Punjabi Poetry : Kamaldeep Kaur 'Sonat'

ਪੰਜਾਬੀ ਕਵਿਤਾਵਾਂ : ਕਮਲਦੀਪ ਕੌਰ 'ਸੋਨਟ'


ਤੇਰੇ ਵਾਸਤੇ

ਦੱਸ ਮੈਨੂੰ ਮੇਰੀ ਧਰਤਿ ਕੀ ਕਰ ਸਕਦਾ ਹਾਂ, ਮੈਂ ਤੇਰੇ ਵਾਸਤੇ...! ਜਿਹੜੀ ਚੀਜ਼ ਦਾ ਬੋਝ ਹੈ ਤੈਨੂੰ ਉਹ ਚੀਜ਼ ਚੁੱਕ ਸਕਦਾ ਹਾਂ, ਮੈਂ ਤੇਰੇ ਵਾਸਤੇ...! ਜੋ ਕੋਈ ਤੈਨੂੰ ਤੰਗ ਕਰੇ ਉਸ ਨੂੰ ਸਮਝਾਂ ਸਕਦਾ ਹਾਂ, ਮੈਂ ਤੇਰੇ ਵਾਸਤੇ...! ਦੱਸ ਖਾਂ ਮੈਨੂੰ ਮੇਰੀ ਧਰਤਿ ਕੀ ਕਰ ਸਕਦਾ ਹਾਂ, ਮੈਂ ਤੇਰੇ ਵਾਸਤੇ...! ਤੇਰੇ ਸੀਨੇ 'ਚ ਜੋ ਛੇਦ ਕਰੇ,ਦੱਸ ਮੈਨੂੰ ਰੋਕ ਸਕਦਾ ਹਾਂ, ਮੈਂ ਤੇਰੇ ਵਾਸਤੇ...! ਤੇਰੀ ਰੂਹ ਨੂੰ ਜੋ ਜ਼ਖ਼ਮੀ ਕਰੇ,ਤੇਰੀ ਰੂਹ ਤੇ ਮੱਲ੍ਹਮ ਲਾ ਸਕਦਾ ਹਾਂ, ਮੈਂ ਤੇਰੇ ਵਾਸਤੇ...! ਕੁਝ ਤਾਂ ਬੋਲ ਮੇਰੀ ਪਿਆਰੀ ਧਰਤਿ,ਕੀ ਕਰ ਸਕਦਾ ਹਾਂ, ਮੈਂ ਤੇਰੇ ਵਾਸਤੇ...! ਕੀ ਕਰ ਸਕਦਾ ਹਾਂ ਮੈਂ ਤੇਰੇ ਵਾਸਤੇ...!

ਤੇਰੇ ਵਾਸਤੇ (ਧਰਤ ਦਾ ਜਵਾਬ)

ਗੱਲ ਸੁਣ ਵੇ ਮੇਰੇ ਨਾਦਾਨ ਪੰਛੀਆ,, ਨਾ ਬੋਝ ਮੈਨੂੰ ਪਰਬਤ,ਪਹਾੜਾਂ ਦਾ, ਨਾ ਬੋਝ ਮੈਨੂੰ ਨਦੀਆਂ ਸਮੁੰਦਰਾਂ ਦਾ,,! ਤਕੜਾ ਹੋ ਕੇ ਸੁਣੀਂ ਬੰਦਿਆ...! ਮੈਨੂੰ ਬੋਝ ਨਹੀਂ ਕਿਸੇ ਵੀ ਚੀਜ਼ ਦਾ,,, ਬੋਝ ਤਾਂ ਹੈ ਅਕ੍ਰਿਤਘਣਾ ਦਾ…! ਮੈਨੂੰ ਤੰਗੀ ਹੈ ਕਿਸੇ ਚੀਜ਼ ਦੀ,, ਤਾਂ ਤੰਗੀ ਹੈ ਅਕ੍ਰਿਤਘਣਾ ਦੀ...! ਮੇਰੇ ਸੀਨੇ 'ਚ ਛੇਦ ਹੋਇਆ ਕਿਸੇ ਕਾਰਣ,, ਤਾਂ ਹੈ ਉਹ ਅਕ੍ਰਿਤਘਣ...! ਮੇਰੀ ਰੂਹ ਨੂੰ ਜ਼ਖ਼ਮੀ ਕਰਿਆ ਕਿਸੇ ਨੇ,, ਤਾਂ ਹੈ ਉਹ ਅਕ੍ਰਿਤਘਣ...! ਇਹ ਅਕ੍ਰਿਤਘਣਾ ਨੂੰ ਮਿਟਾ ਦੇ ਬੰਦਿਆ ,, ਮੇਰੇ ਵਾਸਤੇ ਏਨਾ ਕੁ ਕਰ ਦੇ ਬੰਦਿਆ ...! ਮੇਰੇ ਵਾਸਤੇ ਏਨਾ ਕੁ ਕਰ ਦੇ ਬੰਦਿਆ...!

