Punjabi Poetry : Raj Lally Batala

ਪੰਜਾਬੀ ਕਵਿਤਾਵਾਂ : ਰਾਜ ਲਾਲੀ ਬਟਾਲਾ

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ,
ਸਾਡੇ ਨਾਲੋਂ ਫਿਰ ਵੀ ਨੇ ਚੰਗੇ,
ਡਿੱਗਦੇ ਨੇ ਰੁੱਖ ਦੇ ਹੀ ਕੋਲ ਮਾਏ ਮੇਰੀਏ
ਅਸੀਂ ਡਿੱਗੇ ਦੂਰ ਬਦਰੰਗੇ !

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ,
ਕਾਹਲੀ ਕਾਹਲੀ ਆਉਂਦਾ ਏ ਸਿਆਲ,
ਠੰਡ ਵਿਚ ਜਦੋਂ ਮੈਨੂੰ ਕੰਬਣੀ ਜਿਹੀ ਛਿੜਦੀ ਏ,
ਆਉਂਦਾ ਬਸ ਤੇਰਾ ਹੀ ਖਿਆਲ !

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ
ਰਤਾ ਵੀ ਨਾ ਆਉਂਦੀ ਨੀ ਆਵਾਜ਼
ਪੀੜ ਉਸ ਰੁੱਖ ਦੀ ਨੂੰ ਮੈਂ ਤੇ ਪਛਾਣਦਾ ਨੀ,
ਬਾਪੂ ਮੇਰੇ ਵਾਲਾ ਅੰਦਾਜ਼ !

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ,
ਰੁੱਖ ਹੋਏ ਰੰਗ ਤੇ ਬਿਰੰਗੇ,
ਧਰਤੀ ਦੀ ਗੋਦ ਵਿਚ ਕਿੰਨੇ ਸੋਹਣੇ ਲਗਦੇ ਨੇ
ਲਗਦੇ ਨੇ ਸੱਚੀ ਕਿੰਨੇ ਚੰਗੇ !

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ,
ਬਿਰਖਾਂ ਤੇ ਛਾਈ ਹੈ ਉਦਾਸੀ,
ਧੀਆਂ ਪੁੱਤਾਂ ਬਾਝੋਂ ਜਿਵੇ ਸਾਡਾ ਘਰ ਮਾਏ ਲੱਗੇ,
ਜਦੋਂ ਦੇ ਹਾਂ ਹੋਏ ਪਰਵਾਸੀ !

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ,
ਧਰਤੀ ਹੈ ਕੈਨਵਸ ਹੋਈ,
ਰੱਬ ਦਿਆਂ ਰੰਗਾਂ ਵਿਚ ਇੰਝ ਲੱਗੇ ਮਾਏ ਜਿਵੇਂ,
ਪੀੜ ਕਿਸੇ ਦੀ ਅੱਜ ਮੋਈ !

ਹੌਲੀ ਹੌਲੀ ਝੜਦੇ ਨੇ ਪੱਤੇ ਮਾਏ ਮੇਰੀਏ,
ਕਰੇ ਕੋਈ ਕਾਹਦਾ ਨੀ ਗਰੂਰ,
ਮਿਲਾਂਗੇ ਨੀ ਮਾਏ ਆਪਾਂ ਓਸ ਰੁੱਤੇ ਆਣ ਕੇ
ਅੰਬੀਆਂ ਨੂੰ ਪੈਂਦਾ ਜਦੋਂ ਬੂਰ !

ਬੇਨਤੀ

ਸੂਰਜਾ ਵੇ ਸੂਰਜਾ
ਕਿਰਨਾਂ ਦੀ ਸਾਨੂੰ ਲੋੜ ਦੇ
ਤਿੜਕੇ ਆਪਾਂ ਅੰਦਰੋਂ ਹਾਂ
ਸਾਨੂੰ ਤੋੜ ਦੇ ਫਿਰ ਜੋੜ ਦੇ !!

ਧਰਤੀਏ ਮਾਂ ਧਰਤੀਏ
ਸਾਨੂੰ, ਸਹਿਣ ਸ਼ਕਤੀ ਦੀ,ਲੋੜ ਦੇ
ਹਉਮੇ ਅੰਦਰ ਭਖ ਰਿਹਾ
ਇਹਨੂੰ ਠਾਰ ਦੇ ਜਾਂ ਤੋੜ ਦੇ !!

ਪਾਣੀਆ ਵੇ ਪਾਣੀਆ
ਤੇਰੇ ਸੁਭਾਅ ਦੀ ਲੋੜ, ਦੇ
ਤਰ ਪਈਏ ਅਸੀਂ ਹਰ ਜਗ੍ਹਾ
ਜਿੱਥੇ ਵੀ ਕੋਈ ਰੋੜ ਦੇ !!

ਪੌਣੇ ਨੀ ਸੁਣ ਪੌਣੇ ਨੀ
ਤੇਰੇ ਸੁਭਾਅ ਦੀ, ਲੋੜ ਦੇ
ਛੂ ਲਾਈਏ ਅਸੀਂ ਉਸਨੂੰ ਵੀ,
ਜਿਸਨੂੰ ਨਾ ਸਾਡੀ ਲੋੜ, ਦੇ !

ਅਗਨੀਏ ਸੁਣ ਅਗਨੀਏ
ਤੇਰੇ ਸੁਭਾਅ ਦੀ ਲੋੜ, ਦੇ
ਬਲ ਪਾਈਏ ਅਸੀਂ ਉਸ ਚੁੱਲੇ
ਜਿੱਥੇ ਵੀ ਤੇਰੀ ਥੋੜ, ਦੇ !!

ਸੂਰਜਾ ਵੇ ਸੂਰਜਾ
ਕਿਰਨਾਂ ਦੀ ਸਾਨੂੰ ਲੋੜ, ਦੇ
ਤਿੜਕੇ ਆਪਾਂ ਅੰਦਰੋਂ ਹਾਂ
ਸਾਨੂੰ ਤੋੜ ਦੇ ਫਿਰ ਜੋੜ ਦੇ !!

ਗੀਤ-ਅੱਜ ਚੰਗੀ ਚੰਗੀ ਲੱਗੀ, ਮੈਨੂੰ ਇੱਕ ਕੁੜੀ

ਅੱਜ ਚੰਗੀ ਚੰਗੀ ਲੱਗੀ, ਮੈਨੂੰ ਇੱਕ ਕੁੜੀ,
ਮੇਰੇ ਰੰਗ ਰੰਗੀ ਲੱਗੀ, ਮੈਨੂੰ ਇੱਕ ਕੁੜੀ

ਸੂਹਾ ਸ਼ਾਲੂ ਉਹਦਾ ਕਿਸੇ ਚੀਰ ਸੁੱਟਿਆ,
ਤੀਲਾ ਤੀਲਾ ਆਲਣੇ ਦਾ ਕਿਸੇ ਲੁੱਟਿਆ,
ਖੁੱਲੀ ਕਦੇ ਸੰਗੀ ਲੱਗੀ, ਮੈਨੂੰ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਨੇਰੀਆਂ ਨੇ ਘਰ ਉਹਦਾ ਹੈ ਉਜਾੜਿਆ,
ਪੱਤਾ ਪੱਤਾ ਰੂਹ ਵਾਲਾ ਕਿਸੇ ਸਾੜਿਆ,
ਕੰਡਿਆਂ ਤੇ ਟੰਗੀ ਲੱਗੀ, ਮੈਨੂੰ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਸੱਚ ਸਾਫ਼ ਸਾਫ਼ ਬੋਲੇ ਬਿਨਾ ਡਰ ਤੋਂ
ਨੇਕੀ ਤੇ ਈਮਾਨ ਵਾਲੀ ਹੈ ਜੋ ਘਰ ਤੋਂ
ਝੂਠ ਲੜ ਮੰਗੀ ਲੱਗੀ, ਮੈਨੂੰ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਰੂਹ ਵਾਲਾ ਰਿਸ਼ਤਾ ਪਿਆਰਾ ਵਾਲਾ ਹੈ
ਭਾਵੇਂ ਰੰਗ ਗੋਰਾ, ਭੂਰਾ, ਭਾਵੇਂ ਕਾਲਾ ਹੈ
ਇਸ਼ਕੇ ਦੀ ਡੰਗੀ ਲੱਗੀ, ਮੈਨੂੰ ਇੱਕ ਕੁੜੀ ............
ਅੱਜ ਚੰਗੀ ਚੰਗੀ ਲੱਗੀ, ਮੈਨੂੰ ਇੱਕ ਕੁੜੀ,............

