Punjabi Poetry : Pandit Revti Parshad Sharma

ਪੰਜਾਬੀ ਰਚਨਾਵਾਂ : ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ


ਦੋਹਿਰਾ

ਓਂ ਕਾਰ ਪਰਮਾਤਮਾ ਘਟ ਘਟ ਰਹੇ ਵਿਰਾਜ। ਰਚਨਹਾਰ ਗੁਰਦੇਵ ਜੀ ਸ਼ੁੱਧ ਕਰੋ ਮਮ ਕਾਜ।।

ਸ਼ੇਅਰ

ਓਂ ਕਾਰ ਪਰਮਾਤਮਾ ਪਰੀਪੂਰਨ ਸਾਰੇ ਜਗਤ ਦੇ ਵਿੱਚ ਨਿਵਾਸ ਤੇਰਾ ਪੌਣ ਪਾਣੀ ਤੇ ਅੱਗ ਦੀ ਕਰੀ ਰਚਨਾ ਧਰਮਸ਼ਾਲ ਹੈ ਧਰਤ ਅਕਾਸ਼ ਤੇਰਾ ਸੂਰਜ ਚੰਦ ਸਿਤਾਰੇ ਘਨਘੋਰ ਬਿਜਲੀ ਆਦਿ ਮੱਧ ਤੇ ਅੰਤ ਪ੍ਰਕਾਸ਼ ਤੇਰਾ ਇੱਕ ਤੂੰ ਹੀ ਸੱਚ ਹੈਂ ਤੂੰ ਹੀ ਤੂੰ ਰਚਨਹਾਰ ਤੂੰ ਰੇਵਤੀ ਦਾਸ ਤੇਰਾ

ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ

ਡੂਢਾ ਕੇਸਰੀ ਛੰਦ  ਪਹਿਲਾਂ ਪ੍ਰਣਾਮ ਕਰਕੇ ਗਣੇਸ਼ ਨੂੰ, ਪੂਜਾਂ ਭਗਵਤੀ ਨੂੰ ਬਖ਼ਸ਼ੋ ਗਿਆਨ ਮਈਆ ਦਰਵੇਸ਼ ਨੂੰ,ਸ਼ੁੱਧ ਕਰੋ ਮਤੀ ਨੂੰ ਮਹਿਮਾਂ ਤੇਰੀ ਵੇਦਾਂ ਨੇ ਬਖਾਨੀ ਦੁਰਗਾ,ਤੇਰਾ ਧਿਆਨ ਲਾ ਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਪਾਰਵਤੀ ਲੱਛਮੀ ਤੂੰ ਮਾਤਾ ਸ਼ਾਰਦਾ,ਦੇਹ ਮੁਰਾਦਾਂ ਮੰਗੀਆਂ ਇੰਦਰ ਵੀ ਤੇਰੀ ਆਰਤੀ ਉਤਾਰਦਾ, ਆਉਣ ਜਦੋਂ ਤੰਗੀਆਂ ਯੁੱਧ ਵਿੱਚ ਵੀਰਤਾ ਲਾਸਾਨੀ ਦੁਰਗਾ, ਧੰਨ ਮਾਤਾ ਕਲੀਏ ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਚੰਦ ਦੀ ਚਮਕ ਸੂਰਜ ਦੀ ਰੋਸ਼ਨੀ,ਤੂੰ ਸੁਗੰਧੀ ਫੁੱਲ ਦੀ ਤਿੰਨ ਲੋਕ ਵਿੱਚ ਤੇਰੇ ਜੈਸਾ ਜੋਸ਼ ਨੀ, ਸਿਰਤਾਜ ਕੁੱਲ ਦੀ ਹੋਵੇਂ ਤੂੰ ਸਹਾਈ ਦੋ ਜਹਾਨੀ ਦੁਰਗਾ,ਤੈਨੂੰ ਜੇ ਧਿਆਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਢੋਲ ਵਾਜੇ ਵੱਜਦੇ ਭਵਨ ਤੇਰੇ ਤੇ, ਭੇਟਾਂ ਗਾਉਣ ਸੰਗਤਾਂ ਤੇਰੀ ਜੋਤ ਜਿੱਤ ਪਾਪਾਂ ਦੇ ਹਨੇਰੇ ਤੇ, ਜੋ ਜਗਾਉਣ ਸੰਗਤਾਂ ਹੋਵੇ ਨਾ ਸਭਾ ਦੇ ਵਿੱਚ ਹਾਨੀ ਦੁਰਗਾ, ਆਸਰਾ ਤਕਾਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਬਰਮਾ ਵਿਸ਼ਨ ਤੇ ਮਹੇਸ਼ ਮਾਤਾ ਜੀ, ਤੇਰੇ ਯਸ਼ ਗਾਉਂਦੇ ਨੇ ਗੁਣ ਗਾਉਂਦੇ ਸ਼ੇਸ ਤੇ ਗਣੇਸ਼ ਮਾਤਾ ਜੀ, ਦੇਵਤੇ ਧਿਆਉਂਦੇ ਨੇ ਦੈਂਤਾ ਦੇ ਕਰਾਈ ਯਾਦ ਨਾਨੀ ਦੁਰਗਾ, ਖੜਗ ਉਠਾਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਮਹਾਂਵੀਰ ਭੈਰੋਂ ਪਹਿਰੇਦਾਰ ਤੇਰੇ ਜੋ,ਰਹਿੰਦੇ ਸਦਾ ਦਰ ਤੇ ਪਿੱਛੇ ਭੈਰੋਂ ਮਹਾਂਵੀਰ ਹੈ ਅਗੇਰੇ ਜੋ,ਹੱਥ ਫੜਕੇ ਗਦਾ ਤੀਨ ਲੋਕ ਵਿੱਚ ਸਨਮਾਨੀ ਦੁਰਗਾ,ਤੇਰੇ ਗੀਤ ਗਾਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਅਗਨੀ ਸਰੂਪ ਜੱਗ 'ਚ ਵਿਰਾਜੇ ਤੂੰ, ਵਸਦੀ ਪਹਾੜਾਂ 'ਚ  ਭੀੜ ਪੈਜੇ ਕੋਈ ਤਾਂ ਸੱਦੇ ਤੋਂ ਆਜੇ ਤੂੰ, ਜੰਗਲਾਂ ਉਜਾੜਾਂ 'ਚ  ਲਾਲ ਝੰਡੇ ਮੰਦਰ ਨਿਸ਼ਾਨੀ ਦੁਰਗਾ,ਜੋਤ ਨੂੰ ਜਗਾਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।। ਸ਼ੁੱਧ ਹੋ ਜੇ ਬੁੱਧ ਤੇਰਾ ਧਿਆਨ ਜੋ ਧਰੇ,ਸ਼ਕਤੀ ਮਹਾਨ ਤੂੰ ਤੇਰਾ ਨਾਮ ਨਾਸ਼ ਦੁਰਗਤ ਨੂੰ ਕਰੇ,ਕਰੇਂ ਕਲਿਆਣ ਤੂੰ ਰੇਵਤੀ ਰਮਣ ਅਗਿਆਨੀ ਦੁਰਗਾ, ਭੁੱਲ ਬਖ਼ਸ਼ਾਲੀਏ  ਦੇਵੀ ਮਾਤਾ ਚੰਡਕਾ ਭਵਾਨੀ ਦੁਰਗਾ,ਜੈ ਹੋ ਸ਼ੇਰਾਂ ਵਾਲੀਏ।।

