਹਾਏ, ਫਿਰ ਵੀ ਤਾਰ ਸਕੇ ਨਾ ਉਸ ਦੀਵੇ ਦੇ ਦਾਮ ਅਸੀਂ

ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਦੇ
ਭੋਲੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ

ਪੱਤਾ ਪੱਤਾ ਹੋ ਕੇ ਸਾਡੇ ਵਿਹੜੇ ਦੇ ਵਿਚ ਆਣ ਕਿਰੇ
ਬਿਰਖਾਂ ਦੇ ਵੱਲ ਜਦ ਵੀ ਭੇਜੇ ਮੋਹ-ਭਿੱਜੇ ਪੈਗ਼ਾਮ ਅਸੀਂ

ਹਾਂ, ਉਹਨਾਂ ਦੀ ਲਾਈ ਅੱਗ ਵਿਚ ਸੁਲਗ ਰਹੇ ਹਾਂ ਰਾਤ ਦਿਨੇ
ਕਿੰਜ ਦੇਈਏ ਪਰ ਉਹਨਾਂ ਕੋਮਲ ਫੁੱਲਾਂ ਨੂੰ ਇਲਜ਼ਾਮ ਅਸੀਂ

ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ

5. ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ

ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ‘ਤੇ ਨਿਸ਼ਾਨਾ ਹੈ

ਇਹ ਰਹਿਬਰ ਕੀ ਜਾਨਣ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ

ਕੋਈ ਰਾਂਝਾ ਜਾਣ ਸਕੇ ਫ਼ਰਿਹਾਦ ਹੀ ਸਮਝ ਸਕੇ
ਕਿਉਂ ਬਲਦੀਆਂ ਲਾਟਾਂ ‘ਤੇ ਸੜਦਾ ਪਰਵਾਨਾ ਹੈ

ਕਿਆ ਇਸ਼ਕ਼ ਦੀ ਸ਼ਾਨ ਅੱਲ੍ਹਾ, ਇਹ ਇਸ਼ਕ਼ ਸੁਬਹਾਨ ਅੱਲ੍ਹਾ !
ਇਸ ਇਸ਼ਕ਼ ਬਿਨਾਂ ਲੋਕੋ ਕਿਆ ਖ਼ਾਕ ਜ਼ਮਾਨਾ ਹੈ ?

ਇਸ ਇਸ਼ਕ਼ ਦੀ ਹੱਟੀ ‘ਤੇ ਕੋਈ ਹੋਰ ਵਪਾਰ ਨਹੀਂ
ਬਸ ਦਿਲ ਦੇ ਸੌਦੇ ਨੇ ਤੇ ਸਿਰ ਨਜ਼ਰਾਨਾ ਹੈ

ਮੀਰੀ ਵੀ, ਪੀਰੀ ਵੀ, ਸ਼ਾਹੀ ਵੀ, ਫ਼ਕੀਰੀ ਵੀ
ਇਸ ਇਸ਼ਕ਼ ਦੇ ਦਾਮਨ ਵਿਚ ਹਰ ਇਕ ਹੀ ਖ਼ਜ਼ਾਨਾ ਹੈ

6. ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ

ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ
ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ

ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ
ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ

ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ ਪਾ ਦੇ
ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ

ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ
ਤੂੰ ਦਿਲ ਦੇ ਵਰਕਿਆਂ ‘ਤੇ ਏਦਾਂ ਉਤਾਰ ਮੈਨੂੰ

ਜੇ ਕਹਿ ਦਏਂ ਤੂੰ ਮੈਨੂੰ ‘ਮੈਂ ਕਰਦਾਂ ਪਿਆਰ ਤੈਨੂੰ’
ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ

ਤੈਥੋਂ ਜੇ ਮੁੱਖ ਮੋੜਾਂ, ਕੀਤਾ ਜੇ ਕੌਲ ਤੋੜਾਂ
ਤੂੰ ਹਰਫ਼ ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ

7. ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ

ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ
ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ

ਮੈਂ ਗੁਜ਼ਰਾਂਗੀ ਤੁਫ਼ਾਨੀ ਪੌਣ ਬਣ ਕੇ ਰਾਤ ਅੱਧੀ ਨੂੰ
ਤੇ ਸੁੱਤੇ ਵਣ ਦੀ ਨੀਂਦਰ ਵਿਚ ਮੈਂ ਪਾ ਕੇ ਖ਼ਲਲ ਜਾਵਾਂਗੀ

ਤੂੰ ਮੇਰਾ ਫ਼ਿਕਰ ਨਾ ਕਰ, ਜਾਹ ਤੂੰ ਮੈਨੂੰ ਛੱਡ ਕੇ ਤੁਰ ਜਾ
ਮੈਂ ਕੁਝ ਦਿਨ ਡਗਮਗਾਵਾਂਗੀ ਤੇ ਇਕ ਦਿਨ ਸੰਭਲ ਜਾਵਾਂਗੀ

ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀਂ
ਮੈਂ ਕੋਈ ਰੁਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ

ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ
ਖ਼ੁਦਾ-ਨਾ-ਖ਼ਾਸਤਾ ਜੇ ਪਰਬਤਾਂ ਤੋਂ ਫਿਸਲ ਜਾਵਾਂਗੀ

8. ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ

ਮੈਂ ਅਪਣੇ ਦਿਲ ਦੇ ਸ਼ੀਸ਼ੇ ਨੂੰ ਸਲਾਮਤ ਕਿਸ ਤਰਾਂ ਰੱਖਾਂ
ਐ ਸ਼ਿਬਲੀ! ਤੇਰਿਆਂ ਫੁੱਲਾਂ ਦੀ ਇੱਜ਼ਤ ਕਿਸ ਤਰਾਂ ਰੱਖਾਂ

ਮੈਂ ਜਿਸ ਨੂੰ ਆਖਿਆ ਸੂਰਜ ਤੂੰ ਉਸ ਨੂੰ ਚਾੜ੍ਹਤਾ ਸੂਲੀ,
ਇਨ੍ਹਾਂ ਬਲਦੇ ਚਿਰਾਗ਼ਾਂ ਦੀ ਹਿਫ਼ਾਜ਼ਤ ਕਿਸ ਤਰਾਂ ਰੱਖਾਂ

ਮੇਰੇ ਅੰਦਰ ਯਸ਼ੋਧਾ ਸਿਸਕਦੀ ਤੇ ਵਿਲਕਦਾ ਰਾਹੁਲ
ਮੈਂ ਬਾਹਰੋਂ ਬੁੱਧ ਹੋਵਣ ਦੀ ਮੁਹਾਰਤ ਕਿਸ ਤਰਾਂ ਰੱਖਾਂ

ਮੈਂ ਫੁੱਲਾਂ ਤਿਤਲੀਆਂ 'ਚੋਂ ਰੱਬ ਦਾ ਦੀਦਾਰ ਕੀਤਾ ਹੈ
ਇਨ੍ਹਾਂ ਮਰਮਰ ਦੇ ਬੁੱਤਾਂ ਵਿਚ ਅਕੀਦਤ ਕਿਸ ਤਰਾਂ ਰੱਖਾਂ

ਉਡੀਕੇ ਬਿਫਰਿਆ ਦਰਿਆ ਤੇ ਬਿਹਬਲ ਹੈ ਘੜਾ ਕੱਚਾ
ਮੈਂ ਇਹਨਾਂ ਵਲਗਣਾਂ ਦੇ ਸੰਗ ਮੁਹੱਬਤ ਕਿਸ ਤਰ੍ਹਾਂ ਰੱਖਾਂ

ਮਹਿਕ ਉੱਠਿਆ ਹੈ ਮੇਰੇ ਮਨ 'ਚ ਇਕ ਗੁੰਚਾ ਮੁਹੱਬਤ ਦਾ
ਹਵਾਵਾਂ ਤੋਂ ਛੁਪਾ ਕੇ ਇਹ ਹਕੀਕਤ ਕਿਸ ਤਰਾਂ ਰੱਖਾਂ

9. ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ

ਬੜੀ ਹੀ ਨਰਮ ਪੱਤੀ ਹਾਂ ਤੁਫ਼ਾਨਾਂ ਦੀ ਸਤਾਈ ਹਾਂ
ਮੈਂ ਟੁਟ ਕੇ ਸ਼ਾਖ਼ ਅਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ

ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ
ਮੈਂ ਕਲ੍ਹ ਪੇਕੇ ਪਰਾਈ ਸੀ ਤੇ ਅਜ ਸਹੁਰੇ ਪਰਾਈ ਹਾਂ

ਤਿਹਾਏ ਥਲ, ਤੇਰੀ ਖ਼ਾਤਰ ਮੈਂ ਕੀ ਕੀ ਰੂਪ ਬਦਲੇ ਨੇ
ਘਟਾ ਬਣ ਕੇ ਵੀ ਛਾਈ ਹਾਂ ਨਦੀ ਬਣ ਕੇ ਵੀ ਆਈ ਹਾਂ

ਨ ਮੇਰੇ ਹੰਝੂਆਂ ਤੋਂ ਡਰ ਕਿ ਪੱਲਾ ਕਰ ਤੇਰੀ ਖ਼ਾਤਰ
ਛੁਪਾ ਕੇ ਬੁੱਲ੍ਹੀਆਂ ਵਿਚ ਮੈਂ ਬੜੇ ਹਾਸੇ ਲਿਆਈ ਹਾਂ

ਮੇਰੀ ਤਾਸੀਰ ਇਕ ਸਿੱਕਾ ਹੈ ਜਿਸ ਦੇ ਦੋ ਦੋ ਪਹਿਲੂ ਨੇ
ਕਿਸੇ ਲਈ ਦਰਦ ਬਣ ਜਾਵਾਂ ਕਿਸੇ ਲਈ ਮੈ ਦਵਾਈ ਹਾਂ

ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ
ਮੈਂ ਬਾਰਸ਼ ਨੇ ਵੀ ਝੰਬੀ ਹਾਂ ਮੈਂ ਧੁਪ ਨੇ ਵੀ ਤਪਾਈ ਹਾਂ

ਮੇਰਾ ਜਗ ਤੇ ਮੁਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ
ਕੋਈ ਆਖੇ ਮੈਂ ਜ਼ੱਰਾ ਹਾਂ ਕੋਈ ਆਖੇ ਖ਼ੁਦਾਈ ਹਾਂ

10. ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਅਪਣੀ ਗੱਲ ਮੁਕਾ ਦਿੱਤੀ

ਉਨ੍ਹਾਂ ਦੀ ਬਹਿਸ ਨਾ ਮੁੱਕੀ ਮੈਂ ਅਪਣੀ ਗੱਲ ਮੁਕਾ ਦਿੱਤੀ
ਹਨ੍ਹੇਰੇ ਦੇ ਸਫ਼ੇ ‘ਤੇ ਚੰਨ ਦੀ ਮੂਰਤ ਬਣਾ ਦਿੱਤੀ

ਹਨ੍ਹੇਰੇ ਦੀ ਹਕੂਮਤ ਸੀ ਤੇ ਦਿੱਲੀ ਦਾ ਚੌਰਾਹਾ ਸੀ
ਉਨ੍ਹੇ ਸਿਰ ਵਾਰ ਕੇ ਅਪਦਾ ਸਦੀਵੀ ਲੋਅ ਜਗਾ ਦਿੱਤੀ

ਮੇਰੇ ਅਹਿਸਾਸ ਦੀ ਅਗਨੀ ਤੋਂ ਜਦ ਭੈਭੀਤ ਹੋ ਉੱਠੇ
ਉਨ੍ਹਾਂ ਨੇ ਵਰਕ ‘ਤੇ ਉੱਕਰੀ ਮੇਰੀ ਕਵਿਤਾ ਜਲਾ ਦਿੱਤੀ

ਸੁਖਾਵੇਂ ਰਸਤਿਆਂ ‘ਤੇ ਤੋਰ ਮੇਰੀ ਬਹੁਤ ਧੀਮੀ ਸੀ
ਭਲਾ ਕੀਤਾ ਤੁਸੀਂ ਜੋ ਅਗਨ ਰਾਹਾਂ ਵਿਚ ਵਿਛਾ ਦਿੱਤੀ

ਉਹ ਆਖ਼ਰ ਪਿਘਲਿਆ ਤੇ ਬਣ ਗਿਆ ਦਰਿਆ ਮੁਹੱਬਤ ਦਾ
ਮੈਂ ਐਸੀ ਅੱਗ ਉਸ ਪਰਬਤ ਦੇ ਸੀਨੇ ਵਿਚ ਲਗਾ ਦਿੱਤੀ

ਖ਼ੁਦਾ ਦਾ ਗੀਤ ਸੀ ਉਹ ਉਸ ਨੇ ਹਰਫ਼ਾਂ ਵਿਚ ਉਤਰਨਾ ਸੀ
ਮੈਂ ਕੋਰੇ ਵਰਕ ਵਾਂਗੂੰ ਜ਼ਿੰਦਗੀ ਅਪਣੀ ਵਿਛਾ ਦਿੱਤੀ

ਮੇਰੇ ਪੱਲੇ 'ਚ ਪੈ ਗਏ ਤਾਰਿਆਂ ਦੇ ਫੁੱਲ ਕਿਰ ਕਿਰ ਕੇ
ਕਿਸੇ ਨੇ ਰਾਤ ਦੇ ਰੁੱਖ ਦੀ ਕੋਈ ਟਾਹਣੀ ਹਿਲਾ ਦਿੱਤੀ

