Punjabi Poetry : Simbran Kaur Sabri

ਪੰਜਾਬੀ ਕਵਿਤਾਵਾਂ : ਸਿਮਬਰਨ ਕੌਰ ਸਾਬਰੀ


ਮੇਰੇ ਚੋਂ ਮੈਂ

ਇੰਝ ਕਿਤੇ ਹੋਵੇ ਨਾ ਕਿ ਚੇਤਿਆਂ ਚ ਵਿਸਾਰ ਤੈਨੂੰ ਮੇਰੀਆਂ ਰਗਾਂ ਵਿੱਚ ਵਹਿੰਦੀ ਸਾਹਾਂ ਵਾਲੀ ਡੋਰ ਮੁੱਕ ਜੇ ਕੁੱਝ ਇਸ ਤਰਾਂ ਮਿਲੀ, ਮਹਿਰਮਾ ਤੂੰ ਮੇਰੇ ਚ' ਰਹੇਂ ਤੇ,ਮੇਰੇ ਚੋਂ ਮੈਂ ਮੁੱਕ ਜੇ ਤੈਥੋਂ ਉਹਲਾ ਨਾ ਕੋਈ ਸੁਣ ਮੇਰੀ ਅਰਜ਼ੋਈ ਨਵੇਂ ਫੁੱਟੇ ਫੁੱਲ ਜਿਹੀਆਂ ਹਰੀਆਂ ਉਮੀਦਾਂ ਮੇਰੀਆਂ ਝੜੇ ਪੱਤਿਆਂ ਦੇ ਵਾਂਗ ਨਾ ਜਾਣ ਸੁੱਕ ਵੇ ਕੁੱਝ ਇਸ ਤਰਾਂ ਮਿਲੀ ਮਹਿਰਮਾ ਤੂੰ ਮੇਰੇ ਚ ' ਰਹੇਂ ਤੇ, ਮੇਰੇ ਚੋਂ ਮੈਂ ਮੁੱਕ ਜੇ ਨਾ ਸੋਚਾਂ ਕੁਝ ਹੋਰ ਬਸ ਤੇਰੇ ਬਾਰੇ ਸੋਚਦੀ ਹਾਂ ਤੇਰੇ ਮਿਲਾਪ ਵਾਲੀ ਘੜੀ ਮੈਂ ਹਰ ਪਲ ਲੋਚਦੀ ਹਾਂ ਤੇਰੇ ਬਿਨਾਂ ਸੁੱਕੀ ਜੜ ਵਾਲਾ ਨਿਪੱਤਰਾ ਮੈਂ ਰੁੱਖ ਵੇ ਕੁੱਝ ਇਸ ਤਰਾਂ ਮਿਲੀ ਮਹਿਰਮਾ ਤੂੰ ਮੇਰੇ ਚ ' ਰਹੇਂ ਤੇ, ਮੇਰੇ ਚੋਂ ਮੈਂ ਮੁੱਕ ਜੇ ਮੇਰੇ ਦਿਲ ਦੀਆਂ ਰਮਜ਼ਾਂ ਨੂੰ ਤੂੰ ਹੀ ਬਸ ਜਾਣਦਾ ਹੈਂ ਮੈਥੋਂ ਵੱਧ ਪਤਾ ਤੈਨੂੰ ਤੂੰ ਮੈਨੂੰ ਤਾਂ ਪਛਾਣਦਾ ਹੈਂ ਇੰਝ ਕਿਤੇ ਹੋਵੇ ਨਾ ਕਿ ਤੇਰੇ ਆਉਣ ਵਾਲੀ ਘੜੀ ਰੁਕ ਜੇ ਕੁੱਝ ਇਸ ਤਰਾਂ ਮਿਲੀ ਮਹਿਰਮਾ ਤੂੰ ਮੇਰੇ ਚ ' ਰਹੇਂ ਤੇ, ਮੇਰੇ ਚੋਂ ਮੈਂ ਮੁੱਕ ਜੇ

ਹੜ੍ਹ ਸਮੇਂ ਦਾ

ਕਿਉਂ ਚਾਰ ਦਿਨ ਹੱਸਕੇ ਕੱਟਦਾ ਨਾ ਇਹ ਜੱਗ ਚੰਦਰੇ ਤੋਂ ਕੀ ਲੈ ਜਾਣੈ ਕਿਉਂ ਸਾਂਭਦਾ ਫਿਰਦਾ ਜੋ ਤੇਰਾ ਨਹੀਂ ਇਹ ਸਭ ਏਥੇ ਹੀ ਤਾਂ ਰਹਿ ਜਾਣੈ ਛੱਡ ਦੇਣਗੇ ਸਕੇ ਸਭ ਸਾਥ ਤੇਰਾ ਫਿਰ ਤੈਨੂੰ ਕੱਲੇ ਨੂੰ ਭੁਗਤਣਾ ਪੈ ਜਾਣੈ ਝੂਠਾ ਰੋਣਗੇ ਗਲ ਨਾਲ ਲਾਉਣਗੇ ਜਿੱਦਣ ਅਲਵਿਦਾ ਤੂੰ ਕਹਿ ਜਾਣੈ ਰੋਂਵੇਂਗਾ ਪਛਤਾਵੇਂਗਾ ਇੱਕ ਦਿਨ ਨੂੰ ਦਰਿਆ ਦੁੱਖਾਂ ਦਾ ਬਣ ਵਹਿ ਜਾਣੈ ਨਹੀਂ ਬਚਣਾ ਕੁੱਝ ਹੱਥ ਪੱਲੇ ਫਿਰ ਖਾਲੀ ਖੋਖਾ ਬਣਕੇ ਤੂੰ ਬਹਿ ਜਾਣੈ ਜੋ ਉਸਾਰਿਆ ਮਹਿਲ ਧਰਤੀ ਤੇ ਹੜ੍ਹ ਸਮੇਂ ਦਾ ਆਇਆ ਤੇ ਢਹਿ ਜਾਣੈ

ਜੋ ਬਾਹਰ ਸੀ ਉਹੀ ਅੰਦਰ ਸੀ

ਜੋ ਬਾਹਰ ਸੀ ਉਹੀ ਅੰਦਰ ਸੀ ਬਸ ਮੈਂ ਹੀ ਸਮਝ ਨਾ ਪਾਇਆ ਇਹ ਸਰੀਰ ਮੇਰਾ ਹਰਿਮੰਦਰ ਸੀ ਜੋ ਮੈਂ ਪਾਪ ਕਮਾਉਂਦਾ ਰਿਹਾ ਉਹ ਮੇਰੇ ਲਈ ਸਭ ਖੰਡਰ ਸੀ ਜੇ ਕਰਦਾ ਬੰਦਗੀ , ਨਦਰਿ ਮੇਰੇ ਤੇ ਹੋ ਜਾਂਦੀ ਬਸ ਮੈਂ ਹੀ ਸਮਝ ਨਾ ਪਾਇਆ ਉਹ ਮੇਰੇ ਧੁਰਅੰਦਰ ਸੀ ! ਮੈਂ ਲੱਭਦਾ ਰਿਹਾ ਬਾਹਰ ਉਸਨੂੰ ਉਹ ਮਾਲਕ ਆਪ ਹਿਰਦੇ ਵਿੱਚ ਵੱਸਦਾ ਰਿਹਾ ਸਾਜਨੜਾ ਮੇਰਾ ਨਿਕਟ ਖਲੋਇਅੜਾ ਮੈਨੂੰ ਬਾਣੀ ਦੇ ਵਿੱਚ ਦੱਸਦਾ ਰਿਹਾ ਜੇ ਭਰਮ ਦਾ ਮੇਰੇ ਮਨਅੰਦਰ ਜਾਲ ਰਹਿੰਦਾ ਜਿੰਨੂੰ ਮੈਂ ਲੱਭਦੀ ਫਿਰਦੀ ਸਾਂ ਉਹ ਸੱਜਣ ਹਰਦਮ ਮੇਰੇ ਨਾਲ ਰਹਿੰਦਾ ਕਦੇ ਪਰਖਿਆ ਨਾ ਉਸਨੂੰ ਮੀਂਹ ਮਿਹਰ ਦਾ ਵਰਸਾਉਂਦਾ ਰਿਹਾ ਉਹ " ਬਖਸ਼ਣਹਾਰਾ" ਸੂਰਤੀ ਦੇ ਵਿੱਚ ਬਾਤਾਂ ਮੇਰੇ ਨਾਲ ਪਾਉਂਦਾ ਰਿਹਾ ਐਸੀ ਪੱਟੀ ਬੰਨੀ ਮੈਂ ਅੱਖਾਂ ਉੱਤੇ ਮੈਨੂੰ ਜ਼ਹਿਰ ਦੁਨਿਆਵੀ ਚੜਿਆ ਰਿਹਾ ਮੈਂ ਲੰਘ ਗਿਆ ਪਾਸਾ ਵੱਟ ਕੇ ਕੋਲੋਂ ਦੀ ਮੇਰਾ ਪ੍ਰੀਤਮ ਆਸਰਾ ਬਣਕੇ ਖੜਿਆ ਰਿਹਾ ਨਕਸ਼ਾ ਏ ਮੇਰੀ ਕਾਇਆ ਦਾ ਜੋ ਉਹ ਸੋਨੇ ਦਾ ਮੰਦਰ ਸੀ ! ਜੋ ਬਾਹਰ ਸੀ ਉਹੀ ਅੰਦਰ ਸੀ ਬਸ ਮੈਂ ਹੀ ਸਮਝ ਨਾ ਪਾਇਆ ਇਹ ਸਰੀਰ ਮੇਰਾ ਹਰਿਮੰਦਰ ਸੀ

