Punjabi Poetry : Navroop Kaur

ਪੰਜਾਬੀ ਕਵਿਤਾਵਾਂ : ਨਵਰੂਪ ਕੌਰ



1. ਜੰਗਲ

ਜੰਗਲ ਰਾਜ ਵੇਖ ਜੇ ਰੁੱਖ ਤੜਫ਼ੇ ਹੁੰਦੇ ਜਾਂ ਕਲਮਾਂ ਘੜਨ ਵਾਲਿਆਂ ਨਾਲ ਰਲ ਗਏ ਹੁੰਦੇ ਤਾਂ ਜੰਗਲ ਸੜਨੋ ਬਚ ਜਾਂਦਾ ।

2. ਜੇ

ਜੇ ਗੁੱਸੇ ਨਿਹੋਰਿਆਂ ਦੀ ਥਾਂ ਆਪਾਂ ਇਕ ਦੂਜੇ ਨਾਲ ਹੱਸ ਹੁੰਦੇ ਤਾਂ ਸ਼ਾਇਦ ਘਰ ਵੱਸ ਜਾਣਾ ਸੀ ।

3. ਬੂਹੇ ਬਾਰੀਆਂ

ਬੂਹੇ ਬਾਰੀਆਂ ਜੇ ਖੁੱਲ੍ਹੇ ਰੱਖੇ ਹੁੰਦੇ ਤਾਂ ਮਨ ਮਸਤਕ ‘ਚ ਤਾਜ਼ਾ ਹਵਾ ਆਉਣੀ ਸੀ ਸਰਦਲਾਂ ਤੇ ਦੀਵੇ ਜਗਣੇ ਸੀ ਤੜਪਦੀ ਕਸੂਤੀ ਰੁੱਤ ਦੀ ਥਾਵੇਂ ਸੰਦਲੀ ਪੈੜਾਂ ਨੇ ਮੁਸਕਰਾਹਟ ਵੰਡਣੀ ਸੀ।

4. ਜਦ ਕਦੇ ਮੈਂ

ਜਦ ਕਦੇ ਮੈਂ ਖੰਡਿਤ ਹੋ ਹਾਰਾਂ ਤੇਰਾ ਨਾਮ ਹਿੰਮਤ ਭਰ ਜਾਂਦਾ ਹੈ ਚਿੜੀਆਂ ਚ ਬਾਜ਼ ਦੀ ਦਲੇਰੀ ਭਰ ਜਾਂਦੀ ਹੈ ਜਦੋਂ ਕੋਈ ਮੇਰੀ ਸ਼ਨਾਖਤ ਪੁੱਛਦਾ ਹੈ ਮੈਂ ਮਾਣ ਨਾਲ ਤੇਰਾ ਨਾਮ ਲੈਂਦੀ ਹਾਂ ਬਾਪੂ ! ਤੇਰਾ ਪਿਆਰ ਨਾ ਹੁੰਦਾ ਤਾਂ ਮੈਂ ਪਰਵਾਜ਼ ਲਈ ਪਰ ਨਾ ਤੋਲੇ ਹੁੰਦੇ ।

5. ਆਰੋਪਣ ਤੋਂ ਆਤਮਸਾਤ ਵੱਲ

ਆਰੋਪਣ ਤੋਂ ਆਤਮਸਾਤ ਵੱਲ ਜੇ ਤੂੰ ਤੁਰਿਆ ਹੁੰਦਾ ਕਦੇ ਆਪਣੇ ਆਪ ਨੂੰ ਖ਼ੁਦ ਪੁਣਿਆ ਹੁੰਦਾ ਕੁਦਰਤ ਨੇ ਮੁਸਕਰਾਹਟ ਵੰਡਣ ਲਈ ਤੈਨੂੰ ਹੀ ਚੁਣਨਾ ਸੀ।

6. ਟੇਢਾ ਮੇਢਾ

ਚੁੱਲ੍ਹੇ ਕੋਲ ਬੈਠੀ ਮੇਰੀ ਧੀ ਦੇ ਹੱਥ ਵਿੱਚ ਮੇਰੀ ਕਵਿਤਾ ਦੀ ਕਿਤਾਬ ਹੈ। ਬਸ ਤੇਰੀ ਨਜ਼ਰ ਤਾਂ ਪੱਕਦੀ ਰੋਟੀ ਤੇ ਹੈ ਜੋ ਗੋਲ ਨਹੀਂ ਕੁਝ ਟੇਢੀ ਮੇਢੀ ਤੇਰੀ ਨਜ਼ਰ ਦਾ ਪਰਛਾਵਾਂ ਪੈ ਗਿਆ। ਚੱਲ! ਕੋਈ ਨਾ ਮੈਂ ਹੁਣ ਹਨ੍ਹੇਰੇ ਤੋਂ ਨਹੀਂ ਡਰਦੀ ਮਰਦੀ ਹੁਣ ਮੈਂ ਆਪਣੀ ਲਾਟ ਨਾਲ ਲਾ ਕੇ ਹੋਰ ਦੀਵਾ ਬਾਲ ਲਿਆ।

7. ਕੀ ਤੇਰੀ ਵੀ ਕੋਈ ਕਹਾਣੀ ਐ?

ਕੀ ਤੇਰੀ ਵੀ ਕੋਈ ਕਹਾਣੀ ਐ? ਉਸ ਨੇ ਮੇਰੇ ਤੇ ਨਜ਼ਰਾਂ ਗੱਡ ਕੇ ਪੁੱਛਿਆ। ਮੈਂ ਪੂਰੀਆਂ ਅੱਖਾਂ ਖੋਲ੍ਹ ਕੇ ਤੱਕਿਆ ਤਾਂ ਉਸ ਨੀਵੀਂ ਪਾ ਲਈ । ਤੂੰ ਕੌਣ ਐਂ? ਸਵਾਲ ਸੰਘ ਚ ਫਸ ਗਿਆ ਉਸ ਨਜ਼ਰਾਂ ਘੁਮਾ ਲਈਆਂ ਮੈਂ ਕੌਣ ਹਾਂ? ਉਹ ਅਜੇ ਵੀ ਪ੍ਰੇਸ਼ਾਨ ਹੈ। ਹੀਰ ਸੱਸੀ ਸਾਹਿਬਾਂ ਸੋਹਣੀ ਤੋਂ ਅਗਾਹਾਂ ਉਸਦੀ ਸੋਚ ਨਹੀਂ ਸੀ ਤੁਰਦੀ। ਝੱਲਿਆ ! ਤੂੰ ਤਾਂ ਮੈਨੂੰ ਕਵਿਤਾ ਜਾਂ ਕਹਾਣੀ ਕੁਝ ਵੀ ਨਹੀਂ ਚਿਤਵਿਆ।

8. ਨੀਲੀ ਨਦੀ

ਤੂੰ ਆਪਣੀ ਕਹਾਣੀ ਨੂੰ ਪਾਸੇ ਰੱਖ ਮੇਰੀ ਕਵਿਤਾ ਨੂੰ ਕਹਾਣੀ ਨਾਲ ਮੇਲ। ਔਖੇ ਹੁੰਦੇ ਨੇ ਸਮਰਪਣ ਦੇ ਨਾਪ ਤੋਲ ਤੇ ਮੈਂ ਸਮਰਪਣ ਦੀ ਵਹਿੰਦੀ ਨੀਲੀ ਨਦੀ! ਮੈਂ ਆਪਣੇ ਰਾਹਾਂ ਨੂੰ ਆਪ ਬਣਾਉਂਦੀ ਹਾਂ ਵੇਗ ਮੱਤੀ ਭਰਪੂਰ ਨਦੀ।

9. ਇਸ ਸਹਿਮ ਰੁੱਤੇ

ਮੂੰਹ ਤੇ ਨਕਾਬ ਹੱਥਾਂ ਚ ਦਸਤਾਨੇ ਲਾਕ ਡਾਉਨ ਕਿਥੋਂ ਆਏ ਇਹ ਬਗਾਨੇ ਜਿਹੇ ਸ਼ਬਦ ਜਾਪੇ ਹਰ ਕੋਈ ਮੂੰਹ ਲੁਕਾਈ ਫਿਰਦਾ ਇੱਕ ਦੂਜੇ ਤੋਂ ਚੋਰ ਅੱਖੀ ਸ਼ਰਮਸਾਰ। ਹਾਕਮ ਤਮਾਸ਼ਾ ਵੇਖਦਾ ਕਿਰਤੀ ਕੰਮ ਨੂੰ ਤਰਸ ਗਿਆ ਸਬਰ ਸੰਤੋਖ ਦਾ ਬੰਨ੍ਹ ਕੰਢੇ ਭੰਨ ਟੁੱਟਦਾ ਜਾਂਦਾ ਮੌਤ ਦਾ ਡਰ ਭੁੱਖ ਤੋਂ ਵੱਧ ਨਹੀਂ ਕਿਰਤੀ ਤੁਰ ਪਿਆ ਮੁੜ ਆਪਣੀ ਕਿਰਤ ਵੱਲ ਰਾਹ ਤਲਾਸ਼ਦਾ ਬੇਖ਼ਬਰ ਇਸ ਸਹਿਮ ਰੁੱਤੇ ਬਾਹਰ ਕੰਮ ਨਹੀਂ, ਆਦਮਖਾਣਾ ਖ਼ੌਫ਼ ਤੁਰਿਆ ਫਿਰਦਾ।

