Punjabi Poetry : Ritu Vasudev

ਪੰਜਾਬੀ ਕਵਿਤਾਵਾਂ : ਰਿਤੂ ਵਾਸੂਦੇਵ



ਤੌਬਾ ਕਰਕੇ ਕ਼ਤਲ ਕਰੇਂਦਾ

ਤੌਬਾ ਕਰਕੇ ਕ਼ਤਲ ਕਰੇਂਦਾ ਮੁੱਲਾਂ ! ਤੂੰ ਅਰਮਾਨਾਂ ਦੇ ਕਰਦਾ ਰਹਿੰਦਾ ਵਿੱਚ ਮਦਰੱਸੇ ਬਹਿ ਤਫ਼ਸੀਰ ਕੁਰਾਨਾਂ ਦੇ ਤੈਥੋਂ ਮਿਲ਼ੀ ਨਸੀਹਤ ਸਾਨੂੰ ਕੌਡੀ ਦੇ ਭਾਅ ਲਗ਼ਦੀ ਏ ਸਾਡੀ ਠੋਕਰ ਉੱਤੇ ਰਹਿੰਦੇ ਨੇ ਰੁੱਤਬੇ ਸੁਲਤਾਨਾਂ ਦੇ ਕਿਬਲੇ ਤੇ ਮਦਰੱਸੇ ਅੰਦਰ ਮਰਜ਼ੀ ਤੇਰੀ ਚਲਦੀ ਹੋਊ ਉਹਦੀ ਮਰਜੀ ਤੇ ਘਰ ਚਲਦੇ ਅਲੀ, ਕੁਰੈਸ਼ਾਂ, ਖ਼ਾਨਾਂ ਦੇ ਹੁਣ ਤੇਰੀ ਇਹ ਹਿਟਲਰਸ਼ਾਹੀ ਸਾਡੇ 'ਤੇ ਨਹੀਂ ਚੱਲ ਸਕਦੀ ਤੇਰੇ ਫ਼ਤਵੇ ਦੀ ਕੀਮਤ ਨੇ ਮੁੱਲ ਸਾਡੀਆਂ ਜਾਨਾਂ ਦੇ ਆਖ! ਆਪਣੇ ਮੌਲੇ ਨੂੰ ਕਿ ਸਾਂਝਾ ਚੁੱਲ੍ਹਾ ਕਰ ਲਏ ਹੁਣ ਕਾਹਨੂੰ ਬੁਰਕ ਸ਼ਰਾ ਦਾ ਪਾ ਕੇ ਚੋਜ ਕਰੇਂ ਭਗਵਾਨਾਂ ਦੇ ਰੂਹਦਾਰੀ ਨੂੰ ਵੰਡਣ ਲਈ ਤੂੰ ਕਸਰ ਕੋਈ ਨਾ ਛੱਡੀ ਪਰ ਚਿਲਮ ਤੇਰੀ ਦੇ ਹਾਣੀ ਹੋ ਗਏ ਪੱਤ ਅਸਾਡੇ ਪਾਨਾਂ ਦੇ ਚੜ੍ਹਦੇ ਲਹਿੰਦੇ ਇੱਕੋ ਹੀ ਸੀ ਇੱਕੋ ਹੀ ਨੇ ਰਹਿਣੇ ਇਹ ਵੱਖ-ਵਾਦ ਤੇਰੇ ਤੋਂ ਉੱਚੇ ਕੱਦ ਸਾਡੀਆਂ ਸ਼ਾਨਾਂ ਦੇ ਮੇਰੇ ਕਾਇਦੇ ਅੰਦਰ ਲਿਖਿਆ ਊੜਾ ਤੇਰੇ ਅਲਿਫ਼ ਕਿਉਂ? ਪੈਸੇ ਲਈ ਮੰਡੀ ਪਏ ਵਿਕਦੇ ਇਲਮ ਮੇਰੇ ਵਿਦਵਾਨਾਂ ਦੇ ਵੇਖੀਂ! ਇੱਕ ਦਿਨ ਰਾਜ ਕਰਨਗੇ ਗਲ਼ 'ਚੋਂ ਤੌਕ਼ ਉੱਤਰਿਆ ਜੇ ਅੰਦਰ ਸੋਚ ਗ਼ੁਲਾਮਾਂ ਵਾਲ਼ੀ ਉੱਤੇ ਸਿਰ ਇਨਸਾਨਾਂ ਦੇ ਲੈ ਕੇ ਛੱਜ ਇਲਮ ਦਾ ਆਉੰਦੇ ਜਾਂਦੇ ਨੇ ਖ਼ਾਲੀ ਹੋ ਕੇ ਅਕਸਰ ਜੋੜੇ ਰਹਿ ਜਾਂਦੇ ਨੇ ਮੇਰੇ ਘਰ ਮਹਿਮਾਨਾਂ ਦੇ ਬੱਚਿਆਂ ਤਾਈਂ ਸਬਕ ਸਿਖਾ ਤੂੰ ਸਾਂਝੀਵਾਲ਼ ਮੁਹੱਬਤ ਦਾ ਰੱਟੇ ਲਾ ਲਾ ਯਾਦ ਕਰਾਉਂਦਾ ਫ਼ਿਕਰੇ ਰੋਜ ਆਜ਼ਾਨਾਂ ਦੇ 'ਵਾਸੂ' ਵਰਗੇ ਮਾਣ ਕਲਮ ਦਾ ਕਰਦੇ ਨੇ ਜੋ ਲਿਫ਼ - ਲਿਫ਼ ਕੇ ਪੈਰੋਂ ਨੰਗੇ, ਕੱਲਮਕੱਲੇ ਰਾਹ ਪੈਣੇ ਸ਼ਮਸ਼ਾਨਾਂ ਦੇ

ਰੱਬ ਹੋਣ ਦੀ ਡਿਗਰੀ ਲੈ ਕੇ

ਰੱਬ ਹੋਣ ਦੀ ਡਿਗਰੀ ਲੈ ਕੇ ਕਰਦਾ ਏਂ ਮਨਮਾਨੀ ਏਦਾਂ ਕਿਹੜਾ ਬਚ ਜਾਣਾਂ ਏਂ ਚੜ੍ਹਕੇ ਤੂੰ ਅਸਮਾਨੀ ਲਾਰੇ ਤੇਰੇ ਝੰਬ ਦੇਣੇ ਨੇ ਤਿੱਖੇ ਮੇਰੇ ਸਵਾਲਾਂ ਹੁਣ ਨਹੀਂ ਤੇਰੇ ਕੰਮ ਆਉਣੀਆਂ ਇਹ ਚੁੱਪੀ ਦੀਆਂ ਢਾਲਾਂ ਸਾਡੀ ਧਰਤ ਦੇ ਵਿਹੜੇ ਚੜ੍ਹੀਆਂ ਵੈਣ ਪਾਉਂਦੀਆਂ ਧੁੱਪਾਂ ਸਾਡੇ ਬੁੱਲ੍ਹਾਂ ਹਿੱਸੇ ਆਈਆਂ ਕਬਰਾਂ ਵਰਗੀਆਂ ਚੁੱਪਾਂ ਗੁਰਬਤ ਵਾਲ਼ੇ ਘਾਹ ਉੱਗੇ ਨੇ ਸਾਡੇ ਚੌਂਕੇ - ਚੁੱਲ੍ਹੇ ਸਾਡੇ 'ਜਣੇ' ਕਰੰਗ ਹੋ ਗਏ ਤੇਰੇ ਨੈਣ ਨਾ ਖੁੱਲ੍ਹੇ ਸਾਡੇ ਇਸ਼ਕ ਦੇ ਪੜ੍ਹੇ ਮਰਸੀਏ ਹੋਣੀ ਲਾ - ਲਾ ਹੇਕਾਂ ਕਿਉਂ ਨਾ? ਸਾਡੇ ਵਿਹੜੇ ਉੱਗੀਆਂ ਉੱਧਲ਼ ਜਾਣ ਧਰੇਕਾਂ ਰੋਜ਼ ਮੇਰੀ ਵੱਖੀ ਨਾਲ਼ ਲੱਗਾ ਢਿੱਡੋਂ ਜਾਇਆ ਰੋਵੇ ਦੱਸ! ਤੇਰੇ ਵਿਸਮਾਦੀ ਦਿਲ ਨੂੰ ਪੀੜ ਕਿਉਂ ਨਾ ਹੋਵੇ? ਸਾਨੂੰ ਖ਼ੌਫ਼ ਨਸ਼ੱਤਰੀ ਦੇ ਕੇ ਪੰਡਿਤ ਭਰਦਾ ਈ ਗੱਲੇ ਸਾਡੀ ਕ਼ਿਸਮਤ ਕੀ ਬਦਲਣਗੇ? ਇਹ ਤਾਂਬੇ ਦੇ ਛੱਲੇ ਤੇਰੇ ਏਸ ਪਖੰਡ ਦੇ ਉੱਤੇ ਸੋਚ ਨਾ ਸਾਡੀ ਟਿਕਦੀ ਇਕ ਵਾਰੀਂ ਅਸਤੀਫਾ ਦੇ ਦੇ ਵੇਖੀਂ ਕਿਸ ਭਾਅ ਵਿਕਦੀ!

ਅਸਾਂ ਨਾਨਕ ਬਾਣੀ ਪੜ੍ਹਦਿਆਂ

ਅਸਾਂ ਨਾਨਕ ਬਾਣੀ ਪੜ੍ਹਦਿਆਂ ਸਭ ਰੋਜੇ ਲਏ ਲੰਘਾ ਸਾਡੇ ਪੁਰਖੇ ਦੇਣ ਸ਼ਹਾਦਤਾਂ ਸਾਨੂੰ ਕੀ ਈਦਾਂ ਦੇ ਚਾਅ ਸਾਡੇ ਹੱਥੀਂ ਅੱਟਣ ਪਾ ਗਏ ਕਿਰਪਾਨਾਂ ਦੇ ਦਰਿਆ ਤੇਰੀ ਤਸਬੀ ਫਿਰੀ ਤੋਂ ਸੌ ਗੁਣੇ ਅਸੀਂ ਗਾਟੇ ਲਏ ਲੁਹਾ ਤੂੰ ਗ਼ੈਰਤ ਗਿਰਵੀ ਰੱਖ ਲਈ ਸਾਡਾ ਅਣਖਾਂ ਦੇ ਨਾਲ ਵਾਹ ਸਾਡਾ ਮੱਕਾ ਵਿੱਚ ਸਰਹੰਦ ਦੇ ਸਾਡੇ ਮੁਕਸਰ ਵੱਲ ਨੂੰ ਰਾਹ ਸਾਡੇ ਸੀਨੇ ਸੱਲ੍ਹ ਅਵੱਲੜੇ ਸਾਨੂੰ ਫਿਰ ਵੀ ਗੂੜ੍ਹੇ ਚਾਅ ਸਾਡੇ ਵਿਰਸੇ ਸਾਂਭੇ ਬੁੱਕਲੀਂ ਇਤਿਹਾਸਾਂ ਦੇ ਉਲਥਾਅ ਤੂੰ ਗਿਣਦੇ ਨੇ ਮੁੱਕ ਜਾਵਣਾ ਵੇ ਲਾਸ਼ਾਂ ਦੇ ਦਰਿਆ

ਜੇ ਸਾਂਭਿਆ ਜਾਂਦਾ ਸਾਂਭ ਲੈ

ਜੇ ਸਾਂਭਿਆ ਜਾਂਦਾ ਸਾਂਭ ਲੈ ਦਿੱਲੀਏ ! ਵੇਲ਼ੇ ਸਿਰ ਤਾਜ ਤੇਰੇ ਤਖ਼ਤ ਦੇ ਉੱਤੇ ਕਮਲ਼ੀਏ! ਕੋਈ ਜਬਰੀ ਕਰਦਾ ਈ ਰਾਜ ਸਾਡੀ ਵੁੱਕਤ ਜਾਂਦੀ ਮੁੱਕਦੀ ਕੁਝ ਲਿਆ ਮਾਮਲੇ ਖਾ ਸਾਡਾ ਹਾਕਮ ਅੱਖਾਂ ਮੀਟ ਕੇ ਸਾਨੂੰ ਦੇਂਦਾ ਹੁਕਮ ਸੁਣਾ ਤੇਰਾ ਲਹੂ ਸਫ਼ੈਦਾ ਹੋ ਗਿਆ ਤੇ ਅੱਖਾਂ ਹੋਈਆਂ ਲਾਲ ਦਿੱਲੀਏ! ਤੂੰ ਕਰਦੀ ਸਾਜਿਸ਼ਾਂ ਸਾਡੇ ਮੁੱਢੋਂ ਆਈ ਨਾਲ਼ ਪਹਿਲਾਂ ਪੁੱਤ ਅਸਾਡੇ ਨਿਗਲ਼ ਗਈ ਹੁਣ ਰਿਜਕ ਤੇ ਰੱਖੀ ਅੱਖ ਤੂੰ ਕੀ - ਕੀ ਕਰਨਾ ਲੋਚਦੀ? ਨੀ ਸਾਡੇ ਕੋਲੋਂ ਵੱਖ ਅਸੀਂ ਲਈ ਆਜਾਦੀ ਤਰਸ ਕੇ ਤੇਰੇ ਢਿੱਡੀਂ ਪੀੜਾਂ ਹੋਣ ਨੀ ਦਿੱਲੀਏ! ਸਾਡੇ ਹੱਕ ਦੀ ਦੱਸੀਂ ਤੂੰ ਲਗਦੀ ਕੌਣ? ਤੇਰਾ ਪਰਦਾ ਆਏ ਕੱਜਦੇ ਤੇਰੇ ਸਿਰ ਤੇ ਕਰ ਕੇ ਛੰਨ ਸਾਡੀ ਬੱਝੀ ਹੋਈ ਕੇਸਰੀ ਤੇਰੇ ਤਖ਼ਤ ਨੂੰ ਲਾਉਂਦੀ ਚੰਨ ਤੂੰ ਆਪਣੇ ਕੀਤੇ ਫ਼ੈਸਲੇ 'ਤੇ ਮੁੜ ਤੋਂ ਸੋਚ ਵਿਚਾਰ ਤੂੰ ਆਪੇ ਲਾ ਕੇ ਬਾਜੀਆਂ ਫਿਰ ਆਪੇ ਹੀ ਜਾਣਾ ਹਾਰ ਤੂੰ ਮੂਧੇ ਮੂੰਹ ਹੈ ਡਿੱਗਣਾ ਤੇ ਰੁਲ਼ ਕੇ ਹੋਣਾ ਖ਼ਾਕ ਹੁਣ ਸਾਡੀ ਕੰਨਾਂ ਤੇਰਿਆਂ ਤੱਕ ਪਹੁੰਚੀ ਨਾ ਜੇ ਹਾਕ ਕੁਝ ਤੇਗਾਂ, ਟਕੂਏ, ਬਰਛੀਆਂ ਇੱਕ' ਬਾਣੀ' ਆਪਣੀ ਢਾਲ਼ ਅਸੀਂ ਭੁੱਲੇ ਨਹੀਂ ਚਲਾਉਣੀਆਂ ਰੱਖੀਆਂ ਨੇ ਬਹੁਤ ਸੰਭਾਲ਼ ਆਪਣੇ ਜੁਲਮਾਂ ਨੂੰ ਰੋਕ ਲੈ ਤੇ ਕਰ ਨਾ ਸਾਨੂੰ ਤੰਗ ਕਿਤੇ ਛੱਡ ਕੇ ਵਿਹੜਾ ਅਮਨ ਦਾ ਅਸੀਂ ਚੁਣ ਨਾ ਲਈਏ ਜੰਗ

ਤੈਨੂੰ ਕਾਜ਼ੀ ਨੇ ਕੁਰਾਹੇ ਪਾਇਆ

ਤੈਨੂੰ ਕਾਜ਼ੀ ਨੇ ਕੁਰਾਹੇ ਪਾਇਆ ਹਾਜੀਆ ਮੱਕੇ ਦੇ ਵੱਲ ਮੂੰਹ ਕਰਕੇ ਉਹ ਤਾਂ ਅਜ਼ਲਾਂ ਤੋਂ ਤੇਰੇ ਵਿਚ ਵੱਸਦਾ ਵੇਖੀਂ ਤੂੰ ਸੀਨੇ ਹੱਥ ਧਰ ਕੇ ਖ਼ੈਰ ਜਾਨ ਦੀ ਤੂੰ ਉਹਦੇ ਕੋਲੋਂ ਮੰਗਦਾ ਵੇ ਜਿਹਨੂੰ ਹੈ ਤੂੰ ਰੱਬ ਮੰਨਿਆ ਅਸਾਂ ਇਸ਼ਕੇ ਦੀ ਭੱਠ ਵਿੱਚ ਪੈਣ ਦਾ ਵੇ ਚਾਅ ਪੱਲੇ ਮੁੱਢੋਂ ਬੰਨ੍ਹਿਆ ਸੂਲ਼ੀ ਇਸ਼ਕੇ ਦੀ ਉੱਤੇ ਮਨਸੂਰ ਵੀ ਤਾਂ ਚੜ੍ਹਿਆ ਸੀ ਸੱਚ ਬੋਲ ਕੇ ਸਾਨੂੰ ਟਿੱਲੇ ਵਾਲ਼ੇ ਨਾਥ ਦੀਆਂ ਥਾਪੀਆਂ ਵੇ ਜੋਗ ਦਿੰਦਾ ਕੱਖ ਰੋਲ਼ ਕੇ ਤਾਬ ਸੱਸੀ ਦਿਆਂ ਸਬਰਾਂ ਦੀ ਲਾਉਣ ਨੂੰ ਇਸ਼ਕ ਬਣ ਰੋਗ ਪੈ ਗਿਆ ਚੇਤੇ ਕਰਕੇ ਹਸ਼ਰ ਦੀਆਂ ਰੌਣਕਾਂ ਬਹਿਸ਼ਤਾਂ 'ਚ ਸੋਗ਼ ਪੈ ਗਿਆ ਤੈਨੂੰ ਡਾਹਢਿਆਂ ਦੀ ਮਾਰ ਦਾ ਵੀ ਖ਼ਦਸ਼ਾ ਤੇ ਤਸਬੀ ਦੇ ਨਗ਼ ਗਿਣਦਾ ਅਸੀਂ ਮੰਗ ਕੇ ਮੌਤ ਲਈ ਯਾਰ ਤੋਂ ਇਸ਼ਕ ਸਾਡੇ ਸਾਹ ਮਿਣਦਾ ਪਹਿਲਾਂ ਰਾੜ੍ਹਦਾ ਈ! ਫੇਰ ਰੰਗ ਚਾੜ੍ਹਦਾ ਤੇ ਮਿੰਨਤਾਂ ਫ਼ਜ਼ੂਲ ਹੁੰਦੀਆਂ ਰੰਗ ਤੇਰੀਆਂ ਨਮਾਜ਼ਾਂ ਦਾ ਈ ਫਿੱਕੜਾ ਤੇ ਸਾਡੀਆਂ ਕਬੂਲ ਹੁੰਦੀਆਂ ਵੇ ਤੂੰ ਪੰਜ ਵੇਲ਼ੇ "ਅੱਲ੍ਹਾ ਹੂ" ਪੁਕਾਰਦਾ ਤੇ ਅੱਲ੍ਹਾ ਤੇਰਾ ਨਹੀਂ ਬੋਲਦਾ ਤੈਨੂੰ ਪੈਂਦੇ ਖ਼ੜਕਾਉਣੇ ਦਰ ਆਖ਼ ਕੇ ਤੇ ਸਾਡੀ ਵਾਰੀ ਆਪ ਖੋਲ੍ਹਦਾ ਤਹਿ ਮਾਰ ਕੇ ਮੁਸੱਲਾ ਖੀਸੇ ਰੱਖਲਾ ਤੇ ਬਹਿਜਾ ਪਰਾਂ ਚੁੱਪ ਕਰਕੇ ਤੈਥੋਂ ਹੋਣੀ ਨਹੀਂਓਂ ਰੀਸ ਇਹਨਾਂ ਆਸ਼ਕਾਂ ਦੀ ਸਿਰ ਉੱਤੇ ਟੋਪੀ ਧਰ ਕੇ ਚੁੱਕ ਚਰਖਾ ਸਮੇਟ ਲਈਆਂ ਪੂਣੀਆਂ ਤੇ ਪੜ੍ਹ ਕੇ ਕ਼ਲਾਮ ਪੈ ਗਈ ਮੁੱਕੀ ਵਾਟ ਨਹੀਂਓ ਓਸ ਜਾਦੂਗਰ ਦੀ ਪੈਗ਼ੰਬਰਾਂ ਨੂੰ ਸ਼ਾਮ ਪੈ ਗਈ ਸਾਨੂੰ ਖੱਫਣ ਨਸੀਬ ਨਹੀਂਓਂ ਹੋਂਵਦੇ ਤੇ ਨਾ ਹੀ ਸਾਡੇ ਹੱਡ ਲੱਭਦੇ ਅਸੀਂ ਹੰਝੂਆਂ ਦੇ ਲੂਣ ਵਿਚ ਡੋਬ ਕੇ ਵੇ ਹਿਜਰਾਂ ਦਾ ਟੁੱਕ ਚੱਬਦੇ

ਸੁਣ ਰੱਬਾ! ਮੰਡੀ ਵਿਕਦਿਆ

ਸੁਣ ਰੱਬਾ! ਮੰਡੀ ਵਿਕਦਿਆ ਕੁਝ ਕੀਮਤ ਆਪਣੀ ਦੱਸ? ਤੇਰੇ ਸਾਰੇ ਮੁੱਲ ਉਤਾਰ ਦਊ ਸਾਡੇ ਰਗ਼ਾਂ 'ਚ ਵਹਿੰਦੀ ਰੱਤ ਸਾਡੇ ਸੁਖਨ ਸੁਨਹਿਰੀ ਹੋ ਗਏ ਸਭ ਗੋਦੜੀਆਂ ਵਿੱਚ ਕੈਦ ਸਾਨੂੰ ਪੀੜਾਂ ਮਰਹਮ ਲਾਉਂਦੀਆਂ ਸਾਡੇ ਰੋਗੀ ਹੋ ਗਏ ਵੈਦ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿਉਂ ਨਹੀਂ ਪਾਉੰਦਾ ਝਾਤ ਸਾਡੇ ਦਿਨ ਪੈਰਾਂ ਤੋਂ ਨੰਗੜੇ ਸਾਡੀ ਸਿਰ ਤੋਂ ਨੰਗੀ ਰਾਤ ਸਾਡਾ ਚਾਨਣ ਚੋਰੀ ਹੋ ਗਿਆ ਸੂਰਜ ਦੀ ਬਾਰੀ ਭੰਨ ਸਾਨੂੰ ਨਿੱਤ ਹੀ ਮਿਹਣੇ ਮਾਰਦਾ ਇੱਕ ਫਾੜੀ ਹੋਇਆ ਚੰਨ ਸਾਡੀ ਚੁੱਪੀ ਪੁਖ਼ਤਾ ਕਰ ਗਈ ਸਾਡੀ ਟੁੱਟੀ ਵਾਲ਼ੇ ਭੇਤ ਸਾਡੇ ਇਸ਼ਕ ਦੀ ਉੱਡੀ ਪੈ ਗਈ ਸਾਡੇ ਦੀਦਿਆਂ ਦੇ ਵਿੱਚ ਰੇਤ ਹੁਣ ਕਿੱਥੇ ਜਾ ਕੇ ਪਾ ਲਈ? ਤੂੰ ਨਾਨਕ ਵਾਲ਼ੀ ਹੱਟ ਸਾਡੇ ਰਿਜਕ ਨੂੰ ਜ਼ਹਿਰਾਂ ਖਾ ਲਿਆ ਅਸੀਂ ਲਈਆਂ ਜ਼ਹਿਰਾਂ ਚੱਟ ਸਾਡੇ ਸਾਵਣ, ਭਾਦੋਂ ਖੁਰ ਗਏ ਸਾਡਾ ਗੁੰਮਿਆ ਹਾੜ੍ਹ-ਸਿਆਲ਼ ਸਾਨੂੰ ਮੌਤ ਤਰੀਕਾਂ ਦੱਸਦਾ ਸਾਡੇ ਪਾਵੇ ਬੰਨ੍ਹਿਆ ਕਾਲ਼ ਹੁਣ ਸਾਥੋਂ ਨਹੀਂਓਂ ਝੱਲਦੇ ਤੇਰੇ ਖੇਖਣ ਬੇ-ਬੁਨਿਆਦ ਸਾਡਾ ਢਿੱਡ ਨਾ ਭਰਦੀ ਜਾਲਮਾ ਤੇਰੀ ਪੋਥੀਆਂ ਵਿਚਲੀ ਯਾਦ ਸਾਡੀ ਸਦੀ ਨੂੰ ਲਕਵਾ ਹੋ ਗਿਆ ਸਾਡੇ ਸਮੇਂ ਦੀ ਸੁੱਜੀ ਅੱਖ ਸਾਡਾ ਜੋਬਨ ਚਿੱਟੇ ਚੱਟਿਆ ਸਾਡਾ ਬਚਪਨ ਹੋਇਆ ਕੱਖ ਹੁਣ ਸੰਭਲ਼ਦਾ ਤੇ ਸਾਂਭ ਲੈ ਨਾ ਵੇਲ਼ਾ ਲਵੀਂ ਗੰਵਾ ਫਿਰ ਨਹੀਂ ਤਾਂ ਆਪਾਂ ਅੱਕਿਆਂ ਲੈਣਾ ਈ ਰੱਬ ਵਟਾ

"ਹਜ਼ਰਤ ਸੱਲਿ-ਆਅਲਾ"

"ਹਜ਼ਰਤ ਸੱਲਿ-ਆਅਲਾ" ਅਸੀਂ ਮਰਦ-ਏ-ਮੁਜ਼ਾਹਿਦ ਹਾਂ ਤੇਰੇ ਢਹਿੰਦੇ ਨਹੀਂ ਛੇਤੀ ਕਿਤੇ ਤਲਖ਼ੀ ਤੋਂ ਕਾਇਨਾਤ ਦੀ ਮਰਹੂਮ ਸ਼ਬਦਾਂ ਵਿੱਚ ਕਿਵੇਂ ਮੈਂ ਉਸ ਵਲ਼ੀ ਨੂੰ ਖ਼ਤ ਲਿਖਾਂ ਜੋ ਮੁਰਸ਼ਦ-ਏ-ਬਗ਼ਦਾਦ ਹੈ ਤੇ ਖ਼ਾਨ ਰੱਬੀ ਦਾਤ ਦੀ ਮੈਂ ਇਸ਼ਕ ਨੂੰ ਹੈ ਬੀਜਣਾ ਟਿੱਲੇ ਦੇ ਜਾਕੇ ਸਿਖ਼ਰ 'ਤੇ ਭੇਜੀ ਹੈ ਮੈਨੂੰ ਨੀਲ ਨੇ ਖੁੱਲ੍ਹੀ ਕਣੀ ਬਰਸਾਤ ਦੀ ਬਲ਼ਦੇ ਚਰਾਗ਼ਾਂ ਆਖਿਆ ਦਰਗ਼ਾਹ ਤੇ ਸਜਦਾ ਕਰਨ ਨੂੰ ਚਾਨਣ ਦੀ ਬੁੱਕਲ਼ ਮਾਰ ਕੇ ਚੱਲੀ ਹੈ ਕ਼ਿਸਮਤ ਰਾਤ ਦੀ ਵਿੱਚ ਚੂਰਮੇ ਦੇ ਮਸਲ ਕੇ ਤਹਿਜ਼ੀਬ ਵੰਡੀ ਮੁਲਕ ਨੂੰ ਦਿੱਤੀ ਹੈ ਭਰਕੇ ਅਰਬ ਨੂੰ ਇੱਕ ਟੋਕਰੀ ਸੌਗ਼ਾਤ ਦੀ ਐਂਵੇਂ ਨਹੀਂ ਸੀ ਪੀ ਗਿਆ ਉਹ ਜਾਮ-ਏ-ਜ਼ਮਜ਼ਮ ਜਾਣ ਕੇ ਮਿਲਿਆ ਸੀ ਪਾਣੀ ਇਸ਼ਕ ਦਾ ਇੱਕ ਘੁੱਟ ਵਿਚ ਸੁਕਰਾਤ ਦੀ

ਗ਼ੈਰਤ-ਸ਼ੁਦਾ ਖ਼ੈਰਾਤ ਤੋਂ

ਗ਼ੈਰਤ-ਸ਼ੁਦਾ ਖ਼ੈਰਾਤ ਤੋਂ ਮੈਂ ਖੁਸ਼ ਨਹੀਂ ਹਾਲਾਤ ਤੋਂ ਮੈਨੂੰ ਇਲਮ ਤੋਂ ਇਨਕਾਰ ਹੈ ਜਾਹਿਲ਼ ਮੈਂ ਕਾਇਨਾਤ ਤੋਂ ਉਹ ਖ਼ਾਨਸਾਮਾ ਖ਼ਾਕ ਹੈ ਉਸਦਾ ਨਿਵਾਲਾ ਜ਼ਹਿਰ ਹੈ ਮੈਂ ਇਸ਼ਕ ਪੀ ਕੇ ਮਰਨ ਦੀ ਖਾਧੀ ਹੈ ਸੌਂਹ ਅਜ਼ਲਾਤ ਤੋਂ ਮੈਂ ਹਸ਼ਰ ਤੋਂ ਹੀ ਹਿਜਰ ਦੀ ਹਿਜਰਤ ਨਾ ਕੀਤੀ ਵਸਲ ਲਈ ਪਰ ਫ਼ੇਰ ਵੀ ਡਰਦਾ ਰਿਹਾ ਮੇਰਾ ਜ਼ਹਿਨ ਹਜ਼ਰਾਤ ਤੋਂ ਆਸ਼ਕ ਕੋਈ ਨਾ ਬਖ਼ਸ਼ਿਆ ਆਵਾਮ ਨੇ ਮੇਰੀ ਕਦੇ ਤਾਂ ਵੀ ਇਹ ਦਿਲ ਕੁਰਬਾਨ ਹੈ ਇਸ ਮੁਲਕ ਤੋਂ ਇਸ ਜਾਤ ਤੋਂ ਤੂੰ ਮੁਸਕੁਰਾ! ਤੂੰ ਰਸ਼ਕ ਕਰ! ਆਪਣੇ ਅਜੀਜੀ ਹੁਕਮ ਤੇ ਲੱਭਾਂ ਕਿਵੇਂ ਮੈਂ ਜਿੰਦਗੀ? ਪਰ ਬਸਤੀ-ਏ-ਜੰਗਲ਼ਾਤ ਤੋਂ ਤੂੰ ਗ਼ਮ ਨਾ ਕਰ ਇੰਝ ਵੇਖ ਕੇ ਖ਼ਾਲੀ ਜੇ ਕਾਸਾ ਹੈ ਮੇਰਾ ਰਾਜੀ ਹਾਂ ਮੈਂ ਦਿੱਤੀ ਤੇਰੀ ਇਸ ਹਰਫ਼ - ਏ-ਸੌਗਾਤ ਤੋਂ ਹੁਣ ਇੰਤਜ਼ਾਰ - ਏ-ਸਬਰ ਦੀ ਕਿੰਨੀ ਕੁ ਬਾਕੀ ਇਲਤਜ਼ਾ? ਦਿੱਤਾ ਹੁੰਗਾਰਾ ਤੈਂ ਨਹੀਂ ਅਜ਼ਲਾਂ ਦੀ ਪਾਈ ਬਾਤ ਤੋਂ ਉਹ ਕਬੂਲ ਵੀ, ਮਕਬੂਲ ਵੀ ਹੈ ਅਸੂਲ ਵੀ ਤੇ ਇਸ਼ਕ ਵੀ ਪਰ ਲਾਪਤਾ, ਉਹ ਬੇਪਤਾ ਇੱਕ ਰੋਜ਼ ਤੋਂ, ਇੱਕ ਰਾਤ ਤੋਂ

ਮੇਰੇ ਜ਼ੁਲਫ਼ਾਂ ਵਾਲ਼ੇ ਮੁਰਸ਼ਦ ਦੇ

ਮੇਰੇ ਜ਼ੁਲਫ਼ਾਂ ਵਾਲ਼ੇ ਮੁਰਸ਼ਦ ਦੇ ਪੈਰਾਂ 'ਚ ਖ਼ੜਾਵਾਂ ਮਾਹੀ ਦੇ ਜੀਹਦੇ ਦੈਰ' ਚ ਕੁਦਰਤ ਝੁਕ ਜਾਂਦੀ ਮਿੰਬਰ ਰੁਸ਼ਨਾਵਾਂ ਮਾਹੀ ਦੇ ਮਿਅਰਾਜ਼ ਦੇ ਕ਼ੌਤਕ ਕਰਦਾ ਜੋ ਉਹ ਮੇਰਾ ਹਜ਼ਰਤ ਪਿਆਰਾ ਏ ਉਹਦੇ ਮੂੰਹ 'ਤੇ ਕਲਮਾ ਇਸ਼ਕੇ ਦਾ ਬੁੱਕਲ਼ ਵਿੱਚ ਆਲਮ ਸਾਰਾ ਏ ਜਦੋਂ ਤੂਰ ਹਿਰਾ 'ਤੇ ਝੁਕਦਾ ਏ ਪੈਂਦਾ ਪਰਛਾਂਵਾਂ ਮਾਹੀ ਦੇ - ਜਿਹਦੇ ਦਰ 'ਤੇ ਕਾਫ਼ਰ ਲੋਕਾਂ ਦੇ ਵੀ ਜੋੜੇ ਝਾੜੇ ਜਾਂਦੇ ਨੇ ਇਕ ਸਜਦੇ ਵਿੱਚ ਹੀ ਕੁਫ਼ਰਾਂ ਦੇ ਸਭ ਪੰਨੇ ਪਾੜੇ ਜਾਂਦੇ ਨੇ ਕਾਅਬੇ ਨੂੰ ਸਜਦਾ ਕਰਨ ਲਈ ਕਿਉਂ ਨਾ ਝੁਕ ਜਾਂਵਾਂ ਮਾਹੀ ਦੇ - ਉਹ ਦਾਤਾ ਉਂਝ ਤੇ ਖ਼ੈਰਾਂ ਦਾ ਵੇਲ਼ੇ ਤੇ ਮੁਜ਼ਾਹਿਦ ਕਰਦਾ ਏ ਉਹਦਾ ਸਾਰ ਮਜੀਦੇ ਲਿਖਿਆ ਏ ਗੱਲ ਡੂੰਘੀ ਵਾਹਿਦ ਕਰਦਾ ਏ ਇਬਲੀਸ ਤੇਰੇ ਰਾਹ ਛੱਡ ਦੇਵੇ ਤੈਨੂੰ ਬੋਲ ਸੁਣਾਵਾਂ ਮਾਹੀ ਦੇ - ਪੈਗ਼ੰਬਰ ਪੀਰ ਮਦੀਨੇ ਦਾ ਹਰ ਹਾਜੀ ਦੇ ਮਨ ਵੜਿਆ ਏ ਉਹ ਬਣਕੇ ਸੂਰਜ ਇਸ਼ਕੇ ਦਾ ਅਰਬਾਂ ਦੇ ਵਿਹੜੇ ਚੜ੍ਹਿਆ ਏ ਜੀ ਕਰਦਾ ਛੱਡ ਕੇ ਜੱਗ ਸਾਰਾ ਚਾਕਰ ਹੋ ਜਾਵਾਂ ਮਾਹੀ ਦੇ -

ਉਹ ਕਹਿੰਦਾ ਪਾਣੀ ਵਿੱਚ ਧਰਤੀ

ਉਹ ਕਹਿੰਦਾ ਪਾਣੀ ਵਿੱਚ ਧਰਤੀ ਧਰਤੀ ਦੇ ਵਿੱਚ ਪਾਣੀ ਏਨੀ ਗੁੱਝੀ ਰਮਜ ਅਸਾਂ ਉਸ ਆਸ਼ਕ ਦੀ ਨਾ ਜਾਣੀ ਉਹ ਕਹਿੰਦਾ ਘੜਿਆਲ 'ਚ ਅਨਹਦ ਵਿੱਚ ਬੰਸਰੀ ਝਰਨਾ ਵਿੱਚ ਸ਼ੰਖ ਦੇ ਜੀਵਨ ਸਾਰਾ ਤੈਂ ਕਿਉਂ ਸੰਸਾ ਕਰਨਾ ਉਹ ਰੂਹਾਂ ਦੇ ਚਾਨਣ ਤੇ ਜਿਸਮਾਂ ਦੇ ਕੱਪੜੇ ਪਾਉੰਦਾ ਜੀਕਣ ਕ੍ਰਿਸ਼ਨਾ ਕੁੰਤੀਸੁਤ ਨੂੰ ਸਾਂਖ-ਯੋਗ ਸਮਝਾਉੰਦਾ ਚਾਰ-ਚੁਫ਼ੇਰੇ ਜੰਗਲ਼ ਬੇਲੇ ਸੱਭੇ ਤੇਰੇ ਰਾਖੇ ਉਹ ਮੈਨੂੰ ਬੁੱਧੀ ਤਲ ਉੱਤੇ ਜਾਹਿਲ ਹੋਣ ਨੂੰ ਆਖੇ ਉਹ ਤਾਂ ਮੇਰੀ ਹੋਂਦ ਨੂੰ ਖ਼ਾਰਿਜ਼ ਕਰਦਾ ਵੀ ਦੱਸਦਾ ਵੀ ਪਰ ਮੈਂ ਉਸਦੇ ਏਸ ਚਲਨ ਤੇ ਰੋਂਦਾ ਵੀ, ਹੱਸਦਾ ਵੀ ਉਹ ਤਾਂ ਮੇਰੇ ਬੋਲ ਤੋਂ ਪਰਖੇ ਮੇਰਾ ਹਰ ਵਰਤਾਰਾ ਮੈਨੂੰ ਆਖੇ ਚੁੱਪ ਸਾਧ ਲੈ! ਸੁਣਦਾ ਅੰਬਰ ਸਾਰਾ ਉਹ ਮੇਰੀ ਪਤਵਾਰ ਦਾ ਰਾਖਾ ਮੈਨੂੰ ਸਫ਼ਰ ਕਰਾਉਂਦਾ ਅਜ਼ਬ ਮਲਾਹ ਮੇਰੀ ਕਸ਼ਤੀ ਨੂੰ ਮੁਫ਼ਤੋ-ਮੁਫ਼ਤ ਚਲਾਉੰਦਾ ਆਪੇ ਮੈਨੂੰ ਦੂਰ ਲਿਜਾਵੇ ਮੋੜ ਲਿਆਵੇ ਆਪੇ ਇਹ ਤਾਂ ਮੈਨੂੰ ਬੁੱਧਾਂ ਦੀ ਨਗਰੀ ਦਾ ਕੌਤਕ ਜਾਪੇ ਉਹ ਮੇਰੇ ਉਲ਼ਝੇ ਮਸਤਕ ਦੇ ਕਰਦਾ ਦੂਰ ਭੁਲੇਖੇ ਜੀਕਣ ਅਰਜਨ ਤੀਰ ਸੇਧ ਕੇ ਮੱਛਲੀ ਦੀ ਅੱਖ ਵੇਖੇ ਵੇਦ, ਪੁਰਾਣਾਂ ਦੇ ਸਭ ਅਰਥ ਇਸ਼ਾਰੇ ਤੇ ਸਮਝਾਉੰਦਾ ਧਰਮ, ਭਰਮ ਤੇ ਸ਼ਰਮ ਵਿਰੋਧੀ ਬਾਤ ਕਰਮ ਦੀ ਪਾਉੰਦਾ

ਕੀ ਤੂੰ ਕੰਨੀਂ ਮੁੰਦਰਾਂ ਪਾਈਆਂ

ਕੀ ਤੂੰ ਕੰਨੀਂ ਮੁੰਦਰਾਂ ਪਾਈਆਂ ਕੀ ਤੂੰ ਵਾਲ਼ ਵਧਾਏ ਭੇਖ ਤੇਰੇ ਨੇ ਵੇਖ ਜੋਗੀਆ ਗੂੰਗੇ ਬੋਲਣ ਲਾਏ ਮੱਝੀਆਂ ਦੇ ਪਿੰਡੇ ਦੀ ਲੂਈ ਹੋਰ ਮਖ਼ਮਲੀ ਹੋਈ ਇਸ਼ਕ ਤੇਰੇ ਦੀ ਸੰਦਲ ਬੂਟੀ ਬੇਲੇ ਮਹਿਕਣ ਲਾਏ ਫੁੱਲਾਂ ਦੇ ਰੰਗ ਗੂੜ੍ਹੇ ਹੋਏ ਪੱਤਿਆਂ ਦੀ ਹਰਿਆਲੀ ਕਾਸ਼ਨੀਆਂ ਰੁੱਤਾਂ ਨੇ ਚਰਖੇ ਝੰਗ ਸਿਆਲੀਂ ਡਾਹੇ ਕੇਹਾ ਤੂੰ ਨਿਰਮੋਹੇ ਜਿਗਰੇ ਵਾਲ਼ਾ ਰੱਬ ਹੈਂ ਸਾਡਾ ਤੇਰੀ ਖ਼ਾਤਰ ਵਾਲ਼ ਰੇਸ਼ਮੀ ਥੋਹਰਾਂ ਨਾਲ਼ ਸਜਾਏ ਅਲ਼ਸੀ ਦੇ ਫੁੱਲਾਂ ਦੇ ਰੰਗ 'ਚ ਜਾਦੂ ਲਗਦਾ ਮੈਨੂੰ ਜਿਸਨੇ ਸਿੱਟੇ ਹਰੀ ਕਣਕ ਦੇ ਤਾਜ਼ੇ ਸੁੱਕਣੇ ਪਾਏ ਹੋ ਸਕਦਾ ਸੰਨਿਆਸ ਇਸ਼ਕ ਦਾ ਸਦੀਆਂ ਤੀਕਰ ਚੱਲੇ ਹਿਜਰ ਤੇਰੇ ਸਾਡੇ ਲੇਖਾਂ ਵਿਚ ਲਿਖੇ ਧੁਰਾਂ ਤੋਂ ਆਏ ਉਮਰਾਂ ਦੇ ਕਾਸੇ ਵਿਚ ਪਾ ਦੇ ਖ਼ੈਰ ਦੀਦ ਦੀ ਅੜਿਆ ਸਾਡੇ ਵੀ ਨੈਣਾਂ ਦੇ ਪੰਛੀ ਫਿਰਦੇ ਨੇ ਤਿਰਹਾਏ ਓਸ ਜਹਾਨੇ ਚੁੱਪ ਵਸੇਂਦੀ ਕ਼ਤਲ ਰੂਹਾਨੀ ਹੁੰਦੇ ਛੱਡ ਦੇ ਇਸ਼ਕ ਅਵੱਲਾ ਗੋਰਖ਼ ਰਾਂਝਣ ਨੂੰ ਸਮਝਾਏ

ਮੈਂਨੂੰ ਸਬਰ ਵੀ ਤੇ ਪੀੜ ਵੀ

ਮੈਂਨੂੰ ਸਬਰ ਵੀ ਤੇ ਪੀੜ ਵੀ ਹੈ ਇਸ ਤਰ੍ਹਾਂ ਕੋਈ ਅਣਲਿਖੀ ਕਵਿਤਾ ਛਪੀ ਹੈ ਜਿਸ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਖਿਆਲ ਹੈ ਉਸ ਖਿਆਲ ਦਾ ਉਹ ਖਿਆਲ ਜੋ ਜਾਣੂ ਹੈ ਮੇਰੇ ਹਾਲ ਦਾ ਰੋਕੋ ਜਰਾ ! ਉਸਨੂੰ ਉਹ ਵੇਲ਼ੇ ਰੋਕਦਾ ਰੁਕਦਾ ਨਹੀਂ, ਵੇਲ਼ਾ ਤੇ ਸਾਨੂੰ ਟੋਕਦਾ ਯਾਦਾਂ ਦੇ ਬੇਲੀ ਰੁੱਖ ਅੱਮਲਤਾਸ ਦੇ ਪਰਤੇ ਨਹੀਂ ਜਦ ਰਾਹ ਪਏ ਸੰਨਿਆਸ ਦੇ ਮੈਨੂੰ ਇਸ਼ਕ ਹੈ ਉਸ ਬੇ-ਤਕੱਲੁਫ ਇਸ਼ਕ ਦਾ ਜੋ ਕਲਮ ਨੂੰ ਬਿਰਹੇ ਦੇ ਮੋਤੀ ਬਖ਼ਸ਼ਦਾ ਜੋ ਨਾਮ ਤਰਕਾਂ ਦੀ ਜੁਬਾਨੀ ਆਮ ਹੈ ਉਸ ਹੋਂਦ ਨੂੰ ਪ੍ਰਣਾਮ ਹੈ, ਪ੍ਰਣਾਮ ਹੈ ਵਿਹੜੇ ਮੇਰੇ ਉਸ ਦੀ ਅਖੀਰੀ ਰਾਤ ਹੈ ਇਸ ਰਾਤ ਵਿੱਚ ਵਰ੍ਹਿਆਂ ਜਹੀ ਗੱਲਬਾਤ ਹੈ ਉੰਝ ਰੂਹ ਮੇਰੀ ਰੌਸ਼ਨ 'ਤੇ ਦਿਲ ਗੁਲਜ਼ਾਰ ਹੈ ਮੇਰੀ ਕਬਰ 'ਤੇ ਬਸ ਇੱਕ ਫੁੱਲ ਦਾ ਭਾਰ ਹੈ

