Punjabi Poetry : Pritam Dhanjal

ਪੰਜਾਬੀ ਕਵਿਤਾਵਾਂ : ਪ੍ਰੀਤਮ ਧੰਜਲ

1. ਸਿਫ਼ਰ

ਸਿਫ਼ਰ ਦਾ ਮਤਲਬ ‘ਕੁਝ ਨਹੀਂ’ ਹੁੰਦਾ,
ਇੰਜ ਕਹਿਣਾ ਪਰ ਠੀਕ ਨਹੀਂ ਹੈ।

ਸਿਫ਼ਰ ਦਾ ਘੇਰਾ ਦਸਦਾ ਹੈ ਕਿ,
ਸਿਫ਼ਰ, ਜਿਸ ਤਰ੍ਹਾਂ ਇਕ ਸਫ਼ਰ ਹੈ।
ਏਸ ਸਫ਼ਰ ਦਾ ‘ਆਦਿ ਤੇ ਅੰਤ’
ਹਰ ਇਕ ਥਾਂ ‘ਤੇ ਹੀ ਹੁੰਦਾ ਹੈ।

ਏਸ ਸਿਫ਼ਰ ਦੇ ਸਫ਼ਰ ਦੇ ਉੱਤੇ,
ਭਵਿੱਖ ਵੀ ਅੱਗੇ, ਭੂਤ ਵੀ ਅੱਗੇ।
ਜਾਂ ਇੰਜ ਵੀ ਕਹਿ ਸਕਦੇ ਹਾਂ ਕਿ,
“ਭੂਤ ਵੀ ਪਿੱਛੇ, ਭਵਿੱਖ ਵੀ ਪਿੱਛੇ”।
ਤੇ ਜਾਂ ਇੰਜ ਵੀ ਕਹਿ ਸਕਦੇ ਹਾਂ,
“ਇਹ ਸਿਫ਼ਰ, ਏਨਾ ਕੁਝ ਹੋ ਕੇ,
‘ਸਮੇਂ-ਸਥਾਨ’ ਤੋਂ ਬਾਹਰ ਹੁੰਦਾ”।

ਸਿਫ਼ਰ ਦਾ ਘੇਰਾ ਲੱਗਦਾ ਹੈ ਕਿ,
ਇਹ ਸ਼ਾਇਦ ‘ਕੁਝ ਵੀ ਨਹੀਂ’ ਨੂੰ
ਅੰਦਰ ਡੱਕਣ ਦਾ ਉਪਰਾਲਾ।
ਜਾਂ ਇਕ ਛੋਟੇ ‘ਕੁਝ ਨਹੀਂ’ ਨੂੰ,
ਇਕ ਵੱਡੇ ‘ਕੁਝ ਨਹੀਂ’ ਦੇ ਕੋਲੋਂ,
ਬਚਾ ਕੇ ਰੱਖਣ ਦਾ ਉਪਰਾਲਾ।

ਸਿਫ਼ਰ ‘ਸ਼ੂਨਯ’ ਹੋ ਸਕਦਾ ਹੈ।
‘ਸ਼ੂਨਯ’ ਸਿਫ਼ਰ ਨਹੀਂ ਪਰ ਹੁੰਦਾ।
‘ਸ਼ੂਨਯ’ ਖ਼ਲਾਅ ਦਾ ਨਾਮ ਹੈ ਦੂਜਾ।

ਨੌਂ ਦਰਵਾਜ਼ੇ ਦੇਹੀ ਦੇ ਨੇ,
ਅਤੇ ਜੋ ਦਸਵਾਂ ਦੁਆਰ ਹੁੰਦਾ ਹੈ,
ਉਹ ਗੁਪਤ ਹੈ।
ਆਮ ਅੱਖ ਨੂੰ ਦਿਸਦਾ ਨਹੀਂ ਹੈ।
ਜਿਸ ਨੂੰ ਦਸਵਾਂ ਦੁਆਰ ਦਿਸ ਜਾਵੇ,
ਉਹ ਜੀਵਨ ਸਫ਼ਲ ਹੋ ਜਾਂਦਾ।
ਇਹ ‘ਦਸਵਾਂ’, ਇਹ ਸਿਫ਼ਰ, ਇਹ ਸ਼ੂਨਯ,
ਜਦ ਨੌਆਂ ਨੂੰ ਮਿਲ ਜਾਂਦਾ ਹੈ,
ਤਾਂ ਉਹਨਾਂ ਦੀ ਵੇਲ ਹੈ ਵਧਦੀ,
ਨੌਆਂ ‘ਤੇ ਰਹਿ ਜਾਣ ਦੀ ਥਾਂ ‘ਤੇ,
ਏਸ ਸ਼ੂਨਯ, ਇਸ ਸਿਫ਼ਰ ਦਾ ਕਰਕੇ,
ਉਹ ਬੇ-ਓੜਕ ਹੋ ਜਾਂਦੇ ਨੇ।
ਏਸ ਸਿਫ਼ਰ ਦੇ ਘੇਰੇ ਅੰਦਰ,
ਸਭ ਬ੍ਰਹਿਮੰਡ ਸਮਾਅ ਜਾਂਦਾ ਹੈ।

