Punjabi Poetry : Harpreet Kaur Dhoot

ਪੰਜਾਬੀ ਕਵਿਤਾਵਾਂ : ਹਰਪ੍ਰੀਤ ਕੌਰ ਧੂਤ



ਤਮਾਸ਼ਬੀਨ

ਇਹ ਸੜਕ ਤੇ ਕਿਸਦੀ ਲਾਸ਼ ਪਈ ਹੈ? ਭੀੜ ਤਮਾਸ਼ਾ ਦੇਖ ਰਹੀ ਹੈ ਕੁੱਤੇ ਜਿਸਮ ਫ਼ਰੋਲ ਰਹੇ ਨੇ ਲੋਕੀਂ ਕੁੱਝ ਨਾ ਬੋਲ ਰਹੇ ਨੇ ਸਾਸ਼ਕ ਨੂੰ ਕੋਈ ਫ਼ਰਕ ਨਾ ਪੈਂਦਾ ਉਸ ਲਈ ਪੈਸਾ ਟੋਲ ਰਹੇ ਨੇ ਇਨਸਾਨਾਂ ਤੋਂ ਚੰਗੇ ਤਾਂ ਕੁੱਤੇ ਨੇ ਹੋ ਗਏ ਇੱਕ ਦੂਜੇ ਲਈ ਬੋਲ ਰਹੇ ਨੇ ਗਲੇ ਸੜੇ ਜਿਸਮਾਂ ਦੇ ਵਿੱਚੋਂ ਕੁੱਝ ਨਾ ਕੁੱਝ ਤੇ ਟੋਲ ਰਹੇ ਨੇ ਬੰਦਿਆਂ ਦੇ ਦਿਲ ਪੱਥਰ ਨੇ ਹੋ ਗਏ ਗਿਰਵੀ ਰੱਖ ਬੈਠੇ ਨੇ ਖ਼ੁਦ ਨੂੰ ਜ਼ਮੀਰਾਂ ਨੂੰ ਛਿੱਕੇ ਟੰਗਕੇ ਖ਼ੁਦ ਹੀ ਖ਼ੁਦ ਨੂੰ ਰੋਲ ਰਹੇ ਨੇ ਕੀ ਹੁੰਦੇ ਸੀ ਕੀ ਬਣ ਬੈਠੇ ਨੇ ਸੋਹਣਾ ਵਿਰਸਾ ਭੁੱਲ ਚੁੱਕੇ ਨੇ ਟਿੱਕ ਟੋਕਾਂ ਤੇ ਪਤਾ ਨਹੀਂ ਕੀ ਟੋਲ ਰਹੇ ਨੇ ਆਪਣੀ ਭਾਸ਼ਾ ਭੁੱਲ ਰਹੇ ਨੇ ਆਪਣੀ ਭਾਸ਼ਾ ਭੁੱਲ ਰਹੇ ਨੇ ਗ਼ੈਰਾਂ ਦੀ ਬੋਲੀ ਬੋਲ ਰਹੇ ਨੇ ਇਹ ਸੜਕ ਤੇ ਕਿਸਦੀ ਲਾਸ਼ ਪਈ ਹੈ ।

