Punjabi Poetry : Kuljeet Kaur Ghazal

ਪੰਜਾਬੀ ਕਵਿਤਾਵਾਂ : ਕੁਲਜੀਤ ਕੌਰ ਗ਼ਜ਼ਲਸੱਤ ਸਮੁੰਦਰੋਂ ਪਾਰ ਗਿਆ

ਸੱਤ ਸਮੁੰਦਰੋਂ ਪਾਰ ਗਿਆ ਨੀਂ ਓਹ ਸੱਤ ਸਮੁੰਦਰੋਂ ਪਾਰ ਗਿਆ ਸਾਨੂੰ ਛੱਡ ਕੇ ਅੱਧ ਵਿਚਕਾਰ ਗਿਆ ਨੀਂ ਓਹ ਸੱਤ ਸਮੁੰਦਰੋਂ ਪਾਰ ਗਿਆ   ਪਰਦੇਸੀ ਸੀ, ਪਰਦੇਸੀਆਂ ਨੇ ਇਕ ਦਿਨ ਤੁਰ ਜਾਣਾ ਹੁੰਦਾ ਏ  ਕੀ ਮਾਣ ਮਿੱਟੀ ਦੇ ਬਾਵਿਆਂ ਤੇ ਇਹਨਾ ਖੁਰ ਜਾਣਾ ਹੁੰਦਾ ਏ  ਮੈਨੂੰ ਬਿਰਹਾ ਸੂਲੀ ਚਾੜ ਗਿਆ ਨੀਂ ਓਹ ਸੱਤ ਸਮੁੰਦਰੋਂ  ਪਾਰ ਗਿਆ  ਸਮੁੰਦਰੋਂ ਡੂੰਗਾ ਪਿਆਰ ਮੇਰਾ, ਕਿਸੇ ਹੋਰ ਕੋਲੋਂ ਕਰ ਹੋਣਾ ਨਾ  ਪੈ ਗਿਆ ਵਿਛੋੜਾ ਉਮਰਾਂ ਦਾ ਕੱਲੀ ਜਿੰਦ ਤੋਂ ਜਰ ਹੋਣਾ ਨਾ  ਹਾਰ ਗਿਆ, ਮੇਰਾ ਪਿਆਰ ਗਿਆ ਨੀਂ ਓਹ ਸੱਤ ਸਮੁੰਦਰੋਂ  ਪਾਰ ਗਿਆ  ਦੁਨੀਆਂ ਦੇ ਤਾਹਨੇ ਮਿਹਣਿਆਂ ਨੂੰ ਹਸ ਹਸ ਕੇ ਜਰਨਾ ਔਖਾ ਏ            ਇਸ ਪਿਆਰ ਵਿਹੂਣੀ ਜਿੰਦਗੀ ਤੋਂ ਬਿਨ ਸੱਜਣਾ ਮਰਨਾ ਸੋਖਾ ਏ  ਜਿਓੰਦੀ ਹੀ ਕੁਲਜੀਤ ਨੂੰ ਮਾਰ ਗਿਆ ਨੀਂ ਓਹ ਸੱਤ ਸਮੁੰਦਰੋਂ  ਪਾਰ ਗਿਆ 

ਇਕ ਸ਼ੀਸ਼ੀ ਨਸ਼ੇ ਦੀ ਮਾਹੀ ਮੇਰਾ

ਇਕ ਸ਼ੀਸ਼ੀ ਨਸ਼ੇ ਦੀ ਮਾਹੀ ਮੇਰਾ, ਜੀ ਕਰਦਾ ਗਟ ਗਟ  ਪੀ ਲਵਾਂ  ਥੋੜਾ ਜਿਹਾ ਮੈਂ ਮਰ ਜਾਵਾਂ ਮੈਂ, ਥੋੜੀ ਥੋੜੀ ਜੀ ਲਵਾਂ    ਤੇਰੇ ਨਸ਼ੇ ਵਿੱਚ ਚੂਰ ਰਹਾਂ, ਕੋਈ ਮੇਰੇ ਜਿਹਾ ਸ਼ਰਾਬੀ ਨਾ  ਓਨਾ ਚਿਰ ਜ਼ਿੰਦਗੀ  ਜਚਦੀ ਨਹੀ ਜੇ ਪਿਆਰ ਕਰੇ ਬਰਬਾਦੀ ਨਾ  ਤੂੰ ਮਿਲਿਆ ਮੈਨੂੰ ਸਭ ਕੁਝ ਮਿਲਿਆ, ਹੁਣ ਉਸ ਰੱਬ ਤੋਂ ਕੀ ਲਵਾਂ    ਆਪਣੇ ਆਪ ਦੀ ਸੁਰਤ ਰਹੇ ਨਾ, ਭੁੱਲ ਜਾਏ ਕੁੱਲ ਜ਼ਮਾਨਾ  ਜੱਗ ਤੇ ਉਂਜ ਬਦਨਾਮ ਬੜਾ ਹੈ ਤੇਰਾ ਤੇ ਮੇਰਾ ਯਾਰਾਨਾ  ਦਿਲ ਦੇ ਟੋਟੇ ਜੁੜਦੇ ਨਹੀਂ ਜਿਹੜੇ ਇਕ ਇਕ ਕਰਕੇ ਸੀ ਲਵਾਂ    ਮਾਹੀ ਦੇ ਹਥ੍ਹ ਵਿਚ ਹੋਵੇ ਪਿਆਲਾ, ਜ਼ਹਿਰ ਹੋਵੇ ਜਾਂ ਦਾਰੂ  ਖੁਸ਼ ਹੋ ਕੇ ਮਰ ਜਾਵਾਂ  ਜੇ ਪਿਆਰ ਹੀ ਮੇਰਾ ਮੈਨੂੰ ਸੂਲੀ ਚਾੜੂ  ਤੇਰੀ ਪੂਜਾ ਰੱਬ ਦੀ ਪੂਜਾ ਇਸ ਤੋਂ ਵਧ ਕੇ ਕੀ ਕਹਾਂ 

ਪਰਦੇਸੀਆ

ਪਰਦੇਸੀਆ, ਪਰਦੇਸੀਆ,   ਪਰਦੇਸੀਆ, ਵੇ  ਪਰਦੇਸੀਆ  ਹੋਰ ਸਤਾ, ਹੋਰ ਸਤਾ, ਹੋਰ ਸਤਾ, ਵੇ ਮੈਨੂੰ  ਹੋਰ ਸਤਾ,   ਮਜਬੂਰ ਹਾਂ, ਮੈਂ ਚੂਰ ਹਾਂ, ਕੋਈ ਬਿਰਹਾ ਦੀ ਹੀ ਮਾਰ ਹਾਂ, ਉਸ ਪਾਰ ਤੂੰ ਦਰਿਆਵਾਂ ਦੇ, ਮੈਂ ਤੜਫਦੀ ਇਸ ਪਾਰ ਹਾਂ  ਵੈਰੀਆ, ਵੈਰੀਆ, ਵੈਰੀਆ ਵੇ ਸੁਣ ਵੈਰੀਆ  ਨਾ ਹੋਰ ਰੁਆ, ਹੋਰ ਰੁਆ, ਹੋਰ ਰੁਆ, ਨਾ  ਹੋਰ ਰੁਆ    ਜੋ ਲਿਖਣਾ ਸੀ ਮੈਂ ਚਿਠ੍ਹੀਆਂ ਵਿਚ, ਮੈਥੋਂ ਨਹੀਂ ਲਿਖ ਹੁੰਦਾ ਵੇ  ਜੋ ਜੋ ਦਸਣਾ ਸੀ ਬਸ ਤੈਨੂੰ ਹੀ, ਮੈਥੋਂ ਨਹੀਂ  ਦੱਸ ਹੁੰਦਾ ਵੇ  ਹਾਰੀ ਆਂ, ਹਾਰੀ ਆਂ, ਹਾਰੀ ਆਂ, ਵੇ ਮੈਂ ਹਾਰੀ ਆਂ  ਕੀ ਕਰਾਂ, ਕੀ ਕਰਾਂ, ਕੀ ਕਰਾਂ, ਵੇ ਦੱਸ ਕੀ ਕਰਾਂ ?   ਹੁਣ ਹੋ ਗਿਆ ਤੂੰ ਗੈਰਾਂ ਦਾ ਤੇ ਗੈਰ ਤੇਰੇ ਬਣ ਗਏ  ਜਾਗਾਂ ਮੈਂ ਰਾਤਾਂ ਰੋਜ਼ ਵੇ, ਨੀਂਦਾਂ ਤੇ ਸੁਪਨੇ ਖੋ ਗਏ  ਦੁਖ ਦੇਣਿਆਂ, ਭੁੱਲ ਜਾਣਿਆਂ, ਦੁਖ ਦੇਣਿਆਂ, ਵੇ  ਭੁੱਲ ਜਾਣਿਆਂ  ਸਦਾ ਤੇਰੀ ਹੀ, ਬਸ ਤੇਰੀ ਹੀ ਕੁਲਜੀਤ ਹਾਂ, ਮੈਂ ਕੁਲਜੀਤ ਹਾਂ  ਪਰਦੇਸੀਆ ...

ਇੱਕ ਰੋਗ  ਲੱਗਾ ਮੈਨੂੰ

ਇੱਕ ਰੋਗ  ਲੱਗਾ ਮੈਨੂੰ ਜਿਸਦੀ ਦਵਾ ਨਾ ਕੋਈ  ਮੈਂ ਲਾਸ਼ ਚਲਦੀ ਫਿਰਦੀ ਮੈਂ ਜਿਓਂਦੀ ਹਾਂ ਨਾ ਮੋਈ    ਮੇਰੇ ਤਾਂ ਹੋਠਾਂ ਉੱਤੇ ਨਿੱਤ ਪੀੜ ਦੀ ਹੀ ਗਲ ਹੈ  ਸਜਣਾ ! ਮੈਂ ਬੈਠੀ ਸਖਣੀ, ਦਿਲ ਜਾਨ ਤੇਰੇ ਵੱਲ ਹੈ  ਕੋਈ ਰਾਤ ਨਹੀ ਹੈ ਸੁੱਕੀ ਜਿਸ ਰਾਤ ਨਾ ਮੈਂ ਰੋਈ    ਯਾਦਾਂ ਜੋ ਗਿਰਜਾਂ ਬਣਕੇ, ਨਹੁੰਆਂ ਤੋਂ ਮਾਸ ਨੋਚਣ  ਅੱਖਾਂ ਦੋ ਨਦੀਆਂ ਬਣੀਆਂ, ਜੋ ਦੀਦ ਤੇਰਾ ਲੋਚਣ  ਜਿਸਨੂੰ ਹੀ ਲੱਗੀ ਸੱਟ ਹੈ, ਇਹਦਾ ਦਰਦ ਜਾਣੇ ਸੋਈ  ਰੁਲ ਗਈ ਹੈ ਜ਼ਿੰਦਗੀ ਮੇਰੀ ਕੱਖਾਂ ਤੋਂ ਹੋਉਲੀ ਹੋ ਕੇ  ਘਰ ਫੂਕ ਕੇ ਤਮਾਸ਼ਾ ਮੈਂ ਖੁਦ ਵੇਖਿਆ ਖਲੋ ਕੇ  ਭਾਂਬੜ ਬਿਗਾਨੇ ਤਨ ਦੇ ਕਿਦਾਂ ਬੁਝਾਵੇ ਕੋਈ   ਬਦਨਾਮ ਹੈ ਬਹੁਤ ਇਹ, ਕੁਲਜੀਤ ਜਿਸਨੂੰ ਕਹਿੰਦੇ  ਤਾਹਨੇ ਤੇ ਮਿਹਣੇ ਜੱਗ ਦੇ ਮੇਰੇ ਨਾਲ ਨਾਲ ਰਹਿੰਦੇ  ਬੜੀ ਇਸ਼ਕ ਦੇ ਸ਼ਹਿਰ ਵਿਚ ਇੱਜ਼ਤ  ਨੀਲਾਮ ਹੋਈ 