ਸਾਂਝ ਦੇ ਦੁਮੇਲ਼ ਵਿੱਚੋਂ

ਸਾਂਝ ਦੇ ਦੁਮੇਲ਼ ਵਿੱਚੋਂ ਉੱਡੀਏ ਹਵਾਏ ਕੋਈ ਸੱਜਣਾਂ ਦਾ ਗੀਤ ਤੇ ਸੁਣਾ ਨੀ, ਚੰਨ ਦਿਆਂ ਟੋਟਿਆਂ ਦੀ ਲੈ ਕੇ ਫੁਲਕਾਰੀ ਉਹਨੂੰ ਆਖੀਂ ਵਿਹੜੇ ਸੂਰਜਾਂ ਦੇ ਆ ਨੀ ਆਣ ਬੈਠੀ ਚੁੱਪ ਸਾਡੇ ਨੈਣਾਂ ਦਿਆਂ ਝਿਮਣਾਂ 'ਚ ਹੋਏ ਜੋ ਮੁਹੱਬਤਾਂ ਤੋਂ ਸੱਖਣੇ, ਪੁੱਛੀਂ ਉਹਨੂੰ ਬਹਿ ਕੇ ਸਾਡੇ ਤਰਲੇ ਦੀ ਵਾਟ ਉੱਤੇ ਕਦੋਂ ਸਾਡੀ ਗਲ਼ੀ ਪੈਰ ਰੱਖਣੇ? ਖੌਰੇ ਕਿਹੜੀ ਘੜੀ ਨੂੰ ਉਡੀਕਦਾ ਏ ਅਜੇ ਬੈਠਾ ਮੇਲ ਦੇ ਮੁਨਾਰਿਆਂ ਤੇ ਰੱਬ ਵੇ, ਆਣ ਕੇ ਤੂੰ ਵੇਖ ਸਾਡੇ ਮੇਲ ਦੇ ਬਰੂਹਾਂ ਵਿਚ ਉਗ ਪਈ ਉਡੀਕਾਂ ਵਾਲ਼ੀ ਦੱਬ ਵੇ ਮੱਠੇ ਪੈ ਗਏ ਸਾਹ ਉੱਤੋਂ ਵੇਲ਼ਿਆਂ ਦੀ ਧੁੰਦ ਸਾਡੀ ਮੁੱਕ ਚੱਲੀ ਉਮਰਾਂ ਦੀ ਖ਼ਾਨ ਵੇ, ਤਾਂ ਵੀ ਸਾਡੇ ਖੀਸਿਆਂ ਚੋਂ ਯਾਦਾਂ ਦੀਆਂ ਠੀਕਰਾਂ ਦੀ ਸਾਂਭੀ ਹੋਈ ਮੁੱਕਦੀ ਨਾ ਭਾਨ ਵੇ ਹੁੱਬ-ਹੁੱਬ ਨੱਚਦੀ ਏ ਅੰਬਾਂ ਦੀਆਂ ਟਹਿਣੀਆਂ ਤੇ ਮੇਲ ਦੇ ਅਲਾਪਦੀ ਏ ਗੀਤ ਵੇ, ਮਲ਼ਿਆਂ ਦੇ ਪੱਕਣੇ ਤੇ ਕੂਕਦੀ ਨਾ ਕੋਲ ਕਦੇ ਬਿਰਹੇ ਦੀ ਰੁਤ ਦਾ ਸੰਗੀਤ ਵੇ ਸੋਹਣੀਆਂ ਹਕੀਕਤਾਂ ਨੂੰ ਕਰਦੀ ਬਿਆਨ ਪਰ ਇਸ਼ਕ ਮੇਰੇ ਨੂੰ ਝੱਲਾ ਆਖਦੀ, ਸਮਝ ਨਾ ਆਵੇ ਪਰ ਕਿਹੜਾ ਸਮਝਾਵੇ ਇਹਨੂੰ ਵਾਟ ਲੰਮੀ ਚੌਧਰੀ ਤੋਂ ਚਾਕ ਦੀ

ਸ਼ਰਾ ਆਖਦੀ ਵਿੱਚ ਮਸੀਤੀਂ

ਸ਼ਰਾ ਆਖਦੀ ਵਿੱਚ ਮਸੀਤੀਂ ਆਣ ਕਿਉਂ ਨਹੀਂ ਬਹਿੰਦਾ? ਕਿਸ ਨੂੰ ਰੱਬ ਬਣਾਉਣ ਦੀ ਖ਼ਾਤਿਰ ਕਾਫ਼ਿਰ ਬਣਿਆ ਰਹਿੰਦਾ ਸ਼ਾਲਾ! ਜੇ ਉਹ ਰਾਜੀ ਹੁੰਦਾ ਦਿਲ ਮੇਰਾ ਟੁੱਟਣ 'ਤੇ ਜੀ ਸਦਕੇ ਮੈਂ! ਮੈਂ ਆਪਣੀ ਦੇ ਸੌ ਟੁਕੜੇ ਕਰ ਲੈਂਦਾ ਆਪਣੇ ਦੀਨ ਇਮਾਨ ਦੀ ਖਾਤਿਰ ਰੋਜ਼ ਮਸੀਤੀਂ ਖੱਪਦਾ ਮੈਨੂੰ ਤਾਂ ਇਸ ਮੁੱਲਾਂ 'ਚੋਂ ਮਜਨੂੰ ਦਾ ਝੌਲ਼ਾ ਪੈਂਦਾ ਸੁਣ ਓਏ ਕਾਜੀ! ਆਪਣਾ ਮੌਲਾ ਰੱਖ ਜਰਾ ਸਮਝਾ ਕੇ ਕਿਹੜੀ ਗੱਲੋਂ ਅੱਲ੍ਹਾ ਤੇਰਾ ਨਾਲ਼ ਅਸਾਡੇ ਖਹਿੰਦਾ ਤੇਰੇ ਦਸਤਰਖ਼ਾਨ 'ਚੋਂ ਸਾਨੂੰ ਮਹਿਕ ਸ਼ੱਰਾ ਦੀ ਆਵੇ ਹੁਣ ਨਾ ਸਾਥੋਂ ਪਲ਼ੰਘ ਯਕੀਨੀ ਤੇਰੇ ਹੁਜਰੇ ਡਹਿੰਦਾ ਇਸ਼ਕ ਹੀ ਸਾਡਾ ਤਖ਼ਤ ਹਜਾਰਾ ਇਸ਼ਕ ਹੀ ਸਾਡਾ ਬੇਲਾ ਜਿਸਦੀ ਰੋਜ ਇਬਾਦਤ ਕਰਦਾ ਕੀ ਚੜ੍ਹਦਾ ਕੀ ਲਹਿੰਦਾ ਦੇਵੇ ਸੂਤ ਇਲਮ ਦੀਆਂ ਨਾੜਾਂ ਚੁੱਪ ਦੇ ਜੰਦੇ ਲਾਵੇ ਹੌਕਾ ਤੀਕ ਭਰਨ ਦੀ ਨਾ ਇਹ ਇਸ਼ਕ ਇਜਾਜ਼ਤ ਦੇਂਦਾ ਉਹ ਮੇਰੇ ਪੈਰਾਂ ਨੂੰ ਬੇਸ਼ੱਕ ਦੋਜ਼ਖ ਤੀਕ ਲਿਜਾਵੇ ਮੈਂ ਨਹੀਂ ਉਸਦੀ ਬੁੱਤਪ੍ਰਸਤੀ ਦੇ ਮੁਹਰੇ ਹੁਣ ਢਹਿੰਦਾ

ਕੱਚੜੇ ਵਣਜ ਕੀਤੇ

ਕੱਚੜੇ ਵਣਜ ਕੀਤੇ ਮੰਹਿਗੜੇ ਸੀ ਚਾਅ ਰਹੀ ਕੌਡੀ ਦੇ ਵਪਾਰੀਆਂ ਨੂੰ ਵੇਚਦੀ, ਸ਼ਗਨਾਂ ਦੇ ਥਾਲ਼ ਵਿੱਚ ਰੱਖਣੀ ਤੂੰ ਭੁੱਲ ਗਿਆ ਛਾਪ ਸਾਡੀ ਉੰਗਲ਼ੀ ਦੇ ਮੇਚ ਦੀ ਪਾਸਾ ਵੱਟ ਲੰਘ ਜਾਨੈਂ ਕੋਲ਼ ਦੀ ਤੂੰ ਜੀਹਦੇ ਵੇ ਉਸਾਰੀ ਬੈਠਾ ਰੋਸਿਆਂ ਦੀ ਕੰਧ ਵੇ, ਦੇ ਕੇ ਉਲਾਹਮਾ ਸਾਡੇ ਗਲ਼ ਲੱਗ ਰੋਈ ਇੱਕ ਮਰੂਏ ਦੇ ਫੁੱਲ ਦੀ ਸੁਗੰਧ ਵੇ ਮੇਟ ਕੇ ਵਜੂਦ ਸਾਡਾ ਕਰ ਦਿੱਤਾ ਪੱਥਰਾਂ ਨੂੰ ਪੂਜਣੇ ਦਾ ਖੜ੍ਹਾ ਦਸਤੂਰ ਵੇ, ਵੇਖ ਲੈ ਜ਼ਮਾਨਾ ਹੁਣ ਬੁੱਤਾਂ ਨੇ ਵੀ ਕੱਢ ਦਿੱਤਾ ਰੁੱਖਾਂ ਦੀਆਂ ਛਾਵਾਂ ਦਾ ਕਸੂਰ ਵੇ ਕਰਦੀ ਉਡੀਕਾਂ ਐਵੇਂ ਹੋ ਨਾ ਮੈਂ ਜਾਵਾਂ ਕਿਤੇ ਰਾਂਝਣੇ ਤੋਂ ਬਿਨਾਂ ਮੁੱਠ ਖ਼ਾਕ ਦੀ, ਲੱਭ ਕੇ ਲਿਆ ਦੇ ਮੇਰੇ ਬੇਲਿਆਂ ਦਾ ਰਾਖਾ ਮੇਰੇ ਗਜਰੇ ਨੂੰ ਵੰਗ ਮੇਰੀ ਆਖਦੀ ਅੱਤ ਦਿਆਂ ਸੋਫ਼ੀਆਂ ਨੂੰ ਲੱਗਦੇ ਹੀ ਆਏ ਸਦਾ ਪੀਣ ਵਾਲੇ ਠੇਕਿਓਂ ਖ਼ਰਾਬ ਵੇ, ਚੜ੍ਹੇ ਨਾ ਹਰੇਕ ਨੂੰ ਵੇ ਆਸ਼ਕਾਂ ਦੇ ਕਾਸਿਆਂ 'ਚੋਂ ਇਸ਼ਕਾਂ ਦੀ ਮਿੱਠੜੀ ਸ਼ਰਾਬ ਵੇ ਕਿਹੜਾ ਸੀਗਾ ਯੁੱਗ? ਤੇ ਉਹ ਕਿਹੜੇ ਸੀਗੇ ਲੋਕ ਜਿਹੜੇ ਦਾਦੀ ਦੀਆਂ ਦੱਸਣ ਕਹਾਣੀਆਂ, ਹੱਸਦੀਆਂ ਖੇਡਦੀਆਂ ਮਾਹੀ ਦੇ ਪਿਆਰ ਵਿੱਚ ਖੌਰੇ ਕਿਹੜੇ ਦੇਸ਼ਾਂ ਦੀਆਂ ਰਾਣੀਆਂ ਹੋਇਆਂ ਏਂ ਆਜ਼ਾਦ ਕਾਹਦਾ ਲੈ ਕੇ ਆਜ਼ਾਦੀਆਂ ਤੂੰ ਰੋਲ਼ ਦਿੱਤਾ ਮੇਰਾ ਕਿਰਦਾਰ ਵੇ, ਲੈਣੀ ਹੈ ਆਜ਼ਾਦੀ ਮੈਂ ਵੀ ਜੰਗ ਸੰਤਾਲ਼ੀ ਵਾਲ਼ੀ ਹੋਣੀ ਅਜੇ ਫੇਰ ਇੱਕ ਵਾਰ ਵੇ

ਜਰਾ ਵੇਖ! ਤੂੰ ਜੱਗ ਦੇ ਵਾਲੀਆ

ਜਰਾ ਵੇਖ! ਤੂੰ ਜੱਗ ਦੇ ਵਾਲੀਆ ਕੀ ਬਣੀ ਅਸਾਂ ਤੇ ਭੀੜ ਮੇਰੇ ਅੱਖਰ ਸੁਬਕੀਂ ਰੋਂਵਦੇ ਮੇਰੀ ਕਲਮ ਨੂੰ ਹੁੰਦੀ ਪੀੜ ਤੱਕ ਲਟ-ਲਟ ਅੱਗਾਂ ਬਲ਼ਦੀਆਂ ਕੋਈ ਮਾਰ ਹਯਾਤੀ ਛੱਲ ਮੇਰੀ ਮੱਚਦੀ ਦਿੱਲੀ ਵਾਸਤੇ ਕੋਈ ਖ਼ਿਜ਼ਰ ਖ਼ਵਾਜਾ ਘੱਲ ਸਾਡਾ ਧਰਮ ਜਹਾਲਤ ਬਣ ਗਿਆ ਸਾਡੇ ਮਸਲੇ ਬਣੇ ਵਿਵਾਦ ਸਾਡਾ ਹਾਕਮ ਗਰਜਾਂ ਵਾਲੜਾ ਅਸੀਂ ਹੋ ਚੱਲੇ ਬਰਬਾਦ ਸਾਡੇ ਵਿੱਚ ਗੁਲਾਬਾਂ ਸਰਕੜਾ ਕੋਈ ਬੀਜ ਗਿਆ ਹੈਵਾਨ ਸਭ ਕਲੀਆਂ ਜਿਨ੍ਹੇ ਲੁੱਟੀਆਂ ਫੁੱਲ ਕੀਤੇ ਲਹੂ ਲੁਹਾਨ ਕਦੇ ਲੜੇ ਨਾ ਈਸਾ, ਔਲੀਆ ਤੇ ਨਾ ਹੀ ਅੱਲ੍ਹਾ, ਰਾਮ ਲੈ ਪਰਚਮ ਖੂਨੀ ਜੰਗ ਦੇ ਸਾਡੀ ਕਿੱਧਰ ਤੁਰੀ ਆਵਾਮ? ਅੱਜ ਖੁੱਲ੍ਹ ਮਦਰੱਸੇ ਢਾਹੁਣ ਦੀ ਸਾਡੀ ਹੋਂਦ 'ਤੇ ਖੜ੍ਹੇ ਸਵਾਲ ਜੇ ਤੂੰ ਨਾ ਕੀਤੀ ਪੈਰਵੀ ਸਾਡਾ ਰੱਖੂ ਕੌਣ ਖਿਆਲ? ਸਾਡੇ ਹਾਲ ਬੜੇ ਹੀ ਮੰਦੜੇ ਸਾਈਆਂ! ਕੁਝ ਸੋਚ ਵਿਚਾਰ ਜੇ ਹੁਣ ਨਾ ਆਇਓਂ ਦਿਲਬਰਾ ਦੱਸ! ਫਿਰ ਕਦ ਆਉਣਾ? ਯਾਰ ਅਸੀਂ ਲਈਆਂ ਮਸਾਂ ਆਜ਼ਾਦੀਆਂ ਤੇ ਹੋ ਗਏ ਫੇਰ ਗ਼ੁਲਾਮ ਹੁਣ ਘਰਦੇ ਸਾਥੋਂ ਪੁੱਛਦੇ ਸਾਡੇ ਪਤੇ ਤੇ ਸਾਡੇ ਨਾਮ ਵੇ ਕਾਹਦੀਆਂ ਚੜ੍ਹੀਆਂ? ਹੋਲੀਆਂ ਸਾਡੇ ਖੂਨੀ ਹੋਏ ਵੇਸ਼ ਅੱਜ ਦੋਜ਼ਖ ਦੇ ਵਿੱਚ ਝੁਲ਼ਸਦੇ ਤੇਰੇ ਦਿੱਲੀ ਦੇ ਦਰਵੇਸ਼

ਇਸ਼ਕ ਸੁੱਕੀਆਂ ਵੇਲਾਂ ਨੂੰ

ਇਸ਼ਕ ਸੁੱਕੀਆਂ ਵੇਲਾਂ ਨੂੰ ਗਲ਼ ਲਾਉਣ ਵਾਲ਼ਾ ਭਟਕਿਆਂ ਨੂੰ ਜੰਨਤ ਦੇ ਰਾਹ ਪਾਉਣ ਵਾਲ਼ਾ ਕਦੇ ਮੀਰਾਂ ਬਾਈ ਦੀ ਚੂੜੀ ਦਾ ਖਣਕਾ ਕਦੇ ਰਾਬੀਆ ਦੇ ਉਹ ਸਾਹਾਂ ਦਾ ਮਣਕਾ ਲਿਖੀ ਜਿਸ ਦੀ ਬਾਣੀ ਹਵਾਵਾਂ ਦੇ ਉੱਤੇ ਜਿਕਰ ਉਸਦਾ ਕਾਅਬੇ ਦੇ ਰਾਹਵਾਂ ਦੇ ਉੱਤੇ ਉਹ ਤਰਕਾਂ ਦੀ ਕੁੰਜੀ ਫ਼ਕੀਰਾਂ ਦੀ ਮਸਤੀ ਉਹਦੇ ਸਾਹਮਣੇ ਤਾਂ ਖੁਦਾਈ ਵੀ ਸਸਤੀ ਉਹ ਆਸ਼ਕ ਦਾ ਹਾਮੀ ਖੁਦੀ ਦਾ ਰਚੇਤਾ ਉਹ ਸੱਸੀ ਦੇ ਪੈਰਾਂ ਦੇ ਥੱਲੇ ਦਾ ਰੇਤਾ ਉਹਦੀ ਚਾਕਰੀ ਹੇਠ ਆਲਮ ਤੇ ਉਲਮਾ ਉਹ ਬਿਰਹੇ ਦਾ ਮੱਕਾ ਤੇ ਸੂਫ਼ੀ ਦਾ ਕਲਮਾ ਉਹ ਸੋਹਜੀ ਸੁਰਾਂ ਦੀ ਤੇ ਗੀਤਾਂ ਦਾ ਅੰਬਰ ਉਹਨੂੰ ਸਜਦਾ ਕਰਦੇ ਵਲੀ ਤੇ ਪੈਗੰਬਰ ਤੂੰ ਅਜ਼ਲਾਂ ਤੋਂ ਜਾਨੈ ਜੀਹਦੀ ਬਾਤ ਪਾਈ ਉਹਦੇ ਮਗ਼ਰ ਲੱਗੀ ਹੈ ਫ਼ਿਰਦੀ ਖ਼ੁਦਾਈ

ਸੁਣ ਮੁੱਲਾਂ ! ਤੂੰ ਸ਼ੱਰਾ ਪਗਾਉਣੀ

ਸੁਣ ਮੁੱਲਾਂ ! ਤੂੰ ਸ਼ੱਰਾ ਪਗਾਉਣੀ ਪੜ੍ਹਨ ਨਮਾਜਾਂ ਜਾਣਾ ਆਸ਼ਕ ਨੇ ਬਸ ਇਸ਼ਕ ਕਮਾਉਣਾ ਟੁੱਕ ਹਿਜਰ ਦਾ ਖਾਣਾ ਤੂੰ ਤਾਂ ਰੋਜ ਦੁਆਵਾਂ ਪੜ੍ਹਦਾ ਦੇਂਦਾ ਬਾਂਗ ਮਸੀਤੇ ਆਸ਼ਕ ਦੀ ਤਾਂ ਰੋਜ ਕਬੂਲੀ ਜਾਂਦੀ ਏ ਚੁੱਪ ਕੀਤੇ ਤੇਰਾ ਤਾਂ ਇਸਲਾਮੀ ਰੌਲ਼ਾ ਅੱਗ ਧਰਮ ਦੀ ਮੱਘਦੀ ਆਸ਼ਕ ਨੂੰ ਤਾਂ ਵਿੱਚ ਅਕੀਦਤ ਨਿੰਮ ਵੀ ਮਿੱਠੀ ਲਗਦੀ ਛੱਡ ਦੇ ਅੜਿਆ! ਦੇ ਨਾ ਸਾਨੂੰ ਨਿੱਤ ਇਲਮ ਦਾ ਹੋਕਾ ਕਿੱਥੋਂ ਪਊ ਅਸਾਡੇ ਪੱਲੇ ਤੇਰਾ ਲੇਖਾ - ਜੋਖਾ ਪੰਜੇ ਵੇਲ਼ੇ ਵੁਜੂ ਕਰਦਾ ਅੰਦਰੋਂ ਕਰਮ ਪਲੀਤੇ ਅੱਥਰੂਆਂ ਦੇ ਆਬਾਂ ਅੰਦਰ ਆਪਾਂ ਵੁਜੂ ਕੀਤੇ ਦਰ ਕਾਅਬੇ ਦੇ ਖੁੱਲ੍ਹੇ ਅੜਿਆ ਰਾਹ ਇਸ਼ਕਾਂ ਦੇ ਭੀੜੇ ਸਾਡੀ ਰੱਬ ਪਕਾਉੰਦਾ ਰੋਟੀ ਨਾਲ਼ੇ ਧੋਂਦਾ ਈ ਲੀੜੇ ਪਕੜ ਤੇਰੀ ਯਾਰੀ ਦੀ ਢਿੱਲੀ ਹੱਥੋਂ ਜਾਂਦਾ ਈ ਕਿਰਦਾ ਤੇਰਾ ਖੁਦਾ ਅਸਾਂ ਦੇ ਵਿਹੜੇ ਛੰਨ ਪਾਉਣ ਨੂੰ ਫਿਰਦਾ ਹੋ ਸਕਦਾ ਏ ਮਿਲ਼ ਜਾਵੇ ਤੈਨੂੰ ਵੀ ਕਿੱਧਰੇ ਅੱਲ੍ਹਾ ਬਹਿ ਜਾ ਵੇ ਤੂੰ ! ਵਿੱਚ ਆਸ਼ਕਾਂ ਕਰ ਕੇ ਸੂਤ ਮੁਸੱਲਾ

ਸ਼ੱਰਾ ਤੇਰੀ ਨੇ ਇਸ਼ਕ 'ਤੇ

ਸ਼ੱਰਾ ਤੇਰੀ ਨੇ ਇਸ਼ਕ 'ਤੇ ਜਦ ਫ਼ਤਵਾ ਲਾਇਆ ਸੂਲੀ ਚੜ੍ਹ ਕੇ ਇਸ਼ਕ ਨੂੰ ਮਨਸੂਰ ਬਚਾਇਆ ਤੋਹਫ਼ੇ ਵਿੱਚ ਰਾਂਝਣ ਨੂੰ ਦਿੱਤੀਆਂ ਘੱਲ ਖੜਾਂਵਾਂ ਵਾਹ! ਵਾਹ! ਹੀਰ ਸਿਆਲਾਂ ਦੀ ਦੇ ਸਦਕੇ ਜਾਂਵਾਂ ਉਹ ਤਾਂ ਤੇਰੀ ਦਮ-ਦਮ ਅੰਦਰ ਹਾਮੀ ਭਰਦਾ ਤੂੰ ਮੱਕੇ ਦੀਆਂ ਗਲ਼ੀਆਂ ਵਿਚ ਕਿਉਂ ਸਜਦੇ ਕਰਦਾ? ਕੀ ਹੋਇਆ ਜੇ ਅਲਿਫ਼ ਦੇ ਲੁਕ ਅੰਦਰ ਰਹਿੰਦਾ ਤਾਂ ਵੀ ਉਸਦਾ ਹਰ ਨੁਕ਼ਤੇ ਚੋਂ ਝੌਲ਼ਾ ਪੈਂਦਾ ਮੁੱਲ ਨੀ ਸਕਦਾ ਤਾਰ ਵੇ ਜਿਸਦਾ ਤਖ਼ਤ ਹਜਾਰਾ ਚੂਰੀ ਦੇ ਵਿੱਚ ਗੁੰਨ ਖਵਾਇਆ ਆਲਮ ਸਾਰਾ ਇਸ਼ਕ 'ਚ ਜੰਮਣਾ, ਜੀਵਣਾ ਤੇ ਇਸ਼ਕ' ਚ ਮਰਨਾ ਟਿੱਬੇ ਨੇ ਦੱਸ ਕੀ ਖ਼ੈਬਰ ਨੂੰ ਸਜਦਾ ਕਰਨਾ ਇਸ਼ਕ ਕਿਸੇ ਵੀ ਹਾਲ ਨਾ ਕੋਈ ਰਹਿਮ ਗੁਜ਼ਾਰੇ ਆਸ਼ਕ ਨੂੰ ਪਾਕੀਜ਼ਗੀ ਦੇ ਛਿੱਟੇ ਮਾਰੇ ਨਾ ਉਹ ਆਸ਼ਕ ਧੁੱਪ ਦਾ ਨਾ ਛਾਂਵੇਂ ਖੜ੍ਹਦਾ ਇਸ਼ਕ ਦੀ ਬੁੱਕਲ਼ ਮਾਰ ਕੇ ਰੂਹਾਂ ਵਿਚ ਵੱੜਦਾ

ਹੰਝੂਆਂ ਦੇ ਪਾਣੀ ਵਿੱਚ ਰਿੰਨ੍ਹੀਆਂ

ਹੰਝੂਆਂ ਦੇ ਪਾਣੀ ਵਿੱਚ ਰਿੰਨ੍ਹੀਆਂ ਹਿਜਰ ਦੇ ਚੁੱਲ੍ਹੇ ਧਰ ਕੇ ਵੇਖ ਦੁਬਾਰਾ ਲੈ ਆਈ ਮੈਂ ਹੱਡੀਆਂ ਸੁੱਚੀਆਂ ਕਰ ਕੇ ਸਮਝ ਸਰੋਪੇ ਗਲ਼ ਵਿਚ ਪਾਏ ਜੁਲਮ ਤੇਰੇ ਦੇ ਅੱਟੇ ਵੇਖ ਅਜੇ ਵੀ ਦੁਨੀਆਂ ਲਾਉੰਦੀ ਇਸ਼ਕ ਮੇਰੇ 'ਤੇ ਸੱਟੇ ਇਸ਼ਕ ਤੇਰੇ ਨੇ ਸੂਤਕ ਰੁੱਤੇ ਆਣ ਚੜ੍ਹਾਈਆਂ ਵੰਗਾਂ ਆਖਿਰ ਤੇਰਾ ਹਿਜਰ ਹੰਢਾ ਕੇ ਕਰਨਾ ਕੂਚ ਮਲੰਗਾਂ ਗਈ ਗਵਾਚ ਸਮੇਂ ਦੀ ਬਾਜੀ ਲੱਭਦੇ ਰਹਿ ਗਏ ਝੱਲੇ ਲੰਘੀ ਉਮਰ ਉਜੜਿਆ ਮੇਲਾ ਮੁੱਕ ਸਿਆਪੇ ਚੱਲੇ ਬਾਬਲ ਸਾਨੂੰ ਡੋਲ਼ੀ ਪਾ ਕੇ ਦਿੱਤਾ ਤੋਰ ਕੁਥਾਂਵੇਂ ਡੁੱਬ ਮਰੇ ਨੈਣਾਂ ਦੇ ਖੂਹ ਵਿਚ ਰੀਝਾਂ ਦੇ ਪ੍ਰਛਾਵੇਂ ਓਹੀ ਸਾਡੀ ਰੂਹ ਦਾ ਹਾਣੀ ਓਹੀ ਬੇਲੀ ਪਿਆਰਾ ਬਾਕੀ ਸਾਡੇ ਹਾਲ ਤੋਂ ਦੱਸੀਂ ਤੈਂ ਕੀ ਲੈਣਾ ਯਾਰਾ? ਲੰਘੇ ਪਾਣੀ ਕਦੇ ਨਾ ਮੁੜਦੇ ਕਹਿੰਦੇ ਲੋਕ ਸੁਣੀਂਦੇ ਐਂਵੇ ਸਾਡੇ ਨੈਣਾਂ ਝਾਕੇ ਉਮਰਾਂ ਤੀਕ ਉਣੀਂਦੇ ਹੱਡੀਆਂ ਦੇ ਕੋਠੇ ਵਿੱਚ ਤਿੜਕਣ ਲੱਗੀ ਹੋਣ ਪਿਆਰੇ ਵੱਗ ਸਮੇਂ ਦਾ ਚਰ ਚੱਲਿਆ ਸਾਹਾਂ ਦੇ ਜੰਗਲ਼ ਸਾਰੇ ਪੀੜ ਅਸਾਂ ਦੀ ਮਿਣਦਾ ਝੱਲਾ ਲੈ ਕੇ ਜਾਅਲੀ ਫੀਤਾ ਜਿਸਦੇ ਇਸ਼ਕ ਹਕੀਕੀ ਸਾਨੂੰ ਕੱਖੋਂ ਹੌਲ਼ੇ ਕੀਤਾ ਰਹਿ ਗਈਆਂ ਕੁਝ ਅਣਲਿਖੀਆਂ ਕਵਿਤਾਵਾਂ ਹੇਠ ਸਿਰ੍ਹਾਣੇ ਕੀ ਕਰਨਾ ਤੇ ਕੀ ਨਹੀਂ ਕਰਨਾ ਆਪੇ ਮੌਲਾ ਜਾਣੇ

ਇੱਕ ਤਾਰਾ ਲੈ ਦੇ ਅੰਮੀਏ

ਇੱਕ ਤਾਰਾ ਲੈ ਦੇ ਅੰਮੀਏ ਮੈਨੂੰ ਹੱਟੀ ਤੋਂ ਅਸਮਾਨ ਦੀ ਮੈਂ ਵੱਡੀ ਹੋ ਕੇ ਦੇ ਦਊਂ ਕੀਮਤ ਤੇਰੇ ਅਹਿਸਾਨ ਦੀ ਮੈਨੂੰ ਅਲਬਰਟ,ਨਿਊਟਨ ਪੜ੍ਹਨ ਦੇ ਵੀਰੇ ਨੂੰ ਲੈ ਜਾ ਮੋੜ ਕੇ ਅਜੇ ਧਰਤੀ ਉੱਤੇ ਡਿੱਗਿਆ ਮੈਂ ਸੇਬ ਲਿਆਉਣਾ ਦੌੜ ਕੇ ਬਾਪੂ ਦੇ ਸਿਰ 'ਤੇ ਅੜੀਏ ਨੀ ਮੈਂ ਮਾਡਲ ਬਣੂ ਜਹਾਨ ਦੀ ਅਜੇ ਥਾਹ ਪਾਉਣੀ ਮੈਂ ਅੰਮੀਏ ਇਸਰੋ ਦੇ ਚੰਦਰਯਾਨ ਦੀ ਫਿਰ ਕਿਹੜੇ ਮੁਗ਼ਲ ਖਲੋਵਣਾ ਨੀ ਨੇੜੇ ਮੇਰੇ ਖ਼ੁਆਬ ਦੇ ਜਦ ਤਾਜਮਹੱਲ ਉਖਾੜ ਕੇ ਮੈਂ ਲਾਂਊਂ ਵਿੱਚ ਪੰਜਾਬ ਦੇ ਮੈਂ ਸੇਬ ਕ਼ਨੌਰੀ ਬੀਜਣੇ ਆਪਣੇ ਖ਼ੇਤਾਂ ਦੀ ਵਾੜ ਨੂੰ ਫਿਰ ਰੰਗ ਬਿਰੰਗੀ ਲੱਗਦੀ ਵੇਖੀਂ ਤੂੰ ਮੁੰਜਰ ਝਾੜ ਨੂੰ ਬਲ਼ਦਾਂ ਦੀਆਂ ਟੱਲੀਆਂ ਖੋਲ੍ਹ ਕੇ ਪਾਉਣੇ ਨੇ ਰਾਣੀ ਹਾਰ ਨੀ ਖ਼ੇਤਾਂ ਦੇ ਰਾਜੇ ਦਾ ਹਊ ਰੱਬ ਵਾਂਗਰਾਂ ਸਤਿਕਾਰ ਨੀ ਲੰਘਦਾ ਈ ਦੁਸ਼ਮਣ ਨੇੜਿਓਂ ਮੈਨੂੰ ਖਚਰਾ ਹਾਸਾ ਹੱਸ ਕੇ ਵੇਚੀ ਜਾਂਦਾ ਈ ਫ਼ਟਕੜੀ ਮਿਸਰੀ ਦਾ ਨਾਂਓਂ ਦੱਸ ਕੇ ਬੜੇ ਹੀਲੇ ਕਰ ਕੇ ਵੇਖ ਲਏ ਨਹੀਂ ਗਲ਼ਦੀ ਏਦਾਂ ਦਾਲ਼ ਨੀ ਯੁਗਤਾਂ ਦੀ ਮੈਂ ਤਲਵਾਰ 'ਤੇ ਹੁਣ ਚੱਲਣੀ ਟੇਢੀ ਚਾਲ ਨੀ

ਕਾਜੀ! ਤੇਰੇ ਸ਼ਹਿਰ, ਮਸੀਤਾਂ ਸੱਠ!!

ਕਾਜੀ! ਤੇਰੇ ਸ਼ਹਿਰ, ਮਸੀਤਾਂ ਸੱਠ!! ਤੇ ਤੂੰ ਵਿਚਕਾਰੇ ਸਾਡਾ ਤਾਂ ਬਸ ਇੱਕੋ ਮੱਕਾ, ਉਹ ਵੀ ਤਖ਼ਤ ਹਜ਼ਾਰੇ ਜੇ ਤੂੰ ਮੇਰਾ ਆੜੀ ਹੋਣਾ ਕਰ ਲੈ ਧੰਦਾ ਸਾਝਾ ਮੈਥੋਂ ਪੰਜ ਨਮਾਜਾਂ ਲੈ ਲੈ ਮੈਨੂੰ ਦੇਦੇ ਰਾਂਝਾ ਇੱਕ ਚੜ੍ਹਾ ਕੇ ਇੱਕੀ ਮੰਗਣ ਉਹ ਵੀ ਕਰ-ਕਰ ਦੂਣੇ ਕਾਹਦੀਆਂ ਦੇਣ ਜਕਾਤਾਂ? ਅੜਿਆ! ਅਕਲਾਂ ਕੋਲੋਂ ਊਣੇ ਸਾਨੂੰ ਉਮਰੋਂ ਪਹਿਲਾਂ ਖਾ ਗਏ ਇਸ਼ਕ ਦੇ ਡਾਹਢੇ ਹੱਲੇ ਹਿਜਰਾਂ ਦੀ ਦੇਹਰੀ 'ਤੇ ਬੈਠੇ ਬੀਤ ਜਮਾਨੇ ਚੱਲੇ ਸਾਡਾ ਬੱਸ ਇਸ਼ਕ ਦਾ ਮਸਲਾ ਤੈਨੂੰ ਫ਼ਿਕਰ ਸ਼ੱਰਾ ਦਾ ਜਿਸ ਦਿਨ ਦੇ ਅਸੀਂ ਕਾਫ਼ਿਰ ਹੋਏ ਮੁੱਕਾ ਖ਼ੌਫ਼ ਖ਼ੁਦਾ ਦਾ ਸਾਡੀ ਵਿੱਚ ਇਬਾਦਤ ਮੁੱਲਾਂ ਫ਼ਰਕ ਬੜਾ ਹੀ ਅੜਿਆ ਤੂੰ ਬਸ ਪੰਜੇ ਵੇਲ਼ੇ ਪੜ੍ਹੀਆਂ ਆਪਾਂ ਦਮ-ਦਮ ਪੜ੍ਹਿਆ ਨਾ ਦੇ ਸਾਨੂੰ ਸਬਕ ਕੁਰਾਨੀ ਇਹ ਤਾਂ ਮਸਲਾ ਭਾਰਾ ਯੁੱਗਾਂ-ਯੁੱਗਾਂ ਤੋਂ ਰੂਹ ਸਾਡੀ ਵਿੱਚ ਵੱਸਦਾ ਹਜ਼ਰਤ ਪਿਆਰਾ ਸਾਂਭ ਲੈ ਆਪਣੇ ਇਲਮ ਤੇ ਰੁਤਬੇ ਅਸੀਂ ਤਾਂ ਆਪਾ ਹਰਨਾ ਸ਼ਾਹ ਇਨਾਇਤ ਦੇ ਪੈਰਾਂ ਵਿੱਚ ਆਪਾਂ ਰੁਲ਼ ਕੇ ਮਰਨਾ

ਸਾਨੂੰ ਕੰਡਿਆਂ ਦੀ ਪੀੜ ਦਾ

ਸਾਨੂੰ ਕੰਡਿਆਂ ਦੀ ਪੀੜ ਦਾ ਹਿਸਾਬ ਜੋਗੀਆ ਸਾਡੇ ਪੈਰਾਂ ਵਿੱਚ ਚੁੱਭ ਗਏ ਗੁਲਾਬ ਜੋਗੀਆ ਵੇ ਸਾਨੂੰ ਪੁਨੂੰ ਨਾ ਥਿਆਇਆ ਏਸ ਭੋਂ ਜੋਗੀਆ ਤੈਨੂੰ ਡਾਚੀ ਦੇ ਪੈਰਾਂ ਦੀ ਲੱਗੂ ਸੌਂਹ ਜੋਗੀਆ ਕੀਹਨੇ ਚਾੜ੍ਹਿਆ ? ਫ਼ਕੀਰੀ ਵਾਲ਼ਾ ਰੰਗ ਜੋਗੀਆ ਦੱਸ ਤੈਨੂੰ ਕਿੱਦਾਂ ਭੁੱਲ ਗਿਆ? ਝੰਗ ਜੋਗੀਆ ਤੇਰਾ ਵੇਖ ਕੇ ਫ਼ਕੀਰੀ ਵਾਲ਼ਾ ਰਾਹ ਜੋਗੀਆ ਸਾਡੇ ਇਸ਼ਕਾਂ ਦੇ ਲਹਿ ਗਏ ਨੇ ਚਾਅ ਜੋਗੀਆ ਅਸੀਂ ਸੱਸੀਆਂ ਦੇ ਪੂਰਨੇ ਨੇ ਖੁਆਬ ਜੋਗੀਆ ਅਸੀਂ ਚੂਚਕਾਂ ਤੋਂ ਲੈਣਾਂ ਏਂ ਹਿਸਾਬ ਜੋਗੀਆ ਸਾਡੇ ਕੰਨਾਂ ਵਿੱਚ ਸੂਫ਼ੀਆਂ ਦੇ ਰਾਗ ਜੋਗੀਆ ਸਾਡੇ ਇਸ਼ਕਾਂ ਨੇ ਲਿਖੇ ਐਸੇ ਭਾਗ ਜੋਗੀਆ ਤੇਰਾ ਕਹਿਣਗੇ ਭਵਿੱਖ ਤੇ ਅਤੀਤ ਜੋਗੀਆ ਸਾਡੇ ਪਾਣੀਆਂ ਤੇ ਲਿਖੇ ਹੋਏ ਗੀਤ ਜੋਗੀਆ ਜਿਹੜੀ ਰਾਂਝੇ ਨੂੰ ਪਛਾਣ ਲਵੇ ਅੱਖ ਜੋਗੀਆ ਦੇਦੇ ਮੜ੍ਹ ਕੇ ਤਵੀਤ ਵਿੱਚ ਰੱਖ ਜੋਗੀਆ ਅਸੀਂ ਛੱਡ ਦਿੱਤੇ ਖੇੜਿਆਂ ਦੇ ਸ਼ਹਿਰ ਜੋਗੀਆ ਸਾਡੇ ਟਿੱਲਿਆਂ ਨੂੰ ਤੁਰ ਪਏ ਨੇ ਪੈਰ ਜੋਗੀਆ

ਬੁੱਲਿਆ ! ਆਪਣੀ ਕਬਰ ਦੇ ਵਿੱਚੋਂ

ਬੁੱਲਿਆ ! ਆਪਣੀ ਕਬਰ ਦੇ ਵਿੱਚੋਂ ਉੱਠ ਪੈ ਲੋਏ - ਲੋਏ ਹੁਣ ਨਾ ਧਾਹੀਂ ਮਾਰ ਕੇ ਰੋਵਣ ਸੁੰਮਣ, ਬੁਕਮਣ ਹੋਏ ਅਲਫ਼ 'ਤੇ ਊੜਾ ਝਗੜ ਪਏ ਨੇ ਵਿੱਚ ਚੌਰਾਹੇ ਖੜ੍ਹ ਕੇ ਬੁੱਲਿਆ! ਤੇਰੇ ਇੱਕ ਨੁਕਤੇ ਦੇ ਕੁੱਲ ਫ਼ਲਸਫੇ ਮੋਏ ਬੁੱਲਿਆ! ਹੁਣ ਤਾਂ ਕੁਰਸੀ ਵੱਡੀ ਸ਼ਾਹ ਇਨਾਇਤ ਨਾਲੋਂ ਸ਼ੇਰ ਵਿਚਾਰਾ ਕੁਰਸੀ ਬੈਠੇ ਬਾਂਦਰ ਦਾ ਮੂੰਹ ਧੋਏ ਬੁੱਲਿਆ! ਹੁਣ ਤਾਂ ਦੇਸ਼ ਬੇਗਾਨੇ ਲੋਕ ਬਣੇ ਪਟਵਾਰੀ ਅਸੀਂ ਤਾਂ ਆਪਣੇ ਗਲ਼ੀ, ਮੁਹੱਲੇ ਫਿਰਦੇ ਖੋਏ - ਖੋਏ ਬੁੱਲਿਆ! ਹੁਣ ਕੋਈ ਓਟ ਰਹੀ ਨਾ ਕੰਜਕਾਂ ਤੇਰੀਆਂ ਉੱਤੇ ਬਾਬਲ ਤੋਂ ਵੀ ਧੀ ਵਿਚਾਰੀ ਆਪਾ ਪਈ ਲਕੋਏ ਬੁੱਲਿਆ! ਹੁਣ ਤੇ ਸੌ ਹੱਥ ਰੱਸਾ ਸਿਰ 'ਤੇ ਗੰਢ ਨਾ ਕੋਈ ਕਮਲ਼ੇ ਲੋਕੀਂ ਕੱਢ ਰਹੇ ਨੇ ਖੂਹਾਂ ਦੇ ਵਿੱਚ ਟੋਏ ਬੁੱਲਿਆ! ਹੁਣ' ਤੇ ਤੁਰ ਜਾਣਾ ਏਂ ਮੌਤ ਦੇ ਚਾਨਣ ਵੱਲ ਨੂੰ ਐਵੇਂ ਆਪਾਂ ਜਿਉਂਦੀ ਜਾਨੇ ਕਈ ਹਨੇਰੇ ਢੋਏ ਬੁੱਲਿਆ! ਤੇਰੇ ਘੁੰਗਰੂ ਰੋਂਦੇ ਸ਼ਹਿਰ ਕਸੂਰ ਦੇ ਵਿਹੜੇ ਬੁੱਲਿਆ! ਤੇਰੀ ਕਬਰੇ ਬੈਠਾ ਸ਼ਾਹ ਇਨਾਇਤ ਰੋਏ

ਸਾਡੀ ਅਰਜ਼ ਸੁਣੀ ਵੇ ਜੋਗੀਆ

ਸਾਡੀ ਅਰਜ਼ ਸੁਣੀ ਵੇ ਜੋਗੀਆ ਅਸੀਂ ਸਿਰਫ਼ ਦਿਹਾੜੇ ਚੰਦ ਕੁਝ ਜਿਸਮਾਂ ਵਾਲ਼ੇ ਕਰ ਗਏ ਸਾਡੀ ਰੂਹ ਕਿਲਿਆਂ ਵਿੱਚ ਬੰਦ - ਕੋਈ ਸੁੱਚਾ ਆਸ਼ਕ ਲੰਘਿਆ ਸਾਡੇ ਦਿਲ 'ਤੇ ਲਾ ਕੇ ਠੇਸ ਪਏ ਫਿਰਨ ਜਟਾਵਾਂ ਹੋਣ ਨੂੰ ਸਾਡੇ ਲੰਮੇ ਕਾਲ਼ੇ ਕੇਸ - ਸਾਨੂੰ ਬਿਰਹੇ ਡਾਹਢਾ ਮਾਂਜਿਆ ਸਾਡੇ ਲੀਰਾਂ ਹੋਏ ਵੇਸ਼ ਸਾਡੀ ਠੋਕਰ ਉੱਤੇ ਜੰਨਤਾਂ ਅਸੀਂ ਰੂਹਾਂ ਤੋਂ ਦਰਵੇਸ਼ - ਅੱਜ ਹਿਜਰਾਂ ਦੀਆਂ ਹਨੇਰੀਆਂ ਵਿੱਚ ਉੱਡੇ ਫਿਰਦੇ ਰੰਗ ਸੂਲੀ 'ਤੇ ਦਿੱਤਾ ਜਾਪਦਾ ਕੋਈ ਰੱਬੀ ਆਸ਼ਕ ਟੰਗ - ਇੱਕ ਨਵੀਂ ਇਬਾਰਤ ਲਿਖ ਦਿਓ ਛੱਡ ਕੇ ਮਜ਼ਹਬੀ ਤਕਰਾਰ ਕੋਈ ਬੋਧੀ ਭਿਕਸ਼ੂ ਪਰਤਿਆ ਘਰ ਆਪਣੇ ਪਹਿਲੀ ਵਾਰ - ਸਾਨੂੰ ਖ਼ੈਰਾਂ ਪਾਈਆਂ ਇਸ਼ਕ ਨੇ ਸਾਡੇ ਰਹਿਬਰ ਨੇ ਫਰਜ਼ੰਦ ਸਾਡੇ ਹੱਥੀਂ ਠੂਠੇ ਇਸ਼ਕ ਦੇ ਸਾਡਾ ਮੰਗ ਖਾਵਣਾ ਧੰਦ - ਕਿਸੇ ਰਾਣੀ ਸੁੰਦਰਾਂ ਪੱਟਿਆ ਤੇਰੇ ਪੂਰਨ ਵਰਗਾ ਸਾਧ ਤੇਰੇ ਜੋਗ ਦੇ ਸਦਕੇ ਹੋ ਗਏ ਘਰ ਇਸ਼ਕਾਂ ਦੇ ਆਬਾਦ - ਪਾਓਨਾ ਏਂ ਝੋਲ਼ੀ ਇਸ਼ਕ ਦੀ ਤੂੰ ਮੁੰਦਰਾਂ ਵਰਗੀ ਖ਼ੈਰ ਤੇਰਾ ਰੇਤ ਦਾ ਟਿੱਲਾ ਜੋਗੀਆ ਸਾਡੇ ਜਾਣ ਖ਼ਿਸਕਦੇ ਪੈਰ -

