Punjabi Poetry : Prem Warbartani

ਪੰਜਾਬੀ ਗ਼ਜ਼ਲਾਂ : ਪ੍ਰੇਮ ਵਾਰਬਰਟਨੀ


ਕਾਲੇ ਸਮੁੰਦਰਾਂ ਦੇ ਰੱਥ ਤੇ ਸਵਾਰ ਹੋ ਕੇ

ਕਾਲੇ ਸਮੁੰਦਰਾਂ ਦੇ ਰੱਥ ਤੇ ਸਵਾਰ ਹੋ ਕੇ ਆਇਆ ਹੈ ਵੇਖ ਸੂਰਜ ਕਿੰਨੇ ਭੰਵਰ ਡਬੋ ਕੇ ਭਖ਼ਦੀ ਹੈ ਹੋਰ ਜੁਆਲਾ ਬਰਫ਼ਾਂ ਦੇ ਦਰ ਖਲੋ ਕੇ ਕਿਧਰੇ ਮੈਂ ਸੜ ਨਾ ਜਾਵਾਂ ਪਿੰਡਾ ਹਵਾ ਦਾ ਛੋਹ ਕੇ ਹੰਝੂਆਂ ਦਾ ਮੀਂਹ ਵਰ੍ਹੇ ਤਾਂ ਧਰਤੀ ਦੇ ਭਾਗ ਜਾਗਣ ਫ਼ਰਿਆਦ ਕਰ ਰਹੇ ਨੇ ਸਦੀਆਂ ਤੋਂ ਦਿਲ ਦੇ ਸੋਕੇ ਫੁੱਲਾਂ ਦਾ ਰੂਪ ਲੈ ਕੇ ਮੁੱਖ ਵੇਖਦਾ ਹਾਂ ਤੇਰਾ ਲੈ ਇਮਤਿਹਾਨ ਮੇਰਾ ਸੂਲਾਂ ਚਬੋ ਚਬੋ ਕੇ ਸੁਨਸਾਨ ਖੰਡਰਾਂ ਚੋਂ ਇਕ ਵੀ ਨਾ ਲਾਸ਼ ਲੱਭੀ ਕਿਉਂ ਘੂਰਦੇ ਪਏ ਨੇ ਨੈਣਾਂ ਦੇ ਦੋ ਝਰਕੇ ਖ਼ਾਬਾਂ ਦੀ ਨਰਮ ਭੋਂ ਤੇ ਉੱਗੀਆਂ ਹਜ਼ਾਰ ਖੁੰਬਾਂ ਇਕ ਵਾਰ ਵੇਖਿਆ ਸੀ ਨੇੜੇ ਕਿਸੇ ਨੂੰ ਹੋ ਕੇ ਕਰਦੇ ਨੇ ਸੋਗ ਕਾਹਨੂੰ ਸਰਗਮ ਸਮੁੰਦਰਾਂ ਦੇ ਹੱਸਦਾ ਏ ਮੇਰਾ ਮਾਂਝੀ ਬੇੜੀ ਮਿਰੀ ਡਬੋ ਕੇ ਚੰਨ ਵੀ ਹੈ ਤੇਰਾ ਰੋਗੀ ਸੂਰਜ ਵੀ ਤੇਰਾ ਜੋਗੀ ਕਰਦੇ ਨੇ ਦੋਵੇਂ ਪੂਜਾ ਇਕ ਪੈਰ ਤੇ ਖਲੋ ਕੇ ਓ ‘ ਪ੍ਰੇਮ ’ ਸਿਰਫ਼ ਤੂੰ ਕੀ ਵਾਰਸ ਤੇ ਬੁੱਲ੍ਹੇ ਸ਼ਾਹ ਵੀ ਕਹਿੰਦੇ ਸੀ ਸ਼ੇਅਰ ਸਾਰੇ ਅੱਖਾਂ ਚੋਂ ਖ਼ੂਨ ਰੋ ਕੇ