ਇਸ਼ਕ ਤੇਰੇ ਦੀ ਸਰਦਾਰੀ

ਇਸ਼ਕ ਤੇਰੇ ਦੀ ਸਰਦਾਰੀ ਵੇ ਸੱਜਣਾ, ਇਸ਼ਕ ਤੇਰੇ ਦੀ ਸਰਦਾਰੀ ........ ਸਾਨੂੰ ਲੱਗ ਗਈ ਇਸ਼ਕ ਬਿਮਾਰੀ ਵੇ ਸੱਜਣਾ  ਲੱਗ ਗਈ ਇਸ਼ਕ ਬਿਮਾਰੀ ਵੇ ਸੱਜਣਾ    ਜੀ ਕਰਦਾ ਫੱਕਰ ਬਣ ਜਾਵਾਂ, ਯੋਗੀਆ ਕਪੜੇ ਪਾ ਕੇ  ਤੇਰੇ ਨਾਮ ਦੀ ਪੂਜਾ ਕਰੀਏ, ਜੰਗਲਾਂ ਦੇ ਵਿਚ ਜਾ ਕੇ  ਇਕ ਤੂੰ ਹੀ ਤੂੰ ਏ ਚੇਤਿਆਂ ਵਿਚ ਸਾਥੋਂ ਨਾ ਵਿਛੜੀਂ  ਨਾ ਮਾਰੀਂ  ਖਾਣਾ ਭੁੱਲਿਆ, ਪੀਣਾ ਭੁੱਲਿਆ, ਭੁੱਲ ਗਿਆ ਸੋਣਾ ਰਾਤਾਂ ਨੂੰ  ਸੋਹਣਿਆ ਸੱਜਣਾ ਪਿਆਰ ਤੇਰੇ ਦਾ ਚੜਿਆ ਨਸ਼ਾ ਪ੍ਰਭਾਤਾਂ ਨੂੰ  ਏਸ ਇਸ਼ਕ ਨੇ ਕਦੇ ਨਾ ਛੁਪਣਾ, ਭੰਡਣਾ ਗਲੀਂ ਬਜ਼ਾਰੀਂ ਆਸ਼ਿਕ ਦੇ ਸਿਰ ਪਹਰਾ ਹੁੰਦਾ, ਨਿੱਤ ਨੰਗੀਆਂ ਤਲਵਾਰਾਂ ਦਾ  ਪਰ ਸਾਡੇ ਦਿਲ ਵਿਚ ਡਰ  ਨਾ ਕੋਈ, ਪਿਆਰ ਦੇ ਠੇਕੇਦਾਰਾਂ ਦਾ  ਇਹ ਦਿਲ ਵੀ ਚੰਦਰਾ ਜਾਣ ਜਾਣ ਕੇ ਖਾਂਦਾ ਸੱਟ ਕਰਾਰੀ  ਜਿਸ ਨੂੰ ਹਨ ਲੱਗੀਆਂ ਓਹੀ ਜਾਣੇ, ਕਾਉਣ ਜਾਣੇ ਪੀੜ ਪਰਾਈ ਨੂੰ  ਲਗਿਆ ਤੇਰਾ ਹਿਜਰ ਹੈ ਡਾਹਢਾ ਇਸ ਨਜ਼ਰ ਤਿਰਹਾਈ ਨੂੰ  ਤਰਸ ਕਰ, ਕੁਲਜੀਤ ਨਾ ਮੁੱਕ ਜਾਏ, ਨਾ ਵਿਛੜੀਂ  ਨਾ ਮਾਰੀਂ 

ਤੇਰੀ ਪੱਗ ਦੀ ਫਿਫਟੀ ਬਣ ਜਾਵਾਂ

ਮੈਨੂੰ ਰੀਝਾਂ ਨਾਲ ਸਜਾ ਸੱਜਣਾ ਮੈਂ ਤੇਰੀ ਪੱਗ ਦੀ ਫਿਫਟੀ ਬਣ ਜਾਵਾਂ ਨਜ਼ਰ ਨਾ ਤੈਨੂੰ ਲੱਗ ਜਾਵੇ ਤੇਰੇ ਮੁਖੜੇ ਅੱਗੇ ਤਣ ਜਾਵਾਂ ਜਦ ਸ਼ੀਸ਼ੇ ਅੱਗੇ ਖੜ ਵੇ ਤੂੰ ਪੱਗ ਦੇ ਪੇਚ ਬਣਾਓਨਾ ਏੰ, ਸੁਧ ਬੁਧ ਮੇਰੀ ਖੋ ਜਾਂਦੀ ਐਸੀ ਦਿਲ ਨੂੰ ਖਿਚ ਜਿਹੀ ਪਾਓਨਾ ਏੰ, ਮੈਂ ਵਾਰੀ ਤੇਰੀ ਸਰਦਾਰੀ ਤੇ, ਤੇਰੇ ਸਿਰ ਤੇ ਸਭ ਕੁਝ ਝੱਲ ਜਾਵਾਂ  ਸਹੁੰ ਰੱਬ ਦੀ ਵੇ ਰੱਬ ਤੋਂ ਪਹਿਲਾਂ ਮੈਂ ਨਾਂ ਤੇਰਾ ਹੀ ਲੈਂਦੀ ਹਾਂ, ਸਰਦ ਮਹੀਨੇ ਪਹਲੇ ਪਹਿਰ ਦਾ ਸੂਰਜ ਤੈਨੂੰ ਕਹਿੰਦੀ ਹਾਂ,   ਜੀ ਕਰਦਾ ਮੁੰਡਿਆ ਮਹਿਕ ਬਣ ਕੇ ਤੇਰੇ ਸਾਹਾਂ ਦੇ ਵਿਚ ਰਲ ਜਾਵਾਂ ਰਾਹਾਂ ਦੀ ਬਣੀ ਰੌਣਕ ਤੇਰੀ ਜੁੱਤੀ ਤਿੱਲੇ ਵਾਲੀ ਵੇ, ਮੇਰੀ  ਸੌਂਕਣ ਮੈਨੂੰ ਲਗਦੀ ਏ  ਤੇਰੇ ਗਲ ਵਿਚ ਗਾਨੀ ਕਾਲੀ ਵੇ, ਸਦਾ ਹਿੱਕ ਨਾਲ ਲਾ ਕੇ ਰਖ ਅੜਿਆ ਮੈਂ ਵਿਚ ਤਵੀਤ ਦੇ ਮੜ  ਜਾਵਾਂ  ਮੈਂ ਅਣਖੀਲੀ ਜੱਟੀ, ਵੇ ਤੂੰ ਸੁਣ ਵੱਡਿਆ ਸ਼ੌਕੀਨਾਂ, ਤੇਰੇ ਲਈ ਲੜ ਲਊੰ ਦੁਨੀਆਂ ਨਾਲ, ਤਾਣ ਕੇ ਆਖਾਂ ਸੀਨਾ,   ਹਿਜਰਾਂ ਦੀ ਅੱਗ ਵਿਚ ਕੁਲਜੀਤ ਗ਼ਜ਼ਲ ਮੈਂ ਸਾਰੀ ਦੀ ਸਾਰੀ ਬਲ ਜਾਵਾਂ

ਮੇਰੀ ਰੇਸ਼ਮੀ ਚੁੰਨੀ ਦਾ ਪੱਲਾ

ਮੇਰੀ ਰੇਸ਼ਮੀ ਚੁੰਨੀ ਦਾ ਪੱਲਾ ਉੱਡ ਕੇ ਨੀ ਸੱਜਣਾ ਦਾ ਮੂੰਹ ਚੁੰਮਦਾ  ਬਿਨ ਹਵਾ ਤੋਂ ਹੀ ਅੱਜੀਂ  ਪੱਜੀਂ  ਉਡਦਾ ਨੀ ਓਹਦੀ ਖੁਸ਼ਬੂ ਸੁੰਗਦਾ  ਗੱਲਾਂ ਦਿਲ ਦੀਆਂ ਬੁੱਲਿਆਂ ਤੇ ਆਓਂਦੀਆਂ ਨਾ ਓਹ ਜਦੋਂ ਮੇਰੇ ਸਾਹਮਣੇ ਹੋਵੇ  ਧੁਰ ਸੀਨੇ ਵਿੱਚ ਦੱਬੀਆਂ ਮੁਹੱਬਤਾਂ ਦਾ ਸਾਥ੍ਹੋੰ ਇਜ਼ਹਾਰ ਨਾ ਹੋਵੇ  ਬਾਤਾਂ ਪਾ ਪਾ ਇਹ ਸੱਜਣਾ ਦੇ ਨਾਮ ਦੀਆਂ ਜਾਣ -ਜਾਣ ਸਾਨੂੰ ਟੁੰਮਦਾ  ਮੇਰੇ ਦਿਲ ਵਿਚ ਓਹਦੇ ਹੀ ਖਿਆਲ ਨੇ ਮੈਂ ਨਿੱਤ ਓਹਨੂੰ ਯਾਦ ਕਰਦੀ  ਅੱਖਾਂ ਰਹਿਣ ਓਹਦੇ ਰਾਹਾਂ ਵਿਚ ਵਿਛੀਆਂ ਮੈਂ ਜਾਨ ਓਹਦੇ ਉਤੋਂ ਵਾਰਦੀ  ਨੀਂਦ ਅਓਉਂਦੀ ਨਹੀ ਅਧੀ ਅਧੀ ਰਾਤ ਨੂੰ ਵੀ ਅੱਖਾਂ ਅੱਗੇ ਓਹ ਘੁੰਮਦਾ    ਓਹਦੇ ਬੁੱਲਾਂ ਚੋਂ ਗੁਲਾਬੀ ਫੁੱਲ ਕਿਰਦੇ ਤੇ ਨੈਣਾਂ ਚੋਂ ਸ਼ਰਾਬ ਡੁੱਲਦੀ  ਅੱਜ ਗੋਰ ਨਾਲ ਜਦੋਂ ਓਹਨੂੰ ਤੱਕਿਆ ਮੈਂ ਜਾਵਾਂ ਸਾਰੇ ਰਾਹ ਭੁੱਲਦੀ  ਵੇਖ ਬੁੱਲੀਆਂ ਤੇ ਨਿੱਕੇ ਨਿੱਕੇ ਹਾਸਿਆਂ ਨੂੰ ਜਾਵੇ ਮੇਰਾ ਹੋਸ਼ ਗੁੰਮਦਾ    ਨਹੀ ਰੀਸਾਂ ਓਸ ਪੰਜਾਬ ਦੇ ਸ਼ੋਕੀਨ ਦੀਆਂ, ਗੁੱਟ ਤੇ ਰੁਮਾਲ ਬੰਨਦਾ  ਚੰਨ ਅੰਬਰਾਂ ਦਾ ਕਰੇ ਨਾ ਮੁਕਾਬਲਾ ਨੀ ਕੁੜੀਓ ਇਹ ਸੋਹਣੇ ਚੰਨ ਦਾ  ਓਹਦੇ ਨਾਲ ਹੀ ਨਜ਼ਾਰੇ ਸੋਹਣੇ ਲੱਗਦੇ ਤੇ ਵੇਖ ਓਹਨੂੰ ਦਿਲ ਝੂਮਦਾ    ਜੋ ਮੈਂ ਚਿਰਾਂ ਤੋਂ ਕਹ ਸਕੀ ਨਾ ਦਿਲ ਦੀਆਂ ਦੁਪੱਟੇ ਅੱਜ ਕਹ ਛੱਡੀਆਂ  ਜੇ ਓਹ ਕਰ ਲਏ ਕਬੂਲ ਕੰਨੀ ਸੁਣੀਆਂ , ਸੁਵਰਗਾਂ ਨੂੰ ਜਾਣ ਹੱਡੀਆਂ  ਜੀ ਕਰਦਾ ਓਹਦੇ ਤੋਂ ਦਿਲ ਵਾਰਦਾਂ ਇਹ ਬਿਨਾ ਓਹਦੇ ਕਿਸ ਕੰਮ ਦਾ 

