Punjabi Poetry : Lakhvinder Johal

ਪੰਜਾਬੀ ਕਵਿਤਾਵਾਂ : ਲਖਵਿੰਦਰ ਜੌਹਲ


ਨਵੀਂ ਕਵਿਤਾ

ਮੈਂ ਕਵਿਤਾ ਲਿਖ ਰਿਹਾਂ ਸੜ ਰਿਹਾ ਜੰਗਲ ਚੁਫ਼ੇਰ ਜ਼ਾਰ ਜ਼ਾਰ... ਨੋਚ ਦਿੱਤੇ ਨੇ ਮਾਸੂਮ ਸੋਚ ਦੇ ਸੋਮੇ ਤਮਾਮ ਹੋ ਗਿਆ ਸੁੱਸਰੀ ਸਮਾਂ ... ... ... ... ... ... ਬਾਹਰ ਬਹੁਤ ਸ਼ੋਰ ਹੈ ਦਮਗਜੇ ਦਾ ਦੌਰ ਹੈ ਮੈਂ ਕਵਿਤਾ ਲਿਖ ਰਿਹਾਂ... ... ... ... ... ... ... ... ... ... ... ... ... ... ... ਝੂਠ ਹੋ ਗਏ ਧਰਮ ਸਾਰੇ ਫ਼ਲਸਫ਼ੇ ਸਾਰੇ ਬੇਕਾਰ ਸੁੱਕਦੇ ਸਾਹਾਂ ਦੇ ਨਾਲ ਸੰਭਲ ਸੰਭਲ ਲਿਖਣੀ ਪੈਂਦੀ ਹੈ ਕਵਿਤਾ ਸ਼ਬਦ ਨੂੰ ਸੰਕੇਤ ਅੰਦਰ ਢਾਲਣਾ ਮੁਸ਼ਕਿਲ ਬੜਾ ਹੈ... ਸੋਚ ਨੂੰ ਦੰਦਾਂ 'ਚ ਪੀਹ ਕੇ ਸ਼ਬਦ ਨਾਲੋਂ ਤੋੜਨਾ ਮੁਸ਼ਕਿਲ ਬੜਾ ਹੈ... ... ... ... ... ... ... ਇਸ ਤਰ੍ਹਾਂ ਦੇ ਸਮੇਂ ਅੰਦਰ ਸਹਿਮ ਜਾਣਾ ਹੋ ਗਿਆ ਹੈ ਸਹਿਣਸ਼ੀਲ ... ... ... ... ... ... ਮੈਂ ਕਵਿਤਾ ਲਿਖ ਰਿਹਾਂ... ਇਕ ਨਵੇਂ ਅੰਦਾਜ਼ ਨਾਲ... ਬੇ-ਆਵਾਜ਼ੀ ਬੇ-ਸ਼ਬਦ... ਸੰਕੇਤ ਵਾਲੀ... ਇਕ ਨਵੀਂ ਸੰਵੇਦਨਾ... ਸੁਵਿਧਾਜਨਕ... ਕਵਿਤਾ ਨਵੀਂ... ... ਮੈਂ ਕਵਿਤਾ ਲਿਖ ਰਿਹਾਂ...ਕਵਿਤਾ ਨਵੀਂ..

