Punjabi Poetry : Karamjit Singh Dhillon
ਪੰਜਾਬੀ ਰਚਨਾਵਾਂ : ਕਰਮਜੀਤ ਸਿੰਘ ਢਿੱਲੋਂ
ਮੰਗਲਾਚਰਣ
ਅਪਣੇ ਤੇ ਮਾਣ ਕਾਸਦਾ, ਗੁਰੂ ਦੇ ਪਿਆਰੇ ਹਾਂ। ਚਰਨਾਂ ਦੀ ਧੂੜ ਓਸਦੀ, ਜਿੰਨਾਂ ਸਤਿਕਾਰੇ ਹਾਂ, ਸੰਗਤ ਦੀ ਰੰਗਤ ਹੋਗੀ, ਕਰਮਾਂ ਦੇ ਭਾਰੇ ਹਾਂ। ਮਿਹਨਤ ਦੀ ਭਰੀ ਕਾੜ੍ਹਨੀ, ਉਹਦੇ ਹੱਥ ਜਾਗ ਜੀ। ਅਕਲਾਂ ਦੇ ਊਣੇ ਨੂੰ ਵੀ,ਲਾਵੇ ਰੱਬ ਭਾਗ ਜੀ। ਮਿਲ ਜਾਵੇ ਪਿੱਠ ਥਾਪੜਾ ਮੁੱਦਤਾਂ ਤੋਂ ਪਿਆਸੇ ਨੂੰ ਜੇ,ਮਿਲਜੇ ਘੁੱਟ ਪਾਣੀ ਦੀ। ਜ਼ਿੰਦਗੀ ਦੀ ਅਸਲ ਹਕੀਕਤ,ਓਸੇ ਚੋਂ ਮਾਣੀ ਦੀ। ਗੁਣਕਾਰੀ ਅਰਕਾਂ ਵਾਲੀ,ਔਸੱਦੀ ਜਾਣੀ ਦੀ। ਕੁਦਰਤ ਨੂੰ ਮੰਨਣ ਵਾਲੀ,ਲੱਗਦੀ ਇੰਝ ਲਾਗ ਜੀ। ਅਕਲਾਂ ਦੇ ਊਣੇ ਨੂੰ ਵੀ,ਲਾਵੇ ਰੱਬ ਭਾਗ ਜੀ। ਮਿਲ ਜਾਵੇ ਪਿੱਠ ਥਾਪੜਾ ਝੱਲਿਆਂ ਨੂੰ ਝੱਲ ਬਲੱਲੀਆ, ਗੱਲਾਂ ਚੋਂ ਮਿਲਦਾ ਹੈ। ਨੈਣਾਂ ਦੇ ਧੋਖੇ ਸੱਜਣਾਂ,ਸੌਦਾ ਤਾਂ ਦਿਲਦਾ ਹੈ। ਚਿਕੜ ਚੋਂ ਕਮਲ ਕੀਮਤੀ,ਸੁੰਦਰ ਹੋ ਖਿਲਦਾ ਹੈ। ਚੰਦਨ ਨੂੰ ਕੁੰਡਲੀ ਮਾਰੀ,ਬੈਠੇ ਨੇ ਨਾਗ ਜੀ। ਅਕਲਾਂ ਦੇ ਊਣੇ ਨੂੰ ਵੀ, ਲਾਵੇ ਰੱਬ ਭਾਗ ਜੀ। ਮਿਲ ਜਾਵੇ ਪਿੱਠ ਥਾਪੜਾ ਭਗਤੀ ਤੋਂ ਸ਼ਕਤੀ ਵਾਲੇ, ਮਾਰਗ ਦੇ ਢੰਗਾਂ ਤੋਂ। ਰਾਜੇ ਤੋਂ ਰੰਕ ਜਿਤਾਉਂਦਾ, ਕਰਮਾਂ ਦਿਆਂ ਰੰਗਾਂ ਤੋਂ। ਦੁਨੀਆਂ ਦੇ ਪਰਦੇ ਕੱਜਦਾ, ਸ਼ਰਮਾ ਤੇ ਸੰਗਾਂ ਤੋਂ। ਨਾਨਕ ਅਵਤਾਰ ਰੂਹਾਨੀ,ਗਾਵੇ ਸੱਚ ਰਾਗ ਜੀ। ਅਕਲਾਂ ਦੇ ਊਣੇ ਨੂੰ ਵੀ,ਲਾਵੇ ਰੱਬ ਭਾਗ ਜੀ। ਮਿਲ ਜਾਵੇ ਪਿੱਠ ਥਾਪੜਾ ਸੱਚਿਆ ਨੂੰ ਦੇ ਤਕਲੀਫਾਂ, ਪਰਖੇਂ ਪਰਮਾਤਮਾ। ਸੁਣਦਾ ਬਿਨ ਬੋਲੇ ਦਾਤਾ,ਕਹਿੰਦੀ ਜੋ ਆਤਮਾ। ਦੁੱਖਾਂ ਤੇ ਰੋਗਾਂ ਵਾਲਾ, ਸਿਮਰਨ ਕਰ ਖ਼ਾਤਮਾ। ਰਹਿਮਤ ਨਾਲ ਢਿੱਲੋਂ ਹੋਗੇ,ਸੁੱਕੇ ਹਰੇ ਬਾਗ਼ ਜੀ। ਅਕਲਾਂ ਦੇ ਊਣੇ ਨੂੰ ਵੀ,ਲਾਵੇ ਰੱਬ ਭਾਗ ਜੀ। ਮਿਲ ਜਾਵੇ ਪਿੱਠ ਥਾਪੜਾ
ਪਿੰਗਲ ਦਾ ਸਾਰਾ ਵਿਸਥਾਰ ਬਾਬਿਓ
ਲਿਖ ਦੇਵਾਂ ਕਵਿਤਾ, ਨੂੰ ਮਾਪ ਤੋਲ ਕੇ। ਨੰਗਾ ਸੱਚ ਸ਼ਬਦਾਂ,ਦੇ ਵਿੱਚ ਬੋਲਕੇ। ਪਿੰਗਲ ਦਾ ਸਾਰਾ,ਵਿਸਥਾਰ ਬਾਬਿਓ। ਮਿਲ ਜਾਵੇ ਸੰਗਤਾਂ,ਦਾ ਪਿਆਰ ਬਾਬਿਓ। ਦਗਧ ਤੇ ਚੰਚਲ,ਦੇ ਭੇਤ ਖੋਲ੍ਹਕੇ। ਰੱਤੀ ਰੱਤੀ ਪੂਰਾ,ਕਾਵਿ ਬਿੰਬ ਤੋਲਕੇ। ਗਣਾਂ ਵਾਲਾ ਗੁੰਦ ਦੇਵਾ ਹਾਰ ਬਾਬਿਓ। ਮਿਲ ਜਾਵੇ ਸੰਗਤਾਂ,ਦਾ ਪਿਆਰ ਬਾਬਿਓ। ਕੱਚੇ ਪੱਕੇ ਗਣਾਂ,ਵਾਲਾ ਝੂਠ ਚੱਕਕੇ। ਨਾਨਕ ਦੀ ਸੱਚੀ,ਸੁੱਚੀ ਓਟ ਤੱਕਕੇ। ਹਰੀ ਬਾਪੂ ਵਾਲਾ,ਸੰਸਾਰ ਬਾਬਿਓ। ਮਿਲ ਜਾਵੇ ਸੰਗਤਾਂ ਦਾ ਪਿਆਰ ਬਾਬਿਓ। ਵਰਣਿਕ ਗਣ,ਹੋਵੇ ਸ਼ੁਰੂਆਤ ਤੋਂ। ਊੜੇ ਨਾਲ ਲੱਲੇ,ਵਾਲੀ ਤੋਲ ਬਾਤ ਤੋਂ। ਮੰਗਲਾ ਚਰਨ,ਰੂਹ ਨਾਰ ਬਾਬਿਓ। ਮਿਲ ਜਾਵੇ ਸੰਗਤਾਂ ਦਾ ਪਿਆਰ ਬਾਬਿਓ। ਕਰਾਂ ਪਸਤਾਰ, ਨੂੰ ਬਿਆਨ ਸੰਗਤੇ। ਪਿਤਾ ਗੁਰਦੇਵ,ਦਾ ਧਿਆਨ ਸੰਗਤੇ। ਤਿੱਖੀ ਤਲਵਾਰ,ਜਿਹੀ ਧਾਰ ਬਾਬਿਓ। ਮਿਲ ਜਾਵੇ ਸੰਗਤਾਂ ਦਾ ਪਿਆਰ ਬਾਬਿਓ। ਮਾਤਰਾ ਗਣਿਕ,ਫਿਰ ਲਾਵਾਂ ਰਾਗ ਮੇਂ। ਸੁੰਨੀ ਗੋਦ ਬੱਚਾ,ਮਿਲੇ ਮਾਤਾ ਭਾਗ ਮੇਂ। ਸੁਰ ਮਈ ਕਵੀਸ਼ਰੀ,ਦਾ ਸਾਰ ਬਾਬਿਓ। ਮਿਲ ਜਾਵੇ ਸੰਗਤਾਂ ਦਾ ਪਿਆਰ ਬਾਬਿਓ। ਬੋਲਿਆ ਨੀਂ ਸਿਧਾ,ਪਰ ਰਾਹ ਦੱਸਤੇ। ਚੰਡੇ ਹੋਏ ਗੁਰੂ ਦੇ,ਗਵਾਹ ਦੱਸਤੇ। ਢਿੱਲੋਂ ਤਾਈਂ ਮੰਨਣਾ,ਗਵਾਰ ਬਾਬਿਓ। ਮਿਲ ਜਾਵੇ ਸੰਗਤਾਂ ਦਾ ਪਿਆਰ ਬਾਬਿਓ।
ਸਬਦ ਚਿਤਰ ਬੋਲੀਆਂ