10. ਅਸਲ ਵਿੱਚ

ਸੁਣਿਆ ਹੈ ਕਿ ਮੇਰੇ ਸ਼ਹਿਰ ਨੂੰ ਖ਼ਤਰਾ ਹੈ ਸ਼ਹਿਰ ਨੂੰ ਖ਼ਤਰਾ ਬੰਬਾਂ ਤੋਂ ਨਹੀਂ, ਜੰਗਾਂ ਤੋਂ ਨਹੀਂ। ਸ਼ਹਿਰ ਨੂੰ ਖ਼ਤਰਾ ਸਿਆਸਤ ਦੇ ਚਗਲੇ ਸੁਆਦਾਂ ਤੋਂ, ਹੁਕਮਰਾਨ ਦੇ ਸਵਾਲਾਂ ਤੋਂ ਲੁਕਵੇਂ ਏਜੰਡੇ ਵਾਲੇ ਜਵਾਬਾਂ ਤੋਂ ਸੁਣਿਆ ਹੈ ਕਿ ਸ਼ਹਿਰ ਨੂੰ ਖ਼ਤਰਾ ਹੈ। ਪਰ ਖ਼ਤਰਾ ਗੋਲ਼ੀ ਤੋਂ ਨਹੀਂ ਭੁੱਖ ਮਰੀ ਤੋਂ ਨਹੀਂ ਖ਼ਤਰਾ ਹੱਕਾਂ ਦੇ ਮਾਰੇ ਜਾਣ ਤੋਂ ਹੈ। ਆਵਾਜ਼ ਦੇ ਦਬ ਜਾਣ ਤੋਂ ਹੈ। ਨਿਹੱਥੇ ਕਰ ਜਾਣ ਤੋਂ ਹੈ। ਸੁਣਿਆ ਹੈ ਮੈਂ ਕਿ ਹਵਾ ਚ ਡੂੰਘੀ ਸਾਜ਼ਿਸ਼ ਤੋਂ ਹੈ ਖ਼ਤਰਾ। ਦਹਿਸ਼ਤੀ ਬੂਟਾਂ ਦੀ ਮਾਰਚ ਤੋਂ। ਹਿੰਦੀ ਹਿੰਦੂ ਹਿੰਦੂਸਤਾਨ ਦੇ ਨਾਂ ਤੇ ਹੁੰਦੀ ਸ਼ਰਾਰਤ ਤੋਂ ਹੈ ਖ਼ਤਰਾ। ਖ਼ਤਰਾ ਰੋਜ਼ ਮੰਡਲਾਉਂਦਾ ਹੈ ਹਰ ਚੈਨਲ ਤੇ ਹਰ ਪੈਨਲ ਤੇ ਦੱਬੀਆਂ ਜਾਂਦੀਆਂ ਆਵਾਜ਼ਾਂ। ਖ਼ਤਰਾ ਹਕੂਮਤ ਨੂੰ ਵੀ ਹੈ ਜਨ ਸੈਲਾਬ ਤੋਂ ਖ਼ਤਰਾ ਹੈ ਸੂਹੇ ਇਨਕਲਾਬ ਤੋਂ। ਇਸ ਦੇ ਜ਼ਿੰਦਾਬਾਦ ਤੋਂ , ਲੋਕਾਂ ਵੱਲੋਂ ਮੰਗੇ ਹਿਸਾਬ ਤੋਂ, ਮੇਰੇ ਸ਼ਹਿਰ ਦੇ ਸਾਈਂ ਨੂੰ ਖ਼ਤਰਾ ਹੈ। ਅਸਲ ਵਿੱਚ ਉਸ ਨੂੰ ਹੋਰ ਕਿਸੇ ਤੋਂ ਨਹੀਂ ਆਪਣੀ ਹਾਰ ਤੋਂ ਖ਼ਤਰਾ ਹੈ।

11. ਉਸ ਕਿਹਾ ਮੈਨੂੰ

ਉਸ ਕਿਹਾ ਮੈਨੂੰ ਤੂੰ ਕਵਿਤਾ ਵਰਗੀ ਕੁੜੀ ਹੈਂ ਮੈਂ ਕਿਹਾ ਨਹੀਂ ਨਹੀਂ ਕਵਿਤਾ ਮੇਰੇ ਵਰਗੀ ਹੈ। ਅਣਕਹੀ ਬਾਤ ਜਹੀ ਲੰਮ ਸਲੰਮੀ ਰਾਤ ਜਹੀ ਕਿਤੇ ਕਿਤੇ ਪਰਭਾਤ ਜਹੀ। ਅਣਬੋਲੇ ਬੋਲ ਜਹੀ ਰੂਹ ਤੇ ਭਾਰ ਅਣਤੋਲ ਜਹੀ। ਮਾਸੂਮ ਤੇ ਅਣਭੋਲ ਜਹੀ। ਉਸ ਕਿਹਾ ਮੈਨੂੰ ਫਿਰ ਕਵਿਤਾ ਵਰਗੀ ਹੋ ਜਾ ਨਦੀ ਵਗਦੀ ਹੈ ਜਿਵੇਂ ਕਿੰਨਾ ਕੁਝ ਬੁੱਕਲ ਚ ਲਈ ਫਿਰਦੀ ਹੈ। ਸੱਪ, ਕੱਛੂ, ਮੱਛੀਆਂ ਕੱਖ ਕਾਨ ਕਿੰਨੀ ਦੂਰੋਂ ਤੁਰਦੀ ਤੁਰਦੀ ਸਿੰਜਦੀ ਹੈ ਪੈਲੀਆਂ, ਬਾਗ, ਬਗੀਚੇ ਤਰੇੜੀਆਂ ਜ਼ਮੀਨਾਂ ਤੇ ਕਿੰਨਾ ਕੁਝ ਹੋਰ। ਕੰਢੇ ਤੋੜਦੀ ਹੈ ਜਦ ਬਿਫ਼ਰਦੀ। ਤੂੰ ਕਦੇ ਨਦੀ ਵਾਂਗ ਵੇਗ ਚ ਬਿਫਰੀ ਹੈਂ ਉਸ ਪੁੱਛਿਆ? ਮੈਂ ਸਿਰਫ਼ ਏਨਾ ਕਿਹਾ ਮੈਂ ਨਾਰੀ ਹਾਂ ਨਦੀ ਨਹੀਂ ਸਹਿਜ ਤੋਰ ਤੁਰਨਾ ਮੇਰਾ ਅਕੀਦਾ ਹੈ। ਉੱਛਲਣ ਵਾਲੀਆਂ ਕੰਢੇ ਤੋੜਦੀਆਂ ਕੰਢੇ ਦੀ ਮਰਿਆਦਾ ਮੇਰੀ ਸ਼ਕਤੀ ਨਦੀ ਨੂੰ ਆਖ ਸਹਿਜ ਤੁਰੇ ਮੇਰੇ ਵਾਂਗ।

12. ਤਿੰਨ ਕਵਿਤਾਵਾਂ

ਪਹਿਲੀ ਕਵਿਤਾ ਵਿਚ ਘੋਰ ਉਦਾਸੀ ਹੈ ਬਹੁਤਾ ਰੋਣਾ, ਥੋੜ੍ਹੀ ਹਾਸੀ। ਦੂਜੀ ਕਵਿਤਾ ਥੋੜ੍ਹਾ ਰੋਣਾ ਥੋੜ੍ਹੀ ਹਾਸੀ। ਇਹ ਕਵਿਤਾ ਹੈ ਰੰਗਾਂ ਦੀ ਹੈ ਵੀਣੀ ਪਾਈਆਂ ਵੰਗਾਂ ਦੀ ਹੈ। ਕੰਨੀਂ ਪਾਈਆਂ ਪਿੱਪਲ ਪੱਤੀਆਂ ਦੀ ਚੁੱਲ੍ਹੇ ੳਹਲੇ ਰੋਂਦੀਆਂ ਅੱਖੀਆਂ ਦੀ। ਤੀਜੀ ਕਵਿਤਾ ਮੈਂ ਭਰੀ ਖੁਸ਼ਹਾਲੀ ਇਸ ਵਿਚ ਪਹਿਲੀਆਂ ਵਰਗਾ ਰੰਗ ਨਹੀਂ ਐ ਇੰਝ ਜਾਪਿਆ ਦੁਨੀਆਂ ਵਿੱਚ ਕੋਈ ਤੰਗ ਨਹੀਂ ਹੈ ਸਭ ਹਿੰਮਤ ਦੀ ਬਸ ਖੇਡ ਬਾਕੀ ਸਭ ਹੈ ਰੇਤ। ਰੇਤੇ ਨੂੰ ਮੁੱਠੀ ਵਿਚ ਬੰਨਣਾ। ਹੌਲੀ ਹੌਲੀ ਝੋਲੀ ਭਰਨਾ। ਰੇਤ ਨੇ ਆਖ਼ਰ ਕਿਰ ਹੀ ਜਾਣਾ ਕਾਹਤੋਂ ਫੇਰ ਆਪਣਾ ਆਪ ਗੁਆਉਣਾ। ।

13. ਤੱਤੀ ਤਵੀ ਤੇ

ਤੱਤੀ ਤਵੀ ਤੇ ਬੈਠੀ ਸਿਦਕਵਾਨ ਮਰਯਾਦਾ ਪਰਖ ਵਿੱਚ ਹੈ ਸਮਝੋ! ਜ਼ਮੀਨ ਭਖ਼ ਰਹੀ ਹੈ ਰੁੱਖਾਂ ਦੇ ਪੱਤੇ ਸੂਰਜ ਮੰਡਲ ਦੇ ਸੇਕ ਸਾਹਵੇਂ ਦਮ ਤੋੜ ਰਹੇ ਹਨ। ਹਵਾ ਦੇ ਬੁੱਲੇ ਹੁਣ ਲੂਹ ਸੁੱਟਣ ਵਾਲੇ ਲੋਕਾਂ ਦੇ ਬੋਲ ਹੁਣ ਜੀਭਾਂ ਟੁੱਕਣ ਵਾਲੇ ਕਿਸੇ ਅਗੰਮੀ ਰਾਗ ਨੂੰ ਟੋਲ ਰਹੇ ਹਨ।

