Punjabi Poetry : Harvinder Singh Chandigarh
ਪੰਜਾਬੀ ਕਵਿਤਾਵਾਂ : ਹਰਵਿੰਦਰ ਸਿੰਘ ਚੰਡੀਗੜ੍ਹ
ਨਵੇਂ ਵਰ੍ਹੇ 2024 ਲਈ ਦੁਆ
ਸਭ ਘਰਾਂ ਵਿੱਚ ਬਰਕਤ ਹੋਵੇ ਬੱਚੇ ਹੱਸਦੇ ਤੇ ਫੁੱਲ ਖਿੜਦੇ ਰਹਿਣ ਪੰਛੀ ਚਹਿਚਹਾਉਂਦੇ ਤੇ ਲੋਕ , ਲੋਕ ਗੀਤ ਗਾਉਂਦੇ ਰਹਿਣ ਮਾਂਵਾਂ ਲੋਰੀਆਂ, ਭੈਣਾਂ ਘੋੜੀਆਂ ਗਾਉਂਦੀਆਂ ਰਹਿਣ ਸਗਲ ਜੀਆ-ਜੰਤ ਸੁਖੀ ਵੱਸੇ ਵਿਗਸੇ ਅਮੀਰਾਂ ਵਜ਼ੀਰਾਂ ਦੇ ਦਿਲ ਵਿੱਚ ਰਹਿਮਦਿਲੀ ਦੀ ਰਹਿਮਤ ਹੋਵੇ ਹਾਕਮਾਂ ਨੂੰ ਸੁਮੱਤ ਆਵੇ ਗ਼ਾਜ਼ਾ ਵਿੱਚ ਘੁੱਗੀਆਂ ਦੀ ਗੁਟਰ-ਗੂੰ ਪਰਤ ਆਵੇ ।
ਨਰ ਭਖਸ਼ਣਾਂ
ਮਾਦਾ ਮੱਕੜੀ ਸੰਭੋਗ ਕਰ ਨਵੇਂ ਦੁੱਧ ਹੋਣ ਸਾਰ ਨਰ ਨੂੰ ਖਾ ਜਾਂਦੀ ਹੈ ਸਾਥ ਦੇਣ ਵਾਲੇ ਸਾਥੀ ਨੂੰ ਹੀ ਪਹਿਲਾਂ ਕੁੱਖ ਦੀ ਫਿਰ ਪੇਟ ਦੀ ਭੁੱਖ ਮਿਟਾਉਣ ਲਈ ਮਿਟਾ ਦੇਂਦੀ ਹੈ ਇਹ ਸੁਣਿਆ ਤਾਂ ਸੀ ਸੱਚ ਨਹੀਂ ਸੀ ਆਉਂਦਾ ਪਰ ਮੱਕੜੀ ਜਾਤ ਦੀਆਂ ਕੁਝ ਮਕੜਜਾਲ ਔਰਤਾਂ ਨੇ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੱਤਾ ਹੈ ਮੱਕੜੀ ਹੀ ਨਹੀ ਬਾਜੀਆਂ ਬਾਜੀਆਂ ਨਾਰੀਆਂ ਵੀ ਨਰ ਭਖਸ਼ਣਾਂ ਹੁੰਦੀਆਂ ਨੇ ਵਰ ਨੂੰ ਵਰਤ ਕੇ ਸੁੱਟਣ ਵਾਲੀਆਂ ਨਰ ਨੂੰ ਖਾਣ ਵਾਲੀਆਂ
ਫ਼ਾਰਸ ਉਦੇਹ
ਅਲੂਏਂ ਜਿਹੇ ਫਲਸਤੀਨੀ ਗੱਭਰੂ ‘ਫ਼ਾਰਸ ਉਦੇਹ’ ਨੇ ਆਪਣੀ ਮਾਤਭੂਮੀ ਨੂੰ ਰੌਂਧਣ ਆਏ ਬਖਤਰਬੰਦ ਟੈਂਕ ‘ਤੇ ਪੱਥਰ ਵਗਾਹ ਮਾਰਿਆ ਜ਼ੋਰ ਨਾਲ ਜਿੰਨਾ ਵੀ ਸੀ ਉਸ ਵਿੱਚ ਲੜਾਈ ਸਿਰਫ਼ ਹਥਿਆਰਾਂ ਨਾਲ ਹੀ ਨਹੀਂ ਲੜੀ ਜਾਂਦੀ ਜਿੱਤ ਸਿਰਫ਼ ਜਿੱਤ ਕੇ ਹੀ ਨਹੀਂ ਹਾਸਲ ਕੀਤੀ ਜਾਂਦੀ
ਫੁੱਲ
ਪੱਤੀ ਪੱਤੀ ਹੋ ਕੇ ਖਿੜਿਆ ਹੈ ਤੇ ਚੁਫੇਰਾ ਮਹਿਕ ਮਹਿਕ ਹੋ ਗਿਆ ਹੈ ਉਹ ! ਇਹ ਤਾਂ ਕਵਿਤਾ ਪੂਰੀ ਹੋਈ ਹੈ ਮੇਰੀ ਹਰਫ਼ ਹਰਫ਼ ਲਿਖਕੇ ਇਹ ਤਾਂ ਮੈਂ ਖੁਦ ਹੀ ਖਿੜਿਆ ਹਾਂ ਫੁੱਲ ਵਾਂਗ ਪੱਤੀ ਪੱਤੀ ਕਰਕੇ ਹਰਫ਼ ਹਰਫ਼ ਕਵਿਤਾ ਲਿਖਕੇ …
