ਢਾਡੀ ਕਲਾ ਦੇ ਖੇਤਰ 'ਚ ਗਿਆਨੀ ਹਰਜੀਤ ਸਿੰਘ ਐਮ. ਏ. ਦੇ ਢਾਡੀ ਜਥੇ ਦਾ ਨਾਂਅ ਬੜੇ
ਹੀ ਫਖ਼ਰ ਨਾਲ ਲਿਆ ਜਾਂਦਾ ਹੈ। ਜਥੇ ਦੇ ਮੋਹਰੀ ਗਿਆਨੀ ਹਰਜੀਤ ਸਿੰਘ ਐਮ. ਏ. ਦਾ
ਜਨਮ 16 ਜੂਨ 1980 ਨੂੰ ਉੱਘੇ ਢਾਡੀ ਪਿਤਾ ਗਿਆਨੀ ਬਲਦੇਵ ਸਿੰਘ ਦਰਦੀ ਦੇ ਘਰ
ਮਾਤਾ ਸ੍ਰੀਮਤੀ ਨੇਥ ਕੌਰ ਦੀ ਕੁੱਖੋਂ ਜ਼ਿਲ੍ਹਾ ਐਸ. ਏ. ਐਸ. ਨਗਰ ਮੁਹਾਲੀ ਦੀ ਤਹਿਸੀਲ
ਡੇਰਾਬਸੀ 'ਚ ਪੈਂਦੇ ਪਿੰਡ ਸੁੰਡਰਾਂ ਵਿਖੇ ਹੋਇਆ। ਉਨ੍ਹਾਂ ਦਸਵੀਂ ਪੱਧਰ ਤੱਕ ਵਿੱਦਿਆ
ਸਰਕਾਰੀ ਹਾਈ ਸਕੂਲ ਪੰਡਵਾਲਾ ਤੋਂ, ਬਾਰ੍ਹਵੀਂ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ
ਤੋਂ, ਬੀ. ਏ. ਸਰਕਾਰੀ ਕਾਲਜ ਡੇਰਾਬਸੀ ਤੋਂ ਅਤੇ ਐਮ. ਏ. ਪੰਜਾਬ ਯੂਨੀਵਰਸਿਟੀ
ਚੰਡੀਗੜ੍ਹ ਤੋਂ ਬੀ ਐਡ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਪ੍ਰਾਪਤ ਕੀਤੀ। ਕਾਲਜ 'ਚ
ਪੜ੍ਹਦਿਆਂ ਯੁਵਕ ਮੇਲਿਆਂ 'ਚ ਵਾਰ ਗਾਇਨ ਅਤੇ ਲੋਕ ਸਾਜ਼ ਮੁਕਾਬਲਿਆਂ 'ਚ ਕਈ
ਇਨਾਮ ਹਾਸਲ ਕੀਤੇ। ਗਿਆਨੀ ਹਰਜੀਤ ਸਿੰਘ ਨੂੰ ਢਾਡੀ ਕਲਾ ਦਾ ਸ਼ੌਕ ਵਿਰਸੇ 'ਚ ਹੀ
ਨਸੀਬ ਹੋਇਆ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸ: ਬਲਦੇਵ ਸਿੰਘ ਦਰਦੀ ਇਕ ਉੱਚਕੋਟੀ ਦੇ
ਢਾਡੀ ਰਹੇ ਹਨ। ਆਪਣੇ ਪਿਤਾ ਗਿਆਨੀ ਬਲਦੇਵ ਸਿੰਘ ਦਰਦੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ
ਢਾਡੀ ਕਲਾ 'ਚ ਪ੍ਰਵੇਸ਼ ਕੀਤਾ ਅਤੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ 1996 'ਚ ਆਪਣਾ
ਢਾਡੀ ਜਥਾ ਕਾਇਮ ਕੀਤਾ।
ਹਰਜੀਤ ਸਿੰਘ ਨੇ ਬਹੁਤਾ ਸਮਾਂ ਇਤਿਹਾਸ ਖੋਜਣ ਅਤੇ ਢਾਡੀ ਵਾਰਾਂ ਲਿਖਣ ਵਿਚ
