Punjabi Poetry : Kavinder Chaand

ਪੰਜਾਬੀ ਰਚਨਾਵਾਂ : ਕਵਿੰਦਰ ਚਾਂਦ


ਬੰਸਰੀ ਕਿੱਧਰ ਗਈ

ਬੇ ਪਨਾਹ ਮਾਸੂਮੀਅਤ , ਪਾਕੀਜ਼ਗੀ,ਕਿੱਧਰ ਗਈ ਬਾਂਸ ਦੇ ਜੰਗਲ ਖੜ੍ਹੇ ਹਾਂ ਬੰਸਰੀ ਕਿੱਧਰ ਗਈ ਕੀ ਤੇਰੀ ਲੀਲਾ ਹੈ ਗਿਰਧਰ ? ਤੇਰੀ ਹਰ ਤਸਵੀਰ ਵਿਚ ਸਿਰਫ਼ ਰਾਧਾ ਦਿਸ ਰਹੀ ਹੈ ਰੁਕਮਣੀ ਕਿੱਧਰ ਗਈ ਸੁੱਕਿਆ ਦਰਿਆ , ਬੜਾ ਗਮਗੀਨ ਹੋ ਕੇ ਪੁੱਛਦੈ ਜੋ ਪਹਾੜੋਂ ਲਥਦੀ ਸੀ ਉਹ ਨਦੀ ਕਿੱਧਰ ਗਈ ਹੋ ਗਿਆ ਜਦ ਸ਼ਹਿਰੀਆਂ ਉਤੇ ਅਸੀਸਾਂ ਦਾ ਅਸਰ ਜੋ ਦੁਆਵਾਂ ਮੰਗਦੀ ਸੀ ਮੰਗਤੀ , ਕਿੱਧਰ ਗਈ ਆਪਣੇ-ਪਨ ਦੀ ਚਿਖਾ ਚੌਰਾਹਿਆਂ ਵਿੱਚ ਬਾਲ਼ ਕੇ ਸ਼ਹਿਰ ਦੀ ਇਸ ਭੀੜ ਵਿਚੋਂ ਦੋਸਤੀ ਕਿੱਧਰ ਗਈ ਬੁੱਲੀਆਂ ਉਤੇ ਰਵਾਇਤੀ ਮੁਸਕਰਾਹਟ ਹੈ ਮੌਜੂਦ ਏਸ ਵਿਚ ਸ਼ਾਮਿਲ ਸੀ ਜਿਹੜੀ ਉਹ ਖੁਸ਼ੀ , ਕਿੱਧਰ ਗਈ ਗਗਨ ਛੂੰਹਦੀ ਇੱਕ ਇਮਾਰਤ ਨੂੰ ,ਗਗਨ ਨੇ ਪੁੱਛਿਆ ਇਸ ਜਗਾ ਹੁੰਦੀ ਸੀ ਜਿਹੜੀ ਝੋਂਪੜੀ ਕਿੱਧਰ ਗਈ

ਮਹਿਕ ਵਫਾ ਦੇ ਝੂਠੇ ਲਾਰੇ ਹੁੰਦੇ ਨੇ

ਮਹਿਕ ਵਫਾ ਦੇ ਝੂਠੇ ਲਾਰੇ ਹੁੰਦੇ ਨੇ ਫੁੱਲ ਕਈ ਪੱਥਰ ਤੋਂ ਭਾਰੇ ਹੁੰਦੇ ਨੇ ਉਸ ਪਾਣੀ ਵਿਚ ਦਿਲ ਹੁੰਦੇ ਨੇ ਮਾਵਾਂ ਦੇ ਜੋ ਪੁੱਤਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ ਕੁੜੀਓ ਚਿੜੀਓ ਸੋਨੇ ਦੇ ਪਿੰਜਰੇ ਮੂਹਰੇ ਅਕਸਰ ਹੀ ਕੁਝ ਚੋਗ ਖਿਲਾਰੇ ਹੁੰਦੇ ਨੇ ਪੁੱਤੀਂ ਫਲੋ ਅਸੀਸਾਂ ਦੇਵੋ ਜੀ ਸਦਕੇ ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ ਹਰ ਵਾਰੀ ਹੀ ਔਰਤ ਅਬਲਾ ਨਈਂ ਹੁੰਦੀ ਕਈ ਥਾਂਈਂ ਬੰਦੇ ਬੇਚਾਰੇ ਹੁੰਦੇ ਨੇ ਬੰਦੇ ਅੰਦਰ ਇਕ ਸਮੁੰਦਰ ਹੁੰਦਾ ਹੈ ਹੰਝੂ ਤਾਹੀਓਂ ਖਾਰੇ ਖਾਰੇ ਹੁੰਦੇ ਨੇ ਕੋਈ ਵੀ ਤਾਰੀਖ ਨਹੀਂ ਮੂ਼ਲੋਂ ਮਿਟਦੀ ਰਾਖ਼ ਨਾ ਛੇੜੋ ਵਿਚ ਅੰਗਾਰੇ ਹੁੰਦੇ ਨੇ

