Punjabi Poetry : Qabil Jafri

ਪੰਜਾਬੀ ਕਵਿਤਾ/ਸ਼ਾਇਰੀ : ਕਾਬਲ ਜਾਫ਼ਰੀ



ਦਿਲ ਨਗਰੀ ਵਿਚ ਸੈ ਸੈ ਪਰੀਆਂ ਸਮ੍ਹ ਕੇ ਬੈਠੀਆਂ ਹੋਈਆਂ

ਦਿਲ ਨਗਰੀ ਵਿਚ ਸੈ ਸੈ ਪਰੀਆਂ ਸਮ੍ਹ ਕੇ ਬੈਠੀਆਂ ਹੋਈਆਂ ਜੀਕਣ ਸੁੰਜਿਆਂ ਮਾਹਲਾਂ ਵਿਚ ਤਸਵੀਰਾਂ ਟੰਗੀਆਂ ਹੋਈਆਂ ਢੋਲੇ ਉੱਤੇ ਪਈਆਂ ਨਜ਼ਰਾਂ ਮੁੜ ਕੇ ਫ਼ੇਰ ਨਈਂ ਆਈਆਂ ਅਜੇ ਤੱਕ ਨੇਂ ਸਾਡੀਆਂ ਅੱਖੀਂ ਯਾਰ ਵੰਜਾਤੀਆਂ ਹੋਈਆਂ ਰਾਤ ਨਿਮਾਸ਼ਾਂ ਪਿੱਛੋਂ ਸਾਡੇ ਬੂਹੇ ਫੇਰ ਛੁੜੇਂਦੀ ਸੂਰਜ ਛੋੜ ਕੇ ਵੈਂਦਾ ਸਾਡੀਆਂ ਬਾਰੀਆਂ ਲੱਥੀਆਂ ਹੋਈਆਂ ਸਾਹਨਾਂ ਉੱਠ ਕੇ ਪੱਗ ਅਸਾਡੀ ਪੈਰਾਂ ਤਲ਼ੈ ਰੋਲ਼ੀ ਪੁੱਤਰ ਵਿਟਰ ਗਏ ਅਸਾਡੇ, ਧੀਆਂ ਚੰਡੀਆਂ ਹੋਈਆਂ ਧਰਤੀ ਨਾਲ਼ ਧਰੂ ਕਰੇਂਦਿਆਂ ਅਸੀਂ ਮੂਲ ਨਾ ਡਰਦੇ ਉਂਜੇ ਤੇ ਨਈਂ ਸਾਡੀਆਂ ਸ਼ਕਲਾਂ ਡਿੰਗੀਆਂ ਚਿੱਬੀਆਂ ਹੋਈਆਂ ਕਿੱਥੋਂ ਵੰਜ ਫਰੋਲ਼ ਕੇ ਪੜ੍ਹੀਏ ਮਾਂ ਬੋਲੀ ਦੇ ਅੱਖਰ ਵਰਕਾ ਵਰਕਾ ਨਿੱਖੜਿਆ ਹੋਇਆ, ਜਿਲਦਾਂ ਪਾਟੀਆਂ ਹੋਈਆਂ ਕਾਬਲ ਸਾਈਂ! ਕਿਉਂ ਅਸਾਨੂੰ ਬੋਲ ਕੇ ਦੱਸ ਨਹੀਂ ਸਕਦਾ ਜਿਹੜੀਆਂ ਗੱਲਾਂ ਅੱਖੀਆਂ ਦੇ ਵਿਚ ਢੋਲੇ ਮਿੱਥੀਆਂ ਹੋਈਆਂ ਦੰਦਾਂ ਥੱਲੇ, ਕੂੜਾਂ ਦੇ ਧਰਕਾਣੂ ਚਿੱਥੇ ਹੋਏ ਕਾਬਲ ਸਾਈਂ! ਹੱਥ ਹੱਥ ਸਾਡੀਆਂ ਜਿਭਾਂ ਵਧੀਆਂ ਹੋਈਆਂ

ਦਿਲ ਵਿਚ ਕਦੀ ਵੀ ਮੈਲ ਨਾ ਰੱਖਣੀ, ਸਾਫ਼ ਤੇ ਸੁੱਚੀਆਂ ਗੱਲਾਂ ਕਰਨਾ

ਦਿਲ ਵਿਚ ਕਦੀ ਵੀ ਮੈਲ ਨਾ ਰੱਖਣੀ, ਸਾਫ਼ ਤੇ ਸੁੱਚੀਆਂ ਗੱਲਾਂ ਕਰਨਾ ਪਿੰਡ ਦਿਆਂ ਲੋਕਾਂ ਦੇ ਵਿਚ ਰਹਿਨਾ, ਸਿੱਧੀਆਂ ਸਿੱਧੀਆਂ ਗੱਲਾਂ ਕਰਨਾ ਖ਼ਵਰੇ ਕਿਥੋਂ ਸਿੱਖ ਆਇਆ ਵੇ, ਆਦਤ ਯਾਰ ਮਨਾਣੇ ਦੀ ਰੁਸ ਜਾਵਣ ਦੇ ਬਹਾਨੇ ਮੰਗਨਾ, ਝੱਲੀਆਂ ਝੱਲੀਆਂ ਗੱਲਾਂ ਕਰਨਾ ਯਾਦ ਕਰੋ ਤੇ ਹਾਸਾ ਆਉਂਦਾ ਏ, ਪਹਿਲੇ ਪਹਿਲੇ ਇਸ਼ਕੇ ਤੇ ਗੱਲ ਗੱਲ ਦੇ ਵਿਚ ਥਿੜ ਥਿੜ ਜਾਨਾ, ਅੱਧੀਆਂ ਅੱਧੀਆਂ ਗੱਲਾਂ ਕਰਨਾ ਸਿਰ ਤੇ ਲੱਖ ਮੁਸੀਬਤ ਚੁੱਕ ਕੇ, ਜਾ ਬੋਹੜੀ ਦੇ ਤਲ਼ੈ ਬਹਿਨਾ ਪੇਟੋਂ ਭੁੱਖਿਆਂ ਰੱਜ ਰੱਜ ਹੱਸਨਾ, ਉੱਚੀਆਂ ਲੰਮੀਆਂ ਗੱਲਾਂ ਕਰਨਾ ਡਾਹਢੀ ਭੈੜੀ ਆਦਤ ਪਈ ਏ ਏਸ ਵਸੇਬੇ ਲੋਕਾਂ ਨੂੰ ਆਪਣੇ ਆਪ ਦੇ ਵੱਲ ਨਾ ਤੱਕਨਾ, ਬਹਿ ਕੇ ਜੱਗ ਦੀਆਂ ਗੱਲਾਂ ਕਰਨਾ ਪੈਰੀਂ ਸੁਖ ਦੀ ਜੁੱਤੀ ਪਾਉਣੀ, ਗਲੀਆਂ ਦੇ ਵਿਚ ਸਮ੍ਹ ਕੇ ਟੁਰਨਾ ਹਰ ਕਿਸੇ ਨੂੰ ਹੱਸ ਕੇ ਮਿਲਣਾ, ਮਿੱਠੀਆਂ ਮਿੱਠੀਆਂ ਗੱਲਾਂ ਕਰਨਾ ਆਉਣ ਵਾਲੇ ਵੇਲੇ ਕੋਲੋਂ, ਉਂਜੇ ਡਰਿਆ ਡਰਿਆ ਰਹਿਨਾ ਉਂਜੇ ਬੁਝਿਆ ਬੁਝਿਆ ਰਹਿਨਾ, ਢੱਠੀਆਂ ਢੱਠੀਆਂ ਗੱਲਾਂ ਕਰਨਾ ਕਾਬਲ ਸਾਈਂ! ਜੱਗ ਦੇ ਕੋਲੋਂ, ਤੇਰਾ ਦੁੱਖ ਕੋਈ ਵੱਖਰਾ ਨਈਂ ਇਹ ਕੀ ਮੁੜ ਮੁੜ ਹੁੱਕਾ ਪੀਣਾ, ਬਲਦੀਆਂ ਭਖਦੀਆਂ ਗੱਲਾਂ ਕਰਨਾ

