Punjabi Ghazals/Poetry : Neelu Germany

ਪੰਜਾਬੀ ਗ਼ਜ਼ਲਾਂ : ਨੀਲੂ ਜਰਮਨੀ


ਮੇਰਾ ਦਿਲ ਆਖਦਾ ਕੁਝ ਇਸ ਤਰਾਂ

ਮੇਰਾ ਦਿਲ ਆਖਦਾ ਕੁਝ ਇਸ ਤਰਾਂ ਆਬਾਦ ਹੋ ਜਾਵਾਂ । ਤੇਰੇ ਸਾਹਾਂ ਦੀ ਖ਼ੁਸ਼ਬੂ ਦਾ ਹੀ ਮੈਂ ਅਨੁਵਾਦ ਹੋ ਜਾਵਾਂ । ਤੂੰ ਮੇਰੇ ਪੋਟਿਆਂ ਵਿੱਚ ਰਚ ਗਿਓਂ ਫੁੱਲਾਂ ‘ਚ ਜਿਉਂ ਖ਼ੁਸ਼ਬੂ , ਤੇ ਮਿੱਟੀ ਦੀ ਮਹਿਕ ਵਾਂਗੂ ਮੈਂ ਤੈਨੂੰ ਯਾਦ ਹੋ ਜਾਵਾਂ । ਅਕੀਦਾ ਇਸ਼ਕ ਤੇਰੇ ਦਾ ਬਣਾਂ, ਉੱਜੜ ਕੇ ਮੈਂ ਖ਼ੁਦ ‘ਚੋਂ, ਤੇਰੇ ਦਿਲ ਦੇ ਮੁਹੱਲੇ ਵਿਚ ਕਿਤੇ ਆਬਾਦ ਹੋ ਜਾਵਾਂ । ਤੂੰ ਛਿਣਭੰਗਰ ਲਈ ਜਿਸ ਥਾਂ 'ਤੇ ਖੜ੍ਹ ਕੇ ਸੋਚਿਆ ਸੀ ਕੁਝ , ਮੈਂ ਉਸ ਥਾਂ ਨਾਲ਼ ਤੇਰੀ ਸੋਚ ਦਾ ਸੰਵਾਦ ਹੋ ਜਾਵਾਂ । ਤੂੰ ਮੈਨੂੰ ਪਹਿਨ ਲੈ ਉਂਗਲ ਦੇ ਵਿਚ ਮਿਜ਼ਰਾਬ ਦੇ ਵਾਂਗੂ , ਜਾਂ ਕਰ ਲੈ ਆਰਸੀ ਏਨੇ ਦੇ ਵਿਚ ਹੀ ਸ਼ਾਦ ਹੋ ਜਾਵਾਂ । ਸੁਲੱਖਣਾ ਪਲ ਲਿਆ ਕੋਈ ਕਿ ਮੁਕਤੀ ਤਨ ਤੋਂ ਮਿਲ ਜਾਵੇ , ਤੇ ਮਨ ਤੇਰੇ ਦੀ ਧੁਨ ਵਿਚ ਰਲ਼ ਕੇ ਅਨਹਦ ਨਾਦ ਹੋ ਜਾਵਾਂ ।

ਕਿਵੇਂ ਹਾਮੀ ਭਰਾਂ, ਮੌਕੇ ਮੁਤਾਬਕ

ਕਿਵੇਂ ਹਾਮੀ ਭਰਾਂ, ਮੌਕੇ ਮੁਤਾਬਕ ਬਾਤ ਤਾਂ ਹੋਵੇ । ਤੇਰੀ ਕਹਿਣੀ, ਮੇਰੀ ਸੁਣਨੀ ‘ਚ ਇਕ ਅਨੁਪਾਤ ਤਾਂ ਹੋਵੇ। ਉਹ ਲੋਕੀਂ ਜਾਪਦੇ ਮੈਨੂੰ ਤਾਂ ਟੁੱਟੇ ਤਾਰਿਆਂ ਵਰਗੇ , ਜੋ ਚੰਨ ਦੇਖਣ ਲਈ ਸੋਚਣ ਕਿ ਪਹਿਲਾਂ ਰਾਤ ਤਾਂ ਹੋਵੇ । ਇਹ ਪੰਛੀ ਮਨ ਦਾ ਹੁਣ ਉਕਤਾ ਗਿਆ ਜੀਵਨ ਦੀ ਟਹਿਣੀ ‘ਤੋਂ , ਇਹ ਉੱਡਣਾ ਲੋਚਦਾ ਉਸ ਦੇ ਹੁਕਮ ਦੀ ਹਾਤ ਤਾਂ ਹੋਵੇ । ਤੇਰੇ ਅੱਗੇ ਤੁਰਾਂ ਏਨੀ ਭਲਾ ਕਿੱਥੇ ਮੇਰੀ ਵੁੱਕਤ , ਤੇਰੇ ਪਿੱਛੇ ਤੁਰਾਂ ਏਨੀ ਮੇਰੀ ਔਕਾਤ ਤਾਂ ਹੋਵੇ । ਮੇਰੇ ਚਾਵਾਂ ਦੀ ਰੰਗਤ ਚੀਚ ਵਹੁਟੀ ਵਾਂਗ ਹੋ ਜਾਣੀ , ਮੇਰੇ ‘ਤੇ ਇਸ਼ਕ ਤੇਰੇ ਦੀ ਜ਼ਰਾ ਬਰਸਾਤ ਤਾਂ ਹੋਵੇ । ਪਿਆਲਾ ਜ਼ਹਿਰ ਦਾ ਹੋਠਾਂ ਨੂੰ ਮੈਂ ਕਿੱਦਾਂ ਛੁਹਾ ਦੇਵਾਂ , ਮੇਰੇ ਅੰਦਰ ਕਿਸੇ ਸੱਚ ਦਾ ਗਵਾਹ ਸੁਕਰਾਤ ਤਾਂ ਹੋਵੇ ।

ਜਿਹੜਾ ਮੇਰੀ ਰੂਹ ਵਿਚ ਬੈਠਾ

ਜਿਹੜਾ ਮੇਰੀ ਰੂਹ ਵਿਚ ਬੈਠਾ ਇਸ਼ਕ ਦੀ ਬੁੱਕਲ ਮਾਰੀ , ਮੈਂ ਉਸ ਦਾ ਪਰਛਾਵਾਂ ਤੱਕ ਤੱਕ ਸਾਰੀ ਉਮਰ ਗੁਜ਼ਾਰੀ । ਤਲੀਆਂ ਉੱਪਰ ਮਹਿੰਦੀ ਲਾ ਕੇ ਨੱਕ ਵਿੱਚ ਨਥਣੀ ਪਾ ਕੇ , ਤਾਂਘ ਮਿਲਣ ਦੀ ਉਸ ਦੇ ਦਰ ਵੱਲ ਖੋਲ੍ਹ ਕੇ ਬੈਠੀ ਬਾਰੀ । ਅੱਖ ਮੇਰੀ ਦੀ ਸੈਨਤ ਹੋਈ ਮੂਲੋਂ ਵੱਧ ਸ਼ਰਮਿੰਦਾ , ਜਦ ਜੋਗੀ ਦੇ ਕਾਸੇ ਦੀ ਅੱਜ ਮੈਂ ਦੇਖੀ ਖੁੱਦਾਰੀ ਮੈਂ ਬੇਤਾਲਾ ਗੀਤ ਸੱਜਣ ਜੀ ਛਿਣਭਰ ਨੂੰ ਮਰ ਜਾਣਾ , ਤੂੰ ਉਹ ਬੈਂਤ ਕਿ ਜਿਸ ਵਿੱਚ ਵਾਰਿਸ ਹੀਰ ਕਹਿ ਗਿਆ ਸਾਰੀ । ਤੇਰੇ ਅੱਗੇ ਸੋਚ ਮੇਰੀ ਦਾ ਅੰਬਰ ਹੈ ਨਤਮਸਤਕ , ਪਰ ਤੂੰ ਮੇਰੇ ਮਨ ਦੀ ਧਰਤੀ ਪਲ ਵੀ ਨਾ ਸਤਿਕਾਰੀ । ਮੈਂ ਇਸ ਮਨ ਤੋਂ ਤਨ ਤੱਕ ਪੂਰੀ ਗਿਰਵੀ ਤੇਰੇ ਕੋਲ਼ੇ, ਮੇਰੇ ਹਰ ਇਕ ਸਾਹ ਦੀ ਤੇਰੇ ਹੱਥਾਂ ਵਿਚ ਮੁਖ਼ਤਾਰੀ । ਯਾਦ ਤੇਰੀ ਦੇ ਇਤਰ ਮੈਂ ਮਨ ਦੇ ਚੌਹੀਂ ਖੂੰਜੀਂ ਛਿੜਕੇ , ਨਾਮ ਤੇਰੇ ਦੀ ਕੀਤੀ ਅਪਣੀ ਰੂਹ 'ਤੇ ਅੱਖਰਕਾਰੀ ।