ਚੁੱਪ ਮੇਰੀ ਬੋਲਾਂ ਤੋਂ ਸੱਖਣੀ

ਚੁੱਪ ਮੇਰੀ ਬੋਲਾਂ ਤੋਂ ਸੱਖਣੀ ਚੁੱਪ ਮੇਰੀ ਤਿਰਹਾਈ ਚੁੱਪ ਮੇਰੀ ਦੀ ਛਾਂਵੇਂ ਬੈਠੀ ਸਦੀਆਂ ਦੀ ਤਨਹਾਈ - ਬਣਕੇ ਭੌਰ ਕਬੀਰ ਜੁਲਾਹਾ ਇਤਰ ਦੀ ਖੱਡੀ ਬੁਣਦਾ ਤਿੱਤਲੀ ਨੂੰ ਬੈਜੂ ਦਾ ਨਗ਼ਮਾਂ ਫੁੱਲ ਦੇ ਕੰਨੀ ਸੁਣਦਾ - ਆਪਣੇ ਵਿਹਲਪੁਣੇ ਤੋਂ ਕਰਕੇ ਤੂੰ ਵੀ ਕੁਝ ਪਲ ਚੋਰੀ ਹਰਫ਼ ਮੇਰੇ ਕੁਝ ਮਿੱਠੇ ਕਰਦੇ ਬਣਕੇ ਸੇਬ ਕ਼ਨੌਰੀ - ਮੈਨੂੰ ਇਸ਼ਕ ਥਲਾਂ ਦਾ ਲੱਗਾ ਮੈਂ ਸੱਸੀ ਦੀ ਜਾਈ ਪੁੰਨੂੰ ਬਾਬਲ ਦੀ ਡਾਚੀ ਦੀਆਂ ਪੈੜਾਂ ਲੱਭਣ ਆਈ - ਤੇਰਿਆਂ ਅੱਖਾਂ ਦੇ ਵਿੱਚ ਵੱਜਦਾ ਹੁਸਨਾਂ ਦਾ ਇਕਤਾਰਾ ਜਾਤ ਤੇਰੀ ਕਿਤੇ ਕਰ ਨਾ ਦੇਵੇ ਇਸ਼ਕ ਦਾ ਸਾਗਰ ਖਾਰਾ - ਸੱਜਣ ਤਾਂ ਪ੍ਰਵਾਸੀ ਪੰਛੀ ਅੱਜ ਸਾਡੇ ਸੰਗ ਥੀਵੇ ਕੱਲ੍ਹ ਨੂੰ ਖੌਰੇ ਕਿਹੜੀ ਘਾਟੇ? ਜਾ ਕੇ ਪਾਣੀ ਪੀਵੇ - ਚੁੰਝ ਕਲਮ ਦੀ ਤਿੱਖੀ ਕਰ ਲੈ ਚਾੜ੍ਹ ਸਿਦਕ ਦਾ ਪਾਣੀ ਖ਼ਤਮ ਹੋਣ ਤੋਂ ਪਹਿਲਾਂ ਕਰ ਲੈ ਅਗਲੀ ਸ਼ੁਰੂ ਕਹਾਣੀ - ਜੀਅ ਕਰਦਾ ਮੈਂ ਸਾਂਭ ਦਵਾਂ ਹੁਣ ਕੰਘੀਆਂ ਅਤੇ ਪਰਾਂਦੇ ਦਿਨ ਦਿਨ ਕਰਕੇ ਉਮਰ ਮੇਰੀ ਦੇ ਢਲ਼ਦੇ ਸੂਰਜ ਜਾਂਦੇ -

ਉਹਦੀ ਵਿੱਚ ਇਬਾਦਤ ਗੁੰਮਿਆ

"ਉਹਦੀ ਵਿੱਚ ਇਬਾਦਤ ਗੁੰਮਿਆ, ਸਾਡਾ ਜਨਮਾਂ ਦਾ ਇਖਲਾਕ ਅਸੀਂ ਖੀਵੇ ਹੋ-ਹੋ ਚੁੰਮੀਏ, ਉਹਦੇ ਪੈਰੀਂ ਲੱਗੀ ਖ਼ਾਕ ਸਾਡੇ ਨੈਣੀਂ ਖੂਹੇ ਇਸ਼ਕ ਦੇ, ਅਸੀਂ ਨੀਤਾਂ ਰੱਖੀਆਂ ਪਾਕ ਉਹਨੂੰ ਕੀਹਨੇ ਨੌਕਰ ਰੱਖਣਾ, ਜੋ ਰੱਬ ਦਾ ਘੜਿਆ ਚਾਕ ਸਾਨੂੰ ਭਾਵਣ ਕਿੱਥੋਂ ਕੌਡੀਆਂ, ਸਾਡੇ ਨਾਲ ਹੀਰਿਆਂ ਸਾਕ"

ਸਾਡੇ ਏਸ ਹਕੀਕੀ ਇਸ਼ਕ ਤੇ

ਸਾਡੇ ਏਸ ਹਕੀਕੀ ਇਸ਼ਕ ਤੇ ਤੂੰ ਲਾ ਨਾ ਲੀਕਾਂ ਸਾਡੀ ਅੱਜ ਵੀ ਹਾਮੀ ਭਰਦੀਆਂ ਕੁਝ ਖ਼ਾਸ ਤਰੀਕਾਂ ਸਾਡੇ ਕਿਸੇ ਨਾ ਪੂੰਝੇ ਅੱਥਰੂ ਅਸੀਂ ਪੀਤੇ ਡੀਕਾਂ ਸਾਡੇ ਰਾਂਝੇ ਹੁਣ ਵੀ ਬੇਲਿਆਂ ਵਿੱਚ ਕਰਨ ਉਡੀਕਾਂ ਸਾਡੇ ਵਿਰਸੇ ਨੀਹੀਂ ਦੱਬੀਆਂ ਹੀਰਾਂ ਦੀਆਂ ਚੀਕਾਂ

ਸਾਨੂੰ ਚੜ੍ਹਦੀ ਕਲਾ 'ਚ ਰੱਖਦੀ

ਸਾਨੂੰ ਚੜ੍ਹਦੀ ਕਲਾ 'ਚ ਰੱਖਦੀ ਤੇਰੇ ਬੁੱਲ੍ਹਾਂ ਦੀ ਮੁਸਕਾਨ ਅਸੀਂ ਦੇਈਏ ਥੱਲ ਪਤਾਲ਼ ਨੂੰ ਸਾਡੇ ਗੁੱਟਾਂ ਦੇ ਵਿੱਚ ਜਾਨ ਸਾਨੂੰ ਵਿੱਚ ਜਵਾਨੀ ਢਾਹ ਲਊ ਹੁਣ ਕਿਹੜਾ ਖੱਬੀ ਖ਼ਾਨ? ਅਸੀਂ ਦੋ ਦਿਨ ਏਥੇ ਵੱਸਣਾ ਫਿਰ ਤੇਰੇ ਹੱਥ ਜਹਾਨ ਸਾਨੂੰ ਚਸਕਾ ਮਿੱਠੀ ਖੀਰ ਦਾ ਪਰ ਜ਼ਹਿਰਾਂ ਵੀ ਪ੍ਰਵਾਨ ਜਦ ਮੌਜ ਆਈ ਤੁਰ ਜਾਵਣਾ ਤੇਰੇ ਮਹਿਲਾਂ ਦੇ ਮਹਿਮਾਨ ਸਾਡੀ ਚਾਰ ਦਿਨਾਂ ਦੀ ਜਿੰਦਗੀ ਸਾਡੇ ਪੂਰੇ ਕਰ ਅਰਮਾਨ ਫਿਰ ਸੱਭੇ ਮਿਲਖਾਂ ਤੇਰੀਆਂ ਅਸੀਂ ਢਾਈ ਦਿਨ ਦੇ ਸੁਲਤਾਨ

ਹੋਈਆਂ ਈਦਾਂ ਨਾ ਸਾਡਿਆਂ ਦੀਦਿਆਂ ਨੂੰ

ਹੋਈਆਂ ਈਦਾਂ ਨਾ ਸਾਡਿਆਂ ਦੀਦਿਆਂ ਨੂੰ ਤੇਰੀ ਦੀਦ ਦੇ ਰੋਜ਼ੜੇ ਖਾ ਚੱਲੇ ਕੀਤਾ ਅਮਲ ਨਾ ਆਪਾਂ ਨਸੀਹਤਾਂ ਤੇ ਐਵੇਂ ਹੀ ਰੋਲ਼ ਅਨਮੋਲੜੇ ਸਾਹ ਚੱਲੇ ਸਾਨੂੰ ਲੋੜ ਨਾ ਬਹੁਤੀਆਂ ਦੌਲਤਾਂ ਦੀ ਤੇਰੀ ਚਾਕਰੀ, ਕਿਹੜੇ ਵੀ! ਭਾਅ ਚੱਲੇ ਸਾਥੋਂ ਖੋਹ ਨਾ ਸੱਜਣ ਰੁਜ਼ਗਾਰ ਸਾਡਾ ਮੂਹਰੇ ਤੇਰੇ ਨਾ ਸਾਡੜੀ ਵਾਹ ਚੱਲੇ ਤੇਰੇ ਵੱਸਦੇ ਏਸ ਜਹਾਨ ਅੰਦਰ ਅਸੀਂ ਹੋ ਕੇ ਮੁਕੰਮਲ ਤਬਾਹ ਚੱਲੇ ਯਾਰ ਪਿਆਰਿਓ! ਉਹਨਾਂ ਦੀ ਖ਼ੈਰ ਮੰਗੋ ਜਿਹੜੇ ਇਸ਼ਕ ਹਕੀਕੀ ਦੇ ਰਾਹ ਚੱਲੇ

ਜੇ ਨਹੀਂ ਕਤੀਂਦਾ ਸੂਤੜਾ

ਜੇ ਨਹੀਂ ਕਤੀਂਦਾ ਸੂਤੜਾ ਫਿਰ ਚਰਖਾ ਮਾਰ ਵਗਾਹ ਤੂੰ ਮਾਹਲ ਦਾ ਡੋਰਾ ਵੱਟ ਕੇ ਗਲ਼ ਕੱਟੜੂਆਂ ਦੇ ਪਾ ਤੇਰਾ ਦੁੱਖ ਕਿਸੇ ਨੀ ਵੰਡਣਾ ਨਾ ਸਾਧਾਂ ਡੇਰੇ ਜਾਹ ਨੀ ਛੱਡ ਗੁੱਗੇ ਦੀਆਂ ਮਾੜੀਆਂ ਤੂੰ ਰਾਂਝਣ ਯਾਰ ਮਨਾ ਭਾਵੇਂ ਸੜ-ਸੜ ਕੋਲ਼ਾ ਹੋ ਜਵੇ ਤੇ ਹੁੰਦੀ ਫਿਰੇ ਤਬਾਹ ਤੂੰ ਕੀ ਦੁਨੀਆਂ ਤੋਂ ਖੱਟਣਾ ਤੈਨੂੰ ਨਾਲ਼ ਯਾਰੜੇ ਭਾਅ ਯਾਦਾਂ ਦੇ ਤੱਕਲ਼ੇ ਕੱਤ ਕੇ ਪੀੜਾਂ ਦਾ ਸੂਤ ਬਣਾ ਮਹਿੰਦੀ ਤੋਂ ਗੂੜ੍ਹਾ ਰਾਂਗਲਾ ਮਾਹੀ ਦਾ ਹਿਜਰ ਹੰਢਾ ਕੋਈ ਲੱਭ ਪੈਗੰਬਰ ਇਸ਼ਕ ਦਾ ਜੋ ਕਰੇ ਕਬੂਲ ਦੁਆ ਸਾਡੇ ਪੰਜ-ਆਬ ਵਿੱਚ ਵੱਜੀਆਂ ਜੋ ਲੀਕਾਂ ਦਵੇ ਮਿਟਾ

ਬੜਾ ਮਹਿੰਗਾ ਰੰਗ ਪਿਆਰ ਦਾ

ਬੜਾ ਮਹਿੰਗਾ ਰੰਗ ਪਿਆਰ ਦਾ ਤੂੰ ਕਿੱਥੋਂ ਲਿਆ ਲਵਾ? ਨੀ ਤੇਰੀ ਹੋਂਦ 'ਤੇ ਫ਼ਿਕਰੇ ਕੱਸਦਾ ਤੇਰੀ ਜੁੱਤੀ ਵਿਚਲਾ ਤਾਅ ਤੇਰੇ ਪੈਣੇ ਸੁਰਖ਼ ਹਕ਼ੀਕਤਾਂ ਦੇ ਨਾਲ਼ ਨੀ ਅੜੀਏ ਵਾਹ ਨੀ ਤੂੰ ਨਾਲ਼ ਭੁਲੇਖੇ ਪੀਰ ਨੂੰ ਕਿਉਂ ਵੇਹੜੇ ਲਿਆ ਬਿਠਾ? ਬੇਲੇ ਦੀ ਰਾਖੀ ਬਹਿ ਗਿਆ ਨੀ ਆਣ ਕੇ ਧੁਰੋਂ ਖ਼ੁਦਾ ਨੀ ਸੁਣ! ਸਿਆਲਾਂ ਦੀਏ ਕ਼ਿਸਮਤੇ ਕਿਤੇ ਲਵੀਂ ਨਾ ਰੱਬ ਗੰਵਾ ਟਿੱਲਿਆਂ ਦਾ ਚਸਕਾ ਜਾਪਦਾ ਪੁੱਛਦਾ ਮੁੰਦਰਾਂ ਦੇ ਭਾਅ ਜਦ ਭਗਵਾਂ ਪਹਿਨ ਖਲੋ ਗਿਆ ਤੇਰੇ ਦੀਦਿਆਂ ਮੋਹਰੇ ਆ ਤੇਰੀ ਕੰਮ ਨਾ ਆਉਣੀ ਜਿੰਦੜੀ ਜੋਗੀ ਦੀ ਲੱਗੂ ਹਾਅ ਤੈਨੂੰ ਅੰਤ ਨੂੰ ਪੈਣੇ ਡੋਲ੍ਹਣੇ ਕਾਸੇ ਵਿੱਚ ਆਪਣੇ ਸਾਹ

ਤੇਰੇ ਸੱਦੇ ਉੱਠ ਜਾਵਾਂਗੇ

ਤੇਰੇ ਸੱਦੇ ਉੱਠ ਜਾਵਾਂਗੇ ਆਏ ਤੇਰੇ ਘੱਲੇ ਤੇਰਾ ਇਲਮ ਰੂਹਾਨੀ ਬਾਬਾ ਸਾਡੇ ਖ਼ਾਲੀ ਗੱਲੇ ਮੱਕੇ ਦੇ ਹੱਜ ਕਰ-ਕਰ ਥੱਕੇ ਅੱਖ ਤੇਰੀ ਨਾ ਖੁੱਲ੍ਹੀ ਕਾਅਬੇ ਵਿੱਚੋਂ ਉੱਠ! ਤੇ ਝਾਤੀ ਮਾਰ ਅਸਾਡੇ ਵੱਲੇ ਵਿੱਚ ਚਰਾਗ਼ਾਂ ਬਲ਼ ਬਲ਼ ਸਾਡੇ ਤਨ ਦੀ ਬੱਤੀ ਠੱਰਗੀ ਮੰਹਿਗੀ ਤੇਰੀ ਦੀਦ ਸੋਹਣਿਆਂ ਸਾਡੇ ਹੰਝ ਸਵੱਲੇ ਬੇਵਾ ਹੋਈ ਜਿੰਦ ਨਿਮਾਣੀ ਲਾਹ-ਲਾਹ ਸੁੱਟਦੀ ਵੰਗਾਂ ਮੌਤ ਸੁਹਾਗਣ ਨੇ ਜਦ ਸਾਡੇ ਆਣ ਬਰੂਹੇ ਮੱਲੇ ਵੈਦ ਨਿਮਾਣਾ ਦੁਖ਼ਦੀ ਰਗ਼ ਨੂੰ ਲੱਭਦਾ ਕਮਲ਼ਾ ਹੋਇਆ ਸਾਹਾਂ ਦੇ ਵਿੱਚ ਧੁਖ਼ਦਾ ਬਿਰਹਾ ਕੇਹੇ ਰੋਗ ਅਵੱਲੇ ਕੀਕਣ ਨਾ ਰੱਬ ਰਾਜ਼ੀ ਹੁੰਦਾ ਕਿੱਦਾਂ ਜੰਝ ਨਾ ਚੜ੍ਹਦੀ ਮੇਚ ਤੇਰੀ ਉਂਗਲ਼ੀ ਦੇ ਆਏ ਧੁਰੋਂ ਅਸਾਡੇ ਛੱਲੇ ਬੇਸ਼ੱਕ ਉਸਨੇ ਚੱਕ ਚਾੜ੍ਹ ਕੇ ਆਵੇ ਵਿੱਚ ਪਕਾਏ ਟੁੱਟ ਜਾਣਗੇ ਠਣਕ ਪਏ ਜੇ ਅੱਲੇ ਤਾਂ ਫਿਰ ਅੱਲੇ ਅਣਖੀ ਅਤੇ ਸ਼ਾਹਾਨਾ ਆਦਤ ਲੈ-ਲੈ ਬਹਿੰਦੀ ਸਾਨੂੰ ਸਾਡਾ ਨਾ ਕੋਈ ਸੰਗੀ ਸਾਥੀ ਯੁੱਗੋ-ਯੁੱਗ ਇਕੱਲੇ

ਸੂਤਕਾਂ ਦੀ ਰੁੱਤ ਵਿਚ

ਸੂਤਕਾਂ ਦੀ ਰੁੱਤ ਵਿਚ ਨਿੱਕੀ ਜਿਹੀ ਵੀਣੀ ਸਾਡੀ ਪੀੜਾਂ ਵਾਲ਼ੀ ਵੰਗ ਗਿਓਂ ਪਾ ਵਣਜਾਰਿਆ ਕਾਹਨੂੰ ਸਾਨੂੰ ਜੰਮਣਾ ਸੀ ਸੂਲ਼ਾਂ ਦੀ ਤੂੰ ਸੇਜ਼ ਉੱਤੇ ਅੰਮੜੀ ਦੀ ਕੁੱਖ ਨੂੰ ਗਿਲਾ ਵਣਜਾਰਿਆ ਲਾਲ ਸੂਹਾ ਚੂੜਾ ਸਾਡੇ ਨਾਪ ਦਾ ਬਣਾਇਆ ਨਾ ਤੂੰ ਫਿਰੇਂ ਭਾਂਵੇ ! ਲੱਗਿਆ ਖ਼ੁਦਾ ਵਣਜਾਰਿਆ ਅੱਜ ਵੀਣੀ ਭਾਲ਼ਦੀ ਏ ਵੰਗਾਂ ਕਾਲ਼ੇ ਰੰਗ ਦੀਆਂ ਲੱਥ ਗਏ ਨੇ ਰੰਗਾਂ ਵਾਲ਼ੇ ਚਾਅ ਵਣਜਾਰਿਆ ਤੇਰੀਆਂ ਵਧੀਕੀਆਂ ਨੇ ਪੱਟੇ ਘਰ ਬਾਹਮਣਾਂ ਦੇ ਲਾਹਿਆ ਸੁਨਿਆਰਿਆਂ ਦਾ ਤਾਅ ਵਣਜਾਰਿਆਂ ਐਵੇਂ ਕਾਹਨੂੰ ਬੀਹੀ ਸਾਡੀ ਜਾਣ-ਜਾਣ ਹੋਕਾ ਦੇਵੇਂ ਅਸਾਂ ਕਦੋਂ ਪੁੱਛੇ ਤੈਥੋਂ ਭਾਅ ਵਣਜਾਰਿਆ ਦੇਦੇ ਸਾਨੂੰ ਦੇਣਾ ਹੈ ਜੇ ਕੰਗਣ ਮਿਲਾਪ ਵਾਲ਼ਾ ਹਿਜਰਾਂ ਦੇ ਬੰਦ ਨਾ ਵਿਖਾ ਵਣਜਾਰਿਆ ਪਿੱਛੇ - ਪਿੱਛੇ ਆਈ ਤੇਰੇ ਬਿਰਹੇ ਦੀ ਜਾਈ ਕੋਈ ਪੁੱਛੇ ਸਾਡੇ ਸ਼ਹਿਰ ਦਾ ਪਤਾ ਵਣਜਾਰਿਆ ਝਿਮਣਾਂ ਦੀ ਵਾੜ ਸਾਡੇ ਹੰਝੂਆਂ ਨੇ ਤੋੜ ਦਿੱਤੀ ਬੰਨ੍ਹ ਤੂੰ ਮੁਹੱਬਤਾਂ ਦੇ ਲਾ ਵਣਜਾਰਿਆ

ਕੁੜਤੇ ਵਿੱਚ ਸੰਵਾਂ ਲਿਆ

ਕੁੜਤੇ ਵਿੱਚ ਸੰਵਾਂ ਲਿਆ ਮੇਰੇ ਜੀਅ ਦਾ ਮੋਤੀ ਏਦਾਂ ਉਸ ਖੁਰਸ਼ੀਦ ਨੇ ਮੇਰੀ ਕਾਲ਼ਖ ਧੋਤੀ ਵਾਅ ਦੇ ਬੁੱਲੇ ਦਿਨ ਢਲ਼ੇ ਇੱਕ ਖ਼ਬਰ ਲਿਆਂਦੀ ਉਹ ਕੱਲਮਕੱਲਾ ਲੰਮੀਆਂ ਵਾਟਾਂ ਦਾ ਪਾਂਧੀ ਨਾ ਮੈਂ ਉਸਦਾ ਨਾਂ ਲਵਾਂ ਨਾ ਗੱਲ ਸੁਣਾਂਵਾਂ ਰੂਹ ਮੇਰੀ 'ਤੇ ਪੈ ਗਿਆ ਜਿਸਦਾ ਪਰਛਾਂਵਾਂ ਸੁੱਟੀਆਂ ਹੀਰਾਂ ਸੋਹਣੀਆਂ ਸਭ ਕਰ-ਕਰ ਲਾਸ਼ਾਂ ਠੋਕਰ ਉੱਤੇ ਰੱਖਦਾ ਜੰਨਤ ਦੀਆਂ ਆਸਾਂ ਕੰਗਣ ਮੇਰੇ ਗੁੱਟ ਦਾ ਮੇਰੀ ਦੌਣ ਦਾ ਟਿੱਕਾ ਉਸਦੇ ਹੁੰਦਿਆਂ ਕਿਉਂ ਪਵੇ ਮੇਰਾ ਚਾਨਣ ਫਿੱਕਾ ਉਹ ਤਾਂ ਚੰਨ ਹੈ ਤੀਜ ਦਾ ਚੌਦੇਂ ਨੂੰ ਚੜ੍ਹਿਆ ਸੱਤੇ ਰੰਗ ਸਮੇਟ ਕੇ ਘਰ ਮਾਹੀ ਵੜਿਆ ਜਿਸਦੇ ਇੱਕੋ ਬੋਲ' ਤੇ ਮੈਂ ਦੁਨੀਆਂ ਵਾਰੀ ਤਲ਼ੀ' ਤੇ ਉਸਦੀ ਧਰ ਦਿਆਂ ਮੈਂ ਜੰਨਤ ਸਾਰੀ

ਮਾਣ ਕਿੱਡਾ ਛੋਹਰ ਨੂੰ

ਮਾਣ ਕਿੱਡਾ ਛੋਹਰ ਨੂੰ ਸਰੂ ਜਹੇ ਕੱਦ ਦਾ ਗੱਲਾਂ ਨਾਲ਼ ਅੰਬਰਾਂ ਨੂੰ ਲਾਵੇ ਟਾਕੀਆਂ ਗਲ਼ੀਆਂ 'ਚ ਫਿਰੇ ਮੌਲਾ ਜੱਟ ਬਣਿਆ ਜੱਟੀਆਂ ਨੂੰ ਆਖੇ! ਕੱਲ੍ਹ ਦੀਆਂ ਕਾਕੀਆਂ ਚੌਧਰੀ ਦਾ ਪੁੱਤ ! ਰੰਨਾਂ ਕੋਲ਼ੋਂ ਅੱਕਿਆ ਆਖੇ! ਨਹੀਂਓਂ ਰਾਸ ਤ੍ਰੀਹਮਤਾਂ ਲੜਾਕੀਆਂ ਲੱਸੀ ਦਿਆਂ ਛੰਨਿੱਆਂ ਦੀ ਭੁੱਖ ਲਾਹੁਣ ਨੂੰ ਆਉੰਦੀ ਜਾਂਦੀ ਨਾਲ਼ ਖੇਡਦਾ ਚਲਾਕੀਆਂ ਉਹ ਹੈ ਜਿਹੜੀ ਸੱਸੀ ਦਾ ਬਲੋਚ ਚੰਦਰਾ ਕਰ ਲੈਂਦੀ ਬੰਦ ! ਉਹਨੂੰ ਵੇਖ ਤਾਕੀਆਂ

ਰੁੱਤ ਸਿਆਲ਼ੀ ਬੰਨੇ ਉੱਤੇ

ਰੁੱਤ ਸਿਆਲ਼ੀ ਬੰਨੇ ਉੱਤੇ ਬਹਿ ਕੇ ਕੱਟੀ ਨਾ ਤੇਰੇ ਤੋਂ ਵਾਦੇ ਸਰਕਾਰੇ ਕਿੱਦਾਂ ਪੁੱਗਣਗੇ ਦੁੱਖ ਸਾਡੇ ਮਤਵੰਨੇ ਮੁੱਢੋਂ ਸੀਰੀ ਜੰਮੇ ਨੇ ਹੋਈ ਕਿਸਮਤ ਚੰਗੀ ਤਾਂ ਭੁੱਜੇ ਵੀ ਉੱਗਣਗੇ ਕਿੱਥੋਂ ਮਾਝੇ ਪੀਵੇਂਗੀ? ਨੀ ਚੁਸਕੀ ਲੈ-ਲੈ ਕੇ ਤੇਰੇ ਮਿੱਠੇ ਅੰਬਾਂ ਨੂੰ ਹੁਣ ਤੁੱਕੇ ਲੱਗਣਗੇ ਕਿੰਨੀ ਦੇਰ ਗਲ਼ੀ 'ਚੋਂ ਪਰਦਾ ਕਰਕੇ ਲੰਘੇਂਗੀ ਤੈਥੋਂ ਠੱਗੇ ਜਾਵਣ ਵਾਲ਼ੇ ਤੈਨੂੰ ਠੱਗਣਗੇ ਸਾਡੇ ਪੰਜ ਦਰਿਆ ਡੀਕ ਗਈ ਹਾਸੇ ਭਾਣੇ ਤੂੰ ਵੇਖੀਂ ਤੇਰੇ ਸ਼ਹਿਰ 'ਚ ਹੜ੍ਹ ਪੱਗਾਂ ਦੇ ਵੱਗਣਗੇ

ਮਾਹੀ ਮੇਰਾ ਦੇ ਗਿਆ ਲੈ ਕੇ

ਮਾਹੀ ਮੇਰਾ ਦੇ ਗਿਆ ਲੈ ਕੇ ਕੁੜਤੀ ਇੱਕ ਕਸ਼ਮੀਰੀ ਪਾ ਕੇ ਵਿਚ ਬਾਰ ਦੇ ਖੜ੍ਹ ਗਈ ਮੱਚੀ ਫਿਰੇ ਸ਼ਕੀਰੀ ਜਾਂ ਮੇਰਾ ਹੱਥ ਛੱਡ ਕੇ ਤੁਰ ਜਾ ਜਾਂ ਫਿਰ ਭੁੱਲ ਜਾ ਪੀਰੀ ਭੁਗਤਣ ਦੇ ਲਈ ਰਾਜੀ ਹੋ ਜਾ ਕੀਤੀ ਜੋ ਦਿਲਗੀਰੀ ਚੜ੍ਹਦੇ ਵਰ੍ਹੇ ਅਸਾਂ ਨਹੀਂ ਲੱਭਣਾ ਸਾਡਾ ਮੇਲ਼ ਅਖੀਰੀ

ਜਦੋਂ ਕੱਟੀ ਰਸੀਦ ਤੇਰੀ ਜਾਵਣੀ ਏਂ

ਜਦੋਂ ਕੱਟੀ ਰਸੀਦ ਤੇਰੀ ਜਾਵਣੀ ਏਂ ਉਹਨੇ ਜੁੱਤੀ ਵੀ ਦੇਣੀ ਨਹੀਂਓਂ ਪਾਉਣ ਤੈਨੂੰ ਛੱਤ ਪਾੜ ਕੇ ਮੌਤ ਨੇ ਆਣ ਵੜਨਾ ਦੇਣੀ ਕੰਧ ਵੀ ਨਹੀਂ ਉਹਨੇ ਢਾਹੁਣ ਤੈਨੂੰ ਮਾਣ ਕਰਦਾ ਤੂੰ ਜਿਹੜਿਆਂ ਰਕਬਿਆਂ ਦਾ ਉਹਨੇ ਇੱਟ ਵੀ ਦੇਣੀ ਨਹੀਂਓਂ ਲਾਹੁਣ ਤੈਨੂੰ ਰਾਤੋ ਰਾਤ ਖਦੇੜਨਾ ਦੇਸ ਵਿੱਚੋਂ ਉਹਨੇ ਦੇਣੀ ਸਵੇਰ ਨਾ ਹੋਣ ਤੈਨੂੰ ਐਸੀ ਛਮਕ ਵਗਾਟੜੀ ਮਾਰਨੀ ਏਂ ਭੁੱਲ ਜਾਵਣਾ ਹੱਸਣਾ ਰੋਣ ਤੈਨੂੰ ਪੈਰ ਥਿੜਕਦੇ ਅੱਖਾਂ 'ਚ ਝੌਲ਼ ਪੈਂਦਾ ਲੱਗੇ ਉਮਰ ਦੇ ਝੂਟੜੇ ਆਉਣ ਤੈਨੂੰ ਲੰਘੇ ਹਾੜ੍ਹ ਤੇ ਚੇਤੇ ਨਾ ਮੌਤ ਆਈ ਭੁੱਲ ਚੱਲਿਆ ਜੇਠੜਾ ਸਾਉਣ ਤੈਨੂੰ ਕਬਰ ਆਪਣੀ ਉੱਤੇ ਵੇ ਰੱਖ ਦੀਵਾ ਜਾਣਾ ਪੈਣਾ ਏਂ ਮਰਸੀਆ ਗਾਉਣ ਤੈਨੂੰ ਏਥੇ ਫਿਰਦਾ ਮੁਲਾਹਜੇ ਤੂੰ ਪਾਲ਼ਦਾ ਏਂ ਓਥੇ ਵੇਖੀਂ ਤੂੰ ਜਾਣਦਾ ਕੌਣ ਤੈਨੂੰ?

ਗ਼ਜ਼ਲ-ਹਾਸੇ ਦੀ ਹੁਣ ਖ਼ਾਸ ਜਰੂਰਤ ਹੁੰਦੀ ਏ

ਹਾਸੇ ਦੀ ਹੁਣ ਖ਼ਾਸ ਜਰੂਰਤ ਹੁੰਦੀ ਏ ਗ਼ਮ ਤੇਰੇ ਦੀ ਰੋਜ ਹਿਫ਼ਾਜ਼ਤ ਹੁੰਦੀ ਏ ਹਰ ਪੱਥਰ ਮੈਂ ਨਾਲ਼ ਸਲੀਕੇ ਧਰਿਆ ਏ ਹੁਣ ਦਰਿਆਵਾਂ ਅੰਦਰ ਹਰਕਤ ਹੁੰਦੀ ਏ ਜੀਕਣ ਪਰਲਾ ਪਾਰ ਨ ਦਿੱਸੇ ਉਰਲੇ ਨੂੰ ਸ਼ਾਇਰ ਅੰਦਰ ਏਨੀ ਬਰਕਤ ਹੁੰਦੀ ਏ ਮੇਰਾ ਸੱਚ ਤਾਂ ਕੌਡੀ ਵਰਗਾ ਲਗਦਾ ਏ ਝੂਠ ਉਹਦੇ ਦੀ ਏਨੀ ਕੀਮਤ ਹੁੰਦੀ ਏ ਭੱਜਦਿਆਂ ਨੂੰ ਵਾਹਣ ਹੁੰਦੇ ਇੱਕ ਜਿਹੇ ਸਾਡੇ ਪਾਸੇ ਇੱਕ ਕਹਾਵਤ ਹੁੰਦੀ ਏ ਇਸ਼ਕ ਹਮੇਸ਼ਾਂ ਸਿਰ ਫਿਰਿਆਂ ਦਾ ਹਾਮੀ ਏਂ ਸਮਝਾਂ ਤਾਂਈਂ ਜੁਰਮ ਮੁਹੱਬਤ ਹੁੰਦੀ ਏ ਕਰ ਦੇਂਦਾ ਏ ਗ਼ਜ਼ਲ ਮੁਕੰਮਲ ਮਕਤੇ ਤੱਕ ਮਤਲੇ ਅੰਦਰ ਏਨੀ ਤਾਕਤ ਹੁੰਦੀ ਏ

ਗ਼ਜ਼ਲ-ਉੰਝ ਤਾਂ ਮੇਰੇ ਬੋਲ ਬਥੇਰੇ ਸਾਊ ਨੇ

ਉੰਝ ਤਾਂ ਮੇਰੇ ਬੋਲ ਬਥੇਰੇ ਸਾਊ ਨੇ ਮਿੱਠੇ, ਸ਼ੀਲ, ਸੁਰੀਲੇ ਤੇ ਸ਼ਰਮਾਊ ਨੇ ਬਸ ਇੱਕ ਮੈਨੂੰ ਗੁੜ੍ਹਤੀ ਕੱਬੇ ਟੱਬਰ ਦੀ ਕੁਝ ਇਕ ਮੇਰੇ ਗੀਤ ਨ੍ਹਿਰੇ ਅੱਗ ਲਾਊ ਨੇ ਪੈਸੇ ਖ਼ੂਬ ਕਮਾ ਕੇ ਘਰ ਤੋਂ ਤੁਰਿਆ ਕਰ ਵਿਹਲੜ, ਐਸ਼ੀ ਯਾਰ ਬਣੇ ਸਭ ਖਾਊ ਨੇ ਮੈਂ ਤਾਂ ਹੁਣ ਕਿਰਤੀ ਦੀ ਬੋਲੀ ਬੋਲਾਂਗੀ ਇਸ਼ਕ, ਵਫ਼ਾ ਦੇ ਸਭ ਮਸਲੇ ਭੜਕਾਊ ਨੇ ਨਾ ਡਰਿਆ ਨਾ ਘਰ ਮੁੜਿਆ ਪਰਦੇਸਾਂ ਚੋਂ ਇਸ ਵਾਰੀ ਉਸ ਰੱਖੇ ਪੈਰ ਟਿਕਾਊ ਨੇ ਤੂੰ ਕੀ ਮੈਨੂੰ ਚਰਚਾ ਕਰਕੇ ਭੰਡੇਂਗਾ? ਮੇਰੀ ਮਿੱਟੀ ਤਰਕ ਬੜੇ ਉਪਜਾਊ ਨੇ ਤੂੰ ਦੱਸੀਂ ਕੀ ਲੈਣਾ ਡੂੰਘੇ ਅਰਥਾਂ ਤੋਂ ਸ਼ਬਦ ਤਿਰੇ ਪਹਿਲਾਂ ਹੀ ਕੰਮ ਚਲਾਊ ਨੇ ਲਗਦਾ ਹੁਣ ਤੂੰ ਲੀਡਰ ਚੁਣਿਆਂ ਜਾਵੇਂਗਾ ਕਾਰੇ ਤੇਰੇ ਸਾਰੇ ਢੋਲ ਵਜਾਊ ਨੇ ਲੋੜ ਪਈ ਤੋਂ ਲਿਖ ਨਾ ਸਕੀਆਂ ਅੱਖਰ ਦੋ ਨਾਮੀ ਕਲਮਾਂ ਜਾਪਣ ਅੱਜ ਵਿਕਾਊ ਨੇ

ਗ਼ਜ਼ਲ-ਅਪਣੀ ਬਾਤ ਸੁਣਾਉਣਗੇ ਦੀਵੇ

ਅਪਣੀ ਬਾਤ ਸੁਣਾਉਣਗੇ ਦੀਵੇ ਰਾਹਾਂ ਨੂੰ ਰੁਸ਼ਨਾਉਣਗੇ ਦੀਵੇ ਮੰਦਰ ਦੀ ਪਰਕਰਮਾ ਦੇ ਵਿੱਚ ਭਟਕੇ ਲੋਕੀਂ ਲਾਉਣਗੇ ਦੀਵੇ ਬੇਸ਼ੱਕ ਰਹੂ ਦੀਵਾਲ਼ੀ ਕਾਲ਼ੀ ਤਾਂ ਵੀ ਲੋਕ ਜਗਾਉਣਗੇ ਦੀਵੇ ਮੇਰੇ ਘਰਦੇ ਕਰਨ ਸਲਾਹਾਂ ਮੇਰੇ ਘਰ ਵੀ ਆਉਣਗੇ ਦੀਵੇ ਵਿਚ ਚੌਰਾਹਿਆਂ ਦੇ ਰੁਕ-ਰੁਕ ਕੇ ਫਰਜੀ ਲੋਕ ਸਜਾਉਣਗੇ ਦੀਵੇ ਮੈਂ ਤਾਂ ਜਾਮ ਇਕੱਲੇ ਪੀਣਾ ਲੋਕ ਪਏ ਟਕਰਾਉਣਗੇ ਦੀਵੇ ਮੈਂ ਤੈਨੂੰ ਕਵਿਤਾ ਭੇਜਾਂਗੀ ਲੋਕੀਂ ਖ਼ਤ ਵਿਚ ਪਾਉਣਗੇ ਦੀਵੇ

ਗ਼ਜ਼ਲ-ਤਾਂ ਕੀ ਹੈ ? ਜੇ ਦੁਸ਼ਮਣ ਸਾਰੇ ਹੋਏ ਨੇ

ਤਾਂ ਕੀ ਹੈ ? ਜੇ ਦੁਸ਼ਮਣ ਸਾਰੇ ਹੋਏ ਨੇ ਆਪਾਂ ਸਭ ਦੇ ਕਰਜ਼ ਉਤਾਰੇ ਹੋਏ ਨੇ ਇਹ ਜੋ ਜਖ਼ਮ ਮਿਲ਼ੇ ਸਾਨੂੰ ਦਰਵੇਸ਼ੀ ਵਿਚ ਵਿਦਵਾਨਾਂ ਦੇ ਪੱਥਰ ਮਾਰੇ ਹੋਏ ਨੇ ਉਹਨਾਂ ਦਾ ਕੀ ਕਰਨਾ ਹੈ? ਅਪਮਾਨ ਕਿਸੇ ਜਿਹੜੇ ਅੱਲ੍ਹਾ ਨੇ ਸਤਿਕਾਰੇ ਹੋਏ ਨੇ ਰੋਜ ਵਕਾਲਤ ਕਰਦਾ ਮੇਰੀ ਭਟਕਣ ਦੀ ਅੱਜਕਲ ਉਸਦੇ ਉਲ਼ਟੇ ਕਾਰੇ ਹੋਏ ਨੇ ਪੈਰਾਂ 'ਤੇ ਬਨਵਾਸ ਲਿਖਾ ਕੇ ਤੁਰਿਆ ਜੋ ਮਹਿਲਾਂ ਅੰਦਰ ਕਦੋਂ ਗੁਜ਼ਾਰੇ ਹੋਏ ਨੇ ਵੇਖ ਅਕਾਸ਼ਾਂ ਖੁੱਲ੍ਹ-ਦਿਲੀ ਵਰਤਾਈ ਏ ਤਾਰੇ ਜੜ ਕੇ ਥਾਣ ਖਿਲਾਰੇ ਹੋਏ ਨੇ ਸ਼ਾਮ ਢਲ਼ੀ ਤੱਕ ਵਰ੍ਹਦੇ ਨੇ ਜਾਂ ਉਡਦੇ ਨੇ ਗ਼ਮ ਤੇਰੇ ਦੇ ਬੱਦਲ਼ ਭਾਰੇ ਹੋਏ ਨੇ ਧਰਮ ਸਥਾਨਾਂ 'ਤੇ ਵੀ ਇੱਕੋ ਰੌਲ਼ਾ ਏ ਐਂਵੇਂ ਹੀ ਬਦਨਾਮ ਚੁਬਾਰੇ ਹੋਏ ਨੇ

ਗ਼ਜ਼ਲ-ਸੱਚਮੁੱਚ ਤੈਨੂੰ ਯਾਰ ਬੜਾ ਹੀ ਡੰਗੇਗਾ

ਸੱਚਮੁੱਚ ਤੈਨੂੰ ਯਾਰ ਬੜਾ ਹੀ ਡੰਗੇਗਾ ਇਹ ਦੁਹਰਾ ਕਿਰਦਾਰ ਬੜਾ ਹੀ ਡੰਗੇਗਾ ਖਿੜਦਾ ਕੇਸੂ ਵੇਖ ਖੁਸ਼ੀ ਦਾ ਹਾਲੇ ਤੂੰ ਫਿਰ ਝੜਦਾ ਕਚਨਾਰ ਬੜਾ ਹੀ ਡੰਗੇਗਾ ਜਿਸਤੋਂ ਲੈ ਕੇ ਛੱਲਾ ਉੰਗਲ਼ੀ ਪਾ ਦਿੱਤਾ ਤੈਨੂੰ ਉਹ ਸੁਨਿਆਰ ਬੜਾ ਹੀ ਡੰਗੇਗਾ ਆਕੜ ਦਾ ਸੱਪ ਵਿਚ ਪਟਾਰੀ ਰੱਖ ਭਾਵੇਂ ਜੇ ਨਾ ਦਿੱਤਾ ਮਾਰ ਬੜਾ ਹੀ ਡੰਗੇਗਾ ਗਹਿਣੇ ਵਰਗਾ ਲੱਭਿਆ ਯਾਰ ਗਵਾ ਬੈਠੀ ਹੁਣ ਨੌਂ ਲੱਖਾ ਹਾਰ ਬੜਾ ਹੀ ਡੰਗੇਗਾ ਧੌਲ਼ਗਿਰੀ ਦੇ ਪਰਛਾਂਵੇਂ ਤੋਂ ਡਰਦਾ ਜੋ ਉਸਨੂੰ ਚਾਰਾਗਾਰ ਬੜਾ ਹੀ ਡੰਗੇਗਾ ਨਾਗ ਦਿਵਸ 'ਤੇ ਸੌ-ਮਣ ਦੁੱਧ ਚੜ੍ਹਾ ਭਾਵੇਂ ਬੈਠਾ ਕੁੰਡਲ਼ੀ ਮਾਰ ਬੜਾ ਹੀ ਡੰਗੇਗਾ ਸੁੰਨਮਸੁੰਨਾਂ ਵੱਸੀਆਂ ਮੇਰੇ ਸੀਨੇ ਵਿਚ ਹੁਣ ਮੈਨੂੰ ਬਾਜਾਰ ਬੜਾ ਹੀ ਡੰਗੇਗਾ