ਬੱਚੇ ਤਾਂ ਪਸ਼ੂ ਪੰਛੀ ਵੀ ਪਾਲਦੇ ਨੇ
ਪੁੱਤਰ ਮੋਹ ਨਕਾਰਨ ਵਿਚਾਰ ਤੇ ਵਿਚਾਰਧਾਰਾ ਪਾਲਣ ਲਈ ਬਾਬਾ ਨਾਨਕ ਬਣਨਾ ਪੈਂਦਾ ਹੈ ਬੱਚੇ ਤਾਂ ਪਸ਼ੂ ਪੰਛੀ ਵੀ ਪਾਲਦੇ ਨੇ ਪਰ ਵਾਰਨ ਲਈ ਸੱਚ ਦੀ ਧਰਮਸ਼ਾਲ ਉਸਾਰਨ ਲਈ ਗੁਰੂ ਗੋਬਿੰਦ ਬਣਨਾ ਪੈਦਾ ਹੈ
ਅਕਾਲ ਅਮੂਰਤ ਚਿੱਤਰਕਾਰ
ਬਾਲ ਵਰੇਸੇ ਘਰ ਦੀਆਂ ਕੰਧਾਂ ਤੇ ਲਟਕਦੀਆਂ ਸੀਨਰੀ- ਮੂਰਤਾਂ ਵੇਖ ਕੇ ਲਗਦਾ ਸੀ ਇਹ ਮੂਰਤਾਂ ਚਿੱਤਰਕਾਰਾਂ ਦੀ ਕਲਪਨਾ ਉਡਾਰੀਆਂ ਹੀ ਹੋਣਗੀਆਂ ਪਰ ਧਰਤੀ ਦੇ ਧਰਾਤਲ ਦੀ ਕੰਧ ਤੇ ਸਜੀਆਂ ਵੰਨ-ਸਵੰਨੇ ਜੰਗਲਾਂ ਸਾਗਰਾਂ ਪਰਬਤਾਂ ਝੀਲਾਂ ਝਰਨਿਆਂ ਦੀਆਂ ਅਸਲ ਸੂਰਤਾਂ ਵੇਖ ਕੇ ਲਗਦਾ ਹੈ ਇਹ ਤਾਂ ਕੈਲੰਡਰਾਂ ਦੀਆਂ ਮੂਰਤਾਂ ਤੋਂ ਵੀ ਖ਼ੂਬਸੂਰਤ ਨੇ ਅਲੌਕਿਕ ਦਿਲਕਸ਼ ਰੂਹਾਨੀ ਕਿਸੇ ਅਕਾਲ ਅਮੂਰਤ ਚਿੱਤਰਕਾਰ ਪੁਰਖ ਵੱਲੋਂ ਨੌਂ ਖੰਡ ਪ੍ਰਿਥਵੀ ਦੀ ਕੈਨਵਸ ਤੇ ਸਾਜੀਆਂ ਸਜੀਵ ਮੂਰਤਾਂ
ਅਨੋਖੇ ਆਰਕਾਈਵ
ਭੂਆ ਵਿੱਚ ਦਾਦੀ ਭੈਣ ਵਿੱਚ ਮਾਂ ਪੁੱਤਰ ਵਿੱਚ ਪਿਤਾ ਦੇ ਅਕਸ ਨਕਸ਼ ਝਲਕਣ ਲੱਗ ਪੈਂਦੇ ਹਨ ਹੌਲੀ ਹੌਲੀ .. ਅਸੀਂ ਸਭ ਆਪਣੇ ਪਿਤਰਾਂ ਦੇ ਅਨੋਖੇ ਪੁਰਾਲੇਖ ਬਣ ਜਾਂਦੇ ਹਾਂ ਹੌਲ਼ੀ ਹੌਲ਼ੀ … ਕਾਦਰ ਦੀ ਕੁਦਰਤ ਦੇ ਤੁਰਦੇ ਫਿਰਦੇ ਪੁਰਾਤੱਤਵ ਅਜਾਇਬ ਘਰ ਅਜਾਇਬ ਘਰ - ਜਿਨ੍ਹਾਂ ਵਿੱਚ ਨਿਰਜਿੰਦ ਨਹੀ ਜ਼ਿੰਦਾ ਅਵਸ਼ੇਸ਼ ਸਾਂਭੇ ਹੁੰਦੇ ਨੇ ਪਿਤਰਾਂ ਪੁਰਖਿਆਂ ਦੇ ਉਹਨਾਂ ਦੇ ਕੱਦ ਕਾਠ , ਡੀਲ ਡੌਲ , ਰੰਗਾਂ , ਮੜ੍ਹੰਗਿਆਂ ਦੇ ਅਜਾਇਬ ਘਰ - ਜਿਹਨਾ ਵਿੱਚ ਸਿਰਫ ਪੁਰਖਿਆਂ ਦੇ ਜ਼ਿੰਦਾ ਅਵਸ਼ੇਸ਼ ਹੀ ਨਹੀਂ ਵੱਖ ਵੱਖ ਬੋਲੀਆਂ ਲਿੱਪੀਆਂ ਤੇ ਰੀਤਾਂ ਰਵਾਇਤਾਂ ਦੇ ਸਜੀਵ ਸ਼ਿਲਾਲੇਖ ਵੀ ਸਾਂਭੇ ਹੁੰਦੇ ਨੇ ਨਸਲ ਦਰ ਨਸਲ ।
ਸੁਹਜ ਮੁਨਾਖੇ ਮਨੁੱਖ
