Punjabi Poetry : Prabhjot Kaur Daleke

ਪੰਜਾਬੀ ਕਵਿਤਾਵਾਂ : ਪ੍ਰਭਜੋਤ ਕੌਰ ਡਾਲੇਕੇ


ਗੀਤ ਮੈਂ ਤੇਰੇ ਨਾਂ ਕੀਤੇ ਨੇ

ਕੁਝ ਗੀਤ ਮੈਂ ਤੇਰੇ ਨਾਂ ਕੀਤੇ ਨੇ ਤੇਰੇ ਲਈ ਮਿੱਠੜੀ ਛਾਂ ਕੀਤੇ ਨੇ। ਦਿਲ ਦੇ ਭਰੇ ਜਜ਼ਬਾਤਾ ਵਾਲੇ ਹੌਕਿਆਂ ਅਤੇ ਹਾਵਾਂ ਵਾਲੇ ਬਿਰਹੋਂ ਦੀਆਂ ਦੁਆਵਾ ਵਾਲੇ ਮੇਰੀ ਕੁੱਲ ਦੌਲਤ ਹੀ ਏਹੋ ਤਾਂ ਹੀ ਤੇਰੇ ਨਾਂ ਕੀਤੇ ਨੇ ਕੁਝ ਗੀਤ ਮੈਂ ਤੇਰੇ ਨਾਂ ਕੀਤੇ ਨੇ। ਕੁਝ ਗੀਤਾਂ ਵਿੱਚ ਹੰਝੂ ਮੇਰੇ ਹਿਜਰ ਤੇਰੇ ਵਿੱਚ ਚੋ-ਚੋ ਪੈਂਦੇ ਅੱਖਰ ਬਣ ਕੇ ਆਏ ਜਿਹੜੇ ਪੀੜਾਂ ਵਾਲੇ ਜ਼ਹਿਰ ਪਿਆਲੇ ਭਰ-ਭਰ ਹਰ ਇੱਕ ਥਾਂ ਪੀਤੇ ਨੇ ਕੁਝ ਗੀਤ ਮੈਂ ਤੇਰੇ ਨਾਂ ਕੀਤੇ ਨੇ। ਕੁਝ ਗੀਤਾਂ ਵਿੱਚ ਰੀਝ ਪਰੋਈ ਤੇਰੇ ਮਿੱਠੇ ਸਾਹਾਂ ਵਾਲ਼ੀ ਵਿੱਚ ਏਨਾਂ ਦੇ ਮਹਿਕ ਸਮੋਈ ਚਾਵਾਂ ਅਤੇ ਸੁਹਾਗਾਂ ਵਾਲੇ ਮਹਿੰਦੀਆਂ ਅਤੇ ਸੁਭਾਗਾਂ ਵਾਲੇ ਸਾਰੇ ਸੁਪਨੇ ਤੇਰੇ ਨਾਂ ਕੀਤੇ ਨੇ ਕੁਝ ਗੀਤ ਮੈਂ ਤੇਰੇ ਨਾਂ ਕੀਤੇ ਨੇ।

ਸੁਲਗਦੀ ਰਾਤ

ਸੁਲਗਦੀ ਰਾਤ ਨੂੰ ਜਦ ਯਾਦ ਤੇਰੀ ਆਉਣ ਲਗਦੀ ਏ ਗ਼ਜ਼ਲ ਇੱਕ ਆਣ ਸਿਰਹਾਣੇ ਮੈਨੂੰ ਪਰਚਾਉਣ ਲਗਦੀ ਏ। ਤੇਰੀਆਂ ਯਾਦਾਂ ਦੀ ਤਪਦੀ ਦੁਪਹਿਰੇ ਪੈਰ ਜਦ ਸੜਦੇ ਗ਼ਜ਼ਲ ਬਣ ਕੂਲੇ ਪੱਤੇ ਪੈਰ ਮੇਰੇ ਸਹਲਾਉਣ ਲਗਦੀ ਏ। ਤੇਰੀ ਬਿਰਹਾ ਸਮੁੰਦਰ ਪਾਰ ਕਰਨੇ ਅੱਕ ਜਿਉਂ ਚੱਬਣਾ ਜਦ ਢਲਦਾ ਏ ਸੂਰਜ ਆਸ ਦਾ ਤਾਂ ਗ਼ਜ਼ਲ ਬਣਕੇ ਮਲਾਹ ਕਸ਼ਤੀ ਕਿਨਾਰੇ ਲਾਉਣ ਲਗਦੀ ਏ। ਤੂੰ ਆਵੇਂ ਯਾ ਨਾ ਆਵੇਂ ਮੇਰੇ ਅਰਸ਼ਾਂ ਤੇ ਮੇਰੇ ਚੰਨਾ ਗ਼ਜ਼ਲ ਬਣ ਆਫ਼ਤਾਬ ਗਗਨ ਮੇਰਾ ਰੁਸ਼ਨਾਉਣ ਲਗਦੀ ਏ। ਉਮਰਾਂ ਤੋਂ ਵੀ ਵੱਧ ਲੰਮੀਆਂ ਨੇ ਵਾਟਾਂ ਤੇਰੀ ਆਮਦ ਨੂੰ ਤੱਕ ਕੇ ਹੌਂਸਲਾ ਮੇਰੇ ਸਬਰ ਦਾ ਗ਼ਜ਼ਲ ਵੀ ਕੁਰਲਾਉਣ ਲਗਦੀ ਏ।

ਲੀਕ

ਅਣਦਿਸਦੀ ਇੱਕ ਲੀਕ ਵਿਚਾਲੇ ਓਹ ਕਦੇ ਵੀ ਪਾਰ ਹੋਈ ਨਾ ਦਿਲ ਵਿੱਚ ਵੱਸ ਕੇ ਹੱਥ ਛੱਡ ਦੇਣਾਂ ਇਹ ਤਾਂ ਉਲਫ਼ਤ ਦੀ ਹਾਰ ਹੋਈ ਨਾ! ਕਹਿ ਦੇਣਾਂ ਹੈ ਬਹੁਤ ਸੁਖਾਲ਼ਾ ਦਿਲ ਦੇ ਵਿੱਚ ਤਾਂ ਵੱਸਦੇ ਰਹਿਣਾਂ ਜਿਸਮਾਂ ਨੂੰ ਜਿੰਦ ਢੋਹਣੀ ਪੈਣੀ ਜਦ ਰੂਹਾਂ ਦੀ ਹੱਕਦਾਰ ਹੋਈ ਨਾ। ਦਿਲ ਦੀ ਟਾਹਣੀ ਸੁੰਨਮ ਸੁੰਨੀ ਕਿਸੇ ਪੰਛੀ ਨਾ ਆ ਕੇ ਬਹਿਣਾ ਗ਼ਮਾਂ ਦੀ ਰਾਤ ਨੇ ਲੰਮੀ ਹੋਣਾ ਜਦ ਚੜ੍ਹੇ ਸੂਰਜ ਪ੍ਰਭਾਤ ਹੋਈ ਨਾ। ਪਿਆਰ ਨੂੰ ਸੂਲੀ ਚਾੜ੍ਹ ਕੇ ਹੱਸਣਾ ਬੁੱਲਾਂ ਨੂੰ ਫ਼ਿਰ ਬੋਝਲ ਲਗਣਾ ਕਿਸੇ ਦਾ ਹੱਸਣਾ ਸੀਨੇ ਖੁਭਣਾ ਜਦ ਖ਼ੁਸ਼ੀਆਂ ਦੀ ਬਰਸਾਤ ਹੋਈ ਨਾ।

ਸੁਨੇਹਾ

ਓ ਸੱਜਣਾ! ਤੇਰੇ ਇੱਕ ਸੁਨੇਹੇ ਨੇ ਔੜਾਂ ਵਿੱਚ ਕਾਲੀਆਂ ਘਟਾਵਾਂ ਘੇਰ ਲੈ ਆਂਦੀਆਂ ਤੇ ਫਿੱਕੇ ਜਿਹੇ ਅਸਮਾਨ ਤੇ ਸਤਰੰਗੀ ਪੀਂਘ ਖਿਲਾਰ ਦਿੱਤੀ। ਮੇਰੀ ਜਿੰਦਗੀ ਦਾ ਸਫ਼ਰ ਇੱਕ ਅਜਿਹੀ ਹਨੇਰੀ ਗੁਫ਼ਾ ਵਿੱਚ ਭਟਕ ਰਿਹਾ ਜਿੱਥੇ ਨਾ ਕੋਈ ਰੌਸ਼ਨੀ ਨਾ ਦਰ ਦਰਵਾਜ਼ਾ ਤੇ ਨਾ ਹੀ ਮੰਜ਼ਿਲ ਦਾ ਕੋਈ ਥੌਹ ਪਤਾ ਪਰ ਸੱਜਣਾ! ਤੇਰੇ ਇੱਕ ਸੁਨੇਹੇ ਨੇ ਮੇਰੇ ਹਨੇਰੇ ਤੇ ਵੀਰਾਨ ਰਾਹਾਂ ਤੇ ਜੁਗਨੂੰਆਂ ਦੀ ਬਰਾਤ ਢੁਕਾ ਦਿੱਤੀ ਤੇ ਤਿੱਤਲੀਆਂ ਦੀ ਮਹਿਫ਼ਿਲ ਲਾ ਦਿੱਤੀ। ਮੇਰੀ ਕੁੱਲ ਕਾਇਨਾਤ ਤੇ ਤਨਹਾਈ ਤੇ ਖ਼ਾਮੋਸ਼ੀ ਦੀ ਰਾਤ ਤੇ ਬਸ ਸਿਆਹ ਰਾਤ ਹੈ ਓ ਮੇਰੇ ਸੋਹਣੇ ਸੱਜਣਾ! ਤੇਰੇ ਇੱਕ ਸੁਨੇਹੇ ਨੇ ਮੇਰੇ ਗਗਨ ਤੇ ਚੰਨ, ਤਾਰੇ ਚਮਕਣ ਲਾ ਦਿੱਤੇ ਮਿੱਠੀਆਂ ਪੌਣਾਂ ਵਗਣ ਲਾ ਦਿੱਤੀਆਂ ਤੇ ਪੰਛੀਆਂ ਨੂੰ ਮੁੱਹਬਤਾਂ ਦੇ ਗੀਤ ਗਾਉਣ ਲਾ ਦਿੱਤਾ ਤੂੰ ਮੇਰੀ ਜਿੰਦਗੀ ਵਿੱਚ ਪ੍ਰਭਾਤ ਦਾ ਤਾਰਾ ਬਣ ਚਮਕਿਆਂ ਏ ਲਗਦਾ ਏ ਮੇਰੀ ਹਯਾਤੀ ਤੋਂ ਹਨ੍ਹੇਰਾ ਛਟਨ ਵਾਲ਼ਾ ਏ ਤੇ ਇੱਕ ਨਵੀਂ ਸਵੇਰ ਚੜ੍ਹਨ ਵਾਲ਼ੀ ਏ।

ਤਸਵੀਰ

ਦਿਲ ਦੇ ਅਰਮਾਨਾਂ ਨੇ ਇੱਕ ਤਸਵੀਰ ਬੁਣੀ ਸੀ ਆਪਣੇ ਸੁਪਨਿਆਂ ਦੀ ਤਾਮੀਰ ਲਈ ਇੱਕ ਮੰਜ਼ਿਲ ਚੁਣੀ ਸੀ ਵੇਖਿਆ ਸੀ ਜਦੋਂ ਤੈਨੂੰ ਮੇਰੇ ਖ਼ਾਬਾਂ ਵਾਲ਼ੀ ਤਸਵੀਰ ਤੇਰੇ ਚੇਹਰੇ ਨਾਲ਼ ਮਿਲੀ ਸੀ ਤੇਰੇ ਵਿੱਚ ਹੀ ਦਿੱਸਿਆ ਸੀ ਮੈਨੂੰ ਆਪਣਾ ਮੁਕੰਮਲ ਜਹਾਨ ਤੇਰਾ ਹੱਥ ਫੜ ਕੇ ਮੈਂ ਆਪਣੀ ਤਕਦੀਰ ਲਿਖੀ ਸੀ ਵੱਖਰੀਆਂ ਨੇ ਰਾਹਵਾਂ ਭਾਵੇਂ ਵੱਖਰਾ ਜਹਾਨ ਏ ਜੀ ਰਹੇ ਹਾਂ ਜੋ ਜਿੰਦਗੀ ਭਾਵੇਂ ਇਹ ਵੀ ਚੰਗੀ ਏ ਫ਼ਿਰ ਵੀ ਦਿਲ ਨੇ ਤੇਰੀ ਸਲਾਮਤੀ ਦੀ ਦੁਆ ਰੱਬ ਕੋਲੋਂ ਮੰਗੀ ਏ।

ਪੰਜਾਬੀ

ਪੰਜਾਬੀ ਲਈ ਕੀ ਕਰਨਾ ਅਸੀਂ ਪੰਜਾਬੀ ਲਈ ਕੀ ਕਰ ਸਕਦੇ ਹਾਂ ਪੰਜਾਬੀ ਦੇ ਬੋਲ ਸੁਨਹਿਰੀ ਬੋਲੀਆਂ, ਟੱਪੇ, ਲੋਕ ਗੀਤ, ਵਾਰਾਂ ਬੱਚਿਆਂ ਸਾਹਵੇਂ ਰੱਖ ਸਕਦੇ ਹਾਂ ਮਾਣਮੱਤੇ ਇਤਿਹਾਸ ਨੂੰ ਗਾ ਕੇ ਗੁਰਬਾਣੀ ਨਾਲ਼ ਜੋੜਨ ਵਾਲੀ ਸਾਂਝ ਨੂੰ ਗੂੜ੍ਹੀ ਕਰ ਸਕਦੇ ਹਾਂ ਪੰਜਾਬੀ ਤਾਂ ਮਾਂ ਹੈ ਸਾਡੀ ਇਸਦਾ ਕਰਜ਼ ਨਾ ਚੁਕਾ ਸਕਦੇ ਹਾਂ ਬੱਸ ਆਪਣੀ ਹਰ ਇੱਕ ਪੀੜ੍ਹੀ ਮਾਂ ਬੋਲੀ ਦੀ ਨਿੱਘੀ ਗੋਦੀ ਦੇ ਵਿੱਚ ਜਾ ਕੇ ਧਰ ਸਕਦੇ ਹਾਂ।

ਅਲਵਿਦਾ

ਚੱਲ ਇੱਕ ਮਿੱਠੀ ਯਾਦ ਬਣ ਇੱਕ ਦੂਜੇ ਨੂੰ ਅਲਵਿਦਾ ਕਹਿ ਜਾਂਦੇ ਹਾਂ ਕਦੀ ਚੱਲੇ ਸਾਂ ਇਕੱਠੇ ਅੱਜ ਤੂੰ ਨਦੀ ਦੇ ਉਸ ਪਾਰ ਤੇ ਮੈਂ ਇਸ ਪਾਰ ਤੇਰਾ ਵੱਖਰਾ ਰਸਤਾ ਤੇ ਵੱਖਰੀ ਮੰਜ਼ਿਲ ਮੇਰਾ ਵੱਖਰਾ ਨਜ਼ਰੀਆ ਤੇ ਤੇਰੇ ਤੋਂ ਵੱਖਰੀ ਏ ਸੋਚ ਹੋਰ ਉਲਝਣਾਂ ਵਿੱਚ ਉਲਝਣ ਨਾਲ਼ੋ ਆਪਣੇ ਆਪ ਨੂੰ ਸੁਲਝਾਉਂਦੇ ਹਾਂ ਤੇ ਇਹ ਫ਼ਾਸਲੇ ਹੁਣ ਤਾ ਉਮਰ ਹੰਢਾਉਂਦੇ ਹਾਂ ਚੱਲ ਇੱਕ ਮਿੱਠੀ ਯਾਦ ਬਣ ਇੱਕ ਦੂਜੇ ਨੂੰ ਅਲਵਿਦਾ ਕਹਿ ਜਾਂਦੇ ਹਾਂ।

ਇਜ਼ਹਾਰ

ਸੱਜਣਾ ਨਾਲ਼ ਜੇ ਪਿਆਰ ਕਰੀਦਾ ਭੁੱਲ ਭੁਲੇਖੇ ਵਿੱਚੋਂ ਕੱਢ ਕੇ ਆਰ ਯਾਂ ਫ਼ਿਰ ਪਾਰ ਕਰੀਦਾ। ਇੱਕ ਨਾਲ਼ ਹੀ ਨਿਭ ਜਾਂਦੀ ਏ ਜੋ ਨਾ ਹੋਵੇ ਰੂਹ ਦਾ ਹਾਣੀ ਕੱਢ ਫ਼ਿਰ ਦਿਲ ਤੋਂ ਬਾਹਰ ਕਰੀਦਾ। ਦਿਲ ਦਾ ਸੌਦਾ ਜਦ ਹੋ ਜਾਏ ਪੱਕਾ ਛੱਡ ਕੰਜੂਸੀ ਪਿਆਰਾਂ ਵਾਲ਼ੀ ਖੁੱਲ੍ਹ ਕੇ ਫ਼ਿਰ ਇਜ਼ਹਾਰ ਕਰੀਦਾ।

ਇਸ਼ਕ ਸਮੁੰਦਰ

ਇਕਰਾਰ ਕਰੀਂ ਯਾਂ ਇਨਕਾਰ ਕਰੀਂ ਜੋ ਕਰਨਾ ਇਸ ਵਾਰ ਕਰੀਂ ਉਡੀਕਾਂ ਵਾਲ਼ਾ ਲੰਮਾਂ ਪੈਂਡਾਂ ਮੈਥੋਂ ਹੋਰ ਸਹਾਰ ਨੀ ਹੁੰਦਾ। ਲਾਈ ਜੋ ਪੁਗਾਣ ਦੀ ਖ਼ਾਤਰ ਮੁਸ਼ੱਕਤ ਤਾਂ ਹੁਣ ਕਰਨੀ ਪੈਣੀ ਵਿੱਚ ਵਿਚਾਲੇ ਕਿਉੰ ਲਾਵੇਂ ਗੋਤੇ ਕਿਨਾਰਾ ਵਿੱਚ ਮੰਝਧਾਰ ਨੀ ਹੁੰਦਾ। ਕਿਉਂ ਕਰਦਾ ਏਂ ਮੇਰੇ ਦਿਲ ਨਾਲ਼ ਸੱਜਣਾ ਹੁਣ ਤੂੰ ਹੇਰਾਫੇਰੀ ਤੇਰੇ ਲੰਮੇ ਲਾਰਿਆਂ ਤੇ ਹੁਣ ਮੈਨੂੰ ਹੋਰ ਇਤਬਾਰ ਨੀ ਹੁੰਦਾ। ਦਿਲ ਨੂੰ ਕਰੜਾ ਕਰ ਕੇ ਹੁਣ ਤਾਂ ਇਕ ਪਾਸੇ ਨੂੰ ਹੋ ਜਾ ਯਾਰਾ ਦੋ ਬੇੜੀਆਂ ਵਿੱਚ ਪੈਰ ਨੂੰ ਧਰ ਕੇ ਇਸ਼ਕ ਸਮੁੰਦਰ ਪਾਰ ਨੀ ਹੁੰਦਾ।

ਗ਼ੁਲਾਬ

ਤੇਰੇ ਦਿਲ ਦੇ ਵਿੱਚ ਬਗੀਚੇ ਮੈਂ ਗ਼ੁਲਾਬ ਬਣ ਕੇ ਉੱਗਣਾ ਇਸ਼ਕੇ ਦਾ ਕੀਤਾ ਕੌਲ ਕੁਝ ਇਸ ਤਰ੍ਹਾਂ ਹੈ ਪੁੱਗਣਾ। ਰੰਗ ਤੇਰੇ ਵਿਚ ਹੀ ਰੰਗ ਕੇ ਉਮਰਾਂ ਨੇ ਹੈ ਮੁੱਕਣਾ ਦਿਲ ਭਰਦਾ ਏ ਗਵਾਹੀ ਸਾਹਵਾਂ ਨੇ ਜਦ ਹੈ ਰੁਕਣਾ। ਤੇਰੀ ਛੋਹ ਦਾ ਹੈ ਪਿਆਸਾ ਗੁੰਚਾ ਇਹ ਬਹਾਰਾਂ ਦਾ ਤੈਨੂੰ ਤੱਕ ਕੇ ਹੀ ਮੇਰਾ ਅੱਖੀਆਂ ਦਾ ਪਾਣੀ ਸੁੱਕਣਾ। ਕਹਿ ਦੇ ਜੋ ਵੀ ਕਹਿਣਾ ਰੁਸਵਾਈ ਦਾ ਡਰ ਤੂੰ ਛੱਡ ਦੇ ਕਿਓਂ ਦਿਲਦਾਰਾਂ ਕੋਲੋਂ ਭੇਦ ਦਿਲ ਦਾ ਰੱਖ ਕੇ ਲੁੱਕਣਾ।

ਤੇਰੇ ਬਿਨ

ਹੌਲੀ ਹੌਲੀ ਦਿਲ ਨੂੰ ਮਨਾ ਹੀ ਲਵਾਂਗੇ ਤੇਰੇ ਬਿਨ ਹੈ ਜੀਣਾ ਏਹ ਸਿਖਾ ਹੀ ਲਵਾਂਗੇ। ਆਈ ਸਾਂ ਤੇਰੇ ਦਰ ਤੇ ਕਦਮਾਂ ਦੀ ਧੂੜ ਬਣ ਕੇ ਤੂੰ ਭੇੜ ਲਏ ਬੂਹੇ ਦਿਲ ਦੇ ਅੱਖੀਆਂ ਤੋਂ ਦੂਰ ਮੈਨੂੰ ਕਰ ਕੇ ਖ਼ਾਬ ਜੋ ਤੇਰੇ ਵੇਖੇ ਸੀ ਸ਼ਾਇਦ ਓਹ ਭੁਲਾ ਹੀ ਲਵਾਂਗੇ ਤੇਰੇ ਬਿਨ ਹੈ ਜੀਣਾ ਏਹ ਸਿਖਾ ਹੀ ਲਵਾਂਗੇ। ਇਹ ਜੋ ਬੀਤ ਜਾਣੇ ਦਿਨ ਤਾਂ ਮੁੜ ਕੇ ਕਦੇ ਨਾ ਆਉਣੇ ਕਲੀਆਂ ਨੇ ਗੀਤ ਮੁਹੱਬਤਾਂ ਦੇ ਨਾ ਮੁੜ - ਮੁੜ ਕੇ ਦੁਹਰਾਉਣੇ ਤੇਰਾ ਹੀ ਨਾਮ ਲਿਖਿਆ ਜੋ ਦਿਲ ਦੇ ਉਸ ਸ਼ੀਸ਼ੇ ਤੋਂ ਮਿਟਾ ਹੀ ਲਵਾਂਗੇ ਤੇਰੇ ਬਿਨ ਹੈ ਜੀਣਾ ਏਹ ਸਿਖਾ ਹੀ ਲਵਾਂਗੇ।