ਚੰਨ ਬੱਦਲਾਂ ’ਚ ਛੁਪਦਾ ਮੈਂ ਆਪ ਵੇਖਿਆ

ਚੰਨ ਬੱਦਲਾਂ ’ਚ ਛੁਪਦਾ ਮੈਂ ਆਪ ਵੇਖਿਆ  ਇੱਕ ਅਜੂਬਾ ਮੈਂ ਪੁੰਨਿਆਂ ਦੀ ਰਾਤ ਵੇਖਿਆ    ਮੈਨੂੰ ਜਾਪਦੇ ਸੀ ਜੁਗਨੂੰ ਵੀ ਹੱਸਦੇ ਪਏ  ਓਹਦੇ ਬਾਰੇ ਸੀ ਕੁਝ ਮੈਨੂੰ ਦਸਦੇ ਪਏ  ਲੁਕਣਮੀਟੀਆਂ ਓਹ ਖੇਡਦਾ ਸੀ ਅੰਬਰਾਂ ਦੇ ਵਿਚ ਓਹਨੂੰ  ਲਭਣ ਚਕੋਰਾਂ ਮੈਂ ਕਈ ਵਾਰ ਵੇਖਿਆ    ਅਸੀਂ ਹੱਸਦੇ ਰਹੇ ਬੁੱਲਿਆਂ ’ਚ ਗੁਝੇ ਗੁਝੇ ਹਾਸੇ  ਨਾਲ ਚਾਨਣੀ ਦੇ ਖਿੜੀ ਸੀ ਬਹਾਰ ਚਾਰੇ ਪਾਸੇ  ਵਿਚ ਬੱਦਲਾਂ ਦੇ ਕਿੱਦਾਂ ਓਹਨੂੰ ਗੋਉਰ ਨਾਲ ਵੇਖਾਂ  ਖੋਉਰੇ ਚੰਨ ਵਿੱਚ ਆਪਾਂ ਦਿਲਦਾਰ ਵੇਖਿਆ    ਇਹਨਾ ਗੀਤਾਂ ਵਿਚ ਸੁੰਨੇ ਸੁੰਨੇ ਅਖਰਾਂ ਦਾ ਰੋਣਾ  ਓਹਨੇ ਲੰਘ ਜਾਣਾ ਪਰ ਸਾਡੇ ਵਿਹੜੇ ਨਹੀਂ ਅਓਉਣਾ  ਟਿਮਟਿਮਾਓੰਦੇ ਜੋ ਲਗਦੇ ਸੀ ਪਿਆਰੇ ਬੜੇ  ਇਹਨਾ ਤਾਰਿਆਂ ਨੂੰ ਦਿੰਦਿਆਂ ਸਰਾਪ ਵੇਖਿਆ    ਸਾਡੇ ਨੈਣਾ ਵਿਚੋਂ ਉੱਜੜੀ ਹੈ ਮਸਤ ਜੇਹੀ ਝਾਕ  ਨਿੱਤ ਸੱਜਰੀ ਸਵੇਰ ਸਾਨੂੰ ਕਰਦੀ ਮਜ਼ਾਕ  ਤੇਰੇ ਦਰਸ ਤਾਂ ਮੇਹੰਗੇ ਨੇ ਜਿੰਦਗੀ ਦੇ ਨਾਲੋਂ  ਨਿੱਤ ਕਰਦੇ ਨਜ਼ਾਰਿਆਂ ਨੂੰ ਮੈਂ ਪਾਪ ਵੇਖਿਆ    ਓਹਨੂੰ ਕਾਲੀ  ਰਾਤ ਦੇ ਹਨੇਰੇ ਵਿਚ ਭਾਲਦੀ ਫਿਰਾਂ  ਵਿੱਚ ਲਾਰਿਆਂ ਦੇ ਨੀਂਦਰਾਂ ਨੂੰ ਟਾਲਦੀ ਫਿਰਾਂ  ਸਾਡੇ ਵਿਹੜੇ ਵਿਚ ਨਾ ਲਾਇਆ ਕਦੇ ਚਾਨਣਾ ਨੇ ਗੇੜਾ  ਇਹ ਤਾਂ ਗ਼ਜ਼ਲ ਦਿਆਂ ਨੈਣਾ ਨੇ ਸੀ ਖਾਬ ਵੇਖਿਆ   

ਓਹਦਾ ਜ਼ਿਕਰ ਨਾ ਛੇੜੋ

ਰੱਬ ਦੇ ਵਾਸਤੇ ਨੀਂ ਕੁੜੀਓ ਓਹਦਾ ਜ਼ਿਕਰ ਨਾ ਛੇੜੋ  ਮੇਰੀਆਂ ਰੋ ਰੋ ਥੱਕੀਆਂ ਅੱਖੀਆਂ ਦੇ ਫਿਰ ਖੂਹ ਨਾ ਗੇੜੋ ਜਾਂਦਾ ਏ ਤੇ ਜਾਵੇ ਆਪਾਂ ਜੀਣਾ ਏ  ਜ਼ਹਿਰ ਜਿਹੀ ਜਿੰਦਗੀ ਨੂੰ ਹੱਸ ਕੇ ਪੀਣਾ ਏ  ਲਿਖੀਆਂ ਵਿੱਚ ਨਸੀਬਾਂ ਨਿੱਤ ਉਡੀਕਾਂ ਨੇ  ਤੁਸੀਂ ਹਰ ਦਮ ਓਹਦੇ ਅੋਣ ਦੀਆਂ ਗੱਲਾਂ ਨਾ ਸਾਹੇੜੋ  ਰੱਬ ਦੇ ਵਾਸਤੇ ਨੀਂ ਕੁੜੀਓ ਓਹਦਾ ਜ਼ਿਕਰ ਨਾ ਛੇੜੋ   ਬਾਤਾਂ ਵਫ਼ਾ ਪਿਆਰ ਦੀਆਂ ਓਹਨੂੰ ਰਾਸ ਨਾ ਆਈਆਂ  ਵੱਸਦੇ ਦਿਲਾਂ ਵਿੱਚ ਕੱਲਰੀਆਂ ਓਹਨੇ ਆਪੇ ਪਾਈਆਂ  ਅਸੀਂ ਛਡ ਕੇ ਉਸਦੀਆਂ ਯਾਦਾਂ ਨੂੰ ਘੁੱਟ  ਸਬਰ ਦਾ ਪੀਤਾ  ਇਸ ਸਿਦਕ ਦੇ ਪਲਦੇ ਬੂਟੇ ਨੂੰ ਮੁਢੋਂ ਨਾ ਉਖੇੜੋ  ਅਸਾਂ ਬੜਾ  ਹੀ ਰੋਲਿਆ  ਅੱਲੜ ਜਿਹੀ ਜਵਾਨੀ ਨੂੰ  ਲਿਖ ਲਹੂ ਨਾ ਚਿਠੀਆਂ ਪਾਈਆਂ ਦਿਲ ਦੇ ਜਾਨੀ ਨੂੰ  ਮਿਠ੍ਹਾ ਜਾਮ ਸਮਝ ਕੇ ਪੀਤਾ ਦਿਲ ਦੇ ਦਰਦਾਂ ਨੂੰ  ਹਾਏ ਨੀ ! ਅੱਲੇ ਜਖਮਾਂ ਤੇ ਹੁਣ ਨਮਕ ਨਾ ਕੇਰੋ  ਕਿੱਸੇ ਲਿਖੇ ਨੇ ਵਿਚ੍ਹ ਕਿਤਾਬਾਂ ਦੇ ਮੁਦਤਾਂ ਪੁਰਾਣੇ  ਮਤਲਬ ਕੀ ਹੈ ਮੋਹ ਪਿਆਰ ਦਾ ਇਥੇ ਕੋਈ ਨਾ ਜਾਣੇ  ਬੜੀਆਂ ਨਾਜ਼ੁਕ ਸਹੀਓ ਨੀ ਇਸ ਦਿਲ ਦੀਆਂ ਕੰਧਾਂ  ਹੁਣ ਹੰਭੇ ਹਾਰੇ ਬੇਵੱਸ ਦੀ ਚਮੜੀ ਨਾ ਉਧੇੜੋ  ਜੀ ਨਹੀਂ ਕਰਦਾ ਮੁਆਫ ਕਰਾਂ ਮੈਂ ਇਸ ਝੱਲੇ ਦਿਲ ਨੂੰ  ਮਨ ਚਾਹੇ ਕੋਈ ਸਜ਼ਾ ਦੇਵੇ ਓਹਦੇ ਪੱਥਰ ਦਿਲ ਨੂੰ  ਪਰ ਓਹ ਤਾਂ ਭਾਈ ਅਮੀਰਾਂ ਦਾ ਕੋਈ ਵੱਸ ਨਹੀਂ ਚੱਲਦਾ  ਹੱਥ ਜੋੜ ਜੋੜ ਕੁਲਜੀਤ ਕਹੇ ਇਹ ਗੱਲ ਨਬੇੜੋ  