ਉਹ ਜਿਨ੍ਹਾ ਨੂੰ ਫੁੱਲਾਂ ਲੱਦੀਆਂ ਵੇਲਾਂ ਖਿੜੀਆਂ ਗੁਲਜ਼ਾਰਾਂ ਵਾਦੀਆਂ ਪਹਾੜਾਂ ਸਮੁੰਦਰਾਂ ਝੀਲਾਂ ਝਰਨਿਆਂ ਚੜ੍ਹਦੇ ਡੁੱਬਦੇ ਸੂਰਜ ਦੀ ਲਾਲੀ ਏਕਮ ਤੋਂ ਪੁੰਨਿਆਂ ਤੱਕ ਘਟਦਾ ਵਧਦਾ ਲੁਕਣ-ਮੀਟੀ ਖੇਡਦਾ ਚੰਨ ਤੇ ਚੰਨ ਵਰਗੇ ਮੁਖੜਿਆਂ ਦਾ ਸੁਹੱਪਣ ਸੁਨੱਖਾਪਣ ਵੇਖ ਸੀਨੇ ਖਿੱਚ ਨਹੀਂ ਪੈਂਦੀ ਉਹਨਾਂ ਨੂੰ ਸੁਹਜ-ਮੁਨਾਖੇ ਮਨੁੱਖ ਹੋਣ ਦਾ ਸਰਾਪ ਦਿੱਤਾ ਹੁੰਦਾ ਹੈ ਕੁਦਰਤ ਮਾਤਾ ਨੇ ਸੁਜਾਖੇ ਪਰ ਸੁਹਜ ਮਨਾਖੇ ਮਨੁੱਖ ..।
ਜਨਮ ਦਿਨ
ਜੋ ਕਾਸੇ ਲਈ ਕਿਸੇ ਲਈ ਕੁਝ ਕਰਨ ਜੋਗਾ ਨਹੀਂ ਹੁੰਦਾ ਸਿਰਫ ਜੀਣ ਜੋਗਾ ਹੁੰਦਾ ਮਰਨ ਜੋਗਾ ਨਹੀਂ ਹੁੰਦਾ ਜਨਮ ਦਿਨ ਉਸੇ ਦਾ ਮਨਾਇਆ ਜਾਂਦਾ ਮਰਨ ਦਿਨ ਉਹਨਾ ਦਾ ਮਨਾਇਆ ਜਾਂਦਾ ਜੋ ਕਾਸੇ ਲਈ ਕਿਸੇ ਲਈ ਕੁਝ ਕਰਦਾ ਹੈ ਮਰਦਾ ਹੈ… ਜਿਨਾਂ ਦੀਆਂ ਕਬਰਾਂ ਵੀ ਜੀਂਦੀਆਂ ਨੇ ਜਿਨ੍ਹਾਂ ਦੀਆਂ ਮੜ੍ਹੀਆਂ ਤੇ ਵੀ ਮੇਲੇ ਲੱਗਦੇ ਨੇ ।
ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ
ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ ਉਹਦੇ ਵਿੱਚ ਪੋਰਸ ਦੀ ਰੂਹ ਬੋਲਦੀ ਜਿਸ ਤੋਂ ਸਿਕੰਦਰਾਂ ਦੀ ਜੂਹ ਡੋਲਦੀ ਧੱਕਾ ਕਰ ਜੋ ਵੀ ਲੰਘ ਜਾਵੇ ਕੋਲ ਦੀ ਉਸਨੂੰ ਹੀ ਮਿੱਟੀ ਦੇ ਵਿੱਚ ਰਿਹਾ ਰੋਲਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ ਲਈ ਹੈ ਜਿਹਦਾ ਖ਼ੂਨ ਖੌਲਦਾ। ਦੁੱਲੇ ਨੇ ਜਿਓਂ ਮੁਗ਼ਲਾਂ ਦਾ ਮੂੰਹ ਮੋੜਿਆ ਉਸੇ ਲੀਹ ਨੂੰ ਅਹਿਮਦ ਖਾਂ ਅੱਗੇ ਤੋਰਿਆ ਫ਼ਰੰਗੀਆਂ ਨੂੰ ਬਾਰ ਵਿੱਚ ਪਾ ਕੇ ਭਾਜੜਾਂ ਝੰਡਾ ਪਹਿਲਾ ਚੁੱਕਿਆ ਅਜ਼ਾਦੀ-ਘੋਲ਼ ਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ। ਗਦਰੀ ਭਗਤ ਸਿੰਘ ਸਾਰੇ ਦੁਲ੍ਹੇ ਨੇ ਖ਼ੁਦਦਾਰ ਜਿਹੜੇ ਫਾਂਸੀਆਂ ਤੇ ਝੂਲੇ ਨੇ ਊਧਮ ਸਿੰਘ ਗ਼ੈਰਤੀ ਬੁਲੰਦ ਸੂਰਮਾ ਲੰਡਨ ਜਾ ਜ਼ਾਲਮ ਦਾ ਖੂਨ ਡੋਲ੍ਹਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ। ਅਣਖੀ ਪੰਜਾਬੀ ਪੁੱਤ ਸ਼ੇਰਾਂ ਵਰਗੇ ਕਿਸੇ ਨਾਡੂ ਖਾਂ ਦੀ ਨਹੀਂ ਗੁਲਾਮੀ ਕਰਦੇ ਮਾਰਦੇ ਨੇ ਜ਼ਾਲਮ ਜਾਂ ਆਪ ਮਰਦੇ ਇਹਨਾਂ ਦੇ ਸਿਰਾਂ ਤੇ ਹੱਕ ਸੱਚ ਮੌਲ਼ਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ। ਕੱਚੇ ਪਿੱਲੇ ਫਿਰਦੇ ਬੰਦੂਕਚੀ ਬੜੇ ਹਾਕਮਾਂ ਚੁਗੱਤਿਆਂ ਦੇ ਢਹੇ ਜੋ ਚੜ੍ਹੇ ਕਿਰਦਾਰ ਖੁਣੋਂ ਕੱਚੇ ਰਹਿਣਗੇ ਨਿਸ਼ਾਨਚੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਦੁੱਲਾ ਬੋਲਦਾ ਦੁੱਲੇ ਵਿੱਚ ਸਾਰਾ ਉਹ ਪੰਜਾਬ ਬੋਲਦਾ ਅਣਖ਼ ਲਈ ਹੈ ਜਿਹਦਾ ਖ਼ੂਨ ਖੌਲਦਾ।
ਫਾਲਤੂ ਮਿੱਟੀ
ਮੈਂ ਥੱਕ ਗਿਆ ਹਾਂ ਆਪਣੇ ਅਸਲ ਆਪੇ ਨੂੰ ਲੱਭਦਾ ਲੱਭਦਾ ਮੈਥੋਂ ਮੇਰਾ ਮੂਲ ਨਹੀਂ ਪਛਾਣ ਹੋ ਰਿਹਾ ਮੇਰੇ ਵਜੂਦ ਦੀ ਮਿੱਟੀ ਉੱਤੇ ਕਈ ਪਰਤਾਂ ਦੀ ਮਿੱਟੀ ਚੜ੍ਹਾ ਦਿੱਤੀ ਗਈ ਹੈ .... ਮੈਂ ਗੁੰਮ ਗਿਆ ਹਾਂ ਇਸ ਮਿੱਟੀ ਵਿੱਚ ਇਸ ਵਿੱਚ ਉਗਦੇ ਘਾਹ ਫੂਸ ਨਦੀਨਾ ਅੰਦਰ ਮੇਰੇ ਤੇ ਏਨੀ ਫਾਲਤੂ ਮਿੱਟੀ ਲੱਦ ਕੇ ਮੇਰਾ ਅਸਲ ਆਪਾ ਲੁਕਾ ਦਿੱਤਾ ਗਿਆ ਹੈ ਮੈਨੂੰ ਖੋਤਾ ਬਣਾ ਦਿੱਤਾ ਗਿਆ ਹੈ ਤੇ ਖੋਤਾ ਭਾਰ ਮੁਕਤ ਹੈ ਇਸ ਭਾਰ ਤੋਂ ...
ਮਨੂਸਮ੍ਰਿਤੀ
ਏਕਲੱਵਿਆ ਕਿਉਂਕਿ ਜੰਗਲ-ਪੁੱਤਰ ਹੁੰਦਾ ਹੈ ਆਹਲਾ ਤੀਰ ਅੰਦਾਜ਼ ਹੋ ਕੇ ਵੀ ਸਫਲਤਾ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਤੇ ਹੀ ਰਹਿ ਜਾਂਦਾ ਹੈ ਤੇ ਆਪਣੀ ਕਾਬਲੀਅਤ ਦਾ ਸਿਰਨਾਵਾਂ ਅੰਗੂਠਾ ਵੀ ਗੰਵਾ ਬਹਿੰਦਾ ਹੈ ਅਰਜਨ ਮਨੁਸਮ੍ਰਿਤੀ ਦੀ ਕੁੱਖ ਦਾ ਸਤਮਾਹਿਆਂ ਤੇ ਬੇਲਿਆਂ ਦੇ ਕਬਾਇਲੀ ਪੁੱਤ ਤੋਂ ਕਮ-ਕਾਬਲ ਨਿਸ਼ਾਨਚੀ ਹੋ ਕੇ ਵੀ ਮੀਰੀ ਦਰਜਾ ਹਾਸਲ ਕਰ ਲੈਂਦਾ ਹੈ ਮਨੂ ਪਰੰਪਰਾ ਕਿਸੇ ਲਾਇਕ ਨੂੰ ਖਾ ਜਾਣ ਵਾਲੀ ਜਾੜ੍ਹ ਤੇ ਨਾਲਾਇਕ ਨੂੰ ਵੀ ਚੁੱਕ ਦੇਣ ਵਾਲੀ ਤਾੜ ਹੈ… ਅੱਜ ਵੀ … ਸੰਵਿਧਾਨ ਸਿਰਫ ਸਿਲੇਬਸਾਂ ਵਿੱਚ ਪੜ੍ਹਾਇਆ ਜਾਂਦਾ ਹੈ ਪਰ ਲਾਗੂ ਅਣਲਿਖਿਆ ਮਨੂ ਵਿਧਾਨ ਕੀਤਾ ਜਾਂਦਾ ਹੈ ਅੱਜ ਵੀ…