ਧੜਕੂੰ ਧੜਕੂੰ ਇਹ ਦਿਲ ਮੇਰਾ, ਫੜਕੂੰ ਫੜਕੂੰ ਅੱਖ

ਧੜਕੂੰ ਧੜਕੂੰ ਇਹ ਦਿਲ ਮੇਰਾ, ਫੜਕੂੰ ਫੜਕੂੰ ਅੱਖ ਮੈਂ ਝੱਲੀ ਤੇ ਕਮਲੀ ਹੋਈ, ਲੋਕਾਂ ਤੋਂ ਪਰ ਵੱਖ ਦੂਰ ਖਲੋ ਕੇ ਤੱਕਦੇ ਰਹਿ ਗਏ ਵਸਲਾਂ ਆਲੇ ਕੰਢੇ ਸੋਹਣੀ ਤੇ ਮਾਹੀਂਵਾਲ ਨੂੰ ਕੀਤਾ ਬਿਰਹੋਂ ਵੱਖੋ ਵੱਖ ਮਾਂ ਬੋਲੀ ਦੇ ਹੁੰਦਿਆਂ ਸੁੰਦਿਆਂ ਅਸੀਂ ਥੱਥੇ ਗੂੰਗੇ ਮਾਂ ਬੋਲੀ ਦੇ ਹੁੰਦਿਆਂ ਸੁੰਦਿਆਂ ਅਸਾਂ ਮਾਰੀ ਝੱਖ ਜਿਭੇ ਉਤੇ ਆ ਕੇ ਸਾਡੀ ਤਿਲਕ ਤਿਲਕ ਵੈਂਦੇ ਮੁਦਤ ਹੋਈ ਏ ਅੱਖਰ ਗੁੰਮਿਆਂ, ਕਿੱਥੋਂ ਕੱਢੀਏ ਪੱਖ ਸੱਜਣ ਵੇਖ ਕੇ ਹੱਸੇ ਸਾਨੂੰ, ਸਾਨੂੰ ਵੇਖ ਕੇ ਹੱਸੇ ਸਵਾ ਲੱਖ ਅਸਾਨੂੰ ਬੀਬਾ, ਸਾਨੂੰ ਸਵਾ ਲੱਖ ਵਿਚੇ ਮਾਹਲ ਚੁਬਾਰੇ ਸਾਡੇ, ਵਿਚੇ ਅਸਾਡਾ ਮਾਲ ਵਿਚੇ ਰੋੜ੍ਹ ਕੇ ਲੈ ਗਿਆ ਪਾਣੀ ਸਾਡੇ ਕੰਢੇ ਕੱਖ ਸੁੰਜੇ ਘਰ ਦੀਆਂ ਕਾਣਸਾਂ ਉੱਤੇ, ਟਿੱਫ਼ਨ ਭੈੜੇ ਲਗਦੇ ਕਾਬਲ ਸਾਈਂ ਕਲਫ਼ ਚਾ ਕੇ, ਛਿੱਕੇ ਉੱਤੇ ਰੱਖ

ਸੋਹਣੀਆਂ ਨੂੰ ਡੋਬਦੇ ਨਾ ਇਸ਼ਕੇ ਨੂੰ ਤਾਰਦੇ

ਸੋਹਣੀਆਂ ਨੂੰ ਡੋਬਦੇ ਨਾ ਇਸ਼ਕੇ ਨੂੰ ਤਾਰਦੇ ਪੱਕੇ ਪੀਡੇ ਘੜੇ ਸਾਡੇ ਆਰ ਦੇ ਨਾ ਪਾਰ ਦੇ ਹੀਰ ਆਈ ਖੇੜਿਆਂ ਦੇ ਹਿੱਸੇ ਵਿਚ ਛੇਕੜੋ ਰਾਂਝੇ ਰਹੇ ਛੜੇ ਮੁੜੇ ਮੱਝੀਆਂ ਨੂੰ ਚਾਰਦੇ ਵੱਤ ਖ਼ੁਸ਼ਬੂ ਵੰਝ ਅੱਧੂ ਨਾ ਵੱਲੂੰਧਰੀ ਫੁੱਲ ਪਏ ਕੰਡਿਆਂ ਤੇ ਚੁੰਨੀਆਂ ਖਿਲ੍ਹਾਰਦੇ ਝੱਟੇ ਵਿਚ ਗ਼ਜ਼ਲਾਂ ਦੀ ਰੀਤ ਤਰੋੜ ਛੋੜੀਏ ਪਰ ਸਾਨੂੰ ਗ਼ਾਲਿਬਾਂ ਦੇ ਮੂੰਹ ਪਏ ਮਾਰਦੇ ਸੌਣ ਦੀਆਂ ਝੜੀਆਂ ਤੇ ਢੋਲਨੇ ਦੇ ਚੇਤੜੇ ਨਿੱਘੀ ਨਿੱਘੀ ਜੁੱਸੇ ਵਿਚ ਪੀੜ ਪਏ ਉਤਾਰਦੇ ਅਸੀਂ ਅਜੇ ਧਰਤੀ ਤੇ ਢਾਰਿਆਂ ਨੂੰ ਸਿਕਦੇ ਲੋਗ ਪਏ ਚੰਨਾਂ ਉੱਤੇ ਕੰਧੀਆਂ ਉਸਾਰਦੇ