ਸੁਪਨਾ

ਖ਼ਤਰੇ, ਖ਼ੌਫ਼ ਤੇ ਖ਼ੁਦਕਸ਼ੀਆਂ ਦੀ ਖੇਤੀ ਕਰਦੇ ਹਰ ਮੌਸਮ ਵਿਚ ਨਵੀਂਓਂ ਨਵੀਂ ਮੁਸੀਬਤ ਜਰਦੇ ਸੀ ਨਾ ਕਰਦੇ- ਕਿਸ ਮਿਟੀ ਦੇ ਬਣੇ ਫ਼ਰਿਸ਼ਤੇ? ਨੇਰ੍ਹੀ ਝੱਖੜ, ਠੱਕਾ, ਕੋਹਰਾ ਸਿਰ 'ਤੇ ਹੈ ਮੰਝਧਾਰ ਸਮੇਂ ਦਾ ਸਦੀਆਂ ਦੀ ਪਰਿਕਰਮਾ ਕਰਕੇ ਸਿੰਘੂ ਪਹੁੰਚੇ ਮਿੱਟੀ ਜਾਏ... ਖੇਤੀ ਕਰਦੇ ਖਾਹਿਸ਼ਾਂ ਵਾਲੀ... ਸੁਪਨੇ ਬੀਜਣ ਸੱਤਾ ਦੇ ਖਲਿਆਣਾ ਅੰਦਰ ਕਬਰਾਂ ਅੰਦਰ ਸੁੱਤੀਆਂ ਮਰਜ਼ਾਂ ਜਾਗਣ ਦੇ ਸਮਿਆਂ ਵਿਚ ਸੁੱਤੀ ਸੱਤਾ ਸੁਪਨੇ ਅੰਦਰ ਬੁੜ ਬੁੜ ਕਰਦੀ- ਢੌਂਗ ਰਚਾਉਂਦੀ ਜਾਗਣ ਵਾਲਾ- ਖ਼ਤਰੇ-ਖ਼ੌਫ਼ ਤੇ ਖ਼ੁਦਕੁਸ਼ੀਆਂ ਦੇ ਖੇਤਾਂ ਵਿਚੋਂ ਸੁਪਨੇ ਜਾਗੇ... ਇਕ ਇਕ ਕਰਕੇ ... ਕੱਫਣਾਂ ਦੇ ਕਬਚਾਂ ਵਿੱਚ ਸੁਤੀਆਂ ਸੋਚਾਂ ਨੇ ਅੱਖ ਪੁੱਟੀ ... ... ... ਘੁੱਟ ਘੁੱਟ ਮਰਨੇ ਨਾਲੋਂ ਚੰਗਾ ਲੜ ਕੇ ਮਰਨਾ ਲੜ ਕੇ ਮਰਨਾ ਜੀਣਾ ਹੋਇਆ ਜੀਣ-ਕਲਾ ਦੇ ਨਵੇਂ ਦੁਆਰੇ ਏਦਾਂ ਖੁੱਲ੍ਹੇ ... ... ਜੀਕਣ ਖੁੱਲ੍ਹੇ ਸੰਭੂ ਵਾਲੇ ਨਾਕੇ ਸਾਰੇ ... ... ਸੋਚਾਂ ਤੇ ਵਿਸ਼ਵਾਸਾਂ ਵਾਲੀ ... ਜੀਣ ਕਲਾ ਦੀ ਚਾਹਤ ਜਾਗੀ ... ਲੜ ਕੇ ਮਰਨਾ - ਜੀਣਾ ਹੋਇਆ ਫਿਰ ਇਕ ਵਾਰੀ ... ਅੱਖਾਂ ਅੰਦਰ ਸਿੰਘੂ ਦੀ ਅਸਲੀਅਤ ਵਰਗਾ ਸਪਤ-ਸਿੰਧੂ ਦਾ ਸੁਪਨਾ ਤੈਰੇ... ... ... ... ... ... ਵਾਹੁ ਓਏ ਸਮਿਆਂ ... ... ... ... ... ... ਤੇਰੀ ਸਰਗਮ ਸੁਣਦਾ ਸੁਪਨਾ ਸੱਤਾ ਨੂੰ ਝੰਜੋੜ ਰਿਹਾ ਹੈ- ਸੁਪਨੇ ਅੰਦਰ ਬੁੜ ਬੁੜ ਕਰਦੀ... ਸੁੱਤੀ ਸੱਤਾ...

