Punjabi Poetry : Jasvinder Singh Rupal
ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਜਸਵਿੰਦਰ ਸਿੰਘ "ਰੁਪਾਲ"
ਝੁਰੜੀਆਂ
ਚੁੱਪ ਦੀ ਆਵਾਜ ਹਨ ਇਹ ਝੁਰੜੀਆਂ। ਹੈ ਬਚੀ ਜੋ ਲਾਜ ਹਨ ਇਹ ਝੁਰੜੀਆਂ। ਧੁਨ ਅਗੰਮੀ ਪਿਆਰ ਦੀ ਵੱਜਦੀ ਰਹੇ, ਇੱਕ ਨਿਰਾਲਾ ਸਾਜ ਹਨ ਇਹ ਝੁਰੜੀਆਂ। ਬਾਅਦ ਲੰਮੀ ਦੇਰ ਦੇ ਮਿਲਿਆ ਏ ਜੋ, ਖੂਬਸੂਰਤ ਤਾਜ ਹਨ ਇਹ ਝੁਰੜੀਆਂ। ਖ਼ਤਮ ਨਾ ਹੋਵੇ ਦੁਆਵਾਂ ਦੀ ਲੜੀ, ਕਰਦੀਆਂ ਆਗਾਜ਼ ਹਨ ਇਹ ਝੁਰੜੀਆਂ। ਕੱਤਿਆ ਹੈ ਵਕਤ ਵਾਲੇ ਚਰਖੜੇ, ਕੰਤ ਖਾਤਰ ਦਾਜ ਹਨ ਇਹ ਝੁਰੜੀਆਂ। ਲੱਖ ਸਾਗਰ ਹੇਠ ਇਹਨਾਂ ਦੇ ਛੁਪੇ, ਇੱਕ ਗਹਿਰਾ ਰਾਜ਼ ਹਨ ਇਹ ਝੁਰੜੀਆਂ। ਸਾਂਭ ਲਏ ਨੇ ਸਾਥ ਦੇ ਪਲ ਯਾਦ ਵਿਚ, ਹਮ-ਉਮਰ ਲਈ ਨਾਜ਼ ਹਨ ਇਹ ਝੁਰੜੀਆਂ। ਮੂਲ ਉਹ ਕਿਹੜਾ ਸੀ ਕਿੱਥੇ ਰਹਿ ਗਿਆ, ਨਿਤ ਵਧੇ ਜੋ ਵਿਆਜ ਹਨ ਇਹ ਝੁਰੜੀਆਂ। ਰੇਲ ਹੌਲੀ ਹੋਏ ਮੰਜ਼ਲ ਦੇ ਕਰੀਬ, ਰੁਕਣ ਖਾਤਰ ਰਿਆਜ ਹਨ ਇਹ ਝੁਰੜੀਆਂ। ਜਿੰਦਗੀ ਦੇ ਵਾਰਸੋ ਕੁਝ ਸਿੱਖ ਲਓ, ਵਕਤ ਦਾ ਸਿਰਤਾਜ ਹਨ ਇਹ ਝੁਰੜੀਆਂ। ਸਹਿਜ ਵਿਚ ਅਗਿਆਤ ਅੰਬਰ ਵੱਲ ਨੂੰ, ਭਰਦੀਆਂ ਪਰਵਾਜ਼ ਹਨ ਇਹ ਝੁਰੜੀਆਂ। ਤਰਸੀਆਂ ਪੋਤੇ ਦਾ ਮੁੱਖ ਚੁੰਮਣ ਨੂੰ ਕਿਉਂ ? ਹੋ ਗਈਆਂ ਮੁਹਤਾਜ ਹਨ ਇਹ ਝੁਰੜੀਆਂ। ਰਿਸ਼ਤਿਆਂ ਦੀ ਸਾਂਝ ਨਾ ਟੁੱਟੇ ਕਦੇ ਕਹਿਣ ਦਾ ਅੰਦਾਜ ਹਨ ਇਹ ਝੁਰੜੀਆਂ। ਕਾਸ਼ ਸਾਰੇ ਸਮਝ ਸਕਦੇ ਓਸ ਨੂੰ, ਕਰਦੀਆਂ ਜੋ ਨਿਆਜ ਹਨ ਇਹ ਝੁਰੜੀਆਂ। ਤੂੰ "ਰੁਪਾਲ" ਐਵੇਂ ਨਾ ਖੁਸ਼ੀਆਂ ਭਾਲ ਹੁਣ, ਜਾਪਦੈ ਨਾਰਾਜ਼ ਹਨ ਇਹ ਝੁਰੜੀਆਂ।
ਲਹਿਰੀਆ ਛੰਦ