ਸਾਉਣ

ਲੋਕੀਂ ਨਚ ਨਚ ਪਏ ਨੇ ਮਨਾਉਂਦੇ ਚੰਨਾ ਸਾਉਣ,   ਅੱਖਾਂ ਸਾਡੀਆਂ ਨੇ ਹੰਝੂਆਂ ਦੀ ਲਾਈ ਝੜੀ ਏ ਕਿੰਝ ਰੋਕ ਲਵਾਂ ਟੁੱਟਣੋ ਮੈਂ ਦਿਲ ਵਾਲਾ ਸ਼ੀਸ਼ਾ,   ਇਸ ਦਿਲ ਵਿੱਚ ਤੇਰੀ  ਤਸਵੀਰ ਜੜੀ ਏ   ਦੱਸ ਅਸੀਂ ਕਿਹੜੀ ਰੁੱਤ ਦਾ ਵੇ ਜਸ਼ਨ ਮਨਾਈਏ  ਤੂੰ ਤਾਂ ਦੂਰ ਵੱਸਦਾ ਏੰ,  ਦੁੱਖ ਕਿਸ ਨੂੰ ਸੁਨਾਈਏ  ਤੂੰ ਸਾਡੇ ਬੁੱਲਾਂ ਵਾਲੀ ਰੋਣਕ ਵੀ ਨਾਲ ਖੜੀ ਏ    ਸਾਡੇ ਵਿਹੜੇ ਵਿਚ ਬੂਟੇ ਸੀ ਜੋ ਫੁੱਲਾਂ ਨਾ ਪਰੁੱਚੇ  ਗਏ ਝੜ ਤੇਰੇ ਪਿਛੋਂ ਸਾਨੂੰ ਦੇ ਗਏ ਵਿਗੋਚੇ  ਤੂੰ ਸਾਡੇ ਬੁੱਲਾਂ ਵਾਲੀ ਰੋਉਣਕ ਵੀ ਨਾਲ ਖੜੀ ਏ  ਮਨ ਦੁੱਖ ਦੱਸ ਤਾਰਿਆਂ ਨੂੰ ਕਢਦਾ ਭੜਾਸ  ਹੁਣ ਭੈੜੇ  ਬੱਦਲਾਂ ਨੇ ਮੱਲਿਆ ਆਕਾਸ਼  ਨਾਲੇ ਕੱਜਲ਼ ਜਿਹੀ ਕਾਲੀ ਵੇ ਘਟਾ ਚੜੀ ਏ    ਸਾਨੂੰ ਝਾਂਜਰ ਇਹ ਗਿਧੇ ਵਿਚ ਨਚਣ ਨੂੰ ਆਖੇ  ਝੁਰਮੁਟ ਚੂੜੀਆਂ ਦਾ ਅੱਗ ਵਾਂਗੂੰ ਮਚਣ ਨੂੰ ਆਖੇ  ਸਾਡੀ ਅਲੜ ਜਵਾਨੀ ਨੇ ਵੀ ਜ਼ਿਦ ਫੜੀ ਏ    ਸਾਨੂੰ ਦੱਸ ਜਾਂਦੇ ਸਜਣ ਜੀ ਕਿਹੜੇ ਮਹੀਨੇ ਅਓਉਣਾ  ਅਸੀਂ ਲੱਡੂ ਵੰਡ ਸ਼ਗਨਾ ਦੇ ਓਹ ਦਿਨ ਏ ਮਨੋਉਣਾ  ਪਈ ਉਡੀਕਦੀ ਗ਼ਜ਼ਲ ਬੂਹੇ ਦੇ ਵਿੱਚ ਖੜੀ ਏ 

ਕੋਈ ਦੱਸ ਦੇਵੇ ਸਿਰਨਾਵਾਂ

ਸਾਡੇ ਚਿਰਾਂ ਤੋਂ ਵਿਛੜੇ ਸੱਜਣਾ ਦਾ ਕੋਈ ਦੱਸ ਦੇਵੇ ਸਿਰਨਾਵਾਂ  ਇਸਦੇ ਬਦਲੇ ਜਾਨ ਵੀ ਹਾਜ਼ਿਰ ਹੱਸ ਕੇ ਨਾ ਕਰ ਜਾਵਾਂ  ਮੱਥੇ ਉੱਤੇ ਤਿਲ ਹੈ ਕਾਲਾ  ਮੁੱਖ ਭਾਅ ਮਾਰੇ ਗੁਲਾਬੀ  ਚਿਹਰਾ ਗੁਲਾਬੀ ਦੁਧੋੰ ਚਿੱਟਾ  ਦੋਵੇਂ ਹੀ ਨੈਣ ਸ਼ਰਾਬੀ  ਬੈਠਾ ਹੋਣਾ ਮਿੱਤਰਾਂ ਦੇ ਵਿੱਚ  ਜਾਂ ਫਿਰ ਨਾਲ ਭਰਾਵਾਂ  ਇੱਕ ਤਾਰਿਆਂ ਵਾਲੀ ਮੇਹਫਿਲ ਦੇ ਵਿੱਚ ਚੰਨ ਵਾਂਗਰ ਓਹ ਜੱਚਦਾ  ਤਾੜੀ ਮਾਰ ਕੇ ਹੱਥਾਂ ਦੀ ਓਹ ਦੂਹਰਾ ਹੋ ਹੋ ਹੱਸਦਾ  ਓਹਦੇ ਨਾਲ ਨਾਲ ਹੀ ਚਲਦਾ ਹੋਣਾ ਇੱਕ ਮੇਰੇ ਜਿਹਾ ਪਰਛਾਵਾਂ  ਓਹਦਾ ਸਿਖਰ ਚੜੇ ਹੋਏ ਸੂਰਜ ਵਰਗਾ ਮੂੰਹ ਨਹੀਂ ਤੱਕਿਆ ਜਾਣਾ  ਓਹਦੇ ਬੋਲਾਂ ਵਰਗਾ ਮਿਠੜਾ ਸੁਰ ਨਹੀਂ ਕੁੱਲ ਦੁਨੀਆਂ ਵਿੱਚ ਹੋਣਾ  ਜੇ ਓਹ ਮਿਲ ਜਾਏ, ਜਾਣ ਨਾ ਦੇਵਾਂ ਰੱਬ ਦਾ ਸ਼ੁਕਰ ਮਨਾਵਾਂ  ਓਹਦੇ ਵਰਗਾ ਲਾ ਪਰਵਾਹ ਕੋਈ ਹੋਰ ਨਹੀ ਜੱਗ ਤੇ ਹੋਣਾ  ਆਪਾਂ ਭਾਵੇਂ ਕਤਲ ਹੋ ਜਾਈਏ ਉਹਦੀ ਅੱਖ ਨਹੀਂ ਰੋਣਾ  ਉਸਦੇ ਪਥਰ ਦਿਲ ਦੇ ਵਾਂਗੂੰ ਪਥਰ ਨਾ ਬਣ ਜਾਵਾਂ 

ਉਮਰ ਕੈਦ

ਤੇਰੀਆਂ ਬਾਹਾਂ ਦੇ ਕਲਾਵੇ ਵਿੱਚ ਸੋਹਣਿਆ ਮੈਨੂੰ ਉਮਰ ਕੈਦ ਹੋ ਜਾਵੇ  ਰਹੀਏ ਤੂੰ ਤੇ ਮੈਂ ਦੋਂਵੇ ਜਾਗਦੇ, ਬਾਕੀ ਦੁਨੀਆਂ ਸਾਰੀ ਇਹ ਸੌਂ ਜਾਵੇ  ਏਹੋ ਮੰਗਦੀ ਦੁਆ ਮੈਂ ਸੱਚੇ ਰੱਬ ਤੋਂ  ਬਾਹਾਂ ਤੇਰੀਆਂ ’ਚ ਜਾਨ ਮੇਰੀ ਨਿੱਕਲੇ  ਤੂੰ ਏੰ ਜ਼ਿੰਦਗੀ ’ਚ ਰੱਬ ਵਾਂਗੂੰ ਬਹੁੜਿਆ  ਦੁੱਖ ਜਾਣ ਨਾ ਇਹ ਡਾਹਡੇ  ਮੈਥੋਂ ਸੰਭਲੇ  ਨਹੀਂ ਜ਼ਿੰਦਗੀ  ਕਬੂਲ ਤੈਥੋਂ ਵੱਖ ਹੋ  ਨਬਜ਼ ਤੇਰੀਆਂ ਬਾਹਾਂ ’ਚ ਹੀ ਖਲੋ ਜਾਵੇ  ਮੱਲ ਅੱਖੀਆਂ ’ਚ ਸੁਰਮੇ ਦੀ ਥਾਂ ਵੇ  ਜਾਂ ਤਵੀਤ ਬਣ ਗਲ ’ਚ ਸਜਾ ਲਵਾਂ  ਮੇਰੇ ਬਣ ਜਾਹ ਤੂੰ ਹੱਥਾਂ ਦੀ ਲਕੀਰ ਵੇ  ਤੈਨੂੰ ਕੁੰਡਲੀ ਨਸੀਬਾਂ ਦੀ ਬਣਾ ਲਵਾਂ  ਤੇਰੇ ਤੋਂ ਨਹੀਂ ਰਹਣਾ ਅਸੀਂ ਦੂਰ ਵੇ  ਭਾਵੇਂ ਜੱਗ ਸਾਰਾ ਦਾ ਸਾਰਾ ਹੀ ਖੋ ਜਾਵੇ  ਤੇਰੀ ਬੁੱਕਲ ’ਚ ਸੁੱਖ ਸਾਰੇ ਜੱਗ ਦੇ  ਮੈਂ ਤਾਂ ਦੁਨੀਆਂ ਤੋਂ ਵਧ ਖੁਸ਼ੀ ਮਾਣਦੀ  ਤੇਰੇ ਨੈਣਾਂ ਵਿੱਚ ਮੱਸਿਆ ਤੇ ਪੁੰਨਿਆ  ਵੇ ਮੈਂ ਹੋਰ ਨੀਂ ਦੁਆਰਿਆਂ ਨੂੰ ਜਾਣਦੀ  ਮੇਰੀ ਤੇਰੇ ਨਾਲ ਦਿਨੇ ਰਾਤੀਂ ਰੌਸ਼ਨੀ ਭਾਂਵੇ ਚੰਨ - ਸੂਰਜ ਅਸਤ ਹੋ ਜਾਵੇ  ਤੇਰੇ ਮੱਥੇ ਉੱਤੇ ਕਾਲਾ ਜਿਹਾ ਤਿਲ ਏ  ਮੈਨੂੰ ਤੇਰੇ ਵੱਲ ਖਿਚ ਖਿਚ ਰੱਖਦਾ  ਭੈੜਾ ਤੇਰੇ ਤੋਂ ਵੀ ਵੱਧ ਹੈ ਸ਼ਰਾਰਤੀ  ਨਿੱਤ ਛੇੜਦਾ ਰਤਾ ਵੀ ਨਹੀਂਓ ਸੰਗਦਾ  ਰਹਾਂ ਸਦਾ ਹੀ ਨਜਾਰਿਆਂ ਨੂੰ ਮਾਣਦੀ  ਭਾਂਵੇ ਆਪਣਾ ਆਪ ਖੋ ਜਾਵੇ   

