25.06.1976 ਨੂੰ ਹਸਨਪੁਰ (ਲੁਧਿਆਣਾ ) ਵਿਖੇ ਜਨਮੀ ਨੀਲੂ ਜਰਮਨੀ ਸਾਲ 2004 ਤੋਂ ਜਰਮਨੀ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ। ਉਸ ਦਾ ਬਚਪਨ ਆਪਣੇ ਪਿੰਡ ਹਸਨਪੁਰ ਵਿੱਚ ਹੀ ਬੀਤਿਆ। ਇਸੇ ਪਿੰਡ ਦੇ ਜੰਮਪਲ ਪ੍ਰਸਿੱਧ ਫ਼ਿਲਮਸਾਜ਼ ਤੇ ਗੀਤਕਾਰ ਜਨਾਬ ਇੰਦਰਜੀਤ ਹਸਨਪੁਰੀ ਜੀ ਸਨ ਜਿੰਨ੍ਹਾਂ ਦੇ ਪਿਛਵਾੜੇ ਇਨ੍ਹਾਂ ਦਾ ਘਰ ਸੀ। ਹਸਨਪੁਰੀ ਜੀ ਦੀ ਉਸ ਫ਼ਿਜ਼ਾ ਵਿੱਚ ਹਾਜ਼ਰੀ ਦਾ ਹੀ ਪ੍ਰਤਾਪ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਪਾਸੋਂ ਬਚਪਨ ਵੇਲੇ ਗ੍ਰਹਿਣ ਕੀਤੇ ਸੰਸਕਾਰ ਹੀ ਸ਼ਾਇਰੀ ਚ ਢਲੇ।
ਨੀਲੂ ਨੇ ਗਰੈਜ਼ੂਏਸ਼ਨ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿਆਣਾ) ਤੋਂ ਕੀਤੀ ਜਿੱਥੇ ਡਾਃ ਗੁਰਇਕਬਾਲ ਸਿੰਘ ਉਸ ਦੇ ਅਧਿਆਪਕ ਸਨ।
ਕੁਝ ਅਰਸਾ ਪਹਿਲਾਂ ਨੀਲੂ ਦੇ ਸਤਿਕਾਰਤ ਪਿਤਾ ਜੀ ਸੜਕ ਹਾਦਸੇ ਵਿੱਚ ਸਦੀਵੀ ਅਲਵਿਦਾ ਕਹਿ ਗਏ ਤਾਂ ਉਹ ਬਹੁਤ ਡੋਲ ਗਈ। ਡਾਕਟਰ ਨੇ ਕਿਹਾ ਕਿ ਤੁਸੀਂ ਆਪਣਾ ਕੋਈ ਅਧੂਰਾ ਸ਼ੌਕ ਮੁੜ ਸੁਰਜੀਤ ਕਰੋ। ਨੀਲੂ ਨੇ ਕਲਮ ਨੂੰ ਮੁੜ ਫੜ ਲਿਆ ਤੇ ਭਾਵਨਾ ਦੇ ਪ੍ਰਬਲ ਵਹਿਣ ਦੋ ਸਾਲਾਂ ਚ ਹੀ ਪਹਿਲੀ ਕਾਵਿ ਪੁਸਤਕ ਬੈਰਾਗ ਵਿੱਚ ਢਲ ਗਏ। ਇਹ ਕਿਤਾਬ 2021 ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਪ੍ਰਕਾਸ਼ਿਤ ਹੋਈ।
ਨੀਲੂ ਦਾ ਪਸੰਦੀਦਾ ਸ਼ਾਇਰ ਸ਼ਿਵ ਕੁਮਾਰ ਹੈ ਜਿਸ ਦਾ ਅਸਰ ਉਹਦੇ ਬੋਲਾਂ ਵਿੱਚੋਂ ਪ੍ਰਤੱਖ ਝਲਕਦਾ ਹੈ। ਨੀਲੂ ਨੇ ਆਪਣਾ ਮੌਲਿਕ ਅੰਦਾਜ਼ ਵੀ ਸਿਰਜਿਆ ਹੈ, ਜਿਸ ਵਿੱਚ ਲੋਕ ਧਾਰਾ ਦਾ ਵਹਿਣ ਨਾਲੋ ਨਾਲ ਨਿਰੰਤਰ ਵਹਿੰਦਾ ਹੈ।
ਹੁਣ ਉਸ ਦਾ ਸੱਜਰਾ ਗ਼ਜ਼ਲ ਸੰਗ੍ਰਹਿ ਛਪਾਈ ਅਧੀਨ ਹੈ। ਇਸ ਵਿੱਚ ਉਹ ਵੈਰਾਗ ਤੋਂ ਅਗਲੇ ਪੰਧ ਤੇ ਹੈ। ਨੀਲੂ ਦਾ ਸ਼ੌਕ ਲਿਖਣਾ , ਪੜ੍ਹਣਾ ਅਤੇ ਨੱਚਣਾ ਗਾਉਣਾ ਹੀ ਹੈ।
ਯੋਰਪੀਨ ਲੇਖਕ ਭਾਈਚਾਰੇ ਵਿੱਚ ਨੀਲੂ ਸਤਿਕਾਰਤ ਮੁਕਾਮ ਰੱਖਦੀ ਹੈ।
ਨੀਲੂ ਦੀ ਸ਼ਾਇਰੀ ਵਿੱਚ ਮੁਹੱਬਤ ਦੀ ਸਰਦਾਰੀ ਹੈ। ਇਹ ਮੁਹੱਬਤ ਵਿਅਕਤੀ ਵਿਸ਼ੇਸ਼ ਜਾਂ ਰਿਸ਼ਤਿਆਂ ਨੂੰ ਹੀ ਨਹੀਂ ਸਗੋਂ ਸਮੁੱਚੀ ਲੋਕਾਈ ਨਾਲ ਹੈ। ਵੈਰਾਗ ਤੋਂ ਅਨੁਰਾਗ ਰਾਹੀਂ ਲੰਘਦਿਆਂ ਉਹ ਲੋਕ ਰਾਗ ਤੀਕ ਅੱਪੜੀ ਹੈ। ਉਸ ਦੇ ਸਾਬਤ ਕਦਮਾਂ ਨੂੰ ਪਾਠਕ ਚੰਗਾ ਹੁੰਗਾਰਾ ਭਰ ਰਹੇ ਹਨ, ਮੇਰੇ ਸਮੇਤ।
-ਗੁਰਭਜਨ ਗਿੱਲ