ਮੈਂ ਉਸ ਦੇ ਚਰਨ ਛੂਹ ਕੇ ਆਪਣੀ ਚੁੰਨੀ ਫੈਲਾ ਦਿੱਤੀ
”ਤੇਰੀ ਮਿੱਟੀ 'ਚੋਂ ਮਹਿਕਣ ਫੁੱਲ” ਉਹਨੇ ਮੈਨੂੰ ਦੁਆ ਦਿੱਤੀ

11. ਕਦੇ ਬੁਝਦੀ ਜਾਂਦੀ ਉਮੀਦ ਹਾਂ

ਕਦੇ ਬੁਝਦੀ ਜਾਂਦੀ ਉਮੀਦ ਹਾਂ
ਕਦੇ ਜਗਮਗਾਉਂਦਾ ਯਕੀਨ ਹਾਂ
ਤੂੰ ਗ਼ੁਲਾਬ ਸੀ ਜਿੱਥੇ ਬੀਜਣੇ
ਮੈਂ ਉਹੀ ਉਦਾਸ ਜ਼ਮੀਨ ਹਾਂ

ਮੈਨੂੰ ਭਾਲ ਨਾ ਮਹਿਸੂਸ ਕਰ
ਮੇਰਾ ਸੇਕ ਸਹਿ, ਮੇਰਾ ਦਰਦ ਜਰ
ਤੇਰੇ ਐਨ ਦਿਲ ਵਿਚ ਧੜਕਦੀ
ਕੋਈ ਰਗ ਮੈਂ ਬਹੁਤ ਮਹੀਨ ਹਾਂ

ਓਹੀ ਜ਼ਿੰਦਗੀ ਦੀ ਨਾਰਾਜ਼ਗੀ
ਓਹੀ ਵਕਤ ਦੀ ਬੇਲਿਹਾਜ਼ਗੀ
ਓਹੀ ਦਰਦ ਮੁੱਢ-ਕਦੀਮ ਦਾ
ਪਰ ਨਜ਼ਮ ਤਾਜ਼ਾ-ਤਰੀਨ ਹਾਂ

ਹੁਣ ਹੋਰ ਬਹਿਸ ਫ਼ਜ਼ੂਲ ਹੈ
ਇਹ ਚੰਨ ਨੂੰ ਦਾਗ਼ ਕਬੂਲ ਹੈ
ਕਿ ਮੈਂ ਸ਼ੀਸ਼ਿਆਂ ਤੋਂ ਕੀ ਪੁੱਛਣਾ
ਜੇ ਤੇਰੀ ਨਜ਼ਰ 'ਚ ਹੁਸੀਨ ਹਾਂ

ਮੈਂ ਪਿਘਲ ਰਹੀ ਤੇਰੇ ਪਿਆਰ ਵਿਚ
ਅਤੇ ਢਲ ਰਹੀ ਇਜ਼ਹਾਰ ਵਿਚ
ਉਹ ਹਨ੍ਹੇਰ ਵਿਚ ਮੈਨੂੰ ਢੂੰਡਦੇ
ਤੇ ਮੈਂ ਰੋਸ਼ਨਾਈ 'ਚ ਲੀਨ ਹਾਂ

ਕੋਈ ਦਰਦ ਪੈਰਾਂ 'ਚ ਵਿਛ ਗਿਆ
ਕੋਈ ਜ਼ਖ਼ਮ ਸੀਨੇ ਨੂੰ ਲਗ ਗਿਆ
ਇਕ ਹਾਦਸੇ ਨੇ ਇਹ ਦੱਸਿਆ
ਮੈਂ ਅਜੇ ਵੀ ਦਿਲ ਦੀ ਹੁਸੀਨ ਹਾਂ

ਮੈਨੂੰ ਹਰ ਤਰ੍ਹਾਂ ਹੀ ਅਜ਼ੀਜ਼ ਹੈ
ਇਹ ਜੋ ਖਾਰਾ ਸਾਗਰ ਇਸ਼ਕ ਦਾ
ਕਦੇ ਮਚਲਦੀ ਹੋਈ ਲਹਿਰ ਹਾਂ
ਕਦੇ ਤੜਪਦੀ ਹੋਈ ਮੀਨ ਹਾਂ

12. ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ

ਬੜਾ ਮੈਂ ਸਾਂਭਿਆ ਉਸ ਨੂੰ ਉਹ ਇਕ ਦਿਨ ਟੁਟ ਗਿਆ ਆਖ਼ਰ
ਕੋਈ ਪੱਤਾ ਕਿਸੇ ਟਾਹਣੀ ‘ਤੇ ਕਦ ਤਕ ਠਹਿਰਦਾ ਆਖ਼ਰ

ਮੈਂ ਮਮਤਾ ਦੀ ਭਰੀ ਹੋਈ ਉਹ ਖ਼ਾਲੀ ਫ਼ਲਸਫ਼ਾ ਕੋਈ
ਮੇਰੀ ਵਹਿੰਗੀ ਨੂੰ ਕਦ ਤਕ ਮੋਢਿਆਂ ‘ਤੇ ਚੁੱਕਦਾ ਆਖ਼ਰ

ਉਹ ਕੂਲ਼ੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ
ਕਰੇ ਕਿਉਂ ਹੇਜ ਪੱਤਝੜ ਦਾ ਕੋਈ ਪੱਤਾ ਹਰਾ ਆਖ਼ਰ

ਮੈਂ ਉਸ ਦੀ ਜੜ੍ਹ ਨੂੰ ਅਪਣੇ ਖ਼ੂਨ ਸੰਗ ਲਬਰੇਜ਼ ਰੱਖਾਂਗੀ
ਮਸਾਂ ਫੁੱਲਾਂ ‘ਤੇ ਆਇਆ ਹੈ ਉਹ ਮੇਰਾ ਲਾਡਲਾ ਆਖ਼ਰ

ਉਹ ਮੇਰੀ ਰੱਤ ‘ਤੇ ਪਲਿਆ ਸੀ, ਇਕ ਦਿਨ ਬਹੁਤ ਪਿਆਸਾ ਸੀ
ਕਿ ਬਣ ਕੇ ਤੀਰ ਮੇਰੇ ਕਾਲਜੇ ਵਿਚ ਖੁਭ ਗਿਆ ਆਖ਼ਰ

ਮੈਂ ਖ਼ਾਰਾਂ ਤੋਂ ਤਾਂ ਵਾਕਿਫ਼ ਸੀ ਮਗਰ ਸੀ ਖ਼ੌਫ਼ ਫੁੱਲਾਂ ਦਾ
ਤੇ ਜਿਸ ਦਾ ਖ਼ੌਫ਼ ਸੀ ਦਰਪੇਸ਼ ਹੈ ਉਹ ਹਾਦਿਸਾ ਆਖ਼ਰ

ਕਿਸੇ ਸਬਜ਼ੇ ਨੂੰ ਕੀ ਸਿੰਜੇ ਪਲੱਤਣ ਦਾ ਕੋਈ ਅੱਥਰੂ
ਕਿ ਉਸ ਨੂੰ ਤੜਪ ਅਪਣੀ ਤੋਂ ਮੈਂ ਕਰ ਦਿੱਤਾ ਰਿਹਾ ਆਖ਼ਰ

ਕਿਹਾ ਪੁੱਤਰ ਨੇ ਇਕ ਦਿਨ, ਕਾਸ਼! ਮੈਂ ਰਾਜੇ ਦਾ ਪੁੱਤ ਹੁੰਦਾ
ਪਿਤਾ ਹੱਸਿਆ, ਬਹੁਤ ਹੱਸਿਆ ਤੇ ਫਿਰ ਪਥਰਾ ਗਿਆ ਆਖ਼ਰ।

13. ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ

ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ
ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ

ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ
ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ

ਵੇਖੇਂਗਾ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ
ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ

ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ ‘ਤੇ,
ਮੈਂ ਜ਼ਿੰਦਗੀ ਦਾ ਗੀਤ ਹਾਂ, ਲਫ਼ਜ਼ਾਂ ਤੋਂ ਪਾਰ ਹਾਂ

ਖੁਰ ਕੇ ਉਹ ਮੇਰੇ ਸੇਕ ਵਿਚ ਬੇਨਕਸ਼ ਹੋ ਗਏ
ਜੋ ਸੋਚਦੇ ਸੀ ਮੈਂ ਕੋਈ ਮੋਮੀ ਮੀਨਾਰ ਹਾਂ

14. ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ

ਮੈਂ ਇਸ਼ਕ ਕਮਾਇਆ ਹੈ ਅਦਬੀ ਵੀ ਰੂਹਾਨੀ ਵੀ
ਕਦੇ ਆਖ ਸੁਖ਼ਨ ਮੈਨੂੰ ਕਦੇ ਆਖ ਦੀਵਾਨੀ ਵੀ

ਮੈਂ ਜ਼ੁਲਮ ਹਰਾਉਣਾ ਸੀ, ਨ੍ਹੇਰਾ ਰੁਸ਼ਨਾਉਣਾ ਸੀ
ਮੇਰੇ ਹੱਥਾਂ ਨੇ ਚੁੱਕੀ ਤਲਵਾਰ ਵੀ, ਕਾਨੀ ਵੀ

ਕਦੇ ਖ਼ੁਸ਼ਬੂ ਸੰਦਲ ਦੀ ਕਦੇ ਅੱਗ ਹਾਂ ਜੰਗਲ ਦੀ
ਮੌਜੂਦ ਮੇਰੇ ਅੰਦਰ ਚੰਡੀ ਵੀ ਭਵਾਨੀ ਵੀ

ਸੂਰਜ ਦੀ ਧੁੱਪ ਵਰਗਾ ਰੁੱਖਾਂ ਦੀ ਛਾਂ ਵਰਗਾ
ਯਾ ਰੱਬ, ਮੈਂ ਲਿਖ ਦੇਵਾਂ ਕੋਈ ਗੀਤ ਲਾਸਾਨੀ ਵੀ

ਉਮਰਾ ਦੀ ਸ਼ਾਮ ਢਲੀ ਯਾਦਾਂ ਦੀ ਜੋਤ ਬਲੀ
ਅੱਖਾਂ 'ਚੋਂ ਉਮੜ ਆਏ ਬਚਪਨ ਵੀ ਜੁਆਨੀ ਵੀ

ਤੂੰ ਜ਼ਖ਼ਮ ਜੋ ਦਿੱਤੇ ਸੀ ਮਹਿਫ਼ੂਜ਼ ਨੇ ਦਿਲ ਅੰਦਰ
ਮੈਂ ਸਾਂਭ ਕੇ ਰੱਖੀ ਹੈ ਉਹ ਗਲ਼ ਦੀ ਗਾਨੀ ਵੀ

15. ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ

ਸੱਜਰੇ ਫੁੱਲ ਦੀਆਂ ਮਹਿਕਾਂ ਵਰਗੇ
ਤੇਰੇ ਬੋਲ ਮੁਹੱਬਤਾਂ ਵਰਗੇ

ਕੁਝ ਦਿਲ ਹੀਰੇ , ਕੁਝ ਦਿਲ ਮੋਤੀ
ਕੁਝ ਦਿਲ ਖ਼ਾਰੇ ਹੰਝੂਆਂ ਵਰਗੇ

ਵਿਛੜ ਗਈਆਂ ਜਿਹਨਾਂ ਤੋਂ ਰੂਹਾਂ
ਉਹ ਤਨ ਹੋ ਗਏ ਕਬਰਾਂ ਵਰਗੇ

ਸਾਡਾ ਦਿਲ ਕੱਖਾਂ ਦੀ ਕੁੱਲੀ
ਉਹਦੇ ਬੋਲ ਨੇ ਚਿਣਗਾਂ ਵਰਗੇ

ਜਦ ਜੀ ਚਾਹੇ ਪਰਖ ਲਈਂ ਤੂੰ
ਸਾਡੇ ਜੇਰੇ ਬਿਰਖਾਂ ਵਰਗੇ

ਧੁੱਪਾਂ ਸਹਿ ਕੇ ਛਾਵਾਂ ਵੰਡਦੇ
ਰੁੱਖ ਵੀ ਸੱਜਣਾਂ ਮਿੱਤਰਾਂ ਵਰਗੇ

ਕੁਝ ਅਹਿਸਾਸ ਨੇ ਸ਼ੇਅਰ ਗ਼ਜ਼ਲ ਦੇ
ਕੁਝ ਅਣ-ਲਿਖੀਆਂ ਸਤਰਾਂ ਵਰਗੇ

16. ਜਿਸਮ ਦੀ ਕੈਦ 'ਚੋਂ ਬਰੀ ਕਰ ਦੇ

ਜਿਸਮ ਦੀ ਕੈਦ 'ਚੋਂ ਬਰੀ ਕਰ ਦੇ
ਮੈਨੂੰ ਕਤਰੇ ਤੋਂ ਹੁਣ ਨਦੀ ਕਰ ਦੇ

ਇਹਨਾਂ ਫੁੱਲਾਂ ਦਾ ਕੀ ਭਰੋਸਾ ਹੈ
ਮੈਨੂੰ ਮਹਿਕਾਂ ਦੇ ਹਾਣ ਦੀ ਕਰ ਦੇ

ਮੇਰੀ ਮਿੱਟੀ ਦੀ ਤੜਪ ਤੱਕਣੀ ਤਾਂ
ਅਪਣੀ ਬਾਰਿਸ਼ ਨੂੰ ਮੁਲਤਵੀ ਕਰ ਦੇ

ਏਸ ਟਾਹਣੀ ‘ਤੇ ਫੁੱਲ ਖਿੜਾ ਦਾਤਾ
ਇਹਨੂੰ ਮਮਤਾ ਦੀ ਮੂਰਤੀ ਕਰ ਦੇ

17. ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ

ਐਵੇਂ ਗੈਰਾਂ ਨਾਲ ਮਿੱਠਾ-ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂੰ,
ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ

ਅਸੀਂ ਤਨਹਾਈਆਂ ਦੇ ਗਲ ਨਾਲ ਲੱਗ-ਲੱਗ ਰੋਏ,
ਇਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ

ਅਸੀਂ ਉਮਰਾਂ ਬੀਤਾਈਆਂ ਜਿਸਤੋਂ ਲੁੱਕ -ਲੁੱਕ ਕੇ,
ਰਾਤੀਂ ਸੁਪਨੇ ਚ ਆਇਆ, ਕੁੰਡਾ ਖੋਲ ਹੋ ਗਿਆ

ਜਿਨ੍ਹਾ ਸਜਨਾ ਨਾਲ ਨਾ ਸੀ ਸਾਡੀ ਸੁਰ ਮਿਲਦੀ,
ਗੀਤ ਜਿੰਦਗੀ ਦਾ ਓਹਨਾਂ ਸੰਗ ਬੋਲ ਹੋ ਗਿਆ

18. ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ

ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ
ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ

ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ
ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ

ਜ਼ਿੰਦਗੀ ਦੀ ਰਾਤ ਤੇ ਜੇ ਹੈ ਗਿਲਾ ਤਾਂ ਇਸ ਲਈ
ਇੱਕ ਵੀ ਜੁਗਨੂੰ ਨਾ ਚਮਕੇ ਨਾ ਕੋਈ ਤਾਰਾ ਮਿਲੇ

ਛੇੜ ਲੈਂਦੇ ਲੋਕ ਟੁੱਟੇ ਪੱਤਿਆਂ ਦੀ ਦਾਸਤਾਨ
ਓਸ ਪਾਗਲ ਪੌਣ ਦਾ ਜੇ ਹੁਣ ਕਿਤੇ ਝੌਂਕਾ ਮਿਲੇ

ਠੀਕ ਹੈ ਕਿ ਬੇਕਰਾਰੀ ਬਹੁਤ ਹੈ ਪਰ, ਐ ਜਿਗਰ !
ਕਦ ਕਿਸੇ ਸਹਿਰਾ ਨੂੰ ਕੋਈ ਛਲਕਦਾ ਦਰਿਆ ਮਿਲੇ

ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ
ਰੋਟੀ ਖ਼ਾਤਰ ਆਦਮੀ ਹਰ ਮੋੜ ‘ਤੇ ਵਿਕਦਾ ਮਿਲੇ

19. ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ

ਮੇਰੇ ਖੰਭਾਂ 'ਚ ਏਨੀ ਕੁ ਪਰਵਾਜ਼ ਹੈ
ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ
ਇਹ ਨਾ ਸਮਝੀਂ ਕਿ ਉੱਡਣਾ ਨਹੀਂ ਜਾਣਦੀ
ਤੇਰੇ ਕਦਮਾਂ 'ਚ ਜੇ ਬਸਰ ਕਰ ਲਵਾਂ

ਕੌਣ ਕਹਿੰਦਾ ਹੈ ਝੱਖੜਾਂ ਤੋਂ ਡਰ ਜਾਵਾਂਗੀ
ਕੌਣ ਕਹਿੰਦਾ ਹੈ ਬੇਮੌਤ ਮਰ ਜਾਵਾਂਗੀ
ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ
ਜੇ ਮੈਂ ਚਾਹਾਂ ਤਾਂ ਸੂਰਜ 'ਤੇ ਪੱਬ ਧਰ ਲਵਾਂ

ਉੱਚੇ ਅਰਸ਼ਾਂ ਦੀ ਬਣ ਜਾਵਾਂ ਰਾਣੀ ਵੀ ਮੈਂ
ਏਸ ਧਰਤੀ ਦੀ ਦਿਲਕਸ਼ ਕਹਾਣੀ ਵੀ ਮੈਂ
ਬਲਦੇ ਸਹਿਰਾ 'ਚ ਸੜਨਾ ਵੀ ਹਾਂ ਜਾਣਦੀ
ਕੋਈ ਵਾਅਦਾ ਵਫ਼ਾ ਦਾ ਜਦੋਂ ਕਰ ਲਵਾਂ

ਔਖੇ ਰਾਹਾਂ ਤੇ ਮੈਨੂੰ ਦਿਲਾਸਾ ਤਾਂ ਦੇ
ਮੇਰੇ ਹੋਠਾਂ ਨੂੰ ਕੋਈ ਤੂੰ ਹਾਸਾ ਤਾਂ ਦੇ
ਕਿ ਮੈਂ ਏਨੀ ਵੀ ਪਿਆਸੀ ਨਹੀਂ ਮਹਿਰਮਾ
ਤੇਰੀ ਸਾਰੀ ਨਮੀ ਦੀ ਹੀ ਘੁੱਟ ਭਰ ਲਵਾਂ

20. ਨਾ ਤੂੰ ਆਇਆ ਨਾ ਗੁਫ਼ਤਗੂ ਹੋਈ

ਨਾ ਤੂੰ ਆਇਆ ਨਾ ਗੁਫ਼ਤਗੂ ਹੋਈ
ਟੋਟੇ ਟੋਟੇ ਹੈ ਆਰਜ਼ੂ ਹੋਈ

ਤੇਰੇ ਨੈਣਾਂ ਦਾ ਨੀਰ ਯਾਦ ਆਇਆ
ਆਂਦਰ ਆਂਦਰ ਲਹੂ ਲਹੂ ਹੋਈ

ਆਪਣੇ ਚੰਨ ਦੀ ਤਲਾਸ਼ ਸੀ ਮੈਨੂੰ
ਤਾਂਹੀਓਂ ਰਾਤਾਂ ਦੇ ਰੂਬਰੂ ਹੋਈ

ਨਾ ਹੀ ਧਰਤੀ 'ਚ ਕੋਈ ਰੁੱਖ ਲੱਗਿਆ
ਨਾ ਫ਼ਿਜ਼ਾਵਾਂ 'ਚ ਕੂਹਕੂ ਹੋਈ

ਹੌਲ਼ੀ ਹੌਲ਼ੀ ਲਬਾਂ 'ਤੇ ਆਏਗੀ
ਹਾਲੇ ਨੈਣਾਂ 'ਚ ਗੱਲ ਸ਼ੁਰੂ ਹੋਈ

ਇਸ਼ਕ ਤੇਰੇ 'ਚ ਢਲ਼ ਤੇਰੀ 'ਅੰਮ੍ਰਿਤ'
ਤੇਰੇ ਵਰਗੀ ਹੀ ਹੂਬਹੂ ਹੋਈ

21. ਬਾਵਰੀ ਦੀਵਾਨੀ ਚਾਹੇ ਪਗਲੀ ਕਹੋ

ਬਾਵਰੀ ਦੀਵਾਨੀ ਚਾਹੇ ਪਗਲੀ ਕਹੋ
ਬੱਸ ਮੇਰੇ ਰਾਮਾ ਮੈਨੂੰ ਆਪਣੀ ਕਹੋ

ਜੇ ਹੈ ਮੇਰੇ ਤਨ ਵਿਚ ਰੂਹ ਫ਼ੂਕਣੀ
ਹੋਂਠਾਂ ਸੰਗ ਲਾਵੋ ਨਾਲੇ ਵੰਝਲੀ ਕਹੋ

ਆਵਾਂਗੀ ਮੈਂ ਨੇਰਿਆਂ ਦੀ ਹਿੱਕ ਚੀਰ ਕੇ
ਇੱਕ ਵਾਰ ਤੁਸੀਂ ਮੈਨੂੰ ਰੌਸ਼ਨੀ ਕਹੋ

ਮੈਂ ਤਾਂ ਐਵੇਂ ਪਾਣੀ ਦੀ ਲਕੀਰ ਜੇਹੀ ਹਾਂ
ਤੁਸੀਂ ਮੈਨੂੰ ਨਦੀ ਚਾਹੇ ਬੱਦਲੀ ਕਹੋ

ਹੁੰਦਾ ਹੈ ਉਡੀਕ ਦਾ ਵੀ ਆਸਰਾ ਬੜਾ
ਸਿਰਫ਼ ਮਿਲਾਪ ਨੂੰ ਨਾ ਜ਼ਿੰਦਗੀ ਕਹੋ

ਪਿਆਰ ਹੈ ਇਹ ਅਸੀਂ ਇਹਨੂੰ ਪਿਆਰ ਕਹਾਂਗੇ
ਤੁਸੀਂ ਅਪਣੱਤ ਚਾਹੇ ਦੋਸਤੀ ਕਹੋ

ਸੱਜਣਾ ਦੀ ਗਲੀ ਆਉਣਾ ਜਾਣਾ ਪੈਂਦਾ ਹੈ
ਐਵੇਂ ਨਾ ਜੀ ਪਿਆਰ ਨੂੰ ਆਵਾਰਗੀ ਕਹੋ

22. ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ

ਰੰਗਾਂ ਤੇ ਤਿਤਲੀਆਂ ਦੇ ਕੁਝ ਸੁਪਨੇ ਵਿਖਾਲ ਕੇ
ਲੈ ਜਾਏ ਨਾ ਇਹ ਪੌਣ ਸਭ ਗੁੰਚੇ ਉਧਾਲ ਕੇ

ਸੀਨੇ 'ਚੋਂ ਗਹਿਰੇ ਦਰਦ ਦਾ ਸਾਗਰ ਹੰਘਾਲ ਕੇ
ਲੈ ਆਈ ਤੇਰੇ ਪਿਆਰ ਦਾ ਮੋਤੀ ਮੈਂ ਭਾਲ ਕੇ

ਕੁਝ ਦਿਨ ਤਾਂ ਓ ਜ਼ਮਾਨਿਆਂ, ਰੜਕਣਗੇ ਤੇਰੇ ਨੈਣ
ਮੈਂ ਸੇਕ ਲਏ ਨੇ ਤੇਰੇ ਸਭ ਦਸਤੂਰ ਬਾਲ ਕੇ

ਜੇ ਹਰਫ਼ ਨਾ ਗਵਾਰਾ ਤਾਂ ਅੱਥਰੂ ਹੀ ਕੇਰ ਦੇ
ਰੱਖ ਦੇ ਮੇਰੇ ਮਜ਼ਾਰ 'ਤੇ ਕੋਈ ਦੀਪ ਬਾਲ ਕੇ

ਹਾਲੇ ਵੀ ਸਹਿਕਦੀ ਹੈ ਇਕ ਖ਼ਾਹਿਸ਼ ਵਸਲ ਦੀ
ਮੈਨੂੰ ਮੇਰੇ ਮਜ਼ਾਰ 'ਚੋਂ ਲੈ ਜਾ ਉਠਾਲ ਕੇ

ਦੇਖੀਂ ਤਾਂ ਕੋਈ ਦਿਲਕਸ਼ੀ ਆਉਂਦੀ ਕਿਤੇ ਨਜ਼ਰ
ਲੈ ਆਈ ਦਿਲ ਦਾ ਦਰਦ ਮੈਂ ਰੰਗਾਂ 'ਚ ਢਾਲ ਕੇ

ਕਾਹਦੀ ਕਲਾ ਹੈ ਸੁਹਣਿਆਂ, ਕਾਹਦਾ ਹੈ ਉਹ ਵਰਾਗ
ਪਾਣੀ ਬਣਾ ਨਾ ਦੇਵੇ ਜੋ ਮਰਮਰ ਨੂੰ ਢਾਲ ਕੇ

23. ਇਸ਼ਕ ਦੇ ਪੱਤਣਾਂ 'ਤੇ ਮੇਲੇ ਜੁੜ ਗਏ

ਇਸ਼ਕ ਦੇ ਪੱਤਣਾਂ 'ਤੇ ਮੇਲੇ ਜੁੜ ਗਏ
ਇਲਮ ਦੇ ਸਾਰੇ ਕਿਨਾਰੇ ਖੁਰ ਗਏ

ਖ਼ਾਕ ਮੇਰੀ 'ਚੋਂ ਮੁਹੱਬਤ ਖਿੜ ਪਈ
ਮੁੱਲ ਤੇਰੇ ਪਾਣੀਆਂ ਦੇ ਮੁੜ ਗਏ

ਉੱਚੀ ਹੋਈ ਲਾਟ ਜਦ ਵੀ ਇਸ਼ਕ ਦੀ
ਰੰਗ ਰਸਮਾਂ ਵਾਲਿਆਂ ਦੇ ਉੜ ਗਏ

ਸੁਹਣੀਆਂ ਹਿੱਕਾਂ 'ਤੇ ਓਹੀ ਸੋਭਦੇ
ਸੂਈ ਦੇ ਨੱਕੇ 'ਚ ਜਿਹੜੇ ਪੁਰ ਗਏ

ਰੀਤ ਦੀ ਟਾਹਣੀ ਤੋਂ ਨਾਤਾ ਤੋੜ ਕੇ
ਦੋ ਗੁਲਾਬੀ ਫੁੱਲ ਝਨਾਂ ਵਿਚ ਰੁੜ੍ਹ ਗਏ

ਬਾਲ਼ ਕੇ ਅਪਣੀ ਅਕੀਦਤ ਦੇ ਚਿਰਾਗ
ਤੇਰੀ ਦੁਨੀਆਂ 'ਚੋਂ ਮੁਸਾਫ਼ਰ ਮੁੜ ਗਏ

ਸਜ ਗਈ ਹੈ ਫੇਰ ਮਹਿਫਿਲ ਸ਼ਾਮ ਦੀ
ਚੰਨ ਦੀ ਸੁਹਬਤ 'ਚ ਤਾਰੇ ਜੁੜ ਗਏ

24. ਤੇਰਿਆਂ ਹੋਠਾਂ 'ਤੇ ਹੁਣ ਬੰਸੀ ਵੀ ਜਰ ਹੁੰਦੀ ਨਹੀਂ

ਤੇਰਿਆਂ ਹੋਠਾਂ 'ਤੇ ਹੁਣ ਬੰਸੀ ਵੀ ਜਰ ਹੁੰਦੀ ਨਹੀਂ
ਹਾਏ, ਦਿਲ ਦੀ ਬੇਕਰਾਰੀ ਬਿਆਨ ਕਰ ਹੁੰਦੀ ਨਹੀਂ