ਖ਼ਾਬਾਂ ਦੇ ਪੰਛੀ

ਚੱਲ ਕੁਝ ਇਸ ਤਰ੍ਹਾਂ ਦਿਲ ਤੋਂ ਇਕ ਦੂਜੇ ਨੂੰ ਭੁੱਲ ਜਾਂਦੇ ਹਾਂ ਕੁਝ ਬੁਰੇ ਬਣ ਜਾਂਦੇ ਹਾਂ ਕੁਝ ਬੇਵਫਾ ਹੋ ਜਾਂਦੇ ਹਾਂ। ਸਮੇਂ ਦੀ ਜ਼ਰੂਰਤ ਜਾਂ ਉਮਰ ਦਾ ਤਕਾਜ਼ਾ ਹੱਥਾਂ ਚੋਂ ਹੱਥ ਨੂੰ ਛੱਡਕੇ ਚੱਲ ਖ਼ਾਬਾਂ ਦੇ ਪੰਛੀ ਹੋ ਜਾਂਦੇ ਹਾਂ।

ਮਾਂ ਬੋਲੀ

ਸਿੱਖ ਲਓ ਭਾਵੇਂ ਜਿਹੜੀ ਮਰਜ਼ੀ ਹਰ ਭਾਸ਼ਾ ਹੈ ਚੰਗੀ ਪਰ ਆਪਣੀ ਮਾਂ ਬੋਲੀ ਨੂੰ ਸੱਜਣਾ ਕਦੀ ਨਾ ਆਖੋ ਮੰਦੀ। ਮਾਂ ਬੋਲੀ ਕਿਰਦਾਰ ਬਣਾਊ ਤੇਰਾ ਉੱਚਾ-ਸੁੱਚਾ ਮਾਂ ਬੋਲੀ ਨੇ ਦੇਣਾ ਤੈਨੂੰ ਸਥਾਨ ਜੋ ਸਭ ਤੋਂ ਉੱਚਾ। ਮਾਂ ਬੋਲੀ ਨੂੰ ਬੋਲਣ ਲੱਗਿਆਂ ਕਦੀ ਨਾ ਸ਼ਰਮਾਂ ਖਾਓ ਮਾਂ ਬੋਲੀ ਦਾ ਰੁਤਬਾ ਉੱਚਾ ਝੁਕ ਕੇ ਸੀਸ ਨਿਵਾਓ।

ਠੰਡ ਰੱਖ

ਠੰਡ ਰੱਖ ਵੀਰਨਾ ਵੇ ਪੱਗ ਬਾਪ ਦੀ ਤੇਰੇ ਸਿਰ ਆਈ। ਬਾਬਲ ਸੀ ਮੇਰਾ ਧਰਮੀ ਗੁਰਸਿੱਖ ਤੇ ਨਿਤਨੇਮੀ ਹੇਰ ਫੇਰ ਨਾ ਕੋਈ ਜਾਣੇ ਗੁਰਬਾਣੀ ਦਾ ਓਹ ਪ੍ਰੇਮੀ ਪੱਲਾ ਫੜ ਲੈ ਤੂੰ ਵੀ ਗੁਰਾਂ ਦਾ ਬਿਲਕੁਲ ਨਾ ਘਬਰਾਵੀ ਠੰਡ ਰੱਖ ਵੀਰਨਾ ਵੇ ਪੱਗ ਬਾਪ ਦੀ ਤੇਰੇ ਸਿਰ ਆਈ। ਨਾਲ ਸਿਰੜ ਦੇ ਮਿਹਨਤ ਕਰਕੇ ਓਹਨਾ ਕੀਤੀ ਖੂਬ ਕਮਾਈ ਖ਼ੁਸ਼ ਰਹਿ ਕੇ, ਬਿਪਤਾ ਨੂੰ ਜਰ ਕੇ ਇਮਾਨਦਾਰੀ ਦੀ ਆਦਤ ਹੈ ਅਪਣਾਈ ਸਬਰ, ਸਿਦਕ ਨੂੰ ਮਨ ਵਸਾਕੇ ਤੂੰ ਵਰਤੀਂ ਹੁਣ ਨਰਮਾਈ ਠੰਡ ਰੱਖ ਵੀਰਨਾ ਵੇ ਪੱਗ ਬਾਪ ਦੀ ਤੇਰੇ ਸਿਰ ਆਈ। ਫੁੱਲਾਂ ਵਾਂਗਰ ਖਿੜ ਕੇ ਰਹਿਣਾ ਪਿਆਰ ਮੁਹੱਬਤ ਵੰਡ ਕੇ ਸਭ ਵਿੱਚ ਮਿੱਠੇ ਬੋਲ ਜ਼ਬਾਨ ਤੇ ਧਰ ਕੇ ਕੌੜਾ ਬੋਲ ਨਾ ਮੁੱਖ ਤੋਂ ਕਹਿਣਾ ਤੁਰ ਕੇ ਤੂੰ ਵੀ ਬਾਬਲ ਦੀ ਪੈੜ ਤੇ ਮੇਰਾ ਪੇਕਾ ਘਰ ਮਹਿਕਾਵੀਂ ਠੰਡ ਰੱਖ ਵੀਰਨਾ ਵੇ ਪੱਗ ਬਾਪ ਦੀ ਤੇਰੇ ਸਿਰ ਆਈ। ਦਿਲ ਆਪਣੇ ਚੋਂ ਵੈਰ ਨੂੰ ਕੱਢ ਕੇ ਪਿਆਰ ਮੁਹੱਬਤਾਂ ਵੰਡ ਲੈ ਜੋ ਦਰ ਆਏ ਤੇਰੇ ਤੇ ਚਲ ਕੇ ਉਹਨੂੰ ਵਿੱਚ ਗਲਵਕੜੀ ਭਰ ਲੈ ਹੱਕ ਸੱਚ ਦਾ ਹੁਣ ਕਰ ਲੈ ਸੌਦਾ ਨਾ ਕਦੇ ਮਾੜੇ ਰਾਹੀਂ ਜਾਈਂ ਠੰਡ ਰੱਖ ਵੀਰਨਾ ਵੇ ਪੱਗ ਬਾਪ ਦੀ ਤੇਰੇ ਸਿਰ ਆਈ। ਕੁਝ ਦਿਨ ਦਾ ਇਹ ਮੇਲਾ ਜੀਵਨ ਸਦਾ ਨਾ ਏਥੇ ਰਹਿਣਾ ਰਲ਼ ਮਿਲ਼ ਕੇ ਦਿਨ ਸੌਖੇ ਲੰਘਦੇ ਸੱਚ ਵੱਡਿਆਂ ਦਾ ਕਹਿਣਾ ਮਾਂ ਮੇਰੀ ਦਾ ਹੁਣ ਬਣ ਸਹਾਰਾ ਤੂੰ ਬੈਠਾ ਬਾਪ ਦੀ ਥਾਂਈਂ ਠੰਡ ਰੱਖ ਵੀਰਨਾ ਵੇ ਪੱਗ ਬਾਪ ਦੀ ਤੇਰੇ ਸਿਰ ਆਈ।

ਸਵੇਰ

ਉੱਠੋ ਸਵੇਰ ਹੋਈ ਸਿਆਹ ਰਾਤ ਦੀ ਚਾਦਰ ਲਾਹ ਕੇ ਨੀਲੇ ਅਕਾਸ਼ ਦੀ ਹਥੇਲੀ ਤੇ ਗੁਲਾਬੀ ਭਾਅ ਫ਼ੈਲ ਗਈ ਰੁੱਖਾਂ ਦੇ ਪੱਤਿਆਂ ਦੇ ਸਾਜ਼ਾਂ ਨੂੰ ਛੋਹ ਕੇ ਸ਼ਹਿਦ ਜਿਹੀ ਮਿੱਠੀ ਪੌਣ ਰੁਮਕਦੀ ਪੰਛੀ ਨਿਕਲ਼ੇ ਆਲ੍ਹਣਿਆਂ ਦੀ ਗੋਦ ' ਚੋਂ ਚਹਚਿਹਾ ਕੇ ਮਧੁਰ ਸੁਰਾਂ ਨੂੰ ਨੇ ਛੇੜ ਰਹੇ ਸੂਰਜ ਸੁਨਹਿਰੀ ਕਿਰਨਾਂ ਦਾ ਛਿੱਟਾ ਦੇ ਕੁੱਲ ਆਲਮ ਨੂੰ ਰੁਸ਼ਨਾ ਰਿਹਾ ਭੰਵਰੇ ਤੇ ਤਿਤਲੀਆਂ ਫੁੱਲਾਂ ਸੰਗ ਕਰਦੇ ਅਠਖੇਲੀਆਂ ਗ਼ੁਲਾਬ ਵੀ ਸ਼ਰਮਾ ਕੇ ਹੋਰ ਸੂਹਾ ਹੋ ਗਿਆ ਸਾਵੇ - ਸਾਵੇ ਖੇਤਾਂ ਵੱਲ ਹਾਲੀ ਜਾਂਦੇ ਹੱਸਦੇ ਅਜ਼ਾਨ, ਆਰਤੀ ਤੇ ਅਰਦਾਸ ਰੂਹਾਂ ਨੂੰ ਸਕੂਨ ਦੇਣ ਸਿਰਜਨਹਾਰ ਆਪਣੀ ਸਿਰਜਣਾ ਨੂੰ ਨਿਹਾਰ ਰਿਹਾ ਪੂਰੀ ਕੁਦਰਤ ਅੰਗੜਾਈ ਲੈ ਚੁਫ਼ੇਰੇ ਬਾਹਾਂ ਫੈਲਾ ਨਵੀਂ ਸਵੇਰ ਦੇ ਆਗਮਨ ਦਾ ਜਸ਼ਨ ਹੈ ਮਨਾ ਰਹੀ ਉੱਠੋ ਕਿ, ਕਾਦਰ ਦਾ ਕਰਨ ਨੂੰ ਸ਼ੁਕਰਾਨਾ ਇੱਕ ਹੋਰ ਸਵੇਰ ਨਿਹਰਨੇ ਨੂੰ ਮਿਲ਼ ਰਹੀ।

ਸੋਹਣੇ ਸੱਜਣਾਂ

ਮੇਰੇ ਸੋਹਣੇ ਸੱਜਣਾ ਵੇ ਤੂੰ ਮੁੜ ਵਤਨੀਂ ਨਾ ਆਉਣਾ। ਤੇਰੇ ਹੱਸਦੇ ਮੁਖੜੇ ਨੇ ਕਦ ਮਨ ਨੂੰ ਹੁਣ ਪਰਚਾਉਣਾ। ਬਿਖੜੇ ਪੈਂਡੇ ਸੀ ਜਦ ਜੀਵਨ ਦੇ ਤੂੰ ਹੱਥ ਮੇਰਾ ਆ ਫੜ੍ਹਿਆ ਮੇਰੀ ਹਰ ਇੱਕ ਸੱਧਰ ਨੂੰ ਤੂੰ ਸਿਰ ਮੱਥੇ ਤੇ ਧਰਿਆ ਤੇਰੇ ਵਰਗਾ ਸਾਥ ਕਿਤੇ ਨਾ ਜਗ ਤੇ ਹੋਰ ਥਿਆਉਣਾ ਮੇਰੇ ਸੋਹਣੇ ਸੱਜਣਾ ਵੇ ਤੂੰ ਮੁੜ ਵਤਨੀਂ ਨਾ ਆਉਣਾ। ਇੱਜ਼ਤ ਮਾਣ ਜੋ ਮੈਨੂੰ ਦਿੱਤਾ ਉਸਨੂੰ ਕਿਵੇਂ ਭੁਲਾਵਾਂ ਤੇਰੀ ਯਾਦ ਇਕ ਕਿਰ ਜਾਂਦੀ ਏ ਜਦ ਦਿਲ ਦੀ ਟਾਹਣੀ ਕੋਈ ਹਿਲਾਵਾਂ ਡਾਹਢਾ ਭਾਰਾ ਹੋਇਆ ਮੈਨੂੰ ਇਸ ਦਿਲ ਨੂੰ ਵਰਚਾਉਣਾ ਮੇਰੇ ਸੋਹਣੇ ਸੱਜਣਾ ਵੇ ਤੂੰ ਮੁੜ ਵਤਨੀਂ ਨਾ ਆਉਣਾ।

ਗੁੜ੍ਹਤੀ

ਮਾਂ-ਬੋਲੀ ਨੇ ਗੁੜ੍ਹਤੀ ਦਿੱਤੀ ਪੈਂਤੀ ਵਿੱਚ ਮਿਲਾ ਕੇ ਪੀਂਘਾਂ ਝੂਟਾਂ, ਖੇਡਾਂ-ਮੱਲਾਂ ਗੀਤ ਮੈਂ ਇਸਦੇ ਗਾ ਕੇ ਵਿੱਚ ਤ੍ਰਿੰਝਣਾਂ ਚਰਖ਼ਾ ਡਾਹਵਾਂ ਗਿੱਧਿਆਂ ਦੇ ਵਿੱਚ ਬੋਲੀਆਂ ਪਾਵਾਂ ਮਾਂ-ਬੋਲੀ ਮੇਰੀ ਸਖ਼ੀ-ਸਹੇਲੀ ਸੰਗ ਪਾਵੇ ਕਿੱਕਲੀ ਆ ਕੇ ਸੁਹਾਗ-ਘੋੜੀਆਂ ਮੈਨੂੰ ਦੇਵੇ ਢੋਲੇ-ਮਾਹੀਏ ਝੋਲ਼ੀ ਪਾਵੇ ਮੁਸ਼ਕਲ ਜਦ ਕੋਈ ਆਵੇ ਭਾਰੀ ਮਾਂ-ਬੋਲੀ ਤਦ ਸਾਥ ਨਿਭਾਵੇ ਵਾਂਗ ਭਾਈਆਂ ਦੇ ਆ ਕੇ ਮਾਂ-ਬੋਲੀ ਨੇ ਗੁੜ੍ਹਤੀ ਦਿੱਤੀ ਪੈਂਤੀ ਵਿੱਚ ਮਿਲਾ ਕੇ।

ਆਪੇ ਲਿਖ ਲੈ ਲੇਖ

ਆਪੇ ਲਿਖ ਲੈ ਲੇਖ ਤੂੰ ਪੜ ਕੇ ਲੰਘਿਆ ਵੇਲਾ ਹੱਥ ਨਾ ਅਉਣਾ ਨਾਲ਼ ਸਮੇਂ ਦੇ ਜੇ ਨਾ ਚੱਲੀ ਪੈਣਾ ਫਿਰ ਪਛਤਾਉਣਾ। ਨਾ ਕਿਸੇ ਹੱਥ ਕਲਮ ਦੇਈਂ ਤੂੰ ਨਾ ਕਰਮਾ ਨੂੰ ਰੋਈਂ ਪੜ ਲਿਖ ਮੱਤ ਨੂੰ ਰੌਸ਼ਨ ਕਰ ਕੇ ਸਾਰੇ ਧੋਣੇ ਧੋਈਂ। ਮਾੜੀ ਸੋਚ ਦੇ ਮਾਲਕ ਨੇ ਓਹ ਰਾਹ ਜੋ ਤੇਰਾ ਰੋਕਣ ਕਰ ਮਿਹਨਤ ਤੂੰ ਬਣ ਜਾ ਐਸੀ ਓਹ ਵੀ ਚੰਗਾ ਸੋਚਣ। ਰੂਪ - ਰੰਗ ਦਾ ਮਾਣ ਕਰੀਂ ਨਾ ਇਹ ਤਾਂ ਕੱਚਾ ਗਹਿਣਾ ਸੂਝ, ਸਿਆਣਪ ਅਤੇ ਲਿਆਕਤ ਇਸਨੇ ਸਦਾ ਹੀ ਰਹਿਣਾ। ਤੇਰੇ ਹੱਥ ਹੈ ਕਿਸਮਤ ਤੇਰੀ ਆਪਣਾ ਆਪ ਪਛਾਣੀ ਹਰ ਇਕ ਲਈ ਮਿਸਾਲ ਬਣੂ ਇਹ ਤੇਰੀ ਨਵੀਂ ਕਹਾਣੀ।

ਪੈਸੇ

ਜੇ ਮੇਰੇ ਕੋਲ ਵੀ ਹੁੰਦੇ ਬਹੁਤ ਸਾਰੇ ਪੈਸੇ ਤਾਂ ਦੁਨੀਆਂ ਕੁਝ ਹੋਰ ਹੀ ਹੋਣੀ ਸੀ ਸਾਰੇ ਰਿਸ਼ਤਿਆਂ ਦੇ ਪਹਿਲੂ ਹੋਰ ਹੋਣੇ ਸੀ, ਮੇਰੇ ਦੁਆਲੇ ਉਦਾਸੀ ਦਾ ਇਕੱਲਾਪਨ ਨਹੀਂ ਸਗੋਂ ਰੌਣਕਾਂ ਦੇ ਮੇਲੇ ਹੋਣੇ ਸੀ ਦੂਰ ਦੇ ਰਿਸ਼ਤੇਦਾਰ ਵੀ ਬਹੁਤ ਨਜ਼ਦੀਕੀ ਹੋਣੇ ਸੀ ਤੇ ਦੋਸਤੀਆਂ ਦੀ ਭਰਮਾਰ ਹੋਣੀ ਸੀ ਮੇਰੀ ਕਹੀ ਹਰ ਗੱਲ ਸਭ ਨੂੰ ਬਹੁਤ ਖ਼ਾਸ ਤੇ ਸਿਆਣੀ ਲੱਗਣੀ ਸੀ ਤੇ ਮੇਰੇ ਫੈਸਲਿਆਂ ਤੇ ਸਭ ਨੂੰ ਮਾਣ ਹੋਣਾ ਸੀ ਹਰ ਮਹਿਫ਼ਿਲ ਵਿੱਚ ਮੇਰਾ ਇੰਤਜ਼ਾਰ ਹੋਣਾ ਸੀ ਤੇ ਮਹਿਫ਼ਿਲਾਂ ਵਿੱਚ ਰੰਗ ਬੇਸ਼ੁਮਾਰ ਹੋਣਾ ਸੀ। ਜੇ ਮੇਰੇ ਕੋਲ ਵੀ ਹੁੰਦੇ ਬਹੁਤ ਸਾਰੇ ਪੈਸੇ ਤਾਂ ਬਹੁਤ ਸਾਰੇ ਦੁੱਖਾਂ ਤੋਂ ਮੈਂ ਅਣਜਾਨ ਰਹਿਣਾ ਸੀ ਤੇ ਅਸਲੀ ਦੁਨੀਆਂ ਦੇ ਬਹੁਤ ਸਾਰੇ ਭੇਦ ਛੁਪੇ ਹੀ ਰਹਿਣੇ ਸਨ ਹੱਸਦੇ ਚਿਹਰੇ ਤੇ ਫੋਕੀ ਹਮਦਰਦੀ ਪਿੱਛੇ ਲੁਕੇ ਫਰੇਬ ਤੇ ਚਾਲਬਾਜ਼ੀਆਂ ਨਹੀਂ ਦਿਸਣੀਆਂ ਸੀ ਸਕਿਆਂ ਦਾ ਖ਼ੂਨ ਸਫ਼ੈਦ ਨਹੀਂ ਹੋਣਾ ਸੀ ਤੇ ਦੋਸਤਾਂ ਵਿੱਚ ਦੁਸ਼ਮਣੀਆਂ ਦਾ ਸੇਕ ਨਹੀਂ ਹੋਣਾ ਸੀ ਨਹੀਂ ਹੋਣੇ ਸੀ ਇਹ ਗ਼ਮਾਂ ਦੇ ਅੰਬਾਰ ਮੇਹਣਿਆਂ ਤੇ ਤੋਹਮਤਾਂ ਦੇ ਵਾਰ ਨਹੀਂ ਹੋਣੇ ਸੀ ਜੇ ਮੇਰੇ ਕੋਲ ਵੀ ਹੁੰਦੇ ਬਹੁਤ ਸਾਰੇ ਪੈਸੇ ਤਾਂ ਨਹੀਂ ਹੋਣੀ ਸੀ ਇਹ ਜਿੰਦਗੀ ਸਿਰਫ਼ ਦਿਨ ਕਟੀ ਇਸ ਵਿਚ ਵੀ ਖੂਬਸੂਰਤ ਪਲ਼ ਬੇਹਿਸਾਬ ਹੋਣੇ ਸੀ।

ਮੇਰੇ ਸੋਹਣੇ ਪੁੱਤ ਸਰਤਾਜ

ਮੇਰੇ ਸੋਹਣੇ ਪੁੱਤ ਸਰਤਾਜ ਗੁਰੂ ਦੀ ਬਾਣੀ ਰੱਖੀਂ ਮਨ ਵਿੱਚ ਤੂੰ ਬਣੀਂ ਸਾਡੇ ਸਿਰ ਦਾ ਤਾਜ। ਤੇਰੀ ਉੱਚੀ ਉਡਾਣ ਨੂੰ ਤਰਸ ਰਹੀਆਂ ਨੇ ਅੱਖਾਂ ਤੂੰ ਰੱਜ ਕੇ ਕਰੀਂ ਕਮਾਈ ਤੇਰੇ ਤੇ ਲਾਈਆਂ ਉਮੀਦਾਂ ਲੱਖਾਂ। ਨੇਕ ਰਸਤੇ ਤੇ ਚੱਲ ਕੇ ਤੂੰ ਮੇਰੀ ਆਸ ਪੁਗਾਈਂ ਅੱਗ ਵਰ੍ਹਾਉਂਦੇ ਰਾਹਾਂ ਤੇ ਭੁੱਲ ਕੇ ਕਦੇ ਨਾ ਜਾਈਂ। ਤੂੰ ਮੇਰਾ ਜੀਣ ਸਹਾਰਾ ਨਾ ਮਾਂ ਦੀ ਮਮਤਾ ਨੂੰ ਵਿਸਾਰੀਂ ਬਿਖੜੇ ਸਮੇਂ ਵੀ ਰੱਖੀਂ ਹੌਂਸਲਾ ਮੁਸੀਬਤਾਂ ਤੋਂ ਨਾ ਕਦੇ ਤੂੰ ਹਾਰੀਂ। ਹਿੰਮਤ, ਸਿਰੜ ਤੇ ਮਿਹਨਤ ਨੂੰ ਨਾ ਦਿਲੋਂ ਕਦੀ ਭੁਲਾਈਂ ਚੱਲੀਂ ਸਦਾ ਸੱਚ ਦੇ ਰਾਹਾਂ ਤੇ ਵਾਹਿਗੁਰੂ ਹੋਵਣ ਸਦਾ ਸਹਾਈ।

ਕਵਿਤਾ

ਕਵਿਤਾ ਸੋਚੀ ਨਹੀਂ ਜਾਂਦੀ ਤੇ ਨਾ ਹੀ ਲਿਖੀ ਜਾਂਦੀ ਏ। ਇਹ ਤਾਂ ਆਪ ਮੁਹਾਰੇ ਹੀ ਪਰਬਤਾਂ, ਪੱਥਰਾਂ 'ਚੋਂ ਫੁੱਟਦੇ ਚਸ਼ਮੇ ਵਾਂਗ ਮਨ ਅੰਦਰ ਮੰਥਨ ਹੁੰਦੇ ਵਿਚਾਰਾਂ ਵਿੱਚੋਂ ਫੁੱਟ ਪੈਂਦੀ ਏ ਤੇ ਕਾਗਜ਼ ਦੀ ਜ਼ਮੀਨ ਤੇ ਪੈੜਾਂ ਛੱਡ ਜਾਂਦੀ ਏ।

ਸਿੱਖ

ਮੈਨੂੰ ਮਾਣ ਹੈ ਕਿ ਮੈਂ ਸਿੱਖ ਹਾਂ ਮੇਰੇ ਪੁਰਖਿਆਂ ਵਿੱਚੋਂ ਪਤਾ ਨਹੀਂ ਓਹ ਕਿਹੜੀ ਜਾਗਦੀ ਰੂਹ ਹੋਵੇਗੀ ਜਿਸਦੀ ਅੰਤਰ ਆਤਮਾ ਜਾਗੀ ਤੇ ਗੁਰਬਾਣੀ ਦੇ ਲੜ੍ਹ ਲੱਗ ਗਈ ਜਿਹਨਾਂ ਦੀ ਮੁਬਾਰਕ ਸੋਚ ਸਦਕਾ ਮੈਨੂੰ ਵੀ ਗੁਰਬਾਣੀ ਤੇ ਗੁਰੂਘਰ ਵਿਰਾਸਤ ਵਿੱਚ ਪ੍ਰਾਪਤ ਹੋ ਗਏ ਤੇ ਮੈਂ ਤਮਾਮ ਵਹਿਮਾਂ ਭਰਮਾਂ ਵਿਸ਼ੇਸ਼ ਦਿਨ, ਰੰਗ, ਵਰਤ, ਚੰਦ - ਸੂਰਜ ਪੂਜਨ, ਰਾਹੂ ਕੇਤੂ ਅਦਿ ਦੇ ਜੰਜਾਲ ਤੋਂ ਬੱਚ ਗਈ। ਇਸ ਅਦੁੱਤੀ ਸੁਗਾਤ ਲਈ ਮੈਂ ਆਪਣੇ ਪੁਰਖਿਆਂ ਦੀ ਸਦਾ ਰਿਣੀ ਰਹਾਂਗੀ।

ਤੇਰੇ ਹੁੰਦਿਆਂ

ਤੇਰੇ ਹੁੰਦਿਆਂ ਮੈਂ ਠਹਿਰ ਜਾਂਦੀ ਹਾਂ ਸਿਮਟ ਜਾਂਦੀ ਹੈ ਮੇਰੀ ਦੁਨੀਆਂ ਬਸ ਮੇਰੇ ਤੋਂ ਲੈ ਕੇ ਤੇਰੇ ਤੱਕ। ਖ਼ਾਬਾਂ ਦੇ ਪੰਛੀ ਕੁਝ ਕੁ ਪਲ਼ ਤੇਰੇ ਸ਼ਬਦਾਂ ਦੀ ਟਹਿਣੀ ਤੇ ਕਲੋਲਾਂ ਕਰਨ ਲਗਦੇ ਨੇ ਤੇਰੇ ਹਾਸਿਆਂ ਦੀ ਪੌਣ ਰੁਮਕਣ ਲਗਦੀ ਏ ਤੇ ਮੈਂ ਤੇਰੀ ਉਲਫ਼ਤ ਦੀ ਸੰਘਣੀ ਛਾਂ ਹੇਠਾਂ ਮਹਿਫ਼ੂਜ਼ ਨੀਂਦੇ ਸੌਂ ਜਾਂਦੀ ਹਾਂ। ਪਰ ਤੇਰੇ ਦੂਰ ਹੁੰਦਿਆਂ ਹੀ ਮੈਂ ਅਥਾਹ ਤੇ ਸਿਆਹ ਖ਼ਲਾਅ ਵਿੱਚ ਗਵਾਚ ਜਾਂਦੀ ਹਾਂ ਖ਼ਾਬਾਂ ਦੇ ਪੰਛੀ ਤੇਰੇ ਸ਼ਬਦਾਂ ਦੀਆਂ ਟਹਿਣੀਆਂ ਨੂੰ ਲੱਭਦੇ ਕੁਰਲਾਹਟ ਮਚਾ ਦੇਂਦੇ ਨੇ। ਪੌਣਾਂ ਵਿੱਚੋਂ ਅੱਗ ਵਰਦੀ ਹੈ ਤੇਰੀਆਂ ਠੰਡੀਆ ਮਿੱਠੀਆਂ ਛਾਵਾਂ ਦੀ ਥਾਂ ਜ਼ਮਾਨੇ ਦੀ ਤਿੱਖੜ ਦੁਪਹਿਰ ਮੈਨੂੰ ਝੁਲਸਾ ਮਾਰਦੀ ਏ। ਤੇ ਮੈਂ ਤੇਰੇ ਵਸਲ ਦੇ ਮੋਤੀਆਂ ਨੂੰ ਯਾਦਾਂ ਦੀ ਸੰਦੂਕੜੀ ' ਚ ਸਾਂਭ ਤੇਰੀਆਂ ਪੈੜਾਂ ਨਿਹਾਰਨ ਲਗਦੀ ਹਾਂ।

ਨੀ ਕੁੜੀਓ

ਨੀ ਕੁੜੀਓ ਪੰਜਾਬੀ ਬੋਲੋ ਨੀ, ਨੀ ਕੁੜੀਓ ਪਿਟਾਰੀ ਵਿਰਸੇ ਵਾਲੀ ਖੋਲੋ ਨੀ, ਨੀ ਕੁੜੀਓ ਨੀ ਕੁੜੀਓ ਪੰਜਾਬੀ ਬੋਲੋ ਨੀ, ਨੀ ਕੁੜੀਓ। ਵਿੱਚ ਪੰਜਾਬ ਦੇ ਜੰਮੀਆਂ ਓ ਤਾਂ ਮਾਂ ਬੋਲੀ ਪੰਜਾਬੀ ਏ ਵੰਡ ਨਾ ਪਾਓ ਧਰਮਾਂ ਵਾਲੀ ਇਹ ਸਭ ਦੀ ਬੋਲੀ ਸਾਂਝੀ ਏ ਭੁੱਲ ਕੇ ਆਪਣੀ ਮਾਂ ਬੋਲੀ ਨੂੰ ਕੁਫ਼ਰ ਨਾ ਐਵੇਂ ਤੋਲੋ ਨੀ, ਨੀ ਕੁੜੀਓ ਨੀ ਕੁੜੀਓ ਪੰਜਾਬੀ ਬੋਲੋ ਨੀ, ਨੀ ਕੁੜੀਓ। ਸਭ ਤੋਂ ਵੱਖਰੀ ਸ਼ਾਨ ਹੈ ਇਸਦੀ ਠਾਠ ਏਦਾ ਨਵਾਬੀ ਏ ਇਸ ਵਿਚ ਲਿਖਿਆ ਨਾਨਕ, ਬੁੱਲੇ ਇਹ ਪਿਆਰਾਂ ਵਾਲ਼ੀ ਚਾਬੀ ਏ ਫ਼ੋਕੀ ਸ਼ੌਹਰਤ ਪਿੱਛੇ ਲੱਗਕੇ ਨਾ ਮਾਂ ਬੋਲੀ ਨੂੰ ਰੋਲੋ ਨੀ, ਨੀ ਕੁੜੀਓ ਨੀ ਕੁੜੀਓ ਪੰਜਾਬੀ ਬੋਲੋ ਨੀ, ਨੀ ਕੁੜੀਓ। ਮਾਂ ਬੋਲੀ ਨੂੰ ਜੋ ਵੀ ਭੁੱਲਦੇ ਜੜ੍ਹਾਂ ਦੇ ਨਾਲੋਂ ਟੁੱਟ ਜਾਂਦੇ ਨਾਲ਼ ਵਿਰਾਸਤ ਜੋ ਵੀ ਮਿਲ਼ਦੀ ਬਰਕਤ ਮਹਿੰਗੀ ਸੁੱਟ ਜਾਂਦੇ ਕਿਉਂ ਭੁਲਾਇਆ ਮਾਂ ਬੋਲੀ ਨੂੰ ਸਮਝ ਆਪਣੀ ਨੂੰ ਟੋਲੋ ਨੀ, ਨੀ ਕੁੜੀਓ ਨੀ ਕੁੜੀਓ ਪੰਜਾਬੀ ਬੋਲੋ ਨੀ, ਨੀ ਕੁੜੀਓ। ਪਿਟਾਰੀ ਵਿਰਸੇ ਵਾਲੀ ਖੋਲੋ ਨੀ, ਨੀ ਕੁੜੀਓ ਨੀ ਕੁੜੀਓ ਪੰਜਾਬੀ ਬੋਲੋ ਨੀ, ਨੀ ਕੁੜੀਓ।

ਦਿਲ ਦਾ ਮਹਿਰਮ

ਮੇਰੇ ਦਿਲ ਦਾ ਮਹਿਰਮ ਤੂੰ ਹਾਣੀਆਂ ਦਿਲ ਦਾ ਮਹਿਰਮ ਤੂੰ। ਦਿਲ ਗਹਿਰੇ ਵਿੱਚ ਤੂੰਬੀ ਵੱਜਦੀ ਰਾਗ ਵੀ ਤੂੰ, ਅਲਫ਼ਾਜ਼ ਵੀ ਤੂੰ ਉਸ ਤੂੰਬੀ ਦੀ ਤਾਨ ਵੀ ਤੂੰ। ਮੇਰੇ ਦਿਲ ਦਾ ਮਹਿਰਮ ਤੂੰ ਹਾਣੀਆਂ ਦਿਲ ਦਾ ਮਹਿਰਮ ਤੂੰ। ਤੇਰੇ ਬਿਨ ਨਾ ਸੁਰ ਕੋਈ ਸੱਜਦਾ ਡੁੱਬ ਜਾਂਦਾ ਦਿਲ ਵਿੱਚ ਉਦਾਸੀ ਖੰਜਰ ਸੀਨੇ ਦੇ ਵਿੱਚ ਵੱਜਦਾ ਸਕੂਨ ਵੀ ਤੂੰ ਆਰਾਮ ਵੀ ਤੂੰ ਮੇਰੀ ਈਦ ਵੀ ਤੂੰ ਅਜ਼ਾਨ ਵੀ ਤੂੰ। ਮੇਰੇ ਦਿਲ ਦਾ ਮਹਿਰਮ ਤੂੰ ਹਾਣੀਆਂ ਦਿਲ ਦਾ ਮਹਿਰਮ ਤੂੰ। ਟੋਹਿਆ ਮੈਂ ਹਰ ਨਸ ਨੂੰ ਟੋਹਿਆ ਮੈਂ ਖ਼ੂਨ ਜਿਗ਼ਰ ਦਾ ਹਰ ਪਾਸੇ ਨਾਮ ਤੇਰਾ ਹਰ ਸਾਹ ਦੇ ਵਿੱਚ ਹੈ ਤੂੰ ਮੇਰੇ ਦਿਲ ਦੀ ਜ਼ਮੀਨ ਦੇ ਹਰ ਜ਼ੱਰੇ ਵਿੱਚ ਹੈ ਤੂੰ ਮੇਰੇ ਦਿਲ ਦਾ ਮਹਿਰਮ ਤੂੰ ਹਾਣੀਆਂ ਦਿਲ ਦਾ ਮਹਿਰਮ ਤੂੰ।

ਬੋਲ ਚੰਨ ਵੇ

ਕੁਝ ਤਾਂ ਮੂੰਹੋਂ ਬੋਲ ਚੰਨ ਵੇ ਜਿੰਦ ਨਿਮਾਣੀ ਹਾੜੇ ਪਾਉਂਦੀ ਨਾ ਜਿੰਦੜੀ ਮੇਰੀ ਰੋਲ਼ ਚੰਨ ਵੇ। ਦਿਲ ਜਾਨੀ ਮੇਰੀ ਰੂਹ ਦਾ ਹਾਣੀ ਮੇਰੀ ਹਰ ਇੱਕ ਪੀੜ ਜੋ ਗਹਿਰੀ ਤੂੰ ਹੀ ਉਸਦੀ ਨਬਜ਼ ਪਛਾਣੀ ਰੰਗ ਮਜੀਠ ਮੈਨੂੰ ਚੜ੍ਹਿਆ ਤੇਰਾ ਦਿਸਦਾ ਨਾ ਕੋਈ ਹੋਰ ਚੰਨ ਵੇ। ਚੁੱਪ ਚਪੀਤੇ ਰਹਾਂ ਮੈਂ ਸਭ ਵਿੱਚ ਤੇਰੇ ਨਾਲ ਖੁੱਲ੍ਹਦੀ ਮੇਰੇ ਦਿਲ ਦੀ ਹਰ ਇਕ ਗੰਢ ਮਣਾਂ ਮੂੰਹੀਂ ਜੋ ਭਰ ਮੈਂ ਚੁੱਕਿਆ ਤੇਰੇ ਨਾਲ਼ ਹੀ ਦੁੱਖ - ਸੁੱਖ ਕਰ ਕੇ ਪਵੇ ਕਾਲਜੇ ਠੰਢ ਤੇਰੇ ਦਿਲ ਦੀ ਰਮਜ਼ ਹੈ ਜਿਹੜੀ ਮੇਰੇ ਨਾਲ਼ ਤੂੰ ਫ਼ੋਲ ਚੰਨ ਵੇ। ਕੁਝ ਤਾਂ ਮੂੰਹੋਂ ਬੋਲ ਚੰਨ ਵੇ ਜਿੰਦ ਨਿਮਾਣੀ ਹਾੜੇ ਪਾਉਂਦੀ ਨਾ ਜਿੰਦੜੀ ਮੇਰੀ ਰੋਲ਼ ਚੰਨ ਵੇ। ਤੂੰ ਕਹੇਂ ਤਾਂ ਜ਼ਿੰਦਗੀ ਜੀ ਲਵਾਂ ਮੈਂ ਵੀ ਤੂੰ ਕਹੇਂ ਤਾਂ ਪਲ਼ ਵਿੱਚ ਮਰ ਜਾਵਾਂ ਇਸ਼ਕ ਮੁਹਬੱਤ ਜੋ ਵੀ ਪੱਲੇ ਸਭ ਨਾਂਵੇ ਤੇਰੇ ਕਰ ਜਾਵਾਂ ਤੇਰੇ ਲਫ਼ਜ਼ਾਂ ਖ਼ਾਤਰ ਨਿੱਤ ਦਿਨ ਸੁਫ਼ਨੇ ਰਹੀ ਮਧੋਲ਼ ਚੰਨ ਵੇ। ਕੁਝ ਤਾਂ ਮੂੰਹੋਂ ਬੋਲ ਚੰਨ ਵੇ ਜਿੰਦ ਨਿਮਾਣੀ ਹਾੜੇ ਪਾਉਂਦੀ ਨਾ ਜਿੰਦੜੀ ਮੇਰੀ ਰੋਲ਼ ਚੰਨ ਵੇ।

ਮੇਰੇ ਦਿਲ ਦਾ ਕੋਈ ਵੀ ਸਹਾਰਾ ਨਹੀਂ-ਗੀਤ

ਮੇਰੇ ਦਿਲ ਦਾ ਕੋਈ ਵੀ ਸਹਾਰਾ ਨਹੀਂ ਤੇਰੇ ਇਸ਼ਕੇ ਨੂੰ ਭੁੱਲਣਾ ਗਵਾਰਾ ਨਹੀਂ ਫੱਟ ਦਿਲ ਤੇ ਜੋ ਲੱਗਿਆ ਓਹ ਨਾਸੂਰ ਹੈ ਤੇਰੇ ਗਮ ਵਿੱਚ ਰਹਿਣਾਂ ਵੀ ਮਨਜ਼ੂਰ ਹੈ ਬਿਨ ਤੇਰੇ ਜੇ ਮਿਲਜੇ ਜੰਨਤ ਕੋਈ ਐਸੀ ਜੰਨਤ ਦਾ ਸੁਪਨਾ ਗਵਾਰਾ ਨਹੀਂ। ਮੇਰੇ ਦਰਦੇ ਦਿਲ ਨੂੰ ਦਵਾ ਮਿਲ਼ ਜਾਵੇ ਤੇਰੇ ਕਦਮਾਂ ਚ ਮੈਨੂੰ ਜਗ੍ਹਾ ਮਿਲ਼ ਜਾਵੇ ਤੂੰ ਹੀ ਦਿਲ ਦੇ ਜ਼ਖਮਾਂ ਨੂੰ ਜਾਣੇ ਮੇਰੇ ਹਰ ਦਰਦੇ ਦਿਲ ਦੀ ਦਵਾ ਹੱਥ ਤੇਰੇ ਤੇਰੇ ਬਿਨ ਜੇ ਬਹਾਰਾਂ ਵੀ ਰਸਤਾ ਦੇਵਣ ਓਹਨਾਂ ਰਾਹਾਂ ਤੇ ਤੁਰਨਾ ਗਵਾਰਾ ਨਹੀਂ । ਜੀ ਲਵਾਂਗੇ ਉਵਂ ਜੋ ਹੈ ਜਿੰਦਗੀ ਮਿਲ਼ੀ ਤੇਰੇ ਬਿਨ ਕੋਈ ਦਿਲ ਦੀ ਖੁਸ਼ੀ ਨਾ ਮਿਲੀ ਮੇਰੇ ਰਾਹਾਂ ਤੇ ਪਲਕਾਂ ਦੀ ਛਾਂ ਨਾ ਹੋਈ ਰਹਿ ਗਈ ਮੇਰੀ ਹਰ ਇੱਕ ਸੱਧਰ ਮੋਈ ਰਹਿ ਗਿਆ ਦਿਲ ' ਚ ਖੁੱਭਿਆ ਹਰ ਇਕ ਖ਼ਾਬ ਵੀ ਟੁੱਟੀਆਂ ਆਸਾਂ ਨੂੰ ਕੋਈ ਸਹਾਰਾ ਨਹੀਂ।

ਤੈਨੂੰ ਨਜ਼ਰਾਂ ਤੋਂ ਕਰਾਂ ਨਾ-ਗੀਤ

ਤੈਨੂੰ ਨਜ਼ਰਾਂ ਤੋਂ ਕਰਾਂ ਨਾ ਕਦੀ ਦੂਰ ਚੰਨ ਵੇ ਤੇਰੀ ਹਰ ਗੱਲ ਮੈਨੂੰ ਮਨਜ਼ੂਰ ਚੰਨ ਵੇ। ਦਿਲ ਨਾਲ਼ ਦਿਲ ਨੂੰ ਮਿਲਾ ਕੇ ਵੇਖ ਲੈ ਤੂੰ ਇੱਕ ਵਾਰ ਮੈਨੂੰ ਅਜ਼ਮਾ ਕੇ ਵੇਖ ਲੈ ਹੋਸ਼ ਵਿੱਚ ਆ ਕੇ ਮੇਰਾ ਹੱਥ ਫ਼ੜ ਲੈ ਰਹਿ ਨਾ ਜ਼ਮਾਨੇ ਚ ਮਸਰੂਫ਼ ਚੰਨ ਵੇ ਤੇਰੀ ਹਰ ਗੱਲ ਮੈਨੂੰ ਮਨਜ਼ੂਰ ਚੰਨ ਵੇ। ਮੇਰੀ ਜ਼ਿੰਦਗੀ ਚ ਤੇਰੀ ਇੱਕ ਖ਼ਾਸ ਥਾਂ ਬਣੀ ਤੂੰ ਹਰ ਵੇਲ਼ੇ ਮੇਰੇ ਆਸ ਪਾਸ ਹੀ ਰਹੀਂ ਦਿਲ ਹੱਥੋਂ ਹੋਈ ਮਜ਼ਬੂਰ ਚੰਨ ਵੇ ਦਿਲ ਨੂੰ ਤੂੰ ਚਾਹੀਦਾ ਜ਼ਰੂਰ ਚੰਨ ਵੇ ਤੇਰੀ ਹਰ ਗੱਲ ਮੈਨੂੰ ਮਨਜ਼ੂਰ ਚੰਨ ਵੇ। ਗੁੱਝੇ ਜਿਹੇ ਸਵਾਲਾਂ ਦੇ ਜਵਾਬ ਦੇ ਜਾ ਵੇ ਮੇਰੇ ਅਹਿਸਾਸਾਂ ਦੇ ਗ਼ੁਲਾਬ ਲੈ ਜਾ ਵੇ ਪੱਤਾ ਪੱਤਾ ਜਾਣੇ ਅਹਿਸਾਸ ਮੇਰੇ ਨੂੰ ਤੈਨੂੰ ਫ਼ਿਰ ਕਾਹਦਾ ਏ ਗਰੂਰ ਚੰਨ ਵੇ ਤੇਰੀ ਹਰ ਗੱਲ ਮੈਨੂੰ ਮਨਜ਼ੂਰ ਚੰਨ ਵੇ।

ਪਿਆਸੀ ਲਹਿਰ

ਸਾਗਰ ਦੇ ਤਲ ਤੇ ਭਟਕਦੀ ਪਿਆਸੀ ਇਕ ਲਹਿਰ ਹਾਂ ਸਾਵਣ ਨੂੰ ਤਰਸਦਾ ਤਪਦਾ ਕੋਈ ਸਹਿਰ ਹਾਂ। ਮੁੱਹਬਤਾਂ ਦੀਆਂ ਉਡੀਕਾਂ ਉਮਰਾਂ ਤੋਂ ਵੀ ਹੋਈਆਂ ਲੰਮੀਆਂ ਤੇਰੀ ਆਸ ਵਿੱਚ ਠਹਿਰਿਆ ਬਸ ਆਖਰੀ ਪਹਿਰ ਹਾਂ। ਪਰਬਤਾਂ ਤੋਂ ਢਲ ਕੇ ਆਈ ਤੇਰੇ ਕਦਮਾਂ ਦੀ ਪੈੜ ਲੱਭਦੀ ਤੇ ਥਲਾਂ ਚ ਆ ਕੇ ਮੁੱਕ ਗਈ ਕਿਸਮਤਾਂ ਦੀ ਮਾਰੀ ਅਭਾਗੀ ਇੱਕ ਨਹਿਰ ਹਾਂ। ਬੇਜ਼ਾਰ ਹੋ ਕੇ ਜੱਗ ਤੋਂ ਗੁਜ਼ਰੇਂਗਾਂ ਤੂੰ ਕਦੀ ਤਾਂ ਮੇਰੀਆਂ ਯਾਦਾਂ ਦੇ ਕੂਚੇ ਵਿੱਚ ਦੀ ਆਰਾਮ ਤੇਰੇ ਦਿਲ ਦਾ ਮੈਂ ਤੇਰੀ ਬੇਕਰਾਰੀ ਦੀ ਠਹਿਰ ਹਾਂ।