ਜਦ ਕਦੇ ਸ਼ਰਮੀਲੀਆਂ ਸੱਧਰਾਂ ਦਾ ਝਾਕਾ

ਜਦ ਕਦੇ ਸ਼ਰਮੀਲੀਆਂ ਸੱਧਰਾਂ ਦਾ ਝਾਕਾ ਨਿਕਲਿਆ ਵੇਖਿਆ ਤਾਂ ਮੂੰਹ ਖੁਸ਼ੀ ਦਾ ਰੋਣ ਹਾਕਾ ਨਿਕਲਿਆ ਕਿਉਂ ਨਾ ਦੁਨੀਆਂ ਪੱਥਰਾਂ ਦੇ ਯੁਗ ਦੀ ਪ੍ਰਸੰਸਾ ਕਰੇ ਸ਼ੀਸ਼ਿਆਂ ਦੇ ਸ਼ਹਿਰ ਦਾ ਹਰ ਅਕਸ ਨੰਗਾ ਨਿਕਲਿਆ ਕੌਣ ਸਮਝੇ ਤੇਰੀਆਂ ਅੱਖਾਂ ਦੀ ਗਹਿਰਾਈ ਦਾ ਰਾਜ਼ ਡੁੱਬ ਕੇ ਮੈਂ ਤਾਂ ਸਮੁੰਦਰ ਚੋਂ ਵੀ ਪਿਆਸਾ ਨਿਕਲਿਆ ਕੀ ਕਹਾਂ ਇਕ ਤਾਂ ਡਰਾਉਣੀ ਸੀ ਵਿਛੋੜੇ ਦੀ ਘੜੀ ਦੂਜਾ ਮੇਰੀ ਆਸ ਦਾ ਸੂਰਜ ਵੀ ਕਾਲਾ ਨਿਕਲਿਆ ਲਾਲ ਬੁਲ੍ਹਾਂ ਦਾ ਤਬਰੱਕ ਵੰਡਿਆ ਹਰ ਫੁੱਲ ਨੇ ਖੋਲ੍ਹ ਕੇ ਜਦ ਮੈਂ ਭਰੇ ਗੁਲਸ਼ਨ ਚੋਂ ਰੋਜ਼ਾ ਨਿਕਲਿਆ ਅੱਜ ਤੇਰਾ ਮੇਰਾ ਸਾਂਝਾ ਮਕਬਰਾ ਵੇਖਣ ਲਈ ਚੰਨ ਕਾਲੀ ਰਾਤ ਦੇ ਡੋਲੇ ਚੋਂ ਕੱਲਾ ਨਿਕਲਿਆ ਤਿਆਗ ਦਿੱਤਾ ਸਾਰਾ ਸੁੱਖ ਸੰਸਾਰ ਦਾ ਬਣਕੇ ਕਵੀ ‘ਪ੍ਰੇਮ’ ਤੇਰੇ ਤੋਂ ਵਧੇਰਾ ਕੌਣ ਝੱਲਾ ਨਿਕਲਿਆ