ਤੇਰੀ ਇਕ ਦੀਦ ਹੀ ਸਾਰੇ ਕਮਾਲਾਂ ਤੋਂ ਪਰੇ ਹੈ

ਤੇਰੀ ਇਕ ਦੀਦ ਹੀ ਸਾਰੇ ਕਮਾਲਾਂ ਤੋਂ ਪਰੇ ਹੈ। ਤੇਰੇ ਹਾਸੇ ਦੀ ਛਣ-ਛਣ , ਸਭ ਜਮਾਲਾਂ ਤੋਂ ਪਰੇ ਹੈ । ਮੈਂ ਅਪਣੇ ਮਨ ਦੀ ਥਹੁ ਪਾਵਾਂ ਕਿਵੇਂ ,ਜਿਸ ਦਾ ਕਿ ਪੱਤਣ , ਗਗਨ ਤੇ ਧਰਤ ਤੋਂ ਵੱਡਾ, ਪਤਾਲਾਂ ਤੋਂ ਪਰੇ ਹੈ । ਮੈਂ ਤੇਰੇ ਇਸ਼ਕ ਦੀ ਬੁੱਕਲ ‘ਚ ਇਹ ਮਹਿਸੂਸ ਕੀਤਾ , ਇਹਦੀ ਛੋਹ ਰੇਸ਼ਮੀਂ ਸ਼ਾਲਾਂ, ਰੁਮਾਲਾਂ ਤੋਂ ਪਰੇ ਹੈ । ਮੈਂ ਉਹਦੀ ਹੀਰ ,ਉਹ ਰਾਂਝਾ ਮੇਰਾ ,ਪਰ ਇਸ਼ਕ ਸਾਡਾ , ਨਾ ਕੁਝ ਲੱਗਦਾ ਹਜ਼ਾਰੇ ਦਾ ,ਸਿਆਲਾਂ ਤੋਂ ਪਰੇ ਹੈ । ਤੇਰੇ ਨੈਣਾਂ 'ਚੋਂ ਮੈਂ ਇਸ਼ਨਾਨ ਕੀਤੇ ਤੀਰਥਾਂ ਦੇ , ਮੇਰੀ ਖ਼ਾਤਰ ਤੇਰੀ ਚੁੱਪ ਵੀ ਧਮਾਲਾਂ ਤੋਂ ਪਰੇ ਹੈ । ਅਲਖ ਹੈ ਕੀ, ਅਗਮ ਹੈ ਕੀ ਅਤੇ ਕੀ ਹੈ ਅਗੋਚਰ? ਮੈਂ ਪੜ੍ਹੀਆਂ ਪੋਥੀਆਂ ਪਰ ਇਹ ਸਵਾਲਾਂ ਤੋਂ ਪਰੇ ਹੈ । ਤੇਰੇ ਬਿਨ ਜ਼ਿੰਦਗੀ ਜਿਊਣਾ, ਮੇਰੇ ਵੱਸ ਦੀ ਨਹੀਂ ਗੱਲ , ਤੇਰੇ ਬਿਨ ਇਕ ਵੀ ਛਿਣ ਕੱਟਣਾ ,ਤਾਂ ਸਾਲਾਂ ਤੋਂ ਪਰੇ ਹੈ ।

ਉਹ ਤੇਰੇ ਹੱਸਣ ‘ਤੇ ਟੁੱਟਦੇ

ਉਹ ਤੇਰੇ ਹੱਸਣ ‘ਤੇ ਟੁੱਟਦੇ ਤਾਰੇ ਦੇਖਣ ਆਏ । ਲੋਕੀਂ ਅੱਜ ਰਾਤਾਂ ਦੇ ਘਰ ਉਜਿਆਰੇ ਦੇਖਣ ਆਏ। ਇਸ਼ਕ ਤੇਰੇ ਦਾ ਸੱਗੀ ਫੁੱਲ ਜਦ ਪਹਿਲੇ ਦਿਨ ਮੈਂ ਪਾਇਆ, ਦੁਨੀਆ ਅੰਦਰ ਜਿੰਨੇ ਸੀ, ਸੁਨਿਆਰੇ ਦੇਖਣ ਆਏ । ਮੈਂ ਜਦ ਖ਼ੁਦ ਨੂੰ ਜਿੱਤ ਕੇ ਤੂੰ ਦੇ ਹੁਜਰੇ ਅੰਦਰ ਬੈਠੀ , ਕੀ ਮਜ਼ਮੂਨ ਮੈਂ ਪੜ੍ਹਿਆ, ਮੈਂ ਦੇ ਮਾਰੇ ਦੇਖਣ ਆਏ । ਜਦ ਕੱਚੇ ਵਿਹੜੇ ਦੀ ਖ਼ੁਸ਼ਬੂ ਬਾਰਿਸ਼ ਦੇ ਵਿਚ ਨੱਚੀ , ਦਰਸ਼ਕ ਬਣ ਕੇ ਘਰ ਮੇਰਾ ਗਲਿਆਰੇ ਦੇਖਣ ਆਏ । ਖ਼ੁਦ ਦੇ ਕਤਲ ਲਈ ਹਰ ਆਸ਼ਿਕ ਨੇ ਜੋ ਖ਼ੁਦ ਹੀ ਚੁਣਿਆ, ਆਸ਼ਿਕ ਹੁਸਨ ਦੀ ਮਕਤਲ ਵਿਚ ਹਤਿਆਰੇ ਦੇਖਣ ਆਏ । ਮੈਂ ਜਿਸ ਪੱਥਰ ਦੇ ਨਾਂ ਅੱਖਾਂ ਦੋਵੇਂ ਦਾਨ ਲਿਖਾਈਆਂ , ਉਸ ਪੱਥਰ ਨੂੰ ਅੱਖਾਂ ਦੇ ਵਣਜਾਰੇ ਦੇਖਣ ਆਏ ।

ਮੇਰੇ ਘਰ ਦੀ ਕੰਧੋਲੀ ‘ਤੇ ਸਜਾਵਟ

ਮੇਰੇ ਘਰ ਦੀ ਕੰਧੋਲੀ ‘ਤੇ ਸਜਾਵਟ ਹੋਣ ਲੱਗੀ । ਬੇਸ਼ਕ ਮਿੱਟੀ ਦੇ ਹਨ ਮੋਰਾਂ ਦੀ ਆਹਟ ਹੋਣ ਲੱਗੀ । ਇਜ਼ਾਫਾ ਦਿਨ ਦੀ ਰੌਣਕ ਵਿੱਚ ਕਰਨਗੇ ਜਾਗ ਕੇ ਫੁੱਲ , ਉਣੀਂਦੇ ਤਾਰਿਆਂ ਨੂੰ ਹੁਣ ਥਕਾਵਟ ਹੋਣ ਲੱਗੀ । ਮੇਰੇ ਪੈਰਾਂ ਨੇ ਠੇਡਾ ਮਾਰਿਆ ਸੀ ਸ਼ੀਸ਼ਿਆਂ ਨੂੰ , ਮੇਰੇ ਹੱਥੋਂ ਤਾਂ ਹੀ ਤਿੜਕੀ ਲਿਖਾਵਟ ਹੋਣ ਲੱਗੀ । ਹੁਣੇ ਸੂਰਜ ਨੇ ਆ ਜਾਣਾ ਹੈ ਧੁੱਪ ਦੀ ਡਾਕ ਵੰਡਣ, ਹੈ ਖੰਡਤ ਰਾਤ ਦੀ ਸਾਰੀ ਬਣਾਵਟ ਹੋਣ ਲੱਗੀ । ਉਹ ਜਦ ਅੱਖਾਂ ‘ਚ ਅੱਖ ਪਾਵੇ ਤਾਂ ਏਦਾਂ ਜਾਪਦਾ ਹੈ , ਜਿਵੇਂ ਇਤਰਾਂ ਦੀ ਸਾਹਾਂ ਵਿੱਚ ਮਿਲਾਵਟ ਹੋਣ ਲੱਗੀ ।