ਲਗਾਇਆ ਅਤੇ ਇਤਿਹਾਸ ਦੀ ਖੋਜ ਬਾਬਤ ਹਰ ਇਕ ਵਿਦਵਾਨ ਦੀ ਪੁਸਤਕ ਨੂੰ ਧਿਆਨ
ਪੜ੍ਹਿਆਂ ਚਾਰ ਜੰਗਾਂ, 'ਗੁਰੂ ਬਹਾਦਰ ਸਾਹਿਬ ਜੀ ਦੀ ਸ਼ਹੀਦੀ', 'ਗੁਰੂ ਹਰਗੋਬਿੰਦ ਜੀ ਦੇ
ਜਨਮ ਤੋਂ ਲੈ ਕੇ ਜੋਤੀ ਜੋਤਿ ਸਮਾਓਣ ਸਬੰਧੀ', 'ਭਗਤ ਰਵਿਦਾਸ ਜੀ', 'ਭਗਤ ਕਬੀਰ
ਜੀ', 'ਬੰਦਾ ਸਿੰਘ ਬਹਾਦਰ', 'ਰਣਜੀਤ ਸਿੰਘ' ਆਦਿ ਵਿਸ਼ੇਸ਼ ਜ਼ਿਕਰਯੋਗ ਹਨ। ਉਨ੍ਹਾਂ ਨੇ
ਜ਼ਿਆਦਾਤਰ ਕਵਿਤਾਵਾਂ ਬੈਂਤ ਛੰਦ, ਕਬਿੱਤ, ਸਾਕਾ, ਝੋਕ ਕਰੜਾ ਛੰਦਾਂ ਵਿਚ ਰਚੀਆਂ
ਹਨ। ਗਿਆਨੀ ਹਰਜੀਤ ਸਿੰਘ ਦੇ ਢਾਡੀ ਜਥੇ 'ਚ ਢਾਡੀ ਭਾਈ ਦਲਬੀਰ ਸਿੰਘ ਦਰਦੀ
ਢੱਡ ਕਲਾ 'ਚ ਨਿਪੁੰਨ ਹੈ, ਢਾਡੀ ਭਾਈ ਕੁਲਵਿੰਦਰ ਸਿੰਘ ਕਮਲ ਸੰਗੀਤਕ ਕਲਾ 'ਚ
ਮਾਹਿਰ ਹੈ ਅਤੇ ਸਾਰੰਗੀ ਮਾਸਟਰ ਭਾਈ ਜਸਵੀਰ ਸਿੰਘ ਸਾਰੰਗੀ ਕਲਾ 'ਚ ਖੂਬ ਮੁਹਾਰਤ
ਰੱਖਦੇ ਹਨ। ਗਿਆਨੀ ਹਰਜੀਤ ਸਿੰਘ ਨਾਲ-ਨਾਲ ਲਾਰਡ ਮਹਾਂਵੀਰ ਜੈਨ ਸੀਨੀਅਰ
ਸੈਕੰਡਰੀ ਸਕੂਲ ਡੇਰਾਬੱਸੀ ਵਿਖੇ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾਅ ਰਿਹਾ ਹੈ।
ਉਨ੍ਹਾਂ ਦੀ ਸੋਚ ਹੈ ਕਿ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਚੰਗੀ ਖੋਜ ਕਰਕੇ ਸਿੱਖ
ਸੰਗਤਾਂ ਸਾਹਮਣੇ ਪੇਸ਼ ਕੀਤੀ ਜਾਵੇ। ਗਿਆਨੀ ਹਰਜੀਤ ਸਿੰਘ ਦਾ ਢਾਡੀ ਜਥਾ ਭਾਰਤ ਦੇ
ਵੱਖ-ਵੱਖ ਕੋਨਿਆਂ 'ਚ ਢਾਡੀ ਕਲਾ ਦੀਆਂ ਖੁਸ਼ਬੋਆਂ ਨੂੰ ਬਿਖੇਰ ਚੁੱਕਾ ਹੈ। ਢਾਡੀ ਕਲਾ ਦੇ
ਖੇਤਰ 'ਚ ਅਹਿਮ ਯੋਗਦਾਨ ਬਦਲੇ ਭਾਈ ਹਰਜੀਤ ਸਿੰਘ ਐਮ. ਏ. ਦੇ ਢਾਡੀ ਜਥੇ ਨੂੰ
ਦਰਜਨਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।
Contact : 9464042881
- ਗੁਰਿੰਦਰ ਸਿੰਘ ਸੰਧੂਆਂ