Baal Kavitavan : Omkar Sood Bahona

ਬਾਲ-ਕਵਿਤਾਵਾਂ : ਓਮਕਾਰ ਸੂਦ ਬਹੋਨਾ

1. ਬੱਚੇ

ਕਦੇ ਉਦਾਸੀ ਆਵੇ ਮਨ 'ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਬੱਚੇ ਦੀ ਕਿਲਕਾਰੀ ਸੁਣਕੇ ਮਨ-ਚਿੱਤ ਪਿਆ ਮੁਸਕਾਵੇ।
ਆਵੇ ਖੇੜਾ ਦਿਲ ਦੇ ਅੰਦਰ ਗੀਤ ਜਿਹਾ ਮਨ ਗਾਵੇ।
ਆਪਣਾ ਬਚਪਨ ਚੇਤੇ ਆਜੇ ਜੋ ਸੀ ਕਦੇ ਜ਼ਰੂਰ,
ਕਦੇ ਉਦਾਸੀ ਆਵੇ ਮਨ 'ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਜੋ ਬੱਚਿਆਂ ਤਾਈਂ ਕੁੱਟੇ-ਮਾਰੇ ਉਹ ਬੰਦਾ ਹੈ ਪਾਪੀ।
ਉਸਦਾ ਅੰਦਰ ਬੋ ਮਾਰਦਾ ਰੂਹ ਵੀ ਰਹੇ ਸਰਾਪੀ।
ਉਸ ਗੁਰੁ ਦਾ ਟੁੱਟ ਜਾਂਦਾ ਹੈ ਆਪਣੇ-ਆਪ ਗਰੂਰ,
ਕਦੇ ਉਦਾਸੀ ਆਵੇ ਮਨ 'ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਮਿੱਠਾ ਚਾਹੇ ਕੌੜਾ ਹੋਵੇ ਬੱਚਿਆਂ ਦਾ ਸੁਭਾਅ।
ਕਰ ਲਈਦਾ ਸਮਤੋਲ ਬਣਾ ਕੇ ਇਨ੍ਹਾਂ ਨਾਲ ਨਿਭਾਅ।
ਅਗਲੀ ਪੀੜ੍ਹੀ ਦਾ ਹੁੰਦੇ ਪਰੀਵਾਰਾਂ ਦੇ ਵਿੱਚ ਪੂਰ,
ਕਦੇ ਉਦਾਸੀ ਆਵੇ ਮਨ 'ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਭੁੱਖ-ਗ਼ਰੀਬੀ ਦੁੱਖ ਦੇ ਮਾਰੇ ਕਦੇ ਨਾ ਰੋਣ ਨਿਆਣੇ।
ਰੱਬਾ ਤੇਰੀ ਹੋਂਦ ਜੇ ਹੈਗੀ ਸਭ ਨੂੰ ਦੇ ਦੇਹ ਦਾਣੇ।
ਭੁੱਖਾਂ-ਦੁੱਖਾਂ ਤੋਂ ਸਭ ਬੱਚੇ ਕਰ ਦੇ ਰੱਬਾ ਦੂਰ,
ਕਦੇ ਉਦਾਸੀ ਆਵੇ ਮਨ 'ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਬਾਲਾਂ ਦੀ ਤਾਕਤ ਹੋ ਜਾਵੇ ਦੁਨੀਆਂ ਉੱਤੇ ਭਾਰੀ।
ਇਨ੍ਹਾਂ ਦੇ ਵੱਲ ਅੱਖ ਚੁੱਕਣ ਦੀ ਨਾ ਕੋਈ ਕਰੇ ਤਿਆਰੀ।
ਬੱਚਿਆਂ ਦੇ ਵਿੱਚ ਦਿਸੇ ਸਭ ਨੂੰ ਸੱਚੇ ਰੱਬ ਦਾ ਨੂਰ,
ਕਦੇ ਉਦਾਸੀ ਆਵੇ ਮਨ 'ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

2. ਬਚਪਨ ਵਿੱਚ

ਕਰਦੇ ਬੜੇ ਕਮਾਲ ਅਸੀਂ ਸਾਂ।
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਜਦੋਂ ਸਕੂਲੇ ਜਾਣਾ ਪੈਂਦਾ।
ਚਿੱਤ ਨੂੰ ਉਦੋਂ ਡੋਬੂ ਪੈਂਦਾ।
ਮਾਰ ਨਾ ਉੱਠਦੇ ਛਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾਉਂਦੇ।
ਸਕੂਲੋਂ ਛੁੱਟੀ ਮਾਰਨੀ ਚਾਹੁੰਦੇ।
ਝੂਠ ਦੀ ਕਰਦੇ ਭਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਉੱਠਣ ਲੱਗੇ ਊਂ-ਊਂ ਕਰਦੇ।
ਬਾਪੂ ਜੀ ਇੱਕ ਕੰਨ 'ਤੇ ਧਰਦੇ।
ਫਿਰ ਫੜ੍ਹ ਲੈਂਦੇ ਚਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਕਿਸੇ-ਕਿਸੇ ਦਿਨ ਸਿਰ ਫੜ੍ਹ ਬਹਿੰਦੇ।
ਖੇਖਣ ਕਰਦੇ ਡਿਗਦੇ-ਢਹਿੰਦੇ।
ਐਵੇਂ ਹੁੰਦੇ ਨਿਢਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਬਿਨਾਂ ਨਹਾਏ ਤੁਰ ਪੈਂਦੇ ਸਾਂ।
ਖੇਤਾਂ ਵੱਲ ਨੂੰ ਮੁੜ ਪੈਂਦੇ ਸਾਂ।
ਉਹ ਦਿਨ ਦਿੰਦੇ ਗ਼ਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਦੂਜੀ-ਤੀਜੀ ਇਉਂ ਹੀ ਬੀਤੀ।
ਚੌਥੀ ਵਿੱਚ ਪੜ੍ਹਾਈ ਕੀਤੀ।
ਲੱਗ ਪਏ ਪੜ੍ਹਨ ਸਵਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ……।

ਪੰਜਵੀਂ ਵਿੱਚ ਕੁਝ ਅਕਲ ਸਿੱਖ ਲਈ।
ਸੰਵਰਨ ਦੀ ਕੁਝ ਨਕਲ ਸਿੱਖ ਲਈ।
ਪੜ੍ਹ-ਪੜ੍ਹ ਹੋਏ ਨਿਹਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਇਸ ਤੋਂ ਪਿੱਛੋਂ ਦਸਵੀਂ ਤਾਈਂ।
ਕਰੀ ਪੜ੍ਹਾਈ ਚਾਈਂ-ਚਾਈਂ।
ਕਰਦੇ ਹੱਲ ਸਵਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਫੇਰ ਅਸੀਂ ਜਦ ਕਾਲਜ ਵੜ ਗਏ।
ਬੱਸ ਵਿਦਿਆ ਦੀ ਪੌੜੀ ਚੜ੍ਹ ਗਏ।
ਬਦਲ ਗਏ ਚਾਲ-ਢਾਲ ਅਸੀਂ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

ਕਾਲਜ ਜਾ ਕੇ ਕਲਮਾਂ ਫੜ੍ਹੀਆਂ।
ਮਨ ਦੇ ਵਿੱਚ ਕਵਿਤਾਵਾਂ ਵੜੀਆਂ।
ਬੱਸ ਫਿਰ ਮਾਲਾ-ਮਾਲ ਅਸੀ ਸਾਂ,
ਜਦ ਨਿੱਕੇ ਜਿਹੇ ਬਾਲ ਅਸੀਂ ਸਾਂ……।

3. ਅੱਜ ਦੀਵਾਲੀ

ਅੱਜ ਦੀਵਾਲੀ ਆਈ ਕੁਝ ਲਿਆਓ ਪਾਪਾ ਜੀ!
ਲੱਡੂ-ਪੇੜਾ-ਬਰਫੀ ਸਭ ਖਵਾਓ ਪਾਪਾ ਜੀ!!

ਅਸੀਂ ਨਹੀਂ ਬੰਬ ਪਟਾਕੇ ਲੈਣੇ।
ਕਰਦੇ ਧੂਆਂ ਨੇ ਟੁੱਟ ਪੈਣੇ।
ਫਲ ਤੇ ਸੁੱਕੇ ਮੇਵੇ ਘਰੇ ਮੰਗਾਓ ਪਾਪਾ ਜੀ!!

ਕੁਝ ਦੀਵੇ ਕੁਝ ਤੇਲ, ਬੱਤੀਆਂ।
ਕੁਝ ਕੁ ਡੱਬੇ ਮੋਮਬੱਤੀਆਂ-
ਰਾਤੀਂ ਘਰ ਦੇ ਵਿੱਚ ਜਗਾਓ ਪਾਪਾ ਜੀ!!

ਚਾਵਾਂ ਭਰੀ ਦੀਵਾਲੀ ਆਈ।
ਖੁਸ਼ੀਆਂ ਖੇੜੇ ਲੈ ਕੇ ਆਈ।
ਰੰਗ-ਬਰੰਗੇ ਫੁੱਲ ਸਜਾਓ ਪਾਪਾ ਜੀ!!

ਕੁਰਸੀ ਡਾਹ ਕੇ ਬੈਠੀ ਦਾਦੀ।
ਚਿਹਰੇ 'ਤੇ ਉਦਾਸੀ ਡਾਢੀ!
ਦਾਦੀ ਤਾਈਂ ਹਸਾਓ ਪਾਪਾ ਜੀ!!

ਬਾਬਾ ਜੀ ਨੂੰ ਫੋਨ ਘੁਮਾਓ।
ਛੇਤੀ-ਛੇਤੀ ਘਰ ਨੂੰ ਆਓ।
ਘਰ ਹੀ ਖੁਸ਼ੀ ਮਨਾਓ ਪਾਪਾ ਜੀ!!

ਦਾਰੂ-ਦੱਪਾ ਘਰ ਨਹੀਂ ਵਾੜੋ।
ਜੂਏ ਨੂੰ ਵੀ ਤੁਸੀਂ ਪਛਾੜੋ।
ਬੁਰਾਈਆਂ ਦੂਰ ਭਜਾਓ ਪਾਪਾ ਜੀ!!

ਰਾਤੀਂ ਕੋਠੇ 'ਤੇ ਚੜ੍ਹ ਜਾਣਾ।
ਰੌਸ਼ਨੀਆਂ ਨੂੰ ਅਸੀਂ ਜਗਾਣਾ।
ਹਨੇਰਾ ਦੂਰ ਭਜਾਓ ਪਾਪਾ ਜੀ!!

ਪ੍ਰਦੂਸ਼ਣ ਦਾ ਕਰੋ ਖਾਤਮਾ।
ਸਭ ਦੀ ਸੁਖੀ ਰਹੂ ਆਤਮਾਂ।
ਪਟਾਕੇ ਨਹੀਂ ਚਲਾਓ ਪਾਪਾ ਜੀ!!

ਘਰ ਵਿੱਚ ਸਾਫ-ਸਫਾਈ ਕਰਕੇ।
ਚਾਰ-ਚੁਫੇਰਾ ਰੌਸ਼ਨ ਕਰਕੇ।
ਗ਼ਮ ਨੂੰ ਮਨੋ ਭੁਲਾਓ ਪਾਪਾ ਜੀ!!

ਪਰਮ-ਪਵਿੱਤਰ ਸ਼ੁਭ ਦਿਹਾੜਾ।
ਰੌਸ਼ਨੀਆਂ ਦਾ ਕਰੇ ਪਸਾਰਾ।
ਦੂਈ-ਦਵੈਤ ਮੁਕਾਓ ਪਾਪਾ ਜੀ!!