ਸ਼ਾਮ ਸਵੇਰੇ ਹੁੱਕਾ ਪੀਣਾ ਰੋਜ਼ ਦੀ ਆਦਤ ਬਣ ਗਈ ਏ

ਸ਼ਾਮ ਸਵੇਰੇ ਹੁੱਕਾ ਪੀਣਾ ਰੋਜ਼ ਦੀ ਆਦਤ ਬਣ ਗਈ ਏ ਕੰਮ ਨਾ ਕਰਨਾ, ਵੇਹਲਾ ਰਹਿਣਾ, ਰੋਜ਼ ਦੀ ਆਦਤ ਬਣ ਗਈ ਏ ਏਸ ਵਸੇਬੇ ਸੈ ਸੈ ਰੰਗ ਦੇ ਲੋਕ ਅਸਾਨੂੰ ਪੜ੍ਹਦੇ ਨੇਂ ਆਪਣੇ ਆਪ ਨੂੰ ਧੋ ਕੇ ਲਿਖਣਾ, ਰੋਜ਼ ਦੀ ਆਦਤ ਬਣ ਗਈ ਏ ਹਿੱਕ ਵਾਰੀ ਮੈਂ ਨ੍ਹੇਰੇ ਪਾਰੋਂ, ਠੁੱਡਾ ਖਾ ਕੇ ਡਿੱਗਿਆ ਸਾਂ ਕੰਧ ਤੇ ਦੀਵਾ ਬਾਲ ਕੇ ਰੱਖਣਾ, ਰੋਜ਼ ਦੀ ਆਦਤ ਬਣ ਗਈ ਏ ਮੈਂ ਵੀ ਪਿੰਡ ਦੀਆਂ ਲੋਕਾਂ ਨਾਲ਼ ਮੁਨਾਫ਼ਿਕ ਹੁੰਦਾ ਜਾਂਦਾ ਵਾਂ ਅੰਦਰ ਦੀ ਗੱਲ ਬਾਹਰ ਨਾ ਕਢਣਾ, ਰੋਜ਼ ਦੀ ਆਦਤ ਬਣ ਗਈ ਏ ਪਹਿਲਾਂ ਪਹਿਲਾਂ ਵਰ੍ਹਿਆਂ ਮਗਰੋਂ ਸ਼ਿਅਰ ਹੁੰਦਾ ਸੀ ਮੁਸ਼ਕਿਲ ਨਾਲ਼ ਹੁਣ ਤੇ ਦਰਦਾਂ ਉੱਤੇ ਲਿਖਣਾ, ਰੋਜ਼ ਦੀ ਆਦਤ ਬਣ ਗਈ ਏ ਦੁਨੀਆ ਜੰਨਤ ਜੰਨਤ ਕਰਕੇ ਘਿੰਨ ਆਉਂਦਾ ਵੇ ਲੋਕਾਂ ਨੂੰ ਇਸ ਮਰਦੂਦ ਦੇ ਮੱਥੇ ਲੱਗਣਾ, ਰੋਜ਼ ਦੀ ਆਦਤ ਬਣ ਗਈ ਏ ਤਸੇ ਹੋ ਕੇ ਦੁੱਖੜੇ ਮੇਰੇ ਮੈਥੋਂ ਪਾਣੀ ਮੰਗਦੇ ਨੇਂ ਅੱਖੀਆਂ ਦਰਿਆ ਦਰਿਆ ਕਰਨਾ, ਰੋਜ਼ ਦੀ ਆਦਤ ਬਣ ਗਈ ਏ ਦੁਨੀਆ, ਹੁਸਨ, ਹਕੂਮਤ, ਸ਼ੋਹਰਤ, ਪੈਸਾ ਨਿਰਾ ਦੋਜ਼ਖ਼ ਏ ਦਿਲ ਦੇ ਸੱਜੇ ਪਾਸੇ ਟੁਰਨਾ, ਰੋਜ਼ ਦੀ ਆਦਤ ਬਣ ਗਈ ਏ ਉਜੜ ਗਿਆਂ ਨੂੰ ਕਾਬਲ ਸਾਈਂ! ਮਗਰੋਂ ਕੌਣ ਬੁਲਾਉਂਦਾ ਏ ਫ਼ਿਰ ਵੀ ਪਿਛ੍ਹਾਂ ਪਰਤ ਕੇ ਤੱਕਣਾ, ਰੋਜ਼ ਦੀ ਆਦਤ ਬਣ ਗਈ ਏ

ਫ਼ਜਰੀ ਫ਼ਜਰੀ ਬੰਨ੍ਹੀਂ ਉੱਤੇ ਛਾਂ ਪਈ ਲਾਂਹਦੀ ਪਿਪਲੇ ਦੀ

ਫ਼ਜਰੀ ਫ਼ਜਰੀ ਬੰਨ੍ਹੀਂ ਉੱਤੇ ਛਾਂ ਪਈ ਲਾਂਹਦੀ ਪਿਪਲੇ ਦੀ ਚੰਨ ਦੀਆਂ ਚਿੱਤਰੀਆਂ ਕੰਧਾਂ ਨਾਲਂੋ ਲੌ ਪਈ ਉਖੜੇ ਤਾਰੇ ਦੀ ਅੰਬਰਾਂ ਉੱਤੋਂ ਤਾਰੇ ਚੁਣ ਕੇ ਸੂਰਜ ਕਿੱਥੇ ਵੈਂਦਾ ਵੇ ਖ਼ੌਰੇ ਕਿੱਥੇ ਘਿੰਨ ਵੈਂਦਾ ਵੇ ਭਰ ਕੇ ਝੋਲ ਹਨ੍ਹੇਰੇ ਦੀ ਜਾਂ ਵੀ ਅਸਾਂ ਮੋਛੇ ਪਾਏ ਟਾਹਣਾਂ ਅੱਖੀਂ ਕੱਢੀਆਂ ਨੇਂ ਆਲ੍ਹਣੇ ਉੱਤੋਂ ਵਾਜ ਸੁਣੀਪੀ ਸਾਨੂੰ ਚੀਕ ਚਿਹਾੜੇ ਦੀ ਮੈਂ ਵੀ ਉਹਦੇ ਡੇਰੇ ਅੱਗੂੰ ਖੰਘ ਕੇ ਲੰਘਣੋਂ ਰਹਿੰਦਾ ਨਾਂਹ ਪਿਪਲੇ ਤਲ਼ੈ ਪੈ ਬਹਿੰਦੀ ਏ, ਨਿੱਤ ਪੰਚੈਤ ਵਡੇਰੇ ਦੀ ਵੱਸੀ ਅੱਖ ਜੇ ਸਾਵਣ ਬਣਕੇ, ਲਗਦੇ ਹੱਥੀਂ ਢਹਿ ਵੈਸੀ ਭੋਲੀ ਭਾਲੀ ਦਿਲੜੀ ਸਾਡੀ, ਕੱਚੀ ਕੱਧ ਲਿਆਟੇ ਦੀ ਭਾਂਵੇਂ ਵੀਰ ਨਾ ਪੁੱਛਣ ਉੱਕੇ, ਈਦੀ ਉੱਤੇ ਧਿਆਣੀਂ ਨੂੰ ਕਾਬਲ ਸਾਈਂ ਵੱਤ ਵੀ ਰਹਿੰਦੀ ਤੱਕ ਤੇ ਪੇਕੇ ਝੁੱਗੇ ਦੀ