14. ਬਹੁਤ ਮਗਰੋਂ ਪਤਾ ਲੱਗਿਆ

ਚੁੱਪ ਚਾਪ ਵਹਿੰਦੇ ਦਰਿਆਵਾਂ ਨੂੰ ਮੈਂ ਵੇਖਿਆ ਰੁੱਖਾਂ ਨੂੰ ਛਾਵਾਂ ਕਰਦੇ ਵੇਖਿਆ ਧੁੱਪਾਂ ਨੂੰ ਆਪਣੇ ਸਿਰ ਤੇ ਸਿਦਕ ਨਾਲ ਮੈਂ ਖੜ੍ਹਦੇ ਵੇਖਿਆ ਦੀਵਿਆਂ ਨੂੰ ਲੋਅ ਦਿੰਦੇ ਮੈਂ ਅੱਖੀ ਵੇਖਿਆ। ਹਨ੍ਹੇਰਾ ਦੌੜ ਰਿਹਾ ਸੀ ਚਾਰੇ ਖ਼ੁਰ ਚੁੱਕ ਕੇ ਸਰਪੱਟ ਸੱਚ ਪੁੱਛੋ ਇਨ੍ਹਾਂ ਸਾਰਿਆਂ ਮੈਨੂੰ ਵੇਖਿਆ। ਬਹੁਤ ਮਗਰੋਂ ਪਤਾ ਲੱਗਿਆ।

15. ਦੇਹ ਦੂਰੀ ਰੱਖ

ਬਾਹਰੋਂ ਅੰਦਰ ਮੁੜਨ ਲਈ ਆਪਣਾ ਲੌਕਡਾਊਨ ਖੋਲ! ਫ਼ੈਲਣ ਦੇ ਰਿਸ਼ਤਿਆਂ ਦਾ ਨਿੱਘ ਪੂਰਾ ਵਿਗਸਣ ਲਈ। ਮੇਰੇ ਤੋਂ ਤੇਰੇ ਲਈ ਕੁਦਰਤ ਨਾਲ ਜੁੜਨ ਲਈ। ਸਮਾਜਿਕ ਦੂਰੀ ਨਹੀਂ ਦੇਹ ਦੂਰੀ ਰੱਖ। ਸਮਾਜ ਤੋਂ ਟੁੱਟ ਕੇ ਕਿੱਧਰ ਜਾਵਾਂਗੇ? ਸਾਹਾਂ ਤੋਂ ਪਿਆਰਿਆ।

16. ਈ ਯੁਗ ਵਿੱਚ

ਕਿਤਾਬਾਂ ਹੁਣ ਸਿਮਟ ਗਈਆਂ ਪੈੱਨ ਡਰਾਇਵ ਵਿਚ। ਵਰਕਿਆਂ ਦੀ ਛੋਹ ਨੂੰ ਤਰਸ ਗਏ ਹਾਂ। ਅਛੋਹ ਹੋ ਗਈ ਮਹਿਕ। ਈ ਬੁਕਸ ਈ ਲਾਇਬਰੇਰੀ ਬ੍ਰਹਿਮੰਡ ਇਕ ਕਲਿਕ ਦੂਰ। ਪਰ ਤੇਰਾ ਮੇਰਾ ਫ਼ਾਸਲਾ ਅਨੰਤ ਗੱਲਾਂ ਕਰਨੀਆਂ ਸੀ ਬੇਅੰਤ ਲੈਪਟਾਪ ਦਾ ਚੂਹਾ ਹੁੰਗਾਰਾ ਨਹੀਂ ਭਰਦਾ ਸਿਰਫ਼ ਬੋਲਦਾ ਹੈ। ਕੁਝ ਨਹੀਂ ਸੁਣਦਾ।

17. ਲੌਕ ਡਾਊਨ

ਰਿਸ਼ਤੇ ਸੁੰਗੜ ਗਏ ਅਕਾਸ਼ ਫ਼ੈਲ ਗਿਆ ਪਾਣੀ ਹੋਰ ਨੀਲਾ ਪਾਰਦਰਸ਼ੀ ਹੁਣ ਧੁੱਪ ਨਿੱਖਰੀ ਪੂਰਾ ਸ਼ਿੰਗਾਰ ਲਾ ਕੇ। ਟੋਲਦੀ ਐ ਆਪਣੇ ਜੀਆਂ, ਪੁੱਤਰਾਂ ਧੀਆਂ ਨੂੰ ਉਹ ਨਹੀਂ ਜਾਣਦੀ ਲੌਕ ਡਾਊਨ ਕੀ ਹੈ? ਹੱਸਦੀ ਹੈ ਕੁਦਰਤ! ਬੰਦਿਆ! ਪਹਿਲਾਂ ਕਿਉਂ ਨਹੀਂ ਸਮਝਿਆ? ਹੁਣ ਲੁਕਿਆ ਫਿਰਦੈਂ।

18. ਇਹ ਸੜਕ

ਕਾਲਿਜ ਉਦਾਸ ਨੇ ਰੁੱਖ ਪੁੱਛਦੇ ਨੇ ਇਹ ਔਨ ਲਾਈਨ ਕੀ ਹੁੰਦਾ? ਟੀਚਰ ਗਿਆਨ ਪੜ੍ਹਾ ਰਿਹਾ ਧਿਆਨ ਗ਼ੈਰਹਾਜ਼ਰ! ਵਿਦਿਆਰਥੀ ਪੜ੍ਹ ਰਿਹਾ ਜਮਾਤਾਂ ਦੀਆਂ ਪੌੜੀਆਂ ਚੜ੍ਹ ਰਿਹਾ। ਪਾਣੀ ਦਾ ਪਤੀਲਾ ਕੜ੍ਹ ਰਿਹਾ। ਮਲਾਈ ਨਾ ਉਡੀਕ। ਬੱਚੇ ਸਿੱਖ ਰਹੇ ਹਨ ਨਵੀਂ ਤਸਵੀਰ ਤੁਰ ਰਹੇ ਹਨ ਨਵੀਂ ਦਿਸ਼ਾ ਵੱਲ ਇਹ ਸੜਕ ਅੱਗੇ ਕਿਤੇ ਨਹੀਂ ਜਾਂਦੀ।

19. ਤੂੰ ਕਿੰਨਾ ਮੈਲਾ ਹੈਂ

ਕਿਤਾਬਾਂ ਦੇ ਪੰਨੇ ਪਲਟਣ ਦੀ ਆਵਾਜ਼ ਬੂੰਦਾਂ ਦੇ ਟਪਕਣ ਦੀ ਆਵਾਜ਼ ਦਿਲ ਦੇ ਧੜਕਣ ਦੀ ਆਵਾਜ਼ ਹਵਾ ਦੇ ਰੁਮਕਣ ਦੀ ਆਵਾਜ਼ ਮੁੱਦਤਾਂ ਬਾਦ ਸੁਣੀ ਹੈ ਮਨੁੱਖ ਨੇ ਲੌਕ ਡਾਊਨ ਚ ਕੁਦਰਤ ਨੇ ਮੂੰਹ ਧੋਤਾ ਹੈ। ਸ਼ੀਸ਼ਾ ਬਣੀ ਹੈ। ਸਾਨੂੰ ਆਪਣਾ ਚਿਹਰਾ ਵਿਖਾ ਕੇ ਆਖ ਰਹੀ ਲਗਾਤਾਰ! ਹੁਣ ਪਤਾ ਲੱਗਿਆ ਤੈਨੂੰ ਹੇ ਮਨੁੱਖ! ਤੂੰ ਕਿੰਨਾ ਮੈਲਾ ਹੈਂ?

20. ਕੁਆਰਨਟਾਈਨ

ਮੈਂ ਕਰੋਨਾ ਤੋਂ ਬਹੁਤ ਪਹਿਲਾਂ ਕੁਆਰਟਾਈਨ ਚ ਸਾਂ ਲੌਕਡਾਊਨ ਦੀ ਲਛਮਣ ਰੇਖਾ ਦੀ ਮਿਆਦ ਕਦੇ ਨਾ ਪੁੱਗੀ। ਕਦੇ ਲੋਕ ਲਾਜ ਦੇ ਨਾਂ ਤੇ ਕਦੇ ਧਰਮ ਦੇ ਨਾਂ ਤੇ ਕਦੇ ਸ਼ਰਮ ਦੇ ਨਾਂ ਤੇ ਮੈਂ ਕੱਲ੍ਹੀ ਨੇ ਸਦਾ ਆਪਣੇ ਆਪ ਨੂੰ ਲੌਕ ਡਾਊਨ ਵਿੱਚ ਰੱਖਿਆ ਕੀ ਮਿਲਿਆ ਤੈਨੂੰ? ਮੈਨੂੰ ਲੌਕ ਡਾਊਨ ਚ ਰੱਖ ਕੇ ? ਇਕ ਸੋਹਣਾ ਸਫ਼ਰ ਵੀਰਾਨਗੀ ਚ ਪਾ ਕੇ। ਵੇ ਝੱਲਿਆ! ਵੇ ਕੱਲ੍ਹਿਆ ! ਅਜੇ ਵੀ ਸੰਭਲ ਜਾ ਆਪਣੇ ਆਪ ਵੱਲ ਮੁੜਨ ਦਾ ਮੌਕਾ ਨ ਗੁਆ। ਵਕਤ ਨਹੀਂ ਉਡੀਕਦਾ।

