Punjabi Poetry : Satgur Singh

ਪੰਜਾਬੀ ਕਵਿਤਾਵਾਂ : ਸਤਗੁਰ ਸਿੰਘਲੋਕ ਤੱਥ

ਜੱਟ ਜੇ ਫਕੀਰ ਮਾੜਾ, ਰੰਘੜ ਅਮੀਰ ਮਾੜਾ ਡੋਗਰਾ ਜੇ ਮੀਰ ਮਾੜਾ, ਰਾਜ ਭਾਗ ਚੱਟਜੇ । ਵੈਦ ਬੁਰਿਆਰ ਮਾੜਾ, ਤੋੜਨਾ 'ਕਰਾਰ ਮਾੜਾ ਝੂਠੇ ਤੇ 'ਤਬਾਰ ਮਾੜਾ, ਚਾਹੇ ਸੌਹਾਂ ਚੱਕਜੇ। ਚੋੰਦੀ ਹੋਵੇ ਛੱਤ ਮਾੜੀ, ਭਾਈ ਨਾਲ ਖੱਟ ਮਾੜੀ ਤੀਵੀਂ ਕੌਲੀ ਚੱਟ ਮਾੜੀ, ਭਲੇ ਦੇ ਨਾ ਵੱਸਦੀ। ਲੰਘ ਜਾਵੇ ਵੱਤ ਮਾੜੀ, ਧੁੰਨੀ ਥੱਲੇ ਸੱਟ ਮਾੜੀ, ਖੋਟੀ ਹੋਵੇ ਮੱਤ ਮਾੜੀ, ਖੂਹਿਆਂ ਨੂੰ ਨੱਸਦੀ। ਬੈਅ ਹੋਵੇ ਚੌਲ ਮਾੜਾ, ਸੱਥ ਵਿਚ ਬੌਲ ਮਾੜਾ, ਗੁਰੂ ਨੂੰ ਮਖੌਲ ਮਾੜਾ, ਭੁੱਲ ਕੇ ਨਾ ਕਰੀਏ। ਦੁੱਧ ਚ ਪਿਆਜ਼ ਮਾੜਾ, ਵਧਜੇ ਵਿਆਜ਼ ਮਾੜਾ ਗਧੇ ਸਿਰ ਤਾਜ ਮਾੜਾ, ਭੁੱਲਕੇ ਨਾ ਧਰੀਏ। ਭਾਬੜੋ ਨੂੰ ਮੱਛੀ ਦੇਣੀ, ਹਲਕੇ ਨੂੰ ਲੱਸੀ ਦੇਣੀ ਝੋਟਿਆਂ ਨੂੰ ਖੱਸੀ ਦੇਣੀ, ਕੰਮ ਨੇ ਗਵਾਰ ਦੇ। ਓਕੜੂ ਜੇ ਹੱਲ ਮਾੜਾ, ਖੱਤਰੀ ਨੂੰ ਝੱਲ ਮਾੜਾ ਕਮਲਾ ਜੇ ਮੱਲ ਮਾੜਾ, ਤਿੰਨੇ ਨਾਸ ਮਾਰਦੇ। ਸੂਰਮੇ ਨੂੰ ਸਹਿਮ ਮਾੜਾ, ਜੋਗੀ ਹੋਵੇ ਵਹਿਮ ਮਾੜਾ ਹਾਉਮੈ ਆਜੇ ਟੈਮ ਮਾੜਾ, ਸਤਗੁਰਾ ਸੱਚ ਜੀ। ਗੁੱਜਰ ਗਵਾਰ ਮਾੜਾ, ਕਿੰਗ ਹਥਿਆਰ ਮਾੜਾ ਡੂੰਮ ਦਾ ਖੁਮਾਰ ਮਾੜਾ, ਤੋੜ ਦਿੰਦਾ ਲੱਤ ਜੀ। **** ਸੱਪ ਦਾ ਤੁਆਮ ਖਾਣਾ, ਜੋਧਿਆਂ ਦਾ ਨਾਮ ਖਾਣਾ, ਨਿੱਤ ਦਾ ਹਰਾਮ ਖਾਣਾ, ਸੋਭਦਾ ਨਾ ਬੰਦੇ ਨੂੰ । ਉੱਤੋਂ ਦੀ ਜੁਆਈ ਪੈਜੇ, ਆਕੜ ਕੇ ਦਾਈ ਬਹਿਜੇ ਮੋੜ ਦੇਣੀ ਸਾਈ ਪੈਜੇ, ਚੱਟ ਲਈਏ ਥੰਦੇ ਨੂੰ। ਪੁੱਤ ਜੇ ਸ਼ਰਾਬੀ ਹੋਵੇ, ਰੰਨ ਬੇ ਹਿਸਾਬੀ ਹੋਵੇ, ਧੀ 'ਚ ਖਰਾਬੀ ਹੋਵੇ, ਤੋੜ ਦੇਣ ਲੱਕ ਨੂੰ । ਗੌਸ ਵਾਲਾ ਪੀਰ ਚੰਗਾ, ਕੌਸ ਵਾਲਾ ਨੀਰ ਚੰਗਾ ਰੌਲ਼ੇ ਦਾ ਅਖੀਰ ਚੰਗਾ, ਮੇਟ ਦਿੰਦਾ ਫੱਟ ਨੂੰ। ਸੂਰਮੇ ਨੂੰ ਕੰਡ ਮਾੜੀ, ਆਸ਼ਕੀ 'ਚ ਸੰਗ ਮਾੜੀ ਫੱਟ ਹੋਵੇ ਖੰਡ ਮਾੜੀ, ਮਿੱਠੇ ਦੇ ਮਰੀਜ਼ ਨੂੰ। ਕਾਨਾ ਜੇ ਕਮਾਦ ਹੋਵੇ, ਚੌਪਟਾਂ ਦਾ ਰਾਜ ਹੋਵੇ, ਕੰਚਨੀ ਨਾ ਨਾਜ਼ ਹੋਵੇ, ਫੋਲੀਏ ਨਸੀਬ ਨੂੰ। ਕਾਜ਼ੀ ਜੇ ਹਰਮ ਜਾਵੇ, ਡੂਮ ਜੇ ਸ਼ਰਮ ਖਾਵੇ, ਜਿੰਦ 'ਚੋੰ ਮਰਮ ਜਾਵੇ, ਤਿੰਨੇ ਗੱਲਾਂ ਖੋਟੀਆਂ। ਮਜ਼ਬਾਂ ਦੇ ਵਾਦ ਉੱਤੇ, ਮੱਚਦੇ ਪੰਜਾਬ ਉੱਤੇ, ਮੰਤਰੀ ਫਸਾਦ ਉੱਤੇ, ਸੇਕਦੇ ਨੇ ਰੋਟੀਆਂ। ਚਿੱਤ ਜੇ ਜਮੀਨ ਹੋਵੇ, ਹੌਸਲਾ ਮਤੀਨ ਹੋਵੇ, ਜਿੱਤ 'ਚ ਯਕੀਨ ਹੋਵੇ, ਕਦੇ ਨਹੀੰ ਹਾਰਦੇ। ਅਕਲਾਂ ਦੀ ਹੱਟ ਹੈਨੀ, ਗਾਲ ਬਿਨਾ ਜੱਟ ਹੈਨੀ, ਬੋਲੇ ਬਿਨਾ ਭੱਟ ਹੈਨੀ, ਸਤਗੁਰਾ ਸਾਰਦੇ। ***** ਹੁਸੈਨਾ ਤੇਲੀ , ਜ਼ੋਰ ਦੀ ਗੇਲੀ, ਭੀਮ ਦਾ ਬੇਲੀ ਘਾਣੀਆਂ ਪੰਜ ਸੀ ਕੱਢਦਾ ਸ਼ਾਮੀਂ। ਧਰਮਾਂ ਮੱਲ, ਅਕਲ ਦੀ ਖੱਲ, ਸ਼ਰਤ 'ਤੇ ਮੱਲ ਢਾਉਣ ਦਾ ਵੱਲ ਬੜਾ ਵਰਿਆਮੀ। ਭੱਟ ਨਾ ਦਾਨੀ, ਗੜਕ ਜਨਾਨੀ, ਬਾਹਮਣ ਦਾ ਛੁਰਾ, ਸ਼ਾਹ ਦਾ ਤੁਰਾ ਨੇ ਬੁਰੀ ਅਸਾਮੀ। ਬੋਰੀਆ ਬੋਲੇ, ਕੁਫਰਾਂ ਤੋਲੇ, ਕੀ ਵਾਹ ਨੂੰ ਛੋਲੇ ਕੰਬੋ ਨੂੰ ਟੋਲੇ, ਬੁੱਲ੍ਹਾਂ 'ਤੇ ਹਾਸੇ ਚਿੱਤ ਨਕਾਮੀ। ਤੇਗ ਦੇ ਬੱਕਰੀ, ਸਮੇਂ ਦੀ ਝੱਕਰੀ ਕਦੇ ਨਾ ਰੱਜੇ, ਖੂਹਣੀਆਂ ਕੱਜੇ ਸਦਾ ਹੀ ਭੁੱਖੀ। ਸ਼ਾਹ ਦੀ ਪੱਟੀ, ਖਾ ਗਈ ਹੱਟੀ, ਕੁਲੈਣੀ ਜੱਟੀ ਲੁੱਟ ਕੇ ਛੀਟਾਂ ਘੁਰਦੀ ਮੁੱਕੀ। ਜੱਟ ਨਾ ਸੱਕੇ, ਲੈ ਜਾਈੰ ਮੱਕੇ, ਛਿੱਟੇ ਜਦ ਪੱਕੇ ਸਕੇ ਹੀ ਧੱਕੇ ਬਣੇ ਨਾ ਬੇਲੀ। ਸਾਉਣ ਦਾ ਪੁਰਾ, ਸ਼ੇਰ ਦਾ ਖੁਰਾ, ਨਾਦਰ ਦਾ ਤੁਰਾ ਨਾ ਛੱਡ ਇਕੇਲੀ। **** ਜੱਟ ਦੀ ਵਾਰ, ਸੁਣੀ ਸਰਦਾਰ, ਮੈਂ ਲਵਾਂ ਸਵਾਰ, ਤੂੰਬੇ ਦੀ ਤਾਰ ਓ ਜ਼ਰਾ ਖਲੋ ਕੇ। ਮੋਈ ਸਰਕਾਰ, ਡੋਗਰੇ ਯਾਰ, ਨਾ ਸੇਫ ਕੁਆਰ, ਖੂਨੀ ਅਖਬਾਰ ਓ ਪੜੀਏ ਧੋ ਕੇ। ਪਿਉ ਤੋ ਪੁੱਛ, ਧੀਆਂ ਦੇ ਦੁੱਖ, ਅਮਲੀ ਪੁੱਤ, ਗਿਆ ਏ ਮੁੱਕ, ਕਿਸੇ ਦਾ ਕੋਈ। ਤਵੇ ਦਾ ਸੇਕ, ਖਾ ਗਿਆ ਖੇਤ, ਓ ਬਣਗੀ ਰੇਤ, ਨਾ ਲਗਦਾ ਭੇਤ ਗੱਲ ਕੀ ਹੋਈ। ਪੁਲਿਸ ਦੀ ਜੋਟੀ, ਬੜੀ ਹੀ ਖੋਟੀ, ਮੰਗਦੀ ਮੋਟੀ, ਵਿਖਾ ਕੇ ਸੋਟੀ ਕੀ ਕਹੇ ਅਜ਼ਾਦੀ। ਹੱਕਾਂ ਦੇ ਰਾਖੇ, ਖਲੋ ਗਏ ਪਾਸੇ, ਧੀਆਂ ਲਈ ਮਾਸੇ ਜੇ ਮੰਗੀਏ ਹਾਸੇ, ਕਹਿਣ ਅੱਤਵਾਦੀ। ਗੋਰੇ ਦੀ ਯਾਰੀ, ਬੜੀ ਖੁਆਰੀ, ਭੋਗ ਕੇ ਨਾਰੀ, ਲੈ ਗਿਆ ਲਾਹ ਕੇ ਝਾਜਰਾਂ ਭਾਰੀ। ਦੁੱਧ ਦੀ ਪਾਲੀ, ਨਸ਼ੇ ਨੇ ਖਾ ਲੀ, ਵਿਆਹੇ ਚਾਲੀ, ਛੜੇ ਪੰਨਤਾਲੀ, ਨਾ ਜੁੜੇ ਕੁਆਰੀ। ਖੇਤਾਂ ਦਾ ਪੁੱਤ, ਸਾੜ ਕੇ ਕੁੱਪ, ਕਰ ਗਿਆ ਧੁੱਪ, ਹਾਲੇ ਵੀ ਚੁੱਪ ਬੁਰੀ ਸਰਕਾਰੇ। ਨਾਦਰੀ ਲੁੱਟ, ਜਹਿਰ ਦੇ ਘੁੱਟ, ਗਵਾ ਲਏ ਟੁੱਕ, ਰਹੇ ਨਾ ਸੁੱਖ, ਮਰਨ ਹਰਕਾਰੇ। ਕੁੱਕੜਾਂ ਰੇਟ, ਨਾ ਕੁੜੀਆਂ ਵੇਚ, ਰੱਬ ਨੂੰ ਵੇਖ, ਮੁੜਨਗੇ ਲੇਖ, ਆਖਦੀ ਬਾਣੀ। ਦੁੱਲਿਆ ਪੁੱਤਾ, ਕਿਉਂ ਗਾਫਲ ਸੁੱਤਾ, ਚੁੱਲੇ ਤੇ ਕੁੱਤਾ, ਮਾਰ ਕੇ ਜੁੱਤਾ ਪਿਆ ਦੇ ਪਾਣੀ। ਰੋਟੀ ਦੀ ਮੰਗ, ਕਰਾਵੇ ਜੰਗ, ਤੋੜਦੀ ਅੰਗ , ਨਾ ਜੁੜਦੇ ਛੰਦ, ਬਹੱਤਰ ਕਲੀਏ। ਮਾਣਦੀ ਸੇਜਾਂ, ਵਾਂਗ ਗਰੇਜਾਂ, ਖਾਲੀ ਨੇ ਜੇਬਾਂ, ਖਤ ਕੀ ਭੇਜਾਂ ਨਾ ਗਲ਼ਣੇ ਦਲੀਏ। **** ਰੰਨ ਡਾਹਢੇ ਦੀ ਰਾਤੀ ਮੂੰਹ ਜ਼ੋਰ ਹੋਈ, ਮੁੰਡਾ ਕੰਮੀਆਂ ਦਾ ਬੇਲੇ ਦੀ ਠਾਠ ਹੈ ਜੀ। ਭੂਰੇ ਵਾਲਿਆਂ ਮੁਲਕ 'ਤੇ ਰਾਜ ਕੀਤਾ, ਹਾਲੇ ਅੱਜ ਜਾਂ ਕੱਲ੍ਹ ਦੀ ਬਾਤ ਹੈ ਜੀ। ਤੇਰੇ ਚਿੱਤ ਦੀ ਚਿੜੀ ਨਾਲ ਲੱਗੇ ਰਾਜੀ, ਤੈਨੂੰ ਹਿਰਸ ਪਲੀਤ ਦਾ ਤਾਪ ਹੈ ਜੀ। ਸਤਗੁਰ ਸਿੰਘਾ ਇਸ਼ਕ ਦਾ ਵੱਟ ਤੇਰਾ, ਜੱਗ ਜਹਾਨ ਦੇ ਭਾਉ ਦਾ ਸਾਪ ਹੈ ਜੀ। **** ਸ਼ਿਵ ਜੇਹਾ ਸੋਗ ਹੈਨੀ, ਭੂਪੇ ਜੇਹਾ ਭੋਗ ਹੈਨੀ, ਗੋਰਖ ਜਾ ਜੋਗ ਹੈਨੀ ਮੱਤ ਦੇਵੇ ਨਿੰਦ ਕੇ। ਕੈਸ ਜਿਹਾ ਝੱਲ ਹੈਨੀ, ਕੌਸ ਜੇਹਾ ਜੱਲ ਹੈਨੀ ਬੁੱਲੇ ਜਿਹੀ ਅੱਲ ਹੈਨੀ, ਰੱਖਦਾ ਸੀ ਲਿੰਬ ਕੇ। ਜੀਲ ਜੇਹਾ ਰਾਗ ਹੈਨੀ, ਸਾਰ ਜੇਹਾ ਦਾਗ ਹੈਨੀ ਮਿਸਰ ਜੇਹਾ ਬਾਗ ਹੈਨੀ, ਅਮਰਫਲ ਲੱਭਜੇ। ਵੈਦ ਲੁਕਮਾਨ ਜੇਹਾ, ਯਵਨ ਦੇ ਦਾਨ ਜੇਹਾ ਬਣ ਜੇ ਮਖਾਣ ਜੇਹਾ, ਜੇ ਅਕ-ਰਸਾ ਚੱਬਜੇ। ਹਾਂਸ ਜੇਹਾ ਸ਼ਹਿਰ ਹੈਨੀ, ਹੀਰ ਜੇਹੀ ਬਹਿਰ ਹੈਨੀ ਵਾਰੇ ਜਿਹਾ ਸ਼ਾਇਰ ਹੈਨੀ, ਚੇਲੜਾ ਕਸੂਰ ਦਾ। ਨੂਹ ਜੇਹਾ ਤੂਫਾਨ ਹੈਨੀ, ਬੱਟ ਜਿਹਾ ਵਾਣ ਹੈਨੀ, ਮੂਸੇ ਵਾਗੂੰ ਤਾਣ ਹੈਨੀ ਸਾਨੂੰ ਕੋਹਿਤੂਰ ਦਾ। ਰਾਂਝੇ ਜੇਹੀ ਆਹ ਹੈਨੀ, ਧਰੂ ਜੇਹੀ ਮਾਂ ਹੈਨੀ ਨਾਨਕ ਜਾ ਨਾਂ ਹੈਨੀ, ਲਈਏ ਰੂਹ ਖਿਲਜੇ। ਪੰਜਾਬ ਜੇਹਾ ਦੇਸ ਹੈਨੀ, ਕਾਰੂ ਜਿਹਾ ਸੇਠ ਹੈਨੀ ਯੂਸਫ ਜਿਹੇ ਲੇਖ ਹੈਨੀ, ਖੂਹੋਂ ਰਾਜ ਮਿਲਜੇ। ਤਖ਼ਤ ਸੁਲੇਮਾਨ ਜੇਹਾ, ਯੂਨਸ ਦੇ ਹਾਣ ਜੇਹਾ ਪਾਰਸ ਯੂਨਾਨ ਜੇਹਾ, ਯੁੱਧ ਨਹੀਂ ਮੱਚਣਾ। ਔਲੀਆ ਦਗੋਲੀ ਹੋਜੇ, ਸੇਖ ਜੇ ਕਬੋਲੀ ਹੋਜੇ ਹਾੜ ਵਿਚ ਹੋਲੀ ਹੋਜੇ, ਕਰੋ ਪਰਦੱਖਣਾ। ਹੁਸੈਨੀ ਜਿਹੀ ਧਾਰ ਹੈਨੀ, ਹੀਰ ਜੇਹੀ ਨਾਰ ਹੈਨੀ ਪੋਟਿਆਂ ਤੇ ਭਾਰ ਹੈਨੀ, ਬੇਟੀ ਜਿਉਂ ਤੈਮੁਸ ਦੀ। ਨਦੀ ਨਾ ਝਨਾਰੇ ਜਿਹੀ, ਆਸ਼ਕੀ ਬੁਖਾਰੇ ਜਿਹੀ, ਸਦੀ ਨਾ ਸਿਤਾਰੇ ਜਿਹੀ, ਮੁੜ ਆਉਣੀ ਰੂਸ ਦੀ। ਕਜ਼ਾ ਜੇ ਨਿਮਾਜ਼ ਹੋਜੇ, ਚੌਪਟਾਂ ਦਾ ਰਾਜ ਹੋਜੇ, ਤਰੰਟੀ ਸਿਰ ਤਾਜ਼ ਹੋਜੇ, ਮੁੰਨ ਲਵੋ ਦਾਹੜੀਆਂ। ਜੀਭਾਂ ਬੁਰੇ ਚੱਟੀਆਂ ਨੂੰ, ਸੇਜ਼ਾਂ ਉੱਤੋਂ ਸੱਟੀਆਂ ਨੂੰ, ਸਤਗੁਰਾ ਛੱਟੀਆਂ ਨੂੰ ਤੋਰੀਏ ਅਗਾੜੀਆਂ।

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਵਾਰਤਕ, ਸਤਗੁਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