Punjabi Poetry : Dhadi Harjeet Singh M. A. Sundran

ਪੰਜਾਬੀ ਰਚਨਾਵਾਂ : ਢਾਡੀ ਹਰਜੀਤ ਸਿੰਘ ਐਮ. ਏ. ਸੁੰਡਰਾਂ


ਕਲੀ

ਜਗਤ ਮੁਸਾਫਰ ਖਾਨਾ ਸਦਾ ਕਿਸੇ ਵੀ ਰਹਿਣਾ ਨਾ ਵਾਰੀ ਆਪੋ ਆਪਣੀ ਸਭ ਨੂੰ ਜਾਣਾ ਪੈਣਾ। ਗਿਣਤੀ ਪੂਰੀ ਹੋਜੂ ਜਿਸ ਦਿਨ ਬੰਦਿਆਂ ਸੁਆਸਾਂ ਦੀ ਘੇਰਾ ਉਸ ਦਿਨ ਆਕੇ ਘੱਤ ਜਮਾਂ ਨੇ ਲੈਣਾ । ਧੀਆਂ ਪੁੱਤਰਾਂ ਤੇਰਾ ਕਿਸੇ ਵੀ ਸਾਥ ਨਿਵਾਉਣਾ ਨਾ ਝੂਠੀ ਪ੍ਰੀਤ ਜਗਤ ਦੀ ਸੱਚ ਗੁਰੂਆਂ ਦਾ ਕਹਿਣਾ ਸੁੰਦਰ ਮਹਿਲ ਮਾੜੀਆਂ ਰੀਝਾਂ ਨਾਲ ਉਸਾਰੇ ਜੋ ਜਾਣਾ ਸੰਗ ਨਹੀਂ ਕੁੱਝ ਸਭ ਕੁੱਝ ਇੱਥੇ ਰਹਿਣਾ । ਕੀਤੇਂ ਕਰਮਾਂ ਦਾ ਜਦ ਲੇਖਾਂ-ਜੋਖਾ ਹੋਵੇਗਾ ਖੋਟੇਂ ਕਰਮਾਂ ਦਾ ਫਿਰ ਦੁੱਖ ਪਊਗਾ ਸਹਿਣਾ। ਐਮ, ਏ ਮਾਣ ਕਦੇ ਨਾ ਕਰੀਏ ਸੁੰਦਰ ਦੇਹੀ ਦਾ ਬੁਰਜ ਮਿੱਟੀ ਦਾ ਇਹ ਆਖਰ ਇੱਕ ਦਿਨ ਢਹਿਣਾ ।

ਹੈ ਦੁਨੀਆਂ ਮਤਲਬ ਦੀ

ਹੈ ਦੁਨੀਆਂ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਯਾਰ । ਹੈ ਦੁਨੀਆਂ ਮਤਲਬ ਦੀ । ਮਤਲਬ ਹੋਵੇ ਸਭ ਨੇ ਮਿੱਠੇ ਪਾਉਣ ਜੱਫੀਆਂ ਸਾਰੇ ਸਭ ਨੇ ਨੇੜੇ ਹੋ ਹੋ ਬਹਿੰਦੇ ਖਾਣ ਪੀਣ ਦੇ ਮਾਰੇ ਪਏ ਮੁਸੀਬਤ ਸਾਥ ਛੱਡਕੇ ਜਾਣ ਉਡਾਰੀ ਮਾਰ ਹੈ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ । ਜਿਸ ਦੇ ਪੱਲੇ ਮਾਇਆ ਹੋਵੇ ਉਸ ਨੂੰ ਹਰ ਗਲ ਲਾਵੇ । ਨਾਲ ਗਰੀਬ ਦੇ ਵਿੱਚ ਦੁਨੀਆਂ ਦੇ ਕੋਈ ਨਾ ਮਿੱਤਰਤਾ ਪਾਵੇ ਭੁੱਖੇ ਨੂੰ ਟੁੱਕ ਕੋਈ ਨਾ ਦੇਵੇ ਧਨੀਆਂ ਦਾ ਸਤਿਕਾਰ ਹੈ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ । ਧੀਆਂ ਪੁੱਤ ਸਭ ਖੇਡ ਬੰਦੇ ਦੀ ਕਿਸੇ ਨੀ ਸਾਥ ਨਿਭਾਉਂਣਾ ਭਾਈ ,ਭੈਣ, ਪਿਓ, ਚਾਚੇ, ਤਾਏ ਸੰਗ ਨਾ ਕਿਸੇ ਨੇ ਜਾਣਾ ਕੁੱਝ ਨਹੀਂ ਜਦ ਕਿਸੇ ਦਾ ਇਥੇ ਫਿਰ ਕਾਹਦਾ ਹੰਕਾਰ । ਹੈ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ । ਐਮ,ਏ ਬੰਦਾ ਭੁੱਲਿਆ ਫਿਰਦਾ ਮੋਹ ਮਾਇਆ ਵਿੱਚ ਫਸਿਆ ਇਹ ਦੁਨੀਆਂ ਹੈ ਸੁਪਨੇ ਵਾਂਗੂ ਬਾਣੀ ਗੁਰਾਂ ਦੀ ਦੱਸਿਆ ਨੇਕੀ ਦਾ ਕੰਮ ਕਰੀਏ ਕੋਈ ਜਿੰਦਗੀ ਹੈ ਦਿਨ ਚਾਰ ਹੈ ਦੁਨੀਆਂ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ

ਬੰਦੇ ਦੀ ਭੁੱਖ

ਗੱਲ ਭੁੱਖ ਦੀ ਮਿੱਤਰੋਂ ਜੇ ਕਰੀਏ, ਹੁੰਦੀ ਭੁੱਖ ਵੀ ਕਈ ਪ੍ਰਕਾਰ ਦੀ ਏ । ਭੁੱਖ ਪੇਟ ਦੀ ਨੂੰ ਸਾਰਾ ਜੱਗ ਜਾਣੇ । ਇਹ ਭੁੱਖ ਤਾਂ ਹਰ ਨਰ ਨਾਰ ਦੀ ਏ । ਇੱਕ ਭੁੱਖ ਹੈ ਚੌਧਰ ਦੇ ਨਸ਼ੇ ਵਾਲੀ , ਟਿੱਕਣ ਦੇਵੇ ਨਾ ਜਦੋਂ ਇਹ ਮਾਰਦੀ ਏ। ਇੱਕ ਭੁੱਖ ਹੁੰਦੀ ਕਾਮ ਵਾਸਨਾ ਦੀ ਜੋ ਬੁਰਾ ਨਾ ਭਲਾ ਵਿਚਾਰਦੀ ਏ । ਇੱਕ ਭੁੱਖ ਵਿਖਾਵਾ ਕਰਨ ਦੀ ਹੈ। ਇਹ ਭੁੱਖ ਨਿਸਾਨੀ ਹੰਕਾਰ ਦੀ ਏ । ਇੱਕ ਭੁੱਖ ਹੁੰਦੀ ਮਾਇਆ ਜੋੜਨੇ ਦੀ, ਮਨੋਂ ਦੁਨੀਆਂ ਦਾ ਸੱਚ ਵਿਸਾਰ ਦੀ ਏ। ਭੁੱਖ ਉੱਤਮ ਹੈ ਪ੍ਰਭੂ ਦੇ ਨਾਮ ਵਾਲੀ। ਐਮ,ਏ ਬੰਦੇ ਦਾ ਜੀਵਨ ਸੁਧਾਰਦੀ ਏ ।

ਮੁਸਾਫ਼ਰਖ਼ਾਨਾ

ਇਸ ਦੁਨੀਆਂ ਤੇ ਫੇਰਾ ਪਾਕੇ ਵੱਡੇ ਵੱਡੇ ਬਲਕਾਰੀ ਤੁਰਗੇ । ਕਾਲ ਪਾਵੇ ਨਾਲ ਬੰਨਣ ਵਾਲੇ ਰਾਵਣ ਜਹੇ ਹੰਕਾਰੀ ਤੁਰਗੇ । ਭੀਮਸੈਨ , ਅਰਜਨ ਤੇ ਬਾਲੀ ਯੋਧੇ ਹੋ ਹੋ ਭਾਰੀ ਤੁਰਗੇ । ਸਿਕੰਦਰ ਵਰਗੇ ਦੁਨੀਆਂ ਜਿੱਤ ਕੇ ਮੌਤ ਤੋਂ ਖਾਕੇ ਹਾਰੀ ਤੁਰਗੇ । ਚੰਗੇਜ਼ ਖਾਨ,ਹਲਾਕੂ ,ਹਿਟਲਰ ਜ਼ਾਲਮ ਅਤਿਆਚਾਰੀ ਤੁਰਗੇ। ਗੰਜ਼ ਜੋੜਕੇ ਖਾਲੀ ਹੱਥੀਂ ਕੋਰੂ ਜਹੇ ਮਾਇਆਧਾਰੀ ਤੁਰਗੇ । ਦਰਯੋਧਨ ਜਹੇ ਰਾਜ ਦੇ ਪਿੱਛੇ ਕਰਦੇ ਮਾਰੋ ਮਾਰੀ ਤੁਰਗੇ। ਐਮ,ਏ ਕਿਸੇ ਵੀ ਥਿਰ ਨਹੀਂ ਰਹਿਣਾ ਲਿਖਕੇ ਸੱਚ ਲਿਖਾਰੀ ਤੁਰਗੇ।

ਲੁੱਟ

ਬੰਦਾ ਹਰ ਪੱਖੋਂ ਲੁੱਟਿਆ ਜਾ ਰਿਹਾ ਏ, ਕਿਤੇ ਬਜ਼ਾਰ ਦੀ ਕਿਤੇ ਸਰਕਾਰ ਦੀ ਲੁੱਟ । ਹਸਪਤਾਲਾਂ ਵਿੱਚ ਹੁੰਦੀ ਸ਼ਰੇਆਮ ਯਾਰੋ ਘਿਰੇ ਦੁੱਖਾਂ ਵਿੱਚ ਬੰਦੇ ਬਿਮਾਰ ਦੀ ਲੁੱਟ। ਵੱਡਾ ਮਾਪਿਆਂ ਦੇ ਸਿਰ ਤੇ ਬੋਝ ਬਣਗੀ , ਸਿਖਿਆ ਖੇਤਰ ਵਿੱਚ ਵਧੇ ਵਪਾਰ ਦੀ ਲੁੱਟ । ਗਰੀਬ ਲੋਕਾਂ ਲਈ ਆਫਤ ਬਣੀ ਰਹਿੰਦੀ, ਸਰਮਾਏਦਾਰਾਂ ਦੀ ਤੇ ਸ਼ਾਹੂਕਾਰ ਦੀ ਲੁੱਟ। ਪੜਿਆਂ ਲਿਖਿਆਂ ਲਈ ਦੁੱਖ ਪਹਾੜ ਜਿੱਡਾ ਹੋ ਰਹੀ ਜੋ ਅੱਜ ਰੁਜ਼ਗਾਰ ਦੀ ਲੁੱਟ। ਭੋਲੇ ਭਾਲੇ ਹੈ ਲੋਕਾਂ ਨੂੰ ਲੁੱਟ ਲੈਂਦੀ ਲੋਭੀ ਲੀਡਰਾਂ ਦੇ ਕੂੜ ਪ੍ਰਚਾਰ ਦੀ ਲੁੱਟ। ਐਮ,ਏ ਪਤਾ ਨੀ ਕਦੋਂ ਤੱਕ ਰਹੂ ਹੁੰਦੀ ਤਾਕਤਵਰਾਂ ਤੋਂ ਬੰਦੇ ਲਾਚਾਰ ਦੀ ਲੁੱਟ ।

