Punjabi Poetry : Satta Farid Sarai
ਪੰਜਾਬੀ ਕਵਿਤਾਵਾਂ : ਸੱਤਾ ਫਰੀਦ ਸਰਾਏ
ਬੰਦਨਾ ਅਤੇ ਫੁੱਟਕਲ
ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ
ਗਲ ਵਿੱਚ ਪੱਲਾ ਸੀਸ ਝੁਕਾਂਵਾਂ ਸਤਿਗੁਰ ਜੀ। ਮੇਹਰ ਕਰੋ ਜੱਸ ਤੇਰਾ ਗਾਂਵਾਂ ਸਤਿਗੁਰ ਜੀ। ਵਿੱਚ ਸਭਾ ਦੇ ਰੱਖਣੀ ਲਾਜ ਇਆਣਿਆ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਸਿਰ ਤੇ ਰੱਖ ਕੇ ਛੜੀ ਤੇ ਅਰਥ ਕਰਾ ਦੇਵੋ। ਬੇ-ਸਮਝ ਹਾਂ ਗਿਆਨ ਦਾ ਦੀਪ ਜਗਾ ਦੇਵੋ। ਉਪਮਾਂ ਗਾਉਦੇ ਰਹੀਏ ਤੇਰੇ ਘਰਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਦੀਨ ਦੁਨੀ ਦਾ ਮਾਲਕ ਤੂੰ ਸਮਰੱਥ ਦਾਤਾ। ਨੀਚੋਂ ਕਰਦੈਂ ਊਚ ਤੇਰੇ ਸਭ ਹੱਥ ਦਾਤਾ। ਹਰ ਦਮ ਓਟ ਤਕਾਂਵਾਂ ਤੇਰੇ ਭਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਅਸੀ ਹਾਂ ਭੁੱਲਣਹਾਰੇ ਤੂੰ ਬਖਸ਼ਿੰਦ ਪਿਤਾ। ਹਮ ਕੂਕਰ ਤੇਰੇ ਦਰ ਦੇ ਤੂੰ ਮਰਗਿੰਦ ਪਿਤਾ। ਲਾਜ ਰੱਖਿਓ ਸਾਹਿਬਾ ਬਾਣੀ ਬਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥ ਸੁਰ ਕਰਿ ਦਿਓ ਸਾਈਂਆਂ ਸੁਰ ਤੇ ਤਾਲਾਂ ਨੂੰ। ਕਲ਼ਮ ‘ਸੱਤੇ’ ਦੀ ਛੂੰਹਵੇ ਉੱਚੇ ਖਿਆਲਾਂ ਨੂੰ। ਬਾਂਹ ਪਕੜ ਕੇ ਰੱਖੀਂ ਏਸ ਨਿਤਾਣਿਆਂ ਦੀ॥ ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ॥
ਦਾਤਾ ਤੇਰਾ ਹੀ ਦਰ ਵੱਡਾ
ਦਾਤਾ ਤੇਰਾ ਹੀ ਦਰ ਵੱਡਾ, ਬਾਕੀ ਦਰ ਸਾਰਿਆਂ ਤੋਂ॥ ਜਿੱਥੇ ਊਚ ਨੀਚ ਨਾਂ ਕੋਈ। ਮਿਲਦੀ ਦਰ ਆਏ ਨੂੰ ਢੋਈ। ਜਿੱਥੇ ਆਸ ਜਾਗ਼ਦੀ ਮੋਈ। ਲਾਂਉਦਾ ਪਾਰ ਕਿਨਾਰਿਆਂ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿੱਥੇ ਗੂੰਗੇ ਗੀਤਾ ਪੜਦੇ। ਜਿੱਥੇ ਪਿੰਗਲੇ ਪਰਬਤ ਚੜਦੇ। ਜਿੱਥੇ ਬਿਨਾਂ ਸੀਸ ਤੋਂ ਲੜਦੇ। ਬਣਦੇ ਜੇਤੂ ਹਾਰਿਆਂ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿੱਥੇ ਇੱਕ ਕਨੂੰਨ ਹੈ ਚੱਲਦਾ। ਜਿੱਥੇ ਹੱਲ ਹੁੰਦਾ ਗੱਲ ਗੱਲ ਦਾ। ਜਿਹਨੂੰ ਕਾਲ ਵੀ ਪੱਖਾ ਝੱਲ ਦਾ। ਪਾ ਕੇ ਦਰਸ ਦੀਦਾਰਿਆਂ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿਹਦੀ ਉਪਮਾਂ ਪਾਸੇ ਚਾਰੇ। ਜਿੱਥੇ ਕੌਤਕ ਨਿੱਤ ਨਿਆਰੇ। ਜਿਸ ਤੋਂ ਨੀਂਵੇ ਸਭ ਚੁਬਾਰੇ। ਇਸਦੇ ਉੱਚੇ ਮੁਨਾਰਿਆ ਤੋਂ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥ ਜਿਸਦੇ ਅੱਗੇ ਸੂਰਜ ਫਿੱਕਾ। ਜਿਸਨੂੰ ਦਸਾਂ ਗੁਰਾਂ ਦਾ ਟਿੱਕਾ। ਜੀਹਦਾ ਬ੍ਰਹਿਮੰਡ ਚੱਲਦਾ ਸਿੱਕਾ। ‘ਸੱਤਾ’ ਝੁਕੇ ਪਿਆਰਿਆਂ ਨੂੰ॥ ਦਾਤਾ ਤੇਰਾ ਹੀ ਦਰ ਵੱਡਾ, ਜੀ ਬਾਕੀ ਦਰ ਸਾਰਿਆਂ ਤੋਂ॥
ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ
ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਅਸੀ ਹਾਂ ਨਚੀਨ ਦਰ ਆ ਗਏ ਚੱਲਕੇ। ਖੜੇ ਹਾਂ ਜੀ ਤੁਸਾਂ ਦਾ ਦਵਾਰਾ ਮੱਲਕੇ। ਭੁੱਲਿਆਂ ਨੂੰ ਰਸਤਾ ਦਿਖਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਰਾਮ ਨਾਮ ਸਾਡੇ ਹਿਰਦੇ ਵਸਾ ਦਿਓ। ਦਾਤਾ ਜੀ ਜਨਮ ਸਫਲਾ ਬਣਾ ਦਿਓ। ਸਾਡੀਆਂ ਤੂੰ ਭੁੱਲਾਂ ਬਖਸ਼ਾਈ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਬੜੇ ਠੇਡੇ ਖਾਦੇ ਕਿਸੇ ਗਲ ਲਾਇਆ ਨਾ। ਧੱਕੇ ਮਾਰੇ ਕੋਲ ਕਿਸੇ ਨੇ ਬਿਠਾਇਆ ਨਾ। ਚਰਨਾਂ ਦੇ ਨਾਲ ਸਾਨੂੰ ਲਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਕੋਈ ਨਈਓ ਗੁਣ ਔਗਣਾਂ ਦਾ ਭਰਿਆ। ਪਾਕਿ ਹੋਜੂ ਤੁਸਾਂ ਨੇ ਜੇ ਹੱਥ ਧਰਿਆ। ਅਸਾਂ ਨੂੰ ਨਾ ਹੁਣ ਅਜ਼ਮਾਈਂ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥ ਨਦਰ ਸਵੱਲੀ ਕਰ ਦਿਓ ਗਰੀਬ ਤੇ। ਰੱਖ ਲੈ ਤੂੰ ਭਾਵੇ ਟੰਗ ਦੇ ਸਲੀਬ ਤੇ। ਪ੍ਰਵਾਣ ਕਰੋ ਸੱਤੇ ਦੀ ਲਿਖਾਈ ਪਾਤਿਸ਼ਾਹ॥ ਬੰਦਗੀ ਦੀ ਖੈਰ ਝੋਲੀ ਪਾਈ ਪਾਤਿਸ਼ਾਹ॥
ਜਨਮਾਂ ਦੀ ਫਾਹੀ ਕੱਟ ਕੇ
ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਸਾਰਿਆਂ ਦਰਾਂ ਤੋਂ ਵੱਡਾ ਤੇਰਾ ਦਰਬਾਰ ਜੀ। ਤੂੰ ਹੀ ਸੱਚਾ ਸਾਂਈ ਸਾਡਾ ਤੂੰ ਹੀ ਨਿਰੰਕਾਰ ਜੀ। ਜਨਮ ਮਰਨ ਵਾਲੜਾ, ਸਾਹਿਬਾ ਮੇਹਰ ਕਰੋ ਫੇਹ ਦੇਵੋ ਢੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਕਾਂਮ ਤੇ ਕ੍ਰੋਧ ਤੂੰ ਬਚਾਈ ਹੰਕਾਰ ਤੋਂ। ਕੋਹਾਂ ਦੂਰ ਰੱਖੀਂ ਮੈਨੂੰ ਝੂਠ ਦੇ ਵਪਾਰ ਤੋਂ। ਕੁੱਝ ਵੀ ਨਈ ਨਾਲ ਜਾਂਵਣਾ, ਸਭ ਏਥੇ ਰਹਿ ਜਾਣਾ ਪੈਸਾ ਧੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਜਿੰਦਗੀ ਜਿਊਣ ਦਾ ਸਿਖਾ ਦੇਵੋਂ ਵੱਲ ਜੀ। ਸੇਵਾ ਸਿਮਰਨ ਦਾ ਬਖਸ਼ ਦੇਵੋ ਬੱਲ ਜੀ। ਨਾਮ ਵਾਲੀ ਚਾੜੋਂ ਰੰਗਣਾਂ, ਕਿਤੇ ਲੰਘ ਹੀ ਨਾ ਜਾਵੇ ਹੱਥੋ ਵੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਚਰਨਾਂ ਦੇ ਨਾਲ ਜੋੜੀਂ ਪਾਂਵੀ ਨਾਂ ਤੂੰ ਦੂਰੀਆਂ। ਤੇਰੇ ਦਰੋਂ ਹੁੰਦੀਆਂ ਮੁਰਾਦਾਂ ਸਭੇ ਪੂਰੀਆਂ। ਤੇਰਾ ਹੀ ਦੀਦਾਰ ਚਾਹੀਦਾ, ਸਾਨੂੰ ਹੋਰ ਨਈਊ ਕੋਈ ਵੀ ਝਮੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥ ਅਕਲਾਂ ਹਲੀਮੀਆਂ ਦੀ ‘ਸੱਤੇ’ ਨੂੰ ਵਿਚਾਰ ਦੇ। ਨਾਮ ਵਾਲਾ ਚੱਪੂ ਲਾ ਕੇ ਬੇੜਿਆਂ ਨੂੰ ਤਾਰ ਦੇ। ਤੁਸੀਂ ਜਾਣੀ ਜਾਣ ਪਾਤਿਸ਼ਾਹ ਇਹੇ ਜਗਤ ਮਦਾਰੀ ਵਾਲਾ ਖੇਲਾ॥ ਜਨਮਾਂ ਦੀ ਫਾਹੀ ਕੱਟ ਕੇ, ਦਾਤਾ ਕਰ ਦੇਵੋ ਜਨਮ ਸੁਹੇਲਾ॥
ਦਾਤਾ ਮੀਰੀ ਪੀਰੀ ਵਾਲਿਆ
ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਛੱਡਕੇ ਜੈਕਾਰਾ ਚਾੜ ਦਿੱਤਾ ਜਿੱਥੇ ਪਿਆਰਿਆ॥ ਦੁਨੀਆਂ ਗਵਾਹ ਅਸੀ ਫਿਰ ਨਈ ਉਤਾਰਿਆ॥ ਲੈਕੇ ਤੇਰਾ ਓਟ ਆਸਰਾ, ਸਭ ਝੱਲ ਜਾਈਏ ਸੁੱਖ ਅਤੇ ਤੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਦੇਣੀਆਂ ਪਈਆਂ ਨੇ ਸਾਨੂੰ ਬਹੁਤ ਕੁਰਬਾਨੀਆਂ॥ ਫਿਰ ਜਾ ਕੇ ਕੈਂਮ ਕਿਤੇ ਹੋਈਆਂ ਏ ਨਿਸ਼ਾਨੀਆਂ॥ ਝੰਡੇ ਅਤੇ ਬੁੰਗੇ ਕੇਸਰੀ, ਡੇਲੀ ਦਾਤ ਅਰਦਾਸ ਵਿੱਚੋਂ ਮੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਉਤਾਰ ਦੇਣਾ ਜਿਹੜੇ ਲਾਈ ਫਿਰਦੇ ਨੇ ਤਾਕਤਾਂ॥ ਉਹਨਾਂ ਵਿੱਚ ਕਿੱਥੇ ਦੱਸ ਏਨੀਆਂ ਲਿਆਕਤਾਂ॥ ਲੱਜ ਪੱਤ ਰੱਖੇ ਪਾਤਿਸ਼ਾਹ, ਅਸੀ ਖੰਘਣ ਨੀਂ ਦਿੱਤੇ ਸੀ ਫਰੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਹੁੰਦੇ ਨੇ ਦੀਦਾਰ ਇਹਦੇ ਦੂਰੋਂ ਕਈ ਮੀਲਾਂ ਤੋ॥ ਏਦੇ ਹੇਠਾ ਹੋਣ ਫੈਸਲੇ ਜੋ ਹੋਣ ਨਾਂ ਵਕੀਲਾਂ ਤੋ॥ ਇੱਕੋ ਹੀ ਨਿਸ਼ਾਨ ਅਸਾਂ ਦਾ, ਰੰਗ ਕੇਸਰੀ ਤੇ ਨੀਲਾ ਹੈ ਨਿਹੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਹਦੀ ਪੂਰੀ ਸ਼ਾਨ ਹੈ॥ ਝੁੱਕੇ ਕਇਆਨਾਤ ਇਹਨੂੰ ਦਿੰਦੀ ਸਨਮਾਨ ਹੈ॥ ਫਰਲੇ ਚ’ ਖੰਡਾ ਫੱਬਦਾ, ਦਿਲੋਂ ਸੱਤਿਆ ਲੱਗੀ ਏ ਗੱਲ ਚੰਗੀ॥ ਦਾਤਾ ਮੀਰੀ ਪੀਰੀ ਵਾਲਿਆ, ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ॥
ਖਿੜ ਕਵਿਤਾ ਬਾਗ਼ ਜਾਵੇ
ਖਿੜ ਕਵਿਤਾ ਬਾਗ਼ ਜਾਵੇ, ਗਾਈਏ ਤੇ ਆਂਵਣ ਖੁਸ਼ਬੋਈਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਤੂੰ ਗਿਆਨ ਦਾ ਚਸ਼ਮਾ ਏ, ਜੀ ਗੁਣ ਕਹਿਣ ਸੁਨਣ ਤੋਂ ਬਾਹਰੇ। ਇੱਕ ਕਿਣਕਾ ਬਖਸ਼ ਦਿਓ, ਦਾਤਾ ਆ ਗਏ ਤੇਰੇ ਦੁਆਰੇ। ਕਰ ਰਹਿਮਤ ਦਾਸਾਂ ਤੇ, ਤਲਬਾਂ ਦਿਲ ‘ਚੋ ਉੱਠ ਖਲੋਈਂਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਇਹ ਗੇੜ ਚੌਰਾਸੀ ਦਾ, ਕੱਟ ਕੇ ਕਰ ਦਿਓ ਜਨਮ ਸੁਹੇਲਾ। ਦਰ ਦਰ ਤੇ ਭਟਕਾਂ ਨਾ, ਜਿੰਦਗੀ ਚੌਂਹ ਕੁ ਦਿਨਾਂ ਦਾ ਮੇਲਾ। ਲਾ ਚਰਨੀ ਤਾਰ ਦਿਓ, ਰੂਹਾਂ ਪਿਆਰ ‘ਚ ਭਿੱਜੀਆਂ ਹੋਈਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਤੇਰੀ ਜੂਹ ‘ਚੋ ਮੁੜਦਾ ਨਈ, ਸਾਹਿਬਾ ਕੋਈ ਸਵਾਲੀ ਸੱਖਣਾਂ। ਅਸੀ ਪਾਪੀ ਜਨਮਾਂ ਦੇ, ਦਾਤਾ ਹੱਥ ਮਿਹਰਾਂ ਦਾ ਰੱਖਣਾਂ। ਇੱਕ ਤੇਰੇ ਘਰ ਬਾਜੋਂ, ਸੁਣਿਆ ਕਿਤੇ ਨਾਂ ਮਿਲਦੀਆਂ ਢੋਈਆਂ॥ ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥ ਦਮ ਦਮ ਹੀ ਜੱਸ ਗਾਈਏ, ਸਾਨੂੰ ਕਦੇਂ ਨਾ ਮਨੋਂ ਵਸਾਰੀਂ। ਅਕਲਾਂ ਦਾ ਦਾਨ ਦਿਓ, ‘ਸੱਤਾ’ ਲਿਖਦਾ ਛੰਦ ਲਿਖਾਰੀ। ਹਿਰਦੇ ਵਿੱਚ ਨਾਮ ਦੀਆਂ, ਮਾਲਾ ਸਦਾਂ ਹੀ ਰਹਿਣ ਪ੍ਰੋਈਆਂ। ਤੇਰੇ ਦਰ ਤੇ ਦਾਤਾ ਜੀ, ਕਰਦੇ ਸ਼ਾਇਰ ਖੜੇ ਅਰਜ਼ੋਈਆਂ॥
ਦਾਤਾ ਬਖਸ਼ੋ ਅਵਗੁਣ ਮੇਰੇ
ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ॥ ਮੈਂ ਖਿਣ-ਖਿਣ ਭੁੱਲਣਹਾਰਾ, ਤੂੰ ਹੈ ਬਖਸ਼ਣਹਾਰ ਦੁਤਾਰਾ ਤੇਰਾ ਬੈਠੇ ਮੱਲ ਦੁਵਾਰਾ, ਰਹਿਮਤ ਝੋਲੀ ਪਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ॥ ਮੈਂ ਤਾਂ ਮੂਰਖ ਹਾਂ ਅਗਿਆਨੀ, ਤੇਰੇ ਜਿਹਾ ਨਾ ਕੋਈ ਗਿਆਨੀ ਦੇ ਕੇ ਅਕਲਾਂ ਦਿਲਬਰ ਜਾਨੀ, ਗਿਆਨ ਦਾ ਦੀਪ ਜਗਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ। ਕਿੰਨ੍ਹੇ ਠੱਗ ਚੋਰ ਬੁਰਿਆਰੇ, ਸਭ ਤੂੰ ਚਰਨੀ ਲਾ ਕੇ ਤਾਰੇ ਸਾਈਆਂ ਕਰਦੋ ਵਾਰੇ ਨਿਆਰੇ, ਅਸਾਂ ਤੇ ਰਹਿਮ ਕਮਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ। ਤੁਸੀਂ ਪਾਤਿਸ਼ਾਹ ਕਰਮ ਕਮਾਵੋ, ਮੇਰੇ ਸੁੱਤੇ ਭਾਗ ਜਗਾਵੋ ਇੱਕੋ ਨਜ਼ਰ ਮੇਹਰ ਦੀ ਪਾਵੋ, ਕਾਗ਼ੋ ਹੰਸ ਬਣਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ। ਨਈ ਵੱਲ੍ਹ ਮੰਗਣ ਦਾ ਆਉਦਾ, ਤੂੰ ਤਾਂ ਜਾਣੀ ਜਾਣ ਕਹਾਉਦਾ “ਸੱਤਾ” ਤੇਰੀ ਉਪਮਾਂ ਗਾਉਦਾ, ਸੋਹਣੇ ਛੰਦ ਲਿਖਾਓ ਜੀ॥ ਦਾਤਾ ਬਖਸ਼ੋ ਅਵਗੁਣ ਮੇਰੇ, ਆਪਣੇ ਚਰਨੀ ਲਾਓ ਜੀ।
ਕਰ ਦਿਓ ਸੁਰ ਆਵਾਜਾਂ
ਕਰ ਦਿਓ ਸੁਰ ਆਵਾਜਾਂ ਮਿੱਠੀਆਂ ਹੇਕਾਂ ਲਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਹੱਥ ਜੋੜ ਕੇ ਖੜੇ ਸਵਾਲੀ ਤੇਰੇ ਦਰ ਉੱਤੇ ਨਦਰ ਉਪੱਠੀ ਕਰਕੇ ਭਾਗ ਜਗਾ ਦਿਓ ਜੀ ਸੁੱਤੇ ਤੇਰੇ ਦਰ ਦਾ ਕੂਕਰ ਤੇਰੀ ਓਟ ਤਕਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਤੇਰੇ ਦਰ ਤੋਂ ਦਾਤਾ ਜੀ ਕੋਈ ਖਾਲੀ ਮੁੜਦਾ ਨਾ ਜੀਹਦੀ ਬਾਂਹ ਤੂੰ ਪਕੜੀ ਉਹੋ ਕਦੇ ਵੀ ਰੁੜਦਾ ਨਾ ਸਿਰ ਤੇ ਰੱਖਿਓ ਹੱਥ ਜੀ ਕਿਧਰੇ ਡੋਲ ਨਾ ਜਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਜੋ ਵੀ ਆਇਆ ਚੱਲਕੇ ਕਰੋ ਮੁਰਾਦਾਂ ਪੂਰੀਆਂ ਜੀ ਦਿਓ ਪ੍ਰਤੱਖ ਦੀਦਾਰੇ ਦੇਵੋ ਮੇਟ ਦੂਰੀਆਂ ਜੀ ਰੱਖ ਲਵੀਂ ਤੂੰ ਲਾਜਾਂ ਏਹੀ ਕਰਾਂ ਦੁਆਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ ਕਵਿਤਾ ਦੇ ਵਿੱਚ ਸੁੱਚੇ ਮੋਤੀ ਹਾਰ ਪ੍ਰੋ ਦੇਵੋ ਫੁੱਟਣ ਦਿਮਾਗ਼ੋਂ ਫੁਰਨੇ ਦਾਤਾ ਉੱਜਲੀ ਲੋ ਦੇਵੋ ਫਰੀਦ ਸਰਾਈਏ ਸੱਤੇ ਕੋਲੋ ਛੰਦ ਲਿਖਾਵਾਂ ਮੈਂ ਮੇਹਰ ਕਰ ਦਿਓ ਦਾਤਾ ਜੀ ਤੇਰਾ ਜਸ ਗਾਵਾਂ ਮੈਂ
ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ
ਚਿੰਤਾ ਤਾਂ ਹੁੰਦੀ ਚਿਖਾ ਦੇ ਸਮਾਨ ਹੈ, ਕਹਿੰਦੇ ਵਿਦਵਾਨ ਹੈ॥ ਖਾ ਜਾਦੀ ਚੰਗੇ ਭਲੇ ਇੰਨਸਾਨ ਹੈ, ਛੱਡਦੀ ਨਾ ਜਾਨ ਹੈ॥ ਜਿੰਨ੍ਹਾ ਵੱਧ ਬੋਝ ਸਿਰ ਤੇ ਉਠਾਏਂਗਾ, ਬੈਠਦਾ ਤੂੰ ਜਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਟੈਸ਼ਨਾ ਫ਼ਜ਼ੂਲ ਜਿੰਨੀਆਂ ਤੂੰ ਚੁੱਕੇਗਾ, ਦਿਨੋਂ ਦਿਨ ਸੁੱਕੇਗਾ॥ ਸੋਚ ਸੋਚ ਜਿੰਨਾਂ ਅੰਦਰਾਂ ਚ’ ਲੁਕੇਂਗਾ, ਓਨਾਂ ਛੇਤੀ ਮੁੱਕੇਗਾ॥ ਨਿੱਕੀ ਨਿੱਕੀ ਗੱਲ ਦਿਲ ਉੱਤੇ ਲਾਏਂਗਾ, ਓਨਾਂ ਹੇਠ ਆਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਸੋਚੇ ਸੋਚ ਕੁੱਝ ਵੀ ਨੀਂ ਹੋਣਾ ਸਰ ਜੀ, ਭੱਜ ਜਿੱਥੇ ਮਰਜ਼ੀ॥ ਆਖਰ ਨੂੰ ਖੱਫਣ ਤਾਂ ਸੀਊ ਦਰਜ਼ੀ, ਜਦੋ ਆ ਗੀ ਅਰਜ਼ੀ॥ ਹੱਸਕੇ ਤੂੰ ਜੀ ਲੈ ਸਭਨਾਂ ਨੂੰ ਭਾਂਏਂਗਾ, ਨਈ ਤਾਂ ਪੱਛੋਤਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਚਾਰ ਦਿਨ ਜਿੰਦਗੀ ਅਨੰਦ ਮਾਣ ਲੈ, ਖੁਦ ਨੂੰ ਪਛਾਣ ਲੈ॥ ਖੁਸ਼ੀਆਂ ਦਾ ਸਿਰ ਤੇ ਛਤਰ ਤਾਣ ਲੈ, ਇਹੇ ਪੱਕੀ ਠਾਣ ਲੈ॥ ਜਿੰਨ੍ਹੀ ਵੱਧ ਮੁੱਖੋਂ ਸੁਖਮਨੀ ਗਾਏਂਗਾ, ਸੁੱਖਾਂ ਚ’ ਨਹਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥ ਪੁੱਛਦਾ ਨੀਂ ਕੋਈ ਮੁਰਝਾਏ ਫੁੱਲ ਨੂੰ, ਬੱਤੀ ਹੋਈ ਗੁੱਲ ਨੂੰ॥ ਖਿੜਿਆ ਗੁਲਾਬ ਮਿਲਦਾ ਹੈ ਮੁੱਲ ਨੂੰ, ਤਾਂਘ ਸਦਾ ਕੁੱਲ ਨੂੰ॥ ਸੱਤਿਆ ਤੂੰ ਜਿੰਨ੍ਹੀ ਕਲ਼ਮ ਘਸਾਏਂਗਾ, ਓਨਾਂ ਵੱਧ ਛਾਏਂਗਾ॥ ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ, ਜ਼ਿੰਦਗੀ ਗਵਾਏਂਗਾ॥
ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ
ਰਹਿੰਦੀ ਹਰ ਵੇਲੇ ਸੂਈ ਤੇਰੀ ਲਾਲ ਟੱਕ ਤੇ॥ ਮੱਖੀ ਬਹਿਣ ਨਾ ਤੂੰ ਦੇਵੇ ਹੰਕਾਰੀ ਨੱਕ ਤੇ॥ ਮੰਦੇ ਹਰ ਵੇਲ਼ੇ ਬੋਲੇ ਮੂੰਹ ਚੋ” ਬੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਕਦੇ ਹੱਸਕੇ ਬੁਲਾਇਆ ਨੀਂ ਤੂੰ ਮਾਈ ਬਾਪ ਨੂੰ॥ ਜਰਾ ਟੋਲ ਕੇ ਤਾ ਵੇਖੀ ਆਪਣੇ ਚੋ’ ਆਪ ਨੂੰ॥ ਰਹਿੰਦਾ ਦੂਰ-ਦੂਰ ਹੋ ਕੇ ਵੀ ਤੂੰ ਕੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਤੈਨੂੰ ਵੱਡੇ ਛੋਟਿਆ ਦਾ ਸਤਿਕਾਰ ਭੁੱਲਿਆ॥ ਜਮ੍ਹਾਂ ਸੱਚ ਦੱਸਾਂ ਤੈਨੂੰ ਨਿਰੰਕਾਰ ਭੁੱਲਿਆ॥ ਭਰੀ ਫਿਰਦਾ ਤੂੰ ਹੈਂਕੜ ਦਾ ਡੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਫੂਕ ਜਾਊਗੀ ਨਿਕਲ ਫੁੱਲਿਆ ਗੁਬਾਰਾ ਜੋ॥ ਏਹੇ ਨਾਲ ਨਈਊ ਜਾਣਾ ਛੱਤਿਆ ਚਬਾਰਾ ਜੋ॥ ਇਸ ਦਮਾਂ ਨੂੰ ਨਾਂ ਮਾਇਆ ਨਾਲ ਤੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਵੱਟ ਵੱਢ ਕੇ ਗੁਆਢੀ ਦੀ ਚਲਾਕ ਬਣਦੈ॥ ਖਾ ਕੇ ਮਾੜਿਆਂ ਦਾ ਹੱਕ ਉੱਤੋਂ ਸੀਨਾ ਤਣਦੈ॥ ਹੋਜੂ ਇੱਕ ਦਿਨ ਤੇਰੇ ਨਾ ਕਲੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਤੈਨੂੰ ਮਿਲਿਆ ਹੈ ਸਮਾਂ ਬਿਲਕੁੱਲ ਸੀਂਮਤ॥ ਇਸ ਜਿੰਦਗੀ ਦੀ ਝੱਲਿਆ ਤੂੰ ਜਾਣ ਕੀਂਮਤ॥ ਐਵੇ ਜਨਮ ਮਨੁੱਖਾ ਨਾਂ ਤੂੰ ਰੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਇੱਕੋਂ ਟੱਬਰ ਨੇ ਇੱਕੋ ਘਰ ਪੈਦਾ ਹੋਣਾ ਨਈ॥ ਵੇਲਾ ਖੁਸ ਗਿਆ ਮੁੜ ਫਿਰ ਹੱਥ ਆਉਣਾ ਨਈ॥ ਭੈਣ, ਭਾਈ, ਬੇਬੇ, ਬਾਪੂ ਅਨਮੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਲਾਉਣੇ ਛੱਡਦੇ ਤੂੰ ਐਵੇਂ ਮਾੜਿਆਂ ਨੂੰ ਰਗੜੇ॥ ਵੰਡ ਮੋਂਹ ਦੀਆਂ ਤੂੰ ਤੰਦਾਂ ਵਾਧੂ ਛੱਡ ਝਗੜੇ॥ ਸਾਰਾ-ਸਾਰਾ ਦਿਨ ਫੋਨ ਨਾ ਫਰੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥ ਮੰਨ ਟੰਗੀ ਫਿਰੇ ਐਵੇ ਮਾਇਆ ਦੀ ਸਲੀਬ ਤੇ॥ ਰੋਅਬ ਝਾੜਦਾ ਤੂੰ ਨਿੱਤ ‘ਸੱਤਿਆ’ ਗਰੀਬ ਤੇ॥ ਤੇਰੇ ਦਿਲ ਵਿੱਚੋ ਜਾਦਾ ਕਿਊ ਨੀਂ ਪੋਲ ਮੂਰਖਾ॥ ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ॥
ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਚੜਿਆ ਏ ਸਾਲ ਨਵਾਂ ਨਵੇਂ ਨਵੇਂ ਰੰਗ ਨੇ ਖੁਸ਼ੀਆਂ ਮਨਾ ਰਹੇ ਸਾਰੇ ਹੀ ਨਿਸ਼ੰਗ ਨੇ ਅਸੀ ਹਾਂ ਨਾਚੀਜ ਸਾਡਾ ਰੱਖਿਓ ਖਿਆਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੀਤੀ ਸ਼ੁਰੂਆਤ ਕਈਆਂ ਗੁਰੂ ਘਰ ਆਏ ਕੇ ਸੁਖਮਨੀ ਪੜੀ ਕਈਆਂ ਮੰਨ ਚਿੱਤ ਲਾਏ ਕੇ ਕਰਨ ਅਰਦਾਸਾਂ ਆਏ ਨੰਨ੍ਹੇ ਨੰਨ੍ਹੇ ਬਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਪਿੱਛਲੇ ਜੋ ਸਾਲ ਭੁੱਲਾਂ ਕੀਤੀਆਂ ਮੈਂ ਦਾਤਾ ਜੀ ਆਪਣਾ ਸਮਝ ਤੂੰ ਬਖਸ਼ ਲਈ ਵਧਾਤਾ ਜੀ ਚੰਗੀ ਤਰਾਂ ਜਾਣਦੇ ਹੋ ਤੁਸੀਂ ਸਾਡੇ ਹਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਸੁੱਖ ਵਰਤਾਈ ਦਾਤਾ ਸਾਰੀ ਕਇਆਨਾਤ ਚ ਰੱਝਵੇਂ ਰਿੱਝਕ ਪਾਈ ਸਭਦੀ ਪਰਾਤ ਚ ਭੁੱਖਾ ਨਾ ਕੋਈ ਸੋਂਵੇ ਹੋਵੇ ਦੇਸ਼ ਖੁਸ਼ਹਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੌਂਮੀ ਘਰ ਹੋਵੇ ਸਾਡਾ ਰੋਜ਼ ਦੀ ਜੋ ਮੰਗ ਹੈ ਆਪ ਤੂੰ ਸਹਾਈ ਹੋਈ ਸਾਡੇ ਅੰਗ ਸੰਗ ਹੈ ਉੱਗਲੀ ਨੂੰ ਫੜਕੇ ਸਿਖਾਵੋ ਨਵੀਂ ਚਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਇਸ ਸਾਲ ਲੋਭ ਦੀ ਸਤਾਵੇ ਨਾਂ ਕੋਈ ਲਾਲਸਾ ਸਦਾ ਹੀ ਬੁਲੰਦੀਆਂ ਨੂੰ ਛੂੰਹਵੇ ਤੇਰਾ ਖਾਲਸਾ ਸਿਰ ਉੱਤੇ ਹੱਥ ਰੱਖੀ ਸਾਈਆਂ ਬਣ ਢਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਕੋਈ ਵੀ ਧਨਾਡ ਲਾਵੇ ਮਾੜੇ ਨੂੰ ਨਾ ਰਗੜਾ ਕੌਂਮ ਤੇਰੀ ਆਪਸ ਚ ਕਰੇ ਨਾਂ ਕੋਈ ਝਗੜਾ ਭਰੋ ਸਚਿਆਈ ਨਾਲ ਸਾਡਾ ਵਾਲ ਵਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ ਦੇਸ਼ਾ ਤੇ ਵਿਦੇਸ਼ਾ ਵਿੱਚ ਬਣੀ ਰਹੇ ਸਾਂਤੀ ਅਕਲਾਂ ਹਲੀਮੀਆਂ ਦੀ ਬਖਸ਼ੋ ਕਰਾਂਤੀ ਸੱਤੇ ਨੂੰ ਬਖਸ਼ ਦੇਵੋ ਸੁਰਾਂ ਵਾਲੀ ਤਾਲ ਜੀ ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ
ਪਤਝੜ ਮਗਰੋਂ ਜਿੱਦਾਂ ਪੱਤੇ ਗਿਰ ਜਾਦੇ! ਬੁੱਝਦਿਲ ਬੰਦੇ ਜਿਵੇਂ ਜੁਬਾਨੋਂ ਫਿਰ ਜਾਦੇ! ਅੱਜ ਕੱਲ੍ਹ ਇਤਬਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਚੰਗੇ ਜੋ ਵਿਦਵਾਨ ਨੇ ਵੇਦ ਕੁਰਾਨਾਂ ਦੇ! ਜਾਦੇ ਡੋਲ ਈਮਾਨ ਉਹ ਖੱਬੀਖਾਨਾਂ ਦੇ! ਨਾਨਕ ਦੇ ਸਰਦਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਜੋ ਵੀ ਮੂੰਹ ਵਿੱਚ ਆਵੇ ਗਾਈ ਜਾਦੇ ਆ! ਗਾਲ਼੍ਹਾਂ ਕੱਡਕੇ ਫੈਨ ਬਣਾਈ ਜਾਦੇ ਆ! ਮੀਰਯਾਦੇ ਕਲਾਕਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਮਤਲਬ ਤੀਂਕਰ ਸੀਂਮਤ ਯਾਰੀ ਯਾਰਾਂ ਦੀ! ਕੋਈ ਨਾਂ ਜਾਣੇ ਕੀਂਮਤ ਯਾਰੀ ਯਾਰਾਂ ਦੀ! ਕ੍ਰਿਸ਼ਨ ਸੁਦਾਮੇ ਯਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਉਹ ਕਹਿੰਦਾ ਸੀ ਅੰਮਾਂ ਬੇਸ਼ੱਕ ਅੰਮਾਂ ਨੂੰ! ਡੋਲ ਗਈ ਉਹ ਵੇਖ ਚਿੱਟਿਆਂ ਚੰਮਾਂ ਨੂੰ! ਪੂਰਨ ਜਿਹੇ ਹੱਕਦਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਇੰਸਟਾ ਉੱਤੇ ਮੰਡੀ ਲੱਗਦੀ ਜਿਸਮਾਂ ਦੀ! ਵਿੱਕੇ ਵੇਸਵਾ ਉੱਥੇ ਕਿੰਨੀਆਂ ਕਿਸਮਾਂ ਦੀ! ਗਨਕਾ ਬਖਸ਼ਹਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਪਹਿਲਾਂ ਜਿਹੜੇ ਡਿੱਗਦੇ ਪੈਰੀ ਪਰਜਾ ਦੇ! ਬਾਅਦ ਵਿੱਚ ਉਹ ਬਣਦੇ ਵੈਰੀ ਪਰਜਾ ਦੇ! ਰਣਜੀਤ ਜਿਹੇ ਸਰਕਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਉਹੀ ਕਰਨ ਗਦਾਰੀ ਪੱਗ ਵਟਾਉਦੇ ਜੋ! ਚੰਮਦੇ ਬਣੇ ਵਿਪਾਰੀ ਪੱਗ ਵਟਾਉਦੇ ਜੋ! ਨੱਥੇ ਜਿਹੇ ਦਮਦਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਲਾੜੇ ਹੋਗੇ ਗਾਇਬ ਨੇ ਕਈ ਬਰਾਤਾਂ ਦੇ! ਵਿੱਕ ਚੁੱਕੀਆਂ ਕਲ਼ਮਾਂ ਸਣੇ ਦੁਵਾਤਾਂ ਦੇ! ਜੋਗੀ ਵਾਂਗ ਸੰਸਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥ ਖਿੱਦੋ ਵਾਂਗਰ ਬਾਹਰੋਂ ਚਮਕ ਬਥੇਰੀ ਆ! ਵਿੱਚੋਂ ਪਾਟੀਆਂ ਲੀਰਾਂ ਦੀ ਬਸ ਢੇਰੀ ਆ! ‘ਸੱਤਿਆ’ ਵੇ ਸਤਿਕਾਰ ਬਣਾਉਣੇ ਔਖੇ ਨੇ! ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥
ਬੌਰੇ ਬੰਦਿਆ ਧੀਆਂ ਬਾਜੋਂ
ਧਰਤੀ ਦੀ ਜਿਵੇਂ ਕੁੱਖ ਦੇ ਬਾਜੋਂ, ਬੀਜ਼ ਕਮਲਿਆ ਉੱਗਦਾ ਨਈ॥ ਘੁੱਗੀਆਂ ਬਾਜੋਂ ਬੋਟ ਵਾਸਤੇ, ਚੋਗ਼ ਕੋਈ ਵੀ ਚੁੱਗਦਾ ਨਈ॥ ਪਾਣੀ ਦੇ ਬਿਨ ਕੌਣ ਬਝਾਵੇ, ਦੱਸਦੇ ਲਾਟਾਂ ਅੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਮੱਛਲ਼ੀ ਬਾਜੋਂ ਕਿਹੜਾ ਜਾਣੇ, ਦੱਸ ਖਾਂ ਕੀਂਮਤ ਪਾਣੀ ਦੀ॥ ਜੜ੍ਹਾਂ ਡੂੰਘੀਆਂ ਜੇ ਨਾਂ ਹੋਵਣ, ਭੋਰਾ ਹੋਂਦ ਨਈ ਟਾਣੀ ਦੀ॥ ਜੇ ਨਾਂ ਬੱਦਲ ਚੜ੍ਹਕੇ ਆਵੇ, ਕਦੇ ਨਾਂ ਝੜ੍ਹੀਆਂ ਲੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਜਿਵੇਂ ਹੰਸਣੀਂ ਬਾਜੋਂ ਮੂਰਖਾ, ਹੰਸ ਨਈ ਪੈਦਾ ਹੋ ਸਕਦਾ॥ ਉਵੇਂ ਹੀ ਔਰਤ ਜਾਤੀ ਬਾਜੋਂ, ਵੰਸ਼ ਨਈ ਪੈਦਾ ਹੋ ਸਕਦਾ॥ ਆਖਰ ਨੂੰ ਹੋ ਜਾਣ ਉਜ਼ਾਗਰ, ਠੱਗੀਆਂ ਕਾਲੇ ਠੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਕਦੇ ਵੀ ਬੰਜ਼ਰ ਧਰਤੀ ਉੱਤੇ, ਹਲ਼ ਨੀਂ ਚੱਲਦਾ ਖੇਤੀ ਦਾ॥ ਇੱਕੋਂ ਝਟਕੇ ਢਹਿ ਜਾਦਾ ਏ, ਬਣਿਆ ਘਰ ਬਰੇਤੀ ਦਾ॥ ਬਹੁਤਾ ਚਿਰ ਨਾ ਚਮਕਾਂ ਪੈਂਵਣ, ਪਾਣੀ ਉੱਤੇ ਝੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਰੂੰ ਦੀ ਬੱਤੀ ਬਾਜੋਂ ਦੀਵਾ, ਜਿਵੇਂ ਰੌਸ਼ਨੀ ਕਰਦਾ ਨਈ॥ ਚੱਪੂ ਬਾਜੋਂ ਬੇੜਾ ਕਦੇ ਵੀ, ਪਾਰ ਸਮੁੰਦਰ ਤਰਦਾ ਨਈ॥ ਵੀਰਾਂ ਦਾ ਏ ਮਾਣ ਹੁੰਦੀਆਂ, ਲੱਜ ਪਿਊ ਦੀ ਪੱਗ ਦੀਆਂ॥ ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥ ਉੱਲੂ ਬਾਜੋਂ ਕਿਹੜਾ ਜਾਣੇ, ਕੀਂਮਤ ਘੁੱਪ ਹਨੇਰੇ ਦੀ॥ ਅੰਧੇ ਨੂੰ ਕੋਈ ਫਰਕ ਨੀਂ ਪੈਂਦਾ, ਰੌਸ਼ਨੀ ਸੁਰਖ ਸਵੇਰੇ ਦੀ। ਸਦਾ ਹੀ ਦੁਨੀਆਂ ਸ਼ੋਭਾ ਕਰਦੀ, ਸੱਤਿਆ ਨਰ ਸਲੱਗ ਦੀਆ। ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ
ਪਹਿਲਾ ਭੱਬਾ ਧੀਏ ਭਾਣੇ ਵਿੱਚ ਰਹਿਣਾ ਹੈ॥ ਦੁੱਖ ਸੁੱਖ ਆਵੇ ਤੰਨ ਉੱਤੇ ਸਹਿਣਾ ਹੈ॥ ਝੁੱਲ ਜਾਣ ਝੱਖੜ ਤੂੰ ਕਦੇ ਹਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਦੂਜਾ ਭੱਬਾ ਭਲਾ ਮੰਗੀ ਸਰਬੱਤ ਦਾ॥ ਮੰਨ ਨੀਵਾਂ ਕੱਦ ਉੱਚਾ ਰੱਖੀਂ ਮੱਤ ਦਾ॥ ਲਾਡਲੀਏ ਕਦੇ ਵੀ ਤੂੰ ਹੰਕਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਤੀਜਾ ਭੱਬਾ ਗੁਰੂ ਤੇ ਭਰੋਸਾ ਰੱਖਣਾ॥ ਦਿਲ ਨੀਂ ਡਲਾਉਣਾ ਨਾਮ ਰਸ ਚੱਖਣਾ॥ ਦਰ ਦਰ ਭਟਕੇ ਜੋ ਹੁੰਦੀ ਨਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਚੌਥਾ ਭੱਬਾ ਭੁੱਲ ਸਵੀਕਾਰ ਕਰਨੀ॥ ਉੱਚੀ ਨੀਂਵੀਂ ਗੱਲ ਹੱਸ-ਹੱਸ ਜਰਨੀ॥ ਇੱਜ਼ਤ ਤੇ ਮਾਣ ਕਦੇ ਵੀ ਤੂੰ ਮਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥ ਪੰਜਵਾਂ ਹੈ ਭੱਬਾ ਧੀਏ ਭਲਿਆਈ ਦਾ॥ ਮਿੱਠਾ ਬੋਲਕੇ ਹੀ ਸਦਾਂ ਮਾਣ ਪਾਈ ਦਾ॥ ਫਿੱਕੇ ਬੋਲ ‘ਸੱਤਿਆ’ ਵੇ ਤੂੰ ਉਚਾਰੀਂ ਨਾ॥ ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਤੇਰੀ ਸਰਕਾਰੇ ਇਹ ਕਲੋਲ ਚੰਗੀ ਨਈ। ਬਲਾਤਕਾਰੀਆਂ ਨੂੰ ਪਰੋਲ ਚੰਗੀ ਨਈ। ਕਦੋਂ ਤੱਕ ਸਾਡੇ ਤੇ ਜ਼ੁਲਮ ਢਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਪੱਗਾਂ ਵਾਲਿਆਂ ਦਾ ਕੀ ਕਸੂਰ ਦੱਸਦੇ। ਸਾਥੋਂ ਇਨਸਾਫ਼ ਕਾਹਤੋਂ ਦੂਰ ਦੱਸਦੇ। ਕਦੋਂ ਸਾਡੇ ਹੱਕ ਵਿੱਚ ਨਾਹਰਾ ਲਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਕਾਲਿਆਂ ਤੋਂ ਵਾਲ਼ ਸਾਡੇ ਬੱਗੇ ਹੋ ਗਏ। ਤੇਰੇ ਕੋਲੀ ਚੱਟ ਸੀ ਜੋ ਅੱਗੇ ਹੋ ਗਏ। ਕਦੋਂ ਤੱਕ ਸਾਡੀ ਅਲਖ ਮਕਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਕਰ ਗਏ ਨੇ ਸਿੰਘ ਤਾਂ ਸਜ਼ਾਵਾਂ ਪੂਰੀਆਂ। ਫਿਰ ਵੀ ਡਰਾਂਵੇ ਨੀਂ ਤੂੰ ਲੈ-ਲੈ ਘੂਰੀਆਂ। ਕਦੋਂ ਤੱਕ ਰੋੜ ਦਾਲਾਂ ਚ ਖਵਾਉਣੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਸਾਡੇ ਹਿੱਸੇ ਕਾਸਤੋਂ ਏ ਜੇਲ੍ਹਾਂ ਆਉਦੀਆਂ? ਸਾਡੀ ਹੀ ਜਵਾਨੀ ਕਾਸਤੋਂ ਮਕਾਉਦੀਆਂ? ਕਦੋਂ ਤੱਕ ਨਾਮ ਅਸਾਂ ਨੂੰ ਮਿਟਾਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਦੱਸ ਤੈਨੂੰ ਇਹਨਾਂ ਕੋਲੋ ਕਾਹਦਾ ਖਤਰਾ? ਜੀਹਦੇ ਪਿੱਛੇ ਲੱਗੀ ਏਂ ਉਹ ਬਾਹਲਾ ਚਤਰਾ। ਕਦੋਂ ਤੱਕ ਜ਼ਹਿਰਾਂ ਘੋਲਕੇ ਪਿਆਉਣਗੇ? ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ? ਲਈਦਾ ਨੀਂ ਹੁੰਦਾ ਬਾਹਲਾ ਅੰਤ ਹਾਕਮਾਂ। ਕਦੋਂ ਫਿਰ ਜੰਮ ਪਏ ਬੇਅੰਤ ਹਾਕਮਾਂ। ਸੱਤੇ ਨਾਲ ਤੂਰ ਮਹਿਤਾਬ ਗਾਉਣਗੇ। ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ
ਸਿੰਘ ਆ ਗਏ ਸੱਜ ਧੱਜ॥ ਤੇ ਖੁਮਾਰੀ ਚੜੀ ਰੱਜ॥ ਵੇਖੋ ਪਾਉਦੇ ਗੜਗੱਜ॥ ਪੱਬ ਰੱਖਦੇ ਜਮ੍ਹਾਂ ਹੀ ਪੋਲਾ ਪੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਸੋਹਣੇ ਸਿਰਾਂ ਤੇ ਦੁਮਾਲੇ ਗੋਲ ਫੱਬਦੇ॥ ਕਾਲ ਦੰਦਾਂ ਥੱਲੇ ਫਿਰਦੇ ਨੇ ਚੱਬਦੇ॥ ਰੰਗ ਸਾਰਿਆਂ ਨੂੰ ਚੜੇ ਸੱਚੇ ਰੱਬਦੇ॥ ਅੱਡ ਗੁਰਾਂ ਅੱਗੇ ਪੱਲਾ॥ ਸਿੰਘ ਕੱਡਦੇ ਮੁਹੱਲਾ॥ ਮੁੱਖੋਂ ਬੋਲਦੇ ਵਾਹਿਗੁਰੂ ਦਾ ਬੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਅਨੰਦਗੜ੍ਹ ਵਿੱਚ ਰੌਣਕਾਂ ਨੇ ਭਾਰੀਆਂ॥ ਸਿੰਘ ਝੂੰਮਦੇ ਤੇ ਚੜੀਆਂ ਖੁਮਾਰੀਆਂ॥ ਰੂਹਾਂ ਰੱਬ ਦੀਆਂ ਜੁੜੀਆਂ ਪਿਆਰੀਆਂ॥ ਅੱਜ ਤੁਠੇ ਨੇ ਦੁਤਾਰ॥ ਖੁਸ਼ ਅੱਲ੍ਹਾ ਨਿਰੰਕਾਰ॥ ਵੇਖੋ ਚਰਨਾਂ ਤੇ ਢੱਠਾ ਚੀਨਾਂ ਗੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਚੋਟਾਂ ਪੈਂਦੀਆਂ ਨਗਾਰੇ ਵੇਖੋ ਗੂੰਜ਼ਦੇ॥ ਧੁਨ ਸੰਖ ਦੀ ਹੈ ਮਿੱਠੀ ਵਾਗੂੰ ਕੂੰਜ਼ਦੇ॥ ਪੌੜ ਹਾਥੀਆਂ ਦੇ ਧਰਤੀ ਨੂੰ ਹੂੰਜ਼ਦੇ॥ ਅੱਜ ਰੰਗ ਤੇ ਬਰੰਗ॥ ਰਲ ਮਾਈ ਭਾਈ ਸੰਗ॥ ਕਿੰਨਾਂ ਸੋਹਣਾ ਪਿਆ ਫੱਬਦਾ ਜੇ ਟੋਲਾ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਖਾਲਸਾਈ ਪੂਰਾ ਜਾਹੋ ਤੇ ਜਲਾਲ ਹੈ॥ ਸਿੰਘਾਂ ਸੂਰਿਆਂ ਦੀ ਹਾਥੀਆਂ ਜਿਹੀ ਚਾਲ ਹੈ॥ ਨਾਮ ਬਾਣੀ ਵਿੱਚ ਭਿੱਜਾ ਵਾਲ ਵਾਲ ਹੈ॥ ਸਿੰਘ ਗੁਰੂ ਦੇ ਦੁਲਾਰੇ॥ ਪਏ ਛੱਡਦੇ ਜੈਕਾਰੇ॥ ਰੰਗ ਉੱਡਦੇ ਨੇ ਬਣ ਵਾਵਰੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥ ਮੁੱਢ ਬੰਨ੍ਹਿਆਂ ਸੀ ਦਾਤੇ ਦਸ਼ਮੇਸ਼ ਨੇ॥ ਮਰਜ਼ੀਵੜੇ ਬਾਣਿਆ ਮਰਗੇਸ਼ ਨੇ॥ ਭਲਾ ਸਭਦਾ ਸਿਖਾਇਆ ਦਰਵੇਸ਼ ਨੇ॥ ਸਾਨੂੰ ਦਿੱਤੀ ਸੁੱਧ ਬੁੱਧ॥ ਕਿਵੇਂ ਕਰਨੇ ਆ ਯੁੱਧ॥ ਰੰਗ ਚਾੜਦੇ ‘ਸੱਤੇ’ ਨੂੰ ਸੱਚੇ ਢੋਲਾ॥ ਦੁਨੀਆਂ ਮਨਾਉਂਦੀ ਹੋਲੀਆਂ ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਮੇਰੇ ਜਜ਼ਬਾਤ
ਕੀ ਹੋਇਆ….
ਕੀ ਹੋਇਆ ਜੇ ਔੜ ਨੇ ਤੈੜਾਂ ਪਾੜਤੀਆਂ, ਉਹ ਛਹਿਬਰ ਲਾਦੂ, ਮੌਜ ਹੋਈ ਜੇ ਮਾਹੀ ਦੀ॥ ਕੀ ਹੋਇਆ ਜੇ ਰਸਤੇ ਗੁੰਝਲਦਾਰ ਬੜੇ, ਉਹ ਲੀਹ ਬਣਾ ਦੂ, ਮੌਜ ਹੋਈ ਜੇ ਰਾਹੀ ਦੀ॥ ਕੀ ਹੋਇਆ ਜੇ ਸ਼ੇਰ ਸ਼ਿਕਾਰੀ ਬੋਟੀ ਦਾ, ਉਹ ਘਾਹ ਚਰਾ ਦੂ, ਮੌਜ ਹੋਈ ਜੇ ਘਾਹੀ ਦੀ॥ ਕੀ ਹੋਇਆ ਜੇ ਮਾਣ ‘ਸੱਤਿਆ’ ਮੱਲਾਂ ਨੂੰ, ਉਹ ਕੰਡ ਲਵਾ ਦੂ, ਮੌਜ ਹੋਈ ਜੇ ਸਿਪਾਹੀ ਦੀ॥
ਲਾਲਣ….
ਜਦ ਆਟਾ ਜੁੜ ਗਿਆ ਦੋ ਬੁੱਕ ਤੇ ਖੁਸ਼ ਹੋਈ, ਪਕਾਉਣ ਲੱਗੀ ਤੇ ਵੇਖਿਆ ਬਾਲਣ ਹੈਗਾ ਈ ਨਈ॥ ਜਦ ਟਾਕੀਆਂ ਲਾ ਕੇ ਸੀਤਾ ਝੱਗ੍ਹਾ ਅੰਮੜ੍ਹੀ ਨੇ, ਪਵਾਉਣ ਲੱਗੀ ਤੇ ਵੇਖਿਆ ਲਾਲਣ ਹੈਗਾ ਈ ਨਈ॥ ਜਦ ਥੱਕ ਟੁੱਟ ਕੇ ਕੂੰਜਾਂ ਮੁੜੀਆਂ ਵਾਪਿਸ ਨੂੰ, ਸੌਂਣ ਲੱਗੀਆਂ ਤੇ ਵੇਖਿਆ ਆਲ੍ਹਣ ਹੈਗਾ ਈ ਨਈ॥
ਕੌਣ ਕਹਿੰਦਾ ਕਿ….
ਕੌਣ ਕਹਿੰਦਾ ਕਿ ਧੀਆਂ ਘਰ ਦੀਆਂ ਨੀਹਾਂ ਨਈ ਜੋ ਲਵਾਉਣ ਕੰਧਾਂ ਤੇ ਕੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਨਈ ਦੇਣਾ ਹੱਕ ਬਰਾਬਰ ਦਾ ਜੋ ਫਿਰਨ ਲਕੌਦੀਆਂ ਸੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਕਿ ਕੁੱਖ ਵਿੱਚ ਮਾਰੋ ਧੀਆਂ ਨੂੰ ਜੋ ਹੀਰ ਬਣਦੀਆਂ ਜੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਏ ਭਰੀਆਂ ਨਾਲ ਚਲਿੱਤਰਾਂ ਦੇ ਜੋ ਚਾਲ ਖੇਡਦੀਆਂ ਬੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਕਿ ਔਰਤ ਮੁੱਢ ਲੜਾਈ ਦੀ ਜੋ ਕਹਿਣ ਸਿਵੇ ਨੂੰ ਮੱਚ ਉਹਦਾ ਕੀ ਕਰੀਏ? ਕੌਣ ਕਹਿੰਦਾ ਏ ‘ਸੱਤਿਆ’ ਜੱਗ ਦੀ ਜੰਨਣੀ ਨਈ ਜੋ ਅਲ਼ਫ ਰਹੀਆਂ ਨੇ ਨੱਚ ਉਹਦਾ ਕੀ ਕਰੀਏ?
ਮਾਂ….
ਵਾਹਿਗੁਰੂ ਜੀ ਰਾਮ, ਗੁਸਾਈ, ਹਰੀ, ਗੋਬਿੰਦ, ਗੋਪਾਲਾ ਜੀ॥ ਬੀਠਲ, ਪਾਰਬ੍ਰਹਮ, ਪ੍ਰਭੂ ਜੀ, ਠਾਕੁਰ, ਅੱਲ੍ਹਾ ਤਾਲਾ ਜੀ॥ ਮੰਦਰ, ਮਸਜਿਦ, ਗੁਰਦੁਆਰੇ, ਜਾ ਕੇ ਤੈਨੂੰ ਲੱਭਿਆ ਨਈ॥ ਜਦ ਵੀ ਲੱਭਾ ਮਾਂ ਚੋ’ ਲੱਭਾ, ਐਵੇ ਬਾਹਲਾ ਜੱਭਿਆ ਨਈ॥ ਉਹ ਸੁਰਗਾ ਦੀ ਜੰਨਤ ਨਾਲੋ, ਥਾਂ ਵੱਡਾ ਮੇਰੀ ਮਾਂ ਦਾ ਹੈ॥ ਇਹਨਾਂ ਸਾਰਿਆਂ ਤੋਂ ਜੇ ਵੱਡਾ, ਨਾਂ ਵੱਡਾ ਮੇਰੀ ਮਾਂ ਦਾ ਹੈ॥
ਹੌਸਲੇ ਬੁਲੰਦ….