ਕਾਲਮ ਨੂੰ ਕਿਵੇਂ ਅੱਗੇ ਤੋਰਾਂ,ਮਨ ਨੂੰ ਫਿਕਰ ਸਤਾਵੇ। ਹੱਥ ਜੋੜਕੇ ਅਰਜ਼ ਗੁਜਾਰੀ, ਨਾਨਕ ਰਾਹ ਦਿਖਾਵੇ । ਖੋਜਾਂ ਖੋਜੇ ਮਨ ਦਾ ਪੰਛੀ, ਦੂਰ ਉਡਾਰੀ ਲਾਵੇ । ਸੋਲਾ੍ ਕਲਾ ਸੰਪੂਰਨ ਚੇਹਰਾ, ਅੱਖਾਂ ਮੂਹਰੇ ਆਵੇ । ਇੰਸਾਂ ਨਾਂ ਹਰਦੇਵ ਪਿਆਰਾ, ਉਂਝ ਹਮਦਰਦ ਕਹਾਵੇ । ਬੋਲੀ ਲਿਖਣੇ ਦੀ, ਢਿੱਲੋਂ ਜੁਗਤ ਬਣਾਵੇ ਪੰਦਰਾਂ ਮਈ ਪੰਝੱਤਰ ਉੱਨੀ, ਜਨਮ ਮਿੱਤੀ ਹੈ ਭਾਈ । ਬਾਪੂ ਜੀ ਅਵਤਾਰ ਸਿੰਘ ਨੇ, ਮਾਂ ਗੁਰਦੀਪ ਜੀ ਮਾਈ ਜਨਮ ਸਥਾਨ ਰਾਮਗੜ੍ਹ ਚੁੰਘਾਂ,ਮੁੱਢਲੀ ਕਰੀ ਪੜਾ੍ਈ ਲੱਖੇਵਾਲੀ ਥਾਣਾ ਲੱਗਦਾ, ਜਿਲਾ੍ ਮੁਕਤਸਰ ਭਾਈ ਡਾਕਖਾਨਾ ਮਦਰੱਸਾ ਨੇੜੇ ,ਬੰਨਾਂ ਦਵੇ ਦਿਖਾਈ ਇਸ ਸਿਰਨਾਵੇਂ ਤੇ, ਦੇਂਦਾ ਯਾਰ ਸੁਣਾਈ ਸੌਂਕ ਕਿਤਾਬਾਂ ਪੜ੍ਦੇ ਪੜ੍ਦੇ, ਜਾਂਚ ਲਿਖਣ ਦੀ ਆਈ ਬਖਤੂ ਜੀ ਜਸਵੀਰ ਦੇ ਕੋਲੋਂ,ਮਿਲੀ ਪੇ੍ਰਨਾ ਭਾਈ ਮਾਲਾ ਮਣਕੇ ਐਸੀ ਪੜ੍ ਲੀ, ਰੂਹ ਜਾਵੇ ਨਸਿ਼ਆਈ ਛੰਦ ਗਜ਼ਲ ਤੇ ਹਾਇਕੂ ਲਿਖਕੇ,ਵੱਖਰੀ ਕੀਮਤ ਪਾਈ ਸਾਹਿਤ ਕਲਾ ਦੀ ਮੰਡੀ ਅੰਦਰ, ਪਹੁੰਚ ਹਾਜ਼ਰੀ ਲਾਈ ਮੋਤੀ ਸ਼ਬਦਾ ਦੇ, ਜਾਂਦੇ ਮਾਣ ਵਧਾਈ ਏਸ ਕਲਾ ਦੇ ਬੂਟੇ ਵਾਲੇ, ਮਾਲੀ ਤਿੰਨ ਪਿਆਰੇ ਗੀਤਕਾਰੀ ਨੂੰ ਜਨਕ ਸੰਗਤ ਜੀ, ਹੱਥੀਂ ਆਪ ਸਵਾਰੇ ਛੰਦਾਂ ਬੰਦੀ ਦੀ ਫੁੱਲਵਾੜੀ, ਦਰਸ਼ਨ ਭੰਮੇਂ ਨਿਖਾਰੇ ਗਜ਼ਲ ਕਲਾ ਨੂੰ ਬਿੱਕਰ ਵਿਯੋਗੀ, ਬਖਸੇ ਢੰਗ ਨਿਆਰੇ ਤਿੰਨਾਂ ਦੇ ਚਰਨਾਂ ਦੀ ਸੇਵਾ, ਕਰਤੇ ਪਾਰ ਨਿਤਾਰੇ ਫਲ਼ ਤਿ੍ਵੈਣੀ ਦੇ ,ਮਿੱਠੇ ਜੱਗ ਤੋਂ ਨਿਆਰੇ ਤੱਤ ਸਾਰ ਸਿਰਲੇਖ ਦੇ ਹੇਠਾਂ, ਲਿਖੀ ਕਿਤਾਬ ਨਿਆਰੀ ਮਿੱਠੀ ਬੋਲੀ ਸਾਦਾ ਜੀਵਨ ,ਚੰਗਾ ਜਾਏ ਗੁਜਾਰੀ ਘੋਲ ਮੁਕ਼ਾਬਲੇ ਵਾਲੇ ਤੋਰੇ, ਕਾਲਮ ਸੋਚ ਪਿਆਰੀ ਸਾਂਝੇ ਕਈ ਸੰਗ੍ਰਹਿ ਛਪਾਕੇ,ਮਾਰੀ ਉੱਚ ਉਡਾਰੀ ਨਵਿਆ ਨੂੰ ਦੇ ਹੱਲਾ ਸੇਰੀ,ਕਰਤੇ ਬੜੇ ਲਿਖਾਰੀ ਫੁੱਲ ਪੰਜਾਬ ਦਿਆ, ਪੂਰੀ ਮਹਿਕ ਖਿਲਾਰੀ ਖੇੜੀਬਾੜੀ ਵਾਲਾ ਧੰਦਾ, ਦਸ ਨੌਂਹਾ ਦੀ ਖਾਵੇ ਸਿਦਕੀ ਪੁੱਤ ਕਿਸਾਨ ਦਾ ਬੀਬਾ, ਟੱਬਰ ਪਾਲੀ ਜਾਵੇ ਦੀਨ ਦੁੱਖੀ ਦਾ ਬਣੇ ਸਹਾਰੇ, ਪੱਲਿਓ ਪੂੰਜੀ ਪਾਵੇ ਟੁੱਟੇ ਘਰ ਬਣਵਾਉਂਦਾ ਫਿਰਦਾ, ਸੱਚੀ ਕਾਰ ਕਮਾਵੇ ਖੂਨ ਦਾਨ ਦਾ ਉੱਤਮ ਦਾਨੀ,ਭੱਜਕੇ ਅੱਗੇ ਆਵੇ ਸੇਵਕ ਸੱਚੇ ਨੂੰ, ਭਾਗ ਵਾਹਿਗੁਰੂ ਲਾਵੇ ਬਹੁਪੱਖੀ ਤੇ ਗੁਣੀ ਗਿਆਨੀ ,ਦੋਸਤ ਹੀਰਾ ਪਾਇਆ ਕਰਮਜੀਤ ਨੇ ਕਾਵਿ ਚਿਤਰ ਕੇ,ਖੁਦ ਨੂੰ ਧੰਨ ਕਹਾਇਆ ਭਾਗਾਂ ਵਾਲਾ ਮੰਨਕੇ ਖੁਦ ਨੂੰ, ਬੋਲੀ ਦੇ ਵਿੱਚ ਗਾਇਆ ਰੱਬ ਸੱਚੇ ਨੇ ਦਿੱਤਾ ਮੌਕਾ, ਲੱਖਾਂ ਸ਼ੁਕਰ ਮਨਾਇਆ ਢਿੱਲੋਂ ਨੇ ਹਰਦੇਵ ਵੀਰ ਦੇ, ਬਾਬਤ ਛੰਦ ਬਣਾਇਆ ਕਿਰਪਾ ਮਾਲਕ ਦੀ, ਜਿਸਨੇ ਸੋਜੀ ਪਾਇਆ
ਦੁਨੀਆਂ (ਨਿਸ਼ਾਨੀ ਛੰਦ)
ਲੱਤਾਂ ਖਿੱਚਣ ਵਾਲੇ ਤਾਂ,ਵਾਧੂ ਮਿਲ ਜਾਂਦੇ। ਵਿਰਲੇ ਸੱਜਣ ਦੋਸਤੋਂ,ਜੋ ਰਾਹ ਵਿਖਲਾਂਦੇ। ਨੁਕਤੇ ਮੰਜ਼ਿਲ ਪੌਣਦੇ,ਚੁਪ ਧਾਰੀ ਚੰਗੀ। ਗਿਰਗਿਟ ਵਾਂਗੂ ਬਦਲਦੀ, ਦੁਨੀਆਂ ਬਹੁਰੰਗੀ। ਰੋਟੀ ਖਾਂਦਾ ਵੇਖਕੇ, ਜ਼ਰਿਆ ਨਾ ਜਾਵੇ। ਭੁੱਖੇ ਕਿਸੇ ਗਰੀਬ ਨੂੰ,ਵੱਢਣ ਨੂੰ ਆਵੇ। ਤਾਨੇ ਮੇਹਣੇ ਝੱਲਦੀ, ਮਜਬੂਰੀ ਤੰਗੀ। ਗਿਰਗਿਟ ਵਾਂਗੂ ਬਦਲਦੀ, ਦੁਨੀਆਂ ਬਹੁਰੰਗੀ। ਅੱਗ ਘਰਾਂ ਨੂੰ ਲਾਂਵਦੀ,ਪਾ ਫ਼ਰਕ ਪੁਵਾੜੇ। ਰਿਸ਼ਤੇ ਨਾਤੇ ਜਾਪਦੇ, ਦੁਸ਼ਮਣ ਤੋਂ ਮਾੜੇ। ਹੱਥੀਂ ਪਾਲੇ ਬਾਪਦੀ,ਘੁੱਟਦੇ ਨੇ ਸ਼ੰਗੀ। ਗਿਰਗਿਟ ਵਾਂਗੂ ਬਦਲਦੀ, ਦੁਨੀਆਂ ਬਹੁਰੰਗੀ। ਖ਼ਸਮ ਅਪਣਾ ਛੱਡਕੇ,ਬਦਕਾਰ ਸਦਾਵੇ। ਆਪੇ ਬੱਚੇ ਮਾਰਕੇ,ਕੀ ਮਾਂ ਅਖਵਾਵੇ। ਸ਼ਰਮ ਆਬਰੂ ਔਰਤੇ,ਲਾ ਸੂਲ਼ੀ ਟੰਗੀ। ਗਿਰਗਿਟ ਵਾਂਗੂ ਬਦਲਦੀ, ਦੁਨੀਆਂ ਬਹੁਰੰਗੀ। ਮੇਹਨਤ ਪੂੰਜੀ ਲੁੱਟਕੇ,ਤੇ ਲੰਗਰ ਚੱਲੇ। ਵੱਡੇ ਧਰਮੀਂ ਸਾਬ੍ਹ ਦੀ,ਹੋ ਬੱਲੇ-ਬੱਲੇ। ਰੱਬ ਨਾਮ ਨੂੰ ਵਿਲਕਦੀ, ਅੰਦਰੋਂ ਰੂਹ ਨੰਗੀ। ਗਿਰਗਿਟ ਵਾਂਗੂ ਬਦਲਦੀ, ਦੁਨੀਆਂ ਬਹੁਰੰਗੀ। ਛੱਡਦੇ ਕੰਮੇਂ ਵਾਲਿਆ, ਤੂੰ ਮੇਰੀ ਮੇਰੀ। ਤਨ ਮਨ ਤੇਰਾ ਹੋਂਵਣਾ,ਮਿੱਟੀ ਦੀ ਢੇਰੀ। ਦਾਨ ਪੁੰਨ ਦੀ ਯੁਕਤ ਦਾ,ਬਣ ਆਪੇ ਢੰਗੀ। ਗਿਰਗਿਟ ਵਾਂਗੂ ਬਦਲਦੀ, ਦੁਨੀਆਂ ਬਹੁਰੰਗੀ।
ਮਿਹਨਤਾਂ