ਤੇਰੇ ਗਹਿਰੇ ਪਾਣੀਆਂ 'ਤੇ ਕਿਸ ਤਰਾਂ ਦਾਅਵਾ ਕਰਾਂ
ਮੈਥੋਂ ਤੇਰੇ ਕੰਢਿਆਂ ਦੀ ਰੇਤ ਸਰ ਹੁੰਦੀ ਨਹੀਂ

ਡੁੱਬ ਕੇ ਮਰ ਜਾਣ ਦੇ ਅਪਣੇ ਜਲਾਂ ਵਿਚ ਸੁਹਣਿਆਂ
ਜ਼ਿੰਦਗਾਨੀ ਹੁਣ ਕਿਨਾਰੇ 'ਤੇ ਬਸਰ ਹੁੰਦੀ ਨਹੀਂ

ਕਿਹੜਾ ਕਿਹੜਾ ਕਹਿਰ ਨਾ ਢਾਅ ਕੇ ਹਵਾ ਨੇ ਦੇਖਿਆ
ਸ਼ਾਖ਼ ਤੋਂ ਪਰ ਫੁੱਲ ਦੀ ਖ਼ਾਹਿਸ਼ ਕਤਰ ਹੁੰਦੀ ਨਹੀਂ

ਕੀ ਪਤਾ ਕਦ ਲੱਥੀਆਂ ਕਣੀਆਂ ਤੇ ਕਦ ਤਾਰੇ ਖਿੜੇ
ਆਣ ਕੇ ਪਹਿਲੂ 'ਚ ਤੇਰੇ ਕੁਛ ਖ਼ਬਰ ਹੁੰਦੀ ਨਹੀਂ

ਉਸ ਦਿਆਂ ਨੈਣਾਂ 'ਚ ਹਾਲੇ ਖਿੜ ਰਹੇ ਤਾਜ਼ੇ ਕੰਵਲ
ਉਸ ਦੇ ਸਾਹਵੇਂ ਅੱਗ ਵਰਗੀ ਗੱਲ ਕਰ ਹੁੰਦੀ ਨਹੀਂ

ਪਿੰਡ ਦੀ ਫਿਰਨੀ 'ਤੇ ਆ ਕੇ ਝੂਮ ਉੱਠਿਆ ਦਿਲ ਮੇਰਾ
ਆਪਣੀ ਮਿੱਟੀ ਦੀ ਖੁਸ਼ਬੂ ਬੇਅਸਰ ਹੁੰਦੀ ਨਹੀਂ

25. ਹੁਣ ਕੀ ਜਿੰਦੇ ਦੇਖਣੋਂ ਰਿਹਾ ਤਮਾਸ਼ਾ ਹੋਰ

ਹੁਣ ਕੀ ਜਿੰਦੇ ਦੇਖਣੋਂ ਰਿਹਾ ਤਮਾਸ਼ਾ ਹੋਰ
ਥੱਲੇ ਢੇਰੀ ਰਾਖ਼ ਦੀ ਉੱਤੇ ਨੱਚਦਾ ਮੋਰ

ਪੌਣ ਤਾਂ ਲੰਘੀ ਸ਼ੂਕਦੀ ਵਾਂਗ ਚੁੜੇਲਾਂ ਕੂਕਦੀ
ਲੈ ਗਈ ਪਰਚਮ ਪੁੱਟ ਕੇ ਸੁਟ ਗਈ ਛਾਵਾਂ ਤੋੜ

ਨਾ ਕੋਈ ਹੰਝੂ ਧਰਤ 'ਤੇ ਨਾ ਕੋਈ ਤਾਰਾ ਅਰਸ਼ 'ਤੇ
ਖ਼ਬਰੇ ਹਾਲੇ ਝੁੱਲਣੇ ਕਿੰਨੇ ਝੱਖੜ ਹੋਰ

ਆ ਜਾ ਨੀ ਬਿੰਦ ਅਗਨੀਏਂ ਸਿਵਿਆਂ ਦੇ ਵਿਚ ਜਗਣੀਏਂ
ਅੱਜ ਦੁਨੀਆਂ ਦੇ ਨ੍ਹੇਰ ਨੂੰ ਡਾਢੀ ਤੇਰੀ ਲੋੜ

ਖ਼ਬਰੇ ਕੈਸੀ ਖ਼ਾਕ ਸੀ ਕਾਹਦੀ ਇਸ ਨੂੰ ਝਾਕ ਸੀ
ਹੌਲੀ ਹੌਲੀ ਖਾ ਗਈ ਰੂਹ ਦੇ ਕੰਢੇ ਭੋਰ

ਰਹਿਣ ਵੀ ਦੇ ਇਸ ਭੇਤ ਨੂੰ ਟਿਕੀ ਰਹਿਣ ਦੇ ਰੇਤ ਨੂੰ
ਨਾ ਨਾ ਤੇਹੇ ਮੇਰੀਏ, ਨਾ ਕਿਣਕਾ ਕਿਣਕਾ ਖੋਰ

ਹੇਠਾਂ ਪਾਣੀ ਵਗ ਰਿਹਾ ਉੱਤੇ ਅੰਬਰ ਜਗ ਰਿਹਾ
ਖ਼ਾਕ ਤਾਂ ਮੇਰੀ ਸੌਂ ਗਈ ਚਾਰੇ ਕੰਨੀਆਂ ਮੋੜ

ਹੁਣ ਜਦ ਅਗਨੀ ਠਰ ਗਈ ਹੁਣ ਜਦ ਮਿੱਟੀ ਮਰ ਗਈ
ਹੁਣ ਨਾ ਸੁਣਿਆਂ ਜਾਂਵਦਾ ਕਲਕਲ ਦਾ ਇਹ ਸ਼ੋਰ

ਦਮ ਦਮ ਚੱਕੀ ਚੱਲ ਰਹੀ ਦੁਨੀਆਂ ਦੇ ਵਿਚ ਵਕਤ ਦੀ
ਪੀਹ ਪੀਹ ਸੁੱਟੀ ਜਾਂਵਦੀ ਸੁਪਨੇ, ਫੁੱਲ ਤੇ ਰੋੜ

ਪਿਆਰ ਵੀ ਨੰਗੀ ਤੇਗ ਸੀ , ਜਿਉਂ ਅੰਨ੍ਹਾ ਕੋਈ ਵੇਗ ਸੀ
ਸਿੱਧੀ ਦਿਲ ਵਿਚ ਲਹਿ ਗਈ ਸਾਰੇ ਬੂਹੇ ਤੋੜ

ਸਾਹ ਲੈ ਜਿੰਦੇ ਮੇਰੀਏ ਰੁਕ ਵੀ ਜਾ ਨੀਂ ਨ੍ਹੇਰੀਏ
ਹੁਣ ਤਾਂ ਮੱਠੀ ਪੈ ਗਈ ਤਾਰਿਆਂ ਦੀ ਵੀ ਤੋਰ

ਨਾ ਕੋਈ ਅੱਗੇ ਤੁਰ ਰਿਹਾ ਨਾ ਕੋਈ ਪਿੱਛੇ ਮੁੜ ਰਿਹਾ
ਹਰ ਕੋਈ ਪੱਥਰ ਹੋ ਗਿਆ ਆ ਗਿਆ ਕੈਸਾ ਮੋੜ

ਰੱਬਾ ਮੇਰੀ ਰੀਝ ਹੈ ਮੈਂ ਇਕ ਦਿਨ ਐਸਾ ਦੇਖਣਾ
ਸਹਿਮੇ ਹੋਏ ਸ਼ੇਰ 'ਤੇ ਕਰੇ ਸਵਾਰੀ ਮੋਰ

ਮਰ ਗਿਆ ਬੰਦਾ ਟੋਲਦਾ ਮਨ ਦੀਆਂ ਤਹਿਆਂ ਫ਼ੋਲਦਾ
ਜਿਹੜਾ ਅੰਦਰ ਬੋਲਦਾ ਫੜ ਨਾ ਹੋਇਆ ਚੋਰ

ਆਓ ਲੋਕੋ ਦੇਖੀਏ ਵਿਚ ਚੁਰਾਹੇ ਨੱਚਦੀ
ਖੇਡਾ ਪੈਂਦਾ ਮੌਤ ਦਾ ਨਾ ਡਮਰੂ ਨਾ ਡੋਰ

26. ਤੂੰ ਮੁੜ-ਮੁੜ ਮੁੱਹਬਤ ਦਾ ਇਜ਼ਹਾਰ ਨਾ ਕਰ

ਤੂੰ ਮੁੜ-ਮੁੜ ਮੁੱਹਬਤ ਦਾ ਇਜ਼ਹਾਰ ਨਾ ਕਰ
ਅਸੀਂ ਤਾਂ ਦੀਵਾਨੇ ਹਾਂ, ਤੂੰ ਪਿਆਰ ਨਾ ਕਰ

ਤੂੰ ਦੇਵੇਂਗਾ ਛਾਵਾਂ ਓਹ ਤੋੜਣਗੇ ਪੱਤੇ,
ਕਿ ਰਾਹੀਆਂ ਤੇ ਬਹੁਤਾ ਵੀ ਇਤਬਾਰ ਨਾ ਕਰ

ਅਸੀਂ ਤੈਨੂੰ ਔੜਾਂ ਵਿੱਚ ਹੰਝੂਆਂ ਨਾਲ ਸਿੰਜਿਆ,
ਤੂੰ ਸਾਨੂੰ ਤੇ ਛਾਵਾਂ ਤੋਂ ਇਨਕਾਰ ਨਾ ਕਰ

ਓਹ ਦਿੰਦਾ ਹੈ ਮੈਨੂੰ ਹਿਆਤੀ ਦੇ ਸੁਪਨੇ,
ਤੇ ਕਹਿੰਦਾ ਹੈ ਸਾਹਾਂ ਤੇ ਇਤਬਾਰ ਨਾ ਕਰ

ਖਿਜਾਵਾਂ ਵਿਚ ਕਰਦਾ ਏਂ ਛਾਵਾਂ ਦੇ ਵਾਇਦੇ,
ਗਰੀਬਾਂ ਨਾਲ ਹਾਸੇ ਮੇਰੇ ਯਾਰ ਨਾ ਕਰ

27. ਕਾਹਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ

ਕਾਹਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇ
ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ

ਜੀਹਦੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ
ਕਿਉਂ ਉਸਦੇ ਨਾਮ ਮੇਰੀ ਹਰ ਇਕ ਬਹਾਰ ਹੋਵੇ

ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ
ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ

ਕੋਈ ਦੂਰ ਦੂਰ ਤੀਕਰ ਵਿਛ ਜਾਏ ਪਿਆਸ ਬਣਕੇ
ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ

ਉੱਠਾਂ ਮੈਂ ਚਿਣਗ ਭਾਲਾਂ ਕੋਈ ਚਿਰਾਗ ਬਾਲਾਂ
ਖ਼ਬਰੇ ਹਵਾ ਦਾ ਝੋਂਕਾ ਕੋਈ ਬੇਕਰਾਰ ਹੋਵੇ

ਆਵੇ ਉਹ ਮੇਰਾ ਪਿਆਰਾ, ਮੇਰੀ ਅੱਖ ਦਾ ਸਿਤਾਰਾ
ਮੇਰੀ ਨਿਗਾਹ ਤੋਂ ਪਾਸੇ ਇਹ ਅੰਧਕਾਰ ਹੋਵੇ

ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ
ਪਰ ਹਾਏ, ਪਿਆਸ ਦੀ ਨਾ ਸੂਰਤ ਉਤਾਰ ਹੋਵੇ

28. ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ

ਇੱਕੋ ਹੀ ਰਾਤ ਵਿਚ ਉਹ ਕਿੰਨਾ ਹੁਸੀਨ ਹੋਇਆ
ਕੱਲ ਤੱਕ ਸੀ ਖ਼ਾਬ ਮੇਰਾ ਤੇ ਅੱਜ ਯਕੀਨ ਹੋਇਆ

ਮੇਰੇ ਨਾਲ ਨਾਲ ਉਸ ਨੇ ਕਿੰਨੇ ਮੁਕਾਮ ਵੇਖੇ
ਕਦੇ ਹਮਅਕਾਸ਼ ਮੇਰਾ ਕਦੇ ਹਮਜ਼ਮੀਨ ਹੋਇਆ

ਮੈਂ ਖ਼ੁਦ ਹੀ ਨੋਚ ਦਵਾਂਗੀ ਸ਼ਾਖਾਂ ਤੋਂ ਪੱਤ ਅਪਣੇ
ਸਾਇਆ ਕਦੇ ਜੇ ਮੇਰਾ ਤੇਰੀ ਤੌਹੀਨ ਹੋਇਆ

ਇਹ ਕਿਸ ਨੇ ਵੇਖਿਆ ਹੈ ਵਗਦੀ ਨਦੀ 'ਚ ਚਿਹਰਾ
ਲਹਿਰਾਂ ਨੇ ਲੜਖੜਾਈਆਂ ਪਾਣੀ ਰੰਗੀਨ ਹੋਇਆ

ਉਹ ਤੇਰੇ ਘਰ ਦਾ ਬੂਹਾ ਖੜਕਾ ਕੇ ਮੁੜ ਗਿਆ ਹੈ
ਤੂੰ ਜਿਸਦੇ ਚੇਤਿਆਂ ਵਿਚ ਬੈਠਾ ਸੀ ਲੀਨ ਹੋਇਆ

ਇਹ ਸ਼ੌਕ ਦਾ ਸਫ਼ਰ ਵੀ ਕਿੰਨਾ ਹੈ ਕਾਰਗਰ, ਕਿ
ਮੈਂ ਹੋ ਗਈ ਹਾਂ ਬੇਹਤਰ ਉਹ ਬੇਹਤਰਹੀਨ ਹੋਇਆ

ਦੁੱਖਾਂ ਦਾ ਸੇਕ ਸਹਿ ਕੇ ਹੰਝੂ ਦੀ ਜੂਨ ਪੈ ਕੇ
ਹੋਇਆ ਜਦੋਂ ਵੀ ਬੰਦਾ ਇਉਂ ਹੀ ਜ਼ਹੀਨ ਹੋਇਆ

29. ਕਿਸ ਤਰ੍ਹਾਂ ਦੀ ਰੁੱਤ ਸੀ ਸਭ ਬੇਵਫ਼ਾ ਹੁੰਦੇ ਗਏ

ਕਿਸ ਤਰ੍ਹਾਂ ਦੀ ਰੁੱਤ ਸੀ ਸਭ ਬੇਵਫ਼ਾ ਹੁੰਦੇ ਗਏ
ਹੌਲੀ ਹੌਲੀ ਬਿਰਖ ਦੇ ਪੱਤੇ ਜੁਦਾ ਹੁੰਦੇ ਗਏ

ਕਰ ਗਏ ਕਿੰਨਾ ਸਫ਼ਰ ਨਾਜ਼ੁਕ ਜਿਹੇ ਉਹ ਲੋਕ ਵੀ
ਪਾਣੀਓਂ ਪੱਥਰ ਹੋਏ, ਪੱਥਰੋਂ ਖ਼ੁਦਾ ਹੁੰਦੇ ਗਏ

ਪਹਿਲਾਂ ਸਨ ਉਹ ਹਮਕਲਮ ਫਿਰ ਖ਼ਾਬ ਤੇ ਫਿਰ ਭਰਮ
ਹੌਲੀ ਹੌਲੀ ਜ਼ਿੰਦਗੀ 'ਚੋਂ ਲਾਪਤਾ ਹੁੰਦੇ ਗਏ

ਮੇਰਿਆਂ ਸ਼ੇਅਰਾਂ 'ਚ ਜਿਉਂ ਜਿਉਂ ਜ਼ਿਕਰ ਵਧਿਆ ਚੰਨ ਦਾ
ਤੜਪ ਉੱਠੀਆਂ ਕਾਲਖਾਂ, ਨ੍ਹੇਰੇ ਖ਼ਫ਼ਾ ਹੁੰਦੇ ਗਏ

ਫੈਲੀਆਂ ਛਾਵਾਂ, ਖਿੜੇ ਗੁੰਚੇ ਤੇ ਕਲੀਆਂ ਟਹਿਕੀਆਂ
ਮਾਂ ਅਸੀਸਾਂ ਹੋ ਗਈ, ਬੱਚੇ ਦੁਆ ਹੁੰਦੇ ਗਏ

30. ਜ਼ਿੰਦਗੀ ਵਿਚ ਦਰਦ ਕਿਉਂ ਏਦਾਂ ਉਤਰ ਜਾਏ ਜਿਵੇਂ

ਜ਼ਿੰਦਗੀ ਵਿਚ ਦਰਦ ਕਿਉਂ ਏਦਾਂ ਉਤਰ ਜਾਏ ਜਿਵੇਂ
ਰਾਤ ਦੇ ਪਹਿਲੂ 'ਚ ਕੋਈ ਚੰਨ ਮਰ ਜਾਏ ਜਿਵੇਂ

ਇਸ ਤਰ੍ਹਾਂ ਸਾਹਿਲ 'ਤੇ ਆ ਕੇ ਮੁੜ ਗਿਆ ਕੋਈ ਫ਼ਕੀਰ
ਲਹਿਰ ਦੇ ਹੋਠਾਂ ਤੇ ਅਪਣੀ ਪਿਆਸ ਧਰ ਜਾਏ ਜਿਵੇਂ

ਇਸ ਕਦਰ ਛਾਇਆ ਹੈ ਤੇਰਾ ਇਸ਼ਕ ਮੇਰੀ ਜਾਨ 'ਤੇ
ਟੁੱਟ ਕੇ ਆਕਾਸ਼ ਧਰਤੀ 'ਤੇ ਬਿਖਰ ਜਾਏ ਜਿਵੇਂ

ਪੈਰ ਪੁੱਟਣ ਲੱਗਿਆਂ ਹੁਣ ਇਸ ਤਰ੍ਹਾਂ ਆਉਂਦਾ ਹੈ ਖ਼ੌਫ਼
ਸ਼ੌਕ ਦਾ ਪਿਆਲਾ ਕਿਨਾਰੇ ਤੀਕ ਭਰ ਜਾਏ ਜਿਵੇਂ

ਇਕ ਦੁਰਾਹੇ 'ਤੇ ਮੇਰੇ ਅਹਿਸਾਸ ਏਦਾਂ ਜੰਮ ਗਏ
ਧਰਤ ਦੇ ਸੀਨੇ 'ਚੋਂ ਸਾਰੀ ਅਗਨ ਠਰ ਜਾਏ ਜਿਵੇਂ

ਇਸ ਤਰਾਂ ਆਇਆ ਤੇ ਆ ਕੇ ਹੋ ਗਿਆ ਰੁਖ਼ਸਤ ਕੋਈ
ਇਸ਼ਕ ਦੀ ਬਲਦੀ ਤਲੀ 'ਤੇ ਬਰਫ਼ ਧਰ ਜਾਏ ਜਿਵੇਂ

ਵਿਲਕਦਾ ਕੋਰਾ ਸਫ਼ਾ ਤੇ ਚੁੱਪ ਹੈ ਏਦਾਂ ਕਲਮ
ਡੰਗ ਕੇ ਜੋਗੀ ਨੂੰ ਨਾਗਣ ਆਪ ਮਰ ਜਾਏ ਜਿਵੇਂ

31. ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ

ਨ ਕੋਈ ਜ਼ਖ਼ਮ ਬਣਨਾ ਹੈ ਨ ਕੋਈ ਹਾਦਸਾ ਬਣਨਾ
ਮੈਂ ਤੇਰੇ ਤਪਦਿਆਂ ਰਾਹਾਂ 'ਤੇ ਸਾਵਣ ਦੀ ਘਟਾ ਬਣਨਾ

ਇਨ੍ਹਾਂ ਧੁੱਪਾਂ ਤੇ ਔੜਾਂ ਨੂੰ ਕਰਾਰੀ ਹਾਰ ਦੇਣੀ ਹੈ
ਮੈਂ ਸੁੱਕੇ ਬਿਰਖ ਦੀ ਟਾਹਣੀ ਦਾ ਇਕ ਪੱਤਾ ਹਰਾ ਬਣਨਾ

ਮੈਂ ਸਾਰੇ ਬੁਝ ਰਹੇ ਨੈਣਾਂ ਨੂੰ ਰੌਸ਼ਨ ਖ਼ਾਬ ਦੇਣੇ ਨੇ
ਮੈਂ ਲੋਅ ਬਣਨਾ ਹੈ ਤਾਰੇ ਦੀ , ਮੈਂ ਸੂਰਜ ਦੀ ਸ਼ੁਆ ਬਣਨਾ

ਜਿਦ੍ਹਾ ਹਰ ਹਰਫ਼ ਤਾਰਾ ਤੇ ਜਿਦ੍ਹੀ ਹਰ ਸਤਰ ਚਾਨਣ ਦੀ
ਮੇਰੀ ਹਸਤੀ ਨੇ ਇਕ ਦਿਨ ਦੋਸਤੋ ਐਸਾ ਸਫ਼ਾ ਬਣਨਾ

ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਦੱਸਣੀ
ਮੇਰੀ ਦੀਵਾਨਗੀ ਨੇ ਮੇਰੀ ਮੰਜ਼ਿਲ ਦਾ ਪਤਾ ਬਣਨਾ

ਨਹੀਂ ਬਣਦਾ ਤਾਂ ਬੰਦਾ ਹੀ ਨਹੀਂ ਬਣਦਾ ਕਦੇ ਬੰਦਾ
ਬੜਾ ਆਸਾਨ ਹੈ ਦੁਨੀਆਂ 'ਚ ਬੰਦੇ ਦਾ ਖੁਦਾ ਬਣਨਾ

32. ਕੈਸੀ ਮੁਸ਼ਕਿਲ ਬਣੀ ਹੈ ਨਦੀ ਵਾਸਤੇ

ਕੈਸੀ ਮੁਸ਼ਕਿਲ ਬਣੀ ਹੈ ਨਦੀ ਵਾਸਤੇ
ਅੱਜ ਬਿਹਬਲ ਦਿਸੇ ਇਕ ਕਣੀ ਵਾਸਤੇ

ਕੋਈ ਸਾਗਰ ਜਾਂ ਦਰਿਆ ਜ਼ਰੂਰੀ ਨਹੀਂ
ਇੱਕੋ ਹੰਝੂ ਬੜਾ ਖ਼ੁਦਕੁਸ਼ੀ ਵਾਸਤੇ

ਪੁੱਛ ਨਾ ਕਿੰਨੀਆਂ ਬਿਜਲੀਆਂ ਲਿਸ਼ਕੀਆਂ
ਮੈਂ ਜੋ ਕੀਤੀ ਦੁਆ ਰੌਸ਼ਨੀ ਵਾਸਤੇ

ਉਮਰ ਭਰ ਫੇਰ ਦੁੱਖਾਂ ਦੇ ਚਾਕਰ ਰਹੇ
ਵਿਕ ਗਏ ਸੀ ਅਸੀਂ ਇਕ ਖੁਸ਼ੀ ਵਾਸਤੇ

ਰੌਸ਼ਨਾਈ ਨੇ ਕਰਨੀ ਨਹੀਂ ਰੌਸ਼ਨੀ
ਲਾਜ਼ਮੀ ਹੈ ਲਹੂ ਸ਼ਾਇਰੀ ਵਾਸਤੇ

33. ਹੋਈ ਦਸਤਕ ਮੈਂ ਦਰ ਖੋਲ੍ਹੇ ਮੇਰੇ ਸਾਹਵੇਂ ਖੜ੍ਹਾ ਸੀ ਤੂੰ

ਹੋਈ ਦਸਤਕ , ਮੈਂ ਦਰ ਖੋਲ੍ਹੇ ਮੇਰੇ ਸਾਹਵੇਂ ਖੜ੍ਹਾ ਸੀ ਤੂੰ
ਚੁਫ਼ੇਰੇ ਰਾਤ ਸੀ ਸੰਘਣੀ ਤੇ ਕੱਲਾ ਜਗ ਰਿਹਾ ਸੀ ਤੂੰ

ਮੈਂ ਤੇਰੇ ਰੂਬਰੂ ਸੀ ਇੱਕ ਸੁੰਨੀ ਸ਼ਾਖ਼ ਦੇ ਵਾਂਗੂੰ
ਤੇ ਆਪਣੇ ਸਾਵਿਆਂ ਪੱਤਿਆਂ 'ਚ ਮੈਨੂੰ ਢਕ ਲਿਆ ਸੀ ਤੂੰ

ਬੜਾ ਚਿਰ ਲਹਿਰ ਵਾਂਗੂੰ ਸਿਰ ਤੋਂ ਪੈਰਾਂ ਤੀਕ ਮੈਂ ਤੜਪੀ
ਸਮੁੰਦਰ ਵਾਂਗ ਫਿਰ ਆਗੋਸ਼ ਦੇ ਵਿਚ ਲੈ ਲਿਆ ਸੀ ਤੂੰ

ਮੈਂ ਲੰਮੀ ਔੜ ਦੀ ਮਾਰੀ ਤਿਹਾਈ ਧਰਤ ਸੀ ਕੋਈ
ਤੇ ਛਮ ਛਮ ਵਸਣ ਨੂੰ ਬਿਹਬਲ ਜਿਵੇਂ ਕੋਈ ਮੇਘਲਾ ਸੀ ਤੂੰ