ਘਸ ਜਾਦਾ ਲੋਹਾ ਵੀ ਘਸਾਉਣ ਵਾਲਾ ਚਾਹੀਦਾ. ਪੱਥਰਾਂ ਚੋਂ' ਉੱਗਦਾ ਉਗਾਉਣ ਵਾਲਾ ਚਾਹੀਦਾ. ਵੱਢੀਆਂ ਬਾਂਹਾਂ ਤੋਂ ਕਈ ਪੁੱਜ ਜਾਦੇ ਮੰਜ਼ਿਲਾਂ ਤੇ, ਮਿੱਟਦੀਆਂ ਲੀਕਾਂ ਵੀ ਮਿਟਾਉਣ ਵਾਲਾ ਚਾਹੀਦਾ. ਭੀੜ ਵਿੱਚੋ ਅੱਗੇ ਆਉਣਾ ਹੱਥ ਵੱਸ ਮਿਹਨਤਾਂ ਦੇ, ਆਇਆ ਜਾਦਾ ਅੱਗੇ ਬਸ ਆਉਣ ਵਾਲਾ ਚਾਹੀਦਾ. ਵੱਡੇ- ਵੱਡੇ ਮੱਲ ਏਥੇ ਢੱਠਦੇ ਮੈੰ ਅੱਖੀਂ ਵੇਖੇ, ਢਹਿ ਜਾਦੇ ਯੋਧੇ ਏਥੇ ਢਾਉਣ ਵਾਲਾ ਚਾਹੀਦਾ. ਹੌਸਲੇ ਬੁਲੰਦ ਹੋਣ ਕਿੱਦਾਂ ਧਾਂਕ ਜੰਮਦੀ ਨਈ, ਜੰਮਦੀ ਆ ਧਾਂਕ ਵੀ ਜਮਾਉਣ ਵਾਲਾ ਚਾਹੀਦਾ. ਥੱਕ ਟੁੱਟ ਬੈਠ ਜਾਣਾ ਬਣਦਾ ਨਈ ਨਾਮ ਸਾਥੋਂ, ਬਣਦਾ ਏ ਨਾਮ ਵੀ ਬਣਾਉਣ ਵਾਲਾ ਚਾਹੀਦਾ. ਮੰਜ਼ਿਲਾਂ ਦਾ ਪੰਦ ਥੌੜਾ ਕਰੜਾ ਜਰੂਰ ਹੁੰਦਾ, ਪਾਇਆ ਜਾਦਾ ਮੰਜ਼ਿਲਾ ਨੂੰ ਪਾਉਣ ਵਾਲਾ ਚਾਹੀਦਾ. ਪੱਲੇ ਗੰਢ ਹੋਵੇ ਤਾਂ ਸਲੂਟ ਕਿੱਦਾਂ ਵੱਜਦੇ ਨਈ, ਵੱਜਦੇ ਸਲੂਟ ਵੀ ਮਰਾਉਣ ਵਾਲਾ ਚਾਹੀਦਾ. ਐਵੇ ਥੌੜੀ ਨਾਂ ਦੇ ਪਿੱਛੇ ਲੱਗਦਾ ਫਰੀਦ ਸਰਾਏ, ਲੱਗਦਾ ਜਰੂਰ ਪਰ ਲਾਉਣ ਵਾਲਾ ਚਾਹੀਦਾ.
ਹਾਸੇ ਵਿੱਕਦੇ….
ਏਥੇ ਕੀਮਤ ਨਈਓ ਪੈਦੀ ਰੌਂਦੇ ਚੇਹਰਿਆਂ ਦੀ……., ਏਥੇ ਹਾਸੇ ਵਿੱਕਦੇ 'ਸੱਤਿਆ' "ਹੱਸਦਾ" ਰਿਹਾ ਕਰ ਤੂੰ! ਜੇ ਫੁਰਸਤ ਮਿਲੇ ਵੇ ਤੈਨੂੰ ਸ਼ਾਹੀ ਜਿੰਦਗੀ ਚੋ"……., ਹਾਲ ਚਾਲ ਵੇ ਪੁੱਛਦਾ "ਦੱਸਦਾ" ਰਿਹਾ ਕਰ ਤੂੰ! ਅੱਗ ਬਬੂਲਾ ਹੋ ਕੇ ਸਿਰ ਦਿਆ ਸਾਈਆਂ ਵੇ……., ਐਵੇ ਨਾਂ" ਤਾਹਨੇ ਮੇਹਣੇ "ਕੱਸਦਾ" ਰਿਹਾ ਕਰ ਤੂੰ! ਏ ਮਿਲੇ ਨੇ ਸਾਸ ਉਧਾਰੇ ਗਵਾ ਨਾਂ ਟੈਂਸ਼ਨ 'ਚ ਜੋ ਹੋਣਾ ਉਈਓ ਹੋਣਾ "ਵੱਸਦਾ" ਰਿਹਾ ਕਰ ਤੂੰ! ਮਾਣ ਮੁਹੱਬਤਾਂ ਰੱਜਕੇ ਮੇਲਾ ਲੁੱਟ ਸੱਜਣਾਂ……., ਐਵੇ ਨਾਂ' ਵਿੱਚ ਕੜਿੱਕੀ "ਫੱਸਦਾ" ਰਿਹਾ ਕਰ ਤੂੰ! ਕਰਿਆ ਕਰ ਵੇ ਕਦਰਾਂ ਕਦਰਾਂ ਕਰਦਾ ਜੋ……., ਹਰ ਵੇਲੇ ਨਾਂ" ਨਾਗ਼ਾ "ਡੱਸਦਾ" ਰਿਹਾ ਕਰ ਤੂੰ! ਮੋਇਆਂ ਪਿੱਛੋ ਯਾਰ ਏ ਮੋਤੀ ਨਈ ਲੱਭਣੇ……., ਨਾਂ" ਬੇਮੁੱਲੇ ਇਹ ਮੋਤੀ "ਧੱਸਦਾ" ਰਿਹਾ ਕਰ ਤੂੰ! 'ਫਰੀਦਸਰਾਈਆਂ' ਆਪਣੇ ਛੱਡਕੇ ਗੈਰ ਦੀਆਂ……., ਤਲੀਆਂ ਨਾਂ" ਵੇ ਐਵੇ "ਝੱਸਦਾ" ਰਿਹਾ ਕਰ ਤੂੰ!
ਉਸਤਾਦ….
ਕੀ ਮਿੱਤਰ ਤੇ ਕੀ ਸਾਧ ਦੀ ਗੱਲ ਕਰਾਂ॥ ਕੀ ਆਦਿ ਤੇ ਕੀ ਜੁਗਾਦਿ ਦੀ ਗੱਲ ਕਰਾਂ॥ ਫਿਰ ਲਿਖਣਾਂ ਮੁਸ਼ਕਿਲ ਹੋ ਜਾਦਾ……., ਜਦ ਗੁਰੂ ਤੇ ਉਸਤਾਦ ਦੀ ਗੱਲ ਕਰਾਂ॥ ਕੀ ਨਿਮਰਤਾ ਕੀ ਸਰਦਾਰੀ ਦੀ ਗੱਲ ਕਰਾਂ॥ ਕੀ ਯਾਰੀ ਤੇ ਕੀ ਦਿਲਦਾਰੀ ਦੀ ਗੱਲ ਕਰਾਂ॥ ਉਹ ਰੌਣਕ ਦੱਸਦੇ ਮਹਿਫਲਾਂ ਦੀ…….., ਜਦ ਤਿਆਰੀ ਤੇ ਗੱਲਕਾਰੀ ਦੀ ਗੱਲ ਕਰਾਂ॥ ਕੀ ਬੁੱਧੀ ਤੇ ਕੀ ਗਿਆਨ ਦੀ ਗੱਲ ਕਰਾਂ॥ ਕੀ ਬੋਲੀ ਤੇ ਕੀ ਜੁਬਾਨ ਦੀ ਗੱਲ ਕਰਾਂ॥ ਇਸ ਰੁਤਬੇ ਮੂਹਰੇ ਛੋਟੇ ਆ………, ਜਦ ਮਾਣ ਤੇ ਸਨਮਾਨ ਦੀ ਗੱਲ ਕਰਾਂ॥
ਗੁਰੂ….
ਗੁਰੂ ਤੋਂ ਗਿਆਨ ਲੈਕੇ, ਉੱਚੇ ਫੁਰਮਾਨ ਲੈਕੇ ਅਕਲਾਂ ਦਾ ਦਾਨ ਲੈਕੇ, ਬੰਦਾ ਚੜੇ ਪੌੜੀਆਂ॥ ਜੋ ਨੀਵੇਂ ਹੋਕੇ ਸਿੱਖਦੇ ਨੇ, ਵੱਖਰੇ ਹੀ ਦਿੱਖਦੇ ਨੇ 'ਸੱਤੇ' ਜਿਹੇ ਲਿੱਖਦੇ ਨੇ, ਉਹਨਾਂ ਦੀਆਂ ਘੌੜੀਆਂ॥ ਸਬਰਾਂ ਦੀ ਜੰਗ ਨਾਲ, ਮੇਹਨਤਾਂ ਦੇ ਰੰਗ ਨਾਲ ਗੁਰੂ ਜੀ ਦੇ ਢੰਗ ਨਾਲ, ਕਦਮਾਂ ਵਿਧਾਉਦੇ ਜੋ॥ ਲੱਗਦੇ ਕਿਨਾਰੇ ਉਹੀ, ਜਾਦੇ ਸਤਿਕਾਰੇ ਉਹੀ ਬਣਦੇ ਸਤਾਰੇ ਉਹੀ, ਗੁਰੂ ਨੂੰ ਧਿਆਉਦੇ ਜੋ॥
ਧੀ ਦੇ ਜਜ਼ਬਾਤ….
ਮੈਂ ਸਾਂ ਧੀ ਲਾਡਲੀ ਅੜੀਓ ਰਾਜੇ ਬਾਬੁਲ ਦੀ, ਜੋ ਸੀ ਰਾਣੀਆਂ ਨਾਲੋਂ ਵੱਧਕੇ ਲਾਡ ਲਡਾਉਦਾ॥ ਬੇਸ਼ੱਕ ਕੁੜਤਾ ਭਿੱਜਾ ਰਹਿੰਦਾ ਅੱਤ ਗਰੀਬੀ ਚ, ਮੇਰੀਆਂ ਸਭੇ ਰੀਝਾਂ ਤਾਵੀ ਰਿਹਾ ਪੁਗਾਉਦਾ॥ ਮੈਂ ਵੀ ਇੱਕ ਹਾਕ ਤੇ ਭੱਜੀ ਆਉਣਾ ਸੱਚ ਜਾਣੀ, ਮੈਨੂੰ ਲਾਡੋ ਰਾਣੀ ਕਹਿ ਕੇ ਰਿਹਾ ਬਲਾਉਦਾ॥ ਜਦ ਵੀ ਘਰ ਨੂੰ ਮੁੜਦਾ ਸੀ ਉਹ ਆਥਣ ਵੇਲ਼ੇ ਨੂੰ, ਮੱਥਾ ਚੁੰਮਕੇ ਸੀ ਫਿਰ ਘੁੱਟਕੇ ਸੀਨੇ ਲਾਉਦਾ॥ ਬਾਬੁਲ ਬੋਹੜਿਆ ਨਈਊ ਕਿੰਨੇ ਅਰਸੇ ਬੀਤ ਗਏ, ਅੱਖਾਂ ਥੱਕ ਗਈਆਂ ਤੂੰ ਕਿਊ ਵਾਪਿਸ ਆਉਦਾ॥ ਦੱਸ ਤੂੰ ਕਿੱਥੇ ਲੈ ਜਾਦਾ ਏ ਖੋਹ ਕੇ ਪਿਆਰਿਆਂ ਨੂੰ, ਕਿਊ ਨੀਂ ਵਿਛੜੀਆਂ ਰੂਹਾ ਫਿਰ ਆਪ ਮਿਲਾਉਦਾ॥
ਅਸੂਲ….
ਮੈਂ ਪਰਦੇ ਪਾਉਦਾ ਆਇਆ ਹਾਂ, ਹਰ ਵਾਰੀ ਤੇਰੀਆਂ ਭੂਲਾਂ ਤੇ॥ ਤੂੰ ਲੱਖ ਅਜਾਤੀਆਂ ਕਰ ਭਾਵੇ, ਮੈਂ ਟੱਕਰੂੰ ਖੜਾ ਅਸੂਲਾਂ ਤੇ॥ ਤੂੰ ਕਲੈਵਰ ਦੱਸਦਾਂ ਖੁਦ ਨੂੰ ਉਏ, ਏ ਕਿੱਡਾ ਵੱਡਾ ਭਰਮ ਤੇਰਾ ਮੈਂ ਰੌਂਡੱਪ ਕਰਕੇ ਰੱਖਦਾ ਹਾਂ, ਏਹੋ ਜਿਹੀਆਂ ਊਲ ਜਲੂਲਾਂ ਤੇ॥ ਦੀਵੇ ਨਾਲ ਮੱਠੀ ਪੈਦੀ ਨਈ, ਸੂਰਜ ਦੀ ਤਿੱਖੀ ਲੋਅ ਸੱਤਿਆ ਕੋਈ ਨੀਂ ਫਾਇਦਾ ਤੇਲ ਦੀਆਂ, ਐਵੇਂ ਪਚਕਾਰੀਆਂ ਛੱਡਣ ਦਾ॥ ਉਮਰ ਗਾਲ੍ਹਣੀ ਪੈਦੀ ਨਿੱਕਿਆ, ਮਿਲਦੇ ਐਵੇ ਤੁਜਰਬੇ ਨਈ ਬਾਪ ਤੇ ਅਕਸਰ ਬਾਪ ਹੁੰਦਾ, ਕੀ ਫਾਇਦਾ ਅੱਖਾਂ ਕੱਡਣ ਦਾ॥
ਅੱਜ ਪੱਜ….
