Punjabi Poetry : Pritam Chand Tang
ਪੰਜਾਬੀ ਕਵਿਤਾ : ਪ੍ਰੀਤਮ ਚੰਦ ਤੰਗ
ਲਿਖਾਰੀ ਸਭਾ
ਦਿਨ ਦੁਗਨੀ ਤੇ ਰਾਤ ਚੌਗਣੀ, ਇਹਦਾ ਕੰਮ ਚਲਾਈ ਰੱਖੋ। ਦੋ ਧੜਿਆਂ ਵਿੱਚ ਹਰ ਬੰਦਾ, ਆਪਸ ਵਿੱਚ ਜੁਦਾਈ ਰੱਖੋ। ਨਾਲ ਵਿਚਾਰਾਂ ਝਗੜੋ ਬੇਸ਼ਕ, ਕਲਮ ਦੀ ਖੂਬ ਘਸਾਈ ਰੱਖੋ। ਬਹਿਰ ਵਜ਼ਨ ਖਸਮਾਂ ਨੂੰ ਖਾਵੇ, ਇਹਦੀ ਬੇਪਰਵਾਹੀ ਰੱਖੋ। ਹਾਜ਼ਰੀ ਉੱਤੇ ਨਿਰਭਰ ਕੁੱਝ ਨਹੀਂ, ਪੇਪਰੀ ਧੁੰਮਾਂ ਪਾਈ ਰੱਖੋ। ਬਾਹਾਂ ਖੜੀਆਂ ਕਰਕੇ ਯਾਰੋ, ਸਭ ਦੀ ਚੋਣ ਕਰਾਈ ਰੱਖੋ। ਹਰ ਮੈਂਬਰ ਪਿਆ ਸੁੱਖਾਂ ਸੁੱਖੇ, ਰੋਟ ਬਾਬੇ ਦਾ ਸੁੱਖ ਕੇ ਆਂਦਾ, ਸਾਡੀ ਸਭਾ ਚਲਾਵੇ ਜਿਹੜਾ, ਉਹ ਪ੍ਰਧਾਨ ਅਸੀਂ ਚੁੱਕ ਕੇ ਆਂਦਾ। ਅੱਸੀ ਚਾਰ ਚੁਰਾਸੀ, ਉਮਰੇ, ਵਰ੍ਹਿਆਂ, ਵਿੱਚੋਂ ਲੰਘ ਰਿਹਾ ਹੈ, ਅੰਤਮ ਸਾਹਾਂ ਤੇ ਆਇਆ ਵੀ, ਉਹ ਪ੍ਰਧਾਨੀ ਮੰਗ ਰਿਹਾ ਹੈ। ਜਾਨ ਓਸ ਦੀ ਝੁੱਲ ਝੁੱਲ ਕਰਦੀ, ਨਿੰਮ੍ਹਾ ਨਿੰਮ੍ਹਾ ਖੰਘ ਰਿਹਾ ਹੈ, ਗਈ ਜਵਾਨੀ ਸਿਰੇ ਬੁਢੇਪਾ, ਜੀਵਣ ਦੇ ਸੱਭ ਤੌਰ ਤਰੀਕੇ, ਇੱਕੋ ਛਿੱਕੇ ਟੰਗ ਰਿਹਾ ਹੈ। ਲੈ ਚੱਲੇ ਹਾਂ, ਮੁੜੇ ਨਾ ਭਾਂਵੇਂ, ਘਰ ਦਿਆਂ ਕੋਲੋਂ ਪੁੱਛ ਕੇ ਆਂਦਾ, ਸਾਡੀ ਸਭਾ ਚਲਾਵੇ ਜਿਹੜਾ, ਉਹ ਪ੍ਰਧਾਨ ਅਸੀਂ ਚੁੱਕ ਕੇ ਲਿਆਂਦਾ। ਅੱਖਾਂ ਦੀ ਜੋਤ ਭਾਵੇਂ ਘੱਟ ਹੈ, ਦੋਵੇਂ ਕੰਨ ਵੀ ਜੀਰੋ ਯਾਰੋ, ਸਾਹਿਤ ਦੇ ਖੇਤ੍ਰ ਵਿੱਚ ਸੱਜਨੋ, ਮੈਂ ਤਕਿਆ ਉਹ ਯਾਰੋ। ਸੇਧ ਇਨ੍ਹਾਂ ਤੋਂ ਲੈ ਲਾਭ ਉਠਾਈਏ, ਕਲਮ ਦੇ ਵਾਰੇ ਵਾਰੇ ਜਾਈਏ, ਜੋ ਕਰ ਸਕਦਾ ਕੰਮ ਦੇਓ ਉਹਨੂੰ, ਮਨ ,ਇਰਾਦਾ ਟੁਕ ਕੇ ਆਂਦਾ। ਸਾਡੀ ਸਭਾ ਚਲਾਵੇ ਜਿਹੜਾ, ਉਹ ਪ੍ਰਧਾਨ ਅਸੀਂ ਚੁੱਕ ਕੇ ਆਂਦਾ। ਸਾਲ ਤੋਂ ਵਾਧੂ ਸਮਾਂ ਹੋ ਗਿਆ, ਵਿੱਚ ਸਭਾ ਦੇ ਆਇਆਂ ਮੈਨੂੰ, ਵਿੱਚ ਪੇਪਰਾਂ ਧੁੰਮਾਂ ਪਾ ਕੇ, ਗਲਤ ਨਾਮ ਘਸਾਇਆ ਮੈਨੂੰ, ਹੱਥ ਜੋੜ ਕੇ ਅਰਜ਼ ਗੁਜਾਰੀ, ਸੁਣ ਲਓ ਸਜਨੋ ਗਿਲਿਆਜਾਰੀ, ਸੌ ਵਾਰੀ ਮੇਰੀ ਇੱਕ ਸੁਣੀ ਨਾ, ਹਰ ਵਾਰੀ ਤੜਫਾਇਆ ਮੈਨੂੰ, ਫਿਰ ਵੀ ‘ਤੰਗ’ਹੈ ਨਾਲ ਤੁਹਾਡੇ, ਭਾਵੇਂ ਸਭਾ ,ਚ ਚੁੱਕ ਕੇ ਆਂਦਾ। ਸਾਡੀ ਸਭਾ ਚਲਾਵੇ ਜਿਹੜਾ, ਉਹ ਪ੍ਰਧਾਨ ਅਸਾਂ ਚੁੱਕ ਕੇ ਆਂਦਾ।
ਮੇਰਾ ਸਾਈਕਲ
ਮੇਰੇ ਸਾਈਕਲ ਦਾ ਰੰਗ ਲਾਲ, ਜਿਸ ਦੀ ਹਰ ਇਕ ਚੀਜ ਕਮਾਲ, ਜੋ ਹੈ ਬਣੀ ਮੁਸੀਬਤ ਨਾਲ, ਜੇ ਕੋਈ ਕਹਿ ਦਏ ਉਹ ਹੈ ਆਉਂਦਾ, ਸਾਈਕਲ ਮੇਰਾ ਹੈ ਰੁਕ ਜਾਂਦਾ, ਦਿਸਦਾ ਹਾਲ ਜੇ ਮਾੜਾ ਸਾਈਕਲ, ਮੇਰਾ ਬੜਾ ਪਿਆਰਾ ਸਾਈਕਲ, ਸਾਰੇ ਜੱਗ ਤੋਂ ਨਿਆਰਾ ਸਾਈਕਲ। ਕੈਰੀਅਰ ਦੇ ਨੇ ਚੂਲੇ ਟੁੱਟੇ, ਡਰਦਾ ਕੋਈ ਨਾ ਬਹਿੰਦਾ ਪਿੱਛੇ, ਆਪਣੇ ਪੈਰੀਂ ਖੜੋਂਦਾ ਹੈ ਨਹੀਂ, ਮਾਸਾ ਭਾਰ ਇਹ ਢੋਂਦਾ ਹੈ ਨਹੀਂ, ਜਦ ਮੈਂ ਬਹਿਨਾਂ ਇਹਦੇ ਉੱਤੇ, ਅੱਗੇ ਪਿੱਛੇ ਲੱਗਣ ਕੁੱਤੇ। ਚਲੱਣ ਵਿੱਚ ਜੇ ਭਾਰਾ ਸਾਈਕਲ ਮੇਰਾ ਬੜਾ ਪਿਆਰਾ ਸਾਈਕਲ। ਸਾਰੇ ਜਗ ਤੋਂ ਨਿਆਰਾ ਸਾਈਕਲ। ਬਿਨਾਂ ਗੋਲੀਆਂ ਸਭ ਕੱਪ ਖਾਲੀ, ਸਾਈਕਲ ਮੇਰੇ ਦਾ ਰੱਬ ਹੀ ਵਾਲੀ, ਅਗਲੀ ਪਿਛਲੀ ਬ੍ਰੇਕ ਫ੍ਰੀ ਹੈ, ਦੱਸੋ ਇਸ ਦਾ ਵਿਗੜਿਆ ਕੀ ਹੈ, ਹੈਂਡਲ ਢਿੱਲਾ ਜਦੋਂ ਚਲਾਵਾਂ, ਲੋਕਾਂ ਦੀਆਂ ਲੱਤਾਂ ਵਿੱਚ ਡਾਹਵਾਂ, ਸੱਭ ਨਾਲ ਪਾਏ ਪੁਆੜਾ ਸਾਈਕਲ, ਮੇਰਾ ਬੜਾ ਪਿਆਰਾ ਸਾਈਕਲ, ਸਾਰੇ ਜਗ ਤੋਂ ਨਿਆਰਾ ਸਾਈਕਲ। ਟਾਇਰ ਟਿਊਬਾਂ ਦੋਵੇਂ ਪਾਟੀਆਂ, ਕਾਠੀ ਹੇਠਾਂ ਦਿੱਤੀਆਂ ਟਾਕੀਆਂ, ਇਸ ਦੇ ਉੱਤੇ ਜਦ ਮੈਂ ਚੜ੍ਹਨਾਂ, ਲੋਕਾਂ ਨੂੰ ਵਾਹਵਾ ਖੁਸ਼ ਕਰਨਾਂ, ਇਸ ਦਾ ਪਹਿਲਾ ਇਹ ਨਿਸ਼ਾਨਾ, ਵਿੱਚ ਗਰਾਰੀ ਅੜੇ ਪਜਾਮਾ, ਉਸ ਦਾ ਕਰੇ ਲੰਗਾਰਾ ਸਾਈਕਲ, ਮੇਰਾ ਬੜਾ ਪਿਆਰਾ ਸਾਈਕਲ, ਸਾਰੇ ਰਗ ਤੋਂ ਨਿਆਰਾ ਸਾਈਕਲ। ਹੱਬ ਤਾਰਾਂ ਤੇ ਰਿੰਮ ਪਰਾਣੇ, ਇਸ ਸਾਈਕਲ ਦੀਆਂ ਇਹ ਹੀ ਜਾਣੇ, ਜਦ ਮੈਂ ਕਦੇ ਬਾਜਾਰ ਨੂੰ ਜਾਨਾਂ, ਘੰਟੀ ਹੈ ਨਹੀਂ ਰੌਲਾ ਪਾਉਨਾਂ, ਹਟ ਜਾ ਬੀਬੀ ਹਟ ਜਾ ਭੈਣੇ, ਆਪਣੇ ਪਾਸੇ ਕਰੀਂ ਨਿਆਣੇ, ਬੀਬੀ ਵੀ ਫਿਰ ਘੂਰੀ ਵੱਟੇ, ਫੜੇ ਨਿਆਣੇ,ਪਾਸੇ ਹੱਟੇ, ਕਰ ਜਾਏ ਨਵਾਂ ਨਾ ਕਾਰਾ ਸਾਈਕਲ, ਮੇਰਾ ਬੜਾ ਪਿਆਰਾ ਸਾਈਕਲ, ਸਾਰੇ ਜਗ ਤੋਂ ਨਿਆਰਾ ਸਾਈਕਲ। ਜੇ ਕੋਈ ਸਜਨ ਮੰਗਣ ਆਵੇ, ਮੇਰਾ ਮਨ ਨਾ ਦੇਣਾ ਚਾਹਵੇ, ਮੈਂ ਹੱਸ ਕੇ ਦੇਨਾਂ ,ਉਹ ਹੱਸ ਕੇ ਖੜਦਾ, ਪਰ ਸਾਰਾ ਪੈਂਡਾ ਉਹ ਤੁਰ ਕੇ ਕਰਦਾ। ਇਕ ਵਾਰਾਂ ਜਿਹੜਾ ਇਹਨੂੰ ਲੈ ਜਾਏ, ਦੇਣ ਲੱਗਾ ਫਿਰ ਤੋਬਾ ਕਹਿ ਜਾਏ, ਫਿਰ ਨਾ ਖੜੇ ਦੁਬਾਰਾ ਸਾਈਕਲ, ਮੇਰਾ ਬੜਾ ਪਿਆਰਾ ਸਾਈਕਲ. ਸਾਰੇ ਜੱਗ ਤੋਂ ਨਿਆਰਾ ਸਾਈਕਲ।