ਆਪਣੇ ਹੱਕਾਂ ਲਈ ਲੜੀਏ

ਆਪਣੇ ਹੱਕਾਂ ਲਈ ਲੜੀਏ ਤਾਂ ਚੰਗਾ ਏ, ਸਰਕਾਰ ਖ਼ਿਲਾਫ ਅੜੀਏ ਤਾਂ ਚੰਗਾ ਏ। ਹੋ ਇੱਕਜੁੱਟ ਸਾਹਮਣਾ ਕਰੀਏ ਤਾਂ ਚੰਗਾ ਏ, ਦੇਸ਼ ਕੌਮ ਦੀ ਖਾਤਿਰ ਮਰੀਏ ਤਾਂ ਚੰਗਾ ਏ। ਐਵੇਂ ਜ਼ਾਲਮਾਂ ਤੋਂ ਨਾ ਡਰੀਏ ਤਾਂ ਚੰਗਾ ਏ, ਗੱਲ ਸਿੱਧੀ ਹੱਕ ਦੀ ਕਰੀਏ ਤਾਂ ਚੰਗਾ ਏ। ਜਜ਼ਬੇ ਜੋਸ਼ ਹਿੱਕ ਤਾਣ ਖੜੀਏ ਤਾਂ ਚੰਗਾ ਏ, ਸਾਜਿਸ਼ਾਂ ਨੰਗੀ ਅੱਖ ਨਾ ਪੜੀਏ ਤਾਂ ਚੰਗਾ ਏ। ਨੁੱਕਰੇ ਲੱਗੇ ਰਹਿਣ ਨਾਲੋਂ,ਅੱਜ ਬੋਲੀਏ ਤਾਂ ਚੰਗਾ ਏ, ਖੋਟੀਆਂ ਸਰਕਾਰਾਂ ਦੇ ਭੇਤ ਖੋਲੀਏ ਤਾਂ ਚੰਗਾ ਏ।

ਸ਼ੀਸ਼ੇ ਮੂਹਰੇ ਜਦੋਂ ਮੈਂ

ਸ਼ੀਸ਼ੇ ਮੂਹਰੇ ਜਦੋਂ ਮੈਂ ਆਪਣੇ ਆਪ ਨੂੰ ਵੇਖਦੀ ਨਵੀਂ ਕਵਿਤਾ ਬਣਨ ਲੱਗਦੀ ਲਫ਼ਜ਼ਾਂ ਦੀ ਜੋਤ ਮੱਥੇ ਤੇ ਜਗਣ ਲੱਗਦੀ ਫਿਰ ਖੁਸ਼ ਹੁੰਦੀ ਹੋਈ ਹੱਸਦੀ ਹਾਂ ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ ਮੈਂ ਕਵਿਤਾ ਦਾ ਸੁਰਮਾ ਪਾਉਂਦੀ ਹਾਂ ਸੰਦੂਰ ਹਰਫ਼ਾਂ ਦਾ ਲਾਉਂਦੀ ਹਾਂ ਅੱਖਰਾਂ ਵਿੱਚ ਵੱਸਦੀ ਹਾਂ ਖੁਸ਼ ਹੁੰਦੀ ਹੋਈ ਹੱਸਦੀ ਹਾਂ ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ ਏਦਾਂ ਮੈਂ ਸ਼ਿੰਗਾਰ ਕਰਦੀ ਆ ਮੇਜ਼ ਤੇ ਬੈਠੀ ਕਵਿਤਾ ਤਿਆਰ ਕਰਦੀ ਹਾਂ ਸੋਚਾਂ ਵਿੱਚ ਡੁੱਬੀ ਹੋਈ ਚਾਅ ਵਿੱਚ ਨੱਸਦੀ ਹਾਂ ਖੁਸ਼ ਹੁੰਦੀ ਹੋਈ ਹੱਸਦੀ ਹਾਂ ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ ਕਲਮ ਨਾ ਮਹਿੰਦੀ ਲਾਉਂਦੀ ਹਾਂ ਖੁਦ ਨੂੰ ਬੁਝਾਰਤ ਪਾਉਂਦੀ ਹਾਂ ਪਹਿਲਾਂ ਧੀ ਮੈਂ ਮਾਂ ਦੀ ਤੇ ਹੁਣ ਸੱਸ ਦੀ ਹਾਂ ਖੁਸ਼ ਹੁੰਦੀ ਹੋਈ ਹੱਸਦੀ ਹਾਂ ਗੱਲਾਂ ਸ਼ੀਸ਼ੇ ਨੂੰ ਦੱਸਦੀ ਹਾਂ

ਮੈਂ ਲਿਖੀ ਕਵਿਤਾ

ਮੈਂ ਲਿਖੀ ਕਵਿਤਾ ਮੈਂ ਪੜ੍ਹੀ ਕਵਿਤਾ ਤੇਰੇ ਸਾਹਮਣੇ ਹਾਂ ਮੈਂ ਖੜੀ ਕਵਿਤਾ ਮੇਰੀ ਜ਼ਿੰਦਗੀ ਦੇ ਪੰਨੇ ਪਲਟਨੇ ਜਦੋਂ ਬਾਂਹ ਘੁੱਟ ਕੇ ਮੇਰੀ ਫੜੀਂ ਕਵਿਤਾ ਮਕਸੂਦ ਮੇਰਾ ਤੈਨੂੰ ਸੀਨੇ ਲਾ ਰੱਖਣਾ ਮੈਨੂੰ ਆਪਣੇ ਤੋਂ ਜੁਦਾ ਨਾ ਕਰੀਂ ਕਵਿਤਾ ਮੇਰੇ ਅੰਦਰ ਕਵਿਤਾ ਮੇਰੇ ਬਾਹਰ ਕਵਿਤਾ ਮੇਰੇ ਹਰਫ਼ਾਂ ਨਾ ਕਰ ਪਿਆਰ ਕਵਿਤਾ ਮੇਰੀ ਮੁਹੱਬਤ ਮੇਰਾ ਪਿਆਰ ਕਵਿਤਾ ਮੇਰੀ ਰੂਹ ਤੋਂ ਹੁੰਦੀ ਹੈ ਤਿਆਰ ਕਵਿਤਾ ਤੇਰੇ ਬਾਝੋਂ ਹੋਇਆ ਮੈਂ ਬੇਹਾਲ ਕਵਿਤਾ ਮੇਰਾ ਇਸ਼ਕ ਏ ਤੇਰੇ ਨਾਲ ਕਵਿਤਾ ਕਰਾਂ ਮੈਂ ਇਹਨਾਂ ਅੱਖਰਾਂ ਦੀ ਸੈਰ ਕਵਿਤਾ ਮੇਰੇ ਖਿਆਲਾਂ ਵਿੱਚ ਆਵੀਂ ਫੇਰ ਕਵਿਤਾ

ਗ਼ਜ਼ਲ

ਹੈ ਤੇਰੇ ਅੰਦਰ ਤਾਕਤ ਜਜ਼ਬੇ ਨਾਲ ਲੜਨ ਦੀ ਚਾਹਤ ਸਾਹਮਣੇ ਹਿੱਕ ਤਾਣ ਗੁਫ਼ਤੂਗੁ ਕਰਨ ਦੀ ਚਾਹਤ ਤੇ ਜੋਸ਼ ਨਾਲ ਤਿਰੰਗਾ ਹੱਥ ਵਿੱਚ ਫੜਨ ਦੀ ਚਾਹਤ ਦਿਲ ਵਿੱਚ ਰੱਖਕੇ ਜਿਗਰਾ ਦੇਸ਼ ਲਈ ਮਰਨ ਦੀ ਚਾਹਤ ਚੰਗੀ ਸੋਚ ਨੂੰ ਦਿਮਾਗ ਦੇ ਫਰੇਮ ਵਿੱਚ ਮੜਨ ਦੀ ਚਾਹਤ ਬੜੇ ਠਰੰਮੇ ਨਾਲ ਦੂਸਰੇ ਦੀ ਗੱਲ ਜਰਨ ਦੀ ਚਾਹਤ ਖੋਟੀਆਂ ਸਰਕਾਰਾਂ ਲਈ ਸਾਜਿਸ਼ ਘੜਨ ਦੀ ਚਾਹਤ ਕੌਮ ਦੇ ਵਰਿਸਾਂ ਲਈ ਖੂਨ ਦੀ ਬੋਤਲ ਭਰਨ ਦੀ ਚਾਹਤ ਹੈ ਤੁਹਾਡੇ ਅੰਦਰ ਪੰਜਾਬੀ ਸਾਹਿਤ ਨੂੰ ਪੜਨ ਦੀ ਚਾਹਤ ਭੀੜ ਦੇ ਮੈਦਾਨ ਵਿੱਚ ਮੀਂਹ ਵਾਂਗ ਵਰਨ ਦੀ ਚਾਹਤ

ਅੱਜ ਫਿਰ !

