Punjabi Poetry : Mandeep Gill Dharak

ਪੰਜਾਬੀ ਕਵਿਤਾਵਾਂ : ਮਨਦੀਪ ਗਿੱਲ ਧੜਾਕ


ਗ਼ਜ਼ਲ : ਕਿੱਧਰੇ ਬੁੱਤ ਗਿਰਾਏ, ਕਿੱਧਰੇ ਢਾਏ ਜਾਂਦੇ ਨੇ

ਕਿੱਧਰੇ ਬੁੱਤ ਗਿਰਾਏ, ਕਿੱਧਰੇ ਢਾਏ ਜਾਂਦੇ ਨੇ, ਇੰਝ ਵੀ ਲੋਕੀ ਮੁੱਦਿਆਂ ਤੋਂ ਭਟਕਾਏ ਜਾਂਦੇ ਨੇ। ਨਾਂ ਲੈ ਕੇ ਭਗਵਾਨਾਂ ਦਾ ਤੇ ਕਦੇ ਸ਼ੈਤਾਨਾਂ ਦਾ, ਆਪਣਿਆਂ ਤੋਂ ਅਪਣੇ ਹੀ ਮਰਵਾਏ ਜਾਂਦੇ ਨੇ। ਮੇਰੇ ਦੇਸ਼ ਨੂੰ ਲੁੱਟਿਆ ਹੈ ਭੈੜੇ ਸਿਆਸਤਦਾਨਾਂ, ਜੁਮਲੇ ਸੁਣਾ ਯਾਰੋ ਵੋਟਰ ਭਰਮਾਏ ਜਾਂਦੇ ਨੇ । ਕੌਣ ਜਗਾਊ ਦੇਸ਼ ਮੇਰੇ ਦੀ ਸੁੱਤੀ ਜਨਤਾ ਨੂੰ, ਏਥੇ ਤਾਂ ਫਰਿਸ਼ਤੇ ਵੀ ਸੂਲੀ 'ਤੇ ਚੜ੍ਹਾਏ ਜਾਂਦੇ ਨੇ। ਖ਼ਾਬ ਵਿਖਾ ਕੇ ਲੋਕਾਂ ਨੂੰ ਬਹਿਸਤ 'ਚੋਂ ਹੂਰਾਂ ਦੇ, ਧਰਤੀ 'ਤੇ ਯਾਰੋ ਬੰਦੇ ਮਰਵਾਏ ਜਾਂਦੇ ਨੇ । ਭੁੱਖੇ ਨੂੰ ਮਿਲੇ ਨਾ ਮਨਦੀਪ ਕਦੇ ਰੋਟੀ ਏਥੇ, ਐਪਰ ਪੱਥਰਾਂ ਨੂੰ ਭੋਜਨ ਕਰਵਾਏ ਜਾਂਦੇ ਨੇ ।

ਗ਼ਜ਼ਲ : ਹਰ ਕੋਈ ਲੱਭਦਾ ਹੈ ਜੀਵਨ 'ਚੋਂ ਸਹਾਰਾ ਏਥੇ

ਹਰ ਕੋਈ ਲੱਭਦਾ ਹੈ ਜੀਵਨ 'ਚੋਂ ਸਹਾਰਾ ਏਥੇ, ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ । ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ, ਕਦੇ ਤਾਂ ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾਂ ਏਥੇ । ਬਦਲੇ ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ, ਪਰ ਪੈਣ ਗ਼ਰੀਬਾਂ ਨੂੰ ਹਰ ਪਾਸੇ ਹੀ ਮਾਰਾਂ ਏਥੇ । ਮਿਲਦਾ ਹੈ ਮਾਇਆ ਤੋਂ ਬੱਚਣ ਦਾ ਨਿੱਤ ਸੁਨੇਹਾ, ਫਿਰ ਕਿਉਂ ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ । ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾ, ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ ਏਥੇ । ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ, ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ । ਸਾਂਝੇ ਨਾ ਰਹੇ ਪਰਿਵਾਰ ਤੇ ਬਦਲੇ ਰੰਗ ਲਹੂ ਦੇ, ਹੋਣ ਸਲਾਹਾਂ ਨਾਲੋਂ ਵੱਧ ਹੁਣ ਤਕਰਾਰਾਂ ਏਥੇ ।