ਲਾਸ਼

ਉਹ ਆਪਣੀ ਲਾਸ਼ ਨੂੰ ਆਪ ਹੀ ਹੈ ਦੇਖ ਰਹੀ ਸ਼ਬਦਾਂ ਦੀ ਲਾਸ਼ ਜਿਸਮ ਦਿਲ ਤੇ ਰੂਹ ਦੀ ਲਾਸ਼ ਸ਼ੀਸ਼ੇ ਦੇ ਬਕਸੇ ਵਿੱਚ ਕੈਦ ਇੱਕ ਲਾਸ਼ ਜਿਸ ਨੂੰ ! ਸ਼ਾਇਦ ਉਹ ਫੁੱਲਾਂ ਨਾਲ ਭਰ ਦੇਣਗੇ ਪਰ ਕਦੀ ਨਹੀਂ ਪੜ੍ਹ ਸਕਣਗੇ ਉਸ ਲਾਸ਼ ਵਿੱਚ ਦਫ਼ਨ ਦਿਲ ਦੀ ਇਬਾਰਤ ਨੂੰ ਮਰੇ ਹੋਏ ਸੁਫ਼ਨਿਆਂ ਨੂੰ ਕਿ ਉਹ ਕੀ ਚਾਹੁੰਦੀ ਸੀ ਕਿਉਂ ਚਾਹੁੰਦੀ ਸੀ ਸਾਇਦ ! ਬਹੁਤ ਸੋਹਣੇ ਸੁਫ਼ਨੇ ਤੇ ਛੋਟੀਆਂ ਛੋਟੀਆਂ ਖਵਾਇਸ਼ਾਂ ਪਰ ਫੁੱਲਾਂ ਨਾਲ ਢੱਕਣ ਵਾਲਿਆਂ ਨੂੰ ਪਰ ਫੁੱਲਾਂ ਨਾਲ ਢੱਕਣ ਵਾਲਿਆਂ ਨੂੰ ਕੀ ਪਤਾ।

ਪੂੰਜੀਵਾਦ

ਮੱਛਰ ਬਣ ਤੁਰ ਰਿਹਾ ਹੈ ਕੱਟ ਰਿਹਾ ਹੈ ਹਰ ਕਿਸੇ ਨੂੰ ਕਿਸਦਾ ਖ਼ੂਨ ਮਿੱਠਾ ਹੈ ਪੀ ਰਿਹਾ ਹੈ ਮਜ਼ੇ ਦੇ ਨਾਲ ਕਦੀ ਵਾਇਰਸ ਫ਼ੈਲਾ ਕਦੀ ਕੋਈ ਭੈੜੀ ਬਿਮਾਰੀ ਲਾ ਕਦੀ ਪਰਮਾਣੂ ਬੰਬ ਦਿਖਾ ਕੋਈ ਨਵੀਂ ਮਿਜ਼ਾਇਲ ਬਣਾ ਹਥਿਆਰਬੰਦ ਫ਼ੌਜਾਂ ਵਧਾ ਕਰ ਰਿਹਾ ਹੈ ਫ਼ੈਸਲੇ ਕਈ ਅੰਦਰੋਂ ਅੰਦਰੀ ਦੁਨੀਆਂ ਖਤਮ ਖ਼ਤਮ ਕਰਨ ਦੇ।

ਸ਼ੋਰ

ਤਨਹਾਈਆਂ ਦਾ ਸ਼ਹਿਰ ਹੈ ਤਨਹਾ ਹਰ ਸ਼ਖ਼ਸ ਹੈ ਸ਼ੋਰ ਹੈ ਇੱਕ ਅਜ਼ੀਬ ਜਿਹਾ ਲੜਖੜਾਉਂਦਾ ਮਿਜ਼ਾਜ ਹੈ ਜਾਮ ਜਾਮ ਨਾਲ ਨੇ ਖੜਕ ਰਹੇ ਨਸ਼ਿਆਂ ਵਿੱਚ ਡੁੱਬਿਆ ਸ਼ਬਾਬ ਹੈ ਧੂੰਆਂ ਹੈ ਛੱਡ ਰਿਹਾ ਉਹ ਕੌਣ ਹੈ ਜੋ ਹਨੇਰਿਆਂ 'ਚੋਂ ਰੌਸ਼ਨੀ ਹੈ ਲੱਭ ਰਿਹਾ ਅੱਜ ਦਾ ਇਨਸਾਨ ਜੋ ਵਹਿਮ ਹੈ ਇੱਕ ਪਾਲ ਰਿਹਾ ਮੌਤ ਵਿੱਚੋਂ ਜ਼ਿੰਦਗੀ ਨੂੰ ਹੈ ਭਾਲ ਰਿਹਾ ਮੇਕਅੱਪ ਦੇ ਨਾਲ ਇਹ ਚਿਹਰੇ ਜੋ ਨੇ ਢੱਕੇ ਹੋਏ ਧੂੰਆਂ ਲਬਾਂ ਤੋਂ ਜੋ ਨੇ ਉਗਲ ਰਹੇ ਲੜਖੜਾਉਂਦੇਂ ਕਦਮ ਮਰੇ ਹੋਏ ਦਿਲ ਸੜੀਆਂ ਹੋਈਆਂ ਸੋਚਾਂ ਖੋਖਲੇ ਦਿਮਾਗ ਆਧੁਨਿਕਤਾ ਦੇ ਸ਼ੋਰ ਹੇਠ ਆਧੁਨਿਕਤਾ ਦੇ ਸ਼ੋਰ ਹੇਠ ਖ਼ੁਦ ਨੂੰ ਹੀ ਨਹੀਂ ਨੇ ਭਾਲ ਰਹੇ ।