4. ਮਾਂ (ਗ਼ਜ਼ਲ)

ਯਾਦਾਂ ਦੇ ਵਿੱਚ ਵਸੇ ਮਾਂ।
ਸੁਪਨਿਆਂ ਦੇ ਵਿੱਚ ਹੱਸੇ ਮਾਂ।
ਜੇ ਕੋਈ ਗਲਤੀ ਹੋ ਜਾਵੇ-ਹੱਲ,
ਸੁਰਗਾਂ ਵਿੱਚੋਂ ਦੱਸੇ ਮਾਂ ।
ਜਦੋਂ ਉਦਾਸੀ ਛਾਵ੍ਹੇ ਮਨ ਦੀ-
ਰੱਸੀ, ਹੱਥੀਂ ਕੱਸੇ ਮਾਂ।
ਮੈਂ ਕਾਹਨਾ ਬਣ ਜਾਵਾਂ ਜਦ ਵੀ,
ਮੇਰੇ ਪਿੱਛੇ ਨੱਸੇ ਮਾਂ।
ਮਨ ਦੀ ਖੁਸ਼ਕੀ ਦੂਰ ਕਰਨ ਲਈ,
ਤੇਲ ਮਗ਼ਜ ਵਿੱਚ ਝੱਸੇ ਮਾਂ।
ਊੜੇ-ਆੜੇ-ਈੜੀ ਦੇ ਨਾਲ,
ਦੱਸਦੀ ਹਾਹੇ-ਸੱਸੇ ਮਾਂ ।
ਪਾ ਕੇ ਗਲ ਵਿੱਚ ਭਾਰੀ ਬਸਤਾ,
ਘੱਲਦੀ ਸੀ ਮਦਰੱਸੇ ਮਾਂ ।
ਲੱਤਾਂ-ਬਾਹਵਾਂ-ਗਰਦਨ ਉੱਤੋਂ,
ਲੱਭ ਲੈਂਦੀ ਸੀ ਮੱਸੇ ਮਾਂ ।
ਕਾਰ-ਸ਼ੈਤਾਨੀ ਕਰ ਬਹਿੰਦੇ ਤਾਂ-
ਝੂਠੀ-ਮੂਠੀ ਰੁੱਸੇ ਮਾਂ ।
ਤੁਰ ਗਈ ਕਿਹੜੇ ਦੂਰ ਜਗਤ ਵਿੱਚ,
ਤੋੜ ਸਾਹਾਂ ਦੇ ਰੱਸੇ ਮਾਂ ?
ਸੁਰਗਾਂ ਵਿੱਚੋ ਕਾਸ਼ ਬਹੋਨੇ,
ਮੁੜ ਆ ਘਰ ਵਿੱਚ ਵੱਸੇ ਮਾਂ ।

5. ਲਿਖਣ ਨੂੰ ਜੀ ਕਰਦੈ!

ਬੱਚਿਆਂ ਲਈ ਹਜ਼ੂਰ-ਲਿਖਣ ਨੂੰ ਜੀ ਕਰਦੈ।
ਕਵਿਤਾ ਕੋਈ ਜ਼ਰੂਰ-ਲਿਖਣ ਨੂੰ ਜੀ ਕਰਦੈ।

ਪਾਣੀ-ਫੁੱਲ-ਫਲ-ਭੌਰੇ-ਰੁੱਖ ਤੇ ਤਿੱਤਲੀਆਂ,
ਅੰਬੀਆਂ ਨੂੰ ਪਿਆ ਬੂਰ-ਲਿਖਣ ਨੂੰ ਜੀ ਕਰਦੈ।

ਤਰ੍ਹਾਂ-ਤਰ੍ਹਾਂ ਦੇ ਰੁੱਖ, ਖੇਤ ਤੇ ਪੰਛੀ ਵੀ,
ਸੰਘਣਾ ਜੰਗਲ ਦੂਰ-ਲਿਖਣ ਨੂੰ ਜੀ ਕਰਦੈ।

ਪਾਸ ਹੋਣ ਲਈ ਮੜ੍ਹੀ-ਮਸਾਣੀ ਪੂਜਣ ਦਾ,
ਆਉਂਦਾ ਸੀ ਜੋ ਸਰੂਰ-ਲਿਖਣ ਨੂੰ ਜੀ ਕਰਦੈ।

ਬਚਪਨ ਵਿੱਚ ਮਿੱਤਰਾਂ ਦੀ ਲੱਗਦੀ ਮਹਿਫਲ ਦਾ,
ਭਰਿਆ ਪੂਰਾ ਪੂਰ-ਲਿਖਣ ਨੂੰ ਜੀ ਕਰਦੈ।

ਖਿੱਦੋ ਖੂੰਡੀ, ਗੁੱਲੀ ਡੰਡਾ ਰਲ ਮਿਲ ਖੇਡਣ ਦਾ,
ਯਾਰਾਂ ਸੰਗ ਸਰੂਰ-ਲਿਖਣ ਨੂੰ ਜੀ ਕਰਦੈ।

ਛੱਪੜੀਂ ਸੂਏ ਨਹਾਉਂਦੇ ਲੜਦੇ-ਭਿੜਦਿਆਂ ਦਾ,
ਬਚਪਨ ਰਹਿ ਗਿਆ ਦੂਰ-ਲਿਖਣ ਨੂੰ ਜੀ ਕਰਦੈ।

ਮਾਂ-ਬਾਪੂ-ਦਾਦੀ ਦੀਆਂ ਗਾਹਲਾਂ ਘਿਓ ਜਿਹੀਆਂ,
ਤੇ ਦਾਦਾ ਜੀ ਦਾ ਨੂਰ-ਲਿਖਣ ਨੂੰ ਜੀ ਕਰਦੈ।

ਸਾਈਕਲ ਉੱਤੇ ਚੜ੍ਹਦੇ, ਡਿੱਗਦੇ ਸੱਟ ਖਾਂਦੇ,
ਫਿਰ ਘਰ ਤੋਂ ਪੈਂਦੀ ਘੂਰ-ਲਿਖਣ ਨੂੰ ਜੀ ਕਰਦੈ।

ਖਰਬੂਜੇ, ਹਦਵਾਣੇ, ਗੰਨੇ, ਖੇਤੋਂ ਚੋਰੀ ਕਰ,
ਖਾਧੇ ਅੰਬ, ਅੰਗੂਰ-ਲਿਖਣ ਨੂੰ ਜੀ ਕਰਦੈ।

ਪਿੰਡ ਦੀਆਂ ਗਲੀਆਂ ਗਾਹੁੰਦੇ ਲੁਕ-ਛਿਪੀ ਖੇਡਣ ਲਈ,
ਥੱਕ ਕੇ ਹੁੰਦੇ ਚੂਰ-ਲਿਖਣ ਨੂੰ ਜੀ ਕਰਦੈ।

6. ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ-ਬਾਲ-ਗੀਤ

ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।
ਨਿੱਕਾ ਹੁੰਦਾ ਬੜੀਆਂ ਸ਼ਰਾਰਤਾਂ ਸੀ ਕਰਦਾ ।
ਛੱਡ ਕੇ ਸਕੂਲ ਮੁੜ ਘਿੜ ਘਰੇ ਵੜਦਾ।
ਉਦੋਂ ਫਿਰ ਡਾਂਟ ਕੇ ਚਪੇੜ ਇੱਕ ਲਾਉਂਦੇ ਸੀ,
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।
ਛੱਪੜਾਂ ਦੇ ਕੰਢੇ ਬੈਠ ਫੱਟੀਆਂ ਸੀ ਪੋਚਦੇ।
ਸੁੰਦਰ ਲਿਖਾਈ ਫਿਰ ਲਿਖਣ ਲਈ ਸੋਚਦੇ।
ਫੱਟੀਆਂ 'ਤੇ ਲਿਖ ਕੇ ਪਹਾੜੇ ਅਸੀਂ ਗਾਉਂਦੇ ਸੀ,
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।
ਪੱਥਰ ਦੀ ਕਿਸੇ ਕੋਲ ਲੋਹੇ ਦੀ ਸਲੇਟ ਸੀ।
ਤੱਪੜਾਂ ਦੀ ਥਾਂ ਹੁੰਦੀ ਬੋਰੀ ਸਾਡੇ ਹੇਠ ਸੀ।
ਬੋਰੀਆਂ ਵੀ ਚੁੱਕ ਅਸੀਂ ਘਰਾਂ ਤੋਂ ਲਿਆਉਂਦੇ ਸੀ,
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।
ਕੱਛਿਆਂ-ਪਜਾਮਿਆਂ 'ਚ ਪਹੁੰਚਦੇ ਸਕੂਲ ਸੀ।
ਲੱਤਾਂ ਉੱਤੇ ਜੰਮੀ ਰਹਿੰਦੀ ਸਾਡੇ ਮਿੱਟੀ ਧੂਲ ਸੀ।
ਐਤਵਾਰ ਵਾਲੇ ਦਿਨ ਮਲ-ਮਲ ਨਹਾਉਂਦੇ ਸੀ,
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।
ਬੋਹੜ ਦੀਆਂ ਦਾੜ੍ਹੀਆਂ ਨੂੰ ਫੜ੍ਹ ਉੱਤੇ ਚੜ੍ਹਦੇ।
ਅੱਧੀ ਛੁੱਟੀ ਵੇਲੇ ਅਸੀਂ ਮਨ ਆਈਆਂ ਕਰਦੇ।
ਫੜ੍ਹੇ ਜਾਂਦੇ ਮਾਸਟਰ ਜੀ ਮੁਰਗਾ ਬਣਾਉਂਦੇ ਸੀ,
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।
ਲੜਦੇ ਸਲੇਟਾਂ ਅਤੇ ਫੱਟੀਆਂ ਦੇ ਨਾਲ ਸੀ।
ਉੱਚੀ-ਉੱਚੀ ਬੋਲ ਅਸੀਂ ਕੱਢ ਦਿੰਦੇ ਗਾਲ੍ਹ ਸੀ।
ਨੱਕ ਅਤੇ ਮੂੰਹ ਅਸੀਂ ਭੰਨਦੇ-ਭਨਾਉਂਦੇ ਸੀ,
ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ।
ਚੂਰੀ ਵਾਲਾ ਟਿਫ਼ਨ ਵੀ ਹੱਥ 'ਚ ਫੜਾਉਂਦੇ ਸੀ।

7. ਸਾਡੇ ਘਰੇ ਕੁੜੀ

ਲੋਹੜੀ ਦੀਆਂ ਰੌਣਕਾਂ ਵਧਾਉਣ ਆ ਗਈ।
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

ਨਿੱਕੀ ਜਿਹੀ ਜਿੰਦ ਕਿਲਕਾਰੀਆਂ ਹੈ ਮਾਰਦੀ।
ਤਪਦੇ ਜੋ ਸੀਨੇ ਪਲਾਂ-ਛਿਣਾ ਵਿੱਚ ਠਾਰਦੀ।
ਗੀਤ ਸਾਥੋਂ ਲੋਹੜੀ ਦੇ ਗਵਾਉਣ ਆ ਗਈ,
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

ਵਾਰੋ-ਵਾਰੀ ਫੜ੍ਹ ਅਸੀਂ ਗੋਦੀ ਚੁੱਕਏ।
ਠੰਡ ਤੋਂ ਬਚਾਉਣੀ ਕੰਬਲੀ ਨਾਲ ਢਕੀਏ।
ਵਿਹਲਿਆਂ ਨੂੰ ਸਾਨੂੰ ਆਹਰੇ ਲਾਉਣ ਆ ਗਈ,
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

ਅੱਖਰ ਕਢਾਇਆ 'ਕੱਕਾ' ਪੰਡਿਤ ਨੇ ਦੱਸਿਆ।
ਨਾਮ ਹੈ ਕ੍ਰਿਸ਼ੀਕਾ ਜੋ ਭੂਆ ਇਹਦੀ ਰੱਖਿਆ।
ਚਾਅ ਸਾਡੇ ਅੰਬਰੀਂ ਚੜ੍ਹਾਉਣ ਆ ਗਈ,
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

ਸਾਡੇ ਨਾਲ ਹੁਣ ਇਹਦਾ ਨਾਤਾ ਜੁੜ ਗਿਆ ਹੈ।
ਸਾਡਿਆਂ ਦਿਲਾਂ 'ਚ ਇਹਦਾ ਦਿਲ ਮਿਲ ਗਿਆ ਹੈ।
ਸਾਡਾ ਇਹੇ ਨਾਂ ਚਮਕਾਉਣ ਆ ਗਈ,
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

ਆ ਕੇ ਕਿੰਨੀ ਵਾਰੀ ਇਹਦਾ ਸੰਕਟ ਹੈ ਟਲਿਆ।
ਸਾਡੀਆਂ ਮੁਹੱਬਤਾਂ 'ਚ ਮੋਹ ਇਹਦਾ ਰਲਿਆ।
ਠੰਡ ਸਾਡੇ ਸੀਨਿਆਂ 'ਚ ਪਾਉਣ ਆ ਗਈ,
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

ਸਾਡੇ ਘਰੇ ਆ ਕੇ ਇਹ ਖਾਨਦਾਨੀ ਹੋ ਗਈ।
ਘਰ ਦੀ ਸੁਆਣੀ ਇਹਦੀ ਦਾਦੀ-ਨਾਨੀ ਹੋ ਗਈ।
ਚਾਚੇ-ਤਾਏ-ਬਾਬੇ ਕਹਿ ਬੁਲਾਉਣ ਆ ਗਈ,
ਸਾਡੇ ਘਰੇ ਕੁੜੀ ਇਹੇ ਕੌਣ ਆ ਗਈ……?