ਗ਼ਜ਼ਲ : ਬੜਾ ਕੁਝ ਬਦਲਿਆ ਹੈ ਯਾਰਾ

ਬੜਾ ਕੁਝ ਬਦਲਿਆ ਹੈ ਯਾਰਾ ਹੁਣ ਤਾਂ ਐ ਘਰਾਂ ਅੰਦਰ, ਰਹੀ ਅਪਣੱਤ ਨਾ ਪਹਿਲਾਂ ਜਿਹੀ ਅੱਜ-ਕੱਲ੍ਹ ਗਰਾਂ ਅੰਦਰ । ਭਲ਼ਾ ਉਹ ਕੀ ਦਿਖਾਊ ਅੰਬਰਾਂ ਤੋਂ ਪਾਰ ਦੇ ਰਸਤੇ, ਭਰੀ ਪਰਵਾਜ਼ ਨਾ ਜਿਸ ਨੇ ਕਦੇ ਅਪਣੇ ਪਰਾਂ ਅੰਦਰ। ਕੀ ਲੈ ਜਾਣਾ ਹੈ ਏਥੋਂ ਬੰਦਿਆ ਕਰਕੇ ਮੇਰੀ-ਮੇਰੀ, ਮੁਸਾਫਿਰ ਵਾਂਗ ਆਏ ਹਾਂ, ਅਸੀਂ ਜਗ ਦੀ ਸਰਾਂ ਅੰਦਰ । ਮੈ ਸੁਣਿਆ ਸੱਜਣਾਂ ਨੇ ਇਸ਼ਕ ਨੂੰ ਵੀ ਰੋਗ ਕਹਿ ਭੰਡਿਆ, ਬਿਆਨ ਕਿਵੇਂ ਕਰਾਂ ਇਸ਼ਕੇ ਨੂੰ, ਯਾਰੋ ਮੈ ਡਰਾਂ ਅੰਦਰ। ਬੜੀ ਚਰਚਾ ਹੈ ਥਾਂ-ਥਾਂ ਹੋ ਰਹੀ ਨਾਰੀ ਦੇ ਹੱਕਾਂ ਦੀ, ਮਗਰ ਮਹਿਫੂਜ਼ ਨਹੀਂ ਹੈ ਫੇਰ ਵੀ ਨਾਰੀ ਘਰਾਂ ਅੰਦਰ। ਕਿਤਾਬਾਂ ਸੰਗ ਕਰਕੇ ਦੋਸਤੀ ਮਨ ਨੂੰ ਕਰਾਂ ਰੌਸ਼ਨ, ਹਨੇਰੇ ਨੂੰ ਭਜਾਵਾਂ ਦੂਰ, ਦੀਵੇ ਮੈ ਧਰਾਂ ਅੰਦਰ । ਤੈਨੂੰ ਲੱਗੇ ਮੈ ਸ਼ਾਇਰ ਬਣ ਗਿਆ ਵਿੱਛੜ ਕੇ ਤੇਰੇ ਤੋਂ, ਕਿਵੇਂ ਦੱਸਾਂ ਤੈਨੂੰ ਸਜਣਾਂ, ਕਿੰਨੇ ਦੁਖੜੇ ਜਰਾਂ ਅੰਦਰ ।