ਸੁਪਨੇ ʼਚੋਂ ਇੱਕ ਚਿਹਰਾ

ਸੁਪਨੇ ʼਚੋਂ ਇੱਕ ਚਿਹਰਾ ਆਪਾਂ ਚੁਰਾ ਲਿਆ ਹੈ। ਅਪਣਾ ਗਰੀਬ ਖ਼ਾਨਾ ਕਿੰਨਾ ਸਜਾ ਲਿਆ ਹੈ। ਮੈਂ ਦੂਰ ਤਾਂ ਬਹੁਤ ਹਾਂ ਪਰ ਛੂਹ ਰਿਹਾ ਹਾਂ ਤੈਨੂੰ, ਸੋਚਾਂ ਦਾ ਫ਼ਾਸਲਾ ਹੁਣ ਏਨਾ ਘਟਾ ਲਿਆ ਹੈ। ਵਿਹੜੇ ʼਚ ਚੰਨ ਤਾਰੇ, ਸੂਰਜ, ਆਕਾਸ਼ ਸਿਰਜੇ, ਮੈਂ ਆਪਣੇ ਗਰਾਂ ਦਾ ਨਕਸ਼ਾ ਬਣਾ ਲਿਆ ਹੈ। ਇੱਕ ਮੌਤ ਜ਼ਿੰਦਗੀ ਹੈ, ਇੱਕ ਜ਼ਿੰਦਗੀ ਹੈ ਮੁਰਦਾ, ਜੀਵਨ ਦੇ ਆਸ਼ਕਾਂ ਨੇ ਇਹ ਭੇਦ ਪਾ ਲਿਆ ਹੈ। ਪੱਥਰ ʼਤੇ ਜਿਹੜੇ ਵਿਲਕਣ ਫੁੱਲਾਂ ਦੀ ਪੀੜ ਜਾਣੋ, ਜਿਉਂਦੇ ਤਰੋੜ ਲੋਕਾਂ ਮੁਰਦਾ ਸਜਾ ਲਿਆ ਹੈ।

ਗ਼ਜ਼ਲ ਮੇਰੀ ਅਜੇ ਤਕ ਰਾਹਨੁਮਾ

ਗ਼ਜ਼ਲ ਮੇਰੀ ਅਜੇ ਤਕ ਰਾਹਨੁਮਾ ਬਣਨਾ ਨਹੀਂ ਸਿੱਖੀ। ਚਿੰਗਾਰੀ ਭਾਂਬੜਾਂ ਤੀਕਰ ਸਫ਼ਰ ਕਰਨਾ ਨਹੀਂ ਸਿੱਖੀ। ਇਹ ਕੱਲ੍ਹ ਵੀ ਸੱਚ ਸੀ, ਅੱਜ ਸੱਚ ਹੈ, ਕੋਈ ਕੌਮ ਦੁਨੀਆਂ ’ਤੇ, ਚਿਰਾਂ ਤਕ ਜੀਅ ਨਹੀਂ ਸਕਦੀ ਹੈ ਜੋ ਮਰਨਾ ਨਹੀਂ ਸਿੱਖੀ। ਹੁਣੇ ਤੋਂ ਵਿਤਕਰੇ ਨੇ, ਖਾਣ ਦੇ, ਪਹਿਨਣ ਦੇ, ਲਾਡਾਂ ਦੇ, ਅਜੇ ਇਕ ਬਾਲੜੀ ਚੰਗੀ ਤਰ੍ਹਾਂ ਖੜ੍ਹਨਾ ਨਹੀਂ ਸਿੱਖੀ। ਗ਼ਜ਼ਲ ਉਪਰਾਮ ਹੈ ਮੇਰੀ, ਬੜੀ ਲਾਚਾਰ ਹੈ ਕਵਿਤਾ, ਅਜੇ ਫੁੱਲਾਂ ਦੇ ਅੰਦਰ ਖ਼ੁਸਬੂਆਂ ਭਰਨਾ ਨਹੀਂ ਸਿੱਖੀ। ਫੜ੍ਹੇਗੀ ਕਿਸ ਤਰ੍ਹਾਂ ਉਹ ਤਿਤਲੀਆਂ ਮੇਰੇ ਖ਼ਿਆਲਾਂ ’ਚੋਂ, ਅਜੇ ਤਕ ਹੱਥ ਤਾਂ ਚੰਗੀ ਤਰ੍ਹਾਂ ਫੜ੍ਹਨਾ ਨਹੀਂ ਸਿੱਖੀ। ਸਿਰਾਂ ਦੀ ਕਲਮ ਲੈ ਕੇ ਪੁਰਖਿਆਂ ਇਤਿਹਾਸ ਜੋ ਲਿਖਿਆ, ਅਸਾਡੀ ਆਪਣੀ ਔਲਾਦ ਹੀ ਪੜ੍ਹਨਾ ਨਹੀਂ ਸਿੱਖੀ।

