Punjabi Poetry : Nawab Khan
ਪੰਜਾਬੀ ਕਵਿਤਾਵਾਂ : ਨਵਾਬ ਖਾਨ
ਪੰਜਾਬੀ
ਤੈਨੂੰ ਗੁੜ੍ਹਤੀ ਮਿਲੀ ਫਰੀਦ ਤੋਂ
ਸ਼ਾਹ ਵਾਰਿਸ ਜਿਹੇ ਮੁਰੀਦ ਤੋਂ
ਤੇਰੇ ਨੈਂਣੀ ਨੂਰ ਕਬੀਰ ਦਾ 
ਪਿੱਠ ਥਾਪੜਾ ਮੀਆਂ ਮੀਰ ਦਾ
ਤੈਨੂੰ ਬਖਸ਼ਿਸ਼ ਨਾਨਕ ਪੀਰ ਦੀ 
ਬੁੱਲ੍ਹੇ ਜਿਹੇ ਮਸਤ ਫਕੀਰ ਦੀ 
ਤੈਨੂੰ ਆਸਰਾ ਹਿੰਦ ਦੇ ਪੀਰ ਦਾ 
ਤੇ ਨਲੂਏ ਦੀ ਸ਼ਮਸ਼ੀਰ ਦਾ 
ਤੇਰੇ ਮਹਿਕਾਂ ਸੁਰਮੇ ਪਾਉਂਦੀਆਂ 
ਤੈਨੂੰ ਹੀਰਾਂ ਸੱਸੀਆਂ ਗਾਉਂਦੀਆਂ
ਤੇਰੇ ਸਾਹੀਂ ਬੰਦਗੀ ਮੇਲਦੀ 
ਮੱਥੇ ਵਿੱਚ ਰੌਣਕ ਖੇਲਦੀ 
ਤੇਰੀ ਮਿੱਟੀ ਕਰੇ ਅਰਾਧਨਾ 
ਤੇ ਥੇਹਾਂ ਕਰਦੀਆਂ ਸਾਧਨਾ 
ਤੇਰੇ ਪੈਰੀਂ ਝਾਂਜਰ ਇਸ਼ਕ ਦੀ 
ਜੋ ਸਗਲ ਧਰਤ ਵਿੱਚ ਲਿਸ਼ਕਦੀ 
ਜਿਉਂ ਡੇਲੇ ਫੁੱਟਣ ਕਰੀਰ ਚੋਂ 
ਆਏ ਖੁਸ਼ਬੂ ਤੇਰੀ ਤਾਸੀਰ ਚੋਂ
ਤੇਰਾ ਅੱਖਰ ਅੱਖਰ ਪਾਕ ਹੈ 
ਤੇਰਾ ਪੀਰਾਂ ਦੇ ਨਾਲ ਸਾਕ ਹੈ 
ਤੂੰ ਕੌਤਕ ਦੀ ਕੋਈ ਕਿਸਮ ਹੈਂ
ਤੇਰੇ ਰੂਪ ਚ ਕੋਈ ਤਲਿਸਮ ਹੈ 
ਤੂੰ ਹੈਂ ਪਰਵਾਜ਼ ਉਕਾਬ ਦੀ 
ਤੂੰ ਰੌਣਕ ਦੇਸ ਪੰਜਾਬ ਦੀ ।
ਲਾਹੌਰ
ਚੇਤਿਆਂ 'ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ 
ਨਾਨਕ ,ਫਰੀਦ ਵਾਲੇ ਸਾਕ ਜਿੰਦਾ ਰਹਿਣਗੇ 
ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ ?