ਪੋਹ ਦਾ ਮਹੀਨਾ

ਪੋਹ ਦਾ ਮਹੀਨਾ ਸੀ ਸਰਦੀ ਸੀ ਕਹਿਰ ਦੀ ਯਾਦ ਕਰੋ ਘੜੀ ਉਹ ਅੰਨਦਪੁਰ ਸ਼ਹਿਰ ਦੀ ਜਦੋਂ ਕਿਲਾ ਛੱਡ ਤੁਰੇ ਗੁਰੂ ਕਲਗੀਧਾਰ ਸੀ ਸੰਗ ਮਾਤਾ ਗੁਜਰੀ ਤੇ ਸਾਹਿਬਜ਼ਾਦੇ ਚਾਰ ਸੀ ਨਾਲ ਮਹਿਲ ਗੁਰੂ ਜੀ ਦੇ ਸਿੰਘ ਸਰਦਾਰ ਸੀ ਇੱਕਠਾ ਹੀ ਤੁਰਿਆ ਉਥੋਂ ਸਾਰਾ ਪਰਿਵਾਰ ਸੀ ਰਾਤ ਸੀ ਹਨੇਰੀ ਵਰਤੀ ਸਾਂਤੀ ਚੁਫੇਰੇ ਸੀ। ਬੇਖੋਫ ਤੁਰੇ ਜਾਂਦੇ ਸਤਿਗੁਰੂ ਮੇਰੇ ਸੀ। ਵੈਰੀਆਂ ਨੂੰ ਭਿਣਕ ਲੱਗੀ ਹੱਲਾ ਉਨ੍ਹਾਂ ਬੋਲਤਾ । ਖਾਧੀ ਹੋਈ ਕਸਮਾਂ ਨੂੰ ਮਿੱਟੀ ਵਿੱਚ ਰੋਲਤਾ । ਅੱਗੋਂ ਸਰਸਾ ਨਦੀ ਵਿੱਚ ਚੜ ਪਿਆ ਪਾਣੀ ਸੀ ਪਿਛੋਂ ਟੁੱਟ ਪਈ ਮੁਗਲ ਫੌਜਾਂ ਦੀ ਢਾਣੀ ਸੀ। ਅੰਮ੍ਰਿਤ ਵੇਲੇ ਹੋਇਆ ਹੁਕਮ ਦਾਤਾਰ ਦਾ । ਕੀਰਤਨ ਸੁਰੂ ਕਰੋ ਸਿੰਘੋਂ ਆਸਾ ਦੀ ਵਾਰ ਦਾ । ਅਨੋਖਾ ਸੀ ਸਮਾਂ ਉਥੇ ਵੱਖਰਾ ਹੀ ਰੰਗ ਸੀ । ਇੱਕ ਪਾਸੇ ਕੀਰਤਨ ਹੁੰਦਾ ਦੂਜੇ ਪਾਸੇ ਜੰਗ ਸੀ । ਸਰਸਾ ਦੇ ਕੰਡੇ ਆਣ ਪੈ ਗਿਆ ਵਿਛੋੜਾ ਸੀ ਵਿਛੜ ਗਏ ਲਾਲ ਐਮ,ਏ ਹੋਕੇ ਜੋੜਾ-ਜੋੜਾ ਸੀ।

ਖਾਲਸਾ ਪੰਥ ਦੀ ਸਾਜਨਾ ਸਮੇਂ ਗੁਰੂ ਉਪਦੇਸ਼

ਦਸਮੇਸ਼ ਪਿਤਾ ਨੇ ਵਿੱਚ ਅਨੰਦਪੁਰ ਸਾਜਕੇ ਪੰਜ ਪਿਆਰੇ , ਦਾਤ ਅੰਮ੍ਰਿਤ ਦੀ ਦੇਕੇ ਸਤਿਗੁਰ ਜੀ ਨੇ ਬਚਨਉਚਾਰੇ । ਨਾ ਕੋਈ ਖੱਤਰੀ, ਜੱਟ ਤੇ ਛੀਂਬਾ ਨਾ ਕੋਈ ਝੀਬਰ ਨਾਈ , ਕੇਵਲ ਖਾਲਸਾ ਤੁਸੀਂ ਹੋ ਅੱਜ ਤੋਂ ਜਾਤ ਤੇ ਪਾਤ ਮਿਟਾਈ । ਕੇਸ, ਕੰਘਾ, ਕਿਰਪਾਨ, ਕਛਹਿਰਾ, ਕੜਾ ਕਕਾਰ ਸਜਾਕੇ , ਪੂਜਾ ਇੱਕ ਅਕਾਲ ਦੀ ਕਰਨੀ ਸਦਾ ਹੀ ਮਨ ਚਿੱਤ ਲਾਕੇ । ਤੰਤਰ ਮੰਤਰ ਟੂਣੇ ਟਾਮਣ ਭਰਮਾਂ ਵਿੱਚ ਨਹੀ ਪੈਣਾ , ਮੜ੍ਹੀ ਮਸਾਣੀ ਕਬਰਾਂ ਗੋਰਾਂ ਤੇ ਜਾਕੇ ਨਹੀਂ ਬਹਿਣਾ । ਪਰ ਇਸਤਰੀ ਗਾਮੀ ਨਹੀਂ ਹੋਣਾ ਕੇਸ ਨਾ ਕਤਲ ਕਰਾਉਣੇ , ਕੁੱਠਾ ਮਾਸ ਤੰਮਾਕੂ ਮਾੜਾ ਕਦੇ ਨਾ ਮੂੰਹ ਨੂੰ ਲਾਉਣੇ । ਐਮ,ਏ ਅਣਖ ਦੇ ਨਾਲ ਜਿਉਣਾ ਹੱਕ ਸੱਚ ਲਈ ਮਰਨਾ , ਦੁੱਖੀਆਂ ਦੀ ਸੇਵਾ ਦੀ ਖਾਤਰ ਜੀਵਨ ਅਰਪਣ ਕਰਨਾ ।

ਇਹ ਜਿੰਦਗੀ ਤਿਲਕਣਬਾਜੀ ਹੈ

ਇਹ ਜਿੰਦਗੀ ਤਿਲਕਣਬਾਜੀ ਹੈ ਥੋੜ੍ਹਾ ਪੈਰ ਸੰਭਲਕੇ ਧਰਿਆ ਕਰ । ਦੂਜਿਆਂ ਦੇ ਤੱਕ ਕੇ ਮਹਿਲਾਂ ਨੂੰ ਐਵੇਂ ਨਾ ਲਾਲਚ ਕਰਿਆ ਕਰ। ਜੋ ਦਿੱਤਾ ਤੈਨੂੰ ਦਾਤੇ ਨੇ ਉਹ ਕਿਰਪਾ ਹੈ ਉਸ ਮਾਲਕ ਦੀ, ਉਸਦੀ ਦਿੱਤੀ ਹੋਈ ਬਖਸ਼ਿਸ਼ ਨੂੰ ਪੈਰਾਂ ਦੇ ਹੇਠ ਨਾ ਦੜਿਆ ਕਰ। ਦਾਤੇ ਦੇ ਹੱਥ ਵਡਿਆਈਆਂ ਨੇ ਜਿਨੂੰ ਚਾਹੇ ਉਸ ਨੂੰ ਦਿੰਦਾਂ ਹੈ ਵੇਖ ਤੱਰਕੀ ਦੂਜਿਆਂ ਦੀ ਨਾ ਅੰਦਰੋਂ ਅੰਦਰੀ ਸੜਿਆ ਕਰ ਨਹੀਂ ਅਵਾਜ਼ ਉਸ ਦੀ ਲਾਠੀ ਵਿੱਚ ਇਹ ਕਹਿੰਦੇ ਸੱਚ ਸਿਆਣੇ ਨੇ ਕੋਈ ਕੰਮ ਕਰਨ ਤੋਂ ਪਹਿਲਾਂ ਬਸ ਧਿਆਨ ਇਸ ਗੱਲ ਦਾ ਧਰਿਆ ਕਰ ਐਮ, ਏ ਫਲ ਆਖਰ ਮਿਲਦਾ ਹੈ ਸਭ ਕੀਤੇ ਹੋਏ ਕਰਮਾ ਦਾ ਕਿਸੇ ਧੋਖੇ ਦੇ ਵਿੱਚ ਆਕੇ ਨਾ ਧੋਖਾ ਆਪਣਿਆਂ ਨਾਲ ਕਰਿਆ ਕਰ। ਇਹ ਜਿੰਦਗੀ ਤਿਲਕਣਬਾਜੀ ਹੈ ਥੋੜ੍ਹਾ ਪੈਰ ਸੰਭਲਕੇ ਧਰਿਆ ਕਰ । ਦੂਜਿਆਂ ਦੇ ਤੱਕ ਕੇ ਮਹਿਲਾਂ ਨੂੰ ਐਵੇਂ ਨਾ ਲਾਲਚ ਕਰਿਆ ਕਰ। ਜੋ ਦਿੱਤਾ ਤੈਨੂੰ ਦਾਤੇ ਨੇ ਉਹ ਕਿਰਪਾ ਹੈ ਉਸ ਮਾਲਕ ਦੀ, ਉਸਦੀ ਦਿੱਤੀ ਹੋਈ ਬਖਸ਼ਿਸ਼ ਨੂੰ ਪੈਰਾਂ ਦੇ ਹੇਠ ਨਾ ਦੜਿਆ ਕਰ। ਦਾਤੇ ਦੇ ਹੱਥ ਵਡਿਆਈਆਂ ਨੇ ਜਿਨੂੰ ਚਾਹੇ ਉਸ ਨੂੰ ਦਿੰਦਾਂ ਹੈ ਵੇਖ ਤੱਰਕੀ ਦੂਜਿਆਂ ਦੀ ਨਾ ਅੰਦਰੋਂ ਅੰਦਰੀ ਸੜਿਆ ਕਰ ਨਹੀਂ ਅਵਾਜ਼ ਉਸ ਦੀ ਲਾਠੀ ਵਿੱਚ ਇਹ ਕਹਿੰਦੇ ਸੱਚ ਸਿਆਣੇ ਨੇ ਕੋਈ ਕੰਮ ਕਰਨ ਤੋਂ ਪਹਿਲਾਂ ਬਸ ਧਿਆਨ ਇਸ ਗੱਲ ਦਾ ਧਰਿਆ ਕਰ ਐਮ, ਏ ਫਲ ਆਖਰ ਮਿਲਦਾ ਹੈ ਸਭ ਕੀਤੇ ਹੋਏ ਕਰਮਾ ਦਾ ਕਿਸੇ ਧੋਖੇ ਦੇ ਵਿੱਚ ਆਕੇ ਨਾ ਧੋਖਾ ਆਪਣਿਆਂ ਨਾਲ ਕਰਿਆ ਕਰ।

ਬਾਬੇ ਨਾਨਕ ਦੇ ਦੇਸ ਦੀ

ਬਾਬੇ ਨਾਨਕ ਦੇ ਦੇਸ ਦੀ ਬਦਲੀ ਆਬੋ ਹਵਾ ਕੂੜ ਮੁੜਕੇ ਬਣ ਗਿਆ ਪ੍ਰਧਾਨ ਹੈ ਇਥੇ । ਸੱਚੇ ਦੀ ਕੋਈ ਕਦਰ ਨੀਂ ਸੁਣਦਾ ਕੋਈ ਗੱਲ ਨਾ ਝੂਠਿਆਂ ਦਾ ਵੱਧ ਰਿਹਾ ਸਨਮਾਨ ਹੈ ਇਥੇ । ਦੂਜਿਆਂ ਦਾ ਹੱਕ ਮਾਰਕੇ ਮੌਜਾਂ ਨੇ ਲੁੱਟਦੇ ਇਨਸਾਨ ਨੂੰ ਹੀ ਖਾ ਰਿਹਾ ਇਨਸਾਨ ਹੈ ਇਥੇ । ਲਾਲਚ ਨੇ ਇਨ੍ਹੀ ਜਕੜ ਲਈ ਅਜੋਕੀ ਮਨੁੱਖਤਾ ਟਕੇ ,ਟਕੇ ਤੇ ਵਿਕ ਜਾਂਦੀ ਜੁਬਾਨ ਹੈ ਇਥੇ । ਗੁਰੂ ਨਾਨਕ ਇੱਕ ਰੱਬ ਨਾਲ ਸਭ ਨੂੰ ਸੀ ਜੋੜਿਆ ਹਰ ਘਰ ਵਿੱਚ ਹੁਣ ਵੱਖਰਾ ਭਗਵਾਨ ਹੈ ਇਥੇ ਧਰਮਾਂ ਦੇ ਨਾਂ ਤੇ ਲੁੱਟ ਹੈ ਨਿਰੀ ਮੱਚ ਰਹੀ ਫਿਰਦਾ ਸਾਧੂ ਦੇ ਭੇਸ ਵਿੱਚ ਸ਼ੈਤਾਨ ਹੈ ਇਥੇ । ਦਿਨ ਦਿਹਾੜੇ ਬੱਚੀਆਂ ਨਾਲ ਜਬਰੀ ਹੈ ਹੋ ਰਹੀ ਬੰਦੇ ਦਾ ਐਨਾ ਡਿੱਗ ਗਿਆ ਈਮਾਨ ਹੈ ਇਥੇ । ਬੰਦੇ ਦੀ ਦੋੜ ਕੇਵਲ ਪੈਸੇ ਤੱਕ ਰਹਿ ਗਈ ਰਿਸ਼ਤਿਆਂ ਦਾ ਹੋ ਰਿਹਾ ਹੁਣ ਘਾਣ ਹੈ ਇਥੇ । ਕੋਈ ਨੀ ਬਾਹ ਫੜਦਾ ਲਾਲੋ ਜਹੇ ਗਰੀਬ ਦੀ ਭਾਗੋ ਜਿਹਾ ਨੂੰ ਮਿਲ ਰਿਹਾ ਬਹੁ ਮਾਣ ਹੈ ਇਥੇ ਐਮ ,ਏ ਢੰਡੋਰਾ ਧਰਮਾਂ ਦਾ ਵੈਸੇ ਤਾਂ ਬਹੁਤ ਹੈ ਪਾਵਨ ਗ੍ਰੰਥਾਂ ਦਾ ਕਿਉਂ ਹੋ ਰਿਹਾ ਫੇਰ ਅਪਮਾਨ ਹੈ ਇਥੇ ।