ਨਾਉਮੀਦ

ਉਹ ਦੱਸਦੇ ਨੇ ਹੁਣ ਉਹਨਾਂ ਦੇ ਆਪਣੇ ਘਰ ਵਿੱਚ ਵੜਨ ਤੋਂ ਪਹਿਲਾਂ ਹੀ ਪੈਰ ਥਿੜ੍ਹਕਦੇ ਨੇ ਦਰਵਾਜ਼ਾ ਖੋਲ੍ਹਣ ਤੋਂ ਵੀ ਡਰ ਲੱਗਦਾ ਹੈ ਉਹ ਦੱਸਦੇ ਨੇ ਹੁਣ ਤਾਂ ਆਪਣੇ ਘਰ ਦੇ ਕਮਰੇ ਵਿੱਚ ਬੰਦ ਹੋ ਜਾਵਣ ਨੂੰ ਦਿਲ ਕਰਦਾ ਹੈ ਹਨੇਰਾ ਖਤਮ ਨਾਂ ਹੋਏ ਰੌਸ਼ਨੀ ਦੀ ਕੋਈ ਉਮੀਦ ਨਹੀਂ ਹਰ ਪਲ ਇਹ ਡਰ ਹੈ ਸਤਾ ਰਿਹਾ ਫਿਰ ਉਹ ਸਭ ਸਹਿਣਾ ਪਵੇਗਾ ਜਿਸ ਤੋਂ ਦੂਰ ਹੋਵਣ ਲਈ ਹਨੇਰਾ ਹੀ ਹੈ ਚੰਗਾ ਲੱਗ ਰਿਹਾ |

ਯਕੀਨ ਨਹੀਂ

ਉਸਨੂੰ ਡਰ ਸੀ ਕਿ ਕੋਈ ਮੁਹੱਬਤ ਨਹੀਂ ਕਰ ਸਕਦਾ ਸਭ ਗਰਜ਼ਾਂ ਭਾਲਦੇ ਨੇ ਇਸ ਲਈ ਕੋਈ ਵਾਰ ਵਾਰ ਗਿਆ ਅਜ਼ਮਾਇਆ ਜਾਂ ਖ਼ੁਦ ਹੀ ਨਹੀਂ ਸੀ ਕਾਬਿਲ ਉਹ ਮੁਹੱਬਤ ਦੇ ਉਸਦੀ ਮੁਹੱਬਤ ਤਾਂ ਬਣੀ ਬੇਯਕੀਨੀ ਹੀ ਵਰਨਾ ਜੋ ਰਾਹਾਂ 'ਚ ਦਿਲ ਖ਼ਿਲਾਰਦੇ ਉਸ ਤੇ ਕੌਣ ਫ਼ਿਦਾ ਨਹੀਂ ਹੁੰਦਾ ।

