Punjabi Poetry : Kulvinderjit Chawla
ਪੰਜਾਬੀ ਕਵਿਤਾਵਾਂ : ਕੁਲਵਿੰਦਰਜੀਤ ਚਾਵਲਾ
ਚਪੇੜ
ਚਿਚਲਾਂਦੀ ਧੁੱਪ ਵਿੱਚ ਸੜਕ ਉੱਤੇ ਰੋੜੀ ਕੁੱਟਣ ਦਾ ਕੰਮ ਕਰਦੀ ਮਜਦੂਰ ਔਰਤ ਨੇ ਜਦੋਂ ਆਪਣੇ ਭੁੱਖੇ ਬਾਲ ਨੂੰ ਛਾਤੀ ਨਾਲ ਲਾਇਆ ਆਪਣੀ ਮਮਤਾ ਦਾ ਟਿੱਪ ਟਿੱਪ ਚੋਂਦਾ ਅਮ੍ਰਿਤ ਆਪਣੇ ਬਾਲ ਦੇ ਸੁੱਕ ਰਹੇ ਸੰਘ 'ਚ ਟਪਕਾਇਆ ਉਸਨੂੰ ਆਪਣੇ ਨੇੜੇ ਹੀ ਹਵਸ ਭਰੀਆਂ ਨਜ਼ਰਾਂ ਨਾਲ ਵੇਖਦਾ ਸੜਕ ਮਜ਼ਦੂਰਾਂ ਦਾ ਠੇਕੇਦਾਰ ਨਜ਼ਰ ਆਇਆ ਉਸਦੀ ਭੁੱਖੀ ਨਜ਼ਰ 'ਤੇ ਅੱਖਾਂ 'ਚ ਤਰਦੇ ਹਵਸ ਦੇ ਲਾਲ ਡੋਰੇ ਵੇਖ ਉਹ ਨਾ ਸਹਿਮੀ , ਨਾ ਹੀ ਡੋਲੀ ਬੱਸ ਮਮਤਾ ਭਰੀ ਅਵਾਜ਼ 'ਚ ਬੋਲੀ 'ਸੋਚ ਰਹੀ ਥੀ , ਸਾਹਿਬ ਯੂੰ ਪ੍ਰੇਸਾਨੀ ਮੇਂ ਕਾਹੇ ਇਧਰ ਉਧਰ ਡੋਲੇ ਹੈ? ਦੇਖੇ ਜਾਵੇ ਪਰ ਕੁਛ ਨਾ ਬੋਲੇ ਹੈ।' 'ਇਬ ਆਇਆ ਸਮਝ ਤੂ ਕਾ ਦੇਖੇ ਕੀ ਖਾਤਿਰ ਬਾਰ ਬਾਰ ਮੇਰੇ ਕੰਨੀ ਆਵੈ ਹੈ ਮਨੇ ਬਾਰਕ ਕੋ ਦੂਧ ਪਿਲਾਤੇ ਦੇਖ ਪੱਕਾ ਤੰਨੇ ਥਾਰੀ ਮਾਂ ਕੀ ਯਾਦ ਸਤਾਵੈ ਸੈ'
ਕਵਿਤਾ ਮੁਕਾਬਲਾ
ਆਸਪਾਸ ਰਹਿੰਦੇ ਸਕੂਲੀ ਬੱਚਿਆਂ ਨੂੰ ਕਰਕੇ 'ਕੱਠਾ ਕਰਵਾਉਂਦੀ ਹਾਂ ਇੱਕ ਕਵਿਤਾ ਮੁਕਾਬਲਾ ਬੱਚਿਆਂ ਨੂੰ ਖੁੱਲ੍ਹ ਹੈ ਉਹ ਚੁਣ ਸਕਦੇ ਨੇ ਕੋਈ ਵੀ ਵਿਸ਼ਾ ਮੁਕਾਬਲੇ ਵਿੱਚ ਭਾਗ ਲੈਣ ਆਏ ਇੱਕ ਬੱਚੇ ਨੇ ਲਿਖੀ ਹੈ ਆਪਣੇ ਬਾਪੂ ਬਾਰੇ ਕਵਿਤਾ ਉਸਦੀ ਕਵਿਤਾ ਪੜ੍ਹ ਕੇ ਮੇਰਾ ਰੁੱਗ ਭਰਦਾ ਹੈ ਉਹ ਲਿਖਦਾ ਹੈ 'ਮੇਰਾ ਬਾਪੂ ਹਰ ਰੋਜ ਨੇਰ੍ਹੇ ਪਏ ਘਰ ਵੜਦਾ ਆਉਂਦੇ ਸਾਰ ਮੇਰੀ ਬੀਬੀ ਨੂੰ ਧੌਣੌਂ ਫੜਦਾ ਠੁੱਡੇ ਮਾਰਕੇ ਹੇਠਾਂ ਢਾਂਅਦਾ ਕੁੱਟ ਕੁੱਟ ਉਸਨੂੰ ਪੀਤੀ ਲਾਂਹਦਾ ਮੈਨੂੰ ਮੇਰੀ ਬੀਬੀ ਦਾ ਦੁੱਖ ਸਤਾਂ'ਦਾ ਉਸਦੇ ਤਨ ਦੀ ਸਾਰੀ ਪੀੜ ਨੂੰ ਮੈਂ ਮੇਰੇ ਮਨ 'ਤੇ ਹੰਢਾਂਦਾ ਹਰ ਰੋਜ ਸੋਚਦਾਂ ਮੇਰਾ ਬਾਪੂ ਮਰ ਕਿਉਂ ਨਹੀਂ ਜਾਂਦਾ?
ਇੱਕ ਸੋਚ ਦੀ ਬਰਸੀ
ਅੱਜ ਆਵੇਗਾ ਹੜ੍ਹ ਜਗਦੀਆਂ ਮਸ਼ਾਲਾਂ ਦਾ ਬਲਦੀਆਂ ਮੋਮਬੱਤੀਆਂ ਦਾ ਮਰ ਮਿਟਣ ਦੇ ਜਜ਼ਬੇ ਦਾ ਮੋਟਰਸਾਈਕਲਾਂ ਮੂਹਰੇ ਟੰਗੇ ਬਸੰਤੀ ਝੰਡਿਆਂ ਦਾ ਇਨਕਲਾਬ ਜ਼ਿੰਦਾਬਾਦ ਦੇ ਕੰਨ-ਪਾੜੂ ਨਾਹਰਿਆਂ ਦਾ ਜੋਸ਼ੀਲੀਆਂ ਤਕਰੀਰਾਂ ਦਾ ਇਸਦੇ ਨਾਲ ਹੀ ਹੋਵੇਗਾ ਅਹਿਦ ਭਗਤ ਸਿੰਘ ਦੀ ਸੋਚ ਉੱਤੇ ਠੋਕ ਕੇ ਪਹਿਰਾ ਦੇਣ ਦਾ ਹਰ ਥਾਂ ਉੱਤੇ ਦਿਸਣਗੀਆਂ ਫੁੱਲਾਂ ਨਾਲ ਲੱਦੀਆਂ ਭਗਤ ਸਿੰਘ ਦੀਆਂ ਤਸਵੀਰਾਂ ਫਿਰ ਸ਼ਾਮ ਪੈਂਦਿਆਂ ਹੀ ਪੈ ਜਾਵੇਗਾ ਸਭ ਠੰਡੇ ਬਸਤੇ ਵਿੱਚ ਟੰਗਿਆ ਜਾਵੇਗਾ ਭਗਤ ਸਿੰਘ ਕੰਧ ਉੱਤੇ ਨਾਲ ਹੀ ਟੰਗੀ ਜਾਵੇਗੀ ਉਸੇ ਕੰਧ ਉੱਤੇ ਇੱਕ ਸੋਚ ਵੀ ਏਦਾਂ ਈ ਮਨਾਈਦੀਆਂ ਨੇ ਨਾ ਬਰਸੀਆਂ ਸ਼ਹੀਦਾਂ ਦੀਆਂ?
