Harpreet Kaur Dhoot ਹਰਪ੍ਰੀਤ ਕੌਰ ਧੂਤ

ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਸਟਾਕਟਨ ਵੱਸਦੀ ਪੰਜਾਬੀ ਕਵਿੱਤਰੀ ਹਰਪ੍ਰੀਤ ਕੌਰ ਧੂਤ ਤਿੰਨ ਕਾਵਿ ਪੁਸਤਕਾਂ ਦੀ ਸਿਰਜਕ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਅੰਗਰੇਜ਼ੀ ਕਰਕੇ ਉਹ ਨਵੇਂ ਜੀਵਨ ਦੇ ਉਸਾਰ ਹਿਤ 1997 ਵਿੱਚ ਉਹ ਅਮਰੀਕਾ ਜਾ ਵੱਸੀ। ਉਸ ਦਾ ਜੱਦੀ ਪਿੰਡ ਡਾਃ ਸਾਂਵਲ ਧਾਮੀ ਵਾਲਾ ਹੀ ਸਿੰਗੜੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਹਰਪ੍ਰੀਤ ਦੇ ਪਿਤਾ ਜੀ ਦਾ ਨਾਮ ਸਰਦਾਰ ਦੀਦਾਰ ਸਿੰਘ ਧਾਮੀ ਤੇ ਮਾਤਾ ਜੀ ਦਾ ਨਾਮ ਸਰਦਾਰਨੀ ਗਿਆਨ ਸੁਰਜੀਤ ਕੌਰ ਧਾਮੀ ਹੈ।
ਗਦਰ ਪਾਰਟੀ ਦੇ ਸੂਰਮੇ ਬਾਬਾ ਕਰਮ ਸਿੰਘ ਧੂਤ ਦੇ ਪਿੰਡ ਉਹ ਸਃ ਸਰਬਜੀਤ ਸਿੰਘ ਧੂਤ ਨਾਲ ਵਿਆਹੀ ਗਈ। ਦੋ ਪੁੱਤਰਾਂ ਅਭੈਜੀਤ ਸਿੰਘ ਧੂਤ ਤੇ ਕਰਨਵੀਰ ਸਿੰਘ ਧੂਤ ਦੀ ਮਾਂ ਹੈ ਉਹ।
ਅਮਰੀਕਾ ਪਰੁੰਚ ਕੇ ਉਸ 2007 ਵਿੱਚ ਡੈਲਟਾ ਕਾਲਿਜ ਸਟਾਕਟਨ ਤੋਂ ਫੈਮਿਲੀ ਕੰਨਜ਼ਿਊਮਰ ਸਾਇੰਸ ਸਰਟੀਫੀਕੇਟ ਕੋਰਸ ਕੀਤਾ; 2009 ਵਿੱਚ ਉਸ ਹੈਲਥ ਕੇਅਰ ਕਾਲਿਜ ਆਫ਼ ਨਰਸਿੰਗ ਤੋਂ ਗਰੈਜੂਏਸ਼ਨ ਕਰ ਲਈ ਪਰ ਉਹ ਉਦੋਂ ਤੋਂ ਹੀ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਹੀ ਕਰਮਸ਼ੀਲ ਹੈ।
ਇਸ ਵੇਲੇ ਹਰਪ੍ਰੀਤ ਕੌਰ ਧੂਤ ਪੰਜਾਬੀ ਸਾਹਿਤ ਸਭਾ,ਸੈਂਟਰਲ ਵੈਲੀ (ਕੈਲੇਫੋਰਨੀਆ ) ਦੀ ਸਹਾਇਕ ਸਕੱਤਰ ਵਜੋਂ ਸਰਗਰਮ ਹੈ।
ਹੁਣ ਤੱਕ ਦੀਆਂ ਉਸ ਦੀਆਂ ਤਿੰਨ ਪ੍ਰਕਾਸ਼ਿਤ ਕਾਵਿ ਪੁਸਤਕਾਂ ਦਹਿਲੀਜ਼ ਦੇ ਆਰ ਪਾਰ (2017 ,ਉਹ ਹੁਣ ਚੁੱਪ ਨਹੀਂ (2020 ) ਤੇ ਪਾਸ਼, ਪ੍ਰੀਤ ਤੇ ਸੁਪਨੇ (2021 ) ਹਨ।
ਹਰਪ੍ਰੀਤ ਕੌਰ ਧੂਤ ਦੀਆਂ ਕਵਿਤਾਵਾਂ ਪੜ੍ਹਦਿਆਂ ਨਿੱਜ ਤੋਂ ਪਰ ਦਾ ਸਫ਼ਰ ਲਗਾਤਾਰ ਤੁਰਦਾ ਮਹਿਸੂਸ ਹੁੰਦਾ ਹੈ। ਵਿਸ਼ਵ ਸਾਹਿੱਤ ਅਧਿਐਨ ਦੇ ਨਾਲ ਨਾਲ ਉਹ ਸਮਕਾਲੀ ਸਾਹਿੱਤ ਨਾਲ ਵੀ ਧੁਰ ਅੰਦਰੋ ਜੁੜੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਲਗਪਗ ਚੌਥਾਈ ਸਦੀ ਪ੍ਰਦੇਸ 'ਚ ਰਹਿ ਕੇ ਵੀ ਉਹ ਪੰਜਾਬੀ ਜ਼ਬਾਨ ਦੇ ਸ਼ਬਦ ਸੱਭਿਆਚਾਰ ਨੂੰ ਨਿਰਖਣ ਪਰਖਣ ਦੇ ਕਾਬਲ ਹੈ। ਹਰਪ੍ਰੀਤ ਕੌਰ ਧੂਤ ਸ਼ਬਦਾਂ ਦੇ ਅੰਦਰਲੇ ਮਰਮ ਨੂੰ ਪਛਾਨਣ ਵਿੱਚ ਬਹੁਤ ਪ੍ਰਬੀਨ ਹੋਣ ਕਾਰਨ ਹੀ ਸਤਰਾਂ ਵਿਚਕਾਰਲੀ ਸੁੰਨੀ ਸਪੇਸ ਅੰਦਰਲੇ ਅਣਲਿਖੇ ਨੂੰ ਵੀ ਪੜ੍ਹ ਲੈਂਦੀ ਹੈ। ਉਸ ਦੀਆਂ ਕਵਿਤਾਵਾਂ ਵਿੱਚ ਬਹੁਤ ਕੁਝ ਕਹੇ ਨਾਲੋਂ ਅਣਕਿਹਾ ਵਧੇਰੇ ਮੁੱਲਵਾਨ ਹੈ। ਉਸ ਦੀਆਂ ਕਿਤਾਬਾਂ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤੀਆਂ ਹਨ। - ਗੁਰਭਜਨ ਗਿੱਲ