ਗ਼ਜ਼ਲ-ਕਦੇ ਉਹ ਜ਼ਿੰਦਗੀ ਲੱਗੇ

ਕਦੇ ਉਹ ਜ਼ਿੰਦਗੀ ਲੱਗੇ, ਕਦੇ ਉਹ ਬੰਦਗੀ ਲੱਗੇ ਮਗਰ ਇਹ ਦੋਸਤੀ ਉਸਨੂੰ ਹਮੇਸ਼ਾਂ ਦਿਲਲਗੀ ਲੱਗੇ ਅਤੀਤਾਂ ਨੇ ਬੜੇ ਜੰਗਲ਼ ਉਗਾਏ ਨੇ ਸਵਾਲਾਂ ਦੇ ਜਮਾਨੇ ਨੂੰ ਅਜੇ ਵੀ ਕਲਮ ਮੇਰੀ ਰਾਜ ਹੀ ਲੱਗੇ ਪਤਾ ਸਾਨੂੰ ਨਹੀਂ ਸ਼ਾਇਦ ਚਰਾਗ਼ਾਂ ਦੀ ਕਹਾਣੀ ਦਾ ਵਜੂਦਾਂ ਨੂੰ ਜਲਾ ਜਦ ਲੈਣ ਸਾਨੂੰ ਰੌਸ਼ਨੀ ਲੱਗੇ ਨਜ਼ਰ ਟਿੱਕਾ ਲਗਾਵਣ ਦੀ ਪਵੇ ਜੇ ਲੋੜ ਕੁਦਰਤ ਨੂੰ ਹਨੇਰੇ ਨੂੰ ਕਿਸੇ ਚਾਨਣ 'ਚ ਉੱਗਣਾ ਲਾਜਮੀ ਲੱਗੇ ਧਰਮ ਤੇਰਾ, ਖ਼ੁਦਾ ਤੇਰਾ, ਮਜ਼ਹਬੀ ਪੈਂਤੜੇ ਤੇਰੇ ਦਿਲੋਂ ਮੈਂਨੂੰ ਮੇਰਾ ਹੋਣਾ ਅਨੋਖ਼ੀ ਬੇਬਸੀ ਲੱਗੇ ਉਦਾਸੇ ਚਿਹਰਿਆਂ ਪਿੱਛੇ ਲੁਕਾ ਲੈਂਦੇ ਤੁਸੀਂ ਹੋ ਕੀ? ਤੁਹਾਡੇ ਬੋਲ ਵਿਚ ਸਾਨੂੰ ਬੜੀ ਜ਼ਿੰਦਾਦਿਲੀ ਲੱਗੇ ਬਹਾਰਾਂ ਨੂੰ ਬਥੇਰਾ ਜਕੜਿਆ ਹੈ ਪਤਝੜਾਂ ਫਿਰ ਵੀ ਕਿਸੇ ਖੂੰਝੇ ਪਈ ਸੰਦਲ ਪੁਰਾਣੀ ਮਹਿਕਦੀ ਲੱਗੇ ਘੁਮਾਵੇ ਕਿਸ ਤਰ੍ਹਾਂ ਚੱਕਰ ਜਦੋਂ ਵੀ ਮੌਜ ਵਿਚ ਆਵੇ ਕਿਵੇਂ ਜਾਦੂਮਈ ਬੁੱਲ੍ਹਾਂ ਵਿਚਾਲ਼ੇ ਬੰਸਰੀ ਲੱਗੇ ਤੁਹਾਡੀ ਅੱਖ ਨੇ ਮੈਥੋਂ ਚੁਰਾਈ ਨਜ਼ਰ ਏਦਾਂ ਕਿਉਂ? ਪਈ ਖ਼ਤਰੇ 'ਚ ਕਿਉਂ ਮੈਨੂੰ ਤੁਹਾਡੀ ਰਹਿਬਰੀ ਲੱਗੇ

ਗ਼ਜ਼ਲ-ਜਜ਼ਬਾਤਾਂ ਦੇ ਮਹਿਲ ਬਣਾਈ ਜਾਂਦੇ ਨੇ

ਜਜ਼ਬਾਤਾਂ ਦੇ ਮਹਿਲ ਬਣਾਈ ਜਾਂਦੇ ਨੇ ਗ਼ਜ਼ਲਾਂ ਵਾਲ਼ੇ ਜੰਗਲ਼ ਗਾਹੀ ਜਾਂਦੇ ਨੇ ਪੜਿਆ ਲਿਖਿਆ ਧਰਨੇ ਉੱਤੇ ਬੈਠਾ ਹੈ ਮੀਣੇ ਬੰਦੇ ਦੇਸ਼ ਚਲਾਈ ਜਾਂਦੇ ਨੇ ਰਿਸ਼ਵਤਖੋਰੀ ਤਾਂ ਸਰਕਾਰੀ ਧੰਦਾ ਏ ਡੀਸੀ ਜੀ ਐਂਵੇਂ ਸ਼ਰਮਾਈ ਜਾਂਦੇ ਨੇ ਤੂੰ ਮੇਰਾ ਗਲ਼ ਘੁੱਟ ਮੈਂ ਤੇਰਾ ਘੁੱਟਾਂਗਾ ਏਦਾਂ ਦੇ ਵੀ ਪੱਗ ਵਟਾਈ ਜਾਂਦੇ ਨੇ ਲਗਦਾ ਅਜਕਲ੍ਹ ਮਾੜੀ ਬਹਿਣੀ ਬੈਠਾ ਏ ਮਾਪੇ ਤਾਂਹੀ ਜਾਨ ਖਪਾਈ ਜਾਂਦੇ ਨੇ ਰੋਜ਼ ਮਸ਼ੂਕਾਂ ਬਦਲਣ ਪਾਣੀ ਘਾਟਾਂ ਦਾ ਆਸ਼ਕ ਐਂਵੇਂ ਝੋਰਾ ਲਾਈ ਜਾਂਦੇ ਨੇ ਕੀ ਦੱਸਾਂ ਮੈਂ ਫ਼ਿਤਰਤ ਅਪਣੇ ਯਾਰਾਂ ਦੀ ਅਪਣਾ ਕਹਿ-ਕਹਿ ਮੈਨੂੰ ਖਾਈ ਜਾਂਦੇ ਨੇ ਭਗਤ ਜਨਾਂ ਦਾ ਕੀ ਏ ਦੀਨ ਇਮਾਨ ਭਲਾ ਮੁੜ-ਮੁੜ ਇੱਕੋ ਗੱਲ ਸੁਣਾਈ ਜਾਂਦੇ ਨੇ ਧਰਤੀ ਨੇ ਕਦ ਗੀਤ ਸੁਣੇ ਨੇ ਅੰਬਰ ਦੇ ਸ਼ਾਇਰ ਐਂਵੇਂ ਡੰਗ ਟਪਾਈ ਜਾਂਦੇ ਨੇ ਅਸਲੋਂ ਇਲਮ ਵਿਹੂਣੇ ਕੋਈ ਇਲਮ ਨਹੀਂ ਇੱਕੋ ਨੁਕ਼ਤੇ ਨੂੰ ਦੁਹਰਾਈ ਜਾਂਦੇ ਨੇ ਸਾਰਾ ਸੂਰਜ ਅਪਣੇ ਕੋਠੇ ਚਾੜ੍ਹਨ ਲਈ ਸਾਡੇ ਕੰਧਾਂ ਕੋਠੇ ਢਾਹੀ ਜਾਂਦੇ ਨੇ 'ਵਾਸੂ' ਅਪਣੀ ਚਾਲੇ ਦੁਨੀਆਂ ਚੱਲਣ ਦੇ ਤੇਰੇ ਵਰਗੇ ਆਈ ਜਾਈ ਜਾਂਦੇ ਨੇ

ਗ਼ਜ਼ਲ-ਮੈਨੂੰ ਲਗਦਾ ਹਾਰ ਗਿਆ ਏ

ਮੈਨੂੰ ਲਗਦਾ ਹਾਰ ਗਿਆ ਏ ਤਾਂਹੀ ਡੁੱਬ ਵਿਚਕਾਰ ਗਿਆ ਏ ਕੱਢਾਂਗੀ ਤੇ ਮਰ ਜਾਵੇਗਾ ਨੇਜਾ ਦਿਲ ਦੇ ਪਾਰ ਗਿਆ ਏ ਲੰਘ ਗਿਆ ਗਲ਼ਵੱਕੜੀ ਪਾ ਕੇ ਦੁਸ਼ਮਣ ਨੂੰ ਸਤਿਕਾਰ ਗਿਆ ਏ ਬਸਤੀ ਵਿੱਚ ਦੁਹਾਈ ਮੱਚੀ ਕਿਹੜੀ ਚੋਗ਼ ਖਿਲਾਰ ਗਿਆ ਏ? ਕੁੱਤਿਆਂ ਰਲ਼ ਕੇ ਦਾਵਤ ਕੀਤੀ ਜੰਗਲ਼ ਦਾ ਸਰਦਾਰ ਗਿਆ ਏ ਅੱਵਲ ਦਰਜੇ ਦਾ ਬੇਫ਼ਿਕਰਾ ਦੇ ਕੇ ਫ਼ਿਕਰ ਹਜਾਰ ਗਿਆ ਏ ਤੇਰੇ ਸਾਹਾਂ ਦੇ ਆਦੀ ਸਾਂ ਤੇਰਾ ਮਰਨਾ ਮਾਰ ਗਿਆ ਏ ਮੈਂ ਕੀ ਵਕਤ ਗੁਜਾਰਾਂ ਹੁਣ ਤਾਂ ਮੈਨੂੰ ਵਕਤ ਗੁਜਾਰ ਗਿਆ ਏ

ਗ਼ਜ਼ਲ-ਉਹ ਖ਼ੇਤਾਂ ਦੇ ਜਾਏ

ਉਹ ਖ਼ੇਤਾਂ ਦੇ ਜਾਏ, ਉਹ ਪਿਪਲ਼ਾਂ ਦੇ ਹਾਣੀ ਹੈ ਮੇਰੇ ਕਿਸਾਨਾਂ ਦੀ ਲੰਮੀ ਕਹਾਣੀ ਉਹ ਮੋਰਾਂ ਦੇ ਖੰਭਾਂ ਨੂੰ ਸਿਰ ਲਾਉਣ ਵਾਲ਼ਾ ਸੁੱਦਾਮੇ ਦਾ ਬੇਲੀ ਤੇ ਜਮਨਾ ਦਾ ਪਾਣੀ ਉਹ ਹੀਰੀ ਦਾ ਆਸ਼ਿਕ ਤੇ ਗ਼ੋਰਖ ਦਾ ਚੇਲਾ ਸਿਆਲਾਂ ਦੀ ਜਿਸਨੇ ਬੜੀ ਖ਼ਾਕ ਛਾਣੀ ਉਹ ਮੁਰਦਾ ਸ਼ਰੀਰਾਂ 'ਚ ਜਿੰਦ ਪਉਣ ਵਾਲ਼ਾ ਸੁਣਾਉਂਦਾ ਰਿਹਾ ਸਾਨੂੰ ਅਜਲਾਂ 'ਤੋਂ ਬਾਣੀ ਕਿਹੜੀਆਂ ਨੇ ਰਾਹਵਾਂ ਇਹ ਕਿਹੜੇ ਨੇ ਰਸਤੇ ਫ਼ਕੀਰਾਂ ਦੀ ਲੋਈ ਉਹ ਫਿਰਦਾ ਏ ਤਾਣੀ ਉਹ ਪਰਦਾ ਜਿਹਾ ਕਰ ਬਰੁਹਾਂ 'ਚੋਂ ਲੰਘਿਆ ਜੋ ਲੰਘਦਾ ਸੀ ਇਕ ਦਿਨ ਮੇਰੀ ਅੱਖ ਥਾਣੀ

ਗ਼ਜ਼ਲ-ਪਗਡੰਡੀਆਂ 'ਤੇ ਪੰਛੀ ਚੁਗ਼ਦੇ ਨੇ

ਪਗਡੰਡੀਆਂ 'ਤੇ ਪੰਛੀ ਚੁਗ਼ਦੇ ਨੇ ਚੋਗ ਕਿਥੇ? ਖੇਤਾਂ ਦੇ ਰਾਖੇ ਇਸਦਾ ਕਰਦੇ ਨੇ ਸੋਗ ਕਿਥੇ? ਹਰ ਤਰਫ਼ ਜ਼ਹਿਰ ਉੱਗਿਆ ਧਰਮਾਂ ਦਾ ਰੂਪ ਲੈ ਕੇ ਹੁਣ ਮਿਸ਼ਰੀਆਂ ਦਾ ਜਾ ਕੇ ਲਾਉਂਦੇ ਨੇ ਭੋਗ ਕਿਥੇ? ਹੁਣ ਹੀਰੀਆਂ ਵੀ ਮੰਗਣ ਰਾਂਝਣ ਤੋਂ ਜਾ ਕੇ ਚੂਰੀ ਮੌਜੂ ਦੇ ਸਾਹਿਬਜ਼ਾਦੇ ਲੈਂਦੇ ਨੇ ਜੋਗ ਕਿਥੇ? ਜੁੱਟਦਾ ਹੈ ਕੁੱਲ ਜਮਾਨਾ ਬੰਦੇ ਨੂੰ ਢਾਹੁਣ ਖ਼ਾਤਿਰ ਕਿੱਸਾ ਖ਼ਤਮ ਇਕੱਲੇ ਕਰਦੇ ਨੇ ਰੋਗ ਕਿਥੇ? ਕਾਫ਼ੀ ਨੇ ਚਾਹੁਣ ਵਾਲ਼ੇ ਮਗਰੋਂ ਵੀ ਤੇਰੇ ਮੈਨੂੰ ਭੁੱਲਣ ਦਾ ਤੇਰੇ ਮੈਨੂੰ ਹੋਇਆ ਵਿੱਯੋਗ ਕਿਥੇ? ਕੁਰਬਾਨੀਆਂ ਦਾ ਵੇਲ਼ਾ ਮੁਗ਼ਲਾਂ ਦੀ ਖੂਨੀ ਚੌਖਟ ਸਮਿਆਂ ਦੀ ਉਹ ਹਕ਼ੀਕਤ ਭੁੱਲੇ ਨੇ ਲੋਗ ਕਿਥੇ?

ਗ਼ਜ਼ਲ-ਪਾਣੀ ਉੱਤੇ ਮੀਨਾਕਾਰੀ ਕਰਦਾ ਏ

ਪਾਣੀ ਉੱਤੇ ਮੀਨਾਕਾਰੀ ਕਰਦਾ ਏ ਅਪਣੀ ਵੱਲੋਂ ਤਾਂ ਹੁਸ਼ਿਆਰੀ ਕਰਦਾ ਏ ਦਿਲ ਵਿਚ ਉੱਗੇ ਹਰਫ਼ ਸਜਾਉਂਦਾ ਕਾਗ਼ਜ 'ਤੇ ਕਿੰਨੀ ਸੋਹਣੀ ਖੇਡ ਲਿਖਾਰੀ ਕਰਦਾ ਏ ਵਿੱਚ ਜਵਾਨੀ ਪਾਲ਼ੇ ਭਰਮ ਮੁਹੱਬਤ ਦਾ ਮੇਰੀ ਯਾਰੀ, ਮੇਰੀ ਯਾਰੀ ਕਰਦਾ ਏ ਬੇਸ਼ੱਕ ਰਹਿ ਕੇ ਵੱਖਰਾ ਮੇਥੋਂ ਰਾਜੀ ਏ ਮੇਰੇ ਗੀਤਾਂ' ਤੇ ਸਰਦਾਰੀ ਕਰਦਾ ਏ ਮਾਫ਼ੀ ਮੰਗਣ ਦੀ ਵੀ ਉਸਨੂੰ ਜਾਚ ਬੜੀ ਤਾਂ ਹੀ ਮੁੜ-ਮੁੜ ਗ਼ਲਤੀ ਭਾਰੀ ਕਰਦਾ ਏ ਭੁੱਲ ਭੁਲਾ ਦਿੱਤੇ ਨੇ ਰਿਸ਼ਤੇ ਦਿਲ ਵਾਲ਼ੇ ਅੱਜਕਲ ਉਹ ਵੀ ਲੋਕਾਂਚਾਰੀ ਕਰਦਾ ਏ ਰੁੱਖ ਵਫ਼ਾ ਮੇਰੀ ਦਾ ਫਿਰ ਤੋਂ ਵੱਢਣ ਲਈ ਮੈਂ ਸੁਣਿਆ ਉਹ ਤਿੱਖੀ ਆਰੀ ਕਰਦਾ ਏ ਸ਼ਾਤਿਰ ਚੀਲ੍ਹਾਂ ਦੇ ਪਰਛਾਂਵੇਂ ਫੜਨ ਲਈ ਪੰਖੂ ਅਪਣੀ ਤੇਜ ਉਡਾਰੀ ਕਰਦਾ ਏ ਅਪਣੇ ਮਰਦਪੁਣੇ ਦੀ ਹਿੰਡ ਪਗਾਉਣ ਲਈ ਮੇਰੀਆਂ ਰੀਝਾਂ ਦੀ ਦੁਸ਼ਵਾਰੀ ਕਰਦਾ ਏ

ਗ਼ਜ਼ਲ-ਬਿਨਾਂ ਮੰਨੇ ਅਧੂਰੇ ਮਨ ਜਦੋਂ ਮੈਂ

ਬਿਨਾਂ ਮੰਨੇ ਅਧੂਰੇ ਮਨ ਜਦੋਂ ਮੈਂ ਘਰ ਗਯਾ ਸੀ ਨਹੀਂ ਹੋਈ ਕਿਸੇ ਨੂੰ ਖ਼ਬਰ ਕਿ ਹੁਣ ਮਰ ਗਯਾ ਸੀ ਗਈ ਕਿੱਧਰ ਚਹਿਕ ਮੇਰੇ ਗਵਾਂਢੋਂ ਹਾਸਿਆਂ ਦੀ ਜਵਾਕਾਂ ਦੇ ਖਿਡੌਣੇ ਵੇਖ ਕੇ ਹੀ ਡਰ ਗਯਾ ਸੀ ਨਿਭੌਂਦਾ ਹੀ ਰਿਹਾ ਰਿਸ਼ਤੇ ਜਿਗਰ ਵਿਚ ਪੀੜ ਲੈ ਕੇ ਅਖੀਰੀ ਪੀੜ ਦੀ ਮਿੱਠੀ ਚਸਕ ਵੀ ਜਰ ਗਯਾ ਸੀ ਕਰੋ ਕੋਈ ਤੁਸੀਂ ਹੀਲਾ ਵਸੀਲਾ ਗ਼ਮ ਮਿਰੇ ਦਾ ਬੜਾ ਹੀ ਸਬਰ ਮੈਂ ਹੁਣ ਤੀਕ ਯਾਰੋ ਕਰ ਗਯਾ ਸੀ ਕੋਈ ਕੋਸੀ ਕਿਰਨ ਰੋਈ ਜਦੋਂ ਕਦਮਾਂ 'ਚ ਬਹਿ ਕੇ ਇਵੇਂ ਅਹਿਸਾਸ ਹੋਯਾ ਜਿਸ ਤਰ੍ਹਾਂ ਮੈਂ ਠਰ ਗਯਾ ਸੀ ਜਦੋਂ ਭੁੱਖੇ ਪਸ਼ੂ ਵੇਖੇ ਵਿਲ਼ਕਦੇ ਇੰਝ ਲੱਗਾ ਕਿ ਇਹਨਾਂ ਬੇਜੁਬਾਨਾਂ ਦੀ ਗਰਾਹੀ ਚਰ ਗਯਾ ਸੀ ਕਿਤੇ ਘੋੜੇ, ਕਿਤੇ ਹਾਥੀ, ਕਿਤੇ ਨਿੱਕੇ ਪਿਆਦੇ ਇਕੱਲਾ ਮੈਂ, ਜੁਆਰੀ ਤਬਕਿਆਂ ਤੋਂ ਹਰ ਗਯਾ ਸੀ

ਗ਼ਜ਼ਲ-ਭੁੱਲ ਗਿਆ ਸਭ ਤੇਰੇ ਅੱਗੇ

ਭੁੱਲ ਗਿਆ ਸਭ ਤੇਰੇ ਅੱਗੇ ਪੜ੍ਹਿਆ ਜੋ ਰੰਗ ਲਹਿ ਗਿਆ ਵਿਦਵਾਨੀ ਦਾ ਚੜ੍ਹਿਆ ਜੋ ਕਿਸਦੀ ਹੱਥ ਲਿਖਤ 'ਚੋਂ ਚੋਰੀ ਕੀਤਾ ਹੈ ? ਮੈਨੂੰ ਦੱਸੀਂ ਫਿਕਰਾ ਤੈਂ ਹੈ ਘੜਿਆ ਜੋ ਨੈਣਾਂ ਤੇ ਹੁਣ ਹਰਦਮ ਪਹਿਰਾ ਦੇਂਦਾ ਏ ਸੁਪਨੇ ਅੰਦਰ ਚੁੱਪ ਚੁਪੀਤਾ ਵੜਿਆ ਜੋ ਘੁੱਪ ਹਨੇਰੇ ਉਸ ਨੂੰ ਚੰਗੇ ਲਗਦੇ ਹੁਣ ਚਾਨਣ ਦੀ ਕਾਤਰ ਦੇ ਕੋਲੋਂ ਸੜ੍ਹਿਆ ਜੋ ਭੁਗ਼ਤਾਂਗਾ ਮੈਂ ਬਿਲਕੁਲ ਨਾਲ਼ ਸਲੀਕੇ ਦੇ ਮੇਰੇ ਸਿਰ ਇਲਜ਼ਾਮ ਤੁਸਾਂ ਨੇ ਮੜ੍ਹਿਆ ਜੋ ਕੱਲ੍ਹ ਮੇਰੇ ਸ਼ੌਦਾਈਆਂ ਦੇ ਵਿਚ ਹੁੰਦਾ ਸੀ ਅਜ ਮੇਰੇ ਕਾਤਲ ਦੇ ਪੱਖ 'ਚ ਖੜ੍ਹਿਆ ਜੋ ਮੇਰੇ ਸ਼ਾਇਰ, ਯਾਰ ਕਿਸੇ ਦਾ ਲਗਦਾ ਏ ਨਾਂਵੇਂ ਨਾਲ਼ ਤਖ਼ੱਲਸ ਤੂੰ ਹੈ ਜੜ੍ਹਿਆ ਜੋ ਬੇਸ਼ਕ ! ਤੈਨੂੰ ਸੀਸ ਕਟੌਣਾ ਪੈ ਜਾਵੇ ਹੁਣ ਨਾ ਛੱਡੀ ! ਰਸਤਾ ਤੂੰ ਹੈ ਫੜ੍ਹਿਆ ਜੋ

ਗ਼ਜ਼ਲ-ਬੜੀ ਹੀ ਬੇ - ਕਰਾਰੀ ਹੈ

ਬੜੀ ਹੀ ਬੇ - ਕਰਾਰੀ ਹੈ ਅਸਾਡੇ ਚਿਹਰਿਆਂ ਅੰਦਰ ਫਿਕਰ ਦੀ ਆਰਜੂ ਘਰ ਕਰ ਲਿਆ ਸਾਡੇ ਦਿਲਾਂ ਅੰਦਰ ਜਦੋਂ ਮਹਿਬੂਬ ਦੀ ਸੱਜੀ ਤਲ਼ੀ 'ਤੇ ਹੱਥ ਧਰਿਆ ਸੀ ਜਮਾਨੇ ਨੇ ਕਿਨਾਰਾ ਕਰ ਲਿਆ ਸੀ ਦੋ ਪਲਾਂ ਅੰਦਰ ਭਰੇਗੀ ਚਾਨਣੀ ਕੱਲ੍ਹ ਨੂੰ ਅਸਾਡਾ ਘਰ ਤੁਸੀਂ ਆਇਓ ਬੜਾ ਹੀ ਮੈਂ ਹਨੇਰਾ ਝਾਕਿਆ ਇਹਨਾਂ ਦਿਨਾਂ ਅੰਦਰ ਜਰੂਰੀ ਤਾਂ ਨਹੀਂ ਉਹ ਸ਼ਰਬਤੀ ਨੈਣੋਂ ਪਿਆਵੇਗਾ ਕਸੂਤਾ ਉਲ਼ਝਿਆ ਫਿਰਦਾ ਵਿਚਾਰਾ ਸ਼ੀਸ਼ਿਆਂ ਅੰਦਰ ਸਬਰ ਰੱਖੀਂ ! ਸਬਰ ਰੱਖੀਂ ! ਤਸੱਲੀ ਰੋਜ ਦੇਂਦਾ ਸੀ ਅਜਾਈਂ ਮੌਤ ਝੱਲਾ ਮਰ ਗਿਆ ਕੁਝ ਖ਼ਦਸ਼ਿਆਂ ਅੰਦਰ ਪਏ ਰੌਲ਼ੇ ਜਰਾ ਵੇਖੀਂ ਕਿਤੇ ਤੂੰ ਚੜ੍ਹ ਚੁਬਾਰੇ 'ਤੇ ਕਿਵੇਂ ਹੁੰਦੀ ਰਕੀਬਾਂ ਦੀ ਵਿਦਾਈ ਕੁਨਬਿਆਂ ਅੰਦਰ

ਸਾਹਿਬ - ਏ - ਕਮਾਲ ਦੇ ਨਾਂ

ਦੇਵੇ ਖਾਂ ਮਿਸਾਲ ਕੋਈ ਹਿੰਦ ਨਾਲ਼ ਦੀ ਕਿਹੜਾ ਕਰੂ ਆਸ਼ਕੀ ਗੋਬਿੰਦ ਨਾਲ਼ ਦੀ ਤੇਗਾਂ ਦੀ ਜੋ ਰੱਖਦਾ ਸੀ ਧਾਰ ਮਿਣ ਕੇ ਨੋਟਾਂ ਵਾਂਗੂ ਵਾਰੇ ਨਹੀਂ ਸੀ ਪੁੱਤ ਗਿਣ ਕੇ ਖੌਫ ਨਹੀਂ ਸੀ ਪੈਂਡਿਆਂ ਦੇ ਵਲ਼ ਵਿੰਗਾਂ ਦਾ ਡਾਹਢਾ ਸੀ ਨਿਰਾਲਾ ਜਰਨੈਲ ਸਿੰਘਾਂ ਦਾ ਠਹਿਰਦੇ ਨਾ ਸਾਹਮਣੇ ਜਨੌਰ ਫ਼ਸਲੇ ਖੰਡੇ ਨਾਲ਼ ਕਰਦਾ ਸੀ ਹੱਲ ਮਸਲੇ ਹੋਣੀ ਖਾਂਦੀ ਖ਼ੌਫ਼ ਓਹਦੀ ਅੱਖ ਲਾਲ ਦਾ ਬਾਜਾਂ ਦਾ ਸੀ ਸ਼ੌਂਕੀ ਤੇ ਕਵੀ ਕਮਾਲ ਦਾ ਫੌਜ ਕਦੇ ਸਕਦੀ ਨਾ ਹਾਰ ਚੰਡੀ ਦੀ ਐਂਵੇ ਤਾਂ ਨੀ ਲਿੱਖ ਗਿਆ ਵਾਰ ਚੰਡੀ ਦੀ ਚੇਤਿਆਂ 'ਚ ਬਾਣੀ ਨੂੰ ਵਸਾ ਲੈਣਗੇ ਜਿਹੜੇ ਤਲਵਾਰਾਂ ਵਾਲੇ ਰਾਹ ਪੈਣਗੇ ਤੇਗ ਨਾਲ ਖਿੱਚ ਕੇ ਲਕੀਰ ਯੋਧੇ ਨੇ ਖਾਲਸੇ ਦੀ ਲਿੱਖੀ ਤਕਦੀਰ ਯੋਧੇ ਨੇ ਆਇਆ ਜਿਹੜਾ ਧੁਰੋਂ ਬਾਦਸ਼ਾਹੀ ਸਿੱਖ ਕੇ ਭੇਜਦਾ ਸੀ ਬਾਦਸ਼ਾਹ ਨੂੰ ਖ਼ਤ ਲਿਖ ਕੇ ਭੁੱਲਣੀ ਨੀ ਕਦੇ ਉਹ ਘੜੀ ਅਖੀਰ ਦੀ ਕੌਮ ਕਰਜਾਈ ਏ ਗੋਬਿੰਦ ਪੀਰ ਦੀ ਲੱਖ ਵਾਰ ਸਜਦਾ ਗੁਰੂ ਦੇ ਘਰ ਨੂੰ ਢਾਬ ਖਿਦਰਾਣੇ ਦੀ ਮੁਕਤਸਰ ਨੂੰ

ਲੋਕਾਂ ਦੇ ਬੂਹੇ ਭੰਨ ਨਾ

ਲੋਕਾਂ ਦੇ ਬੂਹੇ ਭੰਨ ਨਾ ਆਪਣਾ ਹੀ ਦਰ ਖੜਕਾ ਖਾਵੰਦ ਨੂੰ ਜੇਕਰ ਲੱਭਣਾ ਮੁੜ ਆਪਣੇ ਘਰ ਨੂੰ ਆ ਉਹ ਬੇਸ਼ੱਕ ਸਖਤ ਮਿਜਾਜ ਹੈ ਫਿਰ ਵੀ ਹੈ ਤੇਰਾ ਕੰਤ ਉਸ ਨਾਲ਼ ਮੁਹੱਬਤਾਂ ਗੂੜ੍ਹੀਆਂ ਦਿਲ ਕਮਲ਼ੇ ਨੂੰ ਸਮਝਾ ਪਰਦੇ ਜਹੇ ਪਾ ਕੇ ਰੱਖਦਾ ਉਹ ਚੁੱਪ - ਚਪੀਤਾ ਸਾਧ ਜਦ ਸਿਰ ਤੇ ਚੜ੍ਹ ਕੇ ਬੋਲਦਾ ਫਿਰ ਦਿੰਦਾ ਰੌਲ਼ੇ ਪਾ ਚੇਤੇ ਕਰ ਲੈ ਮਨਸੂਰ ਨੂੰ ਅਜੇ ਜਾਪੇ ਕੱਲ੍ਹ ਦੀ ਗੱਲ ਅੱਨਲਹੱਕ ਜਾਹਰ ਹੋਣ ਤੇ ਸੂਲ਼ੀ ਦਿੱਤਾ ਲਟਕਾ ਦਰਗਾਹੀਂ ਸੁੱਖਣਾ ਸੁੱਖ ਕੇ ਇੱਛਰਾਂ ਮੰਗਿਆ ਸੀ ਪੁੱਤ ਆਪਣੇ ਹੱਥੀਂ ਦਰਵੇਸ਼ ਨੂੰ ਗਲ਼ ਬਾਣਾ ਦਿੱਤਾ ਪਾ ਸਾਨੂੰ ਦੇਣ ਸਵਾਦ ਫਕੀਰੀਆਂ ਅਸੀਂ ਫੱਕਰ ਹੀ ਸੁਲਤਾਨ ਆਹ ਚੱਕ ਲੈ ਰੁਤਬੇ ਆਪਣੇ ਅਸਾਂ ਦਿੱਤੀ ਠੋਕਰ ਲਾ

ਕਦੇ ਤੇਰੇ ਤੋਂ ਨਾ ਇਹ ਪੜ੍ਹ ਹੋਣਾ

ਕਦੇ ਤੇਰੇ ਤੋਂ ਨਾ ਇਹ ਪੜ੍ਹ ਹੋਣਾ ਇਸ਼ਕ ਮੇਰਾ ਕਿਤਾਬ ਵਰਗਾ ਏ ਕੁਝ ਕੁ ਹਿੱਸਾ ਲਾਹੌਰ ਵਰਗਾ ਏ ਬਾਕੀ ਚੜ੍ਹਦੇ ਪੰਜਾਬ ਵਰਗਾ ਏ - ਕੁਝ ਕੁ ਫ਼ਿਕਰੇ ਹਦੀਸ ਵਰਗੇ ਨੇ ਕੁਝ ਕੁ ਸਤਰਾਂ ਨੇ ਗੀਤਾ ਨਾਲ਼ ਦੀਆਂ ਕੁਝ ਕੁ ਵਾਰਾਂ, ਸ਼ਲੋਕ, ਕਿੱਸੇ ਨੇ ਬਾਕੀ ਹਿੱਸਾ ਸ਼ਬਾਬ ਵਰਗਾ ਏ - ਕੁਝ ਕੁ ਅਰਦਾਸ ਵੀ ਹੈ ਅਨਹਦ ਦੀ ਕੁਝ ਕੁ ਅਹਿਸਾਸ ਨੇ ਆਜਾਨਾਂ ਦੇ ਰਲ਼ੀਆ ਮਹਿਕਾਂ ਕਪੂਰੀ, ਸੰਦਲੀ ਮਗਰ ਸ਼ਕਲੋਂ ਗੁਲਾਬ ਵਰਗਾ ਏ - ਕਿਤੇ ਹਾਸ਼ਮ ਤੇ ਪੀਲੂ ਮਿਲਦੇ ਨੇ ਕਿਤੇ ਵਾਰਸ ਦੀ ਮਹਿਕ ਆਉਂਦੀ ਏ ਕਿਤੇ ਮਰਦਾਨੇ ਦੇ ਜਿਕਰ ਵਰਗਾ ਕਿਤੇ ਉਸਦੀ ਰਬਾਬ ਵਰਗਾ ਏ - ਕਿਤੇ ਜੰਨਤ ਦੇ ਖੁਆਬ ਸੱਜਦੇ ਨੇ ਕਿਤੇ ਸਵਰਗਾਂ ਦੀ ਬਾਤ ਹੁੰਦੀ ਏ ਕਦੇ ਬੈਕੁੰਠ ਬਾਰੇ ਦੱਸਦਾ ਏ ਕਦੇ ਈਸਾ ਦੇ ਖੁਆਬ ਵਰਗਾ ਏ - ਕਿਤੇ ਚੂਰੀ ਤੇ ਕਿਧਰੇ ਬੇਲੇ ਨੇ ਕਿਤੇ ਮਾਰੂਥਲਾਂ ਨੂੰ ਸਜਦਾ ਏ ਤੈਨੂੰ ਸੋਹਣੀ ਦੀ ਦੀਦ ਹੋ ਜਾਊ ਇਹ ਤਾਂ ਪਾਣੀ ਝਨਾਬ ਵਰਗਾ ਏ - ਕੁਝ ਸਮਾਇਆ ਹੈ ਪਾਣੀਆਂ ਦੇ ਵਿਚ ਕਿਤੇ ਮੈਦਾਨਾਂ ਦੀ ਕਹਾਣੀ ਏ ਕਦੇ ਅੰਬਰੀਂ ਉਡਾਰੀ ਲਾ ਲੈਂਦਾ ਇਹ ਉਡਾਰੂ ਉਕਾਬ ਵਰਗਾ ਏ -

ਸੌਣ ਦੇ ਛਰਾਟੇ ਮੇਰਾ

ਸੌਣ ਦੇ ਛਰਾਟੇ ਮੇਰਾ ਪਿੰਡਾ ਪਏ ਸਾੜਦੇ ਨੇ ਸਾੜਦਾ ਇਸ਼ਕ ਤੇਰਾ ਰੂਹ ਵੇ ਕੱਤਣਾ ਵੀ ਛੱਡਿਆ ਅਟੇਰਨਾ ਵੀ ਛੱਡਿਆ ਮੈਂ ਛੱਡਿਆ ਤ੍ਰਿੰਝਣ ਤੇ ਖੂਹ ਵੇ - ਕੀ ਤੈਨੂੰ ਦੱਸੀਏ ਵੇ ਤੇਰੇ ਛੱਡ ਜਾਣ ਪਿੱਛੋਂ ਕੀ ਸਾਡੇ ਦਿਲ ਉੱਤੇ ਬਣੀਆਂ, ਪੈਲਾਂ ਪਾਉਂਦੇ ਨੰਗੇ ਪੈਰੀਂ ਸਾਡੇ ਅਹਿਸਾਸਾਂ ਦੀਆਂ ਤਲ਼ੀਆ 'ਚ ਖੁੱਭ ਗਈਆਂ ਕਣੀਆਂ - ਕੇਸਾਂ ਦੀਆਂ ਗਲ਼ੀਆਂ 'ਚ ਵੱਸ ਗਈ ਮਹਿਕ ਤੇਰੀ ਬੁੱਲ੍ਹਾਂ ਦੇ ਬਨੇਰਿਆਂ ਤੇ ਚੁੱਪ ਵੇ, ਗੂੜ੍ਹੀਆਂ ਛਾਂਵਾਂ ਨੂੰ ਤੇਰਾ ਨਾਂਓ ਲੈ ਕੇ ਮੇਹਣੇ ਮਾਰੇ ਬਣ ਗਈ ਸ਼ਰੀਕ ਜਾਪੇ ਧੁੱਪ ਵੇ - ਪਾੜ ਕੇ ਨਿਕਾਹਨਾਮਾ ਸੁੱਟ ਦੇਵਾਂ ਰਾਂਝਿਆ ਮੈਂ ਕਾਜੀ ਦਾ ਵੀ ਟੁੱਟ ਜੇ ਘਮੰਡ ਵੇ, ਰਾਹ 'ਚ ਫ਼ਕੀਰੀਆਂ ਦੇ ਡੋਲੇ ਨਾ ਸਿਦਕ ਮੇਰਾ ਹੋਰ ਮੈਨੂੰ ਜੋਗੀਆ ਤੂੰ ਚੰਡ ਵੇ - ਕਾਹਤੋਂ ਰੱਖੀ ਫਿਰੇਂ ਤੂੰ ਘੜਾ ਕੇ ਦੱਸ ਅੰਮੀਏ ਨੀ ਮੇਰੇ ਲਈ ਝਾਂਜਰਾਂ ਨੀ ਸੋਹਣੀਆਂ, ਆਵੇ ਵਣਜਾਰਾ ਭਾਵੇਂ ਗਲ਼ੀ ਵਿਚ ਲੱਖ ਵਾਰੀਂ ਮੈਂ ਨਹੀਂਓਂ ਚੂੜੀਆਂ ਚੜ੍ਹਾਉਣੀਆਂ - ਦੱਸ ਮੇਰੇ ਹਾਣੀਆਂ ਤੂੰ ਕਿਹੜੀ ਗੱਲੋਂ ਮਾਣਿਆਂ ਨਾ ਸਿਖ਼ਰ ਦੁਪਹਿਰੇ ਠੰਡੀ ਛਾਂ ਨੂੰ, ਵਸਲਾਂ ਦੇ ਦਿਨਾਂ ਵਿੱਚ ਜੋਗ ਲਈ ਫਿਰੇ ਲੋਕ ਦੇਂਦੇ ਨੇ ਉਲਾਂਭੇ ਮੇਰੀ ਮਾਂ ਨੂੰ -

ਤੂੰ ਅਬਲਾ ਬਣਨਾ ਛੱਡ ਦੇ

ਤੂੰ ਅਬਲਾ ਬਣਨਾ ਛੱਡ ਦੇ ਤੇ ਤਕੜੀ ਹੋ ਕੇ ਜੀ ਹੁਣ ਪਿੱਛੇ ਮੁੜ ਕੇ ਵੇਖ ਨਾ ਤੈਨੂੰ ਲੋਕ ਕਹਿਣਗੇ ਕੀ ? ਜਦ ਸਾਰੀਆਂ ਰਸਮਾਂ ਤੋੜ ਕੇ ਤੂੰ ਗਈ ਵਿਦੇਸ਼ੀਂ ਲੰਘ ਫੁਲਕਾਰੀ ਵਿਚ ਲੁਕਾਉਣ ਨੂੰ ਕੀ ਬਾਕੀ ਬਚਿਆ ਈ ? ਸੁਣ ਵੱਡੇ ਜਿਗਰੇ ਵਾਲ਼ੀਏ ਲੈ ਇਸ ਜਿਗਰੇ ਤੋਂ ਕੰਮ ਜਦ ਹੱਕਾਂ ਦੀ ਗੱਲ ਹੋਂਵਦੀ ਬੁੱਲ ਕਿਉਂ ਲੈਨੀ ਏ ਸੀ ? ਅੱਖਾਂ 'ਚੋਂ ਅੱਥਰੂ ਪੂੰਝ ਦੇ ਸਭ ਰੋਣੇ ਧੋਣੇ ਚੱਕ ਏਦਾਂ ਨਹੀਂ ਹੋਣਾ ਕਮਲੀਏ ਤੂੰ ਜਨਮਾਂ ਤੀਕ ਬਰੀ - ਜਿਹੜੇ ਬਹੁਤੇ ਅੱਖੀਂ ਰੜਕਦੇ ਸੁਰਮੇਂ ਦੇ ਵਾਂਗੂੰ ਜਾਣ ਜੇਕਰ ਰੜਕਾਂ ਨੂੰ ਮਾਰਨਾ ਸਭ ਕੋਸੇ ਕਰ ਕੇ ਪੀਹ - ਢੀਮਾਂ ਨਾਲ ਢੀਮਾਂ ਜੋੜ ਕੇ ਕੋਈ ਨਾ ਬਣੇ ਅਮੀਰ ਗੱਲਾਂ ਨਾਲ਼ ਮਹਿਲ ਉਸਾਰਦੇ ਤੈਨੂੰ ਰੋਜ ਮਿਲਣਗੇ ਵੀਹ - ਤੱਰ ਕਰਕੇ ਕਲਮਾਂ ਰੱਖ ਲੈ ਕੁਝ ਵਰਕੇ ਸੁੱਕਣੇ ਪਾ ਚੌਂਕੇ ਚੁੱਲ੍ਹੇ ਵਿੱਚ ਭੁੱਲ ਨਾ ਤੂੰ ਵਾਰਿਸ ਸ਼ਾਹ ਦੀ ਧੀ -

ਮੇਰੇ ਅੰਦਰ ਹੈ ਇਸ਼ਕ ਦਾ

ਮੇਰੇ ਅੰਦਰ ਹੈ ਇਸ਼ਕ ਦਾ ਖੂਹ ਗਿੜਦਾ ਤੇਰੇ ਅੰਦਰ ਹੈ ਬੋਲਦਾ ਇਲਮ ਕਾਜੀ ਖ਼ਾਕ ਹੋਣ ਤੀਕਰ ਵੇ ਮੈਂ ਜਾਗਣਾ ਏ ਅਜੇ ਸੁਲ਼ਗਦੀ ਯਾਰ ਦੀ ਚਿਲਮ ਕਾਜੀ ਐਵੇਂ ਲਾ ਨਾ ਪੋਟੇ ਤੂੰ ਸਾੜ ਲਏਂਗਾ ਫੱਟ ਇਸ਼ਕ ਦੇ ਉੱਤੇ ਵੇ ਮਲਮ ਕਾਜੀ ਦੋਵੇਂ ਚੋਟੀ ਦੇ ਆਸ਼ਕ ਰਸੂਲ ਦੇ ਨੇ ਤੇਰਾ ਕਲਮਾ ਤੇ ਮੇਰੀ ਇਹ ਕਲਮ ਕਾਜੀ

ਪੱਕੇ ਪੇਚੇ ਪਾ ਕੇ ਬੈਠਾ

ਪੱਕੇ ਪੇਚੇ ਪਾ ਕੇ ਬੈਠਾ ਸਾਡਾ ਸੱਜਣ ਨੂਰੀ ਓਸੇ ਦੇ ਵੱਲ ਤੁਰਦੇ ਜਾਣਾ ਸਾਡੀ ਏ ਮਜਬੂਰੀ ਦੋਵੇਂ ਵੇਲ਼ੇ ਆਉਂਦਾ ਜਾਂਦਾ ਕਰ ਦਿਆ ਕਰ ਤੂੰ ਸਜਦਾ ਭਾਵੇਂ ਤੈਨੂੰ ਸੀਨੇ ਲਾਵੇ ਭਾਵੇਂ ਵੱਟੇ ਘੂਰੀ ਦੇਵਣ ਵਾਲ਼ੇ ਨੂੰ ਕੀ ਦੇਣਾ ? ਮੰਗਣ ਵਾਲੇ ਲੋਕਾਂ ਕਰ ਸਕਦੇ ਨੇ ਸਿਰਫ ਨਿਮਾਣੇ ਦੋ ਪਲ ਜੀ - ਹਜੂਰੀ ਗਿਆਨੀ ਧਿਆਨੀ ਪਰਖਣ ਲਈ ਤੂੰ ਠੇਕੇ ਅੰਦਰ ਵੜ ਜਾ ਇੱਕੋ ਹੱਟੀ ਤੇ ਮਿਲ਼ ਜਾਣੇ ਹਿੰਗ ਅਤੇ ਕਸਤੂਰੀ ਚੁੱਕ ਲਓ ਸਖੀਓ ਚਰਖਾ ਮੇਰਾ ਸਾਂਭ ਲੋ ਕਿਧਰੇ ਛੱਲੀਆਂ ਲੌਢੇ ਵੇਲ਼ੇ ਲੈ ਕੇ ਜਾਣਾ ਮੈਂ ਰਾਂਝੇ ਦੀ ਚੂਰੀ

ਮੈਂ ਗੁਜਰ ਚੁੱਕਾ

ਮੈਂ ਗੁਜਰ ਚੁੱਕਾ ਇਨਸਾਨ ਹਾਂ! ਪਰ ਤੈਨੂੰ, ਪਿਆਰ ਕਰਦਾ ਹਾਂ! ਤੇ ਪਿਆਰ, ਵਜੂਦਾਂ ਨੂੰ ਮਿਟਾ ਕੇ ਹੀ ਕੀਤੇ ਜਾਂਦੇ ਨੇ !! ਤੇਰੇ ਇਸ਼ਕ ਦੀ ਸਲਤਨਤ ਵਿੱਚ, ਪੈਰ ਰੱਖਣ ਤੋਂ ਪਹਿਲਾਂ ਮੈਂ ਆਪਣੀ ਹਉਮੈ ਦੇ ਕਿਣਕੇ, ਤਾਅਨੇ, ਮਿਹਣਿਆਂ ਦੀ ਹਨੇਰੀ ਵਿੱਚ, ਉਡਾ ਦਿੱਤੇ ਸਨ !!! ਇਸ ਲਈ ਕੋਈ ਫਰਕ ਨਹੀਂ ਪੈਂਦਾ, ਕਿ ਲੋਕ ਮੇਰੇ ਬਾਰੇ ਕੀ ਸੋਚਦੇ ਨੇ ?"