ਧੰਨ ਗੁਰੂ ਬਾਜਾਂ ਵਾਲਿਆਂ

ਗੱਡੀ ਚਾਲ ਛੰਦ ਭਾਈ ਮਨੀ ਸਿੰਘ ਥਾਪਕੇ ਲਿਖਾਰੀ ਗੁਰੂ ਜੀ ਲਿਖਾਉਣ ਲੱਗ ਪਏ ਓਅੰਕਾਰ ਦੀ ਹੈ ਰਚਨਾ ਸਾਰੀ ਗੱਲ ਸਮਝਾਉਣ ਲੱਗ ਪਏ ਜੋਤੀ ਜੋਤ ਜੈਸੇ ਪਾਣੀ ਸੰਗ ਪਾਣੀ ਬ੍ਰਹਮ ਗਿਆਨ ਜਿਹਨੇ ਪਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਧੰਨ ਭਾਗ ਤਲਵੰਡੀ ਸਾਬੋ ਧਰਤੀ ਜਿੱਥੇ ਆ ਚਰਨ ਪਾ ਦਿੱਤੇ ਸੱਚੇ ਪਾਤਸ਼ਾਹ ਮਿਹਰ ਦੇਖੋ ਕਰਤੀ ਅੱਕਾਂ ਨੂੰ ਵੀ ਅੰਬ ਲਾ ਦਿੱਤੇ ਭਾਈ ਡੱਲਿਆਂ ਬਚਨ ਸੱਚੇ ਜਾਣੀ ਟਿੱਬਿਆਂ ਚ ਬਾਗ ਲਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਵਰ ਬਖਸ਼ਿਆ ਗੁਰੂ ਨੇ ਗੁਰੂ ਕਾਸ਼ੀ ਦਾ ਦਮਦਮਾ ਸਾਹਿਬ ਨਾਮ ਜੀ ਏਥੇ ਮੁੱਕ ਜਾਂਦਾ ਚੱਕਰ ਚਰਾਸੀ ਦਾ ਧੰਨ ਗੁਰੂਆਂ ਦਾ ਧਾਮ ਜੀ ਸੰਤ ਸੂਰਮੇਂ ਗੁਰੂ ਜੀ ਜਾਣ ਜਾਣੀ ਚੌਥਾ ਤਖ਼ਤ ਬਣਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਮੰਦ ਬੁੱਧ ਵੀ ਬਣਨਗੇ ਗਿਆਨੀ ਗੁਰੂ ਨੇ ਮੁੱਖੋਂ ਉਚਾਰਿਆ ਝੰਡੇ ਬੁੰਗੇ ਜੁਗੋ ਜੁਗ ਹੈ ਨਿਸ਼ਾਨੀ ਵਾਹਿਗੁਰੂ ਬੋਲ ਪਿਆਰਿਆ ਕਿਵੇਂ ਕੰਤ ਨੂੰ ਰਿਝਾਵੇ ਕਾਮਣਇਆਣੀ ਤਿੰਨ ਗੁਣ ਅਜਮਾਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਬਾਬਾ ਬੀਰ ਸਿੰਘ ਧੀਰ ਸਿੰਘ ਸੂਰਮੇ ਕਰਗੇ ਮਿਸਾਲ ਕਾਇਮ ਜੀ ਮੂਹਰੇ ਗੋਲੀ ਦੇ ਖੜੋਗੇ ਧਾਰ ਊਰ੍ਹਮੇ ਡੱਲੇ ਦਾ ਮਿਟਾਇਆ ਵਹਿਮ ਜੀ ਦਸਵੇਂ ਪਿਤਾ ਨੇ ਬਹਾਦਰੀ ਪਛਾਣੀ ਫੈਰ ਸ਼ੀਸ ਤੋਂ ਲੰਘਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਜਦੋਂ ਮਾਤਾ ਜੀ ਨੇ ਬਚਨ ਉਚਾਰਿਆ ਸਤਿਗੁਰੋ ਲਾਲ ਕਿੱਥੇ ਨੇ ਜੋੜਾ - ਜੋੜਾ ਕਰ ਧਰਮ ਤੋਂ ਵਾਰਿਆ ਉੱਥੇ ਨੌਵੇਂ ਗੁਰੂ ਜਿੱਥੇ ਨੇ ਹੋਗੀ ਦੁਨੀਆਂ ਤੇ ਅਮਰ ਕਹਾਣੀ ਰੁਤਬਾ ਮਹਾਨ ਪਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਬਾਬਾ ਦੀਪ ਸਿੰਘ ਪਹਿਲੇ ਜਥੇਦਾਰ ਜੀ ਤਲੀ ਤੇ ਰੱਖਿਆ ਸੀਸ ਸਿੰਘ ਨੇ ਨਾਲੇ ਬੀੜਾਂ ਦੇ ਉਤਾਰੇ ਕੀਤੇ ਚਾਰ ਜੀ ਸਤਿਗੁਰਾਂ ਦੇ ਨਿਹੰਗ ਨੇ ਛਾਉਣੀ ਲਾਡਲੀਆਂ ਫੌਜਾਂ ਦੀ ਸੋਹਾਣੀ ਬੇਰ ਸਾਹਿਬ ਡੇਰਾ ਲਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਬਾਬਾ ਅਤਰ ਸਿੰਘ ਬ੍ਰਹਮ ਗਿਆਨੀ ਸੰਤ ਜੀ ਮਸਤੂਆਣਾ ਬੁੰਗਾ ਥਾਪ ਗਏ ਪੜ੍ਹਦੇ ਬਾਣੀ ਵਿਦਿਆਰਥੀ ਬੇਅੰਤ ਜੀ ਗੁਰੂ ਲੜ ਲਾ ਕੇ ਆਪ ਗਏ ਪਰਮ ਆਤਮਾ ਅਨੰਦ ਰਸ ਮਾਣੀ ਕੀਰਤਨ ਅਪਣਾ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ ਤੱਕੋ ਆਸਰਾ ਸ਼੍ਰੀ ਗੁਰੂ ਗ੍ਰੰਥ ਦਾ ਦੂਰੋਂ ਦੂਰੋਂ ਆਈਆਂ ਸੰਗਤਾਂ ਗੁਰੂ ਆਪ ਰਾਖਾ ਖਾਲਸਾ ਪੰਥ ਦਾ ਗੁਰ ਵਡਿਆਈਆਂ ਸੰਗਤਾਂ ਸ਼ਰਮਾ ਰੇਵਤੀ ਰੋਜ਼ਾਨਾ ਪੜ੍ਹੇ ਬਾਣੀ ਗਿਆਨ ਦੀ ਗੰਗਾ ਚ ਨਾਹ ਲਿਆ ਗੁਰੂ ਕਾਸ਼ੀ 'ਚ ਲਿਖਾਈ ਗੁਰਬਾਣੀ ਧੰਨ ਗੁਰੂ ਬਾਜਾਂ ਵਾਲਿਆਂ

