Punjabi Poetry : Harbhajan Singh Rainu
ਪੰਜਾਬੀ ਕਵਿਤਾਵਾਂ : ਹਰਿਭਜਨ ਸਿੰਘ ਰੈਣੂ
ਗ਼ਜ਼ਲ-ਆਵਣ ਜੇ ਪਰਭਾਤਾਂ ਮੇਰੇ ਕਮਰੇ ਵਿੱਚ
ਆਵਣ ਜੇ ਪਰਭਾਤਾਂ ਮੇਰੇ ਕਮਰੇ ਵਿੱਚ ਪਾਵਣ ਪੈਰ ਸੁਗਾਤਾਂ ਮੇਰੇ ਕਮਰੇ ਵਿੱਚ ਸੰਦਲੀ ਮਹਿਕ ਖਿਲਾਰੀ ਉਸਦੇ ਸਾਹਾਂ ਨੇ ਬਖ਼ਸ਼ ਗਿਆ ਸਭ ਦਾਤਾਂ ਮੇਰੇ ਕਮਰੇ ਵਿੱਚ ਪ੍ਰੀਤ ਵਿਛਾਈ ਬਾਜ਼ੀ,ਨੈਣਾਂ ਚਾਲ ਕਰੀ ਮੈਨੂੰ ਪਾਵਣ ਮਾਤਾਂ ਮੇਰੇ ਕਮਰੇ ਵਿੱਚ ਭਾਈ, ਪੰਡਤ, ਮੁੱਲਾਂ ਪੀਵਣ ਕੱਠੇ ਹੀ ਇੱਕੋ ਹੋਵਣ ਜਾਤਾਂ ਮੇਰੇ ਕਮਰੇ ਵਿੱਚ ਰੂਪ ਕੁੜੀ ਦੇ ਸੁਪਨੇ ਕੀਕਰ ਵੇਖ ਲਵਾਂ ਖਾਲੀ ਟੀਨ ਪਰਾਤਾਂ ਮੇਰੇ ਕਮਰੇ ਵਿੱਚ ਰਗ ਰਗ ਜਾਪੇ ਰੈਣੂ ਚਾਨਣ ਘੁਲਿਆ ਹੈ ਕਿਸ ਮਾਰੀਆਂ ਝਾਤਾਂ ਮੇਰੇ ਕਮਰੇ ਵਿੱਚ
ਗ਼ਜ਼ਲ-ਜਿਉਂ ਪਪੀਹਾ ਤਰਸਦਾ ਹੈ
ਜਿਉਂ ਪਪੀਹਾ ਤਰਸਦਾ ਹੈ ਇੱਕ ਕਣੀ ਦੇ ਵਾਸਤੇ ਨੈਣ ਤੈਨੂੰ ਤਰਸਦੇ ਨੇ ਤੱਕਣੀ ਦੇ ਵਾਸਤੇ ਕੀ ਵਫ਼ਾ ਹੈ ਐਪਲ ਨੇ ਉਸ ਬੇਵਫਾ ਦੇ ਕੌਲ ਨੇ ਪਰ ਬਹਾਨਾ ਮਿਲ ਗਿਆ ਹੈ ਦਿਨ ਕਟੀ ਦੇ ਵਾਸਤੇ ਵੇਖਿਆ ਮਹਿਫ਼ਿਲ ਚ ਤੇਰੀ ਝੂਮਦਾ ਜਾਂ ਗੈਰ ਨੂੰ ਪੈਰ ਮੇਰੇ ਮੁੜ ਪਏ ਨੇ ਫਿਰ, ਫਿਰ ਕਦੀ ਦੇ ਵਾਸਤੇ ਕੀ ਪਤਾ ਮੈਂ ਮੌਤ ਨੂੰ ਨਾ ਹੋਰ ਧੋਖਾ ਦੇ ਸਕਾਂ ਉਹ ਥੋੜ੍ਹਾ ਬਹਿ ਲਓ ਅੱਧ ਘੜੀ ਦੇ ਵਾਸਤੇ ਚੰਗਾ ਕੀਤਾ ਦੋਸਤਾਂ ਕਿ ਤੂੰ ਕਿਨਾਰਾ ਕਰ ਗਿਉਂ ਕੌਣ ਕਿਸਦਾ ਹੋ ਰਹੇ ਇਸ ਜ਼ਿੰਦਗੀ ਦੇ ਵਾਸਤੇ ਜਿੱਥੇ ਜਾ ਕੇ ਮਰ ਗਿਆ ਇਹ ਹੌਂਸਲਾ ਇਨਸਾਨ ਦਾ ਰੱਬ ਪੈਦਾ ਹੋ ਗਿਆ ਏ ਬੰਦਗੀ ਦੇ ਵਾਸਤੇ ਆਦਮੀ ਨੂੰ ਆਦਮੀ ਹੈ ਅੱਜ ਸੰਗੀਨਾਂ ਚੋਬਦਾ ਆਦਮੀ ਕੀ ਹੋ ਰਿਹਾ ਹੈ ਆਦਮੀ ਦੇ ਵਾਸਤੇ ਕਤਲ ਮੈਨੂੰ ਕੀ ਕਰੋਗੇ ਹੈ ਜ਼ਮਾਨੇ ਵਾਲਿਓ ਅਣਖ ਮੇਰੀ ਤੇਗ਼ ਹੈ ਖੁਦ ਖੁਦਕੁਸ਼ੀ ਦੇ ਵਾਸਤੇ
ਗ਼ਜ਼ਲ-ਯਾਰ ਜਦੋਂ ਦਾ ਵੇਖਣ ਲੱਗੈ ਹੋਰ ਤਰ੍ਹਾਂ
ਯਾਰ ਜਦੋਂ ਦਾ ਵੇਖਣ ਲੱਗੈ ਹੋਰ ਤਰ੍ਹਾਂ ਮੈਂ ਆਪੇ ਤੋਂ ਲੁਕਿਆ ਫਿਰਨਾਂ ਚੋਰ ਤਰ੍ਹਾਂ ਮੈਂ ਸੁਪਨੇ ਨੂੰ ਫੜ੍ਹ-ਫੜ੍ਹ ਗਗਨੀਂ ਉਡਦਾ ਸਾਂ ਕੱਚੀ ਨੀਂਦਰ ਟੁੱਟੀ ਕੱਚੀ ਡੋਰ ਤਰ੍ਹਾਂ ਮੈਂ ਜੰਗਲ ਵਿੱਚ ਬਾਤਾਂ ਪਾ ਪਾ ਹਾਰ ਗਿਆਂ ਚੁੱਪੀ ਮੈਨੂੰ ਪਾਗਲ ਕੀਤੈ ਸ਼ੋਰ ਤਰ੍ਹਾਂ ਚੋਰ ਨਿਗਾਹਾਂ ਮੇਰਾ ਚਿਹਰਾ ਕੀ ਪੜਨਾ ਮੈਂ ਲੱਗਾਂਗਾ ਸ਼ੀਸ਼ੇ ਦੀ ਲਿਸ਼ਕੋਰ ਤਰ੍ਹਾਂ ਸੋਚਾਂ ਅੰਦਰ ਯਾਦ ਕਥੂਰੀ ਮਹਿਕੀ ਏ ਬਿਰਹਾ ਮੈਨੂੰ ਕੀਲੀ ਜਾਂਦੈ ਲੋਰ ਤਰ੍ਹਾਂ ਮੇਰੀ ਕਵਿਤਾ ਦੱਸਾਂ ਕਿਸ ਥਾਂ ਗੁੰਮੀ ਏ ਭੀੜਾਂ ਚੌਂਕ ਚ ਮਿੱਧੀ ਹੈ ਕਮਜ਼ੋਰ ਤਰ੍ਹਾਂ ਮੇਰੇ ਦਿਲ ਦਾ ਮਾਰੂਥਲ ਵੀ ਮੌਲ ਪਵੇ ਜੇ ਤੂੰ ਵੱਸੇਂ ਸਾਵਣ ਦੀ ਘਨਘੋਰ ਤਰ੍ਹਾਂ ਇਸ ਬਸਤੀ ਚੋਂ ਕਿੰਜ ਬਚਾ ਕੇ ਲੰਘਾਂ ਮੈਂ ਜੋ ਮਿਲਦਾ ਹੈ, ਮਿਲਦੈ ਆਦਮ-ਖੋਰ ਤਰ੍ਹਾਂ ਰੈਣੂ ਤਾਈਂ ਭਾਰ ਉਡਾਈ ਫਿਰਦੇ ਨੇ ਜੋ ਤੁਰਦਾ ਸੀ ਨਿੱਤ ਸਾਗਰ ਦੀ ਤੋਰ ਤਰ੍ਹਾਂ