ਤਮਾਮ ਉਮਰ

ਤਮਾਮ ਉਮਰ ਝਮੇਲੇ ਪਰੇ ਨਹੀਂ ਹੁੰਦੇ ਘਰਾਂ 'ਚ ਹੋ ਕੇ ਬੰਦੇ ਘਰੇ ਨਹੀਂ ਹੁੰਦੇ ਪੁਰਾਣੇ ਫੱਟ ਦੀ ਹਾਲੇ ਵੀ ਪੀੜ ਤਾਜ਼ਾ ਹੈ ਸਮੇਂ ਨੇ ਜ਼ਖ਼ਮ ਹਮੇਸ਼ਾ ਭਰੇ ਨਹੀਂ ਹੁੰਦੇ ਕੋਈ ਹਮੇਸ਼ਾ ਮੇਰੇ ਨਾਲ ਨਾਲ ਤੁਰਦਾ ਹੈ ਜੋ ਮਰ ਗਏ ਨੇ ਉਹ ਸਾਰੇ ਮਰੇ ਨਹੀਂ ਹੁੰਦੇ ਕਿਸੇ ਦੇ ਜਾਣ ਤੋਂ ਪਿੱਛੋਂ ਬਹਾਰ ਵਰਗੇ ਦੇ ਕਿਸੇ ਵੀ ਬਾਗ਼ ਦੇ ਪੱਤੇ ਹਰੇ ਨਹੀਂ ਹੁੰਦੇ ਕਿਸੇ ਦੀ ਚੁੱਪ ਨੂੰ ਬਹੁਤਾ ਨਾ ਆਜ਼ਮਾਇਆ ਕਰ ਖ਼ਾਮੋਸ਼ ਆਦਮੀ ਹਰਗਿਜ਼ ਡਰੇ ਨਹੀਂ ਹੁੰਦੇ

ਆਪਣੇਪਣ ਦੀ ਚਿਖ਼ਾ

ਆਪਣੇਪਣ ਦੀ ਚਿਖ਼ਾ ਚੌਰਾਹਿਆਂ ਵਿਚ ਬਾਲ ਕੇ ਸ਼ਹਿਰ ਦੀ ਇਸ ਭੀੜ ਵਿਚੋਂ ਦੋਸਤੀ, ਕਿੱਧਰ ਗਈ ਬੁੱਲ੍ਹੀਆਂ ਉਤੇ ਰਵਾਇਤੀ ਮੁਸਕਰਾਹਟ ਹੈ ਮੌਜੂਦ ਏਸ ਵਿਚ ਸ਼ਾਮਲ ਸੀ ਜਿਹੜੀ ਉਹ ਖੁਸ਼ੀ, ਕਿੱਧਰ ਗਈ ਗਗਨ ਛੂੰਹਦੀ ਇਕ ਇਮਾਰਤ ਨੂੰ, ਗਗਨ ਨੇ ਪੁੱਛਿਆ ਇਸ ਜਗ੍ਹਾ ਹੁੰਦੀ ਸੀ ਜਿਹੜੀ ਝੌਂਪੜੀ, ਕਿੱਧਰ ਗਈ ਬਣ ਗਿਆ ਚਮਕੌਰ ਸਾਹਿਬ ਦਰਸ਼ਨੀ, ਸੰਗਮਰਮਰੀ ਹਾਏ ਮੇਰੇ ਰਹਿਬਰੋ ਕੱਚੀ ਗੜ੍ਹੀ ਕਿੱਧਰ ਗਈ