(ਦੋਹਰਾ ਛੰਦ) ਵਿਹਲੜ ਪੁਣਾ ਹਰਾਮ ਹੈ,ਵਿਹਲਾ ਮਨ ਸ਼ੈਤਾਨ। ਕੰਮ ਚਲਾਵੇ ਜ਼ਿੰਦਗੀ, ਮਿਹਨਤ ਮੇਂ ਭਗਵਾਨ । ਮਿਹਨਤਾਂ ਹੌਂਸਲੇ ਦਾ ਕੱਦ,ਸਦਾ ਉੱਚਾ ਰੱਖਣਾ। ਨੀਤਾਂ ਕਿਰਦਾਰ,ਮਨ ਸੁੱਚਾ ਰੱਖਣਾ। ਪੱਥਰ ਇਰਾਦੇ, ਦੁੱਖਾਂ ਨਾਲ ਖੈਣ੍ਹਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਂਣਗੇ। ਰੱਬ ਦੇ ਪਿਆਰੇ,ਦੀ ਪਰਖ਼ ਰੱਬ ਨੂੰ। ਜਾਤ ਪਾਤ ਵੈਰ, ਨੀਂ ਹਰਖ ਰੱਬ ਨੂੰ। ਦੁਨੀਆਂ ਦੇ ਭਰਮ, ਭੁਲੇਖੇ ਢੈਣਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਂਣਗੇ। ਖੂਨ ਤੋਂ ਪਸ਼ੀਨਾ,ਹੋਕੇ ਜਦੋਂ ਡੁੱਲਦਾ। ਕਾਮਯਾਬੀ ਝੰਡਾ,ਵੀ ਜ਼ਰੂਰ ਝੁੱਲਦਾ। ਲੋਕਾਂ ਵਾਲੇ ਮੇਹਣੇ, ਗੂੜ੍ਹਾ ਰੰਗ ਲੈਣਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਂਣਗੇ। ਰਾਹੀਂ ਪੲੇ ਕੰਡਿਆਂ,ਤੇ ਦੋਸ਼ ਕਾਸਦਾ। ਖੇਡ ਵੇਲੇ ਗਿਰੇ,ਤੇ ਵੀ ਰੋਸ ਕਾਸਦਾ। ਜਿੱਤਦੇ ਵੀ ਓਹੀ,ਜੋ ਮੈਦਾਨ ਰੈਣਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਂਣਗੇ। ਦੁਨੀਆਂ ਦੋ ਮੂੰਹੀ,ਹਰ ਗੱਲ ਟੋਕਦੀ। ਚੜੀ ਪੌੜੀ ਲੱਤ, ਖਿੱਚ ਰਹਿੰਦੀ ਰੋਕਦੀ। ਘੁਣ ਵਾਂਗੂ ਲੋਕੀ, ਭਾਵੇਂ ਜੜੀਂ ਬੈਣਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਂਣਗੇ। ਸੂਰਜ ਦਾ ਸੇਕਾਂ, ਭਾਵੇਂ ਤਨ ਫੂਕਦੇ। ਕੌੜਾ ਕੋਈ ਸ਼ਰੀਕਾਂ,ਭਾਵੇ ਮਨ ਫੂਕਦੇ। ਸਬਰਾ ਦੇ ਮੋਤੀ,ਪੱਲੇ ਬੰਨ੍ਹ ਲੈਣਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਂਣਗੇ। ਕੰਮੇਂ ਪਿੰਡ ਅੰਬਰਾਂ,ਤੇ ਨਾਮ ਬੋਲਣਾ। ਢਿੱਲੋਆ ਦਾ ਮੁੰਡਾ, ਸ਼ਰੇਆਮ ਬੋਲਣਾ। ਚੜ੍ਹਦੇ ਨੂੰ ਸਿਜਦੇ,ਸਲਾਮ ਕੈਣਗੇ। ਮਿਹਨਤਾਂ ਦੇ ਮੁੱਲ, ਤਾਂ ਜ਼ਰੂਰ ਪੈਣਗੇ।
ਸ਼ਰਾਬ, ਮੈਨਕਵਿ ਕਬਿੱਤ
ਕਾਰਨ ਹੈ,ਦੁੱਖ ਕੀ,ਸ਼ਰਾਬ ਮੱਤ ਮਾਰਨ ਹੈ, ਹਾਰਨ ਹੈ,ਜਿ਼ੰਦ ਕੋ,ਪੈਸੇ ਕੀ ਵਪਾਰਨ ਹੈ! ਮਾਰਨ ਹੈ,ਸ਼ੌਕ ਗੁਣ,ਦੋਸੀ ਹਥਿਆਰਨ ਹੈ, ਕਾਰਨ ਹੈ,ਇੱਜਤਾਂ ਦੀ,ਲੁੱਟ ਦੀ ਉਦਾਹਰਨ ਹੈ! ਧਾਰਨ ਹੈ,ਮਨ ਦਿਲ,ਈਰਖਾ ਦਵੈਸ਼ ਭਾਵ, ਗੁੱਸੇ ਵਾਲੀ ਅੱਗ ਔਰ,ਵੈਰ ਕੋ ਉਭਾਰਨ ਹੈ! ਕਾਰਨ ਹੈ,ਬਰਬਾਦੀ,ਆਖਿਰ ਕਰਮਜੀਤਾ, ਠੇਡਾ ਮਾਰ ਰੋੜ੍ਹ ਦੇਵੇ,ਸਾਤਿਰ ਖਿਡਾਰਨ ਹੈ!
ਮਾਨਸਿਕ ਰੋਗ (ਦਵੱਈਆ ਛੰਦ)
ਤਨ ਤੇ ਹੋਜੇ ਫੋੜਾ ਫਿਨਸੀ,ਸਭ ਨੂੰ ਨਜ਼ਰੀਂ ਆਵੇ। ਮਨ ਨੂੰ ਲੱਗਿਆ ਝੋਰਾ ਮਾੜਾ, ਵਿੱਚੋਂ ਵਿੱਚੀ ਖਾਵੇ। ਰੋਗ ਕਸੂਤਾ ਜ਼ਿੰਦ ਸਰਾਪੇ, ਕਿਹੜਾ ਵੈਦ ਹਟਾਵੇ। ਮਨੋ ਰੋਗ ਦੀ ਦਲਦਲ ਫਸਿਆ ,ਬੰਦਾ ਦੁੱਖ ਹੰਢਾਵੇ। ਸੋਚਣ ਵਾਲੇ ਤਾਣੇ ਬਾਣੇ, ਸੋਚਾਂ ਉੱਤੇ ਭਾਰੂ। ਹਿੰਮਤ ਜਜ਼ਬੇ ਆਪੇ ਤੋੜੇ,ਸੋਚ ਹੌਂਸਲਾ ਮਾਰੂ। ਬਿਨਾਂ ਕਸੂਰੋਂ ਖੁਦ ਨੂੰ ਫਾਹੇ,ਆਪੇ ਸੋਚ ਲਗਾਵੇਂ। ਮਨੋਂ ਰੋਗ ਦੀ ਦਲਦਲ ਫਸਿਆ,ਬੰਦਾ ਦੁੱਖ ਹੰਢਾਵੇ। ਏਸ ਰੋਗ ਨੇ ਜੋਬਨ ਰੁੱਤੇ,ਲੱਖਾ ਗੱਭਰੂ ਮਾਰੇ। ਚੋਟ ਆਪਣੇ ਕੋਲੋਂ ਖਾਕੇ, ਕਿਸਮਤ ਬਾਜ਼ੀ ਹਾਰੇ। ਉੱਤੋਂ ਲੋਕੀ ਪੀਣ ਸ਼ਰਾਬਾਂ,ਪੀੜ ਦੀ ਅੱਗ ਵਧਾਵੇ। ਮਨੋਂ ਰੋਗ ਦੀ ਦਲਦਲ ਫਸਿਆ ,ਬੰਦਾ ਦੁੱਖ ਹੰਢਾਵੇ। ਪਰੇਮ ਸਬੰਧੀ ਕਰਜ਼ ਨੌਕਰੀ,ਘਰ ਵਿੱਚ ਵਧੇ ਲੜਾਈ। ਘੁਣ ਦੇ ਵਾਂਗੂੰ ਚਿੰਤਾ ਜਾਂਦੀ,ਭੋਰ ਭੋਰਕੇ ਖਾਈ। ਸੱਪ ਦਮੂੰਹਾ ਗੱਲਾਂ ਵਾਲਾ,ਚੁੱਗਲੀ ਚੋਬ ਲਗਾਵੇ। ਮਨੋਂ ਰੋਗ ਦੀ ਦਲਦਲ ਫਸਿਆ ,ਬੰਦਾ ਦੁੱਖ ਹੰਢਾਵੇ। ਵਿੱਚ ਸਮਾਜ ਦੇ ਜੀਣਾ ਔਖਾ,ਸੁਣਨੇ ਪੈਂਦੇ ਤਾਨੇ। ਟੀਰੀ ਅੱਖ ਜ਼ਮਾਨਾ ਝਾਕੇ, ਵੱਖੋ-ਵੱਖ ਨਿਸ਼ਾਨੇ। ਘਰ ਦਾ ਭੇਤੀ ਬਣੇ ਸ਼ਰੀਕਾਂ,ਲੰਕਾ ਢਾਈ ਜਾਵੇ। ਮਨੋਂ ਰੋਗ ਦੀ ਦਲਦਲ ਫਸਿਆ,ਬੰਦਾ ਦੁੱਖ ਹੰਢਾਵੇ। ਵਹਿਮਾਂ ਭਰਮਾਂ ਦੇ ਵੱਸ ਪੈ ਕੇ,ਬੰਦਾ ਯਤਨ ਬਣਾਉਂਦਾ। ਯੰਤਰ ਮੰਤਰ ਟੂਣਾ ਧਾਗਾ, ਕੋਈ ਕੰਮ ਨਾ ਆਉਂਦਾ। ਇੰਦਰ ਜਾਲ ਆਤਮਾ ਉੱਤੇ,ਓਪਰੀ ਸ਼ੈਅ ਬਤਾਵੇ। ਮਨੋਂ ਰੋਗ ਦੀ ਦਲਦਲ ਫਸਿਆ ,ਬੰਦਾ ਦੁੱਖ ਹੰਢਾਵੇ। ਕਰਮਜੀਤ ਦੀ ਅਰਜ਼ ਮਾਲਕਾ,ਮਨ ਅਰੋਗੀ ਹੋਵੇ। ਬੰਦ ਕਮਰੇ ਦੀ ਕੈਦ ਹਨੇਰੀ, ਜ਼ਿੰਦ ਕੋਈ ਨਾ ਢੋਵੇ। ਨਾਸ ਦੁੱਖਾਂ ਦਾ ਕਰਦੀ ਬਾਣੀ,ਸਭ ਨੂੰ ਰਾਹ ਦਿਖਾਵੇ। ਮਨੋਂ ਰੋਗ ਦੀ ਦਲਦਲ ਫਸਿਆ,ਬੰਦਾ ਦੁੱਖ ਹੰਢਾਵੇ।
