Punjabi Poetry : Jagtar Singh Hissowal
ਪੰਜਾਬੀ ਰਚਨਾਵਾਂ : ਜਗਤਾਰ ਸਿੰਘ ਹਿੱਸੋਵਾਲ
ਮੇਰੀ ਕਵਿਤਾ
ਮੇਰੀ ਕਵਿਤਾ ਨਾ ਉਪਰੋਂ ਉੱਤਰਦੀ ਹੈ, ਨਾ ਕਿਸੇ ਦੀ ਉੰਗਲ ਫੜਦੀ, ਨਾ ਕਿਸੇ ਲੈ ਦੀ ਤਲਾਸ਼ ਵਿੱਚ ਭਟਕਦੀ ਹੈ। ਜਦ ਕੁੱਝ ਜ਼ਖਮੀ ਅਹਿਸਾਸ ਜਾਂ ਭਾਵਨਾਵਾਂ ਮਨ ਮਸਤਕ ਵਿੱਚ ਖੌਰੂ ਪਾਉਂਦੇ ਨੇ ਤਾਂ ਮੈਂ ਕਵਿਤਾ ਲਿਖਦਾ ਹਾਂ। ਕਿਰਤੀਆਂ ਦੇ ਵਿਹੜਿਆਂ, ਸੜਕਾਂ ਕੰਢੇ ਕੁੱਲੀਆਂ 'ਚ ਜਾਂ ਫੁੱਟਪਾਥਾਂ ਤੇ ਜ਼ਿੰਦਗੀ ਜਦੋਂ ਕੁਰਬਲ਼ ਕੁਰਬਲ਼ ਕਰਦੀ ਤੱਕਦਾਂ ਤਾਂ ਮੈਂ ਕਵਿਤਾ ਲਿਖਦਾ ਹਾਂ। ਭੱਠਿਆਂ ਦੇ ਸੇਕ 'ਚ ਸੜਦੇ, ਕਾਰਖਾਨਿਆਂ ਦੀਆਂ ਮਸ਼ੀਨਾਂ ਨਾਲ ਘੁਲ਼ਦੇ, ਸੜਕਾਂ ਤੇ ਵਿਛਦੀ ਲੁੱਕ 'ਚ ਧੁਆਂਖੇ, ਜੇਠ-ਹਾੜ੍ਹ ਦੀ ਧੁੱਪ 'ਚ ਸੜਕਾਂ ਕੰਢੇ ਲਾਅ ਰੇਹੜੀਆਂ, ਦੋ ਵੇਲ਼ੇ ਦੀ ਰੋਟੀ ਦਾ ਜੁਗਾੜ ਕਰਦੇ, ਨਿਤਾਣਿਆਂ ਦੀ ਹੋਣੀ ਦੇਖ ਜਦੋਂ ਲੇਦ੍ਹੜੇ ਵਰਗੇ ਸ਼ਬਦ ਮੇਰੇ ਅਹਿਸਾਸਾਂ 'ਚ ਚੁਭਦੇ ਨੇ ਮੈਂ ਕਵਿਤਾ ਲਿਖਦਾ ਹਾਂ। ਭੁੱਖ ਦਾ ਤਾਂਡਵ ਗਰੀਬੀ, ਲਾਚਾਰੀ, ਵਿੱਦਿਆ ਵਿਚਾਰੀ, ਬੇਰੁਜ਼ਗਾਰੀ ਦੀ ਮਾਰ 'ਚ ਇੱਥੋਂ ਦੇ ਵਾਸੀਆਂ ਦੇ ਸੁਪਨਿਆਂ ਦੀਆਂ ਕਬਰਾਂ ਵੀ ਮੁਰਝਾਏ ਘਾਹ ਹੇਠ ਗੁਆਚ ਜਾਂਦੀਆਂ ਨੇ ਤਾਂ ਉਨ੍ਹਾਂ ਦੀ ਹੋਂਦ ਲਈ ਮੈਂ ਕਵਿਤਾ ਲਿਖਦਾ ਹਾਂ। ਮੇਰੀ ਕਵਿਤਾ ਨੂੰ ਰਾਸ ਨਹੀਂ ਆਉੰਦੇ, ਸ਼ਾਮ ਨੂੰ ਮੁੜੇ ਆਉੰਦੇ ਥੱਕੇ-ਹਾਰੇ ਨਿਰਾਸ਼ ਕਿਰਤੀ, ਜਾਂ ਮੂੰਹ ਲਟਕਾਈ ਮੰਡੀਓਂ ਮੁੜਿਆ ਆਉੰਦਾ ਨਿਮੋਂਝੂਣਾ ਅੰਨਦਾਤਾ, ਮਨਰੇਗਾ ਦੀ ਦੀਹਾੜੀ ਉਡੀਕਦੀਆਂ ਬੁੱਝੀਆਂ ਅੱਖਾਂ ਵਾਲ਼ੀਆਂ ਮਾਵਾਂ, ਬੱਸ ਉਨ੍ਹਾਂ ਦੇ ਹੌਕਿਆਂ ਨੂੰ ਬੋਲ ਦੇਣ ਲਈ ਹੀ ਤਾਂ ਮੈ ਕਵਿਤਾ ਲਿਖਦਾ ਹਾਂ। ਮੈਅਖਾਨੇ ਜਾਂ ਸਾਕੀ ਪੈਮਾਨੇ, ਹੋ ਲਟਬੌਰੇ, ਚੀਅਰਜ਼ ਕਰਦੇ ਟਕਰਾਉਂਦੇ ਜਾਮ, ਮੇਰੀ ਕਵਿਤਾ ਦੇ ਮੇਚ ਨਾ ਆਉੰਦੇ ਉੱਚੀਆਂ ਮਮਟੀਆਂ, ਮਹਿਲ ਮੁਨਾਰੇ, ਮੇਰੀ ਕਵਿਤਾ ਨੂੰ ਮੂਲ ਨਾ ਭਾਉੰਦੇ। ਕੋਈ ਵੀ ਚੀਖ, ਜਾਂ ਕੋਈ ਹੂਕ, ਬਣਨਾ ਚਾਹੇ ਜਦ ਰਣਤੱਤੇ ਦਾ ਜੈਕਾਰਾ, ਤਾਂ ਮੈਂ ਕਵਿਤਾ ਲਿਖਦਾ ਹਾਂ।
ਬਾਪੂ ਵਾਂਗ ਖਤਮ ਨਹੀਂ ਹੋਵਾਂਗਾ
ਬਾਪੂ ਬਹੁਤ ਘੱਟ ਬੋਲਦਾ ਸੀ ਤਰਕ ਕੀ ਹੁੰਦਾ ਹੈ ਉਸ ਨੂੰ ਨਹੀਂ ਸੀ ਪਤਾ ਸ਼ਾਇਦ ਤਰਕ ਦੇ ਉਸ ਲਈ ਆਪਣੇ ਮਾਅਨੇ ਸੀ ਉਹ ਜਦੋਂ ਵੀ ਬੋਲਦਾ ਆਪਣੇ ਯਥਾਰਥ ਦੀ ਬੇਬਸੀ ਜਾਂ ਸੀਮਾਵਾਂ 'ਚੋਂ ਬੋਲਦਾ ਉਸ ਲਈ ਜਿਉਣਾ ਖੋਲਾਂ ਅੰਦਰ ਸਿਮਟ ਕੱਛੂ ਦੇ ਖੋਪਰੀ ਦੀ ਹਿਫਾਜ਼ਤ 'ਚ ਰਹਿਣ ਵਰਗਾ ਸੀ ਉਹ ਜਦੋਂ ਵੀ ਸਾਡੀ ਝਾੜ-ਝੰਬ ਕਰਦਾ ਸਾਡੇ ਬੋਲ ਕੁਤਰ ਜਾਂਦਾ ਸਾਡੀ ਜ਼ੁਬਾਨ ਨੂੰ ਤਾਲਾ ਲੱਗ ਜਾਂਦਾ ਆਪਣੀ ਚੁੱਪ ਆਪਣੀ ਜ਼ਿਹਨ ਦੀ ਬੇਬਸੀ ਦਾ ਅਹਿਸਾਸ ਪਹਿਲੀ ਵਾਰ ਉਦੋਂ ਹੋਇਆ ਜਦੋਂ ਮੈਂ ਪੜ੍ਹ ਨਾ ਸਕਿਆ ਉਸਦੀਆਂ ਅੱਖਾਂ ' ਚ ਲਿਖੀ ਮੁਹੱਬਤ ਦੀ ਇਬਾਰਤ ਨੂੰ ਉਸ ਦਾ ਮੋਹ ਹੁੰਗਾਰਾ ਉਡੀਕਦਾ ਰਿਹਾ ਮੈਂ ਪਰ ਕਟੇ ਕਬੂਤਰ ਵਾਂਗ ਅੰਬਰ ਵੱਲ ਪਰਵਾਜ਼ ਭਰਨ ਦੀ ਥਾਂ ਖੰਭ ਫੜ੍ਹ-ਫੜ੍ਹਾ ਕੇ ਰਹਿ ਜਾਂਦਾ ਫਿਰ ਤਾਂ ਸੱਥ, ਸਭਾ ਜਾਂ ਸਕੂਲ ਵਿੱਚ ਕਦੀ ਵੀ ਉਸਦੀਆਂ ਅੱਖਾਂ ਵਿੱਚਲੀ ਲੋਅ ਨੂੰ ਮੁਖ਼ਾਤਿਬ ਨਾ ਹੋ ਸਕਿਆ। ਮੇਰੇ ਬੋਲ, ਮੇਰੇ ਸ਼ਬਦ ਮੇਰੇ ਅਹਿਸਾਸਾਂ ਨੂੰ ਢੋਅ ਨਾ ਸਕੇ ਤਰਕਸ਼ ਵਿੱਚ ਪਏ ਤੀਰ ਅਣਆਈ ਮੌਤ ਮਰਦੇ ਰਹੇ ਬਾਪੂ ਆਪਣੇ ਜੀਵਨ ਦੀ ਤੋਰੇ ਤੁਰਦਾ ਖੱਡੀ ਬੁਣਦਾ ਆਪਣੀਆਂ ਜ਼ਿੰਮੇਵਾਰੀਆਂ ਨਾਲ ਦੋ ਚਾਰ ਹੁੰਦਾ ਸਾਹ ਦੀ ਬਿਮਾਰੀ ਨੇ ਢਾਅ ਲਿਆ ਸਾਹ ਉਖੜ ਜਾਣ ਤੇ " ਗ਼ਮ ਗ਼ਲਤ" ਕਰਦਾ ਆਪਣੀ ਚੁੱਪ ਨੂੰ ਹੰਢਾਉਂਦਾ ਰਾਸ਼ਨ ਕਾਰਡ ਦਾ ਮਹਿਜ਼ ਇੱਕ ਅੰਦਰਾਜ਼ ਬਣ ਕੇ ਰਹਿ ਗਿਆ ਮੈਂ ਸਵਾਰਥਾਂ ਤੋਂ ਪਾਸਾ ਪਰਤਦਾ ਮਿੱਤਰਤਾ ਜਿਉਣ ਵਾਲਾ ਸਖ਼ਸ਼ ਪਿੰਡ ਤੋਂ ਸ਼ਹਿਰ ਆਪਣੇ ਦਫਤਰ ਮਹਾਂਨਗਰ ਦੇ ਪੱਥਰਾਂ ਵਿੱਚ ਸਿਰਫ ਗਰਜਾਂ ਦਾ ਪੈਮਾਨਾ ਬਣਕੇ ਰਹਿ ਗਿਆ ਜਿਸ ਨੇ ਜਿੰਨਾ ਚਾਹਿਆ ਮਾਪ ਲਿਆ ਮੇਰਾ ਜ਼ਿਹਨ ਸੂਲਾਂ ਦਾ ਸਾਮਾਨ ਬਣਿਆ ਰੂਹ ਨੂੰ ਪੀੜਾਂ ਦਾ ਤਾਪ ਚੜ੍ਹਿਆ ਪੀੜਾਂ ਦੀ ਤਾਬ ਝੱਲਣ ਲਈ ਮੈਂ ਵੀ ਕਦੀ ਕਦੀ " ਗ਼ਮ ਗ਼ਲਤ" ਕਰਦਾ ਤਾਂ ਬਾਪੂ ਬੜਾ ਯਾਦ ਆਉਂਦਾ ਬਾਪੂ ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਦਾ ਪਰ ਭਲਾ ਆਪਣਾ ਵੀ ਕਰਨ ਯੋਗ ਨਾ ਹੋ ਸਕਿਆ ਨਾ ਚਾਰ ਛਿੱਲੜ ਨਾ ਚਾਰ ਸਿਆੜ ਉਸਦਾ ਹਾਸਿਲ ਹੋਏ ਤੇ ਮੇਰੇ ਵੀ ਵਰ੍ਹਿਆਂ ਦੀ ਕਮਾਈ ਸੱਚ, ਸ਼ਰਾਫਤ ਤੇ ਸਾਫਗੋਈ ਦਾ ਮੇਰੇ ਯਾਰ ਮਜ਼ਾਕ ਬਣਾ ਗਏ ਨਹੀਂ, ਹਰਗਿਜ਼ ਨਹੀਂ ਮੈਂ ਹਾਰਾਂਗਾ ਨਹੀਂ ਬਾਪੂ ਵਾਂਗ ਖਤਮ ਨਹੀਂ ਹੋਵਾਂਗਾ ਮੇਰੇ ਕੋਲ ਕਾਗਜ਼ ਹੈ, ਕਲਮ ਹੈ, ਕਿਤਾਬ ਹੈ ਮੈਂ ਚਾਨਣ ਦੀ ਫੜ ਉਂਗਲ਼ ਹਨੇਰਿਆਂ ਖਿਲਾਫ ਲੜਾਂਗਾ ਕੱਛੂ ਦੀ ਖੋਪਰੀ ਹੇਠ ਨਹੀਂ ਦੜਾਂਗਾ ਹਰ ਸੁਪਨੇ ਦੀ ਮੌਤ ਦਾ ਜਵਾਬ ਮੰਗਾਂਗਾ ਮੈਂ ਮਾਂ ਦੇ ਦੁੱਧ ਦਾ ਨਹੀਂ ਹਾਂ ਗੁਨਹਗਾਰ ਮੈਂ ਤਾਂ ਹਾਂ ਸੱਚ ਦੇ ਰਾਹ ਦਾ ਸ਼ਾਹ- ਅਸਵਾਰ ਸੱਚ ਦਾ ਸ਼ਾਹ ਅਸਵਾਰ
ਕਦੀ ਮਨਫ਼ੀ ਨਹੀਂ ਹੁੰਦਾ
ਪਤਾ ਨਹੀਂ ਮੈ ਆਪਣੇ ਪਿੰਡ ਵੱਲ ਵਾਰ ਵਾਰ ਕਿਉਂ ਮੁੜਦਾ ਹਾਂ। ਮੇਰੀ ਚੇਤਨਾ ਦੇ ਧਰਾਤਲ ਤੋਂ ਇੱਹ ਕਦੀ ਮਨਫ਼ੀ ਨਹੀਂ ਹੁੰਦਾ। ਉਹ ਪਿੰਡ ਜਿੱਥੇ ਮੇਰੇ ਬਚਪਨ ਦੀ ਬੇਫਿਕਰੀ ਅਤੇ ਮਾਸੂਮੀਅਤ ਨੂੰ ਪਤਾ ਹੀ ਨਾ ਲੱਗਾ ਗਰੀਬੀ ਤੇ ਭੁੱਖ ਨਾਲ ਘੁਲ਼ਦਿਆਂ ਕਦੋਂ ਮੂੰਹ ਤੇ ਉੱਗੀ ਲੂਈਂ ਸੰਗ ਮੱਥੇ ਤੇ ਫਿਕਰਾਂ ਦੇ ਕਿੱਲ ਉੱਗ ਆਏ। ਕਦੀ ਤਿੰਨ ਖਣਾਂ ਦੇ ਕੱਚੇ ਕੋਠੇ ਨੂੰ ਦੇਖ ਕੇ ਝੂਰਦਾ ਕਦੀ ਨੰਗੇ ਪੈਰਾਂ ਤੇ ਜੰਮੀ ਰਾਹਾਂ ਦੀ ਧੂੜ ਨੂੰ ਨਿਹਾਰਦਾ ਕਦੀ ਸਿਆਲਾਂ ਵਿੱਚ ਇੱਕੋ ਇੱਕ ਪੁਰਾਣਾ ਸੁਵੈਟਰ ਇੱਕ ਵੱਡੀ ਦੌਲਤ ਜਾਪਦਾ, ਬੇਬੇ ਬਾਪੂ ਰੱਬ ਵਰਗੇ ਲੱਗਦੇ। ਭਾਦੋਂ ਦੀਆਂ ਦੁਪਹਿਰਾਂ ਦੀ ਮਾਰ ਵਿੱਚ ਕਹਿੰਦੇ ਨੇ ਜੱਟ ਵੀ ਸਾਧ ਹੋ ਜਾਂਦੇ ਨੇ। ਸੇਮ ਤੇ ਬੂਟੇ ਲਾਉਣ ਲਈ ਟੋਏ ਪੁੱਟਦਿਆਂ ਮੈਂ ਕਦੀ ਕਸੀਸ ਨਹੀਂ ਸੀ ਵੱਟੀ ਮਹੀਨੇ ਬਾਅਦ ਮੇਰੀ ਹਥੇਲੀ ਤੇ ਮੇਰੀਆਂ ਦਿਹਾੜੀਆਂ ਦੇ ਪੈਸੇ ਧਰਦਿਆਂ ਜੰਗਲਾਤ ਮਹਿਕਮੇ ਦਾ ਕਲਰਕ ਮੇਰੇ ਹੱਥ 'ਚੋਂ ਪੈੱਨ ਖੋਹ ਅਜੀਬ ਜਿਹੀ ਕੈਰੀ ਅੱਖ ਨਾਲ ਝਾਕਦਾ ਰਜਿਸਟਰ ਤੇ ਗੂਠਾ ਲਾਉਣ ਲਈ ਕਹਿੰਦਾ। ਪਰ ਮੇਰੀ ਮਾਸੂਮੀਅਤ ਕੁੱਝ ਵੀ ਸਮਝ ਨਾ ਪਾਉਂਦੀ, ਤੇ ਦੂਜੇ ਦਿਨ ਫਿਰ ਮੈਂ ਉਸੇ ਕੰਮ ਤੇ ਜਾ ਹਾਜਿਰ ਹੁੰਦਾ। ਪਿੰਡ ਦੀਆਂ ਸੱਥਾਂ 'ਚ ਖੁੰਢਾ ਤੇ ਖਨਕਦੇ ਹਾਸਿਆਂ ਦੀ ਥਾਂ ਹਾੜ੍ਹੀ ਸਾਉਣੀ ਮੰਡੀ 'ਚ ਬੇਲਚਾ ਵਾਹੁੰਦਿਆਂ ਪਤਾ ਨਹੀਂ ਕਦੋਂ ਮਿੰਦੇ ਠੇਕੇਦਾਰ ਦੀਆਂ ਅੱਖਾਂ ਮੇਰੇ ਪਿੰਡੇ ਤੇ ਭਾਦੋਂ ਦੀ ਪਿੱਤ ਵਾਂਗ ਖੁੱਭ ਜਾਂਦੀਆਂ, ਤੇ ਮੈਂ ਪ੍ਰੇਸ਼ਾਨ ਹੋ ਉੱਠਦਾ। ਸ਼ਾਇਦ ਇਹ ਮੇਰਾ ਸਿਰੜ ਸੀ ਜਾਂ ਮੇਰੀ ਮਜਬੂਰੀ ਜਾਂ ਮਾਂ ਦੀਆਂ ਦੁਆਵਾਂ ਜਾਂ ਬਾਪੂ ਦੀ ਮੋਹ ਭਰੀ ਝਿੜਕ ਜਾਂ ਪਿੰਡ ਦੇ ਸਕੂਲ ਦੇ ਮਾਸਟਰ ਦੇ ਮੂੰਹੋਂ ਸੁਣੇ ਕੰਮੀ ਕਮੀਣ ਵਰਗੇ ਸੰਬੋਧਨ ਕਿ ਕਿਰਤ ਦਾ ਲੜ੍ਹ ਫੜ ਜ਼ਿਂੰਦਗੀ ਦੀ ਦੁਸ਼ਵਾਰੀਆਂ ਨੂੰ ਆਪਣੇ ਅੰਗ ਸੰਗ ਹੰਢਾਉਣਾ ਸਿੱਖ ਗਿਆ। ਤੇ ਆਖਿਰ ਮੈਂ ਚਾਰ ਛਿੱਲੜਾਂ ਦੀ ਪੱਕੀ ਨੌਕਰੀ ਜੋਗਾ ਹੋ ਗਿਆ। ਜ਼ਿੰਦਗੀ ਦੀ ਸਿਤਮ ਜ਼ਰੀਫੀ ਦੇਖੋ ਇਸ ਪੱਥਰਾਂ ਦੇ ਸ਼ਹਿਰ ਵਿੱਚ ਆਪਣੀ ਜ਼ਿੰਮੇਵਾਰੀਆਂ ਨਾਲ ਦੋ ਚਾਰ ਹੁੰਦਿਆਂ ਸੁਆਰਥਾਂ ਦੇ ਧੂੰਏਂ ਨਾਲ ਧੁਆਂਖੇ ਗਿਰਗਿਟਾਂ ਵਰਗੇ ਯਾਰ ਮਿਲੇ ਸਾਂਝਾ ਦੇ ਸੁਪਨਿਆਂ ਦੀ ਥਾਂ ਲਾਰਿਆਂ ਦੇ ਹਾਰ ਮਿਲੇ। ਕਈ ਵਾਰ ਸੋਚਦਾ ਹਾਂ ਜੇ ਇਹ ਅੱਖਰਾਂ ਨਾਲ ਮੋਹ ਨਾ ਪੈਂਦਾ ਅਣਜੰਮੇ ਮੋਏ ਸੁਪਨਿਆਂ ਤੇ ਮਨ ਦੀ ਪੀੜ ਨੇ ਜੇ ਕਵਿਤਾ ਦੀ ਉੰਗਲ਼ ਨਾ ਫੜੀ ਹੁੰਦੀ ਹੋ ਸਕਦਾ ਹੈ ਮੇਰੀ ਹੋਂਦ ਤਿੜਕ ਗਈ ਹੁੰਦੀ ਮੈਂ ਜੋ ਅੱਜ ਹਾਂ ਉਹ ਨਾ ਹੁੰਦਾ ਸਿਵਿਆਂ 'ਚ ਪਿੱਤਰਾਂ ਦੀ ਸਵਾਹ ਸੰਗ ਸਵਾਹ ਬਣ ਰਲ਼ ਗਿਆ ਹੁੰਦਾ। ਨਿੱਤ ਦੀਆਂ ਇਹ ਸਭ ਦੁਸ਼ਵਾਰੀਆ 'ਚ ਵੀ ਬੀਵੀ ਦੀ ਮੁਸਕੁਰਾਹਟ ਪੁੱਤਰਾਂ ਦੀਆਂ ਉਮੀਦਾਂ ਤੇ ਮੋਹ ਨੇ ਮੈਂਨੂੰ ਕਦੀ ਕਮਜ਼ੋਰ ਨਹੀਂ ਪੈਣ ਦਿੱਤਾ। ਐ ਜ਼ਿੰਦਗੀ ਮੈ ਤੇਰੇ ਨਾਲ ਨਰਾਜ਼ ਨਹੀਂ ਬਸ ਮੇਰੇ ਅੰਗ ਸੰਗ ਰਹੀਂ ਤਾਂ ਜੋ ਹਵਾ 'ਚ ਕੋਈ ਇਬਾਰਤ ਲਿਖ ਜਾਵਾਂ। ਉਂਝ, ਪਤਾ ਨਹੀਂ ਮੈਂ ਆਪਣੇ ਪਿੰਡ ਵੱਲ ਵਾਰ ਵਾਰ ਕਿਉਂ ਮੁੜਦਾ ਹਾਂ ਮੇਰੀ ਚੇਤਨਾ ਦੇ ਧਰਾਤਲ ਤੋਂ ਇਹ ਕਦੀ ਮਨਫੀ ਨਹੀਂ ਹੁੰਦਾ।
ਵਣਜਾਰਿਆ ਵੀਰਾ
ਮੁੱਦਤਾਂ ਬੀਤ ਗਈਆਂ ਮਾਨੋ ਕਿਸੇ ਬੀਤੇ ਯੁੱਗ ਦੀ ਗੱਲ ਹੋਵੇ ਵਣਜਾਰੇ ਪਿੰਡ ਵਿੱਚ ਆਉਣਾ ਤੇ ਗਲ਼ੀਆਂ ਵਿੱਚ "ਚੂੜੀਆਂ ਲੈ ਲਓ" ਦਾ ਹੋਕਾ ਦੇਣਾ। ਭਲਾ ਜੇ ਆ ਵੀ ਜਾਵੇ ਵਣਜਾਰਾ ਕਿਸ ਨੇ ਸੁਣਨਾ ਉਸ ਦਾ ਹੋਕਾ ? ਖ੍ਰੀਦੇਗਾ ਕੌਣ ਉਸਦੀਆਂ ਚੂੜੀਆਂ? ਹੁਣ, ਵਿਹੜਿਆਂ ਵਿੱਚ ਨਾ ਹਾਸੇ ਰੁਮਕਦੇ ਨਾ ਵੰਗਾਂ ਦੇ ਚਾਅ ਛਣਕਦੇ ਮੁਬਾਈਲਾਂ ਨੇ ਸਭ ਕੁੱਝ ਚੁੱਗ ਲਿਆ। ਘਰਾਂ 'ਚ ਵੀ ਨਾ ਲੱਭਦੀਆਂ ਹੁਣ ਕੁੱੜੀਆਂ ਚਿੜੀਆਂ ਤੇ ਧਰੇਕਾਂ। ਸੱਤ ਸਮੁੰਦਰੋਂ ਪਾਰ ਚੋਗ ਚੁਗਣ ਲਈ ਸਭ ਕਦੋਂ ਦੀਆਂ ਭਰ ਗਈਆਂ ਉਡਾਰੀ। ਉਲਝ ਗਈਆਂ ਪੌਂਡਾਂ ਤੇ ਡਾਲਰਾਂ ਦੀ ਚੱਕਰਵਿਊ ਵਿੱਚ। ਹੁਣ ਤਾਂ ਯਾਦ ਵੀ ਨਹੀਂ ਰਿਹਾ ਹੋਣਾ ਜੌਬ ਦੀ ਘੁੰਮਣ-ਘੇਰੀ ਵਿੱਚ ਕਦੋਂ ਢਲ਼ ਗਏ ਜਵਾਨੀ ਦੇ ਚਾਅ, ਲਾਹੁੰਦਿਆਂ ਕਰਜੇ ਦੀਆਂ ਕਿਸ਼ਤਾਂ ਸੰਗ ਕਦੋਂ ਚਾਵਾਂ ਸਣੇ ਤੁਬਕਾ ਤੁਬਕਾ ਆਪ ਵੀ ਖੁਰ ਗਈਆਂ । ਕੋਟਲ਼ਾ ਛਪਾਕੀ, ਅੱਡੀ ਟੱਪਾ ਖੇਡਣ ਦੀ ਉਮਰੇ, ਹੁਣ ਤਾਂ ਉਹ ਕੋਚਿੰਗ ਸੈਂਟਰਾਂ ਵਿੱਚ ਪਰਵਾਜ਼ ਭਰਨ ਲਈ ਖੰਭਾਂ ਦੀ ਅਜ਼ਮਾਇਸ਼ ਵਿੱਚ ਹਨ। ਇਧਰ ਬਾਪੂ ਵੀ ਉਮਰਾਂ ਦੀ ਕਮਾਈ ਨੂੰ ਦੇ ਰਿਹਾ ਜਰਬਾਂ ਤਕਸੀਮਾਂ ਮਨਫੀ ਰਹਿ ਗਏ ਕਾਲਮ ਨੂੰ ਭਰਨ ਲਈ ਬਲੂੰਗੜੇ ਵਾਂਗ ਨੱਸਦਾ ਹੈ ਕਦੀ ਅੜ੍ਹਤੀਏ ਵੱਲ, ਤੇ ਕਦੀ ਬੈਂਕ ਦੀ ਹਾਜਰੀ ਭਰਦਾ ਹੈ। ਕੁੱਝ ਸੁਵਖਤੇ ਨੱਸਦੀਆਂ ਸ਼ਹਿਰ ਦੇ ਮਾਲਾਂ ਵੱਲ, ਰਾਤੀਂ ਘਰਾਂ ਨੂੰ ਪਰਤਦੀਆਂ ਮੁਰਝਾਈਆਂ- ਕੁਮਲਾਈਆਂ ਕੁੜੀਆਂ। "ਮਾਲ-ਕਲਚਰ" ਨੂੰ ਹੁਣ ਸੂਟ-ਸਲਵਾਰ ਅਸੱਭਿਅਕ ਲੱਗਦੇ ਚੂੜੀਆਂ ਪਹਿਨਣ ਦੇ ਸ਼ੌਕ ਨੂੰ ਚੱਟ ਗਈ ਆਧੁਨਿਕਤਾ ਦੀ ਸਿਉਂਕ। ਕਿਤੇ ਗੁਆਚ ਗਈ ਪਿੰਡਾਂ ਦੀ ਖੁਸ਼ਬੂ। ਕੁੱਝ ਕੁ ਬੇਗਾਨੇ ਖੇਤਾਂ ਵਿੱਚ, ਮਾਵਾਂ ਸੰਗ, ਗੁਰਬਤ ਨਾਲ਼ ਦੋ-ਚਾਰ ਹੁੰਦੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸੁਪਨੇ ਕਦੋਂ ਕਿਰ ਗਏ, ਹੌਕੇ ਚੁਗ ਝੋਲ਼ੀ ਵਿੱਚ ਪਾ ਲਏ। ਯਾਦ ਹੀ ਨਹੀਂ ਰਹਿੰਦਾ ਕਿ ਸਿਲਤਰਾਂ ਲੱਗੀਆਂ ਬਾਹਵਾਂ ਤਾਂ ਚੂੜੀਆਂ ਪਹਿਨਣ ਦੇ ਲਈ ਹੁੰਦੀਆਂ ਨੇ। ਵਣਜਾਰਿਆ ਵੀਰਾ, ਜੇ ਕਿਤੇ ਸੁਣਦਾ ਹੋਵੇਂ ਤਾਂ ਸੁਣ, ਨਾ ਆਵੀਂ ਹੁਣ ਏਸ ਗਰਾਂ ਇੱਥੇ ਨਾ ਕੋਈ ਹੁਣ ਜੋ ਉਡੀਕੇ ਤੇਰਾ ਹੋਕਾ, ਚਾਵਾਂ ਨਾਲ਼ ਖ੍ਰੀਦੇ ਤੇਰੀਆਂ ਚੂੜੀਆਂ।
ਮੈਂ ਵੀ ਉਹਨਾਂ ਵਿੱਚੋਂ ਇਕ
ਨਫ਼ਰਤਾਂ ਨਾਲ ਧੁਆਂਖ਼ੇ ਹੋਏ ਕਿੱਕਰਾਂ ਵਰਗੇ ਤਨ ਰਗਾਂ ਵਿਚ ਪੀੜਾਂ ਤੁਰਦੀਆਂ ਫ਼ਿਕਰਾਂ ਨੇ ਸਤਾਏ ਮਨ ਜਿੰਨ੍ਹਾਂ ਨੂੰ ਵਿਰਸੇ ਵਿਚੋਂ ਮਿਲੀਆਂ ਠੋਕਰਾਂ ਮੈਂ ਵੀ ਉਹਨਾਂ ਵਿੱਚੋਂ ਇਕ । ਜਿੱਥੇ ਮਿਲਦੇ ਨਿੱਤ ਨਵੇਂ ਹਾਦਸੇ ਉਮਰੋਂ ਲੰਬੇ ਦੁੱਖ ਗਰਜ਼ਾਂ ਨੇ ਖਾ ਲਏ ਸੁਪਨੇ ਵਿਹੜਿਆਂ ਵਿਚ ਭੁੱਖ ਕਿਰਤ ਕਰਦਿਆਂ ਜੋ ਬਦਲਣਾ ਚਾਹੁੰਦੇ ਕਿਸਮਤਾਂ ਮੈਂ ਵੀ ਉਹਨਾਂ ਵਿੱਚੋਂ ਇਕ । ਸਾਰੀ ਉਮਰ ਸੀਰ ਕਮਾਉਦਿਆਂ ਪੈਰਾਂ ਹੇਠ ਨਾ ਆਏ ਚਾਰ ਸਿਆੜ ਕੱਕਰ ਰਾਤਾਂ ਪਾਣੀ ਲਾਏ ਸਾੜ ਸਾੜ ਲੰਘੇ ਦੇਹ ਨੂੰ ਹਾੜ ਹੱਕ ਮੰਗਦੇ ਜੋ ਮੁੱਠੀਆਂ ਤਾਣ ਕੇ ਮੈਂ ਵੀ ਉਹਨਾਂ ਵਿੱਚੋਂ ਇਕ । ਭੱਠਿਆਂ ਵਿਚ ਡੁਲ੍ਹਦਾ ਮੁੜਕਾ ਕਾਰਖਾਨਿਆਂ ਦੇ ਵਿੱਚ ਖੂਨ ਮੁਸ਼ੱਕਤ ਧਾਹਾਂ ਮਾਰਦੀ ਢੋਰਾਂ ਵਰਗੀ ਜੂਨ ਜਿੰਨ੍ਹਾਂ ਸੀਨਿਆ ਵਿਚ ਜ਼ਿੰਦਗੀ ਧੜਕ ਪਈ ਮੈਂ ਵੀ ਉਹਨਾਂ ਵਿੱਚੋਂ ਇਕ । ਮੁਫ਼ਲਸੀ ਦੇ ਵਿਹੜਿਉਂ ਤੁਰੇ ਜੋ ਲੇਬਰ ਚੌਂਕ ਵਿੱਚ ਜਾ ਖੜ੍ਹੇ ਕੁੱਝ ਅੱਖਰ ਅੱਖਰ ਹੋ ਤੁਰੇ ਲੇਖਾਂ ਦੇ ਨਾਲ ਜਾ ਲੜੇ ਜੇੜ੍ਹੇ ਲੜਦੇ ਨਾਲ ਖੇੜਿਆਂ ਦੇ ਮੈਂ ਵੀ ਉਹਨਾਂ ਵਿੱਚੋਂ ਇਕ।
ਅਸੀਂ ਪੁੱਤ ਕਿਰਤੀਆਂ ਦੇ
ਅਸੀਂ ਪੁੱਤ ਕਿਰਤੀਆਂ ਦੇ, ਨ੍ਹੇਰਿਆਂ ਦੇ ਨਾਲ ਲੜ੍ਹਦੇ ਹਾਂ ਵਾਂਗ ਗੁਲਾਮਾਂ ਜਿਉਂਦੇ ਹਾਂ,ਬੇਨਾਮੀ ਵਿਚ ਮਰਦੇ ਹਾਂ ਚਿੜੀਆਂ ਦੀ ਮੌਤ ਤੇ ਕੌਣ, ਖ਼ਬਰ ਦੀ ਸੁਰਖ਼ੀ ਲਾਉਂਦਾ ਹੈ। ਸਾਡੇ ਜ਼ਖ਼ਮਾਂ ਦਾ ਯਾਰੋ,ਨਾ ਕੋਈ ਗੀਤ ਬਣਾਉਂਦਾ ਹੈ। ਧਰਤੀ ਦੀ ਹਿੱਕ ਉੱਤੇ ,ਜੀਵਨ ਦੀ ਕਵਿਤਾ ਲਿਖਦੇ ਹਾਂ ਰੋਜ਼ ਸ਼ਹਿਰ ਦੇ ਚੌਕਾਂ ਵਿਚ, ਕੌਡੀਆਂ ਦੇ ਭਾਅ ਵਿਕਦੇ ਹਾਂ ਮੁੱਲ ਸਾਡੇ ਮੁੜ੍ਹਕੇ ਦਾ, ਕੋਈ ਨਾ ਯਾਰੋ ਪਾਂਉਦਾ ਹੈ। ਸਾਡੇ ਜ਼ਖ਼ਮਾਂ ਦਾ ਯਾਰੋ,ਨਾ ਕੋਈ ਗੀਤ ਬਣਾਉਂਦਾ ਹੈ। ਹੰਝੂਆਂ ਦੇ ਸਾਗਰ ਸਾਡੇ, ਤੋੜ ਜਾਂਦੇ ਨੇ ਸਬਰਾਂ ਨੂੰ ਅੰਦਰੋਂ ਜਦ ਫਰੋਲ਼ੀਏ ਅਸੀਂ, ਖ਼ਾਬਾਂ ਦੀਆਂ ਕਬਰਾਂ ਨੂੰ ਫ਼ਿਕਰਾਂ ਸਾਡਿਆਂ ਦੇ ਨਾਲ, ਸਾਂਝ ਕੋਈ ਨਾ ਪਾਉਂਦਾ ਹੈ। ਸਾਡੇ ਜ਼ਖ਼ਮਾਂ ਦਾ ਯਾਰੋ, ਨਾ ਕੋਈ ਗੀਤ ਬਣਾਉਂਦਾ ਹੈ। ਕੁੱਲੀਆਂ ਚੌਂ ਉਗਣਾ ਸੂਰਜ ਨੇ, ਤੋੜ ਦੇਣਾ ਏ ਭਰਮਾਂ ਨੂੰ ਨਾਲ ਮਿਹਨਤਾਂ ਬਦਲ ਦੇਣਾ, ਅਸੀਂ ਮੱਥੇ ਦੇ ਕਰਮਾਂ ਨੂੰ। 'ਹਿੱਸੋਵਾਲੀਆ' ਰਾਹਾਂ ਦੇ ਵਿਚ, ਦੀਵੇ ਤਾਂਹੀ ਜਗਾਉਂਦਾ ਹੈ। ਸਾਡੇ ਜ਼ਖ਼ਮਾਂ ਦਾ ਯਾਰੋ ,ਨਾ ਕੋਈ ਗੀਤ ਬਣਾਉਂਦਾ ਹੈ।
ਤੂੰ ਸੋਚ !
ਰਾਤ ਨੂੰ ਪੜ੍ਹਨ ਤੋਂ ਬਾਅਦ ਪਹਿਲਾਂ ਵਾਂਗ ਹੀ ਸੌਂਦਾ ਹਾਂ ਪਰ ਬਹੁਤਾ ਚਿਰ ਨਹੀਂ ਤੇਰੀ ਯਾਦ ਸਿਰਹਾਣੇ ਆ ਬੈਠ ਜਾਂਦੀ ਹੈ ਫਿਰ ਸਾਰੀ ਰਾਤ ਯਾਦ ਤੇਰੀ ਨਾਲ ਗੱਲਾਂ ਦਾ ਕਰਦਿਆਂ ਲੰਘਦੀ ਹੈ ਤੇਰੇ 'ਗੁੱਡ ਨਾਈਟ' ਕਹਿਣ ਤੇ ਮੈਂ ਟੋਕਦਾ ਸਾਂ 'ਮੈਨੂੰ ਵਿੱਛੜਨ ਤੋਂ ਡਰ ਲੱਗਦਾ ਹੈ' ਪਰ ਹੁਣ ਤਾਂ ਤੇਰੇ ਬਿਨ ਦਿਨ ਵੀ ਗੁਜ਼ਰ ਜਾਂਦਾ ਹੈ ਤੇ ਰਾਤ ਵੀ ਉਦਾਸੀ ਨਾਲ ਠਰੀ ਹੋਈ ਜਦੋਂ ਮਿਲਦੇ ਸਾਂ ਤਦ ਸਾਡੇ ਕੋਲ ਬਹੁਤੇ ਹੁੰਦੇ ਸੀ ਰੋਸੇ ਤੇ ਸ਼ਿਕਵੇ ਹੁਣ ਵਿੱਛੜ ਗਏ ਤਾਂ ਦਿਲ ਵਿੱਚ ਬੇਸ਼ੁਮਾਰ ਮੁਹੱਬਤ ਹੈ ਪਰ ਮੁਲਾਕਾਤ ਨਹੀਂ ਤੂੰ ਕਹਿੰਦੀ ਸੀ 'ਗੱਲਾਂ ਕਰਦੇ ਰਿਹਾ ਕਰੋ ' ਖੌਰੇ ਤੈਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ ਮੈਂ ਤੇਰੇ ਲਈ 'ਬਿਜੀ ਬੰਦਾ' ਹੀ ਬਣਿਆ ਰਿਹਾ ਹੁਣ ਜਦ ਫ਼ੁਰਸਤ ਮਿਲੀ ਗੱਲ ਸੁਣਨ ਵਾਲਾ ਕੋਈ ਨਹੀਂ ਸਾਨੂੰ ਇਤਰਾਜ਼ ਸੀ ਇੱਕ ਦੂਜੇ ਦੇ ਹੱਸਣ ਬੋਲਣ ਤੇ ਕਿਸੇ ਕੋਲ ਖੜ੍ਹਨ ਬੈਠਣ ਤੇ ਹੁਣ ਦੋਵੇਂ ਕਿਸੇ ਹੋਰ ਦੇ ਹੋ ਕੇ ਰਹਿ ਜਾਵਾਂਗੇ ਤਾਂ ਦੱਸ ਕਿਵੇਂ ਸਹਾਰਾਂਗੇ ?