21. ਵਕਤ ਦਾ ਸੁਨੇਹਾ

ਜ਼ਿੰਦਗੀ ਦਾ ਰਾਗ ਥੋੜ੍ਹ ਚਿਰਾ ਸਾਹ ਰੋਕ ਕੇ ਸੁਣ ਵਕਤ ਦਾ ਸੁਨੇਹਾ ਹੈ। ਸੁਨਹਿਰੀ ਸਮਾਂ ਅਜਾਈਂ ਨਾ ਗੁਆ। ਝੱਲਿਆ ਦਿਲਾ। ਮੈਂ ਤੇਰੀ ਤਰਜ਼ ਹਾਂ ਸ਼ਬਦ ਲਿਆ ਮੇਰੇ ਕੋਲ ਰਲ ਕੇ ਗਾਈਏ।

22. ਪਰੰਪਰਾ

ਪਰੰਪਰਾ ਹਰ ਦਿਨ ਹਰ ਰਾਤ ਪ੍ਰੇਤ ਬਣ ਮੇਰੇ ਬੂਹੇ ਬਾਰੀਆਂ ਨੂੰ ਭੰਨਦੀ ਹੈ। ਡਰ ਸਹਿਮ ਮੇਰੇ ਅੰਦਰ ਭਰਦੀ ਹੈ। ਲਾਲ ਸੰਧੂਰੀਆਂ ਪੀਲੀਆਂ ਵਸਤਾਂ ਸੰਗ ਮੜ੍ਹਦੀ ਹੈ, ਹਰ ਰੋਜ ਮੇਰਾ ਪੱਕਾ ਘੜਾ ਕੱਚੇ ਚ ਬਦਲ ਮੈਨੂੰ ਕਮਜ਼ੋਰ ਕਰਦੀ ਹੈ। ਕਦੇ ਅੱਖਾਂ ਵਿਖਾਉਂਦੀ ਹੈ ਕਦੇ ਹੁਕਮ ਚਲਾਉਂਦੀ ਹੈ। ਨਹੀਂ ਜਾਣਦੀ ਕਿ ਮੈਂ ਉਸ ਨੂੰ ਇਕ ਦਿਨ ਸ਼ੀਸ਼ੀ 'ਚ ਪਾਉਣਾ ਹੈ, ਜਿਥੋਂ ਉਹ ਮੁੜ ਕੇ ਨਾ ਆ ਸਕੇ ਕਿਸੇ ਇਹੋ ਜਿਹੀ ਥਾਂ ਦੱਬ ਕੇ ਆਉਣਾ ਹੈ। ਯਸ਼ੋਧਰਾ ਨੇ ਗਹਿਰੀ ਨੀਂਦ ਚੋਂ ਅੱਖਾਂ ਖੋਲ੍ਹੀਆਂ ਤਾਂ ਬੁੱਧ ਕਦੋਂ ਦਾ ਜਾ ਚੁੱਕਾ ਸੀ ...... ਉਹ ਹਨੇਰੇ ਵਿਚ ਅੱਖਾਂ ਪਾੜ-ਪਾੜ ਕੁਝ ਭਾਲਣ ਦਾ ਯਤਨ ਕਰਦੀ। ਕਿੰਨਾ ਚਿਰ ਉਹ ਗੁੰਮ-ਸੁੰਮ ਆਪਣੇ ਆਪ 'ਚ ਨਾ ਪਰਤੀ। ਧਰਤੀ ਸੀ ਨਾ ਸਭ ਸਹਿ ਗਈ, ਲੋਕ ਬੁੱਧ-ਬੁੱਧ ਕਰਦੇ ਰਹੇ ਤੇ ਉਹ ਚੁੱਪ ਚੁਪੀਤੇ ਕਦੋਂ ਦੀ ਗਿਆਨ ਦੇ ਰਾਹ ਪੈ ਗਈ।

23. ਜ਼ਹਿਰੀਲੀ ਹਵਾ

ਜ਼ਹਿਰੀਲੀ ਹਵਾ ਕੁਝ ਇਵੇਂ ਮੇਰੇ ਸ਼ਹਿਰ 'ਚ ਆ ਗਈ, ਵੇਂਹਦਿਆਂ-ਵੇਂਹਦਿਆਂ ਉਹ ਹਰ ਘਰ ਨੂੰ ਖਾ ਗਈ। ਚਿੱਟੇ ਨੇ ਹਰ ਚਿੱਟੇ ਦਿਨ ਨੂੰ ਇਸ ਕਦਰ ਚੱਟ ਲਿਆ, ਨਾ ਕੋਈ ਚੁੱਲ੍ਹਾ ਬਲਿਆ ਤੇ ਨਾ ਕੋਈ ਘਰ ਰਿਹਾ। ਦਿਲ ਮੇਰਾ ਦੁੱਖਾਂ ਨਾਲ ਭਰ ਗਿਆ ਪਤਾ ਨਹੀਂ ਕੌਣ ਮੇਰੇ ਸ਼ਹਿਰ 'ਚ ਜਹਿਰ ਭਰ ਗਿਆ।

24. ਮਕਾਨਕੀ ਜ਼ਿੰਦਗੀ

ਮਕਾਨਕੀ ਜ਼ਿੰਦਗੀ ਚੂਸ ਗਈ ਹੈ, ਸਾਡੇ ਅਹਿਸਾਸਾਂ ਨੂੰ ਜਿਉਣ ਦੀ ਕਲਾ ਨੂੰ। ਰਿਸ਼ਤੇ ਮਹਿਜ ਦਿਖਾਵਾ, ਸੁਹਜ ਅਤੇ ਸਕੂਨ ਕਿਧਰੇ ਉਡ-ਪੁਡ ਗਿਆ। ਮਾਇਆ ਦੀ ਦੌੜ ਵਿਚ ਗੁਆਚੀ ਮਨੁੱਖੀ ਵੇਦਨਾ, ਹੁੰਗਾਰੇ ਜੰਗਾਲੇ ਗਏ ਕੁੰਭਕਰਨੀ ਨੀਂਦ ਸੌਂ ਗਏ ਸਾਰੇ। ਨਿੱਕੇ ਨਿੱਕੇ ਘੁਰਨਿਆਂ 'ਚ ਤਬਦੀਲ ਹੋ ਰਹੇ ਘਰ। ਵਿਹੜਿਆਂ ਵਿਚ ਉੱਗੀ ਉਦਾਸੀ ਦੀ ਖੱਬਲ, ਖੇਤਾਂ 'ਚ ਡਰਨਿਆਂ ਦੀ ਥਾਂ ਸੱਚ-ਮੁੱਚ ਦੀਆਂ ਡਰਾਉਨੀਆਂ ਲਾਸ਼ਾਂ। ਹਵਾ 'ਚ ਘੁਲਿਆ ਜਹਿਰ ਸਾਹ 'ਚ ਘੁਟਨ, ਮਾਯੂਸੀ ਤੇ ਨਿਰਾਸ਼ਾ 'ਚ ਘਿਰਿਆ ਅੱਜ ਦਾ ਮਨੁੱਖ। ਤਲਖੀਆਂ ਅਣਹੋਣੀਆਂ ਕਰੂਰ ਸੱਚ ਦਾ ਹਰ ਪਲ, ਸਹਿਮ ਝੱਲਦਾ ਮਨੁੱਖੀ ਮਨ ਇਕ ਕੈਦ ਕੱਟਦਾ ਬਸ ਸਫਰ 'ਚ ਹੈ। ਅਸੀਮ ਨੇ ਮਨੁੱਖੀ ਪਰਤਾਂ ਪਰਤਾਂ ਦਰ ਪਰਤਾਂ .... ਮਨੁੱਖ ਨੂੰ ਮਨੁੱਖ ਚੋਂ ਮਨਫੀ ਕਰ ਆਪਣੇ ਆਪ ਚੋਂ ਹੀ ਗੈਰ ਹਾਜ਼ਰ, ਪਰਤਾਂ ਦੀ ਕੇਹੀ ਵਿਡੰਬਨਾ ਹੈ। ਮਨੁੱਖ ਦਾ ਦੋਗਲਾਪਣ ਤਿੜਕਣ ਬਿਖਰਨ ਟੁੱਟਣ ਤੇ, ਪਰਦਾ ਪਾਉਂਦਾ ਮਨੁੱਖ ਕਿੰਨਾ ਮਕਾਨਕੀ ਹੈ। ਜੀਵਨ ਸਾਉਣ ਦੀ ਝੜੀ ਆਨੰਦ ਮਾਣ ਬਾਰਿਸ਼ਾਂ ਦਾ, ਮੀਹਾਂ 'ਚ ਭਿੱਜਣਾ ਹੀ ਕਾਫੀ ਨਹੀਂ। ਜੀਵਨ ਇਕ ਪਿਆਰ ਦਾ ਝਰਨਾ ਇਸ ਨੂੰ ਨਿਹਾਰ, ਇਸ 'ਚ ਗੜੁੱਚ ਹੋ ਆਨੰਦਿਤ ਹੋ। ਭਾਵਨਾਵਾਂ ਤਮੰਨਾਵਾਂ ਦੀ ਵਗਦੀ ਪੌਣ, ਲੰਮੇ ਸਾਹਾਂ ਨੂੰ ਆਪਣੇ ਅੰਦਰ ਭਰ। ਸੋਚਾਂ ਦੀ ਜੂਹ ਵਿਚ ਘਰ ਪਾ ਵਿਚਾਰਾਂ ਨੂੰ ਹੰਗਾਲ, ਸੁਪਨਿਆਂ ਦੀ ਥਾਹ ਪਾ। ਸੁੱਚੇ ਸਰੋਕਾਰਾਂ ਦਾ ਸੰਦਲੀ ਸਫਾ ਲਿਖ, ਨਵੀਂ ਤਹਿਜ਼ੀਬ ਲਿਖ ਵਕਤ ਦੀ।

