Punjabi Poetry : Maheshi Chandar Bhani

ਪੰਜਾਬੀ ਕਵਿਤਾਵਾਂ : ਮ੍ਹੇਸ਼ੀ ਚੰਦਰ ਭਾਨੀ


ਚਿੜੀਆਂ

ਘਰਾਂ ਵਿੱਚ ਪਾਲ ਲਏ ਸ਼ਿਕਰੇ,ਨਜ਼ਰੀਂ ਆਉਣ ਨਾ ਚਿੜੀਆਂ । ਇਹ ਕੈਸਾ ਖੌਫ ਨੀਂ ਜਿੰਦੇ, ਕੋਈ ਨਗਮਾ ਗਾਉਣ ਨਾ ਚਿੜੀਆਂ। ਇਹ ਨਾਜ਼ਕ ਦੌਰ ਹੈ ਖੌਰੇ, ਤੇ ਜਾਂ ਫਿਰ ਵੱਸ ਨਹੀਂ ਉਸਦੇ, ਹਵਾ ਵਿੱਚ ਜਹਿਰ ਹੈ ਘੁਲਿਆ, ਕਿਵੇਂ ਮੁਰਝਾਉਣ ਨਾ ਚਿੜੀਆਂ। ਚੁਫੇਰੇ ਪਸਰਿਆ ਮਾਤਮ, ਇਹ ਭੈੜੀ ਚੁੱਪ ਤੋਂ ਡਰ ਲੱਗਦਾ, ਧਰੀਆਂ ਧੌਣ ਤੇ ਛੁਰੀਆਂ, ਕਿਵੇਂ ਘਬਰਾਉਣ ਨਾ ਚਿੜੀਆਂ। ਅਸਾਂ ਨੂੰ ਲਾ ਲਿਆ ਗੱਲੀਂ, ਉਹ ਆਪੂੰ ਜਾਲ ਬੁਣਦੇ ਰਹੇ, ਸਿਆਸਤ ਚੀਜ਼ ਹੈ ਕੈਸੀ , ਕਿਤੇ ਫਸ ਜਾਣ ਨਾ ਚਿੜੀਆਂ। ਰਿਜ਼ਕ ਦੀ ਭਾਲ ਵਿੱਚ ਬਹੁਤੇ, ਵਿਦੇਸ਼ੀਂ ਉਡ ਗਏ ਪੰਛੀ, ਜਿਨ੍ਹਾਂ ਦੇ ਬੋਟ ਨੇ ਹਾਲੇ, ਉਹ ਰਾਤੀਂ ਸੌਣ ਨਾ ਚਿੜੀਆਂ।

ਗੀਤ

ਮੇਰੇ ਗੀਤਾਂ ਦੇ ਨੇਂ ਅਜੇ ਅੱਲੇ ਜ਼ਖਮ ਬਥੇਰੇ। ਨਾ ਹੀ ਮੁੱਕਦੀਆਂ.ਪੀੜਾਂ ਨਾ ਹੀ ਆਉਂਦੇ ਨੇ ਖਰੇੜੇ। ਰੋਜ਼ ਅੱਧੀਂ ਅਧੀਂ ਰਾਤੀਂ, ਨੈਣੀਂ ਪੈਂਦੇ ਨੇ ਬਖੋੜੇ। ਏਦਾਂ ਟੁੱਟਦੀਆਂ ਨਾੜਾਂ, ਜਿਉਂ ਕੋਈ ਹੱਡੀਆਂ ਨੂੰ ਤੋੜੇ, ਲੱਗੇ ਉਮਰਾਂ ਦੇ ਰੋਗ, ਜੋ ਨੇ ਆਪਾਂ ਹੀ ਸਹੇੜੇ। ਮੇਰੇ ਗੀਤਾਂ ਦੇ----------- ਹੋ ਗਈ ਚਾਨਣੀ ਦੀਵਾਲੀ,ਅਣ ਹੋਣੀ ਕੋਈ ਹੋਈ, ਗਲ ਤਾਰਿਆਂ ਦੇ ਲੱਗ ਅੱਜ ਚਾਨਣੀ ਵੀ ਰੋਈ, ਕਦੋਂ ਮੁੱਕਣੀ ਏਂ ਰਾਤ ਕਦੋਂ ਹੋਣਗੇ ਸਵੇਰੇ, ਮੋਰੇ ਗੀਤਾਂ ਦੇ -------------- ਲੂੰਬੀ ਫੇਰ ਦਿਓ ਚਫੇਰੇ ਕੋਈ ਲਿਆਵੋ ਸੁੱਕੇ ਕੱਖ, ਕਿਸੇ ਪੀਰ ਦੀ ਜਗ੍ਹਾ ਤੋਂ ਨੀਂ ਲਿਆਵੋ ਕੋਈ ਰੱਖ, ਮੈਨੂੰ ਜਾਪਜਾ ਏ ਕੀਤਾ,ਕਿਸੇ ਟੂਣਾ ਸਾਡੇ ਵੇਹੜੇ, ਮੇਰੇ ਗੀਤਾਂ ਦੇ------------- ਜਿਹਨਾਂ ਸਾਹਾਂ ਦਾ ਅਸਾਂ ਨੂੰ ਕੁੱਝ ਆਸਰਾ ਸੀ,ਜਿੰਦੇ, ਕਿਰ ਚੱਲੇ ਨੀ ਸੀਨੇ ਵਿੱਚੋਂ ਉਹ ਵੀ ਪੁਲੰਦੇ, ਹੁਣ ਡੋਰੀ ਏ ਖੁਦਾ ਤੇ ਆਪੇ ਕਰੇਗਾ ਨਬੇੜੇ. ਮੇਰੇ ਗੀਤਾਂ ਦੇ---------

ਰਾਵਣ

ਇਹ ਜ਼ਰੂਰੀ ਤਾਂ ਨਹੀਂ, ਕਿ ਹਰ ਸਾਲ, ਹਰ ਸਾਲ, ਰਾਵਣ ਦਾ ਬੁੱਤ ਹੀ ਸਾੜਿਆ ਜਾਵੇ, ਤੇ ਸਾਨੂੰ ਨੇਕੀ ਤੇ ਬਦੀ ਦਾ, ਫਰਕ ਸਮਝਾਇਆ ਜਾਵੇ, ਇਹ ਢਕਵੰਜ ਹੈ ਨਿਰਾ, ਹੋਰ ਕੁੱਝ ਵੀ ਨਹੀਂ, ਹੁਣ ਲੋੜ ਹੈ ਕਿ, ਇਸ ਦਿਖਾਵੇ ਨੂੰ ਦਫਨਾਇਆ ਜਾਵੇ, ਕੋਈ ਵੀ ਸ਼ਖਸ ਨਹੀਂ ਹੈ ਏਥੇ, ਪਾਕ ਪਵਿਤ੍ਰ, ਸ਼ੱਕ ਦੇ ਦਾਇਰੇ ਵਿੱਚ ਹਨ, ਬਹੁਤ ਸਾਰੇ ਚਰਿਤ੍ਰ. ਗੱਲ ਵੱਖਰੀ ਹੈ,ਕਿ ਕੁੱਝ ਦੁਨੀਆਂ ਦੀ ਟੀਰੀ ਨਜ਼ਰੀਂ, ਕੁੱਝ ਅਜਗਰ ਵਾਂਗਗੂੰ, ਸਭ ਕੁੱਝ ਖਾ ਕੇ ਵੀ, ਹੋਏ ਰਹੇ ਸ਼ਾਂਤ, ਅਨੇਕਾਂ ਸਫੈਦਪੋਸ਼, ਬੈਠੇ ਨੇ ਬਣੇ ਬਗਲੇ ਭਗਤ, ਪੈਰਾਂ ਚੋਂ ਪੂੰਗ ਚੂੰਡਨ ਲਈ, ਲਪਲਪਾਂਉਦੀ ਹੈ ਭੁੱਖੀ ਆਂਤ, ਯੁੱਗ ਬਦਲੇ ਹਨ, ਮੌਸਮ ਬਦਲੇ ਹਨ, ਸੋਚਾਂ ਵੀ ਬਦਲ ਦਿਉ, ਮਤਾਂ ਲੰਮੀ ਹੋ ਜਾਏ, ਭਰਮਾਂ ਦੀ ਭੇਡ ਚਾਲ, ਹਰ ਬੰਦੇ ਦੇ ਸਾਫ ਜ਼ਹਿਨ ਵਿੱਚ, ਸੋਚਾਂ ਦੀ ਹੋਵੇ ਸਿਖਰ, ਉੱਜਲੇ ਭਵਿੱਖ ਦੇ ਵਾਸਤੇ, ਛੇੜੋ ਕੋਈ ਐਸਾ ਤਾਲ, ਪੁਤਲੇ ਜਲਾਉਣ ਨਾਲ ਜੇ,, ਖਤਮ ਹੋ ਜਾਂਦੇ ਰਾਵਣ, ਤਾਂ ਧਰਤੀ ਦੀ ਕੁੱਖ ਚੋਂ ਐ ਲੋਕੋ, ਪੈਦਾ ਨਾ ਹੁੰਦੇ ਹੋਰ ਲਾਦੇਨ, ਪੈਦਾ ਨਾ ਹੁੰਦੇ ਹੋਰ ਲਾਦੇਨ।

  • ਮੁੱਖ ਪੰਨਾ : ਮ੍ਹੇਸ਼ੀ ਚੰਦਰ ਭਾਨੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