ਕਰ ਪਿਆਰ ਭਲਾ ਮੰਗ ਤੂੰ

ਦੋਤਾਰਾ ਛੰਦ ਗੁਰੂਆਂ ਅਵਤਾਰਾਂ ਨੇ, ਸਭ ਨੂੰ ਸੱਚੀ ਗੱਲ ਸੁਣਾਈ  ਉਪਜਿਆ ਇੱਕ ਨੂਰ ਵਿੱਚੋਂ ਸਾਰਾ, ਜਗਤ ਤਮਾਸ਼ਾ ਭਾਈ  ਸਭ ਦੁਨੀਆਂ ਮਿੱਤਰਾਂ ਦੀ,ਏਥੇ ਭਲਾ ਬੁਰਾ ਕੋਈ ਹੈ ਨਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਕਾਦਰ ਦੀ ਕੁਦਰਤ ਦੇ, ਸਾਂਝੇ ਪੌਣ ਪਾਣੀ ਤੇ ਧਰਤੀ  ਕਲਾਕਾਰ ਅਨੋਖੇ ਨੇ, ਰੰਗ ਬਿਰੰਗੀ ਰਚਨਾ ਰਚਤੀ  ਖੁਸ਼ੀਆਂ ਦੀ ਸਾਂਝ ਕਰੋ, ਦੁਖੜਾ ਇੱਕ ਦੂਜੇ ਦਾ ਸਹਿਣਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਸਭ ਰੱਬ ਦੇ ਬੰਦੇ ਐ, ਕਿਸੇ ਨੂੰ ਬੋਲ ਬੋਲ ਨਾ ਮੰਦਾ  ਸਿਆਣਿਆਂ ਨੇ ਸੱਚ ਕਿਹਾ, ਬੰਦੇ ਦੀ ਦਾਰੂ ਹੈ ਬੰਦਾ  ਕਹੋ ਜਾਤ ਕੌਮ ਕੋਈ, ਖੂਨ ਤਾਂ ਲਾਲ ਪਵੇਗਾ ਕਹਿਣਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਤੇਰਾ ਤੇ ਮੇਰਾ ਕੀ, ਕਾਸ ਦੀ ਤੂੰ-ਤੂੰ ਮੈਂ-ਮੈ ਨਾ ਡਰਨ ਡਰਾਉਣ ਚੰਗਾ, ਕਿਸੇ ਨੂੰ ਮਾਰੇ ਕਿਸੇ ਤੋਂ ਡਰਦੈਂ ਹੱਥ ਗਿਆਨ ਖੜਗ ਲੈ ਕੇ, ਸੂਰਮਾ ਮੰਨੇ ਕਿਤੇ ਨਾ ਭੈ ਨਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਛੱਡ ਨਫ਼ਰਤ ਬਣ ਬੰਦਾ, ਵਸਦਾ ਮੁਲਕ ਮਾਹੀ ਦਾ ਦਿੱਸੇ  ਤੂੰ ਤੇ ਮੈਂ ਇੱਕੋ ਹਾਂ, ਦੱਸਦੇ ਬੁੱਲ੍ਹੇ ਸ਼ਾਹ ਦੇ ਕਿੱਸੇ  ਦਿਲ ਧਾਰ ਹਲੀਮੀ ਨੂੰ, ਹਮੀ ਨੂੰ ਤਿਆਗ ਛੱਡਦੇ ਖਹਿਣਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਪਾਣੀ ਵਰਤਾਉਂਦੇ ਨੂੰ, ਸਾਰੇ ਗੋਬਿੰਦ ਨਜ਼ਰੀ ਆਇਆ ਉਸ ਭਾਈ ਘਨੱਈਏ ਨੇ, ਕਿੱਡਾ ਉੱਚਾ ਰੁਤਬਾ ਪਾਇਆ  ਨਾ ਡਰਾ ਜਰਵਾਣੇ ਤੋਂ, ਸੱਚ ਨੇ ਜਿੱਤਣਾ ਝੂਠ ਨੇ ਢਹਿਣਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਭਰਮਾਂ ਦੇ ਵੱਸ ਹੋ ਕੇ, ਸਮਝੇਂ ਵੱਖ ਗਊ ਤੇ ਸੂਰ ਗਾਂ ਸੂਰ ਨਹੀਂ ਲੜਦੇ, ਤੂੰ ਕਿਉਂ ਲੜਨ ਲਈ ਮਜ਼ਬੂਰ  ਇੱਕੋ ਰੱਬ ਦੱਸਦੇ ਐ, ਗੁਰੂ ਗ੍ਰੰਥ ਕੁਰਾਨ ਰਮੈਣਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ ਜੇ ਰੋਗ ਮੁਕਤ ਹੋਣਾ, ਦਿਲ ਚੋਂ ਬੁਰੀ ਭਾਵਨਾ ਕੱਢਦੇ ਸਾਰਿਆਂ ਵਿੱਚ ਨੂਰ ਇੱਕੋ, ਕਿਸੇ ਨੂੰ ਨਫ਼ਰਤ ਕਰਨਾਂ ਛੱਡਦੇ ਪ੍ਰਸਾਦਿ ਰੇਵਤੀ ਨੂੰ, ਤੰਗ ਨਾ ਕਰੋ ਚਾਰ ਦਿਨ ਰਹਿਣਾ ਕਰ ਪਿਆਰ ਭਲਾ ਮੰਗ ਤੂੰ, ਨੇਕੀ ਖਟ ਬਦਨਾਮੀ ਲੈ ਨਾ

ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ

ਵਰਣਕ ਛੰਦ ਗੰਦੇ ਗੀਤਾਂ ਸਾਡਾ ਸੱਭਿਆਚਾਰ ਵਿਗਾੜ ਦਿੱਤਾ ਬੇਸ਼ਰਮੀ ਪ੍ਰਧਾਨ ਸ਼ਰਮ ਨੂੰ ਜੜੋਂ ਉਖਾੜ ਦਿੱਤਾ ਅਜੇ ਵੀ ਸਾਂਭੋ ਮੌਕਾ ਹੋਰ ਨਾ ਕਰੋ ਖਰਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਹੈ ਯੋਧਿਆਂ ਦੀ ਜਨਨੀ ਧਰਤੀ ਦੇਸ਼ ਪੰਜਾਬ ਦੀ ਗੁਰ ਨਾਨਕ ਦੀ ਬਾਣੀ ਮਿੱਠੀ ਧੁਨ ਰਬਾਬ ਦੀ ਦੇਖੋ ਖੋਲ੍ਹ ਖਜਾਨਾਂ ਜਰਾ ਘੁਮਾਓ ਚਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਲੋਕ ਹਿਤਾ ਦੀ ਖਾਤਰ ਯੋਧੇ ਜਾਨਾਂ ਵਾਰ ਗਏ ਲਿਖਣ ਵਾਲਿਓ ਕਿਹੜੀ ਗੱਲੋਂ ਮਨੋਂ ਵਿਸਾਰ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਦੁਰਗਾ ਭਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਕਦਰਾਂ ਕੀਮਤਾਂ ਕਵੀ ਕਲਮ ਨਾਲ ਪੈਦਾ ਕਰ ਦਿੰਦੇ ਜਾਗ ਜਮੀਰਾਂ ਪੈਣ ਅਨੋਖੀ ਸ਼ਕਤੀ ਭਰ ਦਿੰਦੇ ਮਜਲੂਮਾਂ ਦੇ ਹਾਮੀ ਚੈਂਲਜ ਕਰਨ ਨਵਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਹਰ ਥਾਂ ਬੇਇਮਾਨੀ ਬੇਇਨਸਾਫੀ ਹੀ ਦਿੱਸੇ ਆਤਮ ਹੱਤਿਆ ਕਰਦੇ ਲਿਖੋ ਕਿਸਾਨਾਂ ਦੇ ਕਿੱਸੇ ਕਿਥੋਂ ਕਿਸ਼ਤਾਂ ਭਰਨ ਵਿਚਾਰੇ ਵੱਡੇ ਹਿਸਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਆਰਕੈਸਟਰਾਂ ਸ਼ੌਂਕ ਨਹੀਂ ਮਜ਼ਬੂਰੀ ਨੱਚਦੀ ਐ ਬੇਸ਼ਰਮੀ ਦੀ ਦਾਰੂ ਪੀ ਜੰਨ ਪੂਰੀ ਨੱਚਦੀ ਐ ਨਸ਼ਿਆ ਨੇ ਛੱਕ ਲਿਆ ਪੰਜਾਬੀ ਫੁੱਲ ਗੁਲਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਹੋਵੇ ਕਿਵੇਂ ਤਰੱਕੀ ਔਰਤ ਦਾ ਸਤਿਕਾਰ ਨਹੀਂ ਵਿੱਚ ਕੁੱਖ ਦੇ ਮਾਰ ਮੁਕਾਉਣਾ ਸੱਭਿਆਚਾਰ ਨਹੀਂ ਕਿੱਥੇ ਬੱਝਣਗੇ ਸੇਹਰੇ ਲ੍ਹਾਤਾ ਪਗੜੀ ਨਾਭੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ   ਕਹੇ ਰੇਵਤੀ ਰਮਣ ਕਦਰ ਕਰ ਬਾਣੀ ਬਾਣੇ ਦੀ ਵਧਦੀ ਜਾਵੇ ਰੀਸ ਦਿਨੋਂ ਦਿਨ ਪੱਛਮੀ ਲਾਣੇ ਦੀ ਬਰਮਾਂ ਨੰਦ ਆਨੰਦ ਰੌਸ਼ਨੀ ਦੇਖ ਮਤਾਬੀ ਨੂੰ ਸਾਹਿਤ ਸੱਭਿਆਚਾਰ ਬਚਾਓ ਮਾਤ ਪੰਜਾਬੀ ਨੂੰ

