Punjabi Poetry : Harmeet Vidyarthi

ਪੰਜਾਬੀ ਕਵਿਤਾਵਾਂ : ਹਰਮੀਤ ਵਿਦਿਆਰਥੀ



1. ਲਫ਼ਜ਼ਾਂ ਦਾ ਸਾਕ

(ਇਕਬਾਲ ਕੈਸਰ ਦੇ ਨਾਂ) ਇੱਕੋ ਘਰ ਦੇ ਜੀਅ ਅਸੀਂ ਸਾਨੂੰ ਮਾਰ ਲਿਆ ਦੀਵਾਰਾਂ ਨੇ ਅਸੀਂ ਕਿੱਦਾਂ ਰੱਜ ਕੇ ਮਿਲੀਏ ਸਾਡੇ ਬੂਹਿਆਂ ਤੇ ਤਲਵਾਰਾਂ ਨੇ ਤੂੰ ਤਰਸੇਂ ਚੱਕ ਹਰਾਜ ਦੀ ਮਿੱਟੀ ਨੂੰ ਮੇਰੇ ਮਨ ਵਿੱਚ ਲੋਚਾ ਜੰਡਵਾਲੇ ਨੂੰ ਵੇਖਣ ਦੀ ਇੱਕੋ ਹੀ ਕਥਾ ਦੇ ਦੋ ਕਿਰਦਾਰ ਅਸੀਂ ਅਲੱਗ ਅਲੱਗ ਥਾਵਾਂ ਨੇ ਪਰ ਜੂਨ ਹੰਢਾਈਏ ਇਕਸਾਰ ਅਸੀਂ ਅਸੀਂ ਕੈਦੀ ਸ਼ਾਹਾਂ ਦੀ ਹਿੰਡ ਦੇ ਲੜ ਲੜ ਮੋਈਏ ਭਾਵੇਂ ਪਿੱਛੋਂ ਇੱਕੋ ਹੀ ਪਿੰਡ ਦੇ ਅਸੀਂ ਮੋਹਰੇ ਸ਼ਾਹੀ ਚਾਲ ਦੇ ਫਸੇ ਹੋਏ ਵਿੱਚ ਜਾਲ ਦੇ ਸਾਡੇ ਸਿਰ ਸਾਇਆ ਬਦਰੂਹਾਂ ਦਾ ਚੇਤਾ ਭੁੱਲਿਆ ਪਿੰਡ ਦੀਆਂ ਜੂਹਾਂ ਦਾ ਅਸੀਂ ਬਹੁਤ ਕੀਤੀਆਂ ਹੂੜਮੱਤਾਂ ਅਸੀਂ ਬੜੇ ਖਿਲਾਰੇ ਝੱਲ ਪਰ ਇੱਕ ਪੱਕੀ ਏ ਗੱਲ ਅਜੇ ਵੀ ਚੰਗੇ ਹਾਂ ਅਸੀਂ ਇਕਬਾਲ ਕੈਸਰ ਸਾਡੀ ਬੋਲੀ ਸਾਨੂੰ ਜੋੜੀ ਰੱਖਿਆ ਲਫ਼ਜ਼ਾਂ ਦੇ ਸਾਕ ਚ ਰਲ ਕੇ ਸਾਕ ਮਿੱਟੀ ਦਾ ਹੋਰ ਵੀ ਗੂੜ੍ਹਾ ਹੋ ਗਿਆ

