Punjabi Poetry : Prof. Deedar Singh

ਪੰਜਾਬੀ ਕਵਿਤਾਵਾਂ : ਪ੍ਰੋਃ ਦੀਦਾਰ ਸਿੰਘ


ਅਸੈਂਬਲੀ ਹਾਲ ਵਿੱਚ ਬੰਬ 8 ਅਪ੍ਰੈਲ 1929

“ ਗੋਰੇ ਦੀ ਲੁੱਟ ਚਲੇ ਕਿਉਂ ਕਾਨੂੰਨਾਂ ਅਨੁਸਾਰ।” ਬੰਬ ਸੁੱਟਣ ਦਾ ਫੈਸਲਾ ਹੋ ਗਿਆ ਆਖਰਕਾਰ। ਬੰਦੇ ਮਾਰਨ ਦਾ ਨਹੀਂ ਸੀਗਾ ਕੋਈ ਵਿਚਾਰ। ਵਿੱਚ ਅਸੈਂਬਲੀ ਹਾਲ ਦੇ ਪਾਉਣੀ ਸੀ ਗੁੰਜਾਰ। ਗੋਰੇ ਨੂੰ ਲਲਕਾਰ ਕੇ ਹੋਣਾ ਸੀ ਗ੍ਰਿਫ਼ਤਾਰ। ਆਜ਼ਾਦੀ ਦੇ ਹੱਕ ‘ਤੇ ਹੋਣੀ ਸੀ ਤਕਰਾਰ। ਭਗਤ ਸਿੰਘ ਨੂੰ ਪਤਾ ਸੀ ਜੇ ਹੋਣਾ ਗ੍ਰਿਫ਼ਤਾਰ। ਮੁੜ ਕੇ ਬਾਹਰ ਨਾ ਆਵਣਾ ਕਾਨੂੰਨਾਂ ਅਨੁਸਾਰ। ਭਗਤ ਸਿੰਘ ਤੇ ਦੱਤ ਨੇ ਹੋ ਜਾਣਾ ਕੁਰਬਾਨ। ਕਾਨੂੰਨਾਂ ਨੂੰ ਰਿੜਕਣਾ ਦੇ ਦੇਣੀ ਏ ਜਾਨ। ‘ਸਾਜ਼ਸ਼ ਕੇਸ ਲਾਹੌਰ’ ਦਾ ਉਸ ਤੇ ਸੀਗਾ ਦੋਸ਼। ਇਸ ਗੱਲ ਦੀ ਵੀ ਭਗਤ ਨੂੰ ਪੂਰੀ ਸੀਗੀ ਹੋਸ਼। ਮੌਤੋਂ ਬਿਨਾਂ ਨਾ ਟੁੱਟਣਾ ਕਾਨੂੰਨਾਂ ਦਾ ਜਾਲ। ਇਸ ਗੱਲ ਵਿੱਚ ਵੀ ਸ਼ੱਕ ਨਾ ਸੀਗਾ ਰੱਤਾ ਰਵਾਲ। ਕਿਹੜਾ ਹੋਵੇ, ਮੌਤ ਨੂੰ ਹੱਸਦਾ ਕਰੇ ਕਬੂਲ? ਵਿੱਚ ਗੁਲਾਮੀ ਜੀਵਣਾ ਸਮਝੇ ਪਿਆਂ ਫ਼ਜ਼ੂਲ । ਸਿਖਰ ਸਿਆਲ ਗੁਜ਼ਰ ਗਏ, ਗੁਜ਼ਰ ਗਈ ਸੀ ਰਾਤ ਖੁੱਲ੍ਹੀ ਰੁੱਤ ਅਪ੍ਰੈਲ ਦੀ ਭਿੰਨੀ ਸੀ ਪ੍ਰਭਾਤ । ਪਹੁ ਫੁਟਾਲੇ ਦੇਸ਼ ਦੇ ਹੋ ਹੋ ਜਾਵਣ ਲਾਲ। ਜਾਪੇ ਲੋਕ-ਉਭਾਰ ਨੂੰ ਕੁਦਰਤ ਦੇਂਦੀ ਤਾਲ। ਸੰਨ ਉੱਨੀ ਸੌ ਉਨੱਤੀਆ ਦਿਨ ਸੀ ਅੱਠ ਅਪ੍ਰੈਲ। ਰਿਪਬਲਿਕ ਫੌਜ ਨੇ ਘੱਲ ਦਿੱਤੇ ਦੋ ਛੈਲ। ਵਿੱਚ ਅਸੈਂਬਲੀ ਪੇਸ਼ ਸੀ ’ਪਬਲਿਕ ਸੇਫ਼ਟੀ ਬਿੱਲ’। ਧੋਖੇਬਾਜ਼ ਕਾਨੂੰਨ ਸੀ, ਹਾਕਮ ਸੀ ਤੰਗ ਦਿਲ। ਮਿਥਿਆ ਉਹਨਾਂ ਠੋਕਣਾ, ਧੋਖੇ ਦੇ ਸਿਰ ਕਿੱਲ। ‘ਵਿਠਲ ਭਾਈ’ ਪਰਧਾਨ ਸੀ ਕਰਨੀ ਗੱਲ ਬਰੀਕ। ਉਹ ਰੂਲਿੰਗ ਸੀ ਦੇਵਣਾ ਜਿਸ ਦੀ ਬੜੀ ਉਡੀਕ। ਜਿਸ ਦਮ ਰੂਲਿੰਗ ਦੇਣ ਨੂੰ ਉੱਠੇ ਸਨ ਪਰਧਾਨ। ਖਾਲੀ ਬੈਂਚਾਂ ਸਾਹਮਣੇ ਬੰਬ ਇੱਕ ਫਟਿਆ ਆਣ। ਆਤਸ਼ਬਾਜੀ ਸਮਝਿਆ ਕਈਆਂ ਨੇ ਤੂਫ਼ਾਨ। ਜਾਂ ਕੋਈ ਪ੍ਰਬੰਧ ਹੈ ਫੇਰਨ ਲਈ ਧਿਆਨ? (ਪਰ)ਗੂੰਜੇ ਗੂੰਜਣ ਵਾਕਰਾਂ, ਟੈਂਕਰ ਤੇ ਦਾਲਾਨ। ਸੁਣ ਕੇ ਸਭੇ ਠਠੰਬਰੇ, ਮੈਂਬਰ ਤੇ ਮਹਿਮਾਨ। ਕੰਬਣ ਕਾਨੇ ਵਾਕਰਾਂ, ਹੋ ਗਏ ਖੁਸ਼ਕ ਪ੍ਰਾਣ। ਏਧਰ ਓਧਰ ਨੱਸ ਕੇ ਲੱਗੇ ਜਾਨ ਬਚਾਣ। ਏਨੇ ’ਚ ਬੰਬ ਹੋਰ ਇੱਕ ਵੱਜਿਆ ਏਸੇ ਥਾਨ। ਜਦ ਧੂੰ ਘਟਿਆ ਰਤਾ ਕੁ, ਹੋਇਆ ਸਾਫ਼ ਦਲਾਨ। ਦਿੱਸੇ ਸਾਹਵੀਂ ਗੈਲਰੀ ਵਿੱਚ ਦੋ ਛੈਲ ਜਵਾਨ। (ਪ੍ਰੋ. ਦੀਦਾਰ ਸਿੰਘ ਵੱਲੋਂ ਲਿਖੇ’ ਕਿੱਸਾ ਸ਼ਹੀਦ ਭਗਤ ਸਿੰਘ 1966 ਵਿੱਚੋਂ ਕਾਵਿ ਰੂਪ ਦਾ ਇੱਕ ਅੰਸ਼; ਇਹ ਪੂਰਾ ਮਹਾਂ-ਕਾਵਿ 268 ਸਫ਼ਿਆਂ ਦਾ ਹੈ)

