Punjabi Ghazals : Nirmal Javed

ਪੰਜਾਬੀ ਗ਼ਜ਼ਲਾਂ : ਨਿਰਮਲ ਜਾਵੇਦ


ਨਾਮ ਉਸ ਦਾ ਗਰੀਬੂ ਸੀ ਰਹਿੰਦਾ ਸੀ ਫ਼ਕੀਰਾਨਾ

ਨਾਮ ਉਸ ਦਾ ਗਰੀਬੂ ਸੀ ਰਹਿੰਦਾ ਸੀ ਫ਼ਕੀਰਾਨਾ । ਕਾਫ਼ਰ ਕਿਹਾ ਕਰਦਾ ਸੀ, ਖੜਕਣਗੀਆਂ ਕਿਰਪਾਨਾਂ। ਰਾਤੀਂ ਮੇਰੀ ਬਸਤੀ ਵਿੱਚ ਕੀ ਹਾਦਿਸਾ ਹੋਇਆ ਏ, ਦਿਨ ਚੜ੍ਹਦੇ ਨੂੰ ਗਾਇਬ ਨੇ ਹਰ ਚਿਹਰੇ ਤੋਂ ਮੁਸਕਾਨਾਂ। ਗਰਦਨ ਕਿ ਸੁਰਾਹੀ ਏ,ਅੱਖੀਆਂ ਨੇ ਕਿ ਪੈਮਾਨੇ, ਉਹ ਨਾਲ ਲਈ ਫਿਰਦੈ, ਮੈਖ਼ਾਨੇ ਦਾ ਮੈਖ਼ਾਨਾ। ਮਨ ਰਸਮੋ ਰਹਏ ਕਾਅਬਾ, ਐ ਸ਼ੈਖ਼ ਨਮੀ ਦਾਨਮ, ਉਮਰੀਮ ਹਮ੍ਹਾ ਰਫ਼ਤਦ, ਦਰ ਖ਼ਿਦਮਤੇ ਬੁੱਤਖ਼ਾਨਾ। ਮੈਖ਼ਾਨੇ ਦੇ ਬੂਹੇ ਤੇ, ਜਾਵੇਦ ਜਦੋਂ ਪੁੱਜਾ, ਰਿੰਦਾਂ ਨੇ ਲਗਾ ਦਿੱਤਾ, ਇਕ ਨਾਅਰਾ ਏ ਮਸਤਾਨਾ।

ਜੋ ਗੀਤ ਕੈਦ ਸੀ ਪਹਿਲਾਂ ਪਰੀ ਦੀ ਝਾਂਜਰ ਵਿੱਚ

ਜੋ ਗੀਤ ਕੈਦ ਸੀ ਪਹਿਲਾਂ ਪਰੀ ਦੀ ਝਾਂਜਰ ਵਿੱਚ। ਉਹ ਤੁਰ ਕੇ ਆ ਗਿਐ ਸਰਕੰਡਿਆਂ ਦੀ ਸਰ ਸਰ ਵਿੱਚ। ਮੈਂ ਜਾਣਦਾ ਹਾਂ ਕਿਵੇਂ ਬੂੰਦ ਤੋਂ ਬਣੇ ਮੋਤੀ, ਤਮਾਮ ਉਮਰ ਗ਼ੁਜ਼ਾਰੀ ਹੈ ਮੈਂ ਸਮੁੰਦਰ ਵਿੱਚ। ਘਿਰ ਆਈ ਸ਼ਾਮ ਚਲੋ ਹੁਣ ਤਾਂ ਘਰਾਂ ਨੂੰ ਚੱਲੀਏ, ਕਿ ਮੇਜ਼ ਕੁਰਸੀਆਂ ਥੱਕੇ ਪਏ ਨੇ ਦਫ਼ਤਰ ਵਿੱਚ।