ਪਾਣੀ (ਕਬਿੱਤ ਛੰਦ)
ਪਾਣੀ ਦੀ ਸਮੱਸਿਆ ਦੇ,ਮਸ਼ਲੇ ਗੰਭੀਰ ਹੋਏ, ਸੰਕਟ ਜੋ ਪੈਦਾ ਹੋਇਆ,ਫਿਕਰ ਸਤਾਵੇ ਜੀ। ਦਿਨੋ ਦਿਨ ਡੂੰਘਾ ਹੋਈ, ਜਾਂਵਦਾ ਪੱਤਣ ਲੋਕੋ, ਕੀਮਤੀ ਸਰੋਤ ਵਾਲਾ, ਖ਼ਾਤਮਾ ਡਰਾਵੇ ਜੀ। ਪਾਣੀ ਬਿਨ੍ਹਾਂ ਹੋਂਦ ਨਹੀਓ, ਉਪਜਾਊ ਧਰਤੀ ਦੀ , ਵੇਲਾਂ ਬੂਟੇ ਫਸਲਾਂ ਦੇ,ਸਿਰੋਂ ਬੰਦਾ ਖਾਵੇ ਜੀ। ਪਾਣੀ ਨਾਲ ਰੁੱਖ ਜੀਂਦੇ, ਰੁੱਖਾਂ ਨਾਲ ਮਨੁੱਖ ਜੀਂਦੇ, ਰੁੱਖਾਂ ਦੀ ਮਨੁੱਖਾਂ ਨਾਲੋਂ,ਸਾਂਝ ਟੁੱਟੀ ਜਾਵੇ ਜੀ। ਮਾਰੂ ਰੂਪ ਧਾਰ ਚੱਲੀ,ਧਰਤ ਪੰਜਾਬ ਵਾਲੀ, ਪੰਜ ਆਬ ਨਾਮ ਹੋਕੇ, ਬੰਜ਼ਰ ਸਦਾਵੇ ਜੀ। ਹੋਂਵਦੀ ਹੈਰਾਨੀ ਬੜੀ, ਸੰਕਟ ਡਰਾਵਣਾ ਹੈ, ਸੋਚਾਂ ਵਿੱਚ ਡੁੱਬੀ ਸੋਚ,ਰਾਹ ਨਾ ਥਿਆਵੇ ਜੀ। ਔਣ ਵਾਲੇ ਸਾਲ ਹੋਣੇ,ਭਾਰੂ ਨੇ ਮਨੁੱਖਤਾ ਤੇ, ਵਰਤੋਂ ਬੇਲੋੜੀ ਕੀਤੀ,ਬੰਦਾ ਪਛਤਾਵੇ ਜੀ। ਸਾਂਭ ਲਵੋ ਵੇਲਾ ਲੋਕੋ,ਖੁੰਝਿਆ ਹੈ ਮੌਕਾ ਮਾੜਾ, ਬੂੰਦ ਬੂੰਦ ਕੀਮਤੀ ਹੈ,ਕੀਮਤ ਜਤਾਵੇ ਜੀ। ਰਲ਼ ਮਿਲ਼ ਸਾਰੇ ਜਣੇ,ਲੱਭੀਏ ਉਪਾਅ ਚੰਗਾ, ਆਉਣ ਵਾਲੀ ਨਸਲਾਂ ਦੀ, ਜ਼ਿੰਦਗੀ ਬਚਾਵੇ ਜੀ। ਵੱਧੋ ਵੱਧ ਰੁੱਖ ਹੋਣ,ਹਰਿਆਲੀ ਧਰਤੀ ਤੇ, ਕੀਮਤੀ ਸੁਝਾਅ ਮੰਨੋ, ਬਾਰਿਸ਼ ਪਵਾਵੇ ਜੀ। ਬਾਰਿਸ਼ ਦਾ ਪਾਣੀ ਫੇਰ, ਸਾਂਭ ਤੇ ਸੰਭਾਲ ਹੋਜੇ, ਓਹੀ ਪਾਣੀ ਕੱਠਾ ਹੋਕੇ, ਵਰਤੋਂ ਚ ਆਵੇ ਜੀ। ਪਾਈਪ ਲਾਕੇ ਧੋਵੋ ਨਾ ਜੀ, ਗੱਡੀਆਂ ਸਕੂਟਰਾਂ ਨੂੰ, ਗਿੱਲੀ ਲੀਰ ਫੇਰੀ ਹੋਈ,ਗੱਲ ਨੂੰ ਬਣਾਵੇ ਜੀ। ਕੀਮਤੀ ਸਰੋਤ ਵਾਲਾ,ਨਾਲੀ ਚ ਵਹਾਅ ਰੁਕੇ, ਕਹਿਣੀ ਅਤੇ ਕਰਨੀ ਦਾ,ਮੇਲ ਹੋ ਪਾਵੇ ਜੀ। ਫਸਲਾਂ ਉਹ ਬੀਜੀਏ ਜੋ,ਘੱਟ ਪਾਣੀ ਝਾੜ ਵਧੇ, ਹੋਵੇ ਖ਼ੁਸ਼ਹਾਲੀ ਸਾਰੇ,ਜੱਟ ਲਹਿਰਾਵੇ ਜੀ। ਲੋੜ ਨੂੰ ਪਪੀਹੇ ਵਾਂਗੂ,ਇਕੋ ਬੂੰਦ ਕਾਫ਼ੀ ਹੋਵੇ, ਇਹੋ ਜਿਹਾ ਜ਼ਿੰਮੇਵਾਰ,ਬੰਦਾ ਅਖਵਾਵੇ ਜੀ। ਨਾਨਕ ਦੀ ਬਾਣੀ ਵਿੱਚ,ਪਿਤਾ ਦੇ ਸਮਾਨ ਪਾਣੀ, ਹੋਵੇ ਜੋ ਔਲਾਦ ਚੰਗੀ,ਪਿਤਾ ਨਾ ਗਵਾਵੇ ਜੀ। ਧਰਤੀ ਤੇ ਜੀਵਨ ਹੈ,ਪਾਣੀ ਹੀ ਅਧਾਰ ਲੋਕੋ, ਪਾਣੀ ਦਾ ਖ਼ਤਮ ਹੋਣਾ, ਹੋਂਦ ਨੂੰ ਮਿਟਾਵੇ ਜੀ। ਪਾਣੀ ਨਾਲ ਕਾਇਨਾਤ,ਪਾਣੀ ਨਾਲ ਰੁੱਖ ਪੌਦੇ, ਪਾਣੀ ਵਾਲਾ ਚੱਕਰ ਹੀ, ਦੁਨੀਆਂ ਚਲਾਵੇ ਜੀ। ਪਾਣੀ ਨਾਲ ਲੱਖਾਂ ਜੂਨਾਂ,ਜੱਗ ਤੇ ਜਿਉਂਦੀਆਂ ਨੇ, ਪਾਣੀ ਬਾਝੋਂ ਜੱਗ ਸੁੰਨਾ,ਕਿਤੇ ਹੋ ਨਾ ਜਾਵੇ ਜੀ। ਦੋਵੇਂ ਹੱਥ ਜੋੜਕੇ ਹੈ, ਕਰਦਾ ਅਰਜ਼ ਢਿੱਲੋਂ, ਗੀਤਾਂ ਕਵਿਤਾਵਾਂ ਲਿੱਖ ਲਿੱਖ ਗਾਵੇ ਜੀ
ਕੋਰੜਾ ਛੰਦ (ਰਸੀਲਾ ਕਾਵਿ)
ਦੋਹਰਾ ਨੌਂ ਰੰਗੀ ਹੈ ਜ਼ਿੰਦਗੀ, ਦਸਵਾਂ ਮੁਕਤ ਦਵਾਰ। ਨੌਂ ਰਸਾਂ ਵਿੱਚ ਵੱਸਦਾ,ਸਾਰਾ ਕਾਵਿ ਵਿਚਾਰ। ਕੋਰੜਾ ਛੰਦ ( ਰਸੀਲਾ ਕਾਵਿ) ਰਸਮਈ ਜ਼ਿੰਦਗੀ,ਰਸੀਲਾ ਕਾਵਿ ਜੀ। ਅੰਦਰ ਹਲੂਣਾ,ਦੇਵੇ ਮੱਠਾ ਭਾਵ ਜੀ। ਸੋਚਾਂ ਚ ਸੰਵੇਦਨਾ, ਅਨੰਦ ਘੋਲਦੀ। ਨੌਂਅ ਰਸੀ ਕਵਿਤਾ,ਬੰਦੇ ਚੋਂ ਬੋਲਦੀ। ਜਾਗਦੇ ਵਿਭਾਵ,ਮਨ ਵਾਲੀ ਕੁੱਖ ਚੋਂ। ਜਜ਼ਬਾਤੀ ਹੋਕੇ,ਚੇਤਨਾ ਮਨੁੱਖ ਚੋਂ । ਰਚਕੇ ਖ਼ਿਆਲ, ਅਨੁਭਵ ਤੋਲਦੀ। ਨੌਂਅ ਰਸੀ ਕਵਿਤਾ,ਬੰਦੇ ਚੋਂ ਬੋਲਦੀ। ਹਾਸਾ ਤੇ ਪਰੀਤ, ਸ਼ੌਕ ਤੇ ਕਰੋਧ ਤੋਂ। ਭੈਅ ਉਤਸ਼ਾਹ,ਮਨ ਦੇ ਵਿਰੋਧ ਤੋਂ। ਵਿਸਮੈਂ ਘਰਿਣਾ, ਚੋਂ ਹਰਫ਼ ਟੋਲਦੀ। ਨੌਂਅ ਰਸੀ ਕਵਿਤਾ, ਬੰਦੇ ਚੋਂ ਬੋਲਦੀ। ਗੂੰਗੇ ਅੰਨ੍ਹੇ ਬੋਲ਼ੇ, ਵੀ ਨੇ ਰਸ ਮਾਣਦੇ। ਮਨੋ ਵਿਗਿਆਨੀ,ਨੇ ਸੱਚਾਈ ਜਾਣਦੇ। ਚੇਤਨ ਅਚੇਤਨਾ,ਦੇ ਭੇਤ ਖੋਲ੍ਹਦੀ। ਨੌਅ ਰਸੀ ਕਵਿਤਾ, ਬੰਦੇ ਚੋਂ ਬੋਲਦੀ। ਮਨੋਭਾਵ ਹੁੰਦੇ ਨੇ,ਬਿਆਨ ਏਸਤੋਂ। ਦੂਣਾ ਮਿਲੀ ਜਾਂਵਦਾ, ਗਿਆਨ ਏਸਤੋਂ। ਚਾਨਣ ਵਧਾਉਂਦੀ,ਅੰਧਿਆਰਾ ਰੋਲਦੀ। ਨੌਅ ਰਸੀ ਕਵਿਤਾ, ਬੰਦੇ ਚੋਂ ਬੋਲਦੀ। ਹੁਨਰ ਵੱਕਾਰ,ਵਿੱਚੇ ਦੱਸੇਂ ਆਤਮਾ। ਪੰਜੇ ਚੋਰਾਂ ਨਾਲ,ਵਸੇ ਪਰਮਾਤਮਾ। ਇਨ੍ਹਾਂ ਵਿੱਚੋਂ ਤੁੱਲੇ,ਜਿੰਦ ਮਹਿੰਗੇ ਮੋਲਦੀ। ਨੌਂਅ ਰਸੀ ਕਵਿਤਾ, ਬੰਦੇ ਚੋਂ ਬੋਲਦੀ। ਕਲਮ ਰੁਪੀਏ ਦੀ,ਵਿਚਾਰ ਲੱਖ ਨੇ। ਰਸਹੀਂਣ ਬੋਲ,ਸੁੱਕੇ ਹੋਏ ਕੱਖ ਨੇ। ਕੀਮਤ ਬਾਜ਼ਾਰੀ, ਢਿੱਲੋਂ ਅਣਮੋਲ ਦੀ। ਨੌਂਅ ਰਸੀ ਕਵਿਤਾ, ਬੰਦੇ ਚੋਂ ਬੋਲਦੀ।
