Punjabi Poetry : Harbhajan Singh Komal

ਪੰਜਾਬੀ ਗ਼ਜ਼ਲਾਂ : ਹਰਭਜਨ ਸਿੰਘ ਕੋਮਲ


ਕੌਣ ਕਹੇ ਰਾਤਾਂ ਨੂੰ ਸੂਰਜ ਮਰਦੇ ਹਨ

ਕੌਣ ਕਹੇ ਰਾਤਾਂ ਨੂੰ ਸੂਰਜ ਮਰਦੇ ਹਨ ਸੂਰਜ ਤਾਂ ਰਾਤੀਂ ਵੀ ਚਾਨਣ ਕਰਦੇ ਹਨ ਲਹਿਰਾਂ ਚੇਤਨ ਹੋਣ ਤਾਂ ਕੌਣ ਚੁਰਾ ਸਕਦੈ ਚੋਰ ਤਾਂ ਉੱਚਿਆਂ ਸਾਹਾਂ ਤੋਂ ਵੀ ਡਰਦੇ ਹਨ ਜਿਵੇਂ ਕਿਵੇਂ ਵੀ ਦੁਨੀਆਂ ਰੌਸ਼ਨ ਹੋ ਜਾਏ ਜੁਗਨੂੰ ਰਾਤਾਂ ਦੇ ਗਲ ਲੱਗ ਕੇ ਮਰਦੇ ਹਨ ਸਿਖ਼ਰ ਦੁਪਹਿਰੇ ਨ੍ਹੇਰੀ ਰਾਤ ਦੀਆਂ ਬਾਤਾਂ ਕੇਵਲ ਕਬਰਾਂ ਵਾਲੇ ਕਰਿਆ ਕਰਦੇ ਹਨ ਆਪਣੇ ਪਿੱਛੇ ਰੰਗ ਛੱਡਦੈ ਮਹਿੰਦੀ ਦਾ ਜਿਹੜਾ ਵੀ ਉਹ ਪੈਰ ਜ਼ਮੀਂ 'ਤੇ ਧਰਦੇ ਹਨ ਚਿੱਟੇ ਰੰਗ ਦਾ ਟੇਪਾ ਕਾਲੀ ਕੈਨਵਸ 'ਤੇ ਇੰਜ ਵੀ ਲੋਕ ਭਵਿੱਖਤ ਦਾ ਰੰਗ ਭਰਦੇ ਹਨ ਕੋਮਲ ਭਰੇ ਗਲੇਡੂ ਕੋਈ ਕਿਰਨ ਜਦੋਂ ਕਿਰਨਾਂ ਵਾਲੇ ਲਹੂ ਦੇ ਸਾਗਰ ਤਰਦੇ ਹਨ

ਉਦ੍ਹੀ ਗਰਮੀ ਸਹਾਰਾਂਗਾ ਤੇ ਪਾਲੇ ਠਰ ਲਵਾਂਗਾ ਮੈਂ

ਉਦ੍ਹੀ ਗਰਮੀ ਸਹਾਰਾਂਗਾ ਤੇ ਪਾਲੇ ਠਰ ਲਵਾਂਗਾ ਮੈਂ ਮਕਾਨਾਂ ਤੋਂ ਮਗਰ ਅੱਡਰਾ ਹੀ ਕੋਈ ਘਰ ਲਵਾਂਗਾ ਮੈਂ ਇਹ ਅੰਧ ਵਿਸ਼ਵਾਸ ਦਾ ਸਾਗਰ ਬੜਾ ਬੇਅੰਤ ਹੈ ਤਾਂ ਕੀ ਫ਼ਕਤ ਵਿਗਿਆਨ ਦੇ ਹੀ ਆਸਰੇ ਤੇ ਤਰ ਲਵਾਂਗਾ ਮੈਂ ਉਦ੍ਹੀ ਪੂਜਾ ਮੈਂ ਕੀਤੀ ਕਿ ਮਿਲੇ ਨਾ ਕੋਈ ਸਰਾਪ ਉਸ ਤੋਂ ਮਿਰੀ ਲੋਚਾ ਨਾ ਸੀ ਕਿ ਉਸ ਤੋਂ ਕੋਈ ਵਰ ਲਵਾਂਗਾ ਮੈਂ ਉਦ੍ਹੇ ਸੀਨੇ ਦੇ ਖ਼ੰਜਰ ਨੂੰ ਮੈਂ ਕੱਢਣੋਂ ਰਹਿ ਨਹੀਂ ਸਕਿਆ ਪਤਾ ਵੀ ਸੀ ਕਿ ਇਉਂ ਇਲਜ਼ਾਮ ਆਪਣੇ ਸਰ ਲਵਾਂਗਾ ਮੈਂ ਮੇਰੇ ਤੋਂ ਸ਼ਿਅਰ ਦੀ ਰੂਹ ਦਾ ਕਤਲ ਹੀ ਜਰ ਨਹੀਂ ਹੋਣਾ ਕਿ ਉਸਦੇ ਰੂਪ ਤੇ ਛਿਲਤਰ ਚੁਭੀ ਤਾਂ ਜਰ ਲਵਾਂਗਾ ਮੈਂ ਅਸਾਡੇ ਦਰਦ ਦੀ ਇੱਕੋ ਦਵਾ ਹੁਣ ਜੀਵੀਏ ਰਲ ਕੇ ਤੁਸੀਂ ਹਰਨਾ ਮੇਰੀ ਪੀੜਾ ਤੁਹਾਡੀ ਹਰ ਲਵਾਂਗਾ ਮੈਂ ਤੁਸੀਂ ਜੇ ਬਹੁਤ ਕੋਮਲ ਹੋ ਤੁਸੀਂ ਨਖਰੇ ਉਠਾ ਲੈਣਾ ਤੇ ਬਾਕੀ ਬੋਝ ਕੰਧੇ ਆਪਣੇ 'ਤੇ ਧਰ ਲਵਾਂਗਾ ਮੈਂ

ਸਾਡੇ ਵੱਲੋਂ ਜਮਾਹ ਕਰੇ ਤਫ਼ਰੀਕ ਕਰੇ

ਸਾਡੇ ਵੱਲੋਂ ਜਮਾਹ ਕਰੇ ਤਫ਼ਰੀਕ ਕਰੇ ਐਪਰ ਸਾਡੇ ਸਾਰੇ ਮਸਲੇ ਠੀਕ ਕਰੇ ਛੇਤੀ ਛੇਤੀ ਰਾਤ ਢਲੇ ਤੇ ਦਿਨ ਆਵੇ ਧਰਤੀ ਨੂੰ ਕਹੁ ਆਪਣੀ ਚਾਲ ਵਧੀਕ ਕਰੇ ਦਿਸਹੱਦੇ ਤੋਂ ਅੱਗੇ ਵੀ ਹੈ ਦਿਸਹੱਦਾ ਤੇਰਾ ਪਿੱਛਾ ਕੋਈ ਕਿਥੋਂ ਤੀਕ ਕਰੇ ਗ਼ਜ਼ਲ ਦੀਆਂ ਅੱਖਾਂ ਨੇ ਬੜੀਆਂ ਨਾਜ਼ੁਕ ਨੇ ਉਹਨੂੰ ਆਖੋ ਸੁਰਮਾ ਹੋਰ ਬਰੀਕ ਕਰੇ ਸਾਡੀ ਸਾਰੀ ਉਮਰ ਸੰਘਰਸ਼ਾਂ ਵਿਚ ਲੰਘੀ ਇਹਦੀ ਵੀ ਉਹ ਪੈਸੇ ਲੈ ਤਸਦੀਕ ਕਰੇ ਰੱਬ ਦਾ ਅਪਨਾ ਘਰ ਹੀ ਢੱਠਿਆ ਫਿਰਦਾ ਹੈ ਮੇਰੀ ਦੁਨੀਆਂ ਨੂੰ ਕਿੱਦਾਂ ਰਮਨੀਕ ਕਰੇ ਪੱਥਰਾਂ ਦੀ ਨਗਰੀ 'ਚੋਂ ਕੋਮਲ ਮੁੜ ਆਇਐ ਉਹਨੂੰ ਵੀ ਕੋਈ ਧੜਕਣ ਵਿਚ ਸ਼ਰੀਕ ਕਰੇ

ਇਸ਼ਕ ਦੇ ਰਾਹਾਂ 'ਚ ਭਾਵੇਂ ਜ਼ਹਿਰ ਦੇ ਸਾਗਰ ਰਹੇ

ਇਸ਼ਕ ਦੇ ਰਾਹਾਂ 'ਚ ਭਾਵੇਂ ਜ਼ਹਿਰ ਦੇ ਸਾਗਰ ਰਹੇ ਤਾਂ ਵੀ ਆਸ਼ਕ ਡੀਕ ਲਾ ਕੇ ਪੀਣ ਨੂੰ ਤਤਪਰ ਰਹੇ ਜਾਣ ਵਾਲੇ ਨੇ ਤਾਂ ਆਖਰ ਤੁਰ ਹੀ ਜਾਣੈਂ ਸਫ਼ਰ ’ਤੇ ਤਾਂ ਮਜ਼ਾ ਹੈ ਗ਼ੈਰ-ਹਾਜ਼ਰ ਵੀ ਕੋਈ ਹਾਜ਼ਰ ਰਹੇ ਇਹ ਲੜਾਈ ਇਸ਼ਕ ਦੀ ਤੇ ਜ਼ਬਰ ਦੀ ਹੈ ਦੋਸਤੋ ਉਹ ਨਹੀਂ ਆਸ਼ਕ ਕਿ ਜੋ ਘੁਮਸਾਨ ਤੋਂ ਬਾਹਰ ਰਹੇ ਉਹ ਨਹੀਂ ਮਾਲੀ ਜੋ ਸਮਝੇ ਬਾਗ਼ ਹੈ ਮੇਰੇ ਲਈ ਬਾਗ਼ਬਾਂ ਉਹ ਹੈ ਕਿ ਜਿਹੜਾ ਬਾਗ਼ ਦੀ ਖ਼ਾਤਰ ਰਹੇ ਸਾਬਤੀ ਤੇ ਚੌਕਸੀ ਵੀ ਲੋੜ ਹੈ ਸੰਗਰਾਮ ਦੀ ਗ਼ਲਤ ਹੈ ਜੇਕਰ ਕੋਈ ਕਦਮਾਂ ’ਤੇ ਹੀ ਨਿਰਭਰ ਰਹੇ ਰੁਤਬਿਆਂ ਦੇ ਮਗਰ ਜਾਣਾ ਨਾ ਸਿਪਾਹੀ ਦਾ ਕਰਮ ਉਹ ਸਿਪਾਹੀ ਹੈ ਕਿ ਜਿੱਥੇ ਵੀ ਰਹੇ ਬਿਹਤਰ ਰਹੇ ਮਰ ਗਏ ਕੋਮਲ ਜੀਏ ਜੋ ਝੂਠ ਦੇ ਹਿੱਤਾਂ ਲਈ ਜੀ ਗਏ ਜੋ ਸੱਚ ਖ਼ਾਤਰ ਮਰਨ ਲਈ ਤਤਪਰ ਰਹੇ

ਨਾਲ ਦੇ ਘਰ ਅੱਗ ਲੱਗੀ ਜੇ ਗੁਆਂਢੀ ਸੌਣਗੇ

ਨਾਲ ਦੇ ਘਰ ਅੱਗ ਲੱਗੀ ਜੇ ਗੁਆਂਢੀ ਸੌਣਗੇ ਕੁਝ ਕੁ ਘੜੀਆਂ ਵਿੱਚ ਸ਼ੋਲ੍ਹੇ ਉਹਨਾਂ ਘਰ ਵੀ ਆਉਣਗੇ ਭੂਤਰੇ ਜੋ ਸਾਹਨ ਤਾਈਂ ਲੋਕ ਪੱਠੇ ਪਾਉਣਗੇ ਉਹਦਿਆਂ ਸਿੰਙਾਂ 'ਚ ਆਪਣੇ ਵਾਲ ਵੀ ਫਸਵਾਉਣਗੇ ਜਿਹਨਾਂ ਦੇ ਧੜ ਤੋਂ ਉਨ੍ਹਾਂ ਦੇ ਸੀਸ ਚੋਰੀ ਹੋ ਗਏ ਜੇ ਕਿਤੇ ਮਿਲ ਵੀ ਗਈ ਕਲਗ਼ੀ ਤਾਂ ਕਿੱਥੇ ਲਾਉਣਗੇ ਕੁੱਝ ਤਾਂ ਮੱਥਾ ਅਸੀਂ ਵੀ ਕੀਰਤਨ ਨੂੰ ਟੇਕਦੇ ਕੀ ਪਤਾ ਸੀ ਉਹ ਸੁਬਾਹ ਸ਼ਾਮਾਂ ਦੀ ਬਾਣੀ ਗਾਉਣਗੇ ਢਾਹ ਤਾਂ ਦਿੱਤੈ ਖੁਦਾ ਦਾ ਘਰ ਮਗਰ ਉਹ ਲੋਕ ਹੁਣ ਰੁੱਸ ਗਏ ਭਗਵਾਨ ਤਾਈਂ ਕਿਸ ਤਰ੍ਹਾਂ ਪਤਿਆਉਣਗੇ ਜੇ ਗਲੇ ਹੀ ਨਾ ਰਹੇ ਕੋਮਲ ਸਲਾਮਤ, ਫੇਰ ਦੱਸ ਭੱਜੀਆਂ ਬਾਹਾਂ ਨੂੰ ਲੋਕੀਂ ਕਿਸ ਜਗ੍ਹਾ ਲਟਕਾਉਣਗੇ।