ਭੋਰਾ ਨਾਂ ਤੂੰ ਲੱਜ ਕਰੇ ਐਵੇ ਅੱਜ ਪੱਜ ਕਰੇ ਜਾਣਦੇ ਆਂ ਚੰਗੀ ਤਰਾਂ ਝੂਠੇ ਮੂਠੇ ਹੱਜ ਕਰੇ ਉੱਤੋ ਚਿੱਟੇ ਕੋਟ ਤੇਰੇ ਦਿਲ ਵਿੱਚ ਖੋਟ ਤੇਰੇ ਖੂਨ ਨਾਲ ਪਲਦੇ ਨੇ ਭੋਰਾ-ਭੋਰਾ ਬੋਟ ਤੇਰੇ ਲੱਭਦਾ ਸ਼ਿਕਾਰ ਰਵੇਂ ਪਾਲਦਾ ਵਕਾਰ ਰਵੇਂ ਚੌਵੀ ਘੰਟੇ ਹੈਂਕੜ ਦੇ ਘੌੜੇ ਤੇ ਸਵਾਰ ਰਵੇਂ ਨਫਰਤ ਭਰੀ ਫਿਰੇਂ ਮਾਤੜਾਂ ਤੇ ਵਰੀ ਫਿਰੇਂ ਫੁੱਲਿਆ ਗੁਮਾਨ ਵਿੱਚ ਹਿੱਕ ਚੌੜੀ ਕਰੀ ਫਿਰੇਂ ਭਰੀ ਚੱਲ ਬੋਰੀਆਂ ਤੂੰ ਕਰ-ਕਰ ਚੋਰੀਆਂ ਤੂੰ ਏਥੇ ਸਭ ਕਿਰ ਜਾਣਾ ਕੱਡ ਬੈਠਾ ਮੋਰੀਆਂ ਤੂੰ
ਅਰਥੀ….
ਝੂਠ ਬੋਲਕੇ ਬਹਿ ਜਾਈਦਾ ਦਾ ਤਖਤਾਂ ਤੇ, ਪਰ ਸੱਚ ਬੋਲਿਆਂ ਹਾਕਮ ਸੂਲੀ ਚਾੜ ਦਿੰਦੇ॥ ਜੇ ਦੁਸ਼ਮਣ ਮਾਰੇ ਪੱਥਰ ਪੀੜਾ ਹੁੰਦੀ ਨਈ, ਆਪਣਿਆਂ ਦੇ ਫੁੱਲ ਵੀ ਹਿਰਦਾ ਪਾੜ ਦਿੰਦੇ॥l ਮਿੱਟ ਜਾਦੇ ਨੇ ਦਾਗ ਵੇ ਕੱਪੜੇ ਧੋਣ ਪਿੱਛੋ, ਦਿਲ ਤੇ ਪੈ ਗਏ ਦਾਗ ਨੀਂ ਮਿੱਟਦੇ ਚੰਦਰਿਆ॥ ਜਿਊਦੇ ਜੀ ਜੋ ‘ਸੱਤਿਆ’ ਕਰਦੇ ਕਦਰ ਨਈ, ਉਹ ਅਰਥੀ ਪਿੱਛੇ ਆਮ ਹੀ ਪਿੱਟਦੇ ਚੰਦਰਿਆ॥
ਚਲਾਕੀ….
ਹੁਣ ਵੀ ਦੱਸਦੇ ਰਹਿ ਗਈ ਕੋਈ ਬਾਕੀ ਆ॥ ਅਜੇ ਵੀ ਕਰਦੈਂ ਅਸਾਂ ਦੇ ਨਾਲ ਚਲਾਕੀ ਆ॥ ਜਦੋ ਲੋੜ ਸੀ ਢੁਕ ਢੁਕ ਕੋਲੇ ਬਹਿੰਦਾ ਸੈਂ,,, ਮਤਲਬ ਕੱਡਕੇ ਮਾਰ ਗਿਊ ਝੱਟ ਪਲਾਕੀ ਆ॥ ਜੋ ਕਹਿੰਦਾ ਸੈਂ ਦੀਦ ਨੂੰ ਅੱਖੀਆਂ ਤਰਸ ਗਈਆਂ, ਕਿਊ ਬੇਕਦਰਾ ਉਹ ਬੰਦ ਹੋ ਗਈ ਤਾਕੀ ਆ॥ ਪੱਥਰ ਦਿਲ ਹੀ ਬਣ ਗਿਊ ਦੀਦੇ ਫੱਟ ਨਈ, ਕਦੇ ਫੱਟਾਂ ਤੇ ਬੰਨ੍ਹਦਾ ਰਿਹਾ ਤੂੰ ਟਾਕੀ ਆ॥
ਟਾਂਚਾਂ….
ਮੈਂ ਜਰਾ ਕੁ ਲੀਹ ਤੋਂ ਕੀ ਲੱਥਾ, ਉਹ ਲੀਹਾਂ ਪੁੱਟਣ ਡਹਿ ਗਏ ਸੀ! ਮੈਂ ਆਪਣੇ ਸਮਝਕੇ ਗਲ਼ ਲਾਏ, ਉਹ ਗਲ਼ਾ ਈ ਘੁੱਟਣ ਡਹਿ ਗਏ ਸੀ! ਮੈਂ ਗੇਮ ਤੋਂ ਨਿਗ੍ਹਾ ਹਟਾਈ ਕੀ, ਉਹ ਗੇਮਾਂ ਡੂੰਘੀਆਂ ਪਾਉਣ ਲੱਗੇ! ਮੈਂ ਟਰਮ ਜਰਾ ਕੁ ਬਦਲੀ ਕੀ, ਉਹ "ਸੱਤਿਆ" ਟਾਂਚਾਂ ਲਾਉਣ ਲੱਗੇ!
ਭੋਲੇਪਣ ਦਾ ਫਾਇਦਾ….
ਮੈਂ ਨੀਵਾਂ ਹਾਂ ਪਰ ਗਿਰਿਆ ਨਈ, ਉਹ ਨੀਂਵੇ ਪਣ ਤੇ ਹੱਸਦੇ ਨੇ! ਮੈਂ ਸਿੱਧਾ ਹਾਂ ਪਰ ਸਿੱਧਰਾ ਨਈ, ਉਹ ਸਿੱਧਰਾ ਮੈਨੂੰ ਦੱਸਦੇ ਨੇ! ਜਜਬਾਤੀ ਹਾਂ ਮੈਂ ਪੱਥਰ ਨਈ, ਉਹ ਪੱਥਰ ਕਹਿਕੇ ਪਰਤ ਜਾਦੇ! ਮੈਂ ਭੋਲਾ ਹਾਂ ਪਰ ਭੁਲੱਕੜ ਨਈ, ਉਹ ਭੋਲੇਪਣ ਨੂੰ ਵਰਤ ਜਾਦੇ!
ਸਟ੍ਰਗਲ….
ਬਸ ਚਾਲ ਹੀ ਮੱਠੀ ਕੀਤੀ ਆ, ਕੋਈ ਰੁਕੇ ਥੋੜੀ ਆਂ॥ ਨੀਂਵੇ ਜਿਹੇ ਹੋ ਕੇ ਰਹਿੰਦੇ ਆ, ਕੋਈ ਝੁਕੇ ਥੋੜੀ ਆਂ॥ ਬੇ-ਨਿਕਾਬ ਹਾਂ ਘੁੰਮਦੇ ਬਿਲਕੁੱਲ ਆਮ ਸਟ੍ਰੀਟਾਂ ਤੇ, ਬਸ ਸਟ੍ਰਗਲ ਚੱਲਦੀ ਆ, ਕੋਈ ਲੁਕੇ ਥੋੜੀ ਆਂ॥
ਪਰ ਏਦਾ ਮਤਲਬ….
ਬਸ ਕੱਲੇ ਰਹਿਣ ਨੂੰ ਜੀ ਕਰਦਾ, ਹੁਣ ਕੋਈ ਵੀ ਚੰਗਾ ਲੱਗਦਾ ਨਈ ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਤੈਨੂੰ ਨਫਰਤ ਕਰਦਾ ਹਾਂ॥ ਬਸ ਲਿਫ ਜਾਈਦਾ ਅੜਨ ਨਾਲੋ, ਨਈ ਫਾਇਦਾ ਬਾਹਲੇ ਝੇੜਿਆਂ ਚ’ ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਸੋਹਣਿਆਂ ਤੈਥੋਂ ਡਰਦਾ ਹਾਂ॥ ਬਸ ਹਾਣੀ ਟੱਪ ਗਏੇ ਬਾਡਰਾਂ ਨੂੰ, ਤੇ ਨਿੱਕਿਆਂ ਨਾ ਮੱਤ ਰਲ਼ਦੀ ਨਈ ਪਰ ਏਦਾ ਮਤਲਬ ਇਹ ਤਾਂ ਨਈ, ਕਿ ਮੈਂ ਹੀ ਕੱਲਾ ਚੱਜਦਾ ਹਾਂ॥ ਬਸ ਮੂੰਹ ਚੋ’ ਨਿਕਲੀ ਹਾਂ ਸਦਾ, ਫਿਰ ਗਿਆ ਵਰਤਿਆ ਹਰ ਵਾਰੀ ਪਰ ਏਦਾ ਮਤਲਬ ਇਹ ਤਾਂ ਨਈ, ਮੈਂ ਤੈਥੋਂ ‘ਸੱਤਿਆ’ ਭੱਜਦਾ ਹਾਂ॥
ਮਤਲਬ ਖੋਰੇ….
ਬਾਹਰੋ ਬਾਣੇ ਚਿੱਟੇ ਅੰਦਰੋਂ ਕਾਲੇ ਨੇ॥ ਮਤਲਬ ਖੋਰੇ ਬੰਦੇ ਅੱਜਕੱਲ੍ਹ ਬਾਹਲੇ ਨੇ॥ ਮੂੰਹ ਦੇ ਮਿੱਠੇ ਚੁੱਕੀ ਫਿਰਦੇ ਛੁਰੀਆਂ ਜੋ, ਆਮ ਹੀ ਫਿਰਦੇ ਥੋਡੇ ਆਲ ਦੁਆਲੇ ਨੇ॥ ਗੈਰਤ ਦੀ ਅਵਾਜ਼ ਉਸ ਚੋ ਆਉਦੀ ਨਈ, ਜਿਸਨੂੰ ਪੈ ਜੇ ਆਦਤ ਤਲਵੇ ਚੱਟਣ ਦੀ॥ ਉਸਨੇ ਰੁੱਖ ਲਗਾ ਕੇ ਪਾਣੀ ਪਾਉਣਾ ਕੀ, ਜਿਸਨੂੰ ਆਦਤ ਜੜ੍ਹਾਂ ਸੱਤਿਆ ਪੱਟਣ ਦੀ॥
ਕੀ ਫਾਇਦਾ….
ਜੇ ਤੁੰਮੇ ਨਿਕਲੇ ਕੌੜੇ ਨਾ ਤੇ ਕੀ ਫਾਇਦਾ॥ ਜੇ ਸੱਤਿਆ ਅਰਕ ਨਿਚੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਵੱਜਦੇ ਮਾਹਰ ਰਿਕਾਰਡਾਂ ਦੇ, ਜੇ ਥਾਪੀ ਮਾਰ ਕੇ ਤੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਭੇਤੀ ਬਣਕੇ ਸੁੱਟਦੇ ਆ, ਜੇ ਰਾਹ ਚੋ’ ਭੋਰੇ ਰੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਜੇ ਮਸਲਾ ਰਾਹੂ ਕੇਤੂਆਂ ਦਾ, ਜੇ ਅੱਗੇ ਪਿੱਛੇ ਦੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਕਰਜ ਚਾੜਦੇ ਹਰ ਵਾਰੀ, ਜੇ ਦੂਣੇ ਕਰਕੇ ਮੌੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਹੱਥ ਗਲਵੇ ਨੂੰ ਪਾਉਦੇ ਨੇ, ਜੇ ਹੱਥ ਉਹਨਾ ਨੇ ਜੋੜੇ ਨਾ ਤੇ ਕੀ ਫਾਇਦਾ॥ ਕੀ ਹੋਇਆ ਉਹ ਦੇਣ ਡਰਾਵਾ ਗੋਲੀ ਦਾ, ਜੇ ਹੱਥਾਂ ਤੇ ਕੱਡੇ ਫੌੜੇ ਨਾ ਤੇ ਕੀ ਫਾਇਦਾ॥
ਸ਼ੋਰ ਸ਼ਰਾਬੇ….
ਇਸ ਜੱਗ ਦੇ ਸ਼ੋਰ ਸ਼ਰਾਬੇ ਤੋਂ, ਮੇਰੀ ਰੂਹ ਹੀ ਥੱਕੀ ਪਈ ਸੱਜਣਾ। ਇਸ ਮਤਲਬ ਖੌਰੇ ਬਾਬੇ ਤੋਂ, ਇਹ ਜਿੰਦੜੀ ਅੱਕੀ ਪਈ ਸੱਜਣਾ। ਏਥੇ ਕੋਈ ਕਿਸੇ ਦਾ ਬੇਲੀ ਨਈ, ਸਭ ਆਪਣੇ ਆਪ ਨੂੰ ਰੋਂਦੇ ਆ, ਇਸ ਚਿੱਟੇ ਖੂਨ ਸਲ਼ਾਬੇ ਤੋਂ, ਮੈਂ ਕਣ-ਕਣ ਡੱਕੀ ਪਈ ਸੱਜਣਾ।
ਜਾਂਦਾ ਰਿਹਾ….