ਇਸ਼ਕ ਤੇਰੇ ਦੀ ਕਵਿਤਾ ਨੂੰ ਮੈਂ

ਇਸ਼ਕ ਤੇਰੇ ਦੀ ਕਵਿਤਾ ਨੂੰ ਮੈਂ ਏਦਾਂ ਕਿੰਝ ਬਿਆਨ ਦਿਆਂ ਫੁੱਲ ਕਿਸੇ ਦੇ ਤਨ ‘ਤੇ ਲਿਖ ਕੇ ਮਹਿਕਾਂ ਨਾ ਨੁਕਸਾਨ ਦਿਆਂ ਤੂੰ ਲੱਭਦਾ ਏਂ ਛੱਲੇ ਮੁੰਦਰਾਂ ਆ ਸਿਰਨਾਵੇਂ ਦੱਸਾਂ ਮੈਂ ਕੇਸ ਜਟੂਰੇ ਵਾਹ ਕੇ ਤੇਰੀ ਅੱਖ ਨੂੰ ਸੁਰਮਾ ਦਾਨ ਦਿਆਂ ਲਲਕ ਕਸੂਤੀ ਲੱਗੀ ਮੈਨੂੰ ਹਰ ਪਲ ਤੈਨੂੰ ਦੇਖਣ ਦੀ ਤੇਰੇ ਮੁੱਖ ‘ਤੋਂ ਨਜ਼ਰ ਹਟਾ ਕੇ ਖ਼ੁਦ ‘ਤੇ ਕਿੰਝ ਧਿਆਨ ਦਿਆਂ ਸੈਦੇ ਦੇ ਲੜ ਲੱਗੀਏ ਹੀਰੇ, ਦੋ ਮੁੱਠ ਆਟੇ ਬਦਲੇ ਹੀ ਮੈਂ ਗੋਰਖ, ਦੱਸ ਤੈਨੂੰ ਕਿੱਦਾਂ ਰਾਂਝੇ ਦਾ ਵਰਦਾਨ ਦਿਆਂ ਇਕ ਚਿੱਤ ਕਰਦਾ ਬੁੱਧ ਹੋ ਜਾਵਾਂ ਕੂਚ ਕਰਾਂ ਦਰ ਤੇਰੇ 'ਤੋਂ ਪੈ ਮਿੱਟੀ ਦੀ ਜੂਨੇ ਤੈਨੂੰ ਭਗਵੀਂ ਜਿਹੀ ਮੁਸਕਾਨ ਦਿਆਂ ਗ਼ਮ ਦੇ ਵਿਹੜੇ ਬੈਠ ਕੇ ਤੇਰਾ ਹਿਜ਼ਰ ਖਿਡਾਵਾਂ ਰਾਤਾਂ ਨੂੰ ਇਸ ਦਾ ਚਿੱਤ ਪਰਚਾਉਣ ਲਈ ਕਰ ਨੀਂਦਾਂ ਲਹੂ ਲੁਹਾਨ ਦਿਆਂ

ਮੇਰੇ ਨੈਣਾਂ ਦੇ ਸੁੱਚੇ ਸਰਵਰਾਂ ‘ਚੋਂ

ਮੇਰੇ ਨੈਣਾਂ ਦੇ ਸੁੱਚੇ ਸਰਵਰਾਂ ‘ਚੋਂ ਮਰੇ ਖ਼ਾਬਾਂ ਦੀ ਬਦਬੂ ਆ ਰਹੀ ਹੈ ਕਿਨਾਰੇ ‘ਤੇ ਪਿਆਸੀ ਆਸ ਬੈਠੀ ਗਮਾਂ ਦੇ ਵੈਣ ਕਦ ਤੋਂ ਪਾ ਰਹੀ ਹੈ ਖਿੜੀ ਗੁਲਜ਼ਾਰ ‘ਚੋਂ ਫੜ ਕੇ ਜੋ ਮੈਨਾ ਤੁਸੀਂ ਪਿੰਜਰੇ ਦੇ ਅੰਦਰ ਕੈਦ ਕੀਤੀ ਭਰੇ ਮਨ ਨਾਲ਼ ਉਹ ਪਿੰਜਰੇ ‘ਚ ਬੈਠੀ ਅਜ਼ਾਦੀ ਦੇ ਹੀ ਨਗ਼ਮੇ ਗਾ ਰਹੀ ਹੈ ਕਿਸੇ ਨੇ ਪਾਣੀਆਂ ਨੂੰ ਛੇਕ ਦਿੱਤਾ ਕਿਸੇ ਨੇ ਮੈਲ਼ੀਆਂ ਧੁੱਪਾਂ ਨੂੰ ਕਰਿਆ ਕਿਸੇ ਨੇ ਛਾਂ ਕੁਲੱਛਣੀ ਆਖ ਦਿੱਤੀ ਇਹ ਕਿਹੜੇ ਰਾਹ ‘ਤੇ ਦੁਨੀਆ ਜਾ ਰਹੀ ਹੈ ਮੈਂ ਸ਼ੈਅ ਹਾਂ ਫਾਲਤੂ ਇਸ ਧਰਤ ਉੱਤੇ ਸਜ਼ਾ ਹੈ ਜਾਂ ਕਿਸੇ ਕੀਤੇ ਗੁਨਾਹ ਦੀ ਮੈਂ ਥਾਂਵਾਂ ਬਦਲ ਕੇ ਸਭ ਦੇਖ ਚੁੱਕੀ ਇਹ ਮਿੱਟੀ ਪੈਰ ਮੇਰੇ ਖਾ ਰਹੀ ਹੈ ਤੇਰੇ ਸੰਵਿਧਾਨ ਦੇ ਅੰਬੇਦਕਰ ਜੀ ਸਫ਼ੇ ਸਭ ਵਿਕ ਗਏ ਬਾਜ਼ਾਰ ਅੰਦਰ ਬੇਦੋਸ਼ੇ ਰੋਜ਼ ਹਨ ਸੂਲ਼ੀ ‘ਤੇ ਚੜ੍ਹਦੇ ਖ਼ਤਾ ਮੁਜ਼ਰਮ ਦੀ ਬਖ਼ਸ਼ੀ ਜਾ ਰਹੀ ਹੈ

ਮੇਰੇ ਸੀਨੇ ਵਿਚ ਜੋ ਖੁੱਭਾ ਪੱਥਰ

ਮੇਰੇ ਸੀਨੇ ਵਿਚ ਜੋ ਖੁੱਭਾ ਪੱਥਰ ਦਾ ਪਰਛਾਵਾਂ । ਬਣ ਜਾਵੇ ਸਾਰੰਗੀ ਜਦ ਮੈਂ ਰਾਤਾਂ ਨੂੰ ਉੱਠ ਗਾਵਾਂ। ਤੂੰ ਆਖੇਂ ਤਾਂ ਪਤਝੜ ਰੰਗੇ ਬਸਤਰ ਪਾ ਕੇ ਆਵਾਂ , ਜਾਂ ਤਲੀਆਂ ‘ਤੇ ਤੇਰੀ ਖਾਤਰ ਰੱਖ ਕੇ ਚੇਤ ਲਿਆਵਾਂ । ਤਨ ਮੇਰੇ ਤੇ ਮਲ਼ੀਆਂ ਮਹਿਕਾਂ ਮਾਂ ਨੇ ਮੈਂ ਜਦ ਜੰਮੀ, ਤਾਂ ਮੇਰੇ ਸਾਹਾਂ ਦੇ ਅੰਦਰ ਉੱਗੀਆਂ ਨੇ ਗ਼ਜ਼ਲਾਂ । ਇਸ ਦੇ ਵਹਿਣ ‘ਚ ਵਿਘਨ ਨਾ ਪਾਵਾਂ ਮੈਂ ਇਕ ਚੂਲੀ ਭਰ ਕੇ ਬੇਸ਼ੱਕ ਨਦੀ ਕਿਨਾਰੇ ਬੈਠੀ ਮੈਂ ਪਿਆਸੀ ਮਰ ਜਾਵਾਂ । ਮਨ ਨੂੰ ਸੇਕ ਸਮੇਂ ਦਾ ਲੱਗਿਆ ਅੱਗ ਦਾ ਦੋਸ਼ ਨਾ ਕੋਈ , ਇੱਕੋ ਵਰਗੀਆਂ ਲੱਗਣ ਹੁਣ ਤਾਂ ਕੀ ਧੁੱਪਾਂ, ਕੀ ਛਾਵਾਂ । ਧੀ ਦੀ ਡੋਲ਼ੀ ਅੱਗੇ ਤੁਰ ਪਏ ਧੁੱਪਾਂ ਦੇ ਸਿਰਨਾਵੇਂ , ਡੋਲ਼ੀ ਪਿੱਛੇ ਪੇਕੇ ਘਰ ਦੀਆਂ ਤੁਰ ਰਹੀਆਂ ਨੇ ਛਾਵਾਂ । ਆ ਤੇਰੇ ਮੱਥੇ ਨੂੰ ਚੁੰਮਣ ਦੇਵਾਂ ਮੈਂ ਗ਼ਜ਼ਲਾਂ ਦੇ , ਆ ਤੇਰੇ ਸਾਹਾਂ ਨੂੰ ਬੰਬਲ਼ ਮੈਂ ਗੀਤਾਂ ਦੇ ਪਾਵਾਂ । ਇਸ ਬਸਤੀ ਦਾ ਪਾਣੀ ਵਾਂਗ ਸਿਧਾਰਥ ਵਿਆਕੁਲ ਜਾਪੇ , ਇਹ ਵੀ ਤੁਰ ਜੰਗਲ ਵੱਲ ਪੈਣਾ ,ਪੈਰੀਂ ਪਹਿਨ ਖੜਾਵਾਂ ।