ਵੱਡੇ ਪੱਧਰ ਤੇ ਆਸ਼ਕੀ ਕੀਤੀ

ਵੱਡੇ ਪੱਧਰ ਤੇ ਆਸ਼ਕੀ ਕੀਤੀ ਜਿਨ੍ਹਾਂ ਜੰਮ - ਪਲ਼ ਨੇ ਉੱਚੇ ਘਰਾਣਿਆਂ ਦੇ ਹੋ ਕੇ ਪਾਰ ਤੇ ਬੇੜੀ ਨੂੰ ਡੋਬ ਲੈਣਾ ਕੰਮ ਜਮਾ ਹੀ ਨਿੱਕੇ ਨਿਆਣਿਆਂ ਦੇ ਸੱਚਮੁੱਚ ਹੀ ਉਨ੍ਹਾਂ ਦਾ ਖ਼ੁਦਾ ਹਾਫਿਜ਼ ਜਿਹੜੇ ਆਗੂ ਨੇ ਤੇਰਿਆਂ ਠਾਣਿਆਂ ਦੇ ਰੰਗ ਕੇਸਰੀ ਭੁੱਲੇ ਨਾ ਕੇਸਕੀ ਦਾ ਖੂਬ ਚੇਤੇ ਨੇ ਨੀਲਿਆਂ ਬਾਣਿਆਂ ਦੇ ਜਦੋਂ ਹੱਕ ਮਜਲੂਮਾਂ ਦੇ ਭੁਗਤਦਾ ਏ ਲਿਖੇ ਪਲ਼ਟ ਦੇਂਦਾ ਜਰ - ਵਾਣਿਆਂ ਦੇ ਇੱਕ ਵੇਲ਼ੇ ਦਾ ਟੁੱਕ ਹੀ ਦਈ ਜਾਵੇ ਅਸੀਂ ਆਦੀ ਨਹੀਂ ਬਹੁਤਿਆਂ ਦਾਣਿਆਂ ਦੇ ਵੇ ਤੂੰ ਕਰੀਂ ਲਿਹਾਜ ਨਾ ਨਾਲ਼ ਸਾਡੇ ਅਸੀਂ ਗਿੱਝੇ ਹਾਂ ਤੇਰਿਆਂ ਭਾਣਿਆਂ ਦੇ

ਮੇਰੇ ਦਿਲ ਨੇ ਬਟਵਾਰੇ ਦਾ

ਮੇਰੇ ਦਿਲ ਨੇ ਬਟਵਾਰੇ ਦਾ ਸੇਕ ਹੰਢਾਇਆ ਏ ਸੱਤ ਦਹਾਕਿਆਂ ਮਗਰੋਂ ਮੇਰਾ ਚੇਤਾ ਆਇਆ ਏ - ਮੇਰੀਆਂ ਬਾਹਵਾਂ 'ਚੋਂ ਸਰਹੱਦੀ ਰੇਖਾ ਲੰਘਦੀ ਰਹੀ ਰਾਵੀ, ਸਤਲੁਜ ਤੇ ਜੇਹਲਮ ਦਾ ਪਾਣੀ ਮੰਗਦੀ ਰਹੀ - ਸੰਨ ਸੰਤਾਲ਼ੀ ਦੀਆਂ ਯਾਦਾਂ ਦੇ ਝੰਡੇ ਝੁਲਦੇ ਰਹੇ ਪਰ ਮੇਰੇ ਬਾਬੇ ਦੀ ਅੱਖੋਂ ਅੱਥਰੂ ਡੁੱਲ੍ਹਦੇ ਰਹੇ - ਸ਼ਾਹ ਹੁਸੈਨ ਤੇ ਵਾਰਸ ਜਦ ਵੀ ਚੇਤੇ ਆਉਂਦੇ ਸੀ ਹਾਸ਼ਮ ਵਰਗੇ ਹੀ ਫਿਰ ਮੈਨੂੰ ਗਲ਼ ਨਾਲ਼ ਲਾਉਂਦੇ ਸੀ - ਧਰਤੀ ਮਾਂ ਦਾ ਉਹ ਖਾਲੀਪਨ ਭਰ ਨਾ ਸਕਿਆ ਮੈਂ ਨਿੱਕਾ ਜਿਹਾ ਉਪਰਲਾ ਵੀ ਕੋਈ ਕਰ ਨਾ ਸਕਿਆ ਮੈਂ - ਲਾ ਲਓ ਸੀਨੇ ਉੱਠ ਉਸਨੇ ਕੁੰਡਾ ਖੜਕਾਇਆ ਏ ਸੁਭਾ ਦਾ ਭੁੱਲਾ ਆਥਣ ਵੇਲੇ ਘਰ ਨੂੰ ਆਇਆ ਏ -

ਕਿੰਨਾ ਸਕੂਨ ਇਹਨਾਂ

ਕਿੰਨਾ ਸਕੂਨ ਇਹਨਾਂ ਗਲ਼ੀਆਂ ਤੇ ਰਾਹਵਾਂ ਅੰਦਰ ਇਸ਼ਕੇ ਦਾ ਬੀਜ ਲਾਇਆ ਕਿਸਨੇ ਖਿਜਾਵਾਂ ਅੰਦਰ - ਕਿਸ ਆਹ ਭਰੀ ਡੂੰਘੀ? ਸੀਨੇ ਤੇ ਹੱਥ ਧਰ ਕੇ ਕੋਈ ਲਹਿ ਗਿਆ ਹੈ ਜਜਬਾ ਮੇਰੇ ਜੋ ਸਾਹਵਾਂ ਅੰਦਰ - ਕੁਝ ਸੰਦਲੀ ਨੇ ਸੁਪਨੇ ਕੁਝ ਕੱਚੀਆਂ ਨੇ ਨੀਂਦਾਂ ਕੁਝ ਰੜਕਦਾ ਏ ਸੁਲਫ਼ਾ ਨੈਣਾਂ ਦੇ ਚਾਅਵਾਂ ਅੰਦਰ - ਮੈਨੂੰ ਲਾ ਕੇ ਕੱਲ ਦਾ ਲਾਰਾ ਤੇ ਦੇ ਕੇ ਚਾਰ ਕਿਰਨਾਂ ਕੋਈ ਡੁੱਬਿਆ ਹੈ ਸੂਰਜ ਜਾ ਕੇ ਝਨਾਂਵਾਂ ਅੰਦਰ - ਸਾਨੂੰ ਪਾਲ਼ਿਆ ਹੈ ਜਿਨ੍ਹਾਂ ਤੇਗਾਂ ਦੀ ਛਾਂ ਦੇ ਥੱਲੇ ਜਿਗਰਾ ਹੈ ਵੇਖ ਕਿੱਡਾ ਤੂੰ ਸਾਡੀਆਂ ਮਾਂਵਾਂ ਅੰਦਰ - ਕਿਸੇ ਕੇਤਕੀ ਨੇ ਤਰਲਾ ਥੋਹਰਾਂ ਦੇ ਅੱਗੇ ਕੀਤਾ ਮੈਨੂੰ ਚੋਭਿਓ ਨਾ ਕੰਡੇ ਆਵਾਂ ਜੇ ਬਾਹਵਾਂ ਅੰਦਰ - ਪੈਗੰਬਰੀ ਤਬੀਅਤ ਤੇ ਸਿਦਕ ਦਾ ਧਨੀ ਹੈ ਰਹਿੰਦਾ ਹੈ ਨਾਮ ਜਿਸਦਾ ਮੇਰੀਆਂ ਦੁਆਵਾਂ ਅੰਦਰ -

ਤੂੰ ਦਰ ਦਰ ਜਿਸ ਨੂੰ ਟੋਲ ਰਿਹਾ

ਤੂੰ ਦਰ ਦਰ ਜਿਸ ਨੂੰ ਟੋਲ ਰਿਹਾ ਤੇਰੇ ਅੰਦਰ ਬੈਠਾ ਬੋਲ ਰਿਹਾ ਤੇਰੇ ਸਾਹੀਂ ਬਿਰਹਾ ਘੋਲ ਰਿਹਾ ਤੂੰ ਹਰ ਹੀਲੇ ਅਣਭੋਲ ਰਿਹਾ ਰਿਸ਼ਤੇ ਨੇ ਪਿਆਰ ਉਮੰਗਾਂ ਦੇ ਕੁਝ ਰੀਝਾਂ ਦੇ ਕੁਝ ਸੰਗਾਂ ਦੇ ਤੇਰੇ ਇਸ਼ਕ ਵਾਲ਼ੀਆਂ ਵੰਗਾਂ ਦੇ ਅਸੀਂ ਆਸ਼ਕ ਤੇਰੇ ਰੰਗਾਂ ਦੇ ਅਸੀਂ ਸਾਰੀ ਧਰਤ ਤਲਾਸ਼ੀ ਏ ਸਾਡੀ ਖਿੱਚ ਅਜੇ ਇੱਕ ਪਾਸੀ ਏ ਸਾਡੇ ਦਿਲ ਨੂੰ ਬੜੀ ਉਦਾਸੀ ਏ ਸਾਨੂੰ ਲੋੜ ਵੀ ਉਸਦੀ ਖ਼ਾਸੀ ਏ ਪਿੰਜਰੇ ਵਿੱਚ ਪੰਛੀ ਵੱਸਦਾ ਏ ਤੇ ਬਾਹਰ ਵੱਲ ਨੂੰ ਨੱਸਦਾ ਏ ਨਾ ਰੋਗ ਅਸਾਡੇ ਵੱਸ ਦਾ ਏ ਨਾ ਮਾਲਕ ਰਮਜਾਂ ਦੱਸਦਾ ਏ ਸਾਡੀ ਅੱਧ ਵਿਚਾਲੇ ਪੂਣੀ ਏਂ ਹਿਜਰਾਂ ਦੀ ਧੁਖ਼ਦੀ ਧੂਣੀ ਏਂ ਸਾਡੀ ਸਮਝ ਅਜੇ ਕੁਝ ਊਣੀ ਏਂ ਪਰ ਤੇਰੀ ਨਿਸਬਤ ਦੂਣੀ ਏਂ ਜੇ ਧਰਿਆ ਈ ਪੱਬ ਪੌੜੀ ਤੇ ਇਸ਼ਕੇ ਦੀ ਧਰਤੀ ਚੌੜੀ ਤੇ ਮਿੱਠੀਆਂ ਗੋਲ੍ਹਾਂ ਨਿੰਮ ਕੌੜੀ ਤੇ ਤਾਂ ਡੰਗ ਟਪਾ ਲੈ ਥੋੜ੍ਹੀ ਤੇ ਘਰ ਕਦੇ ਕਦਾਈਂ ਵੜਦਾ ਏ ਮੇਰੇ ਸਾਹੀਂ ਕਲਮਾ ਪੜ੍ਹਦਾ ਏ ਕਦੇ ਆ ਰਾਹਾਂ ਵਿਚ ਖੜ੍ਹਦਾ ਏ ਬਸ ਗੱਲੀਂ ਬਾਤੀਂ ਲੜਦਾ ਏ

ਜਾਣ ਜਾਣ ਕੰਨਾਂ ਦਿਆਂ

ਜਾਣ ਜਾਣ ਕੰਨਾਂ ਦਿਆਂ ਕੁੰਡਲਾਂ ਨੂੰ ਛੇੜੇਂ ਤੈਨੂੰ ਲਗਦੀ ਨਾ ਸੰਗ ? ਨਾਲ਼ ਖਹਿੰਦਿਆਂ, ਲਾਹ ਕੇ ਨਕਾਬ ਸਾਰੇ ਧਰਤੀ ਤੇ ਆਜਾ ਯੁੱਗ ਬੀਤ ਗਏ ਹਵਾਵਾਂ ਵਿੱਚ ਰਹਿੰਦਿਆਂ - ਪੈਰਾਂ ਉੱਤੇ ਮਹਿੰਦੀਆਂ ਤੇ ਹੱਥਾਂ ਉੱਤੇ ਵੱਟਣਾ ਇਹ ਝਾਂਗਣਾਂ ਸਲੂਕ ਦੀਆਂ ਖਰੀਆਂ, ਐਵੇਂ ਨਹੀਂ ਵਾਰਸਾਂ ਦੇ ਭਾਗਾਂ ਵਿੱਚ ਲਿਖ ਦਿੰਦਾ ਲੱਭ ਕੇ ਇਸ਼ਕ ਭਾਗਭਰੀਆਂ - ਵੰਝਲ਼ੀ ਬਣਾ ਦੇ ਭਾਵੇਂ ਛੇਕ ਕਰਵਾ ਦੇ ਮੈਨੂੰ ਠੱਗ ਲੈ ਖਰਾਦਾ ਜਿੰਨਾ ਠੱਗਣਾ, ਪਾਕ ਜਹੇ ਖਿਆਲ ਲੈ ਕੇ ਸਰਘੀ ਦੇ ਵੇਲ਼ੇ ਵੇ ਮੈਂ ਮੂੰਹ ਹੈ ਰੰਝੇਟੜੇ ਦੇ ਲੱਗਣਾ - ਕਿੰਜ ਨੀ ਮੈਂ ਬਾਬਲੇ ਨੂੰ ਚਾਕ ਬਾਰੇ ਦੱਸਾਂ ਭੋਰਾ ਪੈਂਦੀ ਨਾ ਕੋਈ ਸਮਝ ਸ਼ੁਦੈਣ ਨੂੰ, ਲੱਭੇ ਜਿਹੜੀ ਰਾਹ ਦੇਵੇ ਆਣ ਕੇ ਸਲਾਹ ਕੋਈ ਭੇਜਿਓ ਸੁਨੇਹਾਂ ਮਿੱਠੀ ਨੈਣ ਨੂੰ - ਇਸ਼ਕੇ ਦੀ ਹੱਦ ਸਾਥੋਂ ਟੱਪ ਨਹੀਂਓਂ ਹੁੰਦੀ ਸਾਨੂੰ ਜਿੱਦ ਤੇਰੀ ਵਿੱਚੇ ਵਿੱਚ ਮਾਰਦੀ, ਤੋੜ ਕੇ ਭੁਲੇਖਿਆਂ ਦੀ ਬਣੀ ਸਰਹੱਦ ਗੱਲ ਦੱਸ ਕੋਈ ਸਮੁੰਦਰਾਂ ਤੋਂ ਪਾਰ ਦੀ -

ਪੀਸੀ , ਗੁੱਝੀ, ਸਿਕੀ ਤੇ ਪੱਕੀ

ਪੀਸੀ , ਗੁੱਝੀ, ਸਿਕੀ ਤੇ ਪੱਕੀ ਮੈਂ ਸਾਂ ਰੋਟੀ ਪੂਰੀ ਟੁਕੜੇ ਟੁਕੜੇ ਕਰ ਕੇ ਕੀਤੀ ਮੁੜ ਤੂੰ ਮੇਰੀ ਚੂਰੀ - ਕੁਝ ਤੇਰੇ ਬੁੱਲ੍ਹਾਂ ਨੂੰ ਲੱਗੀ ਕੁਝ ਕਾਂ - ਕੁੱਤਿਆਂ ਖਾਧੀ ਅੱਖਾਂ ਤੇਰੇ ਨਾਲ ਲੜਾ ਮੈਂ ਅੰਦਰ ਵੜ ਕੇ ਝੂਰੀ - ਹਿਜਰ ਤੇਰੇ ਦੀ ਭੁੱਖ ਨੇ ਮੈਨੂੰ ਬੁਰਕੀ ਬੁਰਕੀ ਕੀਤਾ ਮਹਿਕ ਮੇਰੀ ਤੇਰੇ ਸਾਹੀਂ ਰਲ਼ ਕੇ ਹੁੰਦੀ ਗਈ ਕਪੂਰੀ - ਤੇਰੇ ਅੜਬ ਸੁਭਾਅ ਦੀ ਮੈਨੂੰ ਸਮਝ ਕਦੇ ਨਾ ਲੱਗੀ ਕਦੇ ਤੂੰ ਹੱਸ ਕੇ ਸੀਨੇ ਲਾਇਆ ਕਦੇ ਤੂੰ ਵੱਟੀ ਘੂਰੀ - ਖੂਨ ਤੇਰੇ ਦੇ ਅੰਦਰ ਰਚ ਗਈ ਹੋ ਕੇ ਪਾਣੀ ਪਾਣੀ ਵਾਹ ਦਿਲਦਾਰਾ ! ਸਦਕੇ ਤੇਰੇ ਤਾਂ ਵੀ ਰੱਖੇਂ ਦੂਰੀ -

ਰੱਕਾਸਾ ਦੀ ਬਾਦਸ਼ਾਹੀ ਏ

ਰੱਕਾਸਾ ਦੀ ਬਾਦਸ਼ਾਹੀ ਏ ਕਿ ਉਹ ਸੋਨੇ ਦੇ ਘੁੰਗਰੂ ਵੀ ਪੈਰਾਂ ਵਿੱਚ ਪਾਉਂਦੀ ਏ ! ਤੇ ਸਾਡੀ ਮੰਦਬੁੱਧੀ, ਕਿ ਅਸੀਂ ਉਸ ਦੇ ਪੈਰੀਂ ਪਾਏ ਘੁੰਗਰੂਆਂ ਬਦਲੇ, ਔਰਤ ਦੇ ਸਿਰ ਦਾ ਤਾਜ ਵੇਚ ਦੇਂਦੇ ਹਾਂ !!

ਚੁੱਪ ਮੇਰੀ ਦਾ ਫਾਇਦਾ ਚੁੱਕ ਕੇ

ਚੁੱਪ ਮੇਰੀ ਦਾ ਫਾਇਦਾ ਚੁੱਕ ਕੇ ਜਸ਼ਨ ਮਨਾਵੀਂ ਨਾ ਰੋਜ ਮੈਂ ਤੇਰੀ ਬਰਬਾਦੀ ਦਾ ਕਲਮਾ ਪੜ੍ਹਦੀ ਹਾਂ ਕਾਹਨੂੰ ਪਿੱਠ ਤੇ ਛੁਰੀ ਚਲਾ ਕੇ? ਮਾਣ ਫਿਰੇਂ ਕਰਦਾ ਮੈਂ ਵੀ ਤੇਰੇ ਸੀਨੇ ਦੇ ਲਈ ਖੰਜਰ ਘੜਦੀ ਹਾਂ

ਦਿੱਖ ਸ਼ੇਖ ਵਾਲੀ

ਦਿੱਖ ਸ਼ੇਖ ਵਾਲੀ ਕੰਮ ਕਾਫ਼ਰਾਂ ਦੇ, ਤੇਰਾ ਸ਼ੇਖ ਕਹਾਉਣ ਦਾ ਕੀ ਫਾਇਦਾ ? ਆਸ਼ਕ, ਕੁੱਤੇ, ਫ਼ਕੀਰ ਦੀ ਜਾਤ ਇੱਕੋ, ਰੌਲ਼ੇ ਇਲਮ ਦੇ ਪਾਉਣ ਦਾ ਕੀ ਫਾਇਦਾ ? ਗੱਲ ਇੱਕੋ ਦੇ ਉੱਤੇ ਜੇ ਮੁੱਕਣੀ ਏ, ਫਿਰ ਅਡੰਬਰ ਰਚਾਉਣ ਦਾ ਕੀ ਫਾਇਦਾ ? ਜੀਹਨੇ ਇਸ਼ਕ ਦੇ ਹੁਜਰਿਆਂ ਉਮਰ ਗਾਲ਼ੀ, ਉਸ ਤੋਂ ਤੌਬਾ ਕਰਵਾਉਣ ਦਾ ਕੀ ਫਾਇਦਾ ? ਸੱਚੋ - ਸੱਚ ਮੈਖ਼ਾਨੇ 'ਚ ਬੋਲ ਦਿੰਦਾ, ਤਾਂ ਫਿਰ ਮਸਜਿਦ 'ਚ ਆਉਣ ਦਾ ਕੀ ਫਾਇਦਾ ? ਮੇਰਾ ਇਸ਼ਕ ਜੇ ਸ਼ਰਾ 'ਚ ਗਰਕ ਜਾਵੇ, ਮੇਰਾ ਆਸ਼ਕ ਕਹਾਉਣ ਦਾ ਕੀ ਫਾਇਦਾ ?

ਸੁਣ ਜੱਗ ਦੇ ਵਾਲੀਆ !

ਸੁਣ ਜੱਗ ਦੇ ਵਾਲੀਆ ! ਜੱਗ ਉੱਤੇ ਵੇ ਅੰਜਾਮਾਂ ਦੇ ਹੁੰਦੇ ਆਗ਼ਾਜ ਕਿਉਂ ਨਾ? ਏਥੇ ਜਿਸਮਾਂ ਨੂੰ ਪੜ੍ਹਨ ਲੋਕੀਂ ਜਾਣਦੇ ਨੇ ਰੂਹਾਂ ਪੜ੍ਹਨ ਦਾ ਪੈਂਦਾ ਰਿਵਾਜ ਕਿਉਂ ਨਾ? ਨਹੀਓਂ ਰਾਈਆਂ ਦੇ ਕਦੇ ਪਹਾੜ ਬਣਦੇ ਤੈਨੂੰ ਸੰਗ ਕਿਉਂ ਨਾ ਤੈਨੂੰ ਲਾਜ ਕਿਉਂ ਨਾ? ਸਾਡੇ ਮੂੰਹਾਂ ਤੇ ਤਾਲੇ ਹਕੂਮਤਾਂ ਦੇ ਸਾਡੇ ਰਾਜ ਅੰਦਰ ਸਾਡਾ ਰਾਜ ਕਿਉਂ ਨਾ? ਮੇਰੀ ਤੜਪ ਦੇ ਸਾਗਰ ਦੇ ਸ਼ੋਰ ਅੰਦਰ ਮੇਰੇ ਹੌਕੇ ਦੀ ਸੁਣਦਾ ਆਵਾਜ਼ ਕਿਉਂ ਨਾ? ਅਸਾਂ ਝਾਕੇ ਉਨੀਂਦਰੇ ਗੁਰਬਤਾਂ ਦੇ ਸਾਡੇ ਚਾੜ੍ਹਦਾ ਨੇਪਰੇ ਕਾਜ਼ ਕਿਉਂ ਨਾ? ਮਾਰ ਰੋਵੇ ਦੁਹੱਥੜਾ ਵੈਦ ਮੇਰਾ ਦੁੱਖ ਲੱਭੇ ਤੇ ਕਰਾਂ ਇਲਾਜ਼ ਕਿਉਂ ਨਾ? ਲੀਰਾਂ ਹੋਏ ਦੁਪੱਟੇ ਸਭ ਬਿਰਹਣਾਂ ਦੇ ਇਸ਼ਕ ਬਦਲਦਾ ਤਾਂ ਵੀ ਮਿਜਾਜ਼ ਕਿਉਂ ਨਾ?

ਮਾਂਏਂ ਮੇਰੀਏ ਦੇਸ਼ ਬੇਗਾਨੜੇ 'ਚ

ਮਾਂਏਂ ਮੇਰੀਏ ਦੇਸ਼ ਬੇਗਾਨੜੇ 'ਚ ਜੀਣਾ ਹੋਰ ਮੈਂ ਕਿੰਨੜੇ ਰੋਜ਼ ਦੱਸੀਂ ਨੀ ਮੈਂ ਕਿੰਨੀ ਕੁ ਦੇਰ ਅਜੇ ਭਟਕਣਾ ਏ ਮੇਰੀ ਕਿੰਨੀ ਕੁ ਰਹਿੰਦੀ ਏ ਖੋਜ ਦੱਸੀਂ ਕਿੰਨਾ ਹਿਜਰ ਦੀ ਭੱਠੀ ਨੇ ਸੇਕਣਾ ਏਂ ਕਦੋਂ ਤੀਕ ਹੈ ਇਸ਼ਕ ਦੀ ਮੌਜ ਦੱਸੀਂ ਕਿੰਨਾ ਪਰਖਣਾ ਖ਼ਸਮ ਨੇ ਹੋਰ ਮੈਨੂੰ ਮੇਰੇ ਸਿਦਕ ਦਾ ਕਿੰਨਾ ਹੈ ਸੋਹਜ ਦੱਸੀਂ ਅੱਖਾਂ ਰੱਤੀਆਂ ਰਹਿੰਦੀਆਂ ਰੋਣ ਕਰਕੇ ਮੇਰੇ ਮਾਹੀ ਨੂੰ ਮੇਰਾ ਨਾ ਕੋਹਜ ਦੱਸੀਂ ਮੇਰੇ ਜਿਸਮ ਦੇ ਮਹਿਲ 'ਚੋਂ ਬਿਨਾਂ ਪੁੱਛੇ ਕਿੱਥੇ ਤੁਰ ਗਈ ਸਾਹਾਂ ਦੀ ਫੌਜ ਦੱਸੀਂ

ਧਰਤੀ ਤੋਂ ਪਰਵਾਜ਼ ਭਰ ਕੇ

ਧਰਤੀ ਤੋਂ ਪਰਵਾਜ਼ ਭਰ ਕੇ ਇਸ਼ਕ ਦੇ ਅਸਮਾਨ ਵੱਲ ਦਿਸ਼ਾਹੀਣ ਉੱਡਿਆ ਹੋਇਆ ਮੈਂ ਇੱਕ ਖਾਨਾਬਦੋਸ਼, ਪਰਿੰਦਾ ਜਰੂਰ ਹਾਂ ! ਪਰ ਮੈਂ ਕਦੇ ਮੰਗਵੀਆਂ ਛਾਂਵਾਂ ਹੇਠ ਨਹੀਂ ਬੈਠਦਾ !! ਏਨਾ ਵੀ ਹਲਕਾ, ਵਜੂਦ ਨਹੀਂ ਮੇਰਾ ਕਿ ਮੇਰਾ ਨਾਂ ਪੱਥਰ ਦੇ ਬਣੇ ਮਕਾਨਾਂ ਦੇ, ਭੀੜੇ ਦਰਾਂ ਦੀਆਂ ਤਖ਼ਤੀਆਂ ਉੱਤੇ ਉੱਕਰਿਆ ਜਾਵੇ!! ਰੁੱਖਾਂ ਦੀਆਂ ਛਾਂਵਾਂ ਮੈਨੂੰ ਸਜਦੇ ਕਰਦੀਆਂ ਤੇ ਸ਼ਾਖਾਂ ਝੁਕਦੀਆਂ ਹਨ, ਮੈਨੂੰ ਪਨਾਹ ਦੇਣ ਲਈ ! ਪਰ ਕਾਇਨਾਤ ਰਸ਼ਕ ਕਰਦੀ ਮੇਰੀ ਬੇਹਤਰੀਨ ਪਰਵਾਜ਼ ਤੇ !! ਔਰਤਾਂ ਦੇ ਸੰਗਾਊਪੁਣੇ ਵਿਚਲੇ ਅਹਿਸਾਸ ਟਟੋਲਣਾ ਮੇਰੇ ਹਿੱਸੇ ਨਹੀਂ ਆਇਆ! ਤੇ ਨਾ ਹੀ ਮੈਨੂੰ ਕਾਹਲ਼ ਹੈ ਕੋਈ ਦਿਲ ਦੇ ਹੁਜਰੇ ਅੰਦਰ ਵੰਗਾਂ ਤੇ ਪੰਜੇਬਾਂ ਦਾ, ਖੜਾਕ ਸੁਣਨ ਦੀ !! ਮੈਂ ਆਪਣੀਆਂ ਮਰਜੀਆਂ ਦੀ ਬਾਦਸ਼ਾਹਤ ਵਿੱਚ ਅਮੀਰਾਂ ਤੇ ਵਜੀਰਾਂ ਦੀ ਦਖਲਅੰਦਾਜ਼ੀ ਨਹੀਂ ਚਾਹੁੰਦਾ! ਮੈਂ ਆਪਣੀ ਵਿਸ਼ਾਲ ਸਲਤਨਤ ਦਾ ਇਕੱਲਾ ਹੀ ਕਾਰਸਾਜ਼ ਹਾਂ !! ਮੇਰੇ ਪਰਛਾਂਵਿਆਂ ਦੇ ਪੈਰਾਂ ਵਿਚ ਫੰਧੇ ਲਾਉਣਾ, ਤੁਹਾਡੇ ਨਪੁੰਸਕ ਹੋਣ ਦੀਆਂ ਨਿਸ਼ਾਨੀਆਂ ਹਨ ! ਬੇਹਤਰ ਹੋਵੇਗਾ ਕਿ ਸਾਰਾ ਹੋਛਾਪਣ ਛੱਡ ਕੇ ਆਪਣੇ ਵਿਦਵਾਨ ਹੋਣ ਦਾ ਭਰਮ ਪਾਲ਼ੀ ਰੱਖੋ !!

ਕਿ ਬਣਕੇ ਆਦਮੀ ਉਕਤਾ ਗਯਾ ਹਾਂ

ਕਿ ਬਣਕੇ ਆਦਮੀ ਉਕਤਾ ਗਯਾ ਹਾਂ ਗਲ਼ੀ ਅਪਣੀ 'ਚ ਮੁੜਕੇ ਆ ਗਯਾ ਹਾਂ ਠਿਕਾਣਾ ਨਾ ਰਿਹਾ ਮੇਰੀ ਖੁਸ਼ੀ ਦਾ ਗ਼ਮਾਂ ਦੀ ਪੀੜ ਸਾਰੀ ਖਾ ਗਯਾ ਹਾਂ ਬਰੂਹੇ ਰੋਜ ਮੇਰੇ ਬੈਠਦੀ ਹੈ ਬੜਾ ਹੀ ਮੌਤ ਨੂੰ ਮੈਂ ਭਾ ਗਯਾ ਹਾਂ ਸ਼ਰਾਬੀ ਹੋਣ ਦੀ ਖਾਹਿਸ਼ ਨਹੀਂ ਸੀ ਲਪੇਟੇ ਵਿੱਚ ਐਂਵੇ ਆ ਗਯਾ ਹਾਂ ਵਿਚਾਰੇ ਕਿੰਝ ਰੱਖਣ ਸਬਰ ਦੱਸੀਂ? ਘਰੋਂਦੇ ਬੇ-ਪਰਾਂ ਦੇ ਢਾਹ ਗਯਾ ਹਾਂ ਬੜਾ ਮਕਬੂਲ ਹੋਯਾ ਸ਼ਿਅਰ ਉਸਦਾ ਤਰੱਨੁੰਮ ਵਿਚ ਜਿਹੜਾ ਗਾ ਗਯਾ ਹਾਂ ਅਜੇ ਵੀ ਰੱਬ ਮੈਨੂੰ ਆਖਦੀ ਏ ਮਿਲਾਕੇ ਖ਼ਾਕ ਜਿਸਦੇ ਚਾ ਗਯਾ ਹਾਂ ਕਬੂਲੀ ਹੈ ਸਜਾ ਸੂਲੀ ਮਗਰ ਕਿਉਂ? ਸਿਰਫ ਇਕ ਸੂਲ਼ ਤੋਂ ਘਬਰਾ ਗਯਾ ਹਾਂ

ਪਹਿਲਾਂ ਤੇ ਧਰਤੀ ਵਿੱਚ ਗਲਣਾ

ਪਹਿਲਾਂ ਤੇ ਧਰਤੀ ਵਿੱਚ ਗਲਣਾ ਫੇਰ ਖ਼ਾਕ ਵਿਚ ਢਲਣਾ ਇਸ਼ਕ ਦਾ ਖਾਰਾ ਪਾਣੀ ਪੀ ਕੇ ਵੱਧਣਾ, ਫੁੱਲਣਾ, ਫਲਣਾ ਫੇਰ ਇਸ਼ਕ ਦੀ ਅੱਗ 'ਚ ਬਲਣਾ ਕਤਰਾ - ਕਤਰਾ ਜਲਣਾ ਉਮਰ ਦੀ ਸਾਰੀ ਖ਼ਾਕ ਛਾਣ ਕੇ ਫਿਰ ਜਾ ਮਿੱਟੀ ਰਲਣਾ ਨਾਲ਼ ਹਵਾਵਾਂ ਖਹਿੰਦੇ ਫਿਰਨਾ ਸਮੇਂ ਦੇ ਪਾਸੇ ਥੱਲਣਾ ਫਿਰ ਕਾਲਖ਼ ਦੀ ਚੂਲ਼ੀ ਪੀਣੀ ਪਿੰਡੇ ਸੂਰਜ ਮਲਣਾ ਜਦੋਂ ਮੌਤ ਨੇ ਲੈ ਫੁਲਕਾਰੀ ਸਾਹਵੇਂ ਬਹਿ ਕੇ ਛੱਲਣਾ ਘਰ ਸ਼ਮਸ਼ਾਨੀ ਨੂੰ ਹਰ ਬੰਦੇ ਵਾਰੋ ਵਾਰੀ ਚੱਲਣਾ

ਫੜ੍ਹ ਹੱਥ ਵਿੱਚ ਕਾਨੀ

ਫੜ੍ਹ ਹੱਥ ਵਿੱਚ ਕਾਨੀ ਇੱਕ ਓਮ ਕਾਰ ਫੱਟੀ ਉੱਤੇ ਵਾਹਿਆ ਬਾਬੇ ਨੇ, ਲੈਣ ਲੱਗਿਆਂ ਤਾਲੀਮ ਰੰਗ ਪਾਂਧੇ ਦੀ ਵੀ ਰੂਹ ਤੇ ਚੜ੍ਹਾਇਆ ਬਾਬੇ ਨੇ - ਰੁੱਖ ਦੇਣ ਪਏ ਦੁਆਵਾਂ ਕੌਣ ਆਣ ਹਰਿਆਲੀ ਵਾਲਾ ਰੰਗ ਭਰ ਗਿਆ, ਪੱਤੇ ਗਾਉਣ ਲੱਗੇ ਗੀਤ ਜਦੋਂ ਸੁੱਕੀਆਂ ਵੇਲਾਂ ਨੂੰ ਹੱਥ ਲਾਇਆ ਬਾਬੇ ਨੇ - ਸਿੱਖ ਧਰਮ ਦਾ ਬਾਨੀ ਬਾਬਾ ਪੁੱਤ ਪਟਵਾਰੀ ਕਲਿਆਣ ਚੰਦ ਦਾ, ਮਾਤਾ ਤ੍ਰਿਪਤਾ ਦੇ ਜਾਏ ਪਿਆਰ ਨਾਨਕੀ ਦਾ ਦਿਲੋਂ ਨਾ ਭੁਲਾਇਆ ਬਾਬੇ ਨੇ - ਬਾਬੇ ਪਹਿਲੀ ਹੀ ਉਦਾਸੀ ਵਿੱਚ ਹਰੀਦੁਆਰ, ਸੋਮਨਾਥ, ਗਯਾ ਘੁੰਮਿਆ, ਕੱਢ ਪਾਂਡਿਆਂ ਦੇ ਵਹਿਮ ਕਰਤਾਰਪੁਰ ਆਣ ਕੇ ਵਸਾਇਆ ਬਾਬੇ ਨੇ, ਬਾਬੇ ਦੂਸਰੀ ਉਦਾਸੀ ਲਈ ਜੰਮੂ-ਕਸ਼ਮੀਰ ਵੱਲ ਮੁੱਖ ਮੋੜਿਆ, ਜਾ ਚੜ੍ਹਿਆ ਸੁਮੇਰ ਕਰ ਗੋਸ਼ਟੀਆਂ ਸਿੱਧਾਂ ਨੂੰ ਹਰਾਇਆ ਬਾਬੇ ਨੇ - ਜਦੋਂ ਤੀਸਰੀ ਉਦਾਸੀ ਬਾਬਾ ਰਾਹ ਮੁਲਤਾਨ ਦੇ ਮਦੀਨੇ ਨੂੰ ਗਿਆ, ਨਿਰਭਓ ਨਿਰਵੈਰ ਮੱਕਾ ਹਾਜੀਆਂ ਦੇ ਮਨ ਦਾ ਘੁਮਾਇਆ ਬਾਬੇ ਨੇ - ਨਾਲ਼ ਲੈ ਕੇ ਮਰਦਾਨਾ ਚੌਥੀ ਕੀਤੀ ਸੀ ਉਦਾਸੀ ਬਾਬੇ ਤਿੰਨ ਸਾਲ ਦੀ, ਲਾ 'ਤੁਲੰਬੇ' ਵਿੱਚ ਡੇਰੇ ਸ਼ਾਹ ਸੱਜਣ ਤੇ ਕੱਜਣ ਜਗਾਇਆ ਬਾਬੇ ਨੇ - ਸਾਂਝੀਵਾਲਤਾ ਦਾ ਚੰਨ ਗੁਰੂ ਹਿੰਦੂਆਂ ਨੇ ਮੋਮਨਾਂ ਨੇ ਪੀਰ ਸੱਦਿਆ, ਸਦਾਚਾਰ ਵਿੱਚ ਰਹਿਣਾ ਪਾ ਕੇ ਸਾਦਗੀ ਦਾ ਗਹਿਣਾ ਹੈ ਸਿਖਾਇਆ ਬਾਬੇ ਨੇ - ਲਿਖੇ ਜਪੁ, ਬਾਰਾਂਮਾਹ, ਮਾਝ, ਆਸਾ ਤੇ ਮਲਹਾਰ ਨਾਲ਼ੇ ਸੋਹਿਲਾ, ਸਲੋਕ, ਬਾਣੀ ਸਾਰੀ ਅਨਮੋਲ ਪਰ ਭੇਦ ਸਾਰਾ ਮੂਲ਼ 'ਚ ਲੁਕਾਇਆ ਬਾਬੇ ਨੇ -

ਬੜੀ ਹੀ ਬੇ - ਕਰਾਰੀ ਹੈ

ਬੜੀ ਹੀ ਬੇ - ਕਰਾਰੀ ਹੈ ਅਸਾਡੇ ਚਿਹਰਿਆਂ ਅੰਦਰ ਫਿਕਰ ਦੀ ਆਰਜੂ ਘਰ ਕਰ ਲਿਆ ਸਾਡੇ ਦਿਲਾਂ ਅੰਦਰ ਜਦੋਂ ਮਹਿਬੂਬ ਦੀ ਸੱਜੀ ਤਲ਼ੀ 'ਤੇ ਹੱਥ ਧਰਿਆ ਸੀ ਜਮਾਨੇ ਨੇ ਕਿਨਾਰਾ ਕਰ ਲਿਆ ਸੀ ਦੋ ਪਲਾਂ ਅੰਦਰ ਭਰੇਗੀ ਚਾਨਣੀ ਕੱਲ੍ਹ ਨੂੰ ਅਸਾਡਾ ਘਰ ਤੁਸੀਂ ਆਇਓ ਬੜਾ ਹੀ ਮੈਂ ਹਨੇਰਾ ਝਾਕਿਆ ਇਹਨਾਂ ਦਿਨਾਂ ਅੰਦਰ ਜਰੂਰੀ ਤਾਂ ਨਹੀਂ ਉਹ ਸ਼ਰਬਤੀ ਨੈਣੋਂ ਪਿਆਵੇਗਾ ਕਸੂਤਾ ਉਲ਼ਝਿਆ ਫਿਰਦਾ ਵਿਚਾਰਾ ਸ਼ੀਸ਼ਿਆਂ ਅੰਦਰ ਸਬਰ ਰੱਖੀਂ ! ਸਬਰ ਰੱਖੀਂ ! ਤਸੱਲੀ ਰੋਜ ਦੇਂਦਾ ਸੀ ਅਜਾਈਂ ਮੌਤ ਝੱਲਾ ਮਰ ਗਿਆ ਕੁਝ ਖ਼ਦਸ਼ਿਆਂ ਅੰਦਰ ਪਏ ਰੌਲ਼ੇ ਜਰਾ ਵੇਖੀਂ ਕਿਤੇ ਤੂੰ ਚੜ੍ਹ ਚੁਬਾਰੇ 'ਤੇ ਕਿਵੇਂ ਹੁੰਦੀ ਰਕੀਬਾਂ ਦੀ ਵਿਦਾਈ ਕੁਨਬਿਆਂ ਅੰਦਰ

ਮੇਲੇ ਵਿੱਚ ਜਹਾਨ ਦੇ

ਮੇਲੇ ਵਿੱਚ ਜਹਾਨ ਦੇ ਜਿੰਦਗੀ ਦੇ ਦਿਨ ਕੱਟ ਕੂੜ , ਕਬਾੜਾ ਰਹਿਣ ਦੇ ਖ਼ਰੇ ਲਤੀਫੇ ਖੱਟ ਅੰਤ ਗਧੇਲੇ ਮਖ਼ਮਲੀ ਰਹਿਣੇ ਨਹੀਓਂ ਹੇਠ ਚੰਮ ਸਣੇ ਸੜ ਜਾਵਣਾ ਮਖਮਲ, ਰੇਸ਼ਮ, ਪੱਟ ਹੱਡੀਆਂ ਦੀ ਜੋ ਗੋਦੜੀ ਵਿੱਚ ਸਾਹਾਂ ਦੇ ਲਾਲ ਘੜੀ ਦੀ ਸੂਈ ਜਾਵਣੇ ਟਿਕ - ਟਿਕ ਕਰਕੇ ਚੱਟ ਦੂਰ ਵਸੇਂਦੇ ਲੈਣਗੇ ਦੱਸ ਕੀ ਭਲਾ ਵਿਗਾੜ ਬਹੁਤੇ ਨੇੜੇ ਵਾਲਿਆਂ ਬਹੁਤੇ ਲਾਉਣੇ ਫੱਟ ਓਸ ਘੜੀ ਸਭ ਵੇਖਦਾ ਵਹੀਆਂ ਖ਼ਾਤੇ ਮੇਲ਼ ਜੇ ਤੂੰ ਕਰੀਆਂ ਡਿਗਰੀਆਂ ਸਾਂਈਂ ਕਿਹੜਾ ਘੱਟ

ਚੱਲ ਸੂਰਜ ਦੀ ਹੱਟੀ ਚੱਲੀਏ

ਚੱਲ ਸੂਰਜ ਦੀ ਹੱਟੀ ਚੱਲੀਏ ਧੁੱਪ ਖਰੀਦਣ ਨੂੰ ਮੇਰੇ ਘਰ ਕੁਝ ਪਾਲ਼ੇ ਠਰਦੇ ਬੱਚੇ ਆਏ ਨੇ, ਪੈਰੋਂ ਨੰਗੇ, ਢਿੱਡੋਂ ਭੁੱਖੇ ਵੇਖੇ ਨਹੀਂ ਜਾਂਦੇ ਤਨ ਦੇ ਉੱਤੇ, ਅੱਧੋਰਾਣੇ ਲੀੜੇ ਪਾਏ ਨੇ - ਸੱਪਾਂ ਵਾਂਗਰ ਵਿੱਸ ਘੋਲ਼ਦੇ ਗੋਕੇ ਪੀ ਕੇ ਵੀ ਰੱਜੇ - ਪੁੱਜੇ, ਉੰਝ ਤਾਂ ਬਾਹਲੇ ਝਗੜੇ ਕਰਦੇ ਨੇ, ਤਗੜੇ ਤਾਈਂ ਚੋਪੜੀਆਂ ਤੇ ਮਾੜੇ ਨੂੰ ਝਿੜਕਾਂ ਵਿਹਲੇ ਢੱਗੇ, ਕਦੋਂ ਕਿਸੇ ਦੀ ਖੁਰਲੀ ਜਰਦੇ ਨੇ - ਧਰਾਂ ਲਫੇੜੇ ਜੀ ਕਰਦਾ ਮੈਂ ਧੌਣਾਂ ਦੇ ਉੱਤੇ ਜਿਹੜੇ ਇਹਨਾਂ ਮਜਲੂਮਾਂ ਦੇ ਉੱਤੇ ਹੱਸਦੇ ਨੇ, ਵੈਲੀ ਬਣ ਕੇ ਚਮਚਾਗਿਰੀਆਂ ਕਰਦੇ ਨੇ ਪਹਿਲਾਂ ਫੇਰ ਕਬੂਤਰ, ਬਾਜਾਂ ਨੂੰ ਝਗੜਾਲੂ ਦੱਸਦੇ ਨੇ - ਆਥਣ ਵੇਲ਼ੇ ਭੱਠੀ ਵਾਲ਼ੀ ਦੇ ਕੋਲ਼ੇ ਬੈਠਾ ਰੋਜ ਭੁਨਾ ਕੇ ਛੋਲ਼ੇ ਆਪਣੇ ਖ਼ੀਸੇ ਭਰਦਾ ਮੈਂ, ਜਦੋਂ ਗੁਜਰਦਾ, ਪੱਤੀ ਵਿਚਲੇ ਟੋਭੇ ਥਾਣੀ ਹੋ ਟੱਪਰੀਵਾਸਾਂ ਦੇ ਬੱਚਿਆਂ ਦੀ ਤਲ਼ੀ ਤੇ ਧਰਦਾ ਮੈਂ - ਏਨੀ ਭਲਾ ਸਿਆਣਪ ਕਿੱਥੇ? ਵਿਹਲੜ ਲੋਕਾਂ ਨੂੰ ਪੈਸੇ ਨੇ ਚੰਗੇ ਭਲਿਆਂ ਦੀ ਬੁੱਧੀ ਮਾਰੀ ਏ, ਆਈ ਉੱਤੇ ਆਏ ਜਿਸ ਦਿਨ ਰੀਝਾਂ ਲਾਹਵਾਂਗੇ ਅਜੇ ਤਾਂ ਆਪਾਂ ਪੋਟਾ - ਪੋਟਾ ਖੱਲ ਉਤਾਰੀ ਏ - ਰੋਜ ਲੜਾਂਗਾ, ਰੋਜ ਮਰਾਂਗਾ ਇਹਨਾਂ ਦੀ ਖਾਤਿਰ ਸਾਹਾਂ ਤੀਕਰ ਮੈਂ ਇਹਨਾਂ ਦੀ ਰਾਖੀ ਰੱਖਾਂਗਾ, ਮਾਣ ਹੈ ਮੈਨੂੰ, ਸਿਰੜ ਮੇਰੇ ਦੇ ਮਾਰੂ ਹੱਲਿਆਂ ਤੇ ਮੈਂ ਵੀ ਇੱਕ ਦਿਨ ਆਪਣੇ ਦੇਸ਼ ਦਾ ਸ਼ੱਮਲਾ ਚੱਕਾਂਗਾ -