ਆਪਣੇ ਆਪ ਦੀ ਕਦਰ ਨਾ ਕਰਨੀ,
ਬਿਲਕੁਲ ਹੀ ਬੇਕਾਰ ਸਮਝਣਾ,
ਸਿਫ਼ਰ ਦੇ ਵਾਂਗ ਸਮਝਿਆ ਜਾਂਦਾ।

ਵੰਗਾਂ, ਸਿਫ਼ਰ ਵਰਗੀਆਂ ਹੁੰਦੀਆਂ,
ਕੰਙਣ, ਕੜੇ ਵੀ ਸਿਫ਼ਰ ਦੇ ਵਰਗੇ,
ਇਹਨਾਂ ਵਿਚ ਵੀ ਖ਼ੁਸ਼ੀਆਂ, ਖੇੜੇ।

ਕੰਪਿਊਟਰ ਦੀ ਭਾਸ਼ਾ ਵਿਚ ਵੀ,
ਏਸ ਸਿਫ਼ਰ ਦੀ ਅਹਿਮ ਜਗਹ ਹੈ।

ਇਹ ਸਿਫ਼ਰ ਨਿਰਜੀਵ ਨਹੀਂ ਹੁੰਦਾ।
ਇਹ ਜੜ੍ਹ ਵੀ ਹੈ ਤੇ ਚੇਤਨ ਵੀ।

ਸਿਫ਼ਰ, ਕਿ ਜੋ ਸ਼ੂਨਯ ਹੁੰਦਾ ਹੈ,
ਸ਼ੂਨਯ, ਜਿਸ ਦਾ ਮਾਅਨਾ, ‘ਖਾਲੀ’
ਕੁਝ ਵੀ, ਖਾਲੀ ਕਿੰਜ ਹੋ ਸਕਦੈ!
ਸਰਬਵਿਆਪਕ ਜਿਸ ਨੂੰ ਕਹਿੰਦੇ,
ਕੀ ਉਹ ਸਿਫ਼ਰ ਵਿਚ ਨਹੀਂ ਹੁੰਦਾ?
ਜੇ ਹੁੰਦੈ, ਤਾਂ ਕਹਿ ਸਕਦੇ ਹਾਂ,
“ਸਰਬਵਿਆਪਕ ਤੋਂ ਪਹਿਲਾਂ ਵੀ,
ਇਹ ਸਿਫ਼ਰ ਹੁੰਦਾ ਸੀ ਹਰ ਥਾਂ”।

ਸਿਫ਼ਰ ਪਹੀਆ ਹੈ, ਜਿਸ ਦਾ ਕਰਕੇ,
ਦੁਨੀਆਂ ਚੰਦ ਤਕ ਜਾ ਸਕਦੀ ਹੈ।
ਦੁਨੀਆਂ ਮੰਡਲ ਗਾਹ ਸਕਦੀ ਹੈ।

ਸਿਫ਼ਰ ਦਾ ਅੰਦਰ ਖਾਲੀ ਨਹੀਂ ਹੈ।
ਇਹ ਹੋ ਸਕਦੈ, ਅੱਖ ਅਸਾਡੀ,
ਇਸ ਨੂੰ ਦੇਖਣ, ਸਮਝਣ ਦੇ ਲਈ
ਅਜੇ ਤਾਈਂ ਹੈ ਗਿਆਨ-ਵਿਹੂਣੀ।