ਮਾਲਟਾ ਕਿਸ਼ਤੀ ਕਾਂਡ 96 ਨੂੰ ਸਮਰਪਿਤ

ਨਹੀਂ ਚੁੱਕੀ ਜਾਂਦੀ ਬੁਢੇ ਬਾਪ ਤੋਂ ਪੁੱਤਰਾ ਅਰਥੀ ਤੇਰੀ ਵੇ  ਇਹ ਕੀ ਪੈ ਗਈ ਅਚਨਚੇਤ ਸਾਨੂੰ ਘੁੰਮਣ ਘੇਰੀ ਵੇ    ਲਾਠੀ ਟੁੱਟ ਗਈ ਬੁਢਿਆਂ ਹੱਥਾਂ ਦੀ  ਰੱਬਾ ਇਹ ਕੀ ਜ਼ੁਲਮ ਕਮਾਇਆ  ਫੁੱਲ ਵਾਂਗੂੰ ਖਿੜੀ ਜਵਾਨੀਂ ਨੂੰ  ਮੌਤ ਦੇ ਮੂੰਹ ਵਿੱਚ ਪਾਇਆ  ਰੱਬ ਦੀ ਕਾਨੀ ਨੇ ਲਿਖ ਦਿੱਤੀ  ਕਿਸਮਤ ਮਾੜੀ ਤੇਰੀ ਵੇ  ਜਿੰਨਾ ਬੋਝ ਪੁੱਤਰ ਦੀ ਅਰਥੀ ਦਾ  ਓਨਾ ਹੋਰ ਭਾਰ ਨਾ ਕੋਈ  ਤੇਰੀ ਆਈ ਮੈਨੂੰ ਲਗਦੀ  ਇਹ ਕੀ ਅਨਹੋਣੀ ਹੋਈ  ਕਿਸ ਵੈਰੀ ਖੁਸ਼ੀਆਂ ਖੋ ਲਾਈਆਂ  ਜਿੰਦ ਹੋ ਗਈ ਘੁੱਪ ਹਨੇਰੀ ਵੇ  ਸੁੱਖਾਂ ਸੁੱਖ ਸੁੱਖ ਮੰਗਿਆ ਸੀ ਤੈਨੂੰ  ਖ਼ੂਨ ਪਿਆ ਕੇ ਪਾਲਿਆ  ਤੈਨੂੰ ਜੱਗ ਦੀਆਂ ਖੁਸ਼ੀਆਂ ਦੇਵਣ ਲਈ  ਅਸੀਂ ਕਰਜ਼ਾ ਵੀ ਸਿਰ ਉਠਾ ਲਿਆ  ਕਈ ਮਨ ਵਿੱਚ ਮਹਿਲ ਉਸਾਰੇ ਸੀ  ਅੱਜ ਹੋ ਗਏ ਢੇਰੀ ਵੇ  ਅੱਜ ਲੱਗੀ ਹੈ ਰੌਣਿਕ ਹੰਝੂਆਂ ਦੀ  ਨੈਣਾਂ ਦੇ  ਵਿੱਚ ਭਾਰੀ   ਸਾਰੀ ਹੀ ਭਿੱਜੀ ਹੰਝੂਆਂ ਨਾਲ  ਬਾਪੂ ਦੀ ਚਿੱਟੀ ਦਾਹੜੀ  ਕਰਦਾ ਹੈ ਰੱਬ ਗਰੀਬਾਂ ਨਾਲ  ਕਯੋਂ ਹੇਰਾ ਫੇਰੀ ਵੇ  ਭੈਣ ਦਾ ਕੱਲਾ ਵੀਰ ਖੋਹ ਗਿਆ  ਅਤੇ  ਮਾਂ ਨਿਪੁੱਤੀ ਹੋਈ  ਕਿੱਦਾਂ ਦੱਸ ਹੁਣ ਕੱਟੂ ਬੁਢਾਪਾ  ਨਹੀਂ ਹੋਰ ਸਹਾਰਾ ਕੋਈ  ਇਹ ਕਲਮ ’ਗ਼ਜ਼ਲ ’ ਦੀ ਲਿਖਦੀ ਲਿਖਦੀ  ਜਾਵੇ ਹੰਝੂ ਕੇਰੀ ਵੇ 

ਕੀਤਾ ਉਜਾਲਾ ਜੱਗ ਵਿੱਚ

ਕੀਤਾ ਉਜਾਲਾ ਜੱਗ ਵਿੱਚ ਤ੍ਰਿਪਤਾ ਦੇ ਜਾਏ ਨੇ  ਖੁਸ਼ੀਆਂ ਦੇ ਚਾਨਣ ਸਾਰੀ ਧਰਤੀ ਤੇ ਛਾਏ ਨੇ  ਭਟਕੇ ਨੂੰ ਪੰਧ ਵਿਖਾ ਕੇ, ਸਤਿਆਂ ਨੂੰ ਗਲ ਨਾਲ ਲਾਇਆ  ਜੁਲਮਾਂ ਨੂੰ ਜੜੋਂ ਮੁਕਾ ਕੇ, ਜਾਲਿਮ ਨੂੰ ਰਸਤੇ ਪਾਇਆ  ਦੁਨੀਆਂ ਤੇ ਨਾਨਕ ਚੰਨ ਨੇ ਕਈ ਜੌਹਰ ਵਿਖਾਏ ਨੇ  ਮੰਨ ਕੇ ਓਹਨੇ ਰੱਬ ਦਾ ਭਾਣਾ, ਭੁਖਿਆਂ ਨੂੰ ਵੰਡ ਛਕਾਇਆ  ਚਾਨਣ ਦਾ ਮਾਰਗ ਦਸ ਕੇ ਜੱਗ ਕੋਲੋਂ ਰੱਬ ਜਪਾਇਆ  ਹੁਣ ਤਾਂ ਖੁਸ਼ੀਆਂ ਦੇ ਬੱਦਲ ਸਿਰ ਤੇ ਮੰਡਰਾਏ ਨੇ  ਮਿਟ ਗਏ ਸਭ ਝਗੜੇ ਜੱਗ ਤੇ, ਨਸਲਾਂ ਤੇ ਜਾਤਾਂ ਦੇ  ਕੀਤੇ ਓਹਨੇ ਦੂਰ ਹਨੇਰੇ ਕਾਲੀਆਂ ਸ਼ਾਹ ਰਾਤਾਂ ਦੇ  ਸਚ ਦੇ ਪਸਾਰੇ ਨੇ ਸਭ ਕੂੜ  ਮਾਰ ਮੁਕਾਏ ਨੇ  ਦਸਿਆ ਏ ਭੇਦ ਉਸਨੇ ਇੱਕੋ ਹੀ ਜੋਤ ਦਾ  ਸਭਨਾ ਤੇ ਛਤਰ ਝੂਲਦਾ ਉਸਦੀ ਦੀ ਹੀ ਓਟ ਦਾ  ਬਣ ਕੇ ਚੰਨ ਸੂਰਜ ਉਸਨੇ ਚੁਫੇਰੇ ਰੁਸ਼ਨਾਏ ਨੇ  ਪਾਂਧੇ ਨੂੰ ਸੋਚ ਵਿੱਚ ਉਸਦੇ ਵਿਚਾਰਾਂ ਨੇ  ਭਾਗੋ ਜਿਹਿਆਂ ਪੈ ਗੁਰ ਚਰਨੀਂ ਮੰਨੀਆਂ ਸਭ ਹਾਰਾਂ ਨੇ  ਲਿਖ ਲਿਖ ਕੁਲਜੀਤ ਜਿਹਿਆਂ  ਨੇ, ਗੁਣ ਨਾਨਕ ਦੇ ਗਾਏ ਨੇ 

ਫੇਰ ਘੱਲ ਕੋਈ ਮਸੀਹਾ

ਫੇਰ ਘੱਲ ਕੋਈ ਮਸੀਹਾ ਇਸ ਜੱਗ ਵਿੱਚ ਰੱਬਾ  ਐਥੇ ਜੁਲਮਾਂ ਤੇ ਪਾਪਾਂ ਫੇਰ ਲਾ ਲਏ ਨੇ ਡੇਰੇ  ਅੱਜ ਫੇਰ ਬਦਨਾਮ ਨਾਰੀ ਥਾਂ ਥਾਂ ਤੇ ਹੁੰਦੀ  ਓਹ ਕੀਤੇ ਅਹ੍ਸਾਨਾਂ ਦਾ ਨਹੀਂ ਜੇ ਮੁੱਲ ਪਾਉਂਦੀ  ਅੱਜ ਵੀ ਇਹ ਦੁਰਕਾਰੀ ਜਾਵੇ ਚਾਰ ਚੁਫੇਰੇ  ਐਥੇ ਮੁੱਲ ਕੋਈ ਨਹੀਓਂ ਪੱਗ ਮਾੜਿਆਂ ਗਰੀਬਾਂ ਦੀ ਦਾ  ਹੱਕ ਖੋ ਲੈਂਦਾ ਏ ਪਰਾਇਆ ਇਥੇ ਜੋਰ ਚੱਲੇ ਜੀਹਦਾ  ਸ਼ਰੇਆਮ ਹੀ ਜ਼ਾਲਿਮ ਜ਼ੁਲਮ ਪਾਪ ਕਰਦੇ ਬਥੇਰੇ  ਚਾਰੇ ਪਾਸੇ ਬੇਵਾਫਾਈਆਂ, ਵਫ਼ਾ ਕਦਰ ਨਾ ਪਾਵੇ  ਇਨਸਾਫ਼ ਵੀ ਨਹੀਂ ਇਥੇ, ਸਜਾ ਬੇਗੁਨਾਹ ਹੀ ਪਾਵੇ  ਰੱਬਾ ! ਕੰਢਿਆਂ ਹੀ ਮੱਲੀ ਏ ਕਿਆਰੀ ਤੇਰੇ ਵਿਹੜੇ  ਹੁਣ ਜਿਸਮਾਂ ’ਚ ਦੌੜਦਾ ਏ ਖੂਨ ਦੀ ਥਾਂ ਪਾਣੀ  ਬਦਨਾਮ ਹੋ ਗਈ ਏ ਤੇਰੀ ਬਖਸ਼ੀ ਜੂਨ ਨਿਮਾਣੀ  ਲੋਕੀਂ ਵੱਟੇ ਪਾ ਪਾ ਡੋਬਣ ਇੱਕ ਦੂਸਰੇ ਦੇ ਬੇੜੇ  ਇਥੇ ਸੋਹਣਿਆ ਤੋਂ ਸੋਹਣੇ ਦਾ ਵੀ ਦਿਲ ਬੜਾ ਮੈਲਾ  ਕਾਮ, ਕ੍ਰੋਧ, ਲੋਭ, ਮੋਹ, ਝੂਠ ਦਾ ਹੈ ਬੋਲਬਾਲਾ  ਕਲਮ ’ਗ਼ਜ਼ਲ’ ਦੀ ਪਈ ਦੇਵੇ ਤੈਨੂੰ ਦਰਦ ਸੁਨੇਹੜੇ  

ਵੇ ਏਦਾਂ ਨਹੀਓਂ ਰੱਬ ਮਿਲਦਾ

ਵੇ ਏਦਾਂ ਨਹੀਓਂ ਰੱਬ ਮਿਲਦਾ ਛੁਪ ਛੁਪ ਕੇ ਤੂੰ ਪਾਪ ਕਮਾਉਨਾ  ਦੂਜਿਆਂ ਦੇ ਸੁੱਖ ਹੰਢਾਉਨਾ  ਵੇ ਏਦਾਂ ਨਹੀਓਂ ਰੱਬ ਮਿਲਦਾ  ਕਰ ਨੇਕੀਆਂ ਤੇ ਸਦਾ ਸਚ ਬੋਲ ਵੇ  ਇਹ ਮਨੁੱਖਾ ਜਨਮ ਅਨਮੋਲ ਏ  ਕਾਹਨੂੰ ਝੂਠ ਦੇ ਸਹਾਰੇ ਜਿੰਦ ਜਿਓਨਾਂ  ਕੂੜੇ ਮਨ ਉੱਤੇ ਰੱਖਨਾਂ ਏਂ ਪਰਦਾ  ਮੂੰਹੋਂ ਵਾਹਿਗੁਰੂ  ਵਾਹਿਗੁਰੂ ਏਂ ਕਰਦਾਂ  ਅਤੇ ਪੱਲੇ ਹੇਠਾਂ ਛੁਰੀਆਂ ਛੁਪਾਓਨਾਂ  ਕਾਹਨੂੰ ਲੁੱਟਿਆਂ  ਨੂੰ ਵੇਖ ਵੇਖ ਹੱਸਦਾ ਏੰ  ਭਲਾ ਮਾਨਸ ਤੂੰ ਖੁਦ ਨੂੰ ਦੱਸਦਾ ਏਂ  ਐਂਵੇ ਸਚ੍ਚ ਤੋਂ ਕਿਓਂ ਨਜਰਾਂ ਛੁਪਾਓਨਾਂ  ਉਸ ਰੱਬ ਦੀ ਖੁਦਾਈ ਨੂੰ ਤੂੰ ਜਾਣ ਵੇ  ਜਰਾ ਅੰਦਰ ਦੀ ਆਤਮਾ ਪਛਾਣ ਵੇ  ਵੇਖ ਚੱਪੇ ਚੱਪੇ ਤੇ ਤੂੰ ਪਾਪ ਕਮਾਉਨਾ  ਐਥੇ ਚਾਹੁੰਦਾ ਏਂ ਤੂੰ ਹਰ ਚੀਜ ਮੱਲਣੀ  ਓਹਦੀ ਦਰਗਾਹੇ ਇੱਕ ਨਹੀਓਂ ਚੱਲਣੀ  ਕਿਓਂ ਨੀਵਿਆਂ ਤੇ ਧਾਂਕ ਜਮਾਉਨਾ 