8. ਧੁੰਦ ਨੇ ਅੰਨ੍ਹੇ ਕਰ ਦਿੱਤਾ ਈ-ਗ਼ਜ਼ਲ

ਧੁੰਦ ਨੇ ਅੰਨ੍ਹੇ ਕਰ ਦਿੱਤਾ ਈ।
ਧੁੰਦਲਾ ਸਭ ਕੁਝ ਕਰ ਦਿੱਤਾ ਈ।

ਚਾਰੇ ਪਾਸੇ ਧੁੰਦ ਪਸਾਰਾ-
ਦਿਲਾਂ 'ਚ ਭਰ ਇੱਕ ਡਰ ਦਿੱਤਾ ਈ।

ਰੱਬਾ ਵੇ ਤੇਰਾ ਸੌ ਸ਼ੁਕਰਾਨਾ!
ਨਿੱਕਾ ਜਿਹਾ ਇੱਕ ਘਰ ਦਿੱਤਾ ਈ।

ਕਰਕੇ ਘਰੋਂ ਲਿਆਉਣਾ ਹੈ ਜੋ,
ਹੌਮ-ਵਰਕ ਸਾਨੂੰ ਸਰ ਦਿੱਤਾ ਈ।

ਟੀਟੂ ਪਾਇਆ ਚੀਕ-ਚਿਹਾੜਾ,
ਭੈਣ ਨੇ ਮੁੱਕਾ ਧਰ ਦਿੱਤਾ ਈ।

ਦੇਸ ਕੌਮ ਲਈ ਮਰਨ ਦਾ ਜ਼ਜਬਾ,
ਦਿਲਨਿਗ ਸਹੀਦਾਂ ਕਰ ਦਿੱਤਾ ਈ।

ਵਤਨ ਅਜਾਦ ਕਰਾਵਣ ਖਾਤਿਰ,
ਕਿੰਨਿਆਂ ਵੀਰਾਂ ਸਿਰ ਦਿੱਤਾ ਈ।

ਵਿੱਦਿਆ ਦਾ ਸਾਨੂੰ ਉਸ ਰੱਬ ਨੇ,
ਇੱਕ ਕਮੰਡਲ ਭਰ ਦਿੱਤਾ ਈ।

ਉਫ! ਇਸ ਧੂਏਂ ਧੁੰਦ ਗੁਬਾਰਾਂ,
ਜੀਣਾ ਦੁੱਭਰ ਕਰ ਦਿੱਤਾ ਈ।

ਲਿਖਦੇ ਹਾਂ ਕਵਿਤਾਵਾਂ ਹਰ ਦਿਨ,
ਸਰਸਵਤੀ ਨੇ ਵਰ ਦਿੱਤਾ ਈ।

ਵੱਡ-ਵਡੇਰਿਆਂ 'ਮਾਊਂ'ਕਹਿ ਕੇ,
ਵਿਰਸੇ ਵਿੱਚ ਸਾਨੂੰ ਡਰ ਦਿੱਤਾ ਈ।

ਅਨਪੜ੍ਹਤਾ ਨੂੰ ਦੂਰ ਕਰਨ ਲਈ,
ਪਾਠਸ਼ਾਲਾ ਦਾ ਦਰ ਦਿੱਤਾ ਈ।

9. ਆਟੇ ਦੀਆਂ ਚਿੜੀਆਂ

ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ।
ਨਿੱਕੇ ਹੁੰਦੇ ਚਿੱਤ ਪ੍ਰਚਾਉਂਦੇ ਹੁੰਦੇ ਸਾਂ।

ਬੀਬੀ (ਮਾਂ)ਜਦੋਂ ਰੋਟੀਆਂ ਬਣਾਉਣ ਬੈਠਦੀ।
ਸੁਹਣੇ ਸੁਹਣੇ ਫੁਲਕੇ ਫੁਲਾਉਣ ਬੈਠਦੀ।
ਉਦੋਂ ਅਸੀਂ ਚੌਂਕੇ ਵਿੱਚ ਆਉਂਦੇ ਹੁੰਦੇ ਸਾਂ,
ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ……।

ਤੌਂਣ ਵਿੱਚੋਂ ਥੋੜ੍ਹਾ ਜਿਹਾ ਆਟਾ ਖਿੱਚ ਕੇ।
ਉਂਗਲਾਂ ਦੇ ਨਾਲ ਆਟੇ ਤਾਈਂ ਚਿੱਪ ਕੇ।
ਚਿੜੀ ਜਿਹੀ ਆਟੇ ਦੀ ਬਣਾਉਂਦੇ ਹੁੰਦੇ ਸਾਂ,
ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ……।

ਫੇਰ ਥੱਲੇ ਚਿੜੀ ਦੇ ਫਸਾਉਂਦੇ ਡੱਕੇ ਨੂੰ।
ਫੇਰ ਅਸੀਂ ਤੱਕਦੇ ਸਾਂ ਤਵੇ ਤੱਤੇ ਨੂੰ।
ਚਿੜੀ ਤੱਤੇ ਤਵੇ 'ਤੇ ਪਕਾਉਂਦੇ ਹੁੰਦੇ ਸਾਂ,
ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ……।

ਰੋਟੀ ਵਾਂਗ ਪੱਕੀ ਚਿੜੀ ਖਾਣ ਲੱਗਦੇ।
ਨਿੱਕੀ ਜਿਹੀ ਦੰਦੀ ਪੂੰਝੇ ਉੱਤੇ ਵੱਢਦੇ।
ਪਲਾਂ ਵਿੱਚ ਖਾ ਕੇ ਮਕਾਉਂਦੇ ਹੁੰਦੇ ਸਾਂ,
ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ……।

ਚਿੜੀਆਂ ਬਣਾ ਕੇ ਕਿੰਨੀਆਂ ਪਚਾਂਦੇ ਸਾਂ।
ਓਨੀਆਂ ਹੀ ਬੀਬੀ ਕੋਲੋਂ ਗਾਹਲਾਂ ਖਾਂਦੇ ਸਾਂ।
ਪਰ ਅਸੀਂ ਬਾਜ ਨਹੀਂ ਆਉਂਦੇ ਹੁੰਦੇ ਸਾਂ,
ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ……।

ਹੁਣ ਚੁੱਲ੍ਹੇ-ਚੌਂਕੇ ਨਾ ਸਵਾਤ ਰਹੀ ਆ।
ਪਾਥੀਆਂ ਦੀ ਅੱਗ ਵੀ ਗਵਾਚ ਗਈ ਆ।
ਜਿੱਥੇ ਰਾੜ੍ਹ ਰੋਟੀਆਂ ਬਣਾਉਂਦੇ ਹੁੰਦੇ ਸਾਂ,
ਆਟੇ ਦੀਆਂ ਚਿੜੀਆਂ ਬਣਾਉਂਦੇ ਹੁੰਦੇ ਸਾਂ……।

10. ਬਹਿ ਨਾ ਵੀਰ ਨਿਚੱਲਾ

ਵੀਰ ਬਹੋਨੇ ਜਾਗ ਜ਼ਰਾ ਤੂੰ, ਹਿੰਮਤ ਜ਼ਰਾ ਵਿਖਾ ।
ਆਲਸ ਦਾ ਤੂੰ ਛੱਡ ਕੇ ਪੱਲਾ, ਹਰਕਤ ਦੇ ਵਿੱਚ ਆ।
ਮੋਇਆਂ ਵਾਂਗੂੰ ਢੇਰੀ ਢਾ ਕੇ, ਬਹਿ ਨਾ ਵੀਰ ਨਿਚੱਲਾ।
ਸੁਸਤੀ ਨੂੰ ਤੂੰ ਦੂਰ ਭਜਾ ਦੇ, ਮਾਰ ਕੇ ਇੱਕੋ ਹੱਲਾ।
ਹਿੰਮਤ ਦੀ ਤੂੰ ਉਂਗਲ ਫੜ ਕੇ, ਮਿਹਨਤ ਨੂੰ ਅਪਣਾ।
ਆਪੇ ਤੇਰੀ ਮੰਜ਼ਿਲ ਤੇਰੇ ਕਦਮਾਂ ਵਿੱਚ ਜਾਊ ਆ।
ਦੁੱਖ ਮੁਸੀਬਤ ਆਪੇ ਤੈਥੋਂ, ਵੱਟ ਜਾਣਗੇ ਪਾਸਾ।
ਜਦ ਤੇਰੇ ਬੁੱਲ੍ਹਾਂ 'ਤੇ ਹੋਇਆ, ਫੁੱਲਾਂ ਵਰਗਾ ਹਾਸਾ।
ਰੱਖੀਂ ਸੱਚ ਦਾ ਪੱਲਾ ਫੜ ਕੇ, ਝੂਠ ਨੂੰ ਨਾ ਅਪਣਾਈਂ।
ਸੱਚ ਦੇ ਪੈਂਡੇ ਮੁਸ਼ਕਲ ਹੁੰਦੇ, ਵੇਖੀਂ ਡੋਲ ਨਾ ਜਾਈਂ।
ਖੁਸ਼ੀਆਂ ਦਾ ਵਣਜਾਰਾ ਬਣ, ਮੁਸਕਾਨਾਂ ਸਭ ਨੂੰ ਵੰਡੀਂ।
ਦਿਲ-ਮੰਦਰ ਵਿੱਚ ਸਾੜਾ ਲੈ ਕੇ, ਮਾਨਵਤਾ ਨਾ ਭੰਡੀਂ।
ਉੱਚੇ-ਸੱਚੇ ਸੁਹਣੇ ਆਪਣੇ ਨੇਕ ਖਿਆਲ ਬਣਾਈਂ।
ਮੈਂ-ਮੈਂ, ਤੂੰ-ਤੂੰ ਦਿਲ 'ਚੋ ਕੱਢ ਕੇ, ਦਿਲ ਵਿੱਚ ਅਸੀਂ ਬਿਠਾਈਂ।
ਫਿਰ ਤੇਰੀ ਜੀਵਨ-ਨਈਆ, ਵਿੱਚ ਸੁੱਖ ਹੋਣਗੇ ਸਾਰੇ।
ਦੁੱਖ-ਦਲਿੱਦਰ ਉਸ ਦੇ ਪੱਲੇ, ਜੋ ਜੀਵਨ ਤੋਂ ਹਾਰੇ।