ਕੁੰਡਲੀ ਛੰਦ (ਸਯਾਨ ਕੁੰਡਲੀਆਂ ਦਾ ਰੂਪ)
ਮਰ ਮਰ ਪੱਕਦੀ ਹੈ,ਰੋਟੀ ਮਜ਼ਦੂਰ ਘਰ। ਘਰ ਘਰ ਚੁੱਲ੍ਹਾ ਠੰਡਾ,ਔਖਾ ਜਲੇ ਕੰਮ ਕਰ। ਕਰ ਕਰ ਹੀਲਾ ਜੀਣਾ ਘੂਰਾਂ ਦੁਤਕਾਰ ਜਰ। ਜਰ ਜਰ ਠੋਕਰਾਂ ਨੂੰ, ਰੁਖਾ ਟੁੱਕ ਲੂਣ ਧਰ। ਧਰ ਧਰ ਧੀਰਜ ਨੂੰ,ਧੱਕੇ ਪੈਂਦੇ ਦਰ ਦਰ। ਦਰ ਦਰ ਗੋਹਾ ਕੂੜਾ,ਖੈੜ੍ਹਾ ਛੁੱਟੇ ਮਰ ਮਰ।
ਪੈਂਤੀ ਦਾ ਉਚਾਰਨ ਸਥਾਨ
ਆਓ ਭਾਈ ਗੱਲ ਆਪਾਂ, ਕਰੀਏ ਪੰਜਾਬੀ ਵਾਲੀ, ਗੁਰਮੁੱਖੀ ਲਿੱਪੀ ਵਾਲੇ,ਵਰਨ ਸਿਖਾਈਏ ਜੀ। ਬੋਲਦਾ ਵਰਨਮਾਲਾ, ਵਿੱਚ ਕਿਹੜਾ ਕਿਹੜਾ ਕਿੰਝ, ਓਵੇ ਜਿਵੇਂ ਬੋਲਣੇ ਦਾ,ਢੰਗ ਸਮਝਾਈਏ ਜੀ। ਊੜਾ ਬੋਲੇ ਹੋਠਾਂ ਵਿਚੋਂ,ਐੜਾ ਕੰਠ ਈੜੀ ਤਾਲੂ, ਹਾਹਾ ਕੰਠ ਸੱਸਾ ਦੰਦੋ,ਬੋਲ ਬਤਲਾਈਏ ਜੀ। ਕੱਕਾ ਖੱਖਾ ਗੱਗਾ ਘੱਘਾ,ਕੰਠ ਵਿੱਚੋਂ ਬੋਲਦੇ ਨੇ, ਙੰਙਾ ਕੰਠ ਨਾਲ ਵਾਜ,ਨੱਕ ਦੀ ਰਲਾਈਏ ਜੀ। ਚੱਚਾ ਛੱਛਾ ਜੱਜਾ ਝੱਝਾ,ਤਾਲੂਏ ਚੋਂ ਬੋਲਦੇ ਨੇ, ਞੰਞਾ ਨਾਲ ਤਾਲੂਆ ਤੇ,ਨੱਕ ਨੂੰ ਮਿਲਾਈਏ ਜੀ। ਟੈਂਕਾ ਠੱਠਾ ਡੱਡਾ ਢੱਢਾ, ਚਾਰਾਂ ਦੀ ਅਵਾਜ਼ ਮੂਧਾ, ਣਾਣਾ ਮੂਧਾ ਨੱਕ ਵਿੱਚੋਂ, ਬੋਲਕੇ ਵਿਖਾਈਏ ਜੀ। ਤੱਤਾ ਥੱਥਾ ਦੱਦਾ ਧੱਧਾ, ਜੀਭਾਂ ਲੱਗੇ ਦੰਦਾਂ ਨਾਲ, ਨੱਨਾ ਦੰਦ ਨੱਕ ਵਿੱਚੋਂ,ਧੁਨੀ ਗਿਆਨ ਪਾਈਏ ਜੀ। ਪੱਪਾ ਫੱਫਾ ਬੱਬਾ ਭੱਭਾ,ਮੱਮਾ ਵਾਵਾ ਹੋਂਠਾ ਵਿੱਚੋਂ, ਗੱਲ ਮੇਰੀ ਮੰਨ ਲੈਣਾ,ਕਦੇ ਨਾ ਭੁਲਾਈਏ ਜੀ। ਯਈਯਾ ਤਾਲੂ ਰਾਰਾ ਮੁੱਖੋਂ,ਲੱਲਾ ਜੀਭਾਂ ਦੰਦਾਂ ਨਾਲ, ਲੱਗਦੀ ਹੈ ਜਦੋਂ ਭਾਈ,ਉਦੋ ਬੋਲ ਜਾਈਏ ਜੀ। ੜਾੜੇ ਦੀ ਆਵਾਜ਼ ਆਵੇ,ਮੂਧਾ ਵਿੱਚੋਂ ਸੁਣੋ ਵੀਰੋ, ਹੋਗੀ ਪੂਰੀ ਪੈਂਤੀ ਮੇਰੀ,ਗੱਲ ਨੂੰ ਮੁਕਾਈਏ ਜੀ। ਜਾਣੇ ਅਣਜਾਣੇ ਵਿੱਚ,ਹੋਈ ਕੋਈ ਭੁੱਲ ਮੈਥੋਂ, ਹੱਥ ਜੋੜ ਬੇਨਤੀ ਹੈ,ਬੁਰਾ ਨਾ ਮਨਾਈਏ ਜੀ। ਨਾਮ ਹੈ ਕਰਮਜੀਤ,ਪੁੱਤਰ ਪੰਜਾਬ ਦਾ ਹਾਂ, ਹੋਣ ਦਾ ਪੰਜਾਬੀ ਸਾਰੇ, ਫਰਜ਼ ਨਿਭਾਈਏ ਜੀ।
ਮੁਹਾਰਨੀ
ਲਘੂ ਹੁੰਦੀ ਛੋਟੀ,ਮਾਤਰਾ ਪਿਆਰਿਓ। ਗੁਰੂ ਦੀ ਅਵਾਜ਼,ਵੱਡੀ ਸਤਿਕਾਰਿਓ। ਦੋਨਾਂ ਸੰਗ ਚਾਲ,ਬੰਨਕੇ ਉਚਾਰ ਨੀ। ਪਿੰਗਲ ਦੀ ਰੂਹ,ਲੋਕੋ ਹੈ ਮੁਹਾਰਨੀ। ਪੰਜ ਪੰਜ ਅੱਖਰ,ਨੇ ਸੱਤ ਵਾਰ ਜੀ। ਸੱਤੋ ਪਾਜਾ ਪੈਂਤੀ,ਧੁੰਨੀ ਦਾ ਵਿਚਾਰ ਜੀ। ਵਰਣ ਤੇ ਲਗ, ਸਮੇਂ ਨੂੰ ਪੁਕਾਰ ਨੀ। ਪਿੰਗਲ ਦੀ ਰੂਹ,ਲੋਕੋ ਹੈ ਮੁਹਾਰਨੀ। ਕੱਤੀ ਰੂਪ ਪੂਰੇ,ਗਣ ਪ੍ਰਸਤਾਰ ਹੈ। ਕੱਚੇ ਪੱਕੇ ਵਾਲਾ,ਝੂਠਾ ਪਰਚਾਰ ਹੈ। ਗੁਣ ਕਰ ਗਣ,ਬਿੰਬ ਨੂੰ ਸ਼ਿੰਗਾਰ ਨੀ। ਪਿੰਗਲ ਦੀ ਰੂਹ,ਲੋਕੋ ਹੈ ਮੁਹਾਰਨੀ। ਦਗਧ ਦਾ ਤੋੜ, ਜਾਣੋਂ ਗੁਰੂ ਮਾਤਰਾ। ਛੰਦ ਹੋਵੇ ਸ਼ੁੱਧ,ਆਵੇ ਸ਼ੁਰੂ ਮਾਤਰਾ। ਕੱਢ ਦੇਂਦੀ ਦੋਸ਼,ਯੁਗਤ ਵਿਚਾਰ ਨੀਂ। ਪਿੰਗਲ ਦੀ ਰੂਹ ਲੋਕੋ ਹੈ ਮੁਹਾਰਨੀ। ਦੋਨਾਂ ਜਾਤਾਂ ਵਿੱਚ,ਪੰਜ ਰੂਪ ਛੰਦ ਦੇ। ਪੰਜੇ ਨਾਪ ਤੋਲ,ਪੂਰੇ ਹੋਣ ਬੰਦ ਦੇ। ਰਸ ਰੂਪੀ ਕਲੀ, ਨਿਯਮ ਦੀ ਧਾਰਨੀ। ਪਿੰਗਲ ਦੀ ਰੂਹ ਲੋਕੋ ਹੈ ਮੁਹਾਰਨੀ। ਨੌਂਅ ਦਰਵਾਜ਼ੇ,ਰਸ ਨੇ ਅਨੰਦ ਦੇ। ਗੁੱਝੇ ਭੇਤ ਬੜੇ, ਵਿਧੀਆਂ ਦੀ ਤੰਦ ਦੇ। ਢਿੱਲੋਂ ਦੀ ਦਲੀਲ, ਠੋਸ ਵਾਧੂ ਭਾਰ ਨੀ। ਪਿੰਗਲ ਦੀ ਰੂਹ ਲੋਕੋ ਹੈ ਮੁਹਾਰਨੀ।
ਗੱਲ (ਕਬਿੱਤ ਛੰਦ)