ਨਿਰਭਓ ਦਾ ਆਸ਼ਿਕ ਉਹ

ਨਿਰਭਓ ਦਾ ਆਸ਼ਿਕ ਉਹ ਨਾਨਕ ਦਾ ਚੇਲਾ ਉਹ ਆਥਣ ਦੀ ਰਹਿਰਾਸ ਅੰਮ੍ਰਿਤ ਦਾ ਵੇਲਾ ਉਹ ਸਾਹਾਂ ਦੀ ਸਰਗਮ 'ਚ ਬਾਣੀ ਅਲਾਪੇ ਇਲਾਹੀ ਜਿਵੇਂ ਉਸਦਾ ਹਰ ਬੋਲ ਜਾਪੇ ਨੇ ਮੱਥੇ 'ਚ ਉਹਦੇ ਜੋ ਰੁੱਗ ਤਾਰਿਆਂ ਦੇ ਭਰੇ ਉਸਦੀ ਤੱਕਣੀ ਜਖ਼ਮ ਸਾਰਿਆਂ ਦੇ ਸਦਾ ਹੀ ਸਰਘੀਆਂ ਦੇ ਘੁੱਟ ਪੀ ਕੇ ਉੱਠਦਾ ਉਹ ਮਰਜੀਵੜਾ ਤਾਂ ਸਦਾ ਜੀ ਕੇ ਉੱਠਦਾ ਮਸਤੀਆਂ 'ਚ ਰਹਿੰਦਾ ਏ ਹੋਸ਼ਾਂ ਭੁਲਾ ਕੇ ਉਹ ਬੁੱਕਲ਼ ' ਚ ਫਿਰਦਾ ਏ ਜਪੁਜੀ ਲੁਕਾ ਕੇ ਹੈ ਆਦਿ, ਜੁਗਾਦਿ, ਅਜੂਨੀ, ਸਿਆਣਾ ਪਵਾਇਆ ਜਿਨ੍ਹੇ ਉਸਨੂੰ ਸਿਦਕਾਂ ਦਾ ਬਾਣਾ ਜੋ ਰਹਿੰਦਾ ਏ ਹੁਕਮੀ ਦੇ ਹੁਕਮਾਂ ਦੇ ਅੰਦਰ ਉਹਨੂੰ ਸਜਦਾ ਕਰਦੇ ਨੇ ਅਕਬਰ, ਸਿਕੰਦਰ ਉਹ ਕੋਈ ਪੈਗੰਬਰ ਜਾਂ ਹੈ ਆਪ ਅੱਲ੍ਹਾ ਉਹ ਸਦੀਆਂ ਤੋਂ ਜਾਪੇ ਇਕੱਲਾ - ਇਕੱਲਾ

ਏਥੇ ਕੋਈ ਦਰ ਨਹੀਂ ਖੋਲ੍ਹਦਾ

ਏਥੇ ਕੋਈ ਦਰ ਨਹੀਂ ਖੋਲ੍ਹਦਾ ਵੇਖੇ ਕੁੰਡੇ ਖੜਕਾ ਮੈਨੂੰ ਆਪਣੇ ਦੇਸ਼ ਪਿਆਰਿਆ ਤੂੰ ਲੈ ਚੱਲ ਉੰਗਲ਼ੀ ਲਾ - ਮੇਰੇ ਦਿਲ ਦੀ ਸੁੱਚੀ ਪੀੜ ਨੂੰ ਮਿਲ਼ਦੀ ਤੈਥੋਂ ਧਰਵਾਸ ਗੱਲ ਸੱਚੀ ਤੇਰਾ ਬਿਰਹੜਾ ਮੇਰੇ ਸਾਹੀਂ ਗਿਆ ਸਮਾ - ਤੇਰੀ ਅੰਬਰ ਨਾਲ਼ ਬਰਾਬਰੀ ਮੈਂ ਜੀਵਾਂ ਧਰਤੀ ਹੇਠ ਪਰ ਚਾਰੇ ਕੂਟਾਂ ਮਿਲਦੀਆਂ ਮੈਨੂੰ ਹੱਥੀਂ ਚੂੜਾ ਪਾ - ਮੇਰੀ ਸਮਝ ਨਿਮਾਣੀ ਤੜਪਦੀ ਸ਼ੀਸ਼ੇ ਵਿੱਚ ਹੋਈ ਕੈਦ ਹਿਜਰਾਂ ਨਾਲ਼ ਲੋਹਾ ਲੈਣ ਦਾ ਮੇਰੇ ਦਿਲ ਨੂੰ ਚੜ੍ਹਿਆ ਚਾਅ - ਲਹਿ ਗਿਆ ਮਨ ਦੀ ਦੀਵਾਰ ਤੋਂ ਹਉਮੇ ਦਾ ਚੜ੍ਹਿਆ ਲੇਪ ਬਸ ਇੱਕੋ ਵਾਰ ਸਮੇਟ ਲੈ ਮਿੱਟੀ ਦੀ ਢੇਰੀ ਚਾਹ - ਮੇਰੇ ਮਨ ਦਾ ਬਾਲ ਉਦਾਸੜਾ ਘਬਰਾਵੇ ਹੋ ਭੈਭੀਤ ਮੋਢੇ ਨਾਲ ਲਾ ਕੇ ਮਹਿਰਮਾ ਲੈ ਬੁੱਕਲ਼ ਵਿੱਚ ਲੁਕਾ - ਮੇਰੀ ਤੀਖਣ ਲਗਨ ਹੈ ਕੂਚ ਦੀ ਮੈਂ ਤੂਰਿਆ ਡਾਹਢੀ ਵਾਟ ਲਾ ਸਾਣ ਤੇ ਖੰਜਰ ਇਸ਼ਕ ਦਾ ਮੇਰੇ ਰਾਹਾਂ ਦੇ ਵਿੱਚ ਆ - ਡੂੰਘੇ ਪਾਣੀ ਵਿਚ ਠਿਲ ਪਏ ਕਾਗਜ਼ ਦੇ ਮੇਰੇ ਜਹਾਜ਼ ਮੇਰਾ ਵਹਿਣਾ ਨਾਲ਼ ਮੁਕਾਬਲਾ ਮੈਨੂੰ ਆਪੇ ਲਵੀਂ ਬਚਾਅ -

ਆ ਸੱਜਣਾਂ ਮੈਂ ਰੱਖਲਾਂ ਤੈਨੂੰ

ਆ ਸੱਜਣਾਂ ਮੈਂ ਰੱਖਲਾਂ ਤੈਨੂੰ ਸੁਰਮੇਦਾਨੀ ਪਾ ਕੇ ਸ਼ੀਸ਼ੇ ਤੋਂ ਵੀ ਨਜ਼ਰ ਬਚਾਵਾਂ ਅੱਖਾਂ ਵਿੱਚ ਸਜਾ ਕੇ ਬਣਜਾ ਵੇ ਮੇਰੀ ਫੁਲਕਾਰੀ ਦਾ ਤੂੰ ਗੱਭਲ਼ਾ ਸ਼ੀਸਾ ਕਰਮਾਂ ਵਾਲ਼ਿਆ ਰੱਖਾਂ ਤੈਨੂੰ ਸਿਰ ਤੇ ਨਿੱਤ ਬਿਠਾਕੇ ਜਾਂ ਫਿਰ ਬਣਜਾ ਮੇਰੇ ਚੂੜੇ ਦਾ ਤੂੰ ਅਗਲਾ ਕੰਙਣ ਮੈਂ ਕੁੜੀਆਂ ਦੇ ਸੀਨੇ ਅੱਗਾਂ ਲਾਵਾਂਗੀ ਛਣਕਾ ਕੇ ਬਣਜਾ ਵੇ ਤੂੰ ਮੇਰੇ ਗਲ਼ ਦਾ ਹਾਰ ਬੁਘਤੀਆਂ ਵਾਲਾ ਸਣੇ ਹਮੇਲ, ਤਵੀਤੜੀਆਂ ਮੈਂ ਮਾਰਾਂ ਕਿਤੇ ਵਗਾਹ ਕੇ ਜੇ ਤੂੰ ਆਖੇਂ ਅੜਿਆ ਤੇਰੀ ਨਿੱਤ ਕਰਾਂ ਮੈਂ ਰਾਖੀ ਸੱਗੀ ਫੁੱਲ ਵਰਗਿਆ ਰੱਖਾਂ ਮੀਢੀਆਂ ਵਿੱਚ ਗੁੰਦਾ ਕੇ ਜਿੰਦ ਵੇਚ ਕੇ ਮੁੱਲ ਲੈ ਲਵਾਂ ਮਹਿੰਦੀ ਰੰਗਿਆ ਯਾਰਾ ਮਰ ਜਾਵਾਂ ਮੈਂ ਬੇਸ਼ੱਕ ਤੈਨੂੰ ਤਲ਼ੀਆਂ ਉੱਤੇ ਲਾ ਕੇ

ਹਜਰਤ ਮੁਹੰਮਦੀ ਮੇਰੀ ਸਰਕਾਰ

ਹਜਰਤ ਮੁਹੰਮਦੀ ਮੇਰੀ ਸਰਕਾਰ ਨੂੰ ਸਜਦਾ ਪੈਗੰਬਰ - ਏ - ਇਸਲਾਮ ਦੇ ਸਰਦਾਰ ਨੂੰ ਸਜਦਾ ਸਜਦਾ ਹੈ ਮੇਰਾ ਹਰ ਘੜੀ ਬੰਦਾ ਨਵਾਜ਼ ਨੂੰ ਰੱਬੀ ਰਸੂਲ ਦੇ ਹਕੀਕੀ ਪਿਆਰ ਨੂੰ ਸਜਦਾ ਪੰਜ ਵੇਲਿਆਂ ਦੇ ਹਰ ਤੇਰੇ ਇਮਾਮ ਨੂੰ ਸਜਦਾ ਆਇਤਾਂ, ਆਜਾਨਾਂ, ਕਲਮਿਆਂ, ਕੁਰਆਨ ਨੂੰ ਸਜਦਾ ਲਿਖਦੀ ਜੋ ਤੇਰਾ ਨਾਮ ਹਰ ਉਸ ਕਲਮ ਨੂੰ ਸਜਦਾ ਜਿਸ ਵਿੱਚ ਹੈ ਤੇਰਾ ਨੂਰ ਉਸ ਕਲਾਮ ਨੂੰ ਸਜਦਾ ਕਰਦਾ ਏ ਤੈਨੂੰ ਤਾਂ ਖੁਦਾ - ਏ - ਪਾਕਿ ਵੀ ਸਜਦਾ ਇਲਹਾਮ ਵੀ ਸਜਦਾ ਕਰੇ ਇਖਲਾਕ ਵੀ ਸਜਦਾ ਤੇਰੇ ਕਰਮ ਨਾਲ਼ ਸਜਦਿਆਂ ਵਿੱਚ ਦਫ਼ਨ ਹੋ ਜਾਵਾਂ ਤੇ ਬਾਅਦ ਵਿੱਚ ਮੇਰੀ ਕਰੇ ਇਹ ਖ਼ਾਕ ਵੀ ਸਜਦਾ ਵਿਸਥਾਰ ਨੂੰ ਸਜਦਾ ਤੇ ਵਿਚਲੇ ਮੂਲ ਨੂੰ ਸਜਦਾ ਅੱਲ੍ਹਾ ਦੇ ਚਹੇਤੇ ਨਬੀ ਰਸੂਲ ਨੂੰ ਸਜਦਾ ਇਸ਼ਕਾਂ ਦੇ ਸਮੁੰਦਰ ਤੇਰੀ ਹਰ ਬੂੰਦ ਨੂੰ ਸਜਦਾ ਫੁਰਮਾਨ ਨੂੰ ਸਜਦਾ ਤੇ ਹਰ ਅਸੂਲ ਨੂੰ ਸਜਦਾ ਤੇਰੇ ਇਸ਼ਕ ਨੂੰ ਸਜਦਾ ਤੇਰੇ ਈਮਾਨ ਨੂੰ ਸਜਦਾ ਫ਼ਿਰਦੌਸ ਦੇ ਮਾਲਿਕ ਨਬੀ ਸੁਲਤਾਨ ਨੂੰ ਸਜਦਾ ਖ਼ਾਕਾ - ਏ - ਮੁਸਲਮਾਨ 'ਚੋਂ ਨਫ਼ਰਤ ਕਸ਼ੀਦ ਲੈ ਫਿਰ ਮੈਂ ਕਰਾਂ ਤੇਰੇ ਹਰ ਮੁਸਲਮਾਨ ਨੂੰ ਸਜਦਾ

ਨਾ ਮੁੱਕਦੇ ਰੋਜੇ ਇਸ਼ਕ ਦੇ

ਨਾ ਮੁੱਕਦੇ ਰੋਜੇ ਇਸ਼ਕ ਦੇ ਨਾ ਆਉਂਦੀ ਸਾਡੀ ਈਦ ਅਸੀਂ ਹਿਜਰ ਦੀ ਭੱਠੀ ਪੈ ਗਏ ਨਾ ਉਸਦੀ ਹੁੰਦੀ ਦੀਦ - ਅਸੀਂ ਭੁੱਲੇ ਹੋਏ ਜੁਗਰਾਫੀਏ ਸਾਡੀ ਬੀਤੀ ਹੋਈ ਗੱਲ ਸਾਡੇ ਦਿਲ ਦੀ ਬੰਜਰ ਧਰਤ ਨੂੰ ਕੋਈ ਲੈਂਦਾ ਕਿਵੇਂ ਖਰੀਦ - ਅਸੀਂ ਫਿਸਲੇ ਹੋਏ ਢਲਾਣ ਤੋਂ ਸਾਡੇ ਚੇਤਿਆਂ ਅੰਦਰ ਯਾਰ ਸਾਡੇ ਨੈਣਾਂ ਦੇ ਵਿਚ ਬਿਰਹੜਾ ਸਾਡੇ ਸਾਹਾਂ ਵਿਚ ਮਜੀਦ - ਸਾਡਾ ਖੂਨ ਅਰਕ ਹੈ ਇਸ਼ਕ ਦਾ ਹੱਡੀਂ ਹਿਜਰਾਂ ਦੀ ਪੀੜ ਸਾਡੇ ਸਾਹੀਂ ਚਲਦੀ ਵੇਦਨਾ ਸਾਡੇ ਹੌਕੇ ਲੈਣ ਕਸ਼ੀਦ - ਉਹਨੇ ਕੋਰੇ ਵਰਕੇ ਉੱਕਰਿਆ ਆਪਣੀ ਹਾਮੀ ਦਾ ਹਰਫ਼ ਤੇ ਭੁੱਲਦਾ ਨਹੀਂ ਕਦੇ ਭੇਜਣਾ ਮੈਨੂੰ ਹੰਝੂਆਂ ਭਰੀ ਰਸੀਦ - ਅਸੀਂ ਬਿਰਹਾ ਮਾਰੇ ਰੁੱਖ ਹਾਂ ਤੈਨੂੰ ਕਿੱਥੋਂ ਪਾਈਏ ਠੰਡ? ਜਾ ਤੁਰ ਜਾ ਰਸਤੇ ਆਪਣੇ ਨਾ ਸਾਥੋਂ ਰੱਖ ਉਮੀਦ -

ਹੈ ਕੋਈ ਚਮਕਦਾ ਚਾਨਣ

ਹੈ ਕੋਈ ਚਮਕਦਾ ਚਾਨਣ ਕਿਸੇ ਨੂਰੀ ਖ਼ਜ਼ਾਨੇ ਦਾ ਤੇ ਹੈ ਪੈਗੰਬਰ - ਏ - ਬਗ਼ਦਾਦ ਇਸ਼ਕਾਂ ਦੇ ਜਮਾਨੇ ਦਾ - ਉਹ ਸਜਦੇ ਕਰਦਿਆਂ ਦੇ ਲਕਬ ਸਾਰੇ ਤੋੜ ਦਿੰਦਾ ਏ ਤੇ ਮੱਕੇ ਕਾਬਿਆਂ ਦੇ ਰੁਖ਼ ਕਦੇ ਵੀ ਮੋੜ ਦਿੰਦਾ ਏ - ਸਿਫ਼ਤ ਓਸੇ ਦੀ ਹੁੰਦੀ ਏ ਤੇਗ ਹੇਠਾਂ, ਚੱਰਖ ਚੜ੍ਹ ਕੇ ਤਮਾਸ਼ੇ ਵੇਖਦਾ ਖੁਦ ਆਪ ਭੀੜਾਂ ਵਿੱਚ ਖੜ੍ਹ - ਖੜ੍ਹ ਕੇ - ਤਖ਼ੱਲਸ ਹੈ ਇਸ਼ਕ ਦੇ ਨਾਮ ਦਾ ਰੂਹਾਂ ਦਾ ਹੈ ਆਕੀ ਕਿਤੇ ਪਿਆਸਾਂ, ਕਿਤੇ ਝਰਨੇ ਅਨੋਖੀ ਕਿਸਮ ਦਾ ਸਾਕੀ - ਮੈਨੂੰ ਗ਼ਮ ਦੇਣ ਵਾਲਾ ਹੀ ਮੇਰੇ ਦੁੱਖ ਦੀ ਸ਼ਫ਼ਾ ਹੋਇਆ ਕਦੇ ਉਹ ਯਾਰ ਬਣ ਬੈਠਾ ਕਦੇ ਆਪੇ ਖੁਦਾ ਹੋਇਆ - ਦਿਨੋ-ਦਿਨ ਸੋਗ਼ਵਾਰੀ ਦੇ ਤਲਖ਼ ਅੰਦਾਜ ਕਰਦਾ ਏ ਸਿਰ ਮੇਰਾ ਕਲਮ ਕਰਕੇ ਦਿਲ ਮੇਰੇ ਤੇ ਰਾਜ ਕਰਦਾ ਏ -

ਰਸੂਲ - ਏ - ਯਾਰ ਤਾਂ

ਰਸੂਲ - ਏ - ਯਾਰ ਤਾਂ ਖੁਰਸ਼ੀਦ ਲੇਖਾਂ ਦਾ ਉਹ ਸਜਦਾ ਹੀਰ ਦਾ ਤੇ ਗ਼ਮ ਜੁਲੇਖਾਂ ਦਾ - ਜਮੀਨ - ਏ - ਮਿਸਰ ਵਿਚ ਯੂਸਫ਼ ਹੈ ਬਣ ਰਹਿੰਦਾ ਉਹ ਗਲ਼ੀ ਕਸੂਰ ਦੀ ਵਿੱਚ ਢੂੰਢਣਾ ਪੈਂਦਾ - ਉਹ ਮੈਨੂੰ ਬੁੱਤ ਘਰਾਂ ਵਿੱਚ ਵੀ ਬੁਲਾਉਂਦਾ ਏ ਤੇ ਮੇਰੀ " ਮੈਂ " ਮੇਰੇ ਅੱਗੇ ਝੁਕਾਉਂਦਾ ਏ - ਉਹ ਪੀੜਾਂ ਦੇ ਕਲੇਜੇ ਹੂੰਝ ਦੇਂਦਾ ਏ ਤੇ ਹਿਜਰਾਂ ਦੇ ਪਸੀਨੇ ਪੂੰਝ ਦੇਂਦਾ ਏ - ਤਜਕਰਾ ਕੀ ਕਰਾਂ? ਲਿਖੀਆਂ ਰੁਬਾਈਆਂ ਦਾ ਤਰਾਨਾ ਇਸ਼ਕ ਦਾ ਤੇ ਸੁਰ ਖੁਦਾਈਆਂ ਦਾ - ਉਹ ਰੇਤਾਂ, ਮਿੱਟੀਆਂ ਦੇ ਭਾਅ ਨਹੀਂ ਕਰਦਾ ਤੇ ਲੱਗੇ ਝਾੜ ਕੇ ਹੌਕਾ ਨਹੀਂ ਭਰਦਾ - ਉਹ ਮੇਰੀ ਹੋਂਦ ਨੂੰ ਤਰਜੀਹ ਨਹੀਂ ਦੇਂਦਾ ਤੇ ਮੇਰੀ ਪਿੱਠ ਲੱਗਣ ਵੀ ਨਹੀਂ ਦੇਂਦਾ - ਉਹ ਅਰਬੀ, ਫ਼ਾਰਸੀ ਦੀ ਸੋਹਜ ਵਰਗਾ ਏ ਸੁਨਾਮੀ ਦੀ ਕੁੰਵਾਰੀ ਮੌਜ ਵਰਗਾ ਏ - ਉਹ ਬਣਕੇ ਧਿਆਨ ਮੇਰੇ ਨਾਲ ਚੱਲਦਾ ਏ ਤੇ ਮੈਨੂੰ ਜੰਨਤਾਂ ਦੇ ਗੀਤ ਘੱਲਦਾ ਏ - ਮੈਂ ਆਪਣੇ ਬੋਲ ਉਸ ਤੋਂ ਵਾਰ ਦਿੱਤੇ ਨੇ ਤੇ ਸਭ ਤਰਕਾਂ ਨੂੰ ਜਿੰਦੇ ਮਾਰ ਦਿੱਤੇ ਨੇ ਨਾ ਮੁੜ - ਮੁੜ ਝੁਲਸਣਾ ਨਾ ਖ਼ਾਕ ਹੋਣਾ ਏ ਮੈਂ ਇੱਕੋ ਵਾਰ ਸੜ੍ਹ ਕੇ ਰਾਖ ਹੋਣਾ ਏ -

ਜੁਗਤਾਂ ਵੇਖ ਜਰਾ !

ਜੁਗਤਾਂ ਵੇਖ ਜਰਾ ! ਮੇਰੀ ਸਰਕਾਰ ਦੀਆਂ ਰੱਤੀਆਂ ਲਾਉੰਦਾ ਬੂਟੇ ਨੂੰ ਇੱਕ ਭਾਰ ਦੀਆਂ - ਪਵਣ ਗੁਰੂ ਬਣ ਦੇਸ਼ ਦੇਸ਼ਾਂਤਰ ਚਲਦਾ ਏ ਬਣ ਸੂਰਜ ਹਰ ਅੱਖ ਸਾਹਮਣੇ ਢਲ਼ਦਾ ਏ - ਮੱਥੇ ਇਸਦੇ ਸੱਚ ਦੇ ਦੀਵੇ ਜਗ਼ਦੇ ਨੇ ਸ਼ਾਇਦ ਏਸੇ ਲਈ ਦਿਨ ਚੰਗੇ ਲਗਦੇ ਨੇ - ਨਿੱਤ ਮੈਨੂੰ ਜਪੁਜੀ ਦੀ ਚੇਟਕ ਲਾਉੰਦਾ ਏ ਮੇਰੇ ਬਾਲਾਂ ਨੂੰ ਰਹਿਰਾਸ ਸੁਣਾਉੰਦਾ ਏ - ਲੱਜਤਾਂ ਲਾ ਕੇ ਮੈਨੂੰ ਪਹਿਲੇ ਪਹਿਰ ਦੀਆਂ ਧੁੱਪਾਂ ਦੇਵੇ ਠਾਰ ਉਹ ਸਿਖ਼ਰ ਦੁਪਹਿਰ ਦੀਆਂ - ਹੁੰਦਾ ਜਦ ਕੀਰਤਨ ਸੋਹਿਲੇ ਦਾ ਜਾਪ ਕਿਤੇ ਤਾਰਿਆਂ ਦੇ ਵਿੱਚ ਰਲ਼ਿਆ ਫਿਰਦਾ ਆਪ ਕਿਤੇ - ਮੇਰੇ ਸਾਹੀਂ ਆਪਣੇ ਸਰਨਾਂਵੇਂ ਖੁਣਦਾ ਏ ਆਪੇ ਪਿਆ ਧੜਕਦਾ ਆਪੇ ਸੁਣਦਾ ਏ -

ਅੱਥਰੂ ਭਰ - ਭਰ ਕੇ ਮੈਂ

ਅੱਥਰੂ ਭਰ - ਭਰ ਕੇ ਮੈਂ ਨੈਣਾਂ ਵਾਲ਼ੇ ਦੀਵੇ ਬਾਲ਼ੇ ਨੇ ਪੂਰੀ ਉਮਰ ਗਾਲ਼ ਕੇ ਬਸ ਮੈਂ ਚੰਦ ਕੁ ਸਾਥੀ ਭਾਲ਼ੇ ਨੇ - ਇੱਕ ਕੋਨੇ ਵਿੱਚ 'ਸ਼ਿਵ' ਬੈਠਾ ਸਿਗ਼ਰਟ ਦੇ ਕੱਸ਼ ਪਿਆ ਲੈਂਦਾ ਏ ਉਸਨੂੰ ਤੱਕ ਕੇ ਗੀਤ ਮੇਰੇ ਨੂੰ ਡੋਬ ਹਿਜਰ ਦਾ ਪੈਂਦਾ ਏ - ਦੂਜੇ ਕੋਨੇ ਬੈਠ 'ਅੰਮ੍ਰਿਤਾ' ਖ਼ਤ ਮਹਿਰਮ ਦੇ ਪੜ੍ਹਦੀ ਏ ਜਿਸ ਨੂੰ ਤੱਕ ਕੇ ਕਲਮ ਮੇਰੀ ਨੂੰ ਲੋਰ ਇਸ਼ਕ ਦੀ ਚੜ੍ਹਦੀ ਏ - ਸਰਘੀ ਵੇਲ਼ੇ 'ਵਾਰਸ' ਮੈਨੂੰ ਦੇ ਆਵਾਜ਼ ਬੁਲਾਉਂਦਾ ਏ ਆਪਣੀ ਹੀਰ ਦਾ ਪਹਿਲਾ ਮਿਸਰਾ ਕੰਨੀਂ ਮੇਰੇ ਪਾਉੰਦਾ ਏ - ਸ਼ਾਹ ਵੇਲੇ 'ਗ਼ਾਲਿਬ' ਦੀ ਕੋਈ ਤੁੱਕ ਦੁਹਰਾਈ ਜਾਂਦੀ ਏ ਵਿੱਚ ਪਲੇਟਾਂ ਦੇ ਸ਼ੇਅਰਾਂ ਦੀ ਸ਼ੱਕਰ ਪਾਈ ਜਾਂਦੀ ਏ - 'ਪਾਤਰ' ਵਰਗੇ ਸੰਘਣੇ ਰੁੱਖ ਦੀ ਛਾਂਵੇਂ ਸੁਪਨੇ ਪਲਦੇ ਨੇ ਮੈਨੂੰ 'ਬਾਬੇ ਨਜਮੀ' ਵਰਗੇ ਰੋਜ ਦੁਆਵਾਂ ਘੱਲਦੇ ਨੇ - ਚੜ੍ਹਦੇ ਸੂਰਜ ਨਾਲ ਜਦੋਂ 'ਸਰਤਾਜ' ਹੇਕ ਜਹੀ ਲਾਉੰਦਾ ਏ ਬੁੱਲ੍ਹਾਂ ਦੇ ਵਿੱਚ ਫੱੜ੍ਹ ਕੇ ਕੰਨੀ ਪੱਗ ਦਾ ਪੇਚ ਮਿਲਾਉੰਦਾ ਏ - ਅੱਜ-ਕੱਲ੍ਹ ਮੇਰੇ ਕਮਰੇ ਦੇ ਵਿੱਚ ਪੂਰਾ ਸਾਹਿਤ ਰਹਿੰਦਾ ਏ ਕੋਈ ਤਖ਼ਤ, ਕੋਈ ਭੁੰਜੇ ਤੇ ਕੋਈ ਲਾਣੇ ਮੰਜੇ ਪੈਂਦਾ ਏ -

ਕੀਤਾ ਇਸ਼ਕੇ ਦਾ ਸੱਜਰਾ ਆਗ਼ਾਜ਼

ਕੀਤਾ ਇਸ਼ਕੇ ਦਾ ਸੱਜਰਾ ਆਗ਼ਾਜ਼ ਮਾਹੀ ਨੇ ਮੈਨੂੰ ਲੱਗੇ ਮੈਨੂੰ ਦਿੱਤੀ ਏ ਆਵਾਜ਼ ਮਾਹੀ ਨੇ - ਮੇਰੇ ਪੈਰਾਂ ਨੂੰ ਬੁਲਾਉਣ ਲੱਗੇ ਰਾਹ ਤਾਰਿਆਂ ਦੇ ਹੋਏ ਜੰਗਲ਼ ਤੇ ਬੇਲੇ ਵੀ ਗਵਾਹ ਤਾਰਿਆਂ ਦੇ ਮੇਥੋਂ ਕੋਈ ਵੀ ਲਕੋਇਆ ਨਹੀਂ ਰਾਜ ਮਾਹੀ ਨੇ ਮੈਨੂੰ ਲੱਗੇ ਮੈਨੂੰ ਦਿੱਤੀ ਏ ਆਵਾਜ਼ ਮਾਹੀ ਨੇ - ਨੀ ਉਹ ਕੌਲ ਦਾ ਹੈ ਪੂਰਾ ਤੇ ਹਜਾਰੇ ਦਾ ਅਨਾੜੀ ਮੇਰਾ ਮੱਝੀਆਂ ਚਰਾਉਣ ਵਾਲਾ ਵੰਝਲ਼ੀ ਦਾ ਆੜੀ ਲਾ ਕੇ ਬੁੱਲ੍ਹਾਂ ਨੂੰ ਸੁਣਾਇਆ ਜਦੋਂ ਸਾਜ ਮਾਹੀ ਨੇ ਮੈਨੂੰ ਲੱਗੇ ਮੈਨੂੰ ਦਿੱਤੀ ਏ ਆਵਾਜ਼ ਮਾਹੀ ਨੇ - ਰੁੱਖ ਵਜਦ 'ਚ ਆਣ ਕੇ ਹਵਾਵਾਂ ਦੇਣ ਲੱਗੇ ਮੈਨੂੰ ਪੀਰ ਤੇ ਫ਼ਕੀਰ ਵੀ ਦੁਆਵਾਂ ਦੇਣ ਲੱਗੇ ਵੇਲੇ ਫ਼ਜਰ ਦੇ ਪੜ੍ਹੀ ਏ ਨਮਾਜ਼ ਮਾਹੀ ਨੇ ਮੈਨੂੰ ਲੱਗੇ ਮੈਨੂੰ ਦਿੱਤੀ ਏ ਆਵਾਜ਼ ਮਾਹੀ ਨੇ - ਮਿੱਠਾ ਪਾਣੀ ਹੋਇਆ ਸੁਣ ਕੇ ਆਜਾਨ ਖੂਹਾਂ ਦਾ ਹੋਇਆ ਮੌਲਾ ਦੇ ਕਰਮ ਨਾਲ ਮੇਲ ਰੂਹਾਂ ਦਾ ਕੇਹਾ ਤੋਰਿਆ ਮੁਬਾਰਕੀ ਰਿਵਾਜ ਮਾਹੀ ਨੇ ਮੈਨੂੰ ਲੱਗੇ ਮੈਨੂੰ ਦਿੱਤੀ ਏ ਆਵਾਜ਼ ਮਾਹੀ ਨੇ -

ਕਿਉਂ ਮਾੜਾ ਆਖੇਂ ਇਸ਼ਕ ਨੂੰ

ਕਿਉਂ ਮਾੜਾ ਆਖੇਂ ਇਸ਼ਕ ਨੂੰ ਤੂੰ ਦੱਸ ਮੌਲਾਨਾ ਉਹਦੀ ਥਾਹ ਪਾਉੰਦਿਆਂ ਜਾਵਣਾ ਤੇਰਾ ਬੀਤ ਜ਼ਮਾਨਾ - ਤੂੰ ਖ਼ਾਲਿਕ ਦੀਆਂ ਪਾਬੰਦੀਆਂ ਤੋਂ ਜਾਨ ਛੁਡਾਉਂਦਾ ਉਹ ਇਕ ਇਸ਼ਾਰੇ ਤੇ ਖ਼ੁਦੀ ਨੂੰ ਗਹਿਣੇ ਪਾਉੰਦਾ - ਤੂੰ ਅਲਫ਼ੀ ਗਲ਼ ਵਿਚ ਪਾਈ ਤੇ ਬਣ ਗਿਆ ਅਲਾਮਾ ਉਹ ਆਸਿਮ ਸ਼ਾਹ ਹੈ ਮਿਸਰ ਦਾ ਤੇ ਵੱਡਾ ਨਾਮਾ - ਤੂੰ ਖ਼ੈਬਰ ਅਤੇ ਬੌਲਾਨ ਦੇ ਕੱਦਾਂ ਤੋਂ ਡਰਦਾ ਉਹ ਗ਼ਜਨੀ ਵਰਗੇ ਸ਼ਹਿਰ ਦੀ ਸੁਲਤਾਨੀ ਕਰਦਾ - ਜਦ ਅੱਖ ਤੇਰੀ ਨੀਂਦਰ ਲਈ ਪਲ ਬੂਹਾ ਢੋਵੇ ਉਹ ਬਾਲ ਨਾਥ ਦੇ ਟਿੱਲਿਆਂ ਤੇ ਬੈਠਾ ਰੋਵੇ - ਤੂੰ ਫਿਰੇਂ ਤਸਬੀਓਂ ਲੱਭਦਾ ਅੱਲ੍ਹਾ ਦੇ ਨਾਂਵੇਂ ਉਹਦੀ ਇੱਕ ਝਲਕ ਦੇ ਪੈਂਦਿਆਂ ਢਲ਼ਦੇ ਪਰਛਾਂਵੇਂ - ਤੈਥੋਂ ਨਹੀਂ ਉਤਾਰੇ ਜਾਵਣੇ ਇਸ਼ਕੇ ਦੇ ਪਰਦੇ ਉਹਨੇ ਧੋ ਮਾਂਜਕੇ ਰੱਖਤੇ ਕਈ ਤੇਰੇ ਵਰਗੇ -

ਇਹ ਇਸ਼ਕ ਹੈ, ਜੋ ਸਾਓਣ ਦੇ

ਇਹ ਇਸ਼ਕ ਹੈ, ਜੋ ਸਾਓਣ ਦੇ ਮੀਹਾਂ ਵਿੱਚ ਵਰ੍ਹਦਾ ਤੇ ਨਾਲ਼ ਆਸ਼ਕਾਂ ਰਾਤ ਦਿਨੇ ਗੁਫ਼ਤਾਰਾਂ ਕਰਦਾ - ਇਹਨੇ ਲੁੱਟੇ ਝੰਗ ਸਿਆਲੜੇ ਨਾ ਵੱਸਦਾ ਖੇੜੇ ਛੱਡ ਤਖ਼ਤ ਹਜਾਰਾ ਬਹਿ ਗਿਆ ਚੂਚਕ ਦੇ ਵਿਹੜੇ - ਇਹਨੇ ਕੀਤੇ ਚਿਲੇ ਸ਼ਦੀਦੜੇ ਤੇ ਹਿੰਮਤ ਭਾਰੀ ਹੁਣ ਚੌਦਾਂ ਤਬਕਾਂ ਦੀ ਫਿਰੇ ਪਿਆ ਬੁੱਕਲ਼ ਮਾਰੀ - ਇਹ ਜਰਦੇ ਰੰਗ ਖਿਲਾਰਦਾ ਮੁੱਠਾਂ ਵਿੱਚ ਭਰਕੇ ਤੇ ਚੋਗ਼ਾ ਚੁਗ਼ਦੇ ਵੇਖਦਾ ਫਿਰ ਓਹਲਾ ਕਰਕੇ - ਇਹ ਹੈ ਜ਼ਿਬਰਾਇਲੀ ਗੋਤ ਦਾ ਤੇ ਆਇਤਾਂ ਪੜ੍ਹਦਾ ਇਹਦੀ ਹੂਕ ਆਜਾਨੀ ਸੁਣਦਿਆਂ ਹੀ ਸੂਰਜ ਚੜ੍ਹਦਾ - ਇਹ ਤੇਗਾਂ ਨਾਲ਼ ਸੰਭਾਲ਼ਦਾ ਫੁੱਲਾਂ ਦੀਆਂ ਜਾਨਾਂ ਤੇ ਜੁਲਫਿੱਕਾਰ ਕਮਾਲ ਦਾ ਨਾ ਖੁੰਝੇ ਨਿਸ਼ਾਨਾ - ਇਹ ਸੂਖ਼ਮ ਤੇਰੇ ਖਿਆਲ ਤੋਂ ਤੇ ਨਜ਼ਰੋਂ ਓਹਲੇ ਤੇਰੇ ਸਾਹਾਂ ਦੇ ਰਾਹ ਲੰਘਦਾ ਪੱਬ ਧਰਕੇ ਪੋਲੇ - ਇਹ ਫਿਰਦਾ ਵੀਣੀ ਬੰਨ੍ਹ ਕੇ ਸਿਦਕਾਂ ਦਾ ਗਾਨਾਂ ਇਹਦਾ ਸ਼ੌਂਕ ਬੜਾ ਹੈ ਕੀਮਤੀ ਵਾਰਨ ਦਾ ਜਾਨਾਂ -

ਤੈਨੂੰ ਮੱਤ ਮੌਲਾਣਿਆਂ ਦਿਆਂ ਕਿੱਦਾਂ

ਤੈਨੂੰ ਮੱਤ ਮੌਲਾਣਿਆਂ ਦਿਆਂ ਕਿੱਦਾਂ ਤੇਰੀ ਅਕਲ ਤੇ ਸ਼ਰਾੱ ਨੇ ਲੇਪ ਚਾੜ੍ਹੇ ਤੈਥੋਂ ਨਹੀਂਓਂ ਬਰਾਬਰੀ ਹੋਣ ਲੱਗੀ ਆਸ਼ਕ ਲੋਕਾਂ ਦੇ ਡਾਹਢੇ ਅਸੂਲ ਭਾਰੇ ਨਾਲ਼ ਇਸ਼ਕ ਦੇ ਪੰਗਾ ਨਾ ਲੈ ਬੈਠੀਂ ਪਾਗਲ ਕਹਿਣਗੇ ਤੈਨੂੰ ਵੇ ਲੋਕ ਸਾਰੇ ਤੇਰੇ ਚੇਤੇ ਨਾ ਫੇਰ ਖ਼ੁਦਾ ਆਉਣਾ ਜਦੋਂ ਤੈਨੂੰ ਮੁਸੱਲੇ ਨੇ ਡੰਗ ਮਾਰੇ ਤੂੰ ਵੀ ਇਸ਼ਕ ਦੀ ਦੇਹਰੀ ਤੇ ਟੇਕ ਮੱਥਾ ਜੀਹਦੇ ਅੱਗੇ ਪੈਗੰਬਰ ਤੇ ਵਲੀ ਹਾਰੇ ਜਦੋਂ ਆਣ ਬਰੂਹੇ ਤੇ ਇਸ਼ਕ ਬੈਠਾ ਤਸਬੀ ਭੁੱਲ ਕੇ ਗਿਣੇਗਾ ਰੋਜ ਤਾਰੇ ਕਾਜ਼ੀ ਹੋਣ ਨੂੰ ਲੱਗਦੀ ਉਮਰ ਇੱਕੋ ਆਸ਼ਕ ਹੋਣ ਨੂੰ ਲੱਗਦੇ ਯੁੱਗ ਚਾਰੇ

ਬੂਹੇ ਵਿੱਚ ਬੈਠਿਆਂ

ਬੂਹੇ ਵਿੱਚ ਬੈਠਿਆਂ ਗੁਜਾਰਾ ਨਹੀਂਓਂ ਹੋਣਾ ਉਹਨੂੰ ਵੇਖ ਲੈ ਅੰਦਰ ਝਾਤੀ ਮਾਰ ਕੇ, ਕੰਨਾਂ ਵਿੱਚੋਂ ਕੱਢ ਲੈ ਭੁਲੇਖਿਆਂ ਦਾ ਰੂੰ ਵੇ ਉਹ ਲੰਘਦਾ ਏ ਝਾਂਜਰਾਂ ਉਤਾਰ ਕੇ - ਭਾਲ਼ਦੀ ਏ ਦੀਵਾ ਜਿਂਓਂ ਸ਼ੂਦੈਣ ਨੱਢੀ ਕੋਈ ਵੇ ਹਨੇਰਿਆਂ 'ਚ ਖੋਲ੍ਹਕੇ ਪਰਾਂਦੀਆਂ, ਏਦਾਂ ਤੇਰੇ ਦੀਦਿਆਂ ਨੂੰ ਹੋਇਆ ਏ ਭਰਮ ਜਿਵੇਂ ਸੋਨਿਆਂ ਨੂੰ ਮਾਤ ਪਾਈ ਚਾਂਦੀਆਂ - ਆਸ਼ਕਾਂ ਦੇ ਵਿਹੜਿਆਂ' ਚ ਘਾਹ ਬਣ ਉੱਗਦਾ ਏ ਟਿੱਬਿਆਂ 'ਚ ਰੇਤੇ ਨੂੰ ਖਿਲਾਰਦਾ, ਏਡਾ ਕਾਰੀਗਰ ਫੇਰ ਸੁੰਨਿਆਂ ਥਲਾਂ ਨੂੰ ਨਾਲ਼ ਸੱਸੀਆਂ ਦੇ ਪੈਰਾਂ ਦੇ ਸ਼ਿੰਗਾਰਦਾ - ਸੁਣਿਆਂ ਸਿਆਣੇ ਕਈ ਟੂਣਿਆਂ ਦੇ ਨਾਲ਼ ਏਸ ਇਸ਼ਕੇ ਦੀ ਹੋਂਦ ਰਹੇ ਠੱਪਦੇ, ਮੌਲਵੀ, ਮੌਲਾਣੇ ਇਹਦੇ ਕੋਲੋਂ ਸਭ ਹਾਰੇ ਇਹਦੀ ਸੁਪਨੇ 'ਚ ਵੀ ਨਾ ਜੂਹ ਟੱਪਦੇ - ਐਸਾ ਹੈ ਬੱਦਲ਼ ਜਿਹੜਾ ਆਸ਼ਕਾਂ ਦੇ ਸਿਰਾਂ ਉੱਤੇ ਵਰ੍ਹਿਆਂ ਬਿਨਾਂ ਨਾ ਕਦੇ ਛੱਟਿਆ, ਆਖਦੇ ਨੇ ਲੋਕੀਂ ਤਾਂਹੀਓਂ ਚੰਦਰਾ ਹਜਾਰੇ ਵਾਲ਼ਾ ਹੀਰ ਦੀਆਂ ਚੂਰੀਆਂ ਨੇ ਪੱਟਿਆ - ਵੱਡੇ ਵੇਲ਼ੇ ਤੱਕ ਉਹਦਾ ਰਾਹ ਰਹੀ ਤੱਕਦੀ ਮੈਂ ਦੁਖ਼ਣ ਤੇ ਆਏ ਮੇਰੇ ਦੀਦੜੇ, ਸੌਂਹ ਲੱਗੇ ਤੇਰੀ ਮੈਨੂੰ ਹੁਣ ਨਹੀਂਓਂ ਕੱਢ ਹੁੰਦੇ ਮੈਥੋਂ ਮਾਂਏਂ ਮੇਰੀਏ ਕਸੀਦੜੇ - ਥੱਕੀਆਂ ਨੇ ਪੂਣੀਆਂ ਤੇ ਕਾਹਲ਼ੇ ਨੇ ਗਲੋਟੜੇ ਤੂੰ ਕਰਦੇ ਪਿਟਾਰੀ ਵਿੱਚ ਬੰਦ ਨੀ, ਮੇਰਾ ਨਹੀਂ ਕਸੂਰ ਕੋਈ ਚਰਖਾ ਪੁਰਾਣਾ ਮੇਰਾ ਖ਼ੌਰੇ ਕਦੋਂ ਟੁੱਟ ਜਾਵੇ ਤੰਦ ਨੀ -

ਵੇ ਮੈਂ ਇਸ਼ਕੇ ਦਾ ਸੂਫ਼

ਵੇ ਮੈਂ ਇਸ਼ਕੇ ਦਾ ਸੂਫ਼ ਗਲ਼ ਪਾਇਆ ਹੋਇਆ ਏ ਮੈਨੂੰ ਐਵੇਂ ਨਾ ਤੂੰ ਜਾਣੀ ਵੇ ਮੈਂ ਤਸਬੀ 'ਤੇ ਰਾਂਝਣ ਲਿਖਾਇਆ ਹੋਇਆ ਏ ਮੈਨੂੰ ਐਵੇਂ ਨਾ ਤੂੰ ਜਾਣੀ- ਵੇ ਮੈਂ ਇਸ਼ਕ ਦੇ ਰਾਹੀਂ ਮੇਰਾ ਘਰ ਕੋਈ ਨਾ ਮੈਨੂੰ ਕਾਜੀਆਂ ਦੇ ਫ਼ਤਵੇ ਦਾ ਡਰ ਕੋਈ ਨਾ ਵੇ ਮੈਂ ਮੱਕਾ ਉਹਦੇ ਦਰ ਨੂੰ ਬਣਾਇਆ ਹੋਇਆ ਏ ਮੈਨੂੰ ਐਵੇਂ ਨਾ ਤੂੰ ਜਾਣੀ- ਵੇ ਮੈਂ ਤਖ਼ਤ ਹਜਾਰੇ ਦੀ ਹਾਂ ਮੰਗ ਇੱਕੋ - ਇੱਕੋ ਮੇਰੇ ਉੱਤੇ ਮੇਰੇ ਰਾਂਝਣੇ ਦਾ ਰੰਗ ਇੱਕੋ - ਇੱਕੋ ਉਹਨੂੰ ਚੂਰੀਆਂ 'ਤੇ ਰੋਜਾ ਰਖਵਾਇਆ ਹੋਇਆ ਏ ਮੈਨੂੰ ਐਵੇਂ ਨਾ ਤੂੰ ਜਾਣੀ- ਮੇਰੇ ਰਾਂਝਣੇ ਦਾ ਮੰਗਦਾ ਦੀਦਾਰ ਰੱਬ ਆ ਕੇ ਮੇਰੇ ਇਸ਼ਕੇ ਦੀ ਚੌਂਕੀ ਉਹ ਭਰੇਂਦਾ ਮਨ ਲਾ ਕੇ ਵੇ ਮੈਂ ਹਾਜਣੀ ਨੇ ਰੱਬ ਭੁੰਜੇ ਲਾਹਿਆ ਹੋਇਆ ਏ ਮੈਨੂੰ ਐਵੇਂ ਨਾ ਤੂੰ ਜਾਣੀ- ਵੇ ਮੈਂ ਚਿਲੇ ਨਾ ਪੁਗਾਏ ਨਾ ਹੀ ਪੜ੍ਹੀਆਂ ਨਮਾਜਾਂ ਨਾ ਹੀ ਚੂਰਮੇਂ ਬਣਾਏ ਨਾ ਹੀ ਵੰਡੀਆਂ ਨਿਆਜਾਂ ਟੁੱਕ ਦਿਲ ਵਿੱਚੋਂ ਕੱਢ ਕੇ ਖਵਾਇਆ ਹੋਇਆ ਏ ਮੈਨੂੰ ਐਵੇਂ ਨਾ ਤੂੰ ਜਾਣੀ -

ਪਹਿਲੀ ਵਾਰੀ ਮਾਂ ਬੋਲੀ

ਪਹਿਲੀ ਵਾਰੀ ਮਾਂ ਬੋਲੀ, ਮਾਂ ਬੋਲੀ ਦੇ ਵਿੱਚ ਬੋਲੀ ਸੀ ਜਿਸਨੇ ਮੇਰੇ ਕੋਰੇ ਕੰਨੀ ਲਗਨ ਦੀ ਮਿਸ਼ਰੀ ਘੋਲੀ ਸੀ - ਮਾਂ ਬੋਲੀ ਦੇ ਹੱਥੀਂ ਕੰਗਣ ਰਹਿਣ ਖਣਕਦੇ ਚਾਵਾਂ ਦੇ ਮਾਂ ਬੋਲੀ ਦੀ ਗੁੜਤੀ ਜਿਨ੍ਹਾਂ ਦਿੱਤੀ ਸਦਕੇ ਮਾਂਵਾਂ ਦੇ - ਬੁੱਲਾ, ਬਾਹੂ, ਵਾਰਸ ਸਾਰੇ ਮਾਂ ਬੋਲੀ ਦੇ ਜਾਏ ਨੇ ਮਾਂ ਬੋਲੀ ਦੇ ਸਿਰ ਤੇ ਜਿੰਨ੍ਹਾ ਵੱਡੇ ਨਾਮ ਕਮਾਏ ਨੇ- ਮਾਂ ਬੋਲੀ ਦੇ ਹੀ ਅੱਖਰ ਮੈਂ ਨਜਮਾਂ ਵਿੱਚ ਸਜਾਉਂਦੀ ਹਾਂ ਆਪਣੀ ਸਮਝ ਮੁਤਾਬਿਕ ਮਾਂ ਬੋਲੀ ਦਾ ਕਰਜਾ ਲਾਹੁੰਦੀ ਹਾਂ - ਗੁਰੂਆਂ, ਪੀਰਾਂ ਮਾਂ ਬੋਲੀ ਨੂੰ ਦਿੱਤਾ ਸੀ ਸਨਮਾਨ ਕਦੇ ਮੇਰਿਓ ਵੀਰੋ !! ਮਾਂ ਬੋਲੀ ਦਾ ਭੁੱਲਿਓ ਨਾ ਅਹਿਸਾਨ ਕਦੇ -

ਜਿਵੇਂ ਅਲਕਨੰਦਾ ਦਿਨੇ ਰਾਤ ਲੰਘਦੀ

ਜਿਵੇਂ ਅਲਕਨੰਦਾ ਦਿਨੇ ਰਾਤ ਲੰਘਦੀ ਪਹਾੜਾਂ ਦੇ ਸੀਨੇ ਮਸਲ ਕੇ ਦਿਲੋਂ ਬਹੁਤ ਕੂਲ਼ਾ ਪਹਾੜੀ ਅਣਖ ਦਾ ਤੇ ਰੱਖ ਦੇਂਦਾ ਸੱਧਰਾਂ ਕੁਚਲ ਕੇ - ਉਹਨੇ ਰਾਗ ਗੁੰਨ੍ਹੇ ਨੇ ਅੰਮ੍ਰਿਤ ਦੇ ਵੇਲ਼ੇ ਸਨੇਹਾਂ ਦਾ ਕੇਸਰ ਰਲ਼ਾ ਕੇ ਕਰਾਉਂਦਾ ਏ ਚੇਤਾ ਮੈਨੂੰ ਮੇਰੇ ਘਰ ਦਾ ਮੇਰੇ ਰੋਜ ਸੁਪਨੇ 'ਚ ਆ ਕੇ - ਉਹ ਭੁੱਖਾਂ ਮਿਟਾਵੇ ਤੇ ਤੇਹਾਂ ਜਗਾਵੇ ਪੜ੍ਹਾਵੇ ਮੈਨੂੰ ਰੋਜ ਬਾਣੀ ਅਕਾਸ਼ਾਂ - ਪਤਾਲਾਂ ਦੇ ਜੁਗ਼ਰਾਫੀਏ' 'ਤੇ ਕੋਈ ਮੇਰੇ ਬਾਬੇ ਦਾ ਹਾਣੀ - ਉਹ ਦੂਹਰਾ ਪਹਾੜਾ ਹੈ ਮੇਰੇ ਇਸ਼ਕ ਦਾ ਤੇ ਮੇਰੇ ਹਿਜਰ ਦਾ ਹੈ ਬਾਕੀ ਗਣਿਤ ਦੇ ਸਵਾਲਾਂ 'ਚ ਲੈ ਕੇ ਗਲਾਸੀ ਉਲ਼ਝਿਆ ਫਿਰੇ ਮੇਰਾ ਸਾਕੀ - ਪਲਕ ਮੇਰੀ ਅੱਖੋਂ ਜੁਦਾ ਹੋਈ ਏਦਾਂ ਕਿ ਮੇਰੀ ਹੀ ਅੱਖੀ 'ਚ ਪੈ ਗਈ ਬੜੀ ਪੀੜ ਦਿੰਦੇ ਜੋ ਹੁੰਦੇ ਸਕੇਰੇ ਮੇਰੇ ਕੰਨ ਵਿਚ ਜਾਂਦੀ ਕਹਿ ਗਈ - ਕਸੀਦਾ ਕਢੇਂਦੀ ਦੇ ਪੋਟੇ 'ਚ ਖੁੱਭਿਆ ਜੋ ਬਣ ਮੋਟੀ ਸੂਈ ਦਾ ਨੱਕਾ ਸੁਨਹਿਰੀ ਹਰਫ਼ ਨਾਲ਼ ਮੱਥੇ 'ਤੇ ਲਿਖ ਦਿੱਤਾ ਟਿੱਲਾ ਹੀ ਆਸ਼ਕ ਦਾ ਮੱਕਾ -

ਕਿਹੜੇ ਮਦਰੱਸੇ ਵਿੱਚ ?