ਤੂੰ ਅਪਣਾ ਅੱਜ ਦੇ ਮੈਨੂੰ

ਤੂੰ ਅਪਣਾ ਅੱਜ ਦੇ ਮੈਨੂੰ ਮੈਂ ਬਦਲੇ ਵਿਚ ਕੱਲ੍ਹ ਦੇਵਾਂ ਤੂੰ ਮੇਰਾ ਰਾਹ ਬਦਲਦੇ ਤੇ ਮੈਂ ਤੇਰਾ ਰਾਹ ਬਦਲ ਦੇਵਾਂ ਕਿਸੇ ਮਜ਼ਦੂਰ ਬੱਚੇ ਨੂੰ ਅਚਾਨਕ ਲੱਗਿਆ ਠੇਡਾ ਮੈਂ ਸਾਰੇ ਬਾਲ ਦਿਵਸਾਂ ਨੂੰ ਉਹਦੇ ਪੈਰਾਂ ਤੇ ਮਲ ਦੇਵਾਂ ਮਿਲੇ ਜੰਗਲ਼ ਦੀ ਕੁਟੀਆ ਚੁੱਪ ਦਾ ਸੰਗੀਤ, ਖ਼ਾਮੋਸ਼ੀ ਬੱਚੇ ਹੋਏ ਮੈਂ ਸਾਰੇ ਆਪਣੇ ਜੀਵਨ ਦੇ ਪਲ ਦੇਵਾਂ ਮੈਂ ਬੱਚਿਆਂ ਦੇ ਮਨਾਂ ਵਿਚ ਬੀਜ ਕੇ ਕਵਿਤਾ, ਉੱਗਾਵਾਂ ਮੈਂ ਚਾਹੁੰਦਾ ਹਾਂ ਕਿ ਮੈਂ ਇਸ ਦੇਸ਼ ਨੂੰ, ਚੰਗੀ ਨਸਲ ਦੇਵਾਂ ਹਵਾ ਵਿਚ ਲਫ਼ਜ਼ ਕਿੰਨੇ ਨੇਂ ਨਿਰੰਤਰ ਤੈਰਦੇ ਹੋਏ ਮੈਂ ਇਨ੍ਹਾਂ ਭਟਕੀਆਂ ਰੂਹਾਂ ਨੂੰ ਸ਼ਿਅਰਾਂ ਦੀ ਸ਼ਕਲ ਦੇਵਾਂ ਕਿਸੇ ਦਿੱਤੀਆਂ ਨੇਂ ਅਸ਼ਰਫ਼ੀਆਂ ਕਿਸੇ ਹੀਰੇ ਦੀ ਅੰਗੂਠੀ ਮੈਂ ਤੁਹਫ਼ੇ ਵਿਚ ਤੈਨੂੰ ਆਪਣੀ ਸੱਜਰੀ ਗ਼ਜ਼ਲ ਦੇਵਾਂ

ਦਿਨ ਨਿਕਲਦੇ ਰਹੇ

ਦਿਨ ਨਿਕਲਦੇ ਰਹੇ ਸ਼ਾਮ ਢਲਦੀ ਰਹੀ ਜ਼ਿੰਦਗੀ ਰੋਜ਼ ਕਰਵਟ ਬਦਲਦੀ ਰਹੀ ਕਾਂ ਤਾਂ ਹੌਲੀ ਜਹੇ ਬੋਲਕੇ ਉੱਡ ਗਿਆ ਜਿੰਦ ਬੂਹੇ 'ਤੇ ਮੇਰੀ ਵਿਲਕਦੀ ਰਹੀ ਲੱਖ ਚੂੜੇ ਸਹੀ ਤੇਰੀ ਹਾਂ ਤੋਂ ਬਿਨਾਂ ਇਕ ਨਾਜ਼ੁਕ ਕਲਾਈ ਤਰਸਦੀ ਰਹੀ ਦਾਜ ਖ਼ਾਤਰ ਨਮਾਣੀ ਉਹ ਸਾੜੀ ਗਈ ਸੈਆਂ ਹੱਥਾਂ 'ਤੇ ਮਹਿੰਦੀ ਜੋ ਮਲਦੀ ਰਹੀ ਬੇਵਸੇ ਜਰ ਗਏ ਊਚ ਨੀਚਾਂ ਮਗਰ ਸੀਨੇ ਅੰਦਰ ਬਗ਼ਾਵਤ ਪਨਪਦੀ ਰਹੀ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕਵਿੰਦਰ ਚਾਂਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