11. ਸਰਦੀ

ਜਦੋਂ ਦਸੰਬਰ ਚੜ੍ਹਕੇ ਆਇਆ।
ਕਿੰਨੀ ਸਰਦੀ ਨਾਲ ਲਿਆਇਆ।
ਧੁੰਦਾਂ ਚਾਰੇ ਪਾਸੇ ਪਈਆਂ,
ਠੁਰ-ਠੁਰ ਸਭ ਨੂੰ ਕੰਬਣ ਲਾਇਆ।
ਧੂਣੀਆਂ ਸੇਕ-ਸੇਕ ਕੇ ਲੋਕਾਂ,
ਆਪਣੇ ਤਨ ਮਨ ਨੂੰ ਗਰਮਾਇਆ।
ਕੰਬਲ ਅਤੇ ਰਜਾਈਆਂ ਦੇ ਵਿੱਚ,
ਛੁਪ ਕੇ ਤਨ ਦਾ ਨਿੱਘ ਬਣਾਇਆ।
ਕੋਟ-ਕੋਟੀਆਂ ਸਭ ਨੇ ਕੱਢ ਲਏ,
ਗੁਲੂਬੰਦਾਂ ਨਾਲ ਸਿਰ ਛੁਪਾਇਆ।
ਜੁਰਾਬਾਂ ਤੇ ਦਸਤਾਨੇ ਨਿਕਲੇ,
ਟੋਪੀਆਂ ਦਾ ਵੀ ਚੇਤਾ ਆਇਆ।
ਹੁਣ ਤਾਂ ਚਾਹਾਂ ਚੰਗੀਆਂ ਲੱਗਣ,
ਠੰਡਿਆਂ ਦਾ ਹੈ ਨਾਮ ਭੁਲਾਇਆ।
ਮੂੰਗਫਲੀ ਅਤੇ ਰਿਉੜੀ, ਗੱਚਕ-
ਮੂੰਹਾਂ ਦਾ ਸਵਾਦ ਵਧਾਇਆ।
ਤਿਲ ਦੇ ਲੱਡੂ-ਗੁੜ ਦੀ ਗੱਚਕ,
ਖਾਣ ਲਈ ਹੈ ਮਨ ਲਲਚਾਇਆ।
ਦੇਸੀ ਘਿਓ ਦੇ ਬਣੇ ਪੰਜੀਰੇ,
ਖਾ-ਖਾ ਲੋਕਾਂ ਵਜਨ ਵਧਾਇਆ।
ਪੰਛੀ ਹੋ ਗਏ ਅੱਖੋਂ ਓਝਲ,
ਆਹਲਣਿਆਂ ਵਿੱਚ ਡੇਰਾ ਲਾਇਆ।
ਗਾਵਾਂ-ਮੱਝਾਂ ਅਤੇ ਬੱਕਰੀਆਂ,
ਸਭਨਾਂ ਅੰਦਰੀਂ ਸਿਰ ਛੁਪਇਆ।
ਕਰਦੇ ਕਾਮੇ ਕੰਮ ਫੇਰ ਵੀ-
ਢਿੱਡ ਨੇ ਸਭ ਨੂੰ ਆਹਰੇ ਲਾਇਆ।
ਠੰਡੀ-ਠੰਡੀ ਠੰਡ ਨੇ ਆ ਕੇ,
ਨੱਕਾਂ ਨੂੰ ਵਖਤਾਂ ਵਿੱਚ ਪਾਇਆ।
ਖਊਂ-ਖਊਂ ਖਾਂਸੀ, ਨੱਕ ਵੀ ਵਗਦੇ,
ਹਾਏ ਜੁਕਾਮਾਂ ਵੰਝ 'ਤੇ ਚਾਇਆ।
ਐਕਸੀਡੈਂਟ ਬੜੇ ਹੁੰਦੇ ਨੇ,
ਧੁੰਦਾਂ ਨੇ ਬਹੁ ਭੜਥੂ ਪਾਇਆ।
ਅੰਨ੍ਹੇ ਹੋ ਗਏ ਦਿਸਦਾ ਕੁਝ ਨਹੀਂ,
ਸੂਰਜ ਆਪਣਾ-ਆਪ ਛੁਪਾਇਆ।

12. ਦਸ਼ਮੇਸ਼ ਪਿਤਾ

ਧੰਨ-ਧੰਨ ਦਸ਼ਮੇਸ਼ ਪਿਤਾ ਤੂੰ ਧੰਨ ਤੇਰੀ ਕੁਰਬਾਨੀ।
ਵਾਹ ਗੁਜਰੀ ਦੀ ਕੁੱਖੋਂ ਜਾਏ ਸਿੱਖ ਧਰਮ ਦੇ ਬਾਨੀ।

ਜ਼ੁਲਮ ਦਾ ਸੱਤਿਆਨਾਸ ਕਰਨ ਲਈ ਹੱਥ ਤਲਵਾਰ ਉਠਾਈ।
ਪੰਜ ਪਿਆਰੇ ਸਾਜ ਤੁਸਾਂ ਨੇ ਸਿੱਖ ਕੌਮ ਬਣਾਈ।
ਧੰਨ ਹੈ ਤੇਰੀ ਸਿੱਖੀ ਪਾਤਸ਼ਾਹ ਇਹਦੇ ਕੰਮ ਲਾਸਾਨੀ।

ਡੁਬਦੀ ਜਾਂਦੀ ਹਿੰਦ ਕੌਮ ਦੀ ਪੱਤ ਨੂੰ ਤੁਸਾਂ ਬਚਾਇਆ।
ਮਾਂ-ਬਾਪ ਤੇ ਚਹੁੰ ਪੁੱਤਰਾਂ ਨੂੰ ਦੇਸ਼ ਦੇ ਲੇਖੇ ਲਾਇਆ।
ਆਪਣਾ ਸਭ ਕੁਝ ਵਾਰ ਤੁਸਾਂ ਨੇ ਤੱਕੀ ਨਾ ਕਦੇ ਵੀਰਾਨੀ।

ਤਨ-ਮਨ ਤੇ ਧਨ ਲਾ ਕੇ ਜ਼ੁਲਮ ਦਾ ਨਾਮ ਮਿਟਾਇਆ।
ਚਹੁੰ ਪੁੱਤਰਾਂ ਦੀ ਛਾਤੀ ਉੱਤੇ ਸਿੱਖੀ ਮਹਿਲ ਸਜਾਇਆ।
ਦੁਨੀਆਂ ਵਿੱਚ ਦਸ਼ਮੇਸ਼ ਪਿਆਰੇ ਨਾ ਤੇਰਾ ਕੋਈ ਸਾਨੀ।

ਤੇਰੀ ਤੱਕ ਕੁਰਬਾਨੀ ਦਾਤਾ ਮਨ-ਮਸਤਕ ਝੁਕ ਜਾਂਦਾ।
ਚਿੱਤਾਂ ਵਿੱਚੋਂ ਊਚ-ਨੀਚ ਦਾ ਝੇੜਾ ਵੀ ਮੁਕ ਜਾਂਦਾ।
ਤਾਹੀਓਂ ਗਾਉਂਦਾ ਪਿਆ ਬਹੋਨਾ ਤੇਰੇ ਗੀਤ ਜੁਬਾਨੀ।

13. ਕਿਤਾਬਾਂ

ਪੜ੍ਹੀਏ ਆਓ ਯਾਰ ਕਿਤਾਬਾਂ।
ਗਿਆਨ ਦੀਆਂ ਭੰਡਾਰ ਕਿਤਾਬਾਂ।
ਇਨ੍ਹਾਂ ਲਈ ਕੁਝ ਵਕਤ ਨਿਕਾਲੋ,
ਪੜ੍ਹਦੇ ਰਹੋ ਇਕਸਾਰ ਕਿਤਾਬਾਂ।
ਗੁਰਬਤ ਵਿੱਚੋਂ ਕੱਢ ਲਿਆਵਣ,
ਕੁੱਲਾਂ ਦੇਵਣ ਤਾਰ ਕਿਤਾਬਾਂ।
ਹੱਕ-ਸੱਚ ਦਾ ਲੜ ਨਾ ਛੱਡਣ,
ਅੱਖਰਾਂ ਦੀ ਕਤਾਰ ਕਿਤਾਬਾਂ।
ਗਿਆਨ ਕੜ੍ਹਾਈਆਂ ਭਰ-ਭਰ ਵੰਡਣ,
ਦੇਵਣ ਬੜਾ ਪਿਆਰ ਕਿਤਾਬਾਂ।
ਪੜ੍ਹ-ਪੜ੍ਹ ਅੱਗੇ ਵੰਡਦੇ ਜਾਓ,
ਸੁੱਟੋ ਨਾ ਬੇਕਾਰ ਕਿਤਾਬਾਂ।
ਅਨਪੜ੍ਹ ਬੰਦਿਆਂ ਦੀ ਲੁੱਟ ਹੁੰਦੀ।
ਕਰ ਦਿੰਦੀਆਂ ਹੁਸ਼ਿਆਰ ਕਿਤਾਬਾਂ।
ਸਹਿਜੇ-ਸਹਿਜੇ ਪੜ੍ਹਦੇ ਜਾਈਏ,
ਸੀਨਾ ਦਿੰਦੀਆਂ ਠਾਰ ਕਿਤਾਬਾਂ।
ਮਨ ਦੇ ਵਿੱਚੋਂ ਜੰਗ ਲਹਿ ਜਾਂਦਾ,
ਪੜ੍ਹ ਲਈਏ ਜੇ ਚਾਰ ਕਿਤਾਬਾਂ।
ਵਿੱਦਿਆ ਜੋਤ ਜਗਾ ਦਿੰਦੀਆਂ ਨੇ,
ਅਨਪੜ੍ਹਤਾ ਨੂੰ ਮਾਰ ਕਿਤਾਬਾਂ।
ਵਰਕਿਆਂ ਉੱਪਰ ਕਾਲੇ ਅੱਖਰ,
ਛਪ ਕੇ ਦੇਣ ਨਿਖਾਰ ਕਿਤਾਬਾਂ।
ਵੰਡੀ ਜਾਵਣ ਰੌਸ਼ਨੀਆਂ ਨੂੰ,
ਮਨ ਦੀ ਲਾਹ ਕੇ ਗਾਰ ਕਿਤਾਬਾਂ।
ਜਿੱਤਾਂ ਦੇ ਇਹ ਝੰਡੇ ਗੱਡਣ,
ਮੰਨਣ ਕਦੇ ਨਾ ਹਾਰ ਕਿਤਾਬਾਂ।
ਕਿੱਥੋਂ ਦਾ ਹੁਣ ਕਿੱਥੇ ਪੁੱਜਿਆ,
ਪੜ੍ਹ-ਪੜ੍ਹ ਕੇ ਸੰਸਾਰ ਕਿਤਾਬਾਂ।
ਇਨ੍ਹਾਂ ਦੇ ਨਾਲ ਯਾਰੀ ਪਾਓ,
ਸਬ ਤੋਂ ਚੰਗੀਆਂ ਯਾਰ ਕਿਤਾਬਾਂ।
ਕਦੇ ਬਹੋਨਾ ਪੜ੍ਹ ਨਹੀਂ ਥੱਕਿਆ,
ਪੜ੍ਹੀਆਂ ਕਈ ਹਜ਼ਾਰ ਕਿਤਾਬਾਂ।

14. ਬਾਲ ਗੀਤ-ਪੇਪਰਾਂ ਦੇ ਦਿਨ ਆ ਗਏ

ਲਾਓ ਤਨੋ-ਮਨੋ ਜੋਰ ਬੱਲੀ ਸਾਰਾ,
ਕਿ ਪੇਪਰਾਂ ਦੇ ਦਿਨ ਆ ਗਏ।
ਕਰੋ ਪੜ੍ਹਿਆ ਰਵੀਜਨ ਦੁਬਾਰਾ,
ਕਿ ਪੇਪਰਾਂ ਦੇ ਦਿਨ ਆ ਗਏ-----।