ਤੀਲੀ ਤੰਤਰ
ਜਿਉਂ ਹੀ ਉਹਨਾਂ ਕੱਢੀ ਤੀਲੀ ਡੱਬੀ ਵਿੱਚੋਂ ਬਸਤੀ ਨੂੰ ਲਾਂਬੂ ਲਾਉਣ ਲਈ ਬਾਰਾਂ ਬੰਦਿਆਂ ਵੱਲੋ ਕੀਤੇ ਬਲਾਤਕਾਰ ਤੋਂ ਬਾਅਦ ਵੀ ਬਚ ਗਈ ਬੱਚੀ ਨੂੰ ਜਲਾਉਣ ਲਈ ਆਸ ਪਾਸ ਮਿਲਣ ਵਾਲੇ ਸਭ ਸਬੂਤ ਮਿਟਾਉਣ ਲਈ ਤਾਂ ਤੜਫ਼ੀ ਤੀਲੀ ਉਹ ਤਾਂ ਬਣਾਈ ਗਈ ਸੀ ਬੁਝੇ ਚੁੱਲ੍ਹੇ ਬਾਲਣ ਲਈ ਅੰਨ੍ਹ ਪਕਾਉਣ ਲਈ ਢਿੱਡ ਦੀ ਅੱਗ ਬੁਝਾਉਣ ਲਈ ਉਸਦੀ ਤਾਂ ਕੀਤੀ ਜਾਣੀ ਸੀ ਵਰਤੋਂ ਕਿਸੇ ਕੁੱਲੀ ਵਿੱਚੋਂ ਹਨ੍ਹੇਰਾ ਭਜਾਉਣ ਲਈ ਬੁਝੀ ਬੱਤੀ ਬਾਲ ਕੇ ਗਰੀਬ ਦਾ ਘਰ ਰੁਸ਼ਨਾਉਣ ਲਈ ਬਰਫਬਾਰੀ ਵਿੱਚ ਸਿਰੋਂ ਛੱਤ ਵਿਹੂਣੇ ਸੁੰਨੀਆਂ ਸੜਕਾਂ 'ਤੇ ਸੁੱਤੇ ਠੰਡ ਨਾਲ ਯਖ਼ ਸਰੀਰਾਂ ਨੂੰ ਸੇਕ ਪਹੁੰਚਾਣ ਲਈ ਦੁਨੀਆਂ ਨੂੰ ਅਲਵਿਦਾ ਆਖ ਗਏ ਕਿਸੇ ਮਾਨਸ ਦੀ ਚਿਖਾ ਜਲਾਉਣ ਲਈ ਜਾਂ ਫਿਰ ਕਰਕੇ ਅਗਨ ਪ੍ਰਚੰਡ ਹਵਨ ਕੁੰਡ ਦੀ ਦੇਵਤਿਆਂ ਦੀ ਉਸਤਤ ਵਿੱਚ ਭਜਨ ਗਾਉਣ ਲਈ ਪਰ ਜਨੂਨੀ ਤਾਂ ਨਿਕਲਦੇ ਨੇ ਘਰੋਂ ਬਾਹਰ ਅੱਖਾਂ ਉੱਤੇ ਬੰਨ੍ਹ ਕੇ ਪੱਟੀ ਉਹਨਾਂ ਸਿੱਖਿਆ ਹੈ ਮਾਚਿਸ ਦੀ ਤੀਲੀ ਦਾ ਇੱਕ ਹੀ ਤੰਤਰ ਜੋ ਲੱਗੇ ਰੌੜਾ ਹੈ ਰਾਹਾਂ ਦਾ ਸੁੱਟੋ ਬਲਦੀ ਤੀਲੀ ਸਾੜ ਦਿਉ ਥਾਏਂ ਰਾੜ੍ਹ ਦਿਉ ਤੀਲੀ ਬੇਬਸ ਹੈ ਉਹ ਜਿਸ ਦੇ ਵੀ ਹੱਥ ਵਿੱਚ ਹੈ ਉਹ ਹੀ ਉਸ ਲਈ ਸਰਕਾਰ ਹੈ ਉਸਦਾ ਹੁਕਮ ਮੰਨਣ ਲਈ ਤੀਲੀ ਵੀ ਲਾਚਾਰ ਹੈ
ਆਖੋ ਉਹਨਾ ਨੂੰ
ਜੰਗ ਨਾਲ ਜੂਝਦੇ ਮੁਲਕ ਵਿੱਚ ਘਰ ਦੇ ਪਿਛਵਾੜੇ ਵਿੱਚ ਖੋਦੇ ਗਏ ਖੁਫ਼ੀਆ ਖੱਡੇ ਅੰਦਰ ਮਾਂ ਦੀ ਬੁੱਕਲ 'ਚ ਬੈਠੇ ਸਹਿਮੇ ਹੋਏ ਬੱਚੇ ਨੇ ਮਾਂ ਕੋਲੋਂ ਪੁੱਛਿਆ, 'ਮਾਂ , ਇਹ ਜੰਗ ਕਿਉਂ ਹੋ ਰਹੀ ਹੈ; ਦੋਹਾਂ ਦੇਸ਼ਾਂ ਦੀ ਰਿਆਇਆ ਇੱਕ ਦੂਜੇ,ਦੀ ਜਾਨ ਲੈਣ 'ਤੇ ਕਿਉਂ ਤੁਲੀ ਹੋਈ ਹੈ?' ਸਵਾਲ ਜਿੰਨਾ ਸੌਖਾ ਸੀ ਜਵਾਬ ੳਨਾ ਹੀ ਔਖਾ ਬੱਚੇ ਦੀ ਮਾਸੂਮੀਅਤ ਦੇ ਮੱਦੇਨਜ਼ਰ ਮਾਂ ਨੇ ਸੌਖਾ ਰਾਹ ਲੱਭਿਆ ਜਿਸ ਨੂੰ ਬਾਲ ਮਨ ਸਮਝ ਸਕੇ ਉਹਨਾ ਸ਼ਬਦਾਂ ਰਾਹੀਂ ਦੱਸਿਆ ' ਬੇਟਾ , ਇਹ ਇੱਕ ਖੇਡ ਖੇਡ ਰਹੇ ਨੇ। ਕੌਣ ਜਿਆਦਾ ਤਾਕਤਵਰ ਹੈ ਸਾਬਤ ਕਰਨ ਲਈ ਆਪਸ ਵਿੱਚ ਲੜ ਰਹੇ ਨੇ।' ਬੱਚੇ ਨੇ ਜਵਾਬ ਨੂੰ ਸਮਝਣ ਲਈ ਕੁਝ ਸਮਾਂ ਲਾਇਆ ਸਿਰ ਹਿਲਾਇਆ ਆਪਣੀ ਮਾਸੂਮ ਸੋਚ ਦਾ ਕੁੰਡਾ ਖੜਕਾਇਆ ਫਿਰ ਮਾਂ ਵੱਲ ਵੇਖਦਿਆਂ ਬੋਲਿਆ ' ਆਪਣੀ ਤਾਕਤ ਵਿਖਾਉਣ ਲਈ ਜੰਗ ਕਰਨ ਦੀ ਕੀ ਲੋੜ ਹੈ? ਦੂਜਿਆਂ ਨੂੰ ਮਾਰਨ 'ਤੇ ਆਪ ਮਰਨ ਦੀ ਕੀ ਲੋੜ ਹੈ?' ਰਾਹ ਤਾਂ ਹੋਰ ਵੀ ਬੜੇ ਨੇ ਤਾਕਤ ਵਿਖਾਉਣ ਲਈ ਐਨੀ ਰੱਤ ਜਾਇਆ ਕਰਨ ਦੀ ਕੀ ਲੋੜ ਹੈ?' ਇਹਨਾਂ ਨੂੰ ਕਹੋ ਇੱਕ ਮੈਚ ਧਰਨ ਅੱਜ ਤੋਂ ਹੀ ਉਸਦੀ ਤਿਆਰੀ ਕਰਨ ਖੇਡ ਦੇ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣ ਮਿਸਾਇਲਾਂ ਦੀ ਕੀ ਲੋੜ ਹੈ ਮੱਲ -ਯੁੱਧ ਕਰਨ ; ਜੋਰ ਅਜਮਾਉਣ ਤਾਕਤ ਦਰਸਾਉਣ ਘੰਟਿਆਂ 'ਚ ਖੇਡ ਨੂੰ ਪਾਸੇ ਲਾਉਣ' ਫਿਰ ਉਸ ਸਹਿਮੇ ਬੱਚੇ ਨੇ ਬੇਰੋਕ ਵਹਿੰਦਾ ਹੰਝੂਆਂ ਦਾ ਹੜ੍ਹ ਆਪਣੀਆਂ ਨਿੱਕੀਆਂ ਨਿੱਕੀਆਂ ਤਲੀਆਂ 'ਤੇ ਰੋਕਿਆ ਪਲ ਭਰ ਲਈ ਸੋਚਿਆ ਮਾਂ ਦੀ ਬੁੱਕਲ ਵਿੱਚ ਮੁੜ ਮੂੰਹ ਛੁਪਾਇਆ ਅੰਦਰੋ-ਅੰਦਰੀ ਫੁਸਫੁਸਾਇਆ 'ਮਾਂ , ਇਹਨਾਂ ਨੂੰ ਆਖੋ ਨਾ ਲੜਨ ਸਾਡੇ ਸਿਰਾਂ 'ਤੇ ਲਟਕਦੀ ਜੰਗ ਦੀ ਤਲਵਾਰ ਦੀ ਨੋਕ ਪਰ੍ਹਾਂ ਕਰਨ' 'ਮੈਨੂੰ ਜੰਗ ਤੋਂ ਬੜਾ ਡਰ ਲੱਗਦੈ!! ਖੁੱਲ੍ਹ ਕੇ ਜੀਊਣ ਨੂੰ ਸਚਮੁੱਚ ਬੜਾ ਜੀਅ ਕਰਦੈ !!!'
ਸਬਕ
ਬਿਰਧ-ਘਰ ਦੀ ਦੀਵਾਰ 'ਤੇ ਲੱਗੀ ਰੇਲਿੰਗ ਪਾਰ ਕਰਦਿਆਂ ਵਿਹੜੇ ਵਿੱਚ ਮੁਰਝਾਏ ਚਿਹਰਿਆਂ ਵਾਲੇ ਬਿਰਧਾਂ ਨੂੰ ਬੈਠੇ ਵੇਖਦਿਆਂ ਇੱਕ ਬਾਂਦਰੀ ਦੇ ਦਿਲ ਅੰਦਰ ਕਰ ਗਿਆ ਘਰ ਇੱਕ ਡਰ..... ਉਹ ਅੰਦਰੋ ਅੰਦਰੀ ਕੰਬੀ;ਸਹਿਮੀ;ਡੋਲੀ ਫਿਰ ਹੀਆ ਕਰਕੇ ਆਪਣੀ ਪਿੱਠ 'ਤੇ ਬੈਠੇ ਬਾਲ ਨੂੰ ਬੋਲੀ 'ਚੱਲ ਕੇ ਆਪ ਕੰਡਿਆਂ ਉੱਤੇ, ਹਰ ਔਕੜ ਤੋਂ ਮੈਂ ਬਚਾਇਆ ਤੈਨੂੰ ਪਰ ਡਰ ਰਹੀ ਹਾਂ ਹੁਣ ਕਿ ਵੱਡਾ ਹੋ ਕੇ ਤੂੰ ਕਿਤੇ ਨਿਕਲ ਨਾ ਆਵੇਂ ਇਨਸਾਨ ਦੀ ਔਲਾਦ ਵਰਗਾ 'ਤੇ ਮੇਰੇ ਜੀਵਨ ਦੀ ਪਤਝੜ ਰੁੱਤੇ ਛੱਡ ਆਵੇਂ ਕਿਸੇ ਚਿੜੀਆਘਰ ਮੈਨੂੰ ਜਿੱਥੇ ਜੁੜ ਜਾਵੇਗੀ ਖਾਣ ਨੂੰ ਰੋਟੀ ਪਰ ਤਰਸਣਗੇ ਨੈਣ ਵੇਖਣ ਨੂੰ ਤੈਨੂੰ' 'ਮੇਰੇ ਬੱਚਿਆ ਜਿੰਦਗੀ ਵਿੱਚ ਜੋ ਮਰਜੀ ਕਰੀਂ ਪਰ ਮੇਰਾ ਇੱਕ ਸਬਕ ਯਾਦ ਰੱਖੀਂ ਮਨੁੱਖ ਬਣਦੈ ਜਾਨਵਰ ਤਾਂ ਬਣੀ ਜਾਵੇ ਤੂੰ ਮਨੁੱਖ ਨਾ ਬਣੀ'