ਬੰਦਾ

ਆਪਣੇ ਆਪ ਤੇ ਹਰ ਕੋਈ ਮਾਣ ਕਰਦਾ ਬੰਦਾ ਅਸਲ ਜਿਸ ਤੇ ਸਭ ਨੂੰ ਮਾਣ ਹੋਵੇ । ਉਸ ਬੰਦੇ ਨੂੰ ਬੰਦਾ ਨਾ ਗਿਣਨ ਲੋਕੀ ਜਿਹਦੇ ਵੱਸ ਨਾ ਆਪਣੀ ਜ਼ੁਬਾਨ ਹੋਵੇ । ਉਸ ਬੰਦੇ ਨੂੰ ਗਾਇਕ ਉਸਤਾਦ ਕਹਿੰਦੇ ਸੁਰ -ਤਾਲ ਦਾ ਜਿਸਨੂੰ ਗਿਆਨ ਹੋਵੇ ਧੜੇਬੰਦੀ ਦੀ ਸਦਾ ਜੋ ਗੱਲ ਕਰਦਾ ਮਿੱਤਰੋਂ ਆਦਮੀ ਉਹ ਬੇਈਮਾਨ ਹੋਵੇ । ਸਦਾ ਆਪਣਾ ਨਫਾਂ ਜੋ ਮੁੱਖ ਰੱਖੇ ਸਮਝੋ ਸਵਾਰਥੀ ਉਹ ਇਨਸਾਨ ਹੋਵੇ । ਜਿਹੜਾ ਬਚਨ ਕਰਕੇ ਬੰਦਾ ਖਿਸਕ ਜਾਵੇ ਉਸਦਾ ਕੋਈ ਨਾ ਦੀਨ ਈਮਾਨ ਹੋਵੇ । ਐਮ,ਏ ਦੁਨੀਆਂ ਉਸ ਬੰਦੇ ਤੇ ਮਾਣ ਕਰਦੀ ਜਿਨ੍ਹੇ ਕੀਤਾ ਕੋਈ ਕੰਮ ਮਹਾਨ ਹੋਵੇ।

ਗੜ੍ਹੀ ਚਮਕੌਰ

ਨਮਸਕਾਰ ਹੈ ਗੜ੍ਹੀ ਚਮਕੌਰ ਦੀ ਨੂੰ ਆਏ ਸਤਿਗੁਰ ਸੀ ਕਲਗੀਧਾਰ ਜਿੱਥੇ । ਸਵਾ ,ਸਵਾ ,ਲੱਖ ਦੇ ਨਾਲ ਲੜਿਆ ਇੱਕ ਇੱਕ ਸੀ ਸਿੰਘ ਸਰਦਾਰ ਜਿੱਥੇ । ਆਪਾ ਕੌਮ ਦੇ ਲਈ ਕੁਰਬਾਨ ਕਰ ਗਏ ਅਜੀਤ ਸਿੰਘ ਤੇ ਵੀਰ ਜੁਝਾਰ ਜਿੱਥੇ ਹੁਕਮ ਮੰਨਕੇ ਸੀ ਪੰਜਾਂ ਪਿਆਰਿਆਂ ਦਾ ਤਾੜੀ ਮਾਰ ਗੁਰੂ ਤੁਰੇ ਵੰਗਾਰ ਜਿੱਥੇ । ਐਮ,ਏ ਮਹਾਨ ਸ਼ਹੀਦਾਂ ਦੀ ਯਾਦ ਅੰਦਰ ਕਤਲਗੜ੍ਹ ਹੈ ਬਣੀ ਯਾਦਗਾਰ ਜਿੱਥੇ ।

ਉਮਰ ਜਵਾਨੀ

ਸੂਰਜ ਚੜਿਆ ਜਵਾਨੀ ਦਾ ਛਿੱਪ ਜਾਣਾ , ਸੋਹਣੇ ਦਿਨ ਬਣ ਜਾਣਗੇ ਖਾਬ ਯਾਰੋ । ਖਾ ਪੀਕੇ ਮੁੱਛਾਂ ਨੂੰ ਵੱਟ ਦੇਕੇ , ਬਣੇ ਫਿਰਦੇ ਹਾ ਵੱਡੇ ਨਵਾਬ ਯਾਰੋ । ਸਮਾਂ ਪੈਣ ਤੇ ਦੰਦ ਤੇ ਕੰਨ , ਅੱਖਾਂ ,ਦੇ ਜਾਣਗੇ ਸਭੇ ਜੁਆਬ ਯਾਰੋ । ਟੁੱਟੇ ਛਿੱਤਰ ਦੇ ਵਾਂਗ ਹੈ ਸ਼ਕਲ ਹੋਣੀ , ਖਿੜੀ ਹੋਈ ਜੋ ਵਾਂਗ ਗੁਲਾਬ ਯਾਰੋ । ਐਮ ,ਏ ਜਿੰਦਗੀ ਚ ਨੇਕ ਕੰਮ ਕਰੀਏ , ਦੇਣਾ ਪੈਣਾ ਹੈ ਅੰਤ ਹਿਸਾਬ ਯਾਰੋ

ਕੁਰਸੀ

ਲਾਲਚ ਕੁਰਸੀ ਦਾ ਮਿੱਤਰੋਂ ਬਹੁਤ ਮਾੜਾ ਨੀਂਦ ਰਾਤਾਂ ਦੀ ਇਹ ਉਡਾਏ ਕੁਰਸੀ। ਸੁੱਖ ਕੁਰਸੀ ਦਾ ਵਿਰਲੇ ਹੀ ਭੋਗਦੇ ਨੇ ਰਾਸ ਕਈਆਂ ਨੂੰ ਬਿਲਕੁਲ ਨਾ ਆਏ ਕੁਰਸੀ। ਕੁਰਸੀ ਪਾਉਣ ਖਾਤਰ ਚੋਣਾਂ ਲੜਨ ਲੀਡਰ ਹੱਥ ਜੋੜ ਕੇ ਵੋਟਾ ਮੰਗਵਾਏ ਕੁਰਸੀ। ਮੱਤ ਕਈਆਂ ਦੀ ਕੁਰਸੀ ਇਹ ਮਾਰ ਦਿੰਦੀ ਕੰਮ ਬੰਦੇ ਤੋਂ ਪੁੱਠੇ ਕਰਵਾਏ ਕੁਰਸੀ ਨਸਾ ਕੁਰਸੀ ਦਾ ਬਹੁਤਾ ਜੇ ਸਿਰ ਚੜਜੇ ਫੇਰ ਜੇਲ੍ਹ ਦੀ ਹਵਾ ਖੁਆਏ ਕੁਰਸੀ ਜਿਹੜੇ ਕੁਰਸੀ ਦੀ ਕਦਰ ਨੂੰ ਜਾਣਦੇ ਨੇ ਸੋਭਾ ਉਨ੍ਹਾਂ ਦੀ ਖੂਬ ਵਧਾਏ ਕੁਰਸੀ। ਐਮ,ਏ ਕੁਰਸੀ ਦਾ ਬਹੁਤਾ ਨਾ ਮਾਣ ਕਰੀਏ ਪਤਾ ਲੱਗੇ ਨਾ ਜਦੋਂ ਖੁਸ ਜਾਏ ਕੁਰਸੀ।

ਪੰਜਾਬ

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਖਿੜੀਆਂ ਬਹਾਰਾਂ ਦੀ ਧਰਤੀ ਇਹ ਗੁਰੂਆਂ ਦੀ ਧਰਤੀ ਹੈ ਰਿਸ਼ੀਆਂ ਅਵਤਾਰਾਂ ਦੀ ਧਰਤੀ ਇਹ ਨਲੂਏ ਤੇ ਭਗਤ ਸਿੰਘ ਜੇ ਅਣਖੀ ਸਰਦਾਰਾਂ ਦੀ ਧਰਤੀ ਇਹ ਹੱਕ ਦੀ ਖਾਤਰ ਲੜਨ ਵਾਲੇ ਯੋਧੇ ਜੂਝਾਰਾਂ ਦੀ ਧਰਤੀ ਇਹ ਛੈਲ ਛਬੀਲੇ ਗੱਭਰੂਆਂ ਬਾਂਕੀਆਂ ਨਾਰਾਂ ਦੀ ਧਰਤੀ ਇਹ ਕਿਰਤੀ ਕਿਸਾਨਾਂ ਦੀ ਤੇ ਚੰਗੇ ਵਪਾਰਾਂ ਦੀ ਧਰਤੀ ਇਹ ਛਿੰਝਾਂ, ਘੋਲ਼,ਕੱਬਡੀਆਂ ਮੇਲੇ ਤਿਉਹਾਰਾਂ ਦੀ ਧਰਤੀ ਇਹ ਊਂਚੀ ਹੇਕਾਂ ਲਾਉਣ ਵਾਲੇ ਸੁਰੀਲੇ ਫੁਨਕਾਰਾਂ ਦੀ ਧਰਤੀ ਇਹ ਰਾਗੀਆਂ ਅਤੇ ਕਵੀਸ਼ਰਾਂ ਢਾਡੀ ਵਾਰਾਂ ਦੀ ਧਰਤੀ ਐਮ.ਏ ਇਸ ਧਰਤੀ ਦੀ ਸ਼ਾਨ ਨਿਰਾਲੀ ਹੈ ਇਹ ਪਿਆਰ, ਮੁਹੱਬਤ ਨਾਲ ਭਰੇ ਭੰਡਾਰਾਂ ਦੀ ਧਰਤੀ।।

ਔਰਤ

ਰੁੱਤਬਾ ਦੁਨੀਆਂ ਉੱਤੇ ਬੜਾ ਮਹਾਨ ਹੈ ਔਰਤ ਦਾ । ਸਭ ਨੂੰ ਕਰਨਾ ਚਾਹੀਦਾ ਸਨਮਾਨ ਹੈ ਔਰਤ ਦਾ । ਮਾਂ, ਭੈਣ ,ਨੂੰਹ , ਧੀ ਵੱਖੋ ਹੀ ਵੱਖਰੇ ਰੂੱਪਾ ਵਿੱਚ ਹਰ ਰਿਸ਼ਤੇ ਵਿੱਚ ਵੱਡਾ ਯੋਗਦਾਨ ਹੈ ਔਰਤ ਦਾ। ਰਾਜਿਆਂ ਦੀ ਜਨਣੀ ਕਹਿਕੇ ਗੁਰਾਂ ਨੇ ਸਤਿਕਾਰਿਆ ਸੀ ਪਹਿਲਾਂ ਬਹੁਤ ਸੀ ਹੁੰਦਾ ਰਿਹਾ ਅਪਮਾਨ ਹੈ ਔਰਤ ਦਾ। ਮਮਤਾ ਦੀ ਇਹ ਮੂਰਤ ਚੰਡੀ ਦਾ ਵੀ ਰੂਪ ਹੈ ਇਹ ਦੋਵਾਂ ਪੱਖਾਂ ਵਿੱਚ ਵੱਡਾ ਬਲੀਦਾਨ ਹੈ ਔਰਤ ਦਾ। ਐਮ .ਏ ਹਰ ਖੇਤਰ ਵਿੱਚ ਮੋਹਰੀ ਅੱਜ ਦੀ ਔਰਤ ਹੈ । ਕਰਜ਼ਦਾਰ ਇਹ ਸਾਰਾ ਹੀ ਜਹਾਨ ਹੈ ਔਰਤ ਦਾ।

ਜੇਕਰ ਜਿੰਦਗੀ ਵਿੱਚ ਸੁੱਖ ਲੋਚਦਾ ਏ

ਜੇਕਰ ਜਿੰਦਗੀ ਵਿੱਚ ਸੁੱਖ ਲੋਚਦਾ ਏ ਫੇਰ ਕਿਸੇ ਦੇ ਦਰਦ ਵੰਡਾਲਿਆ ਕਰ । ਮਾਇਆ ਵਿੱਚ ਤਜੋਰੀਆਂ ਪਈ ਰਹਿਣੀ ਪੁੰਨ ਦਾਨ ਕਰਕੇ ਵੰਡਕੇ ਖਾ ਲਿਆ ਕਰ । ਕੁੱਝ ਨਾਲ ਨਹੀ ਜਾਵਣਾ ਜੱਗ ਉਤੋਂ ਇਹ ਮਨ ਨੂੰ ਕਦੇ ਸਮਝਾ ਲਿਆ ਕਰ । ਐਮ, ਏ ਠੱਗੀਆਂ ਮਾਰਦਾ ਸਦਾ ਰਹਿੰਦੇ ਨਾਲ ਸਬਰ ਦੇ ਸਮਾਂ ਲੰਘਾ ਲਿਆ ਕਰ। ਜਿਹੜਾ ਅੰਤ ਵੇਲੇ ਤੇਰੇ ਕੰਮ ਆਉਣਾ ਬੰਦੇ ਰੱਬ ਦਾ ਨਾਮ ਧਿਆਲਿਆ ਕਰ ।