ਸੁਸਤੀ ਦਾ ਕਰਕੇ ਤਿਆਗ ਬਾਲ ਮਿੱਤਰੋ।
ਪੜ੍ਹ ਕੇ ਬਣਾਓ ਚੰਗੇ ਭਾਗ ਬਾਲ ਮਿੱਤਰੋ।
ਥੋਡਾ ਚੰਨ ਬਣ ਚਮਕੂ ਸਿਤਾਰਾ, ਕਿ ਪੇਪਰਾਂ ਦੇ ---।

ਸਾਰਾ ਸਾਲ ਕੀਤੀ ਜੋ ਪੜ੍ਹਾਈ ਕੰਮ ਆਊਗੀ।
ਪੇਪਰਾਂ 'ਚੋਂ ਬਹੁਤ ਚੰਗੇ ਨੰਬਰ ਦਿਲਾਊਗੀ।
ਬਹੁਤਾ ਘੁਮਣਾ ਨਹੀਂ ਕਿਤੇ ਵੀ ਅਵਾਰਾ, ਕਿ ਪੇਪਰਾਂ ਦੇ ---।

ਕੀਤੀ ਏ ਪੜ੍ਹਾਈ ਜਿੰਨ੍ਹਾ ਸੱਚੇ ਦਿਲਾਂ ਨਾਲ ਬਈ।
ਉਨ੍ਹਾਂ ਲਈ ਨਾ ਪੇਪਰਾਂ 'ਚ ਔਖਾ ਕੋਈ ਸਵਾਲ ਬਈ।
ਉਨ੍ਹਾਂ ਨੰਬਰਾਂ ਦਾ ਖੋਲਣਾ ਪਟਾਰਾ, ਕਿ ਪੇਪਰਾਂ ਦੇ ---।

ਨਕਲਾਂ 'ਤੇ ਜਿਹੜਿਆਂ ਨੇ ਆਸ ਲਗਾਉਣੀ ਏ।
ਫੇਲ੍ਹ ਹੋ ਕੇ ਉਨ੍ਹਾਂ ਨੇ ਤਾਂ ਇੱਜਤ ਗਵਾਉਣੀ ਏ।
ਸਮਾਂ ਲੰਘਿਆ ਨਹੀਂ ਮਿਲਦਾ ਦੁਬਾਰਾ, ਕਿ ਪੇਪਰਾਂ ਦੇ ---।

ਪੇਪਰਾਂ ਤੋਂ ਪਿੱਛੋਂ ਫਿਰ ਇੱਕ ਮਹੀਨਾ ਮਿਲੂਗਾ।
ਨੱਚੂ, ਗਾਊ, ਹੱਸੂ 'ਬਹੋਨਾ' ਫੁੱਲਾਂ ਵਾਂਗ ਖਿਲੂਗਾ।
ਮੌਜ਼ਾਂ ਨਾਲ ਲੈਣਾ ਦਾਖਲਾ ਦੁਬਾਰਾ ਕਿ ਪੇਪਰਾਂ ਦੇ ---।

15. ਮਾਂ ਦੀ ਮਿੱਠੀ ਘੂਰੀ

ਮੁੰਨਾ ਉੱਠ ਸਕੂਲੇ ਜਾਹ।
ਉੱਠਣ ਤੋਂ ਨਾ ਚਿੱਤ ਚੁਰਾ।
ਬਾਹੋਂ ਪਕੜ ਉਠਾਊਂਗੀ,
ਛੱਡ ਸਕੂਲੇ ਆਊਂਗੀ…………!

ਪੜ੍ਹਨਾ ਬੜਾ ਜ਼ਰੂਰੀ ਹੈ।
ਇਹੇ ਮਾਂ ਦੀ ਘੂਰੀ ਹੈ।
ਇੱਕ ਥਪੇੜਾ ਲਾਊਂਗੀ,
ਛੱਡ ਸਕੂਲੇ ਆਊਂਗੀ…………!

ਜਿੰਨਾ ਮਰਜੀ ਰੋ ਲਈਂ ਤੂੰ।
ਆਪਣਾ ਆਪਾ ਖੋ ਲਈਂ ਤੂੰ।
ਆਪਣੀ ਜਿਦ ਪੁਗਾਊਂਗੀ,
ਛੱਡ ਸਕੂਲੇ ਆਊਂਗੀ…………!

ਛੇਤੀ ਕਰ ਹੁਣ ਉੱਠ ਕੇ ਬਹਿ।
ਭਾਵੇਂ ਬਹਿ ਕੇ ਰੋਂਦਾ ਰਹਿ।
ਤਰਸ ਰਤਾ ਨਾ ਖਾਊਂਗੀ,
ਛੱਡ ਸਕੂਲੇ ਆਊਂਗੀ…………!

ਉੱਠ ਦੰਦਾਂ ਨੂੰ ਖੂਬ ਨਿਖਾਰ।
ਨਾਲੇ ਨਹਾ ਕੇ ਹੋ ਤਿਆਰ।
ਸੁਹਣੀ ਵਰਦੀ ਪਾਊਂਗੀ,
ਛੱਡ ਸਕੂਲੇ ਆਊਂਗੀ…………!

ਪੜ੍ਹ ਕੇ ਬਣਨਾ ਪਾੜ੍ਹਾ ਤੂੰ।
ਕੰਮ ਕਰੀਂ ਨਾ ਮਾੜਾ ਤੂੰ।
ਚੰਗੇ ਕੰਮ ਸਿਖਾਊਂਗੀ,
ਛੱਡ ਸਕੂਲੇ ਆਊਂਗੀ…………!

ਪਾਸੇ ਜਿਹੇ ਨਾ ਮਾਰੀ ਜਾਹ।
ਪੁੱਤਰਾ ਵੇ ਕੋਈ ਅਕਲ ਦਿਖਾ।
ਦੁੱਧ ਗਿਲਾਸ ਪਿਲਾਊਂਗੀ,
ਛੱਡ ਸਕੂਲੇ ਆਊਂਗੀ…………!

ਪੜ੍ਹਨੇ ਤੋਂ ਜੋ ਜੀ ਚੁਰਾਉਂਦੇ।
ਵੱਡੇ ਹੋ ਕੇ ਉਹ ਪਛਤਾਉਂਦੇ।
ਤੈਨੂੰ ਖੂਬ ਪੜ੍ਹਾਊਂਗੀ,
ਛੱਡ ਸਕੂਲੇ ਆਊਂਗੀ…………!

ਵੇਖੂੰਗੀ ਮੈਂ ਤੇਰੀ ਤੋਰ।
ਬਸਤਾ ਤੇਰਾ ਨਵਾਂ ਨਕੋਰ।
ਪਿੱਠੂ 'ਤੇ ਲਟਕਾਊਂਗੀ,
ਛੱਡ ਸਕੂਲੇ ਆਊਂਗੀ…………!

16. ਮੇਰੀ ਮਾਂ

ਮੇਰੀ ਜਦੋਂ ਜਿਉਂਦੀ ਸੀ ਮਾਂ।
ਡਾਢੇ ਲਾਡ ਲਡਾਉਂਦੀ ਸੀ ਮਾਂ।
ਮਾਂ ਮੋਈ ਜੱਗ ਸੁੰਨਾ ਹੋਇਆ।
ਅੰਦਰ ਵੜ ਕੇ ਡਾਢਾ ਰੋਇਆ।
ਰੋ-ਰੋ ਕੇ ਜਦ ਹਲਕਾ ਹੋਇਆ।
ਮਾਂ ਨੂੰ ਦਿਲ ਦੇ ਵਿੱਚ ਲਕੋਇਆ।
ਮਨ ਹੀ ਮਨ ਸਾਂ ਗੱਲਾਂ ਕਰਦਾ।
ਮਾਵਾਂ ਬਾਝੋਂ ਨਹੀਓਂ ਸਰਦਾ।
ਸੁਰਗਾਂ ਵਿੱਚੋਂ ਅੰਮੀਂ ਆਜਾ।
ਪੁੱਤ ਆਪਣੇ ਨੂੰ ਗੋਦ ਖਿਡਾ ਜਾ।
ਤੇਰੇ ਬਾਝੋਂ ਜੀ ਨਹੀਂ ਲਗਦਾ।
ਦਰਦ ਤੇਰਾ ਹੈ ਕੋਇਲਾ ਮਘਦਾ।
ਸਾੜੀ ਜਾਂਦਾ ਅੰਦਰ ਬਾਹਰ।
ਕਿਧਰੇ ਨਾ ਹੁਣ ਮਿਲਦੀ ਠਾਹਰ।
ਹਫਤੇ ਦੇ ਵਿੱਚ ਸੱਤੇ ਵਾਰ।
ਮਾਂ ਹੁੰਦੀ ਤੋਂ ਵਾਂਗ ਤਿਉਹਾਰ।
ਅਨਪੜ੍ਹ ਕਰਮਾਂ ਵਾਲੀ ਸੀ ਮਾਂ।
ਜੱਗੋਂ ਵੱਧ ਨਿਰਾਲੀ ਸੀ ਮਾਂ।
ਮੁੜ-ਮੁੜ ਚੇਤੇ ਆਈ ਜਾਂਦੀ।
ਬਚਪਨ ਯਾਦ ਕਰਾਈ ਜਾਂਦੀ।

ਅੰਮੀਂ ਦੇ ਜੋ ਨਾਲ ਬਿਤਾਏ।
ਉਹ ਦਿਨ ਜਾਂਦੇ ਨਹੀਂ ਭੁਲਾਏ।
ਬਾਤਾਂ ਪੜ੍ਹਿਆਂ ਵਾਂਗ ਸੁਣਾਉਂਦੀ।
ਗੀਤਾਂ ਵਾਂਗੂੰ ਲੋਰੀ ਗਾਉਂਦੀ।
ਜੀ ਕਰਦਾ ਸੁਰਗਾਂ ਵਿੱਚ ਜਾਵਾਂ।
ਮਾਂ ਦੇ ਚਰਨੀ ਸੀਸ ਝੁਕਾਵਾਂ।
ਮੈਂ ਆਇਆ ਹਾਂ ਤੇਰਾ ਪੁੱਤਰ।
ਚੁੱਕ ਲੇ ਅੰਮੀਂ ਆਪਣੇ ਕੁਛੜ।