ਨਦੀ

ਸਾਗਰ ਨੂੰ ਮਿਲਣ ਦੀ ਚਾਹ ਵਿੱਚ ਜੋ ਤੁਰ ਪਈ ਨਦੀ ਆਪਣੇ ਹੀ ਕੰਡੇ ਖੋਰ ਕੇ ਹੁਣ ਮੁੜ ਪਈ ਨਦੀ। ਲਹਿਰਾਂ ਓਸਦੀਆਂ ਦਾ ਸ਼ੋਰ ਸੀ ਬਹੁਤ ਚੁੱਪ ਚਾਪ ਆਪਣੀ ਤੋਰ ਤੇ ਹੁਣ ਤੁਰ ਪਈ ਨਦੀ। ਚੁੱਪ ਹੈ ਪਰ ਸ਼ਾਂਤ ਨਹੀਂ ਇਕੱਲਤਾ ਹੈ ਇਕਾਂਤ ਨਹੀਂ ਆਪਣੇ ਹੀ ਹੰਝੂਆਂ ਵਿੱਚ ਹੁਣ ਬਹਿ ਗਈ ਨਦੀ।

ਕੋਰਾ ਵਰਕਾ

ਤੂੰ ਬਣ ਜਾ ਮੇਰੇ ਲਈ ਫ਼ਿਰ ਇੱਕ ਕੋਰਾ ਵਰਕਾ ਤੇਰੇ ਸੁਰਾਂ ਦੀ ਮਿਠਾਸ ਵਿੱਚ ਕਲਮਾਂ ਨੂੰ ਡੁਬੋ ਕੇ ਮੈਂ ਜਿਸ ਤੇ ਲਿਖਾਂ ਫ਼ਿਰ ਤੋਂ ਮੁੱਹਬਤਾਂ ਦੇ ਸਿਰਨਾਵੇਂ ਚਾਹਤਾਂ ਦੀਆਂ ਕਹਾਣੀਆਂ ਮੈਂ ਲਿਖਾਂ ਫ਼ੁੱਲ, ਕਲੀਆਂ, ਤਿੱਤਲੀਆਂ ਦੇ ਕਿੱਸੇ ਉਮੰਗਾਂ, ਹਾਸੇ, ਖ਼ੇੜੇ ਜੋ ਆਏ ਨਾ ਮੇਰੇ ਹਿੱਸੇ। ਮੈਂ ਲਿਖਾਂ ਰਾਤਾਂ ਚਾਨਣੀਆਂ ਤਾਰਿਆਂ ਨੂੰ ਤੱਕ ਕੇ ਤੇਰੀ ਆਗੋਸ਼ ਵਿੱਚ ਬੇਫ਼ਿਕਰੀ ਦੀ ਨੀਂਦੇ ਸੌਂ ਕੇ ਜੋ ਚਾਹੀਆਂ ਸੀ ਮਾਨਣੀਆਂ। ਮੇਰੀ ਜਿੰਦਗੀ ਦੀ ਕਹਾਣੀ ਵਿੱਚ ਸਭ ਹੈ ਘਾਚਾਮਾਚਾ ਏਥੇ ਸੁਪਨੇ ਟੁੱਟੇ, ਸੱਧਰਾਂ ਮੋਈਆਂ ਤੇ ਮੇਰਾ ਸੁਨਹਿਰੀ ਦੁਪਹਿਰ ਜਿਹਾ ਹਾਸਾ ਏ ਗਵਾਚਾ। ਤੂੰ ਮੈਨੂੰ ਬਣਾਲੈ ਰਬਾਬ ਆਪਣੀ ਤੇ ਸੁਰ ਕੋਈ ਛੁਹਾਦੇ ਉਜੜੇ ਮੇਰੇ ਚਮਨ ਨੂੰ ਅਪਣਤ ਦਾ ਪਾ ਕੇ ਪਾਣੀ ਗੁੰਚੇ ਨਵੇਂ ਖਿੜਾ ਦੇ ਮੇਰੇ ਰਾਹਾਂ ਤੋਂ ਚੁਣ ਕੇ ਸੂਲਾਂ ਗੁਲਾਬਾਂ ਨਾਲ਼ ਸਜਾਦੇ ਮੈਨੂੰ ਓ ਮੇਰੇ ਮਹਿਰਮ ਖ਼ਾਕ ਤੋਂ ਆਫ਼ਤਾਬ ਤੂੰ ਬਣਾਦੇ।

ਸੁਪਨਾ

ਜਦ ਮੇਰਾ ਇੱਕ ਸੁਪਨਾ ਮੋਇਆ ਧਰਤੀ ਦੀ ਹਿੱਕ ਨਾਲ਼ ਲੱਗ ਕੇ ਅੰਬਰ ਦਾ ਦਿਲ ਡਾਹਢਾ ਰੋਇਆ। ਮੋਇਆ ਸੁਪਨਾ ਜਿਊਂਦਾ ਸੀ ਕਦੇ ਹੱਸਦਾ, ਖੇਡਦਾ, ਮਨ ਬਹਿਲਾਉਂਦਾ ਚਾਂਵਾਂ ਦੇ ਵਿੱਚ ਖੀਵਾ ਹੋ ਕੇ ਮੇਰੀਆਂ ਰੀਝਾਂ ਦੀ ਤੰਦ ਪਾ ਕੇ ਸੂਹਾ ਸੂਟ ਸਿਊਂਦਾ ਸੀ ਕਦੇ। ਪਰ ਉਸ ਸੁਪਨੇ ਦੀ ਜੂਨ ਬੁਰੀ ਸੀ ਉਸਦੀ ਕਿਸਮਤ ਮਾੜੇ ਲੇਖਾਂ ਮੇਰੀ ਕਿਸਮਤ ਨਾਲ਼ ਜੁੜੀ ਸੀ। ਉਸ ਨੇ ਇਕ ਦਿਨ ਮਰਨਾ ਹੀ ਸੀ ਧਰਤ ਬੇਗਾਨੀ ਉੱਤੇ ਉਸਦੇ ਬੀਜ ਖਿਲਾਰ ਕੇ ਮੈਂ ਮੁੜੀ ਸੀ। ਉਸ ਸੁਪਨੇ ਦੀ ਯਾਦ ਹੈ ਆਉਂਦੀ ਮੇਰੀ ਰੂਹ ਨੂੰ ਹੈ ਤੜਪਾਉਂਦੀ ਕੋਈ ਮਹਿਰਮ ਨੂੰ ਮੋੜ ਲਿਆਓ ਮੇਰੇ ਮੋਏ ਸੁਪਨੇ ਤਾਂਈ ਬੂਟੀ ਕੋਈ ਘੋਲ਼ ਪਿਆਓ ਇਸ ਸੁਪਨੇ ਨੂੰ ਫ਼ਿਰ ਜਿਵਾਓ ਜਾਂ ਨਵਾਂ ਕੋਈ ਝੋਲ਼ੀ ਪਾ ਜਾਓ ਜਾਂ ਨਵਾਂ ਕੋਈ ਝੋਲ਼ੀ ਪਾ ਜਾਓ।

ਬੇਗਾਨਾ ਸਾਗਰ

ਸਾਗਰ ਬੇਗਾਨਾ ਤੇ ਲਹਿਰਾਂ ਵੀ ਬੇਗਾਨੀਆਂ ਤੂੰ ਕਿਸ ਨਾਲ਼ ਦੁਖੜੇ ਫੋਲਣ ਚੱਲੀ ਏ ਰੁੱਕ, ਠਹਿਰ, ਬਦਲ ਆਪਣੇ ਵੇਗ ਨੂੰ ਨਦਾਨ ਨਦੀਏ ਕਿਉਂ ਆਪਣੇ ਨਿਰਮਲ ਜਲ ਨੂੰ ਕੌੜੀਆਂ ਦੇ ਭਾਅ ਰੋਲਣ ਚੱਲੀ ਏ।

ਆਪਣੇ ਆਪ ਵਿੱਚ

ਆਪਣੇ ਹੀ ਆਪ ਵਿੱਚ ਰਹਿਣਾ ਸਿੱਖ ਲੈ ਦਰਦਾਂ ਦਾ ਹਾਣੀ ਏਥੇ ਕੋਈ ਨਹੀਓ ਤੇਰਾ ਆਪਣਿਆਂ ਦਰਦਾਂ ਨੂੰ ਤੂੰ ਆਪੇ ਸਹਿਣਾ ਸਿੱਖ ਲੈ । ਕਿਸੇ ਨਹੀਓਂ ਆਉਣਾ ਤੇਰੇ ਰਾਹ ਰੁਸ਼ਨਾਉਣ ਲਈ ਤੂੰ ਹਨੇਰੇ ਨੂੰ ਹੀ ਰੌਸ਼ਨੀ ਕਹਿਣਾ ਸਿੱਖ ਲੈ ।

ਮਹਾਂਕਾਵਿ

ਐਵੇਂ ਨਹੀਂ ਕੋਈ ਕਵਿਤਾ ਪੜ੍ਹ ਕੇ ਤੀਰ ਕਾਲਜੇ ਵੱਜਦਾ ਏ ਲਿਖਣ ਵਾਲੇ ਨੂੰ ਪਹਿਲਾਂ ਓਹ ਫੱਟ ਆਪਣੇ ਉੱਤੇ ਜਰਨਾ ਪੈਂਦਾ ਏ ਖ਼ੂਨ ਜਿਗਰ ਦਾ ਫ਼ਿਰ ਨਿਚੋੜ ਕੇ ਕਲਮਾਂ ਦੇ ਵਿੱਚ ਭਰਨਾ ਪੈਂਦਾ ਏ ਹਰ ਇਕ ਸੱਧਰ, ਹਰ ਇੱਕ ਸੁਪਨਾ ਲਾ ਕੇ ਬਾਜ਼ੀ ਹਰਨਾ ਪੈਂਦਾ ਏ ਲਫ਼ਜ਼ਾਂ ਨੂੰ ਜਿੰਦਾ ਕਰਨ ਦੀ ਖ਼ਾਤਰ ਸੌ ਸੌ ਮੌਤੇ ਮਰਨਾ ਪੈਂਦਾ ਏ ਮੁੱਹਬਤਾਂ ਭਰੀ ਗਲਵਕੜੀ ਛੱਡ ਕੇ ਹਿਜਰ ਦੀ ਸੱਲ ਤੇ ਠਰਨਾ ਪੈਂਦਾ ਏ ਐਵੇਂ ਨਹੀਂ ਕੋਈ ਕਵਿਤਾ ਮਹਾਂਕਾਵਿ ਬਣ ਜਾਂਦੀ ਲਫ਼ਜ਼ਾਂ ਨੂੰ ਵੀ ਪੀੜਾਂ ਸਹਿ ਕੇ ਕਾਗ਼ਜ਼ ਦਾ ਝੋਲ਼ ਭਰਨਾ ਪੈਂਦਾ ਏ।

ਮੈਨੂੰ ਮਿਲ਼

ਕਦੀ ਤਾਂ ਸ਼ਾਮ ਹੋ ਕੇ ਮੇਰੇ ਦਿਨ ਨੂੰ ਮਿਲ਼ ਮੇਰੀ ਰਾਤ ਨੂੰ ਮਿਲ਼। ਬਣ ਜਾਵਾਂ ਤਾਨ ਵੰਝਲੀ ਦੀ ਤੂੰ ਮੇਰੀ ਯਾਦਾਂ ਦੀ ਹੀਰ ਨੂੰ ਰਾਂਝੇ ਦੀ ਸੌਗਾਤ ਹੋ ਕੇ ਮਿਲ਼। ਨਾ ਚੰਨ ਨਾ ਤਾਰੇ ਚਮਕਣ ਮੇਰੇ ਅਰਸ਼ ਤੇ ਮੈਂ ਸਿਆਹ ਰਾਤ ਅਮਾਵਸ ਦੀ ਤੂੰ ਮੈਨੂੰ ਪ੍ਰਭਾਤ ਹੋ ਕੇ ਮਿਲ਼। ਉੱਗ ਪੈਣੇਂ ਫ਼ਿਰ ਇਸ਼ਕੇ ਦੇ ਬੀਜ ਜੋ ਸੀ ਖਿਲਰੇ ਮੇਰੇ ਸੁਫ਼ਨਿਆਂ ਦੀ ਜ਼ਮੀਨ ਤੇ ਵਸਲ ਦੀ ਬਰਸਾਤ ਹੋ ਕੇ ਮਿਲ਼।

ਪਰਾਈ

ਮਾਂ! ਮੈਂ ਆਈ ਹਾਂ ਤੇਰੇ ਘਰ ਪਰ ਕੋਈ ਦਿੱਸਿਆ ਨਹੀਂ ਜੋ ਘੁੱਟ ਕਲ਼ੇਜੇ ਲਾਵੇ ਕੋਈ ਹੱਥ ਨਹੀਂ ਉੱਠਿਆ ਜੋ ਵਹਿੰਦੇ ਅੱਥਰੂਆਂ ਨੂੰ ਚੁੰਨੀ ਦੇ ਲੜ੍ਹ ਨਾਲ਼ ਪੂੰਝ ਸਿਰ ਤੇ ਹੱਥ ਰੱਖ ਦਿਲਾਸਾ ਦੇਵੇ ਬਾਬਲ ਤੁਰਿਆ ਤਾਂ ਤੂੰ ਹੌਂਸਲਾ ਬਣ ਨਾਲ਼ ਖਲ੍ਹੋ ਗਈ ਸੈਂ ਕਦੇ ਡਿੱਗਣ ਜਾਂ ਡੋਲਣ ਨਾ ਦਿੱਤਾ ਦੱਸ ਹੁਣ ਕੌਣ ਤੇਰੀ ਲਾਡਲੀ ਨੂੰ ਲਾਡ ਲਡਾਏ ਤੇ ਤੇਰੀ ਥਾਂ ਆਣ ਖਲੋਵੇ ਮਾਂ! ਤੇਰੇ ਘਰ ਅੱਜ ਮੈਂ ਪਹਿਲੀ ਵਾਰ ਪਰਾਈ ਹੋਈ ਹਾਂ।

ਜਵਾਬ

ਮੇਰੇ ਸਵਾਲ ਦਾ ਜਵਾਬ ਤਾਂ ਤੇਰੇ ਚੇਹਰੇ ਤੇ ਲਿਖਿਆ ਪਰ ਮੈਂ ਇੰਤਜ਼ਾਰ ਵਿੱਚ ਹਾਂ ਕਿ ਕਦ ਉਸਨੇ ਸ਼ਬਦਾਂ ਵਿੱਚ ਹੈ ਢਲਨਾ ਖ਼ੁਦ ਨੂੰ ਕਰ ਰਹੀ ਹਾਂ ਤਿਆਰ ਉਸ ਸਮੇਂ ਲਈ ਜਦ ਤੇਰੇ ਜਵਾਬ ਨੇ ਮੇਰੇ ਸੀਨੇ ਤੇ ਜੋ ਸੱਲ ਕਰਨੇ ਤੇ ਮੈਂ ਦਿਲ ਹੱਥ ਵਿੱਚ ਫ਼ੜ ਕੇ ਜਰਨਾ।

ਤੈਨੂੰ ਭੁੱਲ ਮੈਂ ਜਾਵਾਂ

ਸੌ ਵਾਰ ਸੋਚਦੀ ਹਾਂ ਕਿ ਤੈਨੂੰ ਭੁੱਲ ਮੈਂ ਜਾਵਾਂ ਪਰ ਹਜ਼ਾਰ ਵਾਰ ਤੇਰੀ ਯਾਦ ਦੇ ਅੱਥਰੂ ਫ਼ਿਰ ਤੋਂ ਮੇਰੀਆਂ ਅੱਖਾਂ ਵਿੱਚ ਆ ਜਾਵਣ। ਅਰਸ਼ਾਂ ਤੋਂ ਟੁੱਟ ਕੇ ਡਿੱਗੇ ਮੇਰੇ ਖ਼ਾਬਾਂ ਦੇ ਸਾਰੇ ਤਾਰੇ ਮੈਂ ਸਮੇਟ ਕਿਤੇ ਓਹਨਾਂ ਨੂੰ ਫ਼ਿਰ ਤੋਂ ਸਜਾਉਣ ਜੇ ਜਾਵਾਂ ਤਾਂ ਤੇਰੀਆਂ ਯਾਦਾਂ ਦੇ ਘਨਘੋਰ ਬੱਦਲ ਫ਼ਿਰ ਤੋਂ ਮੇਰੇ ਗਗਨ ਤੇ ਛਾ ਜਾਵਣ। ਆਪਣੇ ਕੁਰਲਾਉਂਦੇ ਦਿਲ ਨੂੰ ਕਰਕੇ ਜੇਕਰ ਪੱਥਰ ਕੁਝ ਦੂਰ ਤੇਰੇ ਤੋਂ ਜਾਵਾਂ ਤਾਂ ਤੇਰੇ ਵਾਧਿਆਂ ਦੇ ਠੰਡੇ ਝੋਂਕੇ ਤਪਦੇ ਮੇਰੇ ਦਿਲ ਦੇ ਸਹਿਰ ਨੂੰ ਫ਼ਿਰ ਤੋਂ ਸਹਿਲਾ ਜਾਵਣ।

ਲਫਜ਼

ਡਿਗਦੇ ਹੋਏ ਲਫਜ਼ਾਂ ਨੂੰ ਮੈਂ ਇਕੱਠਾ ਕਰ ਲੈਂਦੀ ਹਾਂ ਲਫਜ਼ਾਂ ਨੂੰ ਜੋੜ-ਜੋੜ ਕੇ ਸਤਰਾਂ ਘੜ ਲੈਂਦੀ ਹਾਂ। ਦਰਦਾਂ ਨੂੰ ਢੱਕ ਕੇ ਰੱਖਦੀ ਭੋਰਾ ਵੀ ਫੋਲਾਂ ਨਾ ਰੀਝਾਂ ਦੀ ਗਠੜੀ ਨੂੰ ਮੈਂ ਕਿਧਰੇ ਵੀ ਖੋਲਾਂ ਨਾ ਲਫਜ਼ਾਂ ਦੀ ਛਾਵੇਂ ਬਹਿਕੇ ਪੀੜਾਂ ਦੀ ਕੱਢ ਫੁਲਕਾਰੀ ਹੌਕੇ ਭਰ ਲੈਂਦੀ ਹਾਂ ਡਿਗਦੇ ਹੋਏ ਲਫਜ਼ਾਂ ਨੂੰ ਮੈਂ ਇਕੱਠਾ ਕਰ ਲੈਂਦੀ ਹਾਂ। ਚਾਵਾਂ ਦੇ ਬੂਹੇ ਨੂੰ ਮੈਂ ਜੰਦਰੇ ਲਾ ਰੱਖਦੀ ਹਾਂ ਦਿਲ ਦੇ ਅਰਮਾਨਾਂ ਨੂੰ ਮੈਂ ਅੰਦਰੇ ਡੱਕ ਲੈਂਦੀ ਹਾਂ ਲਫਜ਼ਾਂ ਦਾ ਚਰਖਾ ਡਾਹ ਕੇ ਸੱਧਰਾਂ ਦੀ ਪੂਣੀ ਨੂੰ ਮੈਂ ਆਪੇ ਕੱਤ ਲੈਂਦੀ ਹਾਂ ਡਿਗਦੇ ਹੋਏ ਲਫਜ਼ਾਂ ਨੂੰ ਮੈਂ ਇਕੱਠਾ ਕਰ ਲੈਂਦੀ ਹਾਂ। ਹਾਲ ਸਾਡਾ ਪੁੱਛਦਾ ਕੋਈ ਨਾ ਦਰਦਾਂ ਦਾ ਸਾਥੀ ਕੋਈ ਨਾ ਬਾਤ ਕੋਈ ਦੱਸਾਂ ਕਿਸ ਨੂੰ ਮੈਨੂੰ ਇੱਥੇ ਸਮਝੇ ਕੋਈ ਨਾ ਮਨ ਨੂੰ ਪਰਚਾਵਣ ਖਾਤਰ ਲਫਜ਼ਾਂ ਨੂੰ ਗੋਦੀ ਚੁੱਕ ਕੇ ਗਲ ਨੂੰ ਲਾ ਲੈਂਦੀ ਹਾਂ ਡਿਗਦੇ ਹੋਏ ਲਫਜ਼ਾਂ ਨੂੰ ਮੈਂ ਇਕੱਠਾ ਕਰ ਲੈਂਦੀ ਹਾਂ। ਜਿੰਦਗੀ ਦੇ ਲੰਬੇ ਰਸਤੇ ਮੰਜ਼ਿਲ ਕੋਈ ਦਿਸਦੀ ਨਾ ਫਰਜ਼ਾਂ ਦੇ ਭਵਰ ‘ਚ ਫਸ ਗਈ ਬੇੜੀ ਕੋਈ ਲੱਭਦੀ ਨਾ ਲਫਜ਼ਾਂ ਦੀ ਉਂਗਲੀ ਫੜ ਕੇ ਕੰਡਿਆਂ ਦੇ ਰਾਹਾਂ ਉੱਤੇ ਆਪੇ ਤੁਰ ਪੈਂਦੀ ਹਾਂ ਡਿਗਦੇ ਹੋਏ ਲਫਜ਼ਾਂ ਨੂੰ ਮੈਂ ਇਕੱਠਾ ਕਰ ਲੈਂਦੀ ਹਾਂ ਲਫਜ਼ਾਂ ਨੂੰ ਜੋੜ-ਜੋੜ ਕੇ ਸਤਰਾਂ ਘੜ ਲੈਂਦੀ ਹਾਂ।

ਭੰਵਰੇ ਨੇ ਗਾਏ ਮਿੱਠੇ ਗੀਤ-ਗੀਤ

ਭੰਵਰੇ ਨੇ ਗਾਏ ਮਿੱਠੇ ਗੀਤ ਤਾਂ ਫੁੱਲਾਂ ਕੋਲੋਂ ਸੰਗ ਹੋ ਗਿਆ ਤੇਰੇ ਇਸ਼ਕੇ ਨੇ ਜਦੋਂ ਪਾਈ ਬਾਤ ਤਾਂ ਲਾਲ ਸੂਹਾ ਰੰਗ ਹੋ ਗਿਆ। ਹਵਾ ਪੂਰੇ ਦੀ ਜਦੋਂ ਵੀ ਇਹ ਚਲਦੀ ਤਾਂ ਯਾਦ ਤੇਰੀ ਨਾਲ਼ ਲੈ ਆਵੇ ਮੈਂ ਰੱਖਾਂ ਸੱਧਰਾਂ ਨੂੰ ਸੰਦੂਕੜੀ ਚ ਡੱਕ ਕੇ ਤੇ ਹਵਾ ਭੈੜੀ ਖਲਾਰ ਕੇ ਜਾਵੇ ਤੇਰੀਆਂ ਉਡੀਕਾਂ ਪਿੱਛੇ ਝੱਲਾ ਇਹ ਦਿਲ ਤਾਂ ਪਤੰਗ ਹੋ ਗਿਆ। ਤੇਰੇ ਇਸ਼ਕੇ ਨੇ ਜਦੋਂ ਪਾਈ ਬਾਤ ਤਾਂ ਲਾਲ ਸੂਹਾ ਰੰਗ ਹੋ ਗਿਆ। ਜੱਗ ਭੈੜੇ ਦੇ ਰਿਵਾਜ਼ ਨੇ ਅਵੱਲੇ ਆਸ਼ਕਾਂ ਦਾ ਦਿਲ ਤੋੜਦੇ ਫ਼ਰਜ਼ਾਂ ਦੀ ਤੱਕੜੀ ਚ ਤੋਲ ਕੇ ਸਾਰੀਆਂ ਉਮੰਗਾਂ ਰੋੜਦੇ ਉੱਚੀਆਂ ਦੀਵਾਰਾਂ ਨੂੰ ਇਹ ਤੋੜ ਕੇ ਤੇ ਪਿਆਰਾਂ ਵਾਲ਼ੀ ਗੰਢ ਫ਼ਿਰ ਜੋੜ ਕੇ ਸ਼ਰੇਆਮ ਤੇਰਾ ਲਈ ਜਾਵੇ ਨਾਮ ਇਹ ਦਿਲ ਤਾਂ ਨਿਸੰਗ ਹੋ ਗਿਆ। ਤੇਰੇ ਇਸ਼ਕੇ ਨੇ ਜਦੋਂ ਪਾਈ ਬਾਤ ਤਾਂ ਲਾਲ ਸੂਹਾ ਰੰਗ ਹੋ ਗਿਆ।