ਝਗੜੇ ਜਦੋਂ ਮੈਂ ਘਰ ਦੇ ਬਾਹਰ ਤੇ ਟਾਲਦਾ ਹਾਂ

ਝਗੜੇ ਜਦੋਂ ਮੈਂ ਘਰ ਦੇ ਬਾਹਰ ਤੇ ਟਾਲਦਾ ਹਾਂ ਓਦੋਂ ਮੈਂ ਆਪ ਅਪਨੀ ਪਗੜੀ ਉਛਾਲਦਾ ਹਾਂ ਮੇਰੇ ਖ਼ਿਆਲ ਹੀ ਤਾਂ ਪੂੰਜੀ ਨੇ ਕੋਲ ਮੇਰੇ ਮਜ਼ਹਬਾਂ ਦੇ ਚੋਰ ਤੋਂ ਮੈਂ ਪੂੰਜੀ ਸੰਭਾਲਦਾ ਹਾਂ ਬਾਬੇ ਦੇ ਬੋਲ ਸੁੱਚੇ ਬੱਚਿਆਂ ਤੋਂ ਗੁੰਮ ਗਏ ਨੇ ਲੱਭਣ ਲਈ ਮੈਂ ਸਭ ਦੇ ਹਿਰਦੇ ਹੰਗਾਲਦਾ ਹਾਂ ਇਹ ਲੋਕ ਹਰ ਬਸ਼ਰ 'ਚੋਂ ਅੱਲਾ ਦਾ ਨੂਰ ਲੱਭਣ ਇਕ ਮੈਂ ਜੋ ਹਰ ਖ਼ੁਦਾ 'ਚੋਂ ਬੰਦੇ ਨੂੰ ਭਾਲਦਾ ਹਾਂ ਮੇਰੀ ਅਮਨ ਪਸੰਦੀ ਇਹ ਗੁਲ ਖਿਲਾ ਰਹੀ ਏ ਉਹ ਰੋਜ਼ ਗਰਜਦੇ ਨੇ ਮੈਂ ਰੋਜ਼ ਟਾਲਦਾ ਹਾਂ ਦੀਵੇ ਜਗਣ ਨੂੰ ਮੇਰੇ ਵਿਹੜੇ 'ਚ ਆਣ ਬਹਿੰਦੇ ਮੈਂ ਨ੍ਹੇਰਿਆਂ 'ਚ ਕੋਈ ਜਾਂ ਤੀਲ ਬਾਲਦਾ ਹਾਂ ਹੋਇਆ ਕਦੀ ਨ ਹੋਣਾ ਉਸ ’ਤੇ ਅਸਰ ਦੁਆ ਦਾ ਕੋਮਲ ਅਜੀਬ ਹਾਂ ਮੈਂ ਪੱਥਰ ਨੂੰ ਗਾਲਦਾ ਹਾਂ

ਦੂਜੇ ਕੋਲੋਂ ਰਹੇ ਲੋਚਦੇ ਮਾਨ ਅਤੇ ਸਤਿਕਾਰ ਜਿਹਾ

ਦੂਜੇ ਕੋਲੋਂ ਰਹੇ ਲੋਚਦੇ ਮਾਨ ਅਤੇ ਸਤਿਕਾਰ ਜਿਹਾ ਭਾਵੇਂ ਸਾਡਾ ਆਪਣਾ ਆਪਾ ਸੀ ਖੁੰਢੀ ਤਲਵਾਰ ਜਿਹਾ ਨਰਕ ਸੁਰਗ ਵੀ ਵੇਖ ਲਿਆ ਹੈ, ਵੇਖ ਲਿਆ ਸੰਸਾਰ ਜਿਹਾ ਇੱਕ ਉਸਨੂੰ ਤੱਕਣਾ ਬਾਕੀ ਇਕ ਉਹਦਾ ਦਰਬਾਰ ਜਿਹਾ ਸਾਡੇ ਪੱਲੇ ਕੁਝ ਤਾਂ ਹੈ ਸੀ, ਭਾਵੇਂ ਵੋਟ ਜਿਹਾ ਹੀ ਸੀ ਕਾਸ਼ ਤੁਹਾਡੇ ਵਿਚ ਵੀ ਹੁੰਦਾ ਕੁਝ ਨਾ ਕੁਝ ਸਰਕਾਰ ਜਿਹਾ ਜਿਹੜਾ ਤੈਨੂੰ ਰੋਜ਼ ਧਿਆਈਏ ਉਹ ਤਾਂ ਸਾਡੀ ਮਿਹਨਤ ਹੈ ਮਿਹਨਤ ਬਦਲੇ ਦਰਸ਼ਨ ਚਾਹੀਏ ਨਾ ਚਾਹੀਏ ਉਪਕਾਰ ਜਿਹਾ ਆਪਣੇ ਘਰ ਦੇ ਦੀਵੇ ਵਰਗਾ, ਚਾਨਣ, ਕੋਈ ਹੋਰ ਨਹੀਂ ਹੋਵੇ ਰੌਸ਼ਨੀਆਂ ਦਾ ਭਾਵੇਂ ਦੂਜੇ ਘਰ ਅੰਬਾਰ ਜਿਹਾ ਉਸਦੀ ਵਧਦੀ ਛਾਂ ਨੇ ਕੋਮਲ ਰੁੰਡ ਜਿਹਾ ਕਰ ਛੱਡਿਆ ਹੈ ਹਰ ਇਕ ਨਿੱਕਾ ਬੂਟਾ ਜਿਹੜਾ ਪਹਿਲਾਂ ਸੀ ਫ਼ਲਦਾਰ ਜਿਹਾ

