Punjabi Poetry : Pankaj Sharma

ਪੰਜਾਬੀ ਕਵਿਤਾਵਾਂ : ਪੰਕਜ ਸ਼ਰਮਾ


ਧਰਤੀ ਦੀ ਪੁਕਾਰ

ਮੇਰੀ ਕੁੱਖੋਂ ਉੱਗੇ ਸਾਰੇ ਰੁੱਖ ਰਹੇ ਜੇ ਵੱਢਦੇ, ਵਾਰਸ ਥੋਡੇ ਰਹਿਣਗੇ ਛਾਂ ਲਈ ਹਾੜ੍ਹੇ ਕੱਢਦੇ, ਤਪਣਾ ਏਂ ਜਦੋਂ ਜੇਠ ਹਾੜ੍ਹ ਵੇ ਪੰਜਾਬੀਓ। ਧਰਤੀ ਦੀ ਸੁਣ ਲਓ ਪੁਕਾਰ ਵੇ ਪੰਜਾਬੀਓ।। ਕਰ ਸਪ੍ਰੇਆਂ ਭਾਵੇਂ ਝਾੜ ਵਾਧੂ ਕਰ ਲਏ, ਪਰ ਥੋਡੇ ਲਾਲਚ ਨੇ ਬੀਜ ਨਾਸ ਕਰ ਲਏ, ਕਣ ਕਣ ਦਿੱਤਾ ਜ਼ਹਿਰ ਚਾੜ੍ਹ ਵੇ ਪੰਜਾਬੀਓ। ਧਰਤੀ ਦੀ ਸੁਣ ਲਓ ਪੁਕਾਰ ਵੇ ਪੰਜਾਬੀਓ।। ਮੰਨਿਆਂ ਮਸ਼ੀਨਾਂ ਨਾਲ਼ ਜਿੰਦ ਸੌਖੀ ਹੋਈ ਏ, ਕਾਮਿਆਂ ਦੇ ਮੂੰਹੋਂ ਪਰ ਰੋਟੀ ਤੁਸੀਂ ਖੋਈ ਏ, ਕੱਢ ਦਾਣੇ ਮੇਰਾ ਸੀਨਾ ਦਿੰਦੇ ਸਾੜ ਵੇ ਪੰਜਾਬੀਓ। ਧਰਤੀ ਦੀ ਸੁਣ ਲਓ ਪੁਕਾਰ ਵੇ ਪੰਜਾਬੀਓ।। ਚਿੜੀਆਂ ਦੇ ਆਲ੍ਹਣੇ ਵੀ ਰਾਖ ਤੁਸੀਂ ਕਰ ਤੇ, ਭੋਲੇ ਭਾਲੇ ਜੀਵ ਸਭ ਬੇ - ਘਰ ਕਰ ਤੇ, ਥੋਨੂੰ ਲੱਭਣੀ ਨ੍ਹੀ ਇੱਕ ਦਿਨ ਠਾਰ੍ਹ ਵੇ ਪੰਜਾਬੀਓ। ਧਰਤੀ ਦੀ ਸੁਣ ਲਓ ਪੁਕਾਰ ਵੇ ਪੰਜਾਬੀਓ।

ਮਾਂ ਬੋਲੀ

ਇਹ ਸੂਫੀ ਕਾਵਿ ਹੈ ਬੁੱਲੇ ਦਾ, ਹੀਰ ਹੈ ਵਾਰਿਸ ਸ਼ਾਹ ਦੀ। ਇਹ ਚੁੰਮਣ ਹੈ ਸ਼ਿਵ ਦਾ, ਕੋਈ ਕਵਿਤਾ ਹੈ ਉਦਾਸੀ ਦੀ। ਇਹ ਦਰਦ ਹੈ ਅੰਮ੍ਰਿਤਾ ਪ੍ਰੀਤਮ ਦਾ, ਰੁੱਖ ਵਰਗੀ ਰਚਨਾ ਪਾਤਰ ਦੀ। ਇਹ ਵਿਹੜਾ ਭਰਿਆ ਸ਼ਗਨਾਂ ਦਾ, ਜਜ਼ਬਾਤ ਹੈ ਹਰ ਵਾਸੀ ਦੀ। ਇਹ ਮੇਲ ਹੈ ਪੰਜਾਂ ਪਾਣੀਆਂ ਦਾ, ਮਿਠਾਸ ਹੈ ਮਿਸ਼ਰੀ ਪਤਾਸੇ ਦੀ। ਕੀ ਕੀ ਪੰਕਜ ਸਿਫ਼ਤ ਕਰਾਂ, ਇਸ ਮਾਂ ਬੋਲੀ ਪੰਜਾਬੀ ਦੀ। ਇਸ ਮਾਂ ਬੋਲੀ ਪੰਜਾਬੀ ਦੀ।।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਪੰਕਜ ਸ਼ਰਮਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