25. ਗੁਆਚ ਨਾ ਜਾਵੀਂ

ਸੋਚਾਂ ਦੀ ਤੇਜ਼ ਹਨ੍ਹੇਰੀ ਵਿੱਚ ਕੱਖ ਕਾਨ ਬਹੁਤ ਕੁਝ ਉੱਡੇਗਾ। ਅੱਖਾਂ ਅੱਗੇ ਆਉਣਗੀਆਂ ਮਿੱਟੀ ਘੱਟੇ ਦੀਆਂ ਬੁਛਾੜਾਂ। ਗੁਆਚ ਨਾ ਜਾਵੀਂ। ਚਮਕੇਗੀ ਆਕਾਸ਼ ਚ ਬਿਜਲੀ ਲਿਸ਼ਕੋਰ ਡਰਾਵੇਗੀ ਗੜ੍ਹਕੇਗੀ ਬੱਦਲਾਂ ਦੀ ਆਪਸੀ ਰਗੜ ਖਾਂਦੀ ਗੜ੍ਹਕ ਡਰ ਨਾ ਜਾਵੀਂ। ਬਰਸੇਗੀ ਮੋਹਲੇ ਧਾਰ ਬਰਸਾਤ ਵਗਣਗੇ ਪਰਨਾਲੇ ਚੋਣਗੇ ਕੱਚੇ ਮਕਾਨ ਭਰਨਗੇ ਖੇਤਾਂ ਦੇ ਕਿਆਰੇ ਟੁੱਟਣਗੇ ਨੱਕੇ ਭਰਨਗੇ ਟੋਏ ਨੀਵੇਂ ਥਾਂ ਖੁਰਨਗੇ ਟਿੱਬੇ ਹੰਕਾਰ ਚ ਆਕੜੇ ਉਦਾਸ ਨਾ ਹੋਵੀਂ। ਜੇ ਬਹੁਤ ਕੁਝ ਗਵਾਚਦਾ ਹੈ ਤਾਂ ਹੋਰ ਕੁਝ ਮਿਲਦਾ ਵੀ ਹੈ ਮਿਸਾਲ ਦੇ ਤੌਰ ਤੇ ਸੂਰਜ ਛਿਪਦਾ ਹੈ ਤਾਂ ਕਿੰਨੇ ਤਾਰੇ ਝੋਲੀਆਂ ਭਰ ਕੇ ਸਾਨੂੰ ਝਾਤ ਆਖਦੇ ਨੇ। ਰਾਤ ਪੈਂਦੇ ਸਾਰ ਚੰਦ ਮਾਮਾ ਇਕੱਲਾ ਨਹੀਂ ਪੂਰਾ ਨਾਨਕਾ ਮੇਲ ਆ ਪਹੁੰਚਦਾ ਹੈ ਪਰਿਵਾਰ ਸਮੇਤ। ਗੱਲ ਬਾਤ ਕਰਦਾ ਹੈ ਪੂਰੀ ਰਾਤ। ਟਿਕੀ ਰਾਤ ਵਿੱਚ ਚੁੱਪ ਵਰਤਦੀ ਹੈ ਤਾਂ ਅੰਦਰਲਾ ਸ਼ੋਰ ਕਵਿਤਾ ਵਿੱਚ ਢਲ ਜਾਂਦਾ ਹੈ। ਸ਼ਬਦ ਕਤਾਰਾਂ ਬੰਨ੍ਹ ਕੇ ਆ ਖਲੋਂਦੇ ਨੇ ਮੇਰੇ ਦਵਾਰ ਬੋਲਦੇ ਤੇ ਆਖਦੇ ਸਾਂਭ ਮੋਤੀਆਂ ਦਾ ਥਾਲ ਸਭ ਕੁਝ ਸੰਭਾਲ ਸੁਣਾ ਦੇ ਸਾਰੀਆਂ ਬਾਤਾਂ ਇਨ੍ਹਾਂ ਨੂੰ ਅੱਵਲ ਤੋਂ ਅਖੀਰ ਤੱਕ ਸ਼ਬਦ ਸ਼ਬਦ ਹਰਫ਼ ਹਰਫ਼। ਬਿਨ ਉਚੇਚ ਬਿਨ ਝਿਜਕ। ਚੁੱਪ ਨਾ ਬੈਠੀਂ। ਚੁੱਪ ਤਾਂ ਇਨਸਾਨ ਨੂੰ ਕਬਰ ਬਣਾ ਦੇਂਦੀ ਹੈ। ਗ਼ਮਾਂ ਨੂੰ ਹਿੱਕ ਵਿਚ ਪਾਉਣ ਦੀ ਥਾਂ ਕਾਗ਼ਜ ਹਵਾਲੇ ਕਰ ਦੇ। ਵਕਤ ਨੂੰ ਸ਼ਬਦਾਂ ਹਵਾਲੇ ਕਰਨ ਨਾਲ ਬੱਦਲ ਛਟ ਜਾਂਦੇ ਨੇ। ਗਰਜਣੋਂ ਹਟ ਜਾਂਦੇ ਨੇ ਕੱਚੇ ਘਰਾਂ ਦੀਆਂ ਚੋਂਦੀਆਂ ਛੱਤਾਂ ਲਿਪ ਦੇ ਸ਼ਬਦਾਂ ਦੀ ਚੀਕਨੀ ਮਿੱਟੀ ਨਾਲ ਵਹਿ ਜਾਵੇਗਾ ਆਪਣੇ ਆਪ ਇਕੱਠਾ ਹੋਇਆ ਬਾਰਿਸ਼ ਦਾ ਪਾਣੀ। ਕੱਖ ਕਾਨ ਟਿਕ ਜਾਣਗੇ ਬੈਠ ਜਾਵੇਗੀ ਧੂੜ ਨਜ਼ਰ ਵਿੱਚ ਸਾਫ਼ ਆਵੇਗਾ ਅਲੌਕਿਕ ਸੰਸਾਰ। ਡਰ ਨਾ ਜਾਵੀਂ।