ਉਹ ਹਵਾਂ 'ਚ ਛੱਡਦੇ ਰਹੇ, ਮੈਂ ਧੁਰ ਤੱਕ ਜਾਂਦਾ ਰਿਹਾ. ਉਹ ਜੱਭਲੀਆਂ ਵੱਢਦੇ ਰਹੇ, ਮੈਂ ਸੁਰ ਤੱਕ ਜਾਂਦਾ ਰਿਹਾ. ਉਹ ਸਿਧਰਾ ਸਮਝਦੇ ਰਹੇ, ਮੈਂ ਸਿੱਧਾ ਚੱਲਦਾ ਰਿਹਾ. ਉਹ ਮਜ਼ਾਕ ਉਡਾਉਦੇ ਰਹੇ, ਮੈਂ ਹੱਸਕੇ ਝੱਲਦਾ ਰਿਹਾ. ਉਹ ਹੱਦਾਂ ਟੱਪਦੇ ਰਹੇ, ਮੈਂ ਹੱਦ 'ਚ ਰਹਿੰਦਾ ਰਿਹਾ. ਉਹ ਤੂੰ ਅਲਾਪਦੇ ਰਹੇ, ਮੈਂ ਜੀ-ਜੀ ਕਹਿੰਦਾ ਰਿਹਾ. ਉਹ ਸ਼ਕਲਾਂ ਵੇਂਦੇ ਰਹੇ, ਮੈਂ ਅਕਲਾਂ ਪੜ੍ਹਦਾ ਰਿਹਾ. ਉਹ ਕੱਪੜੇ ਨਿੰਦ ਦੇ ਰਹੇ, ਮੈਂ ਮੂਹਰੇ ਖੜ੍ਹਦਾ ਰਿਹਾ. ਉਹ ਢੋਲ ਵਜਾਉਦੇ ਰਹੇ, ਮੈ ਤਾਲ ਸਮਝਦਾ ਰਿਹਾ. ਉਹ ਚਾਲਾਂ ਚੱਲਦੇ ਰਹੇ, ਮੈਂ ਚਾਲ ਸਮਝਦਾ ਰਿਹਾ. ਉਹ ਗਲਤੀ ਕਰਦੇ ਰਹੇ, ਮੈਂ ਵਿਸ਼ਵਾਸ਼ ਕਰਦਾ ਰਿਹਾ. ਉਹ 'ਸੱਤਿਆ' ਗਿਰਦੇ ਰਹੇ, ਮੈਂ ਉਡਾਰੀ ਭਰਦਾ ਰਿਹਾ.
ਅਸੀ ਗੱਡਿਆਂ ਵਾਲੇ ਹਾਂ….
ਉਹ ਜ਼ੋਰ ਲਗਾਉਦੇ ਨੇ, ਵੱਢਣ ਲਈ ਰੁੱਖਾਂ ਨੂੰ॥ ਅਸੀ ਫਿਰ ਤੋਂ ਫੁੱਟ ਪੈਂਦੇ, ਦੇ ਪਾਣੀ ਕੁੱਖਾਂ ਨੂੰ॥ ਅਸੀ ਮੋਂਹ ਦੇ ਭਿੱਜ਼ੇ ਆਂ, ਉਹਨੂੰ ਮਾਣ ਦੌਲਤਾਂ ਦਾ॥ ਅਸੀ ਰਾਜੇ ਕੁੱਲੀਆਂ ਦੇ, ਉਹਨੂੰ ਮਾਣ ਸ਼ੌਹਰਤਾਂ ਦਾ॥ ਅਸੀ ਰਹਿਮ ਦਿਲ ਬੰਦੇ, ਉਹਨਾਂ ਹੱਥ ਦਾਤਰ ਨੇ॥ ਅਸੀ ਸਿੱਧੇ ਸਾਦੇ ਜਿਹੇ, ਉਹ ਸੱਤਿਆ ਚਾਤਰ ਨੇ॥ ਅਸੀ ਬਾਬੇ ਕਿਆਂ ਵਾਲੇ, ਓ ਬਾਬਰ ਕਹਿਲਾਉਦੇ ਨੇ॥ ਅਸੀ ਹਾਸੇ ਵੰਡਦੇ ਆਂ, ਉਹ ਪਰਜ਼ਾ ਰਵਾਉਦੇ ਨੇ! ਅਸੀ ਗੱਡਿਆਂ ਵਾਲੇ ਹਾਂ, ਉਹ ਮਾਲਕ ਗੱਡੀਆਂ ਦੇ॥ ਅਸੀ ਇੱਜਤਾਂ ਵਾਲੇ ਹਾਂ, ਉਹ ਸ਼ੌਕੀ ਨੱਡੀਆਂ ਦੇ॥ ਅਸੀ ਸੱਚ ਦੇ ਸਾਗਰ ਹਾਂ, ਉਹ ਕੱਚੇ ਚਿੱਠੇ ਆ॥ ਅਸੀ ਅਕਲਾਂ ਵਾਲੇ ਆਂ, ਉਹ ਅਕਲੋਂ ਗਿੱਠੇ ਆ॥
ਕੀ ਹੋਇਆ….
ਕੀ ਹੋਇਆ ਅੱਜ ਗ਼ਮੀਆਂ ਨੇ, ਕੱਲ੍ਹ ਚੰਨ ਚੜੂਗਾ ਸੁੱਖਾਂ ਦਾ! ਕੀ ਹੋਇਆ ਅੱਜ ਕਮੀਆਂ ਨੇ, ਕੱਲ੍ਹ ਆਗੂ ਬਣੂ ਮਨੁੱਖਾਂ ਦਾ! ਸਾਨੂੰ ਰੌਦੇ ਵੇਖਕੇ ਹੱਸਦਾਂ ਏ, ਇਹ ਹਾਸੇ ਤੈਨੂੰ ਰਵਾ ਦੇਣਗੇ! ਤੂੰ ਵੇਟ ਕਰੀਂ ਤੰਜ ਕੱਸਦਾਂ ਏ, ਤੰਜ ਤੈਨੂੰ ਸੋਚੀਂ ਪਾ ਦੇਣਗੇ!
ਉਹਦੇ ਬਾਜੋਂ….
ਭਰਨੀ ਉਡਾਰੀ ਭਰੀਂ ਆਪਣੇ ਹੀ ਦਮ ਉੱਤੇ, ਸੱਤਿਆ ਕਿਸੇ ਦਾ ਕਦੇ ਆਸਰਾ ਤਕਾਈਂ ਨਾ! ਦੁਨੀਆਂ ਖੜ੍ਹੱਪਾ ਸੱਪ ਬਚ ਜਿੰਨਾਂ ਬਚ ਹੁੰਦਾ, ਜਣਾਂ ਖਣਾਂ ਲੁੱਚਾ ਬੰਦਾ ਮਿੱਤਰ ਬਣਾਈੰ ਨਾ! ਗੱਲ ਗੱਲ ਉੱਤੇ ਸੂਹਾਂ ਰੱਖਦੇ ਨੇ ਭੈੜੇ ਲੋਕੀਂ ਪਰਖੇ ਬਗ਼ੈਰ ਬਾਹਲੀ ਨੇੜਤਾ ਵਧਾਈ ਨਾ! ਤੇਰੇ ਬਾਜੋਂ ਕੌਣ ਤੇਰਾ ਸੋਚਕੇ ਤਾਂ ਵੇਖੀਂ ਕੇਰਾਂ, ਕਿਸੇ ਉੱਤੇ ਐਵੇਂ ਝੂਠਾ ਹੱਕ ਤੂੰ ਜਤਾਈ ਨਾ! ਪ੍ਰਵਰਦਗਾਰ ਉੱਤੇ ਦਿਲ ਤੋਂ ਭਰੋਸਾ ਰੱਖੀਂ, ਉਹਦੇ ਬਾਜੋਂ ਆਸ ਕਦੇ ਕਿਸੇ ਤੇ ਲਾਈਂ ਨਾ!
ਮਜ਼ਾਕ….
ਹਰ ਵੇਲ਼ੇ 'ਸੱਤਿਆ' ਮਜ਼ਾਕ ਚੰਗਾ ਹੁੰਦਾ ਨਈ! ਦੁਸ਼ਮਣ ਕਦੇ ਵੀ ਹਲ਼ਾਕ ਚੰਗਾ ਹੁੰਦਾ ਨਈ! ਮਰਦਾਂ ਨੂੰ ਕੰਮ ਸਦਾ ਮਰਦਾਂ ਦੇ ਸੋਭਦੇ ਆ ਜਨਾਨੀਬਾਜ਼ ਬੰਦੇ ਨਾਲ ਸਾਕ ਚੰਗਾ ਹੁੰਦਾ ਨਈ! ਲਾਲਚ ਦੇ ਵਿੱਚ ਆ ਕੇ ਨਾਤਾ ਕਦੇ ਜੋੜੀਏ ਨਾਂ ਜੋੜ ਲਈਏ ਨਾਤਾ ਤੇ ਤਲਾਕ ਚੰਗਾ ਹੁੰਦਾ ਨਈ! ਸੱਜਣਾਂ ਦੇ ਘਰ ਜਾਈਏ ਅੱਖ ਨੀਂਵੀਂ ਰੱਖੀਏ ਜੀ ਚੌਕੇ ਵੱਲ ਝਾਕੇ ਜੋ ਚਲਾਕ ਚੰਗਾ ਹੁੰਦਾ ਨਈ! ਜਿਹੜੀ ਕੁੱਖ ਜੰਮਿਆਂ ਜੇ ਉਸੇ ਨੂੰ ਠੁੱਡੇ ਲਾਵੇ ਏਹੋ ਜਿਹਾ ਲਾਹਨਤੀ ਜਵਾਕ ਚੰਗਾ ਹੁੰਦਾ ਨਈ! ਰੱਬ ਦੇ ਪਿਆਰਿਆਂ ਨੂੰ ਕਦੇ ਫਟਕਾਰੀਏ ਨਾ, ਮੁੱਖ ਵਿੱਚੋਂ ਨਿਕਲਿਆ ਵਾਕ ਚੰਗਾ ਹੁੰਦਾ ਨਈ!
ਚੁੱਪ ਕੀਤਿਆਂ ਤੋਂ….
ਯਾਰਾ ਫਾਇਦਾ ਚੁੱਕਦਾਂ ਏ, ਚੁੱਪ ਕੀਤਿਆਂ ਤੋਂ। ਭੋਰਾ ਵੀ ਨਈ ਰੁੱਕਦਾਂ ਏ, ਚੁੱਪ ਕੀਤਿਆਂ ਤੋਂ। ਸਦੀਆਂ ਪਿੱਛੋਂ ਫਿਰ ਤੋਂ, ਅੱਲੇ ਜ਼ਖਮਾਂ ਤੇ,, ਲੂਣ ਜ਼ਾਲਮਾਂ ਭੁੱਕਦਾਂ ਏ, ਚੁੱਪ ਕੀਤਿਆਂ ਤੋਂ। ਇਊ ਜਾਪੇ ਜਿਊ ਪਰਖੇ, ਮੇਰੀ ਸ਼ਰਾਫ਼ਤ ਨੂੰ,, ਤਾਹੀਊ ਜਿਆਦਾ ਬੁੱਕਦਾਂ ਏ, ਚੁੱਪ ਕੀਤਿਆਂ ਤੋਂ। ਮਜ਼ਾਕ ਬਣਾਵੇਂ ਸੱਤਿਆ, ਸਾਡੀ ਫਕੀਰੀ ਦਾ, ਮੋਢਿਆਂ ਉੱਤੋਂ ਥੁੱਕਦਾਂ ਏ, ਚੁੱਪ ਕੀਤਿਆਂ ਤੋਂ।
ਬੀਤਿਆ ਵੇਲਾ….
ਲੰਘੇ ਪਾਣੀ, ਬੀਤਿਆ ਵੇਲਾ, ਮੁੜਨੇ ਨਈ ਅਖੀਰਾਂ ਨੂੰ! ਜ਼ਰ ਮੁੱਕ ਜਾਣੀ, ਵਾਜ਼ਾ ਵੱਜਣਾਂ, ਬੇਸ਼ੱਕ ਸਾਂਭ ਸਰੀਰਾਂ ਨੂੰ! ਅੱਜ ਦਾ ਕੀ ਆ, ਕੱਲ੍ਹ ਦਾ ਕੀ ਆ, ਖੁੱਲਕੇ ਮਾਣ ਹੁਲਾਰੇ ਨੂੰ! ਕੀਮਤ ਹੱਸਦੇ ਚੇਹਰੇ ਦੀ ਆ, ਪੁੱਛਦਾ ਕੌਣ ਵਿਚਾਰੇ ਨੂੰ!
ਫਿਰ….
ਜਦ ਬੱਦਲ ਚੜਦੇ ਨੇ, ਫਿਰ ਵਰਖਾ ਵਰਦੀ ਏ॥ ਜਦ ਭਾਈ ਖੜਦੇ ਨੇ, ਫਿਰ ਖਲਕਤ ਡਰਦੀ ਏ॥ ਉਹਦੇ ਇੱਕ ਝਟਕੇ ਤੇ, ਇਹ ਧਰਤੀ ਡੋਲ ਜਾਵੇ… ਜਦ ਪਾਠੀ ਪੜਦੇ ਨੇ, ਫਿਰ ਸ਼੍ਰਿਸਟੀ ਠਰਦੀ ਏ॥
ਦਿਲ ਦੇ ਅੱਖਰ
ਸੱਜਣਾ….
ਰਤਾ ਵੀ ਸਕਦੇ ਹਿੱਲ ਨਈ ਸੱਜਣਾਂ॥ ਪਰ ਤੂੰ ਕਰਦਾ ਢਿੱਲ ਨਈ ਸੱਜਣਾਂ॥ ਗੱਲ ਗੱਲ ਉੱਤੇ ਰੁੱਠ ਜਾਨਾਂ ਏ, ਸਾਡਾ ਦਿਲ ਕੀ ਦਿਲ ਨਈ ਸੱਜਣਾਂ॥ ਤੜਫ ਪਵੇਂ ਅੱਖ ਵੇਖ ਕੋਈ ਰੋਂਦੀ, ਕੀ! ਸਾਡੇ ਨੈਣੀਂ ਸਿੱਲ ਨਈ ਸੱਜਣਾਂ॥ ਤੂੰ ਹੋਰਾਂ ਦੇ ਤਿੱਲ ਫਿਰੇਂ ਹੂੰਝਦਾ, ਸਾਡੇ ਤਿੱਲ ਕੀ ਤਿੱਲ ਨਈ ਸੱਜਣਾਂ॥ ਜਿੰਦ ਨਿਸ਼ਾਵਰ ਕਰ ਬੈਠੇ ਆਂ, ਪਰ ਤੂੰ ਲਾਉਂਦਾ ਟਿੱਲ ਨਈ ਸੱਜਣਾਂ॥ ਕੋਸ਼ਿਸ਼ ਕਰ ਲੈ! ਅਸਾਂ ਦੇ ਵਰਗਾ, ਪਰ ਕੋਈ ਸਕਦਾ ਮਿਲ ਨਈ ਸੱਜਣਾ॥ ਲਿਖ ਕੇ ‘ਸੱਤਿਆ’ ਗੱਡ ਦਿੱਤੇ ਜੋ, ਇਹ ਕੀ ਦੱਸਦੈ ਕਿੱਲ ਨਈ ਸੱਜਣਾਂ॥
ਪਲ ਦੀ ਝਲਕ….