ਮੁਹੱਬਤ ਦੀ ਖੁਮਾਰੀ ਬਣ ਫ਼ਿਜ਼ਾ ਵਿਚ ਫ਼ੈਲ ਗਈ ਸਾਂ ਮੈਂ
ਕਿ ਮੇਰੀ ਆਤਮਾ ਵਿਚ ਕਤਰਾ ਕਤਰਾ ਘੁਲ ਰਿਹਾ ਸੀ ਤੂੰ

ਨਜ਼ਰ ਦੀ ਹੱਦ ਤਕ ਫੈਲਿਆ ਹੋਇਆ ਕੋਈ ਸਹਿਰਾ
ਤੇ ਵਿਚ ਬੂਟਾ ਸਰੂ ਦਾ ਸੁਹਣਿਆਂ ! ਲਹਿਰਾ ਰਿਹਾ ਸੀ ਤੂੰ

ਉਨ੍ਹਾਂ ਪਥਰੀਲੀਆਂ ਅੱਖੀਆਂ 'ਚ ਕਿੰਜ ਉਹ ਜਲ ਉਮੜ ਆਇਆ
ਉਹ ਕੈਸਾ ਗੀਤ ਸੀ ਜੋ ਬੁੱਤਕਦੇ ਵਿਚ ਗਾ ਰਿਹਾ ਸੀ ਤੂੰ

ਤੇਰੀ ਛੁਹ ਨਾਲ ਬਣ ਗਈ ਮੈਂ ਕੋਈ ਮੂਰਤ ਮੁਹੱਬਤ ਦੀ
ਤੇ ਬਣਦੀ ਵੀ ਕਿਵੇਂ ਨਾ ਜਦ ਮੁਹੱਬਤ ਦਾ ਖ਼ੁਦਾ ਸੀ ਤੂੰ

ਉਹ ਮੱਕੇ ਤੋਂ ਪਰ੍ਹੇ ਤੇ ਸ਼ਰ੍ਹਾ ਦੀ ਹਰ ਹੱਦ ਤੋਂ ਬਾਹਰ
ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ ਤੂੰ

34. ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ

ਲਾਟ ਉੱਠੀ ਹੋਊ ਜਲ ਚੜ੍ਹੇ ਹੋਣਗੇ
ਨੈਣ ਉਹਦੇ ਵੀ ਮੁੜ ਮੁੜ ਭਰੇ ਹੋਣਗੇ
ਕੀਹਨੇ ਧਰਤੀ ਦਾ ਦਿਲ ਫ਼ੋਲ ਕੇ ਦੇਖਣਾ
ਸਾਰੇ ਰੁੱਖਾਂ ਦੀ ਛਾਵੇਂ ਖੜ੍ਹੇ ਹੋਣਗੇ

ਹੂਕ ਸੁਣ ਕੇ ਹਵਾਵਾਂ ਦੀ ਡਰਦਾ ਹੈ ਦਿਲ
ਸੌ ਸੌ ਵਾਰੀ ਜਿਊਂਦਾ ਤੇ ਮਰਦਾ ਹੈ ਦਿਲ
ਲਾ ਕੇ ਆਇਆ ਸੀ ਵਿਹੜੇ 'ਚ ਬੂਟੇ ਜੋ ਮੈਂ
ਸੁੱਕ ਗਏ ਹੋਣਗੇ ਕਿ ਹਰੇ ਹੋਣਗੇ

ਕਿੰਨੇ ਦੁੱਖਾਂ ਦੇ ਪਾਣੀ ਚੜ੍ਹੇ ਹੋਣਗੇ
ਮੇਰੇ ਸੁਪਣੇ ਨਿਆਣੇ ਡਰੇ ਹੋਣਗੇ
ਫੁੱਲ ਤੋੜਨ ਗਏ ਨਾ ਘਰਾਂ ਨੂੰ ਮੁੜੇ
ਕਿੱਸੇ ਅੱਗ ਦੇ ਤੁਸੀਂ ਵੀ ਪੜ੍ਹੇ ਹੋਣਗੇ

ਭੇਟ ਕਰ ਗਏ ਫੁੱਲ ਤਾਰੇ ਕਈ
ਡੋਲ੍ਹ ਕੇ ਵੀ ਗਏ ਹੰਝ ਖਾਰੇ ਕਈ
ਉਹਨਾਂ ਰਾਤਾਂ ਦਾ ਮੁੜਨਾ ਕਦੋਂ ਚਾਨਣਾ
ਚੰਨ ਜਿਹਨਾਂ ਦੇ ਸੂਲੀ ਚੜ੍ਹੇ ਹੋਣਗੇ

ਕੰਬ ਜਾਵੇ ਜੇ ਟਾਹਣੀ ਤੋਂ ਪੱਤਾ ਕਿਰੇ
ਦਿਲ ਵਿਚਾਰਾ ਖਿਆਲਾਂ ਨੂੰ ਪੁੱਛਦਾ ਫਿਰੇ
ਜਿਹੜੇ ਬੋਹੜਾਂ ਦੇ ਥੱਲੇ ਜੁਆਨੀ ਖਿੜੀ
ਤੁਰ ਗਏ ਹੋਣਗੇ ਕਿ ਖੜ੍ਹੇ ਹੋਣਗੇ

ਮੇਰੇ ਸੁਪਨੇ 'ਚ ਲੁਕ ਲੁਕ ਕੇ ਜਗਦਾ ਸੀ ਜੋ
ਮੇਰੀ ਮਿੱਟੀ ਨੂੰ ਆਸਮਾਨ ਲਗਦਾ ਸੀ ਜੋ
ਕੀ ਪਤਾ ਸੀ ਕਿ ਇਕ ਓਸ ਤਾਰੇ ਬਿਨਾਂ
ਮੋਤੀ ਚੁੰਨੀ 'ਤੇ ਸੈਆਂ ਜੜੇ ਹੋਣਗੇ

ਐਸੀ ਮਜਲਸ ਵੀ ਇਕ ਦਿਨ ਸਜੇਗੀ ਜ਼ਰੂਰ
ਅਰਸ਼ ਖੁਦ ਆਏਗਾ ਮੇਦਨੀ ਦੇ ਹਜ਼ੂਰ
ਮੇਰੀ ਮਿੱਟੀ ਦਾ ਖਿੰਡਿਆ ਹੋਊ ਚਾਨਣਾ
ਤਾਰੇ ਬੰਨ੍ਹ ਨੇ ਕਤਾਰਾਂ ਖੜ੍ਹੇ ਹੋਣਗੇ

35. ਬਹਾਰ, ਭੈਰਵ, ਖਮਾਜ, ਪੀਲੂ

ਬਹਾਰ, ਭੈਰਵ, ਖਮਾਜ, ਪੀਲੂ
ਤੇ ਨਾ ਬਿਲਾਵਲ , ਬਿਹਾਗ ਕੋਈ
ਸੁਰਾਂ 'ਚ ਤੜਪੇ ਜੋ ਆਦਿ ਯੁਗ ਤੋਂ
ਉਹ ਤੇਰਾ ਮੇਰਾ ਵੈਰਾਗ ਕੋਈ

ਕਈ ਨੇ ਕੋਮਲ ਕਈ ਨੇ ਤੀਬਰ
ਕਈ ਨੇ ਨਿਸ਼ਚਿਤ ਕਈ ਨੇ ਵਰਜਿਤ
ਤੇਰੇ ਸੁਰਾਂ 'ਚ ਐ ਜ਼ਿੰਦਗਾਨੀ
ਮੈਂ ਥਰਥਰਾਉਂਦਾ ਹਾਂ ਰਾਗ ਕੋਈ

ਖ਼ਲਾਅ 'ਚ ਜਗਦਾ ਹਵਾ 'ਚੋਂ ਸੁਣਦਾ
ਥਲਾਂ 'ਚੋਂ ਫੁਟਦਾ, ਅਗਨ 'ਚ ਬਲਦਾ
ਜੋ ਜਲ 'ਚ ਤੜਪੇ ਤਰੰਗ ਬਣ ਕੇ
ਉਹ ਜ਼ਿੰਦਗੀ ਦਾ ਹੀ ਰਾਗ ਕੋਈ

ਨ ਕੋਈ ਪੂਰਨ ਹੈ ਖੂਹ 'ਚੋਂ ਮੁੜਦਾ
ਨ ਮੁੜ ਕੇ ਨੈਣਾਂ ਨੂੰ ਨੂਰ ਜੁੜਦਾ
ਕਿ ਰੋਜ਼ ਇੱਛਰਾਂ ਗਵਾਉਂਦੀ ਅੱਖੀਆਂ
ਤੇ ਰੋਜ਼ ਸੁੱਕਦਾ ਹੈ ਬਾਗ਼ ਕੋਈ

ਨ ਤੋਲਾ ਘਟਣਾ ਨ ਮਾਸਾ ਵਧਣਾ
ਕਿਸੇ ਨੇ ਬੁਝਣਾ ਕਿਸੇ ਨੇ ਜਗਣਾ
ਕਿ ਥੱਕ ਕੇ ਸੌਂ ਗਈ ਜ਼ਮੀਨ ਮੇਰੀ 'ਚੋਂ
ਫੇਰ ਉਠੇਗਾ ਜਾਗ ਕੋਈ

ਨ ਏਥੇ ਸੱਚ ਦਾ ਕੋਈ ਸੇਕ ਸਹਿੰਦਾ
ਤੇ ਨਾ ਵਫ਼ਾ ਦੀ ਹੀ ਛਾਵੇਂ ਬਹਿੰਦਾ
ਜਹਾਨ ਉਹਨਾਂ ਤੋਂ ਖ਼ੌਫ਼ ਖਾਂਦਾ
ਜਿਨ੍ਹਾਂ 'ਚ ਦਿਸਦਾ ਨਾ ਦਾਗ਼ ਕੋਈ

ਮੈਂ ਸੁਰਤ ਸਾਧਣ ਦਾ ਯਤਨ ਕਰਦੀ ਸੀ
ਰੰਗ ਚੁਗਦੀ ਸੀ ਮਹਿਕ ਫੜਦੀ ਸੀ
ਨੈਣ ਖੋਲ੍ਹੇ ਤਾਂ ਵੇਖਿਆ ਮੈਂ
ਕਿ ਖਿੜਿਆ ਹੋਇਆ ਸੀ ਬਾਗ਼ ਕੋਈ

36. ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ

ਉਡੀਕੇ ਰੋਜ਼ ਇਹ ਧਰਤੀ ਗੁਲਾਬਾਂ ਦੀ ਖ਼ਬਰ ਕੋਈ
ਗੁਆਚੀ ਜੋਤ ਨੂੰ ਜਿਉਂ ਭਾਲਦਾ ਹੈ ਬੇਨਜ਼ਰ ਕੋਈ

ਮੇਰੀ ਮਿੱਟੀ 'ਚੋਂ ਵੀ ਦੀਵੇ ਜਗੇ ਤੇ ਫੁੱਲ ਖਿੜੇ ਲੋਕੋ
ਕਿਵੇਂ ਆਖਾਂ ਨਹੀਂ ਲਗਦਾ ਇਨ੍ਹਾਂ ਪੌਣਾਂ ਤੋਂ ਡਰ ਕੋਈ

ਜਿਵੇਂ ਮੈਂ ਉਸ ਦਿਆਂ ਰਾਹਾਂ 'ਚ ਜਗ ਜਗ ਬੁਝ ਗਈ ਹੋਵਾਂ
ਇਓਂ ਲੰਘਿਆ ਹੈ ਮੇਰੇ ਕੋਲ ਦੀ ਅੱਜ ਬੇਖ਼ਬਰ ਕੋਈ

ਸਮਾਂ ਬੇਖ਼ੌਫ਼ ਤੁਰਦਾ ਹੈ , ਹਵਾ ਬੇਝਿਜਕ ਵਗਦੀ ਹੈ
ਖ਼ਲਾ ਵਿਚ ਕਿਉਂ ਨਹੀਂ ਫਿਰ ਝੂਮਦੀ ਮੇਰੀ ਲਗਰ ਕੋਈ

ਨਹੀਂ ਇਤਬਾਰ ਜੇ ਹਾਲੇ ਤਾਂ ਮੇਰੀ ਜਾਨ ਹਾਜ਼ਿਰ ਹੈ
ਕਿਵੇਂ ਹਰ ਗੱਲ 'ਤੇ ਚੀਰੇ ਤੇਰੇ ਸਾਹਵੇਂ ਜਿਗਰ ਕੋਈ

ਮੇਰੇ ਅਸਮਾਨ ਵਿਚ ਵੀ ਇਕ ਸਿਤਾਰਾ ਜਗਮਗਾ ਉੱਠਿਆ
ਕਿ ਆਖ਼ਰ ਮਿਲ ਗਿਆ ਇਸ ਰਾਤ ਨੂੰ ਵੀ ਹਮਸਫ਼ਰ ਕੋਈ

37. ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ

ਪਰਿੰਦੇ ਜਜ਼ਬਿਆਂ ਦੇ ਜਦ ਉਡਾਰੀ ਭਰਨ ਲਗਦੇ ਨੇ
ਇਹ ਪਿੰਜਰੇ ਪਿਘਲ ਜਾਂਦੇ ਨੇ ਸ਼ਿਕਾਰੀ ਡਰਨ ਲਗਦੇ ਨੇ

ਕਦੋਂ ਤਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ
ਲਹੂ 'ਚੋਂ ਲਹਿਰ ਜਦ ਉਠਦੀ ਕਿਨਾਰੇ ਖਰਨ ਲਗਦੇ ਨੇ