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ 
ਸਿੰਜੀ ਜਿਹੜੀ ਬਾਬਿਆਂ ਨੇ ਭੋਂ ਨਈਂਓ ਸੁੱਕਣੀ
ਸਾਂਈ ਮੀਆਂ ਮੀਰ ਵਾਲੀ ਸਾਂਝ ਨਈਂਓ ਮੁੱਕਣੀ
ਔਰੰਗੇ , ਮੱਸੇ, ਜਕਰੀਏ ਹੋਰ ਮੁੱਕ ਜਾਂਦੇ ਨੇ 
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ 
ਝਨਾਂ ਦਿਆਂ ਨੀਰਾਂ ਤੇ ਪ੍ਰੀਤ ਰਹੂ ਤਰਦੀ
ਬੇਲਿਆਂ ਚੋਂ ਵੰਝਲੀ ਦੀ ਹੂਕ ਨਈਂਓ ਮਰਦੀ
ਕੈਦੋਂ ਸਾਰੇ ਪਲਕਾਂ ਦੇ ਫੋਰ ਮੁੱਕ ਜਾਂਦੇ ਨੇ 
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ 
ਲੰਗਰਾਂ ਦੀ ਦਾਤ ਮਿਲੂ ਬਾਬੇ ਦਿਆਂ ਵੀਹਾਂ ਚੋਂ 
ਉੱਗ ਪੈਣੀ ਸ਼ਰਧਾ ਸਲੀਬਾਂ , ਸੂਲੀ,  ਨੀਹਾਂ ਚੋਂ
ਪੰਧ ਉੱਤੇ ਕੰਡੇ,  ਸੂਲਾਂ , ਥੋਹਰ ਮੁੱਕ ਜਾਂਦੇ ਨੇ 
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ ।
ਬੰਦਗੀ
ਇਹ ਬੰਦਗੀ ਕਮੰਡਲ ਤੇ ਤਸਬੀ ਜਿਹੀ ਹੈ 
ਇਹ ਨਾਜ਼ਿਲ ਰਸੂਲਾਂ ਤੇ ਰੱਬੀ ਵਹੀ ਹੈ ।
ਇਹ ਨਬੀਆਂ ਦੇ ਮੁੱਖ ਚੋਂ ਹੈ ਆਇਤਾਂ ਦਾ ਕਹਿਣਾ 
ਇਹ ਬੰਦਗੀ ਅਜ਼ਲ ਤੋਂ ਹੈ ਆਸ਼ਿਕ ਦਾ ਗਹਿਣਾ।
ਇਹ ਹਿਰਦੇ ਚ ਖਿੜਦਾ ਕੋਈ ਫੁੱਲ ਹੈ ਅੰਗੂਰੀ
ਇਹ ਰਾਂਝੇ ਦਾ ਕਾਸਾ ਇਹ ਹੀਰਾਂ ਦੀ ਚੂਰੀ ।
ਹੈ ਬੰਦਗੀ ਮੁਜਾਹਿਦ ਦਾ ਬੰਦ ਬੰਦ ਕਟਾਉਣਾ
ਇਹ ਬੁੱਲ੍ਹੇ ਦਾ ਨੱਚਣਾ ਇਹ ਨਾਨਕ ਦਾ ਗਾਉਣਾ।
ਕਿ ਇਸ਼ਕੇ ਲਈ ਮਰਨਾ ਤੇ ਜੀਣਾ ਹੈ ਬੰਦਗੀ 
ਕਿ ਸੁਕਰਾਤ ਦਾ ਜਹਿਰ ਨੂੰ ਪੀਣਾ ਹੈ ਬੰਦਗੀ।
ਹੈ ਬੰਦਗੀ ਕਿ ਤੂਰਾਂ ਤੋਂ ਨੂਰਾਂ ਦਾ ਦਿਸਣਾ 
ਹੈ ਬੰਦਗੀ ਕਿ ਸਾਹਾਂ ਚੋਂ ਮਹਿਕਾਂ ਦਾ ਰਿਸਣਾ।
ਹੈ ਬੰਦਗੀ ਸਿਖਰ ਤੇ ਹੈ ਬੰਦਗੀ ਸਮੁੰਦਰ 
ਇਹ ਕੈਦੀ ਨਾ ਗਿਰਜੇ ਤੇ ਮੰਦਰ ਦੇ ਅੰਦਰ।