ਚੁੱਪ (੧)

ਚੁੱਪ ਨੂੰ ਅਸੀਂ ਲਭੀਏ ਚੁੱਪ ਕੀ ਹੁੰਦੀ ਏ,, ਚੁੱਪ ਰਹਿਣ ਵਾਲੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਸੋਚਾਂ 'ਚ ਡੁੱਬੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਅੱਖਾਂ ਦੀ ਬੋਲੀ ਬੋਲਣ ਵਾਲੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਪੀੜ ਸਹਿਣ ਵਾਲੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਦੁੱਖਾਂ 'ਚ ਮੁਸਕਰਾਉਣ ਵਾਲ਼ੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਕਲੇਸ਼ ਤੋਂ ਡਰਨ ਵਾਲ਼ੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਜ਼ੁਲਮ ਸਹਿਣ ਵਾਲ਼ੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, ਥਾਂ-ਥਾਂ ਤੇ ਠੋਕਰ ਖਾਣ ਵਾਲੇ ਨੂੰ ਪੁੱਛੋ, ਚੁੱਪ ਕੀ ਹੁੰਦੀ ਏ,, 'ਕਮਲ' ਪੁੱਛਣਾ ਏ ਤਾਂ ਕਿਸੇ ਲੇਖਕ ਕੋਲ ਜਾ ਪੁੱਛੋ, ਅਸਲ ਚੁੱਪ ਕੀ ਹੁੰਦੀ ਏ,,

ਚੁੱਪ (੨)

ਮੰਨਿਆ ਚੁੱਪ ਦਾ ਕੋਈ ਹੱਲ ਨਹੀਂ, ਤੇ ਬੋਲ-ਵਿਗਾੜੀ ਦਾ ਵੀ ਕੋਈ ਲਾਭ ਨਹੀਂ। ਮੰਨਿਆ ਚੁੱਪ ਦਾ ਕੋਈ ਜਵਾਬ ਨਹੀਂ, ਤੇ ਜ਼ਵਾਬਬਾਜ਼ੀ ਦੇ ਕਲੇਸ਼ ਦਾ ਵੀ ਕੋਈ ਲਾਭ ਨਹੀਂ। ਮੰਨਿਆ ਚੁੱਪ ਤੋਂ ਵੱਡੀ ਕੋਈ ਗ਼ਲਤਫ਼ਹਿਮੀ ਨਹੀਂ, ਤੇ ਵਿਵਾਦਬਾਜ਼ੀ ਦਾ ਕੋਈ ਲਾਭ ਨਹੀਂ। ਮੰਨਿਆ ਚੁੱਪ ਤੋਂ ਵੱਡੀ ਕੋਈ ਸ਼ਾਂਤੀ ਨਹੀਂ, ਤੇ ਉੱਚੀ ਬੋਲ ਤੋਂ ਵੱਡਾ ਕੋਈ ਸੋ਼ਰ ਨਹੀਂ।।

ਚੁੱਪ (੩)

ਉੱਠ ਪਈ 'ਕਮਲ' ਲੱਭਣ ਚਲੀ, ਚੁੱਪ ਦੀ ਪਰਿਭਾਸ਼ਾ। ਖ਼ੌਰੇ ਕਿਹੜੇ ਕਾਗ਼ਜ਼ ਤੇ ਰੱਖ ਭੁੱਲੀ, ਚੁੱਪ ਦੀ ਪਰਿਭਾਸ਼ਾ।