ਪ੍ਰਣਾਮ ਅਧਿਆਪਕ ਨੂੰ

ਦੋਤਾਰਾ ਛੰਦ ਰੁੱਤਬਾ ਅਧਿਆਪਕ ਦਾ ਸਾਰੇ ਰੁਤਬਿਆਂ ਨਾਲੋਂ ਉੱਚਾ ਚੰਗੇ ਅਧਿਆਪਕ ਦੀ ਕਰਦਾ ਕਦਰ ਸਮਾਜ ਸਮੁੱਚਾ ਜੀਵਨ ਦੀ ਜਾਂਚ ਦੱਸੇ ਬਣਾਵੇ ਬੱਚਿਆਂ ਨੂੰ ਸਚਿਆਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਖ਼ੁਦ ਜਲਕੇ ਵੀ ਕਰਦਾ ਕਰਦੀ ਮੋਮਬੱਤੀ ਜਿਉਂ ਚਾਨਣ ਹਰ ਵੇਲੇ ਸੋਚ ਇਹੀ ਮੇਰੇ ਚੇਲੇ ਖੁਸ਼ੀਆਂ ਮਾਨਣ ਦਿਲ ਵਿੱਚ ਵਸਾ ਦੇਵੇ ਗੱਲਾਂ ਸੱਚੀਆਂ ਨਾਲ ਇਸ਼ਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਹੈ ਪੜ੍ਹੇ ਅਧਿਆਪਕ ਤੋਂ ਡਾਕਟਰ ਇੰਜਨੀਅਰ ਵਿਗਿਆਨੀ ਵਿਦਵਾਨ ਬਣਾ ਦੇਵੇ ਵਿਦਵਤਾ ਜਾਏ ਜਗਤ ਸਨਮਾਨੀ ਸਿੱਖਕੇ ਗੁਰ ਏਸੇ ਤੋਂ ਖਿਡਾਰੀ ਚਮਕਣ ਵਾਂਗ ਸਿਤਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਵਿੱਚ ਰਹਿ ਕੇ ਸਾਦਗੀ ਦੇ ਦੇਸ਼ ਦੀ ਸੇਵਾ ਕਰਦਾ ਰਹਿੰਦਾ ਰਿਸ਼ਵਤ ਦੇ ਯੁੱਗ ਵਿੱਚ ਵੀ ਕਿਸੇ ਤੋਂ ਨਵਾਂ ਪੈਸਾ ਨੀ ਲੈਂਦਾ ਅੱਧੋਂ ਵੱਧ ਜ਼ਿੰਦਗੀ ਨੂੰ ਪਿਆਰੇ ਬੱਚਿਆਂ ਵਿੱਚ ਗੁਜਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਸੱਚਾ ਦੇਸ਼ ਭਗਤ ਬਣਕੇ ਬੱਚਿਆਂ ਵਿੱਚ ਕੌਮੀ ਭਾਵਨਾ ਭਰਦਾ ਕਹੇ ਨਸ਼ਾ ਨਾਸ਼ ਕਰਦੂ ਪੀਓ ਨਾ ਬੀੜੀ ਲਾਓ ਨਾ ਜਰਦਾ ਭੁੱਲ ਕੇ ਵਰਤਿਓ ਨਾ ਬੱਚਿਓ ਨਸ਼ੇ ਨਿਕੰਮੇ ਸਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਇਹਦੇ ਕੰਮ ਵਿੱਚ ਵਿਘਨ ਪਵੇ ਪੈਂਦੀਆਂ ਨਵੀਆਂ ਨਿੱਤ ਵਗਾਰਾਂ ਚੁੱਕੀ ਫਿਰੇ ਸੰਦੂਕੜੀਆਂ ਵਿਚਾਰਾ ਨਿੱਤ ਬਦਲਣ ਸਰਕਾਰਾਂ ਕੰਮ ਵੱਡਾ ਪੜ੍ਹਾਈ ਦਾ ਹੋਰ ਕੋਈ ਕੰਮ ਨਾ ਲੈ ਸਰਕਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਛਾਪੇ ਅਫ਼ਸਰ ਮਾਰਦੇ ਐ ਜਿਵੇਂ ਕੋਈ ਹੋਵੇ ਅਧਿਆਪਕ ਚੋਰ ਦੁੱਖ ਸੁੱਖ ਕੋਈ ਸੁਣਦੇ ਨੀ ਗੱਲਾਂ ਕਰਨ ਹੋਰ ਦੀਆਂ ਹੋਰ ਕੋਈ ਲੇਟ ਲੱਭ ਜਾਵੇ ਆਖਣ ਆ ਗਏ ਬੜੇ ਨਜ਼ਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ ਗੁਰੂ ਬਰ੍ਹਮਾ ਨੰਦ ਜੀ ਤੋਂ ਰੇਵਤੀ ਸਿੱਖਿਆ ਛੰਦ ਬਣਾਉਣੇ ਐਸੇ ਵਿਦਵਾਨ ਬੰਦੇ ਜੱਗ ਤੇ ਰੋਜ਼ ਰੋਜ਼ ਨੀ ਆਉਣੇ ਅਧਿਆਪਕ ਦਾ ਯਸ ਦੁਨੀਆਂ ਗਾਉਂਦੀ ਰਹੀ ਰਹੂ ਯੁੱਗ ਚਾਰੇ ਪ੍ਰਣਾਮ ਅਧਿਆਪਕ ਨੂੰ ਵਿੱਦਿਆ ਦੇਵੇ ਕੌਮ ਉਸਾਰੇ

ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ

ਦਵਈਆ ਛੰਦ ਸਭ ਸੁੱਖ ਦਾਤਾ ਰਾਮ ਦੱਸਗੇ ਸਤਿਗੁਰ ਤੇਗ ਬਹਾਦਰ ਜੀ ਵੈਰੀ ਮੀਤ ਸਮਾਨ ਸਮਝਕੇ ਸਭ ਦਾ ਕਰੀਏ ਆਦਰ ਜੀ ਗੋਬਿੰਦ ਮਿਲਣ ਦੀ ਮਿਲੀ ਹੈ ਵਾਰੀ ਇਹੀ ਅਸਲੀ ਕਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਇੱਕ ਨੂਰ ਚੋਂ ਪੈਦਾ ਹੋਈ ਸਾਰੀ ਦੇਖ ਸ਼੍ਰਿਸ਼ਟੀ ਐ ਉਸਨੂੰ ਸਾਰੇ ਸੱਜਣ ਦਿਸਦੇ ਜਿਸਦੀ ਸਾਫ਼ ਦ੍ਰਿਸ਼ਟੀ ਐ ਈਸ਼ਵਰ ਅੱਲ੍ਹਾ ਗੌੜ ਖੁਦਾ ਤੇ ਵਾਹਿਗੁਰੂ ਸਤਿਨਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਸਾਰਿਆਂ ਦੇ ਵਿੱਚ ਵਸਦਾ ਮਾਲਕ ਸਾਰੇ ਉਸ ਵਿੱਚ ਵਸਦੇ ਐ ਸਾਰੇ ਧਰਮ ਗ੍ਰੰਥ ਦੇਖ ਲੋ ਬਚਨ ਅਮੋਲਕ ਦਸਦੇ ਐ ਗੁਰੂ ਗ੍ਰੰਥ ਤੇ ਵੇਦ ਕਤੇਬਾ ਸਭ ਮੇਂ ਉੱਤਮ ਨਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਝੂਠ ਫਰੇਬ ਪਖੰਡ ਦਿਖਾਵਾ ਵਾਹਿਗੁਰੂ ਨੂੰ ਭਾਉਂਦੇ ਨੀ ਰੱਬ ਉਹਨਾਂ ਨੂੰ ਕਦੇ ਨੀ ਮਿਲਦਾ ਧੰਨੇ ਵਾਂਗ ਜੋ ਧਿਆਉਂਦੇ ਨੀ ਪੰਡਤ ਰਹਿ ਗਿਆ ਧੰਨਾ ਪਾ ਗਿਆ ਉਹੀ ਸਾਲਗਰਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਘਰੇ ਬਿਦਰ ਦੇ ਭੋਗ ਲਗਾਉਂਦਾ ਛਕਦਾ ਚੌਲ ਸੁਦਾਮੇਂ ਦੇ ਮੋਈ ਗਊ ਜਿਉਂਦੀ ਕਰਦਾ ਆਖੇ ਲੱਗ ਕੇ ਨਾਮੇ ਦੇ ਜੂਠੇ ਬੇਰ ਖਵਾਉਂਦੀ ਭੀਲਣੀ ਮੀਰਾਂ ਦਾ ਵੀ ਸ਼ਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਨਾਨਕ ਬਣਕੇ ਆਇਆ ਮਾਲਕ ਡੁਬਦੀ ਦੁਨੀਆਂ ਤਾਰਨ ਲਈ ਇੱਕ ਪਿਤਾ ਦੇ ਪੁੱਤਰ ਸਾਰੇ ਸੱਚ ਦਾ ਹੋਕਾ ਮਾਰਨ ਲਈ ਸਭ ਦੇ ਸਾਂਝੇ ਪੀਰ ਪੈਗੰਬਰ ਸਭ ਦਾ ਹੈ ਪੈਗਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਭਾਈ ਘਨ੍ਹੱਈਆ ਪਾਣੀ ਦੇਵੇ ਦਿਸਦਾ ਗੋਬਿੰਦ ਸਾਰਿਆਂ 'ਚ ਖੁਸ਼ ਹੋ ਗੁਰੂ ਜੀ ਮੱਲ੍ਹਮ ਦਿੰਦੇ ਦੇਖਿਆ ਜਦੋਂ ਨਜ਼ਾਰਿਆ ' ਅਗਿਆਨ ਅੰਧੇਰਾ ਦੂਰ ਹੋ ਗਿਆ ਜਾਪੇ ਸ਼ੁਭਾ ਤੇ ਸ਼ਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੁਣੋਂ ਗੁਰੂ ਦੀ ਬਾਣੀ ਨੂੰ ਨਫ਼ਰਤ ਕਰਨੀ ਛੱਡ ਰੇਵਤੀ ਕਿਉਂ ਉਲਝਾਵੇਂ ਤਾਣੀ ਨੂੰ ਜਾਤ ਪਾਤ ਨੀ ਪੁੱਛਦਾ ਕੋਈ ਪਾਰ ਲੰਘਾਵੇ ਨਾਮ ਇੱਕੋ ਸਾਰੇ ਬੱਚੇ ਉਸ ਮਾਲਕ ਦੇ ਸਭ ਦਾ ਸਾਈਂ ਰਾਮ ਇੱਕੋ

ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ

ਮਨੋਹਰ ਭਵਾਨੀ ਛੰਦ ਦੇਖੋ ਦੁਨੀਆਂ ਦੀ ਰੀਤ,ਖੁਦਗਰਜੀ ਪ੍ਰੀਤ  ਦਿਲੋਂ ਠੱਗ ਉੱਤੋਂ ਮੀਤ, ਦਿਲਦਾਰ ਅੱਜ ਦੇ  ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਪੈਸਾ ਹੋਵੇ ਜਿਹਦੇ ਕੋਲ, ਉਹਦੇ ਨਾਲ ਮਿੱਠਾ ਬੋਲ ਲੈਂਦੇ ਬਟੂਆ ਫਰੋਲ, ਹੁਸ਼ਿਆਰ ਅੱਜਦੇ ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਸੱਚਾ ਪਿਆਰ ਨੀ ਜਤਾਉਂਦੇ, ਗਰਜ ਆਪਣੀ ਮਿਟਾਉਂਦੇ ਫਿਰ ਭਾਲੇ ਨੀ ਥਿਆਉਂਦੇ, ਸ਼ਰਮਸਾਰ ਅੱਜ ਦੇ  ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਕੀਤਾ ਪੈਸਾ ਪ੍ਰਧਾਨ, ਛੱਡਿਆ ਧਰਮ ਇਮਾਨ ਮੁੱਲ ਵੇਚਦੇ ਬਿਆਨ, ਅਹੁਦੇਦਾਰ ਅੱਜ ਦੇ  ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਹੋਏ ਚੰਦਰੇ ਰਿਵਾਜ, ਕੁੜੀ ਪਿੱਛੋਂ ਪਹਿਲਾਂ ਦਾਜ ਹੋਇਆ ਜ਼ਖ਼ਮੀ ਸਮਾਜ, ਝੂਠੇ ਪਿਆਰ ਅੱਜ ਦੇ ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਸੀਨੇ ਲਾਲਚ ਦੀ ਅੱਗ, ਲੈਂਦੇ ਮਿਤਰਾਂ ਨੂੰ ਠੱਗ ਵੱਟੀ ਹੋਵੇ ਭਾਵੇਂ ਪੱਗ, ਦਿੰਦੇ ਮਾਰ ਅੱਜ ਦੇ  ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਕੌਣ ਸੋਚੇ ਪੁੰਨ ਪਾਪ, ਪੈਸਾ ਮਾਈ ਪੈਸਾ ਬਾਪ  ਹੋਈ ਫਿਰੇ ਆਪੋ ਧਾਪ, ਇਹ ਵਿਚਾਰ ਅੱਜ ਦੇ  ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ ਸੱਚ ਰੇਵਤੀ ਸੁਣਾਵੇ, ਕੀਹਨੂੰ ਕੌਣ ਸਮਝਾਵੇ ਕਾਹਦੇ ਵਿਆਹ ਤੇ ਮੁਕਲਾਵੇ, ਸ਼ਰਮਸਾਰ ਅੱਜ ਦੇ ਪੈਸੇ ਦੇ ਮਿੱਤਰ, ਝੂਠੇ ਯਾਰ ਅੱਜ ਦੇ