ਗ਼ਜ਼ਲ-ਨੇਰਿਆਂ ਨੂੰ ਨੇਜ਼ਿਆਂ ਤੇ ਟੰਗ ਕੇ
ਨੇਰਿਆਂ ਨੂੰ ਨੇਜ਼ਿਆਂ ਤੇ ਟੰਗ ਕੇ ਪਰਤਿਆ ਦਿਨ ਰਾਤ ਦਾ ਮੂੰਹ ਰੰਗ ਕੇ ਮੌਤ ਦੇ ਮੱਥੇ ਤਰੇਲੀ ਆ ਗਈ ਆਸ਼ਕਾਂ ਦੇ ਸਬਰ ਪਿੰਡੇ ਡੰਗ ਕੇ ਲਈ ਰਿਹਾ ਹੈ ਨਾਂ ਸ਼ੁਦਾਈ ਆਪਦਾ ਗੁਜ਼ਰਦੀ ਹੈ ਪੌਣ ਜਿਸ ਤੋਂ ਸੰਗ ਕੇ ਮਿਲ ਗਿਆ ਗਮ ਮਿਲ ਗਿਆ ਹੈ ਦੋਸਤੋ ਕੀ ਲਵਾਂ ਮੈਂ ਹੁਣ ਖ਼ੁਦਾ ਨੂੰ ਮੰਗ ਕੇ ਵਕਤ ਦਾ ਕਿਸ ਨੇ ਦੁਸ਼ਾਸਨ ਮਾਰਨੈ ਹੋ ਗਈ ਜੇ ਅਣਖ ਖੁੰਡੀ ਜੰਗ ਕੇ
ਮੈਂ ਕਦ ਕਿਹਾ ਹੈ
ਮੈਂ ਕਦ ਕਿਹਾ ਹੈ ਮੇਰੇ ਨਾਲ ਤੁਰੋ ਬਣਾ ਕੇ ਕਾਫ਼ਲਾ ਤੁਰ ਤਾਂ ਮੈਂ ਹੀ ਪਵਾਂਗਾ ਤੁਹਾਡੇ ਨਾਲ ਪਰ ਇਹ ਤਾਂ ਦੱਸੋ ਤੁਸਾਂ ਹਨੇਰਾ ਚੀਰ ਕੇ ਪਾਰ ਕਰਨਾ ਹੈ ਜਾਂ ਹਨੇਰੇ ਵਲ ਹੀ ਜਾਣਾ ਹੈ। ਜੇ ਹਨੇਰਾ ਪਾਰ ਕਰਨਾ ਹੈ ਤਾਂ ਮੈਂ ਮਸ਼ਾਲ ਜਗਾ ਲਵਾਂ ਕੁਝ ਗੀਤਾਂ ਦੀਆਂ ਧੁਨਾਂ ਬਣਾ ਲਵਾਂ ਤੀਰਾਂ ਦੀਆਂ ਮੁਖੀਆਂ ਲਵਾ ਲਵਾਂ। ਜੇ ਹਨੇਰੇ ਵੱਲ ਹੀ ਜਾਣਾ ਹੈ ਤਾਂ ਤੁਹਾਡੇ ਕਿਸ ਕੰਮ ਮੈਂ ਤੇ ਮੇਰੀ ਮਸ਼ਾਲ ਮੇਰਿਆਂ ਗੀਤਾਂ ਦੀ ਤਾਲ। ਮੈਂ ਕਦ ਕਿਹਾ ਹੈ ਮੇਰੇ ਨਾਲ ਤੁਰੋ!