ਇਹ ਬੰਦਗੀ ਤਰੀਕਤ ਤੇ ਵਸਲਾਂ ਦੀ ਪੌੜੀ 
ਇਹ ਸੂਹੀ ਬਿਲਾਵਲ ਹੈ ਆਸਾ ਤੇ ਗਾਉੜੀ।
ਇਹ ਮਹਿਰਮ ਵੱਲ ਜਾਂਦੀ ਇਲਾਹੀ ਪਹੀ ਹੈ 
ਇਹ ਬੰਦਗੀ ਕਮੰਡਲ ਤੇ ਤਸਬੀ ਜਿਹੀ ਹੈ ।
ਲੌਂਗਾਂ ਦੀ ਸੁਗੰਧ
ਨੀਂ ਉਹ ਹਰਫ਼ਾਂ ਚ ਇਸ਼ਕ ਉਤਾਰਦਾ 
ਉਹਦਾ ਸੁਖਨ ਨੀਂ ਸੀਨਿਆਂ ਨੂੰ ਠਾਰਦਾ
ਉਹ ਤਾਂ ਕਣੀਆਂ ਚ ਉੱਡਦੀ ਕੋਈ ਗੰਧ ਵਰਗਾ 
ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ ।
ਪੜ੍ਹੇ ਉੱਚੀ ਉੱਚੀ ਵਾਰਿਸ ਦੀ ਹੀਰ ਨੀਂ
ਨਿਰਾ ਤੱਕਣੀ ਤੋਂ ਜਾਪਦੈ ਫਕੀਰ ਨੀਂ 
ਨੀਂ ਉਹ ਹੱਜ ਵੱਲ ਜਾਂਵਦੇ ਕੋਈ ਪੰਧ ਵਰਗਾ
ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ ।
ਉਹ ਤਾਂ ਜਾਪਦੈ ਸੁਹੱਪਣਾਂ ਦਾ ਮੇਲ ਨੀਂ
ਨੂਰ ਮੁੱਖ ਤੇ ਜਿਉਂ ਫੁੱਲਾਂ ਤੇ ਤਰੇਲ ਨੀਂ
ਨਸ਼ਾ ਨੇਤਰਾਂ ਚ ਪਦਮ ਦੇ ਡੰਗ ਵਰਗਾ 
ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ ।
ਉਹ ਤਾਂ ਬੁੱਝਦੈ ਖਾਮੋਸ਼ੀਆਂ ਚੋਂ ਬਾਤ ਨੀਂ
ਉਹਦਾ ਇਸ਼ਕ ਹੀ ਮਜ਼ਹਬ ਜਾਤ ਨੀਂ
ਉਹ ਤਾਂ ਵਸਲਾਂ ਦੀ ਪੂਣੀਆਂ ਦੇ ਤੰਦ ਵਰਗਾ 
ਮੁੰਡਾ ਸਖੀਓ ਨੀਂ ਲੌਂਗਾਂ ਦੀ ਸੁਗੰਧ ਵਰਗਾ ।
ਤੇਰੇ ਕਦਮਾਂ ਤੋਂ (ਨਬੀ ਸ.)
ਹੈ ਪੌਣਾਂ ਵਿੱਚ ਵਿਸਮਾਦ ਨੀਂ
ਅੱਜ ਗੂੰਜਣ ਲੱਗੇ ਨਾਦ ਨੀਂ
ਇਹ ਲੋਰਾਂ ਸਖੀਏ ਕਾਹਦੀਆਂ
ਜੋ ਮਹਿਕਣ ਲੱਗੀਆਂ ਵਾਦੀਆਂ
ਕਿ ਝਰਨੇ ਇਸ਼ਕ ਦੇ ਵਹਿ ਰਹੇ 
ਅੱਕ ਰੂਪ ਫੁੱਲਾਂ ਦਾ ਲੈ ਰਹੇ 
ਅੱਜ ਸ਼ੋਰ ਹੋ ਗਏ ਚੁੱਪ ਨੀਂ
ਅੱਜ ਸੀਤਲ ਹੋ ਗਈ ਧੁੱਪ ਨੀਂ
ਅੱਜ ਫ਼ਲਕ ਨੇ ਪੀ ਲਏ ਜਾਮ ਨੀਂ
ਹੋਈ ਸਗਲ ਧਰਤ ਅੱਜ ਧਾਮ ਨੀਂ
ਅੱਜ ਰੰਗਤ ਚੜ੍ਹੇ ਤੋਹੀਦ ਦੀ 
ਤੇ ਕੁਦਰਤ ਲੱਗੀ ਗਾਉਂਣ
ਇਹ ਕਿਸਦੇ ਪਾਕ ਸਰੂਰ ਨੇ 
ਸੀ ਗੁਜਰਿਆ ਇੱਥੋਂ ਕੌਣ ?