1. ਸਾਡੀ ਜ਼ਿੰਦਗੀ ਚ ਤਲਖ਼ੀਆਂ ਬਾਹਲੀਆਂ। ਕੁਝ ਖੁੰਦਕਾਂ ਨੇ ਅਸੀਂ ਖੁਦ ਪਾਲ਼ੀਆਂ । ਖੁਸ਼ ਹੋਣ ਲਈ ਘਾਲਣਾ ਨਾ ਘਾਲੀਆਂ। ਆਓ ਕੁਝ ਚਿਰ ਹੱਸੀਏ ਹਸਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 2. 'ਕੱਠੇ ਹੋ ਕੇ ਸਾਂਝੀ ਪ੍ਰੀਤ ਆਪਾਂ ਪਾ ਲਈਏ। ਕੁਝ ਬੋਲੀਆਂ ਤੇ ਟੱਪੇ ਅੱਜ ਗਾ ਲਈਏ। ਸੰਗ ਸਾਥੀਆਂ ਦੇ ਤਾਈਂ ਵੀ ਰਲਾ ਲਈਏ। ਉੱਚੀ ਉੱਚੀ ਡੱਗਾ ਢੋਲ ਉੱਤੇ ਲਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 3. ਵਿਹਲ ਕੱਢਣੀ ਏ ਜਰਾ ਕੰਮ ਕਾਰ ਚੋਂ। ਦਿਖੇ ਨੂਰ ਸਾਡੀ ਵੱਖਰੀ ਨੁਹਾਰ ਚੋਂ। ਮਹਿਕ ਵੰਡਣੀ ਏ ਸਭ ਨੂੰ ਪਿਆਰ ਚੋਂ। ਪਾਉਂਦੇ ਬਾਘੀਆਂ ਤਾਂ ਸੱਥ ਵਿੱਚ ਆਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 4. ਕਿੱਸਾ ਇਸ਼ਕੇ ਦਾ ਹੀਰ ਵਾਲਾ ਛੇੜੀਏ। ਕਿਤੇ ਮਜਨੂੰ ਦੇ ਵਾਂਗੂ ਖੂਹ ਗੇੜੀਏ। ਥਲਾਂ ਵਿੱਚ ਸੜੀ ਸੀਗੀ ਉਹ ਕਿਹੜੀ ਏ। ਯਾਰ ਤਾਈਂ ਮਾਸ ਪੱਟ ਦਾ ਖਵਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 5. ਰੁੱਖਾਂ ਹੇਠ ਪੀਂਘਾਂ ਪੈਂਦੀਆਂ ਹੀ ਰਹਿਣ ਜੀ। ਗੱਲ ਦਿਲਾਂ ਦੀ ਨੂੰ ਦਿਲ ਸਦਾ ਕਹਿਣ ਜੀ। ਝਨਾਂ ਪ੍ਰੀਤਾਂ ਦੇ ਤਾਂ ਤੇਜ ਤੇਜ ਵਹਿਣ ਜੀ। ਸਾਂਝਾਂ ਗੂੜ੍ਹੀਆਂ ਤੇ ਪੀਡੀਆਂ ਪਕਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 6. ਜਾਤਾਂ ਮਜ਼ਹਬਾਂ ਦੇ ਝਗੜੇ ਮੁਕਾ ਦੀਏ। ਮੇਰ ਤੇਰ ਵਾਲੇ ਫਰਕ ਮਿਟਾ ਦੀਏ। ਰਾਣਾ ਰੰਕ ਇੱਕੋ ਜਗ੍ਹਾ ਤੇ ਬੈਠਾ ਦੀਏ । ਜੋਤ ਪਿਆਰ ਦੀ ਨੂੰ ਮਿਲ ਕੇ ਜਗਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ। 