ਭੁੱਖਾਂ, ਥੁੜਾਂ ਦੇ ਮਾਰਿਆਂ ਦਾ
ਭੁੱਖਾਂ, ਥੁੜਾਂ ਦੇ ਮਾਰਿਆਂ ਦਾ ਦੁੱਖ ਸੁਣ ਕੇ ਤੂੰ ਜਾਵੀਂ । ਆਵੀਂ ਆਵੀਂ ਨੀ ਆਜ਼ਾਦੀਏ ਸਾਡੇ ਪਿੰਡ ਵੀ ਤੂੰ ਆਵੀਂ। ਬਾਪੂ ਰਲਦਾ ਸੀਰੀ ਪੁੱਤ ਲੇਬਰ ਚੌਂਕ ਵਿੱਚ ਖੜ੍ਹਦਾ ਪੁੱਤ ਹੋ ਗਿਆ ਬੁੜਾ ਲਾਹੁੰਦਾ ਪਿਉ ਵਾਲਾ ਕਰਜ਼ਾ ਫ਼ਿਕਰਾਂ ਦੀ ਪੰਡ ਭਾਰੀ ਸਾਨੂੰ ਸਾਹ ਤੂੰ ਦੁਆਵੀਂ । ਆਵੀਂ ਆਵੀਂ ਨੀ ਆਜ਼ਾਦੀਏ ਸਾਡੇ ਪਿੰਡ ਵੀ ਤੂੰ ਆਵੀਂ । ਅਸੀਂ ਬੀਜੀਆਂ ਸੀ ਕਣਕਾਂ ਸਾਡੇ ਹਿੱਸੇ ਆਈ ਸਲਫਾਸ ਹੱਡਾਂ ਸਾਡਿਆਂ ਤੋਂ ਚੂੰਡ ਲਿਆ ਬੈਂਕਾਂ ਵਾਲਿਆਂ ਨੇ ਮਾਸ ਉੱਠਦੇ ਪਿੰਜਰਾਂ ਚੋਂ ਹਾਉਕਿਆਂ ਨੂੰ ਸੁਣ ਕੇ ਤੂੰ ਜਾਵੀਂ । ਆਵੀਂ ਆਵੀਂ ਨੀ ਆਜ਼ਾਦੀਏ ਸਾਡੇ ਪਿੰਡ ਤੂੰ ਆਵੀਂ । ਸਾਡੇ ਵਿਹੜਿਆਂ ਦੇ ਵਿੱਚ ਯਾਰੋ ਭੁੱਜਦੀ ਹੈ ਭੰਗ ਦੇ ਕੇ ਢਿੱਡ ਨੂੰ ਦਿਲਾਸੇ ਅਸੀਂ ਸਾਰਦੇ ਹਾਂ ਡੰਗ ਲੁੱਟ ਲੈ 'ਗੇ ਸਾਡੇ ਹਾਸੇ ਸਾਡਾ ਦਰਦ ਤੂੰ ਵੰਢਾਵੀਂ । ਆਵੀਂ ਆਵੀਂ ਨੀ ਆਜ਼ਾਦੀਏ ਸਾਡੇ ਪਿੰਡ ਵੀ ਤੂੰ ਜਾਵੀਂ। ਸਾਡੇ ਪਿੰਡ ਦੇ ਧਨਾਢ ਸਾਨੂੰ ਰੱਖਦੇ ਦਬਾਅ ਕੇ ਖਿੱਚ ਲੈਂਦੇ ਨੇ ਜ਼ੁਬਾਨ ਸਾਡੇ ਘਰਾਂ ਵਿੱਚ ਆ ਕੇ ਅਸੀਂ ਲੜੀਏ ਹਨੇਰ ਨਾਲ ਮੁੜ੍ਹਕੇ ਦਾ ਮੁੱਲ ਤੂੰ ਪਾਵੀਂ। ਆਵੀਂ ਆਵੀਂ ਨੀ ਆਜ਼ਾਦੀਏ ਸਾਡੇ ਪਿੰਡ ਵੀ ਤੂੰ ਆਵੀਂ।
ਬਿਆਈਆਂ ਦੀ ਟੀਸ
ਪੈਰਾਂ ਦੀਆਂ ਪਾਟੀਆਂ ਬਿਆਈਆਂ ਦੀ ਟੀਸ ਨੂੰ ਜੀ ਚਾਹੁੰਦਾ ਹੈ ਕਹਾਂ, "ਐਵੇਂ ਨਾ ਰੌਲ਼ਾ ਪਾਇਆ ਕਰ। ਪਤਾ ਹੈ ਮੈਂਨੂੰ ਵੀ, ਜਦ ਵੀ ਪਿਛਾਂਹ ਝਾਤੀ ਮਾਰਦਾ ਹਾਂ, ਤੇਰੀਆਂ ਪੈੜਾਂ ਦਾ ਸਫਰ ਦੂਰ ਅਤੀਤ ਚੋਂ ਬੰਜਰਾਂ, ਵੱਤਰਾਂ ਤੋਂ ਕੱਚੇ ਪਹਿਆਂ ਤੇ ਤਾਰਕੋਲੀ ਸੜਕਾਂ ਨੂੰ ਗਾਹੁੰਦਾ ਮਹਾਂ ਨਗਰਾਂ ਦੀਆਂ ਸੀਮਾਵਾਂ ਵੀ ਸਰ ਕਰਦਾ ਹੈ। ਵਕਤ ਦੇ ਹਰ ਸਿਤਮ ਨੂੰ ਜਰਦਾ ਹੈ।" ਫਿਰ ਅੰਦਰਲਾ ਹਾਉਕਾ ਕਰਵਟ ਲੈਂਦਾ ਹੈ "ਯਾ ਮੌਲਾ ਕਦੀ ਤਾਂ ਇਧਰ ਵੀ ਨਜ਼ਰ ਕਰ ਮੈਂ ਕਿੱਥੇ ਕਿੱਥੇ ਥਾਹ ਪਾਵਾਂ, ਪੁਸ਼ਤ ਦਰ ਪੁਸ਼ਤ ਸਫ਼ਰ ਇਸ ਟੀਸ ਦਾ ਹੈ ਕਿ ਮੁੱਕਦਾ ਹੀ ਨਹੀਂ। ਜੇ ਕਿਸਮਤ ਦੀ ਪੱਤਰੀ ਖੋਲ੍ਹਾਂ, ਘਰ ਦੇ ਕੱਚੇ, ਕਦੀ ਸੁਲਘਦੇ, ਕਦੀ ਫ਼ਾਕੇ ਕੱਟਦੇ, ਚੁੱਲ੍ਹੇ ਨੂੰ ਪੁੱਛਾਂ, ਹਉਕਾ ਜਿਹਾ ਭਰਦਾ ਉਹ ਵੀ ਕਹਿੰਦਾ ਹੈ 'ਤੂੰ ਵੀ ਤਾਂ ਕੁੱਝ ਕਰ ਨਹੀਂ ਪਾਇਆ ਉੱਥੇ ਹੀ ਖਲੋਤਾ ਹੈਂ ਜਿੱਥੇ ਤੇਰੇ ਬਾਪ ਦੇ ਬਾਪ ਦਾ ਬਾਪ ਖੜ੍ਹਾ ਸੀ। ਤੂੰ ਵੀ ਕਿਹੜਾ ਛੱਡੀ ਹੈ ਸਮੇਂ ਤੇ ਕੋਈ ਛਾਪ। ਨਾ ਤੇਰੀ ਕਿਸਮਤ ਬਦਲੀ ਹੈ, ਨਾ ਮੇਰਾ ਮੂੰਹ-ਮੱਥਾ ਸੰਵਰਿਆ ਹੈ।' ਤੇ ਮੈਂ ਨਿੰਮੋਝੂਣਾ ਜਿਹਾ ਹੋ ਕਹਿੰਦਾ ਹਾਂ ਨਹੀਂ, ਨਹੀਂ ਹੁਣ ਵਕਤ ਬਦਲ ਗਿਆ ਹੈ, ਅੰਬਰ ਦੀ ਤਾਸੀਰ ਬਦਲੀ ਹੈ। ਮੈਂ ਤੁਰਾਂਗਾ, ਵਕਤ ਤੇ ਹਵਾ ਦੇ ਥਪੇੜਿਆਂ ਨਾਲ ਲੜਾਂਗਾ ਦੂਰ ਦੁਮੇਲ ਤੇ ਉੱਗਦੀ ਲਾਲੀ ਦੇ ਬੂਹੇ ਤੇ ਦਸਤਕ ਦਿਆਂਗਾ। ਮੇਰਾ ਬੇਟਾ ਕਦੀ ਵੀ ਤੇਰਾ ਇਹ ਉਲਾਂਭਾ ਨਹੀਂ ਸੁਣੇਗਾ ਕਿ ਤੂੰ ਵੀ ਉੱਥੇ ਹੀ ਖੜ੍ਹਾ ਹੈਂ ਜਿੱਥੇ ਤੇਰਾ ਬਾਪ ਖੜ੍ਹਾ ਸੀ। "
ਵਿਰਾਸਤ
ਜਦੋਂ ਮੈਂ ਪਿੰਡੋਂ ਆਇਆ, ਮੈਨੂੰ ਪਤਾ ਹੀ ਨਾ ਲੱਗਾ, ਅਛੋਪਲੇ ਜਹੇ ਕਦੋਂ ਮੇਰੇ ਅਹਿਸਾਸਾਂ ਸੰਗ ਪੀਤੂ ਮੇਰੇ ਨਾਲ ਹੀ ਤੁਰ ਆਇਆ। ਅੱਜ ਪਿੰਡੋਂ ਖ਼ਬਰ ਆਈ ਹੈ ਪੀਤੂ ਹਮੇਸ਼ਾ ਲਈ ਤੁਰ ਗਿਆ ਹੈ ਅੱਧਾ ਅਧੂਰਾ। ਅੱਧਾ ਤਾਂ ਉਹ ਉਦੋਂ ਹੀ ਤੁਰ ਗਿਆ ਸੀ ਜਦੋਂ ਜ਼ਿਮੀਂਦਾਰ ਦੇ ਖੇਤ ਵਿੱਚ ਕਣਕ ਕੱਢਦਿਆਂ ਉਸਦੀਆਂ ਦੋਵੇਂ ਬਾਹਵਾਂ ਹੜੰਬੇ ਵਿੱਚ ਆ ਗਈਆਂ। ਖਿੰਡ ਗਈਆਂ ਕਣਕ ਦੇ ਬੋਹਲ਼ ਤੇ, ਤੂੜੀ ਦੇ ਢੇਰ ਤੇ। ਪੂਰੀ ਫਿਜ਼ਾ ਵਿੱਚ ਗੂੰਜ ਗਈ ਸੀ ਉਸਦੀ ਚੀਕ ਇੱਕ ਪੂਰਾ ਸੁਪਨ ਸੰਸਾਰ ਢਹਿ-ਢੇਰੀ ਹੋ ਕੇ ਰਹਿ ਗਿਆ। ਪੀਤੂ ਆਪਣੀ ਲੜਾਈ ਹਾਰ ਗਿਆ। ਮੁੜ ਭੁੱਖ-ਦੁੱਖ ਦੀ ਖਾਈ ਵਿੱਚ ਜਾ ਡਿੱਗਿਆ। ਬੱਚਿਆਂ ਦੇ ਸਿਰ ਤੇ ਢਹਿ ਪਿਆ ਮੁਸੀਬਤਾਂ ਦਾ ਪਹਾੜ। ਉਸਦੇ ਨਿੱਕੇ ਨਿੱਕੇ ਮਾਸੂਮ ਸੁਪਨੇ, ਆਪਣੀ ਧੀ ਤੇ ਪੁੱਤ ਦੇ ਹੱਥ ਬਸਤਾ ਫੱਟੀ ਫੜਾਉਣੀ, ਧੀ ਨੂੰ ਆਪਣੇ ਘਰ ਤੋਰਨਾ, ਆਪਣੇ ਘਰ ਨੂੰਹ ਲਿਆਉਣੀ, ਸੀਤੋ ਦੇ ਗਲ਼ ਸੋਨੇ ਦੀ ਚੈਨੀ ਪਾਉਣੀ, ਸਿਉੰਕ ਖਾਧੀ ਘਰ ਦੀ ਛੱਤ ਬਦਲਨੀ, ਪਸ਼ੂਆਂ ਲਈ ਪੱਕੀ ਖੁਰਲੀ ਬਨਾਉਣੀ, ਵਿਹੜੇ ਵਿੱਚ ਰੋੜਿਆਂ ਦਾ ਫਰਸ਼ ਲਾਉਣਾ। ਸਭ ਕੁੱਝ ਮਿੱਟੀ ਹੀ ਤਾਂ ਹੋ ਗਿਆ। ਉਸਦੀ ਹਮਸਫ਼ਰ, ਸੀਤੋ, ਬੇਬਸ ਕੁਰਲਾਉਂਦੀ ਅਧਮੋਈ ਹੋ ਗਈ। ਆਪਣੀ ਹੋਣੀ ਤੇ ਝੂਰਦੀ ਰਹਿ ਗਈ। ਉਸ ਦੇ ਕੱਲ੍ਹ ਤੇ ਸਿਆਹੀ ਫਿਰ ਗਈ। ਇੱਕ ਦਿਨ ਗੁਰਦੁਆਰੇ ਦੇ ਸਪੀਕਰ ਤੋਂ ਆਉੰਦੇ ਬੋਲ ਸੁਣ "ਤੇਰੀ ਜੇ ਹੋਵੇ ਕਿਰਪਾ ਪਿੰਗਲਾ ਪਹਾੜ ਚੜ੍ਹ ਜਾਵੇ" ਉਸਦਾ ਅੰਦਰ ਜਿਵੇਂ ਚੀਰਿਆ ਗਿਆ। "ਭਲਾ ਮੈਂ ਪਹਾੜ ਚੜ੍ਹ ਕੇ ਆਹ ਟੁੰਡਾਂ ਨਾਲ਼ ਕੀ ਖੋਹ ਲੈਣਾ ? " ਉਹ ਟੁੰਡਾਂ ਨਾਲ ਅੱਖਾਂ ਪੂੰਝਦਾ ਸਾਹਮਣੇ ਬੋਹੜ ਹੇਠ ਜਾ ਬੈਠਾ। ਉੰਝ ਜੈਲਦਾਰਾਂ ਨੇ ਉਸਤੋਂ ਮੂੰਹ ਤਾਂ ਨਾ ਮੋੜਿਆ ਸਾਲ ਭਰ ਲਈ ਦਾਣੇਂ ਦਿੰਦੇ, ਸੀਤੋ ਨੂੰ ਵੀ ਘਰ ਦੇ ਕੰਮ ਲਾ ਲਿਆ, ਸੀਤੋ ਨੂੰ ਵੀ ਹੋਰ ਕਿਹੜਾ ਰਾਹ ਸੀ। ਉਨ੍ਹਾਂ ਦੇ ਘਰ ਦੇ ਕੰਮ ਨਿਬੇੜਦੀ ਸਾਰਾ ਦਿਨ ਇੱਲਣੀ ਹੋਈ ਰਹਿੰਦੀ। ਦਿਨੋਂ ਦਿਨ ਨਿਘਰਦੀ ਚਲੀ ਗਈ। ਉਹ ਅਕਸਰ ਸੋਚਦਾ, ਜੇ ਮੈਂ ਫੌਜੀ ਹੁੰਦਾ, ਲੜਦਾ ਇੰਝ ਹੋ ਜਾਂਦਾ, ਬਹਾਦਰੀ ਦਾ ਤਮਗਾ ਮਿਲਦਾ ਰੋਟੀ ਜੋਗੀ ਪੈਂਸ਼ਨ ਮਿਲਦੀ, ਟੱਬਰ ਇੰਝ ਤਾਂ ਨਾ ਰੁਲ਼ਦਾ। ਪਰ ਆਹ ਨਿੱਤ ਭੁੱਖ ਪਿਆਸ ਨਾਲ਼ ਘੁਲ਼ਦਿਆਂ, ਮਿੱਟੀ ਨਾਲ਼ ਮਿੱਟੀ ਹੁੰਦੇ, ਅੰਨ ਉਗਾਉੰਦਿਆਂ ਦੇਸ਼ ਦਾ ਢਿੱਡ ਭਰਨਾ, ਜੰਗ ਤੋਂ ਕਿਵੇ ਘੱਟ ਹੈ। ਪਰ ਇਸ ਜੰਗ ਵਿੱਚ ਮਿਟਣ ਵਾਲਿਆਂ ਨੂੰ ਕੌਣ ਪੁੱਛਦਾ ਹੈ। ਉਸਨੂੰ ਉਸ ਦਿਨ ਜਾਪਿਆ ਉਸਦੀ ਮਿੱਟੀ ਵਿੱਚ ਆਹ ਜਿਹੜੇ ਸਾਹ ਚੱਲਦੇ ਨੇ, ਹੁਣ ਇਹ ਕਿਥੋਂ ਬਚਣੇ ਆ, ਜਦੋਂ ਮਾੜਾ ਜਿਹਾ ਸਿਰ ਚੁੱਕਦੇ ਉਸਦੇ ਪੁੱਤਰ ਨੂੰ, ਜੈਲਦਾਰ, ਮੋਢੇ ਤੇ ਕਹੀ ਰੱਖ, ਆਪਦੇ ਖੇਤਾਂ ਵੱਲ ਲੈ ਤੁਰਿਆ। ਉਸਨੇ ਹੌਕਾ ਲੈ ਅੱਖਾਂ ਪੂੰਝਦਿਆਂ ਆਸਮਾਨ ਵੱਲ ਸੁਆਲ ਉਛਾਲਿਆ " ਰੱਬਾ ਕੀ ਮੇਰੇ ਪੁੱਤ ਦੀ ਵੀ ਇਹੋ ਵਿਰਾਸਤ ਹੈ ?"