ਐਸੀ ਚੱਲੀ ਚਾਲ, ਰਤਾ ਵਾਜ਼ ਹੋਈ ਨਾਂ॥ ਠੱਕ-ਠੱਕ ਐਸੀ, ਮੱਠੀ ਸਾਜ਼ ਹੋਈ ਨਾਂ॥ ਐਸੀ ਸੀ ਚਮਕ, ਦਿਲ ਖਿੱਚ ਲੈ ਗਈ॥ ਭੋਰਾ ਵੀ ਨਾਂ ਬੋਲੀ, ਬੜਾ ਕੁੱਝ ਕਹਿ ਗਈ॥ ਐਸਾ ਸੀ ਹੁਸਨ, ਜਿਊ ਕਪਾਹੀ ਫੁੱਟੀਆਂ॥ ਨਿਰੀਆਂ ਸੁਗੰਦਾਂ, ਲਿੱਲੀ ਦੀਆਂ ਗੁੱਟੀਆਂ॥ ਫ਼ੀਮ ਜਿਹੇ ਰੰਗ ਦਾ, ਨੈਣਾਂ ਚ’ ਕੱਜਲ। ਸੁਰਤੀ ਤੇ ਬਿਰਤੀ, ਪਈ ਹੁੰਦੀ ਖੱਜਲ। ਪਲ ਦੀ ਝਲਕ, ਉਮਰਾਂ ਦਾ ਰੋਗ ਸੀ॥ ਹੱਸੇ ਜੱਗ ਸਾਰਾ, ਮੇਰੇ ਭਾਅ ਦਾ ਸੋਗ ਸੀ॥
ਮੇਰੇ ਮਾਲਕੋ….
ਤੁਸੀਂ ਦਿਲ ਨੂੰ ਸਿੱਧਾ ਡੱਸਦੇ ਓ, ਮੇਰੇ ਮਾਲਕੋ॥ ਤੁਸੀਂ ਬਾਹਲਾ ਸੋਹਣਾ ਹੱਸਦੇ ਓ, ਮੇਰੇ ਮਾਲਕੋ॥ ਮੈਂ ਸਾਹ ਵੀ ਗਿਰਵੀ ਧਰ ਸਕਦਾ ਹਾਂ ਥੋਡੇ ਲਈ, ਤੁਸੀਂ ਰੋਮ ਰੋਮ ਜਿਊ ਵੱਸਦੇ ਓ, ਮੇਰੇ ਮਾਲਕੋ॥ ਮੈਂ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹਰ ਵੇਲੇ, ਤੁਸੀਂ ਦੂਰ-ਦੂਰ ਕਿਊ ਨੱਸਦੇ ਓ, ਮੇਰੇ ਮੇਲਕੋ॥ ਇਊ ਜਾਪੇ ਇਹ ਸੂਰਤ ਜੀਂਕਣ ਘਰ ਕਰ ਗਈ ਤੁਸੀਂ ਰੂਹ ਵਿੱਚ ਜਾਂਦੇ ਧੱਸਦੇ ਓ, ਮੇਰੇ ਮਾਲਕੋ॥ ਹੁਣ ਸਮਝ ਨਾ ਆਵੇ ਸੱਤਿਆ ਹੱਲ ਸਮੱਸਿਆ ਦਾ ਤੁਸੀਂ ਇਲਾਜ਼ ਕਿਊ ਨੀਂ ਦੱਸਦੇ ਓ, ਮੇਰੇ ਮੇਲਕੋ॥
ਮੇਰੇ ਭਾਅ ਦਾ….
ਤੇਰਾ ਨੂਰ ਝਾੜਦਾ ਬੂਰ ਹਾਂ ਬਾਗ਼ੀ ਫੁੱਲਾਂ ਤੋੰ, ਤੂੰ ਬੋਲੇ ਬੁੱਲਬਲ ਵਾਂਗੂੰ ਲੱਗੇ ਪਿਆਰੀ ਨੀ! ਤੂੰ ਖੰਡ ਮੇਰੀ ਗੁਲਕੰਦ ਮੇਰੀ ਹਾਏ ਨੀਂ ਪਰੀਏ, ਤੇਰੇ ਹੁਸਨ ਉੱਤੋਂ ਮੈਂ ਵਾਰੀ ਜਾਂਵਾਂ ਵਾਰੀ ਨੀ! ਤੂੰ ਰੁੱਸਦੀ ਏਂ ਜਦ ਮੇਰੇ ਭਾਅ ਦਾ ਰੱਬ ਰੁੱਸ ਜੇ, ਤੂੰ ਹੱਸਦੀ ਏਂ ਜੱਗ ਹੱਸਦਾ-ਹੱਸਦਾ ਲੱਗਦਾ ਏ! ਦਿਲ ਕਰਦਾ ਏ ਦਿਲ ਮਰਦਾ ਏ ਨੀ ਤੇਰੇ ਤੇ, ਇੱਕ ਤੇਰੇ ਕਰਕੇ "ਸੱਤਾ" ਤੇਰਾ ਜਗ਼ਦਾ ਏ!
ਤੁਸੀਂ ਤਾਂ ਅਕਲਾਂ ਵਾਲੇ ਹੋ….
ਤੁਸੀਂ ਹੋ ਚੰਨ ਮੇਰੇ ਸੱਜਣੋ, ਤੁਸਾਂ ਦੀ ਮੈਂ ਚਕੋਰੀ ਹਾਂ। ਤੁਸੀਂ ਹੋ ਗੜਵਾ ਸੋਨੇ ਦਾ, ਤੇ ਮੈਂ ਗੜਵੇ ਦੀ ਡੋਰੀ ਹਾਂ। ਤੁਸੀਂ ਸਾਹਾਂ ਦੇ ਵਾਲੀ ਹੋ, ਤੇ ਮੈਂ ਧੜਕਣ ਹਾਂ ਸਾਹਾਂ ਦੀ। ਤੁਸੀਂ ਰਾਹਾਂ ਦੇ ਮਾਲਕ ਹੋ, ਤੇ ਮੈਂ ਪਗਡੰਡੀ ਰਾਹਾਂ ਦੀ। ਤੁਸੀਂ ਲਫਜ਼ਾ ਦੇ ਸਾਗਰ ਹੋ, ਤੇ ਲਫਜ਼ਾ ਦੀ ਕਹਾਣੀ ਮੈਂ। ਤੁਸੀਂ ਤਾਂ ਅਕਲਾਂ ਵਾਲੇ ਹੋ, ਜਮ੍ਹਾਂ ਅਕਲੋਂ ਨਿਆਣੀ ਮੈਂ। ਤੁਸੀਂ ਜਿੰਦਗੀ ਸਕੂਨਾਂ ਦੀ, ਤੇ ਮੈਂ ਮਾਣਾਂ ਸਕੂਨਾਂ ਨੂੰ। ਤੁਸੀਂ ਬੰਦਸ਼ਾ ਦੇ ਪੱਕੇ ਹੋ, ਤੇ ਮੈਂ ਮੰਨਦੀ ਕਨੂੰਨਾਂ ਨੂੰ। ਤੁਸੀਂ ਰੂਹਾਂ ਦੇ ਹਾਣੀ ਹੋ, ਵੇਖਾਂ ਜਾਂ ਰੂਹਾਂ ਖਿੜ੍ਹਦੀਆਂ ਨੇ। ਤੁਸੀਂ ਹੋ ਰਤ ਸਰੀਰਾਂ ਦੀ, ਜਿਸ ਨਾਲ ਨਾੜ੍ਹਾਂ ਗਿੜ੍ਹਦੀਆਂ ਨੇ। ਤੁਸੀਂ ਦੀਵੇ ਦੀ ਲਾਟ ਜਿਹੇ, ਤੇ ਮੈਂ ਬਲ਼ਦੇ ਘਿਊ ਵਰਗੀ। ਤੁਸੀਂ ਹੋ ਪਿਊ ਦੀ ਪੱਗ ਜੀਂਕਣ, ਤੇ ਸੱਤਿਆ ਮੈਂ ਪਿਊ ਵਰਗੀ।
ਬੇਕਦਰਾ….
ਬੇਕਦਰਾ ਬੇਕਦਰਾਂ ਵਾਲੀ ਕਰਦਾਂ ਏ॥ ਦੱਸ ਪਾਗ਼ਲਾ ਭੋਰਾ ਵੀ ਨਾਂ ਡਰਦਾਂ ਏ॥ ਮੋਂਹ ਦੀਆਂ ਤੰਦਾਂ ਪਾਂਵਾਂ ਤੈਨੂੰ ਅਸਰ ਨਈ, ਨਿੱਕੀ-ਨਿੱਕੀ ਗੱਲ ਦੇ ਉੱਤੇ ਵਰ੍ਹਦਾਂ ਏ॥ ਕੋਲ ਹੁੰਦਿਆਂ ਬੇਸ਼ੱਕ ਤੈਨੂੰ ਕਦਰ ਨਈ, ਅਰਥੀ ਪਿੱਛੇ ਲਾਜ਼ਮ ਹੰਝੂ ਵਹਾਏਂਗਾ॥ ਯਾਦ ਰੱਖੀਂ ਅੱਜ ਦੂਰ ਸੱਤਿਆ ਨੱਸਦਾ ਏ, ਛਾਤੀ ਉੱਤੇ ਘਿਊ ਪਾਂਵਣ ਤਾਂ ਆਏਂਗਾ।
ਅੱਲ੍ਹਾ ਦੀ ਮੂਰਤ ….
ਤੇਰੇ ਚੋ’ ਉਹ ਦਿੱਸਦਾ ਏ, ਉਹਦੇ ਚੋ’ ਤੂੰ ਸੱਜਣਾ ਵੇ ਵੱਖਰਾ ਹੀ ਨੂਰ ਹੁੰਦਾ ਏ, ਵੇਖਾਂ ਜਦ ਮੂੰਹ ਸੱਜਣਾ ਵੇ ਆਸ਼ਕ ਹੀ ਹੋ ਗਿਆ ਸੱਚੀ,ਅੱਲ੍ਹਾ ਦੀ ਮੂਰਤ ਦਾ ਓ ਪੱਕਾ ਪੁਜਾਰੀ ਬਣ ਗਿਆ, ਭੋਲੀ ਜਿਹੀ ਸੂਰਤ ਦਾ ਓ ਕਣਕਾਂ ਦੇ ਰੰਗ ਵਰਗੀ ਏ, ਉਹਦੀ ਤਾਂ ਫੱਬ ਅਨੌਖੀ ਘੜਕੇ ਕਲਬੂਤ ਬਣਾਈ, ਕਿੱਦਾ ਹਾਏ ਰੱਬ ਅਨੌਖੀ ਕੀਤਾ ਖੋਰੇ ਕਿਹੜਾ ਯਾਦੂ, ਦਿਲ ਦੇ ਵਿੱਚ ਵੜਦੀ ਜਾਵੇ ਪਿੰਡਾਂ ਦੀ ਲਾਹਨ ਦੇ ਵਾਗੂੰ, ਸਿਰ ਨੂੰ ਹੀ ਚੜਦੀ ਜਾਵੇ
ਇਜਾਜ਼ਤ….
ਕਿਤੇ ਫੁੱਟ ਪਈਏ ਤੇਰੇ ਸੀਨੇ ਵਿੱਚੋਂ ਫੁੱਲ ਬਣ ਕੇ, ਤੂੰ ਦਵੇਂ ਇਜ਼ਾਜਤ ਮਹਿਕਣ ਦੀ ਜੇ ਅੜ੍ਹੀਏ ਨੀ॥ ਏ ਚੰਨ ਵੀ ਫਿੱਕਾ ਪਾ ਦਈਏ ਤੇਰੇ ਸ਼ਹਿਰਾਂ ਦਾ, ਤੂੰ ਦਵੇਂ ਇਜ਼ਾਜਤ ਟਹਿਕਣ ਦੀ ਜੇ ਅੜ੍ਹੀਏ ਨੀ॥ ਹਾਣ ਦੀਏ ਕਿਵੇ ਵੇਖੀ ਕੋਇਲਾਂ ਕੂਕਦੀਆਂ, ਜੇ ਬਾਗਾਂ ਦੇ ਵਿੱਚ ਪੈਰ ਧਰ ਲਿਆ ਯਾਰਾ ਨੇ॥ ਤੂੰ ਕਰ ਤਾਂ ਸਹੀਂ ਇਸ਼ਾਰਾ ਬਿੱਲੀਆਂ ਅੱਖਾਂ ਚੋ, ਸੌਂਹ ਰੱਬ ਦੀ ਜਿੰਦ ਧਲ਼ੀ ਧਰੀ ਸਰਦਾਰਾਂ ਨੇ॥
ਤੂੰ ਕਹਿ ਤੇ ਸਹੀ….
ਤੇਰੀ ਪੀੜਾ ਨੂੰ ਪੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਤੇਰੇ ਕਦਮਾਂ ਵਿੱਚ ਖੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਉਹ ਜੁਲੀਅਟ ਫੁੱਲ ਖਰੀਦ ਕੇ ਮਹਿੰਗੀ ਕੀਂਮਤ ਦਾ, ਤੇਰੇ ਵਾਲਾਂ ਵਿੱਚ ਜੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਦੁਨੀਆਂ ਦੀ ਕੀ ਗੱਲ ਕਰਦੈਂ ਅਸੀ ਤੇਰੇ ਲਈ, ਰੱਬ ਨਾਲ ਵੀ ਲੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਤੂੰਬਾ-ਤੂੰਬਾ ਹੋ ਸਕਦੇ ਆਂ ਤੁਸਾਂ ਨੂੰ ਪਾਉਣ ਲਈ, ਤੇਰੀ ਨਾਂਹ ਦੀ ਭੇਟ ਚੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ ਹਾਏ ਲੱਕੜ ਰੰਗਿਆ ਯਾਰਾ ਵੇ ਦਿਲਦਾਰਾ ਵੇ, ਅਸੀ ਲੱਕੜਾਂ ਤੇ ਸੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥ “ਫਰੀਦਸਰਾਈਆ” ਜ਼ਿੰਦਗੀ ਭਰ ਦੇ ਦੋਸ਼ ਤੇਰੇ, ਅਸੀ ਆਪਣੇ ਤੇ ਮੜ੍ਹ ਸਕਦੇ ਹਾਂ, ਤੂੰ ਕਹਿ ਤੇ ਸਹੀ॥