ਤੈਨੂੰ ਤਾਂ ਇੱਕ ਪਿਆਰ ਦੇ ਮਸਲੇ

ਤੈਨੂੰ ਤਾਂ ਇੱਕ ਪਿਆਰ ਦੇ ਮਸਲੇ, ਮੈਨੂੰ ਸੌ ਪ੍ਰਕਾਰ ਦੇ ਮਸਲੇ । ਤੇਰਾ ਮਸਲਾ ਦੁਨੀਆਦਾਰੀ, ਮੇਰੇ ਹਨ ਉਸ ਪਾਰ ਦੇ ਮਸਲੇ । ਨਾ ਲਹਿੰਦੀ, ਨਾ ਲਾਹ ਹੁੰਦੀ ਏ, ਮਨ ਮੇਰੇ ‘ਤੇ ਪੰਡ ਹੈ ਭਾਰੀ , ਹਰ ਕੋਈ ਪੁੱਛੇ ਇਸ ਵਿਚ ਕੀ ਹੈ, ਕੀ ਦੱਸਾਂ ਘਰ-ਬਾਰ ਦੇ ਮਸਲੇ । ਪਾਠਕ ਇੱਕ ਕਹਾਣੀ ਵਾਂਗੂੰ ਪੜ੍ਹ ਕੇ ਪੁਸਤਕ ਰੱਖ ਦਿੰਦੇ ਹਨ , ਪਰ ਮੈਂ ਸ਼ਬਦ ਹੰਢਾਉਂਦੇ ਹੱਡੀਂ, ਦੇਖੇ ਕਿੱਸਾਕਾਰ ਦੇ ਮਸਲੇ । ਕਿੰਝ ਵਿਚਾਰਾਂ ਦੇਸ਼ ਦੇ ਮਸਲੇ ਖੁੰਢ ਚਰਚਾ ਵਿਚ ਹੋ ਕੇ ਸ਼ਾਮਿਲ, ਮੈਨੂੰ ਤਾਂ ਸਾਹ ਲੈਣ ਨਾ ਦਿੰਦੇ ਮੇਰੇ ਹੀ ਪਰਿਵਾਰ ਦੇ ਮਸਲੇ । “ਜਲ ਮਹਿ ਜੰਤ ਉਪਾਇਅਨੁ “ਕਿੱਦਾਂ “ਅੰਡਜ ਜੇਰਤ ਸੇਤਜ ਕੀਨੀ”, ਖ਼ੁਦ ਨੂੰ ਨਾ ਉਲਝਾ ਇਹਨਾਂ ਵਿਚ,ਇਹ ਹਨ ਇਕ ਓਂਕਾਰ ਦੇ ਮਸਲੇ । ਇਹ ਕੈਸੀ ਮਹਿਮਾਨ ਨਿਵਾਜ਼ੀ ਬੈਠੇ ਸਾਰੇ ਸੋਚ ਰਹੇ ਹਨ , ਪਕਵਾਨਾਂ ਦੀ ਥਾਂ ਹਨ ਦਸਤਰਖ਼ਾਨ ‘ਤੇ ਖ਼ਿਦਮਤਗਾਰ ਦੇ ਮਸਲੇ । ਸਫ਼ਰ ਸੁਹਾਣੇ ਤੋਂ ਪਰਤੀ ਹਾਂ ਲੈ ਕੇ ਰਗ਼ ਰਗ਼ ਵਿਚ ਖ਼ੁਸ਼ਬੋਈ , ਪਰ ਪੈਰਾਂ ਵਿੱਚ ਸੂਲ਼ਾਂ ਬਣ ਕੇ ਉਗ ਆਏ ਰਫ਼ਤਾਰ ਦੇ ਮਸਲੇ ।

ਮੈਂ ਅਪਣੇ ਆਪ ਨੂੰ ਨਿੱਤ ਜੀਣ ਦਾ

ਮੈਂ ਅਪਣੇ ਆਪ ਨੂੰ ਨਿੱਤ ਜੀਣ ਦਾ ਲਾਲਚ ਦਿਆਂ ਪਰ ਢਲ਼ੇ ਜਦ ਸ਼ਾਮ ਤਾਂ ਸਭ ਚਾਅ ਕੁਆਰੇ ਮਾਰ ਦੇਵਾਂ ਵਗੇ ਜੋ ਰਾਤ ਨੂੰ ਕਾਲ਼ੀ ਨਦੀ ਅੱਖਾਂ 'ਚੋਂ ਮੇਰੇ ਸਿਤਾਰੇ ਸੁਫ਼ਨਿਆਂ ਦੇ ਓਸ ਅੰਦਰ ਤਾਰ ਦੇਵਾਂ ਮੇਰੇ ਪੱਲੇ ‘ਚ ਜੋ ਹਨ ਰਹਿਮਤਾਂ ਵਾਲੇ ਖ਼ਜ਼ਾਨੇ ਤੇਰੀ ਮੈਂ ਪੈੜ ਦੇ ਸਦਕੇ 'ਤੋਂ ਸਾਰੇ ਵਾਰ ਦੇਵਾਂ ਮੇਰੇ ਵੱਸ ਵਿਚ ਜੇ ਹੋਵੇ ਤਾਂ ਮੈਂ ਖ਼ੁਦ ਨੂੰ ਢਾਹ ਕੇ ਫਿਰ ਤੋਂ ਤੇਰੀ ਮਰਜ਼ੀ ਮੁਤਾਬਿਕ ਇੱਕ ਨਵਾਂ ਆਕਾਰ ਦੇਵਾਂ ਤੇਰੇ ਸੀਨੇ ‘ਚ ਜੋ ਭਖਦੇ ਪਏ ਅਣਗਿਣਤ ਸੂਰਜ ਮੇਰੇ ਮਹਿਬੂਬ ਆ ਬੁੱਕਲ ‘ਚ ਸਾਰੇ ਠਾਰ ਦੇਵਾਂ ਤੇਰੇ ਸਿਰ 'ਤੋਂ ਮੈਂ ਵਾਰਾਂ ਹੁਸਨ ਦੀ ਜਾਗੀਰ ਅਪਣੀ ਤੇਰੇ ਸਾਹਾਂ ਨੂੰ ਆ ਸਾਹਾਂ ਦੀ ਮੈਂ ਮਹਿਕਾਰ ਦੇਵਾਂ ਤੂੰ ਮੇਰੇ ਬੀਜ ਨੂੰ ਕੁੱਖ ਦਾ ਹੈ ਤਪ ਅਸਥਾਨ ਦਿੱਤਾ ਤੇ ਪੂਰਾ ਫਲ਼ ਅਤੇ ਫੁੱਲਾਂ ਦਾ ਕਰ ਅਰਮਾਨ ਦਿੱਤਾ ਮੇਰੇ ਰੁੱਖ ਹੋਣ ਵਿਚ ਅੰਬਰ ਦਾ ਵੀ ਹਿੱਸਾ ਹੈ ਲੇਕਿਨ ਐ ! ਭੋਇੰ ਸਭ ਤੋਂ ਵੱਧ ਤੈਨੂੰ ਹੀ ਮੈਂ ਸਤਿਕਾਰ ਦੇਵਾਂ ਮੈਂ ਪੰਜਾਂ ਬਾਣੀਆਂ ਦੀ ਧਰਤ ਦਾ ਹਾਂ ਵਾਕ ਸੁੱਚਾ ਮੈਂ ਹਾਂ ਪੰਜਾਬ ਦੀ ਧਰਤੀ ਮੇਰਾ ਸਹਿਚਾਰ ਉੱਚਾ ਪਿਤਾ ਪੁਰਖੀ ਫ਼ਲਸਫ਼ਾ ਕਿਰਤ ਦਾ ਹਿੱਸੇ ‘ਚ ਆਇਆ ਮੈਂ ਹਲ਼ , ਹਾਲ਼ੀ , ਕਹੀ , ਖੁਰਪੇ ਨੂੰ ਕਿੰਝ ਨਾ ਪਿਆਰ ਦੇਵਾਂ