ਪਿਆਸ
ਮੌਸਮਾਂ ਦੀ ਕਹਾਂ ਜਾਂ ਵਕਤ ਦੀ ਸਿਤਮਜ਼ਰੀਫੀ ਕਹਾਂ ਕਿ ਮੇਰੇ ਕਦਮਾਂ ਅੱਗੇ ਵਿਛ ਗਿਆ ਥਲਾਂ ਦਾ ਸਫਰ ਪਰ ਮੇਰੀ ਪਿਆਸ ਨੇ ਮੋਹ ਭਰੇ ਹਰਫ ਹੀ ਲਿਖੇ ਜਿਸ ਨੇ ਵੀ ਪੜ੍ਹੇ ਜਿਸ ਨੇ ਵੀ ਸੁਣੇ ਸਲਾਹੇ ਪਰ ਮਨ ਦੀ ਟੀਸ ਤਾਂ ਉਵੇਂ ਹੀ ਬਰਕਰਾਰ ਹੈ ਕਾਸ਼, ਉਸਦਾ ਦਾ ਹੁੰਗਾਰਾ ਵੀ ਕਿਤੇ ਦਸਤਕ ਦਿੰਦਾ ਤਾਂ ਮਨ ਦੀ ਪਿਆਸ ਇੰਜ ਨਾ ਥਲਾਂ 'ਚ ਤਪ ਰਹੀ ਹੁੰਦੀ ।
ਮੇਰੇ ਵੱਲ ਆਉਣ ਤੋਂ ਪਹਿਲਾਂ
ਸੰਗਮਰਮਰੀ ਮਹਿਲਾਂ ਵੱਲ ਮੇਰੇ ਵਜੂਦ ਦੀ ਭਾਲ ਵਿੱਚ ਆਉਦੇ ਸਿੱਖਾ ਆਉਣ ਤੋਂ ਪਹਿਲਾਂ ਭੱਠਿਆਂ ਕਾਰਖਾਨਿਆਂ ਵਿੱਚ ਜਾਈਂ ਮੁੜ੍ਹਕੋ ਮੁੜ੍ਹਕੀ ਹੋਏ ਮਜ਼ਦੂਰਾਂ ਨੂੰ ਗਲ ਨਾਲ ਲਾਈਂ ਜੇਕਰ ਉਨ੍ਹਾ ਦੇ ਸੀਨੇ ਵਿੱਚ ਤਸੱਲੀ ਹੋਈ ਤਾਂ ਉੁਨ੍ਹਾ ਦੀ ਪਿੱਠ ਥਾਪੜੀਂ ਜੇ ਬੇਬਸੀ ਹੋਈ ਤਾਂ ਰੋਸ ਕਰੀਂ ਤੂੰ ਮੇਰੇ ਖੇਤਾਂ ਵੱਲ ਵੀ ਜਾਵੀਂ ਮਿੱਟੀ ਨਾਲ ਮਿੱਟੀ ਹੋਏ ਕਿਸਾਨਾਂ ਦਾ ਦਰਦ ਵੰਡਾਵੀਂ ਧਰਤ ਸੁਹਾਵੀ ਨੂੰ ਅੱਗਾਂ ਤੋਂ ਬਚਾਵੀਂ ਹਵਾਵਾਂ ਵਿੱਚ ਜ਼ਹਿਰਾਂ ਘੁੱਲੀਆਂ ਖੇਤਾਂ ਬੰਨਿਆਂ ਤੇ ਰੁੱਖ ਲਗਾਵੀਂ ਤੂੰ ਹਸਪਤਾਲਾਂ ਵਿੱਚ ਜਾਵੀਂ ਬੀਮਾਰਾਂ ਨਾਲ ਦੋ ਬੋਲ ਸਾਂਝੇ ਕਰੀਂ ਜ਼ਖਮਾਂ ਤੇ ਮਲ੍ਹਮ ਧਰੀਂ ਜੇ ਹੋ ਸਕਿਆ ਖਾਲੀ ਹੱਥਾਂ ਤੇ ਦੋ ਛਿੱਲੜ ਧਰੀਂ ਤੂੰ ਭੁੱਖਾਂ ਥੁੜਾਂ ਨਾਲ ਮਾਰੇ ਘਰਾਂ ਵਿੱਚ ਜਾਵੀਂ ਬੁੱਝੀਆਂ ਅੱਖਾਂ ਵਿੱਚ ਚਾਨਣ ਭਰ ਆਵੀਂ ਗੱਭਰੂਆਂ ਦੇ ਸੁਪਨਿਆ ਵਿਚ ਰੰਗ ਭਰੀਂ ਨਸ਼ਿਆਂ ਨਾਲ ਮਧੋਲਿਆਂ ਲਈ ਮੋਹ ਪਿਆਰ ਦਾ ਦੀਵਾ ਬਾਲ ਕੇ ਰੱਖੀਂ ਵਿਹੜਿਆਂ ਵਿੱਚੋਂ ਸਲਫਾਸ ਚੁੱਕ ਲਿਆਵੀਂ ਤੂੰ ਲਾਲੋ ਦੇ ਘਰ ਜਾਵੀਂ ਕਹਿਣਾ ਉਸਨੂੰ ਮਲਿਕ ਭਾਗੋਆਂ ਦੀ ਵਧੀ ਗਿਣਤੀ ਦੇਖ ਡੋਲ ਨਾ ਜਾਵੀਂ ਉਸਦੇ ਘਰ ਦੀ ਰੁੱਖੀ ਮਿੱਸੀ ਖਾ ਕੇ ਆਵੀਂ ਚੇਤਨਤਾ ਦੀ ਮਿਸ਼ਾਲ ਫੜ ਕੇ ਬਾਬਰ ਕਿਆਂ ਵੱਲ ਜਾਵੀਂ ਪੁੱਛੀਂ ਕਿ ਉਹ ਕਿੰਨਾ ਕੁ ਚਿਰ ਮਹਿਲਾਂ ਅੱਗੇ ਰੋਣਗੇ ਸੁਪਨਿਆਂ ਦੀ ਕਬਰ ਤੇ ਬੈਠ ਮਾਤਮ ਮਨਾਉਣਗੇ ਫਿਰ ਅੰਧਕਾਰ ਦੀ ਭੀੜ ਵਿੱਚ ਗੁਰਮਤਿ ਦਾ ਸੰਕਲਪ ਜਗਾਵੀਂ ਮੈਂ ਤੈਨੂੰ ਦੱਸਦੈਂ ਮੈਨੂੰ ਸੁੰਦਰ ਰੁਮਾਲਿਆਂ ਵਿਚ ਲਪੇਟ ਦਿੱਤਾ ਹੈ ਮੇਰੀ ਸੋਚ ਨੂੰ ਪੱਥਰਾਂ ਵਿੱਚ ਸਮੇਟ ਦਿੱਤਾ ਹੈ ਮੈਨੂੰ ਮੱਥੇ ਰਗੜਨ ਵਾਲੇ ਸਿਰ ਨਹੀਂ ਸਮਾਜ ਬਦਲਣ ਵਾਲਾ ਚਿੰਤਨ ਚਾਹੀਦਾ ਫਿਰ ਵੀ ਸਿੱਖਾ ਜੇ ਤੈਨੂੰ ਮੈਂ ਨਹੀਂ ਮਿਲ ਸਕਿਆ ਤਾਂ ਮੈਂ ਏਥੇ ਵੀ ਨਹੀਂ ! ਤੇ ਮੈਂ ਉੱਥੇ ਵੀ ਨਹੀਂ !!
ਜ਼ਿੰਦਗੀ
ਜ਼ਿੰਦਗੀ ਖ਼ਾਮੋਸ਼ੀ ਨੂੰ ਓੜ ਕੇ ਜਿਉਣਾ ਨਹੀਂ ਬਲਕਿ ਰੋਸ ਦੀ ਰੋਹ ਦੀ ਆਵਾਜ਼ ਬਣਨ ਦਾ ਨਾਮ ਵੀ ਹੈ । ਜ਼ਿੰਦਗੀ ਭੀੜ੍ਹ ਦਾ ਹਿੱਸਾ ਬਣ ਰੀਂਗਦੇ ਰਹਿਣਾ ਨਹੀਂ ਬਲਕਿ ਉਕਾਬ ਵਾਂਗ ਉੱਡਣਾ ਅੰਬਰਾਂ ਤੇ ਪੈੜਾਂ ਪਾਉਣ ਦਾ ਵੀ ਨਾਮ ਹੈ । ਜ਼ਿੰਦਗੀ ਸ਼ਿਕਵੇ ਸ਼ਿਕਾਇਤਾ ਦਾ ਇਜ਼ਹਾਰ ਨਹੀਂ ਬਲਕਿ ਮਜ਼ਬੂਤ ਇਰਾਦਿਆਂ ਨਾਲ ਨ੍ਹੇਰਿਆਂ ਦੀ ਕੁੱਖ ਵਿਚ ਚਾਨਣ ਦੇ ਬੀਜ ਬੀਜਣ ਦਾ ਵੀ ਨਾਮ ਹੈ । ਜ਼ਿੰਦਗੀ ਗ਼ਰੀਬੀ,ਭੁੱਖ, ਬੇਇਨਸਾਫ਼ੀ ਲਈ ਜੋਦੜੀਆਂ ਕਰਦੇ ਰਹਿਣਾ ਨਹੀਂ ਬਲਕਿ ਬੇਬਸੀਆਂ ਦੇ ਕਾਰਨਾਂ ਨੂੰ ਜਾਣਨਾ ਉਨ੍ਹਾਂ ਨੂੰ ਵੰਗਾਰਨ ਦਾ ਵੀ ਨਾਮ ਹੈ । ਜ਼ਿੰਦਗੀ ਹਮੇਸ਼ਾ ਹੱਥ ਜੋੜਦੇ ਨਹੀਂ ਰਹਿਣਾ ਬਲਕਿ ਲੋੜ ਪਈ ਤੇ ਹੱਥ ਖੁਹਲ ਲੈਣ ਦਾ ਵੀ ਨਾਮ ਹੈ ।
ਜੀਅ ਕਰਦਾ ਪਿੰਡ ਮੇਰਿਆ
ਜਦੋਂ ਥੱਕ ਜਾਣ ਪੈਰ ਮਨ ਭਾਲਦਾ ਸਕੂਨ ਬੇਰਹਿਮ ਹਵਾਵਾਂ ਸ਼ਹਿਰ ਦੀਆਂ ਜਦੋਂ ਪਿੰਡਾ ਦੇਵਣ ਲੂਹ ਜੀਅ ਕਰਦਾ ਪਿੰਡ ਮੇਰਿਆ ਉਦੋਂ ਮੈਂ ਤੇਰੇ ਕੋਲ ਆਵਾਂ। ਮਹਾਂਨਗਰ ਦੀ ਭੀੜ ਵਿੱਚ ਖਪਦਾ ਖੌਜਲ਼ਦਾ ਵਾਂਗ ਅਜਨਬੀਆਂ ਵਿਚਰਦਾ ਆਪਣੇ ਵਿਚੋਂ ਵੀ ਲੱਭਦਾ ਨਾ ਜਦ ਆਪਣਾ ਸਿਰਨਾਵਾਂ । ਜੀਅ ਕਰਦਾ ਪਿੰਡ ਮੇਰਿਆ ਉਦੋਂ ਮੈਂ ਤੇਰੇ ਕੋਲ ਆਵਾਂ । ਮੈਂ ਤਾਂ ਕੀਤੀ ਸੀ ਮੁਹੱਬਤ ਉਹ ਕਰ ਗਏ ਵਪਾਰ ਮੁੜ ਮੁੜ ਯਾਦ ਆਵੇ ਬੇਕਦਰਾਂ ਦਾ ਪਿਆਰ ਅਸੀਂ ਭੋਲੇ ਭਾਲੇ ਪਿੰਡਾਂ ਵਾਲੇ ਸਾਨੂੰ ਪਹਿਨ ਮੁਖੌਟੇ ਮਿਲਦੀਆਂ ਸਵਾਰਥ ਦੀਆਂ ਘਟਾਵਾਂ । ਜੀਅ ਕਰਦਾ ਪਿੰਡ ਮੇਰਿਆ ਉਦੋਂ ਮੈਂ ਤੇਰੇ ਕੋਲ ਆਵਾਂ। ਮੈਨੂੰ ਪਤੈ ਜੇ ਮੈਨੂੰ ਹੈ ਉਦਰੇਵਾਂ ਉਡੀਕੇਂ ਮੈਨੂੰ ਤੂੰ ਵੀ ਖੋਲ੍ਹ ਕੇ ਦੋਵੇਂ ਬਾਹਵਾਂ ਜਿਵੇਂ ਪ੍ਰਦੇਸ਼ ਗਏ ਪੁੱਤਾਂ ਨੂੰ ਉਡੀਕਦੀਆਂ ਨੇਂ ਮਾਵਾਂ । ਜੀਅ ਕਰਦਾ ਪਿੰਡ ਮੇਰਿਆ ਮੈਂ ਤੇਰੇ ਕੋਲ ਆਵਾਂ । ਭਾਵੇਂ ਤੂੰ ਵੀ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਨਾ ਤੀਆਂ ਨਾ ਤ੍ਰਿਜੰਣ ਨਾ ਭੀੜੀ ਗਲੀ ਵਿੱਚ ਭੱਠੀ ਨਾ ਉਹ ਦਾਸ ਦੀ ਹੱਟੀ ਨਾ ਵੇਹੜਿਆਂ ਦੇ ਵਿਚ ਡੇਕਾਂ ਨਾ ਸੱਥ ਵਿੱਚ ਪਿੱਪਲਾਂ ਦੀਆ ਛਾਵਾਂ । ਜੀਅ ਕਰਦਾ ਪਿੰਡ ਮੇਰਿਆ ਫਿਰ ਵੀ ਤੇਰੇ ਕੋਲ ਆਵਾਂ । ਰਾਮ ਨੌਵੀਂ ਦੀਆਂ ਰੌਣਕਾਂ ਜਗਨ ਲੈ ਗਿਆ ਨਾਲੇ ਕੈਂਥ ਤੁਰ ਗਿਆ ਲੈ ਕੇ ਕਲਮ, ਕਿਤਾਬਾਂ ਤੇ ਰਸਾਲੇ ਤਾਰੀ, ਨਿੱਕਾ, ਬੱਗਾ, ਕਾਂਤੀ ਪਾਲਾ, ਨਿਰਭੈ ਤੇ ਪਰਮਿੰਦਰ ਸਾਰੇ ਬਚਪਨ ਦੇ ਯਾਰ ਲੱਗੇ ਰੋਜ਼ੀ ਰੋਟੀ ਦੇ ਆਹਰ ਬੈਠਾਂਗੇ ਫਿਰ, ਕਰਾਂਗੇ ਗੱਲਾਂ ਗੁਰਪੁਰਬ ਮਨਾਵਾਂਗੇ ਮੇਲਾ ਹੋਵੇ ਖ਼ਾਨਗਾਹ ਤੇ ਸੁਣਨ ਕੱਵਾਲ ਆਵਾਂ। ਜੀਅ ਕਰਦਾ ਪਿੰਡ ਮੇਰਿਆ ਮੈਂ ਤੇਰੇ ਕੋਲ ਆਵਾਂ। ਜਦੋਂ ਥੱਕ ਜਾਣ ਪੈਰ ਮਨ ਭਾਲਦਾ ਸਕੂਨ ਬੇਰਹਿਮ ਹਵਾਵਾਂ ਸ਼ਹਿਰ ਦੀਆਂ ਜਦੋਂ ਪਿੰਡ ਦੇਵਣ ਲੂਹ ਜੀਅ ਕਰਦਾ ਪਿੰਡ ਮੇਰਿਆ ਉਦੋਂ ਮੈਂ ਤੇਰੇ ਕੋਲ ਆਵਾਂ।
ਪਿੰਡੋਂ ਉਦਾਸ ਪਰਤਿਆ ਹਾਂ
ਮਾਂ, ਅੱਜ ਫਿਰ ਮੈਂ, ਪਿੰਡੋਂ ਉਦਾਸ ਪਰਤਿਆ ਹਾਂ, ਬਹੁਤ ਉਦਾਸ। ਮਾਂ, ਨਾ ਤੈਨੂੰ ਕਦੀ ਅੱਕਦੇ ਦੇਖਿਆ, ਨਾ ਕਦੀ ਥੱਕਦੇ ਦੇਖਿਆ। ਸੁੱਤੇ ਉੱਠਣਾ, ਤੂੰ ਰੋਟੀ ਬਣਾ ਰਹੀ ਹੁੰਦੀ। ਸਾਨੂੰ ਸਕੂਲ ਤੋਰ, ਫਿਰ ਡੰਗਰਾਂ ਦੀ ਸਾਰ ਲੈਂਦੀ। ਰੰਬੇ ਨੂੰ ਚੰਡਦੀ ਪਤਾ ਨਹੀਂ ਕਿੰਨੇ ਆਪਣੇ ਗਿਲੇ ਸ਼ਿਕਵੇ ਭੋਰ-ਭੋਰ ਸੁੱਟਦੀ। ਬੇਗਾਨਿਆਂ ਖੇਤਾਂ ਵਿਚੋਂ ਘਾਹ ਖੋਤਦੀ, ਆਪਣੀ ਉਮਰ ਨੂੰ ਕਤਰਾ ਕਤਰਾ ਖੁਰਚਦੀ, ਮਿੱਟੀ ਨਾਲ ਮਿੱਟੀ ਹੋਈ ਰਹਿੰਦੀ। ਕਿਸਮਤ ਨਾਲ ਗਿਲਾ, ਜਾਂ ਹੋਣੀ ਨਾਲ ਝੋਰਾ, ਨਾ ਤੇਰੀ ਜ਼ੁਬਾਨ ਤੇ ਕਦੀ ਆਇਆ, ਨਾ ਤੇਰੇ ਚਿਹਰੇ ਤੇ ਸ਼ਿਕਨ ਕੋਈ ਦੇਖੀ। ਟੋਕੇ ਮੂਹਰੇ ਆਗਾਂ ਦੀ ਭਰੀ ਸੁੱਟ, ਸ਼ਾਮ ਦੀ ਚਾਹ ਪੀ, ਪੱਲੀ ਚੁੱਕ, ਫਿਰ ਤੁਰ ਪੈਂਦੀ, ਘਾ ਦੀ ਪੰਡ ਲੈ ਘਰ ਪਰਤਦਿਆਂ ਤੈਨੂੰ ਸੂਰਜ ਛਿਪ ਜਾਂਦਾ। ਸਾਨੂੰ ਅੱਲ੍ਹੜਾਂ ਨੂੰ ਪਤਾ ਹੀ ਨਾ ਲੱਗਦਾ , ਤੂੰ ਸਵੇਰੇ ਕਦੋਂ ਜਾਗਦੀ, ਰਾਤੀਂ ਕਦੋਂ ਸੌਂਦੀ। ਮਾਂ ,ਅਰਥਸ਼ਾਸਤਰ ਤੇ ਰਾਜਨੀਤੀ ਦੀਆਂ ਘੁਣਤਰਾਂ ਤਾਂ ਦੂਰ, ਤੈਨੂੰ ਤਾਂ ਅੱਖਰਾਂ ਦੀ ਵੀ ਪਹਿਚਾਣ ਨਹੀਂ ਸੀ। ਦੇਖ ਨਾ ਫਿਰ ਵੀ ਤੈਨੂੰ ਪਤਾ ਸੀ, "ਗਰੀਬੀ ਜਿਹਾ ਮਿਹਣਾ ਕੋਈ ਨਹੀਂ, ਨਾ ਗਰੀਬੀ ਜਿਹਾ ਸੰਤਾਪ ਕੋਈ।" ਗੁਰਬਤ ਦੀ ਮਾਰ ਹੀ ਤਾਂ ਸੀ ਕਿ ਕੋਈ ਸਾਕ ਸਬੰਧੀ ਵੀ ਕਦੀ ਸਾਡੀ ਸਾਰ ਲੈਣ ਨਾ ਬਹੁੜਿਆ। ਪਰ ਮਾਏ, "ਤੂੰ" ਤਾਂ "ਤੂੰ" ਸੀ, ਨਾ ਡਰੀ, ਨਾ ਘਬਰਾਈ, ਪੂਰੇ ਤਾਣ ਨਾਲ ਆਪਣੇ ਪੰਧ ਤੇ ਇਕੱਲੀ ਡਟੀ ਰਹੀ। ਕਿੱਡਾ ਜੇਰਾ ਸੀ ਮਾਏ ਤੇਰਾ, ਨਾ ਸਾਨੂੰ ਰੁਲਣ ਦਿੱਤਾ, ਨਾ ਡੋਲਣ ਦਿੱਤਾ, ਗੁਰਬਤ ਦੇ ਝੋਰਿਆਂ ਤੇ ਹਨੇਰਿਆਂ ਨਾਲ ਲੜਦੀ, ਸਾਡੇ ਮੱਥੇ 'ਚ ਚਾਨਣ ਧਰਨ ਦੀ ਛਬੀਲ ਕਰਦੀ ਰਹੀ। ਮਾਏ, ਅੱਜ ਸਮਝ ਪੈਂਦੀ ਹੈ ਕਿ ਤੂੰ ਆਪਣੇ ਸੁਪਨਿਆਂ ਨੂੰ, ਆਪਣੀਆਂ ਉਮੀਦਾਂ ਨੂੰ, ਸਾਡੀਆਂ ਅੱਖਾਂ 'ਚੋਂ ਵੇਖਦੀ, ਸਾਡੇ ਮੋਢਿਆਂ ਤੇ ਕਿਤਾਬਾਂ ਵਾਲਾ ਬਸਤਾ ਟੰਗਦੀ ਰਹੀ। ਫਿਰ ਜਦੋਂ ਤੱਕ ਢਾਰਿਆਂ ਵਰਗੇ ਕੱਚੇ ਘਰ ਨੂੰ, ਵਕਤ ਨਾਲ, ਗਾਡਰ ਬਾਲਿਆਂ ਦੀ ਅਉਧ ਨਸੀਬ ਹੋਈ, ਤਮਾਮ ਉਮਰ ਭੋਗੀ ਗੁਰਬਤ ਤੇਰੇ ਸਾਰੇ ਤਾਣ ਪੀ ਚੁੱਕੀ ਸੀ, ਰੋਗਾਂ ਦੀ ਘੇਰੀ, ਹੱਡੀਆਂ ਦੀ ਮੁੱਠ, ਪੁੱਤਾਂ ਦੀ ਨੌਕਰੀ 'ਚੋਂ ਆਉੰਦੇ ਛਿੱਲੜਾਂ ਦੀ ਬੇਫਿਕਰੀ ਮਾਨਣ ਦੀ ਥਾਂ, ਅੰਬਰਾਂ 'ਚ ਤਾਰੇ ਬਣੇ ਪਿੱਤਰਾਂ 'ਚ ਤੂੰ ਵੀ ਤਾਰਾ ਬਣ ਜਾ ਵਿਰਾਜੀ। ਤੇਰੀ ਦਲੇਰੀ, ਤੇਰੀ ਇਮਾਨਦਾਰੀ, ਤੇਰੀ ਜੁਅਰਤ, ਤੇਰੀ ਮਿਹਨਤ, ਅੱਜ ਮੇਰੇ ਰਾਹ ਰੁਸ਼ਨਾਉੰਦੀ ਹੈ। ਮੈਂਨੂੰ ਤੁਰਨ ਲਈ ਹੌਸਲਾ ਦਿੰਦੀ ਹੈ। ਮਾਂ, ਤੇਰੇ ਮੋਹ ਦੇ ਨਿੱਘ ਨੂੰ ਯਾਦ ਕਰਦਿਆਂ, ਤੇਰੀ ਗੋਦ 'ਚ ਸਿਰ ਰੱਖ, ਮਨ ਦਾ ਸਾਰਾ ਬੋਝ ਭੁੱਲ ਜਾਣ ਦੀ ਚਾਹ, ਤੇ ਤੇਰੇ ਐਡੀ ਛੇਤੀ ਤੁਰ ਜਾਣ ਦੀ ਚੀਸ ਲੈ, ਮਾਂ, ਅੱਜ ਫਿਰ ਮੈਂ, ਪਿੰਡੋਂ ਉਦਾਸ ਪਰਤਿਆ ਹਾਂ, ਬਹੁਤ ਉਦਾਸ।