26. ਜ਼ਿੰਦਗੀ ਦੀ ਕੈਨਵਸ

ਕੈਨਵਸ ਤੇ ਰੰਗਾਂ ਦੇ ਪੈਚ ਲਾਉਂਦੇ ਚਿਤਰਕਾਰ ਨੂੰ ਮੈਂ ਪੁੱਛਿਆ ਤੇਰੇ ਰੰਗ ਕਿਵੇਂ ਬੋਲਦੇ ਨੇ। ਇਹ ਏਨਾ ਕੁਝ ਬਿਆਨਦੇ ਨੇ ਕਿ ਜਿੰਨਾ ਕੁਝ ਜੀਭ ਵੀ ਨਹੀਂ ਬੋਲਦੀ। ਉਸ ਕਿਹਾ ਇਨ੍ਹਾਂ ਰੰਗਾਂ ਦੀ ਬੋਲੀ ਸਿੱਖਣੀ ਪੈਂਦੀ ਹੈ ਨਾਲ ਨਾਲ ਤੁਰਨਾ ਪੈਂਦਾ ਹੈ ਕਦੇ ਫੁਲਾਂ ਚ ਫੁੱਲ ਹੋਣਾ ਪੈਂਦਾ ਹੈ। ਕੰਡਿਆਂ ਨਾਲ ਖਹਿ ਕੇ ਵੀ ਦਾਮਨ ਲੀਰੋ ਲੀਰ ਹੋਣੋਂ ਬਚਾਉਣਾ ਪੈਂਦਾ ਹੈ। ਜਿਹੜੇ ਰੰਗ ਜ਼ਿੰਦਗੀ ਨਹੀਂ ਦੇਂਦੀ ਉਹ ਲੱਭ ਲੱਭ ਕੈਨਵਸ ਨੂੰ ਸੌਂਪਣੇ ਪੈਂਦੇ ਨੇ। ਗੇਰੂਆ ਮਿੱਟੀ ਚ ਘੋਲ ਕੇ ਕੈਨਵਸ ਸ਼ਿੰਗਾਰਨਾ ਪੈਂਦਾ ਹੈ ਜ਼ਿੰਦਗੀ ਵਾਂਗ। ਕਦਮ ਕਦਮ ਰਵਾਨੀ ਸਾਹਾਂ ਦੀ ਸ਼ਕਤੀ ਬਣਾਉਣੀ ਪੈਂਦੀ ਹੈ। ਸ਼ਿਕਵਾ ਨਹੀਂ ਕਰਦੀ ਮੈਂ ਤੇਜ਼ਾਬੀ ਸ਼ਿਕਵਿਆਂ ਦੇ ਆਤਸ਼ੀ ਪਾਣੀ ਨਾਲ ਆਸਾੰ ਤੇ ਸਵਾਸਾਂ ਦੇ ਪੌਦੇ ਸੁੱਕ ਜਾਂਦੇ ਨੇ। ਮੈਂ ਤਾਂ ਰੂਹ ਦੀ ਕਿਆਰੀ ਵਿੱਚ ਮੌਸਮੀ ਬੇ ਮੌਸਮੀ ਵੇਲ ਬੂਟੇ ਲਾਈ ਰੱਖਦੀ ਹਾਂ। ਮਹਿਕਦੇ ਨੇ ਦਿਨ ਰਾਤ। ਗੁਲਦਸਤਿਆਂ ਵਿੱਚ ਸ਼ਿੰਗਾਰਦੀ ਹਾਂ ਬੇਕਿਰਕ ਹੋ ਫੁੱਲਾਂ ਦੀਆਂ ਡੰਡੀਆਂ ਤਿੱਖੀਆਂ ਸੂਲਾਂ ਚ ਗੱਡ ਦਿੰਦੀ ਹਾਂ। ਇਹੋ ਪੀੜ ਰੋਮ ਰੋਮ ਚਿਤਵਦੀ ਹਾਂ। ਮੇਰਾ ਸ਼ਿਕਵਾ ਕਿਸਮਤ ਨਾਲ ਨਹੀਂ ਵਿਧ ਮਾਤਾ ਦੀ ਉਸ ਕਲਮ ਨਾਲ ਹੈ ਜੋ ਇਮਤਿਹਾਨ ਦਰ ਇਮਤਿਹਾਨ ਮੇਰੇ ਮੱਥੇ ਤੇ ਗੂੜ੍ਹਾ ਜਿਹਾ ਕਰਕੇ ਲਿਖਦੀ ਰਹੀ ਬਿਲਕੁਲ ਮੇਰੇ ਸਾਹਣੇ। ਡਰਦੀ ਨਹੀਂ ਮੈਂ ਕਿਸੇ ਵੀ ਆਫ਼ਤ ਤੋਂ। ਰੰਗਾਂ ਦੀ ਇੰਦਰ ਧਨੁਸ਼ੀ ਲੀਲ੍ਹਾ ਮੇਰੇ ਅੰਗ ਸੰਗ ਰਹਿੰਦੀ ਹੈ ਅੱਠੇ ਪਹਿਰ ਸੱਤੇ ਦਿਨ। ਤੂੰ ਮੇਰੇ ਮਨ ਦੀ ਧਰਤੀ ਬੰਜਰ ਨਾ ਸਮਝ ਇਸ ਵਿੱਚ ਬਹੁਤ ਕੁਝ ਖਿੜਦਾ ਹੈ ਲਾਜਵੰਤੀ ਵਾਂਗ। ਮਹਿਕਦੇ ਹਨ ਰਾਤ ਦੀ ਰਾਣੀ ਵਾਂਗ। ਤੇਰੇ ਕੋਲ ਰੰਗ ਵੀ ਹਨ ਬੁਰਸ਼ ਵੀ ਹਨ ਵੰਨ ਸੁਵੰਨੇ ਕੈਨਵਸ ਵੀ ਉਡੀਕਦੀ ਹੈ। ਕਸਰ ਕਿੱਥੇ ਹੈ ਮੇਰੀ ਜਾਨ! ਹਰ ਮੌਸਮ ਚ ਖਿੜਨ ਵਾਲੇ ਫੁੱਲਾਂ ਦੀ ਪਨੀਰੀ ਨੂੰ ਧਰਤੀ ਹਵਾਲੇ ਕਰ ਇਹ ਉੱਗਣਾ ਤੇ ਮੌਲਣਾ ਚਾਹੁੰਦੇ ਨੇ। ਮੈਂ ਤੇਰੇ ਨਾਲ ਨਾਲ ਤੁਰਦਿਆਂ ਕਿੰਨਾ ਕੁਝ ਉਗਾਇਆ ਹੈ। ਕੁੱਖ ਵਿੱਚ ਬੱਚੇ ਕਾਲਿਜ ਦੇ ਬੱਚਿਆਂ ਦੇ ਮਨਾਂ ਚ ਗਿਆਨ ਦੀ ਤ੍ਰਿਵੈਣੀ ਲਾਈ ਹੈ। ਮਨ ਦੀ ਮੌਲਸਰੀ ਨੂੰ ਲਗਾਤਾਰ ਸਿੰਜਿਆ ਹੈ ਮੋਹ ਮੁਹੱਬਤ ਦੇ ਨਿਰਮਲ ਜਲ ਨਾਲ। ਕੈਨਵਸ ਤੇ ਰੰਗ ਲਾਉਣੇ ਤੇ ਜਗਾਉਣੇ ਮੇਰੇ ਲਈ ਖੱਬੇ ਹੱਥ ਦਾ ਕੰਮ ਹੈ। ਤੂੰ ਰੰਗਾਂ ਨੂੰ ਸਹਿਮ ਦੇ ਸੇਕ ਤੋਂ ਮੁਕਤ ਕਰ ਖੁਸ਼ਬੋ ਦੀ ਗਾਰੰਟੀ ਮੈਂ ਕਰਦੀ ਹਾਂ।

27. ਅਣ ਕਿਹਾ

ਕੋਰੇ ਵਰਕੇ ਤੇ ਲਿਖ ਆਪਣਾ ਨਾਮ ਖ਼ੁਸ਼ਖ਼ਤ ਕਰਕੇ ਵੇਲ ਬੂਟੀਆਂ ਵੀ ਪਾ ਦੇ ਚਾਰ ਚੁਫ਼ੇਰ ਸੁਰੱਖਿਆ ਜ਼ਰੂਰੀ ਹੈ। ਬਦ ਨਜ਼ਰਾਂ ਤੋਂ। ਚਸ਼ਮ ਏ ਬਦ ਦੂਰ। ਸਿਰਫ਼ ਮੈਂ ਹੀ ਪੜ੍ਹ ਸਕਾਂ ਤੇਰੀ ਲਿਖੀ ਅਣਲਿਖੀ ਇਬਾਰਤ ਸ਼ਬਦਾਂ ਵਿਚਕਾਰਲੀ ਖ਼ਾਲੀ ਥਾਂ ਜਿਹਾ ਸੱਖਣਾਪਨ ਵੀ ਨਾਲ ਨਾਲ। ਮਹਿਕਦੇ ਹਰਫ਼ਾਂ ਵਿੱਚ ਪਿਘਲਿਆ ਤਨ ਬਦਨ ਸ਼ਬਦ ਸ਼ਬਦ ਵਾਕ ਵਾਕ ਸਾਹਾਂ ਚ ਘੁਲ ਜਾਵੇ ਸਹਿਜ ਸੁਭਾਅ। ਤੂੰ ਬਾਰ ਬਾਰ ਮੇਰਾ ਹੀ ਨਾਮ ਲਿਖਦਾ ਨਾ ਅੱਕਦਾ ਨਾ ਥੱਕਦਾ ਹਰ ਵਾਰ ਰੰਗਾਂ ਚੋਂ ਲੱਭਦਾ ਹੈਂ ਖ਼ੁਸ਼ਬੂ ਦਾ ਆਕਾਰ। ਮੇਰੀ ਜਿੰਦ ਲਰਜ਼ਦੀ ਕੰਬਦੀ ਤਾਰ ਸਿਤਾਰ ਦੀ। ਟੁਣਕਦੀ ਹੈ ਮੇਰੇ ਅੰਦਰਵਾਰ। ਬੰਸਰੀ ਦੇ ਪੋਰ ਵਿੱਚ ਸਾਹ ਤੁਰਦੇ ਸੰਗੀਤ ਜਨਮਦੇ। ਬਾਂਸ ਦੇ ਟੋਟੇ ਵਿੱਚ ਜੇ ਅੱਜ ਸੁਰਾਂ ਦਾ ਮੇਲਾ ਭਰਿਆ ਹੈ ਤਾਂ ਤੂੰ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੈਂ ਮਹਿਕ ਵਾਂਗ। ਕੋਰੇ ਵਰਕੇ ਤੇ ਲਿਖਿਆ ਤੇਰਾ ਹਰ ਹਰਫ਼ ਸੁਗੰਧੀਆਂ ਵੰਡਦਾ ਤਨ ਮਨ ਮਹਿਕਾ ਦਿੰਦਾ ਸੰਦਲੀ ਪੌਣ ਲੰਘ ਜਾਂਦੀ ਹੈ ਮਨ ਦੀ ਬਗੀਚੀ ਵਿੱਚੋਂ।