ਫਿਜ਼ਾ ਕਿਉਂ ਨਾ ਹੋਵੇ ਸੁਹਾਨੀ ਗ਼ਜ਼ਲ ਦੀ

ਫਿਜ਼ਾ ਕਿਉਂ ਨਾ ਹੋਵੇ ਸੁਹਾਨੀ ਗ਼ਜ਼ਲ ਦੀ ਤਿਰੀ ਚਾਲ ਵਿਚ ਰਵਾਨੀ ਗ਼ਜ਼ਲ ਦੀ ਉਗਾਏ ਨੇ ਮਿੱਟੀ ਚੋਂ ਕੇਸਰ ਦੇ ਬੂਟੇ ਕਰਾਂ ਹੋਰ ਕੀ ਬਾਗ਼ਬਾਨੀ ਗਜ਼ਲ ਦੀ ਹਵਾਓ ! ਮਿਰੇ ਸਾਜ਼ ਦੀ ਲੈਅ ਨਾ ਬਦਲੋ ਅਜੇ ਲੋਰ ਵਿਚ ਹੈ ਜਵਾਨੀ ਗਜ਼ਲ ਦੀ ਅਸੀਂ ਬਾਦਸ਼ਾਹਾਂ ਤੋਂ ਲੈਣਾ ਵੀ ਕੀ ਏ ਕਿ ਹੈ ਕੋਲ ਸਾਡੇ ਨਿਸ਼ਾਨੀ ਗਜ਼ਲ ਦੀ ਪਰਿੰਦੇ ਖ਼ਿਆਲਾਂ ਦੇ ਉਡੇ ਕੁਝ ਏਦਾਂ ਫ਼ਿਜ਼ਾ ਹੋ ਗਈ ਆਸਮਾਨੀ ਗਜ਼ਲ ਦੀ ਭਰੇ ਕਿਉਂ ਨਾ ਸੂਰਜ ਮਿਰੇ ਘਰ ਦਾ ਪਾਣੀ ਮਿਰੇ ਘਰ ਤੇ ਹੈ ਹੁਕਮਰਾਨੀ ਗਜ਼ਲ ਦੀ ਪਿਆਓ ਕਦੇ ਏਸ ਜੋਗਨ ਨੂੰ ਮਧਰਾ ਕਿ ਕੁਝ ਹੋਰ ਨਿੱਖਰੇ ਜਵਾਨੀ ਗਜ਼ਲ ਦੀ ਮਿਰੇ ਨਾਂ ਦਾ ਝੰਡਾ ਨਾ ਲਹਿਰਾਏ ਭਾਵੇਂ ਸਲਾਮਤ ਰਹੇ ਰਾਜਧਾਨੀ ਗਜ਼ਲ ਦੀ

ਜਦ ਵੀ ਚਮਕੀ ਸ਼ਰਮ ਦੀ ਸ਼ਮਸ਼ੀਰ

ਜਦ ਵੀ ਚਮਕੀ ਸ਼ਰਮ ਦੀ ਸ਼ਮਸ਼ੀਰ ਤੇਰੇ ਸ਼ਹਿਰ ਵਿਚ ਹੋ ਗਏ ਡੂੰਘੇ ਦਿਲਾਂ ਦੇ ਚੀਰ ਤੇਰੇ ਸ਼ਹਿਰ ਵਿਚ ਇੰਝ ਤਾਂ ਇਸ ਸ਼ਹਿਰ ਦੀ ਤਾਰੀਫ਼ ਸੁਣਦੇ ਸਾਂ ਬੜੀ ਪੱਥਰਾਂ ਦੇ ਦਿਲ ਨੇ ਲੀਰੋ - ਲੀਰ ਤੇਰੇ ਸ਼ਹਿਰ ਵਿਚ ਬਿਲਡਿੰਗਾਂ , ਸੜਕਾਂ ਤੇ ਕੁੜੀਆਂ ਸਾਰੀਆਂ ਨੇ ਸੰਗਦਿਲ ਕਿਉਂ ਨਾ ਹੋਵੇ ਜ਼ਿੰਦਗੀ ਦਿਲਗੀਰ ਤੇਰੇ ਸ਼ਹਿਰ ਵਿਚ ਹੱਸ ਕੇ ਪੀ ਜਾਂਦੇ ਨੇ ਜਿਹੜੇ ਸ਼ੂਕਦੇ ਸੱਪਾਂ ਦਾ ਜ਼ਹਿਰ ਫਿਰਦੇ ਨੇ ਏਹੋ ਜਹੇ ਵੀ ਪੀਰ ਤੇਰੇ ਸ਼ਹਿਰ ਵਿਚ ਮੇਰੇ ਬੂਹੇ ਤੇ ਨਾਂ ਮੇਰੀ ਲਾਸ਼ ਲਟਕਾਏ ਕੋਈ ਇਹ ਹੈ ਮੇਰੀ ਆਖ਼ਰੀ ਜਾਗੀਰ ਤੇਰੇ ਸ਼ਹਿਰ ਵਿਚ ‘ਪ੍ਰੇਮ ’ ਤੂੰ ਰਾਂਝਾ ਨਹੀਂ ਤਾਂ ਫੇਰ ਕਿਸ ਦੇ ਵਾਸਤੇ ਜ਼ਿੰਦਗੀ ਰੋਂਦੀ ਏ ਬਣਕੇ ਹੀਰ ਤੇਰੇ ਸ਼ਹਿਰ ਵਿਚ