ਉਨ੍ਹਾਂ ਕਦੀ ਦੱਸਣਾ ਨਹੀਂ
ਅਸੀਂ ਵੀ ਤਾਂ ਵਾਸੀ ਹਾਂ ਇਸੇ ਦੇਸ਼ ਦੇ ਮਿੱਟੀ ਜਿਸਦੀ ਉਗਲੇ ਸੋਨਾਂ, ਚਾਂਦੀ, ਹੀਰੇ, ਮੋਤੀ ਪਰ ਹਰ ਵਾਰ ਉਨ੍ਹਾਂ ਪਾਏ ਸਾਡੀ ਝੋਲੀ ਪੱਥਰਾਂ ਵਰਗੇ ਫਿਕਰ ਕੰਕਰਾਂ ਵਰਗੇ ਗ਼ਮ। ਆਸਾਂ, ਉਮੀਦਾਂ ਤੇ ਉਮੰਗਾਂ ਦੇ ਬੀਜ ਅਸੀਂ ਤਾਂ ਬੀਜੇ ਸੀ ਕਣਕਾਂ ਦੇ ਸੰਗ ਪਰ ਉਹ ਦੱਸਦੇ ਨਹੀਂ ਸਾਡੇ ਖੇਤਾਂ ਦੇ ਹਿੱਸੇ ਆਈ ਫਸਲ ਸਲਫਾਸ ਦੀ ਕਿਉਂ। ਸੇਬ ਅਖਰੋਟ ਤੇ ਬਦਾਮਾਂ ਦੀ ਮਿਠਾਸ ਦੇ ਬਾਗ ਅਸੀਂ ਹੀ ਲਾਏ ਉਨ੍ਹਾਂ ਨੂੰ ਕੋਈ ਤਾਂ ਪੁੱਛੇ ਸਾਡੇ ਆਲ਼ੇ ਦੁਆਲ਼ੇ ਉੱਗ ਆਈ, ਸਾਡੇ ਲਈ ਹੀ ਫਸਲ ਸੰਗੀਨਾਂ ਦੀ ਕਿਉੰ। ਅਸੀਂ ਤਾਂ ਸਾਂਭੇ ਖੇਤ, ਜੰਗਲ ਬੇਲੇ ਵਿਰਾਸਤ ਸਾਡੇ ਪੁਰਖਿਆਂ ਦੀ ਉਨ੍ਹਾਂ ਦੀ ਅਜ਼ਮਤ ਦਾ ਸਰਮਾਇਆ ਉਨ੍ਹਾਂ ਕਦੀ ਦੱਸਣਾ ਨਹੀਂ ਸਾਡੇ ਪੈਰਾਂ ਨੂੰ ਮਿਲੀਆਂ ਕਿਉਂ ਅੱਜ ਧਰਤੀ ਹੇਠਾਂ ਬਿਛੀਆਂ ਮਾਈਨਾਂ। ਉਤਸ਼ਾਹ ਤਾਂ ਸਾਡਾ ਤੁਰਿਆ ਮੰਜ਼ਿਲਾਂ ਮਾਰਨ ਲਈ ਇਹ ਉਨ੍ਹਾਂ ਦਾ ਬਰਦਾਨ ਹੀ ਹੈ ਕਿ ਸਾਡੀਆਂ ਗੱਡੀਆਂ ਨੂੰ ਨਾਂ ਮਿਲਿਆ "ਕੈਂਸਰ ਟਰੇਨਾਂ" ਦਾ । ਸਾਡਿਆਂ ਚਾਅਵਾਂ ਨੂੰ ਖਾ ਗਿਆ ਜੰਗ ਲਾਚਾਰੀਆਂ ਤੇ ਦਗ਼ਾਬਾਜ਼ੀਆਂ ਦਾ ਸਾਡੇ ਸੁਪਨਿਆਂ ਨੂੰ ਮਿਲਿਆ ਪ੍ਰਵਾਸ ਸਾਡੀ ਹਸਤੀ ਮਹਿਜ਼ ਪਰਚੀ ਇੱਕ ਵੋਟ ਦੀ ਕਿਉੇਂ । ਸਵਾਲ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਜਦੋਂ ਖੜ੍ਹਦੇ ਸਿਰ ਖਿਲਾਰ ਦੰਭ ਜਿਹਾ ਅਲਾਪੇ ਆਸਮਾਨ ਛੋਂਹਦੀ ਮੂਰਤੀ ਸਰਦਾਰ ਪਟੇਲ ਦੀ । ਅਸੀਂ ਵੀ ਤਾਂ ਵਾਸੀ ਹਾਂ ਇਸੇ ਦੇਸ਼ ਦੇ ਮਿੱਟੀ ਜਿਸਦੀ ਉਗਲੇ ਸੋਨਾਂ, ਚਾਂਦੀ, ਹੀਰੇ, ਮੋਤੀ ਪਰ ਹਰ ਵਾਰ ਉਨ੍ਹਾਂ ਪਾਏ ਸਾਡੀ ਝੋਲੀ ਪੱਥਰਾਂ ਵਰਗੇ ਫਿਕਰ ਕੰਕਰਾਂ ਵਰਗੇ ਗ਼ਮ।
ਅਸੀਂ ਪੀੜਾਂ ਦੇ ਜਾਏ
ਅਸੀਂ ਪੀੜਾਂ ਦੇ ਜਾਏ ਸਾਡੇ ਹਿੱਸੇ ਪੀੜਾਂ ਦੀ ਗੁੜ੍ਹਤੀ ਹੌਕਿਆਂ ਦੀ ਜੂਨ ਹੰਢਾਵਣ ਆਏ । ਨੀਹਾਂ ਵਿੱਚ ਸਾਡੇ ਭੁੱਖ ਜ਼ਹਾਲਤ ਅਸਮਾਨਤਾ, ਗਰੀਬੀ, ਭੁੱਖਮਰੀ ਢੋਣ ਸਿਰਾਂ ਤੇ ਆਏ । ਅਸੀਂ ਪੀੜਾਂ ਦੇ ਜਾਏ । ਚੁੱਪ ਹੀ ਰਹਿਣਾ ਕੁੱਝ ਨਾ ਕਹਿਣਾ ਸਭ ਕੁੱਝ ਸਹਿਣਾ ਇਵੇਂ ਹੀ ਜੀਣਾ ਕਹਿ ਕਰਮਾਂ ਦਾ ਫਲ ਧਰਮਾਂ ਸਾਡੀ ਝੋਲੀ ਪਾਇਆ । ਰੋਟੀ ਦੀ ਪਰਿਕਰਮਾ ਕਰਨਾ ਜੂਠਾਂ ਨਾਲ ਢਿੱਡ ਉਨ੍ਹਾਂ ਦਾ ਭਰਨਾ , ਜੇ ਵਕਤ ਮਿਲੇ ਤਾਂ ਸੋਚਦੇ ਉਹਨਾਂ ਦੇ ਤਰਸ ਨੇ ਡੰਗ ਅਗਲੇ ਢਿੱਡ ਸਾਡਾ ਭਰਨਾ ਕਿ ਨਾ ਭਰਨਾ । ਉਮਰੋਂ ਲੰਬੇ ਦੁੱਖ ਹੱਡਾਂ 'ਚ ਉੱਤਰੇ ਚਿਹਰੇ ਤੇ ਫਿਕਰਾਂ ਦੀ ਇਬਾਦਤ ਬੇਨੂਰ ਨਜ਼ਰਾਂ ,ਠਰੀਆਂ ਰਾਤਾਂ, ਨੰਗੇ ਪੈਰੀਂ ਸਫ਼ਰ ਆਉਧ ਦਾ ਕਰਨਾ । ਵਿਦਰੋਹ , ਬਗਾਵਤ ਨਵੀਂ ਸਵੇਰ ਦਾ ਸੁਪਨਾ ਸਾਡੇ ਲਈ ਵਿਬਰਜਤ ਫ਼ਲ ਕਿਸਮਤ ਦੇ ਊਠ ਦਾ ਬੁੱਲ੍ਹ ਸਾਡੀ ਕੱਲ੍ਹ । ਹਿੰਮਤ ਕਰ ਜੇ ਮੱਥੇ ਦੀਵਾ ਧਰਿਆ ਜੇਰਾ ਕਰ ਪੈਰ ਮੰਜ਼ਿਲ ਵੱਲ ਧਰਿਆ ਜਿੱਥੇ ਮੇਰੀਆਂ ਕੲੀ ਪੁਸ਼ਤਾਂ ਗਰਕੀਆਂ ਸੁਪਨਿਆਂ ਦਮ ਤੋੜਿਆ ਉਹ ਫਿਰ ਵੀ ਭਰ ਨਾ ਪਾਏ, ਉਹਨਾਂ ਟੋਇਆਂ ਦੇ ਭੂਤ ਦਫਤਰ ਬੈਠਿਆਂ ਫਾਈਲਾਂ 'ਚੋਂ ਨਿੱਕਲ ਮੁੜ ਮੁੜ ਘੇਰਾ ਪਾਵੇ ਬੀਤੇ ਦਾ ਹਾੜ੍ਹ ਆਣ ਡਰਾਵੇ । ਘਾਹ ਖੋਤਦਿਆ ਮਾਂ ਜੋ ਤੂੰ ਦੇਖੇ ਖੱਡੀ ਬੁਣਦਿਆਂ ਬਾਪੂ ਨੇ ਜੋ ਬੁਣੇ ਸੁਪਨੇ ਉਹ ਜਦ ਮੇਰੇ ਨਾਲ ਆ ਖਲੋਂਦੇ ਨੇ, ਮਾਂ ਸੱਚ ਜਾਣੀ ਫਿਰ ਸਾਰੇ ਨ੍ਹੇਰੇ ਕਿਰ ਜਾਂਦੇ ਨੇ ਚਾਣਕਿਆਂ ਦੇ ਮੂੰਹ ਫਿਰ ਜਾਂਦੇ ਨੇ, ਰਾਹ ਮੇਰੀ ਜੁਰਰਤ ਦੇ ਚਾਨਣ ਨਾਲ ਭਰ ਜਾਂਦੇ ਨੇ । ਲੱਖ ਚਾਹੇ ਸਾਡੇ ਹਿੱਸੇ ਪੀੜਾਂ ਦੀ ਗੁੜ੍ਹਤੀ ਅਸੀਂ ਪੀੜਾਂ ਦੇ ਜਾਏ ਨਾ ਹੰਢਾਉਣੀ ਹੁਣ ਮੈਂ ਜੂਨ ਹਾਉਕਿਆਂ ਦੀ ਆਪਣੇ ਦਮ ਤੇ ਸੁਪਨੇ ਆਪਣੇ ਅਸੀਂ ਜਿਉਣ ਆਏ ਅਸੀਂ ਪੀੜਾਂ ਦੇ ਜਾਏ । ਅਸੀਂ ਪੀੜਾਂ ਦੇ ਜਾਏ ।
ਤੇਰੇ ਬਾਝੋਂ ਲੱਗਦਾ ਸੀ
ਤੇਰੇ ਬਾਝੋਂ ਲੱਗਦਾ ਸੀ ਰੁਕ ਜਾਣੇ ਸਾਹ ਤੁਰ ਪਈ ਜ਼ਿੰਦਗੀ ਬਣ ਗਏ ਨੇ ਰਾਹ ਕਈ ਵਾਰ ਹੱਸਦੇ ਮੁਰਝਾ ਜਿਹੇ ਜਾਂਦੇ ਹਾਂ। ਜਦੋਂ ਯਾਦ ਤੇਰੀ ਆਵੇ ਬਸ ਹਾਰ ਜਿਹੇ ਜਾਂਦੇ ਹਾਂ। ਹੁਣ ਨਹੀਉਂ ਆਉਦੇ ਤੇਰੇ ਮਿਲਣੇ ਦੇ ਖਾਬ ਨਾ ਸਾਨੂੰ ਚਾਹੀਦੇ ਕਿਸੇ ਸੁਆਲਾਂ ਦੇ ਜਵਾਬ ਤੇਰੇ ਨਵਿਆਂ ਯਾਰਾਨਿਆਂ ਤੋਂ ਬਸ ਖਾਰ ਜਿਹੀ ਖਾਂਦੇ ਹਾਂ। ਜਦੋਂ ਯਾਦ ਤੇਰੀ ਆਵੇ ਬਸ ਹਾਰ ਜਿਹੇ ਜਾਂਦੇ ਹਾਂ। ਭਾਵੇਂ ਗਏ ਨਾ ਨਿਭਾਏ ਪਰ ਵਾਅਦੇ ਸੀ ਪਿਆਰੇ ਜੇਰੇ ਨਾਲ ਜਰ ਲਏ ਦੁੱਖ ਹਿਜਰਾਂ ਦੇ ਭਾਰੇ ਜਦੋਂ ਤੇਰੇ ਪੈਂਣ ਭੁਲੇਖੇ ਬਸ ਉਲਝ ਜਿਹੇ ਜਾਂਦੇ ਹਾਂ। ਜਦੋਂ ਯਾਦ ਤੇਰੀ ਆਵੇ ਬਸ ਹਾਰ ਜਿਹੇ ਜਾਂਦੇ ਹਾਂ। ਤੈਨੂੰ ਵੀ ਤੇ ਹੋਣੀਆਂ ਹਿੱਸੋਵਾਲ ਦੀਆਂ ਖਬਰਾਂ ਸੁੱਕੇ ਹੋਏ ਰੁੱਖ ਤੇ ਫਿਰ ਫੁੱਟ ਆਈਆਂ ਲਗਰਾਂ ਤੇਰੇ ਵਾਂਗ ਬਣੀਏ ਕਿਵੇਂ ਬਸ ਸੋਚਦੇ ਰਹਿ ਜਾਂਦੇ ਹਾਂ। ਜਦੋਂ ਯਾਦ ਤੇਰੀ ਆਵੇ ਬਸ ਹਾਰ ਜਿਹੇ ਜਾਂਦੇ ਹਾਂ।
ਨਾਬਰੀ ਦਾ ਗੀਤ
ਇਹ ਨਾ ਸੋਚਣਾ ਕਿ ਤੁਹਾਡੀ ਕੁਰਸੀ ਦਾ "ਸ਼ਮਲਾ", ਮੇਰੀ ਜ਼ੁਬਾਨ ਵਿੱਚ, ਵਿਵਸਥਾ ਦੇ ਕਿੱਲ ਠੋਕ ਕੇ, ਟੰਗ ਦੇਵੇਗਾ ਮੈਨੂੰ ਦੀਵਾਰ ਨਾਲ, ਕਿਸੇ ਫਰੇਮ ਜੜੀ ਫੋਟੋ ਦੀ ਤਰ੍ਹਾਂ। ਮੇਰੀ ਛਾਤੀ 'ਚ ਗੂੰਜਦੇ ਨਾਬਰੀ ਦੇ ਗੀਤਾਂ ਦਾ ਕੀ ਕਰੋਗੇ ? ਜੇ ਚਾਹੋਂ ਜਾਲਸਾਜ਼ੀ ਦੀ ਪਿਘਲੀ ਮੋਂਮ ਵਿੱਚ ਡੁਬੋ ਕੇ, ਮੇਰੀ ਨਜ਼ਰ ਨੂੰ ਸੁੱਟ ਦੇਣਾਂ ਨ੍ਹੇਰ ਦੇ ਤਹਿਖਾਨਿਆਂ ਵਿੱਚ, ਯਾਦ ਰੱਖਿਓ, ਮੇਰੇ ਮੱਥੇ ਵਿੱਚ ਬਲ਼ਦੇ ਦੀਵੇ ਦਾ ਕੀ ਕਰੋਗੇ ? ਮੇਰੇ ਰਿਜ਼ਕ ਨੂੰ ਅਗਵਾ ਕਰ, ਭੁੱਖ ਦੇ ਹਥਿਆਰ ਨਾਲ ਜੇ ਲੂਹ ਦੇਣੀਆਂ ਚਾਹੋਂ ਮੇਰੀਆਂ ਆਂਦਰਾਂ, ਮੈਂ ਤਾਂ ਫਿਰ ਵੀ ਨਾ ਮੁੱਕਾਂਗਾ, ਨਾ ਟੁੱਟਾਂਗਾ, ਮੇਰੇ ਖੋਹੇ ਹੋਏ ਟੁੱਕ ਦਾ ਹਿਸਾਬ ਕਿਤਾਬ ਕਰਕੇ ਕੀ ਕਰੋਗੇ ? ਇਹ ਤੁਹਾਡੇ ਵਸ ਦੀ ਗੱਲ ਨਹੀਂ ਕਿ ਖਿੱਚ ਕੇ ਮੇਰੀ ਹੋਂਦ ਦੇ ਪੈਰਾਂ ਹੇਠੋਂ ਮੇਰੇ ਹੌਸਲੇ ਦੀ ਜ਼ਮੀਨ, ਪਟਕ ਦਿਓਂ ਚੌਰਾਹੇ ਵਿੱਚ, ਕਿਸੇ ਲਾਵਾਰਸ ਦੀ ਤਰ੍ਹਾਂ, ਮੈਂ ਤਾਂ ਨੰਗੇ ਧੜ ਵੀ, ਫੈਲਿਆ ਹੋਇਆ ਹਾਂ, ਅਨੰਤ ਆਕਾਸ਼ ਤੱਕ, ਆਪਣਾ ਇਹ ਭਰਮ ਪਾਲ ਕੇ ਕੀ ਕਰੋਗੇ ? ਕੀ ਸੋਚਦੇ ਹੋ, ਨਿਰਾਦਰ ਦੇ ਕੋੜੇ ਨਾਲ ਮੇਰੀ ਸੋਚ ਦੇ ਪਿੰਡੇ ਤੇ ਲਾਸਾਂ ਪਾ, ਨਿਰਾਸ਼ਤਾ ਨਾਲ ਭਰ, ਕਰ ਦਿਓਗੇ ਮਜਬੂਰ, ਪੱਖੇ ਨਾਲ ਝੂਲ ਜਾਣ ਲਈ। ਮੇਰੀ ਮਾਨਸਿਕਤਾ ਤਾਂ ਹਵਾਵਾਂ 'ਚ ਛੇੜ ਦੇਵੇਗੀ ਅਨਹਦੀ ਵਜਦ ਦੀ ਰਬਾਬ, ਉਸ ਰਬਾਬੀ ਧੁੰਨ ਦਾ ਕੀ ਕਰੋਗੇ ? ਮੈਂ ਤਾਂ ਚੜ੍ਹਦੇ ਸੂਰਜ ਦੀ ਲਾਲੀ ਹਾਂ, ਤਪ ਜਾਵਾਂਗਾ ਜੇਠ ਹਾੜ੍ਹ ਦੀ ਦੁਪਹਿਰ ਵਾਂਗ, ਸੋਚੋ ਜਰਾ, ਤੁਸੀਂ ਆਪਣੇ ਆਪ ਦਾ ਕੀ ਕਰੋਗੇ। ਮੈਂ ਤਾਂ ਨਾਬਰੀ ਦਾ ਗੀਤ ਹਾਂ, ਇਸ ਨਾਬਰੀ ਦੇ ਗੀਤ ਦਾ ਕੀ ਕਰੋਗੇ ?