ਸੱਜਣਾ ਦਾ ਨਾਂ

ਸੁੱਕੇ ਪੱਤਰਾਂ ਤੇ ਬਹਾਰ ਆ ਕੇ ਨੱਚਦੀ ਸੱਜਣਾ ਦਾ ਜਦੋਂ ਨਾਂ ਲੈ ਲਿਆ ਰੱਬ ਵਰਗਾ ਤੇਰਾ ਨਾਂ ਸੱਜਣਾ ਭੁੱਲ ਜਾਵਾਂ ਤਾਂ ਨਾ ਆਵੇ ਸਾਹ ਸੱਜਣਾ ਗੋਰੇ ਮੁਖੜੇ ਤੇ ਲਾਲੀ ਜਾਵੇ ਭਖਦੀ ਸੁੱਕੇ ਪੱਤਰਾਂ ਤੇ ਬਹਾਰ ਆ ਕੇ ਨੱਚਦੀ ਸੱਜਣਾ ਦਾ ਜਦੋਂ ਨਾਂ ਲੈ ਲਿਆ ਕਾਲੀਆਂ ਘਟਾਵਾਂ ਚੜ੍ਹ ਆਈਆਂ ਘਨਘੋਰ ਨੇ ਦਿਲ ਦੇ ਬਗੀਚੇ ਪੈਲਾਂ ਪਾਈ ਜਾਂਦੇ ਮੋਰ ਨੇ ਹਵਾ ਸ਼ੂਕਦੀ ਤੇ ਮਾਹੀ ਮਾਹੀ ਕੂਕਦੀ ਸੁਣਦੀ ਨਾ ਗੱਲ ਕੋਈ ਤਿੱਤਲੀ ਮਲੂਕ ਦੀ ਹੋ ਨਿੱਕੇ ਨਿੱਕੇ ਮੀਂਹ ਵਾਲ਼ੀ ਮਹਿਕ ਬੜੀ ਜੱਚਦੀ ਸੁੱਕੇ ਪੱਤਰਾਂ ਤੇ ਬਹਾਰ ਆ ਕੇ ਨੱਚਦੀ ਸੱਜਣਾ ਦਾ ਜਦੋਂ ਨਾਂ ਲੈ ਲਿਆ। ਪੈੜਾਂ ਜਦੋਂ ਸੁਣੀਆਂ ਜਨਾਬ ਦੀਆਂ ਮਹਿਕਾਂ ਮੁੜ ਆਈਆਂ ਦਿਲ ਦੇ ਗ਼ੁਲਾਬ ਦੀਆਂ ਮੁਹੱਬਤਾਂ ਦਾ ਪਾਣੀ ਜਦੋਂ ਵੱਗਿਆ ਲਹਿਰਾਂ ਨੱਚੀਆਂ ਫ਼ਿਰ ਦਿਲ ਦੇ ਝਨਾਬ ਦੀਆਂ ਖ਼ੁਸ਼ੀ ਨਸ - ਨਸ ਵਿੱਚ ਜਾਵੇ ਇੱਕ ਰਚਦੀ ਸੁੱਕੇ ਪੱਤਰਾਂ ਤੇ ਬਹਾਰ ਆ ਕੇ ਨੱਚਦੀ ਸੱਜਣਾ ਦਾ ਜਦੋਂ ਨਾਂ ਲੈ ਲਿਆ।

ਯਾਦਾਂ ਦੀਆਂ ਗਲੀਆਂ

ਯਾਦਾਂ ਦੀਆਂ ਗਲੀਆਂ ਚੋਂ ਕੁਝ ਹਾਸੇ ਮਿਲ਼ ਗਏ ਨੇ ਤੇਰਾ ਹੱਥ ਫ਼ੜ ਕੇ ਜੋ ਮਹਿਕਾਂ ਦੇ ਭਰ ਪੀਤੇ ਓਹ ਕਾਸੇ ਮਿਲ਼ ਗਏ ਨੇ। ਬੜੀ ਤੇਜ਼ ਹਵਾ ਸੀ ਓਹ ਕੁਝ ਝੱਖੜ ਝੁਲ ਗਏ ਸੀ ਤੀਲੇ ਸਭ ਖ਼ਾਬਾਂ ਦੇ ਮਿੱਟੀ ਵਿੱਚ ਰੁਲ ਗਏ ਸੀ ਕਿੰਝ ਪੰਛੀ ਅੱਡ ਹੋਏ ਕਿੰਝ ਚਾਅ ਸਭ ਬਿਖ਼ਰ ਗਏ ਓਹ ਖੁਲਾਸੇ ਮਿਲ਼ ਗਏ ਨੇ। ਫੁੱਲਾਂ ਤੇ ਤ੍ਰੇਲ ਜਿਹੀ ਮੁਲਾਕਾਤ ਓਹ ਸੱਜਣਾ ਦੀ ਸਾਗਰ ਤੋਂ ਵੀ ਵੱਧ ਗਹਿਰੀ ਹਰ ਬਾਤ ਓਹ ਸੱਜਣਾ ਦੀ ਸਾਡੀ ਇਸ ਉਲਫ਼ਤ ਦੇ ਜਿਸ ਜਗ੍ਹਾ ਸੀ ਫੁੱਲ ਮਹਿਕੇ ਉਹ ਪਾਸੇ ਮਿਲ਼ ਗਏ ਨੇ। ਮੇਰੀ ਬੰਦ ਕਿਸਮਤ ਦੇ ਦਰ ਮੈਨੂੰ ਮਿਲ਼ ਗਏ ਨੇ ਤੇਰੇ ਹਾਸੇ ਸੁਣ ਸੁਣ ਕੇ ਮੇਰੇ ਅਹਿਸਾਸਾਂ ਦੇ ਚਾਅ ਸਾਰੇ ਖਿੜ੍ਹ ਗਏ ਨੇ ਤੇਰੀਆਂ ਨਜ਼ਮਾਂ ਦੀ ਮਿੱਠਤ ਵਿੱਚ ਤਰ ਹੋਏ ਪਤਾਸੇ ਮਿਲ਼ ਗਏ ਨੇ।

ਹਾਸਾ ਧੁੱਪਾਂ ਰੰਗਾ

ਤੇਰੇ ਬੋਲ ਸ਼ਰਬਤੀ, ਨੈਣ ਕਾਸ਼ਨੀ ਹਾਸਾ ਧੁੱਪਾਂ ਰੰਗਾ ਏ ਦਿਲ ਦੀ ਦੌਲਤ ਰੱਖੀਂ ਸਾਂਭ ਕੇ ਇਹ ਤੇਰੇ ਲਈ ਚੰਗਾ ਏ। ਹੋ ਤੂੰ ਰਾਂਝੇ ਵਾਂਗੂੰ ਮੁੰਦਰਾਂ ਪਵਾਈ ਫਿਰਦਾ ਹੀਰ ਸਲੇਟੀ ਤੈਨੂੰ ਫਿਰੇ ਲੱਭਦੀ ਉਹਨੂੰ ਮਿਲਣੇ ਦੀ ਝਾਕ ਜਿਹੀ ਲਾਈ ਫਿਰਦਾ ਹੋ ਇਸ਼ਕ ਪਿਆਲਾ ਘੋਲ਼ ਜੋ ਪੀਤਾ ਨਸ਼ਾ ਓਹਦਾ ਸਤਰੰਗਾ ਏ ਤੇਰੇ ਬੋਲ ਸ਼ਰਬਤੀ, ਨੈਣ ਕਾਸ਼ਨੀ ਹਾਸਾ ਧੁੱਪਾਂ ਰੰਗਾ ਏ। ਤੇਰਾ ਸਿਰਨਾਵਾਂ ਮੇਰੇ ਖ਼ਾਬ ਪੁੱਛਦੇ ਮੇਲ ਕਦੋਂ ਹੋਊ ਰਾਧਾ ਨਾਲ਼ ਨੰਦਲਾਲ ਦਾ ਮੈਥੋਂ ਇਹ ਰਾਵੀ ਤੇ ਝਨਾਬ ਪੁੱਛਦੇ ਹੋ ਮੇਰੇ ਗਗਨ ਤੇ ਚਾਨਣ ਤੇਰਾ ਚੰਨ ਵਰਗਾ ਤੇਰਾ ਮੜੰਗਾ ਏ ਤੇਰੇ ਬੋਲ ਸ਼ਰਬਤੀ, ਨੈਣ ਕਾਸ਼ਨੀ ਹਾਸਾ ਧੁੱਪਾਂ ਰੰਗਾ ਏ। ਨਸ਼ਾ ਜਿਹਾ ਪਾਣੀਆਂ ਦੇ ਵਿੱਚ ਘੁਲ਼ਦਾ ਤੇਰੇ ਮੂੰਹੋਂ ਸੁਣਾ ਜਦੋਂ ਨਾਮ ਆਪਣਾ ਤੇਰੇ ਵੱਲ ਭਰ ਲਈਆਂ ਹੁਣ ਪਰਵਾਜ਼ਾਂ ਰੀਝਾਂ ਨੇ ਹੋਣਾ ਜੋ ਵੀ ਹੋਵੇ ਅੰਜਾਮ ਆਪਣਾ ਹੋ ਨਾਂ ਹੁਣ ਤੇਰਾ ਲਿਖੇ ਅੰਬਰ ਤੇ ਮਨ ਤਾਂ ਬੜਾ ਨਿਸੰਗਾ ਏ ਤੇਰੇ ਬੋਲ ਸ਼ਰਬਤੀ, ਨੈਣ ਕਾਸ਼ਨੀ ਹਾਸਾ ਧੁੱਪਾਂ ਰੰਗਾ ਏ। ਤੇਰੇ ਪੱਗ ਦਿਆਂ ਪੇਚਾਂ ਨਾਲ਼ ਮੇਰਾ ਦਿਲ ਬੰਨ੍ਹਿਆ ਤੂੰਹੀਓਂ ਦਿਲਜਾਨੀ ਮੇਰਾ ਤੂੰਹੀਓਂ ਦਿਲਦਾਰ ਵੇ ਤੇਰੇ ਨਾਲ਼ ਉਮਰਾਂ ਲਈ ਦਿਲ ਮੰਨਿਆ ਹੋ ਨਸ - ਨਸ ਦੇ ਵਿੱਚ, ਵੱਸ ਜਾਵੇ ਜਿਹੜਾ ਇਸ਼ਕੇ ਦਾ ਰੋਗ ਅਵੱਲਾ ਏ ਤੇਰੇ ਬੋਲ ਸ਼ਰਬਤੀ, ਨੈਣ ਕਾਸ਼ਨੀ ਹਾਸਾ ਧੁੱਪਾਂ ਰੰਗਾ ਏ।

ਘਰ ਵਿਚ ਧੀ ਜੰਮੀ

ਲੱਗਦਾ ਹੈ ਮੇਰੇ ਅੰਦਰ ਵੀ ਜਦੋਂ ਦੀ ਘਰ ਵਿਚ ਧੀ ਜੰਮੀ ਹੈ ਲੱਗਦਾ ਹੈ ਮੇਰੇ ਅੰਦਰ ਵੀ ਬਹੁਤ ਕੁੱਝ ਨਵਾਂ ਉਸਰ ਰਿਹਾ ਹੈ ਨਿੱਕੀਆਂ ਨਿੱਕੀਆਂ ਕੁੜੀਆਂ ਵਿੱਚੋਂ ਆਪਣੀ ਧੀ ਦੇ ਨਕਸ਼ ਘੜਦਾ ਰਹਿੰਦਾ ਹਾਂ ਉਹਨਾਂ ਦੀਆਂ ਖੇਡਾਂ ਨੂੰ ਵਾਚ ਉਹਨਾਂ ਅੰਦਰਲੇ ਜਜ਼ਬਿਆਂ ਨੂੰ ਪੜ੍ਹਦਾ ਹਾਂ ਮਾਂ ਪਹਿਲਾਂ ਤੋਂ ਵੱਧ ਪਿਆਰੀ ਲੱਗਦੀ ਹੈ ਉਸਦੀਆਂ ਝਿੜਕਾਂ ਤੇ ਫ਼ਿਕਰਾਂ ਦੀ ਸਮਝ ਹੁਣ ਆ ਕੇ ਲੱਗੀ ਹੈ ਮੈਨੂੰ ਤੱਕ ਕੇ ਉਸਦੀਆਂ ਅੱਖਾਂ ਵਿੱਚ ਆਈ ਚਮਕ ਮੈਨੂੰ ਦਿਸਣ ਲੱਗ ਪਈ ਹੈ ਮੇਰੇ ਸਿਰ ਤੇ ਰੱਖੇ ਹੱਥਾਂ ਵਿੱਚੋਂ ਉਸਦੇ ਮੋਹ ਦਾ ਨਿੱਘ ਮਿਲ਼ਦਾ ਹੈ ਆਪਣੀ ਪਤਨੀ ਮੈਨੂੰ ਸੋਹਣੀ ਨਾਲੋਂ ਜ਼ਿਆਦਾ ਸਿਆਣੀ ਪ੍ਰਤੀਤ ਹੁੰਦੀ ਹੈ ਉਸਦੇ ਰੋਸੇ, ਗਿਲੇ - ਸ਼ਿਕਵੇ ਹੁਣ ਬੇਅਰਥੇ ਨਹੀਂ ਲਗਦੇ ਮੇਰੀਆਂ ਝਿੜਕਾਂ ਕਾਰਨ ਵਹਿੰਦੇ ਉਸਦੇ ਹੰਝੂ ਹੁਣ ਪਖੰਡ ਨਹੀਂ ਲੱਗਦੇ ਹੰਝੂਆਂ ਵਿੱਚ ਖੁਰਦੇ ਉਮੀਦਾਂ ਦੇ ਕਿਣਕੇ ਮੈਂ ਮਹਿਸੂਸ ਕਰਦਾ ਹਾਂ ਤੇ ਦੋਹਾਂ ਹੱਥਾਂ ਨਾਲ਼ ਬੋਚ ਕੇ ਆਪਣੇ ਸੀਨੇ ਨਾਲ਼ ਲਾ ਲੈਂਦਾ ਹਾਂ ਹਰ ਧੀ ਦਾ ਦਰਦ ਤੇ ਪਿਤਾ ਦੀ ਬੇਬਸੀ ਆਪਣੀ ਪ੍ਰਤੀਤ ਹੁੰਦੀ ਹੈ ਹੁਣ ਕੁੜੀਆਂ ਪਰਾਇਆ ਧਨ ਨਹੀਂ ਬਲਕਿ ਅਣਮੁੱਲਾ ਖ਼ਜਾਨਾ ਪ੍ਰਤੀਤ ਹੁੰਦੀਆਂ ਨੇ ਸਮਝ ਨਹੀਂ ਆ ਰਹੀ ਕਿ ਇਸ ਧੀ ਨੂੰ ਮੈਂ ਸਿਰਜਿਆ ਹੈ ਜਾਂ ਇਹ ਇੱਕ ਨਵੇਂ, ਸੰਵੇਦਨਸ਼ੀਲ, ਭਾਵੁਕ ਤੇ ਸੁੱਘੜ ਇਨਸਾਨ ਵਜੋਂ ਮੈਨੂੰ ਸਿਰਜ ਰਹੀ ਹੈ।

ਮਾਂ ਦੀ ਅਸੀਸ

ਪੁੱਤਾ ਵੇ ਮਾਂ ਦੀ ਅਸੀਸ ਤੇਰੇ ਲਈ ਹੋਣ ਸਦਾ ਰਾਹ ਸਾਰੇ ਪੱਧਰੇ ਤੇਰੇ ਰਾਹੀਂ ਕੰਡੇ ਸਾਰੇ,ਝੋਲ਼ੀ ਆਪਣੀ ' ਚ ਚੁਣ ਲਵਾਂ ਤਰੱਕੀਆਂ ਦੇ ਅੰਬਰਾਂ ਨੂੰ ਛੁਹਵੇ ਤੇਰਾ ਹੱਥ ਸਦਾ ਤੇਰੇ ਲਈ ਮੈਂ ਸੁਫ਼ਨੇ ਸੁਖਾਵੇਂ ਸਾਰੇ ਬੁਣ ਲਵਾਂ। ਫਰੇਬੀਆਂ ਨੇ ਮੁੱਖਾਂ ਉੱਤੇ ਨਕਾਬ ਕਈ ਪਾਏ ਹੁੰਦੇ ਠੱਗੀਆਂ ਤੋਂ ਬੱਚ ਕੇ ਸੱਚ ਨੂੰ ਪਛਾਣ ਲਵੀਂ ਵੈਰੀ ਨਾ ਬਣਾਈਂ ਕੋਈ, ਦੁੱਖ ਵੀ ਵੰਡਾਈਂ ਕੋਈ ਗੁੱਸੇ - ਗਿਲੇ ਭੁੱਲ ਜਾਵੀਂ, ਸਾਰਿਆਂ ਨੂੰ ਗਲ਼ ਲਾਵੀਂ ਦਿਲ ' ਚ ਮੁਹੱਬਤਾਂ ਦੀ, ਜੋਤ ਤੂੰ ਜਗ੍ਹਾ ਲਵੀਂ। ਤੱਤੀਆਂ ਹਵਾਵਾਂ ਕਦੇ ਤੇਰੇ ਰਾਹੀਂ ਆਉਣ ਜੋ ਸਾਰੀਆਂ ਦਾ ਮੁਖ਼ ਮੈਂ, ਖ਼ੁਦ ਵੱਲ ਮੋੜ ਲਵਾਂ ਮੈਥੋਂ ਬਾਅਦ ਤੇਰੇ ਸਿਰ, ਮਿਹਰਾਂ ਵਾਲ਼ਾ ਹੱਥ ਰ੍ਹਵੇ ਤੈਨੂੰ ਸਦਾਚਾਰ ਤੇ ਗੁਰਬਾਣੀ ਨਾਲ਼ ਜੋੜ ਲਵਾਂ।

ਮੈਂ ਚਾਨਣ ਦੀ ਜਾਈ

ਮੈਂ ਚਾਨਣ ਦੀ ਜਾਈ ਘੁੱਪ ਹਨੇਰਾ ਮੈਨੂੰ ਨਾ ਭਾਵੇ ਮੈਂ ਰਿਸ਼ਮਾਂ ਦੀ ਤ੍ਰਿਹਾਈ ਦਕੀਆਨੂਸੀ ਰਿਵਾਜਾਂ ਨੂੰ ਸਦਾ ਹੀ ਪਿੱਛੇ ਛੱਡਿਆ ਵਹਿਮਾਂ ਭਰਮਾਂ ਵਾਲਾ ਪੱਲਾ ਕਦੇ ਨਾ ਮੈਂ ਫੜਿਆ ਫਿਰਕੂ, ਦੋਗਲੀ ਤੇ ਸੌੜੀ ਸੋਚ ਨੂੰ ਸਦਾ ਹੀ ਛਿੱਕੇ ਟੰਗਿਆ ਮੈਨੂੰ ਤਾਂ ਵਿਰਸੇ ਤੋਂ ਹੀ ਸਾਂਝ ਦੀ ਗੁੜ੍ਹਤੀ ਹੈ ਆਈ। ਆਪਣੇ ਗੀਤਾਂ ਰਾਹੀਂ ਮੈਂ ਤਾਂ ਸੱਚ ਸੁਨੇਹਾ ਦੇਣਾ ਸੱਚੀ ਗੱਲ ਭਾਵੇਂ ਕੌੜੀ ਲੱਗਦੀ ਮਾਰੇ ਤਿੱਖੀਆਂ ਸੂਲਾਂ ਪਰ ਕੱਚ ਸੱਚ ਨੂੰ ਪਹਿਚਾਨਣ ਵਾਲਾ ਮੈਂ ਤਾਂ ਦਰ ਦਰ ਹੋਕਾ ਦੇਣਾ ਮੈਂ ਕਦੇ ਬਿਖੜੇ ਪੈਂਡੇ ਤੇ ਮੁਸੀਬਤਾਂ ਤੋਂ ਨਾ ਘਬਰਾਈ ਮੈਂ ਚਾਨਣ ਦੀ ਜਾਈ।

ਮੈਂ ਹੱਸਣਾ ਲੋਚਦੀ

ਮੈਂ ਹੱਸਣਾ ਲੋਚਦੀ ਸੱਚਾ ਸੁੱਚਾ ਤੇ ਨਿਰਛਲ ਹਾਸਾ ਮੇਰੇ ਹਾਸਿਆਂ ਨੇ ਉੱਚੀ ਪਰਵਾਜ਼ ਭਰਨੀ ਮੈਂ ਤਾਂ ਸਿਖਰਾਂ ਨੂੰ ਛੂਹਣਾ ਲਾ ਕੇ ਹਿੰਮਤਾਂ ਦੇ ਖੰਭ ਮੇਰੀਆਂ ਸੋਚਾਂ ਨੂੰ ਵੀ ਕੈਦ ਮੇਰੇ ਹਾਸਿਆਂ ਤੇ ਕਿਉਂ ਤਲਵਾਰ ਧਰਨੀਂ ਮੈਨੂੰ ਪਾਓ ਨਾ ਰਿਵਾਜਾਂ ਵਾਲੇ ਪਿੰਜਰੇ ਦੇ ਵਿੱਚ ਮੇਰੀ ਹਸਤੀ ਮਿਟਾਇਆ ਨਾਲ ਤੁਸੀਂ ਵੀ ਹੈ ਮਿਟਣਾ ਮੇਰੇ ਕਦਮਾਂ ਦੇ ਨਾਲ ਚੱਲਣ ਬਹਾਰਾਂ ਮੇਰੇ ਹੱਸਿਆ ਹੀ ਸਾਰੀ ਕਾਇਨਾਤ ਹੱਸਣੀ।