ਸਿਤਮ ਵੀ ਵਧੀਆ ਤਿਰਾ ਹਰ ਪਲ ਤੋਂ ਬਾਅਦ

ਸਿਤਮ ਵੀ ਵਧੀਆ ਤਿਰਾ ਹਰ ਪਲ ਤੋਂ ਬਾਅਦ ਹੌਸਲਾ ਵਧਿਆ ਮਿਰਾ ਹਰ ਗੱਲ ਤੋਂ ਬਾਅਦ ਉਹ ਮਿਲੇ ਕਿ ਜੋ ਮਿਲੇ ਮੰਝਧਾਰ ਵਿਚ ਕੀ ਮਿਲੇ ਕਿ ਜੋ ਮਿਲੇ ਸਾਹਿਲ ਤੋਂ ਬਾਅਦ ਇਸ਼ਕ ਵੀ ਇਕ ਗੱਲ ਹੈ ਮੰਜ਼ਿਲ ਲਈ ਇਸ਼ਕ ਦੀ ਪਰ ਗੱਲ ਹੈ ਮੰਜ਼ਿਲ ਤੋਂ ਬਾਅਦ ਗ਼ਮ ਨਹੀਂ ਜੇ ਮੀਂਹ ਪਵੇ ਨਾ ਔੜ ਵਿਚ ਗ਼ਮ ਹੈ ਜੇਕਰ ਨਾ ਪਵੇ ਬੱਦਲ ਤੋਂ ਬਾਅਦ ਬਸ ਅਖ਼ੀਰੀ ਕਤਲ ਹੁਣ ਕਾਤਿਲ ਦਾ ਹੈ ਕਤਲਗਾਹਾਂ ਬੰਦ ਹਨ ਕਾਤਿਲ ਤੋਂ ਬਾਅਦ ਮਿਲ ਪਏ ਹਰ ਮੋੜ 'ਤੇ ਇਕ ਅੱਧ ਖ਼ੁਦਾ ਆਦਮੀ ਮਿਲਦਾ ਬੜੀ ਮੁਸ਼ਕਲ ਤੋਂ ਬਾਅਦ ਦਿਲ ਤਾਂ ਕੋਮਲ ਲੈ ਲਿਆ ਹੈ ਦਾਨ ਵਿਚ ਕੀ ਦਿਆਂ ਮੈਂ ਦੱਛਣਾਂ ਹੁਣ ਦਿਲ ਤੋਂ ਬਾਅਦ

ਡਿੱਗੇ ਤੇ ਸਹਿਕਦੇ ਨੂੰ ਮੁੜ ਕੇ ਉਠਾਲ ਆਏ

ਡਿੱਗੇ ਤੇ ਸਹਿਕਦੇ ਨੂੰ ਮੁੜ ਕੇ ਉਠਾਲ ਆਏ ਉੱਠੇ ਕੋਈ ਘਨੱਈਆ, ਪਾਣੀ ਪਿਆਲ ਆਏ ਬੰਦੇ ਤੇ ਰੱਬ ਵਿਚਾਲੇ ਇਉਂ ਧਰਮਸਾਲ ਆਏ ਜਿੱਦਾਂ ਵਪਾਰੀਆਂ ਵਿਚ ਕੋਈ ਦਲਾਲ ਆਏ ਘਰ ਵਿਚ ਅਗਰ ਨਾ ਬਾਲਣ, ਆਟਾ ਨਾ ਦਾਲ ਆਏ ਖਾਲੀ ਪਤੀਲਿਆਂ ਵਿਚ ਕਿੱਥੋਂ ਉਬਾਲ ਆਏ ਅੱਧੀ ਲੁਕਾਈ ਹੁਣ ਵੀ ਸੜਕਾਂ 'ਤੇ ਲੇਟਦੀ ਹੈ ਭਾਵੇਂ ਹੁਨਾਲ ਆਏ ਭਾਵੇਂ ਸਿਆਲ ਆਏ ਦੰਦਾਂ 'ਚ ਉਂਗਲਾਂ ਦੇ ਆਪਾਂ ਨਿਹਾਰਦੇ ਰਹੇ ਸਾਡੇ ਜਵਾਕ ਐਸੇ ਲੈ ਕੇ ਸਵਾਲ ਆਏ ਉਹਨਾਂ ਤੋਂ ਹੀ ਸਭਾ ਵਿਚ ਗਰਦਨ ਨਾ ਉਠ ਸਕੀ ਹੈ ਜੋ ਸੀ ਅਕਾਸ਼ ਤੀਕਰ, ਹਾਥੀ ਉਛਾਲ ਆਏ ਇਹ ਤਿਤਲੀਆਂ ਇਹ ਭੌਰੇ, ਏਸੇ ਦੀ ਹੈ ਨਿਸ਼ਾਨੀ ਕਿ ਬਾਗ ਨੇ ਸਲਾਮਤ ਲੱਖੀ ਭੁਚਾਲ ਆਏ ਚਿਹਰੇ ਤਾਂ ਚੋਪੜੇ ਨੇ, ਐਪਰ ਮਜ਼ਾ ਤਦੋਂ ਹੈ ਥਿੰਧੇ ਬਗ਼ੈਰ ਜੇਕਰ, ਮੂੰਹ 'ਤੇ ਜਲਾਲ ਆਏ। ਸਾਡੇ ਕਤਲ ਦਾ ਕੋਮਲ, ਪਿੱਛੋਂ ਅਦੇਸ਼ ਹੋਇਆ ਖੱਲਾਂ ਉਤਾਰਣੇ ਨੂੰ ਪਹਿਲੋਂ ਚੰਡਾਲ ਆਏ।