ਕੀ ਹੋਇਆ ਜੇ ਤੂੰ ਸੂਰਜ ਦੀ ਹਾਣੀ ਏਂ

ਕੀ ਹੋਇਆ ਜੇ ਤੂੰ ਸੂਰਜ ਦੀ ਹਾਣੀ ਏਂ ਮੈਂ ਵੀ ਖ਼ਾਕ ਖ਼ੁਦਾ ਦੇ ਘਰ ਦੀ ਛਾਣੀ ਏਂ ਤੂੰ ਤੇ ਮੈਂ ਦੋ ਕੱਚੇ ਕੁੱਲਰ ਮਿੱਟੀ ਦੇ ਪੈਸਾ ਕੀ ਏ , ਪੈਸਾ ਵਗਦਾ ਪਾਣੀ ਏਂ ਹੋਰ ਨਵਾਂ ਇਕ ਚੰਨ ਚੜ੍ਹਿਆ ਏ , ਏਸ ਲਈ ਕਾਲੇ ਕਪੜੇ ਪਾ ਕੇ ਈਦ ਮਨਾਣੀ ਸੁਆਦ ਲਹੂ ਦਾ ਜਿਸਦੇ ਲਬ ਤੋਂ ਲਹਿੰਦਾ ਨਹੀਂ ਸਾਨੂੰ ਉਸ ਨੇਜ਼ੇ ਦੀ ਪਿਆਸ ਬੁਝਾਣੀ ਏਂ ਜਿਹੜਾ ਸੂਰਜ ਮੇਰੇ ਸਿਰ ਚੋਂ ਉਗਿਆ ਹੈ ਉਹਦੀ ਲਾਸ਼ ਵੀ ਧਰਤੀ ਵਿਚ ਦਫ਼ਨਾਣੀ ਏਂ ਸ਼ਾਮ , ਸਮੁੰਦਰ , ਧੁੰਦ , ਪਰਿੰਦੇ , ਪਰਛਾਵੇਂ ਸਭ ਨੂੰ ਅੱਜ ਅਪਣੀ ਤਸਵੀਰ ਵਖਾਣੀ ਏਂ ‘ਪ੍ਰੇਮ ’ ਗਲੇ ਵਿਚ ਕਿਉਂ ਲਟਕਾਈ ਫਿਰਦਾ ਏਂ , ਜਿਸ ਬੋਤਲ ਵਿਚ ਦਾਰੂ ਏ, ਨਾ ਪਾਣੀ ਏਂ