ਉਧਾਲਾ
ਉਹ ਆਪਣੇ ਬੱਚਿਆਂ ਨਾਲ਼ ਅਕਸਰ ਮਨ ਦੀਆਂ ਗੱਲਾਂ ਕਰਦਾ, ਪਤਨੀ ਨੂੰ ਸਭ ਦੇ ਦੁੱਖਾਂ ਦਰਦਾਂ ਤੇ ਦੁਸ਼ਵਾਰੀਆਂ ਦੀ ਸਾਂਝ ਬਾਰੇ ਸਮਝਾਉੰਦਾ। ਮਾਨਸ ਕੀ ਏਕ ਜਾਤ ਦੀ ਬਾਤ ਸੁਣਾਉੰਦਾ। ਨਿੱਤ ਪੈਰਾਂ ਹੇਠਾਂ ਸੁੰਗੜਦੇ ਜਾ ਰਹੇ ਚਾਰ ਸਿਆੜਾਂ ਸਣੇ ਕਿਸਾਨਾਂ ਦੇ ਹੱਥਾਂ 'ਚੋਂ ਖੁੱਸਦੇ ਜਾ ਰਹੇ ਹਲ਼ਾਂ ਦੇ ਮੁੰਨਿਆਂ ਪਿੱਛਲੀ ਸਾਜਿਸ਼ ਦੇ ਭੇਤ ਦੱਸਦਾ। ਕਹਿੰਦਾ, ਤਾਂ-ਹੀ-ਤਾਂ ਦੇਖੋ ਕਿਰਤੀ ਕਿਸਾਨ ਕਿਵੇਂ ਬਾਂਹਾਂ-ਚ-ਬਾਂਹਾਂ ਪਾ ਸੜਕਾਂ ਤੇ ਵਗਦੇ ਰੋਹ ਦਾ ਵਹਿਣ ਵਾਂਗ ਛਾ ਗਏ ਨੇ। ਉਸਦਾ, ਪੂਰਾ ਯਕੀਨ ਬੱਝਦਾ ਜਾ ਰਿਹਾ ਸੀ, ਕਿ ਹੁਣ ਜਿੱਤ ਦਾ ਪਰਚਮ ਲਹਿਰਾਉਣ ਦੀ ਗੱਲ ਤੁਰੇਗੀ। ਕਿਰਤੀਆਂ ਦੇ ਪਸੀਨੇ ਦਾ ਵੀ ਮੁੱਲ ਪਵੇਗਾ। ਦੱਮਾਂ ਵਾਲਿਆਂ ਦੇ ਉਘੜਨਗੇ ਪਾਜ। ਉਨ੍ਹਾਂ ਦੇ ਕਾਲ਼ੇ ਕੰਮ ਹੋਣਗੇ ਨੰਗੇ। ਅਣਗੌਲਿਆ ਦਾ ਵਕਤ ਆਵੇਗਾ। ਅੱਜ ਗੁਰੂ ਘਰ ਤੋਂ ਹੋਈ ਅਨਾਊਂਸਮੈਂਟ ਨੇ ਜਿਵੇਂ ਉਸਨੂੰ ਝੰਜੋੜ ਕੇ ਪੈਰੋਂ ਹੀ ਉਖਾੜ ਦਿੱਤਾ ਹੋਵੇ। ਮੂਧੇ ਮੂੰਹ ਕਿਸੇ ਹਨੇਰੇ ਖੂਹ ਵਿੱਚ ਧਕੇਲ ਦਿੱਤਾ ਹੋਵੇ। ਉਸਦੀ ਸੋਚ ਨੂੰ ਹੀ ਕਬਰੀਂ ਪਾ ਦਿੱਤਾ ਹੋਵੇ। ਉਸਨੂੰ ਜਾਪਿਆ, ਸਰਹੱਦਾਂ ਦੇਸ਼ਾਂ ਜਾਂ ਰਾਜਧਾਨੀਆਂ ਦੀਆਂ ਹੀ ਨਹੀਂ ਹੁੰਦੀਆਂ। ਨਾਦਰਸ਼ਾਹੀ ਅਨਾਊਂਸਮੈਂਟ ਦੇ ਇਸ ਫਰਮਾਨ ਨੇ ਜਿਵੇਂ ਉਸਦੇ ਦੋ ਬਿਸਵਿਆਂ ਦੇ ਘਰ ਦੇ ਅੱਗੇ ਵੀ ਖਿੱਚ ਦਿੱਤੀ ਹੇਵੇ ਸਰਹੱਦ ਵਰਗੀ ਇੱਕ ਲਕੀਰ। ਉਹ ਤੇ ਉਸਦੇ ਪਿੰਡ ਦੇ ਲੋਕ ਵਾਸੀ ਹੋਣ ਜਿਵੇਂ ਕਿਸੇ ਹੋਰ ਦੇਸ਼ ਦੇ। ਉਨ੍ਹਾਂ ਦੇ ਕਿਰਤ ਕਰਨ ਦੇ ਹੱਕ ਦਾ ਹੋ ਗਿਆ ਹੈ ਉਧਾਲਾ। ਉਨ੍ਹਾਂ ਦੇ ਜਿਉਣ ਦੇ ਅਰਥਾਂ ਦੇ ਕੁਤਰ ਦਿੱਤੇ ਗਏ ਨੇ ਖੰਭ। ਉਸਦਾ ਅਹਿਸਾਸ ਹੋਰ ਡੂੰਘਾ ਹੋ ਗਿਆ ਕਿ ਨਾਹਰੇ, ਤਕਰੀਰਾਂ ਤਾਂ ਹੁੰਦੀਆਂ ਨੇ ਵਕਤੀ ਸਵਾਰਥ ਜਾਂ ਮਾਅਰਕੇਬਾਜੀ। ਅੱਵਲ ਅੱਲ੍ਹਾ ਨੂਰ ਉਪਾਇਆ ਜਾਂ ਬੇਗਮਪੁਰਾ ਸਹਰ ਕੋ ਨਾਉ ਕਿਸੇ ਹੋਰ ਦੇਸ਼, ਹੋਰ ਸਮਾਜ ਦੀਆਂ ਗੱਲਾਂ ਨੇ। ਇਹ ਤਾਂ, ਸ਼ਾਸ਼ਤਰਾਂ ਵਿੱਚ ਹੀ ਸ਼ੋਭਦੀਆਂ ਨੇ।
ਜਦੋਂ ਗਏ ਆਪਣੀ ਆਈ ਤੇ ਆ
ਸਾਡੀ ਦੌੜ ਤਾਂ ਖੇਤਾਂ, ਮਿੱਲਾਂ, ਕਾਰਖਾਨਿਆਂ ਤੱਕ। ਮਿੱਲਾਂ ਦੇ ਘੁੱਗੂਆਂ ਨਾਲ ਬੱਝ ਗਈ ਸਾਡੇ ਕਦਮਾਂ ਦੀ ਤਾਲ। ਦਿਨ ਰਾਤੀਂ ਸਾਡੇ ਅੰਦਰ ਵਰ੍ਹਦੇ ਫਿਕਰਾਂ ਦੇ ਅੰਗਿਆਰ। ਸਾਡੀ ਸਵੇਰ ਸਵੇਰ ਨਹੀਂ ਹੁੰਦੀ ਨਾ ਸਾਡੀ ਸ਼ਾਮ ਹੁੰਦੀ ਸ਼ਾਮ। ਅਸੀਂ ਜਾਨ ਹੂਲ ਕੇ ਕਰਦੇ ਮਿਹਨਤਾਂ, ਰੰਬੇ ਦਾਤੀਆਂ ਸਾਡੇ ਹੱਥ, ਸੁੰਬੇ ਹਥੌੜੇ ਸਾਡੇ ਹਥਿਆਰ। ਮੰਦਿਰ, ਗੁਰਦੁਆਰਿਆਂ, ਸਾਡੀ ਕਦੇ ਸੁਣੀ ਨਹੀਂ, ਇਹੋ ਸਾਡੇ ਦੀਨ, ਇਹੋ ਸਾਡੇ ਇਮਾਨ। ਸਾਡੇ ਲਈ ਕੋਤਵਾਲ, ਨੰਬਰਦਾਰ ਤੇ ਬੈਕ ਦਾ ਬਾਬੂ , ਸਭ ਇੱਕੋ ਜਿਹੇ। ਇੱਕ ਟੱਪਣ ਦੇਵੇ ਨਾ ਚੌਕ, ਦੂਜੇ ਕੋਲ਼ ਬਾਈਕਾਟ ਦਾ ਹਥਿਆਰ, ਤੀਜਾ ਦਾ ਬੈਂਕ ਆਣ ਡਰਾਵੇ ਦਿਨ ਰਾਤ। ਕਰਜ਼ਾ ਤਾਰਦਿਆਂ ਬੀਤ ਗਈ ਉਮਰਾ ਸਾਰੀ, ਮੂਲ ਫਿਰ ਵੀ ਰਹੇ ਖੜ੍ਹਾ ਤਿਆਰ। ਜਾਂ ਕਰਿਆਨੇ ਵਾਲ਼ੇ ਲਾਲੇ ਦੀ ਉਧਾਰ ਦੀ ਕਾਪੀ ਦਾ ਹਿਸਾਬ ਸਰਾਲ਼ ਵਾਂਗੂ ਫੁੰਕਾਰੇ। ਦੱਸੋ ਫਿਰ ਸਾਨੂੰ ਨੀਂਦ ਚੈਨ ਦੀ ਕਿੰਝ ਆਵੇ। ਕਹਿੰਦੇ ਇਸ ਦੇਸ਼ ਵਿੱਚ ਇੱਕ ਸੁਪਨ ਲੋਕ ਵੀ ਹੈ, ਹਰੀਆਂ ਭਰੀਆਂ ਵਾਦੀਆਂ, ਬਰਫਾਂ ਲੱਦੇ ਪਹਾੜ, ਪਹਾੜਾਂ ਦੀਆਂ ਵੱਖੀਆਂ 'ਚੋਂ ਫੁੱਟਦੇ ਝਰਨਿਆਂ ਦੀ ਫੁਹਾਰ। ਪਰ ਸਾਡੇ ਲੇਖਾਂ ਦੀ ਤਾਂ ਹੋਰ ਕਥਾ ਹੈ। ਧੁੱਪਾਂ 'ਚ ਸੜਦੇ ਕਣਕਾਂ ਦੀਆਂ ਵਾਢੀਆਂ ਕਰਦੇ ਜਾਂ ਹੁੰਮਸ ਵਿੱਚ ਲਾਉੰਦੇ ਝੋਨਾਂ, ਪਿਆਸ ਨਾਲ਼ ਜੀਭ ਜਦ ਤਾਲ਼ੂਏ ਜਾ ਲੱਗੇ, ਤੇ ਜਦੋਂ ਮੂੰਹ ਨੂੰ ਲੱਗ ਜਾਵੇ ਮਿੱਟੀ ਦੇ ਕੋਰੇ ਘੜੇ 'ਚੋਂ ਬੁੱਕ ਭਰ ਪਾਣੀ, ਮੁੜ੍ਹਕੇ ਨਾਲ ਭਿੱਜੇ ਕੁੜਤੇ ਨੂੰ ਛੋਹ ਜਾਵੇ ਕੋਈ ਹਵਾ ਦਾ ਬੁੱਲਾ, ਸੱਚ ਜਾਣਿਓਂ, ਜਾਣੀ, ਤਪਦੇ ਤਨ ਵਿੱਚ ਜਾਨ ਪੈ ਜਾਵੇ, ਜਿਵੇਂ ਕਸ਼ਮੀਰ ਦੀ ਜੰਨਤ ਦਾ ਕੋਈ ਝੂਟਾ ਆ ਜਾਵੇ। ਸਾਰੀ ਥਕਾਵਟ ਲਹਿ ਜਾਵੇ। ਅਸੀਂ ਮਿਹਨਤੀ, ਮਿਹਨਤਾਂ ਦੇ ਪਾਲ਼ੇ, ਮਿਹਨਤ ਤੋਂ ਬਿਨਾਂ ਸਾਨੂੰ ਆਵੇ ਨਾ ਕੋਈ ਹੋਰ ਹਿਸਾਬ। ਅਸੀਂ ਕਿਹੜਾ ਵਿਜੈ ਮਾਲੀਆ ਹੱਕ ਪਰਾਇਆ ਮਾਰ ਕੇ ਭਰ ਜਾਵਾਂਗੇ ਪਰਵਾਜ਼। ਕੁਰਸੀਆਂ ਦੱਬ ਲਏ ਸਾਡੇ ਸੁਪਨੇ, ਪਾਵਿਆਂ ਨਾਲ਼ ਲਏ ਬੰਨ੍ਹ ਸਾਡੇ ਬੱਚਿਆਂ ਦੇ ਚਾਅ। ਫਿਰ ਵੀ ਇੱਕੋ ਵਿਸ਼ਵਾਸ ਜਿਉਣ ਲਈ ਭਰੇ ਉਤਸ਼ਾਹ। ਇੱਕ ਦਿਨ, ਅਸੀਂ ਕਰਾਂਗੇ ਹਿਸਾਬ ਜ਼ਰੂਰ ਉਨ੍ਹਾਂ ਫਸਲੀ ਬਟੇਰਿਆਂ ਨਾਲ਼। ਪੁੱਛਾਂਗੇ ਉਨ੍ਹਾਂ ਤਾਜਾਂ ਨੂੰ ਵੀ, ਜਿੰਨ੍ਹਾਂ ਚੁਰਾਏ ਸਾਡੇ ਸੁਪਨੇ, ਸਾਹ ਸਤ ਵੀ ਲਿਆ ਚੂਸ। ਅਸੀਂ ਵੀ ਤਾਂ ਇਸੇ ਦੇਸ਼ ਦੇ ਵਾਸੀ, ਕਿਉਂ ਸਾਡੀ ਢੱਗਿਆਂ ਵਰਗੀ ਜੂਨ। ਢਾਹਾਂਗੇ ਮਹਿਲਾਂ ਦੇ ਕਿੰਗਰੇ, ਦਿਆਂਗੇ ਸਿੰਘਾਸਨਾਂ ਦੀ ਚੂਲ ਹਿਲਾ। ਜਦੋਂ ਪੁੱਤ ਕਿਰਤੀਆਂ ਦੇ ਗਏ ਆਪਣੀ ਆਈ ਤੇ ਆ।
ਮੈਂ ਬਹੁਤ ਉਦਾਸ ਹਾਂ
ਅੱਜ ਕੱਲ੍ਹ ਬਹੁਤ ਇਕੱਲਾ ਹਾਂ ਮੈੰ ਬਹੁਤ ਉਦਾਸ ਹਾਂ। ਰੋਜ਼ਮਰਾ ਦੇ ਜੀਵਨ ਵਿੱਚ ਰਸਤਿਆਂ ਚੌਰਸਤਿਆਂ 'ਚੋਂ ਗੁਜ਼ਰਦਿਆਂ, ਸਫ਼ਰ ਦੀ ਗਰਦਿਸ਼ ਨੂੰ ਝੇਲਦਿਆਂ, ਲੱਗਦਾ ਹੈ ਜਿਵੇਂ ਮੈਂ ਕਿਤੇ ਗੁਆਚ ਗਿਆ ਹੋਵਾਂ ਜਾਂ ਰਾਹਾਂ ਦੀ ਹੀ ਪਹਿਚਾਣ ਭੁੱਲ ਗਿਆ ਹੋਵਾਂ। ਬੜਾ ਖਤਰਨਾਕ ਸਮਾਂ ਹੈ, ਹੁਣ ਤਾਂ ਉਨ੍ਹਾਂ ਦੇ ਮੇਮਣੇ ਵੀ ਅੱਖਾਂ ਕੱਢ ਡਰਾਉਂਦੇ ਨੇ, ਕਦੀ ਭੇਡੂ ਸ਼ੇਰ ਦੀ ਖੱਲ ਪਾ ਖਾਣ ਨੂੰ ਆਉੰਦੇ ਨੇ। ਸੱਚ ਤੇ ਝੂਠ ਦੀ ਪਕੜ ਹੱਥਾਂ 'ਚੋਂ ਤਿਲ੍ਹਕਦੀ ਲੱਗਦੀ ਹੈ। ਦਿਨ ਦੇ ਚਿੱਟੇ ਚਾਨਣ ਵਿੱਚ ਭੈਅ ਦਾ,ਆਤੰਕ ਦਾ ਸਾਇਆ ਆਸਮਾਨ ਚੜ੍ਹ ਦੈਂਤ ਵਾਂਗ ਜ਼ੋਰ ਜ਼ੋਰ ਦੀ ਹੱਸਦਾ ਹੈ। ਤੇ ਮੈਂ ਬੇਵਿਸਾਹੀ ਜਿਹੀ ਨਾਲ ਆਸਮਾਨ ਵੱਲ ਤੱਕਦਾ ਹਾਂ ਪਰ ਡੋਲਦਾ ਨਹੀਂ । ਆਪਣੇ ਅੰਦਰਲੇ ਖੱਲਾਂ ਖੂੰਜਿਆਂ ਨੂੰ ਜਦੋਂ ਝਾੜਦਾ ਹਾਂ ਤਾਂ ਪਤਾ ਲੱਗਦਾ ਹੈ, ਆਲੇ ਦੁਆਲੇ ਫਿਰਦੇ ਮੁਖੌਟਿਆਂ ਦੇ ਸਾਏ ਪਤਾ ਨਹੀਂ ਕਦੋਂ ਅਛੋਪਲੇ ਜਿਹੇ ਅੰਦਰ ਲੰਘ ਆਉੰਦੇ ਨੇ। ਜਦੋਂ ਇੰਨ੍ਹਾਂ ਨੂੰ ਹੂੰਝ ਕੇ ਬਾਹਰ ਸੁੱਟਦਾ ਹਾਂ, ਵੱਡਾ ਵੀਰ ਪੈਨੀ ਨਜ਼ਰ ਨਾਲ ਵੇਖਦਾ ਹੈ, ਤਾਂ ਮੈਂ ਉਸਨੂੰ ਮੁਖ਼ਾਤਿਬ ਹੋ ਨਿੱਤ ਟੱਕਰਦੇ ਬਿਨਾਂ ਸਿਰ ਤੋਂ ਗਰਜ਼ਾਂ ਦੇ ਹਾਬੜੇ ਸਰੀਰਾਂ ਦੀ ਗਾਥਾ ਸੁਣਾਉਂਦਾ ਹਾਂ। ਨਾਲ ਹੀ ਕਹਿੰਦਾ ਹਾਂ, ਵੀਰੇ ਮੇਰੇ ਨਾਲ ਰਿਹਾ ਕਰ, ਅੱਜ ਕੱਲ੍ਹ ਮੈਂ ਬਹੁਤ ਇਕੱਲਾ ਹਾਂ, ਬਹੁਤ ਉਦਾਸ ਹਾਂ। ਪਤਨੀ ਦਸਦੀ ਹੈ ਰਾਤੀਂ ਸੁਪਨੇ 'ਚ ਬੀਬੀ ਆਈ ਸੀ, ਤੁਸੀਂ ਉਸਦੀ ਬੁੱਕਲ਼ ਵਿੱਚ ਸਿਰ ਰੱਖ ਕੇ ਬਹੁਤ ਰੋਏ ਸੀ। ਬੀਬੀ ਕਹਿੰਦੀ ਸੀ 'ਇਹ ਮੇਰਾ ਸਾਊ ਪੂੱਤ ਜਦੋਂ ਵੀ ਕਿਤੇ ਜਾਂਦਾ ਹੈ ਕੀ ਕਹਾਂ ਇਸਦੀ ਆਦਤ ਨੂੰ ਕੁੱਝ ਨਾ ਕੁੱਝ ਗੁਆ ਕੇ ਹੀ ਆਉੰਦਾ ਹੈ। ਇਸ ਨੂੰ ਕਹੀਂ, ਹੁਣ ਤੂੰ ਵੱਡਾ ਹੋ ਗਿਆ ਹੈਂ, ਵਕਤ ਬਹੁਤ ਬਦਲ ਗਿਆ ਹੈ, ਸਾਊ ਲੱਗਦੇ ਚਿਹਰਿਆਂ ਦੇ ਦੰਭ ਦੀ ਸਨਾਖ਼ਤ ਕਰਨੀ ਸਿੱਖ। ' ਜਾਂਦੀ ਹੋਈ ਆਪਣੀ ਸੋਟੀ ਛੱਡ ਗਈ ਹੈ, ਕਹਿੰਦੀ ਹੱਥ 'ਚ ਰੱਖਿਆ ਕਰੇ, ਰਾਹ ਖਹਿੜੇ ਤੁਰੇ ਫਿਰਦੇ ਕੁੱਤੇ ਬਿੱਲਿਆਂ ਤੋਂ ਬਚਾ ਰਹਿੰਦਾ ਹੈ। ਬੂਹੇ 'ਚ ਖੜ੍ਹੀ ਪਤਨੀ ਜਦੋਂ ਕੰਮ ਤੇ ਜਾਣ ਲਈ ਮੈਨੂੰ ਤੋਰਦੀ ਹੈ, ਲੱਗਦਾ ਹੈ ਬੀਬੀ ਵਾਲੀ ਸੋਟੀ ਮੇਰੇ ਹੱਥ ਫੜਾ ਰਹੀ ਹੈ। ਮੈਂ ਪੂਰੇ ਵਿਸ਼ਵਾਸ ਨਾਲ ਕਦਮ ਪੁੱਟਦਾ ਹਾਂ। ਪਰ ਫਿਰ ਵੀ ਲੱਗਦਾ ਹੈ ਮੈਂ ਕਿਤੋਂ ਅੰਦਰੋਂ ਬਹੁਤ ਇਕੱਲਾ ਹਾਂ, ਬਹੁਤ ਉਦਾਸ ਹਾਂ।
ਸੁਣ ਭਾਈ !