ਚੁੱਪ (੪)

ਸਾਡੀ ਚੁੱਪ ਤਾਂ ਹੁੰਗਾਰਾ ਵੀ ਨ੍ਹੀ ਦਿੰਦੀ, ਕਿ ਤੂੰ ਦੱਸ ਕੀ ਬੁੱਝ ਲੈ। ਅਸੀਂ ਖ਼ਬਰ ਨਾ ਦੇਈਏ ਜੀ ਖਿਆਲਾਂ ਦੀ , ਕਿ ਤੂੰ ਦੱਸ ਕੀ ਬੁੱਝ ਲੈ। ਸਾਨੂੰ ਬੁੱਝਣੇ ਦਾ ਰੋਗ ਨਾ ਲਾ ਲਵੀਂ, ਤੂੰ ਖ਼ੁਦ ਦੀ ਪਹਿਚਾਣ ਬੁੱਝ ਲੈ।।

ਚੁੱਪ (੫)

ਸੁਣਿਆ ਕਿ ਚੁੱਪ ਭਲੀ,ਤਾਂ ਹੀ ਚੁੱਪ ਰੱਖੀ ਏ। ਸਰਾਭੇ,ਭਗਤ ਹੋਰ ਦੀ,ਅਸੀਂ ਸੋਚ ਅਧੂਰੀ ਰੱਖੀ ਏ। ਬੋਲਣਗੇ ਹੁਣ ਲੋਕ ਸਾਡੇ,ਸਭ ਹੋਣੇ ਸੁਪਨੇ ਪੂਰੇ ਏ। ਸੁਕੂਨ ਦੇਈਏ ਉਨ੍ਹਾਂ ਰੂਹਾਂ ਨੂੰ,ਜਾਨਾਂ ਵਾਰ ਗਏ ਜੋ ਸੂਰੇ ਏ। ਚੱਕ' ਕਲਮ' ਚੁੱਪ ਤੋੜ ਤੂੰ,ਭਰ ਸਿਹਾਈ ਜੋ ਮੁੱਕੀ ਏ। ਮਾਰ ਚਲਾ ਕੇ ਚੁੱਪ ਦੋਸਤਾ,ਕਰ ਹਿੰਮਤ ਜੋ ਬੜੀ ਜ਼ਰੂਰੀ ਏ।।

ਕਿਸ ਕਿਸਮ ਦਾ ਕੁਫ਼ਰ

ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੈਂ ਕਿੰਝ ਕਿਸਮ ਦਾ ਕੁਫ਼ਰ ਹਾਂ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰਾ ਕਿਸ ਕਿਸਮ ਦਾ ਸਫ਼ਰ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰਾ ਕਿਸ ਕਿਸਮ ਦਾ ਮੁਕਾਮ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੰਜ਼ਿਲ ਮੇਰੀ ਆਖ਼ਰੀ ਮੁਕਾਮ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰਾ ਕਿਸ ਕਿਸਮ ਦਾ ਯਾਰ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰਾ ਕਿਸ ਕਿਸਮ ਦਾ ਵਰਤਾਓ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰੀ ਕਿਸ ਕਿਸਮ ਦੀ ਆਦਤ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰੀ ਕਿਸ ਕਿਸਮ ਦੀ ਇਬਾਦਤ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰਾ ਕਿਸ ਕਿਸਮ ਦਾ ਨਜ਼ਰੀਆ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੇਰੇ ਕੋਲ ਕਿਸ ਕਿਸਮ ਦੇ ਵਸੀਲੇ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਕਿਉ ਚੁੱਪ ਬੁੱਲ੍ਹਾਂ ਤੇ ਮੇਰੇ ਹੈ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੈਂ ਭੀੜ 'ਚ ਰੁਲਣਾ ਨਹੀਂ ਚਾਹੁੰਦਾ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੈਂ ਕਿਸੇ ਕਿਸੇ ਨਾਲ ਲੜਨਾ ਕਿਉ ਚਾਹੁੰਦਾ..। ਮੈਂ ਕਿੰਝ ਦਸਾਂ ਇਸ ਦੁਨੀਆਂ ਨੂੰ,, ਮੈਂ ਕੀ-ਕੀ ਕਰਨਾ ਕੀ ਚਾਹੁੰਦਾ..। ਮੈਂ ਕੀ- ਕੀ ਕਰਨਾ ਕੀ ਚਾਹੁੰਦਾ..।