2. ਗੀਤ ਨੂੰ ਹਮਸਫ਼ਰ ਬਣਾ ਲਈਏ

ਰੁਕੋ ਜ਼ਰਾ ਸੁਪਨਿਆਂ ਨੂੰ ਤਹਿ ਕਰ ਕੇ ਸਿਰਹਾਣੇ ਹੇਠ ਰੱਖ ਲਵਾਂ ਅੱਖਾਂ ਚ ਲਿਸ਼ਕਦੀ ਬਗ਼ਾਵਤ ਨੂੰ ਕਾਲੀ ਐਨਕ ਹੇਠ ਲੁਕੋ ਲਵਾਂ ਬਾਹਰਲੇ ਸ਼ੋਰ ਦੀ ਆਵਾਜ਼ ਵਿੱਚ ਦਬਾ ਦੇਵਾਂ ਸੀਨੇ ਦੇ ਸ਼ੋਰ ਨੂੰ ਆਪਣਾ ਪਤਾ ਪੁੱਛਾਂ ਕਿਸੇ ਹੋਰ ਨੂੰ ਵਕਤ ਜਿੱਦਾਂ ਦਾ ਵੀ ਹੈ ਹਾਲ ਦੀ ਘੜੀ ਗੁਜ਼ਾਰਨ ਦਾ ਵੱਲ ਸਿੱਖਾਂ ਅਜਿਹੇ ਵੇਲਿਆਂ ਵਿੱਚ ਜੀਉਣ ਦਾ ਇਹੋ ਢੰਗ ਬਚਿਆ ਹੈ ਸ਼ਾਇਦ ਇੱਕਲ ਦੇ ਇਸ ਦੌਰ ਵਿੱਚ ਆਪਣੇ ਆਪ ਦਾ ਹੀ ਸੰਗ ਬਚਿਆ ਏ ਸ਼ਾਇਦ ਹੁਣ ਵੇਲਾ ਹੈ ਆਪਣੇ ਆਪ ਤੋਂ ਹੀ ਔਖੇ ਸਵਾਲ ਪੁੱਛਣ ਦਾ ਇਹਨਾਂ ਵਕਤਾਂ ਚ ਜਦੋਂ ਹੱਕ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ਸੱਚ ਦੀ ਕੋਈ ਸੂਰਤ ਦਿਖਾਈ ਨਹੀਂ ਦਿੰਦੀ ਇਹਨਾਂ ਵਕਤਾਂ ਚ ਆਪਣੇ ਸੱਚ ਨਾਲ ਸੰਵਾਦ ਕਰੀਏ ਜੋ ਭੁੱਲ ਚੁੱਕੇ ਹਾਂ ਉਹ ਮੰਤਰ ਯਾਦ ਕਰੀਏ ਕਾਲੀ ਬੋਲੀ ਹਨੇਰੀ ਰਾਤ ਅੰਦਰ ਜੇ ਰੌਸ਼ਨੀ ਦੀ ਕੋਈ ਲਕੀਰ ਨਹੀਂ ਦਿੱਸਦੀ ਤਾਂ ਫ਼ਿਰ ਜਗਦੇ ਬੁੱਝਦੇ ਜੁਗਨੂੰਆਂ ਨੂੰ ਟੋਲੀਏ ਆਪਣਾ ਆਪਾ ਫ਼ਰੋਲੀਏ ਰਤਾ ਕੁ ਰੁਕੀਏ ਪੈਰਾਂ ਨਾਲ ਹੀ ਸਹੀ ਰਸਤਾ ਟਟੋਲੀਏ ਸਫ਼ਰ ਜੇ ਦੁਸ਼ਵਾਰ ਹੈ ਤਾਂ ਕਿਸੇ ਗੀਤ ਨੂੰ ਹਮਸਫ਼ਰ ਬਣਾ ਲਈਏ ਕੁਝ ਤੁਰ ਲਈਏ ਕੁਝ ਗਾ ਲਈਏ