17. ਪੰਜਾਬੀ ਨੌ-ਜਵਾਨ ਨੂੰ ਹੱਲਾਸ਼ੇਰੀ

ਉੱਠ ਪੰਜਾਬੀ ਸ਼ੇਰਾ ਉੱਠ।
ਕਰਕੇ ਥੋੜ੍ਹਾ ਜੇਰਾ ਉੱਠ।
ਨਸ਼ਿਆਂ ਵਿੱਚ ਗਲਤਾਨ ਨਾ ਹੋ।
ਚਿੱਤੋਂ ਬੇਈਮਾਨ ਨਾ ਹੋ।
ਬਣ ਕੇ ਰਹਿ ਪੰਜਾਬੀ ਸ਼ੇਰ।
ਕੱਢਕੇ ਦਿਲ ਦੇ ਵਿੱਚੋਂ ਮੇਰ।
ਸਭ ਦਾ ਬਣ ਕੇ ਰਹਿ ਭਰਾ।
ਸਭ ਨੂੰ ਆਪਣੇ ਨਾਲ ਰਲਾ।
ਮਿਹਨਤ ਦਾ ਤੂੰ ਪੱਲਾ ਫੜ੍ਹ।
ਜਾਤਾਂ-ਪਾਤਾਂ ਲਈ ਨਾ ਲੜ।
ਨੌਕਰੀਆਂ 'ਤੇ ਆਸ ਨਾ ਰੱਖ।
ਹੱਥਾਂ ਵਿੱਚ ਪੰਜਾਲੀ ਚੱਕ।
ਖੋਦ ਧਰਤ ਦਾ ਕੋਨਾ-ਕੋਨਾ।
ਪੈਦਾ ਕਰ ਲੈ ਇੱਥੋਂ ਹੀ ਸੋਨਾ।
ਦੁਨੀਆਂ ਵਿੱਚ ਬਦਨਾਮ ਨਾ ਹੋ।
ਨਸ਼ਿਆਂ ਦੀ ਨਾ ਚੱਕੀ ਝੋ।
ਖੁਦਕਸ਼ੀਆਂ ਦਾ ਰਾਹ ਨਾ ਫੜ੍ਹ।
ਹਿੰਮਤ ਦੀ ਤੂੰ ਸੀੜ੍ਹੀ ਚੜ੍ਹ।
ਬੜੇ ਸਿਆਸਤਦਾਨ ਕਮੀਨ।
ਤੈਥੋਂ ਲੁੱਟੀ ਜਾਣ ਜ਼ਮੀਨ।
ਤੇਰੀ ਉੱਖਲੀ ਤੇਰਾ ਸਿਰ।
ਨਸ਼ਿਆਂ ਵਿੱਚ ਨਾ ਫਸਿਆ ਫਿਰ।
ਭੁੱਕੀ-ਡੋਡੇ ਮਾਰ ਵਗਾਹ।
ਫੜ੍ਹ ਲੈ ਹੁਣ ਤੂੰ ਸੱਚਾ ਰਾਹ।
ਤੇਰੀ ਮਿਹਨਤ ਲੁੱਟੀ ਜਾਂਦੇ।
ਫਿਰ ਵੀ ਤੈਨੂੰ ਕੁੱਟੀ ਜਾਂਦੇ।
ਚਿੱਟੇ ਬਾਣੇ ਅੰਦਰ ਗੂੰਹ।
ਬੋਟਾਂ ਲੈ ਕੇ ਫੇਰਨ ਮੂੰਹ।
ਇੱਥੇ ਚੱਲਣ ਰਾਜਨੀਤੀਆਂ।
ਤੂੰ ਰੱਖਦੈਂ ਸਮੈਕ ਪੀਤੀਆਂ।
ਨਾੜਾਂ ਦੇ ਵਿੱਚ ਸੜ'ਜੂ ਖ਼ੂਨ।
ਫੜ੍ਹ ਕੇ ਅੰਦਰ ਕਰੂ ਕਨੂੰਨ।
ਉਲਟੇ ਨਹੀਂ, ਚੱਲ ਸਿੱਧੇ ਰਾਹ।
ਦੁੱਧ ਪੀਆ ਕਰ ਨਾ ਪੀ ਚਾਹ।
ਦਾਰੂ ਦੀਆਂ ਦੁਕਾਨਾਂ ਤੋੜ।
ਇਹੇ ਅੱਜ ਸਮੇਂ ਦੀ ਲੋੜ।
ਹਿੰਮਤ ਅਤੇ ਦਲੇਰੀ ਕਰ।
ਹੁਣ ਨਾ ਗੱਲ ਲਮੇਰੀ ਕਰ।
ਮੌਕਾ ਹੱਥ ਨਹੀਂ ਆਉਣਾ ਫੇਰ।

ਤੋੜ ਵਕਤ ਦੀਆਂ ਕਮਰਾਂ ਤੋੜ।
ਤੂੰ ਦਰਿਆਵਾਂ ਦਾ ਰੁਖ ਮੋੜ।
ਪੜ੍ਹਿਆ ਕਰ ਇਤਿਹਾਸ ਦੇ ਪੰਨੇ।
ਕਿੰਨਿਆਂ ਦੇ ਮੂੰਹ ਸ਼ੇਰਾਂ ਭੰਨੇ।
ਭਗਤ ਸਿੰਘ, ਕਰਤਾਰ ਸਰਾਭਾ।
ਕਿੰਨਾ ਸੀ ਇਨ੍ਹਾਂ ਦਾ ਦਾਬਾ।
ਊਧਮ ਸਿੰਘ ਨੇ ਦਿੱਤੇ ਠੋਕ।
ਲੰਡਨ ਨੇ ਸੀ ਮਾਰੀ ਮੋਕ।
ਭੱਜ ਗਿਆ ਸੀ ਦੁੰਮ ਦਬਾ ਕੇ।
ਗੋਰਾ ਖੜ੍ਹਿਆ ਲੰਡਨ ਜਾ ਕੇ।
ਜੋ ਖੁੱਸਿਆ ਹੁਣ ਖੋ ਲੈ ਤੂੰ।
ਲਾਹਣਤ ਸਾਰੀ ਧੋ ਲੈ ਤੂੰ।
ਛੱਡ ਬਦੇਸ਼ਾਂ ਦਾ ਖਹਿੜਾ।
ਸੱਦਦਾ ਪਿਆ ਪੰਜਾਬੀ ਵਿਹੜਾ।
ਇੱਥੇ ਆ ਕੇ ਰੌਣਕ ਲਾ ਦੇ।
ਇਸ ਨੂੰ ਹੋਰ ਖੁਸ਼ਹਾਲ ਬਣਾ ਦੇ।
ਵੱਧ ਬਿਦੇਸ਼ੋਂ ਸੁਹਣਾ ਕਰ ਦੇ।
ਸੁਹਣਾ ਰੰਗ ਪੰਜਾਬੀ ਭਰ ਦੇ।
ਜੋ ਅੰਗਰੇਜਾਂ ਵਰਗੇ ਬੰਦੇ।
ਉਨ੍ਹਾਂ ਲਈ ਬਣਾ ਲਈਂ ਫੰਧੇ।
ਤੂੰ ਕਿਉਂ ਯਾਰਾ ਫੰਧੇ ਪਾਉਨੈ!
ਕੌਡੀਆਂ ਦੇ ਮੁੱਲ ਜਾਨ ਗਵਾਉਨੈ।
ਤੇਰਾ ਮੁੱਲ ਨਾ ਲੱਖ-ਹਜ਼ਾਰੀਂ।
ਚੁਣ-ਚੁਣ ਜ਼ਾਲਮ ਗੱਡੀ ਚਾੜ੍ਹੀਂ।
ਤੈਨੂੰ ਦੇਵਾਂ ਯਾਰ ਹਲੂਣਾ।
ਤੂੰ ਨਹੀਂ ਰੱਤੀ ਭਰ ਵੀ ਊਣਾ।

ਭਾਰਤ ਦਾ ਤੂੰ ਸ਼ੇਰ ਏਂ ਸ਼ੇਰ!
ਲਾ ਨਾ ਵੀਰਾ ਰੱਤੀ ਦੇਰ।
ਸੰਭਲ ਤੂੰ ਏਂ ਬਹੁਤ ਦਲੇਰ!
ਮਾਪਿਆਂ ਦਾ ਤੂੰ ਬੱਬਰ ਸ਼ੇਰ!!
ਉੱਠ ਪੰਜਾਬੀ ਸ਼ੇਰਾ-ਉੱਠ!!!
ਕਰ ਕੇ ਵੱਡਾ ਜੇਰਾ ਉੱਠ!!!

18. ਤਿੱਤਲੀ

ਸੁਹਣੇ-ਸੁਹਣੇ ਰੰਗਾਂ ਵਾਲੀ ਤਿੱਤਲੀ ਬਣਾਉਣੀ ਹੈ।
ਤਿੱਤਲੀ ਬਣਾ ਕੇ ਰੰਗਾਂ ਨਾਲ ਮੈਂ ਸਜਾਉਣੀ ਹੈ।

ਕਿੰਨੀਆਂ ਹੀ ਫੋਟੋਆਂ ਬਣਾਈਆਂ ਅੱਜ ਤੱਕ ਮੈਂ।
ਫੋਟੋਆਂ ਬਣਾਉਂਦਾ ਕਦੇ ਸਕਦਾ ਨਹੀਂ ਥੱਕ ਮੈਂ।
ਤਿੱਤਲੀ ਦੀ ਫੋਟੋ ਇੱਕ ਕਾਪੀ 'ਚ ਸਜਾਉਣੀ ਹੈ,
ਸੁਹਣੇ-ਸੁਹਣੇ ਰੰਗਾਂ ਵਾਲੀ ਤਿੱਤਲੀ ਬਣਾਉਣੀ ਹੈ…………।

ਨਿੱਕੀ ਜਿਹੀ ਬਗੀਚੀ ਵਿੱਚ ਰੋਜ ਇਹੇ ਆਉਂਦੀਆਂ।
ਫੁੱਲਾਂ ਉੱਤੇ ਰਹਿੰਦੀਆਂ ਨੇ ਰੋਜ ਮੰਡਰਾਉਂਦੀਆਂ।
ਜਿੱਦਾਂ ਦਿਲ ਵਸੀ ਉਵੇਂ ਕਾਪੀ ਉੱਤੇ ਵਾਹੁਣੀ ਹੈ,
ਸੁਹਣੇ-ਸੁਹਣੇ ਰੰਗਾਂ ਵਾਲੀ ਤਿੱਤਲੀ ਬਣਾਉਣੀ ਹੈ…………।

ਫੁੱਲਾਂ ਉੱਤੇ ਬਹਿਣ, ਕਦੇ ਉੱਡ ਕੇ ਵਖਾਉਂਦੀਆਂ।
ਦੇਖੀ ਜਾਵਾਂ ਖੜ੍ਹਾ ਮੇਰੇ ਮਨ ਤਾਈਂ ਭਾਉਂਦੀਆਂ।
ਉੱਡਦੀ ਦੀ ਇੱਕ ਤਸਵੀਰ ਮੈਂ ਬਣਾਉਣੀ ਹੈ,
ਸੁਹਣੇ-ਸੁਹਣੇ ਰੰਗਾਂ ਵਾਲੀ ਤਿੱਤਲੀ ਬਣਾਉਣੀ ਹੈ …………।

ਦੂਰ ਰੁੱਖਾਂ ਉੱਤੇ ਬੈਠੇ ਸਦਾ ਰਹਿਣ ਤੱਕਦੇ।
ਚਿੜੀਆਂ ਤੇ ਕਾਂ ਇਨ੍ਹਾਂ ਤਾਈਂ ਨੇ ਹੜੱਪਦੇ।
ਪੰਛੀਆਂ ਨੇ ਤਿੱਤਲੀ ਦੀ ਅਲਖ ਮਕਾਉਣੀ ਹੈ,
ਸੁਹਣੇ-ਸੁਹਣੇ ਰੰਗਾਂ ਵਾਲੀ ਤਿੱਤਲੀ ਬਣਾਉਣੀ ਹੈ…………।

ਸੁਹਣਾ ਜਿਹਾ ਰੂਪ ਕੀ ਬਣਾਈ ਇਹੇ ਰੱਬ ਨੇ!
ਦੇਖ ਕੇ ਨਿਹਾਲ ਇਹਨੂੰ ਹੋਈ ਜਾਂਦੇ ਸਭ ਨੇ।
ਪੂਰੀ ਵਾਹ ਲਾ ਕੇ ਬਹੋਨੇ ਤਿੱਤਲੀ ਬਚਾਉਣੀ ਹੈ,
ਸੁਹਣੇ-ਸੁਹਣੇ ਰੰਗਾਂ ਵਾਲੀ ਤਿੱਤਲੀ ਬਣਾਉਣੀ ਹੈ।
ਤਿੱਤਲੀ ਬਣਾ ਕੇ ਰੰਗਾਂ ਨਾਲ ਮੈਂ ਸਜਾਉਣੀ ਹੈ…………।