ਵਿੱਥਾਂ ਪਾਈਆਂ ਦੂਰੀਆਂ, ਲੇਖਾਂ ਲਿਖੇ ਰੋਸੜੇ

ਵਿੱਥਾਂ ਪਾਈਆਂ ਦੂਰੀਆਂ, ਲੇਖਾਂ ਲਿਖੇ ਰੋਸੜੇ ਵਿੱਥਾਂ ਪਾਈਆਂ ਦੂਰੀਆਂ , ਲੇਖਾਂ ਲਿਖੇ ਰੋਸੜੇ ਅਸਾਂ ਝੱਲਿਆਂ ਬੋਹਜਿਆਂ, ਉਂਜੇ ਜਫ਼ਰ ਜਾਲੜੇ ਬਹਿ ਕੇ ਆਮ੍ਹਣੇ ਸਾਮ੍ਹਣੇ, ਅਸਾਂ ਰੱਜ ਕੇ ਕੀਤੀਆਂ ਗੱਲਾਂ ਸੱਚ ਮੁਚਾਵੀਆਂ, ਲਾਹ ਕੇ ਸਭੇ ਝਾਕੜੇ ਚੰਨ ਦੀ ਚਿੱਟੀ ਚਾਕੜੀ, ਖੁਰ ਗਈ ਆਸਿਓਂ ਪਾਸਿਓਂ ਧੋਤੇ ਨਾਂਹ ਅਣਧੋਤੜੇ, ਰਾਤਾਂ ਦੇ ਮੂੰਹ ਕਾਲੜੇ ਮੜ੍ਹੇ ਹੱਥੀਂ ਸੋਹਣੀਆਂ, ਅੱਖੀਂ ਮੋਤੀ ਕਾਲੜੇ ਦਿਲ ਦੀ ਸੂਹੀ ਤਵੀਤੜੀ, ਨਾੜੀਂ ਨੀਲੇ ਧਾਗੜੇ ਲੈਣਾਂ ਡਿੰਗ ਪੜਿੰਗੀਆਂ, ਮਿੱਟੀ ਪੂਜੇ ਭੋਰਵੀਂ ਕਲਮਾਂ ਜਿਭਾਂ ਸੀਤੀਆਂ, ਅੱਖਰਾਂ ਚੋਲੇ ਪਾਟੜੇ ਰਮਜ਼ਾਂ ਢਿੱਲੇ ਆਟੜੇ, ਸੋਚਾਂ ਵਿਲ੍ਹੇ ਟਾਂਡੜੇ ਫ਼ਿਕਰਾਂ ਜਿੰਦ ਤੰਦੂਰੜੀ, ਲਿਖ਼ਤਾਂ ਕੱਚੇ ਗੋਗੜੇ ਚਾਹਣੀਆਂ ਯਾ ਨਾ ਚਾਹਣੀਆਂ, ਨੱਪੀਆਂ ਇਸਦੀਆਂ ਡੋਰੀਆਂ ਵੱਤ ਵੀ ਦੁਨੀਆ ਔਤਰੀ, ਕੀਤੇ ਫਿਨਧਰ ਚਾਲੜੇ ਲੰਘੇ ਵੇਲੇ ਚੋਬ੍ਹਦੇ, ਅੱਜੇ ਅੱਖੀਂ ਸਾਡੀਆਂ ਅੱਜੇ ਚੇਤੇ ਆਉਂਦੇ, ਊਹਾ ਝੱਖੜ ਝੋਲੜੇ ਬੱਦਲਾਂ ਆਂਗਣ ਵੀਟਿਆ, ਦਿਲ ਦੀ ਖ਼ੁਦਰੀ ਖੋਲਿਆਂ ਸ਼ਕਲਾਂ ਨਾਂਹ ਪਛਾਣੀਆਂ, ਅੱਖੀਆਂ ਦਿੱਤੇ ਧੋਖੜੇ ਖੂਹਾਂ ਉੱਤੇ ਵੈਂਦੀਆਂ, ਅੱਲ੍ਹੜ ਕੁੜੀਆਂ ਪਾਣੀਆਂ ਲੋਕਾਂ ਰੱਜ ਕੇ ਵੇਖੀਆਂ, ਅਸਾਂ ਕੀਤੇ ਥੋਹਕੜੇ ਮੱਘਰ ਪੋਹੇ ਭੁਭਵਾਂ, ਸੁੱਕੀ ਜ਼ਿਮੀ ਵੱਤਰੀ ਫ਼ਿਰ ਤ੍ਰੇਲਾਂ ਚੋਂਦੀਆਂ, ਸਾਵੇ ਪੱਤਰ ਚੋਪੜੇ ਜੰਮੇ ਦੁੱਖ ਅਗਲੇਰੜੇ, ਖਿੜੀਆਂ ਖ਼ੁਸ਼ੀਆਂ ਥੋੜੀਆਂ ਖੱਗੇ ਕੰਡੇ ਪੋਰੜੇ, ਪੱਤਰ ਫੁੱਲ ਅੱਧਵਾਟੜੇ

ਪੁਮਲੀ ਉੱਤੇ ਪਏ ਕੁਰਲਾਉਣ, ਮੀਂਹਾਂ ਝੱਖੜਾਂ ਜੋਗੇ

ਪੁਮਲੀ ਉੱਤੇ ਪਏ ਕੁਰਲਾਉਣ, ਮੀਂਹਾਂ ਝੱਖੜਾਂ ਜੋਗੇ ਡਾਰੋਂ ਵਿਛੜੇ ਪੰਖਣੂੰ ਰਹਿ ਗਏ ਵੱਤ ਗੁਲੇਲਾਂ ਜੋਗੇ ਮੂੰਹ ਤੇ ਚੁੱਪ ਦੀ ਬੁੱਕਲ ਮਾਰ ਕੇ ਢੱਕੀਆਂ, ਟਿੱਬਿਆਂ ਪਿੱਛੇ ਸੂਰਜ ਬਹਿਕੇ ਦੁੱਖੜੇ ਚੁਣਦਾ ਰੋਜ਼ ਨਿਮਾਸ਼ਾਂ ਜੋਗੇ ਉੱਚੇ ਲੰਮੇ ਥੱਲ੍ਹੇ ਰੱਖੇ, ਮਾਹਲ ਚੁਬਾਰੇ ਪਾਏ ਕਿਸੇ ਖੁੱਲ੍ਹੇ ਰਾਹ ਨਾ ਛੋੜੇ ਸਾਡੀਆਂ ਲੁੱਡੀਆਂ ਜੋਗੇ ਧੁੱਪਾਂ ਦੇ ਵਿਚ ਛਾਂਵਾਂ ਘਿੰਨ ਕੇ ਅਸੀਂ ਇੰਜ ਖਲੋਤੇ ਜਿਉਂ ਖਾਨਕਾਹਵਾਂ ਉਤੇ ਰਹਿ ਗਏ ਰੁਖ ਤਵੀਤਾਂ ਜੋਗੇ ਵਾਲਾਂ ਨਾਲ਼ ਵਲ੍ਹੇਟ ਕੇ ਉਸ ਵੀ ਕੱਧਾਂ ਵਿਚ ਦੇ ਛੋੜੇ ਅਸਾਂ ਉਸ ਨੂੰ ਖ਼ਤ ਨਾ ਵੈ ਲਿਖੇ ਝੀਤਾਂ, ਵਿੱਥਾਂ ਜੋਗੇ ਸਾਲ ਪਸਾਲੀ ਉਰਸਾਂ ਉੱਤੇ ਦੇਗਾਂ ਕੌਣ ਚੜ੍ਹਾਵੇ ਕਾਬਲ ਸਾਈਂ ! ਕੌਣ ਏ ਐਡੇ ਪੀਰ ਦਰੂਦਾਂ ਜੋਗੇ

ਕੁਝ ਅੱਥਰੂ ਹਾਏ ਇੰਜ ਦੇ ਜਿਹੜੇ ਨਾਹੀਂ ਡੱਕਣ ਆਲੇ

ਕੁਝ ਅੱਥਰੂ ਹਾਏ ਇੰਜ ਦੇ ਜਿਹੜੇ ਨਾਹੀਂ ਡੱਕਣ ਆਲੇ ਜੁਸਿਉਂ ਨੁਚੜਨ ਲੱਗ ਪਏ, ਅੱਖੀਓਂ ਦਰਿਆ ਵਗਣ ਆਲੇ ਪੈਲ਼ੀ ਦੇ ਵਿਚ ਸ਼ੌਹ ਦਰਿਆ ਦਾ ਪਾਣੀ ਖੁੱਲ੍ਹਾ ਰਾਂਹਦਾ ਰੁੱਤੋਂ ਰੁੱਤੀਂ ਨਿਸਰ ਵੈਂਦੇ ਬੂਟੇ ਨਿਸਰਨ ਆਲੇ ਅੱਗ ਤੇ ਪਾਣੀ ਰਲ ਕੇ ਟੁਰਸਨ ਵੇਖੋ ਕਿੱਥੋਂ ਤਾਈਂ ਅੱਖ ਤਰਿੰਮਣ ਆਲੀ ਸਾਡੀ, ਦਿਲ ਨੇ ਧੁਖਣ ਆਲੇ ਸਿਰ ਤੇ ਕਦੀ ਨਈਂ ਧਰਿਆ ਉਨ੍ਹਾਂ ਭਰ ਕੇ ਘੜਾ ਚਰੋਕਾ ਖੂਹ ਤੇ ਪਾਣੀ ਕਦੀ ਨਈਂ ਆਏ, ਲਾਹਣ ਲਮਕਾਵਨ ਆਲੇ ਸਾਡਾ ਕੰਮ ਨਈਂ ਡਟ ਖਲੋਣਾਂ ਹਮਲਾ ਆਵਰਾਂ ਅੱਗੇ ਅਕੜ ਬਕੜ ਭੰਬੇ ਭੂ ਤੇ ਅਸੀਂ ਪੁੱਗਣ ਆਲੇ ਖ਼ਵਰੇ ਕਿਉਂ ਅੱਜ ਗਲੀ ਵਿੱਚੋਂ ਮੁੱਖ ਪਰਤਾ ਕੇ ਲੰਘੇ ਕਾਬਲ ਸਾਈਂ ਮੱਥੇ ਉਤੇ ਵੱਟ ਨਾ ਪਾਵਣ ਆਲੇ