ਹਾਂ ਠੀਕ ਤੂੰ ਸਖੀਏ ਆਖਿਆ 
ਅੱਜ ਇਸ਼ਕ ਦੀ ਹੋਏ ਵਿਆਖਿਆ 
ਅੱਜ ਮੌਸਮ ਵੀ ਮਸਤਾ ਰਹੇ 
ਤੇ ਗਾਥਾ ਇਸ਼ਕ ਦੀ ਗਾ ਰਹੇ 
ਅੱਜ ਜਹਿਰਾਂ ਹੋਈਆਂ ਸ਼ਹਿਦ ਨੀਂ
ਤੇ ਬਦੀਆਂ ਹੋਈਆਂ ਕੈਦ ਨੀਂ
ਅੱਜ ਉੱਡੇ ਪ੍ਰੇਮ ਦੀ ਭਾਫ਼ ਨੀਂ 
ਕੁੱਲ ਧਰਤ ਹੋਈ ਕੋਹਕਾਫ਼ ਨੀਂ
ਅੱਜ ਮਹਿਕ ਚੰਦੋਏ ਤਾਣਦੀ
ਤੇ ਵਗੇ ਇਲਾਹੀ ਪੌਣ 
ਆ ਸਖੀਏ ਚੱਲ ਕੇ ਵੇਖੀਏ
ਸੀ ਗੁਜਰਿਆ ਇੱਥੋਂ ਕੌਣ ।
ਔਹ ਵੇਖ ਨੀਂ ਸਖੀਏ ਜਾਪਦੇ 
ਕੀਹਦੇ ਕਦਮਾਂ ਵਾਲੇ ਨਿਸ਼ਾਨ 
ਜਰਾਂ ਜਾਕੇ ਕੌਤਕ ਵੇਖੀਏ
ਹੈ ਕਿਸਦੀ ਅਜ਼ਮਤ ਸ਼ਾਨ ।
ਹੈ ਧੂੜ ਮੁਕੱਦਸ ਹੋ ਗਈ 
ਵਿੱਚ ਬੰਦਗੀ ਹੋਈ ਚੂਰ 
ਇਹ ਕੌਤਕ ਹੈਣ ਅਵੱਲੜੇ
ਇਹ ਹੈਣ ਇਲਾਹੀ ਨੂਰ
ਜੋ ਖੁਸ਼ਬੂ ਆਏ ਈਮਾਨ ਦੀ 
ਤੇ ਵੱਖਰਾ ਚੜ੍ਹੇ ਸਰੂਰ 
ਇਹ ਕਦਮ ਪੈਗੰਬਰੀ ਜਾਪਦੇ 
ਇੱਥੋਂ ਗੁਜਰੇ ਨਬੀ ਹਜੂਰ ।
ਕਰਬਲਾ
ਦੇਹੀਆਂ 'ਚ ਅਲਫ਼ ਹੁਸੈਨੀਆਂ ਦੇ ਨੂਰ ਨੇ 
ਛੇੜਨੀ ਏ ਕੰਬਣੀ ਫ਼ਲਕ ਨੂੰ 
ਨਾਅਰੇ ਤਕਬੀਰ ਦੇ ਜੁਗਾਦਿ ਤੱਕ ਗੂੰਜਣਗੇ 
ਮੁੱਕਣੈ ਯਜ਼ੀਦ ਤਾਂ ਭਲਕ ਨੂੰ 
ਲੱਪ ਕੁ ਹਨੇਰਿਆਂ ਦੇ ਨਾਲ ਕਿੱਥੇ ਮਿਟਣਾ ਏ 
ਦਗ ਰਹੇ ਸੂਰਜਾਂ ਦੀ ਸ਼ਾਨ ਨੇ 
ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣਗੇ 
ਰੱਤ ਵਿੱਚੋਂ ਉੱਗਣਾ ਈਮਾਨ ਨੇ
ਛੱਲਾ
ਛੱਲਾ ਮੇਰਾ ਜੀਅ ਢੋਲਾ
ਕੰਨੀਂ ਵੰਝਲੀ ਦਾ ਸੁਰ ਪੈਂਦੈ
ਇਸ਼ਕ ਅਵੱਲੜਾ ਹੁੰਦੈ
ਛੱਡ ਤਖ਼ਤਾਂ ਨੂੰ ਤੁਰ ਪੈਂਦੈ
ਛੱਲਾ ਮੇਰਾ ਜੀਅ ਢੋਲਾ 
ਸਭ ਭਰਮ ਫਜੂਲ ਹੋਏ 
ਗਿਰਜੇ ਚੋਂ ਸੁਣੇ ਆਰਤੀ 
ਜਦੋਂ ਇਸ਼ਕ ਨਜ਼ੂਲ ਹੋਏ 
ਛੱਲਾ ਮੇਰਾ ਜੀਅ ਢੋਲਾ 
ਤੇਰਾ ਇਸ਼ਕ ਅਜ਼ੀਮ ਹੋਵੇ
ਬਾਕੀ ਸਾਰਾ ਇਲਮ ਭੁੱਲੇ
ਚੇਤੇ ਅਲਫ਼ ਤੇ ਮੀਮ ਹੋਵੇ
ਛੱਲਾ ਮੇਰਾ ਜੀਅ ਢੋਲਾ 
ਅੱਖ ਟਿਕੀ ਏ ਸਰੂਰ ਉੱਤੇ 
ਹਿਰਾ ਵਿੱਚ ਜਲਵਾ ਜੀਹਦੈ