ਮੈਂ ਸਮੁੰਦਰ ਤੇ ਤੂੰ ਗਗਨ ਬੀਬਾ

ਮੈਂ ਸਮੁੰਦਰ ਤੇ ਤੂੰ ਗਗਨ ਬੀਬਾ ਕਿਸ ਤਰ੍ਹਾਂ ਹੋਵੇਗਾ ਮਿਲਨ ਬੀਬਾ ਏਨੀ ਡਾਢੀ ਸਜ਼ਾ ਮੁਹੱਬਤ ਦੀ ? ਹਰ ਖੁਸ਼ੀ ਹੈ ਜਲਾਵਤਨ ਬੀਬਾ ਗੁਨਗੁਣਾਦੀ ਬਸੰਤ ਰੁੱਤ ਦੀ ਹਵਾ ਬਣ ਗਈ ਕਿਉਂ ਤਿਰਾ ਬਦਨ ਬੀਬਾ ਵੇਖ ਰੇਖਾ ਨਾ ਮੇਰੀ ਕਿਸਮਤ ਦੀ ਰੱਖ ਦੇ ਮੇਰੀ ਤਲੀ ਤੇ ਚੰਨ ਬੀਬਾ ਪਰਦਾ ਪਾਵੇਂਗਾ ਝੂਠ ਦਾ ਕਦ ਤੱਕ ਲਾਸ਼ ਹੈ ਸੱਚ ਦੀ ਬੇਕਫ਼ਨ ਬੀਬਾ ਮਿਲਕੇ ਮਿੱਟੀ ' ਚ ਹੋਰ ਹੱਸਦਾ ਏ ਦਿਲ ਹੈ ਕੇਹੋ ਜਿਹਾ ਰਤਨ ਬੀਬਾ ਮੌਤ ਆਈ ਨਹੀਂ ਅਜੇ ਤੀਕਰ ਦੇ ਕੋਈ ਆਖ਼ਰੀ ਵਚਨ ਬੀਬਾ ਢਲ ਗਿਆ ਰੂਪ ਕਿਹੜੀ ਜੋਗਨ ਦਾ ਬੁਝ ਗਈ ਦਿਲ ਦੀ ਅੰਜੁਮਨ ਬੀਬਾ ਯਾਦ ਆਉਂਦੀ ਏ ਚੀਕ ਇਕ ਮਾਂ ਦੀ ਜਦ ਵੀ ਵਜਦਾ ‘ ਸਾਇਰਨ ' ਬੀਬਾ ਪ੍ਰੇਮ ’ ਸ਼ਾਇਰ ਵੀ ਤੈਨੂੰ ਮੰਨ ਲਾਂਗੇ ਪਹਿਲਾਂ ਤੂੰ ਆਦਮੀ ਤੇ ਬਣ ਬੀਬਾ

ਫੇਰ ਲੜੇ ਰਾਹੂ ਤੇ ਕੇਤੂ

ਫੇਰ ਲੜੇ ਰਾਹੂ ਤੇ ਕੇਤੂ ਧਰਤੀ ਦਾ ਦਿਲ ਪਾਟਾ ਫੇਰ ਵੇਖ ਹਵਾ ਦੇ ਪੈਰੀਂ ਪੈ ਕੇ ਰੋਂਦਾ ਏ ਸੰਨਾਟਾ ਫੇਰ ਇਸ ਵਾਰੀ ਮੈਂ ਸੂਰਜ ਬਣਕੇ ਸੋਚ ਦੀ ਕੁੱਖ ਚੋਂ ਜਨਮਾਂਗਾ ਦੋ ਧਾਰੀ ਤਲਵਾਰ ਨੇ ਮੇਰਾ ਲਾਹ ਦਿੱਤਾ ਏ ਗਾਟਾ ਫੇਰ ਦੂਰ ਕਿਸੇ ਧੁੰਦਲੋ ਟਾਪੂ ਤੇ ਪਹਿਰਾ ਹੈ ਦੋ ਰੂਹਾਂ ਦਾ ਕਿਉਂ ਨਾ ਅਸੀਂ ਵੀ ਰਲ ਕੇ ਉਥੇ ਕਰੀਏ ਸੈਰ ਸਪਾਟਾ ਫੇਰ ਜਦ ਕਿਰਨਾਂ ਨੇ ਕੰਘੀ ਕੀਤੀ ਵਾ ਦੇ ਲੰਮੇ ਵਾਲਾਂ ਵਿਚ ਸ਼ਾਮ ਦੀ ਜਾਦੂਗਰਨੀ ਆਈ ਖੋਲ੍ਹ ਕੇ ਅਪਣਾ ਝਾਟਾ ਫੇਰ ਚੁੱਪ ਦੀ ਲੰਮੀ ਰਾਤ ਨੇ ਭਾਵੇਂ ਰੋਕ ਲਿਆ ਏ ਸਾਹ ਅਪਣਾ ਮੇਰੀ ਰੂਹ ਵਿਚ ਕਿਸ ਝਾਂਜਰ ਦਾ ਪੈਂਦਾ ਏ ਛਣਕਾਟਾ ਫੇਰ ‘ਪ੍ਰੇਮ ’ ਭਲਾ ਤੂੰ ਕੀ ਸਮਝਾਂਗਾ ਪੁੱਠੀ ਚਾਲ ਸਿਆਸਤ ਦੀ ਸਸਤੇ ਹੋ ਗਏ ਸਿਰ ਕਵੀਆਂ ਦੇ ਮਹਿੰਗਾ ਹੋ ਗਿਆ ਆਟਾ ਫੇਰ