ਮਾਪੇ

ਬੱਚਿਆਂ ਨੂੰ ਹਰ ਖੁੱਸ਼ੀ ਦੇਣ ਲਈ ਪੂਰਾ ਜ਼ੋਰ ਲਗਾਉਦੇਂ ਮਾਪੇ। ਦਿਨ ਰਾਤ ਨੇ ਮਿਹਨਤ ਕਰਕੇ ਬੱਚਿਆਂ ਲਈ ਕਮਾਉਂਦੇ ਮਾਪੇ । ਪਾਲ ਪੋਸ ਕੇ ਵੱਡੇ ਕਰਦੇ , ਪੜ੍ਹਨ ਸਕੂਲੇ ਪਾਉਂਦੇ ਮਾਪੇ। ਬੱਚਿਆਂ ਦੇ ਹਰ ਕੰਮ ਕਾਜ ਵਿੱਚ ,ਉਨ੍ਹਾਂ ਦਾ ਹੱਥ ਵਟਾਉਂਦੇ ਮਾਪੇ। ਚਾਵਾਂ ਲਾਡਾਂ ਨਾਲ ਵਿਆਉਦੇਂ,ਖੂਬ ਨੇ ਸ਼ਗਨ ਮਨਾਉਂਦੇ ਮਾਪੇ। ਸਾਰਾ ਜੀਵਨ ਨਾਲ ਖੁੱਸ਼ੀ ਦੇ, ਆਪਣੇ ਫਰਜ਼ ਨਿਭਾਉਂਦੇ ਮਾਪੇ। ਜਦੋਂ ਬੁਢਾਪਾ ਆ ਜਾਂਦਾ ਹੈ, ਫੇਰ ਬੋਝ ਕਿਉਂ ਸਮਝੇ ਜਾਂਦੇ ਮਾਪੇ। ਬਿਰਧ ਆਸ਼ਰਮਾ ਦੇ ਵਿੱਚ ਬਹੁਤੇ,ਪਿਛਲੀ ਉਮਰ ਬਿਤਾਉਦੇਂ ਮਾਪੇ। ਕੀ ਏਹੀ ਦਿਨ ਵੇਖਣ ਦੇ ਲਈ ,ਬੱਚਿਆਂ ਦੇ ਨਾਜ਼ ਉਠਾਉਂਦੇ ਮਾਪੇ। ਪੂਰਾ ਜੀਵਨ ਸੁੱਖ ਰਹੇਂ ਵੰਡਦੇਂ ,ਪਿੱਛੋਂ ਬਹੁਤੇ ਦੁੱਖ ਪਾਉਂਦੇ ਮਾਪੇ। ਐਮ ,ਏ ਉਹ ਹਨੇਰੇ ਵਿੱਚ ਨੇ, ਜਿਨ੍ਹਾਂ ਨੂੰ ਇਹ ਗਿਆਨ ਨਹੀਂ ਹੈ। ਮਾਪਿਆਂ ਦੀ ਸੇਵਾ ਤੋਂ ਵੱਡਾ , ਹੋਰ ਤੀਰਥ ਕੋਈ ਮਹਾਨ ਨਹੀਂ ਹੈ।

ਸੀਸ ਚੁੱਕਕੇ ਚਾਂਦਨੀ ਚੋਂਕ ਤੋਂ

ਸੀਸ ਚੁੱਕਕੇ ਚਾਂਦਨੀ ਚੋਂਕ ਤੋਂ ਸੀ ਤੁਰਿਆ ਦਿੱਲੀਓ ਨਾਲ ਪਿਆਰ ਜੈਤਾ । ਚਾਦਰ ਹਿੰਦ ਦੀ ਬਣ ਗਏ ਗੁਰੂ ਨੌਵੇਂ ਸੱਚੇ ਗੁਰੂ ਤੋਂ ਜਾਵੇ ਬਲਿਹਾਰ ਜੈਤਾ। ਥੋੜ੍ਹੇ ਚਿਰ ਵਿੱਚ ਦਿੱਲੀਓ ਬਾਹਰ ਹੋਇਆ ਜੱਪਦਾ ਮੁੱਖੋ ਸੀ ਸਤ ਕਰਤਾਰ ਜੈਤਾ। ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਸੀ ਦੁਸ਼ਮਣ ਫੋਜਾਂ ਤੋਂ ਹੋ ਹੁਸਿਆਰ ਜੈਤਾ। ਕਾਲੀ ਅੱਤ ਦੀ ਠੰਡੀ ਰਾਤ ਅੰਦਰ ਤੁਰਿਆ ਜਾ ਰਿਹਾ ਸੀ ਮਾਰੋ ਮਾਰ ਜੈਤਾ। ਮਿਲਿਆ ਤਰਾਵੜੀ ਧੋਬੀ ਇੱਕ ਭਾਈ ਰਾਮਾ ਕਰਾਏ ਸੀਸ ਦੇ ਉਹਨੂੰ ਦੀਦਾਰ ਜੈਤਾ । ਨਾਭੇ ਪਿੰਡ ਫਕੀਰ ਦੀ ਕੁਟੀ ਵਿੱਚੋਂ ਅੱਗੇ ਚੱਲਿਆ ਰਾਤ ਗੁਜਾਰ ਜੈਤਾ। ਪਹੰਚ ਗਿਆ ਅਨੰਦਪੁਰ ਸਾਹਿਬ ਅੰਦਰ ਗੋਬਿੰਦ ਰਾਇ ਦੇ ਵਿੱਚ ਦਰਬਾਰ ਜੈਤਾ। ਸੀਸ ਚੰਦਨ ਦੀ ਚੌਂਕੀ ਤੇ ਰੱਖਕੇ ਸੀ ਖੜ ਗਿਆ ਸੀ ਨਾਲ ਸਤਿਕਾਰ ਜੈਤਾ। ਕਿਹਾ ਗੁਰਾਂ ਜਦ ਦਿੱਲੀ ਦਾ ਹਾਲ ਦੱਸੋ ਰੋ ਪਿਆ ਫੇਰ ਭੁੱਬਾਂ ਮਾਰ ਜੈਤਾ। ਸਾਕਾ ਦਿੱਲੀ ਦਾ ਸੰਗਤ ਦੇ ਸਾਹਮਣੇ ਸੀ ਹੰਝੂ ਕੇਰ ਸੀ ਰਿਹਾ ਉਚਾਰ ਜੈਤਾ। ਪਾਈ ਗਲਵਕੜੀ ਗੋਬਿੰਦ ਰਾਇ ਜੀ ਨੇ ਕਹਿੰਦੇ ਕੀਤਾ ਤੂੰ ਵੱਡਾ ਉਪਕਾਰ ਜੈਤਾ। ਰੰਘਰੇਟਾ ਗੁਰੂ ਕਾ ਬੇਟਾ ਖਿਤਾਬ ਦਿੱਤਾ ਜੀਵਨ ਸਿੰਘ ਬਣਿਆ ਅਮ੍ਰਿਤ ਧਾਰ ਜੈਤਾ। ਅਮਰ ਹੋ ਗਿਆ ਵਿੱਚ ਸੰਸਾਰ ਐਮ,ਏ ਸੇਵਾ ਕਰਕੇ ਸਿੰਘ ਸਰਦਾਰ ਜੈਤਾ ।

ਐਵੇਂ ਬੰਦਾ ਭਵਿੱਖ ਦੀ ਕਰੇ ਚਿੰਤਾ

ਐਵੇਂ ਬੰਦਾ ਭਵਿੱਖ ਦੀ ਕਰੇ ਚਿੰਤਾ ਭਰੋਸਾ ਜੀਵਨ ਦਾ ਨਹੀਂ ਇੱਕ ਪਲ ਦਾ ਏ। ਵਕਤ ਆਉਣ ਵਾਲਾ ਕਿਵੇਂ ਲੰਘੂ ਮੇਰਾ ਝੋਰਾ ਹਰ ਇੱਕ ਨੂੰ ਇਸੇ ਗੱਲ ਦਾ ਏ ਮਿਲਿਆ ਅੱਜ ਦਾ ਸਮਾਂ ਸੰਭਾਲ ਲਈਏ ਡਰ ਕੱਢ ਕੇ ਮਨ ਚੋਂ ਕੱਲ ਦਾ ਏ ਐਮ,ਏ ਲੱਖ ਬਿਉਂਤਾਂ ਘੜੀ ਜਾਈਏ ਪਰ ਰੱਬੀ ਹੁਕਮ ਬਿਨ ਪੱਤਾ ਨਾ ਹੱਲ ਦਾ ਏ।

ਪੂਜੇ ਜਾਂਦੇ ਨੇ ਸਦਾ ਜਹਾਨ ਉੱਤੇ

ਪੂਜੇ ਜਾਂਦੇ ਨੇ ਸਦਾ ਜਹਾਨ ਉੱਤੇ ਦੇਸ ਧਰਮ ਲਈ ਜਿਹੜੇ ਕੁਰਬਾਨ ਹੁੰਦੇ। ਬਾਤਾਂ ਉਨ੍ਹਾਂ ਦੀਂ ਸੱਥਾਂ ਵਿੱਚ ਪਾਉਣ ਲੋਕੀਂ ਕੀਤੇ ਕੰਮ ਨੇ ਜਿਨ੍ਹਾਂ ਮਹਾਨ ਹੁੰਦੇ। ਲੇਖੇ ਧਰਮ ਦੇ ਜਿੰਦਗੀ ਲਾਉਣ ਜਿਹੜੇ ਵਿਰਲੇ ਜੱਗ ਤੇ ਐਸੇ ਇਨਸਾਨ ਹੁੰਦੇ। ਉਹ ਨੇ ਪੰਨਾ ਇਤਿਹਾਸ ਦਾ ਬਣ ਜਾਂਦੇ ਐਮ ,ਏ ਮਿਟਦੇ ਨਾ ਕਦੇ ਨਿਸ਼ਾਨ ਹੁੰਦੇ ।

ਸਿੱਖੀਏ

ਕੀਤਾ ਬਚਨ ਪੁਗਾਉਣਾ ਸਿੱਖੀਏ। ਦੁੱਖੀਂਏ ਦਾ ਦਰਦ ਵੰਡਾਉਣਾ ਸਿੱਖੀਏ । ਮਨੋ ਹੰਕਾਰ ਮਿਟਾਉਣਾ ਸਿੱਖੀਏ। ਰੋਂਦੇ ਤਾਈਂ ਹਸਾਉਣਾ ਸਿੱਖੀਏ। ਕੰਮ ਦੂਜਿਆਂ ਦੇ ਆਉਣਾ ਸਿੱਖੀਏ। ਮੁੱਖੋ ਸੱਚ ਫੁਰਮਾਉਣਾ ਸਿੱਖੀਏ । ਡਿੱਗਿਆਂ ਤਾਈਂ ਉਠਾਉਣਾ ਸਿੱਖੀਏ। ਹੱਕ ਦੀ ਰੋਟੀ ਖਾਣਾਂ ਸਿੱਖੀਏ। ਪ੍ਰੇਮ ਪਿਆਰ ਵਧਾਉਣਾ ਸਿੱਖੀਏ। ਨਫਰਤ ਦਿੱਲੋਂ ਮੁਕਾਉਣਾ ਸਿੱਖੀਏ। ਮਾਪਿਆਂ ਦੀ ਸੇਵ ਕਮਾਉਣਾ ਸਿੱਖੀਏ। ਸੋਹਣਾ ਸਮਾਜ ਬਣਾਉਣਾ ਸਿੱਖੀਏ ।

ਯੋਧੇ

ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ ਜਦ ਕਦੇ ਵੀ ਦੇਸ ਦੇ ਉੱਤੇ ਵੈਰੀ ਚੜਕੇ ਆਉਂਦੇ , ਦੇਸ਼ ਦੀ ਰਾਖੀ ਖਾਤਰ ਦੀ ਯੋਧੇ ਝੱਟ ਹਥਿਆਰ ਉਠਾਉਂਦੇ। ਲਟ ਲਟ ਬਲਦੀ ਸਮਾਂ ਵੇਖਕੇ ਸੜ ਜਾਂਦੇ ਪ੍ਰਵਾਨੇਂ । ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ । ਸੂਰਮਿਆਂ ਨੂੰ ਜੱਗ ਦੇ ਉੱਤੇ ਵਿਰਲੀਆਂ ਜਣਦੀਆਂ ਮਾਵਾਂ , ਕਸਟ ਹੰਢਾਕੇ ਆਪਣੇ ਤਨ ਤੇ ਦਿੰਦੇ ਟਾਲ ਬਲਾਵਾਂ, ਹੱਕ ਸੱਚ ਲਈ ਮਰਨ ਵਾਸਤੇ ਲੱਭਦੇ ਰਹਿਣ ਬਹਾਨੇ । ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ । ਹੱਕਾਂ ਦੀ ਉਹ ਰਾਖੀ ਖਾਤਰ ਹੱਸ ਸੂਲੀ ਚੜ ਜਾਂਦੇ, ਦੁਸਮਣ ਸਾਹਮਣੇ ਡੱਟਕੇ ਖੜਦੇ ਹਿੱਕ ਚ ਗੋਲੀਆਂ ਖਾਂਦੇ। ਮਰਕੇ ਵੀ ਉਹ ਕਦੇ ਨਾ ਮਰਦੇ ਰੱਖਣ ਯਾਦ ਜਮਾਨੇ । ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ । ਅਜ਼ਾਦੀ ਲਈ ਜਿਹੜੇ ਆਪਣੀ ਜਿੰਦੜੀ ਲੇਖੇ ਲਾਉਂਦੇ , ਢਾਡੀ ਵਿੱਚ ਸਭਾ ਦੇ ਖੜਕੇ ਵਾਰ ਉਨ੍ਹਾਂ ਦੀ ਗਾਉਂਦੇ , ਸਿਫ਼ਤ ਉਨ੍ਹਾਂ ਦੀ ਕਹਿਣੋ ਬਾਹਰ ਐਮ,ਏ ਕਿਵੇਂ ਬਿਆਨੇ । ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ ।

ਗੁਰੂ ਅੰਗਦ ਦੇਵ ਜੀ

ਧੰਨ ਗੁਰੂ ਅੰਗਦ ਦੇਵ ਜੋਤ ਗੁਰੂ ਨਾਨਕ ਦੀ ਮਤੇ ਦੀ ਸਰਾਂ ਵਿਖੇ ਜਨਮ ਧਾਰ ਆਏ ਸੀ । ਪਿਤਾ ਫੇਰੂ ਮੱਲ ਜੀ ਦੇ ਵਿਹੜੇ ਆਣ ਭਾਗ ਲਾਏ ਮਾਤਾ ਸਭਰਾਈ ਜੀ ਦੀ ਪਾਵਨ ਕੁੱਖੋਂ ਜਾਏ ਸੀ । ਮਾਪਿਆਂ ਨੇ ਲਹਿਣਾ ਨਾਮ ਰੱਖਿਆ ਸੀ ਆਪ ਜੀ ਦਾ ਖੁਸ਼ੀਆਂ ਤੇ ਚਾਵਾਂ ਨਾਲ ਸ਼ਗਨ ਮਨਾਏ ਸੀ । ਆਪ ਆਣ ਦਰਸ਼ਨ ਕੀਤੇ ਜਦੋਂ ਗੁਰੂ ਨਾਨਕ ਦੇ ਸੇਵਾ - ਸਿਮਰਨ ਵੱਲ ਧਿਆਨ ਲਗਾਏ ਸੀ । ਪਰਖ ਦੇ ਵਿੱਚ ਜਦੋਂ ਪੂਰੇ ਉਤਰੇ ਗੁਰੂ ਜੀ ਦੀ ਆਪ ਗੁਰੂ ਗੱਦੀ ਉੱਤੇ ਗਏ ਫਿਰ ਬਿਠਾਏ ਸੀ ਅੰਗ ਨਾਲ ਲਗਾਕੇ ਆਪ ਅੰਗਦ ਦੇਵ ਕਰ ਐਮ.ਏ ਗੁਰੂ ਨਾਨਕ ਨੇ ਦੂਜੇ ਗੁਰੂ ਫਿਰ ਸਜਾਏ ਸੀ ।।

ਕਬਿੱਤ

ਸੂਰਮੇ ਜਹਾਨ ਉੱਤੇ ਨਿੱਤ ਨਾ ਜਨਮ ਲੈਂਦੇ ਦੇਸ਼ ਕੌਮ ਲਈ ਜਿਹੜੇ ਹੱਸ ਜਾਨਾਂ ਵਾਰਦੇ। ਹੱਕ ਅਤੇ ਸੱਚ ਲਈ ਹਿੱਕਾਂ ਤਾਣ ਖੜ ਜਾਂਦੇ ਜੀਵਨ ਗੁਲਾਮੀ ਵਾਲਾ ਯੋਧੇ ਨਾ ਗੁਜਾਰਦੇ । ਮਨੁੱਖਤਾ ਦੀ ਸੇਵਾ ਲਈ ਜੀਵਨ ਲਗਾਉਂਦੇ ਲੇਖੇ ਕਰਮ ਕਮਾਉਂਦੇ ਸਦਾ ਪਰਉਪਕਾਰ ਦੇ । ਐਮ,ਏ ਇਤਿਹਾਸ ਦਾ ਉਹ ਪੰਨਾ ਬਣ ਜਾਂਦੇ ਢਾਡੀ ਵਾਰਾਂ ਸਭਾ ਵਿੱਚ ਉਨ੍ਹਾਂ ਦੀ ਉਚਾਰਦੇ ।

ਕਬਿੱਤ

ਧੰਨ ਮਾਤਾ ਗੰਗਾ ਕੁੱਖੋਂ ਨਗਰ ਵਡਾਲੀ ਵਿੱਚ, ਧਾਰ ਆਏ ਛੇਵਾਂ ਅਵਤਾਰ ਹਰਗੋਬਿੰਦ ਜੀ । ਪੰਦਰਾਂ ਸੋ ਪਚਾਨਵੇਂ ਸੀ ਇੱਕੀ ਹਾੜ ਜਾਣ ਲਵੋ ਪੈਦਾ ਹੋਏ ਦਿਨ ਸੋਮਵਾਰ ਹਰਗੋਬਿੰਦ ਜੀ । ਭਗਤੀ ਤੇ ਸਕਤੀ ਦੋਨਾਂ ਦਾ ਸੁਮੇਲ ਕੀਤਾ । ਮੀਰੀ,ਪੀਰੀ ਦੀਆਂ ਤੇਗਾਂ ਧਾਰ ਹਰਗੋਬਿੰਦ ਜੀ ਐਮ,ਏ ਅਤਿ ਸੁੰਦਰ ਸਰੂਪ ਵਾਲੇ ਵਡ ਯੋਧੇ ਮਹਾਂਬਲੀ ਸੱਚੀ ਸਰਕਾਰ ਹਰਗੋਬਿੰਦ ਜੀ । ਤਖ਼ਤ ਅਕਾਲ ਦਾ ਸੀ ਆਪ ਨੇ ਤਿਆਰ ਕਰ , ਸੁਰੂ ਕੀਤਾ ਢਾਡੀ ਦਰਬਾਰ ਹਰਗੋਬਿੰਦ ਜੀ । ਸ਼ਸਤਰ ਵਿੱਦਿਆ ਦੇ ਸਿੱਖਾਂ ਤਾਈ ਗੁਰ ਦਿੱਤੇ ਹੱਥਾਂ ਚ ਫੜਾਈ ਤਲਵਾਰ ਹਰਿਗੋਬਿੰਦ ਜੀ । ਗੁਰੂ ਅਰਜਨ ਦੇਵ ਪਿਤਾ ਜੀ ਪਿਆਰੇ ਸਨ, ਜਿਹਨਾਂ ਦੇ ਸੀ ਸੋਹਣੇ ਦੁਲਾਰ ਹਰਿਗੋਬਿੰਦ ਜੀ। ਐਮ,ਏ ਅਤਿ ਸੁੰਦਰ ਸਰੂਪ ਵਾਲੇ ਵਡ ਯੋਧੇ ਮਹਾਂਬਲੀ ਸੱਚੀ ਸਰਕਾਰ ਹਰਗੋਬਿੰਦ ਜੀ ।

ਕਬਿੱਤ

ਬੈਠ ਤੱਤੀ ਤਵੀ ਉੱਤੇ ਚੌਕੜਾਂ ਸੀ ਮਾਰਕੇ ਭਾਣਾ ਸਾਨੂੰ ਮੰਨਣਾ ਸਿਖਾਇਆ ਗੁਰੂ ਪੰਜਵੇਂ ਤੱਪਦੇ ਮਹੀਨੇ ਵਿੱਚ ਤੱਪਦੀ ਦੁਪਿਹਰ ਵਿੱਚ ਰੇਤ ਸੀਸ ਤੱਪਦਾ ਪੁਆਇਆ ਗੁਰੂ ਪੰਜਵੇਂ ਹੱਕ ਅਤੇ ਸੱਚ ਲਈ ਹੋਕੇ ਕੁਰਬਾਨ ਗੁਰਾਂ ਕੁਰਬਾਨੀਆਂ ਦਾ ਪਾਠ ਪੜਾਇਆ ਗੁਰੂ ਪੰਜਵੇਂ ਸਿਰਤਾਜ ਸ਼ਹੀਦਾ ਦੇ ਗੁਰੂ ਇਤਿਹਾਸ ਵਿੱਚ, ਸ਼ਹਾਦਤਾਂ ਦਾ ਬੂਟਾ ਐਮ.ਏ.ਲਾਇਆ ਗੁਰੂ ਪੰਜਵੇਂ।

ਕਬਿੱਤ

ਧੰਨ ਧੰਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਜੀ ਦੀ ਚਾਨਣ ਹੈ ਵੰਡਦੀ ਜੋ ਸਾਰੇ ਸੰਸਾਰ ਨੂੰ । ਸਭੇ ਸਾਂਝੀਵਾਲਤਾ ਦਾ ਦੇਕੇ ਉਪਦੇਸ਼ ਉੱਚਾ ਦੁਈ ਤੇ ਦਵੈਤ ਵਾਲੇ ਕੱਟਦੀ ਵਿਚਾਰ ਨੂੰ । ਨਿਮਰਤਾ ਦੇ ਨਾਲ ਸਦਾ ਜਿਉਣ ਦਾ ਸਬਕ ਦਿੰਦੀ ਮਨਾਂ ਵਿੱਚੋਂ ਦੂਰ ਕਰੇ ਗੁਰਬਾਣੀ ਹੰਕਾਰ ਨੂੰ । ਭਰਮਾਂ-ਪੰਖਡਾਂ ਵਾਲੇ ਜਾਲ ਵਿੱਚੋਂ ਕੱਢ ਦੀ ਹੈ ਸੱਚ ਨਾਲ ਜੋੜੇ (ਐਮ,ਏ) ਹਰ ਨਰ ਨਾਰ ਨੂੰ ।।

ਕਬਿੱਤ

ਧੰਨ ਧੰਨ ਰਾਮਦਾਸ ਸੋਢੀ ਸੁਲਤਾਨ ਗੁਰੂ ਲਾਹੌਰ ਚੂੰਨਾ ਮੰਡੀ ਵਿਖੇ ਜਨਮ ਸੀ ਧਾਰਿਆ। ਬਚਪਨ ਵਿੱਚ ਮਾਤਾ ਪਿਤਾ ਦੇ ਚਲਾਣੇ ਪਿਛੋਂ ਬਾਸਰਕੇ ਆਣ ਸਮਾਂ ਨਾਨੀ ਕੋਲ ਗੁਜਾਰਿਆ । ਘੁੰਙਣੀਆਂ ਵੇਚਕੇ ਸੀ ਕਿਰਤ ਕਮਾਈ ਕੀਤੀ ਲੈ ਲਓ ਘੁੰਙਣੀਆਂ ਹੋਕਾ ਗਲੀ ਗਲੀ ਮਾਰਿਆ । ਅਮਰਦਾਸ ਪਾਤਸ਼ਾਹ ਨੇ ਪੁੱਤਰੀ ਭਾਨੀ ਦੇ ਲਈ ਯੋਗ ਵਰ ਵਜੋਂ ਆਪ ਤਾਈਂ ਸਤਿਕਾਰਿਆ। ਮੁੱਖੋ ਜਿਨ੍ਹਾਂ ਸਿਮਰਿਆ ਧੰਨ ਗੁਰੂ ਰਾਮਦਾਸ ਐਮ,ਏ ਜਨਮ ਸਭਨਾਂ ਆਪਣਾ ਸਵਾਰਿਆ ।