ਅੱਜ ਫਿਰ ! ਮੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ ਮਾਂ ਮੇਰੀ ਹੀ ਗਲਤੀ ਸੀ ਜੋ ਤੈਥੋਂ ਵਿੱਦਿਆ ਦਾ ਦਾਜ ਮੰਗਦੀ ਰਹੀ ਉਹ ਦਾਜ ਦਾ ਪਤਾ ਹੀ ਨਹੀਂ ਸੀ ਜਿਹਦੇ ਨਾਲ ਮੇਰਾ ਘਰ ਵੱਸਣਾ ਸੀ ਤੇ ਮਾਂ ਮੇਰੀ ਕੀਤੀ ਪੜਾਈ ਕਰਕੇ ਕਈ ਤਰਾਂ ਦੇ ਮੇਹਣੇ ਨਾ ਸੁਣਨੇ ਪੈਂਦੇ ਨਾ ਤੈਨੂੰ ! ਨਾ ਮੈਨੂੰ ਮੈਂ ਮਾਂ ਸਕੂਲ ਵਿੱਚ ਕੰਧ ਤੇ ਲਿਖਿਆ ਵੇਖਿਆ ਪੜਿਆ ਸੀ ਧੀਆਂ ਨੂੰ ਦਿਓ ਵਿੱਦਿਆ ਦਾ ਦਾਨ ਮੈਨੂੰ ਲੱਗਦਾ ਸੀ ਇਹ ਦਾਜ ਉੱਤਮ ਆ ਤੇ ਸਾਰਿਆਂ ਤੋਂ ਵੱਖਰਾ ਆ ਸਹੁਰਾ ਪਰਿਵਾਰ ਵੀ ਵੇਖ ਕੇ ਮੇਰੇ ਦਾਜ ਦੀ ਵਡਿਆਈ ਕਰੂਗਾ ਤੇ ਮੇਰੇ ਤੇ ਮਾਣ ਮਹਿਸੂਸ ਕਰੂਗਾ ਪਰ ਮਾਂ ਤੈਨੂੰ ਪਤਾ ਅੱਜ ਕਲਮ ਤੇ ਕੜਛੀ ਨੂੰ ਲੈ ਕੇ ਕਿੰਨਾ ਹੰਗਾਮਾ ਹੋਇਆ ਕਹਿੰਦੇ ਨੇ ਕਿਤੇ ਆਉਣ ਜਾਣ ਪੜਨ ਲਿਖਣ ਦੀ ਕੋਈ ਲੋੜ ਨਹੀਂ ਬਸ ਆਪਣਾ ਘਰਦੇ ਕੰਮਾ ਕਾਰਾ ਵਿੱਚ ਧਿਆਨ ਕਰ ਸਾਡੇ ਘਰਦੀਆਂ ਨੂੰਹਾਂ ਧੀਆਂ ਬਾਹਰ ਨਹੀਂ ਜਾਂਦੀਆਂ ! ਤੇਰੇ ਤੋਂ ਬਗੈਰ ਮਾਂ ਮੇਰੇ ਕੋਲ ਕੋਈ ਵੀ ਨਹੀਂ ਜਿਸਨੂੰ ਮੈਂ ਇਹ ਦਰਦ ਦੱਸ ਪਾਉਂਦੀ ਪਰ ਪਤਾ ? ਅਖੀਰ ਮੈਨੂੰ ਰੌਂਦੀ ਨੂੰ ਇਹਨਾਂ ਅੱਖਰਾਂ ਨੇ ਹੀ ਗਲ ਲਾ ਕੇ ਚੁੱਪ ਕਰਵਾਇਆ

ਕਵਿਤਾ ਦੇ ਹਾਣਦੀ

ਜੇ ਮੈਂ ਚਿਰਾਂ ਬਾਅਦ ਵੀ ਮਿਲਾਂ ਉਸਨੂੰ ਉਹ ਤਾਂ ਵੀ ਮੈਨੂੰ ਪਛਾਣਦੀ ਹੋਵੇ ਮਨ ਰੰਗਿਆ ਜਾਵੇ ਦੀਦ ਉਹਦੀ ਵਿੱਚ ਮੇਰੇ ਮੁੱਖ ਤੇ ਅੰਤਾਂ ਦੀ ਰਵਾਨਗੀ ਹੋਵੇ ਮੇਰੇ ਵਾਂਗੂ ਅੱਖਰਾਂ ਨਾਲ ਸਾਂਝ ਵੀ ਪਾ ਰੱਖੇ ਕਾਗਜ਼ ਤੇ ਕਲਮ ਚਲਾਉਣਾ ਜਾਣਦੀ ਹੋਵੇ ਹਰ ਇੱਕ ਗੱਲ ਕਬੂਲ ਹੈ ਉਸਦੀ ਮੈਨੂੰ ਮੈਂ ਚਾਹੁੰਦਾ ਹਾਂ ਉਹ "ਕਵਿਤਾ ਦੇ ਹਾਣਦੀ" ਹੋਵੇ ਕਲਮ ਸਿਆਹੀ ਵਰਗਾ ਸਾਥ ਹੋਵੇ ਸਾਡਾ ਹੱਸਦੀ ਹੋਈ ਜ਼ਿੰਦਗੀ ਦੇ ਰੰਗ ਮਾਣਦੀ ਹੋਵੇ

" ਤੂੰ "

" ਤੂੰ " ਜਦੋਂ ਮੇਰੇ ਪਿੰਡ ਦੇ ਦਰਿਆ ਵੱਲ ਰੀਝ ਨਾਲ ਤੱਕਦੀ ਏ ਨਾ ਹਿੱਲਦਾ ਪਾਣੀ ਮੈਨੂੰ ਏਦਾਂ ਲੱਗੂ ਜਿਵੇਂ ਤੇਰੇ ਨਾਲ ਗੱਲਾਂ ਕਰ ਰਿਹਾ ਹੋਵੇ " ਤੂੰ " ਮੈਨੂੰ ਕਿਤੇ ਏਧਰ ਓਧਰ ਨਾ ਲੱਭਿਆ ਕਰ ਮੇਰੀ ਲਿਖੀ ਹੋਈ ਕਵਿਤਾ ਪੜਿਆ ਕਰ ਵੇਖਿਆ ਕਰ ਮੈਂ ਅੱਖਰਾਂ ਦੇ ਪਰਛਾਂਵੇ ਵਿੱਚ ਤੇਰੇ ਨਾਲ ਹੀ ਤਾਂ ਮਸ਼ਰੂਫ ਹੁੰਦਾ ਹਾਂ " ਤੈਨੂੰ ਪਤਾ ! " ਸਾਡੇ ਘਰਦੀ ਬਾਹਰ ਵਾਲੀ ਕਿਆਰੀ ਵਿੱਚ ਫੁੱਲ ਹੀ ਫੁੱਲ ਲੱਗੇ ਹੋਏ ਨੇ ਜਦੋਂ ਖਿੜਦੇ ਨੇ ਮੈਂ ਅੱਖਾਂ ਸਾਹਮਣੇ ਤੇਰੀ ਤਸਵੀਰ ਬਣਾ ਲੈਂਦਾ ਹਾਂ ਤੇ ਸੋਚਦਾ ਹਾਂ, ਤੂੰ ਫੁੱਲਾਂ ਵਾਂਗ ਖਿੜਦੀ ਏ ਕਿ ਫੁੱਲ ਤੇਰੇ ਵਾਂਗ ?