ਉਹ ਪਾ ਕੇ ਝਾਂਜਰਾਂ ਅੰਗਿਆਰਿਆਂ ਤੋਂ ਇਉਂ ਗੁਜ਼ਰਦੀ ਹੈ
ਕਿ ਉਸ ਦੀ ਇਸ ਅਦਾ 'ਤੇ ਚੰਨ ਸੂਰਜ ਮਰਨ ਲਗਦੇ ਨੇ

ਘਰਾਂ ਨੂੰ ਭੁੱਲਿਆ ਕਿੱਥੇ ਹਨ੍ਹੇਰੀ ਦਾ ਸਿਤਮ ਹਾਲੇ
ਹਵਾ ਸਰਗੋਸ਼ੀਆਂ ਕਰਦੀ ਤੇ ਬੂਹੇ ਡਰਨ ਲਗਦੇ ਨੇ

ਅਜੇ ਵੀ ਉਤਰ ਆਉਂਦੀ ਹੈ ਮੇਰੇ ਚੇਤੇ 'ਚ ਉਹ ਆਥਣ
ਮੇਰੇ ਸੀਨੇ 'ਚ ਜਗਦੇ ਦੀਪ ਅੱਖੀਆਂ ਭਰਨ ਲਗਦੇ ਨੇ

ਹਵਾ ਐਸੀ ਵੀ ਉਠਦੀ ਹੈ ਕਿ ਹਰ ਜ਼ੰਜੀਰ ਟੁੱਟਦੀ ਹੈ
ਇਹ ਟਿੱਬੇ ਢਹਿਣ ਲਗਦੇ ਨੇ ਇਹ ਟੋਏ ਭਰਨ ਲਗਦੇ ਨੇ

ਹਨ੍ਹੇਰੇ ਦੀ ਪਕੜ 'ਚੋਂ ਨਿਕਲ ਆਉਂਦੇ ਨੇ ਜਦੋਂ ਦੀਵੇ
ਸਮੇਂ ਦੇ ਨੈਣ ਖੁੱਲ੍ਹ ਜਾਂਦੇ ਨੇ ਤੇ ਚਾਨਣ ਝਰਨ ਲਗਦੇ ਨੇ

38. ਤੇਰੀ ਦਿਲਕਸ਼ੀ ਦਾ ਦਰਿਆ ਜੇ ਨਾਂ ਬੇਲਿਬਾਸ ਹੋਵੇ

ਤੇਰੀ ਦਿਲਕਸ਼ੀ ਦਾ ਦਰਿਆ ਜੇ ਨਾ ਬੇਲਿਬਾਸ ਹੋਵੇ
ਨਾ ਕਿਨਾਰਿਆਂ ਤੋਂ ਬਾਹਰ ਮੇਰੀ ਵੀ ਪਿਆਸ ਹੋਵੇ

ਕੀ ਨੇਰ੍ਹਿਆਂ ਦੇ ਓਹਲੇ ਉਸ ਨੂੰ ਛੁਪਾ ਕੇ ਰੱਖਣ
ਚੰਨ-ਤਾਰਿਆਂ ਦਾ ਪਾਇਆ ਜਿਸ ਨੇਂ ਲਿਬਾਸ ਹੋਵੇ

ਫੁੱਲਾਂ ਚ ਮਹਿਕ ਉਸਦੀ ਧੁੱਪਾਂ ਚ ਸੇਕ ਉਸਦਾ
ਕੋਈ ਵਿਯੋਗ ਵਿੱਚ ਵੀ ਜਿਓਂ ਆਸ-ਪਾਸ ਹੋਵੇ

ਆਵੇ ਖ਼ੁਦਾਇਆ ਐਸਾ ਵੀ ਮੁਕਾਮ ਪਿਆਰ ਅੰਦਰ
ਮੈਂ ਲਹਿਰ-ਲਹਿਰ ਹੋਵਾਂ ਓਹ ਪਿਆਸ-ਪਿਆਸ ਹੋਵੇ

ਮਨ ਤੇ ਉਮੀਦ ਦਾ ਵੀ ਬਚਿਆ ਨਾਂ ਕੋਈ ਓੜ੍ਹਨ
ਕੋਈ ਹਯਾਤ ਏਨੀਂ ਵੀ ਨਾਂ ਬੇਲਿਬਾਸ ਹੋਵੇ

39. ਮੇਰੇ ਸੂਰਜ ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ

ਮੇਰੇ ਸੂਰਜ ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ

ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ 'ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

40. ਲਿਸ਼ਕਣ ਇਹ ਚੰਨ ਤਾਰੇ ਉਸ ਦੇ ਹੀ ਨੂਰ ਕਰ ਕੇ

ਲਿਸ਼ਕਣ ਇਹ ਚੰਨ ਤਾਰੇ ਉਸ ਦੇ ਹੀ ਨੂਰ ਕਰ ਕੇ
ਮੇਰੀ ਖ਼ੁਦਾਈ ਰੌਸ਼ਨ ਮੇਰੇ ਹਜ਼ੂਰ ਕਰ ਕੇ

ਜਦ ਵੇਖਿਆ ਮੈਂ ਉਸ ਦੇ ਨੈਣਾਂ 'ਚ ਅਕਸ ਅਪਣਾ
ਮੈਂ ਸੁੱਟ ਦਿੱਤੇ ਸ਼ੀਸ਼ੇ ਸਭ ਚੂਰ ਚੂਰ ਕਰ ਕੇ

ਓਸੇ ਨੂੰ ਭਾਲਦੀ ਹਾਂ, ਰਾਤਾਂ ਹੰਘਾਲਦੀ ਹਾਂ
ਜੋ ਆਪ ਛੁਪ ਗਿਆ ਹੈ ਮੈਨੂੰ ਨੂਰ ਨੂਰ ਕਰ ਕੇ

ਵੇਖੇ ਕਿ ਆਂਦਰਾਂ ਨੂੰ ਕਿੰਨੀ ਕੁ ਖਿੱਚ ਪੈਂਦੀ
ਉਹ ਖ਼ੁਦ ਨੂੰ ਪਰਖਦਾ ਹੈ ਮੈਨੂੰ ਦੂਰ ਦੂਰ ਕਰ ਕੇ

41. ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ

ਇਸ਼ਕ ਡਮਰੂ ਸਹੀ ਮਨ ਜਮੂਰਾ ਸਹੀ
ਤੂੰ ਮਦਾਰੀ ਸਹੀ ਇਹ ਤਮਾਸ਼ਾ ਸਹੀ
ਮੈਂ ਦੀਵਾਨਾ ਤੇਰਾ, ਤੇਰੀ ਦੁਨੀਆਂ ਲਈ
ਇਸ਼ਕ ਮੇਰਾ ਜੇ ਹਾਸਾ ਤਾਂ ਹਾਸਾ ਸਹੀ

ਏਸ ਅਕਲਾਂ ਦੇ ਪੱਥਰ ਨੂੰ ਪਾਸੇ ਹਟਾ
ਮੌਜ ਮੇਰੀ ਨੂੰ ਅਪਣਾ ਨਾ ਰਸਤਾ ਵਿਖਾ
ਤੇਰੇ ਇਲਮਾਂ ਨੂੰ ਕੀ ਜਾਣਦੀ ਆਸ਼ਕੀ
ਜਾਹ ਤੂੰ ਤੋਲਾ ਸਹੀ ਤੇ ਮੈਂ ਮਾਸਾ ਸਹੀ

ਤੇਰੇ ਨੇਮਾਂ ਦੀ ਮੈਨੂੰ ਗੁਲਾਮੀ ਨਹੀਂ
ਤੇਰੀ ਜੰਨਤ ਦਾ ਭੋਰਾ ਵੀ ਲਾਲਚ ਨਹੀਂ
ਮੈਂ ਮੁਹੱਬਤ ਦੇ ਦਰ ਤੋਂ ਫ਼ਕੀਰੀ ਲਈ
ਮੇਰੇ ਹੱਥਾਂ 'ਚ ਚਿਮਟਾ ਤੇ ਕਾਸਾ ਸਹੀ

ਮੇਰੀ ਤਕਦੀਰ ਵਿਚ ਕਰਬਲਾ ਰਹਿਣ ਦੇ
ਗੀਤ ਮੇਰੇ ਨੂੰ ਤੂੰ ਕਰਹਲਾ ਰਹਿਣ ਦੇ
ਤੈਨੂੰ ਤਸਨੀਮ-ਓ-ਕੌਸਰ ਮੁਬਾਰਕ ਮੀਆਂ
ਮੈਂ ਜੇ ਕਾਫ਼ਰ ਹਾਂ, ਪਿਆਸਾ ਹਾਂ, ਪਿਆਸਾ ਸਹੀ

42. ਸ਼ੌਕ ਹੀ ਸ਼ੌਕ ਵਿਚ ਮੈਂ ਤਬਾਹ ਹੋ ਗਈ

ਸ਼ੌਕ ਹੀ ਸ਼ੌਕ ਵਿਚ ਮੈਂ ਤਬਾਹ ਹੋ ਗਈ
ਪੈਰ ਨੰਗੇ ਸੀ ਤੇਰੇ ਮੈਂ ਘਾਹ ਹੋ ਗਈ

ਆਪਾਂ ਦੋਵਾਂ ਨੇ ਜਾਣਾ ਸੀ ਇੱਕੋ ਜਗ੍ਹਾ
ਤੂੰ ਸਫ਼ਰ ਹੋ ਗਿਆ ਤੇ ਮੈਂ ਰਾਹ ਹੋ ਗਈ

ਫ਼ਾਸਲਾ ਹੁਣ ਅਸਾਡੇ 'ਚ ਸੰਭਵ ਨਹੀਂ
ਤੂੰ ਬਦਨ ਹੋ ਗਿਆ ਤੇ ਮੈਂ ਸਾਹ ਹੋ ਗਈ

ਕੋਈ ਪਾਣੀ ਮੇਰੀ ਤੇਹ ਦਾ ਹਾਣੀ ਨਾ ਸੀ
ਨੀ ਮੈਂ ਪੱਤਣਾਂ ਤੇ ਫਿਰਦੀ ਫ਼ਨਾਹ ਹੋ ਗਈ

43. ਹੁੰਦੇ ਨੇ ਕੁਝ ਕੁ ਚਾਨਣ ਚਿਰਕਾਲ ਰਹਿਣ ਵਾਲੇ

ਹੁੰਦੇ ਨੇ ਕੁਝ ਕੁ ਚਾਨਣ ਚਿਰਕਾਲ ਰਹਿਣ ਵਾਲੇ,
ਮੇਰੇ ਦਿਲ ਦਿਆ ਓ ਚੰਨਾਂ ਇਹ ਨਾਂ ਦਾਗ਼ ਲਹਿਣ ਵਾਲੇ

ਤੂੰ ਹੈਂ ਸੱਚ ਦਾ ਮੁਸਾਫ਼ਿਰ ਤੇ ਇਹ ਹੈ ਕੂੜ ਦਾ ਪਸਾਰਾ,
ਕਿਤੇ ਬਹਿ ਨਾਂ ਜਾਈਂ ਛਾਵੇਂ ਇਹ ਮੀਨਾਰ ਢਹਿਣ ਵਾਲੇ

ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆਂ,
ਜਗਦੇ ਨੇਂ ਅੰਤ ਕਾਇਆ ’ਤੇ ਸੇਕ ਸਹਿਣ ਵਾਲੇ

ਮੇਰੇ ਨਾਮ ਕਰ ਗਿਆ ਹੈ ਕੋਈ ਖ਼ੁਦਕੁਸ਼ੀ ਤੋਂ ਪਹਿਲਾਂ,
ਉਹਦੀ ਜ਼ਿੰਦਗੀ ’ਤੇ ਰਹਿੰਦੇ ਸੀ ਜੋ ਕਹਿਰ ਢਹਿਣ ਵਾਲੇ

ਮੇਰੀ ਪਿਆਸ ਦਾ ਸਫ਼ਰ ਹੈ ਨਿਰਛਾਵਾਂ ਅੰਤਹੀਣਾਂ,
ਤੇ ਮੁਹੱਬਤਾਂ ਦੇ ਪਾਣੀਂ ਪਲ-ਛਿਣ ’ਚ ਲਹਿਣ ਵਾਲੇ

ਡਾਢਾ ਹੈ ਸੇਕ ਸੱਚ ਦਾ ਬਚ ਜਾਏ ਕੁਝ ਜੇ ਬਚਦਾ,
ਹਟ ਕੇ ਜ਼ਰਾ ਕੁ ਬਹਿੰਦੇ ਸੀਨੇਂ ’ਚ ਰਹਿਣ ਵਾਲੇ

ਵਰ੍ਹਿਆਂ ਦੇ ਬਾਅਦ ਫੁੱਟੇ ਕਾਇਆ ਮੇਰੀ ’ਚੋਂ ਪੱਤੇ,
ਪਰਤੇ ਮੁਸਾਫ਼ਰੀ ਤੋਂ ਮੇਰੀ ਛਾਂ ’ਚ ਬਹਿਣ ਵਾਲੇ