ਹਉਕਾ

ਸ਼ਾਇਦ ਦਿਮਾਗ ਦੇ ਹਰ ਕੋਨੇ ਦੇ ਵਿੱਚ ਭਰ ਦਿੱਤਾ ਸੀ ਗਿਆ ਕਿ ਕੋਈ ਕਿਸੇ ਨੂੰ ਮੁਹੱਬਤ ਨਹੀਂ ਕਰਦਾ ਬਸ ਕੁੜੀਏ ਆਪਣੀਆਂ ਅੱਖਾਂ ਨੂੰ ਖੋਲ੍ਹਕੇ ਤੁਰਨਾ ਤੇ ਕੰਨਾਂ ਨੂੰ ਸੰਭਾਲਣਾ ਦਿਲ ਨੂੰ ਜ਼ਿੰਦਰਾ ਮਾਰਕੇ ਰੱਖਣਾ ਪਰ ਦਿਮਾਗ ਦੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖਣਾ ਜਦੋਂ ਮੁਹੱਬਤ ਦਿਲ ਦੇ ਦਰਵਾਜ਼ੇ ਤੇ ਦਸਤਕ ਦੇਵਣ ਆਈ ਦਰਵਾਜ਼ਾ ਖੋਲ੍ਹ ਕੇ ਵੀ ਬੰਦ ਕਰ ਦਿੱਤਾ ਗਿਆ ਬਸ! ਦਿਮਾਗ ਖੁੱਲ੍ਹਾ ਰੱਖਿਆ ਤੇ ਸੁੰਨਮਸਾਣ ਹੋ ਗਏ ਦਿਲਾਂ ਤੱਕ ਜਾਂਦੇ ਰਾਹ ਕਿਉਂਕਿ ਅਪਮਾਨ ਕਰ ਦਿੱਤਾ ਗਿਆ ਕਿਸੇ ਦੀ ਪਾਕ ਮੁਹੱਬਤ ਤੇ ਸ਼ੱਕ ਕਰਕੇ ਤੇ ਉਹ ਹਉਕਾ ਬਣ ਉੱਠਿਆ।

ਸਫ਼ਰ

ਸਫ਼ਰ ਜਾਰੀ ਹੈ ਉਹ ਦਰ ਬ-ਦਰ ਹੈ ਭਟਕ ਰਿਹਾ ਹਰ ਥਾਂ ਤੇ ਉਸਨੂੰ ਹੀ ਲੱਭ ਰਿਹਾ ਜੋ ਦੇ ਦੇਵੇ ਉਸਨੂੰ ਉਹ ਆਤਮਿਕ ਸੁੱਖ ਜੋ ਕਰ ਦੇਵੇ ਖਤਮ ਉਸਦੀ ਭਟਕਣਾ ਤ੍ਰਿਸ਼ਨਾਂ ਦੇਹਾਂ ਤੋਂ ਦੇਹਾਂ ਤੱਕ ਥਿੜ੍ਹਕਣ ਦੀ ਤਾਂ ਕਿ ! ਉਹ ਕੀੜਿਆਂ ਵਾਂਗਰ ਨਾ ਰੀਘਦਾਂ ਰਵੇ ਜਿਸਮਾਂ ਦੀਆਂ ਮੰਡੀਆਂ ਵਿੱਚ ਕਿਤੇ ਆਪਣਾ ਅਸਤਿਤਵ ਨਾ ਗਵਾ ਬੈਠੇ ਤੇ ਡਿੱਗ ਜਾਵੇ ਆਪਣੀਆਂ ਹੀ ਨਜ਼ਰਾਂ ਵਿੱਚ।