ਸਮੂਹ ਗੀਤ ਦੇਸ਼ ਦੇ ਕਿਸਾਨਾਂ ਦਾ

ਦੇਸ਼ ਦੇ ਕਿਸਾਨ ਆ ਗਏ ਨੇ ਵਿੱਚ ਮੈਦਾਨ ਡੌਲਿਆਂ 'ਚ ਜਾਨ ਲੈ ਕੇ ਹੌਸਲੇ ਤੂਫ਼ਾਨ ਲੈ ਕੇ ਸਿਰਾਂ ਉੱਤੇ ਕੱਫ਼ਣਾਂ ਦੇ - ਝੂਲਦੇ ਨਿਸ਼ਾਨ ਦੇਸ਼ ਦੇ ਕਿਸਾਨ... ... ਜੀਣ ਦਾ ਜਨੂੰਨ ਦੇਖੋ ਖੌਲਦੇ ਨੇ ਖ਼ੂਨ ਦੇਖੋ ਹਵਾ 'ਚ ਉਲਾਰ ਮੁੱਕੇ - ਛਾਤੀਆਂ ਨੂੰ ਤਾਣ ਦੇਸ਼ ਦੇ ਕਿਸਾਨ ... ... ਖ਼ਤਰੇ 'ਚ ਖੇਤ ਹੋਏ ਖਾਲੀ ਜਦੋਂ ਪੇਟ ਹੋਏ ਜਦੋਂ ਸਾਰੇ ਚਿਹਰਿਆਂ ਤੋਂ - ਉੱਡੀ ਮੁਸਕਾਨ ਦੇਸ਼ ਦੇ ਕਿਸਾਨ ... ... ਰੋਕਿਆਂ ਨਾ ਰੁਕੇ ਕੋਈ ਨਾ ਝੁਕਾਇਆਂ ਝੁਕੇ ਕੋਈ ਸ਼ਕਤੀ ਰੂਹਾਨੀ ਦੇਵੇ - ਵਿਰਸਾ ਮਹਾਨ ਦੇਸ਼ ਦੇ ਕਿਸਾਨ ... ...

ਟੀਸ

ਸਦੀਆਂ ਤੋਂ ਸੁੱਤੀ ਇਕ ਟੀਸ ਮਨਾਂ 'ਚੋਂ ਫੇਰ ਉੱਠੀ ਹੈ ... ਸਿੰਘੂ ਦੇ ਖੰਡਰ ਵਿੱਚ ਸੁੱਤੀ ਸਿਸਕੀ ਜਾਗੀ... ... ਹਿਰਖਾਂ, ਹਿਰਸਾਂ, ਹਿੰਮਤਾਂ ਡੇਰਾ ਆਣ ਜਮਾਇਆ ਦਿੱਲੀ ਦੇ ਦਰਵਾਜ਼ੇ ਉੱਤੇ ਚੌਤਰਫ਼ੀਂ ਸੈਲਾਬ ਸਿਰਾਂ ਦਾ... ਪਾਣੀਪਤ ਦਾ ਪਾਣੀ ਪੀ ਕੇ ਜੀਵਤ ਹੋ ਗਈ ਗੌਰਵ-ਗਾਥਾ ਆਤਮ ਵਿਸ਼ਵਾਸਾਂ ਦੀ ਆਂਦਰ ਨੇ ਫਿਰ ਅੱਖ ਪੁੱਟੀ ਅਜ਼ਮਤ ਢਾਲ ਬਣਾ ਕੇ ਤਣਿਆ ਪੁੱਤ ਖੇਤਾਂ ਦਾ ... ... ਅੱਖਾਂ ਨੂੰ ਅਬਦਾਲੀ ਦਿੱਸਦਾ ਆਇਆ ਲੁੱਟਣ ਮਾਲ-ਸਵਾਬ ਫਿਰ ਇਕ ਵਾਰੀ ... ਅਬਦਾਲੀ ਦੀ ਕੰਡ ਭੰਨਣ ਨੂੰ ਜੁੱਟੇ ਲਸ਼ਕਰ ਸਿੰਘੂ ਉੱਤੇ ... ... ... ... ... ... ... ... ... ... ... ... ... ... ... ... ਘੋੜੇ, ਹਾਥੀ, ਗੱਡੇ, ਗੱਡੀਆਂ ਰੱਥ ਰਥਵਾਨ ... ... ਆਪੇ ਬਣ ਗਏ ਧਰਤੀ ਪੁੱਤਰ ... ... ਤਰਕ-ਸ਼ਬਦ ਦੇ ਗੋਲੇ ਦਾਗ਼ਣ ਸੱਤਾਧਾਰੀ ਫ਼ੁਰਮਾਨਾਂ 'ਤੇ ਇਕ ਇਕ ਕਰਕੇ ਕਰਦੇ ਭਸਮ ਦਲੀਲਾਂ ... ... ਖ਼ੌਫ਼... ਖ਼ੁਦਕੁਸ਼ੀ... ਖ਼ਤਰੇ ... ਮੁੜ ਮੁੜ ਖੇਤਾਂ ਅੰਦਰ ਖਿੜਦੇ ਦਿਸਦੇ ਹਠ,ਹੰਕਾਰ, ਵੰਗਾਰ ਸ਼ੂਕਦੇ ਚਾਰ ਚੁਫੇਰੇ... ਗੌਰਵ ਭਰੀਆਂ ਹਿੱਕਾਂ ਤਣੀਆਂ ਤਣ ਗਏ ਮੁੱਕੇ ਵਿਸ਼ਵਾਸਾਂ ਦੇ ... ਹਰ ਮੈਦਾਨ ਫ਼ਤਹਿ ਦੀ ਗੁੜ੍ਹਤੀ ਜਿੱਤਾਂ ਦੇ ਸ਼ਮਲੇ ਦੀ ਚਾਹਤ ਲਟ ਲਟ ਬਲਦੀ ... 'ਪਗੜੀ ਨੂੰ ਸੰਭਾਲ ਓ ਜੱਟਾ' ਬੋਲੇ ਗੂੰਜਣ ---------------- ਤਿੜਕਣ ਲੱਗੇ ਭਰਮ-ਭੁਕਾਨੇ ਸੱਤਾ ਵਾਲੇ ਇਕ ਇਕ ਕਰਕੇ ਛੜਯੰਤਰ ਦਾ ਯੰਤਰ ਲੈ ਕੇ ਸੱਤਾ ਘੁੰਮਦੀ ਆਲ ਦੁਆਲੇ ...................... ਛੜਯੰਤਰ ਦਾ ਯੰਤਰ ਕਿੱਦਾਂ ਫਟੇ ਭੁਕਾਨੇ ਸੀਂ ਸਕਦਾ ਹੈ ? ਤਵਾਰੀਖ ਨੇ ਅਜਬ-ਅਜੀਬੀ ਅੱਖ ਪੁੱਟੀ ਹੈ ਸਦੀਆਂ ਤੋਂ ਸੁੱਤੀ ਇਕ ਟੀਸ ਮਨਾਂ ਚੋਂ ਫੇਰ ਉੱਠੀ ਹੈ ......!