ਜੋ ਵੀ ਤੁਰਦਾ ਹੈ, ਸਫ਼ਰ ਤੇ ਮੇਰਾ ਰਾਹਬਰ ਬਣ ਕੇ

ਜੋ ਵੀ ਤੁਰਦਾ ਹੈ, ਸਫ਼ਰ ਤੇ ਮੇਰਾ ਰਾਹਬਰ ਬਣ ਕੇ। ਬੈਠ ਜਾਂਦਾ ਹੈ ਕਿਤੇ, ਮੀਲ ਦਾ ਪੱਥਰ ਬਣ ਕੇ। ਜ਼ਿੰਦਗੀ ਹੈ ਜਾਂ ਕੋਈ ਮਾਰੂਥਲੀ ਮ੍ਰਿਗ ਤ੍ਰਿਸ਼ਨਾ, ਰਹਿ ਗਈ ਤੇਹ, ਮੇਰੇ ਹੋਠਾਂ ਦਾ ਮੁਕੱਦਰ ਬਣ ਕੇ। ਕਿਤੇ ਸ਼ਬਨਮ, ਕਿਤੇ ਮੋਤੀ, ਕਿਤੇ ਹੰਝੂ, ਮੈਂ ਹਾਂ, ਗੁੰਮ ਗਏ ਯਾਰ ਮੇਰੇ, ਸਾਰੇ ਸਮੁੰਦਰ ਬਣ ਕੇ। ਕੀ ਕਰੇ ਕੋਈ ਜਦੋਂ,ਸ਼ਾਮ ਢਲ਼ੇ, ਦੀਪ ਜਲੇ, ਦਿਲ ‘ਚ ਲਹਿ ਜਾਏ ਕੋਈ, ਯਾਦ ਜੇ ਖੰਜਰ ਬਣ ਕੇ। ਜਗਮਗਾ ਪੈਣਗੇ,ਸਜਦੇ ਹੀ ਮੇਰੇ ਬਣ ਕੇ ਚਿਰਾਗ, ਤੂੰ ਕਦੇ ਆ ਤਾਂ ਸਹੀ, ਮਸਤ ਕਲੰਦਰ ਬਣ ਕੇ।

ਸਿਲਸਿਲਾ ਸੋਚ ਦਾ, ਜਦ ਜਾਮਾ ਗ਼ਜ਼ਲ ਦਾ ਮੰਗੇ

ਸਿਲਸਿਲਾ ਸੋਚ ਦਾ, ਜਦ ਜਾਮਾ ਗ਼ਜ਼ਲ ਦਾ ਮੰਗੇ। ਮੈਥੋਂ ਹਰ ਲਫ਼ਜ਼ ਨਵੇਂ ਅਰਥ ਦਾ ਜਲਵਾ ਮੰਗੇ। ਜ਼ਿੰਦਗੀ ਹੈ ਜਾਂ ਮੇਰੇ ਸਾਹਮਣੇ ਮੰਗਤੀ ਕੋਈ, ਕਦੇ ਰੋਟੀ, ਕਦੇ ਕੱਪੜਾ, ਕਦੇ ਪੈਸਾ ਮੰਗੇ। ਦਿਨ ਜੇ ਨਿਕਲੇ ਤਾਂ ਮੇਰੇ ਤਨ ‘ਚੋਂ ਮੁਸ਼ੱਕਤ ਢੂੰਡੇ, ਰਾਤ ਆਏ,ਤਾਂ ਕੋਈ ਖ਼੍ਵਾਬ ਸੁਨਹਿਰਾ ਮੰਗੇ। ਤਾਅਨਾ ਦੇ ਕੇ ਮੇਰੀ ਤਕਦੀਰ ਨੂੰ ਬੇਨੂਰੀ ਦਾ, ਦਿਲ ਕਿਸੇ ਹੋਰ ਦੀ ਕਿਸਮਤ ਦਾ ਸਿਤਾਰਾ ਮੰਗੇ। ਉਹ ਸਮੁੰਦਰ ਹੈ ਤਾਂ ਫਿਰ ਆਪਣੀ ਡੂੰਘਾਈ ‘ਚ ਰਹੇ, ਕਿਉਂ ਮੇਰੇ ਸ਼ਬਨਮੀ ਕਤਰੇ ‘ਚੋਂ ਵੀ ਹਿੱਸਾ ਮੰਗੇ। ਮੈਂ ਬੜੀ ਵਾਰ ਕਿਹਾ ਹੈ ਕਿ ਪਰ੍ਹਾਂ ਜਾਣ ਵੀ ਦੇਹ, ਹੱਕ ਦੀ ਸੂਲੀ ਹੈ ਕਿ ਮਨਸੂਰ ਦਾ ਨਾਅਰਾ ਮੰਗੇ।