ਓਕਰੇ

ਕੂੜ ਅੱਖਰਾਂ ਦੇ ਓਕਰੇ ਤਾਰੀਖ਼ ਸਾਡੀ ਅਤੇ ਓਕਰੇ ਵੀ ਸੈਲਾਂ ਦਿਆਂ ਕਾਲਕਾਂ ਦੇ ਕਦੀ ਸੋਨੇ ਦਾ ਪਾਣੀ ਵੀ ਤਰੌਂਕੀਏ ਤੇ ਕਾਲੇ ਅੱਖਰ ਸੁਨਹਿਰੇ ਨਈਂ ਹੋ ਸਕਦੇ ਕੂੜ ਅੱਖਰਾਂ ਦੇ ਓਕਰੇ ਤਾਰੀਖ਼ ਸਾਡੀ ਊਹਾ ਹੱਥ ਉਠੇ ਸਾਡੀ ਧਰਤੀ ਤੇ ਜਿਹੜੇ ਬੁੱਤਾਂ ਦੀਆਂ ਕੰਨਾਂ ਵਿਚੋਂ ਮੁਰਕੀਆਂ ਤੇ ਰਹੇ ਨੱਕੇ ਵਿਚੋਂ ਨਥਲੀਆਂ ਖੋਹਣੇ ਤਾਈਂ ਊਹਾ ਰੰਨਾਂ ਦੀਆਂ ਲਿਬ੍ਹਾਂ ਵਿਚ ਰੁਧੇ ਹੋਏ ਹੱਥ ਤਾਜ ਮਹਿਲਾਂ ਦੀਆਂ ਕੱਧਾਂ ਨੂੰ ਉਸਾਰਦੇ ਰਹੇ ਕੂੜ ਅੱਖਰਾਂ ਦੇ ਓਕਰੇ ਤਾਰੀਖ਼ ਸਾਡੀ ਘੋੜੀ ਪਾਲਾਂ ਦਿਆਂ ਪੁੱਤਰਾਂ ਦਿਆਂ ਪੁੱਤਰਾਂ ਨੂੰ ਲੱਭੇ ਬੰਗਲੇ ਤੇ ਭੋਏਂ ਸਰਕਾਰ ਵੱਲੋਂ ਫ਼ੇਰ ਪਿੰਡਾਂ ਦੇ ਪਿੰਡ ਲਤਾੜ ਕੇ ਵੀ ਤਸ ਬੁਝੀ ਨਾ ਇਨ੍ਹਾਂ ਦੀਆਂ ਅੱਖੀਆਂ ’ਚੋਂ ਭੁੱਖ ਨਿਕਲਦੀ ਨਾ ਕਦੀ ਚੌਧਰੇਮਿਆਂ ਦੀ ਕੂੜ ਅੱਖਰਾਂ ਦੇ ਓਕਰੇ ਤਾਰੀਖ਼ ਸਾਡੀ ਸਾਡੀ ਧਰਤ ਪਟੇਂਚੂ ਕਟਕਾਂ ਦੀ ਪਿਰਤ ਮਾਰੀ ਏ ਏਸਦੀ ਬਾਹਰਲਿਆਂ ਨੇ ਧੁਰ ਪਿਓ ਜੇ ਲਾਡ ਮੁਕਾਲੜੇ1 ਦਾ ਤ੍ਰੈ ਚੂਕੀਆਂ ਗੁੱਠਾਂ ਦੇ ਭੇੜ ਪਾ ਕੇ ਸ਼ਹਿ ਦਿੰਦਾ ਵੈ ਜ਼ਾਲਮਾਂ ਤੇ ਗ਼ਾਸਿਬਾਂ ਨੂੰ ਕੂੜ ਅੱਖਰਾਂ ਦੇ ਓਕਰੇ ਤਾਰੀਖ਼ ਸਾਡੀ (ਹੀਰੋ ਲਿਖੇ ਜੇ ਹਮਲਾ ਆਵਰਾਂ ਨੂੰ ਉਸ ਕਲਮੇ ਦੀ ਸੀਸ ਨੂੰ ਭਾਹ ਲਾਈਏ) ਸਾਡਾ ਕੰਮ ਸੀ ਚੰਨੇ ਦਿਆਂ ਪਰਬਤਾਂ ਨੂੰ ਪਾਕੇ ਵਾਗਲੇ ਭਖੇ ਹੋਏ ਸੂਰਜਾਂ ਦੇ ਖੁੱਲ੍ਹੇ ਮੂੰਹੇ ਉੱਤੇ ਅਨੜਿਆਂ ਭਾਰ ਰੱਖਣਾ ਰੋਕ ਛੋੜਨਾ ਢਲਕਦੀਆਂ ਬਰਫ਼ਾਂ ਨੂੰ ਸਿਆਹ ਚੀਨ ਦਿਆਂ ਉੱਚਿਆਂ ਪਹਾੜਾਂ ਤੇ ਲਾਗੇ ਵਸਦੀ ਤਾਰਿਆਂ ਦੇ ਕੌਮ ਸਾਡੀ ਕੂੜ ਅੱਖਰਾਂ ਦੇ ਓਕਰੇ ਤਾਰੀਖ਼ ਸਾਡੀ (1. ਲਾਰਡ ਮੈਕਾਲੇ)

ਬਿਸਮਿੱਲ੍ਹਾ ਦੀ ਤਸਵੀਰ

ਹੁਸੈਨ ਨਾਂ ਏ ਹਕੀਕਤਾਂ ਦਾ ਹਕੀਕਤਾਂ ਤੇ ਗੁਮਾਨ ਕੋਈ ਨਈਂ ਹੁਸੈਨ ਨਈਂ ਜੇ ਤੇ ਰਿਸ਼ਤਿਆਂ ਦੀ ਸੰਝਾਪ ਕੋਈ ਨਈਂ ਪਛਾਣ ਕੋਈ ਨਈਂ ਹੁਸੈਨ ਵੱਖ ਏ ਤੇ ਮਸਲਕਾਂ ਦੀ ਨਮਾਜ਼ ਬਾਤਿਲ, ਅਜ਼ਾਨ ਕੋਈ ਨਈਂ ਹੁਸੈਨ ਮਤਲਬ ਏ ਇਨਮਾ ਦਾ ਹੁਸੈਨ ਮਕਸਦ ਹੈ ਹੱਲ ਅੱਤਾ ਦਾ ਹੁਸੈਨੀਅਤ ਜੋ ਚਿਰਾਗ਼ ਜਲਦੈਂ ਚਿਰਾਗ਼ ਜਲਦੈਂ ਤੇ ਗੁਲ ਨਈਂ ਹੋਂਦੇ ਯਜ਼ੀਦ ਦਾ ਨਾਂਹ ਈਮਾਨ ਗਿਣ ਤੋਂ ਈਮਾਨ ਫ਼ਾਸਿਕ ਦੇ ਕੁੱਲ ਨਈਂ ਹੋਂਦੇ ਹੁਸੈਨ ਨਾਤਿਕ ਕੁਰਆਨ ਦਾ ਏ ਹੁਸੈਨ ਪੱਕਾ ਜ਼ੁਬਾਨ ਦਾ ਏ ਹੁਸੈਨ ਮੋਮਿਨ ਦੀ ਜ਼ਿੰਦਗੀ ਏ ਹੁਸੈਨ ਚਾਨਣ ਤੇ ਰੌਸ਼ਨੀ ਏ ਬਤੂਲ ਵੱਲੋਂ ਇਮਾਮ ਜੱਗ ਦਾ ਨਬੀ ਦੀ ਚਾਦਰ ਤਲ਼ੈ ਵਲੀ ਏ ਯਜ਼ੀਦ ਪਿੱਛੇ ਇਮਾਮ ਕੋਈ ਨਈਂ ਵਲੈਤ ਕੋਈ ਨਈਂ ਰਸੂਲ ਕੋਈ ਨਈਂ ਯਜ਼ੀਦ ਫ਼ਾਸਿਕ, ਯਜ਼ੀਦ ਫ਼ਾਜਿਰ ਯਜ਼ੀਦ ਕੋਈ ਉਸੂਲ ਕੋਈ ਨਈਂ ਹੁਸੈਨ ਪਿੱਛੇ ਇਮਾਮ ਸਾਰੇ ਵਲੈਤ ਸਾਰੀ, ਰਸੂਲ ਸਾਰੇ ਤੇ ਕੁੱਲ ਸ਼ਰੀਅਤ ਅਸੂਲ ਸਾਰੇ ਹੁਸੈਨ ਸਾਬਿਰ, ਹੁਸੈਨ ਸ਼ਾਕਿਰ ਹੁਸੈਨ ਸੱਯਦ, ਹੁਸੈਨ ਬਹਾਦੁਰ ਹੁਸੈਨ ਖ਼ੂਨ ਏ ਪਯੰਬਰਾਂ ਦਾ ਹੁਸੈਨ ਹੱਕ ਦੇ ਵਲੀ ਦੇ ਵਿਚੋਂ ਵਲੈਤ ਏ ਉਸਦੇ ਘਰ ਦੀ ਦੌਲਤ ਹੁਸੈਨ ਮੇਰੇ ਅਲੀ ਦੇ ਵਿਚੋਂ ਹੁਸੈਨ ਸੱਚੀ ਬਤੂਲ ਵਿਚੋਂ ਓ ਹਿੱਕ ਅਸੂਲ ਏ, ਅਸੂਲ ਵਿਚੋਂ ਰਸੂਲ ਮੇਰੇ ਹੁਸੈਨ ਵਿਚੋਂ ਹੁਸੈਨ ਮੇਰੇ ਰਸੂਲ ਵਿਚੋਂ ਹੁਸੈਨ ਲਾਹੜਾ ਇਮਾਮਤਾਂ ਦਾ ਇਮਾਮ ਮੋਮਿਨ, ਇਮਾਮ ਜ਼ਾਹਿਦ ਇਮਾਮ ਵੱਖਰਾ ਮੁਕਾਮ ਰੱਖਦਾ ਇਮਾਮ ਪਲਦਾ ਨਬੀ ਦੇ ਹੱਥ ਵਿਚ ਇਮਾਮ ਹੱਦਾਂ ਨੂੰ ਟੱਪ ਨਈਂ ਸਕਦਾ ਜੇ ਹੱਕ ਜਤਾਵੇ ਤੇ ਤਾਂ ਵੀ ਹੱਕ ਏ ਜੇ ਨਾ ਜਤਾਵੇ ਤੇ ਤਾਂ ਵੀ ਹੱਕ ਏ ਹੁਸੈਨ ਮਾਰੇ ਤੇ ਤਾਂ ਵੀ ਹੱਕ ਏ ਜੇ ਮਾਰ ਖਾਵੇ ਤੇ ਤਾਂ ਵੀ ਹੱਕ ਏ ਗ਼ਲਤ ਨੇਂ ਲੋਕੀ ਜੋ ਆਖਦੇ ਨੇਂ ਹੁਸੈਨ ਕੁਰਸੀ ਤੋਂ ਲੜ ਪਿਆ ਸੀ ਯਜ਼ੀਦ ਹਾਕਮ ਸੀ ਸਲਤਨਤ ਦਾ ਹੁਸੈਨ ਲੈ ਕੇ ਬਗ਼ਾਵਤਾਂ ਨੂੰ ਮਜ਼ਹਬ ਦੇ ਨਾਂ ਤੇ ਝਗੜ ਪਿਆ ਸੀ ਗਵੇੜ ਲਾਇਓ ਈਮਾਨ ਵਲੋਂ ਫ਼ਰੇਬ ਸਮਝੋ ਯਜ਼ੀਦੀਆਂ ਦਾ ਅਕਲ ਦੇ ਐਨੇ ਮੁਕਾਮ ਅਜੇ ਸਮਝ ਨਈਂ ਸਕੇ, ਨਬੀ ਦੇ ਘਰ ਦਾ ਇਲਮ ਤੋਂ ਕੋਰੇ, ਦਲੀਲ ਬਾਹਜੋਂ ਮਿਲਾਪ ਕਰਦੇ ਨੇ ਖ਼ੈਰ ਸ਼ਰ ਦਾ ਹੁਸੈਨ ਬਾਹਜੋਂ ਅਲੀ ਦਾ ਲਾਹੜਾ ਬਤੂਲ ਜਾਇਆ ਤੇ ਕੁਈ ਵੀ ਕੁਈ ਨਈਂ ਕਮਾਲ ਉਹਦੇ ਨਬੀ ਦੇ ਕੋਲੋਂ ਲਿਖਾ ਕੇ ਲਾਇਆ ਤੇ ਕੁਈ ਵੀ ਕੁਈ ਨਈਂ ਅਜ਼ਲ ਦਾ ਵਾਰਿਸ, ਅਬਦ ਦਾ ਸੱਯਦ ਖ਼ੁਦਾ ਬਣਾਇਆ ਤੇ ਕੁਈ ਵੀ ਕੁਈ ਨਈਂ ਮਾਸ਼ੂਮ ਮੋਢੇ ਤੇ ਚਾਅ ਕੇ ਆਪਣੇ ਨਬੀ ਖਿਡਾਇਆ ਤੇ ਕੁਈ ਵੀ ਕੁਈ ਨਈਂ ਹੁਸੈਨ ਬਾਹਜੋਂ ਨਬੀ ਦੇ ਘਰ ਚੋਂ ਸੰਵਰ ਕੇ ਆਇਆ ਤੇ ਕੁਈ ਵੀ ਕੁਈ ਨਈਂ ਓ ਕੁਲ ਦਾ ਮੌਲਾ, ਓ ਕੁਲ ਦਾ ਆਕਾ ਗ਼ੁਲਾਮੀਆਂ ਨਾ ਕਬੂਲਦਾ ਸੀ ਓ ਮੁੰਤਖ਼ਬ ਸੀ ਉਸੂਲ ਪਾਰੋਂ ਓ ਨਾਇਬ ਮੇਰੇ ਰਸੂਲ ਦਾ ਸੀ ਓ ਕੁੱਲ ਸ਼ਰੀਅਤ ਦਾ ਹੋ ਗਿਆ ਸੀ ਤੇ ਕੁੱਲ ਸ਼ਰੀਅਤ ਹੁਸੈਨ ਵਿਚ ਸੀ ਸੰਵਰ ਕੇ ਆਈ ਸੀ ਜੋ ਆਦਮੀਅਤ ਓ ਆਦਮੀਅਤ ਹੁਸੈਨ ਵਿਚ ਸੀ ਓ ਜੱਗ ਨੂੰ ਮੱਤਾਂ ਸਮਝਾਵਣ ਆਲ਼ਾ ਓ ਜੱਗ ਨੂੰ ਰਸਤੇ ਵਿਖਾਵਣ ਆਲ਼ਾ ਕਿਸੇ ਦੇ ਆਖੇ ਤੇ ਕਿਵੇਂ ਰੁਕਦਾ ਓ ਹੱਕ ਦੇ ਰਸਤੇ ਤੇ ਜਾਵਣ ਆਲ਼ਾ ਹੁਸੈਨ ਨਾਂ ਏ ਸ਼ਰਾਫ਼ਤਾਂ ਦਾ ਹੁਸੈਨ ਨਾਂ ਏ ਸਦਾਕਤਾਂ ਦਾ ਯਜ਼ੀਦੀਅਤ ਦੀ ਨਜਾਸਤਾਂ ਕੂੰ ਓ ਭੋਏਂ ਅੰਦਰ ਦਬਾ ਗਿਆ ਏ ਅਲੀ ਦੇ ਘਰ ਦੀ ਲੁਟਾ ਕੇ ਚਾਦਰ ਅਲੀ ਦਾ ਵਾਰਿਸ ਕਿਆਮਤਾਂ ਤੱਕ ਜਹਾਂ ਦੀ ਚਾਦਰ ਬਚਾ ਗਿਆ ਏ ਉਜਾੜ ਆਇਆ ਸੀ ਘਰ ਦੀ ਰੌਣਕ ਨਬੀ ਦਾ ਲੋਡਾ ਫ਼ਕੀਰ ਬਣ ਕੇ ਓ ਕਰਬਲਾ ਦੇ ਮੁਸਾਫ਼ਰਾਂ ਦਾ ਵਜ਼ੀਰ ਬਣ ਕੇ ਅਮੀਰ ਬਣ ਕੇ ਕਦੀ ਖ਼ਿਲਾਫ਼ਤ ਦਾ ਤਾਜ ਪਾ ਕੇ ਕਦੀ ਓ ਟੁਰਦਾ ਸੀ ਫ਼ਕੀਰ ਬਣ ਕੇ ਲਹੂ ਲਹੂ ਸੀ ਹੁਸੈਨ ਮੇਰਾ ਤੇ ਕਰਬਲਾ ਵਿਚ ਕਿਆਮ ਕਰਕੇ ਨਮਾਜ਼ ਇੰਜ ਦੀ ਓ ਪੜ੍ਹ ਗਿਆ ਏ ਉਹ ਹਰ ਯਜ਼ੀਦੀ ਦੇ ਬੂਹੇ ਅੱਗੇ ਅਲਮ ਪਯੰਬਰ ਦਾ ਗੜ੍ਹ ਗਿਆ ਏ ਹੁਸੈਨ ਦੀ ਅੱਖ ਨਬੀ ਦੀ ਅੱਖ ਏ ਹੁਸੈਨ ਦਾ ਹੱਥ ਨਬੀ ਦਾ ਹੱਥ ਏ ਵਜੂਦ ਦੋ ਨੇਂ, ਅਸੂਲ ਹਿੱਕ ਏ ਜਿਸ ਵੀ ਕੁੱਠਾ, ਉਸੂਲ ਕੁੱਠਾ ਜਿਸ ਵੀ ਮੇਰਾ ਹੁਸੈਨ ਕੁੱਠਾ ਤੇ ਉਸ ਸਮਝੋ ਰਸੂਲ ਕੁੱਠਾ (੧੯੯੮)