ਓਹੀ ਦਿਸਦਾ ਏ ਤੂਰ ਉੱਤੇ
ਰਬਾਬ
ਸ਼ਬਦ ਪੀਰ ਭੱਥੇ ਤਕਦੀਰ ਹੋਏ 
ਜਾਪੁ, ਚੌਪਈ ,ਆਦਿ ਜੁਗਾਦਿ ਗੂੰਜੇ
ਤੇਰੀ ਸੋਹਬਤ ਮਿਲੀ ਜਦ ਨੇਤਰਾਂ ਨੂੰ 
ਸਾਹਾਂ ਸੁਰਤਾਂ ਚ ਇਸ਼ਕ ਦੇ ਨਾਦ ਗੂੰਜੇ
ਕੀਹਨੇ ਠੱਲ੍ਹਣੇ ਵੇਗ਼ ਅਕੀਦਤਾਂ ਦੇ 
ਡੱਕੇ ਬੁੱਲ੍ਹਿਆਂ ਕਦੋਂ ਉਕਾਬ ਬਾਬਾ 
ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ 
ਵੱਜੇ ਦੇਹਾਂ 'ਚ ਤੇਰੀ ਰਬਾਬ ਬਾਬਾ 
ਚੜ੍ਹੇ ਹੁਸਨ ਹੌਸਲੇ ਜਜ਼ਬਿਆਂ ਨੂੰ 
ਸੁੱਚੇ ਇਸ਼ਕ ਦਾ ਜਦ ਪ੍ਰਕਾਸ਼ ਹੋਇਆ
ਮੱਥੇ ਚਮਕੇ ਸਿਦਕ ਦੀ ਬਾਤ ਚੱਲੀ 
ਅਰਪਿਤ ਦੀਨ ਨੂੰ ਹਰ ਸੁਆਸ ਹੋਇਆ
ਬ੍ਰਹਿਮੰਡ ਵੈਰਾਗ 'ਚ ਲੀਨ ਹੋਏ
ਤੇਰੇ ਹੱਥਾਂ ਛੂਹੇ ਜਦ ਆਬ ਬਾਬਾ 
ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ 
ਵੱਜੇ ਦੇਹਾਂ 'ਚ ਤੇਰੀ ਰਬਾਬ ਬਾਬਾ 
ਉੱਡੀ ਮਹਿਕ ਤੇਰੀ ਰਬਾਬ ਵਿੱਚੋਂ 
ਢਲਕੇ ਤੇਗ਼ਾਂ 'ਚ ਨਿਰਾ ਜਮਾਲ ਹੋਈ
ਜੋਸ਼ ਗਏ ਤਰਾਸ਼ੇ ਆਣ ਪੰਧ ਉੱਤੇ 
ਬੰਦਗੀ ਹੋਰ ਦੀ ਹੋਰ ਕਮਾਲ ਹੋਈ
ਵਾਕ ਬਾਣੀਆਂ ਦੇ ਤਰਨ ਪਾਣੀਆਂ ਤੇ 
ਗਾਥਾ ਇਸ਼ਕ ਦੀ ਗਾਏ ਪੰਜਾਬ ਬਾਬਾ 
ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ 
ਵੱਜੇ ਦੇਹਾਂ 'ਚ ਤੇਰੀ ਰਬਾਬ ਬਾਬਾ 
ਨਿਰਭਉ ਨਿਰਵੈਰੁ ਦੇ ਹੁਕਮ ਹੋਏ
ਮਿਟੇ ਫਾਸਲੇ ਮਜ਼੍ਹਬ ਤੇ ਜਾਤ ਵਾਲੇ 
ਰੱਤ ਵਿੱਚ ਚੰਡੀ ਦਾ ਵਾਸ ਹੋਇਆ 
ਪੀਤੇ ਘੁੱਟ ਤੇਰੀ ਜਦ ਦਾਤ ਵਾਲੇ 
ਬਰਸੇ ਮੇਘ ਜੀਕਣ ਅਸਮਾਨ ਵਿੱਚੋਂ
ਰਚੀ ਸਿਦਕਾਂ 'ਚ ਐਸੀ ਤਾਬ ਬਾਬਾ 
ਹੁਸਨ ਮੱਥਿਆਂ ਤੇ ਤੇਰੀ ਤੇਗ਼ ਦਾ ਹੈ 
ਵੱਜੇ ਦੇਹਾਂ 'ਚ ਤੇਰੀ ਰਬਾਬ ਬਾਬਾ 
ਪੈਗੰਬਰਾਂ ਦੀ ਵਾਟ
ਤਾਪ ਬੁੱਧੀਆਂ ਨੂੰ ਚੜ੍ਹੇ
ਛਿੜੇ ਸੋਚੀਂ ਝਰਨਾਟ 
ਕਿਸ ਬਿੰਦੂ ਉੱਤੇ ਜਾਕੇ 
ਮਿਲ ਜਾਂਦੇ ਨੀਰ, ਲਾਟ?