ਅੱਜ ਚੰਗੀ ਚੰਗੀ ਲੱਗੀ, ਮੈਨੂੰ ਇੱਕ ਕੁੜੀ,
ਮੇਰੇ ਰੰਗ ਰੰਗੀ ਲੱਗੀ, ਮੈਨੂੰ ਇੱਕ ਕੁੜੀ ..

ਦੇਵਦਾਸੀ

ਜੱਜ ਸਾਹਿਬ,
ਮੈਂ ਕੌਣ ?
ਨਾ ਮੈਂ ਮੀਰਾ, ਨਾ ਜਮੁਨਾ ਕਾਸੀ
ਇੱਕੋ ਨਾਮ ਹੰਢਾਇਆ ..ਬਸ ..ਦੇਵਦਾਸੀ !

ਚੰਦ ਕਾਗਜ਼ ਤੇ ਦੋ ਚਾਰ ਟੁੰਮੀ
ਵਿਕ ਗਈ ਮੇਰੀ ਅੱਲੜ ਹਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਦੇਵਾਂ ਦੇ ਮੈਂ ਨਾ ਤੇ ਵਿਕਦੀ
ਸ਼ਾਹਾਂ ਦੀ ਹਾਂ ਤਨ ਤੋਂ ਦਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਹਾਸੇ ਮੇਰੇ ਚੱਕ ਨੇ ਖੂਹ ਦੇ
ਮੈਂ ਤਾਂ ਬਸ ਪੀੜਾਂ ਦੀ ਵਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਧਰਮਾਂ ਦੇ ਮੈਂ ਮੂੰਹ ਦੀ ਬੁਰਕੀ
ਰਾਤੀਂ ਤਾਜ਼ੀ ਦਿਨ ਨੂੰ ਬਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਬੱਦਲਾਂ ਤੇ ਮੈਂ ਵਰਦੀ ਨਿੱਤ ਹੀ
ਅੰਦਰੋਂ ਖੌਰੇ ਕਿੰਨੀ ਪਿਆਸੀ
ਮੈਂ ਕੌਣ ?...ਬਸ ..ਦੇਵਦਾਸੀ !

ਮਰਨਾ ਚਾਹਾਂ ਹਰ ਪਲ ਹੀ ਮੈਂ,
ਜਿਉਂਦੇ ਜੀ ਨਾ ਕਰਨ ਖਲਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਅੰਤ ਨੂੰ ਮੈਂ ਹਾਰ ਹੀ ਜਾਣਾ
ਧਰਮਾਂ ਦਾ ਇਹ ਯੁਧ ਪਲਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਮੇਰੇ ਆਪਣੇ ਨੇੜੇ ਪਿੰਡ ਵਿਚ
ਫਿਰ ਵੀ ਕਿਉਂ ਲੱਗਣ ਪਰਵਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਦੇਵਾਂ ਕੋਲ ਹੈ ਧਰਮ ਦਾ ਫਤਵਾ
ਮੇਰੇ ਪੱਲੇ ਘੋਰ ਉਦਾਸੀ
ਮੈਂ ਕੌਣ ?...ਬਸ ..ਦੇਵਦਾਸੀ !

ਤਨ ਮੇਰੇ ਦੀ ਮੈਲ ਨੂੰ ਧੋਵੇ
ਕਿਹੜੀ ਗੰਗਾ ਇੰਨੀ ਪਿਆਸੀ
ਮੈਂ ਕੌਣ ?...ਬਸ ..ਦੇਵਦਾਸੀ !

ਜੱਜ ਸਾਹਿਬ,
ਮੈਂ ਕੌਣ ?
ਨਾ ਮੈਂ ਮੀਰਾ, ਨਾ ਜਮੁਨਾ ਕਾਸੀ
ਇੱਕੋ ਨਾਮ ਹੰਢਾਇਆ ..ਬਸ ..ਦੇਵਦਾਸੀ !
ਬਸ ..ਦੇਵਦਾਸੀ !
ਬਸ ..ਦੇਵਦਾਸੀ !
ਬਸ ..ਦੇਵਦਾਸੀ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਜ ਲਾਲੀ ਬਟਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