3. ਮਰਜ਼ੀ-ਅਲਗਰਜ਼ੀ

ਉਹੀ ਹੋਇਆ ਨਾ ਸਮੇਟਦਿਆਂ ਸਹੇਜਦਿਆਂ ਸਭ ਰੰਗ ਆਪੋ ਵਿੱਚ ਆਪੇ ਘੁਲ ਮਿਲ ਗਏ ਤੇ ਵੱਖਰੇ ਵੱਖਰੇ ਰੰਗਾਂ ਨੇ ਗਵਾ ਲਈ ਆਪਣੀ ਹੋਂਦ ਇੱਕੋ ਰੰਗ ਵਿੱਚ ਬਦਲ ਗਏ ਰੰਗ ਜੋ ਨਾ ਨਜ਼ਰ ਨੂੰ ਭਾਉਂਦਾ ਹੈ ਨਾ ਕੈਨਵਸ ਤੇ ਜਚਦਾ ਹੈ ਰੰਗ ਜਿਸ ਨੂੰ ਦੇਖਦਿਆਂ ਖੌਫ਼ ਨਾਲ ਭਰ ਜਾਂਦਾ ਹਾਂ ਕਿੰਨਾ ਚੰਗਾ ਹੁੰਦਾ ਜੇ ਆਪਣੇ ਹੱਥੀਂ ਰੰਗਾਂ ਨੂੰ ਆਪੋ ਵਿੱਚ ਘੋਲਦਾ ਨਵੇਂ ਰੰਗਾਂ ਦੀ ਸਿਰਜਣਾ ਕਰਦਾ ਰੰਗ ਜੋ ਨਜ਼ਰ ਨੂੰ ਸੋਹਣੇ ਲੱਗਦੇ ਰੰਗ ਜੋ ਕੈਨਵਸ ਤੇ ਉਤਰਦੇ ਸਾਰ ਰੂਹ ਨੂੰ ਰਾਜ਼ੀ ਕਰਦੇ ਚੌਗਿਰਦਾ ਖਿੜ ਖਿੜ ਜਾਂਦਾ ਹਾਇ ਕੀ ਕਰੀ ਬੈਠਾ ਹਾਂ ਜਿਨ੍ਹਾਂ ਦੀ ਚਮਕ ਨਾਲ ਚਮਕਣਾ ਸੀ ਲਿਸ਼ਕ ਨਾਲ ਲਿਸ਼ਕਣਾ ਸੀ ਆਪਣੀ ਅਲਗ਼ਰਜੀ ਕਰਕੇ ਉਨ੍ਹਾਂ ਤੋਂ ਡਰੀ ਜਾਂਦਾ ਹਾਂ

4. ਬੜਾ ਜੀਅ ਕਰਦਾ ਹੈ

ਤੋੜ ਕੇ ਸੁੱਟ ਦੇਵਾਂ ਜ਼ੰਜੀਰਾਂ ਜੋ ਵਕਤ ਨੇ ਪਾਈਆਂ ਮੇਰੇ ਪੈਰਾਂ 'ਚ ਲਾਹ ਕੇ ਵਗਾਹ ਮਾਰਾਂ ਅੱਖਾਂ ਤੇ ਪਏ ਖੋਪੇ ਜੋ ਚੌਗਿਰਦੇ ਤੋਂ ਲਏ ਜ਼ਿਹਨ 'ਚ ਪਸਰੇ ਡਰ ਜੋ ਕਿਣਕਾ ਕਿਣਕਾ ਤੋੜਦੇ ਮੈਨੂੰ ਮਿਟ ਜਾਵਣ ਤਨ 'ਤੇ ਬੋਝ ਜੋ ਜਿੰਮੇਵਾਰੀਆਂ ਦਾ ਪਰਾਂ ਸੁੱਟਾਂ ਸੁਰਖ਼ਰੂ ਹੋਵਾਂ ਚੁਫ਼ੇਰੇ ਡੌਰੂ ਵੱਜਦਾ ਸੁਣੇ ਵਜਦ ਵਿੱਚ ਆਵਾਂ ਪੈਰਾਂ ਦੀ ਥਿਰਕਣ ਤਾਂਡਵ ਵਿੱਚ ਬਦਲ ਜਾਵੇ ਫ਼ਨਾਹ ਹੋ ਜਾਵੇ ਆਲਾ ਦੁਆਲਾ ਟੁੱਟ ਜਾਵਣ ਹੱਦਾਂ ਸਰਹੱਦਾਂ ਨਜ਼ਰ ਦੂਰ ਦੁਮੇਲਾਂ ਤੋਂ ਪਾਰ ਜਾਵੇ ਸੱਚੀ ਬੜਾ ਜੀਅ ਕਰਦੇ ਖ਼ੁਦ ਤੋਂ ਵੀ ਮੁਕਤ ਜਾਵਾਂ