ਭੁਲਾ ਕੇ ਉਸ ਦੇ ਦਿੱਤੇ ਜ਼ਖ਼ਮ ਸਾਰੇ

ਭੁਲਾ ਕੇ ਉਸ ਦੇ ਦਿੱਤੇ ਜ਼ਖ਼ਮ ਸਾਰੇ ਮੈਂ ਉੱਜੜੇ ਦਿਲ ਨੂੰ ਮੁੜ ਆਬਾਦ ਕੀਤਾ ਦੁਆ ਕੀਤੀ, ਹਮੇਸ਼ਾਂ ਖ਼ੁਸ਼ ਰਹੇ ਉਹ ਕਦੇ ਮੈਨੂੰ ਸੀ ਜਿਸ ਬਰਬਾਦ ਕੀਤਾ ਇਕੱਲੀ ਮੈਂ ਨਹੀਂ ਰੁੱਖ ਵੀ ਨੇ ਸਾਥੀ ਨੇ ਚੰਨ, ਸੂਰਜ ਤੇ ਮੇਰੇ ਨਾਲ਼ ਪੰਛੀ ਅਸੀਂ ਅਨੁਕੂਲ ਵਾਤਾਵਰਣ ਖ਼ਾਤਰ ਨਵਾਂ ਇਕ ਕਾਫ਼ਲਾ ਈਜਾਦ ਕੀਤਾ ਜੋ ਜੰਗਲ ਖ਼ੌਫ਼ ਦਾ ਉੱਗਿਆ ਸੀ ਸੋਚੀਂ ਅਸੀਂ ਉਸ ਵਿਚ ਹੀ ਕੈਦੀ ਹੋ ਗਏ ਸਾਂ ਮਿਲੇ ਜਦ ਰਾਹ ਨਵੇਂ ਪੜ੍ਹ ਕੇ ਕਿਤਾਬਾਂ ਤਾਂ ਅਪਣੇ ਆਪ ਨੂੰ ਆਜ਼ਾਦ ਕੀਤਾ ਸਲੀਕੇਦਾਰ ਲਫ਼ਜ਼ਾਂ ਨਾਲ਼ ਤੁਰ ਕੇ ਜਦੋਂ ਅਕਲਾਂ ਦੀ ਪਹੁੰਚੇ ਪਾਠਸ਼ਾਲਾ ਪੜ੍ਹੇ ‘ਨ੍ਹੇਰੇ ਤੋਂ ਪਰਲੇ ਸਬਕ ਪਹਿਲਾਂ ਸਹੀ ਚਾਨਣ ਦਾ ਤਾਂ ਅਨੁਵਾਦ ਕੀਤਾ ਜਦੋਂ ਚਿੜੀਆਂ ਨਾ ਲੈ ਕੇ ਬੋਟ ਆਈਆਂ ਜਦੋਂ ਮਿੱਟੀ ਦੀ ਖ਼ੁਸ਼ਬੂ ਨਾ ਥਿਆਈ ਭਰੇ ਮਨ ਨਾਲ਼ ਫਿਰ ਸ਼ੀਸ਼ੇ ਦੇ ਘਰ ਨੇ ਪਿਛੋਕੜ ਆਪਣੇ ਨੂੰ ਯਾਦ ਕੀਤਾ

ਸੋਹਣੀ ਵਰਗੀ ਮਿਲ ਜਾਵੇ ਕੋਈ

ਸੋਹਣੀ ਵਰਗੀ ਮਿਲ ਜਾਵੇ ਕੋਈ, ਮੈਂ ਸਿਆਲਾਂ ਦੀ ਹੀਰ ਕੀ ਕਰਨੀ । ਕੱਚਿਆਂ ਉੱਤੇ ਜਾਣੇ ਤਰਨਾ, ਬਹੁਤੀ ਗੁਣੀ ਗਹੀਰ ਕੀ ਕਰਨੀ । ਜਿਹਨਾਂ ਨੇ ਕੋਈ ਖ਼ਾਬ ਨਾ ਤੱਕਿਆ ਉਹਨਾਂ ਨੇ ਤਾਬੀਰ ਕੀ ਕਰਨੀ , ਜਿਹਨਾਂ ਨੇ ਸ਼ੁਰੂਆਤ ਨਾ ਕੀਤੀ ਉਹਨਾਂ ਨੇ ਆਖ਼ੀਰ ਕੀ ਕਰਨੀ। ਸੋਹਣਾ ਪਾਵੇ ਖ਼ੈਰ ‘ਚ ਜਿਹੜੇ, ਕੌੜੇ ਤੁੰਮੇ ਮਿੱਠੇ ਲੱਗਣ , ਨਾ ਰੱਖ ਮੇਰੇ ਅੱਗੇ ਪੂੜੇ ਚੱਕ ਲੈ ਮਿੱਠੀ ਖੀਰ ਕੀ ਕਰਨੀ । ਮਨ ਦੇ ਅਗਨੀ-ਕੁੰਡ ਨੂੰ ਟੱਪ ਕੇ ਜੋ ਰੂਹਾਂ ਦੇ ਸਰਵਰ ਤਰਦੇ , ਉਹਨਾਂ ਨੇ ਪੈਰਾਂ ਵਿੱਚ ਪਾ ਕੇ ਸੋਨੇ ਦੀ ਜ਼ੰਜੀਰ ਕੀ ਕਰਨੀ । ਤੇਰੇ ਹੱਥੋਂ ਕੱਚੇ ਰੰਗ ਦੇ ਵਾਂਗੂੰ ਜਿਹੜਾ ਉੱਡ ਗਿਆ ਏ , ਉਸ ਦੀ ਹੁਣ ਤੂੰ ਬਟੂਏ ਅੰਦਰ ਰੱਖ ਕੇ ਦੱਸ ਤਸਵੀਰ ਕੀ ਕਰਨੀ ।

ਜਦੋਂ ਫੁੱਲ ਖ਼ਾਕ ਵਿਚ ਮਿਲਦਾ ਹੈ

ਜਦੋਂ ਫੁੱਲ ਖ਼ਾਕ ਵਿਚ ਮਿਲਦਾ ਹੈ ਇਕ ਉਜੜੇ ਚਮਨ ਦਾ । ਉਹਦੇ ਹਿੱਸੇ ਕਦੋਂ ਆਉਂਦਾ ਕੋਈ ਟੁਕੜਾ ਕਫ਼ਨ ਦਾ । ਮੇਰੀ ਹਨ ਜੀਭ ‘ਤੇ ਛਾਲੇ, ਮੇਰੇ ਪੈਰਾਂ ‘ਚ ਬੇੜੀ , ਮੇਰੇ ਹੱਥਾਂ ‘ਚ ਹੱਥਕੜੀਆਂ , ਮੈਂ ਨਾਅਰਾ ਹਾਂ ਅਮਨ ਦਾ । ਮੈਂ ਫੁੱਟਪਾਥਾਂ ਤੇ ਪਲ਼ ਕੇ ਮਰ ਗਿਆ ਸੜਕਾਂ ਦੇ ਉੱਤੇ , ਮੇਰੀ ਖ਼ਾਤਰ ਕਿਸੇ ਨੇ ਗੀਤ ਕੀ ਗਾਉਣਾ ਨਮਨ ਦਾ । ਤੇਰੇ ਪੈਰਾਂ ‘ਤੇ ਗੰਗਾ ਬਣ ਕੇ ਖ਼ੁਦ ਨੂੰ ਡੋਲ ਦੇਵਾਂ , ਤੇਰੇ ਨੈਣਾਂ ਨੂੰ ਚੁੰਮਣ ਦੇ ਦਿਆਂ ਆਪਣੀ ਲਗਨ ਦਾ । ਮੇਰੇ ਸਾਹਾਂ ‘ਚ ਤਪਸ਼ਾਂ ਮੌਲੀਆਂ ਹਨ ਹਾੜ੍ਹ ਵਾਂਗੂੰ , ਲਿਆ ਲੱਭ ਕੇ ਸੁਣਾ ਕਿੱਸਾ ਕੋਈ ਠੰਢੀ ਪਵਨ ਦਾ । ਮੈਂ ਹਾਂ ਉਹ ਖੇਤ ਜਿਸ ਨੂੰ ਆਪਣੀ ਹੀ ਵਾੜ ਖਾ ਗਈ , ਸਿਤਾਰਾ ਹਾਂ ਉਹ, ਜਿਸ ਨੂੰ ਖਾ ਗਿਆ ਹਉਕਾ ਗਗਨ ਦਾ । ‘ਜੀ ਆਇਆਂ ਨੂੰ’ ਕਿਹਾ ਰੁੱਖ ਨੇ ਜਦੋਂ ਉਹ ਬੋਲਿਆ ਇਹ , ਮੈਂ ਪੰਛੀ ਦੂਰ ਦਾ ਹਾਂ ਮਾਰਿਆ ਹੋਇਆ ਥਕਨ ਦਾ । ਕੀ ਦੱਸਾਂ ਇਸ਼ਕ ਤੇਰੇ ਦਾ ਸਫ਼ਰ ਮੂਲੋਂ ਸੀ ਬਿਖੜਾ , ਮੈਂ ਜਦ ਪਰਤੀ, ਸੀ ਅੱਖਾਂ ਲਾਲ ਵਿੱਚ ਅੱਥਰੂ ਅਗਨ ਦਾ ।