ਮੈਂ ਜਦੋਂ ਵੀ ਮਾਲਕ ਦੀ

ਮੈਂ ਜਦੋਂ ਵੀ ਮਾਲਕ ਦੀ ਬਣਾਈ ਹੋਈ ਕੁਦਰਤ ਨੂੰ ਵੇਖਦਾ ਹਾਂ, ਮਨ ਸੀਤਲ ਹੋ ਜਾਂਦੈ ਤੇ ਕੁਦਰਤ ਦੇ ਨਜ਼ਾਰਿਆਂ ਨੂੰ ਲਿਖਣ ਦੀ ਚਾਹਤ ਮਨ ਦੇ ਖਿਆਲਾਂ ਵਿੱਚ ਖੋ ਜਾਂਦਾ ਹਾਂ ਤੇ ਕਹਿੰਦਾ ਹਾਂ ਤੇਰੇ ਤੋਂ ਬਲਿਹਾਰੇ ਇਹ ਕੁਦਰਤ ਰਚਾਉਣ ਵਾਲਿਆ ਕਿੱਧਰੇ ਸੂਰਜ, ਚੰਦ ,ਗ੍ਰਹਿ ਤਾਰੇ ਰੁੱਖ, ਜੀਵ, ਪਸ਼ੂ ,ਪੰਛੀ, ਤੇ ਵੰਨ ਸਵੰਨੀਆਂ ਰੁੱਤਾਂ ਬਣਾਉਣ ਵਾਲਿਆ ਉੱਡਦੇ ਪੰਛੀਆਂ ਨੂੰ ਮੂੰਹ ਉਤਾਂਹ ਕਰ ਅੰਬਰ ਵੱਲ ਵੇਖ ਖੁਸ਼ ਹੁੰਦਾ ਹੋਇਆ ਮਨ ਚ ਕਈ ਖ਼ਾਬ ਬੁਣ ਰਿਹਾ ਹਾਂ ਕੁਦਰਤ ਦੇ ਸੋਹਲੇ ਗਾਉਂਦਾ ਗਾਉਂਦਾ ਖੂਬ ਆਨੰਦ ਉਠਾ ਰਿਹਾਂ ਹਾਂ ਉਹਨੇ ਕਿਦਾਂ ਕਿੱਥੇ ਰੱਖਣਾ ਉਹ ਚੰਗੀ ਤਰਾਂ ਜਾਣਦਾ ਆ ਮੈਂ ਵੀ ਉਹਦੇ ਭਾਣੇ ਵਿੱਚ ਕੁਦਰਤ ਦੇ ਅਨੰਦ ਮਾਣਦਾ ਹਾਂ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ।

ਇਹੋ ਜਿਹੀ ਕਵਿਤਾ

ਵੇਹਲੀ ਬੈਠੀ ਸਾਂ ਵਲਵਲੇ ਖਾਂਦੇ ਮਨ ਚ ਇੱਕ ਸਵਾਲ ਆਇਆ ਕਾਸ਼ ! ਕਿਤੇ ਇਹੋ ਜਿਹੀ, ਕਵਿਤਾ ਬਣੇ ਜੋ ਸਭ ਦੇ ਮੁੱਖ ਤੇ , ਲੈ ਰੌਣਕਾਂ ਆਵੇ ਕੁੱਝ ਏਦਾ ਦੇ ਬੋਲ ਸੁੱਝਣ ਜਿਵੇਂ ਅੱਗ ਚੋ ਚੰਗਿਆੜੇ ਨਿਕਲਦੇ ਹੋਣ ਕਾਸ਼ ! ਏਦਾਂ ਹੋਵੇ ਜਿਵੇਂ ਗਿੱਲੀ ਮਿੱਟੀ ਵਿੱਚ, ਜਾ ਪੈਰ ਖੁਭਣ, ਕੋਈ ਇਹੋ ਜਿਹਾ, ਵਿਸ਼ਾ ਮੇਰੇ ਅੰਦਰ ਆਵੇ ਜਿਸ ਨਾਲ ਮਨ, ਪੜਨੇ ਵਿੱਚ ਖੋਵੇ ਕਾਸ਼ ! ਏਦਾਂ ਹੋਵੇ ਮੈਂ ਸੁਣਿਆ ਏ, ਮੈਂ ਕਵਿਤਾ ਨੂੰ ਤੇ ਕਵਿਤਾ ਮੈਨੂੰ ਪਛਾਨਣ ਲੱਗ ਗਈ ਏ, ਲੱਗ ਰਿਹਾ ਜਿਵੇਂ, ਕਲਮ ਅੱਖਰਾਂ ਨੂੰ ਠੱਗ ਰਹੀ ਏ, ਸੋਚ ਤੇ ਖਿਆਲ ਸਭ ਦੇ ਉੱਚੇ ਹੋਣ ਦੋਵੇਂ ਪਰ ! ਕਾਸ਼ ! ਏਦਾਂ ਹੋਵੇ ਕਲਮ ਨੇ ਸ਼ਬਦਾਂ ਨੂੰ ਸਹਿਲਾਇਆ ਕਾਗਜ਼ ਦੇ ਕੋਰੇ ਸੀਨੇ ਅੰਦਰ ਸਾਂਭਿਆ ਤੇ ਕਿਹਾ, ' ਰੱਬ ਕਰਕੇ ਤੁਸੀਂ ਕਵਿਤਾ ਹੋ ਜਾਉ'

ਚਿੜੀਆਂ ਨੇ ਇੱਕ

ਚਿੜੀਆਂ ਨੇ ਇੱਕ, ਸੁਪਨਾ ਸਜਾਇਆ ਏ। ਜਿੱਥੇ ਉਹਨਾਂ ਰਹਿਣਾ,ਬਹਿਣਾ ਰੁੱਖਾਂ ਉੱਤੇ, ਘਰ ਜਿਹਾ ਬਣਾਇਆ ਏ,,,,,। ਜੋੜ ਜੋੜ ਕੱਖ ਉਹਨਾਂ, ਘਰ ਹੈ ਬਣਾਲਿਆ । ਬੈਠੀਆਂ ਵਿੱਚ ਆਪ, ਨਾਲ ਬੱਚਿਆਂ ਬਿਠਾ ਲਿਆ। ਬੜਾ ਪਿਆਰਾ ਦੂਰੋਂ ਉਹ, ਲੱਗਦਾ ਹੈ ਆਲ੍ਹਣਾ। ਸਿਖਾ ਦਿੱਤਾ ਉਹਨਾਂ ਕਿਵੇਂ, ਜ਼ਿੰਦਗੀ ਨੂੰ ਢਾਲਣਾ। ਲਾਉਂਦੀਆਂ ਨੇ ਜਦ , ਅੰਬਰੀਂ ਉਡਾਰੀਆਂ। ਇੱਕੋ ਲਾਈਨ ਵਿੱਚ, ਜਦ ਉਡਦੀਆਂ ਸਾਰੀਆਂ। ਦੂਰੋਂ ਨਿੱਕੀਆਂ ਨਿੱਕੀਆਂ , ਲੱਗਣ ਪਿਆਰੀਆਂ। ਉਡਦੀਆਂ ਜਦ ਇੱਕੋ ਵਰੀ ਸਾਰੀਆਂ,,,,। ਸਭਨਾ ਨੇ ਰਲ ਮਿਲ ਇੱਕ ਦੂਜੀ ਨੂੰ ਚੋਗ, ਜੋ ਖਵਾਲਣਾ,,,,। ਸਿਖਾ ਦਿੱਤਾ ਉਹਨਾਂ ਕਿਵ਼ੇਂ ਜ਼ਿੰਦਗੀ ਨੂੰ ਢਾਲਣਾ। ਪਰ ਖੋਲ ਬੱਚਿਆਂ ਨੂੰ, ਉੱਡਣਾ ਸਿਖਾਇਆ ਏ ਅੰਡਿਆਂ ਚੋ ਜੀਵਾਂ ਨੂੰ, ਮੁਕਤ ਕਰਾਇਆ ਏ। ਚੀਂ- ਚੀਂ ਕਰ- ਕਰ ਰੌਣਕਾਂ ਨੇ ਲਾਉਂਦੀਆਂ। ਨਿੱਕੇ ਨਿੱਕੇ ਬੋਟਾਂ ਨੂੰ ਕਿਵ਼ੇਂ ਉਹਨਾਂ ਪਾਲਣਾ, ਸਿਖਾ ਦਿੱਤਾ ਉਹਨਾਂ ਕਿਵੇ ਜ਼ਿੰਦਗੀ ਨੂੰ ਢਾਲਣਾ,,,,।

ਮੈਨੂੰ ਓਹਨੇ ਪੜ੍ਹਾਇਆ

ਮੈਨੂੰ ਓਹਨੇ ਪੜ੍ਹਾਇਆ, ਬੜੀਆਂ ਕਮਾਈਆਂ ਕਰਦੀ ਹੁੰਦੀ ਸੀ। ਸਰੀਰ ਤਾਂ ਓਹਦਾ ਠੀਕ ਨਾ ਰਹਿਣਾ, ਬੈਠੀ ਸੂਟ ਸਲਾਈਆਂ ਕਰਦੀ ਹੁੰਦੀ ਸੀ। ਮੈਨੂੰ ਬੈਠੀ ਉਹਨੇ, ਪੜਨ ਸੀ ਦੇਣਾ, ਆਪ ਸਫਾਈਆਂ ਕਰਦੀ ਹੁੰਦੀ ਸੀ। ਮੈਂ, ਸੁਣੀਆਂ ਗੱਲਾਂ ਲੋਕਾਂ ਦੇ ਘਰੋਂ, ਮੇਰੀਆਂ ਵਡਿਆਈਆਂ ਕਰਦੀ ਹੁੰਦੀ ਸੀ। ਮੈਂ ਅੱਜ ਵੀ ਚੇਤੇ ਕਰਾਂ ਪੁਰਾਣੇ ਦਿਨਾਂ ਨੂੰ, ਸੁਣ ਸੁਣ ਠੰਡੇ ਹੋਕੇ ਭਰਦੀ ਹੁੰਦੀ ਸੀ ਕੁੜੀਆਂ ਨੂੰ ਅੱਜਕਲ ਕੌਣ ਪੜਾਉਂਦਾ ਤਾਨੇ ਮੇਹਣੇ ਲੋਕਾਂ ਦੇ ਜਰਦੀ ਹੁੰਦੀ ਸੀ। ਔਖੇ ਵੇਲੇ ਵੀ , ਅੰਮੀ ਮੇਰੀ ਰੀਝਾਂ ਸਭ ਪੂਰੀਆਂ ਕਰਦੀ ਹੁੰਦੀ ਸੀ।