ਆਹ! ਚਿੱਟੇ ਚੰਦਰੇ ਨੇ

ਦੋਤਾਰਾ ਛੰਦ ਜੋ ਫੀਮੀ ਪੋਸਤੀ ਸੀ ਕਰਦੇ ਕੰਮ ਸੁਣਾਉਂਦੇ ਗੱਲਾਂ ਚਿੱਟੇ ਦੇ ਟੀਕਿਆਂ ਨੇ ਵਿਛਾਤੇ ਸੱਥਰ ਕਿਵੇਂ ਦੁੱਖ ਝੱਲਾਂ ਲੁੱਟ ਖੋਹ ਚੋਰੀ ਵੀ ਹੱਦਾਂ ਜਾਣ ਸਾਰੀਆਂ ਲੰਘੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਦੁੱਖ ਝੱਲ ਕੇ ਪੁੱਤ ਪਾਲੇ,ਮਾਪਿਆਂ ਨਾਲ ਸਕੀਰੀ ਤੋੜੀ ਜੋਂ ਖੂਨ ਪਸੀਨੇ ਦੀ ਕਮਾਈ ਜਾਂਦੇ ਬਾਪ ਦੀ ਰੋੜ੍ਹੀ ਰਾਹ ਚੁਣ ਲਿਆ ਸਿਵਿਆਂ ਦਾ ਸਾਰੇ ਛੱਡ ਕੇ ਸਾਥੀ ਸੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਫ਼ੀਮੀ ਤੇ ਪੋਸਤੀ ਨੂੰ ਚੰਗਾ ਕਹਿ ਨਹੀਂ ਅਸੀਂ ਸਲਾਹੁੰਦੇ ਪਰ ਇਹ ਗੱਲ ਸੱਚੀ ਐ ਓਹ ਨਹੀਂ ਮਰਦੇ ਇਹ ਨਹੀਂ ਜਿਉਂਦੇ ਬਿਨ ਮੌਤ ਇਲਾਜ ਨਹੀਂ ਚਿੱਟਾ ਫੜ੍ਹ ਲੈਂਦਾ ਜਦ ਸੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਦੁੱਖ ਪੁੱਛੋ ਓਹਨਾਂ ਨੂੰ ਜਿੰਨਾ ਦੇ ਪੁੱਤ ਨਸ਼ਿਆਂ ਨੇ ਘੇਰੇ ਅਰਥੀ ਤੇ ਲੇਟਿਆਂ ਦੇ ਭੈਣਾਂ ਬੰਨ੍ਹੀ ਜਾਂਦੀਆਂ ਸੇਹਰੇ ਛੱਡ ਰੰਗਲੀ ਦੁਨੀਆਂ ਨੂੰ ਮਾਵਾਂ ਦੀ ਜਿੰਦ ਸੂਲੀ ਟੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਜਿੱਥੇ ਬਾਬੇ ਨਾਨਕ ਨੇ ਰੱਬੀ ਬਾਣੀ ਮੁੱਖੋਂ ਉਚਾਰੀ ਕਰੋ ਕਿਰਤ ਛਕੋ ਵੰਡ ਕੇ ਭਲਾ ਸਰਬੱਤ ਦਾ ਨਾਮ ਖੁਮਾਰੀ ਗਾਇਨ ਗੁਰਬਾਣੀ ਦਾ ਵਜਾਉਂਦਾ ਮਰਦਾਨਾ ਸਾਰੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਮਰੇ ਮੌਤ ਸੂਰਮਿਆਂ ਦੀ ਗੱਦਰੀ ਬਾਬੇ ਭਗਤ ਸਰਾਭੇ ਅੱਜ ਓਸੇ ਧਰਤੀ ਤੇ ਨਸ਼ਿਆਂ ਲਈ ਹੁੰਦੇ ਖੂਨ ਖਰਾਬੇ ਸੱਪ ਨਸ਼ੇ ਕੋਬਰੇ ਨੇ ਦੇਸ਼ ਦੀ ਅੱਲ੍ਹੜ ਜਵਾਨੀ ਡੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਆਓ ਮੋੜੀਏ ਓਹਨਾ ਨੂੰ ਜਿਹੜੇ ਫਸ ਗਏ ਨਵੇਂ  ਨਾ ਲੱਗਣ ਦੁੱਧ ਘਿਓ ਦੀ ਖੁਰਾਕ ਮਿਲੇ ਚੇਹਰੇ ਦਗ ਦਗ਼ ਕਰਦੇ ਦੱਗਣ ਬੇਗਮਪੁਰ ਜੱਗ ਬਣਜੇ ਹੋਵੇ ਨਾ ਕਿਸੇ ਗੱਲੋਂ ਵੀ ਤੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ   ਹੋਇਆ ਘਾਣ ਜਵਾਨੀ ਦਾ ਹਾਕਮ ਪਏ ਦੇਸ਼ ਦੇ ਸੁੱਤੇ ਚਲੇ ਨਾਲ ਜ਼ਾਲਮਾਂ ਦੇ ਰਾਜੇ ਸ਼ੀਹ ਮੁਕੱਦਮ ਕੁੱਤੇ ਸੁਣੇ ਲੋਕ ਰੇਵਤੀ ਨੇ ਚੰਗਾ ਕਹਿੰਦੇ ਰਾਜ ਫ਼ਿਰੰਗੀ ਆਹ! ਚਿੱਟੇ ਚੰਦਰੇ ਨੇ ਕਾਲੀ ਫੀਮ ਕਹਾਤੀ ਚੰਗੀ