ਕਦੋਂ ਦਾ ਕਹਿੰਦਾ ਹੁੰਦਾ ਸੀ
ਕਦੋਂ ਦਾ ਕਹਿੰਦਾ ਹੁੰਦਾ ਸੀ 'ਸੁਕਰਾਤ ਨੂੰ ਮਿਲਣ ਜਾਣੈ ,' ਸੁਕਰਾਤ ਨੂੰ ਮਿਲਣ ਜਾਣੈ ਤੇ ਰਾਤੀਂ ਉਸ ਨੂੰ ਨਾ ਮਿਲਣ ਦਾ ਜੁਆਬ ਮਿਲ ਗਿਐ। ਮੇਰੀ ਹੱਕ ਦੀ ਆਵਾਜ਼ ਵਿੱਚ ਸ਼ਾਮਿਲ ਸੀ ਸ਼ਿਬਲੀ ਦੀ ਆਵਾਜ਼ ਤੇ ਪੱਥਰ ਮਾਰਦੀ ਭੀੜ ਵਿੱਚ ਸ਼ਿਬਲੀ ਵੀ ਸ਼ਾਮਿਲ ਰਿਹਾ ਵਿਹੁ ਪਿਆਲਾ ਮੈਨੂੰ ਕੱਲਿਆਂ ਪੀਣਾ ਪਿਆ। ਯਾਰ ਸਿੱਖ ਗਏ ਨੇ ਲੋਕਾਚਾਰ । ਹੁਣ ਮੈਂ ਆਪਣੇ ਸੱਚ ਦੇ ਰੂਬਰੂ ਹਾਂ ਹੋ ਰਹੇ ਨੇ ਸੁਆਲ ਜੁਆਬ। ਕਿਵੇਂ ਮਿਟੇਗਾ ਅਗਿਆਨ ਦਾ ਅੰਧਕਾਰ
ਕਵਿਤਾ ਤਾਂ ਹੁੰਦੀ ਹੈ ਕਵਿਤਾ
ਕਵਿਤਾ ਤਾਂ ਹੁੰਦੀ ਹੈ ਕਵਿਤਾ ਲਿਖੇ ਜਾਣ ਤੋਂ ਪਹਿਲਾਂ.... ਕਤਰੇ ਵੇਤਰੇ ਸ਼ਬਦ ਤਾਂ ਬਣਦੇ ਉਸਦਾ ਲਿਬਾਸ ਜਿਸ ਤੋਂ ਹੋਵੇ ਇਹੋ ਅਹਿਸਾਸ ਇੱਥੇ ਜਿਹੇ ਕਵਿਤਾ ਹੈ ਬਿਰਾਜਮਾਨ। ਅਸੀਂ ਉਸਦੇ ਖ਼ਿਆਲ ਨਾਲ ਆਪਣੇ ਆਪ ਸੁਰ ਕਰਦੇ ਹਾਂ ਜਿੰਨਾ ਕੁ ਸੁਰ ਕਰਦੇ ਹਾਂ ਕਰ ਲੈਂਦੇ ਹਾਂ ਕਵਿਤਾ ਸਾਖਿਆਤ ਪਰ ਦਰਦ ਦਾ ਕਦੋਂ ਹੋਇਐ! ਮੁਕੰਮਲ ਬਿਆਨ ਕਵਿਤਾ ਤਾਂ ਹੁੰਦੀ ਹੈ ਹੂਕ ਤੇ ਹੂਕ ਕਦੋਂ ਧਾਰੇ ਸਗਵਾਂ ਸ਼ਬਦਾਕਾਰ? ਤੇ ਅਣਕਹੇ ਦਾ ਕੌਣ ਕਰ ਸਕੇ? ਅਰਥ ਸਾਰ ਅਨੁਵਾਦ ਬੰਨ੍ਹ ਬੰਨ੍ਹ ਮਿੱਥਕ, ਰੂਪਕ, ਅਲੰਕਾਰ ਕਵਿਤਾ ਤਾਂ ਹੁੰਦੀ ਹੈ ਲਿਖੇ ਜਾਣ ਤੋਂ ਪਹਿਲਾਂ ਤੇ ਜਿਸਨੂੰ ਅਸੀਂ ਤੁਸੀਂ ਲਿਖਣ ਲਗਦੇ ਹਾਂ ਵਾਰ ਵਾਰ ਨਵੇਂ ਤਰ੍ਹਾਂ