ਕਿਹੜੇ ਮਦਰੱਸੇ ਵਿੱਚ ? ਫ਼ਾਜਲੀ ਕਰਾਉਂਦਾ ਵੇ ਤੂੰ ਬਣ ਕੇ ਮੌਲਾਣਾ ਕੀ ਏਂ ਟੋਲਦਾ ? ਪੰਜ ਵੇਲ਼ੇ ਕਰਦਾ ਖ਼ੁਦਾ ਨੂੰ ਤੂੰ ਯਾਦ ਤੇਰੇ ਸਾਹੀਂ ਬੈਠਾ ਰੱਬ ਕਿਉਂ ਨਹੀਂ ਗੌਲ਼ਦਾ ? ਇਸ਼ਕ ਰੰਝੇਟੜੇ ਦਾ ਸੁੱਚਾ ਮੈਨੂੰ ਲੱਗਾ ਮੇਰੀ ਦੇਹੀ ਵਿਚ ਖ਼ੂਨ ਬਣ ਖ਼ੌਲਦਾ ਪੁੱਟ ਕੇ ਹਜ਼ਾਰੇ ਤੋਂ ਵਸਾਉੰਦਾ ਨਹੀਂ ਸਿਆਲ ਵਿਚ ਖੇੜਿਆਂ ਦੇ ਵਿਹੜਿਆਂ 'ਚ ਰੋਲਦਾ ਜਾ ਵੇ ਨਲੈਕਾ ! ਮੇਰੇ ਇਸ਼ਕ ਹਕੀਕੀ ਨੂੰ ਤੂੰ ਕੌਡੀ ਦੇ ਇਲਮ ਨਾਲ਼ ਤੋਲਦਾ ਆਖਦੇ ! ਇਸ਼ਕ ਤੇਰੀ ਸ਼ਰਾੱ ਨਾਲੋਂ ਉੱਚਾ ਵੇ ਤੂੰ ਕਾਜੀ ਹੋ ਕੇ ਸੱਚ ਕਿਉਂ ਨਹੀਂ ਬੋਲਦਾ ?

ਸਾਡੇ ਮਿੱਟੀ ਦੇ ਨੇ ਘਰ

ਸਾਡੇ ਮਿੱਟੀ ਦੇ ਨੇ ਘਰ ਵੇ ਜਿਉਣ ਜੋਗਿਆ ਵੇ ਤੈਨੂੰ ਕੱਲਰਾਂ ਦੇ ਡਰ ਨੇ ਜਿਉਣ ਜੋਗਿਆ - ਸਾਡੇ ਕੇਸਾਂ ਦੀਆਂ ਗਲ਼ੀਆਂ 'ਚੋਂ ਰਾਤ ਲੰਘਦੀ ਮਰਜਾਣੀ ਸਾਡੇ ਸੂਰਜਾਂ ਦੀ ਸੁੱਖ ਮੰਗਦੀ ਤਾਂ ਵੀ ਰੋਜ ਜਾਂਦੇ ਮਰ ਨੇ ਜਿਉਣ ਜੋਗਿਆ - ਸਾਡੇ ਹੌਕਿਆਂ' ਚ ਆਥਣ ਲਕੋਂਦੀ ਅੱਖੀਆਂ ਲੋਰੀ ਹਿਜ਼ਰ ਸਣਾਉਂਦਾ ਪੀੜ ਝੱਲੇ ਪੱਖੀਆਂ ਸਾਨੂੰ ਇਸ਼ਕੇ ਦੇ ਵਰ ਨੇ ਜਿਉਣ ਜੋਗਿਆ - ਸਾਨੂੰ ਜੋਗੀਆਂ ਨੇ ਸੱਪ ਉਪਹਾਰ ਦਿੱਤੇ ਨੇ ਜਿੰਨ੍ਹਾਂ ਸਾਡੀਆਂ ਜੀਭਾਂ 'ਤੇ ਡੰਗ ਮਾਰ ਦਿੱਤੇ ਨੇ ਸਾਡੇ ਮੱਲੇ ਉਹਨਾਂ ਦਰ ਨੇ ਜਿਉਣ ਜੋਗਿਆ - ਸਾਡੇ ਚੇਤਿਆਂ ਦਾ ਚੰਨ ਕਿਸੇ ਰੀਤ ਵਰਗਾ ਜੀਹਦਾ ਮੁੱਖੜਾ ਉਦਾਸ ਜਹੇ ਗੀਤ ਵਰਗਾ ਤਾਂ ਵੀ ਨੈਣ ਲੈਂਦੇ ਜਰ ਨੇ ਜਿਉਣ ਜੋਗਿਆ - ਅਸੀਂ ਰੋਜ ਘਬਰਾ ਕੇ ਹੰਝੂ ਡੀਕ ਲੈਨੇ ਆ ਅੱਖਾਂ ਮੀਟੀਆਂ ਤੋਂ ਸੱਜਣ ਉਲੀਕ ਲੈਨੇ ਆ ਸਾਡੇ ਸਾਹ ਤਿੱਲ ਭਰ ਨੇ ਜਿਉਣ ਜੋਗਿਆ -

ਮੈਂ ਉਸਨੂੰ ਘਰ ਬੰਨਾ ਰੁਸ਼ਨਾਉਣ ਲਈ

ਮੈਂ ਉਸਨੂੰ ਘਰ ਬੰਨਾ ਰੁਸ਼ਨਾਉਣ ਲਈ ਸੀ ਆਖਦਾ ਉਹ ਮੈਨੂੰ ਅੰਦਰ ਝਾਤੀ ਪਾਉਣ ਲਈ ਸੀ ਆਖਦਾ ਮੈਂ ਉਸਤੋਂ ਮੰਗਦਾ ਸੀ ਲਾਟ ਦੀਵੇ ਵਾਸਤੇ ਉਹ ਮੈਨੂੰ ਅੰਦਰ ਜੋਤ ਜਗ਼ਾਉਣ ਲਈ ਸੀ ਆਖਦਾ ਮੈਂ ਤਾਂ ਬਦਲਾਅ ਰਿਹਾ ਸੀ ਧਰਤੀ ਦੀਆਂ ਇਮਾਰਤਾਂ ਉਹ ਮੈਨੂੰ ਜਿੰਦਗੀ ਬਦਲਾਉਣ ਲਈ ਸੀ ਆਖਦਾ ਮੈਂ ਮੁੜ - ਮੁੜ ਲਾ ਰਿਹਾ ਸੀ ਜਿੰਦਰੇ ਨੂੰ ਚਾਬੀਆਂ ਉਹ ਮੈਨੂੰ ਬੇੜੀਆਂ ਖੁਲਵਾਉਣ ਲਈ ਸੀ ਆਖਦਾ ਮੈਂ ਐਵੇਂ ਆਂਢ - ਗੁਆਂਢੇ ਝਾਕਦਾ ਸੀ ਖਿੜਕੀਆਂ ਉਹ ਮੈਨੂੰ ਦਸਵੇਂ ਦੁਆਰ ਖਲੋਣ ਲਈ ਸੀ ਆਖਦਾ ਮੈਂ ਤਾਂ ਧਰਮਾਤਮਾ ਬਣਨੇ ਦੇ ਰਾਹ ਸੀ ਭਾਲ਼ਦਾ ਉਹ ਮੈਨੂੰ ਸਿਰਫ਼ ਬੰਦਾ ਹੋਣ ਲਈ ਸੀ ਆਖਦਾ

ਦਿੱਲੀ 'ਤੇ ਲਹੌਰ ਜਿਹਾ

ਦਿੱਲੀ 'ਤੇ ਲਹੌਰ ਜਿਹਾ ਗੜ੍ਹੀ ਚਮਕੌਰ ਜਿਹਾ ਲੱਭਦੇ ਨੀ ਮਾਂਏਂ ਕੋਈ ਥਾਂ, ਜਿੱਥੇ ਮਾਂਏਂ ਪਈ ਸੀ ਨੀ ਪਿਰਤ ਸ਼ਹੀਦੀਆਂ ਦੀ ਦੱਸਦੀ ਸੀ ਤੈਨੂੰ ਦਾਦੀ ਮਾਂ - ਲੱਗਾ ਦੱਸ ਕਿੱਦਾਂ ਨੀ? ਇਸ਼ਕ ਕੁਰਬਾਨੀਆਂ ਦਾ ਯੋਧਿਆਂ ਨੇ ਮੋੜ ਦਿੱਤਾ ਮੁੱਲ ਸੀ ਜਵਾਨੀਆਂ ਦਾ, ਢੁੱਕਦੇ ਸੀ ਹੋਣੀਆਂ ਦੇ ਦਰਾਂ ਉੱਤੇ ਖੜ੍ਹ - ਖੜ੍ਹ ਤੇਗਾਂ ਵਾਲ਼ੀ ਕਰ-ਕਰ ਛਾਂ - ਗੁਰੂ ਸੀ ਜੋ ਹਿੰਦੂਆਂ ਦਾ ਹਾਜੀਆਂ ਦਾ ਪੀਰ ਸੀ ਨੀ ਕੀਹਦਿਆਂ ਹੱਥਾਂ 'ਚ? ਗੁਰਬਾਣੀ ਦੀ ਲਕੀਰ ਸੀ ਨੀ, ਗਾਥਾ ਬੜੀ ਲੰਮੀ ਏ ਨੀ ਸਿੱਖੀ ਦਿਆਂ ਆਸ਼ਕਾਂ ਦੀ ਕੀਹਦਾ-ਕੀਹਦਾ ਜ਼ਿਕਰ ਕਰਾਂ - ਕੀਹਨੇ ਤੱਤੀ ਤਵੀ' ਤੇ ਵੀ? ਰੱਬ ਨੂੰ ਧਿਆਇਆ ਕਹਿੰਦੇ ਰਾਹ 'ਤੇ ਸ਼ਹੀਦੀਆਂ ਦੇ ਪਹਿਲਾ ਪੈਰ ਪਾਇਆ ਕਹਿੰਦੇ, ਸ਼ਾਂਤੀ ਦਾ ਪੁੰਜ ਸੀ ਕਹਾਉਂਦਾ ਇਹ ਵੀ ਸੁਣਿਆ ਮੈਂ ! ਕਿੱਥੇ ਉਹਦਾ ਨਗਰ ਗਰਾਂ - ਮੁਗ਼ਲਾਂ ਦੀ ਇੱਟ ਨਾਲ਼ ਇੱਟ ਨੂੰ ਵਜਾਉਣ ਵਾਲ਼ਾ ਬੰਦਾ ਸਿੰਘ ਕੌਣ ਸੀ? ਬਹਾਦਰ ਕਹਾਉਣ ਵਾਲ਼ਾ, ਜਿਹਨੂੰ ਸੀ ਨਿਵਾਜਿਆ ਨੀ ਪਟਨੇ ਦੇ ਪੀਰ ਕਹਿੰਦੇ ਮੌਤ ਨੂੰ ਵੀ ਕਰਦਾ ਸੀ ਨਾਂਹ - ਪੁੱਤਰਾਂ ਨੂੰ ਕੌਮ ਲੇਖੇ ਲਾਉਣ ਵਾਲ਼ਾ ਕੌਣ ਸੀ ਜੋ ਖੰਡੇ ਨਾਲ਼ ਕਰਦਾ ਪਿਆਰਿਆਂ ਦੀ ਚੋਣ ਸੀ ਜੋ, ਲੈ ਦੇ ਮੈਨੂੰ ਕੁੰਜੀਆਂ ਨੀ ਸਿੱਖ ਇਤਿਹਾਸ ਦੀਆਂ ਦੁਨੀਆਂ ਤੋਂ ਹੋਕੇ ਨੀ ਪਰਾਂ - ਦਿੱਲੀ 'ਤੇ ਲਹੌਰ ਜਿਹਾ ਗੜ੍ਹੀ ਚਮਕੌਰ ਜਿਹਾ ਲੱਭਦੇ ਨੀ ਮਾਂਏਂ ਕੋਈ ਥਾਂ, ਜਿੱਥੇ ਮਾਂਏਂ ਪੀ ਸੀ ਨੀ ਪਿਰਤ ਸ਼ਹੀਦੀਆਂ ਦੀ ਦੱਸਦੀ ਸੀ ਤੈਨੂੰ ਦਾਦੀ ਮਾਂ -

ਰੂਹ ਮੇਰੀ ਨੂੰ ਇਸ਼ਕ ਦੀਆਂ

ਰੂਹ ਮੇਰੀ ਨੂੰ ਇਸ਼ਕ ਦੀਆਂ ਕੜੀਆਂ ਪਾ ਦਿੱਤਾ ਨੂੜ ਜਾਹਰ ਹੋਇਆ ਅੰਦਰ ਬਾਹਰ ਚਮਕਣ ਲਗ ਪਈ ਧੂੜ - ਲਾਹ ਕੇ ਸੰਗਾਂ ਆਪਣੀਆਂ ਹਰ ਵੇਲੇ ਫਿਰੇਂ ਨਿਸੰਗ ਤੈਨੂੰ ਗੋਡੇ - ਗੋਡੇ ਚਾੜ੍ਹਿਆ ਅੱਜ ਵੇਖ ਖ਼ਸਮ ਨੇ ਰੰਗ - ਮੈਨੂੰ ਸ਼ਬਦੀ ਪੱਥਰ ਜਾਪਦੇ ਸਭ ਡੂੰਘੇ ਲਿਖੇ ਵਿਚਾਰ ਤੈਨੂੰ ਪਰਲੇ ਬੈਠ ਉਡੀਕਦਾ ਬਸ ਡੁੱਬ ਕੇ ਹੋਜਾ ਪਾਰ - ਕੁਝ ਮਸਨਵੀਆਂ ਦੇ ਤਰਜਮੇਂ ਕਰ ਗਏ ਵੱਡੇ ਦਰਵੇਸ਼ ਉਹਨਾਂ ਤੇ ਅਮਲਾਂ ਰੱਖ ਲੈ ਹੋਣਾ ਹਾਕਮ ਦੇ ਪੇਸ਼ - ਮੇਰੇ ਸਾਹਵਾਂ ਅੰਦਰ ਵਹਿ ਰਿਹਾ ਇੱਕ ਰੀਝਾਂ ਦਾ ਦਰਿਆ ਸੱਧਰਾਂ ਦੀ ਬਲੀ ਚੜ੍ਹਾਉਣ ਦਾ ਮੇਰੇ ਦਿਲ ਨੂੰ ਚੜ੍ਹਿਆ ਚਾਅ - ਏਸੇ ਵਿਸਮਾਦੀ ਤੜਪ ਨੇ ਮੈਨੂੰ ਕੀਤਾ ਨੂਰੋ ਨੂਰ ਮੈਂ ਰਾਹ ਟਿੱਲੇ ਦੇ ਪੈ ਗਈ ਹੁਣ ਰਾਂਝਾ ਕਿੱਥੇ ਦੂਰ ? ਜਾ ਕਹੋ ! ਸ਼ਰੀਕਾਂ ਮੇਰਿਆਂ ਅਲਵਿਦਾ ਆਖਰੀ ਕਹਿਣ ਮਾਂ ਹੁਣ ਵੀ ਫਿਕਰਾਂ ਰੱਖਦੀ ਤੂੰ ਵਹਿ ਗਈ ਕਿਹੜੇ ਵਹਿਣ ?

ਬਾਬਲ ਦੇ ਵਿਹੜੇ ਉੱਗ ਪਈ

ਬਾਬਲ ਦੇ ਵਿਹੜੇ ਉੱਗ ਪਈ ਮੈਂ ਸੰਚਲ ਬੂਟੀ ਵਾਂਗ ਮੇਰੀ ਮਾਂ ਦਾ ਜੋਬਨ ਢਲ਼ ਗਿਆ ਮੈਂ ਪੁੱਟੀ ਜਦੋਂ ਪੁਲਾਂਘ - ਅੰਮੀ ਨੇ ਕਰਕੇ ਮੀਢੀਆਂ ਮੇਰੇ ਸੱਜਰੇ ਗੂੰਦੇ ਕੇਸ ਬਸ ਕੁਝ ਦਿਨ ਮੇਰੇ ਰਹਿ ਗਏ ਹੁਣ ਬਾਬਲ ਤੇਰੇ ਦੇਸ - ਮੈਨੂੰ ਆਈਆਂ ਮਿਲਣ ਸਹੇਲੀਆਂ ਤੇ ਰੋਈਆਂ ਸੀਨੇ ਲੱਗ ਜਦ ਰੰਗ ਗੁਲਾਬੀ ਚਾੜਿਆ ਮਾਂ ਚੁੰਨੀ, ਬਾਬਲ ਪੱਗ - ਮੇਰੇ ਰੱਤੇ ਨੈਣ ਉਦਾਸੜੇ ਡੁੱਬੇ ਅੱਜ ਕਿਹੜੇ ਸੋਗ ਵੈਦਾਂ ਤੋਂ ਫੜਿਆ ਨਾ ਗਿਆ ਮੇਰਾ ਲਾ - ਇਲਾਜੀ ਰੋਗ - ਮੇਰੇ ਦਿਲ ਨੂੰ ਲੱਗੀ ਵੇਦਨਾ ਮੇਰੇ ਸਿਰ ਸਮਿਆਂ ਦਾ ਭਾਰ ਮੇਰੇ ਮੋਢੇ ਪੰਡਾਂ ਭਾਰੀਆਂ ਮੈਂ ਜਾਣਾ ਪਰਲੇ ਪਾਰ - ਮੇਰੇ ਪੈਰੀਂ ਮੁਲਕਾ ਬੇੜੀਆਂ ਮੇਰੇ ਲਫ਼ਜ਼ਾਂ ਨੂੰ ਅਧਰੰਗ ਗਲ਼ ਘੋਟੂ ਰਸਮਾਂ ਤੇਰੀਆਂ ਮੇਰੇ ਨੀਲੇ ਕਰਤੇ ਅੰਗ - ਮੈਂ ਲੂਣੀ ਡਲ਼ੀ ਨੀ ਅੰਮੀਏ ਮੇਰਾ ਖੁਰਦਾ ਜਾਵੇ ਸਰੀਰ ਤੂੰ ਕਾਹਨੂੰ ਮੈਨੂੰ ਸਿੰਜਿਆ ਮੈਂ ਜਾਣਾ ਮੁੱਕ ਅਖੀਰ -

ਏਡਾ ਗੂੜ੍ਹਾ ਰੰਗ ਦੱਸ

ਏਡਾ ਗੂੜ੍ਹਾ ਰੰਗ ਦੱਸ ਕਿੱਥੋਂ ਤੂੰ ਲਵਾਇਆ? ਮੈਨੂੰ ਪੁੱਛਦਾ ਏ ਕਾਜੀ ਮੇਰੇ ਸ਼ਹਿਰ ਦਾ ਕਾਲ਼ੀਆਂ ਰਾਤਾਂ ਵੀ ਤੇਰੇ ਕੇਸਾਂ ਕੋਲੋਂ ਸੰਗਦੀਆਂ ਮੁੱਖ ਕੋਲੋਂ ਵੇਲੜਾ ਦੁਪਹਿਰ ਦਾ ਥਲਾਂ ਵਿੱਚ ਭੁੱਜ ਕੇ ਵੀ ਸੱਸੀਏ ਤੂੰ ਸੀਤ ਰਹਿੰਦੀ ਡਰ ਨਾ ਕੋਈ ਧੁੱਪ ਵਾਲੇ ਕਹਿਰ ਦਾ ਕਿਹੜੀਆਂ ਨਮਾਜਾਂ ਤੇਰੇ ਸਾਹ ਪਏ ਅਲਾਪਦੇ ਨੇ? ਨਗ਼ਮਾ ਹੈ ਦੱਸ ਕਿਹੜੀ ਬਹਿਰ ਦਾ? ਸੂਤ ਕੀਹਦੇ ਹਿਜਰਾਂ ਦਾ ਚਰਖੇ ਤੇ ਕੱਤਦੀ ਏਂ? ਕੌਣ ਹੈ ਖਿਆਲਾਂ ਵਿਚ ਠਹਿਰਦਾ? ਸੱਜਰੀ ਵਿਛਾਈ ਤੇਰੇ ਹੌਕਿਆਂ ਦੀ ਸੇਜ ਉੱਤੇ ਦੱਸ ਦੇ ਨਿਸ਼ਾਨ ਕੀਹਦੇ ਪੈਰ ਦਾ?

ਸਜਦੇ ਅੰਦਰ ਸਿਰ ਤਾਂ ਝੁਕਿਆ

ਸਜਦੇ ਅੰਦਰ ਸਿਰ ਤਾਂ ਝੁਕਿਆ ਝੁਕਿਆ ਨਾ ਕਿਰਦਾਰ ਤੇਰਾ ਕੀ ਫਾਇਦਾ ਹੈ ਸਜਦੇ ਦਾ ਰਾਜੀ ਨਾ ਹੋਇਆ ਯਾਰ ਤੇਰਾ ਰੋਜ ਮੇਰੇ ਸਾਹਾਂ ਵਿੱਚ ਕੇਸਰ ਘੋਲ਼ ਕੇ ਜਾਂਦੀ ਸ਼ਾਮ ਜਦੋਂ ਹਾਜੀ ਮੈਨੂੰ ਦੇਣ ਸੁਨੇਹੇ ਯਾਦ ਕਰੇ ਇਲਹਾਮ ਜਦੋਂ ਆਥਣ ਵੇਲੇ ਮਸਜਿਦ ਅੰਦਰ ਸੁਣੇ ਪਈ ਆਜਾਨ ਕੋਈ ਕਿਤੇ ਕੋਈ ਰੂਹ ਵਿਹੜਾ ਭਾਲ਼ੇ ਖਾਲੀ ਕਰੇ ਮਕਾਨ ਕੋਈ ਨਿੱਤ ਰੇਸ਼ਮੀ ਤੰਦਾਂ ਆਪਣੇ ਸੁਪਨੇ ਦੇ ਵਿੱਚ ਬੁਣਦਾ ਮੈਂ ਚੁੱਪ ਦੇ ਕੁੰਡੇ ਲਾ ਕੇ ਬੈਠਾ ਗੀਤ ਇਲਾਹੀ ਸੁਣਦਾ ਮੈਂ ਆਇਤਾਂ ਦੇ ਕੁਝ ਫਿਕਰੇ ਲੈ ਕੇ ਓਹਲੇ ਬੈਠਾ ਪੜ੍ਹਦਾ ਹਾਂ ਇਸ਼ਕ ਦੇ ਰਾਹ ਤੇ ਪੈਰ ਟਿਕਾ ਹੁਣ ਘਰ ਪਰਤਣ ਤੋਂ ਡਰਦਾ ਹਾਂ ਕਰੇ ਬਿਆਨ ਜਮਾਨਾ ਬੇਸ਼ੱਕ ਵੇਖੀਆਂ ਤੇਗਾਂ ਲਿਸ਼ਕਦੀਆਂ ਕਦੋਂ ਕਿਸੇ ਦੇ ਖਾਨੇ ਪਈਆਂ ਗੱਲਾਂ ਤੇਰੇ ਇਸ਼ਕ ਦੀਆਂ ਜਦੋਂ ਨਬੀ ਦੀ ਹੋਈ ਤਲਾਵਤ ਪਰਖੇ ਲੋਕ ਮਹਾਨ ਗਏ ਜਦੋਂ ਹਦੀਸ ਮੰਗਿਆ ਲੇਖਾ ਜਿਉਂਦੇ ਜੀਅ ਸ਼ਮਸ਼ਾਨ ਗਏ

ਸਿੱਕ ਜਿੰਨ੍ਹਾਂ ਦੇ ਵਿਚ ਹੈ

ਸਿੱਕ ਜਿੰਨ੍ਹਾਂ ਦੇ ਵਿਚ ਹੈ ਲਾਲਸਾ ਦੀ ਹੱਥ ਪਾਉਂਦੇ ਨੀ ਮੂਲ਼ ਉਹ ਪੀਰੀਆਂ ਨੂੰ ਲੈਣ ਤਖ਼ਤ ਰਜਵਾੜੇ ਖਰੀਦ ਭਾਵੇਂ ਮੁੱਲ ਲੈਣਗੇ ਕਿੱਥੋਂ ਫ਼ਕੀਰੀਆਂ ਨੂੰ ਰੱਬ ਪੂਜ ਕੇ ਰੱਬ ਨੂੰ ਵੇਚ ਦਿੰਦੇ ਲੱਖ ਲਾਹਣਤਾਂ ਇਹਨਾਂ ਅਮੀਰੀਆਂ ਨੂੰ ਲਾਣਾ ਸਾਰਾ ਨਸ਼ੇੜੀ ਦੇ ਹੱਥ ਆਇਆ ਕੌਣ ਸਾਂਭੂਗਾ ਮੀਰੀਆਂ ਪੀਰੀਆਂ ਨੂੰ ਟੁੱਕ ਤੈਨੂੰ ਵੀ ਦੇਊਗਾ ਸਬਰ ਰੱਖੀਂ ਦਾਣੇ ਬਖਸ਼ਦਾ ਤੇਰਿਆਂ ਸੀਰੀਆਂ ਨੂੰ

ਹੀਰ ਆਖਦੀ ਰਾਂਝਿਆ

ਹੀਰ ਆਖਦੀ ਰਾਂਝਿਆ ਜੋਗੀਆ ਵੇ ਦਿਨ ਇਸ਼ਕ ਮਜਾਜੀ ਤੇ ਅੱਤ ਦੇ ਨੇ ਵਿਹੜੇ ਚੂਚਕ ਦੇ ਢੁੱਕਿਆ ਰੱਬ ਆ ਕੇ ਲੋਕੀਂ ਆਖਦੇ ਮਾਮਲੇ ਪੱਤ ਦੇ ਨੇ ਮੈਂ ਤਾਂ ਜਨਮ ਜਨਮਾਂਤਰੋਂ ਮੰਗ ਤੇਰੀ ਬੋਲ ਪੀਰ ਖਵਾਜੇ ਦੇ ਸੱਤ ਦੇ ਨੇ ਲੋਕਾਂ ਰੂਹ ਨੂੰ ਜਾਣ ਕਲਬੂਤ ਲੀਤਾ ਇਹ ਤਾਂ ਮਾਮਲੇ ਪੰਜਵੇਂ ਤੱਤ ਦੇ ਨੇ ਇਸ਼ਕ ਹੋਏ ਕਬੂਲ ਦਰਗਾਹ ਵਿੱਚੋਂ ਹੱਥ ਸਾਡੇ ਤੇ ਨੀਲੜੀ ਛੱਤ ਦੇ ਨੇ ਧਰਤ ਪੂਜ ਕੇ ਮੱਥੇ ਤੇ ਲਾ ਟਿੱਕਾ ਭਲੇ ਮੰਗਣੇ ਅਸਾਂ ਸਰਬੱਤ ਦੇ ਨੇ ਖ਼ਸਮ ਵਾਲ਼ੀ ਲਈ ਭਾਲ਼ਦੇ ਖ਼ਸਮ ਫਿਰਦੇ ਮੇਰੇ ਮਾਪੇ ਵੀ ਪੁੱਠੜੀ ਮੱਤ ਦੇ ਨੇ

ਸੇਲੀ ਹੀਰ ਦੀ ਵਿੱਚੋਂ

ਸੇਲੀ ਹੀਰ ਦੀ ਵਿੱਚੋਂ ਹੈ ਰੱਤ ਡਿੱਗੀ ਪਤਾ ਕਰੋ ਨੀ ਰਾਂਝੇ ਦੀ ਸੁੱਖ ਕੋਈ ਕੋਇਲ ਕੂਕਦੀ ਨਹੀਂ ਅੱਜ ਚੀਕਦੀ ਏ ਲੱਗਾ ਹੀਰ ਨੂੰ ਜਾਪਦਾ ਦੁੱਖ ਕੋਈ ਆਸ਼ਕ ਕੌਲ ਦਾ ਪੂਰਾ ਹੀ ਸਾਧ ਹੋਇਆ ਰਹੀ ਸ਼ੌਹਰਤਾਂ ਵਾਲੀ ਨਾ ਭੁੱਖ ਕੋਈ ਲੰਮੇ ਰਾਹਾਂ ਦੇ ਰਾਹੀ ਨਾ ਫੇਰ ਪਰਤੇ ਤੇ ਉਡੀਕਦਾ ਹੋ ਗਿਆ ਰੁੱਖ ਕੋਈ ਟਿੱਲੇ ਵਾਲ਼ਿਆ ਪੁੱਤਾਂ ਤੇ ਮਿਹਰ ਰੱਖੀਂ ਸੁੰਨੀ ਹੋਵੇ ਨਾ ਮਾਂ ਦੀ ਕੁੱਖ ਕੋਈ

ਕੋਈ ਲੈਨਿਨ, ਕੋਈ ਕਾਰਲ

ਕੋਈ ਲੈਨਿਨ, ਕੋਈ ਕਾਰਲ ਕੋਈ ਸੁਕਰਾਤ ਬਣ ਜਾਂਦਾ ਕੋਈ ਤਾਂ ਦੇਸ਼ ਮੇਰੇ ਦੇ ਲਈ ਸੌਗਾਤ ਬਣ ਜਾਂਦਾ - ਮਗਰ ਹਰ ਤਰਫ ਹੀ ਏਥੇ ਪਏ ਨਸ਼ਿਆਂ ਦੇ ਰੌਲ਼ੇ ਨੇ ਜਿੰਨਾ ਨੇ ਵੀਰ ਬਣਨਾ ਸੀ ਉਹ ਹੋਏ ਗੂੰਗੇ ਬੋਲ਼ੇ ਨੇ - ਉਮਰ ਵੀਹਾਂ ਦੀ ਵਿੱਚ ਬੰਦੇ ਬਹਾਦਰ ਥੱਕ ਜਾਂਦੇ ਨੇ ਮਸਾਂ ਕੋਹ ਵਾਟ ਤੁਰ ਕੇ ਹੀ ਸੂਰਮੇਂ ਅੱਕ ਜਾਂਦੇ ਨੇ - ਨਾ ਇਹਨਾਂ ਸਾਖੀਆਂ ਪੜ੍ਹੀਆਂ ਨਾ ਰੂਹ ਦੇ ਗੀਤ ਗਾਏ ਨੇ ਮੇਰੇ ਬਾਬੇ ਦੇ ਵਾਰਸ ਕੀਤੀਆਂ ਭੁਗਤਣ ਹੀ ਆਏ ਨੇ - ਕੋਈ ਓਸ਼ੋ, ਕੋਈ ਹਮਤਾਜ ਵਰਗੀ ਰੀਸ ਤਾਂ ਕਰਦਾ ਮਨੁੱਖੀ ਹਿਰਦਿਆਂ ਵਿਚ ਪੈਂਦੀ ਮੱਠੀ ਚੀਸ ਤਾਂ ਕਰਦਾ - ਕੋਈ ਤਾਂ ਕੁੱਖ ਮਾਂ ਦੀ ਨਲੂਏ ਵਰਗਾ ਸ਼ੇਰ ਦੇ ਦਿੰਦੀ ਮੇਰੇ ਪੰਜਾਬ ਨੂੰ ਕੋਈ ਸੂਰਮਾਂ ਸ਼ਮਸ਼ੇਰ ਦੇ ਦਿੰਦੀ - ਕਿਵੇਂ ਦੱਸਾਂ ਕਿ ਮਾਲੀ ਖਾ ਗਿਆ ਫੁੱਲ ਬਾਗ ਆਪਣੇ ਦਾ ਜਿਕਰ ਗੈਰਾਂ ਦੇ ਅੱਗੇ ਕਿੰਝ ਕਰਾਂ ਪੰਜਾਬ ਆਪਣੇ ਦਾ - ਮਗਰ ਅਫ਼ਸੋਸ! ਮੇਰੀ ਧਰਤ ਹਾਲੇ ਤੀਕ ਸੱਖਣੀ ਏਂ ਪਤਾ ਨਹੀਂ ਹੋਰ ਕਿੰਨੀ? ਬਾਂਝਤਾ ਦੀ ਰਾਖ ਚੱਖਣੀ ਏਂ -

ਜਨੂੰਨੀ ਇਸ਼ਕ ਦਾ ਕੋਈ

ਜਨੂੰਨੀ ਇਸ਼ਕ ਦਾ ਕੋਈ ਪਰਿੰਦਾ ਪਰ ਜਦੋਂ ਮਾਰੇ ਤਾਂ ਉਸਦੀ ਧੌਣ ਉੱਤੇ ਫੇਰ ਦਿੰਦੇ ਲੋਕ ਨੇ ਆਰੇ - ਕਿਵੇਂ ਸਜਦਾ ਕਰੇ ਨਾ? ਇਸ਼ਕ ਉਸਦੇ ਨੂੰ ਜਮਾਨਾ ਇਹ ਉਹ ਆਸ਼ਕ ਵਾਰ ਕੇ ਆਇਆ ਹੈ ਆਪਣੇ ਪੁੱਤ ਵੀ ਚਾਰੇ - ਅਸਾਂ ਲਈ ਗ੍ਰੰਥ, ਗੀਤਾ, ਤਾਲਮਤ ਦੇ ਅਰਥ ਵੱਖਰੇ ਨਹੀਂ ਮਗਰ ਕੀਤੇ ਅਸਾਡੀ ਹਉਮੇਂ ਸਾਡੇ ਸਿਰ ਬੜੇ ਭਾਰੇ - ਇਹਨੇ ਮਨਸੂਰ ਸੂਲ਼ੀ ਚਾੜਿਆ ਨਾ ਬਖਸ਼ਿਆ ਈਸਾ ਕਿਤੇ ਪੁੱਛੀਂ ਤੂੰ ਆਪਣੇ ਪੁਰਖਿਆਂ ਤੋਂ ਇਸ਼ਕ ਦੇ ਕਾਰੇ - ਕਦੇ ਤੂੰ ਮਾਰ ਕੇ ਝਾਤੀ ਫਰੋਲੀਂ ਕਾਗਜਾਂ ਦੇ ਦਿਲ ਉਹਨਾਂ ਦੀ ਯਾਦ ਵਿੱਚ ਭਖ਼ਦੇ ਜਿਸਮ ਇਤਿਹਾਸ ਦੇ ਸਾਰੇ - ਸਿਰਫ ਨਾਨਕ ਤੋਂ ਗੋਬਿੰਦ ਤੀਕ ਉਸਨੇ ਕੁੰਜ ਬਦਲੀ ਹੈ ਉਹਨੇ ਤੇਗਾਂ ਵੀ ਫੜੀਆਂ ਨੇ ਇਕੱਲੇ ਵੱਗ ਨਹੀਂ ਚਾਰੇ - ਸ਼ੁਰੂ ਤੋਂ ਆਸ਼ਕੀ ਆਪਾਂ ਅਮੀਰਾਂ ਨਾਲ਼ ਕੀਤੀ ਹੈ ਤੁਹਾਡੇ ਮਹਿਲ ਮਿੱਟੀ ਦੇ ਅਸਾਡੇ ਕੀਮਤੀ ਢਾਰੇ -

ਮੇਰੇ ਚੇਤਿਆਂ ਦੇ ਵਿੱਚ

ਮੇਰੇ ਚੇਤਿਆਂ ਦੇ ਵਿੱਚ ਕੋਈ ਨਬੀ ਸੁਲਤਾਨ ਵਰਗਾ ਜਿਵੇਂ ਚੰਨ ਚੌਥ ਦੀ ਰਾਤ ਲੱਗੇ ਮਹਿਮਾਨ ਵਰਗਾ ਮੇਰੇ ਚੜ੍ਹੀ ਜਵਾਨੀ ਪੈਰ ਫ਼ਕੀਰੀ ਭਾਲ਼ਦੇ ਨੇ ਪਰ ਹੁਜਤਾਂ ਕਰ ਕਰ ਰੋਜ ਹੀ ਜਜ਼ਬੇ ਟਾਲ਼ਦੇ ਨੇ ਉਹਦੇ ਕੌਤਕ ਵੇਖ ਜਮਾਨੇ ਮੈਨੂੰ ਭੁੱਲ ਜਾਂਦੇ ਉਹ ਭਰਦਾ, ਮੈਥੋਂ ਰੋਜ਼ ਖਜ਼ਾਨੇ ਡੁੱਲ ਜਾਂਦੇ ਕਿਸੇ ਲਾਜਵੰਤੜੀ ਪਾਈ ਜਦੋਂ ਸੁਹਾਗ ਚੂੜੀ ਉਹਦਾ ਕੱਲਾ ਕੱਲਾ ਅੰਗ ਸੌਂ ਗਿਆ ਨੀਂਦ ਗੂੜ੍ਹੀ ਮੈਨੂੰ ਰੋਜ਼ ਦੁਆਵਾਂ ਦੇਣ ਅਕਾਸ਼ੋਂ ਆਉਣ ਪਰੀਆਂ ਜਿਨ੍ਹਾਂ ਵਾਲਾਂ ਦੇ ਵਿੱਚ ਗੁੰਦੀਆਂ ਗੋਟੇ ਤੇ ਜਰੀਆਂ ਮੈਨੂੰ ਹਰਗਿਜ਼ ਨਹੀਂ ਮਲੂਮ ਇਹ ਦਿਨ ਕਿਸ ਰੰਗ ਦੇ ਨੇ ਮੇਥੋਂ ਪਲ ਪਲ ਉਸਦੇ ਨੈਣ ਇਜਾਜ਼ਤ ਮੰਗਦੇ ਨੇ ਮੇਰਾ ਅੱਲ੍ਹਾ ਜਾਪੇ ਰਹਿਮ ਕੋਈ ਫਰਮਾ ਰਿਹਾ ਏ ਮੈਨੂੰ ਬਾਂਹੋਂ ਫੜਕੇ ਰਾਹ ਜੰਨਤ ਦੇ ਪਾ ਰਿਹਾ ਏ

ਸੂਰਜ ਵਿੱਚ ਸਮੁੰਦਰ ਲਾਈਆਂ

ਸੂਰਜ ਵਿੱਚ ਸਮੁੰਦਰ ਲਾਈਆਂ ਛਾਲਾਂ ਰੁੱਖਾਂ ਦੇ ਗਲ਼ ਲੱਗ ਰੋਈਆਂ ਤਰਕਾਲਾਂ ਚੰਨ ਮੱਥੇ ਲਾ ਰਾਤ ਸੁਹਾਗਣ ਹੋਈ ਪਰ ਤਾਰਿਆਂ ਦੀ ਚੁੰਨੀ ਲੈ ਕੇ ਰੋਈ ਦਿਨ, ਮਹੀਨੇ, ਸਾਲ, ਸਦੀ, ਯੁੱਗ ਬੀਤੇ ਬੁੱਲ੍ਹ ਤਾਂ ਸਾਰੀ ਖਲਕਤ ਨੇ ਹੀ ਸੀਤੇ ਕੌਣ ਹੈ ਜੋ ਸਮਿਆਂ ਦੇ ਪਾਸੇ ਥੱਲਦਾ? ਕਿਸ ਦੇ ਇਕ ਇਸ਼ਾਰੇ ਤੇ ਸਭ ਚਲਦਾ? ਸੁਲ਼ਗ ਰਿਹਾ ਰੂਹਾਂ ਦੇ ਅੰਦਰ ਵੱੜਕੇ ਬੰਦ ਬਰੂਹੇ ਬੈਠਾ ਕਰਦਾ ਖੜਕੇ ਉਂਝ ਤਾਂ ਚਾਰ-ਚੁਫੇਰੇ, ਸੱਜੇ-ਖੱਬੇ ਸੌ ਹੱਥ ਰੱਸਾ ਗੰਢ, ਸਿਰਾ ਨਾ ਲੱਭੇ