ਛੱਡ ਦੇਣੀ ਚੰਗੀ ਹੁੰਦੀ, ਗੱਲ ਜੋ ਕਲੇਸ਼ ਪਾਵੇ, ਗੱਲਾਂ ਗੱਲਾਂ ਵਿੱਚ ਐਵੇਂ, ਗੱਲ ਨੀ ਵਧਾਈ ਦੀ। ਗੁੱਸੇ ਵਿੱਚ ਬੋਲੀ ਗੱਲ,ਮਸਲੇ ਵਿਗਾੜ ਦਿੰਦੀ, ਵਿਗੜ ਕੇ ਗਾਲ੍ਹ ਬਣੇ,ਜੜ੍ਹ ਜੋ ਲੜਾਈ ਦੀ। ਛੋਟੀ-ਮੋਟੀ ਗੱਲ ਬਾਤ, ਬਣ ਜਾਂਦੀ ਵੱਡੀ ਹੈ ਜੀ, ਪਟਰੌਲ ਕੋਲ਼ੇ ਕਦੇ,ਤੀਲੀ ਨੀ ਜਲ਼ਾਈ ਦੀ। ਦੋ ਦੋ ਕਰ ਚਾਰ ਬਣੇ, ਖੰਭਾਂ ਬਿੰਨ੍ਹਾਂ ਡਾਰ ਬਣੇ, ਭੁੱਲਕੇ ਵੀ ਮਿਹਣੇ ਮਾਰ, ਗੱਲ ਨੀ ਸੁਣਾਈ ਦੀ। ਸਮੇਂ ਨਾਲ਼ ਭਰ ਜਾਂਦੇ,ਫੱਟ ਤਲਵਾਰਾਂ ਵਾਲ਼ੇ, ਮਾੜੇ ਬੋਲ ਬੋਲਕੇ ਨੀਂ, ਰੂਹ ਤੜਫ਼ਾਈ ਦੀ। ਆਖ਼ਦੇ ਸਿਆਣੇ ਸਦਾ, ਜੀਭਾ ਤਾਈਂ ਕਾਬੂ ਰੱਖੋ, ਬਿਨਾਂ ਤੋਲੇ ਬੋਲੀਏ ਤਾਂ, ਇੱਜ਼ਤ ਗਵਾਈ ਦੀ। ਮਿਲਦੇ ਦੋ ਦਿਲ਼ਾਂ ਵਿੱਚ,ਭਾਨੀ ਮਾਰ ਭਾਨੀ ਮਾਰੇ, ਲਾਹਣਤ ਦੀ ਗੱਲ ਜਾਣੋ, ਗੱਲ ਹੈ ਬੁਰਾਈ ਦੀ। ਚੁਗਲਾਂ ਨੂੰ ਚੁਗਲੀ ਚੋਂ,ਮਿਲਦਾ ਨਾ ਜਸ ਕਦੇ, ਖੱਟੇ ਬਦਨਾਮੀ ਲੋਕੋ, ਗੱਲ ਹੈ ਸੱਚਾਈ ਦੀ । ਅਮਲੀ ਫ਼ਰੇਬੀ ਠੱਗ,ਕਰੀ ਜਾਵੇ ਲੱਖ ਭਾਵੇਂ, ਇਨ੍ਹਾਂ ਮੂੰਹੋਂ ਫੱਬਦੀ ਨਾ, ਗੱਲ ਸਚਿਆਈ ਦੀ। ਤੋਤਲੀ ਜ਼ਬਾਨ ਵਿੱਚੋਂ,ਬੋਲਦੇ ਕਬੋਲ ਬੱਚਾ, ਹਾਸੇ ਵਿੱਚ ਟਾਲ਼ ਦੇਈਏ, ਗੱਲ ਭੁੱਲ ਜਾਈ ਦੀ। ਪੁਲਿਸ ਵਕੀਲਾਂ ਕੋਲ਼ੋਂ, ਡਾਕਟਰ ਹਕੀਮਾਂ ਕੋਲ਼ੋਂ, ਬਚ ਰਹੀਏ ਚੰਗੀ ਗੱਲ,ਪੂੰਜੀ ਨੀ ਲੁਟਾਈ ਦੀ। ਚਿੰਤਾ ਦੀ ਬੀਮਾਰੀ ਜ਼ਿੰਦ, ਵਿੱਚੋਂ ਵਿੱਚ ਖਾਈ ਜਾਵੇ, ਸ਼ੱਕ ਅਤੇ ਵਹਿਮ ਨੂੰ ਤਾਂ ,ਲੋੜ ਨੀਂ ਦਵਾਈ ਦੀ। ਗਿਆਨ ਵਾਲ਼ੀ ਗੱਲ ਲੋਕੋ, ਮਿਲਦੀ ਸਕੂਲਾਂ ਵਿੱਚੋਂ, ਸ਼ੇਰਨੀ ਦੇ ਦੁੱਧ ਜਿਹੀ, ਤਾਕਤ ਪੜ੍ਹਾਈ ਦੀ। ਹੁਨਰ ਉਹ ਪਾਰਸ ਹੈ, ਜ਼ਿੰਦਗੀ ਬਣਾਵੇ ਸੋਨਾ, ਮਿਹਨਤ ਕਮਾਈ ਨਾਲ਼ , ਗੱਲ ਸਿੱਖ ਜਾਈ ਦੀ। ਫੱਕਰ ਫ਼ਕੀਰ ਗੱਲ, ਰਮਜ਼ਾਂ 'ਚ ਦੱਸ ਦਿੰਦੇ, ਬੋਲਦੇ ਨੇ ਘੱਟ ਮੂੰਹੋਂ, ਰਮਜ਼ ਖੁਦਾਈ ਦੀ। ਕੰਮੇ ਵਾਲ਼ਾ ਛੰਦਾਬੰਦੀ, ਸਿੱਖ ਰਿਹਾ ਭੰਮੇਂ ਜੀ ਤੋਂ, ਕਹੀ ਹੋਈ ਗੁਰੂ ਜੀ ਦੀ, ਗੱਲ ਵਡਿਆਈ ਦੀ।
ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ
ਫੜਕੇ ਪਟਾਰੀ ਵਿੱਚ ਪਾਉਣਾ ਜਾਣਦੇ। ਬੀਨ ਉੱਤੇ ਨਾਗਾਂ ਨੂੰ ਨਚਾਉਣਾ ਜਾਣਦੇ। ਬੋਝੇ ਵਿੱਚ ਤੋੜ ਕੋਬਰੇ ਦੇ ਡੰਗਦੇ। ਯੋਗੀਆਂ ਦੇ ਪੁੱਤ ਸਦਾ ਖ਼ੈਰ ਮੰਗਦੇ। ਸਾਧਾਂ ਵਾਲੇ ਭੇਸ ਮੂੰਹੋਂ ਘੱਟ ਬੋਲਦੇ। ਤੱਕੜੀ ਚ ਪਾਕੇ ਪਰਬਤ ਤੋਲਦੇ। ਹੁੰਦੇ ਨਾ ਦਿਖਾਵੇ ਗੁਣ ਵਾਲੇ ਢੰਗਦੇ। ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ। ਦਰ ਦਰ ਅਲਖ ਜਗਾਈ ਜਾਂਵਦੇ। ਹੱਸ ਹੱਸ ਵਖ਼ਤ ਲੰਘਾਈ ਜਾਂਵਦੇ। ਲੋਕਾਂ ਨਾਲ ਲੜਕੇ ਨੀਂ ਵੈਰ ਮੰਗਦੇ। ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ। ਟੁੱਟੇ ਨਹੀਂ ਹਾਲੇ ਤੇਰੇ ਦੰਦ ਦੁੱਧ ਦੇ। ਵੰਡ ਨਾ ਤੂੰ ਐਂਵੇ ਪਰਮਾਣ ਬੁੱਧ ਦੇ। ਤੈਨੂੰ ਨਹੀਂ ਭੇਤ ਬੀਬਾ ਏਸ ਰੰਗ ਦੇ। ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ। ਕੰਨਾਂ ਵਿੱਚ ਮੁੰਦਰਾਂ ਪਾ ਗੁਰ ਧਾਰਿਆ। ਬੰਨਿਆ ਲੰਗੋਟ ਉੱਦੋ ਆਪਾ ਮਾਰਿਆ। ਡੋਲਦੇ ਨੀਂ ਸੁਣ ਛਣਕਾਰੇ ਵੰਗਦੇ। ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ। ਜ਼ਿੰਦਗੀ ਬਿਲਾਸ ਵਿੱਚੋਂ ਪਾਠ ਦੱਸਿਆ। ਗੁੱਝੀ ਜਿਹੀ ਬਾਬਾ ਮੁਸਕਾਨ ਹੱਸਿਆ। ਲੋਰ ਚੜ੍ਹੇ ਜਿਵੇਂ ਪੀਤੇ ਸੂਟੇ ਭੰਗਦੇ। ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ। ਵਖ਼ਤ ਦੇ ਗੇੜ ਕੋਲੋਂ ਡਰ ਸੱਜਣਾਂ। ਕਾਸਦਾ ਹੰਕਾਰ ਰਿਹਾ ਕਰ ਸੱਜਣਾ। ਮੌਤ ਵੇਲ਼ੇ ਢਿੱਲੋਂ ਕਾਫ਼ਲੇ ਨਾ ਸੰਗਦੇ। ਯੋਗੀਆਂ ਦੇ ਪੁੱਤ ਸਦਾ ਖੈਰ ਮੰਗਦੇ
ਪਯਾਰ ਛੰਦ