ਲੱਖ ਵਾਰੀ ਵਰਗਲਾਇਆ ਮੌਤ ਨੇ

ਲੱਖ ਵਾਰੀ ਵਰਗਲਾਇਆ ਮੌਤ ਨੇ ਲੱਖ ਲਾਲਚ ਤੇ ਸੁਨੇਹੇ ਘਲਦੀ ਰਹੀ ਮੈਂ ਯਕੀਨਨ ਹੀ ਖਰੇ ਪਾਸੇ 'ਤੇ ਹਾਂ ਜ਼ਿੰਦਗੀ ਤਾਂ ਹੀ ਮਿਰੇ ਵਲ ਦੀ ਰਹੀ ਲਾਟ ਦੇ ਪੈਰਾਂ 'ਚ ਕੰਡਾ ਚੁੱਭਿਆ ਲੱਖ ਭੰਬਟ ਪੀੜ ਚੁੱਗਣ ਬਹਿ ਗਏ ਪੀੜ ਵੀ ਹਰ ਪੈਰ 'ਤੇ ਘਟਦੀ ਰਹੀ ਰਾਤ ਵੀ ਹਰ ਪੈਰ 'ਤੇ ਢਲਦੀ ਰਹੀ ਸ਼ਿਅਰ ਮੇਰੇ ਨ੍ਹੇਰਿਆਂ ਵਿਚ ਗੁੰਮ ਗਏ ਕੋਠੜੀ ਮੇਰੀ ਸਦਾ ਕਾਲੀ ਰਹੀ ਫੇਰ ਦੱਸੋ ਕੀ ਕਰਾਂ ਬਿਜਲੀ ਨੂੰ ਮੈਂ ਰਾਤ ਜੋ ਸੜਕਾਂ ’ਤੇ ਹੀ ਜਲਦੀ ਰਹੀ ਆਖਦੇ ਨੇ ਕਿ ਕਿਸੇ ਮੰਡੀ ਦੇ ਵਿਚ ਸੂਰਜਾਂ ਬੋਲੀ ਲਵਾਈ ਆਪਣੀ ਰੋਸ਼ਨੀ ਸਾਰੀ ਨੂੰ ਦਿਨ ਹੀ ਲੈ ਗਿਆ ਰਾਤ ਬੈਠੀ ਹੱਥ ਹੀ ਮਲਦੀ ਰਹੀ ਕਿੰਜ ਕੋਮਲ ਹਵਸ ਦਾ ਖਾਜਾ ਬਣੇ ਹਵਸ ਇਕ ਉਹ ਸ਼ੈਅ ਜੋ ਮਿਟਦੀ ਨਹੀਂ ਠੰਢ ਸੂਰਜ ਨੂੰ ਕਦੀ ਵੀ ਨਾ ਪਈ ਬਰਫ਼ ਸਾਰੇ ਜੱਗ ਦੀ ਗਲਦੀ ਰਹੇ

ਰਾਹ ਦਿਲ ਨੂੰ ਨੇ ਦਿਲਾਂ ਦੇ ਰਾਹ ਨਾਲ

ਰਾਹ ਦਿਲ ਨੂੰ ਨੇ ਦਿਲਾਂ ਦੇ ਰਾਹ ਨਾਲ ਚਾਹ ਵੀ ਹੁੰਦੀ ਦਿਲਾਂ ਚਾਹ ਨਾਲ ਪੀਣ ਸਭ ਦੇ ਸਾਹ ਜੋ ਹਰ ਸਾਹ ਨਾਲ ਮਰਨਗੇ ਇਕ ਦਿਨ ਕਿਸੇ ਦੀ ਹਾਹ ਨਾਲ ਨਾ ਸਹੀ ਤੈਨੂੰ ਮੇਰੀ ਪਰਵਾਹ ਨਹੀਂ ਕੌਣ ਜਾਂਦਾ ਹੈ ਤੇਰੀ ਪਰਵਾਹ ਨਾਲ ਹੋਏਗਾ ਅਸਗਾਹ ਸਾਗਰ ਹੋਏਗਾ ਆਪਣੀ ਤਾਂ ਦੋਸਤੀ ਅਸਗਾਹ ਨਾਲ ਆਪ ਦੇ ਅੰਦਰ ਕਿਤੇ ਖਿੜਿਐ ਗੁਲਾਬ ਦਮਕਦਾ ਹੈ ਜੋ ਗੁਲਾਬੀ ਭਾਹ ਨਾਲ ਬੰਬ ਚੱਲਣ 'ਤੇ ਤਾਂ ਸੀ ਉਹ ਬਚ ਗਏ ਮਰ ਗਏ ਪਰ ਬੰਬ ਦੀ ਅਫ਼ਵਾਹ ਨਾਲ ਨਿਭ ਤਾਂ ਜਾਏਗੀ ਅਸਾਡੀ ਵੀ ਮਗਰ ਗੱਲ ਨਹੀਂ ਬਣਦੀ ਨਿਰੀ ਨਿਰਬਾਹ ਨਾਲ ਸਾਦਗੀ ਦੇ ਨਾਲ ਆਖੇ ਸ਼ਿਅਰ ਦਾ ਮੁੱਲ ਪੈ ਜਾਂਦੇ ਤੁਹਾਡੀ ਵਾਹ ਨਾਲ ਪਰਤੇਗਾ ਕੋਮਲ ਵੀ ਪੱਥਰ ਚੱਟ ਕੇ ਜੋ ਬਿਨਾਂ ਸੋਚੇ ਗਿਐ ਉਤਸ਼ਾਹ ਨਾਲ