ਅੰਮ੍ਰਿਤ ਵੇਲੇ ਗੂੰਜ਼ਦੀ ਜਦ ਬਾਬੇ ਦੀ ਬਾਣੀ ਦੁਨੀਆਂ ਦੇ ਜਾਗਣ ਤੋਂ ਪਹਿਲਾਂ ਜਾਗਦੇ ਹਾਂ ਤੁਰ ਪੈਂਦੇ ਹਾਂ ਖੇਤਾਂ ਵੱਲ ਕਿੰਜ ਸੋਚ ਲਿਆ ਕਿ ਸੁੱਤੇ ਪਏ ਹਾਂ । ਖੇਤ ਜੋ ਸਾਹ ਲੈਂਦੇ ਸਾਡੇ ਸਾਹਾਂ ਨਾਲ ਤੇ ਧੜਕਦੇ ਨੇ ਸਾਡੇ ਪਸੀਨੇ ਨਾਲ ਸਾਡਿਆਂ ਹੌਸਲਿਆਂ ਨਾਲ ਜੋ ਸਦੀਆਂ ਤੋਂ ਸਾਡੇ ਹਲ ਹੇਠਾਂ ਦੱਸ ਕਿਵੇਂ ਵੱਖ ਕਰੀਏ ? ਜਿੰਨ੍ਹਾਂ ਹਲਾਂ ਨੇ ਟਿੱਬਿਆਂ ਨੂੰ ਵਾਹ ਦਿੱਤਾ ਬੰਜਰਾਂ ਨੂੰ ਆਬਾਦ ਕੀਤਾ ਧਰਤੀ ਨੂੰ ਮਹਿਕ਼ਣ ਲਾਇਆ ਦੇਸ਼ ਨੂੰ ਰਜਾ ਦਿੱਤਾ ਉਨ੍ਹਾਂ ਹਲਾਂ ਦੀਆਂ ਨੋਕਾਂ ਹਜੇ ਨਾ ਹੋਈਆਂ ਖੁੰਢੀਆਂ । ਠਰੀਆਂ ਹੋਈਆ ਰਾਤਾਂ ਨੂੰ ਜਦ ਨਾੜਾਂ ਵਿੱਚ ਖੂਨ ਜੰਮਦਾ ਹੈ ਰਜਾਈਆਂ ਵਿਚ ਸੁੰਨ ਚੜਦਾ ਹੈ ਤਦ ਪਾਣੀ ਲਾਉਣ ਵਾਲਾ ਭਲਾਂ ਕਿੰਜ ਠਰ ਜਾਵੇਗਾ ਜਿਸਨੂੰ ਕਣਕਾਂ ਨਾਲ ਮੁਹੱਬਤ ਹੈ । ਜਿੰਨ੍ਹਾਂ ਦੇ ਪੁਰਖੇ ਧਰਮ ਤੇ ਦੇਸ਼ ਲਈ ਬੰਦ ਬੰਦ ਕਟਵਾਉਣ ਵਾਲੇ ਤੱਤੀ ਤਵੀ ਤੇ ਬੈਠਣ ਵਾਲੇ ਹਿੰਦ ਦੀ ਚਾਦਰ ਚਾਂਦਨੀ ਚੌਕ ਦੇ ਸ਼ਹੀਦ ਭਗਤ ਸਿੰਘ ,ਕਰਤਾਰ ਸਰਾਭੇ ਤੇ ਗਦਰੀ ਬਾਬੇ ਉਨ੍ਹਾਂ ਦੇ ਵਾਰਸਾਂ ਦਾ ਨਾ ਸਬਰ ਸਿਦਕ ਪਰਖਿਆ ਕਰ । ਸਰਬੰਸ ਵਾਰਨ ਵਾਲਾ ਜਿੰਨ੍ਹਾਂ ਦਾ ਹੈ ਦਸ਼ਮੇਸ਼ ਪਿਤਾ ਉਹਨਾਂ ਦੇ ਘਰ ਅੱਜ ਵੀ ਤਿਰੰਗੇ ਵਿਚ ਲਿਪਟੇ ਆ ਰਹੇ ਨੇ ਤਾਬੂਤ ਹੋਰ ਦੱਸ ਤੈਨੂੰ ਕੀ ਵਤਨ ਪ੍ਰਸ਼ਤੀ ਦਾ ਸਬੂਤ ਦੇਈਏ !
ਖੌਰੇ ਲੋਕ ਕਿਵੇਂ
ਖੌਰੇ ਲੋਕ ਕਿਵੇਂ ਮੇਰੀਆਂ ਕਵਿਤਾਵਾਂ ਵਿੱਚੋਂ ਤੈਨੂੰ ਲੱਭ ਲੈਂਦੇ ਨੇ ਰਹਾਂ ਮੈਂ ਤੇਰੇ ਸਾਹਮਣੇ ਫਿਰ ਵੀ ਤੈਨੂੰ ਨਜ਼ਰ ਨਾ ਆਵਾਂ ਲਿਖਾਂ ਦਿਲ ਦੀ ਹੂਕ ਅਕਸਰ ਪਰ ਤੇਰੇ ਤੱਕ ਪਹੁੰਚ ਨਾ ਪਾਵਾਂ ਉੱਜ ਦੂਰੋਂ ਨੇੜਿਉਂ ਕਵਿਤਾ ਮੇਰੀ ਨੂੰ ਬਹੁਤ ਲੋਕ ਮਿਲ ਲੈਂਦੇ ਨੇ ਕਦੀ ਵੀ ਤੇਰੇ ਅਹਿਸਾਸਾਂ ਵਿੱਚ ਕਿਉਂ ਉਤਰ ਨਾ ਪਾਵਾਂ ਸੁਪਨੇ ਵਿੱਚ ਤਾਂ ਕੀ ਕਿਉੰ ਤੇਰੇ ਚੇਤੇ ਵਿੱਚ ਵੀ ਨਾ ਆਵਾਂ ਪਤਾ ਨਹੀਂ ਦੋਸਤ ਕਿਉਂ ਅੱਖਰਾਂ ਵਿਚਲੀ ਪੀੜ੍ਹ ਨੂੰ ਤੇਰੇ ਸੁਭਾਅ ਨਾਲ ਮੇਚਦੇ ਰਹਿੰਦੇ ਨੇ ਆਪਣੀ ਖਾਮੋਸ਼ੀ ਨੂੰ ਹਰ ਪਲ ਇੱਕ ਸਰਾਪ ਵਾਂਗਰਾਂ ਆਪਣੇ ਸਾਹਾਂ ਸੰਗ ਹੰਢਾਵਾਂ ਇੱਕ ਤੈਨੂੰ ਹੀ ਇਲਮ ਨਹੀਂ ਪੜ੍ਹਨ ਵਾਲੇ ਤਾਂ ਸ਼ਬਦਾਂ ਵਿੱਚੋਂ ਤੇਰੇ ਨਕਸ਼ ਫੜ੍ਹ ਲੈਂਦੇ ਨੇ ਜਾਂ ਤੂੰ ਅਣਜਾਣ ਬਣੇ ਜਾਂ ਮੇਰੇ ਜਜ਼ਬਾਤਾਂ ਵਿੱਚ ਦਮ ਨਹੀਂ ਕਈ ਪੜ੍ਹ ਕੇ ਮੇਰੀਆਂ ਕਵਿਤਾਵਾਂ ਨੂੰ ਐਵੇਂ ਜੀਅ ਜਿਹਾ ਭਰ ਲੈਂਦੇ ਨੇ ਖੌਰੇ ਲੋਕ ਕਿਵੇਂ ਮੇਰੀਆਂ ਕਵਿਤਾਵਾਂ ਵਿੱਚੋਂ ਤੈਨੂੰ ਲੱਭ ਲੈਂਦੇ ਨੇ ।
ਗੁਰੂ ਗੋਬਿੰਦ ਦੀ ਲਲਕਾਰ
ਵੀਰਿਆ, ਤੇਰੀ ਇਸ ਭੈਣ ਨੂੰ, ਪੂਰਾ ਪਤਾ ਹੈ, ਕੇ ਇੰਨ੍ਹਾਂ ਹੱਡ ਚੀਰਦੀਆਂ, ਠਰੀਆਂ ਰਾਤਾਂ ਵਿੱਚ ਵੀ ਤੇਰਾ ਫਰਜ਼ ਤੈਨੂੰ ਸਰਹੱਦਾਂ ਤੇ ਲਈ ਖੜ੍ਹਾ ਹੈ। ਤੈਨੂੰ ਪਤਾ, ਬਾਪੂ ਇੱਕ ਦਿਨ ਤੇਰੇ ਬਾਰੇ ਸੋਚਦਾ ਰਿਹਾ, ਆਪਣੇ ਅੰਦਰਲੇ ਡਰ ਨੂੰ ਸੋਚਾਂ 'ਚ ਤੋਲਦਾ ਰਿਹਾ, ਕਿ ਪਤਾ ਨਹੀਂ ਪੁੱਤ ਕਦੋਂ ਮੋਢੇ ਤੇ ਬੰਦੂਕ ਧਰੀ, ਸਰਹੱਦਾਂ ਦੀ ਅਜ਼ਮਤ ਲਈ, ਬਰਫ ਨਾਲ ਬਰਫ ਹੋ ਜਾਵੇ, ਜਾਂ ਕੰਡਿਆਲੀ ਤਾਰ ਦੇ ਪਾਰੋਂ ਆਈ ਕਿਸੇ ਗੋਲ਼ੀ ਦਾ ਸ਼ਿਕਾਰ ਹੋ ਜਾਵੇ। ਤੇ ਫਿਰ ਤਿਰੰਗੇ 'ਚ ਲਿਪਟੀ ਤੇਰੀ ਦੇਹ ਦੀ ਕਲਪਨਾ ਕਰਦਿਆਂ ਉਸਨੇ ਪਰਨੇ ਨਾਲ ਅੱਖਾਂ ਪੂੰਝ ਲਈਆਂ। ਫਿਰ ਅਚਾਨਕ, ਠਰੀਆਂ ਰਾਤਾਂ 'ਚ ਠਰਦੇ ਮਘਦੇ, ਕਿਸਾਨਾਂ ਦੇ, ਅਖਬਾਰਾਂ ਦੀਆਂ ਸੁਰਖੀਆਂ 'ਚ ਤਰਦੇ, ਸਿਰੜ ਅਤੇ ਰੋਹ ਨੇ, ਉਸਦੇ ਅੰਦਰ ਕਿਹੜੀ ਕਰਵਟ ਲਈ, ਕਹੀ ਮੋਢੇ ਤੇ ਧਰ ਖੇਤਾਂ ਵੱਲ ਨਿਕਲ਼ ਗਿਆ। ਸ਼ਾਮ ਨੂੰ ਜਦ ਘਰ ਪਰਤਿਆ ਤਾਂ ਕਹਿੰਦਾ "ਜੇ ਪੈਰਾਂ ਹੇਠੋਂ ਉਨ੍ਹਾਂ ਨੇ ਜ਼ਮੀਨ ਹੀ ਖਿੱਚ ਲਈ ਤਾਂ ਸਾਡਾ ਜਿਉਣਾ ਕੇਹਾ ਜਿਉਣਾ, ਸਾਡੀ ਕੇਹੀ ਹੋਂਦ। ਧੀਏ ਰਾਣੀਏ, ਆਹ ਸੰਭਾਲ਼ ਕਹੀ, ਮੈਂ ਤਾਂ ਨੰਗੇ ਧੜ, ਖੁੱਲ੍ਹੇ ਆਕਾਸ਼ ਹੇਠਾਂ, ਆਪਣੀ ਹੋਣੀ ਲਈ ਜੂਝਦੇ, ਭਰਾਵਾਂ ਨਾਲ ਰਲ਼ਣ ਜਾ ਰਿਹਾਂ, ਤਾਂ ਕਿ ਅੰਨ ਦੀ ਇਹ ਗਰਾਹੀ, ਆਉਂਦੀਆਂ ਪੀੜ੍ਹੀਆਂ ਦੀ ਅਮਾਨਤ, ਬਚੀ ਰਹੇ। ਉਨ੍ਹਾਂ ਦੇ ਸੁਪਨਿਆਂ ਤੇ ਕੱਲ੍ਹ ਨੂੰ ਕੋਈ ਜ਼ਰਬ ਨਾ ਆਵੇ। ਮੇਰੇ ਫੌਜੀ ਵੀਰਿਆ, ਮੈਂ ਓਦਣ ਦੀ ਸੋਚੀਂ ਪਈ ਹਾਂ, ਕਿ ਸਰਹੱਦਾਂ ਸਿਰਫ ਦੋ ਦੇਸ਼ਾਂ ਦੀ ਹੋਂਦ ਨੂੰ ਸਾਕਾਰ ਕਰਦੀਆਂ, ਲਕੀਰਾਂ ਨਹੀਂ ਹੁੰਦੀਆਂ । ਇਹ ਸਰਹੱਦਾਂ ਤਾਂ ਦੇਸ਼ ਦੇ ਅੰਦਰ, ਕਦਮ ਕਦਮ ਤੇ ਕੁਰਸੀ ਦੀ ਸੋਚ ਨੇ ਵੀ ਵਿਛਾਈਆਂ ਹੁੰਦੀਆਂ ਨੇ। ਸਾਡੇ ਬੋਲਣ, ਸਾਡੇ ਤੁਰਨ, ਸਾਡੇ ਹੱਕ ਸੱਚ, ਸਾਡੇ ਮੋਹ ਦੇ ਪੈਰਾਂ 'ਚ, ਸਾਡੇ ਸੁਪਨਿਆਂ ਦੀ ਦਸਤਕ ਦੇ ਮੂਹਰੇ ਵੀ ਇਹ ਲਕੀਰਾਂ ਵਿਛੀਆਂ ਹੁੰਦੀਆਂ ਨੇ। ਪਰ ਵੀਰਿਆ, ਇਸ ਧਰਤੀ ਦੇ ਅਸਲੀ ਧੀਆਂ ਪੁੱਤ ਤਾਂ ਆਪਾਂ ਹੀ ਹਾਂ। ਤੂੰ ਆਪਣਾ ਫਰਜ਼ ਸਰਹੱਦ ਤੇ ਨਿਬਾਹ। ਮੈਂ ਖੇਤਾਂ ਦੇ ਨਾਲ਼ ਨਿਭਾਂਗੀ। ਤੇ ਬਾਪੂ ਨੂੰ ਉਥੇ ਹੀ, ਹੱਕ ਸੱਚ ਲਈ, ਆਕਾਸ਼ 'ਚ ਲਹਿਰਾਉੰਦੇ ਝੰਡਿਆਂ ਸੰਗ ਆਪਣਾ ਧਰਮ ਨਿਭਾਉਣ ਦੇ। ਗੁਰੂ ਨਾਨਕ ਦੇ ਹੱਕ ਸੱਚ ਤੇ ਆਪਣੀ ਹੋੰਦ ਲਈ ਗੁਰੂ ਗੋਬਿੰਦ ਦੀ ਲਲਕਾਰ ਨੂੰ ਹੰਢਾਉਣ ਦੇ।
ਹੁਣ ਤਾਂ ਉੱਠ ਜਾਗ ਓ ਪੰਜਾਬ ਸਿਆਂ
ਫਸਲਾਂ ਤੇਰੀਆਂ ਨੂੰ ਸ਼ਾਹੂਕਾਰਾਂ ਨੇ ਖਾ ਲਿਆ । ਪੁੱਤਾਂ ਤੇਰਿਆਂ ਨੂੰ ਚਿੱਟਿਆਂ ਤੇ ਲਾ ਲਿਆ । ਤੇਰੇ ਫੁੱਟ ਚਲੇ ਭਾਗ ਓ ਪੰਜਾਬ ਸਿਆਂ । ਹੁਣ ਤਾਂ ਉੱਠ ਜਾਗ ਓ ਪੰਜਾਬ ਸਿਆਂ । ਕੁਝ ਚਲੇ ਗਏ ਨੇ ਵਿਦੇਸ਼ ਵੇਚ ਵੱਟ ਕੇ । ਕੁਝ ਲੈ ਗਏ ਏਜੰਟ ਭੈੜੇ ਲੁੱਟ ਕੇ । ਬੈਂਕਾਂ ਦੇ ਨਾ ਮੁੜਦੇ ਵਿਆਜ ਓ ਪੰਜਾਬ ਸਿਆਂ । ਹੁਣ ਤਾਂ ਉੱਠ ਜਾਗ ਓ ਪੰਜਾਬ ਸਿਆਂ । ਹੱਥੀਂ ਕਰਦੇ ਕਿਰਤ ਨਾ ਨਸ਼ੇ ਅੱਡ ਨੇ ਸਹੇੜੇ । ਹਨੇਰ ਛਾਇਆ ਗਰੀਬੀ ਦਾ ਕੰਮੀਆਂ ਦੇ ਵਿਹੜੇ । ਵਿਰਸੇ ਨੂੰ ਦਿੱਤਾ ਤਿਆਗ ਓ ਪੰਜਾਬ ਸਿਆਂ । ਹੁਣ ਤਾਂ ਉੱਠ ਜਾਗ ਓ ਪੰਜਾਬ ਸਿਆਂ । ਸਾਂਭ ਲੈ ਚਾਰ ਸਿਆੜ ਜੋ ਹਲ ਹੇਠ ਰਹਿ ਗਏ। ਤੈਥੋਂ ਟੁੱਕ ਖੋਹਣ ਲਈ ਕਾਂ ਬੈਠ ਬਨੇਰੇ ਬਹਿ ਗਏ। ਖੁਦਕਸ਼ੀਆਂ ਨੇ ਵੀ ਉਜਾੜਤੇ ਸੁਹਾਗ ਓ ਪੰਜਾਬ ਸਿਆਂ। ਹੁਣ ਤਾਂ ਉੱਠ ਜਾਗ ਓ ਪੰਜਾਬ ਸਿਆਂ। ਕੀ ਆਪਣੇ ਤੇ ਗੈਰ ਸਾਰੇ ਹੋ ਗਏ ਬੇਈਮਾਨ । ਚੰਦ ਟਕਿਆਂ ਦੇ ਬਦਲੇ ਵੇਚ ਦਿੰਦੇ ਆਪਣਾ ਈਮਾਨ । ਪੈਣੇ ਮਾਰਨੇ ਬੁੱਕਲ ਦੇ ਨਾਗ ਓ ਪੰਜਾਬ ਸਿਆਂ। ਹੁਣ ਤਾਂ ਉੱਠ ਜਾਗ ਓ ਪੰਜਾਬ ਸਿਆਂ ।
ਘਰ ਤੇਰਾ ਤੈਨੂੰ ਉਡੀਕ ਰਿਹਾ