‘ਮੈਂ ਨਾਸਤਿਕ ਕਿਉਂ ਹਾਂ?

ਰਹੇ ਵਡੇਰੇ ਮੰਨਦੇ (ਕੋਈ) ਸਰਬ-ਸ਼ਕਤੀਆਂ ਮਾਨ। ਇਸ ਲਈ ਅੰਧ-ਵਿਸ਼ਵਾਸ ਨੂੰ ਪੂਜੇ ਪਿਆ ਗਿਆਨ। ਜਿਹੜਾ ਕਾਫ਼ਰ ਹੋਣ ਨੂੰ ਸਮਝ ਰਹੇ ਸਵੈਮਾਨ। ਉਹਨੂੰ ਕਹਿਣ ਗੱਦਾਰ ਤੇ ਸੋਚਾਂ ਨੂੰ ‘ਅਭਿਮਾਨ’। ਜੰਮ ਪਏ ਜੇਕਰ ਉਨ੍ਹਾਂ’ਚੋਂ ਬੁੱਧ ਜੇਹਾ ਨਿਰਮਾਨ। ਬੁੱਤ ਉਹਦੇ ਨੂੰ ਪੂਜ ਕੇ, ਕਹਿ ਛੱਡਣ ਭਗਵਾਨ। ਵਕਤ ਸੰਭਾਲ਼ੋ ਸਾਥੀਉ ਪਰਚਾਰੋ ਵਿਗਿਆਨ। ਕੁੱਝ ਨਾ ਸੌਰੇ ਜੇ ਅਸੀਂ ਰਹਿ ਬਹਿਸੀਂ ਗ਼ਲਤਾਨ। ਬਣਿਆ ਹਾਂ ਨਾਸਤਿਕ ਕਾਰਣ ਨਹੀਂ ਹੰਕਾਰ। ਮੈਂ ਨਹੀਂ ਦੇਣਾ ਫੈਸਲਾ ਆਪੇ ਲਵੋ ਨਿਤਾਰ। ਦਿੱਸੇ ਮੇਰੀ ਗੱਲ ਨਾ ਜੇਕਰ ਤਰਕ ਅਨੁਸਾਰ। ਜ਼ਰਾ ਕੁ ਮੇਰੀ ਅੱਜ ਦੀ ਹਾਲਤ ਲਿਉ ਵਿਚਾਰ। ਜੇ ਮੈਂ ਆਸਤਕ ਮੱਤ ਦਾ ਮੰਨ ਲਵਾਂ ਪਰਚਾਰ। ਰੱਬ ਦੀ ਹੋਂਦੋਂ ਨਾ ਕਰਾਂ ਕੁਝ ਕੁ ਦਿਨ ਇਨਕਾਰ। ਸੌਖਾ ਹੋ ਜਾਂ ਅੰਦਰੋਂ ਵੇਖਾਂ ਮੌਤੋਂ ਪਾਰ। ਦਿਸਪੇ ਖ਼ਬਰੇ ਫਿਰ ਕਿਤੇ ਕੋਈ ਰੱਬੀ ਦਰਬਾਰ। ਦੂਜਾ ਇਹ ਸਵਾਲ ਹੈ ਜੇ ਨਹੀਂ ਹੈ ਹੰਕਾਰ। ਤਾਂ ਕਿਉਂ ਰੱਬੀ ਧਾਰਨਾ ਮੰਨਣ ਤੋਂ ਇਨਕਾਰ? ਕਾਰਣ ਇਹਦਾ ਵੀਰਨੋ ਹੈਗਾ ਹੈ ਵਲਦਾਰ। ਸਮਝੇ ਜਿਸ ਨੂੰ ਤਾਰਕਿਕ ਜਾਂ ਫਿਰ ਸਾਹਿਤਕਾਰ। ਹੁਣ ਤੱਕ ਦੇ ਸਭ ਫ਼ਲਸਫ਼ੇ ਮਨ ਦੀ ਪੈਦਾਵਾਰ। ਤਾਂ ਹੀ ਤਾਂ ਇਸ ਖੇਤਰੇ ਵੱਖੋ ਵੱਖ ਵਿਚਾਰ। ਧਰਮੀ ਬੜੇ ਬਨਾਵਟੀ ਮਨ-ਘਾੜਤ ਦੀ ਹਾਰ। ਨਹੀਂ ਤਾਂ ਇੱਕੋ ‘ਸੱਚ’ ਦੇ ਮੂੰਹ ਕਿਉਂ ਕਈ ਹਜ਼ਾਰ? ਬੋਧੀ, ਬ੍ਰਾਹਮਣ, ਜੈਨੀਏ ਅੱਡੋ ਅੱਡਰੇ ਰਾਗ। ਆਰੀਏ ਅਤੇ ਸਨਾਤਨੀ ਜਿਉਂ ਨਿਉਲੇ ਤੇ ਨਾਗ। ਸੱਚੀਂ ਹੁੰਦਾ ‘ਰੱਬ’ ਜੇ ਲੜਦੇ ਨਾ ਇਹ ਘਾਗ। ਸੱਚ ਖੜੀਚਾ ਇਨ੍ਹਾਂ ਤੋਂ ਮਿਲਦਾ ਨਹੀਂ ਸੁਰਾਗ। ਇੱਕ ਗੱਡੀ ਦੇ ਮਹਾਂਰਥੀ ਵੱਖੋ ਵੱਖਰੀ ਵਾਗ। ਸੁੱਤੇ ਖਿੱਚਣ ਗੱਡ ਨੂੰ ਆਵੇਗੀ ਕਦ ਜਾਗ। ਬੈਠ ਸੁਹਾਗਣ ਕੰਤ ਦੀ ਪਈ ਉਡਾਵੇ ਕਾਗ । ਮਾਨਵਤਾ ਨੂੰ ਤਰਕ ਦੀ ਅਜੇ ਨਾ ਲੱਗੀ ਲਾਗ। (‘ਮੈਂ ਨਾਸਤਿਕ ਕਿਉਂ ਹਾਂ? ਦਾ ਇੱਕ ਅੰਸ਼) (ਸ਼ਹੀਦ ਭਗਤ ਸਿੰਘ ਵੱਲੋਂ ਜੇਲ੍ਹ ਵਿੱਚੋਂ 4-10-1930 ਨੂੰ ਲਿਖੇ ‘ਮੈਂ ਨਾਸਤਿਕ ਕਿਉਂ ਹਾਂ? ਦਾ ਕਾਵਿ-ਰੂਪ ਵੀ 25 ਸਫ਼ਿਆਂ ਦਾ ਹੈ। )

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਃ ਦੀਦਾਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