ਰਾਗ ਦੀਪਕ ਹੈ ਕਿ ਸਰਗਮ ‘ਚੋਂ ਨਿਕਲਦਾ ਜਾਦੂ

ਰਾਗ ਦੀਪਕ ਹੈ ਕਿ ਸਰਗਮ ‘ਚੋਂ ਨਿਕਲਦਾ ਜਾਦੂ। ਇਹ ਗ਼ਜ਼ਲ ਹੈ ਜਾਂ ਕੋਈ ਖ਼੍ਵਾਬ ‘ਚ ਢਲ਼ਦਾ ਜਾਦੂ। ਝੀਲ ਨੈਣਾਂ ਦੀ ਖ਼ਿਆਲਾਂ ‘ਚ ਚਲੀ ਜਾਏਗੀ, ਯਾਦ ਜਦ ਆਏਗਾ ਉਸ ਨੀਲ ਕਮਲ ਦਾ ਜਾਦੂ। ਇਸ਼ਕ ਮੇਰਾ ਜਿਵੇਂ ਦਰਵੇਸ਼ ਦੇ ਤਕੀਏ ਦਾ ਚਿਰਾਗ, ਹੁਸਨ ਤੇਰਾ ਕਿ ਜਿਵੇਂ ਤਾਜ ਮਹਲ ਦਾ ਜਾਦੂ। ਯਾਦ ਮੈਨੂੰ ਹੈ ਉਹ ਜੰਨਤ ‘ਚੋਂ ਨਿਕਲਣਾ ਮੇਰਾ, ਹੋਸ਼ ਗੁੰਮ ਕਰ ਗਿਆ ਵਰਜੇ ਹੋਏ ਫ਼ਲ ਦਾ ਜਾਦੂ। ਹੁਣ ਵੀ ਜਾਰੀ ਹੈ ਤੇਰਾ ਯਾਦ ਦਾ ਰੰਗੀਨ ਸਫ਼ਰ, ਹੁਣ ਵੀ ਤਾਰੀ ਹੈ ਤੇਰੀ ਜ਼ੁਲਫ਼ ਦੇ ਵਲ਼ ਦਾ ਜਾਦੂ। ਦਿਲ ਤੇ ਛਾਇਆ ਰਿਹਾ ਮਖ਼ਮੂਰ ਨਿਗਾਹਾਂ ਦਾ ਖ਼ੁਮਾਰ, ਮੈ ਵਿਖਾਉਂਦਾ ਰਿਹਾ ਸ਼ਿਅਰਾਂ ‘ਚ ਮਚਲਦਾ ਜਾਦੂ। ਫਿਰ ਹਵਾ ਮਸਤ ਫ਼ਿਜ਼ਾ ਹੋ ਗਈ ਖ਼ੁਸ਼ਬੂ ਖ਼ੁਸ਼ਬੂ, ਤੇਰੇ ‘ਨਿਰਮਲ’ ਨੇ ਦਿਖਾਇਆ ਹੈ ਗ਼ਜ਼ਲ ਦਾ ਜਾਦੂ।

ਫਿਰ ਦਿਲ ਦੀ ਗੁਫ਼ਾ ਵਿੱਚੋਂ ਗੁਫ਼ਤਾਰ ਜਹੀ ਆਏ

ਫਿਰ ਦਿਲ ਦੀ ਗੁਫ਼ਾ ਵਿੱਚੋਂ ਗੁਫ਼ਤਾਰ ਜਹੀ ਆਏ। ਫਿਰ ਕੋਈ ਗ਼ਜ਼ਲ ਗੂੰਜੇ ਗੁੰਜਾਰ ਜਹੀ ਆਏ। ਸਰਮਸਤ ਹਵਾਏ ਨੀ ਕਿਸ ਦੇਸ ‘ਚੋਂ ਆਈ ਏ, ਖ਼ੁਸ਼ਬੂ ਤੇਰੀ ਬੁੱਕਲ ‘ਚੋਂ ਦਿਲਦਾਰ ਜਹੀ ਆਏ। ਜਦ ਜ਼ਿਹਨ ‘ਚ ਬਿਰਹਾ ਦਾ ਗੁਲਜ਼ਾਰ ਟਹਿਕ ਉੱਠੇ, ਯਾਦਾਂ ਦੇ ਝਰੋਖੇ ‘ਚੋਂ ਮਹਿਕਾਰ ਜਹੀ ਆਏ। ਸ਼ੂਕੇ ਜੇ ਝਨਾਂ ਬਣ ਕੇ ਤੂਫ਼ਾਨ ਮੁਹੱਬਤ ਦਾ, ਤਾਂ ਕੱਚੇ ਘੜੇ ‘ਚੋਂ ਵੀ ਟੁਣਕਾਰ ਜਹੀ ਆਏ। ਜਗ ਗ਼ਮ ਦਾ ਭੰਵਰ ਮਨ ਦੀ ਕਿਸ਼ਤੀ ਨੂੰ ਡੁਲਾ ਦੇਵੇ, ਇੱਕ ਯਾਦ ਜਹੀ ਬਣ ਕੇ ਪਤਵਾਰ ਜਹੀ ਆਏ। ਯਾ ਰਬ ਮੇਰੀ ਮੰਜ਼ਿਲ ਦਾ ਇਹ ਕੇਹਾ ਮੁਕਾਮ ਆਇਆ, ਜੋ ਸ਼ਕਲ ਨਜ਼ਰ ਆਏ ਸਰਕਾਰ ਜਹੀ ਆਏ। ਕਾਤਲ ਤੇ ਸ਼ਬਾਬ ਆਇਆ ਮਕਤਲ਼ ਤੇ ਬਹਾਰ ਆਈ, ਹੁਣ ਖ਼੍ਵਾਬ ‘ਚ ਤਾਂਹੀਉਂ ਤਾਂ ਤਲਵਾਰ ਜਹੀ ਆਏ। ਆ ਵੇਖ ਕਦੇ ਮੇਰੇ ਨੈਣਾਂ ਦੀ ਚਿਰਾਪੂੰਜੀ, ਨਿੱਤ ਚੜ੍ਹ ਕੇ ਘਟਾ ਕੋਈ ਖ਼ਮਦਾਰ ਜਹੀ ਆਏ। ਚੰਦਨ ਦਾ ਬਦਨ ਲੈ ਕੇ ਨਿਕਲੇ ਜਾਂ ਗ਼ਜ਼ਲ ਮੇਰੀ, ਹਰ ਮੋੜ ਤੋਂ ਨਾਗਾਂ ਦੀ ਫੁੰਕਾਰ ਜਹੀ ਆਏ। ਸਰਗਮ ਤੇ ਜਦੋਂ ਤੇਰੇ ਨਿਰਮਲ ਦੀ ਗ਼ਜ਼ਲ ਥਿਰਕੇ, ਉਸ ‘ਚੋਂ ਤੇਰੀ ਪਾਇਲ ਦੀ ਝਨਕਾਰ ਜਹੀ ਆਏ।

