ਕੁਲਵਿੰਦਰਜੀਤ ਚਾਵਲਾ ਪਟਿਆਲੇ ਦੇ ਰਹਿਣ ਵਾਲੇ ਪੰਜਾਬੀ , ਹਿੰਦੀ ਅਤੇ ਅੰਗ੍ਰੇਜ਼ੀ ਦੇ ਕਵੀ, ਕਹਾਣੀਕਾਰ, ਲੇਖਕ ਅਤੇ ਅਨੁਵਾਦਕ ਹਨ । ਇਨ੍ਹਾਂ ਦਾ ਜਨਮ ਜਿਲ੍ਹਾ ਕਪੂਰਥਲਾ ਦੇ ਪਿੰਡ ਬਘਾਣਾ ਵਿਖੇ ਪਿਤਾ (ਡਾ.) ਮਹਿੰਦਰ ਸਿੰਘ
ਅਤੇ ਮਾਤਾ ਅਤਰ ਕੌਰ ਦੇ ਘਰ ਹੋਇਆ । ਇਨ੍ਹਾਂ ਦੀ ਵਿਦਿਅਕ ਯੋਗਤਾ- ਐਮ.ਏ ਅੰਗ੍ਰੇਜ਼ੀ, ਹਿੰਦੀ ( ਆਨਰਜ਼) - ਐਮ.ਐਡ ਹੈ ।
ਇਨ੍ਹਾਂ ਦੀ ਪਹਿਲੀ ਚੋਣ ਆਲ ਇੰਡੀਆ ਰੇਡੀਓ ਜਲੰਧਰ ਵਿੱਚ , ਬਤੌਰ ਰੈਗੂਲਰ ਐਨਾਉਂਸਰ, 1988 ਵਿੱਚ ਹੋਈ , ਪਰ ਜੁਆਇਨ ਨਹੀਂ ਕੀਤੀ । ਉਦੋਂ ਹੀ ਇਨ੍ਹਾਂ ਅੰਗ੍ਰੇਜ਼ੀ ਲੈਕਚਰਾਰ ਵੱਜੋਂ ਨੌਕਰੀ ਸ਼ੁਰੂ ਕੀਤੀ। ਫਿਰ ਪਟਿਆਲਾ ਦੇ ਮੰਨੇ
ਪ੍ਰਮੰਨੇ ਕਾਨਵੈਂਟ ਸਕੂਲ 'ਲੇਡੀ ਫ਼ਾਤਿਮਾ' ਵਿੱਚ ਅੰਗ੍ਰੇਜ਼ੀ ਵਿਭਾਗ ਦੀ ਮੁਖੀ ਵੱਜੋਂ ਚੌਦਾਂ ਸਾਲ ਸੇਵਾਵਾਂ ਦਿੱਤੀਆਂ ਪਰ 2009 ਵਿੱਚ ਅਸਤੀਫ਼ਾ ਦੇ ਕੇ ਪ੍ਰਸ਼ਾਸਨਿਕ ਸੇਵਾਵਾਂ ਦੇ ਚਾਹਵਾਨਾਂ ਨੂੰ ਪੀ.ਸੀ .ਐਸ ਲਈ ਅੰਗ੍ਰੇਜ਼ੀ ਵਿਸ਼ੇ ਦੀ ਕੋਚਿੰਗ ਸ਼ੁਰੂ ਕੀਤੀ ਜੋ ਜਾਰੀ ਹੈ।
ਕਲਮੀ ਸਫ਼ਰ : ਇਹ ਲੇਖ, ਕਲਮੀ ਚਿੱਤਰ, ਮਿੰਨੀ ਕਹਾਣੀਆਂ, ਕਵਿਤਾਵਾਂ 'ਤੇ ਗ਼ਜ਼ਲਾਂ ਲਿਖਦੇ ਹਨ। ਇਹ ਕਹਿੰਦੇ ਹਨ, "ਕਵਿਤਾ ਬਹੁਤ ਸਹਿਜੇ ਹੀ ਜ਼ਿੰਦਗੀ ਵਿੱਚ ਉਤਰੀ , ਤੇ ਸਹਿਜੇ ਹੀ ਅੱਗੇ ਵਧ ਰਹੀ ਹੈ। ਉਹ ਰਚਨਾ ਜਿਸਨੇ ਮੇਰੀ ਕਲਮ ਵਿੱਚ ਨਵੀਂ ਜਾਨ ਫੂਕੀ
ਉਹ ਸੀ 2016 ਵਿੱਚ ਛਪੀ ਮੇਰੀ ਇੱਕ ਨਿੱਕੀ ਕਹਾਣੀ ' ਸਜ਼ਾ' ਜੋ 'ਪੰਜਾਬੀ ਇਨ ਹਾਲੈਂਡ' ਵਿੱਚ ਛਪੀ ਸੀ , ਵਟਸਅਪ ਉੱਤੇ ਵਾਇਰਲ ਵੀ ਹੋਈ ਅਤੇ ਉਸਦੀ ਕਹਾਣੀ ਇੱਕ ਛੋਟੀ ਫਿਲਮ ਲਈ ਵੀ ਚੁਣੀ ਗਈ।"