ਕਿਸ ਤਰ੍ਹਾਂ ਗਿਣ ਕੇ ਰੁਕਨ ਲਿਖੀਏ ਗ਼ਜ਼ਲ

ਕਿਸ ਤਰ੍ਹਾਂ ਗਿਣ ਕੇ ਰੁਕਨ ਲਿਖੀਏ ਗ਼ਜ਼ਲ ਪੀੜ ਬੰਦਿਸ਼ ਬਹਿਰ ਤੋਂ ਹੈ ਪਾਰ ਦੀ ਸੰਨ ਚੁਰਾਸੀ ਦੇ ਜ਼ੁਲਮ ਦੀ ਹੈ ਕਥਾ ਵਾਰਤਾ ਦਿੱਲੀ ਅਤੇ ਦਸਤਾਰ ਦੀ । ਪੈ ਗਏ ਛਿੱਟੇ ਲਹੂ ਦੇ ਥਾਂ ਕੁ ਥਾਂ ਲਾਸ਼ ਉੱਤੇ ਲਾਸ਼ ਹੈ ਡਿੱਗੀ ਪਈ ਦੇਹਲੀਆਂ 'ਤੋਂ ਬੋਚ ਕੇ ਚੱਕੀਂ ਜ਼ਰਾ ਹਰ ਸਤਰ ਜ਼ਖ਼ਮੀ ਹੈ ਅੱਜ ਅਖਬਾਰ ਦੀ । ਮਨ ਦੀ ਕੋਇਲ ਜਿਸ ਤਰ੍ਹਾਂ ਹੈ ਚਹਿਕਦੀ ਰਾਤ ਦੀ ਰਾਣੀ ਜਿਵੇਂ ਹੈ ਮਹਿਕਦੀ ਇਸ਼ਕ ਤੇਰੇ ਦੇ ਮੈਂ ਬਾਗ਼ੀਂ ਖਿੜ ਗਈ ਚਮਨ ਵਿਚ ਜਿੱਦਾਂ ਕਲੀ ਕਚਨਾਰ ਦੀ । ਨਾਂ ਮੇਰੇ ਖ਼ੁਸ਼ੀਆਂ ਦੀ ਆਈ ਡਾਕ ਜਦ ਮਹਿਕਿਆ ਤਨ ਮੋਗਰੇ ਦਾ ਫੁੱਲ ਜਿਵੇਂ ਜ਼ਿੰਦਗੀ ਦੀ ਸ਼ਾਖ ਉੱਤੇ ਖਿੜ ਗਈ ਜਿਉਂ ਅਗੇਤੀ ਹੀ ਕਲੀ ਗੁਲਜ਼ਾਰ ਦੀ । ਉਹ ਜੇ ਆਪਣੀ ਬਾਤ 'ਤੇ ਅੜਿਆ ਹੈ ਤਾਂ ਮੈਂ ਵੀ ਪਿੱਛੇ ਪੈਰ ਕਰਲਾਂ ਕਿਸ ਤਰ੍ਹਾਂ ਉਹ ਜੇ ਅੰਬਰ ਹੈ ਤਾਂ ਮੈਂ ਵੀ ਧਰਤ ਹਾਂ ਬਾਤ ਹੈ ਇਸ ਪਾਰ ਤੋਂ ਉਸ ਪਾਰ ਦੀ ।

ਮੈਂ ਜਦ-ਜਦ ਵੀ ਕੋਸ਼ਿਸ਼ ਕਰੀ

ਮੈਂ ਜਦ-ਜਦ ਵੀ ਕੋਸ਼ਿਸ਼ ਕਰੀ ਬਹਿ ਕੇ ਮਾਣਾਂ ਇਹ ਕਲੀਆਂ ਦੀ ਖੁਸ਼ਬੂ, ਬਹਾਰਾਂ ਦੀ ਸੁਹਬਤ ਉਦੋਂ ਯਾਦ ਆ ਕੇ ਰੁਲਾਉਂਦੀ ਹੈ ਮੈਨੂੰ ਜੋ ਮਾਣੀ ਸੀ ਤੇਰੇ ਸ਼ਿੰਗਾਰਾਂ ਦੀ ਸੁਹਬਤ ਮੈਂ ਹੋਵਾਂ ਨਾ ਹੋਵਾਂ ਤੁਸੀਂ ਪਰ ਨਾ ਹਟਣਾ ਇਹ ਦਰ ਖੜਕਾਉਣੋਂ ਤੇ ਅੰਦਰ ਆ ਬਹਿਣੋਂ ਮੇਰੇ ਤੋਂ ਵੀ ਬਿਹਤਰ ਤੁਹਾਨੂੰ ਮਿਲੇਗੀ ਮੇਰੇ ਘਰ ਦੇ ਅੰਦਰ ਦਿਵਾਰਾਂ ਦੀ ਸੁਹਬਤ ਨਾ ਬੈਠਕ ,ਨਾ ਸ਼ੀਸ਼ਾ , ਨਾ ਰੰਗੀਨ ਪਰਦੇ ਅਸੀਂ ਕੱਚੇ ਢਾਰੇ ਵਸੇ ਢਾਬ ਕੰਢੇ ਹਾਂ ਦੋਜ਼ਖ ‘ਚੋਂ ਜੰਮਦੇ ਤੇ ਗ਼ੁਰਬਤ ‘ਚ ਮਰਦੇ ਕੀ ਦੱਸੀਏ ਕੀ ਹੁੰਦੀ ਮਿਨਾਰਾਂ ਦੀ ਸੁਹਬਤ ਨਜ਼ਾਰੇ ਵੀ ਦੇਖੇ ਪਿਆਰੇ ਵੀ ਦੇਖੇ ਮੇਰੇ ਪੈਰੀਂ ਕਈਆਂ ਨੇ ਦਿਲ ਵੀ ਵਿਛਾਏ ਤੇਰੇ ਸ਼ਹਿਰ 'ਚੋਂ ਪਰ ਥਿਆਈ ਨਾ ਮੈਨੂੰ ਤੇਰੇ ਵਰਗੇ ਸਾਦੇ ਵਿਚਾਰਾਂ ਦੀ ਸੁਹਬਤ ਸਬਰ ਦੇ ਸਬੂਤੇ ਸਿਦਕ ਦੇ ਪਕੇਰੇ ਜੋ ਹਸਦੇ ਰਹੇ ਬੰਦ ਬੰਦ ਵੀ ਕਟਾਉਂਦੇ ਸੁਆਸਾਂ ਨਾ’ ਸਿੱਖੀ ਨਿਭਾਉਂਦੇ ਨੇ ਓਹੀ ਜੋ ਸਮਝਣ ਕੀ ਹੁੰਦੀ ਕਰਾਰਾਂ ਦੀ ਸੁਹਬਤ ਜਦੋਂ ਸਾਹ ਸੀ ਚੱਲਦੇ ਕੋਈ ਸਾਹਾਂ ਵਰਗਾ ਨਾ ਬੈਠਾ, ਨਾ ਖੜ੍ਹਿਆ ਮੇਰੇ ਕੋਲ਼ ਆ ਕੇ ਜਦੋਂ ਸਾਹ ਮੈਂ ਛੱਡੇ ਤਾਂ ਕਿਉਂ ਤੱਕ ਕੇ ਰੋਈ ਮੇਰੀ ਮਿੱਟੀ ਨੂੰ ਫਿਰ ਹਜ਼ਾਰਾਂ ਦੀ ਸੁਹਬਤ