5. ਰੁਕਿਓ ਜ਼ਰਾ

ਰੁਕਿਓ ਜ਼ਰਾ ਸੋਚ ਲਵਾਂ ਬਲਾਤਕਾਰ ਤੇ ਕਵਿਤਾ ਲਿਖਣੀ ਹੈ ਜਾਂ ਮਾਸੂਮ ਬੱਚੀ ਦੇ ਹੱਥ ਵਿੱਚ ਹਥਿਆਰ ਦੇਣਾ ਹੈ ਜੋ ਹੋ ਰਿਹਾ ਹੈ ਦੂਰ ਦੁਰਾਡੇ ਉਸ ਤੇ ਸ਼ਰਮਸਾਰ ਹੋਣਾ ਹੈ ਨਿੰਦਾ ਕਰਨੀ ਹੈ ਗ਼ਾਲਾਂ ਕੱਢਣੀਆਂ ਨੇ ਕਿਸੇ ਦਾ ਧਰਮ ਪੁਨਣਾ ਹੈ ਧਰਮ ਅਸਥਾਨ ਨੂੰ ਬੁਰਾ ਭਲਾ ਕਹਿਣਾ ਹੈ ਤੇ ਇਹ ਸਭ ਕੁਝ ਕਰਦਿਆਂ ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖਣੀ ਹੈ ਆਪਣੀ ਸੁਰੱਖਿਅਤਾ ਵੈਣ ਪਾਉਣੇ ਨੇ ਦੁਹਥੱੜੀਂ ਪਿੱਟਣਾ ਹੈ ਬਾਜ਼ ਅੱਖ ਆਪਣੇ ਭੱਜਣ ਦੇ ਰਾਹ ਤੇ ਟਿਕਾਈ ਰੱਖਣੀ ਜੋ ਦਿੱਸਦਾ ਉਸੇ ਨੂੰ ਸੱਚ ਸਮਝਣਾ ਪਿੱਛੇ ਲੁਕੀ ਗਹਿਰੀ ਸਾਜਿਸ਼ ਨੂੰ ਅਣਗੌਲੇ ਹੀ ਰਹਿਣ ਦੇਣਾ ਬੱਸ ਏਨੀ ਕੁ ਗੱਲ ਹੈ ਰੁਕਿਓ ਜ਼ਰਾ ਮੈਂ ਆਪਣੇ ਹਿੱਸੇ ਦਾ ਲੋਕ ਪੱਖੀ ਮਜ਼ਲੂਮ ਹਾਮੀ ਤੇ ਦਰਿੰਦਗੀ ਵਿਰੋਧੀ ਹੋ ਲਵਾਂ ਰੁਕਿਓ ਜ਼ਰਾ ਵਧ ਰਹੇ ਹਨੇਰੇ 'ਚ ਮੋਮਬੱਤੀਆਂ ਬਾਲਣ ਤੁਹਾਡੇ ਨਾਲ ਚੱਲਾਂਗਾ ਬੁਝਦੀ ਮੋਮਬੱਤੀ ਦੇ ਧੂਏਂ ਨੂੰ ਸੌਂਪ ਦਿਆਂਗਾ ਆਪਣੀ ਸੰਵੇਦਨਾ ਤੇ ਕਿਸੇ ਹਨੇਰੀ ਜਿਹੀ ਨੁੱਕਰੇ ਹਵਾ ਪਿਆਜੀ ਹੋ ਮਨ ਹੀ ਮਨ ਆਪਣੀ ਸਹਿਕਰਮਣ ਦੇ ਜਿਸਮ ਦਾ ਜੁਗਰਾਫੀਆ ਮਿਣਾਂਗਾ ਤੇ ਆਪਣੀ ਵਹਿਸ਼ਤ ਦੀ ਜੁਗਾਲੀ ਕਰਾਂਗਾ ਜ਼ਰਾ ਰੁਕਿਓ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