ਗ਼ਜ਼ਲ : ਦੁੱਖ ਦਿਲ 'ਤੇ ਹੁਣ ਤੂੰ ਜਰਨਾ ਛੱਡ ਦੇ

ਦੁੱਖ ਦਿਲ 'ਤੇ ਹੁਣ ਤੂੰ ਜਰਨਾ ਛੱਡ ਦੇ, ਅਪਣਿਆਂ ਦੀ ਮੌਤ ਮਰਨਾ ਛੱਡ ਦੇ । ਅਪਣੇ ਵੀ ਬਣਦੇ ਨਹੀਂ ਏਥੇ ਸਕੇ, ਗ਼ੈਰ 'ਤੇ ਸ਼ਿਕਵੇ ਤੂੰ ਕਰਨਾ ਛੱਡ ਦੇ । ਜੀਅ ਲਿਆ ਕਰ ਜ਼ਿੰਦਗੀ ਹਸ-ਖੇਡ ਕੇ, ਦੁੱਖ ਤਕਲੀਫ਼ਾਂ ਤੋਂ ਡਰਨਾ ਛੱਡ ਦੇ । ਮੰਨਿਆ ਆਸਾਨ ਨੲ੍ਹੀਂ ਹੈ ਜ਼ਿੰਦਗੀ, ਦੇਖ ਹੋਰਾਂ ਵੱਲ ਹਰਨਾ ਛੱਡ ਦੇ । ਮੱਛੀ ਨੂੰ ਖਾ ਜਾਂਦੇ ਨੇ ਜੇ ਮਗਰ-ਮੱਛ, ਫੇਰ ਕੀ ਉਹ ਡਰ ਕੇ ਤਰਨਾ ਛੱਡ ਦੇ ? ਹਾਰ ਕੇ ਵੀ ਜਿੱਤ ਮਿਲੂ ਰੱਖ ਹੌਸਲਾ, ਹਰ ਸਮੇਂ ਤੂੰ 'ਗਿੱਲ' ਖਰਨਾ ਛੱਡ ਦੇ।

ਬੰਦਾ

ਮੋਹ ਮਾਇਆ ਦੇ ਵਿੱਚ ਫਸਿਆ ਬੰਦਾ, ਨਾ ਜਿਉਂਦਾ, ਨਾ ਹੀ ਮਰਿਆ ਬੰਦਾ। ਮੁੱਲੇ ਵਾਂਗਰ ਇਹ ਨਿੱਤ ਹੈ ਦੌੜੇ, ਘਰ ਤੋਂ ਕੰਮ, ਫਿਰ ਘਰ ਮੁੜਿਆ ਬੰਦਾ I ਕਿੰਝ ਜੋੜ ਲਵੇ ਢੇਰ ਇਹ ਮਾਇਆ ਦੇ, ਫਿਕਰਾਂ ਦੇ ਵਿੱਚ ਹੈ ਘਿਰਿਆ ਬੰਦਾ। ਕਿਧਰੇ ਚਿੰਤਾ ਅਗਲੀ ਪੀੜ੍ਹੀ ਦੀ, ਕਿਧਰੇ ਇੱਕ ਡੰਗ ਲਈ ਮਰਿਆ ਬੰਦਾ। ਗ੍ਰਹਿਗ੍ਰਸਤੀ ਦਾ ਵੀ ਫ਼ਿਕਰ ਸਤਾਵੇ, ਮਹਿੰਗਾਈ ਤੋਂ ਨਾ ਬਚਿਆ ਬੰਦਾ। ਬਾਬੇ ਕਰਦੇ ਸੰਗਤਾਂ ਸਿਰ ਮੌਜਾਂ, ਨਰਕ 'ਚ ਜਾਣੋ ਹੈ ਡਰਿਆ ਬੰਦਾ I ਖੁੱਲ੍ਹ ਜਾਵੇ ਗਿੱਲ ਕਿਸਮਤ ਦਾ ਦਰ ਵੀ, ਤਕਦੀਰਾਂ ਸੰਗ ਜਦ ਲੜਿਆ ਬੰਦਾ I