ਬੜੀਆਂ ਮੌਜਾਂ ਮਾਣੀਆਂ

ਬੜੀਆਂ ਮੌਜਾਂ ਮਾਣੀਆਂ ਰਲ ਮਿਲ ਸਾਰੇ ਹਾਣੀਆਂ ਬੇਫਿਕਰੇ ਜੇ ਘੁੰਮਦੇ ਰਹਿਣਾ ਜਿਹੜੇ ਮਰਜ਼ੀ ਘਰ ਜਾ ਬਹਿਣਾ ਮਸਤੀ ਕਰਨੀ ਲੈਣੇ ਖੂਬ ਨਜ਼ਾਰੇ। ਸੁਣ ਕੁਲਫੀ ਵਾਲੇ ਦਾ ਹੋਕਾ ਮਨ ਲਲਚਉਣਾ, ਮੱਧਰੇ ਕਦ ਨਾਲ ਉੱਚੇ ਟਿੱਲੇ ਹੱਥ ਪਾਉਣਾ। ਛੋਟੇ ਭੈਣ ਭਰਾਵਾਂ ਨੂੰ ਝੂਠੀ ਮੂਠੀ ਪਰਚਉਣਾ। ਚੰਦਰੀ ਜੀਭ ਨੇ ਲੈਣੇ , ਰੰਗੀਨ ਨਜ਼ਾਰੇ। ਛੁੱਟੀਆਂ ਵਿੱਚ ਨਾਨਕੇ ਜਾਣਾ ਤੇ ਵੰਨ ਸੁਵੰਨਾ ਖਾਣਾ। ਤੋੜ ਬੰਦਸ਼ਾਂ ਖੁੱਲਾਂ ਲੈਣੀਆਂ ਮੰਨਣਾ ਨਾ ਕਿਸੇ ਦਾ ਕਹਿਣਾ ਰੌਲੇ ਦੇ ਮਹਾਂ ਸ਼ੋਰ ਚ ਮਲੰਗੀ ਦੇ ਗਾਣੇ ਗਾਉਣਾ ਝਿੜਕਾਂ ਖਾਣ ਲਈ ਕਰਨੇ ਬੁਹ- ਕਾਰੇ। ਬਚਪਨ ਦੇ ਇਹ ਭੋਲੇ ਚੇਤੇ ਕੀ ਇਨ੍ਹਾਂ ਦਾ ਕਹਿਣਾ, ਉਦਾਸ ਮੌਸਮਾਂ ਅੰਦਰ ਇਨ੍ਹਾਂ ਆ ਕੋਲ ਹੈ ਬਹਿਣਾ ਉਮਰਾਂ ਦੇ ਪੰਧ ਕੱਟਦਿਆਂ ਅੰਗ-ਸੰਗ ਇਨ੍ਹਾਂ ਰਹਿਣਾ ਬੋਹੜ ਦੀਆਂ ਜੜਾ ਨਾਲ ਲੈਣੇ ਲਟਕ ਹੁਲਾਰੇ।

ਸਾਡੀ ਆਦਤ ਐ

ਸਾਡੀ ਆਦਤ ਐ ਤੇਰੀ ਮਜ਼ਬੂਰੀ ਹੁਣ ਕੀ ਕਰੀਏ...? ਨਹੀਂ ਝੱਲ ਸਕਦਾ ਮੈਂ ਸਦੀਆਂ ਲਈ ਦੂਰੀ ਹੁਣ ਕੀ ਕਰੀਏ...? ਪਹਿਲਾ ਟੋਕ ਦਿੱਤਾ ਫਿਰ ਅਣਗੌਲ ਦਿੱਤਾ ਦੱਸਣੋ ਰਹਿ ਗਈ ਗੱਲ ਜ਼ਰੂਰੀ ਹੁਣ ਕੀ ਕਰੀਏ....? ਰੁੱਸ ਗਈ ਰਾਤ ਤੇ ਸੁਰਖ਼ ਸ਼ਾਮ ਮੈਥੋਂ ਵੱਟੀ ਅੰਬਰ ਨੇ ਘੂਰੀ ਹੁਣ ਕੀ ਕਰੀਏ...? ਅਣਸੁਲਝੀ ਇੱਕ ਬੁਝਾਰਤ ਮੈਂ ਛੱਡ ਗਿਓਂ ਵਿੱਚ ਅਧੂਰੀ ਹੁਣ ਕੀ ਕਰੀਏ...? ਤੇਰੇ ਕਰਕੇ ਜਿਊਂਦੇ ਜੀਅ ਮੈਂ ਭੁੱਲ ਬੈਠਾ ਦੁਨੀਆਂ ਪੂਰੀ ਹੁਣ ਕੀ ਕਰੀਏ...?

ਸੁਰੀਲਾ ਸਾਜ਼ ਹੈ

ਸੁਰੀਲਾ ਸਾਜ਼ ਹੈ  ਸੋਹਣੀ  ਅਵਾਜ ਹੈ ਵਿਲੱਖਣ ਅੰਦਾਜ਼ ਹੈ ਗਹਿਰਾ ਰਾਜ ਹੈ ਖੂਬਸੂਰਤ ਸ਼ਾਮ ਹੈ ਇੱਕ ਤੇਰਾ ਨਾਮ ਹੈ ਜ਼ਿੰਦਗੀ ਆਮ ਹੈ ਸਕੂਨ ਤੇ ਅਰਾਮ ਹੈ ਸਭ ਤੋਂ  ਕਮਾਲ ਹੈ ਉਹ  ਮੇਰੇ ਨਾਲ ਹੈ ਸਮੇਂ ਦੀ ਚਾਲ ਹੈ ਤੇ ਰੌਣਕ ਨਿਹਾਲ ਹੈ ਕੈਸੀ  ਕਰਾਮਾਤ ਹੈ ਖੁਦਾ  ਦੀ ਬਾਤ ਹੈ ਖਿੜੀ ਕਾਇਨਾਤ ਹੈ ਸੁੱਖਾਂ ਦੀ  ਰਾਤ ਹੈ ਦਰਬਾਰੀ ਰਾਗ ਹੈ ਹਿਰਦੈ ਵਿਰਾਗ ਹੈ ਮਸਤਕ ਸੁਭਾਗ ਹੈ ਜਗਦਾ ਚਿਰਾਗ ਹੈ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਿਸਦੀ ਤਲਾਸ਼ ਹੈ ਦੁੱਖਾਂ ਦਾ ਨਾਸ਼ ਹੈ ਤੇ ਧਰਤ ਅਕਾਸ਼ ਹੈ ਸੱਚਾ ਦਰਬਾਰ ਹੈ ਉਹ ਅਪਰਮਪਾਰ ਹੈ ਵਿਰਲੇ ਨੂੰ ਸਾਰ ਹੈ ਸਦਾ ਜੈ ਜੈ ਕਾਰ ਹੈ ਅਸਲ ਵਜ਼ੂਦ ਹੈ ਤੇ  ਅਮਰ ਮੌਜੂਦ ਹੈ ਸੁੰਦਰ ਦੀਵਾਨ ਹੈ ਬਾਦਸ਼ਾਹ ਮਹਾਨ ਹੈ ਸਦਕੇ ਜਹਾਨ ਹੈ  ਝੂਲਦਾ ਨਿਸ਼ਾਨ ਹੈ ਸਾਬਰੀ  ਸਬਰ ਹੈ  ਕਿਉਂ  ਬੇਖ਼ਬਰ ਹੈ ਇੱਕ ਮਾਹਰਾਜ ਹੈ ਉਹ ਗਰੀਬਨੀਵਾਜ ਹੈ ਆਪਣੇ ਤੇ ਨਾਜ਼ ਹੈ ਲੱਜਿਆ ਦੀ ਲਾਜ ਹੈ ਨੇੜ ਹੈ ! ਨਾ ਦੂਰ ਹੈ ਸਾਹਿਬ ਹਜ਼ੂਰ ਹੈ ਨੈਣਾਂ  ਨੂੰ  ਸਰੂਰ  ਹੈ  ਦੇਖਣਾ ਜ਼ਰੂਰ ਹੈ ਸਾਧੂ ਹੈ ਫਕੀਰ ਹੈ ਨਾਨਕ ਉੱਚ ਪੀਰ ਹੈ ਹਰਮੰਦਿਰ ਸਰੀਰ ਹੈ ਬੈਠਾ ਚੌਥਾ ਪੀਰ ਹੈ