ਮਹਾਨ ਯੋਧੇ ਬਾਬਾ ਦੀਪ ਸਿੰਘ ਜੀ

ਧਰਤੀ ਪਹੁਵਿੰਡ ਦੀ ਸੀ ਭਗਤਾ ਪਿਤਾ ਦੇ ਘਰ, ਮਾਤਾ ਜਿਉਣੀ ਕੁੱਖੋਂ ਜਾਏ ਬਾਬਾ ਦੀਪ ਸਿੰਘ । 1682 ਸੰਨ ਜਨਵਰੀ ਮਹੀਨਾ ਜਾਣੋ , ਭਾਗ ਪੰਜਾਬ ਨੂੰ ਲਗਾਏ ਬਾਬਾ ਦੀਪ ਸਿੰਘ। ਸਤਾਰਾਂ ਸੋ ਸੰਨ ਦੀ ਜਦੋਂ ਸੀ ਵਿਸਾਖੀ ਆਈ, ਚੱਲਕੇ ਅੰਨਦਪੁਰ ਆਏ ਬਾਬਾ ਦੀਪ ਸਿੰਘ। ਪਹੁਲ ਖੰਡੇਧਾਰ ਵਾਲੀ ਛੱਕ ਦਸਮੇਸ਼ ਜੀ ਤੋਂ, ਖਾਲਸਾਈ ਬਾਣੇ ਸੀ ਸਜਾਏ ਬਾਬਾ ਦੀਪ ਸਿੰਘ । ਚਾਰ ਸਰੂਪ ਹੱਥੀ ਲਿਖੇ ਗੁਰੂ ਗ੍ਰੰਥ ਜੀ ਦੇ , ਦਮਦਮਾ ਸਾਹਿਬ ਡੇਰੇ ਲਾਏ ਬਾਬਾ ਦੀਪ ਸਿੰਘ । ਹਰਮੰਦਰ ਸਾਹਿਬ ਉੱਤੇ ਹਮਲੇ ਦੀ ਗੱਲ ਸੁਣੀ, ਝੱਟ ਖੰਡੇ ਤਾਈਂ ਹੱਥ ਪਾਏ ਬਾਬਾ ਦੀਪ ਸਿੰਘ । ਖਿੱਚਕੇ ਲਕੀਰ ਫੌਜ ਸਿੰਘਾਂ ਦੀ ਤਿਆਰ ਕਰ, ਵੈਰੀਆਂ ਦੀ ਫੌਜ ਊੱਤੇ ਧਾਏ ਬਾਬਾ ਦੀਪ । ਗੁਰੂਧਾਮ ਦੀ ਅਜਾਦੀ ਲਈ ਹੱਸ ਕੁਰਬਾਨ ਹੋਏ ਨਿਸ਼ਾਨ ਉੱਚੇ ਪੰਥ ਦੇ ਝੁਲਾਏ ਬਾਬਾ ਦੀਪ ਸਿੰਘ ।

ਗੀਤ

(ਠੰਡੇ ਬੁਰਜ਼ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਹੋਈ ਵਾਰਤਾਲਾਪ ਨੂੰ ਕੁੱਝ ਸਤਰਾਂ ਵਿੱਚ ਲਿਖਣ ਦਾ ਯਤਨ ਕੀਤਾ ਹੈ ਜੀ।) ਦਾਦੀ :- ਮਾਂ ਗੁਜਰੀ ਦੋ ਲਾਲ ਪਿਆਰੇ ਠੰਡੇ ਬੁਰਜ਼ ਵਿੱਚ ਕੈਦ ਸੀ ਸਾਰੇ। ਗੋਦੀ ਵਿੱਚ ਬਿਠਾ ਪੋਤਿਆਂ ਨੂੰ ਘੁੱਟ ਘੁੱਟ ਸੀਨੇ ਲਾਉਂਦੀ ਏ। ਈਨ ਨਾ ਮੰਨਣੀ ਤੁਸਾਂ ਬੱਚਿਓ ਦਾਦੀ ਮਾਂ ਸਮਝਾਉਂਦੀ ਏ। ਸਾਹਿਬਜ਼ਾਦੇ:- ਅੱਗੋਂ ਲਾਲਾਂ ਨੇ ਮੁਸਕਾਕੇ ਦਾਦੀ ਮਾਂ ਨੂੰ ਕਿਹਾ ਸੁਣਾ ਕੇ। ਸਾਡੀ ਚਿੰਤਾ ਕਰੀਂ ਨਾ ਮਾਤਾ ਧਰਮ ਨੂੰ ਦਾਗ ਨਾ ਲਾਵਾਂਗੇ। ਲੋੜ ਪਈ ਤਾਂ ਧਰਮ ਦੀ ਖਾਤਰ ਹੱਸ ਸਹੀਦੀ ਪਾਂਵਾਗੇ। ਦਾਦੀ:- ਜਦ ਔਰੰਗੇ ਹਿੰਦੂਆਂ ਉਤੇ ਡਾਢਾ ਜ਼ੁਲਮ ਕਮਾਇਆ ਸੀ ਨੌਵੇਂ ਸਤਿਗੁਰ ਧਰਮ ਦੀ ਖਾਤਰ ਆਪਣਾ ਸੀਸ ਕਟਾਇਆ ਸੀ ਦਾਦੇ ਦੀ ਦਿੱਤੀ ਕੁਰਬਾਨੀ ਬੱਚਿਆਂ ਤਾਈਂ ਸੁਣਾਉਂਦੀ ਏ ਈਨ ਨਾ ਮੰਨਣੀ ਤੁਸਾਂ ਬੱਚਿਓ ਦਾਦੀ ਮਾਂ ਸਮਝਾਉਂਦੀ ਏ। ਸਾਹਿਬਜ਼ਾਦੇ:- ਹਰ ਪਲ ਚੇਤੇ ਰੱਖਾਂਗੇ ਦਾਦਾ ਜੀ ਦੀ ਕੁਰਬਾਨੀ ਨੂੰ ਵਾਂਗ ਔਰਗੇ ਨੀਵਾਂ ਕਰਾਂਗੇ ਸੂਬੇਦਾਰ ਅਭਿਮਾਨੀ ਨੂੰ ਦਾਦਾ ਜੀ ਦੇ ਮਾਰਗ ਉਤੇ ਅਸੀਂ ਵੀ ਚੱਲ ਦਿਖਾਵਾਂਗੇ। ਲੋੜ ਪਈ ਤਾਂ ਧਰਮ ਦੀ ਖਾਤਰ ਹੱਸ ਸਹੀਦੀ ਪਾਵਾਂਗੇ। ਦਾਦੀ:- ਬੱਚਿਓ ਬਹੁਤੇ ਲਾਲਚ ਦੇ ਕੇ ਤੁਹਾਨੂੰ ਉਨ੍ਹਾਂ ਮਨਾਉਣਾ ਹੈ ਧੀਆਂ ਦੇ ਡੋਲੇ ਦੇਕੇ ਵੀ ਤੁਹਾਡਾ ਚਿੱਤ ਭਰਮਾਉਣਾ ਹੈ ਲਾਲਚ ਦੇ ਨਹੀਂ ਵਸ ਵਿੱਚ ਪੈਣਾ ਇਹੋ ਸਬਕ ਸਿਖਾਉਦੀ ਏ ਈਨ ਨਾ ਮੰਨਣੀ ਤੁਸਾਂ ਬੱਚਿਓ ਦਾਦੀ ਮਾਂ ਸਮਝਾਉਂਦੀ ਏ ਸਾਹਿਬਜ਼ਾਦੇ :- ਸੂਬੇ ਦਾ ਕੋਈ ਲਾਲਚ ਦਾਦੀ ਸਾਡਾ ਚਿੱਤ ਡੁਲਾ ਨੀ ਸਕਦਾ ਲਾਲ ਗੁਰੂ ਗੋਬਿੰਦ ਸਿੰਘ ਦੇ ਐਮ,ਏ ਕੋਈ ਭਰਮਾ ਨੀ ਸਕਦਾ ਹੱਸ- ਹੱਸ ਸੀਸ ਕਟਾ ਦੇਵਾਗੇਂ ਦਰਦੀ ਨਹੀਂ ਝੁਕਾਵਾਗੇਂ ਲੋੜ ਪਈ ਤਾਂ ਧਰਮ ਦੀ ਖਾਤਰ ਹੱਸ ਸਹੀਦੀ ਪਾਵਾਂਗੇ।

ਸਾਕਾ ਸਰਹਿੰਦ

(1) ਵਿਛੜੇ ਸਰਸਾ ਤੇ ਦਾਦੀ ਸੰਗ ਤੁਰੇ ਜਾਂਦੇ ਜੋਰਾਵਰ ਸਿੰਘ ਫਤਿਹ ਸਿੰਘ ਲਾਲ ਦੋਵੇਂ। ਸਾਡੇ ਪਿਤਾ ਜੀ ਕਿਤੇ ਨਹੀਂ ਨਜਰ ਆਉਂਦੇ ਦਾਦੀ ਮਾਂ ਨੂੰ ਪੁੱਛਣ ਸਵਾਲ ਦੋਵੇਂ। ਵੀਰੇ ਗਏ ਅਜੀਤ ਜੁਝਾਰ ਕਿਥੇ ਕਿਉਂ ਆਏ ਨਹੀ ਸਾਡੇ ਉਹ ਨਾਲ ਦੋਵੇਂ। ਕਦੋਂ ਮਿਲਾਂਗੇ ਬੇਬੇ ਨੂੰ ਅਸੀਂ ਜਾਕੇ ਪੁੱਛਦੇ ਜਾਂਦੇ ਸੀ ਨੌਨਿਹਾਲ ਦੋਵੇਂ। ਮਿਲ ਪਿਆ ਰਸੋਈਆ ਸੀ ਗੰਗੂ ਅੱਗੇ, ਸਹੇੜੀ ਲੈ ਗਿਆ ਦਾਦੀ ਤੇ ਬਾਲ ਦੋਵੇਂ। (2) ਮਨ ਬਦਲਿਆ ਮਾਇਆ ਨੂੰ ਵੇਖਕੇ ਸੀ, ਲਾਲਚ ਵਿੱਚ ਆ ਦਗਾ ਕਮਾਇਆ ਗੰਗੂ ਜਾਕੇ ਵਿੱਚ ਮੋਰਿੰਡੇ ਸਿਕਾਇਤ ਕੀਤੀ, ਜਾਨੀ ,ਮਾਨੀ ਖਾਂ ਨਾਲ ਲਿਆਇਆ ਗੰਗੂ। ਮਾਤਾ ਗੁਜਰੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ, ਘਰੋਂ ਆਪ ਗ੍ਰਿਫਤਾਰ ਕਰਵਾਇਆ ਗੰਗੂ। ਧੋਖਾ ਕੀਤਾ ਗੁਰੂ ਘਰ ਨਮਕ ਖਾਕੇ, ਇਨਾਮ ਮੁਗਲ ਸਰਕਾਰ ਤੋਂ ਪਾਇਆ ਗੰਗੂ। (3) ਰਾਤ ਰੱਖ ਮੋਰਿੰਡੇ ਵਿੱਚ ਕੋਤਵਾਲੀ, ਫੇਰ ਤਿੰਨੇ ਸਰਹੰਦ ਪਹੁੰਚਾ ਦਿੱਤੇ। ਹੁਣ ਇਨ੍ਹਾਂ ਨੂੰ ਈਨ ਮਨਾਉਗਾ ਮੈ, ਵਜ਼ੀਰ ਖਾਂ ਨੇ ਹੁਕਮ ਸੁਣਾ ਦਿੱਤੇ। ਬੁਲਾਏ ਵਿੱਚ ਕਚਹਿਰੀ ਦੇ ਲਾਲ ਦੋਵੇਂ, ਗੁਰੂ ਲਾਲਾਂ ਜੈਕਾਰੇਂ ਲਾ ਦਿੱਤੇ। ਕੰਬ ਗਏ ਦਰਬਾਰੀ ਵੇਖ ਹੌਂਸਲੇ ਸੀ , ਸੂਬੇਦਾਰ ਦੇ ਹੋਸ ਉਡਾ ਦਿੱਤੇ (4) ਸੂਬੇਦਾਰ ਫੇਰ ਦੋਵਾਂ ਬੱਚਿਆਂ ਨੂੰ ਵੱਡੇ ਲਾਲਚਾਂ ਨਾਲ ਅਜਮਾਉਣ ਲੱਗਾ । ਈਨ ਮੰਨ ਜਾਵਣ ਕਿਸੇ ਤਰ੍ਹਾਂ ਬੱਚੇ ਜਿੰਨੇ ਲੱਗਦੇ ਸੀ ਜੋਰ ਲਗਾਉਣ ਲੱਗਾ । ਕਲਮਾਂ ਪੜੋ ਨਹੀ ਸਜਾ ਪਉ ਸਹਿਣੀ ਡਰਾਵੇ ਮੌਤ ਦੇ ਦੇਕੇ ਧਮਕਾਉਣ ਲੱਗਾ । ਐਮ,ਏ ਪਾਪੀ ਹੰਕਾਰ ਵਿੱਚ ਹੋ ਅੰਨਾ ਗੁਰੂ ਲਾਲਾਂ ਤੇ ਕਹਿਰ ਕਮਾਉਣ ਲੱਗਾ। (5) ਸਰਹੰਦ ਦੀ ਧਰਤੀ ਤੇ ਕਹਿਰ ਹੋਇਆ ਸਿਦਕ ਲਾਲਾਂ ਪਰਖਿਆ ਗਿਆ ਉਥੇ । ਵਜ਼ੀਰ ਖਾਂ ਨੇ ਪੂਰਾ ਸੀ ਜ਼ੋਰ ਲਾਇਆ ਫ਼ਰਕ ਲਾਲਾਂ ਵਿੱਚ ਰਤਾ ਨਾ ਪਿਆ ਉਥੇ । ਲਾਲ ਗੁਰੂ ਦੇ ਧਰਮ ਤੋਂ ਨਹੀਂ ਡੋਲੇ ਕਸ਼ਟ ਹਰ ਇੱਕ ਉਨ੍ਹਾਂ ਸੀ ਸਿਹਾ ਉਥੇ । ਐਮ,ਏ ਨੀਹਾਂ ਵਿੱਚ ਆਪਾ ਚਿਣਵਾ ਕੇ ਵੀ ਸਾਹਿਬਜ਼ਾਦਿਆਂ ਸੀਅ ਨਾ ਕਿਹਾ ਉਥੇ ।