ਅਸੀਂ ਕੁਝ ਕੁ ਦਿਨ ਹੈ ਢੋਣਾ

ਅਸੀਂ ਕੁਝ ਕੁ ਦਿਨ ਹੈ ਢੋਣਾ ਲਗਦਾ ਹਨੇਰ ਹਾਲੇ ਸਾਨੂੰ ਵੇਖਦੀ ਹੈ ਬੱਦਲਾਂ ਓਹਲੇ ਸਵੇਰ ਹਾਲੇ - ਅਸੀਂ ਉੱਗਣਾ ਹੈ ਇੱਕ ਦਿਨ ਪੱਥਰਾਂ ਦਾ ਪਾੜ ਸੀਨਾ ਪਰ ਵਕਤ ਆਉਣ ਦੇ ਵਿਚ ਥੋੜ੍ਹੀ ਹੈ ਦੇਰ ਹਾਲੇ - ਭਰ ਕੇ ਤੂੰ ਝੋਲ਼ੀ ਦੇ ਵਿਚ ਕਲੀਆਂ ਹੀ ਚਾਰ ਲੈ ਜਾ ਮੈਂ ਬੀਜਣਾ ਹੈ ਵਿਹੜੇ ਸੂਹਾ ਕਨੇਰ ਹਾਲੇ - ਜਿਉਂਦੀ ਹਾਂ ਮੈਂ ਅਜੇ ਵੀ ਮੈਨੂੰ ਛੂਹ ਕੇ ਪਰਖ ਲੈ ਤੂੰ ਐਵੇਂ ਵਿਦਾਈ ਵਾਲੇ ਹੰਝੂ ਨਾ ਕੇਰ ਹਾਲੇ - ਮੈਂ ਤਿੰਨ ਦਹਾਕੇ ਟੱਪਿਆ ਅਜੇ ਉਮਰ ਦੇ ਪੜਾਅ ਨੂੰ ਮੇਰੇ ਵਹਿਸ਼ੀ ਜਜਬਿਆਂ ਵਿੱਚ ਪੈਂਦੀ ਹੈ ਘੇਰ ਹਾਲੇ - ਮੈਨੂੰ ਦੇ ਹਲੂਣਾ ਯਾਰਾ ਸਮਿਆਂ ਨਾਲ ਝੂਜਣੇ ਦਾ ਮੇਰੀ ਉਮੀਦ ਉੱਤੇ ਪਾਣੀ ਨਾ ਫੇਰ ਹਾਲੇ - ਮੈਂ ਮੁੱਢ ਤੋਂ ਮਿਟਾ ਕੇ ਹੈ ਸਿਰਜਣੀ ਹਯਾਤੀ ਕੁਝ ਰੂੜੀਆਂ ਦੇ ਮਸਲੇ ਕਰਨੇ ਨੇ ਢੇਰ ਹਾਲੇ -

ਮੇਰਾ ਘਰ ਲੈ ਲਾ

ਮੇਰਾ ਘਰ ਲੈ ਲਾ, ਮੇਰਾ ਬਾਰ ਲੈ ਲਾ ਮੇਰਾ ਸੁਪਨਿਆਂ ਵਾਲਾ ਸੰਸਾਰ ਲੈ ਲਾ ਮੈਨੂੰ ਮੋੜ ਦੇ ਜੋਗੀਆ ਚਾਕ ਮੇਰਾ ਭਾਵੇਂ ਮੈਥੋਂ ਤੂੰ ਸਿੱਕੇ ਹਜਾਰ ਲੈ ਲਾ ਮੇਰੇ ਬਾਬੇ ਦੀ ਲੈ ਲਾ ਜਾਗੀਰ ਸਾਰੀ ਸੌ ਘੋੜਾ ਤੇ ਘੋੜ ਅਸਵਾਰ ਲੈ ਲਾ ਨਾਵੇਂ ਲਿਖ ਸਿਆਲਾਂ ਦੀ ਭੋਇਂ ਸਾਰੀ ਮੇਰੇ ਬਾਪ ਦੇ ਬਾਗ਼ ਅਨਾਰ ਲੈ ਲਾ ਤੇਰੀ ਹੋਵੇ ਨਾ ਫੇਰ ਵੀ ਪੂਰਤੀ ਜੇ ਵੇ ਤੂੰ ਦਿੱਲੀ ਦਾ ਕੁਤੁੱਬ ਮੀਨਾਰ ਲੈ ਲਾ ਮੇਰੀ ਉਮਰ ਦੇ ਲੈ ਲਾ ਦਹਾਕੇ ਢਾਈ ਅੰਤ ਵੇਲ਼ੇ ਦੇ ਮੋਢੇ ਵੀ ਚਾਰ ਲੈ ਲਾ ਜਾਂ ਫਿਰ ਜੋਗੀਆ ਮੈਨੂੰ ਵੀ ਜੋਗ ਦੇਦੇ ਮੇਰੇ ਸਾਰੇ ਹੀ ਹਾਰ ਸ਼ਿੰਗਾਰ ਲੈ ਲਾ

ਜਿਸ ਹੀਰੇ ਮਿੱਟੀ ਰੋਲ਼ ਕੇ

ਜਿਸ ਹੀਰੇ ਮਿੱਟੀ ਰੋਲ਼ ਕੇ ਤੇ ਕਈ ਬਚਾਏ ਲਾਲ ਜੋ ਕਵਿਤਾ ਆਪਣੇ ਇਸ਼ਕ ਦੀ ਲਿਖਦਾ ਸੀ ਤੇਗਾਂ ਨਾਲ - ਸੀ ਸੂਰਜ ਕਾਲ਼ੀ ਰਾਤ ਦਾ ਦਿਨ ਚੜ੍ਹਦੇ ਹੋਇਆ ਅਲੋਪ ਉਹ ਕਿਹੜੀ ਬਾਣੀ ਸਿਮਰ ਕੇ ਜਾਂਦਾ ਸੀ ਕਰੀ ਕਮਾਲ - ਮਾਛੀਵਾੜੇ ਦੀ ਧਰਤ 'ਤੇ ਕੁਝ ਬੀਜ , ਕਰੁੱਤੇ ਬੀਜ ਪੀਲ਼ੇ ਪੱਤਿਆਂ 'ਤੇ ਪੈ ਗਿਆ ਜੋ ਹੋ ਕੇ ਬੜਾ ਨਿਢਾਲ਼ - ਕਿਹੜਾ ਸੀ ਸੱਚਾ ਸੂਰਮਾ? ਜਿਹਦੇ ਹੱਥ ਕੜਾ, ਕਿਰਪਾਨ ਜਿਹਨੂੰ ਹੋਣੀ ਮੱਥਾ ਟੇਕਦੀ ਤੇ ਸਜਦਾ ਕਰਦਾ ਕਾਲ - ਜੋ ਕਰੇ ਮਖੌਲਾਂ ਮੌਤ ਨੂੰ ਔਕੜ ਨੂੰ ਜਾਣੇ ਟਿੱਚ ਮੈਨੂੰ ਇਸ ਸਮਕਾਲੀ ਯੁੱਗ ਦਾ ਕੋਈ ਐਸਾ ਸਿੰਘ ਵਿਖਾਲ - ਜਿਹਦੇ ਲਫ਼ਜ਼ ਅਕਾਸ਼ੀਂ ਉੱਡਦੇ ਪੰਛੀ ਦੇ ਫੜਕਣ ਵਾਂਗ ਓਸੇ ਦੀ ਗੱਲ ਸੁਣਾ ਕੋਈ ਤਬਲੇ ਨੂੰ ਦੇ ਕੇ ਤਾਲ - ਜੋ ਖ਼ਾਲਸ ਹੈ ਧੁਰ ਅੰਦਰੋਂ ਤੇ ਖ਼ਲਕਤ ਦਾ ਫ਼ਰਜ਼ੰਦ ਸੋਧਣ ਲਈ ਆਪਣੇ ਮੁਲਕ ਨੂੰ ਮੈਨੂੰ ਓਸੇ ਦੀ ਹੈ ਭਾਲ਼ -

ਅਸੀਂ ਵਾਸੀ ਓਸੇ ਸ਼ਹਿਰ ਦੇ

ਅਸੀਂ ਵਾਸੀ ਓਸੇ ਸ਼ਹਿਰ ਦੇ ਜਿੱਥੇ ਰਾਂਝੇ ਲੈਂਦੇ ਜੋਗ ਜਿੱਥੇ ਹੀਰਾਂ ਜ਼ਹਿਰਾਂ ਖਾਂਦੀਆਂ ਤੇ ਚੂਚਕ ਕਰਦੇ ਸੋਗ ਸਾਡੇ ਵੈਦ ਹਤਾਸ਼ੇ ਪਰਤਦੇ ਅਸੀਂ ਧੁਰੋਂ ਲਵਾਏ ਰੋਗ ਸਾਡੇ ਪੋਤੜਿਆਂ ਵਿਚ ਰੱਖਿਆ ਦਾਈਆਂ ਨੇ ਖ਼ਾਸ ਵਿਜੋਗ ਤੇਰੇ ਇਸ਼ਕ ਦੇ ਖੂਹੇ ਡੁੱਬ ਕੇ ਅਸੀਂ ਲਈਆਂ ਜੂਨਾਂ ਭੋਗ

ਮੈਂ ਦੁਨੀਆ ਦਾ

ਮੈਂ ਦੁਨੀਆ ਦਾ ਹਰ ਇਕ ਫੁੱਲ ਤੇਰੇ ਨਾਂ ਤਸਦੀਕ ਕੀਤਾ ਹੈ ਇਸ ਲਈ ਮੈਂ ਕੰਡਿਆਂ ਦੀ ਸੰਹੁ ਖਾਣ ਵਾਲਾ ਪਹਿਲਾ ਸਖਸ਼ ਹਾਂ !

ਉਸਦਾ ਉਂਗਲੀ ਉਠਾ ਕੇ

ਉਸਦਾ ਉਂਗਲੀ ਉਠਾ ਕੇ ਨੀਲੱਤਣ ਵੱਲ ਇਸ਼ਾਰਾ ਕਰਨਾ ਦੱਸਦਾ ਹੈ ਕਿ ਉਹ ਬਹੁਤ ਉੱਚਾ ਉੱਠ ਗਿਆ ਹੈ - ਉਸ ਲਈ ਧਰਤੀ ਦਾ ਵਜੂਦ ਇੱਕ ਸੰਗਤਰੇ ਦੀ ਫਾੜੀ ਨਾ ਹੋ ਕੇ, ਪਾਣੀ ਵਿੱਚ ਡਿੱਗੀ ਲੂਣ ਦੀ ਡਲ਼ੀ ਤੋਂ ਵੱਧ ਕੁਝ ਵੀ ਨਹੀਂ - ਉਹ ਆਪਣੇ ਹੰਕਾਰ ਦੇ ਖੰਭ ਝਾੜ ਕੇ, ਨਿਮਰਤਾ ਦਾ ਤਵੀਤ ਪਾ ਕੇ ਕਿਣਕਿਆਂ ਵਿਚਲੀ ਨਮੀ ਹੋਇਆ ਫਿਰਦਾ ਹੈ - ਉਸਦੀ ਹਰ ਕਵਿਤਾ ਦਾ ਸਿਰਲੇਖ ਲੋਕ ਆਪ ਚੁਣਦੇ ਹਨ ਤਾਂ ਹੀ ਉਸਦਾ ਅਸਤਿਤਵ, ਇੱਕ ਮਹਾਂਕਾਵਿ ਦੇ ਮੁੱਖ ਬੰਦ ਤੋਂ ਘੱਟ ਨਹੀਂ !

ਮੈਂ ਕਵਿਤਾ ਸ਼ੁਰੂ ਕਰਦੀ ਹਾਂ

ਮੈਂ ਕਵਿਤਾ ਸ਼ੁਰੂ ਕਰਦੀ ਹਾਂ ਸਿਗਰਟ ਦਾ ਕਸ਼ ਲਏ ਬਗੈਰ ਤੇ ਕਵਿਤਾ ਤਾਂ ਵੀ ਮੁਕੰਮਲ ਹੋ ਜਾਂਦੀ ਹੈ - ਕਵਿਤਾ ਵਿਚ ਰੂਹ ਫੂਕਣ ਲਈ ਮੈਂ ਨਿੱਕੂ ਜਿਹਾ ਪੈੱਗ ਨਹੀਂ ਮਾਰਦੀ - ਮੈਂ ਤਾਂ ਭੱਜਦੀ ਹੋਈ ਸਾਹੋ ਸਾਹੀ ਹੁੰਦੀ ਹਾਂ ਤੇ ਥੱਕ ਜਾਂਦੀ ਹਾਂ - ਕਿਉਂਕਿ ਕਵਿਤਾ ਤਾਂ ਸ਼ਬਦਾਂ ਦੇ ਵੱਗ ਲੈ ਕੇ ਮੇਰਾ ਪਿੱਛਾ ਕਰਦੀ ਹੈ - ਤੇ ਮੈਂ ਆਪਣੇ ਕਿਰਦਾਰ ਦੀਆਂ ਚਾਰੇ ਕੰਨੀਆਂ ਸਮੇਟ ਕੇ ਕਵਿਤਾ ਦਾ ਅੰਤ ਕਰ ਦਿੰਦੀ ਹਾਂ - ਮੇਰੀ ਕਵਿਤਾ ਦਾ ਮੁੱਖਬੰਦ ਮੇਰਾ ਦਿਲ ਤੇ ਦਿਮਾਗ ਦੋਵੇਂ ਲਿਖਦੇ ਹਨ - ਏਸੇ ਲਈ ਹਰ ਕਵਿਤਾ ਮੇਰੇ ਹਾਣ ਪਰਵਾਣ ਦੀ ਹੋ ਨਿਬੜਦੀ ਹੈ !

ਕਿਹੜੀ ਦੱਸ ਨਮਾਜ਼ ਪੜ੍ਹੇਂਗਾ

ਕਿਹੜੀ ਦੱਸ ਨਮਾਜ਼ ਪੜ੍ਹੇਂਗਾ ਪਰਸੋਂ ਦੀ ਜਾਂ ਕੱਲ੍ਹ ਦੀ ਤੂੰ ਤਾਂ ਪੰਜੇ ਵੇਲ਼ੇ ਪੜ੍ਹਦਾ ਸਾਡੇ ਦਮ ਦਮ ਚੱਲਦੀ - ਮੱਕੇ ਦੇ ਵੱਲ ਤਾਂ ਜਾਵਾਂ ਜੇ ਖੋਟ ਯਾਰ ਵਿਚ ਹੋਵੇ ਓਹੀ ਮੱਕਾ, ਓਹੀ ਕਾਅਬਾ ਚਿੰਤਾ ਕਿਹੜੀ ਗੱਲ ਦੀ - ਇੱਕ ਪਾਸੇ ਤੂੰ ਹਾਜੀ ਬਣਿਆ ਦੂਜੇ ਪਾਸੇ ਸ਼ੰਕਾ ? ਨੀਝ ਓਸਦੀ ਤੀਰੋਂ ਤਿੱਖੀ ਚਾਰੇ ਪਾਸੇ ਥੱਲਦੀ - ਬਿਰਹੋਂ ਵਾਲੀ ਅਗਨੀ ਦਾ ਜੇ ਸੇਕ ਜਰਾ ਤੂੰ ਲੈਣਾ ਸਾਡੇ ਤੋਂ ਦੋ ਚਿਣਗਾਂ ਲੈ ਜਾ ਸਾਡੇ ਅੰਦਰ ਬਲ਼ਦੀ - ਆਈ ਨੇ ਜਦ ਆ ਹੀ ਜਾਣਾ ਕਾਹਦੀ ਫੇਰ ਲੜਾਈ ਕਾਹਦੇ ਦਾਅਵੇ ਕਾਹਦੀਆਂ ਅਣਖਾਂ ਕਾਹਦੀ ਏ ਫਿਰ ਜਲਦੀ - ਦਿਲ ਦੇ ਅੰਦਰ ਸੋਗ ਪਿਆ ਏ ਸਾਹਾਂ ਵਿੱਚ ਸ਼ੁਕਰਾਨੇ ਘੜੀ ਮੌਤ ਦੀ ਤੇਰੇ ਸਿਰ ਤੇ ਚੌਵੀ ਘੰਟੇ ਚੱਲਦੀ -

ਕੋਈ ਸੰਗਤਰੇ ਰੰਗੀ ਕਣੀ

ਕੋਈ ਸੰਗਤਰੇ ਰੰਗੀ ਕਣੀ ਦੇਂਦੀ ਸਬਕ ਇਲਹਾਮ ਦਾ ਕੋਈ ਚਾਨਣੀ ਘੁੰਡ ਕੱਢ ਕੇ ਰਾਹ ਵੇਖਦੀ ਹੈ ਸ਼ਾਮ ਦਾ - ਪਿਆ ਵਿੱਚ ਖਲਾਵਾਂ ਭਟਕਦਾ ਮੇਰੇ ਮਨ ਦਾ ਪੰਛੀ ਬੇ-ਸਬਬ ਬੇ-ਅਰਥ ਹੋਇਆ ਜਾਪਦਾ ਹਰ ਅਰਥ ਮੇਰੇ ਨਾਮ ਦਾ - ਦੱਸੋ ਕਰੇ ਕਿੱਦਾਂ ਯਕੀਂ ? ਹੋਇਆ ਦਗ਼ਾ ਉਸ ਨਾਲ ਜੋ ਉੱਚਾ ਓਹਦੀ ਪਦਵੀ ਤੋਂ ਹੈ ਰੁਤਬਾ ਮੇਰੇ ਇਲਜ਼ਾਮ ਦਾ - ਸਦੀਆਂ ਗੁਜਰੀਆਂ ਗੌਰ ਅੰਦਰ ਫਿਰ ਵੀ ਸੀਨਾ ਧੜਕਦਾ ਲਗਦਾ ਹੈ ਉਸ ਨੂੰ ਮਿਲ਼ ਗਿਆ ਖ਼ਤ ਮੇਰੇ ਕਤਲ-ਏ-ਆਮ ਦਾ ਕਰੀਆਂ ਨੇ ਉਸ ਨੇ ਰਹਿਮਤਾਂ ਮੇਰੇ ਤੇ ਬੜੀਆਂ ਡੂੰਘੀਆ ਪਹਿਲਾ ਸ਼ਬਦ ਹੈ ਉਹ ਮੇਰੇ ਇਸ ਸੂਫੀਆਨਾ ਕਲਾਮ ਦਾ - ਬਸ ਕਰ ਦਵੇ ਅਹਿਸਾਨ ਇੱਕ ਲਾਂਬੂ ਲਗਾ ਕੇ ਪਰਤ ਜਾਏ ਇੱਕ ਭੇਜਿਓ ਖ਼ਤ ਆਖਰੀ ਓਹਦੇ ਘਰ ਮੇਰੇ ਸਲਾਮ ਦਾ ਬਣਖੰਡੀਆਂ ਵਿਚ ਫੁੱਲ ਖਿੜੇ ਮਹਿਕਾਂ ਚੁਫੇਰੇ ਪਸਰੀਆਂ ਮਿਲਿਆ ਹੈ ਟੁਕੜਾ ਰੇਸ਼ਮੀ ਮੈਨੂੰ ਕਿਸੇ ਪੈਗਾਮ ਦਾ - ਸਦੀਆਂ ਤੋਂ ਹੀ ਆਸ਼ਕ ਰਿਹਾ ਪੈਰਾਂ ਤੋਂ ਸਿਰ ਦੇ ਵਾਲ ਤੱਕ ਛੱਡਿਆ ਨਹੀਂ ਪੱਲਾ ਕਦੇ ਇੱਕ ਇਸ਼ਕ ਦਾ, ਇਕ ਜਾਮ ਦਾ -

ਕੁਰਾਨ - ਏ - ਪਾਕ ਦਾ ਟੁਕੜਾ

ਕੁਰਾਨ - ਏ - ਪਾਕ ਦਾ ਟੁਕੜਾ ਹੈ ਜਾਂ ਇਲਹਾਮ ਕੋਈ ਹਕੀਕਤ ਦੀ ਹਕੀਕਤ ਹੈ ਜਾਂ ਫਿਰ ਇਲਜ਼ਾਮ ਕੋਈ - ਇੱਕ ਤਸਵੀਰ ਦੇ ਹੇਠਾਂ ਰਕੀਬ - ਏ - ਯਾਰ ਲਿਖਿਆ ਹਸ਼ਰ ਦੇ ਵੇਲਿਓਂ ਪਹਿਲਾਂ ਖ਼ਾਸ ਪੈਗਾਮ ਕੋਈ - ਬਸ਼ਿੰਦਾ ਹਾਂ ਕਿਸੇ ਫਿਰਦੌਸ ਦਾ ਲੇਕਿਨ ਫਰੇਬੀ। ਨਾ ਮੇਰਾ ਆਪਣਾ ਘਰ ਹੈ ਤੇ ਨਾ ਆਵਾਮ ਕੋਈ - ਬੜੀ ਨੂਰੀ ਨਜ਼ਰ ਨਾਲ ਵੇਖਦਾ ਹਰ ਸਖਸ਼ ਮੈਨੂੰ ਹਯਾਤੀ ਨੇ ਹੀ ਲਗਦਾ ਪੀ ਲਿਆ ਹੈ ਜਾਮ ਕੋਈ - ਬਜਾਰਾਂ ਦੇ ਅਕੀਦੇ ਹੋਰ ਨੇ ਮੈਂ ਵਿਕ ਨੀ ਸਕਦਾ ਨਾ ਮੇਰਾ ਧਰਮ ਹਿੰਦੂ ਹੈ ਤੇ ਨਾ ਇਸਲਾਮ ਕੋਈ - ਮੇਰਾ ਹਰ ਨਫ਼ਸ ਹੈ ਆਜਾਦ ਝੂਠੇ ਬੰਧਨਾਂ ਤੋਂ ਨਾ ਕੋਈ ਇਮਤਿਹਾਨ - ਏ - ਦੌਰ ਨਾ ਅੰਜਾਮ ਕੋਈ - ਮੈਂ ਆਸ਼ਿਕ ਹਾਂ ਕਿਸੇ ਬੇਨਾਮ ਦਾ ਸਦੀਆਂ ਪੁਰਾਣਾ ਨਵਾਂ ਰੱਖੋ ਤੁਸੀਂ ਮੇਰੇ ਇਸ਼ਕ ਨਾਮ ਕੋਈ - ਬੜੀ ਮਹਿਮਾਨ - ਨਵਾਜੀ ਖਾਸ ਕਰਦਾ ਆਸ਼ਕਾਂ ਦੀ ਉਹ ਸਭ ਨੂੰ ਕਤਲ ਤੋਂ ਪਹਿਲਾਂ ਪਿਆਉਂਦਾ ਜਾਮ ਕੋਈ -

ਘਾਹਾਂ ਦੇ ਵਿਚ ਲਗਰ ਲਪੇਟੀ

ਘਾਹਾਂ ਦੇ ਵਿਚ ਲਗਰ ਲਪੇਟੀ ਘਾਹਾਂ ਤੋਂ ਸ਼ਰਮਾਏ ਉਸਦੀਆਂ ਬੇਪਰਵਾਹੀਆਂ ਮੇਰੇ ਸਿਦਕ ਦੇ ਬੰਨੇ ਢਾਹੇ - ਸੋਨੇ ਦੀ ਇੱਕ ਝਾਲਰ ਲਾ ਦੇ ਪੱਖੀ ਉੱਤੇ ਅੰਮੀਏ ਮੇਰੇ ਘਰ ਕੁਝ ਥਲਾਂ ਦੇ ਵਿੱਚੋਂ ਤਪਦੇ ਜੋਗੀ ਆਏ - ਤਾਣ ਚੰਦੋਏ ਰੌਸ਼ਨੀਆਂ ਦੇ ਫਿਰਨ ਕਮਲੀਆਂ ਧੁੱਪਾਂ ਸਾਡੇ ਵਰਗੇ ਕੂਲ਼ੇ ਪਿੰਡੇ ਸੁੱਕਣੇ ਇਹਨਾਂ ਪਾਏ - ਜਲ ਚਸ਼ਮੇ ਦਾ ਉਬਲਣ ਲੱਗਾ ਉਸਦੇ ਹੱਥ ਲਗਾਇਆਂ ਲਗਦਾ ਉਸਦੇ ਬੁੱਲ੍ਹ ਹੋਣਗੇ ਜਨਮਾਂ ਦੇ ਤਿਰਹਾਏ - ਵੇਖ ਹਨੇਰਾ ਬੁੱਕਲ ਵਿੱਚ ਸਮੇਟ ਪਹਾੜ ਨੂੰ ਬੈਠਾ ਲਟ ਲਟ ਕਰਦੇ ਸੂਰਜ ਆ ਕੇ ਉਸਦੇ ਪਰਦੇ ਲਾਹੇ - ਚੰਨ ਦੀ ਫਾੜੀ ਵਿੱਚ ਤਾਰਿਆਂ ਪਈ ਕੁਝ ਏਦਾਂ ਜਾਪੇ ਜੀਕਣ ਕੋਈ ਸੁਹਾਗਣ ਮੱਥੇ ਕੱਟ ਕੇ ਬਿੰਦੀ ਲਾਏ - ਸੋਨੇ ਦੀ ਜਿਉਂ ਝਾਲ ਫਿਰੀ ਹੈ ਪਿੱਪਲ ਪੱਤਿਆਂ ਉੱਤੇ ਵਿੱਚ ਅਕਾਸ਼ੋਂ ਡੁੱਲ੍ਹ ਡੁੱਲ੍ਹ ਪੈਂਦੇ ਰੌਸ਼ਨੀਆਂ ਦੇ ਸਾਏ -

ਨੱਤੀਆਂ ਪਾਵਣ ਵਾਲਾ ਅੱਜਕਲ

ਨੱਤੀਆਂ ਪਾਵਣ ਵਾਲਾ ਅੱਜਕਲ ਮੁੰਦਰਾਂ ਪਾਵਣ ਲੱਗਾ ਏ ਪਤਾ ਨਹੀਂ ਉਹ ਕਿਸ ਲਈ ? ਸੰਨਿਆਸੀ ਹੋ ਜਾਵਣ ਲੱਗਾ ਏ - ਕਰੇ ਕਬੂਲ ਸਜਾਵਾਂ ਮਿਲੀਆਂ ਤਰਕ ਬਾਜੀਆਂ ਭੁੱਲ ਗਿਆ ਹੈਂਕੜ - ਬਾਜ਼ੀ ਵਾਲਾ ਰੋਟੀ ਮੰਗ ਕੇ ਖਾਵਣ ਲੱਗਾ ਏ - ਖਾਲੀ ਭਾਂਡਾ ਖਬਰੇ ਕਿਸ ਨੇ ਨਾਲ ਮੁਹੱਬਤ ਭਰ ਦਿੱਤਾ ਰਿਸ਼ਤਾ ਤੋੜਨ ਵਾਲੇ ਦੇ ਵੀ ਸਦਕੇ ਜਾਵਣ ਲੱਗਾ ਏ - ਆਪਣਾ ਆਪਾ ਘੋਖ ਰਿਹਾ ਏ ਚੁੱਪ ਦੇ ਜੰਦੇ ਲਾਏ ਨੇ ਅੱਖ ਮਿਲਾ ਕੇ ਵੇਖਣ ਵਾਲਾ ਨਜ਼ਰ ਚੁਰਾਵਣ ਲੱਗਾ ਏ - ਬੀਆਬਾਨਾਂ ਅੰਦਰ ਸੁਣਦੀ ਤਾਨ ਕਿਸੇ ਦੀ ਵੰਝਲ਼ੀ ਦੀ ਰੂਹ ਮੇਰੀ ਨੂੰ ਫੇਰ ਨਵਾਂ ਕੋਈ ਰੰਗ ਚੜ੍ਹਾਵਣ ਲੱਗਾ ਏ - ਅੱਜਕਲ ਮੇਰੀ ਕਵਿਤਾ ਉੱਤੇ ਦੇਂਦਾ ਮੈਨੂੰ ਦਾਦ ਨਹੀਂ ਲਗਦਾ ਮੇਰੇ ਵਾਂਗੂੰ ਦਿਲ ਨੂੰ ਬਿਰਹਾ ਲਾਵਣ ਲੱਗਾ ਏ - ਲਗਦਾ ਉਸਨੇ ਸ਼ਾਹਰਗ ਤੋਂ ਵੀ ਨੇੜੇ ਜਗ੍ਹਾ ਬਣਾ ਲਈ ਏ ਹਰ ਇੱਕ ਸਾਹ ਦੇ ਨਾਲ ਉਹ ਮੈਨੂੰ ਚੇਤੇ ਆਵਣ ਲੱਗਾ ਏ -

ਮੈਂ ਮਾਣਕ ਦੀ ਕਲੀ ਵੀ ਮਾਣੀ

ਮੈਂ ਮਾਣਕ ਦੀ ਕਲੀ ਵੀ ਮਾਣੀ, ਮੈਂ ਵਾਰਿਸ ਦੀ ਹੀਰ ਪੜ੍ਹੀ । ਢਲ਼ਦੇ ਸੂਰਜ ਮਿਰਜਾ ਗਾਇਆ, ਪੀਲੂ ਦੀ ਤਕਦੀਰ ਪੜ੍ਹੀ। ਮੇਰੇ ਦਿਲ ਦੇ ਮਾਰੂਥਲ ਵਿਚ, ਇੱਕ ਇੱਕ ਸੱਸੀ ਰੋਜ ਸੜ੍ਹੀ । ਸੋਹਣੀ ਜਹੀ ਕੰਵਾਰੀ ਸੱਧਰ, ਇਸ਼ਕ ਝਨਾਂ ਦੀ ਬਲੀ ਚੜ੍ਹੀ । ਲਿਖ ਲਿਖ ਕਾਗਜ ਸੋਗੀ ਹੋਏ, ਕਲਮ ਮੇਰੀ ਚੁੱਪ ਚਾਪ ਖੜ੍ਹੀ।

ਨਿੱਤ ਰਮਜਾਨ ਇਸ਼ਕ ਦੇ ਵੇਹੜੇ

ਨਿੱਤ ਰਮਜਾਨ ਇਸ਼ਕ ਦੇ ਵੇਹੜੇ ਘੁੱਟ ਲਹੂ ਜਿੰਦ ਭਰਦੀ ਛੱਡ ਸੰਸਾਰ ਨਮਾਜ਼ੀ ਹੋਏ ਰੂਹ ਸ਼ੁਕਰਾਨੇ ਕਰਦੀ - ਸੂਰਜ ਚੜ੍ਹਨ ਤੋਂ ਪਹਿਲਾਂ ਜਾਗੇ ਸੀਨੇ ਬਿਰਹਾ ਰੜਕੇ ਨੈਣਾਂ ਦੇ ਵਿਚ ਹੰਝੂ ਲੈ ਕੇ ਪੜ੍ਹੀ ਨਮਾਜ਼ ਫ਼ਜ਼ਰ ਦੀ - ਢਲ਼ਦੇ ਸੂਰਜ ਨੇ ਪਰਛਾਂਵੇਂ ਲੰਮੇ ਸਲੰਮੇ ਕੀਤੇ ਸਿਖਰ ਦੁਪਹਿਰਾ ਪਿੰਡੇ ਢਲ਼ਿਆ ਕਰੀ ਨਮਾਜ਼ ਜ਼ੁਹਰ ਦੀ - ਪੜ੍ਹਾਂ ਹਦੀਸ ਸਦਾਵਾਂ ਕਾਫ਼ਰ ਖਾਵਾਂ ਅੰਨ ਨਾ ਪਾਣੀ ਆਥਣ ਵੇਲੇ ਰੋਜ ਕਰਾਂ ਮੈਂ ਅਦਾ ਨਮਾਜ਼ ਅਸਰ ਦੀ - ਮਗਰਿਬ ਵੇਲ਼ਾ ਨੇੜੇ ਆਇਆ ਹਿਜਰ ਸੂਤੀਆਂ ਨਾੜਾਂ ਧਰਤੀ ਛੱਡ ਅਕਾਸ਼ੀਂ ਚੜ੍ਹ ਗਈ ਲਾਲੀ ਇਸ਼ਕ ਕਹਿਰ ਦੀ - ਰੋਜ ਇਸ਼ਾ ਮੇਰੇ ਸਾਹ ਪੀ ਜਾਵੇ ਰਹਿਮ ਯਾਰ ਨਹੀਂ ਕਰਦਾ ਇਸ਼ਕ ਨੇ ਪਕੜ ਨਮਾਜ਼ੀ ਕੀਤੇ ਕੌਣ ਬਣੇ ਹੁਣ ਦਰਦੀ - ਦੋਜਖ਼ ਦੇ ਵਿਚ ਪਈਆਂ ਹੱਡੀਆਂ ਤਨ ਹੋਇਆ ਸੁੱਕ ਪਿੰਜਰ ਹਰ ਆਸ਼ਕ ਰਮਜਾਨ ਮੁਬਾਰਕ ਬਾਤ ਖੁਦਾ ਦੇ ਘਰ ਦੀ - ਰੋਜੇ ਰੱਖ ਕਰਾਂ ਸ਼ੁਕਰਾਨੇ ਕੱਢੀ ਕੁੱਲ ਅਲਾਮਤ ਓਸ ਰੱਬ ਨੂੰ ਲੱਖਾਂ ਸਜਦੇ ਜਿੰਦ ਜੀਹਦੇ ਤੇ ਮਰਦੀ -

ਆਜਾ ! ਬੈਠ ਨੀ ਸਖੀਏ ਪਲੰਘ ਉੱਤੇ

ਆਜਾ ! ਬੈਠ ਨੀ ਸਖੀਏ ਪਲੰਘ ਉੱਤੇ, ਤਹਿਆਂ ਆਪਣੇ ਇਸ਼ਕ ਦੀਆਂ ਫੋਲੀਏ ਨੀ। ਹੋਵੇ ਦਿਲ ਦੇ ਤਖ਼ਤ ਜੇ ਯਾਰ ਬੈਠਾ, ਸਾਹਵੇਂ ਬਾਪ ਦੇ ਉੱਚੀ ਨਾ ਬੋਲੀਏ ਨੀ। ਉਹਦੀ ਦੀਦ ਦੇ ਵਸਲ ਨਾਲ਼ ਸਾਰ ਲਈਏ, ਗੰਢਾਂ ਕਦੇ ਨਾ ਪੀਡੀਆਂ ਖੋਹਲੀਏ ਨੀ। ਦਮ - ਦਮ ਓਹ ਕੂਕਦਾ ਪਿਆ ਅੰਦਰ, ਭੁੱਲ ਭਟਕ ਕੇ ਬਾਹਰ ਨਾ ਟੋਲੀਏ ਨੀ। ਭਾਵੇਂ ਪੀਵੇ ਤੇ ਭਾਵੇਂ ਉਹ ਰੋੜ੍ਹ ਦੇਵੇ, ਜ਼ਮਜ਼ਮ ਹੁਸਨ ਦਾ ਇੱਕੋ ਤੇ ਡੋਹਲੀਏ ਨੀ। ਜਦੋਂ ਰੁਲਣਾ ਹੀ ਲਿਖਿਆ ਲੇਖ ਅੰਦਰ, ਜਿੰਦ ਨਾਲ਼ ਸਲੀਕੇ ਦੇ ਰੋਲੀਏ ਨੀ।

ਮੈਨੂੰ ਥੋਰ੍ਹਾਂ ਲੱਗਣ ਸੋਹਣੀਆਂ

ਮੈਨੂੰ ਥੋਰ੍ਹਾਂ ਲੱਗਣ ਸੋਹਣੀਆਂ ਤੇ ਕੋਝੇ ਲੱਗਣ ਗੁਲਾਬ ਦਮ ਮਹਿਲਾਂ ਅੰਦਰ ਤੋੜ ਗਏ ਮੇਰੇ ਝੁੱਗੀਆਂ ਵਾਲੇ ਖੁਆਬ - ਮੈਂ ਸੱਤੇ ਜ਼ਹਿਰਾਂ ਲੱਭ ਕੇ ਕੁਝ ਸ਼ਰਬਤ ਲਏ ਬਣਾ ਤਾਂਹੀਓਂ ਹੁਣ ਮਿੱਠੀ ਲੱਗਦੀ ਮੈਨੂੰ ਪਿਛਲੀ ਪਈ ਸ਼ਰਾਬ - ਮੈਨੂੰ ਡੁੱਬ ਮਰਨ ਦੀਆਂ ਕਾਹਲੀਆਂ ਸੋਹਣੀ ਦੇ ਜਜਬੇ ਵਾਂਗ ਇੱਕ ਕੱਚਾ ਘੜਾ ਬਣਾ ਦਵੋ ਤੇ ਡੂੰਘਾ ਕਰੋ ਝਨਾਬ - ਮੈਂ ਕਿੰਨੀ ਹੋਰ ਗੁਜਾਰਨੀ ? ਤੇ ਕਿੰਨੀ ਗਈ ਏ ਲੰਘ ? ਮੇਰੇ ਲੇਖ ਲਿਖੇ ਜਿਸ ਕਲਮ ਨੇ ਉਹ ਪੂਰਾ ਦਵੇ ਹਸਾਬ - ਮੈਂ ਫੁੱਲ ਬਰਸਾਤੀ ਲਾ ਲਏ ਬੱਦਲਾਂ ਤੇ ਰੱਖ ਕੇ ਆਸ ਪਰ ਜਾਂਦੀ ਬੱਦਲੀ ਦੇ ਗਈ ਮੈਨੂੰ ਕੋਰਾ ਜਿਹਾ ਜਵਾਬ -

ਮੌਲਾ ਦੀ ਮਰਜੀ ਤੇ ਮਨ ਦਾ

ਮੌਲਾ ਦੀ ਮਰਜੀ ਤੇ ਮਨ ਦਾ ਵਜਨ ਟਿਕਾਇਆ ਹੋਇਆ ਸੀ ਕਰ ਕਰ ਹੀਲੇ ਉਸਨੇ ਆਪਣਾ ਸਿਦਕ ਪਕਾਇਆ ਹੋਇਆ ਸੀ ਪੀੜ ਹਿਜਰ ਦੀ ਸਹਿੰਦਾ ਸਹਿੰਦਾ ਪੀੜਾਂ ਵਰਗਾ ਹੋ ਚੱਲਿਆ ਦਿਲ ਦੇ ਐਨ ਵਿਚਾਲੇ ਉਸਨੇ ਨੇਜਾ ਲਾਇਆ ਹੋਇਆ ਸੀ ਸੁੱਤੇ ਪਏ ਦੀ ਦੱਬੇ ਪੈਰੀਂ ਚੰਨ ਪਰਕਰਮਾਂ ਕਰਦਾ ਸੀ ਖਬਰੇ ਉਸ ਦੀ ਰੂਹ ਵਿਚ ਕਿਹੜਾ ਨੂਰ ਸਮਾਇਆ ਹੋਇਆ ਸੀ ਇਸ਼ਕ ਦੇ ਪਾਣੀ ਦਾ ਪਿਆਸਾ ਪਰ ਅੱਗ ਹਿਜਰ ਦੀ ਪੀਂਦਾ ਸੀ ਪਤਾ ਨਹੀਂ ਕਿਸ ਬੂੰਦ ਸਵਾਤੀ ਦਾ ਤਿਰਹਾਇਆ ਹੋਇਆ ਸੀ ਕੰਧੀਂ ਕੌਲ਼ੀਂ ਲੱਗਾ ਲੱਗਾ ਚੁੱਪ ਜਿਹਾ ਹੋ ਜਾਂਦਾ ਸੀ ਪਾਰ ਵਸੇਂਦੇ ਹਾਣੀ ਦੇ ਨਾਲ ਪੇਚਾ ਪਾਇਆ ਹੋਇਆ ਸੀ ਕਰ ਬਿਸਮਿੱਲਾ ਡੁੱਬ ਗਿਆ ਹੋਣਾ ਡੂੰਘੇ ਪਾਣੀ ਦੇ ਅੰਦਰ ਕਹਿੰਦੇ ਉਸ ਨੇ ਖੁਦਾ ਨੂੰ ਆਪਣਾ ਹੱਥ ਫੜਾਇਆ ਹੋਇਆ ਸੀ

ਦੱਸ ਤੇਰੇ ਸ਼ਹਿਰ ਵਿਚ

ਦੱਸ ਤੇਰੇ ਸ਼ਹਿਰ ਵਿਚ ਕਿਉਂ ਦਿਲਬਰਾ ਲੱਗਦਾ ਹਰ ਸਖ਼ਸ਼ ਹੀ ਪੱਥਰ ਜਿਹਾ ਨਾ ਹਵਾਵਾਂ ਵਗਦੀਆਂ ਨਾ ਛਾਂ ਕਿਤੇ ਵੇਖਿਆ ਹਰ ਰੁੱਖ ਹੀ ਮੈਂ ਝੁਲਸਦਾ ਰੋਜ ਕਰਦੇ ਖੁਦਕੁਸ਼ੀ ਕੂਲ਼ੇ ਜਿਸਮ ਰੋਜ ਹੀ ਹਾਕਮ ਕੋਈ ਹੈ ਜਨਮਦਾ ਆਪਣੀ ਪਹਿਚਾਣ ਮੈਂ ਏਦਾਂ ਕਰੀ ਲਿਖ ਲਿਆ ਬੂਹੇ ਦੇ ਉੱਤੇ ਬੇਵਫ਼ਾ ਜਿਸ ਤਰਫ਼ ਵੀ ਦੇਖਿਆ ਨਜ਼ਰੀਂ ਪਿਆ ਹਰ ਤਰਫ਼ ਸੈਲਾਬ ਟੁੱਟੇ ਇਸ਼ਕ ਦਾ ਸੁਣਦੀਆਂ ਮੈਨੂੰ ਕਿਸੇ ਦੀਆਂ ਸਿਸਕੀਆਂ ਦੱਸ ! ਕਿਹੜਾ ਸਖ਼ਸ਼ ਏਥੇ ਗ਼ਮਜ਼ਦਾ? ਘਿਰਦੀਆਂ ਮੇਰੇ ਜਿਹਨ ਵਿਚ ਬਦਲੀਆ ਬੋਲ ਹੈ ਕਿਸਦਾ ਮੇਰੇ ਮਹਿਰਮ ਜਿਹਾ? ਫਿਰ ਕਿਤੇ ਮੈਨੂੰ ਭੁਲੇਖਾ ਤਾਂ ਨਹੀਂ? ਜਾਂ ਕੋਈ ਹੁਣ ਵੀ ਮੇਰੇ ਲਈ ਸਿਸਕਦਾ

ਲੱਭੋ ! ਹੈ ਜਿਸਨੇ ਲਾਇਆ

ਲੱਭੋ ! ਹੈ ਜਿਸਨੇ ਲਾਇਆ ਉਸਦੀ ਪਛਾਣ ਕੋਈ ਲੱਗਾ ਹੈ ਮੇਰੇ ਸੀਨੇ ਬਿਰਹੇ ਦਾ ਬਾਣ ਕੋਈ - ਖੋਹ ਲਏ ਨੇ ਉਸ ਜਦੋਂ ਦੇ ਮੈਥੋਂ ਉਜਾਲੇ ਮੇਰੇ ਮੈਨੂੰ ਹਨੇਰਿਆਂ ਵਿਚ ਪੈਂਦਾ ਹੈ ਖਾਣ ਕੋਈ - ਫਿਰ ਵੀ ਹਾਂ ਮੈਂ ਸੁਭਾਗਾ ਕਿ ਛੱਡ ਜਾਣ ਮਗਰੋਂ ਚੇਤੇ 'ਚ ਮੇਰੇ ਆ ਕੇ ਦੇਂਦਾ ਹੈ ਮਾਣ ਕੋਈ - ਨਹੀਂ ਲੋੜ ਰਾਬਤੇ ਦੀ ਲੋਕਾਂ ਦੇ ਵਾਂਗ ਉਸਨੂੰ ਸ਼ਬਦਾਂ ਦੇ ਵਿੱਚੋਂ ਪੀੜਾਂ ਲੈਂਦਾ ਹੈ ਛਾਣ ਕੋਈ - ਰੌਸ਼ਨ ਦਿਮਾਗ ਵਾਲਾ ਮਨ ਮਰਜ਼ੀਆਂ ਦਾ ਮਾਲਕ ਆਇਆ ਨਾ ਉਸਦੇ ਮਗਰੋਂ ਮੈਨੂੰ ਮਨਾਣ ਕੋਈ - ਵੀਰਾਨ ਬਾਗ਼ ਹੋ ਗਏ ਦਿਲ ਦੇ ਬਹਾਰ ਅੰਦਰ ਬਣ ਕੇ ਪਰਿੰਦਾ ਉੱਡਿਆ ਭਰਕੇ ਉਡਾਣ ਕੋਈ - ਜਿਸਦੀ ਸਾਂ ਮੈਂ ਅਮਾਨਤ ਓਹ ਲੈ ਗਿਆ ਚੁਰਾ ਕੇ ਫੋਲ੍ਹੋ ਨਾ ਮੇਰੇ ਮਗਰੋਂ ਮੇਰਾ ਮਸਾਣ ਕੋਈ -

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