ਆ ਜੀਵਨ ਆਪਣਾ ਸਵਾਰ ਦੋਸਤਾ

ਆ ਜੀਵਨ ਆਪਣਾ ਸਵਾਰ ਦੋਸਤਾ ਕਰ ਪੁਸਤਕਾਂ ਸੰਗ ਪਿਆਰ ਦੋਸਤਾ ਭਰ ਲੈ ਅੰਦਰ  ਅਨਮੋਲ  ਖ਼ਜ਼ਾਨਾ ਹੋ ਜਾ  ਇਸ  ਤੋਂ ਬਲਿਹਾਰ ਦੋਸਤਾ ਇਹ ਕਰਨ ਤੇਰਾ ਸਤਿਕਾਰ ਦੋਸਤਾ ਤੂੰ ਪੜ੍ਹ  ਪੜ੍ਹ  ਹੋ ਹੁਸ਼ਿਆਰ ਦੋਸਤਾ ਸਭ ਦਾ  ਸੋਹਣਾ  ਸਫ਼ਰ  ਬਣਾਵੇ ਜੀਵਨ  ਕਰੇ  ਤਿਆਰ  ਦੋਸਤਾ ਆ  ਚੱਲੀਏ  ਬਾਜ਼ਾਰ  ਦੋਸਤਾ ਕਿਤਾਬਾਂ ਗਿਆਨ ਭੰਡਾਰ ਦੋਸਤਾ ਵੰਨ ਸੁਵੰਨੀਆਂ ਖਰੀਦ ਲਿਆ ਤੇ ਅੰਦਰ ਆਪਣਾ ਨਿਖਾਰ ਦੋਸਤਾ ਮਾਂ ਬੋਲੀ ਸੀਨਾ ਦਿੰਦੀ ਠਾਰ ਦੋਸਤਾ ਹੁੰਦੈ ਦੂਰ ਗ਼ਮਾਂ ਦਾ ਭਾਰ ਦੋਸਤਾ ਇਸਦੇ ਸੁਨਿਹਰੀ ਅੱਖਰ ਸਾਰੇ ਤੂੰ ਲੈ  ਦਿਲ  ਵਿੱਚ  ਉਤਾਰ  ਦੋਸਤਾ ਜ਼ਿੰਦਗੀ ਦੇ ਦਿਨ ਚਾਰ ਦੋਸਤਾ ਕਲਮਾਂ ਨੇ ਹਥਿਆਰ ਦੋਸਤਾ ਸਾਬਰੀ ਮੈਡਮ ਤੋਂ ਕਵਿਤਾ ਸੁਣੀਏ ਫਿਰ ਸੁਣੀਏ  ਹਰ ਵਾਰ ਦੋਸਤਾ

ਅਸੀਂ ਦੁਖੀ ਕਿਉਂ ਹਾਂ ?

ਅਸੀਂ ਦੁਖੀ ਕਿਉਂ ਹਾਂ ? ਸਾਰਾ ਦਿਨ ਮਨ ਦੁਖੀ ਕਿਉਂ ਰਹਿੰਦਾ ਹੈ ? ਅਸੀਂ ਉਸ ਨਿਰੰਕਾਰ ਤੋਂ ਦੂਰ ਰਹਿਕੇ ਕਦੀ ਸੁੱਖ ਨਹੀਂ ਭੋਗ ਸਕਦੇ ਕਦੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਜਿਹੜੇ ਵੀ ਇਨਸਾਨ ਕੋਲ ਮਨ ਜਾ ਬੈਠਦਾ ਹੈ ਉਹ ਗੱਲਾਂ ਕਰਦਾ ਹੈ ਕਿ ਅਸੀਂ ਦੁਖੀ ਹਾਂ ਬਹੁਤ ਦੁਖੀ ਹਾਂ ਅੱਗੋਂ ਖਿਝੇ ਪੈਂਦੇ ਨੇ ਅਸ਼ਾਂਤ ਹੋਏ ਫਿਰਦੇ ਨੇ ਪਰਮਾਤਮਾ ਉਹ ਪਾਣੀ ਹੈ ਜਿਸ ਵਿੱਚ ਅਸੀਂ ਤੈਰ ਕੇ ਸਫ਼ਲ ਸੰਸਾਰ ਵਿੱਚ ਪ੍ਰਵਾਨ ਹਾਂ ਅਸੀਂ ਕਿਸ਼ਤੀ ਵਾਂਗ ਹਾਂ ਚੱਪੂ ਨਿਰੰਕਾਰ ਦੇ ਹੱਥ ਵਿੱਚ ਹੈ ਸਦਾ ਸਦਾ ਦਾਤਾਰ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਇਹ ਸਾਰਾ ਜਗਤ ਨਾਮ ਤੋਂ ਬਿਨਾਂ ਦੁੱਖਾਂ ਦਾ ਸਮੁੰਦਰ ਹੈ

ਥੋੜਾ ਸਿੱਖੀਏ ਸੋਹਣਾ ਸਿੱਖੀਏ

ਥੋੜਾ ਸਿੱਖੀਏ ਸੋਹਣਾ ਸਿੱਖੀਏ, ਇੱਕ ਦੂਜੇ  ਦੇ ਹੋਣਾ ਸਿੱਖੀਏ । ਛੱਡ ਵੈਰ ਵਿਰੋਧ ਮੋਹ ਮਾਇਆ, ਪ੍ਰੇਮ ਪਿਆਰ ਪਾਉਣਾ ਸਿੱਖੀਏ। ਸਦਾ ਨਹੀਂ ਰਹਿਣ ਬਸੇਰਾ ਏਥੇ, ਆਓ ਗਲ ਨਾ ਲਾਉਣਾ ਸਿੱਖੀਏ। ਇਹ ਜੱਗ ਚਾਰ ਦਿਨਾਂ ਦਾ ਮੇਲਾ, ਗੀਤ ਖੁਸ਼ੀ ਦਾ ਗਾਉਣਾ ਸਿੱਖੀਏ।

ਤੇਰੇ ਲਈ ਉਹ ਜ਼ਿੰਦਗੀ

ਤੇਰੇ ਲਈ ਉਹ ਜ਼ਿੰਦਗੀ ਦਾਅ ਤੇ ਲਾ ਸਕਦਾ , ਕਿੱਥੇ ਕੀ ਹੋ ਜਾਵੇ ਕੁਝ ਕਿਹਾ ਨੀ ਜਾ ਸਕਦਾ। ਤੇਜ਼ ਤਰਾਰ ਹਵਾ ਨੂੰ ਆਖੋ ਥੋੜਾ ਸੰਭਲ ਜਾਏ, ਨਈਂ ਤੇ ਓਵੀ ਅੱਗੋਂ ਸਾਵੀਂ ਮਿੱਟੀ ਪਾ ਸਕਦਾ। ਉਹ ਤੇ ਅਸਮਾਨ ਇੱਕੋ ਜਹੇ ਗਰਜਦੇ ਪਏ ਨੇ, ਤੇਰੇ ਲਈ ਮਰ ਸਕਦਾ ਤੇ ਖੁਦ ਨੂੰ ਢਾ ਸਕਦਾ। ਤੇਰੀ ਨਜ਼ਮਾਂ ਗ਼ਜ਼ਲਾਂ ਵਾਲੀ ਡਾਇਰੀ ਖੋਲੀ ਏ, ਤੇਰੇ ਸਨਮੁੱਖ ਹੋ ਗੀਤ ਕਵਿਤਾਵਾਂ ਗਾ ਸਕਦਾ । ਸਾਬਰੀ ਸੱਜਰੇ ਸੁਨੇਹੇ ਸਰਘੀ  ਵੇਲੇ ਖਾਮੋਸ਼ ਏ, ਖ਼ਤ ਵੇਖ ਲਿਖਕੇ ਜੇ ਅੱਜ ਉਹ ਏਥੇ ਆ ਸਕਦਾ।