ਹਵਾ ਵਿੱਚ ਆਵਾਂ ਨਾ ਜੀ,ਸੁਣਲੋ ਜਨਾਬ। ਕਵਿਤਾ ਹੈ ਜ਼ਿੰਦ ਜਾਨ,ਬਿੰਬ ਮੇਰੇ ਖ਼ਾਬ। ਖਾਣਾ ਪੀਣਾ ਲਿਖਣਾ ਤੇ, ਸ਼ੌਕ ਨਹੀਓ ਹੋਰ। ਛੰਦ ਲਿਖਣੇ ਦੀ ਬਾਬਾ,ਚੜੀ ਰਹੇ ਲੋਰ। ਸੱਚ ਪੈਂਦਾ ਮਹਿੰਗਾ ਬੜਾ, ਦੇਂਦਾ ਹਾਂ ਜੋ ਬੋਲ। ਲੀਰਾਂ ਵਾਲੀ ਖਿੱਦੋ ਦੇਵਾਂ, ਪਲਾਂ ਵਿੱਚ ਖੋਲ੍ਹ। ਡਰ ਕਾਹਦਾ ਅੱਗੇ ਹੋਵੇ,ਰਾਜਾ ਭਾਵੇ ਚੋਰ। ਛੰਦ ਲਿਖਣੇ ਦੀ ਬਾਬਾ, ਚੜੀ ਰਹੇ ਲੋਰ। ਮੂਰਖਾਂ ਦਾ ਚੇਲਾ ਜਾਣੋਂ,ਚਤਰਾ ਦਾ ਬਾਪ। ਸ਼ਕਲਾਂ ਚੋਂ ਅਕਲਾਂ ਦੇ,ਮੁੱਲ ਲੈਂਦਾ ਨਾਪ। ਝੂਠੇ ਦੇ ਉਡਾਵਾਂ ਤੋਤੇ, ਬਿਨਾਂ ਪਾਏ ਸ਼ੋਰ। ਛੰਦ ਲਿਖਣੇ ਦੀ ਬਾਬਾ, ਚੜੀ ਰਹੇ ਲੋਰ। ਫਾਲਤੂ ਦਿਖਾਵੇ ਕੋਲੋਂ, ਕੋਹਾਂ ਦਰ ਦੂਰ। ਸ਼ਬਦਾਂ ਨੂੰ ਪੜ੍ਹ ਦੂਣਾ, ਚੜ੍ਹਦਾ ਸਰੂਰ। ਪਿੰਗਲ ਵਿਧਾਨ ਚੱਲਾ, ਤਰਜ਼ ਦੀ ਤੋਰ। ਛੰਦ ਲਿਖਣੇ ਦੀ ਬਾਬਾ, ਚੜੀ ਰਹੇ ਲੋਰ। ਬਾਪੂ ਹਰਚੰਦ ਢਿੱਲੋਂ, ਗੁਰੂ ਭੰਮੇ ਸਾਬ੍ਹ। ਪਿੰਡ ਕੰਮਾਂ ਖੰਨੇ ਨੇੜੇ,ਵਸਾ ਮੈਂ ਪੰਜਾਬ। ਖੇਤਾਂ ਵਿੱਚ ਘਰ ਮੇਰਾ,ਜਿੱਥੇ ਗਾਉਂਦੇ ਮੋਰ। ਛੰਦ ਲਿਖਣੇ ਦੀ ਬਾਬਾ, ਚੜੀ ਰਹੇ ਲੋਰ।
ਕੋਰੜਾ ਛੰਦ
ਸ਼ਬਦ ਮੁਰੀਦੀ, ਕਵਿਤਾ ਦੀ ਲੋਰ ਨੂੰ। ਪਿੰਗਲ ਦਾ ਗੁਣ,ਚਮਕਾਵੇ ਜ਼ੋਰ ਨੂੰ। ਠੋਸ ਨੇ ਦਲੀਲਾਂ, ਤਲਵਾਰ ਧਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। ਮੰਗਲਾ ਚਰਨ,ਸੱਚੀ ਓਟ ਤੱਕਕੇ। ਮੱਥੇ ਨਾਲ ਲਾਵਾਂ ਜੀ,ਕਲਮ ਚੱਕਕੇ। ਤਾਕਤ ਅਡੱਬੀਂ, ਮੰਨੇਂ ਸੰਸਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। ਕੋਰੜਾ ਡਿਓਡਾ, ਜਾਂ ਦਵੱਯਾ ਛੰਦ ਜੀ। ਨੌਅ ਰੂਪੀ ਰਸਾਂ,ਵਾਲੇ ਰਚਾ ਬੰਦ ਜੀ। ਰਾਗਾਂ ਦਾ ਅਲਾਪ, ਸੁੰਦਰ ਸ਼ਿੰਗਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। ਲੇਖਣੀ ਦੇ ਗਹਿਣੇ,ਨੇ ਅਲੰਕਾਰ ਜੋ। ਲਫ਼ਜ਼ਾਂ ਦੇ ਬਿੰਬ,ਵਾਲੇ ਗੁੰਦੇ ਹਾਰ ਜੋ। ਮਨਾਂ ਤਾਈਂ ਮੋਂਹਦੇ,ਨੇ ਵਜ਼ਨਦਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। ਮਾਤਰਾ ਵਰਨ,ਪੂਰੀ ਲੈਅ ਚਾਲ ਨੂੰ। ਕਾਫੀਏ ਦਾ ਬੰਨ੍ਹਣ,ਤੇ ਖੈਅ ਚਾਲ ਨੂੰ। ਅੱਖਰ ਤੇ ਅੱਖਰ,ਦਾ ਪੂਰਾ ਭਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। ਵਰਤੋਂ ਗਣਾਂ ਦੀ,ਪਸਤਾਰ ਮੰਨਕੇ। ਨਿਯਮ ਦਾ ਪੂਰਾ,ਜੀ ਧਿਆਨ ਬੰਨਕੇ। ਕੁੱਲ ਜੋੜ ਜਾਤੀ,ਵਾਲਾ ਵਿਸਥਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। ਗੁਰੂ ਭੰਮੇਂ ਪਿਤਾ,ਡਿੱਖਾ ਵਾਲਾ ਲਾਣਾ ਜੀ। ਰੇਵਤੀ ਰਮਨ,ਦਾਦੇ ਦਾ ਘਰਾਣਾ ਜੀ। ਬ੍ਰਹਮਾ ਨੰਦ ਜੀ,ਦੀ ਕਰਨੀ ਅਪਾਰ ਜੀ। ਕਿਰਪਾ ਗੁਰੂ ਜੀ, ਛੰਦਾਂ ਤੇ ਬਹਾਰ ਜੀ। (ਉਸਤਾਦਾਂ ਦੇ ਉਸਤਾਦ ਪੰਡਿਤ ਛੱਜੂ ਸਿੰਘ ਦੰਦਰਾਲਾ ਸਾਹਿਬ ਕੋਟਿਨ ਕੋਟਿ ਪ੍ਰਣਾਮ ਮਹਾਂਪੁਰਸ਼ਾ ਨੂੰ ਜੀਓ ।)
ਚੌਂਕੜੀ ਕਬਿੱਤ ਛੰਦ
ਵਿਦਵਾਨ ਦੱਸਦੇ ਨੇ, ਲਘੂ ਅਤੇ ਗੁਰੂ ਬਿਨਾਂ, ਮਾਤਰਾ ਦੇ ਰੂਪ ਹੋਰ,ਕਰਾਂ ਮੈਂ ਬਿਆਨ ਜੀ। ਭਰੋਂ ਜੇ ਹੁੰਗਾਰਾ ਤੁਸੀਂ,ਬਾਤ ਅੱਗੇ ਤੋਰਦਾ ਹਾਂ, ਗੁਰੂ ਜੀ ਦੇ ਚਰਨਾਂ ਚ,ਰੱਖਕੇ ਧਿਆਨ ਜੀ। ਤੱਕਾਂ ਓਟ ਮਾਲਕ ਦੀ,ਕਲਮ ਉਠਾਵਾਂ ਫੇਰ, ਬਾਪੂ ਜੀ ਨੇ ਦੱਸਿਆ ਸੀ,ਨੁਕਤਾ ਮਹਾਨ ਜੀ। ਕੁੱਜੇ ਚ ਸਮੁੰਦਰ ਹੈ,ਭਰ ਦਿੱਤਾ ਛੱਜੂ ਸਿੰਘ, ਓਸੇ ਵਿੱਚੋਂ ਛਿੱਟ ਲੈਕੇ, ਲਿਖਾਂ ਮੈਂ ਨਦਾਨ ਜੀ।੩੬ ਮੁਕਤਾ ਸਿਹਾਰੀ ਅਤੇ, ਔਂਕੜ ਇਹ ਤਿੰਨਾਂ ਵਿੱਚੋਂ, ਆਉਂਦੀ ਹੈ ਅਵਾਜ਼ ਘੱਟ,ਲਘੂ ਦਾ ਗਿਆਨ ਜੀ। ਚੱਕਰ ਮੁਹਾਰਨੀ ਦਾ, ਲਗਾਂ ਤਾਈਂ ਦਸ ਜਾਣੋਂ, ਆਅ ਈੲ ਓਹ ਅੰਨ,ਆਂਅ ਦਾ ਨਿਸ਼ਾਨ ਜੀ। ਅੱਗੇ ਮੁੱਖ ਚਾਰ ਰੂਪ,ਗਿਣਤੀ ਹੈ ਵੀਹ ਤੱਕ, ਪੁੱਠੇ ਅਤੇ ਸਿੱਧੇ ਵਾਲਾ,ਕਰਮ ਵਿਧਾਨ ਜੀ। ਕੁੱਜੇ ਚ ਸਮੁੰਦਰ ਹੈ, ਭਰ ਦਿੱਤਾ ਛੱਜੂ ਸਿੰਘ, ਓਸੇ ਵਿੱਚੋਂ ਛਿੱਟ ਲੈਕੇ, ਲਿਖਾਂ ਮੈਂ ਨਦਾਨ ਜੀ।੩੨ ਮੱਤ ਮੱਤਾ ਕਲ ਕਲਾ, ਘਰ ਜਦੋਂ ਨੌਵੇਂ ਜਾਵੇ, ਕੋਠਾ ਕੁੱਲ ਜੋੜ ਵਾਲਾ,ਚਾਲ ਦੇ ਸਮਾਨ ਜੀ। ਵਰਤਕ ਸੂਚੀ ਕੋਸ਼, ਨਸ਼ਟ ਉਦਿਸਟ ਮੇਰੂ, ਮੱਕੜੀ ਪਤਾਕਾ ਗੁਣ,ਲੈਣਾ ਫੇਰ ਜਾਨ ਜੀ। ਦਗਧ ਤੇ ਚੰਦਲ ਦਾ,ਗੂੰਗਾ ਭੇਤ ਖੁੱਲ੍ਹ ਜਾਣਾ, ਰਟੇ ਹੋਏ ਤੋਤੇ ਵਾਂਗੂ, ਚੱਲਣੀ ਜ਼ੁਬਾਨ ਜੀ। ਕੁੱਜੇ ਚ ਸਮੁੰਦਰ ਹੈ ਭਰ ਦਿੱਤਾ ਛੱਜੂ ਸਿੰਘ ਓਸੇ ਵਿੱਚੋਂ ਛਿੱਟ ਲੈਕੇ ਲਿਖਾਂ ਮੈਂ ਨਦਾਨ ਜੀ।