19. ਸੁਪਨੇ

ਸੁੱਤਿਆਂ ਪਿਆਂ ਜੋ ਆਉਂਦੇ ਸੁਪਨੇ।
ਬੜਾ ਅਨੰਦ ਪਹੁਚਾਉਂਦੇ ਸੁਪਨੇ।
ਸੁਪਨਿਆਂ ਦਾ ਸੰਸਾਰ ਅਨੋਖਾ,
ਕਿੱਥੋਂ-ਕਿੱਥੋਂ ਆਉਂਦੇ ਸੁਪਨੇ।
ਭੁੱਲ ਜਾਣ ਜੋ ਗੱਲਾਂ ਸਾਨੂੰ,
ਚੇਤੇ ਸਦਾ ਕਰਾਉਂਦੇ ਸੁਪਨੇ।
ਚੇਤਨ ਸੁਪਨੇ ਜਾਗਦਿਆਂ ਨੂੰ,
ਅਵਚੇਤਨ ਸੌਂ ਕੇ ਆਉਂਦੇ ਸੁਪਨੇ।
ਮਿਲ ਪੈਂਦੇ ਮਾਂ-ਪਿਓ ਸੁਪਨੇ ਵਿੱਚ,
ਤੁਰ ਗਿਆਂ ਤਾਈਂ ਮਿਲਾਉਂਦੇ ਸੁਪਨੇ।
ਚੰਗੇ-ਮੰਦੇ ਫਲ ਇਨ੍ਹਾਂ ਦੇ,
ਵਹਿਮੀਆਂ ਤਾਈਂ ਡਰਾਉਂਦੇ ਸੁਪਨੇ।
ਪਰੀਆਂ ਦੇ ਸੰਗ ਮੇਲ ਕਰਾਉਂਦੇ,
ਅੰਬਰੀਂ ਸੈਰ ਕਰਾਉਂਦੇ ਸੁਪਨੇ।
ਕੰਮ ਕਰ ਥੱਕਿਆਂ-ਟੁੱਟਿਆਂ ਤਾਂਈ,
ਗੂਹੜੀ ਨੀਂਦ ਸਵਾਉਂਦੇ ਸੁਪਨੇ।
ਸੁਪਨੇ ਤਾਂ ਸੁਪਨੇ ਹੁੰਦੇ ਨੇ,
ਸਭਨਾਂ ਤਾਂਈ ਆਉਂਦੇ ਸੁਪਨੇ।
ਬੱਚੇ-ਬੁੱਢੇ ਸਭਨਾਂ ਦੇ ਲਈ,
ਇੱਕ ਬਰਾਬਰ ਆਉਂਦੇ ਸੁਪਨੇ।
ਗਾਗਰ ਦੇ ਵਿੱਚ ਸਾਗਰ ਭਰਕੇ,
ਕੀ-ਕੀ ਰੰਗ ਵਿਖਾਉਂਦੇ ਸੁਪਨੇ।
ਦੇਖੋ, ਮਾਣੋ, ਉੱਠੋ ਜਾਗੋ,
ਸਭਨਾਂ ਦੇ ਮਨ ਭਾਉਂਦੇ ਸੁਪਨੇ।
ਸੁਪਨੇ ਕਈ ਲਤੀਫਿਆਂ ਵਰਗੇ,
ਢਿੱਡੀਂ ਪੀੜਾਂ ਪਾਉਂਦੇ ਸੁਪਨੇ।
ਯਾਰ ਬਹੋਨੇ ਚੱਲ ਫਿਰ ਸੰਵੀਏਂ,
ਦੇਖੀਂ ਕਿੰਨੇ ਆਉਂਦੇ ਸੁਪਨੇ।

20. ਗੀਤ-ਬਈ ਇੱਕ ਮੁੱਠ ਪਿਆਰਾਂ ਦੀ

ਇੱਕ ਮੁੱਠ ਪਿਆਰਾਂ ਦੀ ਵੰਡਦੇ ਜਾਣਾ ਹੋ!
ਬਈ ਇੱਕ ਮੁੱਠ ਪਿਆਰਾਂ ਦੀ………!

ਤੂੰ ਨਹੀਂ ਕਹਿਣਾ-ਮੈਂ ਨਹੀਂ ਕਹਿਣਾ।
ਅਸੀਂ-ਅਸੀਂ ਦਾ ਹੋਕਾ ਦੇਣਾ।
ਇੱਕ ਮੁੱਠ ਜਾਣਾ ਹੋ! ਬਈ ਇੱਕ ਮੁੱਠ ਪਿਆਰਾਂ ਦੀ………!

ਇੱਥੇ ਖੜ੍ਹਨਾ-ਉੱਥੇ ਖੜ੍ਹਨਾ।
ਗਲੀ-ਗਲੀ ਵਿੱਚ ਜਾ ਕੇ ਵੜਨਾ।
ਸਭ ਨੂੰ ਲੈਣਾ ਮੋਹ! ਬਈ ਇੱਕ ਮੁੱਠ ਪਿਆਰਾਂ ਦੀ………!

ਪਗੜੀ ਵਾਲੇ ਟੋਪੀ ਵਾਲੇ।
ਪਟਿਆਂ ਵਾਲੇ ਚੋਟੀ ਵਾਲੇ।
ਮਿੱਤਰ ਜਾਣਾ ਹੋ! ਬਈ ਇੱਕ ਮੁੱਠ ਪਿਆਰਾਂ ਦੀ………!

ਮਿਲਕੇ ਰਹਿਣਾ ਮਿਲਕੇ ਖਾਣਾ।
ਕਦਮਾਂ ਦੇ ਨਾਲ ਕਦਮ ਮਿਲਾਣਾ।
ਇਸ ਵਿੱਚ ਸਾਡੀ ਸ਼ੋਅ! ਬਈ ਇੱਕ ਮੁੱਠ ਪਿਆਰਾਂ ਦੀ………!

ਫੁਲਾਂ ਵਾਂਗੂੰ ਖਿੜਕੇ ਸਾਰੇ।
ਕਰ ਦੇਵਾਂਗੇ ਵਾਰੇ-ਨਿਆਰੇ।
ਵੰਡ ਪਿਆਰ ਦੀ ਲੋਅ! ਬਈ ਇੱਕ ਮੁੱਠ ਪਿਆਰਾਂ ਦੀ………!

ਬਾਹਾਂ ਦੇ ਵਿੱਚ ਬਾਹਾਂ ਪਾ ਕੇ।
ਸਾਰੇ ਜਾਤੀ ਭੇਦ ਮਿਟਾ ਕੇ।
ਜੁੱਗ ਪਲਟਾਣਾ ਹੋ! ਬਈ ਇੱਕ ਮੁੱਠ ਪਿਆਰਾਂ ਦੀ………!