ਦਮ ਅਕਲਾਂ ਨੇ ਤੋੜੇ 
ਤੇਰੀ ਰਮਜ਼ ਵਿਰਾਟ 
ਕਦੋਂ ਤਰਕਾਂ ਨੇ ਨਾਪੀ ਏ 
ਪੈਗੰਬਰਾਂ ਦੀ ਵਾਟ
ਹੀਰ (ਪੰਜ ਨੀਰਾਂ ਦੇ ਵਰਗੀ)
ਓਹਦੇ ਕੇਸੀਂ ਕਰੇ ਨਿਵਾਸ ਰਾਤਾਂ ਦੀ ਰੰਗਤ 
ਓਹਦੇ ਤਲੀਆਂ ਉੱਤੇ ਰੁੱਤਾਂ ਮਹਿੰਦੀ ਲਾਵਣ 
ਜੋ ਵਜਦ 'ਚ ਆ ਕੋਈ ਰਾਗ ਵਿਲੱਖਣ ਛੇੜੇ 
ਜਿਉਂ ਬੀਆਬਾਨ ਵਿੱਚ ਲੱਖਾਂ ਕੁਕਨੂਸ ਗਾਵਣ 
ਧਰੇ ਕਦਮ ਸਹਿਜਤਾ ਨਾਲ ਜਦੋਂ ਵੀ ਜਿੱਥੇ 
ਉੱਥੇ ਧੂੜਾਂ, ਰੋੜ ਤੇ ਪੌਣਾਂ ਜਸ਼ਨ ਮਨਾਵਣ 
ਓਹਨੇ ਚੀਚੀ ਦੇ ਨਾਲ ਮਹਿਕ ਨੂੰ ਰੱਖਿਆ ਬੰਨ੍ਹਕੇ 
ਓਹਦੇ ਨੈਣਾਂ ਦੇ ਵਿੱਚ ਮੌਸਮ ਫੇਰੇ ਪਾਵਣ 
ਓਹਦੇ ਸਾਹਾਂ ਵਿੱਚ ਅਸੰਖ ਹੀ ਮਰੂਏ ਮਹਿਕਣ 
ਓਹਨੂੰ ਤੱਕਣ ਜਿਬਰਾਈਲ ਫਰਿਸ਼ਤੇ ਆਵਣ 
ਓਹਦੀ ਨਿਰੀ ਤਾਸੀਰ ਹੈ ਪੰਜ ਨੀਰਾਂ ਦੇ ਵਰਗੀ 
ਤੇ ਸਾਦੇਪਣ ਵਿੱਚ ਹੈ ਟਿੱਬਿਆਂ ਦੀ ਰੰਗਤ 
ਓਹਨੂੰ ਤੱਕ ਕੇ ਅੱਗਾਂ ਵਿੱਚੋਂ ਪਾਣੀ ਨੁੱਚੜੇ 
ਓਹਦੀ ਕਾਫ਼ ਤੋਂ ਆਕੇ ਮਾਨਣ ਪਰੀਆਂ ਸੰਗਤ 
ਓਹਦੀ ਧੜਕਣ ਦੇ ਵਿੱਚ ਇਸ਼ਕ ਦੇ ਮਿਸ਼ਰੇ ਧੜਕਣ 
ਓਹਦੇ ਨੈਣਾਂ ਦੇ ਵਿੱਚ ਮਾਨਸਰਾਂ ਦਾ ਪਾਣੀ 
ਓਹ ਸ਼ੇਖ ਫਰੀਦ ਦੀ ਬਾਣੀ ਵਿਚਲੀ ਮਿੱਠਤ 
ਤੇ ਵਾਰਿਸ ਸ਼ਾਹ ਦੇ ਸੁਖ਼ਨ ਦੀ ਕੋਈ ਕਹਾਣੀ
ਇਸ਼ਕ
ਦੱਸੀਂ ਮਾਂਏ ਕਿਹੇ ਸੀ ਈਮਾਨ ਉਹਨਾਂ ਆਸ਼ਕਾਂ ਦੇ 
ਜਿਹੜੇ ਸੀ ਪਹਾੜਾਂ ਨੂੰ ਵੀ ਚੀਰਦੇ 
ਤਖ਼ਤ ਹਜ਼ਾਰਿਆਂ ਦੇ ਵੱਲ ਦੀ ਕੋਈ ਗੱਲ ਦੱਸੀਂ 
ਦੁੱਖੜੇ ਸੁਣਾਈ ਮਾਈ ਹੀਰ ਦੇ ।