28. ਰੋਜ਼ ਰਾਤ ਨੂੰ ਅਕਸਰ

ਮਨ ਹੀ ਮਨ ਵਿੱਚ ਰੋਜ਼ ਰਾਤ ਨੂੰ ਅਕਸਰ ਜਿਸਦਾ ਦਰ ਖੜਕਾਉਂਦੀ ਹਾਂ। ਸੁਪਨੇ ਅੰਦਰ ਜਾ ਕੇ ਉਸਨੂੰ ਚੁੱਪ ਕਰਕੇ ਮਿਲ ਆਉਂਦੀ ਹਾਂ। ਮੇਰੇ ਅੰਦਰ ਤਲਖ਼ੀ ,ਸਾਗਰ ਹਾਸਿਆਂ ਅੰਦਰ ਲੁਕੀ ਉਦਾਸੀ ਪਤਾ ਨਹੀਂ ਕਿੰਜ ਪੜ੍ਹ ਲੈਂਦਾ ਉਹ। ਸ਼ਾਇਦ ਉਸਨੂੰ ਅਣਲਿਖਿਆ ਵੀ ਪੜ੍ਹਨਾ ਆਉਂਦਾ ਬਿਨ ਵੇਖੇ ਤੋਂ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰ ਉੱਤੇ ਵੇਲ ਬੂਟੀਆਂ ਵੇਖਦਿਆਂ ਹੀ ਉਸਦਾ ਚਿਹਰਾ ਫੁੱਲ ਬਣ ਜਾਵੇ। ਇਉ ਂ ਲੱਗਦਾ ਹੈ ਵੇਖਦਿਆਂ ਮੈਨੂੰ ਇਹ ਪੂਰਾ ਖਿੜ ਖਿੜ ਜਾਵੇ। ਮਹਿਕਾਂ ਵੰਡੇ ਮੇਰਾ ਲੂੰ ਲੂੰ ਤੱਕ ਲਰਜਾਵੇ। ਅੱਖਾਂ ਮੁੰਦਾਂ ਫਿਰ ਵੀ ਮੈਨੂੰ ਨਜ਼ਰੀਂ ਆਵੇ। ਅੱਖਾਂ ਖੁੱਲਦਿਆਂ ਹੀ ਮੁੜ ਉਹ ਦਰ ਖੜਕਾਵੇ। ਇਹ ਤਾਂ ਰਿਸ਼ਤਾ ਆਦਿਕਾਲ ਤੋਂ ਰੂਹ ਦੇ ਅੰਦਰਵਾਰ ਕਿਤੇ ਪਿਆ ਜਾਗ ਰਿਹਾ ਸੀ। ਗੈਰਾਂ ਕੋਲੋਂ ਓਦਾਂ ਕਿੱਥੇ ਖ਼ੁਸ਼ਬੋ ਆਵੇ ਤੇ ਤੜਪਾਵੇ। ਹੁਣ ਤੇ ਦਰ ਖੜਕਾਏ ਤੋਂ ਬਿਨ ਜਦ ਚਿੱਤ ਚਾਹੇ ਆ ਜਾਂਦਾ ਹੈ ਲਪਟਾਂ ਬਣ ਕੇ ਸੰਦਲੀ ਪੌਣ ਦੇ ਬੁੱਲੇ ਜਿਹਾ। ਪਤਾ ਹੀ ਨਹੀਂ ਲੱਗਦਾ ਸਾਹਾਂ ਚ ਫਿਰ ਤੁਰ ਕੇ ਕਦੋਂ ਚਲਾ ਜਾਂਦਾ ਹੈ। ਆਪਣਿਆਂ ਨਾਲੋਂ ਕਿਤੇ ਵੱਧ ਆਪਣਾ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਬੇਨਾਮ ਰਿਸ਼ਤਿਆਂ ਚ ਕੀ ਹੈ ਐਸਾ?

29. ਤੂੰ ਦਸਤਾਨੇ ਉਤਾਰ

ਜੇ ਲੰਮਾ ਸਫ਼ਰ ਮੇਰੇ ਨਾਲ ਨਾਲ ਤੁਰਨਾ ਹੈ ਤਾਂ ਪਹਿਲਾਂ ਦਸਤਾਨੇ ਉਤਾਰ। ਇੰਜ ਤਾਂ ਲੱਗਦਾ ਹੀ ਨਹੀਂ ਤੂੰ ਮੇਰੇ ਨਾਲ ਨਾਲ ਤੁਰਦਾ ਹੈਂ। ਬਹੁਤ ਇਕੱਲੀ ਹਾਂ ਪਹਿਲਾਂ ਹੀ ਮੈਂ। ਹੋਰ ਇਕੱਲੀ ਨਾ ਕਰ। ਇਸ ਤਰ੍ਹਾਂ ਪਹਿਲਾਂ ਮਨ ਟੁੱਟਦਾ ਹੈ। ਫਿਰ ਰਿਸ਼ਤੇ ਤੇ ਮਗਰੋਂ ਬਹੁਤ ਕੁਝ ਤਿੜਕ ਜਾਂਦਾ ਹੈ। ਘਰਾਂ ਦੇ ਘਰ ਖਪ ਜਾਂਦੇ ਨੇ ਇਸ ਤਰੇੜ ਵਿੱਚ। ਇਹ ਦਸਤਾਨੇ ਤਾਂ ਉਤਾਰ ਮੈਂ ਤੈਨੂੰ ਧੁਰ ਅੰਦਰ ਤੀਕ ਨਿੱਘ ਦੇਵਾਂਗੀ ਰੂਹ ਦੇ ਜਸ਼ਨ ਵਿੱਚ ਸ਼ਾਮਿਲ ਤਾਂ ਹੋ ਕੇ ਵੇਖ। ਠਰਦਿਆਂ ਠਰਦਿਆਂ ਕਿੰਨੇ ਕੁ ਵਸਤਰ ਪਾਵੇਂਗਾ? ਇਹ ਤੇਰੇ ਤਨ ਲਈ ਹੋਣਗੇ ਪਰ ਠੰਢ ਤਾਂ ਕਿਤੇ ਹੋਰ ਹੈ ਮੇਰੀ ਜਾਨ। ਸਵੇਰ ਸ਼ਾਮ ਦੀ ਸੈਰ ਕਰਦਿਆਂ ਕਾਲੀ ਐਨਕ ਵੀ ਨਾ ਲਾਇਆ ਕਰ ਖਿੜੇ ਫੁੱਲ ਮੁਰਝਾ ਜਾਂਦੇ ਨੇ। ਗੁਲਾਬੀ ਮੌਸਮ ਧੁੰਦਲਾ ਹੋ ਜਾਂਦਾ ਹੈ। ਅਸਮਾਨ ਚ ਬੱਦਲ ਦਿਸਦੇ ਨੇ ਪਰ ਹੁੰਦੇ ਕਿਤੇ ਵੀ ਨਹੀਂ। ਭੁਲੇਖੇ ਚ ਉਮਰ ਬੀਤ ਰਹੀ ਹੈ। ਮੇਰੇ ਜਨਮ ਦਿਨ ਤੇ ਤੂੰ ਬਹੁਤ ਵਾਰ ਤੋਹਫਿਆਂ ਦੇ ਅੰਬਾਰ ਲਾਏ। ਰਹਿਣ ਦੇ ਹੁਣ। ਇਹੀ ਦੇ ਦੇ ਦੋ ਅਹਿਸਾਸ ਨੰਗੀ ਨਜ਼ਰ ਤੇ ਹੱਥਾਂ ਦੀ ਕੋਮਲ ਛੋਹ। ਇਸੇ ਰਸ ਵਿੱਚ ਮੈਂ ਰਹਿੰਦੀ ਉਮਰ ਗੁਜ਼ਾਰ ਲਵਾਂਗੀ। ਮੇਰੇ ਕੋਲ ਬਹੁਤ ਕੁਝ ਪਿਆ ਹੈ ਤੇਰਾ ਅਣਵਰਤਿਆ ਅਣਕਿਹਾ ਤੇ ਅਣਲਿਖਿਆ। ਮੇਰੀਆਂ ਅੱਖਾਂ ਵਿੱਚੋਂ ਪੜ੍ਹ ਸਫ਼ਿਆਂ ਦੇ ਸਫ਼ੇ ਗੁੰਮ ਸੁੰਮ। ਤੇਰੇ ਕੋਲ ਮੈਂ ਹਾਂ। ਰੋਮ ਰੋਮ ,ਪੱਤਾ ਪੱਤਾ, ਖ਼ੁਬਬੋਈ ਜਾਣ ਲੈ, ਮਾਣ ਲੈ ਵਰਕਿਆਂ ਚ ਛੁਪੀ ਮੇਰੀ ਚੁੱਪ। ਮੈਂ ਲਾਇਬਰੇਰੀ ਚ ਪਈ ਕਿਤਾਬ ਨਹੀਂ ਜਿਹੜਾ ਮਰਜ਼ੀ ਸ਼ੈਲਫ਼ ਵਿਚੋਂ ਲਵੇ ਤੇ ਪੜ੍ਹ ਕੇ ਧਰ ਦੇਵੇ। ਮੈਂ ਤਾਂ ਤੇਰੇ ਕਮਰੇ ਦੀ ਅਲਮਾਰੀ ਅੰਦਰ ਤੇਰੇ ਹੱਥਾਂ ਦੇ ਬਹੁਤ ਨੇੜੇ ਹਾਂ। ਰੂਹ ਲਾ ਕੇ ਪੜ੍ਹ ਮੈਂ ਤੈਨੂੰ ਬਹੁਤ ਦੂਰ ਲੈ ਜਾਵਾਂਗੀ। ਇਹ ਨਿੱਕੀ ਜੇਹੀ ਚਾਰਦੀਵਾਰੀ ਵਾਲਾ ਮਕਾਨ ਏਦਾਂ ਹੀ ਘਰ ਵਿੱਚ ਤਬਦੀਲ ਹੋਵੇਗਾ। ਮੈਂ ਤਾਂ ਬਹੁਤ ਕੁਝ ਕਹਿ ਲਿਆ ਹੁਣ ਤੇਰੀ ਵਾਰੀ ਹੈ ਪਰ ਬੋਲਣ ਤੋਂ ਪਹਿਲਾਂ ਦਸਤਾਨੇ , ਐਨਕ ਤੇ ਹੋਰ ਸਾਰੇ ਗਿਲਾਫ਼ ਉਤਾਰ। ਮੈਂ ਤੈਨੂੰ ਆਰ ਪਾਰ ਵੇਖਣਾ ਚਾਹੁੰਦੀ ਹਾਂ।

30. ਅੱਜ ਮੈਂ

ਤੇਰੇ ਅਖੌਤੀ ਰਾਖਵੇਂਕਰਨ ਨੂੰ ਭੀਖ ਦੇ ਰੂਪ ਵਿੱਚ ਝੋਲੀ ਪੁਆਉਣ ਤੋਂ ਪਹਿਲਾਂ ਤੈਨੂੰ ਆਜ਼ਾਦ ਕਰਦੀ ਹਾਂ। ਮੈਂ ਹੈਰਾਨ ਹਾਂ ਇਸ ਸੋਚ ਤੇ ਕਿ ਤੂੰ ਅੱਜ ਪਾਰਲੀਮੈਂਟ ਚ ਬਿੱਲ ਪੇਸ਼ ਕਰਦਿਆਂ ਮੇਰੇ ਲਈ 33% ਰਾਖਵਾਂਕਰਣ ਦੇ ਕੇ ਮੈਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈਂ.... ਅੱਜ ਮੈਂ ਤੈਨੂੰ ਰਾਖਵੇਂਕਰਣ ਦੇ ਬੰਧਨ ਤੋਂ ਮੁਕਤ ਕਰਦੀ ਹਾਂ ਜ਼ਰਾ ਸੋਚ ਤੂੰ ਜੇ ਮੇਰੀ ਮਮਤਾ ਵਿੱਚ ਵੀ ਰਾਖਵੇਂਕਰਨ ਦਾ ਬੀਜ ਹੁੰਦਾ ਤਾਂ ਇਹ ਧਰਤੀ ਤੇਰੇ ਵਰਗੇ ਅੱਤਿਆਚਾਰੀ ਤੋਂ ਅਜ਼ਾਦ ਹੁੰਦੀ। ਮੈਂ ਭੈਣ, ਮੈਂ ਬੇਟੀ, ਮੈਂ ਜਨਣੀ ਮੈਂ ਹੀ ਜਨਮਦਾਤੀ ਤੇਰੀ ਤੂੰ ਕੀ ਦੇ ਸਕਦੈਂ ਮੈਨੂੰ.....? ਆਦਿ ਯੁੱਗ ਤੋਂ ਤਾਂ ਮੈਂ ਹੀ ਸਭ ਕੀਤਾ ਤੇਰੇ ਲਈ ਅਤੇ ਭਵਿੱਖ ਚ ਵੀ ਕਰਾਂਗੀ ਤੂੰ ਤਾਂ ਖ਼ੁਦ ਮੇਰੇ ਪਿਆਰ, ਮੇਰੀ ਕਰੁਣਾ, ਮੇਰੇ ਦੁੱਧ ਦਾ ਕਰਜ਼ਦਾਰ ਹੈਂ।

31. ਗੀਤ

ਖ਼ਤ ਲਿਖਿਆ ਕਰ ਤੂੰ ਛਾਂ ਵਰਗਾ। ਮਨ ਅੰਦਰ ਪੁੰਗਰੇ ਪਿਆਰ ਜਿਹਾ, ਕਿਸੇ ਗੂੜ੍ਹ ਮੁਹੱਬਤੀ ਨਾਂ ਵਰਗਾ। ਖ਼ਤ ਲਿਖਿਆ ਕਰ ਤੂੰ...... ਖ਼ਤ ਲਿਖ ਤੂੰ ਵਗਦੀ ਨਹਿਰ ਜਿਹਾ। ਸਿਰ ਛਾਵਾਂ ਸਿਖ਼ਰ ਦੁਪਹਿਰ ਜਿਹਾ। ਜੋ ਚੂਸੇ ਦਿਲ ‘ਚੋਂ ਜ਼ਹਿਰ ਜਿਹਾ। ਖ਼ਤ ਲਿਖਿਆ ਕਰ ਤੂੰ...... ਫੱਗਣ ਵਿੱਚ ਖਿੜੇ ਗੁਲਾਬ ਜਿਹਾ। ਅਣਛੋਹੇ ਹੁਸਨ ਸ਼ਬਾਬ ਜਿਹਾ। ਸੱਜਣਾਂ ਦੀ ਲਿਖੀ ਕਿਤਾਬ ਜਿਹਾ। ਖ਼ਤ ਲਿਖਿਆ ਕਰ ਤੂੰ......... ਦਰਗਾਹੀਂ ਜਗੇ ਚਿਰਾਗ ਜਿਹਾ। ਦਰਦਾਂ ਵਿੱਚ ਭਿੱਜੇ ਰਾਗ ਜਿਹਾ। ਮੇਰੀ ਮਾਂ ਦੇ ਕੱਢੇ ਬਾਗ ਜਿਹਾ। ਖ਼ਤ ਲਿਖਿਆ ਕਰ ਤੂੰ...... ਅੱਜ ਅਚਨਚੇਤ ਤੇਰੀ ਬਾਤ ਛਿੜੀ। ਯਾਦਾਂ ਦੀ ਹਲਟੀ ਇਵੇਂ ਗਿੜੀ। ਮਨ ਟਹਿਕਿਆ ਜਿਵੇਂ ਦੁਪਹਿਰ ਖਿੜੀ। ਖ਼ਤ ਲਿਖਿਆ ਕਰ ਤੂੰ.........

32. ਕਿੱਥੇ ਹੈਂ ਤੂੰ

ਬਹੁਤ ਵਾਰ ਖ਼ੁਦ ਨੂੰ ਪੁੱਛਿਆ ਹੈ ਕਿੱਥੇ ਹੈਂ ਤੂੰ ਹਾਜ਼ਰ ਹੋ ਕੇ ਵੀ ਗ਼ੈਰ ਹਾਜ਼ਰ ਆਪਣੀ ਛਾਵੇਂ ਖੜ੍ਹੀ ਹੈਂ ਡਰੀ ਡਰੀ ਧੁੱਪ ਤਾਂ ਕਿਤੇ ਵੀ ਨਹੀਂ ਦੂਰ ਤੀਕ ਬੱਦਲ ਆ ਗਏ ਨੇ ਉੱਡਦੇ ਉੱਡਦੇ ਸਿਰ ਤੇ ਸੁਰਮਈ ਚੁੰਨੀ ਲੈ ਕੇ ਕਿੱਥੇ ਹੈਂ ਤੂੰ? ਸਾਂਭ ਲੈ ਅਣਕੱਤੀਆਂ ਪੂਣੀਆਂ ਚਰਖ਼ੇ ਨੂੰ ਸਾਂਭ ਭਿੱਜ ਗਿਆ ਤਾਂ ਕਾਣ ਪੈ ਜਾਵੇਗੀ। ਕੱਤਣ ਤੋਂ ਵੀ ਜਾਵੇਂਗੀ। ਭਿੱਜੀਆਂ ਪੂਣੀਆਂ ਨਹੀਂ ਸੁੱਕਣੀਆਂ।

33. ਬਿੰਦੂ ਤੋਂ ਬ੍ਰਹਿਮੰਡ

ਪੱਤੇ ਤੇ ਸਵਾਰੀ ਕਰ ਪੌਣਾਂ ਸੰਗ ਉਡਾਰੀ ਭਰ ਸਮੁੰਦਰ ਨੂੰ ਸਮਝਾ ਜਾਂਦਾ ਭਾਵੇਂ ਤਰੇਲ ਤੁਪਕਾ ਹੁਣ ਉਸ ਨੂੰ ਲਹਿਰਾਂ ਤੇ ਟਿਕਣਾ ਨਹੀਂ ਆਉਂਦਾ। ਭਾਵੇਂ ਤਰੇਲ ਤੁਪਕਾ ਜਾਣਦੈ ਪੱਤੇ ਦਾ ਤਾਣ ਫਿਰ ਵੀ ਹੈ ਮਾਣ ਅਸਲ ਗੱਲ ਤਾਂ ਮੁਹੱਬਤ ਸਿਖਾਉਂਦੀ ਹੈ ਪਤਾ ਹੈ ਕਿਵੇਂ? ਜਦ ਕਦੇ ਤੂੰ ਸੁਪਨੇ ਚ ਆ ਕੇ ਜਿਸਮ ਬਾਹਰ ਕਿਤੇ ਕਿੱਲੀ ਤੇ ਟੰਗ ਕੇ ਮੱਥਾ ਚੁੰਮਦੈਂ ਤਾਂ ਕਿੰਨਾ ਕੁਝ ਤੁਰਦਾ ਹੈ ਮੇਰੇ ਅੰਦਰ ਵਾਰ। ਡੋਲਦਾ ਮਨ ਟਿਕ ਜਾਂਦਾ ਹੈ ਲਹਿਰਾਂ ਨੂੰ ਟਿਕਾਅ ਮਿਲਦਾ ਨੀਰ ਨੂੰ ਦਿਸ਼ਾ ਮਿਲਦੀ ਹੈ। ਸ਼ਬਦ ਸ਼ਬਦ ਖਿਲਰੀ ਕਾਇਆ ਕਿਤਾਬ ਬਣ ਜਾਂਦੀ ਹੈ। ਤਰੇਲ ਤੁਪਕੇ ਜਲ ਕਣ ਜਿਵੇਂ ਬਣ ਜਾਂਦੇ ਨੇ ਤੈਨੂੰ ਮਿਲਦਿਆਂ ਬਿੰਦੂ ਤੋਂ ਸਾਗਰ। ਫਿਰ ਪਤਾ ਲੱਗਦਾ ਕਿੰਨਾ ਕੁਝ ਲੁਕਾਈ ਬੈਠੀ ਮੇਰੇ ਲਈ ਵਿਸ਼ਾਲ ਬ੍ਰਹਿਮੰਡ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