ਮੇਰੀ ਕਵਿਤਾ

ਮੇਰੇ ਅੰਦਰ ਰੀਂਘ ਰਹੀ ਜੋ ਮੇਰੀ ਕਵਿਤਾ ਤਰਲੇਹਾਰੀ ਬਾਹਰ ਨੂੰ ਆਵਣ ਤੋਂ ਡਰਦੀ ਪਰਿਆ ਅੰਦਰ ਕਿਹੜੇ ਰੰਗ ਦਾ ਚੋਲਾ ਪਾਵੇ ਕੇਹਾ ਕਰੇ ਸ਼ਿੰਗਾਰ ? ਮੇਰੇ ਕੰਨ ਵਿੱਚ ਧੀਮਾ ਧੀਮਾ ਬੋਲੇ ਮੀਸ਼ਾ ਕਵਿਤਾ ਨੂੰ ਤੁਰਨਾ ਸਮਝਾਵੇ ਪਾਤਰ ਕਵਿਤਾ ਜੀਣੀ ਦਸੇ ਹੌਲੀ ਹੌਲੀ ਸ਼ਬਦਾਂ ਦੀ ਗੁੰਝਲ ਵਿੱਚ ਬੁਣਦਾ ਕੋਈ ਚਿੰਤਨ ਹੱਸਦਾ ਹੱਸਦਾ ਦਿੱਲੀ ਵਿੱਚ ਗੁੰਮਿਆ ਹਰਨਾਮ ਮੇਰੇ ਉੱਤੇ ਖਿੜ ਖਿੜ ਹੱਸੇ ਕਵਿਤਾ ਘੂਰ ਰਹੀ ਹੈ ਉਸਨੂੰ ਵਾਪਸ ਘਰ ਆਵਣ ਤੋਂ ਵਰਜੇ ... ਦਿੱਲੀ ਵਾਲੇ ਮੈਨੂੰ ਦੱਸਣ ਸ਼ਿਲਪੀ ਕਵਿਤਾ ਕਿੱਦਾਂ ਬਣਦੀ ਕਿੱਦਾਂ ਬਣਦਾ ਰੂਪਕ ... ਮੇਰੇ ਅੰਦਰ ਲੱਖ ਕਰੋੜਾਂ ਸ਼ਬਦ ਸਹਿਕਦੇ ਕਵਿਤਾ ਖਾਤਰ ਨਵੇਂ ਨਵੇਲੇ ਸੰਚਯ ਭਾਲਣ ਨਵੀਆਂ ਢੂੰਡਣ ਸ਼ਿਲਪਾਂ ਮੇਰੇ ਅੰਦਰ ਰੀਂਘ ਰਹੀ ਜੋ ਮੇਰੀ ਕਵਿਤਾ ...........