ਘਰ

ਕਬਰਾਂ ਦੇ ਵਿੱਚ ਦੱਬ ਜਾਂਦੇ ਨੇ ਪੱਥਰਾਂ ਦੇ ਥੱਲੇ ਰੱਖ ਜਾਂਦੇ ਨੇ ਕੀੜੇ ਮਕੌੜੇ ਖਾ ਜਾਂਦੇ ਨੇ ਉੱਪਰ ਨਾਂ ਦੀ ਤਖ਼ਤੀ ਲਾ ਕੇ ਜਦ ਕਬਰਾਂ ਦੇ ਵਿੱਚ ਛੱਡ ਜਾਂਦੇ ਨੇ ਕਦੇ ਕਦਾਈ ਯਾਦ ਰਹੇ ਤਾਂ ਫੁੱਲਾਂ ਦੇ ਹਾਰ ਚੜ੍ਹ ਜਾਂਦੇ ਨੇ ਲੱਕੜ ਦੀ ਸੋਹਣੀ ਸੇਜ਼ ਲਿਟਾ ਕੇ ਅੱਗ ਦੀ ਭੇਟ ਚੜਾ ਜਾਂਦੇ ਆ ਹੋਲੀ ਹੋਲੀ ਜਲ ਜਾਂਦੇ ਆ ਜਦ ਸਿਵਿਆਂ ਦੇ ਵਿੱਚ ਛੱਡ ਜਾਂਦੇ ਨੇ ਮਰ ਕੇ ਜਦ ਸੁਆਹ ਹਾਂ ਬਣਦੇ ਹਵਾ ਦੇ ਵਿੱਚ ਉਡਾ ਕੇ ਉੱਪਰੋਂ ਹੀ ਪਾਣੀ ਵਿੱਚ ਬਹਾ ਜਾਂਦੇ ਨੇ ਕੋਈ ਤੇਰਾ ਵਜੂਦ ਨਹੀਂ ਹੁਣ ਆਪਣੇ ਹੀ ਸਮਝਾ ਜਾਂਦੇ ਆ ਸੋਹਣੀ ਦੁਨੀਆਂ ਤੇ ਜਦ ਹੁੰਦੇ ਨੇ ਰੰਗਾਂ ਤੋਂ ਭਰਮਾ ਜਾਂਦੇ ਨੇ ਸੱਚ ਦੀ ਘੋੜੀ ਤੇ ਕੀ ਚੜ੍ਹਨਾ ਝੂਠ ਤੋਂ ਵੀ ਘਬਰਾ ਜਾਂਦੇ ਨੇ ਫਿਰ ਆਊਣੇ ਦਾ ਸੁਫ਼ਨਾ ਲੈ ਕੇ ਅੰਬਰੀ ਘਰ ਬਣਾ ਲੈਂਦੇ ਨੇ ਜੰਮਣਾ ਮਰਨਾ ਉਸ ਖੇਡ ਬਣਾਈ ਆਪਣੀ ਵਾਰੀ ਚੱਕਰ ਲਾ ਜਾਂਦੇ ਹਾਂ।

ਕਿਵੇਂ

ਚੜ੍ਹ ਗਏ ਜੋ ਭੇਟ ਨਫ਼ਰਤ ਦੀ ਪਿਆਰ ਵਿੱਚ ਯਕੀਨ ਦਰਸਾਉਣ ਕਿਵੇਂ ਬਣਾ ਦਿੱਤੇ ਗਏ ਸੀ ਜੋ ਕਤਲਗਾਹ ਉਹਨਾਂ ਘਰਾਂ ਦੀਆਂ ਬਰੂਹਾਂ ਤੇ ਕੋਈ ਪੈਰ ਧਰਨ ਜਾਵੇ ਕਿਵੇਂ ਦਿਲਾਂ ਵਿੱਚ ਜਿਹਨਾਂ ਦੇ ਜ਼ਹਿਰ ਸੀ ਭਰ ਦਿੱਤਾ ਗਿਆ ਉਹ ਅਪਣੇ ਹੱਥਾਂ ਨਾਲ ਅੰਮ੍ਰਿਤ ਪਿਲਾਵਣ ਕਿਵੇਂ ਜਿਹਨਾਂ ਮਾਂਵਾਂ ਨੇ ਤੱਕੇ ਨਾਂ ਮੂੰਹ ਪੁੱਤਾਂ ਦੇ ਉਹ ਦੀਵਾਲੀ ਦੀ ਰਾਤ ਦੀਵੇ ਜਗਾਵਣ ਕਿਵੇਂ ਖੁਸ਼ੀਆਂ ਰੋਧ ਦਿੱਤੀਆਂ ਜਿਹਨਾਂ ਦੀਆਂ ਸਮੇਂ ਦੇ ਸ਼ਾਸਕਾਂ ਉਹ ਲੋਕ ਮਹਿਲ ਆਪਣੇ ਹੁਣ ਸਜਾਵਣ ਕਿਵੇਂ ਕਟਾ ਲਏ ਹੱਥ ਜਿਹਨਾਂ ਹੱਕਾਂ ਲਈ ਲੜਨੇ ਦੀ ਖਾਤਿਰ ਉਹ ਹੁਣ ਖੁਸੀਆਂ ਦੇ ਅਨਾਰ ਚਲਾਵਣ ਕਿਵੇਂ ਮੱਥਾ ਮਾਰ ਮਾਰ ਤੇ ਥੱਕ ਹਾਰਕੇ ਬੈਠ ਗਏ ਨੇ ਬਹੁਤੇ ਬੇਸਮਝਾਂ ਨੂੰ ਕੋਈ ਜਾਕੇ ਸਮਝਾਵੇ ਕਿਵੇਂ ਛੱਡ ਘਰ ਬਾਰ ਆਪਣੇ ਜੋ ਹੋ ਗਏ ਨੇ ਬੇ-ਵਤਨ ਵਾਪਸ ਘਰ ਆਪਣੇ ਉਹਨਾਂ ਨੂੰ ਕੋਈ ਲਿਆਵੇ ਕਿਵੇਂ।