7. ਆ ਜਾ ਪਾਈਏ ਗਲਵੱਕੜੀਆਂ ਘੁੱਟ ਕੇ। ਸ਼ੱਕ, ਸ਼ਿਕਵੇ, ਸ਼ਿਕਾਇਤਾਂ ਪਿੱਛੇ ਸੁੱਟ ਕੇ। ਬੂਟੇ ਵਹਿਮ ਤੇ ਭੁਲੇਖਿਆਂ ਦੇ ਪੁੱਟ ਕੇ। ਨਵੇਂ ਬੀਜ ਤਾਂ ਮੁਹੱਬਤਾਂ ਦੇ ਲਾਈਏ ਦੋਸਤੋ। ਆਪ ਨੱਚੀਏ ਤੇ ਹੋਰਾਂ ਨੂੰ ਨਚਾਈਏ ਦੋਸਤੋ।
ਅਗਨੀ
ਜਿਊਂਦੇ ਰਹਿਣ ਦਾ ਬਣਦੀ, ਸਦਾ ਆਧਾਰ ਇਹ ਅਗਨੀ। ਕਿ ਸਿਰਜਣਹਾਰ ਦੀ ਰਚਨਾ ਦਾ, ਸੋਹਣਾ ਪਿਆਰ ਇਹ ਅਗਨੀ। ਇਹ ਸਭ ਆਕਾਰ ਤੇ ਬ੍ਰਹਿਮੰਡ ਦੇ, ਮੁੱਢਲੇ ਨੇ ਤੱਤ ਜਿਹੜੇ, ਧਰਤ ਪਾਣੀ ਹਵਾ ਨੇ ਤਿੰਨ, ਨੰਬਰ ਚਾਰ ਇਹ ਅਗਨੀ। ਅਗਨ ਇਕ ਗਰਭ ਅੰਦਰ ਸੀ, ਧੜਕਦੀ ਜਿੰਦ ਉਸ ਵਿੱਚੋਂ ਉਦਰ ਚੋ ਬਾਹਰ ਮੋਹ ਮਾਇਆ, ਦਾ ਹੈ ਸੰਸਾਰ ਇਹ ਅਗਨੀ। ਹੁਸਨ ਜਦ ਵਾਰ ਹੈ ਕਰਦਾ, ਇਸ਼ਕ ਦੇ ਸੰਗ ਜਦ ਮਿਲਦਾ, ਕਿ ਇਸ ਸੰਗਮ ਸੁਹਾਣੇ ਦੀ, ਅਨੋਖੀ ਧਾਰ ਇਹ ਅਗਨੀ। ਕੋਈ ਬੱਝਾ ਏ ਤ੍ਰਿਸ਼ਨਾ ਦਾ, ਕੋਈ ਹੰਕਾਰ ਵਿਚ ਡੁੱਬਾ, ਕਤਲ ਕਰਨੇ ਲਈ ਹੱਥੀਂ ਫੜੀ, ਤਲਵਾਰ ਇਹ ਅਗਨੀ। ਇਲਾਕੇ ਧਰਮ ਤੇ ਜਾਤਾਂ, ਮਨੁੱਖਾਂ ਵਿਚ ਜੋ ਪਾਈਆਂ ਨੇ ਅਜਿਹੀਆਂ ਨਫਰਤਾਂ ਦਾ ਕਿਉਂ, ਰਹੀ ਘਰਬਾਰ ਇਹ ਅਗਨੀ। ਬੜਾ ਹੈ ਸੇਕ ਢਿੱਡ ਅੰਦਰ, ਬੜਾ ਹੀ ਸੇਕ ਦਿਲ ਅੰਦਰ, ਸਦਾ ਹੀ ਸੇਕ ਦਿਲ ਦੇ ਨੂੰ, ਏ ਦਿੰਦੀ ਠਾਰ ਇਹ ਅਗਨੀ। ਸੁਣੇ ਨਾ ਹੂਕ ਕਿਰਤੀ ਦੀ, ਖੜੀ ਜੋਕਾਂ ਦੇ ਪਾਸੇ ਹੈ, ਸਿਵੇ ਜਨਤਾ ਦੇ ਸੜਦੇ ਨੇ, ਬਣੀ ਸਰਕਾਰ ਇਹ ਅਗਨੀ। ਗਲ਼ਾਂ ਵਿਚ ਟਾਇਰ ਪਾ ਪਾ ਕੇ, ਸੜੀ ਇਨਸਾਨੀਅਤ ਸੀ ਜਦ, ਭਿਆਨਕ ਰੂਪ ਸੀ ਡਾਢਾ, ਬੜੀ ਖੂੰਖਾਰ ਇਹ ਅਗਨੀ। ਜਦੋ ਉਹ ਠਰ ਗਿਆ ਹੋਣੈ, ਤਾਂ ਸਮਝੋ ਮਰ ਗਿਆ ਹੋਣੈ, ਨਾ ਮਿਲਦੀ ਨਕਦ ਹੀ ਕਿਧਰੋਂ, ਤੇ ਨਾ ਉਧਾਰ ਇਹ ਅਗਨੀ। "ਰੁਪਾਲ" ਇਹ ਸੋਚ ਨਾ ਜਲਣੀ, ਕਿਸੇ ਵੀ ਹਾਲ ਵਿਚ ਯਾਰੋ, ਮੇਰੀ ਦੇਹੀ ਨੂੰ ਫੂਕਣ ਨੂੰ ਤਾਂ, ਭਾਵੇਂ ਤਿਆਰ ਇਹ ਅਗਨੀ।