ਰੋਟੀ ਅਤੇ ਭਾਸ਼ਾ

ਦੋ ਹਰਫ਼ਾਂ ਤੋਂ ਰੋਟੀ ਬਣਦੀ ਦੋ ਹਰਫ਼ਾਂ ਤੋਂ ਭਾਸ਼ਾ ਦੋਵੇਂ ਖੋਹੀਆਂ ਜਾਣ ਜਦੋਂ ਵੀ ਹੁੰਦੀ ਘੋਰ ਨਿਰਾਸ਼ਾ- ਮਰਦੀ ਆਸ਼ਾ ਜੋਗੀ, ਨਾਥ, ਫ਼ਰੀਦ ਤੇ ਬੁੱਲ੍ਹਾ ਸਮੇਂ ਸਮੇਂ ‘ਤੇ ਲੈ ਕੇ ਆਏ ਠੰਢੀ-ਮਿੱਠੀ ‘ਵਾ ਦਾ ਬੁੱਲਾ ਫਿਰ ਆਏ ਵਾਰਿਸ, ਸ਼ਿਵ, ਪਾਤਰ ਗੁਰੂਆਂ, ਪੀਰਾਂ, ਸੰਤ ਫਕੀਰਾਂ ਕੀ ਨਹੀਂ ਕੀਤਾ ਭਾਸ਼ਾ ਖਾਤਰ ਮੈਂ ਸਿਰ ਫੜ ਕੇ ਬੈਠਾ ਸੋਚਾਂ ਫਿਰ ਵੀ ਕਾਹਤੋਂ ਮੇਰੀ ਭਾਸ਼ਾ ਹੋ ਨਾ ਸਕੀ ਰੋਟੀ ਜੋਗੀ- ਰਹੀ ਵਿਯੋਗੀ ਭਾਸ਼ਾ ਦੀ ਇਸ ਹੋਣੀ ਪਿੱਛੇ ਕੋਈ ਸਿਆਸੀ ਗੁੰਝਲ ਹੋਣੀ ਜੋ ਮੇਰੀ ਮਮਤਾ ਦੀ ਅੱਖ ਤੋਂ ਭਾਵੁਕਤਾ ਵੱਸ ਪਕੜ ਨਾ ਹੋਣੀ ਮੈਂ ਕਾਇਦੇ ‘ਚੋਂ ਹਰਫ਼ ਉਠਾ ਕੇ ਰੱਖ ਦੇਵਾਂ ਛਾਬੇ ਵਿੱਚ ਪਾ ਕੇ ਰੋਜ਼ ਰਾਤ ਨੂੰ ਸੁੱਖਣਾ ਸੁੱਖਾਂ ਹਰਫ਼ਾਂ ਦੀ ਰੋਟੀ ਬਣ ਜਾਵੇ-ਟੱਬਰ ਖਾਵੇ। ਭਾਸ਼ਾ ਪੰਡਿਤ ਮੈਨੂੰ ਦੱਸਣ ਭਾਸ਼ਾ ਦਿਲ ਦੇ ਬੋਲ ਬੋਲਦੀ ਮਨ ਦੇ ਸਾਰੇ ਰਾਜ਼ ਖੋਲ੍ਹਦੀ ਮੇਰੇ ਦੁੱਖ ਦੀ ਭਾਸ਼ਾ ਕਿਹੜੀ? ਮੇਰੇ ਸੁੱਖ ਦੀ ਭਾਸ਼ਾ ਕਿਹੜੀ? ਮੇਰੀ ਕਾਇਆ ਕਰੇ ਵਿਚਾਰ ਮੇਰੀ ਭਾਸ਼ਾ ਕੁਝ ਨਾ ਦੱਸੇ- ਉਲਟਾ ਹੱਸੇ। ਦੋ ਹਰਫ਼ਾਂ ਦੀ ਰੋਟੀ ਬਣਦੀ ਦੋ ਹਰਫ਼ਾਂ ਦੀ ਭਾਸ਼ਾ ਦੋਵੇਂ ਖੋਹੀਆਂ ਜਾਣ ਜਦੋਂ ਵੀ ਹੁੰਦੀ ਘੋਰ ਨਿਰਾਸ਼ਾ- ਮਰਦੀ ਆਸ਼ਾ।