ਇਹ ਲੋਕਾਂ ਦੀ ਸਰਕਾਰ ਨਹੀਂ

ਇਹ ਲੋਕਾਂ ਦੀ ਸਰਕਾਰ ਨਹੀਂ, ਸਰਕਾਰ ਹੈ ਸਰਮਾਏਦਾਰਾਂ ਦੀ। ਇਹਨੂੰ ਅੱਤਵਾਦੀ ਲਗਦੀ ਹੈ, ਹੱਕ ਮੰਗਦੀ ਕੌਮ ਸਰਦਾਰਾਂ ਦੀ। ਇਹ ਸੱਤਾ ਦੇ ਨਸ਼ੇ ਵਿੱਚ ਮਗ਼ਰੂਰ ਹੈ, ਸੜਕਾਂ ਤੇ ਰੁਲਦਾ ਕਿਰਸਾਨ-ਮਜ਼ਦੂਰ ਹੈ। ਸੁਣਾਏ ਇਹ ਆਪਣੇ ਮਨ ਦੀਆਂ ਗੱਲਾਂ, ਪਰ ਇੱਕ ਨਾ ਸੁਣੇ ਦਿਹਾੜੀਦਾਰਾਂ ਦੀ, ਇਹ ਸਰਕਾਰ ਹੈ... ਲੋਕਾਂ ਦੇ ਹੱਕਾਂ ਪਰ ਡਾਕਾਂ ਮਾਰੇ ਜੋ, ਕਰਜ਼ੇ ਸਰਮਾਏਦਾਰਾਂ ਦੇ ਉਤਾਰੇ ਜੋ I ਮਾਇਆ ਰਖਦੇ ਵਿਦੇਸ਼ੀ ਬੈਂਕਾਂ ਵਿੱਚ, ਗੱਲ ਕਰੇ ਕੀ ਕੋਈ ਚੌਕੀਦਾਰਾਂ ਦੀ I ਇਹ ਸਰਕਾਰ ਹੈ... ਜਨਤਾ ਨੂੰ ਜੁਮਲਿਆਂ ਨਾਲ ਪਰਚਾਉਂਦੀ ਹੈ, ਧਰਮਾਂ ਦੇ ਨਾਮ ਤੇ ਜੋ ਵੰਡੀਆਂ ਪਾਉਂਦੀ ਹੈ। ਗਿੱਲ ਰੌਲਾ ਪਾਵੇ ਜੋ ਮੰਦਰ-ਮਸਜਿਦ ਦਾ, ਗੱਲ ਕਰੇ ਮੜ੍ਹੀਆਂ-ਮਜਾਰਾਂ ਦੀ । ਇਹ ਲੋਕਾਂ ਦੀ ਸਰਕਾਰ ਨਹੀਂ, ਸਰਕਾਰ ਹੈ ਸਰਮਾਏਦਾਰਾਂ ਦੀ।

ਗੁਰਪੁਰਬ

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ । ਘਰ-ਓ-ਘਰ ਸੁਨੇਹਾ ਪੁਚਾਈਏ ਬਾਬੇ ਨਾਨਕ ਦਾ । ਜਬਰ ਓ ਜ਼ੁਲਮ ਦੇ ਖਿਲਾਫ਼ ਆਵਾਜ਼ ਯਾਰ ਉਠਾਣੀ ਹੈ , ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾ ਖੁਆਣੀ ਹੈ । ਮਹਿਮਾ ਰੱਬ ਦੀ ਗਾਈਏ ਸੁਨੇਹਾ ਬਾਬੇ ਨਾਨਕ ਦਾ , ਆਓ ਮਿਲ ਕੇ ਗੁਰਪੁਰਬ ਮਨਾਈਏ ਬਾਬੇ ਨਾਨਕ ਦਾ... ਦਸਾਂ ਨਹੁੰਆਂ ਦੀ ਕਿਰਤ ਕਰਨੀ ਬਾਬੇ ਸਿਖਾਈ ਹੈ । ਨਾਰੀ ਦੇ ਹੱਕਾਂ ਲਈ ਆਵਾਜ਼ ਵੀ ਉਸ ਉਠਾਈ ਹੈ , ਪਾਪ ਦੀ ਕਮਾਈ ਨ ਖਾਈਏ ਸੁਨੇਹਾ ਬਾਬੇ ਨਾਨਕ ਦਾ , ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ... ਬਾਬੇ ਨੇ ਖੰਡਨ ਕੀਤਾ ਹੈ ਹਮੇਸ਼ਾਂ ਜਾਤਾਂ-ਪਾਤਾਂ ਦਾ , ਵਹਿਮ-ਭਰਮ ਤੇ ਲੋਕਾਂ ਨੂੰ ਲੁੱਟਦੀਆਂ ਕਰਾਮਾਤਾਂ ਦਾ। ਮਨਦੀਪ ਆਓ ਸਮਾਜ ਸਿਰਜੀਏ ਬਾਬੇ ਨਾਨਕ ਦਾ , ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...