ਅਨੁਵਾਦ ਦੇ ਖੇਤਰ ਵਿੱਚ ਇਨ੍ਹਾਂ ਨੇ ਮਸ਼ਹੂਰ ਪੰਜਾਬੀ ਅਤੇ ਅਤੇ ਹਿੰਦੀ ਦੇ ਕਵੀਆਂ ਦੀਆਂ ਲਿਖਤਾਂ ਦਾ ਪੰਜਾਬੀ , ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤਾ ਹੈ । ਹੁਣ ਤੱਕ ਲਗਭਗ ਤਿੰਨ ਸੌ ਕਵਿਤਾਵਾਂ ਦਾ ਅਨੁਵਾਦ ਕਰ ਚੁੱਕੇ ਹਨ, ਜਿਨ੍ਹਾਂ ਵਿੱਚ
ਕੇਦਾਰਨਾਥ ਸਿੰਘ, ਮਧੂ, ਰਾਜਿੰਦਰ ਚੁੱਘ, ਵਿਵੇਕ ਚਤੁਰਵੇਦੀ, ਕਿਸ਼ਵਰ ਨਾਹੀਦ, ਰਾਮਕੁਮਾਰ ਤਿਵਾੜੀ, ਸਫ਼ਾਈ ਹਯਾਤ, ਸੁਚੇਤਾ ਮਿਸ਼ਰਾ, ਰਾਬਰਟ ਫਰੌਸਟ, ਉਦੈ ਪ੍ਰਕਾਸ਼, ਕੁਮਾਰ ਵਿਕਲ ਅਤੇ ਅਜੈ ਬਾਂਸਲ, ਵਰਗੇ ਨਾਮਵਰ ਗੈਰ-ਪੰਜਾਬੀ ਕਵੀਆਂ ਦੇ ਨਾਲ
ਨਾਲ ਜਸਵੰਤ ਸਿੰਘ ਜ਼ਫ਼ਰ, ਡਾ. ਲਖਵਿੰਦਰ ਜੌਹਲ, ਡਾ. ਮੋਹਨ ਤਿਆਗੀ, ਅਮਰਜੀਤ ਕੌਂਕੇ, ਸੁਸ਼ੀਲ ਦੁਸਾਂਝ, ਸੁਰਜੀਤ ਸਿੰਘ, ਬਲਵਿੰਦਰ ਸੰਧੂ, ,ਸਰਬਜੀਤ ਕੌਰ ਸੋਹਲ, ਜਸਪਾਲ ਘਈ ਆਦਿ ਵਰਗੀਆਂ ਕਲਮਾਂ ਦੀਆਂ ਕਿਰਤਾਂ ਸ਼ਾਮਲ ਹਨ।
ਇਨ੍ਹਾਂ ਦੀ ਹਿੰਦੀ ਕਵਿਤਾਵਾਂ ਅਤੇ ਵਾਰਤਕ ਦੀ ਕਿਤਾਬ ਵੀ ਛੇਤੀ ਹੀ ਪਾਠਕਾਂ ਦੇ ਹੱਥ ਵਿੱਚ ਹੋਵੇਗੀ।
ਪ੍ਰਕਾਸ਼ਨਾਵਾਂ : 1-' ਚਸ਼ਮਦੀਦ ਚੁੱਪ ਹੈ' (ਪੰਜਾਬੀ ਕਾਵਿ-ਸੰਗ੍ਰਹਿ).
2-'ਐਕਰੌਸ ਦ ਵਾਲਜ਼' ( ਡਾ. ਅਮਰਜੀਤ ਕੌਂਕੇ ਦੇ ਕਾਵਿ-ਸੰਗ੍ਰਹਿ, 'ਸ਼ਬਦ ਰਹਿਣਗੇ ਕੋਲ' ਦਾ ਅੰਗ੍ਰਜ਼ੀ ਅਨੁਵਾਦ).
3-'ਅਕਸ' ਮੈਗਜ਼ੀਨ ਵਿੱਚ ਕਾਲਮ 'ਕਾਵਿ ਜਿਨ੍ਹਾਂ ਦੇ ਹਿਰਦੇ ਵੱਸਿਆ' (2018 ) ਇੱਕ ਸਾਲ ਤੱਕ ਲਗਾਤਾਰ ਪ੍ਰਕਾਸ਼ਨ.
ਸਨਮਾਨ : 'ਏਕਮ ਸਾਹਿਤ ਪੁਰਸਕਾਰ (ਅੰਮ੍ਰਿਤਸਰ) 2024 ਪਲੇਠੇ ਕਾਵਿ-ਸੰਗ੍ਰਹਿ 'ਚਸ਼ਮਦੀਦ ਚੁੱਪ ਹੈ' ਨੂੰ ਮਿਲਿਆ । ਹੋਰ ਵੀ ਵੱਖੋ-ਵੱਖ ਮਸ਼ਹੂਰ ਸਾਹਿਤ ਸਭਾਵਾਂ ਅਤੇ ਕਾਵਿ-ਮੰਚਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਸੰਪਰਕ: +9192563-85888
ਈਮੇਲ ਪਤਾ: kulvinderchawla08@gmail.com