ਅਸੂਲ

ਉਹ ਜਾਣਦੀ ਹੈ ਅਸੂਲਾਂ ਦੀ ਕੋਈ ਕਦਰ ਨਹੀਂ ਕਰਦਾ ਹੁਣ ਉਹ ਵੀ ਜਿਉਂਦੇ ਜੀ ਮਰਨਾ ਨਹੀਂ ਚਾਹੁੰਦੀ ਅਸੂਲਾਂ ਨੂੰ ਕਿੱਲੀ ਟੰਗਕੇ ਆਪਣੇ ਆਪ ਨੂੰ ਦੇਖਣਾ ਚਾਹੁੰਦੀ ਹੈ ਜੀ ਭਰ ਕੇ ਜੀਉਣਾ ਚਾਹੁੰਦੀ ਹੈ ਆਪਣੀ ਜ਼ਿੰਦਗੀ ਪਰ ਉਹ ਬਹੁਤ ਵਫ਼ਾਦਾਰ ਵੀ ਹੈ ਤੇ ਅਸੂਲਾਂ ਵਾਲੀ ਵੀ ਇਛਾਵਾਂ ਅਸੂਲਾਂ ਤੇ ਹਾਵੀ ਹਨ ਹੁਣ ਉਹ ਅਸੂਲ ਪਾਲੇਗੀ ਤੇ ਇਛਾਵਾਂ ਦਾ ਗਲਾ ਘੁੱਟੇਗੀ ਕਿਉਂਕਿ ਉਹ ਆਪਣੀ ਹੀ ਨਜ਼ਰ ਵਿੱਚ ਗਿਰਨਾ ਨਹੀਂ ਚਾਹੁੰਦੀ।