ਹਰਿਮੰਦਰ ਸੋਹਣਾ ਸਾਜਿਆ

ਹਰਿਮੰਦਰ ਸੋਹਣਾ ਸਾਜਿਆ ਰਾਮਦਾਸ ਗੁਰੂ ਵਸਾਇਆ ਏ ਖਾਲੀ ਕਦੇ ਨਾ ਮੁੜਿਆ ਉਹ ਜੋ ਤੇਰੇ ਦਰ ਤੇ ਆਇਆ ਏ ਝੁਕ ਕੇ ਸੀਸ ਨਿਵਾ ਬੰਦਿਆ ਜੀਵਨ ਸਫਲ ਬਣਾ ਬੰਦਿਆ ਸਤਿਗੁਰੂ ਦੀਨ ਦਇਆਲ ਦਾਤਾ ਜਿੰਨੇ ਸੱਚਾ ਸ਼ਬਦ ਸੁਣਾਇਆ ਏ ਹਰਿਮੰਦਰ ਸੋਹਣਾ ਸਾਜਿਆ ਰਾਮਦਾਸ ਗੁਰੂ ਵਸਾਇਆ ਏ ਹਉਮੈ ਛੱਡਕੇ ਨੀਵੇਂ ਹੋ ਆਇਓ ਬਹਿਕੇ ਵਿੱਚ ਪਰਿਕਰਮਾ ਦੇ ਸੋਢੀ ਪਾਤਸ਼ਾਹ ਨੂੰ ਧਿਆਇਓ ਉਹ ਆਪ ਰਖਵਾਲਾ ਪ੍ਰਭੂ ਪਿਆਰਾ ਉਹ ਸੱਚਾ ਸੱਚ ਸਵਾਰਣਹਾਰਾ ਉਹ ਵਿਰਲੇ ਜਨ ਕੋਈ ਕੋਈ ਜਿੰਨੇ ਜੀਵਨ ਲੇਖੇ ਲਾਇਆ ਏ ਹਰਿਮੰਦਰ ਸੋਹਣਾ ਸਾਜਿਆ ਰਾਮਦਾਸ ਗੁਰੂ ਵਸਾਇਆ ਏ ਸਾਡਾ ਹਰਮੰਦਿਰ ਸਾਡੇ ਅੰਦਰ ਨਕਸ਼ਾ ਸੌਖਾ ਬਣਾ ਦਿੱਤਾ ਸਭ ਜਾਤਾ ਲਈ ਇੱਕੋ ਦੁਵਾਰ ਸਜਾ ਦਿੱਤਾ ਓਹੀ ਹੋਣਾ ਜੀ ਸਦਕੇ ਜੋ ਓਹਦੇ ਮਨ ਨੂੰ ਭਾਇਆ ਏ ਹਰਿਮੰਦਰ ਸੋਹਣਾ ਸਾਜਿਆ ਰਾਮਦਾਸ ਗੁਰੂ ਵਸਾਇਆ ਏ ਸਦ ਬਲਿਹਾਰੇ ਜਾਵਾਂ ਮੈਂ ਐਸੇ ਦਰ ਤੋਂ ਵਾਰੇ ਜਾਵਾਂ ਮੈਂ ਰੱਖ ਚਾਰ ਦਰਵਾਜੇ ਚੌਥੇ ਗੁਰ ਨੇ ਸੋਹਣਾ ਮਹਿਲ ਬਣਾਇਆ ਏ ਹਰਮੰਦਿਰ ਸੋਹਣਾ ਸਾਜਿਆ ਰਾਮਦਾਸ ਗੁਰੂ ਵਸਾਇਆ ਏ

ਸੋਹਣੀ ਦਿੱਤੀ ਆ ਜੇ ਦੇਹੀ

ਸੋਹਣੀ ਦਿੱਤੀ ਆ ਜੇ ਦੇਹੀ ਤੂੰ ਗਰੀਬ ਨੂੰ ਫਿਰ ਦਰਸ ਵੀ ਤੂੰ ਆਪਣਾ ਦਿਖਾਲ ਦਾਤਿਆ ਜੀ ਕਦੋਂ ਸੁਣਨਾ ਏ ਸ਼ਬਦ ਸੁਹਾਵਣਾ ਮੈਨੂੰ ਦਰ ਉੱਤੇ ਬੈਠਣਾ ਸਖਾਲ ਦਾਤਿਆ ਸੋਹਣੀ ਦਿੱਤੀ............ ਮੈਨੂੰ ਚੜ ਜਾਵੇ ਰੰਗ ਨਾਮ ਰੰਗ ਦਾ ਹੋਰ ਤੇਰੇ ਕੋਲੋੰ ਕੁਝ ਵੀ ਨਹੀਂ ਮੰਗਦਾ ਮੈਂ ਵੀ ਵੇਖਣਾ ਏ ਸਹਿਜ ਘਰ ਹੁੰਦਾ ਕਿੱਦਾਂ ਦਾ ਮੈਂ ਵੀ ਵੇਖਣਾ ਏ ਨਿੱਜ ਘਰ ਹੁੰਦਾ ਕਿੱਦਾਂ ਦਾ ਓਥੇ ਇੱਕ ਵਾਰ ਮੈਨੂੰ ਵੀ ਬਠਾਲ ਦਾਤਿਆ ਸੋਹਣੀ ਦਿੱਤੀ................... ਜਿਵੇਂ ਆਸਮਾਨ ਵਿੱਚ ਤਾਰੇ ਜਗਦੇ ਓਦਾਂ ਤੇਰੇ ਸਿੱਖ ਵੀ ਪਿਆਰੇ ਲੱਗਦੇ ਜਿਵੇਂ ਹੁੰਦੀਆਂ ਨੇ ਧੁਰੋਂ ਤਾਰਾਂ ਜੁੜੀਆਂ ਜਿਵੇਂ ਸੁਰ ਨਾਲ ਮਿਲਦਾ ਏ ਤਾਲ ਦਾਤਿਆ ਸੋਹਣੀ ਦਿੱਤੀ................... ਰਹਿੰਦਾ ਮਨ ਮੇਰਾ ਪੀਹੂ ਪੀਹੂ ਬੋਲਦਾ ਤੈਨੂੰ ਹਰ ਪਾਸੇ ਰਹਿੰਦਾ ਹਾਂ ਮੈਂ ਟੋਲਦਾ ਕਿਵੇਂ ਆਉਂਦਾ ਏ ਰਸ ਕੀ ਹੁੰਦੀ ਏ ਮਿਠਾਸ ਮੇਰੇ ਮਨ ਵਿੱਚ ਉੱਠਦਾ ਸਵਾਲ ਦਾਤਿਆ ਸੋਹਣੀ ਦਿੱਤੀ.............. ਮੈਨੂੰ ਆਜਵੇ ਜੇ ਮੰਗਣੇ ਦਾ ਵੱਲ ਜੀ ਮੇਰੇ ਮਨ ਵਿੱਚੋਂ ਉੱਠਦੀ ਆ ਛੱਲ ਜੀ ਤੁਸੀਂ ਰੋਕਦੋ ਤ੍ਰਿਸ਼ਨਾ ਦੇ ਗੇੜ ਨੂੰ ਕਰੋ ਕਿਰਪਾ ਰਹੋ ਮੇਰੇ ਨਾਲ ਦਾਤਿਆ ਸੋਹਣੀ ਦਿੱਤੀ.................. ਮੇਰਾ ਬੇਨਤੀ ਦੇ ਵਿੱਚ ਸਾਰਾ ਦਿਨ ਬੀਤਿਆ ਸਾਰੇ ਹੀ ਸਵਾਸ ਤੇਰੇ ਨਾਮ ਕੀਤੇ ਆ ਸਾਬਰੀ ਨੂੰ ਜਦੋਂ ਪੂਰਾ ਗੁਰੂ ਮਿਲਿਆ ਸਾਬਰੀ ਨੂੰ ਜਦੋਂ ਸੱਚਾ ਗੁਰੂ ਮਿਲਿਆ ਚਿੱਤ ਖਿੜਿਆ ਤੇ ਹੋ ਗਿਆ ਨਿਹਾਲ ਦਾਤਿਆ ਸੋਹਣੀ ਦਿੱਤੀ....................

ਇਹ ਜੋ ਤੇਰੇ ਨਾਲ ਸਵੇਰਾ

ਇਹ ਜੋ ਤੇਰੇ ਨਾਲ ਸਵੇਰਾ ਹੋ ਜਾਂਦੈ , ਫਿਰ ਸੋਹਣਾ ਚਾਰ ਚੁਫੇਰਾ ਹੋ ਜਾਂਦੈ। ਤੇਰੇ ਵਿਹੜੇ ਸੂਰਜ ਉਡੀਕਣ ਲਈ, ਮੈਨੂੰ ਤੇ ਕਈ ਵਾਰ ਹਨੇਰਾ ਹੋ ਜਾਂਦੈ। ਤੇਰੇ ਨੂਰ ਤੇ ਤਿੱਖੀ ਧੁੱਪ ਦੀ ਕਸਮਏ, ਤੇਰੇ ਨਾਲ ਚਾਅ ਘਨੇਰਾ ਹੋ ਜਾਂਦੈ। ਤੇਰੇ ਜਾਣ ਦੇ ਬਾਝੋਂ ਜਿੰਨੂ ਮਰਜ਼ੀ ਪੁੱਛ, ਮੇਰਾ ਦੁਖੀ ਮਨ ਕੱਲਾ ਕੇਰਾ ਹੋ ਜਾਂਦੈ।