ਇਹ ਕਿਦ੍ਹੀ ਮੂਰਤ ਮਿਰੀ ਚਿਤਵਨ 'ਚ ਹੈ

ਇਹ ਕਿਦ੍ਹੀ ਮੂਰਤ ਮਿਰੀ ਚਿਤਵਨ 'ਚ ਹੈ ਜੋ ਨਸ਼ਾ ਹੀ ਬਸ ਨਸ਼ਾ ਇਸ ਮਨ 'ਚ ਹੈ ਨਿੱਘ ਵੰਡਣ ਦਾ ਜ਼ਿਕਰ ਉਹ ਹੀ ਕਰੇ ਜਲਣ ਦੀ ਸ਼ਕਤੀ ਜਿਦ੍ਹੇ ਬਾਲਨ 'ਚ ਹੈ ਕੀ ਪਤਾ ਦੁਸ਼ਮਣ ਤੋਂ ਹੀ ਚਾਹਤ ਮਿਲੇ ਨਫ਼ਰਤਾਂ ਦੀ ਅੱਗ ਹਰ ਸੱਜਨ 'ਚ ਹੈ ਉਹ ਮਜ਼ਾ ਮੈਨੂੰ ਤੇਰੀ ਠੰਢਕ ਦਵੇ ਜੋ ਮਜ਼ਾ ਤੈਨੂੰ ਮਿਰੇ ਜਾਲਨ 'ਚ ਹੈ ਪਹੁੰਚ ਹੀ ਜਾਏਗਾ ਧਰਤੀ ਤੋਂ ਕਦੀ ਹਾਲੇ ਬੰਦਾ ਚੰਨ ਦੀ ਉਲਝਨ 'ਚ ਹੈ ਕਿੱਕਰਾਂ ਦੇ ਗੁਣ ਉਹ ਜਾਣੇ ਕਿਸ ਤਰ੍ਹਾਂ ਉਲਝਿਆ ਕੋਮਲ ਜਦੋਂ ਚੰਦਨ 'ਚ ਹੈ

ਪਹਿਲਾਂ ਤਾਂ ਪੈਰੋਂ ਰੋਕੀਏ ਘਰ ਵਿਚ ਦੁਫਾੜ ਨੂੰ

ਪਹਿਲਾਂ ਤਾਂ ਪੈਰੋਂ ਰੋਕੀਏ ਘਰ ਵਿਚ ਦੁਫਾੜ ਨੂੰ ਫਿਰ ਕਰ ਲਵਾਂਗੇ ਦੂਰ ਵੀ ਇਕ ਦਿਨ ਵਿਗਾੜ ਨੂੰ ਜੇ ਕਰ ਮਘੋਰੇ ਕੰਧ 'ਚ ਓਵੇਂ ਹੀ ਕਾਇਮ ਹਨ ਤਾਂ ਕੀ ਕਰਾਂਗੇ ਕੁੰਡੀਆਂ ਲਾ ਕੇ ਕਿਵਾੜ ਨੂੰ ਮੈਂ ਤਾਂ ਰਹਸ ਧਰਤ ਦੇ ਖੋਹਲਣ ਨੂੰ ਵੀ ਕਿਹੈ ਮੈਂ ਕਦ ਕਿਹੈ ਕਿ ਖੋਜਣੋਂ ਹਟੀਏ ਪੁਲਾੜ ਨੂੰ ਦਾਣੇ ਕਿਵੇਂ ਉਹ ਪੌਦਿਆਂ ਦਾ ਰੂਪ ਲੈਣਗੇ ਜਿਹੜੇ ਕਦੇ ਨਸੀਬ ਨਾ ਹੋਏ ਸਿਆੜ ਨੂੰ ਕੇਰਾਂ ਜੇ ਰਾਈ ਦਾ ਤੁਸਾਂ ਪਰਬਤ ਬਣਾ ਲਿਆ ਮੁੜ ਕੇ ਬਣਾਉਗੇ ਕਿਵੇਂ ਰਾਈ ਪਹਾੜ ਨੂੰ ਕੋਮਲ ਜੇ ਏਨਾਂ ਰੌਣਕਾਂ ਦਾ ਤਲਬਗਾਰ ਹੈ ਅੰਦਰੋਂ ਕਿਤੇ ਨਾ ਭਾਲਦਾ ਹੋਵੇ ਉਜਾੜ ਨੂੰ