ਸਾਡੀ ਸੁਣੀਂ ਫਰਿਆਦ ਗਰੀਬਾਂ ਦੀ

ਅੰਗ ਸੰਗ ਰਹਿਣ ਵਾਲਿਆ ਸਾਡੀ ਸੁਣੀਂ ਫਰਿਆਦ ਗਰੀਬਾਂ ਦੀ  ਇਹ ਤੈਨੂੰ ਅਰਜ਼ ਹੈ ਤੇਰਿਆਂ ਮੁਰੀਦਾਂ ਦੀ    ਮਨ ਸਾਡਾ ਭਟਕ ਰਿਹਾ, ਤੇ ਅਸੀਂ ਭੁੱਲਣਹਾਰੇ  ਤੂੰ ਬਖਸ਼ ਲਵੀਂ ਵੇ ਸਾਨੂੰ ਬਖਸ਼ਣਹਾਰੇ  ਹੱਥ ਡੋਰ ਤੇਰੇ ਸਾਡੀ ਹੈ ਗਰੀਬਾਂ ਦੀ  ਅਸੀਂ ਮੰਗਤੇ ਖੜੇ  ਤੇਰੇ ਬੂਹੇ , ਤੂੰ ਸਾਡੀ ਖਾਲੀ ਝੋਲੀ ਭਰਦੇ  ਦਿਲੋਂ ਚਾਹੀਆਂ ਮੁਰਾਦਾਂ ਤੈਥੋਂ ਪਾਈਏ, ਹਰ ਆਸ ਪੂਰੀ ਕਰਦੇ  ਹੱਥ ਜੋੜ ਅਰਦਾਸ ਹੈ ਮੁਰੀਦਾਂ ਦੀ  ਸਾਨੂੰ ਹੱਥ ਦੇ ਬਚਾਵੀਂ, ਤੇ ਸਦਾ ਚਰਨਾਂ ’ਚ ਰੱਖ  ਦੇ ਆਪਣੇ ਨਾਮ ਦੀ ਖੈਰਾਤ ਸਾਡੇ ਪੱਲੇ ਨਹੀਓਂ ਕੱਖ  ਤੂੰ ਹੀ ਦਵਾ ਦਾਰੂ ਤੇਰਿਆਂ ਮਰੀਜਾਂ ਦੀ  ਸੁਣੀਂ ਸਾਡਿਆ ਮਸੀਹਾ, ਸਾਡੀ ਬੇੜੀ ਦੇ ਮਲਾਹਾ  ਤੇਰਾ ਨਾਮ ਲੈ ਕੇ ਸਦਾ ਖੜੀ ਕ਼ਲਮ ਹਿਲਾਵਾਂ  ਕਦੇ ਡੋਬੀੰ ਨਾ ਮੇਰੇ ਜਿਹੇ ਬਦਨਸੀਬਾੰ ਨੂੰ 

ਓਹਦੇ ਉੱਤੇ ਸੁੱਟ ਲੈ ਡੋਰੀਆਂ

ਓਹਦੇ ਉੱਤੇ ਸੁੱਟ ਲੈ ਡੋਰੀਆਂ ਓਹ ਕੱਖਾਂ ਤੋਂ ਲੱਖ ਕਰਦਾ  ਕਦੇ ਵੀ ਸੱਖਣਾ ਮੋੜੇ ਨਾ ਓਹ ਖ਼ਾਲੀ ਭਾਂਡੇ ਭਰਦਾ  ਜੇ ਓਹ ਚਾਹਵੇ ਪਲ ਵਿੱਚ ਹੀ ਪੱਥਰਾਂ ਨੂੰ ਮੋਮ ਬਣਾਵੇ  ਬਿਨ ਧੜਕਨ ਤੋਂ ਰੱਖ ਲੈਂਦਾ, ਓਹ ਕਈ ਕਈ ਰੰਗ ਵਿਖਾਵੇ  ਪੱਲਾ ਫੜਕੇ ਹੀ ਉਸ ਸਾਈਂ ਦਾ ਹਰ ਇਕ ਬੰਦਾ ਤਰਦਾ  ਉਸਦੇ ਹੀ ਇਸ਼ਾਰਿਆਂ ਉੱਤੇ ਨੱਚਦੀ ਕੁਦਰਤ ਸਾਰੀ  ਸਭ ਦੇ ਧੜਕਦਿਆਂ  ਦਿਲਾਂ ਦੇ ਉੱਤੇ ਉਸਦੀ ਹੀ ਸਰਦਾਰੀ  ਓਹ ਦਿਲ ਦੀਆਂ ਸਭ ਹੀ ਜਾਣ ਲਵੇ, ਓਹਦੇ ਤੋਂ ਨਹੀਂ ਹੁੰਦਾ ਪਰਦਾ  ਓਹ ਚਾਹੇ ਨਦੀਆਂ ਰੁੱਕ ਜਾਵਣ, ਬਦਲਣ ਦਿਸ਼ਾ ਹਵਾਵਾਂ  ਉਸਦਾ ਹੁਕਮ ਹੀ ਮੰਨ ਕੇ ਬਦਲਣ ਸੂਰਜ ਚੰਨ ਦਿਸ਼ਾਵਾਂ  ਹੱਥ ਦੇ ਕੇ ਓਹ ਆਪ ਬਚਾਵੇ, ਸਭਨਾਂ ਦੇ ਢਿਡ ਭਰਦਾ  ਰਜ਼ਾ ਉਸਦੀ ਵਿੱਚ ਪੱਤਣ  ਹਿੱਲਦੇ ਕਲੀਆਂ ਤੋਂ ਫੁੱਲ ਖਿੜਦੇ  ਇੱਕੋ ਹੀ ਸਾਰੇ ਜੱਗ ਦਾ ਵਾਰਿਸ, ਵੱਸਦਾ ਓਹ ਚੌਗਿਰਦੇ  ਮੰਗ ਲਓ  ਜੋ  ਵੀ ਮੰਗਣਾ ਸਭ ਨੇ, ਓਹ ਖ਼ਾਲੀ ਝੋਲੀਆਂ ਭਰਦਾ  ਕੋਈ ਨਾ ਜਾਣੇ ਰਮਜਾਂ ਉਸਦੀਆਂ ਮੰਨ ਮਿੱਠਾ ਉਸਦਾ ਭਾਣਾ  ਚਾਰ ਦਿਨਾਂ ਦਾ ਜੀਣਾ ਐਥੇ, ਹਰ ਇੱਕ ਨੇ ਤੁਰ ਜਾਣਾ  ਪਲ ਪਲ ਉਸਦਾ ਨਾਮ ਜੱਪੀ ਜਾਹ, ਬਿਨ ਜੱਪਿਆਂ ਨਹੀਓਂ ਸਰਦਾ 

ਅੱਖੀਆਂ ’ਚ ਹੰਝੂ ਵਗਦੇ

ਅੱਖੀਆਂ ’ਚ ਹੰਝੂ ਵਗਦੇ  ਜਿੰਵੇਂ ਵੈਹਿੰਦੀਆਂ ਨਦੀਆਂ ਵੇ  ਹਾਏ ਰੋਕਿਆਂ ਵੀ ਨਹੀਂ ਰੁੱਕਦੇ  ਅੱਖਾਂ ਰੋ ਰੋ ਕੇ ਹੰਭੀਆਂ ਵੇ  ਹਾਏ ਸਿਰ ਤੇ ਜਟਾਵਾਂ ਬੱਝੀਆਂ ਹਾਏ ਸਿਰ ਤੇ ਜਟਾਵਾਂ ਬੱਝੀਆਂ ਅਸੀਂ ਭੁੱਲ ਗਏ ਕੰਘੀਆਂ ਵੇ  ਵੇ ਤਨ ਉੱਤੇ ਛਾਲੇ ਪੈ ਗਏ  ਵੇ ਤਨ ਉੱਤੇ ਛਾਲੇ ਪੈ ਗਏ  ਰਾਤਾਂ ਬੈਹ ਬੈਹ ਕੇ ਲੰਘੀਆਂ ਵੇ  ਦਿਲ ਦੇ ਜਖਮਾਂ ’ਚ ਖੂਨ ਡੁੱਲਦਾ  ਦਿਲ ਦੇ ਜਖਮਾਂ ’ਚ ਖੂਨ ਡੁੱਲਦਾ  ਰਾਹਾਂ ਜਿੰਦ ਦੀਆਂ ਲੰਬੀਆਂ ਵੇ  ਤੇਰੇ ਰੇਤਲੇ ਇਲਾਕੇ ਮਾਰਦੇ  ਸਾਨੂੰ ਰੇਤਲੇ ਇਲਾਕੇ ਮਾਰਦੇ  ਉੱਤੋਂ ਧੁੱਪਾਂ ਪੈਣ ਮੰਦੀਆਂ ਵੇ  ਤੈਨੂੰ ਭਾਲਦਿਆਂ ਨਹੀਓਂ ਥੱਕਣਾ  ਤੈਨੂੰ ਭਾਲਦਿਆਂ ਨਹੀਓਂ ਹੰਬਣਾ  ਭਾਂਵੇ ਲੱਗ  ਜਾਣ ਸਦੀਆਂ ਵੇ 