ਗ਼ਜ਼ਲ : ਗੁਰੂ ਨਾਨਕ ਤੇਰੀ ਬਾਣੀ
ਸਦਾ ਜੀਣਾ ਸਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਮਿਟਾਂਦੀ ਏ ਬਣਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਭੁਲਾ ਕੇ ਵਿਤਕਰੇ ਨਸਲਾਂ, ਇਲਾਕੇ, ਰੰਗ ਜਾਤਾਂ ਦੇ, ਗਲ਼ੇ ਸਭ ਤਾਈਂ ਲਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਦੇ ਬਲਿਹਾਰ ਕੁਦਰਤ ਤੋਂ, ਕਦੇ ਕਾਦਰ ਤੋਂ ਜਾ ਵਾਰੀ, ਅਗੰਮੀ-ਧੁਨ ਸੁਣਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਜ਼ੁਲਮ ਹੁੰਦਾ ਨਜ਼ਰ ਆਵੇ, ਤਦੇ ਜ਼ਾਲਮ ਦੇ ਹੋ ਸਾਹਵੇਂ, ਦਿਨੇ ਤਾਰੇ ਦਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਲੁਟਾ ਕੇ ਹੱਕ ਜੋ ਬੈਠੇ, ਬਣੇ ਹਨ ਲਾਸ਼ ਜੋ ਜਿੰਦਾ, ਉਨ੍ਹਾਂ ਵਿਚ ਜਿੰਦ ਪਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਸ਼ਬਦ ਸੰਗੀਤ ਵਿੱਚ ਘੁਲ਼ ਕੇ, ਚੁਪਾਸੀਂ ਨੂਰ ਫੈਲਾਵੇ, ਦਿਲੇ-ਤਰਬਾਂ ਜਗਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਵਪਾਰੀਂ ਬਣ ਜੁੜੇ ਬਿਰਤੀ, ਕਿਤੇ ਮਾਲਕ ਦੀ ਯਾਦ ਅੰਦਰ, ਕਹਿ ਤੇਰਾ ਸਭ ਲੁਟਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਹਲੂਣੇ ਭਾਗ "ਭਾਗੋ" ਦੇ, ਤੇ "ਲਾਲੋ" ਲਾਲ ਹੋ ਜਾਵੇ, ਕਿਰਤ ਤਾਈਂ ਸਲਾਂਹਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਰੇ ਜੋ ਸਿੱਧ ਵੀ ਸਿੱਧੇ, ਚਲਾ ਕੇ ਸ਼ਬਦ ਦਾ ਜਾਦੂ, ਭਰਮ ਪਰਦੇ ਹਟਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਵਲੀ ਦੇ ਵਲ ਕਰੇ ਸਿੱਧੇ, ਜੁ ਬੈਠਾ ਹਉ ਦੇ ਪਰਬਤ ਤੇ, ਸਿਖਰ ਤੋਂ ਧੂਹ ਲਿਆਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਗਵਾ ਕੇ ਰਾਖਸ਼ੀ ਬਿਰਤੀ, ਘਟਾ ਕੇ ਅਗਨ ਅੰਦਰ ਦੀ, ਕਿ ਨੈਂ ਠੰਢੀ ਚਲਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਇਹਦੇ ਜੋ ਤੀਰ ਅਣੀਆਲੇ, ਭੁਲਾਂਦੇ 'ਠੱਗ' ਦੀ ਠੱਗੀ, ਬਣਾ 'ਸੱਜਣ' ਦਿਖਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਇਹ ਆਵੇ ਖਸਮ ਦੇ ਦਰ ਤੋਂ, ਜਾ ਧੁਨ ਸੰਗੀਤ ਦੀ ਛਿੜਦੀ. ਪਈ "ਵਾਹ ਵਾਹ" ਹੀ ਗਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਨਵੇਂ ਰਾਹਾਂ ਨੂੰ ਰੁਸ਼ਨਾਵੇ, ਉਠਾਵੇ ਡਿੱਗਿਆਂ ਤਾਈਂ, ਇਹ ਸੁੱਤਿਆਂ ਨੂੰ ਜਗਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਨਾ ਖੁਦ ਡਰਨਾ ਕਿਸੇ ਕੋਲੋਂ, ਡਰਾਣਾ ਨਾ ਕਿਸੇ ਤਾਈਂ, ਸੁਰਤਿ ਉੱਚਾ ਉਠਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਰੇ ਤਕੜਾ ਪਈ ਮਨ ਨੂੰ, ਨਵਾਂ ਇਕ ਜੋਸ਼ ਵੀ ਦੇਵੇ, ਕਸ਼ਟ ਸਭ ਹੀ ਮਿਟਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਜੋ ਰੂਹ ਇਹਦੇ ਚ' ਭਿੱਜ ਜਾਵੇ, ਸਦਾ ਵਿਸਮਾਦ ਵਿਚ ਆਵੇ ਖੁਦਾ, ਖੁਦ ਤੋਂ ਬਣਾਂਦੀ ਏ, ਗੁਰੂ ਨਾਨਕ ਤੇਰੀ ਬਾਣੀ। ਕਰੀਂ ਬਖ਼ਸ਼ਿਸ਼ ਮੇਰੇ ਸਾਈਂ, ਮੇਰੇ ਰੋਮਾਂ ਚ' ਵਸ ਜਾਵੇ, "ਰੁਪਾਲ" ਇਹ ਖਿੱਚ ਪਾਂਦੀ ਏ, ਗੁਰੂ ਨਾਨਕ ਤੇਰੀ ਬਾਣੀ।
ਪਾਣੀ