ਸੋਚ ਕੁਈ ਓਪਰੀ

ਸੋਚ ਕੁਈ ਓਪਰੀ ਸੁੱਤੀ ਹੋਈ ਦਿਹਾੜ ਦੀ ਨਿੱਘੀ ਨਿੱਘੀ ਦੀਗਰੀ ਤਪੀਆਂ ਤੰਦੂਰੀਆਂ ਜਾਗ ਪਈ ਔਤਰੀ ਸੋਚ ਕੁਈ ਓਪਰੀ ਧੂੰਇਆਂ ਦੇ ਨਾਲ਼ ਨਾਲ਼ ਖਾ ਕੇ ਵਲ਼ਾਕੜੇ ਦਿਲੇ ਨੂੰ ਧੋ ਆਂਖਦੀ ਸੋਚ ਕਈ ਓਪਰੀ ਸੀਨੇ ਵਿਚੋ ਉੱਗਦੀ ਮਗ਼ਜ਼ੇ ਚੋਂ ਫੁਟਦੀ ਦਿਲੇ ਦੀ ਹਵਾੜ੍ਹ ਚੋਂ ਨਿੱਕੀ ਨਿੱਕੀ ਧੁਖ਼ਦੀ ਮੱਥੇ ਉੱਤੇ ਝੁਰੜੀ ਵੀਨ੍ਹਾਂ ਵਿਚ ਵਹਈ ਹੋਈ ਬਣ ਬਣ ਅੱਥਰੂ ਅੱਖੀਆਂ ਚੋਂ ਵਗਦੀ ਸੋਚ ਕੁਈ ਓਪਰੀ ਕੱਢ ਕੱਢ ਦੰਦੀਆਂ ਵੱਟ ਵੱਟ ਚੇਸੀਆਂ ਧੂਤ ਮੌਤ ਮਛਰੀ ਭੂ ਸ਼ਾਹ ਕਾਲੜੀ ਬਣ ਕੇ ਡਰਾਵਣੀ ਖਹਿ ਖਹਿ ਨੇੜਿਓਂ ਘੂਰ ਘੂਰ ਵੇਖਦੀ ਸੋਚ ਕੁਈ ਓਪਰੀ ਮੰਜੀ ਦੀ ਪਵਾਂਦੀਓਂ ਪਾਪਾ ਚੂੰਹਡੀਆਂ ਮਾਰ ਮਾਰ ਆਰਕਾਂ ਭੰਨ ਭੰਨ ਪਾਸੜੇ ਮੰਜੀ ਦੀ ਸਿਰਾਂਦੀਓਂ ਦੇ ਕੇ ਭਵਾਟਣੀ ਮੂੰਹੇ ਭਾਰ ਸੱਟਦੀ ਸੋਚ ਕੁਈ ਓਪਰੀ ਜੁੱਸੇ ਦੀਆਂ ਆਂਦਰਾਂ ਬਾਂਹ ਤੇ ਵਲੇਠ ਕੇ ਕੋਹਲੁਆਂ ਤੇ ਚਾੜ੍ਹ ਕੇ ਦੁੱਖਾਂ ਦੀ ਪਰਾਤ ਚ ਲਹੂ ਸਾਡਾ ਬੀੜ ਕੇ ਕਾਲਜੇ ਨੂੰ ਪੀੜ ਦੀ ਚਿੱਥਿਆਂ ਨੂੰ ਆਖਦੀ ਸਮੇਂ ਦੀ ਸੂਲੀਆਂ ਤੇ ਜੂਣ ਕਿਹੜਾ ਸੌਖੜਾ ਸੋਚ ਕੁਈ ਓਪਰੀ