ਸੁਣ ਨੀਂ ਕਾਲੀ ਰਾਤ ਸਹੇਲੀਏ

ਸੁਣ ਨੀਂ ਕਾਲੀ ਰਾਤ ਸਹੇਲੀਏ, ਦੋ ਪਲ ਹੋਰ ਤਾਂ ਠਹਿਰ  ਦੱਸ ਅੜੀਏ ਨੀਂ ਸਾਡੇ ਇਸ਼ਕ਼ ਨਾਲ ਤੇਰਾ ਕਾਹਦਾ ਵੈਰ  ਮੁੱਦਤਾਂ ਪਿੱਛੋਂ ਹੋਏ ਨੀਂ ਅੱਜ ਸੱਜਣਾ ਦੇ ਨਾਲ ਮੇਲੇ  ਕਿਓਂ ਜਾਲਮ ਨੇੜੇ ਆਈ ਜਾਂਦੇ ਤੜਕਸਾਰ ਦੇ ਵੇਲੇ ਜੇ ਹੋ ਜਾਊ ਮੇਰਾ ਰਾਂਝਾ ਰਾਜ਼ੀ, ਤਾਂ ਕਿਹੜਾ ਟੁੱਟ ਜਾਊ ਕਹਿਰ  ਕਿਓਂ ਸਾਥੋਂ ਬੇਮੁੱਖ ਹੋਈ ਜਾਵੇਂ ਅੱਜ ਨਹੀਂ ਸਾਥ ਨਿਭਾਓੰਦੀ  ਪੈਹਿਲਾਂ ਰਹੀ ਸਾਡੇ ਕੱਲਿਆਂ ਲਈ ਤੂੰ ਬਣ ਕੇ ਵਡੇਰੀ ਆਉਂਦੀ  ਕਿਹੜੀ ਤੈਨੂੰ ਕਾਹਲੀ ਨੀਂ ਕਿਓਂ ਪੁੱਟੀ ਜਾਨੀਏਂ  ਪੈਰ  ਬੁੱਕਲ ਵਿੱਚ ਲੈ ਲੈ ਅਸਾਂ ਨੂੰ ਤੂੰ ਰਤਾ ਖਿਲਾਰ ਕੇ ਬਾਂਹਾਂ ਕਿਤੇ ਕਿਸੇ ਦੀ ਨਜ਼ਰ ਨਾ ਪੈ ਜਾਏ ਲੁਕਾ ਲੈ ਸਾਡਾ ਪਰਛਾਵਾਂ  ਮੁਢ ਤੋਂ ਹੀ ਹੈ ਦੁਨੀਆਂ ਦਾ ਇਸ ਇਸ਼ਕ਼ ਨਾਲ ਡਾਹਢਾ ਵੈਰ  ਅੱਖੀਆਂ ਉਸਦਾ ਮੁੱਖ ਗੁਲਾਬੀ, ਅਜੇ ਨਹੀਓਂ ਤੱਕਦੀਆਂ ਰੱਜੀਆਂ  ਹੋ ਲੈਣ ਦੇ ਨੀਂ ਪੂਰੀਆਂ ਆਸਾਂ, ਜੋ ਰੱਖੀਆਂ ਦਿਲ ਵਿੱਚ ਕੱਜੀਆਂ  ਰਖੀੰ ਮਾਣ, ਨਾ ਤੋੜ ਦਿਲਾਂ ਨੂੰ, ਅੱਡ ਝੋਲੀ ਮੰਗਾਂ ਖੈਰ  ਮਜ਼ਾ ਕਿਸੇ ਦੇ ਡੂੰਘੇ ਨੈਣਾਂ ਦਾ ਤੂੰ ਨਹੀਂ ਮਾਣਿਆਂ ਲਗਦਾ  ਇਹ ਪਿਆਰ ਮੁਹੱਬਤ ਦੀਆਂ ਬਾਤਾਂ, ਤੂੰ ਕੁਝ ਨਹੀਂ ਜਾਣਿਆ ਲਗਦਾ  ਇਹ ਮਿਲਣੀ ਲਾਟ - ਪਤੰਗੇ ਦੀ, ਤੈਨੂੰ ਯਾਦ ਆਊ ਹਰ ਪਹਿਰ

ਅੱਜ ਫੇਰ ਅੱਖੀਆਂ ਬੇਵੱਸ ਹੋਈਆਂ

ਅੱਜ ਫੇਰ ਅੱਖੀਆਂ ਬੇਵੱਸ ਹੋਈਆਂ ਵਿੱਛੜ ਗਿਆਂ ਨੂੰ ਰੱਜ ਰੱਜ ਰੋਈਆਂ, ਵਿੱਛੜ ਗਿਆਂ ਨੇ ਫਿਰ ਨਹੀਂ ਆਉਣਾ, ਭਾਂਵੇ ਕਰ ਸੌ -ਸੌ ਅਰਜੋਈਆਂ । ਅੱਜ ਫਿਰ ਦਿਲ ਦੇ ਟੋਟੇ ਹੋ ਗਏ । ਸਾਹ ਇੰਝ ਜਾਪਣ ਹੁਣੇ ਖਲੋ ਗਏ, ਸਾਹ ਦੀ ਗਾਨੀ ਦੇ ਕਿਰ ਗਏ ਮਣਕੇ, ਜਦੋਂ ਤੇਰੀਆਂ ਗੱਲਾਂ ਛੋਹੀਆਂ । ਅੱਜ ਫਿਰ ਦੁੱਖੜੇ ਹੋ ਗਏ ਦੂਣੇ ਅਜੇ ਨੇ ਦਿਲ ਦੇ ਜ਼ਖਮ ਅਲੂਣੇ, ਜ਼ਖਮ ਅਲੂਣੇ ਦੁਖਦੇ ਰਹਿੰਦੇ, ਮਰ ਕੇ ਆਪਾਂ ਪੀੜਾਂ ਢੋਹੀਆਂ । ਅੱਜ ਫਿਰ ਕੱਲ ਦੇ ਵਾਂਗੂੰ ਹੋਈ, ਉਘ ਪਈ ਪੀੜ ਜੋ ਪਰਸੋਂ ਬੋਈ, ਉਸ ਤੋਂ ਪਹਿਲਾਂ ਗ਼ਜ਼ਲ ਦੀਆਂ ਹੀ, ਕਿੰਨੀਆਂ ਖੁਸ਼ੀਆਂ ਜੰਮ ਜੰਮ ਮੋਈਆਂ ।

ਇਹ ਆਜ਼ਾਦੀ ਹੈ ਮੇਰੀ ਦਾਦੀ

ਇਹ ਆਜ਼ਾਦੀ ਹੈ ਮੇਰੀ ਦਾਦੀ, ਬੁੱਢੀ ਠੇਰੀ ਹੋਈ ਪੁੱਤ ਪੋਤੇ ਦਾ ਹਾਲ ਵੇਖ ਕੇ ਜਿਹੜੀ ਫੁੱਟ ਫੁੱਟ ਰੋਈ ਜੰਮਣੋ ਪੇਹ੍ਲਾਂ ਵੀਰੇ ਮਰ ਗਏ, ਜੰਮਦਿਆਂ ਮਰ ਗਏ ਮਾਪੇ, ਸੁਹਾਗ ਰਾਤ ਨੂੰ ਹੋ ਗਈ ਰੰਡੀ, ਜਿੰਦ ਨੂੰ ਪਏ ਸਿਆਪੇ ਲਹੂ ਦੇ ਘੁੱਟ ਭਰ ਕੇ ਰਹ ਗਈ, ਨਾ ਜਿਓੰਦੀ ਨਾ ਮੋਈ ਇਹ ਆਜ਼ਾਦੀ .................... ਜਾਇਆਂ ਹੱਥੋਂ ਜਖਮੀ ਮਾਤਾ ਆਪਣਾ ਝਾਟਾ ਪੁੱਟੇ ਆਪਣੇ ਹੱਥੀਂ ਬਾਬਲ ਏਥੇ ਧੀ ਦੀ ਇੱਜ਼ਤ ਲੁੱਟੇ ਧੀ ਦੀ ਡੋਲੀ ਮਾਂ ਖੁਦ ਸਾੜੇ ਨਾ ਭੈਣ ਭੈਣ ਦੀ ਹੋਈ ਇਹ ਆਜ਼ਾਦੀ .................... ਹਿੰਸਾ ਦੇ ਪੁੱਤਰਾਂ ਆਜ਼ਾਦੀ, ਪੈਰਾਂ ਦੇ ਵਿੱਚ ਰੋਲੀ ਸਰਹੱਦਾਂ ਤੇ ਵੀਰ ਵੀਰ ਦੇ ਲਹੂ ਸੰਗ ਖੇਡਣ ਹੋਲੀ ਘੱਲੂਘਾਰੇ ਹਿੱਕ ਤੇ ਸੇਹਿੰਦੀ, ਆਂਦਰ ਆਂਦਰ ਹੋਈ ਇਹ ਆਜ਼ਾਦੀ ...................... ਦੁਧ ਦੀ ਥਾਂ ਇਹਦੀ ਛਾਤੀ ਤੇ ਨਸ਼ਿਆਂ ਦੀ ਖੇਤੀ ਹੋਵੇ ਅਮਲੀ ਪੁੱਤਰਾਂ ਦੀਆਂ ਲਾਸ਼ਾਂ, ਬੁਢ਼ੜੀ ਪਿਠ ਤੇ ਢੋਵੇ ਚੋਰਾਹੇ ਵਿੱਚ ਹੋ ਗਈ ਨੰਗੀ, ਲਹ ਗਈ ਸ਼ਰਮ ਦੀ ਲੋਈ ਇਹ ਆਜ਼ਾਦੀ ........... ਭੁੱਖਾ ਮਰਦਾ ਹੈ ਅੰਨਦਾਤਾ ਕਰਜ਼ ਦੀ ਸੂਲੀ ਚੜਦਾ ਮੇਰੇ ਦੇਸ਼ ਦਾ ਦੁਸ਼ਮਨ ਨੇਤਾ ਆਪਣਾ ਹੀ ਢਿੱਡ ਭਰਦਾ ਜਿਓਂ ਜੰਮੀ ਇਹ ਬੋਦੀਓੰ ਲੰਮੀਂ, ਕਿਤੇ ਮਿਲੇ ਨਾ ਢੋਈ ਇਹ ਆਜ਼ਾਦੀ ਹੈ ਮੇਰੀ ਦਾਦੀ, ਬੁੱਢੀ ਠੇਰੀ ਹੋਈ ਪੁੱਤ ਪੋਤੇ ਦਾ ਹਾਲ ਵੇਖ ਕੇ ਜਿਹੜੀ ਫੁੱਟ ਫੁੱਟ ਰੋਈ ਇਹ ਆਜ਼ਾਦੀ ...........

ਬਾਹਰੋਂ ਚਿੱਟੇ ਅੰਦਰੋਂ ਕਾਲੇ

ਬਾਹਰੋਂ ਚਿੱਟੇ ਅੰਦਰੋਂ ਕਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ ਕਰਦੇ ਫਿਰਦੇ ਘਾਲੇ -ਮਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਘਰ ਦੀ ਹੀ ਸਰਕਾਰ ਬਣੀ ਹੈ ਹਾਲੇ ਤੱਕ ਵੀ ਭੁੱਖ ਨਾ ਨਿੱਕਲੀ, ਚਾਚੇ ਤਾਏ ਜੀਜੇ ਸਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਫੀਮਾਂ ਭੁੱਕੀ, ਸੀਮਿੰਟ, ਬਜਰੀ, ਜੋ ਕੁਝ ਮਿਲਦਾ ਖਾਈ ਜਾਂਦੇ, ਸੂਰਾਂ ਵਰਗੇ ਢਿੱਡ ਨੇ ਪਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਅੰਮ੍ਰਿਤ ਛਕ, ਕਿਰਪਾਨਾ ਪਾਉਂਦੇ, ਗੋਬਿੰਦ ਸਿੰਘ ਦੇ 'ਸਿੰਘ' ਕਹਾਉਂਦੇ, ਪਰ ਦਾਰੂ ਤਾਂ ਚਲਦੀ ਹਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਖੂਨ ਗਰੀਬਾਂ ਦਾ ਪੀਂਦੇ ਨੇ ਇਹ ਜਾਲਮ, ਬਘਿਆੜਾਂ ਵਰਗੇ, ਲੋਕ -ਰਾਖੇ ਅਖਵਾਵਣ ਵਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਲੋਕਾਂ ਦੀ ਤਕਲੀਫ਼ ਨਾ ਸੁਣਦੇ, ਜੁਲਮਾਂ ਦੀ ਅਣਦੇਖੀ ਕਰਦੇ, ਅੰਨੇ -ਬੋਲੇ ਕੁਰਸੀਆਂ ਵਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਚਿੱਟੇ ਰੰਗ ਨੂੰ ਮੈਲਾ ਕਰਦੇ, ਨੀਲੀ ਪੱਗ ਨੂੰ ਦਾਗ ਨੇ ਲਾਉਂਦੇ, ਸੋਹਣੀ ਵਰਦੀ, ਪੁੱਠੇ ਚਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ । ਹਰਲ -ਹਰਲ ਨੇ ਕਰਦੇ ਫਿਰਦੇ, ਰਲ ਮਿਲ ਕੇ ਸਭ ਗਿੱਦੜ, ਲੂੰਬੜ, ਵਸਤਰ ਪਾ ਕੇ ਸ਼ੇਰਾਂ ਵਾਲੇ, ਨੀਲੀਆਂ ਪੱਗਾਂ ਚਿੱਟੇ ਬਾਣੇ ।