ਮਿਟਾ ਕੇ ਤਪਸ਼ ਜੁੱਗ ਜੁੱਗ ਦੀ, ਕਲੇਜੇ ਠਾਰਦਾ ਪਾਣੀ। ਪਿਤਾ ਵਾਂਗੂ ਰਹੇ ਸੰਤਾਨ ਤਾਈਂ ਪਿਆਰਦਾ ਪਾਣੀ। ਕਿ ਧੜਕਣ ਜਿੰਦਗੀ ਵਾਲੀ, ਸ਼ੁਰੂ ਹੋਈ ਸੀ ਇਸ ਵਿੱਚੋਂ, ਵਿਛਾਏ ਬੀਜ ਹਰ ਥਾਂ ਤੇ, ਰਿਹਾ ਸਤਿਕਾਰਦਾ ਪਾਣੀ। ਹਰਿਕ ਜੀਵਨ ਦੀ ਕਾਇਆ ਦਾ, ਵਡੇਰਾ ਭਾਗ ਏਸੇ ਦਾ, ਕਰੇ ਸ਼ੁੱਧ ਅੰਦਰੋਂ ਬਾਹਰੋਂ, ਸਦਾ ਸ਼ਿੰਗਾਰਦਾ ਪਾਣੀ। ਗਵਾਏ ਮੈਲ ਜੋ ਸਾਡੀ, ਉਹਨੂੰ ਦੂਸ਼ਿਤ ਕਿਉਂ ਕਰੀਏ, ਵਖ਼ਤ ਵੀਚਾਰ ਲੋ ਹੁਣ ਤਾਂ, ਕਹੇ ਵੰਗਾਰਦਾ ਪਾਣੀ। ਦਿਨੋ ਦਿਨ ਹੇਠ ਨੂੰ ਜਾਵੇ, ਕਿਤੇ ਨਾ ਖਤਮ ਹੋ ਜਾਵੇ ਕਰੋ ਹੀਲਾ ਕੋਈ ਸੱਜਣੋ, ਇਹ ਵਾਜਾਂ ਮਾਰਦਾ ਪਾਣੀ। ਸਦਾ ਤਲ ਰੱਖਦਾ ਸਾਵਾਂ, ਤੇ "ਨੀਵਾਂ" ਖਿੱਚ ਪਾ ਲੈਂਦਾ, ਸਿਖਾਕੇ ਜਾਚ ਇਹ ਸੋਹਣੀ, ਕਿ ਜਨਮ ਸਵਾਰਦਾ ਪਾਣੀ। ਜੇ ਜੰਮੇ ਬਰਫ ਬਣ ਜਾਵੇ, ਉਬਲ ਕੇ ਭਾਫ ਹੈ ਬਣਦਾ, ਭਲੇ ਖਾਤਰ ਅਨੇਕਾਂ ਰੂਪ ਰਹਿੰਦਾ ਧਾਰਦਾ ਪਾਣੀ। ਉਠਾਂਦੇ ਬੋਝ ਜੋ ਮੈਂ ਦਾ ਤਿਨ੍ਹਾਂ ਨੂੰ ਡੋਬਦਾ ਰਹਿੰਦਾ, ਜੁ ਹਲਕੇ ਹੋ ਗਏ ਮਰ ਕੇ, ਉਹਨਾਂ ਨੂੰ ਤਾਰਦਾ ਪਾਣੀ। ਨਾ ਅਪਣਾ ਰੰਗ ਹੈ ਕੋਈ, ਕਿ ਜੋ ਵੀ ਆਣ ਹੈ ਘੁਲਦਾ, ਉਸੇ ਦਾ ਰੂਪ ਹੋ ਜਾਵੇ, ਤੇ ਆਪਾ ਵਾਰਦਾ ਪਾਣੀ। ਨਵਾਇਆ ਜਨਮ ਵੇਲੇ ਹੀ, ਮਾਂ ਬੰਨੇ ਦੇ ਸਿਰੋਂ ਵਾਰੇ, ਮਰੇ ਤੋਂ ਹੱਡ ਵੀ ਸਾਂਭੇ, ਨਹੀਂ ਦੁਰਕਾਰਦਾ ਪਾਣੀ।
ਸ਼ਬਦ-ਸਕਤੀ ਦਾ ਇਤਿਹਾਸ
੧. ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲੀ, ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ ਉਹਨੇ। ਇੱਕ ਸ਼ਬਦ ਤੋਂ ਲੱਖਾਂ ਦਰੀਆਉ ਚੱਲੇ, ਧੜਕਣ ਜਿੰਦਗੀ ਦੀ ਐਸੀ ਪਾਈ ਉਹਨੇ। ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ, ਸ਼ਬਦ ਨਾਲ ਜੋ ਖੇਡ ਬਣਾਈ ਉਹਨੇ। ਸ਼ਬਦ ਵਿੱਚ ਹੀ ਰੱਖੇ ਨੇ ਭੇਦ ਸਾਰੇ, ਸ੍ਰਿਸ਼ਟੀ ਆਪ ਹੀ ਟੋਲਣ ਤੇ ਲਾਈ ਉਹਨੇ। ੨. ਸ਼ਬਦ-ਸੂਝ ਵੀ ਤਾਂ ਸ਼ਬਦ ਆਪ ਦੇਵੇ, ਸ਼ਬਦ ਵਿੱਚ ਹੀ ਰੱਖਿਆ ਗਿਆਨ ਪੂਰਾ। ਇੱਕੋ ਸ਼ਬਦ ਤੋਂ ਪੈਦਾ ਸਰੀਰ ਹੋਏ, ਓਹੀ ਸ਼ਬਦ ਹੈ ਸਾਰੇ ਪ੍ਰਵਾਨ ਪੂਰਾ। ਜਿਹੜੀ ਸੁਰਤ ਵਿੱਚ ਸ਼ਬਦ ਦਾ ਵਾਸ ਹੋਵੇ, ਓਸ ਸੁਰਤ ਨੂੰ ਪੂਜੇ ਜਹਾਨ ਪੂਰਾ। ਆਓ ਨਾਨਕ ਦਾਤਾਰ ਦੀ ਗੱਲ ਕਰੀਏ, ਜੀਹਨੇ ਸ਼ਬਦ ਦਾ ਕੀਤਾ ਏ ਦਾਨ ਪੂਰਾ। ੩. ਪਾਧੇ ਪਾਸ ਸੀ ਪੜ੍ਹਨ ਲਈ ਭੇਜਿਆ ਜਾ, ਨਾਨਕ-ਮੁੱਖ ਤੋਂ ਸ਼ਬਦ ਹੀ ਬੋਲਦਾ ਏ। ਬਾਅਦ "ਇੱਕ" ਦੇ ਪੜ੍ਹਨਾ ਹੈ "ਦੂਸਰਾ" ਕੀ, ਭੇਦ "ਇੱਕ" ਦਾ ਪਿਆ ਉਹ ਖੋਲਦਾ ਏ। ਮੋਦੀਖਾਨੇ ਵਿੱਚ ਬੈਠ ਕੇ ਸ਼ਬਦ ਇਹੀ, ਆਖ "ਤੇਰਾ ਤੇਰਾ" ਪੂਰਾ ਤੋਲਦਾ ਏ। ਇੱਕੋ ਸ਼ਬਦ ਅੰਦਰ ਸੱਭੇ ਬਰਕਤਾਂ ਨੇ, ਸ਼ਬਦ-ਰੱਤਿਆ ਕਦੇ ਨਾ ਡੋਲਦਾ ਏ। ੪. ਸ਼ਬਦ ਵਿੱਚ ਡੁੱਬੇ ਤਾਈਂ ਪਿਤਾ ਕਾਲੂ, ਕਿਹਾ, "ਲਾਹੇ ਦਾ ਕਰੀਂ ਵਪਾਰ ਨਾਨਕ। ਆਹ ਲੈ ਵੀਹ ਰੁਪਈਏ ਦੀ ਨਕਦ ਪੂੰਜੀ, ਦੂਣੀ ਹੋਵੇ ਐਸੀ ਕਰੀਂ ਕਾਰ ਨਾਨਕ।" ਭੁੱਖੇ ਮਿਲੇ ਸਾਧੂ ਜਿਹੜੇ ਨਾਮ ਜਪਦੇ, ਨਾਲ ਸ਼ਬਦ ਦੇ ਕੀਤੇ ਸਰਸ਼ਾਰ ਨਾਨਕ। ਸੌਦਾ ਸੱਚ ਦਾ ਕੀਤਾ ਰੂਹ ਨਾਲ ਐਸਾ, ਵੰਡ ਛਕਣ ਦਾ ਕੀਤਾ ਪ੍ਰਚਾਰ ਨਾਨਕ। ੫. ਕੰਢੇ ਵੇਈਂ ਤੋਂ ਸ਼ਬਦ ਦੀ ਧੁਨ ਉੱਠੀ, ਫੇਰ ਆਈ ਨਾ ਕਿਸੇ ਹਿਸਾਬ ਅੰਦਰ। ਗੁਰਮੁਖ ਖੋਜਣ ਲਈ ਚੱਲਿਆ ਯਾਤਰਾ ਤੇ, ਸ਼ਬਦ ਗੂੰਜਦਾ ਡੂਮ-ਰਬਾਬ ਅੰਦਰ। ਸ਼ਬਦ ਨਾਲ ਹੀ ਸਿਫਤ ਸਲਾਹ ਉਹਦੀ, ਪ੍ਰਸ਼ਨ ਜੱਗ ਦੇ, ਸ਼ਬਦ-ਜਵਾਬ ਅੰਦਰ। ਏਸੇ ਸ਼ਬਦ ਨੇ ਚਹੁੰਆਂ ਉਦਾਸੀਆਂ ਵਿਚ, ਕੰਡੇ ਬਦਲੇ ਨੇ ਸੱਭੇ ਗੁਲਾਬ ਅੰਦਰ। ੬. ਸਿੱਧ ਹੋਏ ਸਿੱਧੇ ਹਉਮੈ ਛੱਡ ਕੇ ਤੇ, ਬਾਣ ਸ਼ਬਦ ਦਾ ਬਾਬੇ ਨੇ ਮਾਰਿਆ ਸੀ। ਸ਼ਬਦ ਸੁਣ ਕੇ ਠੱਗ ਵੀ ਬਣੇ ਸੱਜਣ, ਕਿਧਰੇ ਭੂਮੀਏ ਚੋਰ ਨੂੰ ਤਾਰਿਆ ਸੀ। ਮਲਕ ਭਾਗੋ ਦੀ ਲੁੱਟ ਦੇ ਖਾਣਿਆਂ ਨੂੰ, ਉਹਦੇ ਸ਼ਬਦ ਨੇ ਕਿੱਦਾਂ ਨਕਾਰਿਆ ਸੀ। ਹੱਥੀਂ ਕਿਰਤ ਨੂੰ ਦੇ ਕੇ ਵਡਿਆਈ ਦਾਤਾ, ਸ਼ਬਦ ਰਾਹੀਂ ਹੀ ਲਾਲੋ ਸਤਿਕਾਰਿਆ ਸੀ। ੭. ਵਲ਼ ਵਲੀ ਕੰਧਾਰੀ ਦੇ ਸ਼ਬਦ ਕੱਢੇ, ਸ਼ਬਦ ਬਿਨਾਂ ਤਾਂ ਪੱਤਾ ਵੀ ਹੱਲਦਾ ਨਾ। ਜਿੱਥੇ ਸ਼ਬਦ ਸੰਗੀਤ ਵਿੱਚ ਵੱਜਦਾ ਸੀ, ਜਾਦੂਗਰਨੀਆਂ ਦਾ ਜਾਦੂ ਚੱਲਦਾ ਨਾ। ਸ਼ਬਦ ਆਖਿਆ ਬਾਬਰ ਨੂੰ ਜਦੋਂ ਜਾਬਰ, ਠੰਡਾ ਹੋ ਗਿਆ, ਚੋਟ ਨੂੰ ਝੱਲਦਾ ਨਾ। ਰਾਇ-ਬੁਲਾਰ ਦੇ ਸੀਨੇ ਵਿੱਚ ਛੇਕ ਹੋਏ, ਤਾਹੀਂ ਸ਼ਬਦ ਦੀ ਆਖੀ ਉਹ ਥੱਲਦਾ ਨਾ। ੮. ਪੁਰੀ ਮੰਦਰ ਦੇ ਸੰਖ ਵਿੱਚ ਸ਼ਬਦ ਪੁੱਜਾ, ਸਭ ਪ੍ਰਭੂ ਦੀ ਆਰਤੀ ਗਾਉਣ ਲੱਗੇ। ਮਸਜਿਦ ਵਿੱਚ ਜਾਂ ਸ਼ਬਦ ਨੇ ਬਾਂਗ ਦਿੱਤੀ, ਕਾਜੀ ਮੌਲਵੀ ਸੁਰਤ ਟਿਕਾਉਣ ਲੱਗੇ। ਕਿਧਰੇ ਜੋਗੀਆਂ ਨਾਥਾਂ ਦੇ ਕੋਲ ਜਾ ਜਾ, ਲੱਖਾਂ ਧਰਤ-ਪਤਾਲ ਸਮਝਾਉਣ ਲੱਗੇ। ਹਿਰਦੇ ਜੋ ਜੋ ਬਿੰਨੇ ਸੀ ਸ਼ਬਦ ਸੱਚੇ, ਉਹ ਸੱਚ-ਆਚਾਰ ਵੱਲ ਆਉਣ ਲੱਗੇ। ੯. ਗ੍ਰਹਿਸਥੀ ਬਣ ਕਰਤਾਰਪੁਰ ਆਣ ਕੇ ਤੇ, ਯਾਦ ਕੀਤਾ ਸੀ ਓਸ ਕਰਤਾਰ ਤਾਈਂ। ਖੇਤੀ ਕਰਕੇ ਦੱਸਿਐ ਆਪ ਹੱਥੀਂ, ਨਾਮ ਬੀਜਣਾ ਕਿਵੇਂ ਸੰਸਾਰ ਤਾਈਂ। ਹੱਥ ਕਾਰ ਵੱਲੇ ਦਿਲ ਦਿਲਦਾਰ ਵੱਲੇ, ਉੱਚਾ ਰੱਖਣਾ ਸਦਾ ਕਿਰਦਾਰ ਤਾਈਂ। ਸੁਰਤ ਸ਼ਬਦ ਨਾਲ ਜੋੜ "ਰੁਪਾਲ"ਤੂੰ ਵੀ, ਭੁੱਲ ਜਾਵੀਂ ਨਾ ਨਾਨਕ-ਨਿਰੰਕਾਰ ਤਾਈਂ।