ਸਿਫ਼ਰ ਦੇ ਵਿੱਚੋਂ, ਜੀਵਨ ਬਣਨਾ, ਦੁੱਖਦਾਈ ਹੈ।
ਮੁੜ ਕੇ ਸਿਫ਼ਰ ਦੇ ਅੰਦਰ ਜਾਣਾ, ਦੁੱਖਦਾਈ ਹੈ।

ਏਸ ਸਿਫ਼ਰ ਦੀ ਹਸਤੀ ਅੰਦਰ,
ਹਰ ਜੀਵਨ ਦੀ ਪੂਰਣਤਾ ਹੈ।

ਸਾਨੂੰ ਮਿਲਣ ਤੋਂ ਪਹਿਲਾਂ ਵੀ ਤਾਂ,
ਇਹ ਸਿਫ਼ਰ ਏਥੇ ਹੁੰਦਾ ਸੀ।

2. ਨ੍ਹੇਰਾ

ਦੇਖ ਰਿਹਾ ਹਾਂ ਚਾਰ ਚੁਫ਼ੇਰਾ, ਨ੍ਹੇਰਾ ਨ੍ਹੇਰਾ ਨ੍ਹੇਰਾ ਨ੍ਹੇਰਾ।
ਇਹ ਨ੍ਹੇਰਾ ਧੁੰਧਿਆਲਾ ਨ੍ਹੇਰਾ, ਨ੍ਹੇਰੇ ਦੇ ਵਿਚ ਮੈਂ ਵੀ ਨ੍ਹੇਰਾ।

ਲੱਗ ਰਿਹਾ ਹੈ, ਕਿ ਇਹ ਨ੍ਹੇਰਾ, ਸਾਰੇ ਦਾ ਸਾਰਾ ਹੈ ਮੇਰਾ।
ਇਸ ਨ੍ਹੇਰੇ ਦਾ ਹਰ ਇਕ ਵਾਸੀ, ਮੇਰੇ ਵਾਂਗ, ਹੋਵੇਗਾ ਨ੍ਹੇਰਾ!!

ਚਾਨਣ ਜਨਮ ਮਰਨ ਦਾ ਚੱਕਰ, ਚਾਨਣ ਹਉਮੈ, ਚਾਨਣ ਪੀੜਾ।
ਸੂਰਜਾਂ ਦੇ ਹੁੰਦਿਆਂ ਹੋਇਆਂ, ਚਾਨਣ ਦਾ ਆਕਾਰ ਹੈ ਭੀੜਾ।

ਹਨੇਰੇ ਦੀ ਵਲਗਣ ਅੰਦਰ, ਜਿਹੜੀ ਥਾਂ ਵੀ ਚਾਨਣ ਰਹਿੰਦਾ,
ਆਪਣੀ ਖ਼ੁਦਗ਼ਰਜ਼ੀ ਦੀ ਖ਼ਾਤਿਰ, ਚਾਨਣ ਚਾਨਣ ਰਹਿੰਦਾ ਖਹਿੰਦਾ।

ਆਪਣੀ ਆਪਣੀ ਅਉਧ ਪੁਗਾ ਕੇ, ਜਿਹੜਾ ਚਾਨਣ ਮਰ ਮਿਟ ਜਾਂਦਾ,
ਬੇਬਸ ਤੇ ਲਾਚਾਰ ਆਖ਼ਰੀ ਉਹ ਹੈ ਏਸ ਜਗਹ ‘ਤੇ ਆਂ’ਦਾ।

ਨ੍ਹੇਰੇ ਦਾ ਗੁਣ ਇਹ ਹੈ ਪ੍ਰੀਤਮ! ਇਸਦਾ ਮਾਤ-ਪਿਤਾ ਨਾ ਕੋਈ ।
ਪਰ ਚਾਨਣ ਹੋਵਣ ਦੀ ਵਜਹ, ਸੋਮੇ ਉੱਤੇ ਨਿਰਭਰ ਹੋਈ।

ਬੇਸ਼ੁਮਾਰ ਚਾਨਣ ਨੇ ਏਥੇ, ਪਰ ਨ੍ਹੇਰਾ ਹੈ ਇੱਕੋ ਨ੍ਹੇਰਾ।
ਟਟਹਿਣੇ ਤੋਂ ਸੂਰਜ ਤੀਕਰ, ਏਥੇ ਸਭ ਦਾ ਅੰਤ ਬਸੇਰਾ।

ਸੂਰਜ ਦੇ ਤਾਂ ਕਈ ਨੇ ਸਾਨੀ, ਪਰ ਨ੍ਹੇਰੇ ਦਾ ਹੈ ਨਹੀਂ ਕੋਈ।
ਹਰ ਚਾਨਣ ਦੀ ਹਸਤੀ ਪ੍ਰੀਤਮ! ਨ੍ਹੇਰਾ ਕਰਕੇ ਪੈਦਾ ਹੋਈ।