੧੬ ਸ਼ਬਦਾਂ ਦੇ ਮੋਤੀ ਗਹਿਣੇ,ਬਣਕੇ ਅਲੰਕਾਰੀ, ਗਣਕ ਦੇ ਛੰਦਾਂ ਵਾਲੀ,ਵਿਸਮ ਦੀ ਸ਼ਾਨ ਜੀ। ਐਸੇ ਮਹਾਂਪੁਰਸ਼ਾਂ ਦੇ,ਜਾਵੇ ਬਲਿਹਾਰੇ ਢਿੱਲੋਂ, ਕੁੱਲ ਜੋੜ ਕਿੱਸਿਆਂ ਤੇ, ਲਿਖਿਆ ਅਸਾਨ ਜੀ। ਵੇਖਕੇ ਗਿਆਨ ਥੋਡਾ,ਸਿਜਦਾ ਹਜ਼ਾਰ ਕਰੇ, ਮੂਰਖ਼ ਕਰਮਜੀਤ,ਜਾਵੇ ਕੁਰਬਾਨ ਜੀ। ਕੁੱਜੇ ਚ ਸਮੁੰਦਰ ਹੈ, ਭਰ ਦਿੱਤਾ ਛੱਜੂ ਸਿੰਘ, ਓਸੇ ਵਿੱਚੋਂ ਛਿੱਟ ਲੈਕੇ, ਲਿਖਾਂ ਮੈਂ ਨਦਾਨ ਜੀ।੮
ਅਧਰ ਵਿਛੋੜ ਦੋਹਰਾ ਛੰਦ
(ਅਧਰ ਵਿਛੋੜ ਅਲੰਕਾਰ ਦਾ ਰੂਪ ਹੁੰਦਾ ਹੈ । ਪਿੰਗਲ ਵਿੱਚ ਛੰਦਾਂ ਬੰਦੀ ਦਾ ਪੰਜਵਾਂ ਰੂਪ) ਨੈਣਾਂ ਨੂੰ ਲਤ ਦੀਦ ਦੀ,ਕੈਸਾ ਲੋਕੋ ਰੋਗ। ਜੇ ਨਾ ਦਿਸਦਾ ਯਾਰ ਹੈ,ਹੰਝੂ ਕਰਦੇ ਸੋਗ।
ਉੱਚੀ ਕਾਵਿ ਉਡਾਰੀ
ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਭਰ ਰੰਗਤ ਮੇਹਰਾਂ ਦੀ, ਕੋਰੀ ਚਿੱਟੀ ਮਨ ਦੀ ਚਾਦਰ ਭਰ ਜਾਵੇ ਜੇ ਖਾਲੀ, ਹੋਜੇ ਕਿਸੇ ਕੰਮ ਦੀ ਗਾਗਰ ਦੁਨੀਆਂ ਦੀ ਮੰਡੀ ਚੋਂ, ਭਾਲਦੀ ਰੂਹ ਗੁਰੂ ਨੂੰ ਹਾਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਕੋਈ ਬੋਤਲ ਮੰਗਦਾ ਹੈ, ਕੋਈ ਮੰਗੇ ਨੋਟ ਕਰਾਰੇ ਸਿੱਖਣੇ ਦੀ ਮੰਨਸ਼ਾ ਹੈ, ਕੱਢਕੇ ਚੱਕਰ ਨੇ ਜੋ ਹਾਰੇ ਲੁੱਟਦੇ ਨਾਂ ਵਿਦਿਆ ਤੇ, ਬਣਕੇ ਆਪੇ ਬੜੇ ਲਿਖਾਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਜੋ ਕਵਿਤਾ ਸੋਧ ਰਿਹਾ,ਰੱਖਕੇ ਮੁੱਲ ਓਸ ਤੇ ਪੱਕਾ ਇੱਕ ਪਰਦੇ ਅੰਦਰ ਜੀ, ਚੱਲਦਾ ਵਿੱਚ ਬਜ਼ਾਰਾਂ ਧੱਕਾ ਉਸਤਾਦ ਨਿਰਾਲੇ ਨੇ,ਆਖਿਰ ਕਰ ਜਾਂਦੇ ਹੁਸ਼ਿਆਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਸਾਡੇ ਨਾਂ ਵੱਡੇ ਨੇ, ਲੈਂਦਾ ਕੋਈ ਨਹੀਂ ਹੈ ਟੱਕਰ ਸਾਡੀ ਬਦਮਾਸ਼ੀ ਹੈ,ਜੀ ਉਂਝ ਲੋਕ ਆਖਦੇ ਫੱਕਰ ਜੇ ਪੁੱਛ ਸਵਾਲ ਲਵੋ, ਕਰਦੇ ਟਾਈਮ ਪਾਉਣ ਦੀ ਤਿਆਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਸਿਰ ਅੱਗੇ ਕਰਦੇ ਨੇ, ਰੱਖੋ ਪੱਗ ਤੇ ਮੌਜਾਂ ਮਾਣੋ ਬੜੀ ਚਰਚਾ ਹੋਜੂਗੀ, ਭਾਵੇ ਜਾਣੋ ਨਾ ਕੁੱਝ ਜਾਣੋ ਭਰਮਾਰ ਚੇਲਿਆਂ ਦੀ, ਅੰਨੀ ਸ਼ਰਧਾ ਦੀ ਮੁਖਤਿਆਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਮੈਂ ਓਸ ਜਾਤ ਦਾ ਹਾਂ,ਕਹਿਕੇ ਲੋਕਾਂ ਨੂੰ ਭਰਮਾਉਂਦੇ ਸਭ ਰੰਗ ਸਿਆਸ਼ਤ ਦੇ, ਵੇਖੋ ਗਿਰਗਿਟ ਵਾਂਗ ਬਟਾਉਂਦੇ ਲੇਖਕ ਤੇ ਜਾਤਾਂ ਦੀ,ਦੱਸੋ ਕੀ ਹੈ ਰਿਸ਼ਤੇਦਾਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ ਹੈ ਇੱਕ ਬੇਨਤੀ ਜੀ, ਣਾਣੇ ਨੱਨੇ ਬਾਰੇ ਦੱਸਣ ਨਾ ਤੁਸੀਂ ਹੁਮੈਤੀ ਹੋ, ਸੱਚ ਦੱਸਦੇ ਥੋਡੇ ਲੱਛਣ ਨਾ ਅਰਥ ਵਾਚਦੇ ਹੋ, ਢਿੱਲੋਂ ਬਹਿਰਾਂ ਨੇ ਮੱਤ ਮਾਰੀ ਦੇ ਨਵੀਆਂ ਕਲਮਾਂ ਨੂੰ, ਦਾਤਾ ਉੱਚੀ ਕਾਵਿ ਉਡਾਰੀ
ਗ਼ਜ਼ਲ
ਬਹਿਰ ਮੁਤਦਾਰਿਕ ਮੁਅਸ਼ਰ ਮਕਤੂਹ ਅਖ਼ਜ... ਰੁਕਨ. .ਫੇਲੁਨ ਫੇਲੁਨ ਫੇਲੁਨ ਫੇਲੁਨ ਫੇਲੁਨ ਫੇ .... ਖੁੰਭ ਨੂੰ ਕਹਿਣ ਮੁਨੱਕਾ ਭਾਈ ਸਭ ਚਲਦੈ। ਉਸਤਾਦਾਂ ਦਾ ਧੱਕਾ ਭਾਈ ਸਭ ਚਲਦੈ । ਵਾਹ ਵਾਹ ਬੱਲੇ ਬੱਲੇ ਲੋਕੀ ਆਖ ਰਹੇ । ਬਿਨ ਪਹੀਏ ਤੋਂ ਯੱਕਾ ਭਾਈ ਸਭ ਚਲਦੈ ।। ਬਹਿਰਾਂ ਖਾਤਰ ਅਰਥਾਂ ਨੂੰ ਜੋ ਮਾਰ ਰਹੇ । ਚੇਲੇ ਆਖਣ ਛੱਕਾ ਭਾਈ ਸਭ ਚਲਦੈ ।। ਕਹਿ ਕੇ ਵੇਖੋ ਸੱਚ ਤੇ ਰੌਲਾ ਪੈ ਜਾਂਦਾ । ਕੱਚਾ ਸਬਰ ਦਾ ਨੱਕਾ ਭਾਈ ਸਭ ਚਲਦੈ ।। ਬੱਕਰੀ ਵਾਂਗ ਇਕੱਠੇ ਚੇਲੇ ਹੋ ਜਾਵਣ । ਜਦ ਚਲਦਾ ਏ ਠੱਕਾ ਭਾਈ ਸਭ ਚਲਦੈ ।। ਢਿੱਲੋਂ ਉਪਰੋਂ ਸਾਧਾਂ ਵਾਲਾ ਬਾਣਾ ਹੈ । ਨੀਤੋਂ ਚੋਰ ਉਚੱਕਾ ਭਾਈ ਸਭ ਚਲਦੈ ।। ਭੁੱਲ ਜਾਂਦੇ ਨੇ ਕਾਫ਼ਿਰ ਬਾਬੇ ਨਾਨਕ ਨੂੰ । ਅੱਲਾ ਹੂ ਕੀ ਮੱਕਾ ਭਾਈ ਸਭ ਚਲਦੈ ।।