44. ਤੂੰ ਮੇਰੀ ਛਾਂ 'ਚ ਬਹਿ ਕੇ ਆਖਿਆ ਸੀ ਇਸ ਤਰਾਂ ਇਕ ਦਿਨ

ਤੂੰ ਮੇਰੀ ਛਾਂ 'ਚ ਬਹਿ ਕੇ ਆਖਿਆ ਸੀ ਇਸ ਤਰਾਂ ਇਕ ਦਿਨ
ਮੈਂ ਤੇਰੇ ਪੱਤੇ ਪੱਤੇ ਦਾ ਉਤਾਰੂੰ ਕਰਜ਼ ਮਾਂ ਇਕ ਦਿਨ

ਉਹ ਮੇਰੀ ਰੱਤ ਦੇ ਜਾਏ ਜਦੋਂ ਖੁਦ ਖਿੜਨ 'ਤੇ ਆਏ
ਤਾਂ ਮੈਨੂੰ ਦੇ ਗਏ ਸੌਗਾਤ ਵਿਚ ਬੈਸਾਖਿਆਂ ਇਕ ਦਿਨ

ਜਦੋਂ ਮਨ ਦੇ ਖਲਾਅ ਦਾ ਹੋਰ ਕੋਈ ਚਾਰਾ ਨ ਹੋ ਸਕਿਆ
ਮੈਂ ਆਪਣੇ ਹੀ ਪਤੇ 'ਤੇ ਆਏ ਲਿਖੀਆਂ ਚਿੱਠੀਆਂ ਇਕ ਦਿਨ

ਨ ਲੋਰੀ ਮੁੱਲ ਮੰਗਦੀ ਹੈ ਨਾ ਮਮਤਾ ਕਰਜ਼ ਹੁੰਦੀ ਹੈ
ਸਮਝ ਜਾਏਂਗੀ ਧੀਏ ! ਜਦੋਂ ਬਣੇਂਗੀ ਖੁਦ ਤੂੰ ਮਾਂ ਇਕ ਦਿਨ

ਮੁਹੱਬਤ ਪਕੜ ਕੇ ਨਾ ਰੱਖ ਸਕੀ ਜਦ ਉਸ ਦੀ ਵੀਣੀ ਨੂੰ
ਤਾਂ ਉਸ ਨੇ ਪਹਿਨ ਲਈਆਂ ਬਾਂਹ 'ਚ ਰੱਤੀਆਂ ਚੂੜੀਆਂ ਇਕ ਦਿਨ

ਇਹ ਵਿਰਸਾ ਕਿਸ ਨੂੰ ਕਹਿੰਦੇ ਨੇ ਤੇ ਇਹ ਤਹਿਜ਼ੀਬ ਕੀ ਹੁੰਦੀ
ਅਜਾਇਬ ਘਰ 'ਚ ਚਰਚਾ ਕਰਦੀਆਂ ਸੀ ਚੁੰਨੀਆਂ ਇਕ ਦਿਨ

ਇਨਾਂ ਸੁੱਤਿਆਂ ਮਲਾਹਾਂ ਨੂੰ ਉਦੋਂ ਹੀ ਜਾਗ ਆਉਣੀ ਹੈ
ਜਦੋਂ ਵੱਜੀਆਂ ਚੱਟਾਨਾਂ ਵਿਚ ਜਾ ਕੇ ਕਿਸ਼ਤੀਆਂ ਇਕ ਦਿਨ

ਸ਼ਗੂਫੇ ਸਾਂਭ ਲੈ ਸਾਰੇ ਤੂੰ ਯਾਦਾਂ ਦੀ ਕਿਤਾਬ ਅੰਦਰ
ਕਿ ਆਖਰ ਜ਼ਿੰਦਗੀ ਵਿਚ ਆਉਣੀਆਂ ਨੇ ਪਤਝੜਾਂ ਇਕ ਦਿਨ

ਜਾਂ ਮੁਨਕਰ ਹੋ ਗਏ ਮੈਥੋਂ ਮੇਰੇ ਪਾਲੇ ਹੋਏ ਬੂਟੇ
ਮੈਂ ਅਪਣੇ ਪਾਣੀਆਂ ਵਿਚ ਪਾਲ ਲਈਆਂ ਮੱਛਲੀਆਂ ਇਕ ਦਿਨ

45. ਮੌਸਮ ਨਾ ਗੁਜ਼ਰ ਜਾਵੇ ਅਹਿਸਾਸ ਨ ਠਰ ਜਾਵੇ

ਮੌਸਮ ਨਾ ਗੁਜ਼ਰ ਜਾਵੇ ਅਹਿਸਾਸ ਨ ਠਰ ਜਾਵੇ
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨ ਮਰ ਜਾਵੇ

ਇਸ ਪਿਆਸੀ ਨਗਰੀ ਵਿਚ ਇਕ ਤੇਰਾ ਦਿਲ ਦਰਿਆ
ਤੇਰੇ ਬੂਹੇ ਤੋਂ ਉਠ ਕੇ ਇਹ ਫਕੀਰ ਕਿਧਰ ਜਾਵੇ

ਇਸ ਬਾਗ 'ਚ ਤਿਤਲੀ ਦੀ ਆਮਦ 'ਤੇ ਜੇ ਕਿੰਤੂ ਹੈ
ਮੁਮਕਿਨ ਹੈ ਫੁੱਲਾਂ 'ਚੋਂ ਫਿਰ ਮਹਿਕ ਵੀ ਮਰ ਜਾਵੇ

ਕੀ ਦੁੱਖ ਹੈ ਲਹਿਰਾਂ ਨੂੰ ਪੁੱਛਦਾ ਹੀ ਨਹੀਂ ਕੋਈ
ਹਰ ਕੋਈ ਸਾਹਿਲ 'ਤੇ ਆਵੇ ਤੇ ਗੁਜ਼ਰ ਜਾਵੇ

ਕੋਈ ਖਾਬ ਜਿਹਾ ਬਣ ਕੇ ਨੈਣਾਂ ਵਿਚ ਘੁਲ ਜਾਂਦਾ
ਫਿਰ ਅੱਥਰੂ ਬਣ ਕੇ ਦਾਮਨ ਤੇ ਬਿਖਰ ਜਾਵੇ

ਤੇਰੀ ਇਕ ਸਿਸਕੀ ਹੀ ਮੇਰੀ ਜਾਨ 'ਤੇ ਭਾਰੀ ਹੈ
ਉਂਜ ਤਾਂ ਤੂਫਾਨ ਕੋਈ ਨਿਤ ਆ ਕੇ ਗੁਜ਼ਰ ਜਾਵੇ

ਜੀਹਨੂੰ ਜੀਵਨ ਕਹਿੰਦੇ ਨੇ ਉਹਦਾ ਏਨਾਂ ਕੁ ਕਿੱਸਾ ਹੈ
ਇਕ ਲਾਟ ਜਿਹੀ ਉੱਠੇ ਅਤੇ ਰਾਖ ਬਿਖਰ ਜਾਵੇ

ਹਰ ਯੁੱਗ ਵਿਚ ਨਹੀਂ ਹੁੰਦਾ ਕੋਈ ਬਾਲਮੀਕ ਪੈਦਾ
ਇਸ ਯੁੱਗ ਦੀ ਸੀਤਾ ਨੂੰ ਦੱਸਿਓ ਕਿ ਕਿਧਰ ਜਾਵੇ

46. ਸਤਾਏਗਾ ਜੇ ਮੇਰੇ ਸ਼ਹਿਰ ਦਾ ਮੌਸਮ ਚਲਾ ਜਾਵੀਂ

ਸਤਾਏਗਾ ਜੇ ਮੇਰੇ ਸ਼ਹਿਰ ਦਾ ਮੌਸਮ ਚਲਾ ਜਾਵੀਂ
ਤੂੰ ਮੈਥੋਂ ਸੁਰਖ਼ਰੂ ਹੋ ਕੇ ਮੇਰੇ ਗੌਤਮ ਚਲਾ ਜਾਵੀਂ

ਤੂੰ ਮੇਰੇ ਮਾਰੂਥਲ ’ਚ ਮੇਰੇ ਨਾਲ਼ ਦਸ ਕਦ ਤੀਕ ਠਹਿਰੇਂਗਾ
ਪੁਕਾਰੇਗੀ ਜਦੋਂ ਕੋਈ ਛਾਂ ਮੇਰੇ ਹਮਦਮ ਚਲਾ ਜਾਵੀਂ

ਹਵਾ ਹਾਂ ਮੈਂ ਤਾਂ ਹਰ ਥਾਂ ਪਹੁੰਚ ਜਾਵਾਂਗੀ ਤੇਰੇ ਪਿੱਛੇ
ਤੇਰਾ ਜਿੱਥੇ ਵੀ ਜੀਅ ਚਾਹੇ ਮੇਰੇ ਆਦਮ ਚਲਾ ਜਾਵੀਂ

47. ਮਾਰੂਥਲ ਤੇ ਰਹਿਮ ਜਦ ਖਾਵੇ ਨਦੀ

ਮਾਰੂਥਲ ਤੇ ਰਹਿਮ ਜਦ ਖਾਵੇ ਨਦੀ
ਸੁਕਦੀ ਸੁਕਦੀ ਆਪ ਸੁੱਕ ਜਾਵੇ ਨਦੀ

ਗੀਤ ਗਮ ਦਾ ਜਦ ਕਦੇ ਗਾਵੇ ਨਦੀ
ਹੰਝੂ ਹੰਝੂ ਹੋ ਕੇ ਖਿੰਡ ਜਾਵੇ ਨਦੀ

ਪਿਆਸ ਤੇਰੀ ਵਿਚ ਹੀ ਜਦ ਸ਼ਿੱਦਤ ਨਹੀਂ
ਤੇਰੇ ਦਰ ਤੇ ਕਿਸ ਤਰ੍ਹਾਂ ਆਵੇ ਨਦੀ

48. ਮੈਂ ਬਣ ਕੇ ਹਰਫ ਇਕ ਦਿਨ ਕਾਗਜ਼ਾਂ ’ਤੇ ਬਿਖਰ ਜਾਵਾਂਗੀ

ਮੈਂ ਬਣ ਕੇ ਹਰਫ ਇਕ ਦਿਨ ਕਾਗਜ਼ਾਂ ’ਤੇ ਬਿਖਰ ਜਾਵਾਂਗੀ
ਕਲਮ ਦੀ ਨੋਕ ’ਚੋਂ ਕਵਿਤਾ ਦੇ ਵਾਂਗੂੰ ਉੱਤਰ ਜਾਂਵਾਗੀ

ਤੇਰੀ ਰੂਹ ਤੱਕ ਨਾ ਪਹੁੰਚੇ ਮੇਰੇ ਕਦਮਾਂ ਦੀ ਆਹਟ ਵੀ
ਤੇਰੇ ਦਿਲ ਦੀ ਗਲ਼ੀ ’ਚੋਂ ਇਸ ਤਰ੍ਹਾਂ ਗੁਜ਼ਰ ਜਾਵਾਂਗੀ

ਮੈਂ ਨਾਜ਼ੁਕ ਸ਼ਾਖ ਹਾਂ ਕੋਈ ਹੈ ਗਮ ਦੀ ਗਰਦ ਮੇਰੇ ਤੇ
ਕਿਸੇ ਬਰਸਾਤ ਵਿਚ ਮੈਂ ਫੇਰ ਇਕ ਦਿਨ ਨਿਖਰ ਜਾਂਵਾਗੀ

49. ਤਿਣਕਾ ਤਿਣਕਾ ਆਸ਼ੀਆਨਾ ਮੋੜ ਦੇ

ਤਿਣਕਾ ਤਿਣਕਾ ਆਸ਼ੀਆਨਾ ਮੋੜ ਦੇ
ਮੋੜ ਦੇ ਮੇਰਾ ਵੀਰਾਨਾ ਮੋੜ ਦੇ

ਸਾਂਭ ਲੈ ਤੂੰ ਆਪਣੀ ਸੰਜੀਦਗੀ
ਮੈਨੂੰ ਮੇਰਾ ਦਿਲ ਦੀਵਾਨਾ ਮੋੜ ਦੇ

ਸ਼ਾਇਰਾਨਾ, ਆਸ਼ਕਾਨਾ, ਸਾਫ਼ਦਿਲ
ਐ ਖ਼ੁਦਾ! ਉਹੀ ਜ਼ਮਾਨਾ ਮੋੜ ਦੇ

50. ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ

ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ 'ਚੋਂ
ਸੌ ਸੌ ਸਵਾਲ ਨਿਕਲਦੇ ਇਕ ਇਕ ਜਵਾਬ ਚੋਂ

ਚਿੱਟੇ ਦੀ ਕਾਲੀ ਖ਼ਬਰ ਹੀ ਹੁਣ ਸੁਰਖੀਆਂ 'ਚ ਹੈ
ਬਾਕੀ ਦੇ ਰੰਗ ਹੋ ਗਏ ਮਨਫ਼ੀ ਪੰਜਾਬ ਚੋਂ

ਰੁਲਦੇ ਮਾਸੂਮ ਤਿਤਲੀਆਂ ਦੇ ਖੰਭ ਥਾਂ-ਕੁਥਾਂ
ਖ਼ੁਸ਼ਬੂ ਤਾਂ ਚੋਰੀ ਹੋ ਗਈ ਹਰ ਇਕ ਗੁਲਾਬ 'ਚੋਂ

ਤਾਰਾਂ ਤਾਂ ਤੜਪੀਆਂ ਨੇ ਕੁਛ ਮੇਰੇ ਵਰਾਗ ਨਾਲ
ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ 'ਚੋਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਖਵਿੰਦਰ ਅੰਮ੍ਰਿਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