ਵਸਲਾਂ ਦੀ ਠੰਢਕ ਦੇ ਬਾਰੇ ਦੱਸੀਂ ਮਾਂਏ ਮੈਨੂੰ 
ਪੀੜ ਦੱਸੀਂ ਬਿਰਹੋਂ ਦੀ ਚੀਸ ਦੀ 
ਈਸਾ ਤੇ ਯੋਹੰਨਾ ਦੀ ਵੀ ਬਾਤ ਕੋਈ ਦੱਸੀਂ ਮਾਂਏ 
ਵਾਰਤਾ ਸੁਣਾਈ ਕੋਈ ਹਦੀਸ ਦੀ  ।
ਆਦਿ ਤੇ ਜੁਗਾਦਿ ਦੀਆਂ ਬਾਤਾਂ ਜਿੱਥੇ ਪੈਂਦੀਆਂ ਨੇ 
ਖਬਰ ਕੋਈ ਦੱਸੀਂ ਓਸ ਰਾਹ ਦੀ 
ਰਬਾਬ ਤੇ ਸੰਗੀਤ ਜਿੱਥੇ ਫਿਜ਼ਾ ਵਿੱਚ ਗੂੰਜਦੇ ਨੇ 
ਸਾਖੀ ਕੋਈ ਸੁਣਾਈ ਪਾਤਸ਼ਾਹ ਦੀ ।
ਇਸ਼ਕੇ ਦੇ ਨੂਰ ਦੇ ਸਰੂਰ ਕਿਵੇਂ ਚੜ੍ਹਦੇ ਨੇ 
ਕਿਵੇਂ ਰੂਹਾਂ ਜਾਂਦੀਆਂ ਨੇ ਰੰਗੀਆਂ 
ਕਿਹੋ ਜਿਹਾ ਦਾਜ ਜੋੜ ਜਾਣਾ ਪੈਂਦਾ ਮਾਹੀ  ਵੱਲ 
ਜਿੱਥੇ ਜਿੰਦਾਂ ਜਾਂਦੀਆਂ ਨੇ ਮੰਗੀਆਂ ।
ਫਿਰਦੌਸ ਤੇ ਜਹੰਨਮ ਦੇ ਬਾਰੇ ਦੱਸ ਮਾਂਏ 
ਦੱਸੀਂ ਫਰਕ ਕੀ ਕੁਫ਼ਰ ਈਮਾਨ ਚ 
ਹਸ਼ਰਾਂ ਦੇ ਰੋਜ਼ ਦਾ ਨਜਾਰਾ ਦੱਸੀਂ ਮਾਂਏ ਮੈਨੂੰ 
ਜਿਸਦਾ ਏ ਜਿਕਰ ਕੁਰਾਨ ਚ ।
ਆਗਮਨ ਏ ਰਿਸਾਲਤ
ਹੋ ਰਹੀ ਹੈ ਉਦੇ 
ਬਣਕੇ ਆਇਤ ਰੌਸ਼ਨੀ 
ਮਿੰਬਰਾਂ ਚੋਂ ਰਿਸ਼ਮ ਕੋਈ 
ਨੂਰ ਬਣਕੇ ਪਨਪਣੀ
ਖੁਤਬਿਆਂ ਦੀ ਹਰਮ ਚੋਂ
ਆ ਰਹੀ ਹੈ ਵਾਸ਼ਨਾ
ਅਲ ਫ਼ਤਿਹ ਦਾ ਸ਼ੋਰ ਹੈ 
ਰਹੀ ਗੂੰਜ ਹੈ ਕਿਧਰੇ ਸਨਾ
ਖੁਮਾਰੀਆਂ
ਹੁੰਦਾ ਮੱਠਾ-ਮੱਠਾ ਭੁੱਬਲ 'ਚ ਸੇਕ ਜਿਉਂ
ਜਾਂ ਫੇ ਉੱਡਦੀ ਹੈ ਟਿੱਬਿਆਂ 'ਚ ਰੇਤ ਜਿਉਂ
ਜਿਵੇਂ ਨਾਗ ਹੋਣ ਕੁੰਜ ਨੂੰ ਉਤਾਰਦੇ 
ਜਿਵੇਂ ਰੁਮਕਦੇ ਬੁੱਲੇ ਸੀਨਾ ਠਾਰਦੇ
ਜਿਵੇਂ ਕੁਕਨਸ ਬਿਰਹਾ 'ਚ ਗਾਂਵਦੇ
ਕਿਸੇ ਤਲਬ 'ਚ ਖੁਦ ਨੂੰ ਜਲਾਂਵਦੇ