ਤੂੰ ਆਦਿ ਹੈਂ

ਤੂੰ ਆਦਿ ਹੈਂ ਪਰ ਅਨੰਤ ਹੈਂ ਤੇਰੇ ਸ਼ਬਦ ਇਲਾਹੀ ਨੇ ਤੇਰੀ ਬਣਤਰ ਵੀ ਰੂਹਾਨੀ ਏ ਤੇਰੇ ਉਚਾਰਣ ਵਿੱਚ ਇਬਾਦਤ ਏ ਤੇਰੇ ਸਿਰ ਤਾਜ ਗੁਰਬਾਣੀ ਦਾ ਤੇਰੇ ਵਿੱਚ ਮਿਠਾਸ ਏ ਗੁਰੂ ਨਾਨਕ ਦਿਆਂ ਬੋਲਾਂ ਦੀ ਸ਼ਹਾਦਤ ਏ ਗੁਰੂ ਅਰਜਨ ਦੀ ਰੱਤ ਘੁਲ਼ਿਆ ਤੇਗ ਬਹਾਦਰ ਦਾ ਤੂੰ ਅਣਖ਼ ਹੈਂ ਗੁਰੂ ਗੋਬਿੰਦ ਸਿੰਘ ਦੀ ਤੇਰੀਆਂ ਵਾਰਾਂ ਵਿੱਚ ਜੋਸ਼ ਤੂਫਾਨੀ ਏ ਤੂੰ ਹੇਕ ਏਂ ਵਾਰਿਸ ਸ਼ਾਹ ਦੀ ਤੇਰੇ ਗੀਤਾਂ ਵਿੱਚ ਝਨਾ ਦੀ ਰਵਾਨੀ ਏ ਕੋਈ ਬੋਲੇ ਜਦ ਪੰਜਾਬੀ ਤਾਂ ਰਾਂਝੇ ਦੀ ਵੰਝਲੀ ਦੇ ਸੁਰ ਸੁਣਦੇ ਨੇ ਤੂੰ ਮਾਖ਼ਿਓ ਮਿੱਠੀ ਏਂ ਮੈਂ ਭਾਗਾਂ ਵਾਲ਼ੀ ਹਾਂ ਤੂੰ ਮੈਨੂੰ ਮਾਂ ਬੋਲੀ ਬਣ ਡਿੱਠੀ ਏਂ।

ਕਾਗਜ਼

ਬਹੁਤ ਕੁਝ ਅਣ-ਕਹਿਆ ਉਕਰਦਾ ਏ ਕਾਗਜ਼ ਦੀ ਹਿੱਕ ਤੇ! ਟੁੱਟੇ ਚਾਵਾਂ ਤੇ ਰੀਝਾਂ ਦੇ ਚੁਭਦੇ ਕਿਣਕੇ ਧੋਖਿਆਂ ਦੇ ਫੱਟਾਂ ਵਿੱਚੋਂ ਰਿਸਦੇ ਲਹੂ ਦੇ ਤੁਪਕੇ ਅਣਕਿਆਸੇ ਜਜ਼ਬਾਤ ਦੇ ਸੈਲ਼ਾਬ ਜੋ ਹੰਝੂ ਬਣ ਵਹਿੰਦੇ ਬੇਵਫ਼ਾਈਆਂ ਦੀ ਅੱਗ ਵਿੱਚ ਦਹਿਕਦੇ ਦਿਲ ਦੇ ਅਹਿਸਾਸ ਕੀ ਕਾਗਜ਼ ਪੱਥਰ ਹੋ ਗਿਆ ਜੋ ਸਭ ਜਾਣ ਕੇ ਵੀ ਪਿਘਲਦਾ ਨਹੀਂ ਤੇ ਮਨ ਵਿੱਚੋਂ ਫੁੱਟਦੇ ਲਾਵੇ ਦੀ ਅਗਨ ਵਿੱਚ ਭਸਮ ਵੀ ਨਹੀਂ ਹੁੰਦਾ? ਨਹੀਂ! ਕਾਗਜ਼ ਤਾਂ ਅਥਾਹ ਗਹਿਰੇ ਸਾਗਰ ਦੀ ਤਰ੍ਹਾਂ ਹੈ ਜੋ ਲਿਖਣ ਵਾਲ਼ੇ ਦੇ ਮਨ ਤੇ ਪਏ ਮਣਾ-ਮੂੰਹੀਂ ਭਾਰ ਨੂੰ ਆਪਣੇ ਅੰਦਰ ਸਮਾ ਕੇ ਉਸਨੂੰ ਹੌਲਾ-ਫੁੱਲ ਕਰ ਦੇਂਦਾ ਏ।

ਚਾਹ ਦਾ ਕੱਪ

ਤੇਰੇ ਨਾਲ ਚਾਹ ਦਾ ਕੱਪ ਸਿਰਫ਼ ਚਾਹ ਨਹੀਂ ਹੁੰਦੀ ਉਸਦੇ ਵਿੱਚ ਤੇਰੇ ਸਾਥ ਦੀ ਗਰਮੀ ਹੁੰਦੀ ਇਲਾਚੀਆਂ ਦੀ ਮਹਿਕ ਵਿੱਚ ਤੇਰੇ ਖਿੜੇ ਹਾਸੇ ਦੀ ਮਹਿਕ ਰਲੀ ਹੁੰਦੀ ਉਸਦੇ ਰੰਗ ਵਿੱਚ ਤੇਰੀਆਂ ਅੱਖਾਂ ਦਾ ਗਹਿਰਾ ਰੰਗ ਘੁਲਿਆ ਹੁੰਦਾ ਤੇਰੇ ਗੁਲਾਬੀ ਮੁਖੜੇ ਵੱਲ ਵੇਖ ਚਾਹ ਦਾ ਘੁੱਟ ਭਰਿਆਂ ਅਣਕਿਆਸੇ ਭਵਿੱਖ ਦੇ ਸੁਪਨੇ ਵਿੱਚ ਦੋਵਾਂ ਦੇ ਖਿਆਲ ਤੈਰਨ ਲਗਦੇ ਤੇ ਖ਼ੁਦ ਨੂੰ ਦ੍ਰਿਸ਼ਮਾਨ ਕਰ ਉਸ ਸੁਪਨੇ ਨੂੰ ਚਾਹ ਦੇ ਘੁੱਟਾਂ ਨਾਲ ਮਾਨਣ ਲਗਦੇ ਤੇਰੇ ਨਾਲ ਚਾਹ ਦਾ ਕੱਪ ਸਿਰਫ਼ ਚਾਹ ਨਹੀਂ ਹੁੰਦੀ ਇੱਕ ਅਗੰਮੀ ਅਹਿਸਾਸ ਹੁੰਦਾ ਇੱਕ ਚਾਅ ਹੁੰਦਾ ਇੱਕ ਰੀਝ ਹੁੰਦੀ ਹੋਰ ਵੀ ਬਹੁਤ ਕੁਝ ਹੁੰਦਾ ਜੋ ਬਿਆਨਿਆ ਨਹੀਂ ਜਾ ਸਕਦਾ।

ਤੂੰ ਤੇ ਸਿਰਫ ਤੂੰ

ਤੇਰੇ ਲਈ ਕੁਝ ਲਿਖਣਾ ਚਾਹਵਾਂ ਤਾਂ ਸਾਰੇ ਅਲਫ਼ਾਜ਼ ਬੱਦਲਾਂ ਵਾਂਗਰ ਫ਼ਿਜ਼ਾਵਾਂ ਵਿੱਚ ਘੁਲ ਜਾਂਦੇ ਨੇ ਮੈਂ ਘੁੱਟ-ਘੁੱਟ ਰੱਖਦੀ, ਮੇਚ-ਮੇਚ ਵੇਖਦੀ ਹਰ ਹਰਫ਼ ਨੂੰ, ਜੋ ਤੇਰੀ ਸਖ਼ਸ਼ੀਅਤ ਦੇ ਮੇਚੇ ਆ ਜਾਵੇ ਪਰ ਤੂੰ ਕਿਸੇ ਹਰਫ਼ਾਂ ਦੇ ਮੇਚੇ ਨਹੀਂ ਆਉਂਦਾ। ਤੇਰੀਆਂ ਬੁੱਲੀਆਂ ਦੇ ਰੰਗ ਲਈ ਪਤਾ ਨਹੀਂ ਕਿੰਨੀਆਂ ਤਿਤਲੀਆਂ ਮੈਂ ਫੜ ਲਿਆਉਂਦੀ ਪਰ ਕੋਈ ਵੀ ਤੇਰੇ ਰੰਗ ਜਿਹੀ ਨਾ ਮਿਲਦੀ। ਤੇਰੇ ਬੋਲਾਂ ਦੀ ਮਿਠਾਸ ਜੇ ਲਿਖਣਾ ਚਾਹਵਾਂ ਤਾਂ ਮਿਸ਼ਰੀ, ਗੁੜ, ਸ਼ਹਿਦ ਸਭ ਤੇਰੇ ਰਸ ਭਰੇ, ਪਿਆਰ ਤੇ ਸੱਚਾਈ ਨਾਲ ਲਰਬੇਜ਼ ਬੋਲਾਂ ਅੱਗੇ ਫਿੱਕੇ ਪੈ ਜਾਂਦੇ। ਤੇਰੇ ਸਾਹਵਾਂ ਦੀ ਮਿੱਠੀ, ਰੂਹ ਨੂੰ ਮਹਿਕਾਉਂਦੀ,ਠੰਡ ਪਾਉਂਦੀ ਮਹਿਕ ਜਿਹੀ ਮਹਿਕ ਕਿਸੇ ਕਲੀ, ਕਿਸੇ ਫੁੱਲ, ਕਿਸੇ ਇਤਰ ਵਿੱਚੋਂ ਨਹੀਂ ਲੱਭਦੀ। ਤੇਰੀਆਂ ਦਿਲ ਨੂੰ ਖਿੱਚ ਪਾਉਂਦੀਆਂ ਜ਼ੁਲਫਾਂ ਨੂੰ ਜੋ ਹਵਾ ਲਹਿਰਾ ਕੇ ਚਲੀ ਜਾਂਦੀ ਮੈਂ ਤਾਂ ਉਸ ਦੀ ਵੀ ਸ਼ੁਕਰਗੁਜ਼ਾਰ ਰਹਿੰਦੀ ਹਾਂ। ਤੇਰੇ ਨਰਮ,ਮਖ਼ਮਲੀ ਹੱਥਾਂ ਦੀ ਗਰਮੀਂ ਜੋ ਮੇਰੇ ਅੰਦਰ ਦੇ ਸਾਰੇ ਠਹਿਰਾਓ ਨੂੰ ਪਿਘਲਾ ਕੇ ਰੱਖ ਦਿੰਦੀ। ਅਜਿਹੀ ਗਰਮੀਂ ,ਨਰਮੀਂ ਤੇ ਅਪੱਣਤ ਦਾ ਅਹਿਸਾਸ ਤੇਰੇ ਤੋਂ ਬਗੈਰ ਹੋਰ ਕਿੱਧਰੇ ਕਿਤੇ ਵੀ ਨਹੀਂ ਹੋਇਆ। ਤੇਰੇ ਸੀਨੇ ਨਾਲ ਸਿਰ ਲਾ ਕੇ ਜੋ ਤੇਰੇ ਦਿਲ ਦੀ ਧੜਕਣ ਦਾ ਮਧੁਰ ਮਨਮੋਹਕ, ਮਦਹੋਸ਼ ਕਰਨ ਵਾਲਾ ਸੰਗੀਤ ਸੁਣਦਾ ਕੁੱਲ ਦੁਨੀਆ ਦੇ ਨਾਦ ਉਸ ਜੀਵਤ ਸੰਗੀਤ ਅੱਗੇ ਨਾਚੀਜ਼ ਹੋ ਜਾਂਦੇ ਨੇ। ਤੂੰ ਤੇ ਸਿਰਫ ਤੂੰ ਮੇਰਾ ਕੁੱਲ ਆਲਮ ਏਂ ਤੇਰੇ ਤੋਂ ਹੀ ਮੇਰੀ ਦੁਨੀਆ ਸ਼ੁਰੂ ਹੋ ਕੇ ਤੇਰੇ ਤੇ ਹੀ ਖਤਮ ਹੁੰਦੀ ਹੈ। ਤਮਾਮ ਉਮਰ ਬਸ ਤੇਰੇ ਨਾਲ-ਨਾਲ ਹੱਥ ਫੜਕੇ ਚਲਣਾਂ ਹੀ ਲੋਚਦਾ ਹੈ ਮੇਰਾ ਮਨ। ਤੈਨੂੰ ਹੱਸਦੇ,ਖਿੜਖਿੜਾਉਂਦੇ, ਮੈਨੂੰ ਮਨਾਉਣ ਲਈ ਚਿੜਾਉਂਦੇ ਮੂੰਹ ਤੱਕਦੇ ਰਹਿਣਾ ਚਾਹੁੰਦੀ ਹਾਂ ਕਦੇ ਮੇਰੇ ਪਿਆਰ ਵਿੱਚ ਭਿੱਜਕੇ ਗਾਏ ਤੇਰੇ ਗੀਤ ਰੂਹ ਤੇ ਆਣ ਦਸਤਕ ਦਿੰਦੇ ਨੇ ਤੇ ਤੇਰੀਆਂ ਬਿਰਹਾ ਵਿੱਚ ਨਮ ਹੋਈਆਂ ਅੱਖੀਆਂ ਨੂੰ ਮੈਂ ਤੱਕਦੀ ਰਹਿਣਾਂ ਚਾਹੁੰਦੀ ਹਾਂ। ਤੇਰੀ ਹਰ ਇੱਕ ਅਦਾ ਤੇ ਫਿਦਾ ਹੋ ਦਿਲ ਵਿੱਚ ਵਸਾਈ ਰੱਖਣਾ ਚਾਹੁੰਦੀ ਹਾਂ। ਤੈਨੂੰ ਬਹੁਤ ਕੁਝ ਕਹਿਣਾਂ ਤੇਰੇ ਲਈ ਬਹੁਤ ਕੁਝ ਲਿਖਣਾਂ ਪਰ ਤੇਰੇ ਤੇ ਆਣਕੇ ਸਾਰੇ ਅੱਖਰ ਪਖੇਰੂ ਹੋ ਜਾਂਦੇ ਨੇ ਤੇ ਰਹਿ ਜਾਂਦਾ ਏ ਤੂੰ ਤੇ ਸਿਰਫ਼ ਤੂੰ।

ਤਾਂਘ

ਤੂੰ ਕੀ ਜਾਣੇਂ ਕਿੰਨੀ ਤੈਨੂੰ ਵੇਖਣੇ ਦੀ ਤਾਂਘ ਮੇਰੇ ਦਿਲ ਵਿੱਚ ਰਹਿੰਦੀ ਏ ਮੇਰੀ ਅੱਧ-ਖੁੱਲੀ ਨੀਂਦ ਵਾਲੇ ਖ਼ਾਬਾਂ ਵਿੱਚ ਤੇਰੇ ਸਾਹਾਂ ਦੀ ਸੁਗੰਧ ਘੁਲ਼ੀ ਰਹਿੰਦੀ ਏ। ਤੂੰ ਕੀ ਜਾਣੇਂ ਕਿੰਨੀ ਤੈਨੂੰ ਵੇਖਣੇ ਦੀ ਤਾਂਘ ਮੇਰੇ ਦਿਲ ਵਿੱਚ ਰਹਿੰਦੀ ਏ। ਸਹਿਕਦੇ ਨੇ ਚਾਅ ਮੇਰੇ ਤੇਰੇ ਗਲ਼ ਲੱਗ ਰੋਣ ਨੂੰ ਕਰਾ ਮੈਂ ਦੁਆਵਾਂ ਨਿਤ ਤੈਨੂੰ ਆਪਣਾ ਬਣਾਉਣ ਨੂੰ ਤੈਨੂੰ ਰੱਬ ਕੋਲੋਂ ਮੰਗ ਲੈਣਾਂ ਸੱਜਣਾਂ ਬੱਸ ਤੇਰੀ ਈ ਫਿਕਰ ਮੈਨੂੰ ਰਹਿੰਦੀ ਏ । ਤੂੰ ਕੀ ਜਾਣੇਂ ਕਿੰਨੀ ਤੈਨੂੰ ਵੇਖਣੇ ਦੀ ਤਾਂਘ ਮੇਰੇ ਦਿਲ ਵਿੱਚ ਰਹਿੰਦੀ ਏ। ਆਵੇ ਨਾ ਤਰੀਕ ਚੰਨਾ ਸਾਡੇ ਵੇ ਸੰਜੋਗ ਦੀ ਕੱਢਾਂ ਫੁਲਕਾਰੀ ਨਿਤ ਤੇਰੇ ਵੇ ਵਿਜੋਗ ਦੀ ਬਾਰਿਸ਼ਾਂ ‘ਚ ਹੰਝੂ ਰਹਿੰਦੇ ਖੁਰਦੇ ਹਿਜਰਾਂ ਦਾ ਸੇਕ ਜਿੰਦ ਸਹਿੰਦੀ ਏ। ਤੂੰ ਕੀ ਜਾਣੇਂ ਕਿੰਨੀ ਤੈਨੂੰ ਵੇਖਣੇ ਦੀ ਤਾਂਘ ਮੇਰੇ ਦਿਲ ਵਿੱਚ ਰਹਿੰਦੀ ਏ।

ਸੱਜਣਾਂ ਦਾ ਦਰ

ਸੱਜਣਾਂ ਦੇ ਦਰ ਨੂੰ ਛੂਹ ਕੇ ਨੀ ਹਵਾਏ ਜਦ ਤੂੰ ਆਈਂ ਪੈਗਾਮ ਮੁਹਬੱਤ ਦੇ ਨਾਲ਼ ਲੈ ਕੇ ਤੂੰ ਆਈਂ। ਬੜੇ ਲੰਬੇ ਪੈਂਡੇ ਇਸ਼ਕੇ ਦੇ ਤੇ ਕਦਮ-ਕਦਮ ਤੇ ਸੂਲਾਂ ਜਿਸ ਨੇ ਵੀ ਪਬ ਧਰਿਆ ਸਭ ਜਾਪਦੀਆਂ ਲੂਣਾਂ ਥਲਾਂ ‘ਚੋਂ ਜਦ ਤੂੰ ਗੁਜ਼ਰੇਂ ਪੈੜ ਪੁਨੂੰ ਦੀ ਲੱਭ ਲਿਆਈਂ ਸੱਜਣਾਂ ਦੇ ਦਰ ਨੂੰ………. ਭੰਵਰਾ ਕੀ ਜਾਣੇ ਉਸਨੂੰ ਤਾਂ ਰਸ ਹੈ ਮਿਲ਼ਿਆ ਗੁਲ ਰੰਗ ਗੁਲਾਬੀ ਲੈ ਕੇ ਕਿਸ ਵਾਸਤੇ ਹੈ ਖਿੜਿਆ ਕਿਸ ਵਾਸਤੇ ਹੈ ਉਸਨੇ ਹੱਟ ਮਹਿਕਾਂ ਦੀ ਏ ਲਗਾਈ ਸੱਜਣਾਂ ਦੇ ਦਰ ਨੂੰ………. ਗੁਜ਼ਰ ਰਹੀਆਂ ਬਹਾਰਾਂ ਉਮੀਦ ਅੱਜ ਵੀ ਬਾਕੀ ਤੇਰੇ ਵਸਲ਼ ਨਗਮੇ ਅਜੇ ਸਰਗਮਾਂ ‘ਚ ਬਾਕੀ ਮੇਰੇ ਹਸਰਤਾਂ ਦੇ ਦੀਵੇ ਨਾ ਜਾਣ ਕੇ ਬੁਝਾਈ ਸੱਜਣਾਂ ਦੇ ਦਰ ਨੂੰ………. ਮੇਰੇ ਚਾਵਾਂ ਦੇ ਪੰਛੀਆਂ ਨੇ ਬੜਾ ਸ਼ੋਰ ਹੈ ਮਚਾਇਆ ਰੀਝਾਂ ਦੇ ਬੱਦਲਾਂ ਨੂੰ ਕਿਸ ਆਣ ਕੇ ਖਿੰਡਾਇਆ ਤੂੰ ਗਮਾਂ ਨੂੰ ਲੋਰੀ ਦੇ ਕੇ ਸਹਿਜੇ ਜ਼ਰਾ ਸਵਾਈਂ ਸੱਜਣਾਂ ਦੇ ਦਰ ਨੂੰ……….