ਭਾਈ ਲਾਲੋ

ਸੈਦਪੁਰ ਦੀ ਧਰਤੀ ਤੇ ਵੱਸਦਾ ਸੀ ਸੱਚਾ ਕਿਰਤੀ ਇੱਕ ਤਰਖਾਣ ਲਾਲੋ। ਦਸਾਂ ਨਹੁੰਆਂ ਦੀ ਹੱਥੀ ਕਿਰਤ ਕਰਦਾ ਰੁੱਖੀ-ਸੁਖੀ ਖਾ ਕਰੇ ਗੁਜਰਾਨ ਲਾਲੋ । ਸਬਰ ਅਤੇ ਸੰਤੋਖ ਦੀ ਉਹ ਮੂਰਤ ਰੱਖੇ ਪ੍ਰਭੂ ਵੱਲ ਸਦਾ ਧਿਆਨ ਲਾਲੋ। ਜਦੋਂ ਗੁਰੂ ਨਾਨਕ ਜੀ ਉਸਦੇ ਗ੍ਰਹਿ ਆਏ, ਕੀਤਾ ਗੁਰਾਂ ਦਾ ਬਹੁਤ ਸਨਮਾਨ ਲਾਲੋ। ਰੋਟੀ ਕੋਧਰੇ ਦੀ ਹੱਥੀ ਤਿਆਰ ਕਰਕੇ, ਰੱਖੀ ਗੁਰਾਂ ਦੇ ਸਾਹਮਣੇ ਆਣ ਲਾਲੋ। ਛਕਿਆ ਭੋਜਨ ਸੀ ਗੁਰਾਂ ਪ੍ਰੀਤ ਲਾਕੇ , ਐਮ,ਏ ਸੇਵਾ ਕਰ ਪਾਇਆ ਸੀ ਮਾਣ ਲਾਲੋ।

(ਗੱਡੀ) ਸਾਕਾ ਜੂਨ ਚੁਰਾਸੀ

ਸਾਕਾ ਜੂਨ ਚੁਰਾਸੀ ਵਾਲਾ ਸੰਗਤੇ ਸੁਣ ਲਓ ਸੁਣਾਈਏ ਖੋਲਕੇ ਜਦੋਂ ਜਾਲਮਾਂ ਸੀ ਕਹਿਰ ਕਮਾਇਆ ਘੇਰ ਲਿਆ ਹਰਿਮੰਦਰ ਫ਼ੌਜ਼ਾਂ ਆਣਕੇ ਲਗਾ ਲਏ ਮੋਰਚੇ ਘੇਰਾਬੰਦੀ ਸੁਰੂ ਹੋ ਗਈ ਤਿੰਨ ਜੂਨ ਨੂੰ ਸ਼ਹੀਦੀ ਸੀ ਦਿਹਾੜਾ ਪੰਜਵੇਂ ਸਤਿਗੁਰ ਦਾ ਆਈਆਂ ਸੰਗਤਾਂ ਸੀ ਕਰਨ ਦਿਦਾਰੇ ਦਰ ਗੁਰੂ ਰਾਮਦਾਸ ਦੇ ਬੱਚੇ , ਬੁੱਢੇ , ਤੇ ਜਵਾਨ ਪੁੱਤ ਗੱਭਰੂ ਨਾਲ ਸਨ ਭੈਣਾਂ ਬੀਬੀਆਂ ਸੇਵਾ ਕਰਦੇ ਸੀ ਮਨ ਚਿੱਤ ਲਾਕੇ ਮੁਖੋ ਸਤਨਾਮ ਜੱਪਦੇ ਚਾਰ ਜੂਨ ਨੂੰ ਸੀ ਅੰਮ੍ਰਿਤ ਵੇਲੇ ਜਾਲਮਾਂ ਨੇ ਕਾਰਾ ਕਰਤਾ ਗੋਲੇ ਸੁੱਟਣੇ ਸੁਰੂ ਸੀ ਕਰਤੇ ਵੱਲ ਦਰਬਾਰ ਸਾਹਿਬ ਦੇ ਨਾਲ ਧੂੰਏਂ ਦੇ ਅੰਬਰ ਹੋਇਆ ਕਾਲਾ ਕੜ- ਕੜ ਗੋਲੀ ਚੱਲਦੀ ਅੱਗੋਂ ਯੋਧਿਆਂ ਵੀ ਮੱਲ ਲਏ ਮੋਰਚੇ ਧਰਮ ਦੇ ਲਈ ਮਰਨਾ ਜਿੰਨਾ ਸਿੱਖਿਆ ਪਿੱਛੇ ਨਾ ਹੱਟਣਾ ਹੋਣਾ ਕੁਰਬਾਨ ਜਾਣਦੇ ਜਿਉਂਦੀ ਜਾਨ ਨਾ ਵੈਰੀ ਨੂੰ ਆਣ ਦੇਣਾ ਵਿੱਚ ਪਰਿਕਰਮਾ ਦੇ ਦਿਨ ਰਾਤ ਸੀ ਗੋਲੀ ਰਹੀ ਚੱਲਦੀ ਬਿਜਲੀ ਸੀ ਗੁੱਲ ਹੋ ਗਈ ਢੇਰ ਲਾਸ਼ਾਂ ਦੇ ਲੱਗੇ ਹਰ ਪਾਸੇ ਖੂਨ ਨਾਲ ਰੰਗੀ ਧਰਤੀ ਨਾਲ ਤੋਪਾਂ ਦੇ ਗਿਆ ਫੇਰ ਢਾਹਿਆ ਤਖਤ ਅਕਾਲ ਸਾਹਿਬ ਦਾ ਸਿੰਘ ਸੂਰਮੇ ਸ਼ਹੀਦੀਆਂ ਪਾ ਗਏ ਜਰਨਲ ਸੁਬੇਗ ਸਿੰਘ ਤੇ ਅਮਰੀਕ ਸਿੰਘ ਜੀ ਸੂਰਮੇ ਅਣਖੀ ਨਾਲ ਮੁਖੀ ਟਕਸਾਲ ਦੇ ਜਰਨੈਲ ਸਿੰਘ ਜੀ ਭਿੰਡਰਾਾਂ ਵਾਲੇ ਧਰਮ ਤੋਂ ਜਾਨਾਂ ਵਾਰ ਗਏ ਫੇਰ ਵੈਰੀਆਂ ਨੇ ਕਹਿਰ ਗੁਜ਼ਾਰੇ ਗੁਰੂ ਦੀਆਂ ਸੰਗਤਾਂ ਉੱਤੇ ਨਾਲ ਗੋਲੀਆਂ ਜਾਲਮਾ ਮਾਰੇ ਜਿਹੜੇ ਦਿਸ ਪਏ ਸਾਹਮਣੇ ਰਤਾ ਤਰਸ ਨਾ ਪਾਪੀਆਂ ਖਾਇਆ ਨਿੱਕੇ ਨਿੱਕੇ ਬੱਚਿਆਂ ਤੇ ਧੀਆਂ ਭੈਣਾਂ ਦੀ ਬੇਅਦਬੀ ਕੀਤੀ ਬੁੱਚੜ ਸਿਪਾਹੀਆਂ ਨੇ ਸਦਾ ਪੈਣੀਆਂ ਉੱਨਾਂ ਨੂੰ ਫਿਟਕਾਰਾਂ ਜਿੰਨਾ ਨਿਰਦੋਸਿਆਂ ਦਾ ਖੂਨ ਡੋਲਿਆ ਕੀਤਾ ਮੰਦਕਾਰਾ ਐਮ਼ ਏ ਪ੍ਰਣਾਮ ਉੱਨਾਂ ਨੂੰ ਜਿਹੜੇ ਹੋ ਗਏ ਸ਼ਹੀਦ ਗੁਰੂ ਪਿਆਰੇ ਸਾਕੇ ਨੀਲੇ ਤਾਰੇ ਅੰਦਰ ਪਿਆਰਿਓ- ਪਿਆਰਿਓ ਜੂਨ ਚੁਰਾਸੀ ਨੂੰ ਨਾ ਵਿਸਾਰਿਓ ।

ਗੱਡੀ ( ਗੁਰੂ ਦੇ ਬਾਗ ਦਾ ਮੋਰਚਾ)

ਸੰਨ ਉਨੀਂ ਸੋ ਬਾਈ ਦਾ ਸਾਕਾ, ਗੁਰੂ ਬਾਗ਼ ਮੋਰਚੇ ਸਮੇਂ ਕਰ ਕੈਦ ਸੀ। ਕਰ ਕੈਦ ਸੀ ਗੱਡੀ ਚ ਬਿਠਾਕੇ ,ਸਿੰਘਾਂ ਨਾਲ਼ੇ ਪੈਨਸ਼ਨਰਾਂ ਨੂੰ ਲੈ ਚਲੇ ਸੀ ਲੈ ਚਲੇ ਸੀ ਅਟਕ ਦੇ ਵੱਲ ਨੂੰ , ਖ਼ਬਰ ਹੋਈ ਸੰਗਤਾਂ ਨੂੰ ਕੀਤਾ ਫ਼ੈਸਲਾ ਕੀਤਾ ਫ਼ੈਸਲਾ ਸੇਵਾ ਹੈ ਕਰਨੀ ਸਭੇ ਕੈਦੀ ਕੀਤੇ ਸਿੰਘਾਂ ਦੀ ਗੱਡੀ ਰੋਕ ਕੇ ਗੱਡੀ ਰੋਕ ਕੇ ਸਟੇਸ਼ਨ ਉੱਤੇ, ਲੰਗਰ ਛਕਾਉਣਾ ਸਿੰਘਾ ਨੂੰ ਧੰਨ ਸੇਵਾ ਹੈ ਧੰਨ ਸੇਵਾ ਹੈ ਕਸ਼ਟ ਨੇ ਝੱਲਦੇ ਧਰਮ ਦੇ ਲਈ ਸੂਰਮੇ ਭਾਗਾਂ ਨਾਲ ਹੈ ਭਾਗਾਂ ਨਾਲ ਹੈ ਸਾਡੇ ਹਿੱਸੇ ਆਈ ਸੇਵਾ ਗੁਰੂ ਪਿਆਰਿਆਂ ਦੀ ਕੀਤਾ ਤਿਆਰ ਗੁਰੂ ਦਾ ਲੰਗਰ, ਰਲ ਮਿਲ ਸੰਗਤਾਂ ਨੇ ਪਹੁੰਚ ਗਏ ਸੀ ਪਹੁੰਚ ਗਏ ਸੀ ਸਟੇਸ਼ਨ ਉੱਤੇ, ਜਾਕੇ ਕੀਤੀ ਸਿੰਘਾ ਬੇਨਤੀ ਅਸੀ ਲੰਗਰ ਅਸੀ ਲੰਗਰ ਹੈ ਸਿੰਘਾਂ ਨੂੰ ਛਕਾਉਣਾ ਅੱਗੋ ਸੀ ਝੱਟ ਬੋਲਿਆ ਬਾਬੂ ਗ਼ੁੱਸੇ ਚ ਬਾਬੂ ਗ਼ੁੱਸੇ ਚ, ਸਿੰਘਾ ਨੂੰ ਕਹਿੰਦਾ ਗੱਡੀ ਨਹੀਂ ਇਥੇ ਰੋਕਣੀ ਆਇਆ ਸਖ਼ਤ ਆਇਆ ਸਖਤ ਹੁਕਮ ਸਰਕਾਰੀ, ਵਸ ਮੇਰੇ ਗੱਲ ਕੋਈ ਨਾ ਇਹ ਸੁਣ ਕੇ ਇਹ ਸੁਣ ਕੇ ਡਾਢਾ ਰੋਸ ਚੜਿਆ,ਗੱਡੀ ਤਾਂ ਜ਼ਰੂਰ ਰੋਕਣੀ ਭਾਵੇਂ ਲੱਗਜੇ ਭਾਵੇਂ ਲੱਗਜੇ ਜਿੰਦ ਸਾਡੀ ਲੇਖੇ, ਸਿੰਘਾਂ ਝੱਟ ਕੀਤਾ ਫ਼ੈਸਲਾ ਜਦ ਸੁਣਿਆ ਜਦ ਸੁਣਿਆ ਗੱਡੀ ਦਾ ਹਾਰਨ ,ਪਟੱੜੀ ਤੇ ਜਾਕੇ ਬੈਠ ਗਏ ਪ੍ਰਤਾਪ ਸਿੰਘ ਤੇ ਪ੍ਰਤਾਪ ਸਿੰਘ ਤੇ ਕਰਮ ਸਿੰਘ ਸੀ ਅੱਗੇ , ਚੋਕੜੈਂ ਸੀ ਮਾਰ ਬੈਠਗੇ ਨਾਲ ਹੋਰ ਸੀ ਨਾਲ ਹੋਰ ਸੀ ਗੁਰੂ ਦੇ ਪਿਆਰੇ, ਮਰਨੋਂ ਨਾ ਮੂਲ ਡਰਦੇ ਭੱਜੀ ਆਉਂਦੀ ਸੀ ਭੱਜੀ ਆਉਂਦੀ ਸੀ ਗੱਡੀ ਤੇਜ਼ ਨੇੜੇ, ਸਿੰਘ ਪਏ ਜਾਪ ਕਰਦੇ ਗੱਡੀ ਆਣਕੇ ਗੱਡੀ ਆਣਕੇ ਉੱਤੇ ਸੀ ਚੜ ਗਈ, ਸਿਦਕੀ ਯੋਧਿਆਂ ਦੇ ਨਾਲ ਖ਼ੂਨ ਦੇ ਨਾਲ ਖ਼ੂਨ ਦੇ ਰੰਗੀ ਰੰਗੀ ਗਈ ਪਟੜੀ ਤਸੀਹੇ ਹੱਸ ਸਿੱਖੀ ਜ਼ਰਗੀ, ਜ਼ਰਗੀ ਐਮ, ਏ ਜੋਸ਼ ਵੇਖ ਸਿੰਘਾਂ ਦਾ ਗੱਡੀ ਖੜਗੀ

ਗੁਰੂ ਦੇ ਸਿੰਘ

ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਿੰਘ ਹਰ ਕੁਰਬਾਨੀ ਕਰਦੇ ਰਹੇ । ਜਾਲਮ ਨੂੰ ਸਬਕ ਸਿਖਾਉਣ ਲਈ ਰਣ ਤੱਤੇ ਅੰਦਰ ਲੜਦੇ ਰਹੇ । ਭਾਵੇਂ ਮੁਗਲਾਂ ਖੋਪਰ ਲਾਹ ਦਿੱਤੇ ਮੁੱਖੋਂ ਗੁਰਬਾਣੀ ਪੜਦੇ ਰਹੇ । ਕੀਤਾ ਹੋਇਆ ਬਚਨ ਪੁਗਾਉਣ ਲਈ ਉਹ ਸੀਸ ਤਲੀ ਤੇ ਧਰਦੇ ਰਹੇ । ਸਦਾ ਧਰਮ ਦੀ ਆਨ ਤੇ ਸਾਨ ਲਈ ਹੱਸ ਚਰਖੜੀਆਂ ਤੇ ਚੜਦੇ ਰਹੇ । ਪਾਵਨ ਗੁਰੂਧਾਮ ਬਚਾਉਣ ਲਈ ਜੰਡਾਂ ਨਾਲ ਬੰਨੇ ਸੜਦੇ ਰਹੇ । ਹਿੱਕਾ ਵਿੱਚ ਗੋਲੀਆਂ ਖਾਂਕੇ ਵੀੇ ਹੱਸ ਹੱਸ ਕੇ ਮੌਤ ਨੂੰ ਵਰਦੇ ਰਹੇ । ਐਮ,ਏ ਪਰ ਝੁੱਕਣਾ ਸਿਖਿਆ ਨਾ ਹੱਕਾਂ ਦੀ ਖਾਤਰ ਅੱੜਦੇ ਰਹੇ ।

ਖਾਲੀ ਆਇਆ, ਖਾਲੀ ਜਾਣਾ

ਖਾਲੀ ਆਇਆ, ਖਾਲੀ ਜਾਣਾ ,ਜੱਗ ਤੇ ਪੱਕਾ ਨਹੀਂ ਟਿਕਾਣਾ ਛੱਡਦੇ ਹੱਕ ਦੂਜਿਆਂ ਦਾ ਖਾਣਾ ਹੱਥੀ ਕਿਰਤ ਕਮਾਲੈ ਬੰਦਿਆ ਪੜ ਸਤਿਗੁਰ ਦੀ ਬਾਣੀ ਜੀਵਨ ਸਫਲ ਬਣਾਲੈ ਤੂੰ। ਕੋਰੂ ਛੱਡ ਗਿਆ ਭਰੇ ਖਜਾਨੇ, ਲੈ ਗਿਆ ਨਾਲ ਨਹੀ ਦੋ ਆਨੇ ਕਰਦਾਕਿਉ ਬੰਦਿਆ ਬੇਈਮਾਨੇ,ਰੋਟੀ ਹੱਕ ਦੀ ਖਾਲੈ ਤੂੰ । ਬੰਦਿਆ ਪੜ ਸਤਿਗੁਰ ਦੀ ਬਾਣੀ, ਜੀਵਨ ਸਫਲ ਬਣਾਲੈ ਤੂੰ । ਮਾਇਆ ਮੱਤ ਤੇ ਪੜਦਾ ਪਾਵੇ ,ਭਾਈਆ,ਭਾਈਆ ਤਾਈਂ ਲੜਾਵੇ ਜੋ ਇਹਨੂੰ ਪੂਜੇ ਉਸੇ ਨੂੰ ਖਾਵੇ,ਮਨ ਵਿੱਚ ਗਲ ਵਸਾਲੈ ਤੂੰ । ਬੰਦਿਆ ਪੜ ਸਤਿਗੁਰ ਦੀ ਬਾਣੀ ,ਜੀਵਨ ਸਫਲ ਬਣਾਲੈ ਤੂੰ । ਐਮ ,ਏ ਵੇਲਾ ਹੱਥ ਨੀ ਆਉਂਦਾ,ਪਿੱਛੋਂ ਬੈਠ ਬੰਦਾ ਪਛਤਾਉਂਦਾ ਕਾਹਤੋਂ ਮੰਦੇ ਕਰਮ ਕਮਾਉਂਦਾ, ਦੁੱਖੀਆਂ ਦੇ ਦਰਦ ਵੰਡਾਲੈ ਤੂੰ ਬੰਦਿਆ ਪੜ ਸਤਿਗੁਰ ਦੀ ਬਾਣੀ ,ਜੀਵਨ ਸਫਲ ਬਣਾਲੈ ਤੂੰ ।

ਮੋਤੀ ਰਾਮ ਮਹਿਰੇ ਦੀ ਸੇਵਾ

ਠੰਡੇ ਬੁਰਜ ਵਿੱਚ ਕੈਦ ਸਾਹਿਬਜਾਦਿਆਂ ਦੀ ਸੇਵਾ ਕਰਨ ਦਾ ਮਨ ਬਣਾਇਆ ਮੋਤੀ। ਦਰਸਨ ਕਰਨ ਲਈ ਗੁਜਰੀ ਮਾਤ ਜੀ ਦੇ ਵੱਲ ਬੁਰਜ ਦੇ ਚੱਲਕੇ ਆਇਆ ਮੋਤੀ। ਛੰਨਾ ਦੁੱਧ ਦਾ ਇੱਕ ਸੀ ਗਰਮ ਕਰਕੇ ਨਾਲ ਮੋਹਰਾਂ ਸੀ ਕੁੱਝ ਲਿਆਇਆ ਮੋਤੀ। ਪਹਿਰੇਦਾਰ ਨੂੰ ਮੋਹਰਾਂ ਦੀ ਦੇ ਥੈਲੀ ਅੰਦਰ ਬੁਰਜ ਦੇ ਕਦਮ ਟਿਕਾਇਆ ਮੋਤੀ। ਸਾਹਮਣੇ ਵੇਖਕੇ ਮਾਤਾ ਤੇ ਸਾਹਿਬਜਾਦੇ ਨਾਲ ਨਿਮਰਤਾ ਸੀ ਸੀਸ ਝੁਕਾਇਆ ਮੋਤੀ। ਫੇਰ ਦੁੱਧ ਗਿਲਾਸਾਂ ਦੇ ਵਿੱਚ ਪਾਕੇ ਗੁਰੂਲਾਲਾਂ ਦੇ ਤਾਈਂ ਛਕਾਇਆ ਮੋਤੀ। ਸੇਵਾ ਕਰਕੇ ਮਾਤਾ ਤੇ ਬੱਚਿਆਂ ਦੀ ਵੱਡਾ ਭਾਰੀ ਸੀ ਪੁੰਨ ਕਮਾਇਆ ਮੋਤੀ। ਪਤਾ ਲੱਗਿਆ ਜਦੋਂ ਵਜ਼ੀਰ ਖਾਂ ਨੂੰ ਗ੍ਰਿਫਤਾਰ ਕਰਕੇ ਗਿਆ ਬੁਲਾਇਆ ਮੋਤੀ। ਛੋਟੇ ਪੁੱਤਰ ਤੇ ਪਤਨੀ ਨਾਲ ਸਜਾ ਦੇਕੇ ਵਿੱਚ ਕੋਹਲੂ ਦੇ ਪੀੜ ਲੰਘਾਇਆ ਮੋਤੀ। ਹੱਸ ਹੱਸ ਸਹੀਦੀ ਪਾ ਗਿਆ ਸੀ ਨਹੀਂ ਮੌਤ ਨੂੰ ਵੇਖ ਘਬਰਾਇਆ ਮੋਤੀ। ਮੋਤੀਰਾਮ ਮਹਿਰੇ ਸੇਵਾ ਕਰ ਐਮ.ਏ ਜੀਵਨ ਹੀਰਿਆਂ ਵਾਂਗ ਚਮਕਾਇਆ ਮੋਤੀ।

ਧੰਨ ਗੁਰੂ ਨਾਨਕ

ਹੋਕਾ ਸੀ ਹੱਕ ਸੱਚ ਦਾ ਕਲਯੁੱਗ ਵਿੱਚ ਮਾਰਿਆ ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ ਜਦੋਂ ਲੁਕਾਈ ਚਾਰਾਂ ਵਰਣਾਂ ਵਿੱਚ ਵੰਡੀ ਸੀ ਧਾਰਿਆ ਜਨਮ ਗੁਰੂ ਜੀ ਵਿੱਚ ਤਲਵੰਡੀ ਸੀ ਦੁਖੀਆਂ ਦਾ ਦੁੱਖ ਵੇਖ ਨਾ ਗਿਆ ਸਹਾਰਿਆ ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ ਸੰਗ ਸੀ ਲੈ ਕੇ ਆਪਣੇ ਭਾਈ ਮਰਦਾਨੇ ਨੂੰ ਦੁਨੀਆਂ ਨੂੰ ਤਾਰਨ ਤੁਰ ਪਏ ਛੱਡਕੇ ਮੋਦੀਖਾਨੇ ਨੂੰ ਚਾਰੇ ਹੀ ਚੱਕ ਘੁੰਮ ਕੇ ਸੱਚ ਪ੍ਰਚਾਰਿਆ ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ ਸੱਜਣ ਜੇ ਠੱਗਾਂ ਤਾਈਂ ਸਾਧ ਬਣਾ ਦਿੱਤਾ ਭੂਮੀਏ ਜੇ ਚੋਰਾਂ ਨੂੰ ਮਾਰਗ ਵਿਖਾ ਦਿੱਤਾ ਤੱਪਦਾ ਕੜਾਹਾ ਕੋਡੇ ਰਾਕਸ ਦਾ ਠਾਰਿਆ ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ ਏਕੇ ਦਾ ਸਬਕ ਸਿਖਾਇਆ ਇੱਕ ਦੇ ਨਾਲ ਜੋੜਿਆ ਸਦਾ ਹੀ ਭਲਾ ਸਰਬੱਤ ਦਾ ਸਤਿਗੁਰ ਨੇ ਲੋੜਿਆ ਐਮ,ਏ ਦੇ ਗਿਆਨ ਦਾ ਛੱਟਾ ਚਾਨਣ ਖਿਲਾਰਿਆ ਧੰਨ ਗੁਰੂ ਨਾਨਕ ਲੱਖਾਂ ਡੁੱਬਦਿਆਂ ਨੂੰ ਤਾਰਿਆ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਜੀਤ ਸਿੰਘ ਐਮ. ਏ. ਸੁੰਡਰਾਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