ਟੁੱਟ-ਭੱਜ
ਅੱਜ ਸਟੋਰ ਦੀ ਸਾਫ਼ ਸਫ਼ਾਈ ਕਰਦਿਆਂ ਕਿੰਨਾ ਕੁਝ ਮਿਲਿਆ ਪੁਰਾਣੇ ਕੱਪ-ਪਲੇਟਾਂ ਚਿੱਬਾਂ ਵਾਲੇ ਗਲਾਸ, ਕੌਲੀਆਂ ਝਰੀਟਾਂ ਪੈ-ਪੈ ਬੇ-ਢੱਬੇ ਹੋਏ ਪਤੀਲੇ, ਥਾਲੀਆਂ, ਉਨ੍ਹਾਂ ਉੱਤੇ ਉੱਕਰੇ ਵਡੇਰਿਆਂ ਦੇ ਮਟਮੈਲੇ ਹੋ ਗਏ ਨਾਂਵਾਂ ਵਾਲੀਆਂ 'ਤੇ ਕਿੰਨਾ ਕੁਝ ਹੋਰ ਟੁੱਟਿਆ ਤਿੜਕਿਆ ਦਿਸਿਆ ਇਸ ਦੇ ਨਾਲ ਹੀ ਨਜ਼ਰੀਂ ਪਏ ਬੱਚਿਆਂ ਵਾਲੇ ਹੋ ਚੁੱਕੇ ਮੇਰੇ ਬੱਚਿਆਂ ਦੇ ਸਕੂਲ ਵਾਲੇ ਰੋਟੀ ਦੇ ਚੌਰਸ-ਗੋਲ ਡੱਬੇ ਪੁਰਾਣੀਆਂ ਫੋਟੋਆਂ ਨੂੰ ਆਪਣੀ ਤਿੜਕੇ ਵਜੂਦ ਵਿੱਚ ਸਮੇਟੀ ਬੈਠੇ ਫੋਟੋ-ਫ਼ਰੇਮ ਕਿੰਨੀਆਂ ਹੀ ਨਿੱਕੀਆਂ ਵੱਡੀਆਂ ਡੱਬੀਆਂ 'ਤੇ ਸਾਬਣ ਦਾਨੀਆਂ ਇਸ ਆਸ ਵਿੱਚ ਸਾਂਭ ਕੇ ਰੱਖੀਆਂ ਕਿ ਕਦੇ ਕੰਮ ਆਉਣਗੀਆਂ ਇਹ ਸੋਚ ਕੇ ਹੀ ਕੋਫ਼ਤ ਹੋਈ ਕਿੰਨਾ ਕੁਝ ਅਣਚਾਹਿਆ ਫਾਲਤੂ ਸਮਾਨ ਸਾਂਭਿਆ ਪਿਆ ਹੈ ਸਟੋਰ ਵਿੱਚ ਐਂਵੇਂ ਹੀ ਖਲਾਰ ਪਿਆ ਹੈ ਸਭ ਕੁਝ ਸਮੇਟ ਕੇ ਪੁਰਾਣੀ ਚਾਦਰ ਵਿੱਚ ਬੰਨ੍ਹ ਲਿਆ ਹੈ ਸੋਚਿਆ ਹੈ ਕਿਸੇ ਕਬਾੜੀਏ ਨੂੰ ਦੇ ਕੇ ਇਸ ਕਬਾੜ ਨੂੰ ਬਿਲੇ ਲਾਵਾਂਗੀ ਚਾਰ ਛਿੱਲੜ ਕਮਾਂਵਾਂਗੀ ਵੇਚ-ਵੱਟ ਕੇ ਸੁਰਖਰੂ ਹੋਵਾਂਗੀ ਫਾਲਤੂ ਦੇ ਬੋਝ ਤੋਂ ਖਹਿੜਾ ਛੁਡਾਵਾਂਗੀ!!!!!! ਪਿਛਲੇ ਕੁਝ ਦਿਨਾਂ ਤੋਂ ਮੇਰਾ ਸਿਰ ਦੁਖ ਰਿਹਾ ਹੈ ਸੋਚਦੀ ਹਾਂ ਇਸ ਸਟੋਰ ਵਿੱਚ ਵੀ ਪਤਾ ਨਹੀਂ ਕਿੰਨਾ ਕਬਾੜ ਭਰਿਆ ਪਿਆ ਹੈ ਰਿਸ਼ਤਿਆਂ ਦੀ ਟੁੱਟ-ਭੱਜ ਤਿੜਕੀਆਂ ਸਾਂਝਾਂ , ਮਨ-ਮੁਟਾਅ ਨਫ਼ਰਤਾਂ ,ਦ੍ਵੈਤ 'ਤੇ ਪਤਾ ਨ੍ਹੀ ਹੋਰ ਕਿੰਨਾ ਕੂੜਾ-ਕਰਕਟ ਡੰਪ ਕੀਤਾ ਪਿਆ ਹੈ ਸੋਚਦੀ ਹਾਂ ਕਿਸੇ ਵਿਹਲੇ ਵੇਲੇ ਇਸ ਸਟੋਰ ਨੂੰ ਵੀ ਸਾਫ ਕਰਾਂ ਸਾਰਾ ਕਬਾੜ ਬਾਹਰ ਕਰਾਂ ਪਰ ਮੈਂ ਪ੍ਰੇਸ਼ਾਨ ਹਾਂ ਅਜਿਹਾ ਕਬਾੜੀਆ ਕਿੱਥੇ ਮਿਲੇਗਾ ਜੋ ਮੇਰੇ ਦਿਮਾਗ ਅੰਦਰਲੀ ਇਹ ਸਾਰੀ ਟੁੱਟ-ਭੱਜ ਇਹ ਕੂੜਾ -ਕਬਾੜ ਮੈਥੋਂ ਲੈ ਲਵੇ ਮੈਥੋਂ ਦੂਰ-ਬਹੁਤ ਦੂਰ ਕਿਤੇ ਡੰਪ ਕਰ ਦਵੇ ਇਸ ਅਣਚਾਹੇ ਦਰਦ ਤੋਂ ਮੈਨੂੰ ਛੁਟਕਾਰਾ ਮਿਲੇ ।
ਸੁਭਾਅ
ਪੁੱਟਣਾ 'ਤੇ ਸੁੱਟਣਾ ਫ਼ਿਤਰਤ ਹੈ ਰੰਬੇ ਦੀ ਮੈਂ ਘਾਹ ਦੀ ਤਿੜ੍ਹ ਹਾਂ ਮੁੜ ਫੁੱਟਣਾ 'ਤੇ ਫੈਲ ਜਾਣਾ ਮੇਰਾ ਸੁਭਾਅ ਹੈ
ਖਾਮਿਆਜਾ
ਬੀਤੇ ਵੇਲਿਆਂ ਵਿੱਚ ਜਦੋਂ ਇੱਕ ਚਿੜੀ ਮੋਈ ਇੱਕ ਗਵਾਰ ਮਾਘੇ ਮਾਰ-ਮਾਰ ਹੱਸਿਆ ਫਿਰ ਉਸਨੂੰ ਇਸਦਾ ਚਸਕਾ ਪੈ ਗਿਆ ਚਿੜੀਆਂ ਦੀ ਮੌਤ 'ਤੇ ਗਵਾਰ ਦਾ ਹੱਸਣਾ ਮੁਹਾਵਰਾ ਬਣ ਗਿਆ ਸਮਾਂ ਅੱਗੇ ਵਧਿਆ ਗਵਾਰ ਵੀ ਵਧਣ ਲੱਗੇ ਆਪਣੇ ਹੱਸਣ ਲਈ ਚਿੜੀਆਂ ਦੀ ਮੌਤ ਦਾ ਇੰਤਜ਼ਾਰ ਕਰਨ ਲੱਗੇ ਫਿਰ ਉਹਨਾਂ ਜੁਗਤ ਲੜਾਈ ਚਿੜੀਆਂ ਨੂੰ ਮਾਰ-ਮੁਕਾਉਣ ਲਈ ਵਿਉਂਤ ਬਣਾਈ ਉਨ੍ਹਾ ਬਾਲਿਆਂ ਵਾਲੀਆਂ ਛੱਤਾਂ ਬਦਲੀਆਂ ਚਿੜੀਆਂ ਘਰੋਂ ਬਾਹਰ ਕੀਤੀਆਂ ਵੱਡੀ ਗਿਣਤੀ ਵਿੱਚ ਰੁੱਖ ਵੱਢੇ ਘਰਾਂ ਉੱਤੇ ਮੋਬਾਈਲ ਟਾਵਰ ਲਗਵਾਏ ਖੇਤਾਂ ਵਿੱਚ ਜਹਿਰੀਲੀਆਂ ਦਵਾਈਆਂ ਦੇ ਸਪਰੇਅ ਕਰਵਾਏ ਜਹਿਰ ਅਤੇ ਰੇਡੀਏਸ਼ਨ ਦੇ ਜਾਲ ਵਿਛਾਏ ਚਿੜੀਆਂ ਗਵਾਰਾਂ ਦੇ ਬੁਣੇ ਜਾਲ ਅੰਦਰ ਫਸ ਗਈਆਂ ਮਰ-ਮੁੱਕ ਗਈਆਂ ਮੂਰਖਾਂ ਨੇ ਖੁਦਗਰਜੀ ਵਿੱਚ ਚਿੜੀਆਂ ਮੁਕਾ ਲਈਆਂ ਹੁਣ ਗਵਾਰਾਂ ਨੂੰ ਆਪਣੀ ਕੀਤੀ ਦਾ ਖਾਮਿਆਜਾ ਭੁਗਤਣਾ ਪੈ ਰਿਹੈ ਬਾਲਾਂ ਨੂੰ ਚਿੜੀਆਂ ਵਖਾਲਣ ਲਈ ਚਿੜੀਆਘਰ ਲਿਜਾਣਾ ਪੈ ਰਿਹੈ
ਕੋਈ ਮੋੜ ਲਿਆਵੇ
ਅੱਜ ਬੜੇ ਦਿਨਾਂ ਬਾਅਦ ਆਇਆ ਯਾਦ ਉਹ ਵਿਹੜਾ ਜਿੱਥੇ ਬਹਿ ਕੇ ਮਾਣਿਆ ਸੀ ਨਿੱਘ ਰਿਸ਼ਤਿਆਂ ਦਾ ਯਾਦ ਆਇਆ ਵਿਹੜੇ ਵਿਚਲਾ ਉਹ ਚੌਂਕਾ ਜਿੱਥੇ ਬੈਠਦੇ ਸੀ ਸਾਰੇ ਭੈਣ ਭਰਾ ਮਾਂ ਰੋਟੀਆਂ ਥੱਪਦੀ ਪਕਾ ਪਕਾ ਥਹੀਆਂ ਲਾਉਂਦੀ ਚੰਗੇਰ 'ਚ ਸਜਾਉਂਦੀ ਅਸੀਂ ਰੋਟੀਆਂ ਦੇ ਆਹੂ ਲਾਂਹਦੇ ਭੁੱਖੋਂ ਕਿਤੇ ਵੱਧ ਖਾਂਦੇ ਨਾ ਕੋਈ ਗਿਣਤੀ, ਨਾ ਕੋਈ ਹਿਸਾਬ ਉਲਾਣੀਆਂ ਮੰਜੀਆਂ 'ਤੇ ਬਹਿ ਕੇ ਪਾਉਣੀ ਬੇਸਿਰ ਪੈਰ ਦੀ ਬਾਤ ਨਾ ਪਤਾ ਲੱਗਣਾ ਕਦ ਢਲਿਆ ਦਿਨ ਨਾ ਪਤਾ ਚੱਲਣਾ ਕਦ ਮੁੱਕ ਗਈ ਰਾਤ ਕੋਈ ਮੋੜ ਲਿਆਵੇ ਰਿਸ਼ਤਿਆਂ ਦਾ ਉਹ ਨਿੱਘ ਗੁਆਚਿਆ ਜੋ ਆਪੋਧਾਪ ਦੀ ਦੌੜ ਵਿੱਚ ਕੋਈ ਮੋੜ ਲਿਆਵੇ ਉਹ ਖਣਕਦੇ ਹਾਸੇ ਖੋ ਗਏ ਜੋ ਮੈਂ, ਮੇਰਾ ਤੇ ਮੈਨੂੰ ਦੇ ਰਾਮ ਰੌਲੇ ਵਿੱਚ ਹੁਣ ਤਾਂ ਜਿਵੇਂ ਸਭ ਕੁੱਝ ਗਿਣਤੀ ਦਾ ਰੋਟੀਆਂ, ਗੱਲਾਂ, ਹਾਸੇ ,ਰਿਸ਼ਤੇ ਸਭ ਕੁਝ ਸਿਮਟ ਗਿਆ ਅੱਜ ਬੜੇ ਦਿਨਾਂ ਬਾਅਦ ਆਇਆ ਯਾਦ ਉਹ ਵਿਹੜਾ ਜਿੱਥੇ ਬਹਿ ਕੇ ਮਾਣਿਆ ਸੀ ਨਿੱਘ ਰਿਸ਼ਤਿਆਂ ਦਾ