ਲੋਹੜੀ

ਆਓ ਵੰਡੀਏ ਯਾਰੋ ਪਿਆਰ-ਮੁਹੱਬਤ ਦੀਆਂ ਰੀਉੜੀਆਂ , ਜਿਨੀਆਂ ਵੀ ਵੰਡੀਏ ਇਹ ਨੇ ਉਨ੍ਹੀਆਂ ਹੀ ਥੋੜ੍ਹੀਆਂ । ਰਲ-ਮਿਲ ਗਾਈਏ ਗੀਤ "ਇਸਰ ਆਏ ਦਲਿਦਰ ਜਾਏ " ਰੱਖੀਏ ਨਾ ਫ਼ਰਕ ! ਮਨਾਈਏ ਕੁੜੀਆਂ ਦੀਆਂ ਲੋਹੜੀਆਂ । ਬੀਜ ਬੀਜੇ ਨਫ਼ਰਤ ਦੇ, ਜਾਤ,ਧਰਮ ਦੇ ਨਾਮ ਸਿਆਸਤ ਨੇ , ਆਓ ਮੁਹੱਬਤ ਨਾਲ ਬੰਦ ਕਰੀਏ ਨਫ਼ਰਤ ਦੀਆਂ ਮੋਰ੍ਹੀਆਂ I ਕਿੰਨ੍ਹੇ ਖੋਹ ਲੇ ਪੁੱਤ ਮਾਂਵਾਂ ਦੇ, ਇਸ ਅਣ-ਐਲਾਨੀ ਜੰਗ ਨੇ , ਪਾਉਣ ਅਲਾਹੁਣੀਆਂ, ਗਾ ਕੇ ਹੱਟਣ ਜੋ ਸੁਹਾਗ-ਘੋੜ੍ਹੀਆਂ । ( ਜਦੋਂ ਸੂਹਾਗ ਚੂੜਾ ਉਤਰੇ ਫੌਜੀ ਦੀ ਦੇਹ ਤੇ , ਜੰਗ ਨੂੰ ਕਿਵੇ ਕੋਈ ਜਾਇਜ਼ ਭਲਾ ਫਿਰ ਕਹਿ ਦੇ ) ਨਾ ਉਸਾਰੀ ਜਾਵੋਂ ਇਹ ਨਫ਼ਰਤ ਦੀਆਂ ਉੱਚੀਆ ਦੀਵਾਰਾਂ ਨੂੰ , ਤੋੜ੍ਹਨਾ ਚਾਹੋ ਤਾਂ ਵੀ ਨਾ ਟੁੱਟਣਗੀਆਂ ਯਾਰੋ ਇਹ ਤੋੜ੍ਹੀਆਂ । ਆਓ ਰੱਲ-ਮਿਲ ਸਿਰਜੀਏ ਨਫ਼ਰਤ ਰਹਿਤ ਸਮਾਜ ਨੂੰ , ਉੱਮਰਾਂ ਭੋਗਣ ਜਿੱਥੇ "ਗਿੱਲ" ਰੱਬ ਦੀਆਂ ਬਣਾਈਆਂ ਜੋੜੀਆਂ । ਰਲ ਮਨਾਈਏ ਈਦ, ਦੀਵਾਲੀ, ਗੁਰਪੁਰਬ ਤੇ ਕ੍ਰਿਸਮਿਸ ਨੂੰ , ਹੋਵੇ ਖ਼ੁਸ਼ਹਾਲ ਦੇਸ਼ ਤੇ ਫਿਰ ਆਉਣ ਬਾਹਰੋ ਗੋਰੇ-ਗੋਰੀਆਂ ।