ਦਾਸਤਾਂ

ਬੜੀ ਮੁਸ਼ਕਿਲ ਹੈ ਸਮਝਣੀ ਮੇਰੇ ਅਗਨੀ-ਪੱਥ ਦੀ ਦਾਸਤਾਂ। ਮੇਰੇ ਪੈਰਾਂ ਹੇਠ ਨਾ ਕਿਸੇ ਪਲਕਾਂ ਵਿਛਾਈਆਂ ਤੇ ਨਾ ਹੀ ਫੁੱਲ ਨਾ ਮੇਰੀ ਉਡੀਕ ਵਿੱਚ ਕਿਸੇ ਦੇ ਨੈਣ ਤ੍ਰਿਹਾਏ ਤੇ ਨਾ ਕਿਸੇ ਨੂੰ ਮੇਰੀਆਂ ਰੀਝਾਂ ਨਾਲ਼ ਕੋਈ ਵਾਸਤਾ ਬੜੀ ਮੁਸ਼ਕਿਲ ਹੈ ਸਮਝਣੀ ਮੇਰੇ ਅਗਨੀ-ਪੱਥ ਦੀ ਦਾਸਤਾਂ। ਮੇਰੀਆਂ ਸੱਧਰਾਂ ਰਹੀਆਂ ਅਧੂਰੀਆਂ ਤੇ ਮੇਰੀ ਹਸਰਤਾਂ ਦੀ ਗਾਨੀ ਟੁੱਟੀ ਗਿੱਧਿਆਂ ਦੇ ਪਿੜ ਵਿੱਚ ਵੀ ਨਾ ਗਈ ਮੇਰੀ ਕੋਈ ਵੀ ਬੋਲੀ ਚੁੱਕੀ ਮੇਰੀ ਮੰਜ਼ਿਲ ਵੀ ਅਧੂਰੀ ਤੇ ਅਧੂਰਾ ਹਰ ਇੱਕ ਰਾਸਤਾ ਬੜੀ ਮੁਸ਼ਕਿਲ ਹੈ ਸਮਝਣੀ ਮੇਰੇ ਅਗਨੀ-ਪੱਥ ਦੀ ਦਾਸਤਾਂ। ਅੱਧ ਵਿਚਕਾਰੇ ਵਿੱਚ ਹੁਲਾਰੇ ਮੇਰੀ ਪੀਂਘ ਵਾਲ਼ਾ ਡਾਹਣਾ ਟੁੱਟਿਆ ਰੁੰਡਿਆ-ਮਰੁੰਡਿਆ ਗਿਆ ਮੇਰੇ ਖ਼ਾਬਾਂ ਵਾਲ਼ਾ ਬਾਗ ਤੇ ਕੱਲਾ-ਕੱਲਾ ਬੂਟਾ ਗਿਆ ਪੁੱਟਿਆ ਮੈਂ ਪਿੱਛੇ ਮੁੜਾਂ ਤਾਂ ਸਭ ਵਿਰਾਨੀਆਂ ਤੇ ਨਾ ਅੱਗੇ ਹੀ ਕਿਤੇ ਮੈਂ ਜਾ ਸਕਾਂ ਬੜੀ ਮੁਸ਼ਕਿਲ ਹੈ ਸਮਝਣੀ ਮੇਰੇ ਅਗਨੀ-ਪੱਥ ਦੀ ਦਾਸਤਾਂ।

ਚੁੱਪ

ਚੁੱਪ ਰਹਿਕੇ ਸਹਿਣਾ ਹੇ ਤੇਰੀ ਫਿਤਰਤ ਕਿਉਂ? ਸਹਿ ਲੈਨੀ ਏ ਹਰ ਵੱਡੇ ਤੋਂ ਵੱਡਾ ਗਮ ਇੱਕ ਚੀਸ ਵੀ ਨਹੀਂ ਤੇਰੇ ਬੁੱਲਾਂ ਤੇ ਲੁੱਕ ਕੇ ਪੀ ਲੈਂਦੀ ਏ ਆਪਣੇ ਅਥਰੂ ਆਪ ਹੀ ਮੁਸਕਰਾ ਕੇ ਕਹਿੰਨੀ ਏ ਸਭ ਠੀਕ ਹੈ। ਸਭ ਕੁਝ ਸਹਿਣਾ ਤੇ ਚੁੱਪ ਰਹਿਣਾ ਐਸੀ ਹੈ ਤੇਰੀ ਆਦਤ ਕਿਉਂ? ਹੈ ਤੇਰੇ ਸੀਨੇ ਵਿੱਚ ਵੀ ਦਿਲ, ਤੇਰਾ ਵੀ ਦਿਮਾਗ, ਤੇਰੇ ਨੇ ਕੁਝ ਅਰਮਾਨ, ਤੇਰੀ ਵੀ ਕੋਈ ਸੋਚ ਹੈ, ਫਿਰ ਵੀ ਸਮਝੀ ਜਾਨੀ ਹੈ ਇੱਕ ਜਿਸਮ ਹੀ ਕਿਉਂ? ਕੋਈ ਲਿਤਾੜ ਦੇਵੇ ਸਭ ਅਰਮਾਨ ਮਨਫੀ ਸਮਝੇ ਤੇਰੀ ਸੋਚ ਨੂੰ ਫਿਰ ਵੀ ਤੂੰ ਚੁੱਪ ਹੈ ਕਿਉਂ? ਤੂੰ ਇਨਸਾਨ ਹੈ, ਆਪਣੇ ਆਪ ਨੂੰ ਇਨਸਾਨ ਸਮਝ ਬਣ ਜਾਨੀ ਏ ਬਲੀਦਾਨ ਦੀ ਦੇਵੀ ਕਿਉਂ? ਜੋ ਸ਼ੋਰ ਹੈ ਤੇਰੇ ਦਿਲ ਵਿੱਚ, ਜੋ ਤੂਫਾਨ ਹੈ ਤੇਰੇ ਮਨ ਵਿੱਚ ਉਸਨੂੰ ਦਬਾਕੇ ਰੱਖਦੀ ਹੈ ਕਿਉਂ? ਕਿਉਂ ਝੱਲਦੀ ਏ ਦੁੱਖ, ਕਿਉਂ ਸਹਿਨੀ ਏ ਜ਼ੁਲਮ, ਤੇਰੇ ਵਿੱਚ ਭਰੀ ਨਹੀਂ ਬਗਾਵਤ ਕਿਉਂ? ਸਹਿਣਸ਼ੀਲਤਾ ਹੈ ਔਰਤ ਦਾ ਗਹਿਣਾ ਪਰ ਇਹੋ ਹੈ ਤੇਰੀ ਗੁਲਾਮੀ ਦਾ ਕਾਰਨ ਸਹਿਣਾ, ਸਹਿਣਾ ਤੇ ਸਿਰਫ ਸਹਿਣਾ ਇਸਨੂੰ ਹੀ ਸਮਝੇ ਆਪਣੀ ਕਿਸਮਤ ਕਿਉਂ? ਸਹਿੰਦੀ-ਸਹਿੰਦੀ ਖਪ ਜਾਂਦੀ ਏ, ਮਰ ਜਾਨੀ ਏ ਆਪਣਾ ਅਨਮੋਲ ਜੀਵਨ ਮਿੱਟੀ ਵਿੱਚ ਮਿਲਾ ਜਾਨੀ ਏ, ਕਿਉਂ? ਕੀ ਕਮੀ ਏ ਤੇਰੇ ਵਿੱਚ? ਕੀ ਨਹੀਂ ਕਰ ਸਕਦੀ ਤੂੰ? ਜਜ਼ਬਾਤਾਂ ਦੀਆਂ ਜੰਜੀਰਾਂ ਵਿੱਚ ਜਕੜੀ ਹੈ ਕਿਉਂ? ਘਰ ਦੀ ਲਾਜ, ਇਹ ਰਿਸ਼ਤੇ ਨਾਤੇ ਇਹ ਸਮਾਜ, ਇਹਨਾਂ ਦੀ ਕੀਮਤ ਤੇਰੀ ਜਾਨ ਤੋਂ ਜਿਆਦਾ ਹੈ ਕਿਉਂ? ਆਖਰ ਕਦੋਂ ਤੱਕ ਸਹੇਂਗੀ, ਕਿਉਂ ਸਹੇਂਗੀ ਤੂੰ ਵੀ ਜੀਣਾ ਸਿੱਖ ਜੀਣ ਲਈ ਆਈ ਹੈ ਦੁਨੀਆਂ ਤੇ ਆਪਣੇ ਜੀਵਨ ਨੂੰ ਜੀ ਕੇ ਵੇਖ ਕਰ ਬਗਾਵਤ ਤੂੰ ਵੀ। ਬਗਾਵਤ, ਸਾਰੇ ਝੂਠੇ ਰਸਮਾਂ-ਰਿਵਾਜਾਂ ਦੇ ਖ਼ਿਲਾਫ਼ ਬਗਾਵਤ, ਇਸ ਸਮਾਜ ਦੇ ਖ਼ਿਲਾਫ਼ ਬਗਾਵਤ, ਹਰ ਉਸ ਗੱਲ ਦੇ ਖ਼ਿਲਾਫ਼ ਜੋ ਤੈਨੂੰ ਦੁੱਖ ਦੇਂਦੀ ਹੈ। ਕੁਝ ਨਾ ਸਹਿਣ ਕਰ, ਬਸ ਬਗਾਵਤ ਕਰ ਇੱਕ ਦਿਨ ਅਜਿਹਾ ਆਵੇਗਾ ਕਿ ਤੂੰ ਵੀ ਅਜ਼ਾਦ ਹੋਵੇਂਗੀ ਤੂੰ ਵੀ ਜੀ ਸਕੇਗੀ ਤੂੰ ਵੀ ਇਨਸਾਨ ਸਮਝੀ ਜਾਂਵੇਗੀ ਤੂੰ ਵੀ ਖੁਸ਼ ਹੋਵੇਂਗੀ।

ਧੀ ਪੰਜਾਬ ਦੀ

ਮੈਂ ਹਾਂ ਧੀ ਪੰਜਾਬ ਦੀ ਮੈਨੂੰ ਮਾਣ ਹੈ ਇਸ ਪੰਜਾਬ ਉੱਤੇ। ਮਾਂ ਦੀ ਗੋਦ ਤੋਂ ਨਿੱਘੀ ਲਗਦੀ ਪੰਜ ਆਬਾਂ ਦੀ ਧਰਤ ਪੰਜਾਬ ਦੀ। ਪਾਣੀ ਦੀਆਂ ਲਹਿਰਾਂ ਇਉਂ ਵਗਦੀਆਂ ਜਿਉਂ ਛਣਕੇ ਝਾਂਜਰ ਮੁਟਿਆਰ ਦੀ। ਖੇਤਾਂ ਵਿੱਚ ਹਰਿਆਲੀ ਨੱਚਦੀ ਏ ਹਾਲ਼ੀ ਰਹਿੰਦੇ ਮਿਹਨਤਾਂ ਵਿੱਚ ਜੁੱਟੇ ਮੇਰੇ ਸਤਿਗੁਰਾਂ ਏਥੇ ਜਨਮ ਲਿਆ ਮੈਨੂੰ ਮਾਣ ਹੈ ਇਸ ਪੰਜਾਬ ਉੱਤੇ। ਗੈਰਾਂ ਦਾ ਰੋਅਬ ਪੰਜਾਬੀਆਂ ਤੋਂ ਕਦੇ ਵੀ ਨਾ ਜਾਵੇ ਜਰਿਆ ਪ੍ਰੀਤ ਕਹਾਣੀਆਂ ਨਾਲ ਪਿਆ ਹੈ ਇਸਦਾ ਇਤਹਾਸ ਭਰਿਆ ਬੋਲ ਕੇ ਮਿੱਠੇ ਬੋਲ ਪੰਜਾਬੀ ਹਰ ਇੱਕ ਦੇ ਦਿਲ ਤੇ ਰਾਜ਼ ਕਰਦੇ ਰੱਬ ਅੱਗੇ ਅਰਦਾਸ ਕਰਾਂ ਨਾ ਪਿਆਰ ਏਦੇ ਦੀ ਤੰਦ ਟੁੱਟੇ ਇਹ ਪਾਲਣਹਾਰਾ ਸਭ ਦਾ ਹੈ ਮੈਨੂੰ ਮਾਣ ਹੈ ਇਸ ਪੰਜਾਬ ਉੱਤੇ। ਉੱਚਾ ਇਸਦਾ ਵਿਰਸਾ ਨਿਵੇਕਲੇ ਰੀਤੀ ਰਿਵਾਜ ਇਸਦੇ ਵੱਖਰੀ ਹੈ ਸ਼ਾਨ ਸਭ ਤੋਂ ਅਜਿਹੇ ਨੇ ਜਵਾਨ ਇਸਦੇ ਸਦਾ ਵਗਣ ਖੁਸ਼ੀਆਂ ਦੇ ਬੁੱਲੇ ਨਾ ਪੈਣ ਦੁੱਖਾਂ ਦੇ ਹਨੇਰ ਇਸਤੇ ਨਿਸ਼ਾਨ ਇਸਦੇ ਝੂਲਦੇ ਰਹਿਣ ਉੱਚੇ ਧਰਤੀ ਤੇ ਜੜਿਆ ਵਾਂਗ ਨਗੀਨੇ ਮੈਨੂੰ ਮਾਣ ਹੈ ਇਸ ਪੰਜਾਬ ਉੱਤੇ।

ਪਤੀ-ਪਤਨੀ

ਪਤੀ-ਪਤਨੀ ਇਕ ਰਿਸ਼ਤਾ ਹੈ, ਇੱਕ ਰਿਸ਼ਤਾ ਹੀ ਨਹੀਂ, ਇੱਕ ਜਜ਼ਬਾ ਹੈ। ਦੋ ਦਿਲਾਂ ਦੀ ਇੱਕ ਹੀ ਧੜਕਣ ਇੱਕ ਹੀ ਸੁਪਨਾ, ਇੱਕ ਹੀ ਰਸਤਾ ਤੇ ਇੱਕ ਹੀ ਮੰਜ਼ਿਲ। ਪਤੀ-ਪਤਨੀ ਇੱਕ ਰਿਸ਼ਤਾ ਹੈ, ਇੱਕ ਰਿਸ਼ਤਾ ਹੀ ਨਹੀਂ, ਇੱਕ ਨਿਆਮਤ ਹੈ ਜੋ ਖੁਸ਼ੀਆਂ ਨੂੰ ਦੁਗਣਾ ਕਰੇ ਤੇ ਗਮਾਂ ਨੂੰ ਅੱਧਾ। ਜੋ ਪਿਆਰ ਨੂੰ ਚੌਗੁਣਾ ਕਰੇ ਤੇ ਨਫਰਤ ਨੂੰ ਮਨਫੀ। ਪਤੀ-ਪਤਨੀ ਇੱਕ ਰਿਸ਼ਤਾ ਹੈ। ਇੱਕ ਰਿਸ਼ਤਾ ਹੀ ਨਹੀਂ, ਇੱਕ ਫੁਲਵਾੜੀ ਹੈ ਜਿਸ ਵਿੱਚ ਟਹਿਕਣ ਇਸਦੇ ਸਿਰਜੇ ਨੰਨੇ-ਨੰਨੇ ਫੁੱਲ ਖੁਸ਼ੀਆਂ ਤੇ ਖੇੜੇ ਵੰਡਦੇ ਜੀ ਪਰਚਾਉਂਦੇ ਏਨਾ ਸੰਗ ਹੀ ਬੀਤ ਜਾਂਦੀਆਂ ਨੇ ਉਮਰਾਂ ਦੋ ਦਿਲਾਂ ਦਾ ਮੇਲ ਹੀ ਮਿਲਾਵੇ ਇਸ ਨੂਰ ਨਾਲ। ਪਤੀ ਪਤਨੀ ਇੱਕ ਰਿਸ਼ਤਾ ਹੈ ਇੱਕ ਰਿਸ਼ਤਾ ਹੀ ਨਹੀਂ ਇਹ ਇੱਕ ਅਹਿਸਾਸ ਹੈ, ਪਰ ਜਿੱਥੇ ਹੋਵੇ ਇਹ ਮੇਲ ਅਹਿਸਾਸ ਤੋਂ ਸੱਖਣਾ ਉਹ ਰੂਹਾਂ ਦਾ ਮੇਲ ਨਹੀਂ ਉੱਥੇ ਮਿਲਦੇ ਨੇ ਸਿਰਫ ਦੋ ਜਿਸਮ ਤੇ ਤੁਰ ਪੈਂਦੇ ਨੇ ਆਪਣੀਆਂ-ਆਪਣੀਆਂ ਰਾਹਾਂ ਤੇ। ਮੰਜ਼ਿਲ ਦਾ ਨਾ ਕੋਈ ਦਿਸੇ ਠਿਕਾਣਾ ਉਥੇ ਖੁਸ਼ੀਆਂ ਤੇ ਖੇੜੇ ਨਹੀਂ ਸਿਰਫ ਚੁੱਪ ਹੀ ਪਸਰੀ ਹੈ। ਕੋਈ ਉਮੰਗ ਨਹੀਂ ਚਿਹਰੇ ਤੇ ਅਹਿਸਾਸ ਵਿਹੂਣੇ ਤੱਕਦੇ ਨੇ ਇੱਕ ਦੂਜੇ ਦੇ ਚਿਹਰੇ ਵੱਲ ਤੇ ਸਿਰਫ ਆਪਣੀਆਂ ਗਰਜ਼ਾਂ ਸਦਕਾ ਹੀ ਬਸੇਰਾ ਕਰਦੇ ਨੇ ਇੱਕ ਛੱਤ ਥੱਲੇ। ਕੋਈ ਬਰਕਤ ਤੇ ਨਾ ਹੀ ਕੋਈ ਰਹਿਮਤ ਵਰਸਦੀ ਹੈ ਬਸ ਸੰਨਾਟਾ ਤੇ ਤਨਹਾਈ ਹੀ ਦੋ ਦਿਲਾਂ ਵਿੱਚ ਵਸਦੀ ਹੈ। ਪਤੀ-ਪਤਨੀ ਇੱਕ ਰਿਸ਼ਤਾ ਹੈ, ਇੱਕ ਰਿਸ਼ਤਾ ਹੀ ਨਹੀਂ, ਇੱਕ ਰਹਿਮਤ ਹੈ ਰੱਬ ਦੀ ਕਦਰ ਕਰੋ ਇਸ ਰਿਸ਼ਤੇ ਦੀ ਸੁਣੋਂ, ਸਮਝੋ ਇੱਕ ਦੂਜੇ ਦੇ ਦਿਲ ਦੀ ਅਵਾਜ਼ ਨੂੰ। ਕਿਤੇ ਬਿਖਰ ਨਾ ਜਾਵੇ ਇਹ ਫੁਲਵਾੜੀ, ਨਿੱਕੇ-ਨਿੱਕੇ ਹਾਸੇ ਸੰਭਾਲੋ ਇਕੱਠੀਆਂ ਕਰੋ ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਤੇ ਭਰ ਲਵੋ ਝੋਲੀਆਂ ਅਜਾਈ ਨਾ ਗਵਾ ਦੇਵੋ ਇਸ ਮਹਿਕਾਂ ਭਰੀ ਪਟਾਰੀ ਨੂੰ ਉਸ ਰੱਬ ਦੀ ਨਿਆਮਤ ਪਿਆਰੀ ਨੂੰ।

ਮਾਂ ਨਾ ਹੋਵੇ ਤਾਂ

ਮਾਂ ਨਾ ਹੋਵੇ ਤਾਂ ਬੱਚਿਆਂ ਦਾ ਬਚਪਨ ਮਰ ਜਾਂਦਾ ਬੱਚੇ ਅਣਛੂਹੇ ਤੇ ਅਣਕਿਆਸੇ ਝਾੜੀਆਂ ਵਿੱਚ ਉੱਗੇ ਫੁੱਲਾਂ ਵਰਗੇ ਹੋ ਜਾਂਦੇ ਨਾ ਕੋਈ ਵੇਖ ਖੁਸ਼ ਹੁੰਦਾ ਨਾ ਕੋਈ ਸੁਗੰਧੀ ਮਾਣਦਾ। ਪਰ ਮਾਂ, ਪਿਓ ਵਿਹੂਣਿਆਂ ਦੇ ਵੀ ਚਾਅ ਕਦੇ ਮਰਨ ਨਹੀਂ ਦੇਂਦੀ ਉਹ ਗਰਮ ਹਵਾਵਾਂ ਦੇ ਰੁਖ ਆਪਣੀਆਂ ਠੰਡੀਆਂ ਦੁਆਵਾਂ ਨਾਲ ਬਦਲ ਦੇਂਦੀ ਬੱਚਿਆਂ ਦੇ ਅਣਭੋਲ ਬਚਪਨ ਨੂੰ ਆਪਣੇ ਮੋਹ, ਸਿਰੜ ਤੇ ਹੰਝੂਆਂ ਨਾਲ ਸਿੰਜਕੇ ਬਰਕਰਾਰ ਰੱਖਦੀ ਹੈ।”

ਕੁਦਰਤ

ਜਦੋਂ ਕਦੇ ਜ਼ਿੰਦਗੀ ਦੀਆਂ ਹਾਨੀਆਂ ਤੇ ਨੁਕਸਾਨਾਂ ਤੋਂ ਅੱਕ ਜਾਵੋ ਮਰਨੇ ਨੂੰ ਤੁਰ ਪਵੋ ਤਾਂ ਇੱਕ ਰੁੱਖ ਉਗਾ ਦੇਵੋ ਉਸਨੂੰ ਪਾਣੀ ਦੇਵੋ ਉਸਨੂੰ ਵੱਧਦੇ ਹੋਏ ਰੋਜ਼ ਨਿਹਾਰਦੇ ਰਹੋ ਉਸ ਅੰਦਰ ਨਵੀਂ ਪੁੰਗਰਦੀ ਜ਼ਿੰਦਗੀ ਨੂੰ ਵੇਖ ਤੁਸੀਂ ਵੀ ਫਿਰ ਤੋਂ ਜੀਣਾ ਚਾਹੋਗੇ ਉਸਦੀਆਂ ਨਿੱਕੀਆਂ-ਨਿੱਕੀਆਂ ਕਰੂੰਬਲਾਂ ਨੂੰ ਚੁੰਮਣਾ ਚਾਹੋਗੇ ਉਸਦੀਆਂ ਅੰਗੜਾਈ ਭਰਦੀਆਂ ਟਹਿਣੀਆਂ ਵਿੱਚ ਸੌਂ ਜਾਣਾ ਚਾਹੋਗੇ ਉਸਦੇ ਵਧਦੇ ਕੱਦ ਨੂੰ ਵੇਖ ਤੁਸੀਂ ਵੀ ਹਰ ਮੁਸ਼ਕਿਲ ਨਾਲ ਝੂਜਦੇ ਹੋਏ ਵੀ ਵਧਣਾ ਚਾਹੋਗੇ। ਜਦੋਂ ਕਦੇ ਚੁਫੇਰਿਓਂ ਨਿਰਾਸ਼ ਹੋ ਉਲਝਣਾਂ ਵਿੱਚ ਫਸ ਜਾਵੋ ਤਾਂ ਰੰਗ ਬਿਰੰਗੇ ਫੁੱਲ ਉਗਾ ਲੈਣਾ ਰੋਜ਼ ਨਵੇਂ ਫੁੱਲਾਂ ਨੂੰ ਵੇਖ ਮੁਸਕੁਰਾ ਉਠੋਗੇ ਉਸਦੀ ਫੈਲਦੀ ਸੁਗੰਧੀ ਵਿੱਚ ਸਭ ਭੁਲਾ ਬੈਠੋਗੇ ਰੋਜ਼ ਖਿੜਦੇ ਫੁੱਲਾਂ ਦੇ ਨਵੇਂ-ਨਵੇਂ ਰੰਗਾਂ ਨੂੰ ਵੇਖ ਸੀਨੇ ਵਿੱਚ ਵੀ ਖੇੜਾ ਆ ਜਾਵੇਗਾ ਦਿਨੇ ਖਿੜਦੇ ਤੇ ਰਾਤੀਂ ਮੁਰਝਾਉਂਦੇ ਫੁੱਲਾਂ ਨੂੰ ਵੇਖ ਨਿਰਾਸ਼ਾ ਵਿੱਚੋਂ ਵੀ ਆਸ਼ਾ ਨੂੰ ਲੱਭੋਗੇ ਜੀਵਨ ਦੀ ਸੇਧ ਵਿਖਾਈ ਦੇਵੇਗੀ। ਜਦੋਂ ਕਦੀ ਵੀ ਇੱਕਲੇ ਹੋ ਰੂਹ ਤੋਂ ਉਦਾਸ ਜਾਵੋ ਖੁੱਲੇ ਮੈਦਾਨਾਂ, ਠੰਡੀਆਂ ਹਵਾਵਾਂ ਵਿੱਚ ਚਲੇ ਜਾਣਾ ਚੁਫੇਰੇ ਫੈਲੀ ਹਰਿਆਵਲ ਹਵਾ ਵਿੱਚ ਲਹਿਰਾਉਂਦੇ ਰੁੱਖਾਂ ਦੇ ਪੱਤੇ ਚਿਹਚਿਹਾਉਂਦੇ, ਉਡਾਰੀਆਂ ਲਾਉਂਦੇ ਪੰਛੀਆਂ ਨੂੰ ਵੇਖ ਸਾਰੀ ਕੁਦਰਤ ਹੀ ਨਾਲ ਚਲਦੀ ਨਜ਼ਰ ਆਵੇਗੀ ਤੁਹਾਡਾ ਸਾਥੀ ਬਣ ਸਾਥ ਨਿਭਾਵੇਗੀ।