ਮੇਰੀ ਮਾਂ ਬੋਲੀ ਦਾ ਤਾਜ ਸ਼ਕਰਗੰਜ ਦਰਵੇਸ਼
ਸ਼ਕਰਗੰਜ ਨੇ ਇਲਾਹੀ ਬਾਣੀ ਦਾ ਜਦੋਂ ਪਹਿਲਾ ਹਰਫ਼ ਪੰਜ ਆਬਾਂ ਦੀ ਜਾਈ ਪੰਜਾਬੀ ਵਿੱਚ ਲ਼ਿਖਿਆ ਉਹ ਕੋਈ ਵੱਡਭਾਗਾ ਸੁਭਾਗਾ ਕਰਾਤਾਰੀ ਪਲ ਸੀ ਇਹ ਪਹਿਲਾ ਅੱਖਰ , ਅੱਖਰ ਨਹੀਂ ਬਲਕਿ ਮੇਰੀ ਮਾਂ ਬੋਲੀ ਦੇ ਸਿਰ ਪਹਿਨਾਇਆ ਗਿਆ ਤਾਜ ਸੀ ਕਾਮਿਆਂ , ਕਿਸਾਨਾਂ ਹਾਲੀਆਂ ,ਪਾਲੀਆਂ ,ਆਜੜੀਆਂ ਦਸਤਕਾਰਾਂ ਦੀ ਸਦੀਆਂ ਸਦੀਆਂ ਦੀ ਨਕਾਰੀ ਵਿਸਾਰੀ ਭਟਕਦੀ ਮਾਂ ਨੂੰ ਨਸੀਬ ਹੋਇਆ ਉੱਚਾ ਤਖਤ ਸੀ , ਰਾਜ-ਭਾਗ ਸੀ ਜਦੋਂ ਉਨ੍ਹਾ ਸਭ ਤੋਂ ਪਹਿਲੀ ਵਾਰ ਅਲਿਫ ਨਾਲ ਅੱਲ੍ਹਾ ਲਿਖਿਆ ਤਾਂ ਅਨਪੜ੍ਹ ਪੇਂਡੂ ਗੰਵਾਰ ਤਖ਼ੱਲਸਾਂ ਦੇ ਤੀਰਾਂ ਨਾਲ ਵਿਨ੍ਹੀ ਜਾਂਦੀ ਰਹੀ ਖਲਕਤ ਦੀ ਜ਼ਬਾਨ ਸੱਚਖੰਡ ਦੇ ਰੂਹਾਨੀ ਰਾਹਾਂ ਦੀ ਪਹਿਚਾਣ ਬਣ ਗਈ ਅੱਲਾ ਜਿਸਨੂੰ ਗੁਰਾਂ ਸਤਿਗੁਰ ਕਹਿ ਦੁਹਰਾਇਆ ਰਬਾਬੀ ਮਰਦਾਨਿਆਂ ਵਾਰ-ਵਾਰ ਗਾਇਆ ਭਗਤਾਂ ਪੀਰਾਂ ਸੁਖਨਵਰਾਂ ਸੂਫ਼ੀ ਫ਼ਕੀਰਾਂ ਵਡਿਆਇਆ ਉਚਿਆਇਆ ਸ਼ਕਰਗੰਜ ਨੇ ਜਦੋਂ ਖ਼ਾਲਕ ਖ਼ਲਕ ਮਹਿ ਖ਼ਲਕ ਵੱਸੈ ਰੱਬ ਮਾਹਿ ਲਿਖਿਆ ਤਾਂ ਖ਼ਲਕਤ ਦੀ ਬੋਲੀ ਨੂੰ ਵੀ ਦੇਵ ਭਾਸ਼ਾ ਹੋਣ ਦਾ ਵਰ ਮਿਲਿਆ ਜਦੋਂ ਇਸ ਇਲਾਹੀ ਦਰਵੇਸ਼ ਨੇ ਹਲਵਾਹਕਾਂ ਦਸਤਕਾਰਾਂ ਕਾਮਿਆਂ ਦੇ ਕਰਮ ਕਿਰਤ ਦੇ ਬਿੰਬਾਂ ਨੂੰ ਸ਼ਲੋਕਾਂ ਦਾ ਸ਼ਿੰਗਾਰ ਬਣਾਇਆ ਤਾਂ ਇੰਜ ਜਾਪਣ ਲੱਗ ਪਿਆ ਕਿ ਕਿੱਕਰਾਂ , ਕਸੁੰਭੜੇ , ਕਪਾਹਾਂ , ਕੰਬਲ਼ੀਆਂ ਚਰਖੇ , ਸੂਤ , ਕਾਗ , ਕੂੰਜਾਂ , ਕੋਇਲਾਂ , ਬਗਲੇ ਵੀ ਰੱਬ ਦਾ ਰਾਹ ਦੱਸਣਹਾਰ ਹੋ ਗਏ ਸ਼ਕਰਗੰਜ ਨੇ ਇਲਾਹੀ ਬਾਣੀ ਦਾ ਜਦੋਂ ਪਹਿਲਾ ਹਰਫ਼ ਪੰਜ ਆਬਾਂ ਦੀ ਜਾਈ ਪੰਜਾਬੀ ਵਿੱਚ ਪਾਇਆ ਤਾਂ ਪੰਜਾਬੀ ਦੀ ਝੋਲੀ ਸਦਾ ਸੁਹਾਗਣ ਹੋਣ ਦੀ ਦੁਆ ਪਈ ਸੀ ਬੋਲੀ ਨੂੰ ਭਾਸ਼ਾ ਬਣਨ ਦਾ ਵਰ ਮਿਲਿਆ ਚਿਰਾਂ ਤੋਂ ਭਟਕਦੀ ਇਸ ਕਰਮਾ ਮਾਰੀ ਬੋਲੀ ਨੂੰ ਕਰਮਾਵਾਲੀ ਬਣਾ ਦਿੱਤਾ ਸੀ ਉਸ ਦਰਵੇਸ਼ ਸ਼ਕਰਗੰਜ ਫਰੀਦ ਨੇ
ਰੱਬ ਨਹੀਂ ਇਨਸਾਨ ਹਾਂ ਮੈਂ
ਰਾਤੀਂ ਰੱਬ ਸੁਪਨੇ ਵਿੱਚ ਆਇਆ ਆਖਣ ਲੱਗਾ ਮੈਂ ਥੱਕ ਗਿਆਂ ਹੁਣ ਮੈਂ ਤੈਨੂੰ ਅਗਲੀ ਜੂਨੇ ਰੱਬ ਬਣਾਉਣਾ ਬੋਲ ਮੰਜੂਰ ? ਮੈ ਏਨਾ ਵਿਹਲਾ ਨਹੀਂ ਹਲ਼ ਛੱਡਦਾਂ ਚਰ੍ਹੀ ਦਾ ਵੱਢ ਉਡੀਕਣ ਲੱਗ ਜਾਂਦਾ ਲਗਦਾ ਤੂੰ ਕਿਰਤ ਵਿੱਚ ਰੋਮ ਰੋਮ ਗ਼ਲਤਾਨ ਮੇਰੇ ਕਬੀਲੇ ਬਾਰੇ ਮਰੀ ਮਾਂ ਨੂੰ ਵੀ ਭੜੋਲੇ ਪਾਈ ਰੱਖਣ ਵਾਲ਼ੀ ਕਹੌਤ ਨੀ ਸੁਣੀ ਜੋ ਅਜਿਹੇ ਸਵਾਲ ਕਰ ਰਿਹੈਂ ਇਹ ਰੱਬ ਵਾਲੀ ਲੀਲਾ ਰਾਮਲੀਲਾ ਚਲਾਉਣ ਦੀ ਵਿਹਲ ਮੇਰੇ ਕੋਲ ਨਹੀਂ ਤੂੰ ਤੁਰਦਾ ਹੋ ਭੁੱਖੇ ਡੰਗਰ ਸੰਗਲ਼ ਤੁੜਾ ਰਹੇ ਨੇ ਕਿੱਲੇ ਪੁਟਾ ਰਹੇ ਨੇ ਕਿਸੇ ਦੀ ਭੁੱਖ ਨਹੀਂ ਵੇਖੀ ਜਾਂਦੀ ਮੇਰੇ ਤੋਂ ਗੁਰਧਾਮਾਂ ਦੇ ਅੰਦਰ ਵਿਹਲਾ ਬੈਠ ਬਾਹਰ ਤਾਂਡਵ ਕਰਦੀ ਭੁੱਖਮਰੀ ਨੂੰ ਚੁਪਚਾਪ ਵੇਖੀ ਜਾਣ ਵਾਲ਼ਾ ਰੱਬ ਨਹੀਂ ਇਨਸਾਨ ਹਾਂ ਮੈਂ।
ਮਾਂ ਨੇ ਜਨਮ ਦੇ ਕੇ
ਮਾਂ ਨੇ ਜਨਮ ਦੇ ਕੇ ਜੀਵਨ ਦਿੱਤਾ ਮੈਨੂੰ ਤੂੰ ਮੇਰੀ ਅਣਸ ਜਣ ਮੈਨੂੰ ਮੁੜ ਪੈਦਾ ਕਰ ਅਮਰ ਕਰ ਦਿੱਤਾ
ਕਾਸ਼ ਮੂਸੇਵਾਲਾ ਨਾ ਮਰਦਾ
ਮੂਸੇਵਾਲਾ ਹਨੇਰੀ ਵਾਂਗ ਚੜ੍ਹਿਆ ਤੇ ਮੀਂਹ ਵਾਂਗ ਵਰ੍ਹਿਆ ਜਦੋਂ ਉਹ ਮਰਿਆ ਮੈਂਨੂੰ ਲੱਗਾ ਮੇਰਾ ਹੀ ਪੁੱਤ ਮਰਿਆ ਉਹ ਮੇਰੀ ਔਲਾਦ ਦੀ ਉਮਰ ਦਾ ਸੀ ਕਾਸ਼ ! ਮੂਸੇਵਾਲਾ ਨਾ ਮਰਦਾ ਇਹ ਲਫ਼ਜ਼ ਉਹ ਵੀ ਪੜ੍ਹਦਾ … ਮੰਨਿਆ ਕਿ ‘ਮੌਤ ਨੂੰ ਮਖੌਲਾਂ ਕਰਨਾ ‘ ਪੰਜਾਬ ਦੇ ਬੇਪ੍ਰਵਾਹ ਜਵਾਨਾਂ ਦਾ ਤਖ਼ੱਲਸ ਹੈ ਪੂਰਨ ਸਿੰਘ ਦੇ ਪੰਜਾਬ ਦਾ ਪਰ ਅਲਬੇਲੇ ਜਵਾਨੋ ਹੋਸ਼ ਕਰੋ ਜੋਸ਼ ਦੇ ਅੱਥਰੇ ਘੋੜੇ ਨੂੰ ਸੋਚ ਦੀ ਲਗਾਮ ਦੇਵੋ ਤਾਂ ਕਿ ਮੂਸੇਵਾਲ ਦੀ ਮਾਂ ਵਾਂਗ ਕੱਲ ਤੁਹਾਡੀ ਮਾਂ ਵੀ ਵੈਣ ਨਾ ਪਾਵੇ ਤੁਸੀਂ ਸਾਡੇ ਆਪਣੇ ਭਰਾ ਪੁੱਤ ਭਤੀਜੇ ਹੋ ਤੁਸੀਂ ਪੰਜਾਬ ਦਾ ਸਰਮਾਇਆ ਭਾਰਤ ਮਾਂ ਦਾ ਗਹਿਣਾ ਹੋ । ਤੁਸੀਂ ਧੀਆਂ ਦੇ ਰਾਖੇ ਤੇ ਗਰੀਬ ਨਿਵਾਜ ਬਣਨ ਦੇ ਕਾਬਲ ਪਰ ਸੋਚ ਖੁਣੋਂ ਖੁੰਝੇ ਹੋਏ ਦੁੱਲੇ ਹੋ ਜੱਗੇ ਜੱਟ ਦੇ ਹਮਸਾਏ ਜਿਹਨਾ ਦੀਆਂ ਏ ਕੇ 94 ਰਫਲਾਂ ਓਦੋਂ ਸੌਂ ਜਾਂਦੀਆਂ ਹਨ ਜਦੋਂ ਨਿਰਭੈਆ ਅਸਿਫਾ ਵਰਗੀਆਂ ਨਾਲ ਬਲਾਤਕਾਰ ਕਰਨ ਵਾਲੇ ਗਲਾਂ ‘ਚ ਟਾਇਰ ਪਾ ਸਾੜਨ ਵਾਲੇ ਪੱਗਾਂ ਨੂੰ ਅੱਗਾਂ ਲਾਓਣ ਵਾਲੇ ‘ਕੌਰਾਂ’ ਨਾਲ ਕੁਕਰਮ ਕਰਨ ਵਾਲੇ ਤੇ ਪੂਰੀ ਨਸਲ ਤਬਾਹ ਕਰਨ ਵਾਲੇ ਨਸ਼ਿਆਂ ਦੇ ਸੌਦਾਗਰ ਬੇਖੌਫ ਦਨਦਨਉਦੇ ਫਿਰਦੇ ਨੇ ਤੁਹਾਡੀ ਠਾਠਾਂ ਮਾਰਦੀ ਜਵਾਨੀ ਦੀ ਦਲੇਰੀ ਤੇ ਬਦਲਾ ਲੈਣ ਦੀ ਵਾਰਦਾਤ ਅੰਜਾਮ ਦੇਣ ਦਾ ਹਠ ਤੇ ਪ੍ਰਤਿਭਾ ਦੱਸਦੀ ਹੈ ਤੁਸੀਂ ਊਧਮ ਸਿੰਘ ਦੇ ਭਟਕੇ ਹੋਏ ਵਾਰਸ ਹੋ ਮਾਂਵਾਂ ਨੇ ਤੁਹਾਨੂੰ ਅਸਹਿ ਜੰਮਣ ਪੀੜਾਂ ਸਹਿ ਕੇ ਪੈਦਾ ਕੀਤਾ ਹੈ ਤੁਸੀਂ ਇੱਕ ਸੁਚੱਜੀ ਸੋਚ ਨਾ ਪੈਦਾ ਕਰ ਸਕਣ ਕਾਰਨ ਅਸਲੀ ਦੁਸ਼ਮਣ ਨਹੀ ਪਹਿਚਾਣ ਸਕਦੇ ਨਿਸ਼ਾਨਾ ਬੰਦੂਕ ਨਹੀਂ ਸੋਚ ਲਗਾਉਂਦੀ ਹੈ ਜਿਸ ਬਿਨਾ ਪੱਕੀਆਂ ਬੰਦੂਕਾਂ ਵਾਲੇ ਵੀ ਕੱਚੇ ਨਿਸ਼ਾਨਚੀ ਰਹਿੰਦੇ ਹਨ। ਊਧਮ ਸਿੰਘ ਦੇ ਭਟਕੇ ਹੋਏ ਵਾਰਸੋ ਆਪਣੀ ਜਾਂਬਾਜ ਦਲੇਰੀ ਨੂੰ ਕਿਸੇ ਅਡਵਾਇਰ ਕੋਲ ਗਿਰਵੀਂ ਜਾਂ ਨਿੱਜੀ ਵੈਰ ਵਿੱਚ ਜਾਇਆ ਨਾ ਕਰੋ ਪੰਜਾਬ ਦੀ ਖੜਗ ਬਣੋ ਭਾਰਤ ਮਾਂ ਨੂੰ ਨਵੇਂ ਅਡਵਾਇਰਾਂ ਤੋਂ ਮੁਕਤ ਕਰਵਾਓ ਮਾਂਵਾਂ ਦੇ ਹੰਝੂ ਨਾ ਵਹਾਓ ਸਿਰਾਂ ਨੂੰ ਸਿਰ ਫਿਰੇ ਹੋਣ ਦੇ ਖਿਤਾਬ ਤੋਂ ਬਚਾਓ ਇਹਨਾਂ ਨੂੰ ਸੀਸ ਬਣਾਓ ਮੁੰਡੀਰ੍ਹ ਨੂੰ ਗੁੰਡੇ ਨਹੀਂ ਬੀਬੇ ਮੁੰਡੇ ਬਣਾਓ ਮੇਰੇ ਪੰਜਾਬ ਦਿਓ ਅਲਬੇਲੇ ਬੇਪ੍ਰਵਾਹ ਮੌਤ ਨੂੰ ਮਖੌਲਾਂ ਕਰਨ ਵਾਲੇ ਜਵਾਨੋ….