ਬਾਬੁਲ ਮੇਰਾ ਕਾਜ ਰਚਾਇਆ

ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਪੁੱਤਰਾਂ ਵਾਂਗਰ ਲਾਡ ਲਡਾਏ, ਪੈਣ ਨਾ ਦਿੱਤੇ ਗਮ ਦੇ ਸਾਏ ਮਿਹਨਤ ਆਪਣੀ ਗਹਿਣੇ ਪਾ ਕੇ, ਮਾਪਿਆਂ ਮੈਨੂੰ ਖੂਬ ਪੜਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਮੇਰੇ ਸਿਰ ਤੇ ਚੜੀ ਜਵਾਨੀ, ਖਾਬ 'ਚ ਆਵੇ ਦਿਲ ਦਾ ਜਾਨੀ ਪੜਿਆ ਇੱਕ ਅਖ਼ਬਾਰ ਦੇ ਵਿੱਚੋਂ, ਸਾਕ ਕਨੇਡਾ ਵਾਲਾ ਭਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਝੱਟ ਮੰਗਣੀ ਪਟ ਵਿਆਹ ਦੀ ਤਿਆਰੀ, ਫੋਨ ਤੇ ਸੱਦ ਲਈ ਰਿਸ਼ਤੇਦਾਰੀ ਪੈਲਸ, ਖਾਣਾ, ਗਹਿਣਾ, ਗੱਟਾ, ਸਭ ਖਰਚੇ ਨੇ ਨੰਗ ਕਰਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਮਜ਼ਾ ਨਾ ਕੋਈ ਨਾ ਸੁਰ ਸੁਆਦ, ਢੁੱਕੀ ਜੰਝ ਦੁਪ਼ਿਹਰੋੰ ਬਾਅਦ ਨਾਚ ਗਾਣਿਆਂ ਸ਼ੋਰ ਮਚਾਇਆ, ਤੀਜੇ ਪਹਿਰ ਅਨੰਦੁ ਪੜਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਡੋਲੀ ਵੇਲੇ ਨਾ ਕੋਈ ਰੋਂਦਾ ਦਿਸਿਆ, ਕਰਜ਼ੇ ਵਿੰਨ੍ਹਿਆ ਬਾਬਲ ਫਿੱਸਿਆ ਸਭ ਤੇ ਭਾਰੂ ਹੋਈ ਕਨੇਡਾ, ਵੀਰ ਨੇ ਹੱਸ ਕੇ ਡੋਲੀ ਪਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਬਾਬਲ ਸਿਰ ਤੋਂ ਲਾਹਿਆ ਭਾਰ, ਪੈਲੀ ਵੇਚ ਕੇ ਦਿੱਤੀ ਕਾਰ ਖੂਬ ਕਨੇਡਾ ਵਾਲੇ ਘੁੰਮੇ, ਆਖਿਰ ਆਪਣਾ ਰੰਗ ਵਿਖਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਸੀ ਦੁਹਾਜੂ ਸਿਰ ਦਾ ਸਾਈਂ, ਵੱਡੀ ਉਮਰ ਤੇ ਘੱਟ ਪੜਾਈ ਓਹਦੇ ਲਾਲਚ ਕਮਲੀ ਕੀਤਾ, ਬਾਬਲ ਮੇਰਾ ਸਮਝ ਨਾ ਪਾਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਲੁੱਟ ਪੁੱਟ ਮੈਨੂੰ ਉੱਡ ਗਿਆ ਭੌਰਾ, ਜਿੰਦ ਮੇਰੀ ਨੂੰ ਲਗਿਆ ਝੋਰਾ ਨਾਲ ਲਿਜਾਣ ਦਾ ਵਾਅਦਾ ਕਰਕੇ, ਐਸਾ ਉੱਡਿਆ ਫਿਰ ਨਾ ਆਇਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ ਮੈਂ ਰੋ ਰੋ ਕੇ ਹੋ ਗਈ ਪਾਣੀ, ਓਹ ਨਹੀ ਸੀ ਮੇਰੀ ਰੂਹ ਦਾ ਹਾਣੀ ਵਿੱਚ ਉਡੀਕਾਂ ਉਮਰ ਲੰਘਾਈ, ਰੂਹ ਦਾ ਹਾਣ ਵੀ ਗਿਆ ਵਿਆਹਿਆ ਬਾਬੁਲ ਮੇਰਾ ਕਾਜ ਰਚਾਇਆ, ਮਾਂ ਮੇਰੀ ਨੇ ਸ਼ੁਕਰ ਮਨਾਇਆ

ਮਾਵਾਂ ਇਹ ਮਾਵਾਂ ਠੰਡੀਆਂ ਛਾਂਵਾਂ

ਮਾਵਾਂ ਇਹ ਮਾਵਾਂ ਠੰਡੀਆਂ ਛਾਂਵਾਂ ਰੱਬ ਤੋਂ ਉੱਚੀਆਂ, ਇਹਨਾਂ ਦੀਆਂ ਥਾਵਾਂ ਇੱਕ ਮਾਂ ਮੇਰੀ ਧਰਤੀ ਮਾਂ ਹੈ, ਸਵਰਗਾਂ ਤੋਂ ਉੱਚੀ ਘੋਰ ਪਾਪਾਂ ਦਾ ਭਾਰ ਏਸ ਤੇ, ਇਹ ਮਾਂ ਫਿਰ ਸੁੱਚੀ ਦੀ ਸੁੱਚੀ ਪਿੰਡੇ ਤੇ ਕੰਡਿਆਲੀਆਂ ਤਾਰਾਂ, ਛਾਤੀ ਜਖਮਾਂ ਨਾਲ ਪਰੁੱਚੀ ਬੰਬਾਂ ਵਾਲਿਓ, ਤੋਪਾਂ ਵਾਲਿਓ ਸੁਣ ਲਓ ਇਸਦੇ ਹੌਕੇ ਹਾਵਾਂ ਮਾਵਾਂ ਇਹ ਮਾਵਾਂ ਠੰਡੀਆਂ ਛਾਂਵਾਂ ਰੱਬ ਤੋਂ ਉੱਚੀਆਂ, ਇਹਨਾਂ ਦੀਆਂ ਥਾਵਾਂ ਇੱਕ ਮਾਂ ਮੇਰੀ ਔਰਤ ਮਾਂ ਹੈ, ਜਣਿਆ ਜਿਸ ਜਗ ਸਾਰਾ ਸੂਫ਼ੀ, ਸੰਤ, ਫਕੀਰ ਜਣੇ ਨੇ, ਜਣਿਆ ਨਾਨਕ ਗੋਬਿੰਦ ਪਿਆਰਾ ਇਸ ਮਾਂ ਦੀ ਜੋ ਕਦਰ ਨਾ ਜਾਣੇ, ਸਾਰੀ ਉਮਰ ਰਹੇ ਦੁਖਿਆਰਾ ਇਹ ਮਾਂ ਹੈ ਮਮਤਾ ਦੀ ਮੂਰਤ, ਮੈਂ ਇਸ ਮਾਂ ਦੇ ਸਦਕੇ ਜਾਵਾਂ ਮਾਵਾਂ ਇਹ ਮਾਵਾਂ ਠੰਡੀਆਂ ਛਾਂਵਾਂ ਰੱਬ ਤੋਂ ਉੱਚੀਆਂ, ਇਹਨਾਂ ਦੀਆਂ ਥਾਵਾਂ ਇੱਕ ਮਾਂ ਮੇਰੀ ਮਾਂ ਬੋਲੀ ਹੈ, ਗੁਰੂਆਂ, ਪੀਰਾਂ ਵਾਲੀ ਫੁੱਲਾਂ ਵਰਗੀ, ਗੁੜ ਤੋਂ ਮਿੱਠੀ, ਰਾਂਝਿਆਂ ਹੀਰਾਂ ਵਾਲੀ ਇਸ ਮਾਂ ਦਿੱਤੀ ਉੱਚੀ ਵਿਦਿਆ, ਵਾਰਸ ਮੀਰਾਂ ਵਾਲੀ ਇਸ ਮਾਂ ਸੰਗ ਜੋ ਕਰੇ ਗਦਾਰੀ, ਜੀਏ ਨਿਥਾਵਾਂ ਮਰੇ ਨਿਥਾਵਾਂ ਮਾਵਾਂ ਇਹ ਮਾਵਾਂ ਠੰਡੀਆਂ ਛਾਂਵਾਂ ਰੱਬ ਤੋਂ ਉੱਚੀਆਂ, ਇਹਨਾਂ ਦੀਆਂ ਥਾਵਾਂ

ਤੇਰੀ ਸਿਫ਼ਤ ਕਰਾਂ ਮੈਂ ਕੀ

ਤੇਰੀ ਸਿਫ਼ਤ ਕਰਾਂ ਮੈਂ ਕੀ ਗੋਬਿੰਦ ਸਿਘ ਸੋਹਣਿਆਂ, ਕੋਈ ਹੋਰ ਤੇਰੇ ਜਿਹਾ ਨਹੀਂ ਗੋਬਿੰਦ ਸਿਘ ਸੋਹਣਿਆਂ। ਇਹ ਕੱਚੀ ਉਮਰ ਤੇਰੀ ਮਾਂ ਦਿਆ ਲਾਡਲਿਆ, ਧੰਨ ਜਿਗਰਾ ਤੇਰਾ ਵੇ ਮੌਤ ਨਾਲ ਖੇਡਦਿਆਂ, ਹੱਥੀਂ ਬਾਪ ਤੋਰਿਆ ਈ, ਗੋਬਿੰਦ ਸਿੰਘ ਸੋਹਣਿਆਂ। ਇਕ ਦਿਨ ਵਿਸਾਖੀ ਦਾ ਜੁੜਿਆ ਮੇਲਾ ਵੇ, ਤੂੰ ਆਪੇ ਮੁਰਸ਼ਦ ਏਂ ਆਪੇ ਚੇਲਾ ਵੇ, ਸ਼ੇਰਾਂ ਦੀ ਫੌਜ਼ ਤੇਰੀ ਗੋਬਿੰਦ ਸਿਘ ਸੋਹਣਿਆਂ। ਪੁੱਤਰਾਂ ਦੀਆਂ ਬਲੀਆਂ ਨੂੰ ਤੂੰ ਹੱਸ-ਹੱਸ ਜ਼ਰਦਾ ਏਂ, ਮਾਵਾਂ ਦੇ ਵਿਯੋਗ ਬੁਰੇ ਤੂੰ ਸੀ ਨਹੀਂ ਕਰਦਾ ਏਂ, ਕਿੱਦਾਂ ਦਾ ਤੇਰਾ ਜੀਅ ਗੋਬਿੰਦ ਸਿਘ ਸੋਹਣਿਆਂ। ਸਿੱਖ ਕੌਮ ਦੇ ਸਿਰ ਉੱਤੇ ਲਖ ਅਹਿਸਾਨ ਤੇਰੇ, ਨਿੱਤ ਯਾਦ ਰਹਿਣਗੇ ਵੇ ਇਹ ਬਲੀਦਾਨ ਤੇਰੇ, ਤੇਰੇ ਸਦਕੇ ਲੱਖ ਵਾਰੀ ਗੋਬਿੰਦ ਸਿਘ ਸੋਹਣਿਆਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਕੁਲਜੀਤ ਕੌਰ ਗ਼ਜ਼ਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