ਜੰਮਿਆ ਏ ਮੇਰੀ ਮੈਂ 'ਚੋਂ

ਜੰਮਿਆ ਏ ਮੇਰੀ ਮੈਂ 'ਚੋਂ, ਕਿਹੜਾ ਸ਼ਰੀਕ ਮੇਰਾ ਉਸ ਨੂੰ ਵੀ ਗ਼ਲਤ ਆਖੇ, ਜੋ-ਜੋ ਹੈ ਠੀਕ ਮੇਰਾ ਮੇਰੇ 'ਚੋਂ ਮੇਰਾ ਹੋਣਾ, ਗੁੰਮਿਆ ਏ ਓਸ ਕਰ ਕੇ ਕਾਗਜ਼ ‘ਤੇ ਲੈ ਗਿਆ ਜੋ, ਚਿਹਰਾ ਉਲੀਕ ਮੇਰਾ ਘੜਿਆ ਗਿਆ ਨਾ ਮਤਲਾ, ਕੋਈ ਕਮਾਲ ਮੈਥੋਂ ਮਨ ਪਹੁੰਚ ਹੀ ਨਾ ਸਕਿਆ, ਉਸ ਤਹਿ ਦੇ ਤੀਕ ਮੇਰਾ ਇਕ ਪਲ ਨੇ ਜ਼ਿੰਦਗੀ ਦੀ, ਬੁਣਤੀ ਵਿਗਾੜ ਦਿੱਤੀ ਸਾਰਾ ਹੀ ਸਾਲ ਖਾ ਗਈ, ਇੱਕੋ ਤਰੀਕ ਮੇਰਾ ਛਾਣੀ ਹਾਂ ਰੇਤ ਵਾਂਗੂੰ, ਸਮਿਆਂ ਨੇ ਛਾਣਨੀ ‘ਚੋਂ ਤਾਂ ਹੀ ਤਾਂ ਹੁਣ ਨਜ਼ਰੀਆ, ਏਨਾ ਬਰੀਕ ਮੇਰਾ ਤਰ ਕੇ ਮੈਂ ਅੱਗ ਦਾ ਦਰਿਆ, ਜਦ ਓਸ ਤੀਕ ਪਹੁੰਚੀ ਇਹ ਜਿਸਮ ਬਣ ਗਿਆ ਸੀ, ਪਾਣੀ ਦੀ ਲੀਕ ਮੇਰਾ

ਬੇਸ਼ਕ ਪੂਰਾ ਸੀ ਚੰਨ ਪਰ ਮੈਂ ਤੇਰੇ ਬਿਨ

ਬੇਸ਼ਕ ਪੂਰਾ ਸੀ ਚੰਨ ਪਰ ਮੈਂ ਤੇਰੇ ਬਿਨ ਹਨੇਰਾ ਢੋਂਦਿਆਂ ਸੀ ਰਾਤ ਕੱਟੀ ਸਵੇਰੇ ਦਿਲ ‘ਚ ਭੱਖੜਾ ਬਣ ਕੇ ਉੱਗੇ ਮੈਂ ਹਉਕੇ ਬੋਂਦਿਆਂ ਸੀ ਰਾਤ ਕੱਟੀ ਵਿਛੇ ਸਨ ਸੇਜ ‘ਤੇ ਜੋ ਫੁੱਲ ਸੂਹੇ ਬਦਨ ਮੇਰੇ ਨੂੰ ਸੂਲ਼ਾਂ ਜਾਪਦੇ ਸਨ ਤੇ ਫੜ੍ਹ ਕੇ ਤੇਰੀ ਯਾਦ ਦੀ ਕਟਾਰੀ ਮੈਂ ਖ਼ੁਦ ਨੂੰ ਕੋਂਹਦਿਆਂ ਸੀ ਰਾਤ ਕੱਟੀ ਬਿਨਾ ਤੇਰੇ ਮੈਂ ਏਦਾਂ ਪਲ ਗੁਜ਼ਾਰੇ ਨਾ ਰੰਗ ਛੋਹੇ ਤੇ ਨਾ ਕੇਸੂ ਸੰਵਾਰੇ ਮੇਰੇ ਹੱਥ ‘ਤੇ ਜੋ ਤੇਰਾ ਨਾਮ ਖੁਣਿਆ ਮੈਂ ਉਸ ਨੂੰ ਛੋਂਹਦਿਆਂ ਸੀ ਰਾਤ ਕੱਟੀ ਮੈਂ ਚੇਤੇ ਕਰ ਕੇ ਸੌ ਵਾਰੀ ਮਰੀ ਸੀ ਤੂੰ ‘ਕੱਠੇ ਜੀਣ ਦੀ ਹਾਮੀ ਭਰੀ ਸੀ ਉਹ ਸਾਰੇ ਖ਼ੁਸ਼ਨੁਮਾ ਪਲ ਯਾਦ ਕਰ ਕਰ ਮੈਂ ਮੁੜ ਕੇ ਰੋਂਦਿਆਂ ਸੀ ਰਾਤ ਕੱਟੀ ਮੇਰੀ ਧੜਕਣ ਦੇ ਵਿਚਲੀ ਬੇਕਰਾਰੀ ਤੇਰੇ ਸਾਹਾਂ ਦੀ ਖ਼ੁਸ਼ਬੂ ਭਾਲਦੀ ਸੀ ਤੇਰਾ ਨਿੱਘ ਸੀ ਅਜੇ ਚੇਤੇ ‘ਚ ਬਾਕੀ ਮੈਂ ਜਿਸ ਨੂੰ ਟੋਂਹਦਿਆਂ ਸੀ ਰਾਤ ਕੱਟੀ

ਮੈਂ ਚਾਨਣ ਦੀ ਜਦੋਂ ਬੁਰਕੀ ਛੁਹਾਈ

ਮੈਂ ਚਾਨਣ ਦੀ ਜਦੋਂ ਬੁਰਕੀ ਛੁਹਾਈ ਰਾਤ ਦੇ ਹੋਠੀਂ ਦੋ ਤਾਰੇ ਖਿੜ ਗਏ ਓਦੋਂ ਮੇਰੀ ਔਕਾਤ ਦੇ ਹੋਠੀਂ ਮੇਰੇ ਲਹਿਜ਼ੇ ਦੇ ਮੱਥੇ ‘ਤੇ ਪਸੀਨਾ ਸ਼ਰਮ ਦਾ ਆਇਆ ਉਹ ਉੱਤਰ ਵਿਚ ਦੇਵੇ ਚੁੰਮਣ ਮੇਰੀ ਹਰ ਬਾਤ ਦੇ ਹੋਠੀਂ ਉਦੋਂ ਸੱਚ ਬਣ ਕੇ ਬਿਜਲੀ ਚਮਕਿਆ ਅੰਬਰ ਦੇ ਸੀਨੇ ‘ਤੇ ਪਿਆਲਾ ਜ਼ਹਿਰ ਦਾ ਲੱਗਿਆ ਜਦੋਂ ਸੁਕਰਾਤ ਦੇ ਹੋਠੀਂ ਜਦੋਂ ਪਾਠੀ ਕਹੇ ਤੜਕੇ ‘ਜਪੋ ਸਤਿਨਾਮ’ ਸਭ ਉੱਠ ਕੇ ਇਲਾਹੀ ਗੀਤ ਛਿੜ ਜਾਂਦੇ ਨੇ ਕੁੱਲ ਕਾਇਨਾਤ ਦੇ ਹੋਠੀਂ ਮੈਂ ਤੁਰ ਜਾਣਾ ਜਹਾਨੋਂ ਪਰ ਮੇਰੇ ਇਹ ਗੀਤ ਰਹਿ ਜਾਣੇ ਕਿਸੇ ਮਹਿਫ਼ਲ ‘ਚ ਥਿਰਕਣਗੇ ਕਿਸੇ ਅਗਿਆਤ ਦੇ ਹੋਠੀਂ