ਘਰੋਂ ਕੀ ਤੂੰ ਨਿੱਕਲ਼ਿਆ, ਫਿਰ ਨਾ ਪਿੱਛੇ ਮੁੜਿਆ, ਤੁਰਿਆ, ਦੌੜਿਆ, ਗਾਹ ਸੁੱਟੇ ਸਭ ਦੇਸ਼-ਦਿਸ਼ਾਂਤਰ। ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਵੱਲ, ਕਦੀ ਮੰਗਲ ਕਦੀ ਚੰਦਰਮਾ, ਤੇਰੇ ਪੈਰਾਂ ਦਾ ਚੱਕਰ ਫਿਰ ਵੀ ਨਾ ਮੁੱਕਿਆ। ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ। ਘਰੋਂ ਕੀ ਤੂੰ ਨਿੱਕਲ਼ਿਆ, ਕਦੀ ਇਸ ਨਾਲ਼ ਕਦੀ ਉਸ ਨਾਲ਼ ਪਾਵੇਂ ਬਾਤਾਂ, ਕਿਸੇ ਨਾਲ਼ ਹੋਵੇਂ ਬਗਲਗੀਰ, ਇਹ ਕਿਹੀ ਹੈ ਤੇਰੇ ਮੁਖੌਟਿਆਂ ਦੀ ਭੀੜ। ਤੇਰੇ ਆਪਣੇ ਰਹਿ ਗਏ ਤਰਸਦੇ, ਸਰੇ ਨਾ ਤੈਥੋਂ ਉਨ੍ਹਾ ਲਈ ਪਰ ਦੋ ਮਿੱਠੜੇ ਬੋਲ, ਨਾ ਪਾਇਆ ਕਦੀ ਮੋੜਾ। ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ। ਹਵਸ ਤੇਰੀ ਨੇ ਬੰਨ੍ਹ ਲਏ ਨਦੀਆਂ ਨਾਲ਼ੇ, ਨਾ ਬਖਸ਼ਿਆ ਸਮੁੰਦਰ ਨੂੰ, ਤੇਰੀ ਦੌਲਤ ਲਈ ਧਰਤੀ ਦੀ ਕੁੱਖ ਵੀ ਹੋਈ ਬੰਜਰ। ਹਵਾ ਵਿੱਚ ਵੀ ਘੁਲ਼ੀਆਂ ਜ਼ਹਿਰਾਂ, ਤੇਰੇ ਪਿੱਛੇ ਗਏ ਪਰਿੰਦਿਆਂ ਵੀ ਨਾ ਫਿਰ ਪਾਇਆ ਮੋੜਾ। ਆਲ੍ਹਣੇ ਉਨ੍ਹਾਂ ਦੇ ਵੀ ਹੋਏ ਸੱਖਣੇ, ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ। ਸੁਪਨਿਆਂ ਪਿੱਛੇ ਦੌੜਦਿਆ, ਆਪਣਾ ਤਰਕਸ਼ ਭਰਨ ਲਈ, ਬਣਾਏ ਜੋ ਤੂੰ ਬੰਬ ਮਿਜ਼ਾਈਲਾਂ ਇਹ ਤਾਂ ਹੋ ਗਿਆ ਪਲ ਭਰ ਵਿੱਚ ਦੁਨੀਆਂ ਲਈ ਮੌਤ ਦਾ ਸਾਮਾਨ। ਹਵਸ ਪਿੱਛੇ ਦੌੜਦਿਆ, ਕਿਉਂ ਤੈਨੂੰ ਖ਼ਬਰ ਨਹੀਂ, ਤੇਰੇ ਜਿਉਣ ਦਾ ਦੰਭ ਤੇਰੇ ਆਪਣਿਆਂ ਦੀ ਨੀਂਦ ਹੀ ਕਰ ਹਰਾਮ ਰਿਹਾ। ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ। ਦੇਖ ਜੀਵਨ ਦੇ ਰੰਗ, ਕੁਦਰਤ ਨੇ ਦਿੱਤਾ ਧੋਬੀ ਪਟਕਾ, ਪਲ ਭਰ ਵਿੱਚ ਹੀ, ਜਿੰਦਗੀ ਲੀਹੋਂ ਲਹਿ ਗਈ, ਪੈ ਗਿਆ ਰੰਗ ਵਿੱਚ ਭੰਗ, ਰਹਿ ਗਏ ਸਾਰੇ ਧਰੇ ਧਰਾਏ ਤੇਰੇ ਗਿਆਨ ਵਿਗਿਆਨ। ਕਿੰਝ ਆਪਣੇ ਸਾਹ ਬਚਾਈਏ, ਕਿਸੇ ਨੂੰ ਕੁੱਝ ਵੀ ਸਮਝ ਨਾ ਆਏ। ਫਿਕਰਾਂ ਵਿੱਚ ਪਿਆ, ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ। ਬੱਸ ਇੱਹ ਆਸ ਹੀ ਬਾਕੀ ਹੈ ਕਿ ਜੀਵਨ ਕਦੀ ਵੀ ਇੰਝ ਨਹੀਂ ਮੁਰਝਾਉੰਦਾ। ਬਿਰਖਾਂ ਤੇ ਫੁੱਟੀਆਂ ਨੇ ਕਰੂੰਬਲਾਂ, ਧਰੇਕਾਂ ਨੂੰ ਪੈ ਗਏ ਫੁੱਲ, ਹਵਾ ਵੀ ਮਹਿਕੀ, ਅੰਬਰ ਨੀਲਾ ਨੀਲਾ, ਨਾ ਕੋਈ ਸ਼ੋਰ ਸ਼ਰਾਬਾ, ਪੰਛੀ ਵੀ ਦੇਖ ਮੁੜ ਚਹਿਕ ਪਏ, ਜਿਵੇਂ ਕੁਦਰਤ ਕਰ ਰਹੀ ਹੈ ਕੋਈ ਗੁਫਤਗੂ। ਤੂੰ ਵੀ ਪਰਤ ਆ, ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ। ਜੇ ਤੂੰ ਅੱਜ ਵੀ ਨਾ ਮੁੜਿਆ, ਕੋਈ ਮਿੱਠਾ ਮੋਹ ਭਰਿਆ ਬੋਲ, ਤੈਥੋ ਆਪਣਿਆਂ ਲਈ ਨਾ ਸਰਿਆ, ਫਿਰ ਇਹ ਖੁੰਝਿਆ ਵਕਤ ਮੁੜ ਹੱਥ ਨਹੀਂ ਆਉਣਾ। ਆ ਹੋ ਰੂ-ਬ-ਰੂ ਮਿਲ਼ ਆਪਣੇ ਆਪ ਨੂੰ। ਪਾ ਗਲਵਕੜੀ ਜ਼ਿੰਦਗੀ ਨੂੰ। ਪਿੱਛੇ ਘਰ ਤੇਰਾ ਤੈਨੂੰ ਉਡੀਕ ਰਿਹਾ।
ਪਿੰਡ ਤਾਂ ਸੀ ਸਾਝਾਂ ਦੀ ਖ਼ੁਸ਼ਬੋ
ਪਿੰਡ ਤਾਂ ਸੀ ਸਾਝਾਂ ਦੀ ਖ਼ੁਸ਼ਬੋ ਪਿੰਡ ਤਾਂ ਸੀ ਅਣਖਾਂ ਦੀ ਲੋਅ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਮੁਹੱਬਤਾਂ ਦੇ ਵਗਦੇ ਚੋਅ । ਪਿੰਡ ਤਾਂ ਸੀ ਮਾਖਿਓਂ ਮਿੱਠੇ ਪਾਣੀ ਪਿੰਡ ਤਾਂ ਸੀ ਮਿੱਤਰਾਂ ਦੀ ਢਾਣੀ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਬਲਦੇਵ ਕੈਂਥ ਲਿਖੇ ਕਹਾਣੀ। ਪਿੰਡ ਤਾਂ ਸੀ ਦਿਲ ਨੂੰ ਜਾਂਦੀਆਂ ਰਾਹਵਾਂ ਪਿੰਡ ਤਾਂ ਸੀ ਪਿੱਪਲਾਂ,ਬੋਹੜਾਂ ਦੀਆਂ ਛਾਵਾਂ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਭੱਜੀਆਂ ਆਵਣ ਗਲ ਨੂੰ ਬਾਹਵਾਂ। ਪਿੰਡ ਤਾਂ ਸੀ ਤ੍ਰਿੰਝਣਾ ਦੇ ਵਿਹੜੇ ਪਿੰਡ ਤਾਂ ਸੀ ਹਾਸੇ ਖੇੜੇ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਧਰਮਾਂ ਮਜ੍ਹਬਾਂ ਦੇ ਨਾ ਝਗੜੇ ਝੇੜੇ । ਪਿੰਡ ਤਾਂ ਸੀ ਮੇਰਾ ਬੀਬੀ ਭਾਪੇ ਦੇ ਨਾਲ ਪਿੰਡ ਤਾਂ ਸੀ ਬਾਬੇ ਬਖਤੌਰੇ ਦੀ ਘੜਿਆਲ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਕਬੱਡੀ ਖਿਡਾਵੇ ਬਾਬਾ ਲਾਲ। ਪਿੰਡ ਤਾਂ ਸੀ ਵਾਂਗ ਚਿੜੀਆਂ ਚਹਿਕਦਾ ਪਿੰਡ ਤਾਂ ਸੀ ਵਿਹੜਾ ਧੀਆਂ ਨਾਲ ਮਹਿਕਦਾ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਕਰੀਰ ਸ਼ੇਖ ਮੁਹੰਮਦ ਦੀ ਦਰਗਾਹ ਤੇ ਟਹਿਕਦਾ। ਪਿੰਡ ਤਾਂ ਸੀ ਸੋਹਣੀ ਸਵੇਰ ਜਪੁ ਜੀ ਦਾ ਪਾਠ ਪਿੰਡ ਤਾਂ ਸੀ ਸੁਹਾਵਣੀ ਸ਼ਾਮ ਰਹਿਰਾਸ ਦੀ ਅਰਦਾਸ ਉਹ ਪਿੰਡ ਮੈਨੂੰ ਮੋੜ ਦਿਓ ਜਿੱਥੇ ਖੁਦਕਸ਼ੀ ਕਰਕੇ ਮਰਦੀ ਨਹੀਂ ਸੀ ਆਸ
ਮੋਬਾਈਲ
ਜਦੋਂ ਤੋਂ ਵਿਸ਼ਵ ਇਕ ਪਿੰਡ ਬਣਿਆ ਮੇਰਾ ਪਿੰਡ ਆਪਣੀ ਹੋਂਦ ਨਾਲੋਂ ਟੁੱਟ ਗਿਆ ਦੁਨੀਆਂ ਭਾਵੇਂ ਹੁਣ ਮੁੱਠੀ ਵਿੱਚ ਹੈ ਪਰਿਵਾਰ ਹੱਥਾਂ ਵਿੱਚੋਂ ਕਿਰ ਗਿਆ ਮੋਬਾਇਲ ਰੱਖਿਆ ਹੇਠ ਸਿਰਹਾਣੇ ਖੂਨ ਦੇ ਰਿਸ਼ਤੇ ਦੂਰ ਹੋ ਗਏ ਸੈਕੜੇ ਬਣ ਗਏ ਅਣਜਾਣ ਦੋਸਤ ਫੇਸਬੁੱਕ ਤੇ ਮਸ਼ਹੂਰ ਹੋ ਗਏ ਸਰੀਰ ਲਿੱਸੇ ਤੇ ਨਜ਼ਰਾਂ ਕਮਜ਼ੋਰ ਹੋਈਆਂ ਰਹਿਣ ਸਕਰੀਨਾਂ ਤੇ ਗਰਦਨਾਂ ਝੁੱਕੀਆਂ ਗਲੀਆਂ ਦੇ ਵਿੱਚ ਸੁੰਨ ਹੈ ਪੱਸਰੀ ਖੇਡਣ ਦੀ ਉਮਰੇ ਖੇਡਾਂ ਰੁੱਸੀਆਂ ਕਿਸ ਨੂੰ ਦੱਸਣ ਦੁੱਖ ਸੁੱਖ ਫਰੋਲ ਧੀਆਂ ਪੁੱਤ ਮੋਬਾਇਲ ਫੜ ਬਹਿ ਗਏ ਚਾਰ ਜਮਾਤਾਂ ਪੜਾ ਕੇ ਮਾਪੇ ਕੰਧਾਂ ਨਾਲ ਗੱਲਾਂ ਕਰਨ ਜੋਗੇ ਰਹਿ ਗਏ ਕਾਹਦਾ ਹੱਥ ਵਿੱਚ ਮੋਬਾਇਲ ਆ ਗਿਆ ਚੰਗੀ ਭਲੀ ਮੁੰਡੇ ਦੀ ਪੜਾਈ ਛੁੱਟ ਗਈ ਫਰੀ ਹੋ ਗਿਆ ਨੈੱਟ ਚੰਦਰਾ ਕੰਮ ਵਾਲੀ ਆਸ ਮੁੱਕ ਗਈ
ਜਦੋਂ ਸੱਚ ਖੁਦਕੁਸ਼ੀ ਕਰਦਾ ਹੈ
ਅੱਜ ਜਦੋਂ ਮੈਂ ਸਿਰ ਤੋਂ ਪੈਰਾਂ ਤੱਕ ਉਲਝ ਗਿਆ ਹਾਂ ਝੂਠ ਅਤੇ ਫਰੇਬ ਵਿਚ ਜੀਅ ਤਾਂ ਕਰਦਾ ਹੈ ਇੱਕ ਵਾਰ ਦੰਭੀ ਚਿਹਰਿਆਂ ਨੂੰ ਕਰ ਹੀ ਦਿਆਂ ਨਕਾਬਹੀਣ ਤੋੜ ਹੀ ਦਿਆਂ ਸਾਰਾ ਚੱਕਰਵੀਉ ਪਰ ਟੁੱਟੇ ਬੂਟਾਂ ਅੰਦਰ ਚੁਭਦੀਆਂ ਮੇਖਾਂ ਦਾ ਦਰਦ ਹੱਥਾਂ ਦੇ ਛਾਲਿਆਂ ਤੇ ਲੜਦੇ ਪਾਣੀ ਦੀ ਚੀਸ ਕਿਸ਼ਤ ਦਰ ਕਿਸ਼ਤ ਹੋਈ ਜ਼ਿੰਦਗੀ ਕਰ ਦਿੰਦੀ ਹੈ ਮੈਨੂੰ ਸਾਹਸਤਹੀਣ ਤੇ ਹੈਂਕੜਵਾਜਾਂ ਦੀ ਉੱਚੀ ਮੱਤ ਦੇ ਅੱਗੇ ਮੇਰੇ ਤਰਕ ਦੇ ਤੀਰਾਂ ਦੀਆਂ ਨੋਕਾਂ ਹੋ ਜਾਂਦੀਆਂ ਨੇ ਖੁੰਢੀਆਂ ਕਤਰਾ ਕਤਰਾ ਜੋੜ ਕੇ ਰੱਖਿਆ ਸੱਚੇ ਹੋਣ ਦਾ ਮਾਣ ਖੇਰੂੰ - ਖੇਰੂੰ ਹੋ ਜਾਂਦਾ ਹੈ ਸਮਰਪਣ ਮੈਂ ਕਰ ਨਹੀਂ ਸਕਦਾ ਰਾਜਪੁੱਤਰ ਅਭੀਮੰਨੀਊਂ ਵਾਂਗ ਚੱਕਰਵਿਊ ਤੋੜ ਵੀ ਨਹੀਂ ਪਾਉਂਦਾ ਮੇਰਾ ਇਹ ਦਵੰਧ ਮੈਂਨੂੰ ਮਜ਼ਦੂਰ ਪੁੱਤਰ ਨੂੰ ਸਟਾਲਿਨ ਵੱਲ ਤੁਰਨ ਵੀ ਨਹੀਂ ਦਿੰਦਾ ਦੁਖੀ ਹੁੰਦਾ ਹਾਂ ਕਿ ਗੁਰਬਤ ਦੀਆਂ ਜਮ੍ਹਾਂ ਤਕਸੀਮਾਂ ਨੇ ਮੇਰੇ ਲਹੂ ਦੀ ਤਪਸ਼ ਨੂੰ ਠੰਢੀ ਯਖ ਕਰ ਦਿੱਤਾ ਹੈ ਸੱਚ ਹੀ ਕਹਿੰਦੇ ਹੋਣਗੇ ਸੱਚ ਮਰਦਾ ਨਹੀਂ ਪਰ ਆਵਾਜ਼ ਅਤੇ ਲਲਕਾਰ ਤੋਂ ਵਗੈਰ ਬੁੱਧ ਅਤੇ ਗੋਬਿੰਦ ਤੋਂ ਵਗੈਰ ਸੱਚ ਜ਼ਰੂਰ ਖ਼ੁਦਕੁਸ਼ੀ ਕਰ ਜਾਂਦਾ ਹੈ ਬੰਦਾ ਜਿੱਤਦਾ ਜਿੱਤਦਾ ਹਰ ਵੀ ਜਾਂਦਾ ਹੈ ਜਿੱਤਦਾ ਜਿੱਤਦਾ ਹਰ ਵੀ ਜਾਂਦਾ ਹੈ।