ਕਾਫ਼ਿਰ

ਖ਼ੌਰੇ ਮੈਂ ਕੈਸਾ ਕਾਫ਼ਿਰ ਹਾਂ..! ਜੋ ਨਿੱਤ ਇਬਾਦਤ ਕਰਦਾ ਹਾਂ..। ਦਿਲ ਨਾ ਦੁੱਖ ਜਾਵੇ ਆਪਣੀਆਂ ਦਾ..! ਮੈਂ ਖ਼ੁਦ ਨਾਲ ਸ਼ਮਝੋਤੇ ਕਰਦਾ ਹਾਂ..। ਪੱਥਰਾਂ ਵਿੱਚ ਰੱਬ ਛੱਡ ਕੇ..! ਮੈਂ ਬੰਦਿਆਂ ਵਿੱਚ ਰੱਬ ਲੱਭਦਾ ਹਾਂ..। ਖ਼ੌਰੇ ਮੈਂ ਕੈਸਾ ਕਾਫ਼ਿਰ ਹਾਂ..! ਜੋ ਨਿੱਤ ਇਬਾਦਤ ਕਰਦਾ ਹਾਂ..। ਨਿੱਤ ਖ਼ੁਦ ਨਾਲ ਮੈਂ ਗੱਲਾਂ ਕਰਦਾ..! ਗੱਲਾਂ ਕਰਕੇ ਖ਼ੁਦ ਨੂੰ ਲੱਭਦਾ ਹਾਂ..। ਬੰਦਗ਼ੀ ਤਾਂ ਮੈਂ ਵੀ ਕਰਦਾ ਹਾਂ..! ਪਰ ਅਲੱਗ ਕਿਸਮ ਦੀ ਕਰਦਾ ਹਾਂ..। ਖ਼ੌਰੇ ਮੈਂ ਕੈਸਾ ਕਾਫ਼ਿਰ ਹਾਂ..! ਜੋ ਨਿੱਤ ਇਬਾਦਤ ਕਰਦਾ ਹਾਂ..। ਨਿੱਕੇ ਹੁੰਦਿਆਂ ਨਹੀਂ ਸੀ ਪਤਾ ਕਾਫ਼ਿਰ ਕੌਣ ਹੁੰਦਾ..! ਕਾਫ਼ਿਰ ਨੇ ਆ ਕੇ ਦੱਸਿਆ ਸਾਨੂੰ..! ਮੈਂ ਰੱਬ ਦਾ ਛੋਟਾ ਭਾਈ ਹਾਂ..। ਮੈਂ ਰੱਬ ਦਾ ਛੋਟਾ ਭਾਈ ਹਾਂ..।

(ਸਮਾਂ -੧)

ਸੂਲ਼ੀ ਟੰਗੇ ਸਮੇਂ ਨੇ ਕਿਉਂ? ਲੋਕੀ ਸਮੇਂ ਤੋਂ ਡਰਦੇ ਨੇ ਕਿਉਂ? ਅਸੀਂ ਸਮੇਂ ਨੂੰ ਲੱਭਦੇ ਕਿਉਂ? ਉਹ ਸਮੇਂ ਨੂੰ ਉਡੀਕਦੇ ਕਿਉਂ? ਸਮੇਂ ਦੀਆਂ ਖੇਡਾਂ,ਸਮੇਂ ਦੇ ਚੱਕਰ ਅਜ਼ੀਬ ਜਿਹੇ ਵਰਤਾਰੇ ਘਟਦੇ ਕਿਉਂ?