ਹਰੀ ਰਾਮਕਾਰ
ਤਾਤੀ ਵਾਓ ਤੇ ਖੁਸ਼ਕ ਮਾਰੂਥਲੀ ਦੁੱਖਾਂ ਤੋਂ ਬਚਣ ਲਈ ਮਨੁੱਖਾਂ ਨੂੰ ਸਾਵੇ ਰੁੱਖਾਂ ਦੀ ਰਾਮਕਾਰ ਬਣਾਉਣੀ ਪੈਣੀ ਹੈ । ਪਿੰਡ ਪਿੰਡ ਹਰੀ ਦੀਪਮਾਲਾ ਕਰਨੀ ਕਰਾਉਣੀ ਪੈਣੀ ਹੈ । ਦੁੱਖ ਭੰਜਨੀ ਬੇਰੀ ਦੇ ਵਾਰਸੋ ! ਸਿਰਫ਼ ਦੁੱਖ ਭੰਜਨੀ ਬੇਰੀ ਹੀ ਨਹੀ ਹਰ ਰੁੱਖ ਹੀ ਦੁੱਖ ਭੰਜਨ ਹੁੰਦਾ ਹੈ । ਦੁੱਖ ਭੰਜਨੀ ਬੇਰੀ ਦੇ ਵਾਰਸੋ ! ਧਰਤ ਤੇ ਖੁਸ਼ਕ ਦੁੱਖਾਂ ਦਾ ਭਾਰ ਘਟਾਉਣ ਲਈ ਪਵਨ ਗੁਰੂ ਪਾਣੀ ਪਿਤਾ ਨੂੰ ਬਚਾਉਣ ਤੇ ਪਾਵਨ ਬਣਾਉਣ ਲਈ ਹੁਣ ਨੌਂ ਖੰਡ ਪ੍ਰਿਥਵੀ ਮਾਤਾ ਧਰਤ ਮਹੱਤ ‘ਤੇ ਬੇਅੰਤ ਦੁੱਖ ਭੰਜਨੀਆਂ ਬੇਰੀਆਂ ਤੇ ਅਸੰਖ ਦੁੱਖ ਭੰਜਨ ਰੁੱਖ ਲਾਓਣ ਦੀ ਲੋੜ ਹੈ ਧਰਤ ਦੀ ਪਰਤ ਤੇ ਹਰੀ ਰਾਮਕਾਰ ਬਣਾਉਣ ਦੀ ਲੋੜ ਹੈ ਇਸਦੀ ਸਚਮੁੱਚ ਬਹੁਤ ਥੋੜ੍ਹ ਹੈ ਹਰੀ ਰਾਮਕਾਰ ਬਣਾਉਣ ਦੀ ਫੌਰੀ ਲੋੜ ਹੈ ਅੱਜ ਆਬਾਂ ਦੇ ਦੇਸ ਤੇ ਸਗਲ ਜਗਤ ਜਲੰਦੇ ਦੇ ਕੱਲ੍ਹ ਦੇ ਖ਼ਾਬਾਂ ਨੂੰ ਮਹਿਫ਼ੂਜ਼ ਰੱਖਣ ਲਈ।
ਬਥੇਰਾ ਲੜ ਲਿਆ ਹੈ
ਬਥੇਰਾ ਲੜ ਲਿਆ ਹੈ ਵੱਡਿਆਂ ਵਾਂਙ ਆਓ ! ਹੁਣ ਬੱਚਿਆਂ ਵਾਂਙ ਲੜਨਾ ਤੇ ਲੜਾਈ ਲੜਾਈ ਮਾਫ ਕਰਨਾ ਸਿੱਖੀਏ। ਆਓ ! ਹੁਣ ਉਮਰ ਭਰ ਦੀਆਂ ਨਫ਼ਰਤਾਂ ਦੀ ਥਾਂ ਨੰਨ੍ਹੇ ਮੁੰਨਿਆਂ ਤੋਂ ਪਲ ਦੋ ਪਲ ਦੇ ਰੋਸੇ ਗਿਲੇ ਕਰਨਾ ਰੁੱਸਣਾ ਤੇ ਮੰਨਣਾ ਸਿੱਖੀਏ ਆਓ ! ਹੁਣ ਐਸੀ ਖੇਡ ਫਿਰ ਤੋਂ ਸ਼ੁਰੂ ਕਰਨ ਲਈ ਦੁਬਾਰਾ ਤੋਂ ਮੜ੍ਹਿਕੀਏ ਬੱਚਿਆਂ ਨੂੰ ਬਥੇਰਾ ਕੁਝ ਸਿਖਾ ਲਿਆ ਆਓ ! ਹੁਣ ਬੱਚਿਆਂ ਤੋਂ ਵੀ ਕੁਝ ਸਿੱਖੀਏ।