ਚਾਨਣ ਤੋਂ ਇਹ ਮਿਟ ਜਾਂਦਾ ਹੈ, ਇਹ ਵੀ ਇਕ ਭੁਲੇਖਾ ਹੁੰਦਾ।
ਜਦ ਚਾਨਣ ਚਾਨਣ ਨਹੀਂ ਰਹਿੰਦਾ, ਇਹ ਵੈਸੇ ਦਾ ਵੈਸਾ ਹੁੰਦਾ।

ਨ੍ਹੇਰੇ ਦਾ ਦਰਜਾ ਨਾ ਕੋਈ, ਇਹ ਹੈ ਇੱਕੋ ਕਿਸਮ ਦਾ ਨ੍ਹੇਰਾ।
ਨ੍ਹੇਰਾ ਕਿਸੇ ਨੂੰ ਚੁੱਭਦਾ ਨਹੀਂ ਹੈ, ਕਦੇ ਨਾ ਕਹਿੰਦਾ, ‘ਤੇਰਾ ਮੇਰਾ’।

ਇਹ ਬੁੱਢਾ ਨਹੀਂ, ਇਹ ਬਾਲਕ ਨਹੀਂ, ਇਸ ਦਾ ਆਦਿ ਅੰਤ ਨਾ ਕੋਈ,
ਇਹ ਅਪ੍ਰੰਪਰ ਚੱਲਦਾ ਆਇਆ, ਇਸ ਦਾ ਜਨਮ ਮਰਨ ਨਾ ਹੋਈ।

ਨਾ ਇਸ ਨੂੰ ਕੋਈ ਸਰਦੀ ਲੱਗਦੀ, ਨਾ ਹੀ ਇਸਨੂੰ ਗਰਮੀ ਪੋਹੇ।
ਨਾ ਇਸ ਨੂੰ ਦੁੱਖ ਕਿਸੇ ਚੀਜ਼ ਦਾ, ਨਾ ਇਸ ਨੂੰ ਕੋਈ ਜਮ ਜੋਹੇ।

ਨਾ ਹੀ ਇਹ ਕੋਈ ਵੈਰ ਕਮਾਵੇ, ਨਾ ਹੀ ਇਹ ਹੈ ਕਿਸੇ ਤੋਂ ਡਰਦਾ।
ਖ਼ਾਲਕ, ਖ਼ਲਕਿਤ ਹੁੰਦਿਆਂ ਹੋਇਆਂ, ਨ੍ਹੇਰਾ ਨਾ ਕਰਦਾ ਨਾ ਭਰਦਾ।

ਨ੍ਹੇਰੇ ਵਿੱਚੋਂ ਜੀਵਨ ਆਵੇ, ਨ੍ਹੇਰੇ ਦੇ ਵੱਲ ਤੁਰਿਆ ਜਾਵੇ,
ਵੱਖਰੀ ਵੱਖਰੀ ਕਿਸਮ ਦਾ ਜੀਵਨ ਇਹ ਨ੍ਹੇਰਾ ਹੀ ਤਾਂ ਉਪਜਾਵੇ।

ਇਸ ਨ੍ਹੇਰੇ ਤੋਂ ਨਰ ਤੇ ਨਾਰੀ, ਇਸ ਨ੍ਹੇਰੇ ਤੋਂ ਹਰ ਇਕ ਭਾਸ਼ਾ,
ਇਸ ਦੇ ਵਿਚ ਹਰ ਦਿਸ਼ਾ-ਦਿਸ਼ੰਤਰ, ਇਸ ਨ੍ਹੇਰੇ ਤੋਂ ਹਰ ਇਕ ਪਾਸਾ।

ਨ੍ਹੇਰਾ ਸਿਰਫ਼ ਜੀਵਨ ਨਹੀਂ ਦਿੰਦਾ ਇਹ ਏਸ ਨੂੰ ਤਾਜ਼ਾ ਰੱਖਦਾ।
ਕੁਦਰਤ ਨੂੰ ਕਾਇਮ ਰੱਖਣ ਲਈ, ਫਲਦਾ, ਗਲਦਾ, ਫਲਦਾ ਰੱਖਦਾ।