(ਸਮਾਂ -੨)

ਚੰਗੇ ਸਮਿਆਂ ਦੇ ਸ਼ੌਂਕ ਤੇ ਸਿੰਗਾਰ ਜੀ, ਤਾਹੀਂਓ ਗੱਲਾਂ ਵਿੱਚ ਪਾਏ ਅਸੀਂ ਹਾਰ ਜੀ, ਇਹਨਾਂ ਲਫ਼ਜ਼ਾਂ ਦੇ ਮਣਕੇ ਸਿੰਗਾਰ ਜੀ, ਅਸਾਂ ਨਵਾਂ ਹੀ ਬਣਾਇਆ ਏ ਆਕਾਰ ਜੀ।।

ਸਿਤਾਰੇ

ਖੁੱਲ੍ਹੇ ਅਸਮਾਨ ਥੱਲੇ ਗੁਫ਼ਤਗੂ ਚੱਲ ਰਹੀ ਸੀ..! ਮੇਰੇ 'ਤੇ ਸਿਤਾਰੇ ਵਿੱਚਕਾਰ...। ਮੈਂ ਆਪਣਾ ਦੁੱਖ ਦੱਸਣ ਹੀ ਵਾਲਾ ਸੀ..! ਕਿ ਉਹ ਉੱਚੀ-2 ਮੁਸਕੁਰਾਉਣ ਲੱਗਿਆ ਵਿਚਕਾਰ..। ਫ਼ੇਰ... ਫ਼ੇਰ...ਫ਼ੇਰ... ਫ਼ੇਰ ਕੀ..? ਫ਼ੇਰ ਮੈਂ ਖ਼ਾਮੋਸ਼.!!!ਹੋਰ ਕੀ..!!ਮੈਂ ਖ਼ਾਮੋਸ਼..!! ਮੇਰਾ ਦਿਲ ਨਹੀਂ ਕੀਤਾ ਉਸ ਦੀਆਂ ਖੁਸ਼ੀਆਂ 'ਚ ਖਲਲ ਪਾਉਣ ਦਾ। ਫ਼ੇਰ ਮੈਂ ਖ਼ਾਮੋਸ਼..!!!ਹੋਰ ਕੀ...!!ਮੈਂ ਖ਼ਾਮੋਸ਼..!

ਪਾਕਿਸਤਾਨੀ ਪੰਜਾਬ

ਉਮਰ ਦਾ ਫ਼ਰਕ ਜੇ ਨਾ ਹੁੰਦਾ ਜੱਗ ਉੱਤੇ, ਫ਼ੇਰ ਕਿੱਦਾਂ ਹਾਣੀਆਂ ਦੇ ਨਾਲ ਮੇਲ ਹੁੰਦਾ..! ਸਮੇਂ 'ਤੇ ਸਿਆਸਤ ਦੀ ਮਾਰ ਜੇ ਨਾ ਪੈਂਦੀ, ਫ਼ੇਰ ਪੂਰਬੀ 'ਤੇ ਲਹਿੰਦਾ ਪੰਜਾਬ ਵੀ ਕਿਉਂ ਅਲੱਗ ਹੁੰਦਾ ..! ਤੇਰਾ ਮੇਰਾ ਦੇਸ਼ ਵੀ ਫ਼ੇਰ ਇੱਕ ਹੋਣਾ ਸੀ, ਫ਼ੇਰ ਨਾ ਭਾਰਤੀ ਪੰਜਾਬ 'ਤੇ ਪੁਰਾਣਾ ਪੰਜਾਬ ਵੱਖੋ- ਵੱਖ ਹੁੰਦਾ...! ਵੱਖ ਨਾ ਹੋਣ ਤੇ ਤੁਹਾਡੇ ਵਲੋਂ ਵੀ ,, ਸਾਨੂੰ ਮੁਲਤਾਨੀ ,ਪੋਠੋਹਾਰੀ ਬੋਲੀ ਸਿੱਖਾ ਦੇਣਾ ਹੁੰਦਾ..! ਸਾਡੇ ਵਲੋਂ ਤੂਹਾਨੂੰ ਮਾਝੀ , ਮਲਵਈ ,ਪੁਆਧੀ,ਦੁਆਬੀ,, ਬੋਲੀ ਨੂੰ ਸਿੱਖਾ ਦਿੱਤਾ ਹੁੰਦਾ....!!!! ਕਾਸ਼ ! ਇਹ ਹੁੰਦਾ ਤੇ ਇਹ ਪੰਜਾਬ ਇੱਕ ਹੁੰਦਾ ...! ਜੇ ਇਹ ਹੁੰਦਾ ਫ਼ੇਰ ਕਾਸ਼ ! ਲਫ਼ਜ਼ ਨਾ ਹੁੰਦਾ ...! ਫ਼ੇਰ ਕਾਸ਼ ! ਲਫ਼ਜ਼ ਨਾ ਹੁੰਦਾ ....!!