ਮੰਜ਼ਰ ਦੇਖ ਕਬੀਰਾ ਰੋਇਆ

ਲਗਦਾ ਹੈ ਹਰ ਦਾਨਿਸ਼ਵਰ ਨੇ ਅਕਲਾਂ ਵਾਲਾ ਬੂਹਾ ਢੋਇਆ ਚਿੜੀਆਂ ਮੌਤ ਗਵਾਰਾਂ ਹਾਸਾ ਮੰਜ਼ਰ ਦੇਖ ਕਬੀਰਾ ਰੋਇਆ। ਇੱਕ ਇੱਕ ਕਰਕੇ ਰਹਿਬਰ ਸਾਰੇ ਖੱਲ ਵਾਲ਼ ਦੀ ਲਾਹੀ ਜਾਂਦੇ ਸੜਦਾ ਰੋਮ ਸੜੇ ਲੱਖ ਵਾਰੀ ਬੰਸੀ ਆਪ ਵਜਾਈ ਜਾਂਦੇ ਮਾਰੂ-ਧੁਨ ਤੇ ਰਾਗ ਅੱਵਲਾ ਰੁੱਤਾਂ ਨੇ ਆਪੇ ਹੀ ਛੋਹਿਆ ਮੰਜ਼ਰ ਦੇਖ ਕਬੀਰਾ ਰੋਇਆ। ਮੁੜ-ਮੁੜ ਜੁੜ-ਜੁੜ ਬੈਠੇ ਪਰਿਆ ਰਿੜਕੇ ਮਸਲੇ ਦੁਨੀਆਂ ਭਰ ਦੇ ਭੁੱਖਣ ਭਾਣੇ ਬੱਚੇ ਮੇਰੇ ਫੋਲਣ ਖਾਲੀ ਭਾਂਡੇ ਘਰ ਦੇ ਏਸ ਤਰ੍ਹਾਂ ਨਾ ਪਹਿਲਾਂ ਕਿਧਰੇ ਸਾਡੇ ਨਾਲ ਤਮਾਸ਼ਾ ਹੋਇਆ ਮੰਜ਼ਰ ਦੇਖ ਕਬੀਰਾ ਰੋਇਆ। ਮੈਂ ਸ਼ਬਦਾਂ ਦੀ ਸੰਸਦ ਅੰਦਰ ਮਤਾ ਅਨੋਖਾ ਪੇਸ਼ ਕਰਾਂਗਾ ਕਿਥੋਂ ਆਉਂਦੇ ਦੁੱਖ ਦਲਿੱਦਰ ਜਾਗਰੂਕ ਮੈਂ ਦੇਸ਼ ਕਰਾਂਗਾ ਜਾਗਣਗੇ ਜਦ ਵਾਰਿਸ ਇਸ ਦੇ ਦੇਖੀਂ ਚਾਨਣ ਹੋਇਆ ਹੋਇਆ ਮੰਜ਼ਰ ਦੇਖ ਕਬੀਰਾ ਰੋਇਆ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਲਖਵਿੰਦਰ ਸਿੰਘ ਜੌਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