ਰੋਜ਼-ਮਰ੍ਹਾ ਦੇ ਜੀਵਨ ਅੰਦਰ ਨਿੱਤ ਨਵੀਂ ਤਾਕਤ ਭਰ ਦੇਂਦਾ।
ਜਨਮਾਂ ਦੇ ਥੱਕਿਆਂ ਹਇਆਂ ਨੂੰ, ਫਿਰ ਤੋਂ ਨੌ-ਬਰ-ਨੌ ਕਰ ਦੇਂਦਾ।

ਸਰਬਸਧਾਰੀ, ਸਰਬਭੱਖੀ ਵੀ, ਸਰਬਗਤ, ਸਰਬਗਿ ਹੈ ਨ੍ਹੇਰਾ।
ਸਰਬਵਿਆਪਕ, ਸਰਬਦਾ, ਸੂਖ਼ਮ, ਬੇਓੜਕ ਹੈ ਇਸ ਦਾ ਘੇਰਾ।

ਸੁੰਨ-ਸਮਾਧ ਲਗਾਈ ਬੈਠਾ, ਨਾ ਕੋਈ ਸ਼ਬਦ ਨਾ ਕੋਈ ਧੁਨੀ ਹੈ।
ਨਾ ਤਾਂਡਵ, ਨਾ ਇੰਦਰ-ਸਭਾ ਹੈ, ਨਾ ਰਾਖ਼ਸ਼ ਹੈ ਨਾ ਹੀ ਮੁਨੀ ਹੈ।

ਇਹ ਨ੍ਹੇਰਾ ਅਗਿਆਨਤਾ ਨਹੀਂ, ਗਿਆਨ ਦਾ ਇਹ ਭੰਡਾਰ ਹੈ ਪ੍ਰੀਤਮ!
ਚਿੰਤਨਤਾ ਤੋਂ ਬੌਧਿਕਤਾ ਤਕ ਇਸ ਦੀ ਪੈਦਾਵਾਰ ਹੈ ਪ੍ਰੀਤਮ!

ਇਹ ਨ੍ਹੇਰਾ, ਕਾਲ਼ਖ ਨਹੀਂ ਹੈ, ਇਹ ਕੋਈ ਕਾਲ਼ਾ ਰੰਗ ਨਹੀਂ ਹੈ।
ਅੱਖਾਂ ਮੀਟ ਕੇ ਜੇ ਕੋਈ ਦੇਖੇ, ਤਾਂ ਇਹ ਕਿਸ ਦੇ ਸੰਗ ਨਹੀਂ ਹੈ!

ਏਸ ਦੀਆਂ ‘ਗਲੀਆਂ’ ਦੇ ਵਿਚ ਦੀ, ਕੋਈ ਰੌਸ਼ਨੀ ਲੰਘ ਨਹੀਂ ਸਕਦੀ।
ਕਹਿਕਸ਼ਾਵਾਂ ਦੀ ਬਸਤੀ ਵੀ, ਸਮਾਅ ਜਾਣ ਤੋਂ ਬਚ ਨਹੀਂ ਸਕਦੀ।

ਨਾ ਧਰਤੀ ਆਕਾਸ਼ ਹੈ ਏਥੇ, ਨਾ ਏਥੇ ਕੋਈ ਦੂਜੀ ਕਾਇਆ।
ਏਸ ਆਜ਼ਾਦ-ਫ਼ਿਜ਼ਾ ਦੇ ਅੰਦਰ, ਨਾ ਹੀ ਨਰਕ ਸੁਰਗ ਦਾ ਸਾਇਆ।

‘ਰੱਬ ਦੇ ਗੁਣ’ ਲੱਭਦੇ ਲੱਭਦੇ ਨੇ, ਲਾਏ ਤ੍ਰੈਲੋਕੀ ਦੇ ਗੇੜੇ।
ਹੁਣ ਤਕ ਇਹ ਦੇਖਿਆ ਹੈ ਕਿ ‘ਨ੍ਹੇਰੇ ਦੇ ਗੁਣ’ ਸਭ ਤੋਂ ਨੇੜੇ।

ਮੈਂ ਕੀ ਲੈਣਾ ਚਮਕ ਦੇ ਕੋਲੋਂ! ਮੈਂ ਕੀ ਲੈਣਾ ਅੱਗ ਦੇ ਕੋਲੋਂ!!
ਮੈਂ ਨ੍ਹੇਰੇ ਵਿਚ ਲੀਨ ਹਾਂ ਪ੍ਰੀਤਮ! ਮੈਂ ਕੀ ਲੈਣਾ ਜੱਗ ਦੇ ਕੋਲੋਂ!

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੀਤਮ ਧੰਜਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