ਸੂਰਜ
ਨਿੱਕੇ ਹੁੰਦਿਆਂ ਸੂਰਜ ਨੂੰ ਵੇਖ ਮੈਂ ਅਕਸਰ ਸੋਚਦੀ ਕਿਵੇਂ ਰਹਿੰਦਾ ਸਫ਼ਰ ਵਿੱਚ ਰਾਤ - ਦਿਨ ਰਹਿੰਦਾ ਤੁਰਦਾ ਹਰ- ਪਲ, ਹਰ- ਛਿਨ ਉਸਦਾ ਇਹ ਸਫਰ ਮੇਰੇ ਬਾਲ ਮਨ ਨੂੰ ਭਾਉਂਦਾ ਕਿ ਕਿਵੇਂ ਸਵੇਰ ਸਾਰ ਉਹ ਪੂਰਬ ਚੋਂ ਉਦੈ ਹੋ ਕੇ ਦੀਨ ਦੁਨੀਆਂ ਨੂੰ ਰੌਸ਼ਨੀ 'ਤੇ ਨਿੱਘ ਵੰਡਦਾ ਵੰਡਦਾ ਪੱਛਮ ਪੁੱਜ ਜਾਂਦਾ 'ਤੇ ਫਿਰ ਰਾਤੋ ਰਾਤ ਕਰ ਸਫਰ ਵਾਪਸੀ ਮੁੜ ਪੂਰਬ ਤੱਕ ਆਂਦਾ ਤਾਂ ਜੋ ਹੋ ਸਕੇ ਉਦੈ ਉਥੋਂ 'ਤੇ ਵੰਡ ਸਕੇ ਰੌਸ਼ਨੀ ਤੇ ਨਿੱਘ ਫਿਰ ਤੋਂ ਸੂਰਜ ਦਾ ਇਹ ਸੁਹਾਣਾ ਸਫ਼ਰ ਕਰਦਾ ਰਿਹਾ ਪਿੱਛਾ ਮੇਰਾ ਉਦੋਂ ਤੱਕ ਜਦ ਤੱਕ ਮੈਂ ਇਹ ਸਮਝਣ ਜੋਗੀ ਨਾ ਹੋਈ ਕਿ ਅਜਿਹੇ ਕਿੰਨੇ ਹੀ ਸੂਰਜ ਸਾਡੇ ਆਸਪਾਸ ਰਹਿੰਦੇ ਖੜ੍ਹਦੇ ਬਹਿੰਦੇ ਉਹ ਸੂਰਜ ਜੋ ਪਹੁ ਫੁੱਟਦਿਆਂ ਹੀ ਘਰੋਂ ਨਿਕਲ ਜਾਂਦੇ 'ਤੇ ਹੱਡ ਭੰਨਵੀ ਦਿਹਾੜੀ ਕਰ ਦੇਰ ਰਾਤ ਨੂੰ ਵਾਪਸ ਆਂਦੇ ਅਗਲੀ ਸਵੇਰ ਨਿਕਲ ਪੈਂਦੇ ਫੇਰ ਮੁੜ ਨਵੇਂ ਸਫਰ 'ਤੇ ਤਾਂ ਜੋ ਉਨ੍ਹਾਂ ਦੇ ਘਰ ਹਨ੍ਹੇਰਾ ਆਉਣੋ ਟਲਦਾ ਰਹੇ ਤੇ ਉਨ੍ਹਾਂ ਦੇ ਬੱਚਿਆਂ ਦੀਆਂ ਲੂਸਦੀਆਂ ਆਂਦਰਾਂ ਨੂੰ ਸੇਕ ਦੇਣ ਲਈ ਘਰ ਦਾ ਚੁੱਲ੍ਹਾ ਬਲਦਾ ਰਹੇ ਇਹ ਸਭ ਦੇਖ ਕੇ ਹੁਣ ਅਸਮਾਨੀ ਸੂਰਜ ਦਾ ਸਫਰ ਮੈਂਨੂੰ ਨਾ ਭਰਮਾਏ ਬਲਕਿ ਆਪਣੇ ਆਸਪਾਸ ਵਿਚਰਦੇ ਦੂਜੇ ਸੂਰਜਾਂ ਦੀ ਭਰਮਾਰ ਮਨ ਮੇਰੇ ਨੂੰ ਦੁਚਿੱਤੀ 'ਚ ਪਾਏ 'ਤੇ ਗੁਰਬਾਣੀ ਦੀ ਤੁਕ 'ਸੂਰਜੁ ਏਕੋ ਰੁਤਿ ਅਨੇਕ' ਮੈਨੂੰ ਸਮਝ ਨਾ ਆਏ
ਠੰਡੇ ਬੁਰਜ 'ਤੋਂ
ਸ਼ਹੀਦੀ ਦਿਨਾਂ ਦੇ ਚਲਦਿਆਂ ਨਤਮਸਤਕ ਹੋਣ ਲਈ ਫਤਿਹਗੜ੍ਹ ਸਾਹਿਬ ਪਹੁੰਚੇ ਹਾਂ ਠੰਡੇ ਬੁਰਜ ਦੀ ਉਤਲੀ ਮੰਜ਼ਿਲ 'ਤੇ ਖੜ੍ਹੇ ਹਾਂ ਸ਼ੀਤ ਦਾ ਪ੍ਰਕੋਪ ਹੈ ਦੰਦੋੜਿਕਾ ਹੋ ਰਿਹੈ ਜਿੱਥੇ ਤੱਕ ਨਜ਼ਰ ਜਾਂਦੀ ਏ ਸੰਗਤ ਦਾ ਸਮੁੰਦਰ ਹੈ ਨਾਲ ਆਈ ਮੇਰੀ ਬੇਟੀ ਠੰਡ ਨਾਲ ਕੰਬਦੀ ਏ ਨਿੱਘ ਲਈ ਮੇਰੇ ਵਿੱਚ-ਵਿੱਚ ਵੜਦੀ ਏ ਆਪਣੀ ਸ਼ਾਲ ਮੋਢਿਆਂ ਤੋਂ ਲਾਹ ਮੈਂ ਉਸ ਦੇ ਦੁਆਲੇ ਲਪੇਟਦੀ ਹਾਂ ਇਸ ਪਾਵਨ ਧਰਤੁ ਦਾ ਇਤਿਹਾਸ ਉਸਨੂੰ ਦੱਸਣ ਲਈ ਬੁਰਜ ਦੇ ਇੱਕ ਕੋਨੇ ਵਿੱਚ ਖਲੋਅ ਕੇ ਸਾਕਾ-ਏ-ਸਰਹੰਦ ਦਾ ਜ਼ਿਕਰ ਛੇੜਦੀ ਹਾਂ ਉਸਨੂੰ ਸੁਣਾਉਂਦੀ ਹਾਂ ਪੋਹ ਦੀਆਂ ਉਹਨਾ ਤਿੰਨ ਯਖ਼ ਰਾਤਾਂ ਦੀ ਦਾਸਤਾਨ ਜਦੋਂ ਬਿਰਧ ਦਾਦੀ ਅਤੇ ਦੋ ਨਿੱਕੀਆਂ ਜਿੰਦਾਂ ਜਾਬਰ ਦਾ ਸਾਹਮਣਾ ਕਰਦਿਆਂ ਬੁਰਜ ਵਿੱਚ ਬੰਦ ਸੀ ਬਰਫ਼ੀਲੀ ਹਵਾ ਸਹਾਰ ਰਹੀਆਂ ਸੀ ਧਰਮ ਹੇਤੁ ਸਾਕਾ ਕਰਨ ਲਈ ਤਿਆਰ ਹੋ ਰਹੀਆਂ ਸੀ ਸਹਿਸਾ ਨੀਝ ਨਾਲ ਸੁਣ ਰਹੀ ਬੇਟੀ ਮੈਨੂੰ ਟੋਕਦੀ ਏ ਉਹ ਆਪਣੇ ਅੰਦਰਲੇ ਤਰਕ ਨੂੰ ਠੱਲ੍ਹ ਪਾਉਣ ਲਈ ਸਾਕੇ ਦੀ ਦਾਸਤਾਨ ਨੂੰ ਵਿੱਚ ਹੀ ਰੋਕਦੀ ਏ ਮੈਨੂੰ ਸਵਾਲ ਕਰਦੀ ਏ ' ਪੋਹ ਦੇ ਦਿਨਾਂ ਵਿੱਚ ਨਿੱਘੇ ਰਹਿਣ ਲਈ ਉਹਨਾਂ ਦੇ ਸਮਾਨ ਵਿੱਚ ਕੋਈ ਗਰਮ ਕੱਪੜਾ ਨ੍ਹੀਂ ਸੀ?' ਮੇਰੀ ਸੋਚ ਵਿੱਚ ਪਰਿਵਾਰ ਵਿਛੋੜੇ ਵਾਲੀ ਰਾਤ ਉਤਰਦੀ ਏ ਜੰਗਲੀ ਰਾਹਾਂ 'ਤੇ ਸਾਹਿਬਜ਼ਾਦਿਆਂ ਨੂੰ ਉਂਗਲ ਲਾ ਤੁਰੀ ਜਾਂਦੀ ਮਾਤਾ ਗੁਜਰੀ ਦੀ ਛਵੀ ਉੱਭਰਦੀ ਏ ਮੈਂ ਸਾਕੇ ਦੀ ਦਾਸਤਾਨ ਜਾਰੀ ਰੱਖਦੀ ਹਾਂ ਸਰਸਾ ਨਦੀ 'ਤੇ ਵਰਤੇ ਭਾਣੇ ਬਾਰੇ ਬੇਟੀ ਨੂੰ ਦੱਸਦੀ ਹਾਂ ਵੇਖਦੀ ਹਾਂ ਬੇਟੀ ਦੀਆਂ ਅੱਖਾਂ ਵਿੱਚ ਸਿੱਲ੍ਹ ਏ ਸ਼ਹਾਦਤ ਦੀ ਇਹ ਦਾਸਤਾਂ ਉਸਦੀ ਹੋਂਦ ਨੂੰ ਹਿਲਾ ਰਈ ਏ ਉਸਦੇ ਅੰਦਰ ਹਲਚਲ ਮਚਾ ਰਈ ਏ ਉਹ ਚੁਫੇਰੇ ਨਜ਼ਰ ਘੁਮਾਉਂਦੀ ਏ ਗੁਰਦਵਾਰੇ ਦੀ ਮੁੱਖ ਇਮਾਰਤ ਵੱਲ ਸਿਰ ਨਿਵਾਉਂਦੀ ਏ ਦੁਆਲੇ ਲਪੇਟੀ ਸ਼ਾਲ ਲਾਹ ਕੇ ਮੇਰੇ ਹੱਥ ਫੜਾਉਂਦੀ ਏ 'ਤੇ ਭਰੇ ਗਲੇ ਨਾਲ ਸਿਰਫ ਇੰਨਾ ਹੀ ਕਹਿੰਦੀ ਏ ਇਹਨੂੰ ਆਪਣੇ ਕੋਲ ਰੱਖੋ ਅੱਜ ਐਨੀ ਠੰਡ ਨਹੀਂ ਏ!!
ਚੱਪਾ ਕੁ ਚਾਨਣ
ਕਿਸਮਤ ਨਾਲ ਖਹਿ ਕੇ ਜੰਮੀ ਉਹ ਕੁੜੀ ਕਿਸਮਤ ਨੂੰ ਕੋਸਦੀ ਦਿਖਾਵੇ ਦੀ ਦੁਨੀਆਂ ਦਾ ਦਰਦ ਹੰਢਾਉਂਦੀ ਮੱਸਿਆ ਤੋਂ ਪੁੰਨਿਆ ਹੋਣਾ ਲੋਚਦੀ ਸੰਝ ਜਿਹੀ ਉਹ ਕੁੜੀ ਚੰਨ ਨੂੰ ਸਲਾਹੁੰਦੀ ਦੀਵਿਆਂ ਦੀ ਖੈਰ ਮੰਗਦੀ ਸੂਰਜ ਦੇ ਗੀਤ ਗਾਉਂਦੀ ਦੁੱਧ - ਚਿੱਟੇ ਚਾਨਣ 'ਚ ਆਰਸੀ ਅੰਦਰ ਵੜਦੀ ਖੁਦ ਨੂੰ ਨਿਹਾਰਦੀ ਮੂੰਹ 'ਤੇ ਲਟਕੀਆਂ ਲਿਟਾਂ ਸਵਾਰਦੀ ਚੇਹਰੇ ਦੇ ਹਨੇਰੇ 'ਚੋਂ ਗੁਆਚੀ ਕਿਰਨ ਲੱਭਦੀ ਚੱਪਾ ਕੁ ਚਾਨਣ ਨੂੰ ਤਰਸਦੀ ਰੋਂਦੀ---ਝੂਰਦੀ--ਸੋਚਦੀ ਕੁਝ ਵਿਹੜਿਆਂ ਵਿੱਚ ਧੁੱਪ ਕਿਉਂ ਨ੍ਹੀਂ ਉਤਰਦੀ?