ਵਿਸਮਾਦ

ਇਹ ਸਭ ਕੀ ਹੈ ਤੇ ਇਹ ਸਭ ਕਿਉਂ ਹੋਇਆ ਵਕਤ ਥੰਮ੍ਹ ਗਿਆ ਸਦੀਆਂ ਦਾ ਫ਼ਾਸਲਾ ਤਹਿ ਹੋਇਆ ਹੋਵੇ ਜਿਵੇਂ ਵਿਸਮਾਦ ਕੋਈ ਹੋਇਆ ਹੋਵੇ ਦਿਲ ਖੋਲ੍ਹ ਅੰਦਰੋਂ ਬਾਹਰੋਂ ਹੋ ਨਗਨ ਇਹ ਕੌਣ ਸਾਹਮਣੇ ਆਣ ਖਲੋਇਆ ਆਪਣਾ ਆਪ ਨਾਂ ਉਸ ਤੋਂ ਗਿਆ ਲੁਕੋਇਆ ਸੰਵਾਦ ਇੱਕ ਰੂਹਾਨੀ ਰਚਿੱਤ ਹੋਇਆ ਸਦੀਆਂ ਤੋਂ ਵਿੱਛੜੀਆਂ ਅੱਖੀਆਂ ਰਾਹੀਂ ਦੋ ਰੂਹਾਂ ਮਿਲੀਆਂ ਅਹਿਸਾਸ ਵਿਲੱਖਣ ਮਿਲਾਪ ਸਦੀਵੀਂ ਇੱਕ ਹੋਇਆ ਜਿਵੇਂ ਸ਼ਿਵਰਾਤਰੀ ਗੌਰੀ ਤੇ ਸ਼ਿਵ ਸ਼ੰਭੂ ਦਾ ਖੂਬਸੂਰਤ ਮਿਲਾਪ ਹੋਇਆ ਹੋਵੇ ਬਿਨ ਮਿਲੇ ਤੇ ਬਿਨ ਛੁਏ ਹੀ ਇੱਕ ਵਿਸਮਾਦ ਹੋਇਆ।

ਰਾਧਾ

ਉਹ ਉੱਚੀ ਉੱਚੀ ਹੱਸਦੀ ਹੈ ਦਿਲ ਖੋਲ ਕੇ ਉਸਨੂੰ ਦੱਸਦੀ ਹੈ ਉਹ ਰੂਹ ਤੋਂ ਉਸਦੀ ਰਾਧਾ ਹੈ ਉਹ ਰੂਹ ਤੋਂ ਉਸਦੀ ਰਾਧਾ ਹੈ ਉਹਦੇ ਦਿਲ ਤੇ ਉਹ ਹੱਥ ਧਰਦੀ ਹੈ ਅੱਖੀਆਂ 'ਚ ਉਸਦੇ ਤੱਕਦੀ ਹੈ ਇੱਕ ਵਾਰ ਫਿਰ ਉਸਨੂੰ ਦੱਸਦੀ ਹੈ ਉਹ ਰਾਧਾ ਉਸਦੀ ਹੈ ਮੀਰਾ ਵੀ ਉਹੀ ਹੈ ਉਸ ਰਾਧਾ ਬਣਨਾ ਹੈ ਤੇ ਮੀਰਾ ਵੀ ਉਸਨੇ ਹੀ ਪਰ ਰੁਕਮਣੀ ਦਾ ਸੋਚ ਕੇ ਉਹ ਅੱਖੀਆਂ ਬੰਦ ਕਰਦੀ ਹੈ ਆਪਣਿਆਂ ਕਦਮਾਂ ਨੂੰ ਜਦ ਪਿੱਛੇ ਨੂੰ ਧਰਦੀ ਹੈ ਅੰਦਰੋਂ ਅੰਦਰੀਂ ਫਿਰ ਆਪਣੇ ਆਪ ਤੇ ਹੱਸਦੀ ਹੈ ਸੋਚ ਸੋਚਕੇ ਹੀ ਫਿਰ ਰੂਹ ਤੋਂ ਹੀ ਉਸਦੀ ਉਹ ਰਾਧਾ ਬਣ ਜਾਂਦੀ ਹੈ ਉਹ ਰੂਹ ਤੋਂ ਉਸਦੀ ਰਾਧਾ ਹੈ ਉਹ ਉੱਚੀ ਉਚੀ ਹੱਸਦੀ ਹੈ ਦਿਲ ਖੋਲ੍ਹ ਕੇ ਸਭ ਨੂੰ ਦੱਸਦੀ ਹੈ ਰਾਧਾ ਤਾਂ ਰਾਧਾ ਹੈ ਉਹ ਰੂਹ ਤੋਂ ਉਸਦੀ ਰਾਧਾ ਹੈ ਉਹ ਰੂਹ ਤੋਂ ਉਸਦੀ ਰਾਧਾ ਹੈ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਹਰਪ੍ਰੀਤ ਕੌਰ ਧੂਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