ਫੂਕ ਮਾਰੋਗੇ ਤਾਂ ਔਕਾਤ ਦਿਖਾ ਦੇਵੋਗੇ

ਫੂਕ ਮਾਰੋਗੇ ਤਾਂ ਔਕਾਤ ਦਿਖਾ ਦੇਵੋਗੇ। ਮੈਂ ਕੋਈ ਸ਼ੱਮਅ ਨਹੀਂ ਹਾਂ ਕਿ ਬੁਝਾ ਦੇਵੋਗੇ। ਮੈਂ ਵੀ ਹਾਜ਼ਿਰ ਸਾਂ ਕਿ ਸਿਰ ਲੈਣ ਲਈ ਲਪਕੇ ਸੀ ਤੁਸੀਂ, ਉਸ ਨੇ, ਉਸ ਵਕਤ ਕਿਹਾ ਸੀ ਕਿ ਸਿਲਹ* ਦੇਵੋਗੇ। ਪਾ ਕੇ ਆਏਗਾ ਉਹ ਫਿਰ ਜਗਦੀਆਂ ਜੋਤਾਂ ਦਾ ਲਿਬਾਸ, ਸ਼ਖ਼ਸ ਜਿਸਨੂੰ ਕਿ ਤੁਸੀਂ ਜ਼ਿੰਦਾ ਜਲਾ ਦੇਵੋਗੇ। ਮਾਸ ਨਹੁੰਆਂ ਤੋਂ ਅਲੱਗ ਕਰਕੇ ਤੁਸੀਂ ਵੇਖ ਲਿਆ, ਹੁਣ ਭਲਾ ਕਿਹੜਾ ਨਵਾਂ ਤੀਰ ਚਲਾ ਦੇਵੋਗੇ। ਯਾਦ ਜਦ ਆਉਣਗੀਆਂ ਸੁਰਖ਼ ਤਲਿੱਸਮੀ ਰਾਤਾਂ, ਰਾਤ ਸਾਰੀ ਤੁਸੀਂ ਅੱਖਾਂ ‘ਚ ਲੰਘਾ ਦੇਵੋਗੇ। ਗੂੰਜਦੇ ਰਹਿਣਗੇ ਇਹ ਬੋਲ ਫ਼ਿਜ਼ਾਵਾਂ ‘ਚ ਸਦਾ, ਇਹ ਨਾ ਸਮਝੋ ਮੇਰੀ ਆਵਾਜ਼ ਦਬਾ ਦੇਵੋਗੇ। ਖ਼ੁਦ ਕਟਹਿਰੇ ‘ਚ ਖੜ੍ਹੇ ਹੋ ਤੁਸੀਂ ਮੁਲਜ਼ਿਮ ਬਣ ਕੇ, ਪਰ ਤਮੰਨਾ ਹੈ ਕਿ ‘ਨਿਰਮਲ’ ਨੂੰ ਸਜ਼ਾ ਦੇਵੋਗੇ। * ਇਵਜ਼ਾਨਾ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਨਿਰਮਲ ਜਾਵੇਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