ਖਿੰਡ ਜਾਵੇ ਜਿੱਦਾਂ ਮਹਿਕ ਕੋਈ ਸੰਦਲੀ 
ਸੁਣੇ ਟਿੱਲਿਆਂ ਚੋਂ ਰਾਂਝਿਆਂ ਦੀ ਵੰਝਲੀ
ਜਿੱਦਾਂ ਚੋਟੀ ਬਰਫੀਲੀ ਕੋਈ ਖੁਰਜੇ
ਛੱਡ ਤਖਤ ਕੋਈ ਝੰਗ ਵੱਲ ਤੁਰਜੇ
ਜਿਵੇਂ ਚੰਦਨ ਕੋਈ ਸਾਹਾਂ 'ਚ ਨਿਚੋੜਜੇ
ਨੀਂਦ ਸੁੱਤਿਆਂ ਖਿਆਲਾਂ ਦੀ ਕੋਈ ਤੋੜਜੇ
ਜਿੱਦਾਂ ਰੋਸ਼ਨੀ ਹਨੇਰਿਆਂ 'ਚ ਟਹਿਲਜੇ
ਜਿੱਦਾਂ ਸ਼ੋਰਾਂ ਵਿੱਚ ਚੁੱਪ ਕੋਈ ਫੈਲਜੇ
ਜਿਵੇਂ ਝਨਾਂ 'ਚ ਪ੍ਰੀਤ ਲਾਵੇ ਤਾਰੀਆਂ
ਏਦਾਂ ਓਸਦੇ ਦੀਦਾਰ 'ਚ ਖੁਮਾਰੀਆਂ।
ਵਸਲ
ਸੁਣੇ ਬੇਲਿਆਂ ਚ ਗਾਂਵਦਾ ਕੋਈ ਹੀਰ ਮਾਂਏ ਨੀਂ
ਮੈਨੂੰ ਖ਼ਾਬਾਂ ਵਿੱਚ ਦਿਸਣ ਫਕੀਰ ਮਾਂਏ ਨੀਂ ,
ਰੂਹ ਤੇ ਇਤਰਾਂ ਦੀ ਹੋਣ ਬਰਸਾਤ ਲੱਗੀ ਏ 
ਸ਼ਾਇਦ ਇਸ਼ਕੇ ਦੀ ਹੋਣ ਸ਼ੁਰੂਆਤ ਲੱਗੀ ਏ ।
ਸੁਰੇ ਫਾਤਿਹਾ ਦਾ ਹੋਇਆ ਮੇਰੇ ਸਾਹਾਂ ਚ ਨਿਵਾਸ 
ਪੌਣਾਂ ਵਿੱਚੋਂ ਸੁਣੇ ਮਾਂਏ ਮੈਨੂੰ ਜਪੁਜੀ, ਰਹਿਰਾਸ, 
ਪੱਲੇ ਵਸਲਾਂ ਦੀ ਪੈਣ ਨੀਂ ਖੈਰਾਤ ਲੱਗੀ ਏ ,
ਸ਼ਾਇਦ ਇਸ਼ਕੇ ਦੀ ਹੋਣ ਸ਼ੁਰੂਆਤ ਲੱਗੀ ਏ ।
ਕਿਤੇ ਹੱਵਾ ਅਤੇ ਆਦਮ ਦਾ ਮੇਲ ਹੁੰਦਾ ਦਿਸੇ 
ਮੈਨੂੰ ਕੁਫ਼ਰ ਈਮਾਨ ਦਾ ਸੁਮੇਲ ਹੁੰਦਾ ਦਿਸੇ 
ਹੁਣ ਸੁੰਨ ਵਿੱਚੋਂ ਸੁਣਨ ਕੋਈ ਨਾਅਤ ਲੱਗੀ ਏ 
ਸ਼ਾਇਦ ਇਸ਼ਕੇ ਦੀ ਹੋਣ ਸ਼ੁਰੂਆਤ ਲੱਗੀ ਏ ।
ਮੇਰੇ ਚੇਤਿਆਂ ਚ ਗੂੰਜਣ ਪੈਗੰਬਰਾਂ ਦੇ ਬੋਲ 
ਦਿਸੇ ਸਰਸਾ ਦਾ ਨੀਰ ਸੱਚੇ ਪਾਤਸ਼ਾਹ ਅਡੋਲ 
ਪੈਣ ਪੋਥੀਆਂ ਤੇ ਭੱਥਿਆਂ ਦੀ ਬਾਤ ਲੱਗੀ ਏ 
ਸ਼ਾਇਦ ਇਸ਼ਕੇ ਦੀ ਹੋਣ ਸ਼ੁਰੂਆਤ ਲੱਗੀ ਏ ।