ਨਾਲ ਜ਼ਖਮਾਂ ਦੇ ਜਦੋਂ ਵੀ ਚੂਰ ਹੋ

ਨਾਲ ਜ਼ਖਮਾਂ ਦੇ ਜਦੋਂ ਵੀ ਚੂਰ ਹੋ ਜਾਵਾਂਗਾ ਮੈਂ ਜ਼ਿੰਦਗੀ ਦੀ ਮਾਂਗ ਦਾ ਸੰਧੂਰ ਹੋ ਜਾਵਾਂਗਾ ਮੈਂ ਰੌਸ਼ਨੀ ਤੇ ਰੰਗ ਦਾ ਮੈਂ ਅਕਸ ਹਾਂ, ਸ਼ਾਇਰ ਨਹੀਂ ਜਿੰਨੇ ਕੋਲ ਆਵੋਗੇ ਓਨਾ ਦੂਰ ਹੋ ਜਾਵਾਂਗਾ ਮੈਂ ਵੇਖ ਮੇਰੇ ਜਾਮ ਵਿਚ ਸ਼ਰਮੀਲੀਆਂ ਅੱਖਾਂ ਨਾ ਘੋਲ ਇਸ ਤਰ੍ਹਾਂ ਕੁਝ ਹੋਰ ਵੀ ਮਗ਼ਰੂਰ ਹੋ ਜਾਵਾਂਗਾ ਮੈਂ ਮੈਂ ਅਜੇ ਕਾਲਾ ਸਹੀ ਪਰ ਜਾਪਦਾ ਹੈ ਹਰ ਘੜੀ ਛੋਹ ਕੇ ਤੇਰਾ ਹੁਸਨ ਨੂਰੋ ਨੂਰ ਹੋ ਜਾਵਾਂਗਾ ਮੈਂ ਮੈਨੂੰ ਉਲਝਾਂਦੀ ਰਹੀ ਜੋ ਜ਼ਿੰਦਗੀ ਏਸੇ ਤਰ੍ਹਾਂ ਪਿਆਰ ਨੂੰ ਠੁਕਰਾਨ ਤੇ ਮਜਬੂਰ ਹੋ ਜਾਵਾਂਗਾ ਮੈਂ ਭਰ ਪਿਆਲਾ ਭਰ , ਪਰ ਏਦਾਂ ਹੱਸ ਕੇ ਅੰਗੜਾਈ ਨਾ ਲੈ ਇੰਜ ਤਾਂ ਬਿਨ ਪੀਤਿਆਂ ਮਖ਼ਮੂਰ ਹੋ ਜਾਵਾਂਗਾ ਮੈਂ ‘ਪ੍ਰੇਮ’ ਉਸ ‘ ਮਾਸੂਮ ਬਰਛੀ ’ ਨੂੰ ਨਹੀਂ ਸ਼ਾਇਦ ਪਤਾ ਕਤਲ ਹੋ ਕੇ ਹੋਰ ਵੀ ਮਸ਼ਹੂਰ ਹੋ ਜਾਵਾਂਗਾ ਮੈਂ

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ, ਕਵਿਤਾਵਾਂ : ਪ੍ਰੇਮ ਵਾਰਬਰਟਨੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