ਹੋਲੀ

ਰੰਗਾਂ ਨਾਲ ਭਰਿਆਂ ਯਾਰੋ ਤਿਉਂਹਾਰ ਹੈ ਹੋਲੀ , ਪਿਆਰ ਮੁਹੱਬਤ ਭਰਿਆ ਇਜ਼ਹਾਰ ਹੈ ਹੋਲੀ । ਛੱਡੋ ਨਫ਼ਰਤ ਅਤੇ ਫਿਰਕੁਪਣੇ ਦੀਆਂ ਗੱਲਾਂ ਨੂੰ , ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ । ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ , ਸੱਭ ਨੂੰ ਗਲ਼ ਨਾਲ ਲਾਈਏ ਤਾਂ ਪਿਆਰ ਹੈ ਹੋਲੀ । ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾ ਦਾ , ਉਨ੍ਹਾਂ ਲਈ ਬਣ ਜਾਏ ਫਿਰ ਲਲਕਾਰ ਹੈ ਹੋਲੀ । ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ , ਰੰਗੀਏ ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੋਲੀ । ਮਨਦੀਪ ਮਾਣੋ ਰੰਗ ਹਮੇਸਾ ਕੁਦਰਤੀ ਰੰਗਾਂ ਦਾ, ਕਰਕੇ ਹੁੱਲਰਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੋਲੀ ।

ਵਿਸਾਖੀ

ਚੜ੍ਹਿਆ ਵਿਸਾਖ ਮਹੀਨਾਂ ,ਮਨਾਓ ਵਿਸਾਖੀ ਨੂੰ , ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ । ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿਉਂਹਾਰ ਹੈ, ਖੇਤੋਂ ਘਰ ਆਉਂਦੀ ਸੋਨ ਰੰਗੀ ਜਿਹੀ ਬਹਾਰ ਹੈ। ਪੁਰਾਤਨ ਕਾਲ਼ ਤੋਂ ਹੀ ਕਰਦੇ ਸਭ ਇਤਜ਼ਾਰ ਹੈ , ਕਿਰਸਾਨਾਂ, ਮਜ਼ਦੂਰਾਂ ਲਈ ਰੋਟੀ ਤੇ ਵਪਾਰ ਹੈ । ਨੱਚਦਾ-ਟੱਪਦਾ ਹਰ ਕੋਈ ਖੁਸ਼ੀ ਮਨਾਉਂਦਾ ਹੈ , ਰੋਣਕ ਮੇਲਿਆਂ ਦੀ ਜਾ ਕੇ ਵਧਾਉਂਦਾ ਹੈ । ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਸਜਾਇਆਂ ਸੀ , ਆਪੇ ਗੂਰੁ ਆਪੇ ਚੇਲਾ ਅਧਾਇ ਚਲਾਇਆ ਸੀ । ਸਿੱਖਾਂ ਨੂੰ ਦਿੱਤੀ ਨਿਵੇਕਲੀ ਤੇ ਅਨੌਖੀ ਪਹਿਚਾਨ , ਬਖ਼ਸ਼ ਦਿਤੇ ਕੱਛ,ਕੜਾ,ਕੇਸ, ਕੰਘਾਂ ਤੇ ਕਿਰਪਾਨ । ਸਿੱਖ ਧਰਮ ਚੋਂ ਜ਼ਾਤ-ਪਾਤ ਨੂੰ ਮਿੱਟਾ ਦਿੱਤਾ ਸੀ , ਚਿੜੀਆਂ ਨੂੰ ਬਾਜ਼ ਵਿਰੁੱਧ ਲੜ੍ਹਨਾਂ ਸਿਖਾ ਦਿੱਤਾ ਸੀ। ਜ਼ਾਲਮ ਅੰਗਰੇਜ਼ਾਂ ਨੇ ਬੜਾ ਕਹਿਰ ਕਮਾਇਆਂ ਸੀ , ਜਨਰਲ ਡਾਇਰ ਨੇ ਵੀ ਭੈੜਾ ਹੁਕਮ ਸੁਣਾਇਆਂ ਸੀ । ਰੋਇਆ ਸੀ ਪੱਤਾ-ਪੱਤਾ ਉਦੋ ਜਿਲ੍ਹਿਆਂ ਵਾਲੇ ਬਾਗ਼ ਦਾ , ਹੋਇਆ ਫੇਰ ਗੋਲ ਬਿਸਤਰਾ ਅੰਗਰੇਜ਼ ਰਾਜ-ਭਾਗ ਦਾ । ‘ਮਨਦੀਪ’ ਮਨਾਓ ਵਿਸਾਖੀ ਭੁੱਲ ਕੇ ਭੇਦ-ਭਾਵ ਨੂੰ , ਕਰੋ ਖੁਸ਼ਹਾਲ ਆਪਣੇ ਸੋਹਣੇ ਦੇਸ਼ ਪੰਜਾਬ ਨੂੰ ।

ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ , ਜਦੋਂ ਆਉਦੀ ਹੈ ਸਾਲ ਪਿੱਛੋ ਦੀਵਾਲੀ । ਲੋਕੀ ਕਰਦੇ ਨੇ ਘਰਾਂ ਦੀ ਸਫਾਈ , ਰਹਿੰਦੀ ਬਜਾਰਾਂ ਚੋਂ ਮਸਤੀ ਛਾਈ । ਹਰ ਥਾਂ ਰੌਣਕ ਹੁੰਦੀ ਹੈ ਬਾਹਲੀ.... ਬੱਚਿਆਂ ਦੇ ਚਾਅ ਸੰਭਾਲੇ ਨਹੀਂ ਜਾਂਦੇ , ਸਭ ਰਲ-ਮਿਲ ਕੇ ਦੀਪ ਨੇ ਜਲਾਂਦੇ । ਕੋਈ ਚਲਾਏ ਲੜ੍ਹੀ ਪਟਾਕਿਆਂ ਵਾਲੀ... ਸਾਨੂੰ ਇਤਿਹਾਸ ਨਾਲ ਹੈ ਇਹ ਜੋੜਦੀ, ਗਿੱਲ ਬੁਰੇ ਕੰਮਾਂ ਤੋਂ ਵੀ ਇਹ ਹੈ ਮੋੜਦੀ । ਕਰੀਏ ਹਰ ਧੀ-ਭੈਣ ਦੀ ਰਖਵਾਲੀ....

ਜ਼ਿੰਦਗੀ ਦੇ ਸੱਚ

ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫਲ ਨਹੀਂ, ਜੋ ਆਖੇ ਅੱਜ ਨਹੀਂ ਉਸ ਦਾ ਆਉਂਦਾ ਦਾ ਕੱਲ੍ਹ ਨਹੀਂ। ਪਿਆਰ ਮੁਹੱਬਤ ਨਾਲ ਵੀ ਹੋ ਜਾਂਦੇ ਹਨ ਹੱਲ ਮਸਲੇ, ਲੜਾਈ ਹੁੰਦੀ ਹਰ ਇੱਕ ਮਸਲੇ ਦਾ ਹੱਲ ਨਹੀਂ। ਘਰ ਦੀ ਲੜਾਈ ਬਣ ਜਾਂਦੀ ਹੈ ਤਮਾਸ਼ਾ ਜੱਗ ਦਾ, ਰਲਮਿਲ ਕੇ ਰਹਿਣ ਦਾ ਆਉਂਦਾ ਜੇ ਵੱਲ ਨਹੀਂ। ਪੈ ਜਾਵੇ ਦਿਲ ’ਚ ਫ਼ਰਕ ਤੇ ਹੋਵੇ ਦਿਲ ’ਚ ਵਹਿਮ, ਮਿਲ ਕੇ ਰਹਿਣ ਵਾਲੀ ਰਹਿੰਦੀ ਫਿਰ ਗੱਲ ਨਹੀਂ। ਜੀਊਣ ਨਾ ਦੇਵੇ ਯਾਰੋ ਜੇ ਟੱਕਰੇ ਚੰਦਰਾ ਗੁਆਂਢੀ, ਰਹੇ ਕਲੇਸ਼ ਚੌਵੀ ਘੰਟੇ ਹੁੰਦਾ ਉਹ ਵੀ ਝੱਲ ਨਹੀਂ। ਬਿਨ ਰੋਇਆਂ ਤਾਂ ਕਹਿੰਦੇ ਮਾਂ ਵੀ ਦੁੱਧ ਦਿੰਦੀ ਨਹੀਂ, ਜਾਗਦੇ ਭਗਵਾਨ ਵੀ ਬਿਨ ਖੜਕਾਇਆਂ ਟੱਲ ਨਹੀਂ। ਆਉਂਦੀ ਹੈ ਕ੍ਰਾਂਤੀ ਕਹਿੰਦੇ ਹਥਿਆਰ ਚੁੱਕਿਆਂ ਹੀ, ਪਰ ਕਲਮ ਦੇ ਬਲ ਜਿੰਨਾ ਹੋਰ ਕੋਈ ਬਲ ਨਹੀਂ। ਛੱਡ ਦੇ ਸ਼ਿਕਵਾ ਕਰਨਾ ਮਨਦੀਪ ਹੁਣ ਸੱਜਣਾਂ ’ਤੇ, ਕਰਦੇ ਨੇ ਜੋ ਪਿਆਰ ਪਰ ਕਰਦੇ ਬਿਨਾਂ ਛਲ ਨਹੀਂ

ਜ਼ਿੰਦਗੀ

ਕਦੇ ਕੌੜੇ ਤੇ ਕਦੇ ਮਿੱਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ, ਆਪਣੇ ਤੇ ਆਪਣਿਆਂ ਲਈ ਜਿਊਣਾ ਸਿਖਾਉਂਦੀ ਹੈ ਜ਼ਿੰਦਗੀ। ਡਿੱਗਦੀ ਹੈ, ਉੱਠਦੀ ਹੈ, ਪੈਰਾਂ ’ਤੇ ਖੜ੍ਹਾਉਂਦੀ ਹੈ ਜ਼ਿੰਦਗੀ, ਨਿੱਤ ਨਵੇਂ-ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਂਦੀ ਹੈ ਜ਼ਿੰਦਗੀ। ਗ਼ਮਾਂ ਵਿੱਚ ਰੋਵੇ ਤੇ ਪੀੜ ਹਿਜਰ ਦੀ ਹੰਢਾਉਂਦੀ ਹੈ ਜ਼ਿੰਦਗੀ, ਖ਼ੁਸ਼ੀਆਂ ਵਿੱਚ ਗੀਤ ਪਿਆਰ ਦੇ ਵੀ ਗਾਉਂਦੀ ਹੈ ਜ਼ਿੰਦਗੀ। ਹੋਵੇ ਦ੍ਰਿੜ੍ਹ ਵਿਸ਼ਵਾਸ ਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ, ਫਿਰ ਤਾਂ ਪਹਾੜਾਂ ਨਾਲ ਵੀ ਜਾ ਟਕਰਾਉਂਦੀ ਹੈ ਜ਼ਿੰਦਗੀ। ਹੋਵੇ ਸਬਰ ਸੰਤੋਖ ਤੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਜਿੱਥੇ, ਉਸ ਵਿਹੜੇ ਵਿੱਚ ਪਲ-ਪਲ ਮੁਸਕਰਾਉਂਦੀ ਹੈ ਜ਼ਿੰਦਗੀ। ਆਪਣੇ ਵੀ ਕਈ ਇੱਥੇ ਗੈਰਾਂ ਤੋਂ ਵੀ ਵਧ ਕੇ ਬਣ ਜਾਂਦੇ ਨੇ, ਤੇ ਗੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ। ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ, ਨਿੱਤ ਹੀ ਨਵੀਂ ਬੁਝਾਰਤ ਮਨੁੱਖ ਅੱਗੇ ਪਾਉਂਦੀ ਹੈ ਜ਼ਿੰਦਗੀ।

  • ਮੁੱਖ ਪੰਨਾ : ਮਨਦੀਪ ਗਿੱਲ ਧੜਾਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