ਦੁਨੀਆਂ ਮੇਲਾਂ ਚਾਰ ਦਿਨਾਂ ਦਾ

ਦਵਈਆ ਛੰਦ ਸਭ ਦੇ ਨਾਲ ਕਰੋ ਹਮਦਰਦੀ, ਪਿਆਰ ਦੀ ਜੋਤ ਜਗਾਕੇ ਗੁੱਸਾ ਨਫ਼ਰਤ ਧੋਖੇਬਾਜ਼ੀ, ਨੇਰ੍ਹਾ ਦੂਰ ਭਜਾਕੇ ਮਿਲਣ ਆਵੇ ਜੋ ਆਖੋ ਉਸਨੂੰ,ਜੀ ਆਇਆਂ ਨੂੰ ਆਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ, ਹੱਸਕੇ ਸਮਾਂ ਲੰਘਾਓ। ਜੋ ਗੁੱਸੇ ਤੋਂ ਦੂਰ ਹੈ ਰਹਿੰਦੇ,ਰੋਗ ਉਨ੍ਹਾਂ ਦੇ ਨਸ ਦੇ ਸਦਾ ਸਿਆਣੇ ਇਹ ਗੱਲ ਕਹਿੰਦੇ,ਹੱਸਦਿਆਂ ਦੇ ਘਰ ਵੱਸਦੇ ਪਹਿਨੋ ਜਿਹੜਾ ਜੱਗ ਨੂੰ ਭਾਵੇ,ਮਨ ਭਾਉਂਦਾ ਹੀ ਖਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ। ਦੁਖ ਨਾ ਜਾਵੇ ਦਿਲ ਕਿਸੇ ਦਾ,ਸਭ ਨੂੰ ਮਿੱਠਾ ਬੋਲੋ ਹੋਰਾਂ ਨੂੰ ਖੁਸ਼ਹਾਲ ਦੇਖ ਕੇ,ਦਿਲ ਵਿੱਚ ਵਿਹੁ ਨਾ ਘੋਲੋ ਦੂਸਰਿਆਂ ਦੀਆਂ ਖੁਸ਼ੀਆਂ ਦੇ ਵਿੱਚ,ਖੁਦ ਵੀ ਖੁਸ਼ੀ ਮਨਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ। ਰਾਤ ਮੁਕ ਜੇ ਦਿਨ ਚੜ੍ਹ ਜਾਂਦਾ,ਦੁਖ ਸੁਖ ਆਉਣਾ ਜਾਣਾ ਰਹਿ ਨੀ ਸਕਿਆ ਏਸ ਜਗਤ ਵਿੱਚ,ਕੋਈ ਰਾਜਾ ਰਾਣਾ ਘਾਟੇ ਵਾਧੇ ਹੁੰਦੇ ਰਹਿੰਦੇ,ਐਵੇਂ ਨਾ ਘਬਰਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ। ਦੁਨੀਆਂ ਸਾਰੀ ਮਿੱਤਰਾਂ ਦੀ ਐ,ਕੋਈ ਨਹੀਂ ਬੇਗਾਨਾ ਜੋ ਵੀ ਆਇਆ ਸਭ ਨੇ ਜਾਣਾ,ਜਗਤ ਮੁਸਾਫ਼ਰ ਖਾਨਾ ਇੱਕੋ ਜੋਤੀ ਸਭ ਦੇ ਅੰਦਰ,ਸਮਝੋ ਤੇ ਸਮਝਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ। ਹੁਸਨ ਜਵਾਨੀ ਧਨ ਦੌਲਤ ਜੋ,ਹਿੱਸੇ ਥੋਡੇ ਆਈਆਂ ਨਾਲ ਸਿਆਣਪ ਜੇ ਵਰਤੋਂਗੇ,ਫੇਰ ਹੋਣ ਰੁਸ਼ਨਾਈਆਂ ਮਹਿਲ ਬੰਗਲੇ ਦੇਖ ਬੇਗਾਨੇ,ਨਾ ਦਿਲ ਵਿੱਚ ਲਲਚਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ। ਮਿੱਠਤ ਨਿਮਰਤਾ ਸਹਿਣਸ਼ੀਲਤਾ,ਦਇਆ ਖਿਮਾ ਨੂੰ ਧਾਰੋ ਮੱਤਾਂ ਦੇਵੋ ਫੇਰ ਕਿਸੇ ਨੂੰ,ਆਪਣਾ ਆਪ ਸੰਵਾਰੋ ਫੁੱਲ ਬਣ ਕੇ ਖੁਸ਼ਬੂਆਂ ਵੰਡੋ,ਜਗਤ ਬਾਗ ਮਹਿਕਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ। ਰੇਵਤੀ ਸ਼ਰਮਾ ਅਰਜ ਗੁਜਾਰੇ, ਛੰਦ ਗਵੈਯਾ ਗਾਕੇ ਆਓ ਸੱਜਣੋਂ ਮਿਲੀਏ ਆਪਾਂ,ਗਲ ਗਲਵੱਕੜੀ ਪਾ ਕੇ ਬਰ੍ਹਮਾ ਨੰਦ ਗੁਰੂ ਜੀ ਕਹਿਗੇ,ਸੱਭਿਆਚਾਰਕ ਗਾਓ ਦੁਨੀਆਂ ਮੇਲਾਂ ਚਾਰ ਦਿਨਾਂ ਦਾ,ਹੱਸਕੇ ਸਮਾਂ ਲੰਘਾਓ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਪੰਡਿਤ ਰੇਵਤੀ ਪ੍ਰਸ਼ਾਦ ਸ਼ਰਮਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