ਸਿਰ ਤੋਂ ਪੈਰਾਂ ਤੀਕ ਸਾਹਿੱਤ ਚ ਗੜੁੱਚ ਪਰ ਪਰਗਟ ਹੋਣੋਂ ਹਮੇਸ਼ਾਂ ਦੂਰ।
ਇਹੀ ਕਹੇਗਾ, ਛੱਡ ਪਰ੍ਹਾਂ, ਕੋਈ ਹੋਰ ਗੱਲ ਕਰ।
ਭਾਵੇਂ ਉਹ ਮੈਥੋਂ ਤਿੰਨ ਚਾਰ ਸਾਲ ਵੱਡਾ ਹੈ ਪਰ ਕਿਸੇ ਕਾਰਨ ਵੱਸ ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ (ਗੁਰਦਾਸਪੁਰ) ਵਿੱਚ ਉਹ ਮੇਰਾ ਸਹਿਪਾਠੀ ਰਿਹਾ ਹੈ । ਜ਼ਹੀਨ ਪਹਿਲੇ ਦਿਨੋਂ । ਪੂਰੇ ਟੱਬਰ ਵਾਂਗ।
ਬਾਬਲ ਅਮਰ ਨਾਥ ਸ਼ਾਦਾਬ ਜੀ ਗਿਆਨਵੰਤ ਪੁਰਖ਼ ਸਨ। ਸਿਰਜਣਾਤਮਕ ਸੋਚ ਦੇ ਧਾਰਨੀ। ਮਾਂ ਮਮਤਾ ਦੀ ਮੂਰਤ । ਸਭ ਸੋਂ ਵੱਡਾ ਵੀਰ ਗੁਰਚਰਨ, ਕਿਰਤੀ ਤੇ ਸਿਰੜੀ ਵੀਰ,ਪ੍ਰੀਤ ਸਮਾਜਿਕ ਕਾਰਕੁਨ ਹੋਣ ਕਾਰਨ ਪਿੰਡ ਦਾ ਸਰਪੰਚ ਵੀ ਰਿਹਾ, ਰਾਮ ਲੀਲ੍ਹਾ ਚ ਰਾਮ ਬਣਦਾ।
ਫਿਰ ਭੂਸ਼ਨ ਧਿਆਨਪੁਰੀ, ਵਿਜੈ ਕੁਮਾਰ ਨਿਰਮਲ ਤੇ ਸਭ ਤੋਂ ਨਿੱਕਾ ਆਦੇਸ਼ ਅੰਕੁਸ਼। ਦੇਵ ਕੰਨਿਆਂ ਵਰਗੀਆਂ ਭੈਣਾਂ ਵੀ ਸੁਚਿਆਰੀਆਂ।
ਜਿਸ ਦਿਨ ਮਾਸਟਰ ਰਾਮ ਸਰੂਪ ਜੀ ਨਾ ਆਉਂਦੇ, ਸਾਨੂੰ ਹਿੰਦੀ ਨਿਰਮਲ ਹੀ ਪੜ੍ਹਾਉਂਦਾ। ਉਸ ਦੀ ਗੱਲ ਜ਼ਿਆਦਾ ਸਮਝ ਪੈਂਦੀ। ਡਰ ਨਹੀਂ ਸੀ ਨਾ ਕੋਈ। ੧੯੬੯ ਚ ਸਾਡੇ ਨਾਲ ਦਸਵੀਂ ਕਰਕੇ ਉਹ ਪੰਜਾਬੀ ਲੇਖਕ ਤੇ ਵੱਡੇ ਵੀਰ ਭੂਸ਼ਨ ਧਿਆਨਪੁਰੀ ਕੋਲ ਚੰਡੀਗੜ੍ਹ ਚਲਾ ਗਿਆ। ਏਥੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕਰਮਚਾਰੀ ਬਣ ਗਿਆ। ਉਸ ਪਹਿਲਾਂ ਪ੍ਰਾਈਵੇਟ ਤੌਰ ਤੇ ਉਰਦੂ ਚ ਐੱਮ ਏ ਕਰ ਲਈ। ਫਾਰਸੀ ਦੀ ਵੀ ਸ਼ਾਇਦ। ਪੰਡਾਂ ਦੀਆਂ ਪੰਡਾਂ ਪੜ੍ਹਦੈ। ਮਾੜਾ ਬੰਦਾ ਤੇ ਮਾੜਾ ਸ਼ਿਅਰ ਉਸ ਨੂੰ ਕਦੇ ਵੀ ਪਸੰਦ ਨਹੀਂ ਆਇਆ। ਬਚਪਨ ਤੋਂ ਲੈ ਕੇ।
ਉਸ ਪੰਜਾਬੀ ਚ ਬਹੁਤ ਘੱਟ ਲਿਖਿਆ ਹੈ ਪਰ ਲਿਖਿਆ ਕਮਾਲ ਦਾ।
ਨਿਰਮਲ ਜਾਵੇਦ ਅੱਜ ਕੱਲ੍ਹ ਪਰਿਵਾਰ ਸਮੇਤ ਮੋਹਾਲੀ ਚ ਵੱਸਦਾ ਹੈ। ਨਿਰਮਲ ਜਾਵੇਦ ਨਾਲ ਜਦ ਵੀ ਹੋਵੇ ਲੰਮੀ ਗੱਲਬਾਤ ਹੁੰਦੀ ਹੈ। ਅਸੀਂ ਦੋਵੇਂ ਸੁਪਨ ਅਵਸਥਾ ਵਿੱਚ ਧਿਆਨਪੁਰ ਦੀਆਂ ਗਲ਼ੀਆਂ ਚ ਤੁਰ ਫਿਰ ਰਹੇ ਮਹਿਸੂਸ ਕਰਦੇ ਹਾਂ।
-ਗੁਰਭਜਨ ਗਿੱਲ