ਐ ਮੇਰੇ ਪੁਰਖਿਓ ਸਤਿਕਾਰ ਖ਼ਾਤਰ

ਐ ਮੇਰੇ ਪੁਰਖਿਓ ਸਤਿਕਾਰ ਖ਼ਾਤਰ ਤੁਹਾਡੀ ਰੀਤ ਮੈਂ ਹਰ ਪਾਲ ਰੱਖੀ ਮਟੀ ਬੇਸ਼ੱਕ ਨਹੀਂ ਹੈ ਖੇਤ ਅੰਦਰ ਤੁਹਾਡੀ ਸੋਚ ਪਰ ਸੰਭਾਲ ਰੱਖੀ ਅਸੀਂ ਦੋਵੇਂ ਬਰਾਬਰ ਚੱਲ ਸਕੇ ਨਾ ਸਫ਼ਰ ਦੇ ਅਰਥ ਸੀ ਦੋਹਾਂ ਲਈ ਵੱਖਰੇ ਤੁਰੀ ਹੌਲ਼ੀ ਤਾਂ ਤੁਰਿਆ ਤੇਜ਼, ਉਸ ਨੇ ਮੇਰੀ ਤੇਜ਼ੀ 'ਤੇ ਮੱਧਮ ਚਾਲ ਰੱਖੀ ਤੇਰੇ ਅੰਦਰ ਨੇ ਸੁੱਤੇ ਰਾਗ ਜਿਹੜੇ ਜਗਾ ਦੇਵੇਗੀ ਉਹਨਾਂ ਨੂੰ ਕੁਵੇਲ਼ੇ ਇਹ ਛੋਹ ਤੇਰੀ ਦੀ ਹੀ ਬਸ ਮੁੰਤਜ਼ਰ ਹੈ ਮੈਂ ਜਿਹੜੀ ਧੜਕਣਾਂ ਵਿਚ ਤਾਲ ਰੱਖੀ ਪਤਾ ਨਹੀਂ ਸਫ਼ਰ ਤੋਂ ਮੁੜਣਾ ਵੀ ਹੈ ਜਾਂ ਪਊ ਰਸਤੇ ‘ਚ ਹੀ ਸੂਲ਼ੀ ‘ਤੇ ਚੜ੍ਹਨਾ ਬੜੀ ਚੁਭਦੀ ਸਮੇਂ ਦੇ ਹਾਕਮਾਂ ਨੂੰ ਮੈਂ ਜੋ ਮੱਥੇ ‘ਚ ਅਗਨੀ ਬਾਲ ਰੱਖੀ ਮੈਂ ਜਿਸ ਦੇ ਵਾਸਤੇ ਸੂਰਜ ਜਣੇ ਹਨ ਕਹੇ ਕਾਲ਼ਖ ਉਹ ਮੈਨੂੰ ਦੀਵਿਆਂ ਦੀ ਮੈਂ ਜਿਸ ਦੇ ਨਾਂ ਕਰੀ ਸਰਘੀ ਉਮਰ ਦੀ ਮੇਰੇ ਹਿੱਸੇ ਉਨ੍ਹੇ ਤਿਰਕਾਲ ਰੱਖੀ

ਕਿਉਂ ਕਰਨੀ ਏ ਤੂੰ-ਤੂੰ, ਮੈਂ-ਮੈਂ

ਕਿਉਂ ਕਰਨੀ ਏ ਤੂੰ-ਤੂੰ, ਮੈਂ-ਮੈਂ ,ਬਹਿ ਮਸਲੇ ਸੁਲਝਾ ਲੈੰਦੇ ਹਾਂ । ਆਪੋ ਅਪਣੇ ਰਸਤੇ ਤੁਰ ਕੇ ਬਾਕੀ ਵਾਟ ਮੁਕਾ ਲੈੰਦੇ ਹਾਂ । ਫੁੱਲਾਂ ਦਾ ਦਿਲ ਜ਼ਖ਼ਮੀ ਕਰ ਕੇ ਖ਼ੁਦ ਵੀ ਰੂਹ ਤੱਕ ਪੱਛੇ ਜਾਈਏ ਰੁੱਸੇ ਹੋਏ ਪੱਥਰ ਤਾਂ ਉਂਝ ਰੋ ਕੇ ਝੱਟ ਮਨਾ ਲੈੰਦੇ ਹਾਂ । ਉੱਡਦੀ ਫਿਰਦੀ ਤਿਤਲੀ ਤੱਕ ਕੇ ਉਮਰਾਂ ‘ਤੇ ਵੱਸ ਕਿੱਥੇ ਚੱਲਦੈ, ਮਨ ਦੇ ਅੰਦਰ ਸੁੱਤਾ ਬੱਚਾ ਕੱਚੀ ਨੀਂਦ ਜਗਾ ਲੈੰਦੇ ਹਾਂ । ਕਿੱਦਾਂ ਹੱਥ ਉਠਾ ਕੇ ਤੈਨੂੰ ਅਦਬ ਸਲਾਮਾਂ ਕਰੀਏ ਦੱਸੀਂ , ਯਾਦ ਤੇਰੀ ਵਿਚ ਗਿਣ-ਗਿਣ ਤਾਰੇ, ਪੋਟੇ ਰੋਜ਼ ਥਕਾ ਲੈੰਦੇ ਹਾਂ । ਉਂਝ ਤਾਂ ਇਹ ਦਿਲ ਹਰਦਮ ਉਸ ਨੂੰ ਦੇਖਣ ਦੀ ਤਰਕੀਬ ਬਣਾਵੇ , ਪਰ ਉਹ ਜਦ ਵੀ ਸਾਹਵੇਂ ਬੈਠੇ ਨਜ਼ਰਾਂ ਝੱਟ ਝੁਕਾ ਲੈੰਦੇ ਹਾਂ । ਕੁਝ ਕਿੱਸੇ ਐਸੇ ਹੁੰਦੇ ਨੇ ਜੋ ਹਰ ਇਕ ਨੂੰ ਦੱਸਦੇ ਫਿਰੀਏ ਕੁਝ ਐਸੇ ਵੀ ਹੁੰਦੇ ਜਿਹੜੇ ਖ਼ੁਦ ਤੋਂ ਅਸੀਂ ਛੁਪਾ ਲੈੰਦੇ ਹਾਂ ।

ਮੇਰੇ ਬੋਲਾਂ ‘ਚ ਹੁਣ ਸੱਚ ਦੇ ਸ਼ਰਾਰੇ

ਮੇਰੇ ਬੋਲਾਂ ‘ਚ ਹੁਣ ਸੱਚ ਦੇ ਸ਼ਰਾਰੇ ਹੋ ਵੀ ਸਕਦੇ ਨੇ। ਖ਼ਫ਼ਾ ਮੇਰੇ ਤੋਂ ਹੁਣ ਜਾਨੋਂ ਪਿਆਰੇ ਹੋ ਵੀ ਸਕਦੇ ਨੇ । ਕਿਤੇ ਮੋਰਾਂ ਦੀ ਕੂ-ਕੂ ਹੈ, ਕਿਤੇ ਸਰ-ਸਰ ਹਵਾਵਾਂ ਦੀ , ਮੇਰੇ ਅੰਦਰ ਕਿਸੇ ਵਣ ਦੇ ਪਸਾਰੇ ਹੋ ਵੀ ਸਕਦੇ ਨੇ । ਮੇਰੇ ਨੈਣਾਂ ‘ਚ ਤੂੰ ਮੱਸਿਆ ਦੀ ਕਾਲ਼ਖ ਦੇਖ ਕੇ ਨਾ ਮੁੜ, ਮੇਰੀ ਮੁੱਠੀ ‘ਚ ਚੰਨ, ਸੂਰਜ, ਸਿਤਾਰੇ ਹੋ ਵੀ ਸਕਦੇ ਨੇ । ਬਣੀਂ ਤੂੰ ਸਾਜ਼ ਮੇਰਾ, ਮੈਂ ਬਣੂੰ ਸਰਗਮ ਤੇਰੀ ਦਿਲਬਰ, ਇਹ ਦਿਲ ਇਕ ਦੂਸਰੇ ਦੇ ਇਉਂ ਸਹਾਰੇ ਹੋ ਵੀ ਸਕਦੇ ਨੇ । ਨੀ ਚਿੜੀਓ ! ਹੌਸਲਾ ਰੱਖਿਓ ਦੁਮੇਲਾਂ ਤੀਕ ਜਾਣਾ ਹੈ, ਕਿ ਉੱਥੇ ਚੁਗਣ ਲਈ ਖਿੱਲਰੇ ਸਿਤਾਰੇ ਹੋ ਵੀ ਸਕਦੇ ਨੇ । ਵਰ੍ਹੇ ਮੇਰੇ ‘ਤੇ ਜੋ ਪੱਥਰ, ਇਸ਼ਾਰਾ ਕਰ ਗਏ ਮੈਨੂੰ, ਰਕੀਬਾਂ ਵਿਚ ਖੜ੍ਹੇ ਤੇਰੇ ਪਿਆਰੇ ਹੋ ਵੀ ਸਕਦੇ ਨੇ । ਥਲਾਂ ਦੀ ਰੇਤ ‘ਤੇ ਨਗ਼ਮੇ ਜੋ ਲਿਖ ਦਿੱਤੇ ਨੇ ਤੂੰ ਨੀਲੂ , ਕਿਸੇ ਡਾਚੀ ਦੇ ਝੂੰਮਣ ਲਈ ਹੁਲਾਰੇ ਹੋ ਵੀ ਸਕਦੇ ਨੇ ।

  • ਮੁੱਖ ਪੰਨਾ : ਨੀਲੂ ਜਰਮਨੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