ਵੇਲਿਓ ਕਵੇਲਿਓ

ਵੇਲਿਓ ਕਵੇਲਿਓ ਚਿੱਤ ਪਈਆਂ ਫ਼ਿਕਰਾਂ ਵੇਲਿਓ ਕਵੇਲਿਓ ਅਖੇ ਮੇਰੀ ਉਘੜੀ ਵੇਲਿਓ ਕਵੇਲਿਓ ਕਾਲਜੇ ਨੂੰ ਗਾਲ ਗਾਲ ਵੇਲਿਓ ਕਵੇਲਿਓ ਸਾੜ ਸਾੜ ਅੱਖੀਆਂ ਵੇਲਿਓ ਕਵੇਲਿਓ ਰਾਤ ਦੇ ਉਨੀਂਦਰੇ ਵੇਲਿਓ ਕਵੇਲਿਓ ਕੁੰਡੀ ਮੇਰੀ ਖਿੜਕੀ ਵੇਲਿਓ ਕਵੇਲਿਓ ਬੂਹੇ ਧਿੱਕੇ ਝੱਖੜਾਂ ਵੇਲਿਆਂ ਕਵੇਲਿਆਂ ਸੱਜਣਾਂ ਦੇ ਆਣ ਦੇ ਵੇਲਿਆਂ ਕਵੇਲਿਆਂ ਪਾਏ ਨੇ ਭੁਲੇਖੜੇ

ਭੁਲੇਖਾ

ਰਾਤ ਅਧਵਾਟੜੀ ਲੌ ਦੇ ਅਝੋਲੜੇ ਚੰਨ ਜਿਵੇਂ ਦਾਤਰੀ ਘਾਊ ਮਾਊ ਚਾਨਣੀ ਛਾਈਂ ਮਾਈਂ ਮੁਖੜੇ ਮੁਈਂ ਦੁਈਂ ਮਿੱਤਰਾਂ ਨੈਣ ਪਏ ਸਿਕਦੇ

ਅਲਫ਼

ਮੇਰੀ ਮਾਂ ਨੇ ਹੱਟੀ ਉਤੋਂ ਦੋ ਆਨੇ ਦੀ ਤਖ਼ਤੀ ਲੈ ਕੇ ਮੇਰੇ ਹੱਥ ਫੜਾ ਦਿੱਤੀ ਸੀ ਮੈਂ ਫ਼ਿਰ ਉਸ ਤੇ ਚਿੱਟੇ ਰੰਗ ਦਾ ਪੋਚਾ ਮਲਕੇ ਅਲਫ਼ ਤੋ ਅੱਗੇ ਕੁਝ ਨਈਂ ਲਿਖਿਆ

ਅੜਾਂਗ

ਗੁੱਡੀ ਗੁੱਡਾ ਪਿੱਟਿਆ ਵੱਸ ਮੀਂਹਾਂ ਚਿੱਟਿਆ ਗੁੱਡੀ ਗੁੱਡਾ ਲੋਈ ਤੇ ਵੱਸ ਮੀਂਹਾਂ ਛੋਈ ਤੇ ਸੁੱਕੀਆਂ ਬੰਨ੍ਹੋੜੀਆਂ ਤੇ ਸੁੱਕ ਗਏ ਢਮੁਕ ਵੇ ਕਾਲ਼ ਪਿਆ ਸਾਵਲਾਂ ਦਾ ਕੁੰਡ ਹੋਈਆਂ ਜ਼ਿਮੀਆਂ ਤੇ ਬੱਝ ਗਈ ਖਲੀਪੜੀ ਹਾਠਾਂ ਚੋਂ ਅੜਾਂਗ ਤੇਰਾ ਬੁੱਕ ਭਰੈ ਪਾਣੀਆਂ ਦੇ ਵੀਟ ਵੀਟ ਜ਼ਿਮੀਆਂ ਤੈ ਬੰਨਾ ਬੰਨਾ, ਜੂਹੀ ਜੂਹੀ ਨਿੱਕੇ ਨਿੱਕੇ ਖਬਲੈ ਤੈ ਛੇੜ ਚੁਗੈ ਹਿਰਨਾਂ ਦਾ ਸਮੇ ਦੇ ਖਲਾਤੜੇ ਤੇ ਨਿੱਕੇ ਨਿੱਕੇ ਫੁੱਲ ਪੌਣ ਬੰਨਿਆਂ ਚੋਂ ਮੂੰਹ ਦੇਹਣ ਦੱਬ ਸੁੱਲੂੰ ਨਾੜਕੇ ਬੁਲ੍ਹੂਆਂ ਦੀ ਤਸ ਬੁਝੇ ਸਹਿਕਦੀ ਦੇ ਮੂੰਹੇਂ ਵਿਚ ਤਿਤਲੀ ਦੇ ਪਰਾਂ ਉੱਤੇ ਵੱਸ ਮੀਂਹਾਂ ਚਿੱਟਿਆ ਗੁੱਡੀ ਗੁੱਡਾ ਪਿੱਟਿਆ

ਉਂਜੇ ਗੱਲ ਉਪੱਠੀ ਅਸਾਂ ਨਾਲ਼ ਕਲੇਜੇ ਲਾਈ

ਉਂਜੇ ਗੱਲ ਉਪੱਠੀ ਅਸਾਂ ਨਾਲ਼ ਕਲੇਜੇ ਲਾਈ ਆਪੇ ਆਪਣੀ ਜਿੰਦੜੀ ਰੋਲ਼ੀ, ਮੱਥੇ ਜੱਗ ਦੇ ਲਾਈ ਬੱਦਲਾਂ ਚੋਂ ਅਸਮਾਨ ਦਾ ਪਿੰਡਾ, ਸਾਨੂੰ ਨੰਗਾ ਦਿੱਸਿਆ ਚੋਲ਼ੇ ਨਾਲੋਂ ਟਾਕੀ ਪਾੜ ਕੈ ਅਸਾਂ ਉੱਤੇ ਲਾਈ ਖੁੱਲ੍ਹੀ ਡੁਲ੍ਹੀ ਹੋ ਕੈ ਰਹਿੰਦੀ, ਢੋਲੇ ਮਾਹੀਏ ਗਾਉਂਦੀ ਚਾਰ ਦਿਨਾਂ ਦੀ ਜ਼ਿੰਦਗੀ ਅਸਾਂ ਕੰਮਾਂ ਥੱਲੈ ਲਾਈ ਲੋਕੀ ਦੇਣ ਮੁਮਾਰਖਾਂ ਸਾਨੂੰ, ਈ ਤੇ ਜਾਣਦੇ ਅਸੀਂ ਕੀਕਣ ਧਿਊ ਦੀ ਡੋਲੀ ਅਸਾਂ, ਸਿਰੇ ਬੰਨੇ ਲਾਈ ਝੱਟ ਦਾ ਝੱਟ ਈ ਨਜ਼ਰੀ ਆਇਆ, ਹੱਸੂ ਹੱਸੂ ਮੁਖੜਾ ਦਿਲ ਨੂੰ ਪਾਈ ਭਸੂੜੀ ਅਸਾਂ, ਅੱਖ ਧਿਆਨੇ ਲਾਈ (ਕਾਬਲ ਜਾਫ਼ਰੀ ਹੋਰਾਂ ਦੀਆਂ ਰਚਨਾਵਾਂ ਵਿੱਚ ਧੰਨੀ ਦੀ ਰੰਗਣ ਹੋਣ ਕਰਕੇ ਇਨ੍ਹਾਂ ਨੂੰ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਲਿਖਣਾ ਥੋੜ੍ਹਾ ਔਖਾ ਕੰਮ ਸੀ । ਇਸ ਕੰਮ ਵਿੱਚ ਸਹਿਯੋਗ ਲਈ ਅਸੀਂ ਤੌਕੀਰ ਰਜ਼ਾ ਹੋਰਾਂ ਦੇ ਦਿਲੋਂ ਧੰਨਵਾਦੀ ਹਾਂ ।)

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਾਬਲ ਜਾਫ਼ਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