21. ਪਾਣੀ

ਵਰ੍ਹਦਾ ਪਾਣੀ ਚੜ੍ਹਦਾ ਪਾਣੀ।
ਕਾਬੂ ਵਿੱਚ ਨਹੀਂ ਹੜ੍ਹ ਦਾ ਪਾਣੀ।

ਧਰਤੀ ਵਿੱਚ ਪਤਾਲ ਪੁਰੀ ਵਿੱਚ,
ਗਾਰਾ ਬਣਕੇ ਕੜ੍ਹਦਾ ਪਾਣੀ।

ਛੱਪੜਾਂ ਅਤੇ ਤਲਾਬਾਂ ਦੇ ਵਿੱਚ,
ਨਾਲੀਆਂ ਦੇ ਵਿੱਚ ਸੜਦਾ ਪਾਣੀ।

ਵਹਿੰਦਾ ਤਾਂ ਇਹ ਨਿਰਮਲ ਹੁੰਦਾ,
ਖੜ੍ਹਦਾ ਤਾਂ ਹੀ ਸੜਦਾ ਪਾਣੀ।

ਵਹਿ ਜਾਂਦਾ ਬਾਰਸ਼ ਦਾ ਪਾਣੀ,
ਨਹੀਂ ਕਿਸੇ ਦੇ ਦਰ ਦਾ ਪਾਣੀ।

ਕੱਚੇ ਕੋਠੇ ਢਾਅ ਦਿੰਦਾ ਹੈ,
ਜਦ ਵੀ ਕਦੇ ਵਿਗੜਦਾ ਪਾਣੀ।

ਪੱਤਿਆਂ ਵਿੱਚ ਜਾ ਪਰਗਟ ਹੁੰਦਾ,
ਰੁੱਖ ਕਿਸੇ ਦੀ ਜੜ੍ਹ ਦਾ ਪਾਣੀ।

ਰਕਤ ਵਹਾ ਕੇ ਲੈ ਜਾਂਦਾ ਹੈ,
ਖੁੱਲ੍ਹੇ ਜੰਗੀ ਪਿੜ ਦਾ ਪਾਣੀ।

ਹੁਣ ਨਾ ਕਿਧਰੇ ਨਜ਼ਰੀਂ ਪੈਂਦਾ,
ਖੁਹ ਦੀ ਟਿੰਡੀਂ ਗਿੜਦਾ ਪਾਣੀ।

ਪਾਣੀ ਤਾਂ ਅਨਮੋਲ ਦਾਤ ਹੈ,
ਸਾਂਭ ਲਵੋ ਜੋ ਰਿੜ੍ਹਦਾ ਪਾਣੀ।

ਇਸ ਦੀ ਹਾਂ ਬਰਬਾਦੀ ਕਰਦੇ,
ਤਾਂ ਹੀ ਤਾਂ ਇਹ ਚਿੜ੍ਹਦਾ ਪਾਣੀ।

ਇਸ ਦੀ ਸਾਂਭ-ਸੰਭਾਲ ਕਰੋ ਸਭ,
ਦੇਖਿਓ ਕਿੱਦਾਂ ਖਿੜਦਾ ਪਾਣੀ।

ਯਾਰ ਬਹੋਨਾ ਸੱਚੀਂ ਕਹਿੰਦਾ,
ਟੁਕੜਾ ਹੈ ਜਿਗਰ ਦਾ ਪਾਣੀ।

22. ਗ਼ਜ਼ਲ-ਧਰਤੀਆਂ 'ਤੇ ਪਾਣੀਆਂ ਦੀ ਥੋੜ੍ਹ ਹੈ

ਧਰਤੀਆਂ 'ਤੇ ਪਾਣੀਆਂ ਦੀ ਥੋੜ੍ਹ ਹੈ।
ਬਾਰਸ਼ਾਂ ਮਰ ਜਾਣੀਆਂ ਦੀ ਲੋੜ ਹੈ।

ਹੱਸ-ਖੇਡ ਚਾਰ ਦਿਨ ਬਿਤਾਉਣ ਲਈ,
ਹਾਣੀਆਂ ਨੂੰ ਹਾਣੀਆਂ ਦੀ ਲੋੜ ਹੈ।

ਘਰ ਦੀਆਂ ਜੋ ਸਾਂਭ ਸਕਣ ਚਾਬੀਆਂ,
ਐਸੀਆਂ ਸੁਆਣੀਆਂ ਦੀ ਲੋੜ ਹੈ।

ਜੋ ਉਠਾਲ ਸਕਣ ਮੋਈ ਸੋਚ ਨੂੰ,
ਜ਼ੋਰਦਾਰ ਕਹਾਣੀਆਂ ਦੀ ਲੋੜ ਹੈ।

ਦਾਦੀਆਂ ਤੇ ਨਾਨੀਆਂ ਜੋ ਕਹਿ ਗਈਆਂ,
ਐਸੇ ਕਿੱਸੇ-ਘਾਣੀਆਂ ਦੀ ਲੋੜ ਹੈ।

ਭੁੱਲ ਗਏ ਹਾਂ ਦੁੱਧ ਹੱਥੀਂ ਰਿੜਕਣਾ,
ਚਾਟੀਆਂ-ਮਧਾਣੀਆਂ ਦੀ ਲੋੜ ਹੈ।

ਕੁੱਖ ਵਿੱਚ ਨਾ ਕਤਲ ਕਰ ਬਹੋਨਿਆ,
ਧੀਆਂ-ਧਿਆਣੀਆਂ ਦੀ ਲੋੜ ਹੈ।

23. ਬਿਜੜਾ

ਬਿਜੜਾ ਇੱਕ ਜੁਲਾਹਾ ਪੰਛੀ।
ਕਰਵਾ ਦਿੰਦਾ ਹੈ ਵਾਹ-ਵਾਹ ਪੰਛੀ।
ਨਿੱਕੀ ਜਿਹੀ ਚੁੰਝ ਦੇ ਨਾਲ।
'ਬਿਜੜਾ' ਬੁਣਦਾ ਬੜਾ ਕਮਾਲ।
ਘਾਹ, ਸੜਕੜਾ, ਕਾਹੀ, ਤੀਲੇ।
ਇਕੱਠੇ ਕਰਦਾ ਕਰਕੇ ਹੀਲੇ।
ਫਿਰ ਬੁਣਦਾ ਹੈ ਘਰ ਦਾ ਤਾਣਾ।
ਰਹਿੰਦਾ ਉਸ ਵਿੱਚ ਬਣਕੇ ਰਾਣਾ।
ਕਿੱਦਾਂ ਕਰਦਾ ਬੜਾ ਕਮਾਲ!
ਬਣ ਜਾਂਦਾ ਹੈ ਇੱਕ ਸਵਾਲ।
ਨਿੱਕਾ ਚਿੜੀਆਂ ਜਿੱਡਾ ਪੰਛੀ।
ਕੰਮ ਕਰਦਾ ਹੈ ਕਿੱਡਾ ਪੰਛੀ!
ਚਿੜੀਆਂ ਵਾਂਗੂੰ ਬੋਲੇ ਚਿੜ-ਚਿੜ।
ਉੱਡਿਆ ਫਿਰਦਾ ਹਰ ਦਮ ਖਿੜ-ਖਿੜ।
ਬਈਆ ਵੀ ਹੈ ਇਸ ਦਾ ਨਾਂ।
ਰਹਿੰਦਾ ਜੰਗਲ-ਬੇਲੇ ਥਾਂ।
ਕਿੱਕਰਾਂ ਬੇਰੀਆਂ 'ਤੇ ਲਟਕਾਉਂਦਾ।
ਬੀਨਾ ਵਰਗੇ ਆਹਲਣੇ ਪਾਉਂਦਾ।
ਉਲਟੇ ਇਸ ਦੇ ਆਹਲਣੇ ਹੁੰਦੇ।
ਜਿੱਥੇ ਬੱਚੇ ਪਾਲਣੇ ਹੁੰਦੇ।
ਆਹਲਣਿਆਂ ਵਿੱਚ ਤਾੜੇ ਰਹਿੰਦੇ।
ਹਰ ਦਮ ਬੋਟ ਹੁਲਾਰੇ ਲੈਂਦੇ।
ਇੱਥੋਂ ਹੀ ਵੱਡੇ ਹੋ ਕੇ ਉੱਡਣ।
ਉੱਡ-ਉੱਡ ਕੇ ਬੁੱਲੇ ਲੁੱਟਣ।
ਬੁੱਲੇ ਵੀ ਜ਼ਹਿਰੀਲੇ ਹੋਏ।
ਹੁਣ ਤੱਕ ਪੰਛੀ ਕਿੰਨੇ ਈ ਮੋਏ।
ਟਾਵਰ ਤੇ ਫਸਲੀ ਸਪਰੇਆਂ।
ਮਾਰਦੀਆਂ ਨੇ ਫਸਲੀ ਰੇਆਂ।
ਇਨ੍ਹਾਂ ਦਾ ਕੁਝ ਹੱਲ ਬਣਾਓ।
ਨਾ ਹੁਣ ਪੰਛੀ ਮਾਰ ਮੁਕਾਓ।

24. ਡਮ-ਡਮ ਡਮਰੂ

ਸਾਡੀ ਗਲੀ ਕਲੰਦਰ ਆਇਆ।
ਡਮ-ਡਮ ਡਮਰੂ ਓਸ ਵਜਾਇਆ।
ਬੰਦਰ-ਬੰਦਰੀ ਨਾਲ ਲਿਆਇਆ।
ਰੱਸੀਆਂ ਦੇ ਨਾਲ ਬੰਨ੍ਹ ਬਿਠਾਇਆ।
ਡਮਰੂ ਵੱਜਿਆ ਢੱਮ-ਢਮੱਕੇ!
ਕਿੰਨੇ ਈ ਬਾਲਕ ਹੋ ਗਏ 'ਕੱਠੇ।
ਆਵੋ ਬੱਚਿਓ, ਤੇ ਭੈਣ, ਭਰਾਓ!
ਖੇਲ ਦੇਖ ਕੇ ਮਨ ਪਰਚਾਓ।
ਕਰਿਆ ਸ਼ੁਰੂ ਕਲੰਦਰ ਖੇਲਾ।
ਲੋਕਾਂ ਦਾ ਲੱਗ ਗਿਆ ਸੀ ਮੇਲਾ।
ਧਰਤੀ ਉੱਤੇ ਠਾਹ ਵਜਾਇਆ!
ਫਿਰ ਬੰਦਰ ਲਈ ਝੁਰਲੂ ਡਾਹਿਆ।
ਬਹਿ ਜਾ ਦੁਲਹੇ-ਰਾਜਾ ਭਾਈ!
ਤੇਰੀ ਹੋਣੀ ਅੱਜ ਸੰਗਾਈ।
ਦੁਲਹਨ ਤੇਰੀ ਪਰੀਆਂ ਜੈਸੀ।
ਲੱਭ ਲਿਆਇਆ ਜੰਗਲੋਂ ਮੈਂ ਸੀ।
ਬੰਦਰ ਨਾਂਹ ਵਿੱਚ ਟਿੰਡ ਹਿਲਾਈ।
ਚੁੱਕ ਕਲੰਦਰ ਸੋਟੀ ਵਾਹੀ।
ਬੰਦਰ ਡਰ ਕੇ ਗੇੜੀ ਲਾਈ।
ਛੇਤੀ ਹੋ ਗਈ ਮੰਨ-ਮਨਾਈ।
ਬਹਿ ਗਿਆ ਟਿਕ ਕੇ ਝੁਰਲੂ ਉੱਤੇ।
ਵੇਖ-ਵੇਖ ਫਿਰ ਦਰਸ਼ਕ ਹੱਸੇ।
ਬੰਦਰੀ ਚੁੰਨੀ ਲੈ ਕੇ ਆਈ।
ਡਮਰੂ ਕੀਤੀ ਢੱਮ-ਢਮਾਈ।
ਡਮਰੂ ਵਿੱਚੋਂ ਮੰਤਰ ਵੱਜੇ।
ਜਿੱਦਾਂ ਵਾਜੇ ਵਾਲੇ ਗੱਜੇ।
ਬੰਦਰ ਨੇ ਫਿਰ ਫੇਰੇ ਲੈ ਕੇ।
ਬੰਦਰੀ ਦੇ ਨਾਲ ਜੁੜਕੇ ਬਹਿ ਕੇ।
ਕਰ ਲਈ ਉਹ ਸਵੀਕਾਰ ਬਹੁ ਸੀ।
ਹੁਣ ਤਾਂ ਬੰਦਰ ਨਾਲ ਰਹੂ ਜੀ।
ਡਮ-ਡਮ ਡਮਰੂ ਵੱਜੀ ਜਾਂਦਾ।
ਦਰਸ਼ਕ ਹਾਸਾ ਗੱਜੀ ਜਾਂਦਾ।
ਬੱਚਿਓ ਲੈ ਕੇ ਆਓ ਆਟਾ।
ਕਰਨਾ ਇਨ੍ਹਾਂ ਸੈਰ-ਸਪਾਟਾ।
ਪੈਸੇ ਵੀ ਕੁੱਝ ਲੈ ਕੇ ਆਉਣਾ।
ਹਨੀਮੂਨ ਲਈ ਇਨ੍ਹਾਂ ਜਾਣਾ।
ਚੰਪਕ-ਵਨ ਦੇ ਢਿਚਕੂੰ ਢਾਬੇ।
ਕਮਰਾ ਬੁੱਕ ਕਰਾਇਆ ਜਾ ਕੇ।
ਕਾਰ ਲਗਜਰੀ ਭਾੜੇ ਲਿਆਂਦੀ।
ਵੇਖ ਲਿਓ ਹੁਣ ਜੋੜੀ ਜਾਂਦੀ।
ਕੱਲ੍ਹ ਇਨ੍ਹਾਂ ਨੇ ਮੁੜਕੇ ਆਉਣਾ।
ਆਪਣਾ ਪਿਆਰਾ ਖੇਲ ਵਖਾਉਣਾ।

ਡਮ-ਡਮ ਡਮਰੂ, ਡਮ-ਡਮ ਡਮਰੂ!
ਡਮ-ਡਮ ਡਮਰੂ, ਡਮ-ਡਮ ਡਮਰੂ!!

25. ਹੋਲੀ

ਬੱਚਿਆਂ ਲਈ ਸੌਗਾਤ ਹੈ ਹੋਲੀ।
ਰੰਗਾਂ ਦੀ ਬਰਸਾਤ ਹੈ ਹੋਲੀ।
ਫ਼ੱਗਣ ਦੀ ਪੁੰਨਿਆਂ ਨੂੰ ਆਉਂਦੀ,
ਚੰਨ-ਚਾਨਣੀ ਰਾਤ ਹੈ ਹੋਲੀ।
ਪਿਆਰਾਂ ਦਾ ਅਹਿਸਾਸ ਕਰਾਉਂਦੀ,
ਦਾਦੀ ਮਾਂ ਦੀ ਬਾਤ ਹੈ ਹੋਲੀ।
ਫ਼ਲਗੂ ਹੋਲੀ ਇਸ ਨੂੰ ਕਹਿੰਦੇ,
ਬਸੰਤ ਦੀ ਸ਼ੁਰੂਆਤ ਹੈ ਹੋਲੀ।
ਸਾਲ ਬਾਅਦ ਇਹ ਮੁੜ ਫਿਰ ਆਉਂਦੀ,
ਤਰੋ-ਤਾਜ਼ਾ ਪ੍ਰਭਾਤ ਹੈ ਹੋਲੀ।
ਸਾਰੇ ਧਰਮਾਂ ਦੀ ਇਹ ਸਾਂਝੀ,
ਸਭ ਲਈ ਪਿਤਾ ਤੇ ਮਾਤ ਹੈ ਹੋਲੀ।
ਖ਼ਾਲਸਾਈ ਬੋਲੇ ਵਿੱਚ 'ਹੋਲਾ',
ਗੁਰੁ ਗੋਬਿੰਦ ਦੀ ਦਾਤ ਹੈ ਹੋਲੀ।
ਗੁਰੂਆਂ ਦੇ ਰੰਗਾਂ ਵਿੱਚ ਰੰਗੀ,
ਨਾ ਕੋਈ ਜ਼ਾਤ ਤੇ ਪਾਤ ਹੈ ਹੋਲੀ।
ਲੜ ਕੇ ਵਿਛੜੇ ਦੋ ਵੀਰਾਂ ਦੀ,
ਜੱਫੀ ਪਾ ਮੁਲਾਕਾਤ ਹੈ ਹੋਲੀ।
ਰੰਗਾਂ ਤੇ ਫੁੱਲਾਂ ਦੀ ਰਾਣੀ,
ਮਿੱਠੀ-ਮਿੱਠੀ ਭਾਤ ਹੈ ਹੋਲੀ।
ਹਰਨਾਖਸ਼ ਦੀ ਭੈਣ ਹੋਲਿਕਾ,
ਸੜ ਕੇ ਹੋਈ ਹਾਤ ਹੈ ਹੋਲੀ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