ਤੂੰ ਕਬੀਰ ਨਾ ਬਣੀਂ
ਤੂੰ ਕਬੀਰ ਨਾ ਬਣੀਂ ਜਦੋਂ ਮੇਰੇ ਦੋਸਤ ਮੈਨੂੰ ਕਬੀਰ ਬਣਾ ਰਹੇ ਸਨ। ਮੈਂ ਪੈਦਲਾਂ ਦੇ ਜ਼ੋਰ ਤੇ ਮਿਲਦੀ ਊਠਾਂ ਦੀ ਸ਼ਹ-ਮਾਤ ਬਚਾ ਰਿਹਾ ਸਾਂ ਘੋੜੇ ਦੌੜਾ ਰਿਹਾ ਸਾਂ ਤਦੇ ਅੰਦਰ ਬੈਠਾ ਕਬੀਰ ਕਹਿ ਰਿਹਾ ਸੀ ਤੂੰ ਕਬੀਰ ਨਾ ਬਣੀਂ। ਇਹ ਅੱਖਰਾਂ ਗੋਟੀਆਂ ਦੀ ਖੇਡ ਛੱਡ ਤੇ ਮੇਰੇ ਨਾਲ ਤਾਣਾ ਪੁਆ ਖ਼ਿਆਲ ਕਰ ਘਰ ਦਾ ਡੰਗ ਟਪਾਉਂਦੀ ਲੋਈ ਦਾ ਕਮਾਲੇ ਨੂੰ ਕਿਸੇ ਆਹਰੇ ਲਾ ਧੂਣੀਆਂ ਤੇ ਫ਼ਿਰਦੈ ਉਸਨੂੰ ਹਟਾ। ਕਬੀਰ ਬਣੇਂਗਾ ਤਾਂ ਲੋਕ ਆਖਣਗੇ। ਗੰਗਾ ਘਾਟ ਮਿਲਿਆ ਗੁਮਨਾਮ ਵਿਧਵਾ ਬਾਹਮਣੀ ਦਾ ਬੇਵਾਰਸਾ ਹੈ ਨੀਰੂ ਮੁਸਲਮਾਨ ਘਰ ਪਲਿਆ ਕਬੀਰ ਜੁਲਾਹਾ ਹੈ ਨ੍ਹੇਰੇ 'ਚ ਪਏ ਨੂੰ ਸਾਡੇ ਗੁਰੂ ਜੀ ਪੈਰ ਲਾਕੇ ਰੁਸ਼ਨਾਇਆ ਹੈ। ਦਿਨੇਂ ਉਣਦਾ ਤੇ ਗਾਉਂਦੈ ਰਾਤੀਂ ਜਾਗਦਾ ਤੇ ਰੌਂਦੈ ਦਿਲ ਆਈਆਂ ਆਖ਼ਦਾ ਹੈ ਮੂੰਹ ਆਈਆਂ ਮਾਰਦਾ ਹੈ ਕਾਸ਼ੀਓਂ ਨਿਕਲ ਮਗਹਰ ਵੱਲ ਆਇਐ ਕਿਤੋਂ ਦੀ ਮਿੱਟੀ ਕਿਤੇ ਚੁੱਕ ਲਿਆਇਐ ਰਾਮ ਰਹੀਮ ਇਕ ਅੰਦਰ ਉਚਾਰੇ ਢਾਈ ਅੱਖਰ ਪੜ੍ਹੇ ਨੇ ਵਿਚਾਰੇ। ਤੂੰ ਕਬੀਰ ਨਾ ਬਣੀਂ। ਮੈਂ ਹੌਲੀ ਜੇਹੀ ਕਿਹਾ ਤਾਣਾ ਤਾਂ ਮੈਂ ਵੀ ਪਾਉਨਾਂ ਚਾਦਰ ਤਾਂ ਮੈਂ ਵੀ ਉਣਨਾਂ। ਪਰ ਜੇ ਸਿੰਹ ਬਕਰੀ ਨੂੰ ਖਾਈ ਜਾਣ ਮੰਦਰ ਮਸੀਤ ਲੜਾਈ ਜਾਣ ਕਿਸੇ ਕਮਾਲੇ ਦੇ ਹਿੱਸੇ ਚਰਖਾ-ਸੂਤਰ ਨਾ ਦਿੱਸੇ ਲਹੂ -ਧੱਬੇ ਧੋਂਦਿਆਂ ਪੂੰਝਦਿਆਂ ਕਾਲਖ-ਮਿੱਟੀ ਹੂੰਝਦਿਆਂ ਹੱਥ ਕਲਖਾਏ ਜਾਣ ਤਾਂ ਮੈਂ ਕੀ ਕਰਾਂ। ਮੈਥੋਂ ਚਾਦਰ ਰੱਖੀ ਨਹੀਂ ਜਾਂਦੀ ਜਿਓਂ ਦੀ ਤਿਉਂ। ਤੇ ਮੈਨੂੰ ਜਾਪਿਆ ਉਹ ਵੀ ਅੰਦਰੋਂ ਸੋਚ ਰਿਹਾ ਸੀ ਕਬੀਰ ਨੂੰ ਕਿਸ ਕਿਹਾ ਸੀ ਕਬੀਰ ਬਣ ! ਕਬੀਰ ਬਣ !!
ਇਕਲਵਯ ਹੋਰ
ਮੇਰਿਆਂ ਦੋ ਕੁ ਤੀਰਾਂ ਨਾਲ ਕੁੱਤੇ ਦਾ ਮੂੰਹ ਸਿਉਂਤਾ ਵੇਖ ਯੁੱਧ ਗੁਰੂ ਦਰੋਣਾਚਾਰੀਆ ਜੀ ਨੇ ਪੁੱਛਿਆ ਤੂੰ ਕੌਣ ਹੈਂ? ਮੈਂ ਕਿਹਾ ਭੀਲ ਪੁੱਤਰ ਪਾਂਡਵ ਗੁਰੂ, ਜਾਣਨਾ ਚਾਹਿਆ, ਅਨੋਖੀ ਸ਼ਸਤਰ ਕਲਾ ਕਿਸ ਤੋਂ ਸਿੱਖੀ ਹੈ? ਮੈਂ ਕਿਹਾ ਤੁਹਾਥੋਂ ਹੀ ਗੁਰਦੇਵ ਤੁਹਾਡੀ ਕਿਰਪਾ ਨਾਲ। ਕੁਲੀਨ ਗੁਰੂ ਕ੍ਰੋਧੇ, ਤੂੰ ਨਖਿੱਧ ਹੈਂ, ਮਿਥਿਆ ਬੋਲਦਾ ਹੈਂ, ਅਛੂਤ - ਸਿੱਖਿਆ ਸਾਡੀ ਸੰਸਕ੍ਰਿਤੀ ਦਾ ਵਿਧਾਨ ਨਹੀਂ ਮੈਂ ਕਿਹਾ, ਤੁਹਾਡੀ ਮੂਰਤੀ, ਪ੍ਰਮਾਣ ਹੈ,ਗੁਰਦੇਵ। ਆਚਾਰੀਆਂ ਗੰਭੀਰ ਹੋਏ ਵਿਯੂਹ ਵਿਛਾਇਆ ਗੁਰੂ ਮੰਨਦਾ ਹੈ ਤਾਂ ਗੁਰਦਛਨਾ ਦੇ ਵਿਦਿਆ ਮੁੱਲ ਤਾਰ? ਮੈਂ ਕਿਹਾ, ਉਹ ਇਕਲਵਯ ਅੰਗੂਠਾ ਕਟਾਈ ਰਣਭੂਮੀ ਤੋਂ ਬਾਹਰ ਬੈਠਾ ਹੈ, ਗੁਰਦੇਵ। ਹੁਣ ਖੱਬੇ ਨਾਲ ਅਭਿਆਸ ਕਰਦਾ ਹੈ ਮੈਂ ਤੇ ਉਸਦਾ ਅਤੀਤ ਹਾਂ ,ਗੁਰਦੇਵ।