ਅਸੀਂ ਕੀ ਮਨੋਰਥ ਲੈ ਕੇ

ਅਸੀਂ ਕੀ ਮਨੋਰਥ ਲੈ ਕੇ ਆਏ ਸਾਂ ? ਤੇ ਕੀ ਕਰ ਰਹੇ ਹਾਂ? ਇਸ ਬਾਰੇ ਵਿਚਾਰਣਾ ਵਿਸਰ ਹੀ ਗਿਆ ਸੁੱਧ ਬੁੱਧ ਮਾਰੀ ਗਈ ਮਨ ਤ੍ਰੇ ਗੁਣਾ ਦੇ ਆਖੇ ਲੱਗ ਸੰਸਾਰ ਨੂੰ ਆਪਣੇ ਕਰਤੱਵ ਦਿਖਾਉਣ ਵਿੱਚ ਵਿਅਸਤ ਹੈ ਕਾਇਆ ਅਤੇ ਮਨ ਰੁਲਦਾ ਜਾ ਰਿਹਾ ਹੈ ਸਾਡਾ ਧਿਆਨ ਜਾਲ ਵਿੱਚ ਫਸਿਆ ਸਾਨੂੰ ਭੇਤ ਹੀ ਨਹੀਂ ਆਓ ਮਨ ਨੂੰ ਅੰਮ੍ਰਿਤ ਦੇ ਪਵਿੱਤਰ ਹਰਿ ਨਾਮ ਵਾਲੇ ਛਿੱਟੇ ਮਾਰੀਏ ! ਅਤੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਗੁਲਾਮ ਬਣਾ ਦਈਏ ਆਪਣਾ ਆਪ ਉਹਨਾਂ ਦੇ ਹਵਾਲੇ ਕਰ ਦਈਏ ਮਨੋਰਥ ਪੂਰਾ ਕਰੀਏ ਇੰਝ ਨਾ ਹੋਵੇ ਕਿ ਸਾਨੂੰ ਸਾਈਂ ਦੇ ਭਰੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ ਆਓ ਆਪਣਾ ਮਨੋਰਥ ਪੂਰਾ ਕਰੀਏ ਸੰਸਾਰ ਨੂੰ ਤਿਆਗੀਏ (ਮਤੁ ਸਰਮਿੰਦਾ ਥੀਵਹੀ ਸਾਈਂ ਦੈ ਦਰਬਾਰਿ/ਬਾਬਾ ਫਰੀਦ ਜੀ)

ਅਕੱਥ ਦੀ ਕਰੇ ਕਹਾਣੀ ਕੋਈ

ਅਕੱਥ ਦੀ ਕਰੇ ਕਹਾਣੀ ਕੋਈ ਵਿਰਲਾ ਵਿਰਲਾ ਸੁਣਦਾ ਜੀ ਜੀਹਦੇ ਤੇ ਦਿਆਲ ਹੁੰਦਾ ਫਿਰ ਆਪੇ ਮਾਲਕ ਚੁਣਦਾ ਜੀ ਕਾਇਆ ਪਵਿੱਤਰ ਹੋ ਜਾਂਦੀ ਤੇ ਦੁੱਖ ਨੀ ਲੱਗਦਾ ਲਾਗੇ ਜੀ   ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ ਸੰਗਤ ਜੀ ਇਹ ਸਮਾਂ ਵਡਭਾਗਾ  ਹੱਥੋਂ ਲੰਘਦਾ ਜਾਵੇ ਜੀ ਇੱਕ ਨਿਮਖ ਚ'ਕ੍ਰਿਪਾ ਕਰ ਦੇਵੇ ਕੋਈ ਸੱਚੇ ਦਿਲੋਂ ਧਿਆਵੇ ਜੀ ਮਨ ਬੰਧਨਾਂ ਵਿੱਚੋਂ ਮੁਕਤ ਕਰੋ ਤੇ ਮਾਇਆ ਤੇ ਟੁੱਟ ਜਾਣ ਧਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ ਛੱਡਕੇ ਥਾਵਾਂ ਹੋਰ ਕੋਈ ਇਸ ਰਸਤੇ ਨੂੰ ਅਪਣਾਓ ਜੀ ਬ੍ਰਹਮ ਵਿਦਿਆਲਾ ਵਿੱਚ ਆ ਕੇ ਤੁਸੀਂ ਗਿਆਨ ਦਾ ਅੰਜੁਨ ਪਾਓ ਜੀ ਜਿਹੜੇ ਤਰ ਗਏ ਉਹ ਤਾਂ ਜੀ ਫਿਰ ਸੋਨੇ ਤੇ ਸੋਹਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ ਹਰ ਸਾਹ ਤੇ ਨਾਲ ਚੇਤੇ ਕਰ ਉਹ ਮਾਲਕ ਆਪੇ ਆਊਗਾ ਵੱਜਣੇ ਨਾਦ ਅਨਾਦ ਓਦੋਂ ਮਹਿਲ ਚ' ਜਦੋਂ ਬੁਲਾਊਗਾ ਇਹ ਹਿੱਸੇ ਉਹਨਾਂ ਦੇ ਆਉਂਦੇ ਜਿੰਨਾਂ ਦੇ ਕਰਮ ਸੁਭਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ ਇਹ ਰਸਨਾ ਬਸ ਗਾਉਂਦੀ ਆਪਣੇ ਸਾਹਿਬ ਦੀ  ਵਡਿਆਈ ਨੂੰ ਇੱਕ ਦਿਨ ਸੱਚੀਂ ਛੱਡ ਜਾਣਾ ਏ ਇਸੇ ਦਾਤ ਪਰਾਈ ਨੂੰ ਧੂੜ ਮੰਗੇ ਸਾਬਰੀ ਚਰਨਾਂ ਦੀ ਜਿਹੜੇ ਜੀਵਨ ਸਫਲ ਬਣਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਇਹ ਮਨ ਜਾਗੇ ਜੀ ਦੱਸੋ ਕਹਾਣੀ ਮੂਲ ਮੇਰੇ ਦੀ ਸੁੱਤਾ ਮਨ ਜਾਗੇ ਜੀ

ਅੱਜ ਮੇਰੇ ਨਾਲ ਗੱਲ ਕਰ

ਅੱਜ ਮੇਰੇ ਨਾਲ ਗੱਲ ਕਰ , ਤੇ  ਸਾਰੇ ਮਸਲੇ  ਹੱਲ ਕਰ। ਬਚਿਆ ਨਾ ਕੁੱਝ ਆਖਣੇ ਨੂੰ, ਹੁਣ ਜਿੱਦਾਂ ਕਰਨਾ ਚੱਲ ਕਰ। ਰਿਹਾਅ ਹੋਣਾ ਚਾਹੁੰਦੀ ਤੈਥੋਂ, ਅੱਜ ਕਰ  ਭਾਵੇਂ  ਕੱਲ ਕਰ। ਖ਼ੁਦ ਨੂੰ ਵੀ ਵੇਖ ਗੌਰ ਨਾਲ , ਉਂਗਲ ਨਾ ਮੇਰੇ ਵੱਲ ਕਰ ।

ਮੈਂ ਤਾਂ ਚਾਰ ਦੀਵਾਰੀ ਅੰਦਰ

ਮੈਂ ਤਾਂ ਚਾਰ ਦੀਵਾਰੀ ਅੰਦਰ, ਤੇਰੀ ਇਸ਼ਕ ਖੁਮਾਰੀ ਅੰਦਰ। ਐਵੇਂ ਥੋੜ੍ਹੀ ਜੱਗ ਭੁੱਲਿਆ ਏ, ਤੇਰੀ ਯਾਦ ਉਤਾਰੀ ਅੰਦਰ। ਪੈਸਾ  ਸ਼ੋਹਰਤ  ਰੁਤਬਾ ਜੁੱਸਾ, ਕੁਝ ਨੀ ਜਾਣਾ ਲਾਰੀ ਅੰਦਰ। ਇਕ ਰਿਸ਼ਤਾ ਬਸ ਤੇਰਾ ਮੇਰਾ, ਕੁਝ ਨੀ ਦੁਨੀਆਂਦਾਰੀ ਅੰਦਰ। ਚਿਹਰੇ ਤੇ‌ ਮੁਸਕਾਨ ਰਹੀ ਜੇ, ਪਰ ਬਿਪਤਾ ਹੈ ਭਾਰੀ ਅੰਦਰ। ਅੰਬਰ ਨੂੰ ਜਿਸ ਛੂਹਣਾ ਹੁੰਦਾ, ਰੱਖਦੈ ਖ਼ੂਬ  ਉਡਾਰੀ ਅੰਦਰ । ਡਾਹਢੇ ਗਹਿਰੇ ਰਾਜ ਛੁਪੇ ਨੇ, ਬਸ  ਨੈਣਾਂ ਦੀ ਤਾਰੀ ਅੰਦਰ। ਜੇ ਆਖੇਂ ! ਦੱਸ ਦਿਆਂ ਤੈਨੂੰ , ਇੱਛਾ ਕੀ  ਮੈਂ ਧਾਰੀ ਅੰਦਰ ? ਮੈਨੂੰ ਤਾਂ ਰੱਬ ਮਿਲ਼‌ ਜਾਂਦਾ ਏ, ਤੇਰੀ ਝਲਕ ਪਿਆਰੀ ਅੰਦਰ। ਲੱਭਿਆ ਕੋਈ ਸਾਬਰੀ ਵਰਗਾ ? ਫਿਰ ਕੇ ਦੁਨੀਆਂ ਸਾਰੀ ਅੰਦਰ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਿਮਬਰਨ ਕੌਰ ਸਾਬਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