ਪੀਲੇ ਪੱਤੇ

ਲੰਮਿਆਂ ਤੇ ਫੈਲਿਆ ਦਰੱਖਤਾ, ਵੇ ਦੱਸ ਕਾਹਦਾ ਸੋਚ ਲੱਗਿਆ। ਪੱਤੇ ਵੀ ਹੋ ਗਏ ਹਰੇਆ ਤੋਂ ਪੀਲੇ, ਵੇ ਦੱਸ ਕਾਹਦਾ ਰੋਗ ਲੱਗਿਆ। ਐਵੇਂ ਪੱਤੇ ਹੋ ਗਏ ਤੇਰੇ ਪੀਲੇ, ਕਿਹੜੀ ਰੁੱਤ ਦਾ ਵਿਯੋਗ ਲੱਗਿਆ। ਰੁੱਤ ਬਦਲੀ 'ਕਮਲ' ਪੱਤੇ ਹੋ ਗਏ ਹਰੇ, ਰੁੱਤਾਂ ਦਾ ਫੁਹਾਰ ਲੱਗਿਆ।

ਗੁੱਸੇ

ਇਹ ਧਰਤਿ ਹੈ ਗੁੱਸੇ , ਜਾਂ ਆਕਾਸ਼ ਹੈ ਗੁੱਸੇ ...! ਸਾਡੇ ਬੱਚੇ ਹੈ ਗੁੱਸੇ , ਜਾਂ ਬਜ਼ੁਰਗ ਹੈ ਗੁੱਸੇ...! ਸੂਰਜ ਹੈ ਗੁੱਸੇ , ਜਾਂ ਚੰਦ ਹੈ ਗੁੱਸੇ ...! ਰੱਬ ਹੈ ਗੁੱਸੇ ,ਜਾਂ ਕੁਦਰਤ ਹੈ ਗੁੱਸੇ ...! ਇਨਸਾਨ ਹੈ ਗੁੱਸੇ , ਜਾਂ ਸ਼ੈਤਾਨ ਹੈ ਗੁੱਸੇ ...! ਦੁਸ਼ਮਣ ਹੈ ਗੁੱਸੇ ,ਜਾਂ ਅਜ਼ੀਜ ਹੈ ਗੁੱਸੇ...! ਮਾਪੇ ਹੈ ਗੁੱਸੇ ,ਜਾਂ ਸੌਹਰੇ ਹੈ ਗੁੱਸੇ...! ਰਿਸ਼ਤੇਦਾਰ ਹੈ ਗੁੱਸੇ ,ਜਾਂ ਦੋਸਤ ਹੈ ਗੁੱਸੇ...! ਰੁਜ਼ਗਾਰ ਹੈ ਗੁੱਸੇ, ਜਾਂ ਧੰਦਾ ਹੈ ਗੁੱਸੇ ...! "ਕਮਲ" ਨਹੀਂ ਮੰਨਦੀ ਕੋਈ ਵੀ ਗੁੱਸੇ , ਅਸਲ ਤੋਂ ਸਾਡੀ ਅਕਲ ਹੈ ਗੁੱਸੇ...! ਅਸਲ ਤੋਂ ਸਾਡੀ ਅਕਲ ਹੈ ਗੁੱਸੇ ...!!

  • ਮੁੱਖ ਪੰਨਾ : ਕਮਲਦੀਪ ਕੌਰ 'ਸੋਨਟ'
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