ਇਸ ਤੋਂ ਵੀ ਉਚੇਰਾ ਤਾਂ ਕੋਈ ਭਾਗ ਨਹੀਂ ਹੈ

ਇਸ ਤੋਂ ਵੀ ਉਚੇਰਾ ਤਾਂ ਕੋਈ ਭਾਗ ਨਹੀਂ ਹੈ ਉਸ ਸ਼ਖ਼ਸ ਦੀ ਪਗੜੀ ਨੂੰ ਕੋਈ ਦਾਗ਼ ਨਹੀਂ ਹੈ ਹਰ ਇਕ ਦੇ ਲਈ ਤੈਅ ਹੈ ਸਮਾਂ ਵੀ ਤੇ ਘੜੀ ਵੀ ਬੇਵਕਤ ਜੋ ਛਿੜਦਾ ਹੈ ਕਿਤੇ ਰਾਗ ਨਹੀਂ ਹੈ ਸਭ ਕੁਝ ਜੇ ਨਹੀਂ ਕੁਝ ਨਾ ਕੁਝ ਤਾਂ ਲੁੱਟ ਕੇ ਰਹੇਗਾ ਕਿ ਵਕਤ ਸਮੇਂ ਆਈ ਅਗਰ ਜਾਗ ਨਹੀਂ ਹੈ ਆਟਾ ਵੀ ਭੁੜਕਦਾ ਹੀ ਨਹੀਂ ਆਉਣ ਕਿਵੇਂ ਉਹ ਤੱਕਿਆ ਤਾਂ ਬਨੇਰੇ 'ਤੇ ਵੀ ਕੋਈ ਕਾਗ ਨਹੀਂ ਹੈ ਉਹ ਰਚਦੇ ਚਲੇ ਜਾਣ ਬੜੇ ਵਾਕ ਰੁਜ਼ਾਨਾ ਅਰਥਾਂ ਨੂੰ ਵਿਚਾਰਾਂ ਦੀ ਮਗਰ ਲਾਗ ਨਹੀਂ ਹੈ ਕੁਝ ਬਿਰਖ ਅਜੇਹੇ ਵੀ ਨੇ ਹਰ ਬਾਗ਼ 'ਚ ਹੁੰਦੇ ਜੇ ਉਹ ਨਹੀਂ ਬਾਗ਼ ਵੀ ਕੋਈ ਬਾਗ਼ ਨਹੀਂ ਹੈ ਇਹ ਅੱਥਰੇ ਅਜੇਹੇ ਨੇ ਕਦੇ ਰੁਕਦੇ ਨਾ ਕੋਮਲ ਸਮਿਆਂ ਦੀ ਕਿਸੇ ਹੱਥ ਕੋਈ ਵਾਗ ਨਹੀਂ ਹੈ

ਪੱਥਰ ਯੁੱਗ 'ਚੋਂ ਬਾਹਰ ਆਏ ਇਹ ਸਾਡਾ ਹਾਸਿਲ ਵੀ ਹੈ

ਪੱਥਰ ਯੁੱਗ 'ਚੋਂ ਬਾਹਰ ਆਏ ਇਹ ਸਾਡਾ ਹਾਸਿਲ ਵੀ ਹੈ ਪੱਥਰਾਂ ਦੀ ਪੂਜਾ ਵਿਚ ਉਲਝੇ ਇਹ ਸਾਡੀ ਮੁਸ਼ਕਿਲ ਵੀ ਹੈ ਵੀ ਘੁੰਮਣ ਘੇਰੀ ਵੱਲ ਹੀ ਜਾਣਾ ਸੌਕ ਜਾਪਦੈ ਕਿਸ਼ਤੀ ਦਾ ਜਾਂ ਫਿਰ ਉਸ ਨੂੰ ਪਤਾ ਨਹੀਂ ਕਿ ਦਰਿਆ ਦਾ ਸਾਹਿਲ ਵੀ ਹੈ ਸਾਡਾ ਦਿਲ ਹੈ ਲੋਹੇ ਵਰਗਾ, ਐਪਰ ਗੱਲ ਹਲਾਤਾਂ ਦੀ ਪਾਰੇ ਵਾਂਗੂ ਥਰਕ ਉਠਦੈ ਏਨਾ ਕੁ ਚੰਚਲ ਵੀ ਹੈ ਅੰਬਰ ਨੂੰ ਗਾਹੁਣਾ ਤੇ ਉਸ 'ਚੋਂ, ਨਵੇਂ ਸਿਤਾਰੇ ਲੱਭ ਲੈਣੇ ਇਹ ਤਾਂ ਸਾਡਾ ਸ਼ੌਕ ਹੈ ਭਾਵੇਂ ਇਹਦੇ ਵਿਚ ਖੇਚਲ ਵੀ ਹੈ ਪੀੜ੍ਹੀ ਦਰ ਪੀੜ੍ਹੀ ਦੇ ਨ੍ਹੇਰੇ ਨੂੰ, ਉਹ ਗਲੋਂ ਨਹੀਂ ਲਾਹੁੰਦਾ ਉਂਜ ਉਹ ਰੋਸ਼ਨੀਆਂ ਦੀ ਕੀਮਤ ਦਾ, ਅੰਦਰੋਂ ਕਾਇਲ ਵੀ ਹੈ। ਏਸ ਝੀਲ ਦੇ ਉਤਲੇ ਪਾਣੀ ਕੋਮਲ ਬੜੇ ਅਡੋਲ ਦਿਸਣ ਐਪਰ ਇਸਦੇ ਨਿਚਲੇ ਤਲ ਵਿਚ ਕੁਝ ਨਾ ਕੁਝ ਹਲਚਲ ਵੀ ਹੈ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਹਰਭਜਨ ਸਿੰਘ ਕੋਮਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