ਨਜ਼ਰ
ਪਰਿਵਾਰਕ ਫੰਕਸ਼ਨ ਲਈ ਦੂਜੇ ਸ਼ਹਿਰ ਵਿੱਚ ਹਾਂ ਜਿਸ ਹੋਟਲ ਵਿੱਚ ਠਹਿਰਾਅ ਹੈ ਉਸਦੇ ਗਲਿਆਰੇ ਵਿੱਚ ਖੜ੍ਹੀ ਹਾਂ ਸਾਹਮਣੇ ਵਾਲੇ ਕਮਰੇ ਦੇ ਦਰਵਾਜ਼ੇ ਮੂਹਰੇ ਇੱਕ ਨਵ ਵਿਆਹੀ ਕੁੜੀ ਖੜ੍ਹੀ ਹੈ ਧਿਆਨ ਨਾਲ ਵੇਖਣ ਤੇ ਪਤਾ ਚੱਲਦਾ ਹੈ ਉਸਦੀਆਂ ਅੱਖਾਂ ਅੰਦਰ ਜੋਤ ਨਹੀਂ ਹੈ ਭਾਵੇਂ ਉਸ ਕੁੜੀ ਕੋਲ ਨਜ਼ਰ ਨਹੀਂ ਹੈ ਪਰ ਉਸਦਾ ਚਿਹਰਾ ਖਿੜ੍ਹਿਆ ਪਿਆ ਹੈ ਉਸਦਾ ਕੁੱਲ ਵਜੂਦ ਆਤਮ- ਵਿਸ਼ਵਾਸ਼ ਨਾਲ ਭਰਿਆ ਪਿਆ ਹੈ ਮੇਰੀ ਮੌਜੂਦਗੀ ਨੂੰ ਉਹ ਕੁੜੀ ਮਹਿਸੂਸਦੀ ਹੈ 'ਤੇ ਪੁੱਛਦੀ ਹੈ, 'ਤੁਹਾਨੂੰ ਕੱਜਲ ਲਾਉਣਾ ਆਉਂਦੈ'? ਮੈਂ ਉਸ ਕੋਲ ਜਾਂਦੀ ਹਾਂ ਹਾਂ ਵਿੱਚ ਜਵਾਬ ਦਿੰਦੀ ਹਾਂ ਉਹ ਪਰਸ ਵਿੱਚ ਹੱਥ ਪਾਉਂਦੀ ਹੈ ਕਾਜਲ ਸਟਿੱਕ ਕੱਢਦੀ ਹੈ ਮੇਰੀ ਤਲੀ 'ਤੇ ਰੱਖਦੀ ਹੈ ਮੈਂ ਉਸਦਾ ਹੱਥ ਫੜਦੀ ਹਾਂ ਉਸਨੂੰ ਮੇਰੇ ਹੋਰ ਨੇੜੇ ਕਰਦੀ ਹਾਂ ਉਸ ਦੀਆਂ ਅੱਖਾਂ ਵਿੱਚ ਕੱਜਲ ਦੀ ਧਾਰ ਪਾਉਂਦੀ ਹਾਂ ਉਸ ਦੀਆਂ ਬੇਨੂਰ ਅੱਖਾਂ ਸਜਾਉਂਦੀ ਹਾਂ ਉਹ ਮੈਨੂੰ ਪੁੱਛਦੀ ਹੈ 'ਕਿੱਦਾਂ ਦੀ ਲੱਗ ਰਹੀ ਹਾਂ?' ਮੈਂ ਕਹਿੰਦੀ ਹਾਂ 'ਦੁਨੀਆਂ ਦੀ ਸਭ ਤੋਂ ਸੋਹਣੀ ਕੁੜੀ' ਪਰ ਮੇਰੇ ਕੋਲੋਂ ਕੱਜਲ ਥੋੜਾ ਬਾਹਰ ਫੈਲ ਗਿਐ ਉਹ ਬੜੇ ਵਿਸ਼ਵਾਸ ਨਾਲ ਆਪਣਾ ਪਰਸ ਫਿਰ ਖੋਲ੍ਹਦੀ ਹੈ ਰੁਮਾਲ ਕੱਢਦੀ ਹੈ ਆਪਣੀਆਂ ਅੱਖਾਂ ਦੁਆਲਿਓਂ ਫੈਲਿਆ ਕੱਜਲ ਸਾਫ ਕਰਦੀ ਹੈ ਮੇਰੇ ਹੱਥੋਂ ਕਾਜਲ ਸਟਿੱਕ ਲੈ ਕੇ ਪਰਸ ਵਿੱਚ ਵਾਪਸ ਧਰਦੀ ਹੈ ਉਸ ਕੁੜੀ ਦੇ ਚਿਹਰੇ ਉੱਤੇ ਇਲਾਹੀ ਰੌਣਕ ਹੈ ਪਰ ਮੇਰੀਆਂ ਅੱਖਾਂ ਸਿੱਲ੍ਹਦੀਆਂ ਨੇ ਡੁੱਲ੍ਹ ਡੁੱਲ੍ਹ ਪੈਂਦੀਆਂ ਨੇ ਸੋਚਦੀ ਹਾਂ ਨਜ਼ਰ ਕਿੰਨੀ ਵੱਡੀ ਨਿਆਮਤ ਹੈ ਮੈਂ ਮੇਰਾ ਪਰਸ ਖੋਲ੍ਹਦੀ ਹਾਂ ਡਿੱਗਣ ਨੂੰ ਬੇਤਾਬ ਹੰਝੂ ਬੋਚਣ ਲਈ ਰੁਮਾਲ ਟੋਲਦੀ ਹਾਂ ਪਰਸ ਦਾ ਹਰ ਖੂੰਜਾ ਫਰੋਲਦੀ ਹਾਂ ਹੱਥੀਂ ਰੱਖਿਆ ਰੁਮਾਲ ਮੈਨੂੰ ਨਜ਼ਰ ਨ੍ਹੀ ਆਉਂਦਾ ਮੇਰਾ ਆਤਮ-ਵਿਸ਼ਵਾਸ ਡਗਮਗਾਉਂਦਾ ਵਿਸ਼ਵਾਸ਼ ਨਾਲ ਭਰੀ ਹੋਈ ਉਹ ਕੁੜੀ ਆਪਣੇ ਕਮਰੇ ਵੱਲ ਪਰਤ ਗਈ ਏ ਮੇਰੇ ਅੰਦਰ ਨਿਰਾਸ਼ਾ ਘਰ ਕਰ ਗਈ ਏ ਸੋਚਦੀ ਹਾਂ ਸਭ ਕੁਝ ਵੇਖਣ ਵਾਸਤੇ ਸਿਰਫ ਨਜ਼ਰ ਦਾ ਹੋਣਾ ਕੀ ਸਚਮੁੱਚ ਕਾਫ਼ੀ ਏ ?
ਆ ਮਿਲੀਏ
ਲੋੜ ਕੀ ਹੈ ਬਹਾਰ ਦੇ ਮੌਸਮ 'ਚ ਪਤਝੜ ਨੂੰ ਯਾਦ ਕਰਨ ਦੀ ਮਿਲਣ ਦਾ ਮੌਸਮ ਕਦ ਹੁੰਦਾ ਮੁਹਤਾਜ ਰੁੱਤ ਦਾ ਦਿਨ ਜਾਂ ਰਾਤ ਦਾ ਮਿਲਣ ਦੀ ਘੜੀ ਕਿੱਥੇ ਵੇਖਦੀ ਹੈ ਦੇਰ ਸਵੇਰ ਮਿਲਣ ਦੀ ਤਾਂਘ ਕਦੇ ਨਹੀਂ ਲਾਉਂਦੀ ਹਿਸਾਬ ਉਮਰਾਂ ਦਾ ਅਜੇ ਤਾਂ ਕਾਇਮ ਹੈ ਰੁੱਖ ਪਿਆਰ ਦਾ ਅਜੇ ਤਾਂ ਬਾਕੀ ਹੈ ਹਰਿਆਲੀ ਟਾਹਣੀਆਂ ਉੱਤੇ ਜਦ ਤੱਕ ਨਹੀ ਆਉਂਦੀ ਰੁੱਤ ਪਤਝੜ ਦੀ ਆ ਲਈਏ ਮਾਣ ਪਿਆਰ ਵਾਲੇ ਰੁੱਖ ਦੀ ਛਾਂ ਸੰਘਣੀ ਆ ਮਿਲੀਏ ਮਿਲਦੇ ਜਿਵੇਂ ਧਰਤੀ ਅਤੇ ਅਕਾਸ਼ 'ਤੇ ਹੋ ਜਾਈਏ ਇਕਮਿੱਕ ਪਿਆਰ ਵਿੱਚ ਦੁਮੇਲ ਵਾਂਗ!!