ਧੀਆਂ

ਧੀ ਜਾਂ ਪੁੱਤ ਦੋਵੇਂ ਹੀ ਕੁਦਰਤ ਦਾ ਤੋਹਫਾ ਹੁੰਦੇ ਹਨ ਦੋਨਾਂ ਦਾ ਪੂਰੇ ਦਿਲ ਨਾਲ ਸਵਾਗਤ ਕਰੋ ਕੁੱਖ ਵਿੱਚ ਧੀਆਂ ਮਾਰ ਕੇ ਲਏ ਗਏ ਪੁੱਤ ਕਦੇ ਸੁੱਖ ਨਹੀਂ ਦਿੰਦੇ ਹੁੰਦੇ। ਧੀਆਂ ਪਾਲਣੀਆਂ ਔਖੀਆਂ ਨਹੀਂ ਹੁੰਦੀਆਂ ਉਹ ਤਾਂ ਆਪੇ ਹੀ ਪਲ ਜਾਂਦੀਆਂ ਨੇ ਆਪ ਮੁਹਾਰੇ ਪੁੰਗਰੇ ਬੀਜਾਂ ਵਾਂਗ ਮੀਂਹ ਦੇ ਪਾਣੀ ਨਾਲ ਹੀ ਜੋ ਪਲਕੇ ਵੱਧ ਜਾਂਦੇ ਤੇ ਫੇਰ ਵੀ ਸਭ ਨੂੰ ਫੁੱਲ ਫਲ ਤੇ ਛਾਂ ਦਿੰਦੇ। ਧੀਆਂ ਦੀਆਂ ਹਿਫਾਜ਼ਤ ਤੋਂ ਡਰ ਲਗਦਾ ਤਾਂ ਪਹਿਲਾਂ ਦੂਸਰਿਆਂ ਦੀਆਂ ਧੀਆਂ ਦੀ ਹਿਫਾਜ਼ਤ ਕਰਨਾ ਸਿੱਖ ਲਵੋ ਫਿਰ ਸਾਰੀਆਂ ਧੀਆਂ ਹੀ ਸੁਰੱਖਿਅਤ ਹੋ ਜਾਣੀਆਂ। ਧੀਆਂ ਨੂੰ ਡਰਨਾ ਨਹੀਂ ਮੁਸ਼ਕਿਲ ਹਲਾਤਾਂ ਵਿੱਚ ਲੜ੍ਹਨਾ ਸਿਖਾ ਦੇਵੋ ਮੁੰਡਿਆਂ ਦੀ ਢਾਣੀ ਵੇਖ ਸਿਰ ਝੁਕਾਉਣਾ ਨਹੀਂ ਸ਼ਾਨ ਨਾਲ ਸਿਰ ਉਠਾ ਤੁਰਨਾ ਸਿਖਾ ਦੇਵੋ। ਧੀਆਂ ਪੜ੍ਹਾਉਣੀਆਂ ਔਖੀਆਂ ਨਹੀਂ ਹੁੰਦੀਆਂ ਉਹ ਤਾਂ ਆਪੇ ਹੀ ਪੜ੍ਹ ਜਾਂਦੀਆਂ ਨੇ ਜਿਵੇਂ ਪੰਛੀਂ ਉੱਡਣਾ ਸਿੱਖ ਲੈਂਦੇ ਫੁੱਲ ਮਹਿਕਣਾ ਸਿੱਖ ਲੈਂਦੇ ਤੇ ਮੱਛੀਆਂ ਤੈਰਨਾ ਸਿੱਖ ਲੈਂਦੀਆਂ ਧੀਆਂ ਵੀ ਸਭ ਤਹਿਜ਼ੀਬਾਂ, ਸਲੀਕੇ ਰਿਸ਼ਤਿਆਂ, ਜਜ਼ਬਾਤਾਂ ਦੀ ਕਦਰ ਕਰਨਾ ਆਪੇ ਹੀ ਸਿੱਖ ਲੈਂਦੀਆਂ ਨੇ। ਜੇ ਸਹੁਰੇ ਘਰ ਵਸਾਉਣ ਤੋਂ ਡਰ ਲਗਦਾ ਹੋਵੇ ਤਾਂ ਪਹਿਲਾਂ ਆਪਣੀ ਧੀ ਨੂੰ ਘਰ ਵਿੱਚ ਪੁੱਤ ਬਰਾਬਰ ਅਧਿਕਾਰ ਦੇਵੋ ਉੱਚੀ ਵਿਦਿਆ, ਪੈਰਾਂ ਤੇ ਖੜ੍ਹਣ ਦਾ ਮੌਕਾ ਦੇਵੋ ਉਸਨੂੰ ਆਪਣੇ ਘਰ, ਜਾਇਦਾਦ ਵਿੱਚ ਥਾਂ ਦੇਵੋ ਉਸਦੀ ਪਸੰਦ ਨੂੰ ਆਪਣੀ ਦਿਖਾਵਟੀ ਅਣਖ, ਜਾਤ, ਧਰਮ ਦੇ ਅਹਿੰਕਾਰ ਦੀ ਬਲੀ ਨਾ ਚੜ੍ਹਾ ਦੇਵੋ ਉਸਨੂੰ ਉਸਦੀ ਪਸੰਦ ਦਾ ਕਾਨੂੰਨੀ ਹੀ ਨਹੀਂ ਕੁਦਰਤੀ ਅਧਿਕਾਰ ਦੇਵੋ। ਧੀ ਤਾਂ ਕੀ ਜਵਾਈ ਵੀ ਪੁੱਤਾਂ ਵਰਗੇ ਮਿਲਣਗੇ ਜੋ ਹਰ ਔਖੇ ਵਕਤਾਂ ਤੇ ਮੋਢੇ ਨਾਲ ਮੋਢਾ ਲਾ ਆ ਖੜ੍ਹਣਗੇ। ਐਵੇਂ ਨਾ ਬੱਸ ਪੁੱਤ-ਪੁੱਤ ਕਰਕੇ ਧੀਆਂ ਦਾ ਤਿਰਸਕਾਰ ਕਰੋ ਧੀਆਂ ਵੀ ਵੰਸ਼ ਵਧਾਉਂਦੀਆਂ ਨੇ ਦੋਹਤੇ-ਦੋਹਤੀਆਂ ਵੀ ਭੱਜ-ਭੱਜ ਨਾਨੇ-ਨਾਨੀ ਦੇ ਗਲ ਨੂੰ ਆਉਂਦੇ ਨੇ ਕੱਲੇ ਪੋਤੇ-ਪੋਤੀਆਂ ਹੀ ਨਹੀਂ ਦੋਹਤੇ-ਦੋਹਤੀਆਂ ਵੀ ਮਾਣ ਵਧਾਉਂਦੇ ਨੇ ਉਹ ਵੀ ਤੁਹਾਡੀ ਫੁਲਵਾੜੀ ਦੇ ਹੀ ਫੁੱਲ ਅਖਵਾਉਂਦੇ ਨੇ। ਬਸ ਆਪਣੀ ਸੋਚ ਬਦਲ ਜ਼ਮਾਨਾ ਵੀ ਤਾਂ ਹੀ ਬਦਲੇਗਾ।

ਇੱਕ ਕਿਤਾਬ ਇੱਕ ਰੁੱਖ

ਇੱਕ ਕਿਤਾਬ ਖਰੀਦ ਲਈ ਇੱਕ ਰੁੱਖ ਲਾ ਲਿਆ ਇੱਕੋ ਜਿਹਾ ਪੁੰਨ ਦੋਹਾਂ ਦਾ ਇੱਕੋ ਜਿਹਾ ਫ਼ਲ ਦੋਹਾਂ ਦਾ। ਇੱਕ ਰੁੱਖ ਲਾਵੇਂਗਾ ਤਾਂ ਇੱਕ ਬੀਜ਼ ਨੂੰ ਤੂੰ ਜ਼ਿੰਦਗੀ ਦੇਵੇਂਗਾ ਉਸਨੂੰ ਪਾਣੀ ਪਾ ਉਸਦੀਆਂ ਅਸੀਸਾਂ ਲਵੇਂਗਾ ਉਸਨੂੰ ਵਧਦਾ ਫੁੱਲਦਾ ਹਰਿਆ ਭਰਿਆ ਵੇਖ ਤੇਰੇ ਅੰਦਰ ਵੀ ਖੁਸ਼ਹਾਲੀ ਫੈਲੇਗੀ ਨਿੱਕੀਆਂ-ਨਿੱਕੀਆਂ ਕਰੁੰਬਲਾਂ ਨੂੰ ਵੇਖ, ਝੂੰਮ ਉੱਠੇਂਗਾ ਕੁਦਰਤ ਦੀ ਸਿਰਜਣਾ ਵਿੱਚ ਤੂੰ ਸਹਾਇਕ ਬਣ ਮਾਣ ਮਹਿਸੂਸ ਕਰੇਂਗਾ ਛਾਂਵੇਂ ਬੈਠੇਂਗਾ, ਫ਼ਲ ਖਾਵੇਂਗਾ ਤੇਰੇ ਬੱਚੇ, ਉਹਨਾਂ ਦੇ ਬੱਚੇ, ਉਹਨਾਂ ਦੇ ਬੱਚੇ ਪੀੜ੍ਹੀ ਦਰ ਪੀੜ੍ਹੀ ਤੂੰ ਪੁੰਨ ਕਰਕੇ ਜਾਵੇਂਗਾ। ਇੱਕ ਕਿਤਾਬ ਖਰੀਦ ਲਿਆਵੇਂਗਾ ਘਰ ਗਿਆਨ ਦੀ ਰੌਸ਼ਨੀ ਲੈ ਆਵੇਂਗਾ ਕਿਤਾਬ ਵਿੱਚ ਇੱਕ ਅਜੀਬ ਜਿਹੀ ਖਿੱਚ ਹੁੰਦੀ ਹੈ ਹਰ ਕੋਈ ਇਸਨੂੰ ਵੇਖ ਪਹਿਲਾਂ ਮੁਸਕਰਾਉਂਦਾ ਹੈ ਇਸਦੀਆਂ ਬਾਹਰਲੀਆਂ ਫੋਟੋਆਂ, ਸਿਰਲੇਖ ਨੂੰ ਨਿਹਾਰਦਾ ਹੈ ਅਤੇ ਫਿਰ ਇਸਨੂੰ ਖੋਲ੍ਹਕੇ ਪੜ੍ਹਨ ਦੀ ਇੱਛਾ ਆਪ ਮੁਹਾਰੇ ਪੁੰਗਰ ਉੱਠਦੀ ਹੈ ਕਿਤਾਬ ਪੜ੍ਹਦਿਆਂ ਸੁਹਜ, ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਿਤਾਬਾਂ ਰਾਹੀਂ ਹੀ ਇਸਦੇ ਸ਼ਬਦਾਂ ਦੇ ਸਮੁੰਦਰ ਵਿੱਚ ਗੁਆਚ ਜਾਂਦੇ ਹਾਂ ਇਸਦੇ ਸ਼ਬਦਾਂ ਦੀਆਂ ਲਹਿਰਾਂ ਸੰਗ ਵਹਿੰਦੇ ਚਲੇ ਜਾਂਦੇ ਹਾਂ ਸਾਰੇ ਪਾਤਰ, ਸਾਰੇ ਦ੍ਰਿਸ਼ ਸਕਾਰ ਹੋਏ ਦਿੱਸਣ ਲਗਦੇ ਹਨ। ਇੱਕ ਪੂਰੀ ਕਿਤਾਬ ਪੜ੍ਹਕੇ ਜੋ ਖੁਸ਼ੀ ਤੇ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਉਹ ਕਿਤਾਬ ਪੜ੍ਹਨ ਵਾਲਾ ਹੀ ਬਿਆਨ ਕਰ ਸਕਦਾ ਹੈ। ਕਿਤਾਬ ਲਿਆ ਘਰ ਰੱਖੇਂਗਾ ਕਿਤੇ ਭੁੱਲ ਜਾਵੇਂਗਾ ਕੋਈ ਸਫਾਈ ਕਰਦਾ, ਸਮਾਨ ਏਧਰ ਓਧਰ ਕਰਦਿਆਂ ਫਿਰ ਕਿਸੇ ਹੱਥ ਲੱਗ ਜਾਵੇਗੀ ਤੇ ਗਿਆਨ ਦੀ ਨਦੀ ਫਿਰ ਵਗ ਤੁਰੇਗੀ ਇਸ ਤਰ੍ਹਾਂ ਤੀਰੀ ਪੀੜ੍ਹੀ ਦਰ ਪੀੜ੍ਹੀ ਗਿਆਨ ਦੀ ਰੌਸ਼ਨੀ ਫੈਲਦੀ ਰਹੇਗੀ ਇਸੇ ਲਈ ਇੱਕ ਕਿਤਾਬ ਖਰੀਦ ਲਈ ਇੱਕ ਰੁੱਖ ਲਾ ਲਿਆ ਇੱਕੋ ਜਿਹਾ ਪੁੰਨ ਦੋਹਾਂ ਦਾ ਇੱਕੋ ਜਿਹਾ ਫ਼ਲ ਦੋਹਾਂ ਦਾ।

ਪਰਵਰਿਸ਼

ਧੀਆਂ ਦੀ ਪਰਵਰਿਸ਼ ਪੁੱਤਾਂ ਵਾਂਗਰ ਕਰੋ ਤੇ ਪੁੱਤਾਂ ਦੀ ਪਰਵਰਿਸ਼ ਧੀਆਂ ਵਾਂਗਰ ਕਰੋ। ਧੀਆਂ ਨੂੰ ਵੀ ਹਿੰਮਤ ਦੇਵੋ ਡਿੱਗਕੇ ਸੱਟ ਲਵਾ ਲਵੇ ਤਾਂ ਵਿਚਾਰੀ ਨਾ ਕਹੋ ਬਹਾਦਰ ਬੱਚੀ ਕਹਿ ਰੋਣ ਨਾ ਦੇਵੋ ਸੱਟਾਂ ਸਹਿਣੀਆਂ ਸਿਖਾਵੋ ਉਸਨੂੰ ਵੀ ਸਵੈਮਾਣ ਨਾਲ ਤੁਰਨਾ ਸਿਖਾਵੋ ਬੇਗਾਨੀ ਕਹਿ ਬੇਗਾਨਾਪਨ ਨਾ ਮਹਿਸੂਸ ਕਰਾਵੋ ਆਪਣੀ ਕਹਿ ਆਪਣਾਪਨ ਜਗਾਵੋ ਉਸਨੂੰ ਵੀ ਬਹਾਦਰੀ ਤੇ ਹੌਂਸਲੇ ਦੀ ਗੁੜਤੀ ਦੇਵੋ ਉਸਨੂੰ ਕੰਜਕਾਂ ਤੇ ਦੇਵੀ ਕਹਿ ਪੂਜਣ ਨਾਲੋਂ ਇਨਸਾਨ ਸਮਝ ਬਰਾਬਰੀ ਦੇ ਅਧਿਕਾਰ ਦੇਵੋ। ਤੇ ਪੁੱਤਾਂ ਨੂੰ ਵੀ ਕਦੀ-ਕਦੀ ਕਿਸੇ ਦੇ ਦੁੱਖ ਵਿੱਚ ਅੱਥਰੂ ਵਹਾਉਣੇ ਸਿਖਾਵੋ ਤਾਂ ਕਿ ਉਹ ਇਨਸਾਨੀਅਤ ਨਾਲ ਲਰਬੇਜ਼ ਭਾਵੁਕ ਤੇ ਸੰਵੇਦਨਸ਼ੀਲ ਮਨ ਰੱਖ ਸਕਣ। ਉਹਨਾਂ ਨੂੰ ਵੀ ਸਬਰ, ਸੰਤੋਖ ਤੇ ਸਹਿਣਸ਼ੀਲਤਾ ਸਿਖਾਵੋ ਤਾਂ ਕਿ ਦੁਨੀਆਦਾਰੀ ਦੇ ਥਪੇੜਿਆਂ ਵਿੱਚ ਉਹ ਉਲਝ ਨਾ ਜਾਣ ਕਦੀ। ਧੀਆਂ ਦੀ ਤਰਾਂ ਉਹਨਾਂ ਦੀ ਵੀ ਹਰ ਵੇਲੇ ਨਿਗਰਾਨੀ ਰੱਖੋ ਉਹਨਾਂ ਨੂੰ ਵੀ ਸਮੇਂ ਨਾਲ ਅਉਣ-ਜਾਣ ਦੇ ਪਾਬੰਧ ਬਣਾਵੋ ਉਹਨਾਂ ਦੀਆਂ ਦੋਸਤੀਆਂ ਤੇ ਵੀ ਕੜੀ ਨਜ਼ਰ ਰੱਖੋ। ਤੇ ਦੋਹਾਂ ਨੂੰ ਹੀ ਆਪਣੇ ਇਤਿਹਾਸ ਆਪਣੇ ਸੱਭਿਆਚਾਰ ਦੇ ਅਮੀਰ ਵਿਰਸੇ ਤੋਂ ਜਾਣੂ ਕਰਾਵੋ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਸਿਖਾਵੋ ਤਾਂ ਹੀ ਸਾਨੂੰ ਨਿਡਰ, ਹਿੰਮਤੀ ਤੇ ਸਾਹਸੀ ਧੀਆਂ ਮਿਲਣਗੀਆਂ ਅਤੇ ਸੁਹਿਰਦ, ਅਨੁਭਵੀ, ਸਹਿਣਸ਼ੀਲ ਅਤੇ ਆਗਿਆਕਾਰੀ ਪੁੱਤਰ ਮਿਲਣਗੇ।

ਕੁੜੀਆਂ ਚਿੜੀਆਂ

ਕੁੜੀਆਂ ਚਿੜੀਆਂ ਕਹਿੰਦੇ ਨੇ ਸਾਰੇ ਤਾਂ ਕੁੜੀਓ ਚਿੜੀਆਂ ਹੀ ਬਣ ਜਾਓ ਤੁਸੀਂ। ਚਿੜੀਆਂ ਤਾਂ ਉੱਡਦੀਆਂ ਨੇ ਖੁੱਲੇ ਅਕਾਸ਼ੀਂ ਨਿਰੰਤਰ ਆਪਣੀ ਮੰਜ਼ਿਲ ਵੱਲ ਉਡਾਰੀਆਂ ਮਾਰਦੀਆਂ ਨੇ ਤੁਸੀਂ ਵੀ ਆਪਣੀ ਸੋਚਾਂ ਦੀ ਪਰਵਾਜ਼ ਨੂੰ ਖੰਭ ਲਗਾ ਉੱਚੀਆਂ ਮੰਜ਼ਿਲਾਂ ਨੂੰ ਸਰ ਕਰਨ ਦੱਕੀਆਨੂਸੀ ਰਿਵਾਜ਼ਾਂ ਤੇ ਕਰਮਕਾਂਡਾਂ ਦੇ ਜਾਲ ਨੂੰ ਕੱਟਕੇ ਅਸਲ ਅਜ਼ਾਦੀ ਦੇ ਅੰਬਰੀ ਉਡਾਰੀਆਂ ਲਾਓ। ਚਿੜੀਆਂ ਤਾਂ ਦੂਰ-ਦੁਰੇਡੇ ਬਿਨਾ ਡਰੇ ਆਪਣਾ ਚੋਗਾ ਚੁਗ ਲਿਆਉਂਦੀਆਂ ਨੇ ਤੇ ਖੁੱਦਾਰੀ ਕਾਇਮ ਰੱਖਦੀਆਂ ਨੇ ਤੁਸੀਂ ਵੀ ਆਪਣਾ ਚੋਗਾ ਆਪ ਭਾਲੋ ਆਪ ਹੀ ਆਪਣੇ ਆਪ ਨੂੰ ਕਾਬਲ ਬਣਾਵੋ ਤਾਂ ਕਿ ਲਾਚਾਰ ਹੋ ਕਿਸੇ ਰਿਸ਼ਤੇ ਅੱਗੇ ਹੱਥ ਨਾ ਅੱਡਣੇ ਪੈਂਣ ਕਦੇ। ਚਿੜੀਆਂ ਤਾਂ ਤੀਲਾ-ਤੀਲਾ ਚੁੱਕ ਇਕੱਠਾ ਕਰ ਬਣਾਂ ਲੈਂਦੀਆਂ ਨੇ ਆਪਣੇ ਆਲਣੇ ਕਿਸੇ ਦੂਸਰਿਆਂ ਦੇ ਆਲਣਿਆਂ ਆਸਰੇ ਜਿੰਦਗੀ ਨਹੀਂ ਗੁਜ਼ਰਦੀਆਂ ਤੁਸੀਂ ਵੀ ਕਰੋ ਤੀਲਾ-ਤੀਲਾ ਹੀ ਇੱਕਠਾ ਤੇ ਆਪਣੇ ਸਿਰਨਾਵੇਂ ਦਾ ਆਲਣਾ ਬਣਾਉਣਾ ਸਿੱਖੋ ਤਾਂ ਕਿ ਦੁਰਕਾਰੀਆਂ ਨਾ ਜਾਵੋ ਬੇਗਾਨਿਆਂ ਦੇ ਦਰੋਂ ਕਦੀ। ਕੁੜੀਆਂ ਚਿੜੀਆਂ ਕਹਿੰਦੇ ਨੇ ਸਾਰੇ ਤਾਂ ਕੁੜੀਓ ਚਿੜੀਆਂ ਹੀ ਬਣ ਜਾਓ ਤੁਸੀਂ।

ਮੈਂ ਹਵਾ ਹਾਂ

ਮੇਰੇ ਲਈ ਸੋਨੇ ਦੇ ਪਿੰਜਰੇ ਨਾ ਸਜਾਓ ਮੈਂ ਹਵਾ ਹਾਂ ਮੈਂ ਕੈਦ ਵਿੱਚ ਨਹੀਂ ਰਹਿੰਦੀ। ਕਹਿਣ ਤੇ ਹੀ ਚੱਲਾਂ ਤੇ ਰੋਕਣ ਤੇ ਰੁਕ ਜਾਵਾਂ ਇਹ ਮੇਰੀ ਫ਼ਿਤਰਤ ਨਹੀਂ ਮੈਂ ਹਵਾ ਹਾਂ ਮੈਂ ਬੰਦਿਸ਼ਾਂ ਨਹੀਂ ਮੰਨਦੀ। ਮੈਂ ਕੁਦਰਤ ਨੂੰ ਮਹਿਕਾਉਣਾ, ਫ਼ੁੱਲਾਂ ਨੂੰ ਸਹਿਲਾਉਣਾ ਮੈਂ ਉੱਚੇ ਬੱਦਲਾਂ ਸੰਗ ਕਿੱਕਲੀਆਂ ਪਾਉਣੀਆਂ ਮੈਂ ਰੁੱਖਾਂ ਸੰਗ ਝੂੰਮ-ਝੂੰਮ ਗੀਤ ਗਾਉਣੇ ਮੈਂ ਅੰਬਰਾਂ ਦੀ ਕੈਨਵਸ ਤੇ ਮੁਹੱਬਤਾਂ ਦੇ ਚਿੱਤਰ ਉਲੀਕਣੇ ਤੇ ਸ਼ੋਖ਼ ਵਹਿੰਦੀਆਂ ਨਦੀਆਂ ਵਿੱਚ ਸਾਂਝਾਂ ਦੀ ਮਿਸ਼ਰੀ ਘੋਲ਼ਣੀ ਮੇਰੀ ਮੌਜ ਬੇਪਰਵਾਹ ਤੇ ਆਪ-ਮੁਹਾਰੀ ਹੈ ਮੈਂ ਪਾਣੀਆਂ ਵਾਂਗ ਰੰਗ ਨਹੀਂ ਬਦਲਦੀ ਮੈਂ ਹਵਾ ਹਾਂ ਮੈਂ ਕੈਦ ਵਿੱਚ ਨਹੀਂ ਰਹਿੰਦੀ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਪ੍ਰਭਜੋਤ ਕੌਰ ਡਾਲੇਕੇ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